ਸਰਬੰਸਦਾਨੀ ਸਾਹਿਬ-ਏ-ਕਮਾਲ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨੂਰਾਨੀ ਤੇ ਅਗੰਮੀ ਸ਼ਖ਼ਸੀਅਤ ਦੁਨੀਆਂ ਦੇ ਇਤਿਹਾਸ ਵਿਚ ਸਭ ਤੋਂ ਨਿਰਾਲੀ ਤੇ ਲਾਸਾਨੀ ਹੈ। ਪਟਨਾ ਸ਼ਹਿਰ ਵਿਚ 23 ਪੋਹ ਸੰਮਤ ਨਾਨਕਸ਼ਾਹੀ 198 ਮੁਤਾਬਿਕ 23 ਪੋਹ ਬਿਕ੍ਰਮੀ ਸੰਮਤ 1723 (1666 ਈ:) ਨੂੰ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਮਾਤਾ ਗੁਜਰੀ ਜੀ ਦੇ ਗ੍ਰਹਿ ਵਿਖੇ ਉਨ੍ਹਾਂ ਦਾ ਪ੍ਰਕਾਸ਼ ਹੋਇਆ। ਸਤਿਗੁਰਾਂ ਨੇ ਆਪਣੇ ਸੰਸਾਰ ਵਿਚ ਪ੍ਰਕਾਸ਼ ਬਾਰੇ ਆਪਣੀ ਸਵੈ- ਜੀਵਨੀ ਨੂੰ ‘ਬਚਿਤ੍ਰ ਨਾਟਕ’ ਵਿਚ ਇਉਂ ਬਿਆਨ ਕੀਤਾ ਹੈ:
ਤਹੀ ਪ੍ਰਕਾਸ ਹਮਾਰਾ ਭਯੋ॥
ਪਟਨਾ ਸਹਰ ਬਿਖੈ ਭਵ ਲਯੋ॥ (ਬਚਿਤ੍ਰ ਨਾਟਕ)
ਸਤਿਗੁਰਾਂ ਨੇ ਮਨੁੱਖੀ ਜਾਮੇ ਵਿਚ ਆਪਣੇ ਆਉਣ ਦਾ ਮਨੋਰਥ ਇੰਞ ਦੱਸਿਆ ਹੈ:
ਯਾ ਹੀ ਕਾਜ ਧਰਾ ਹਮ ਜਨਮੰ॥
ਸਮਝ ਲੇਹੁ ਸਾਧੂ ਸਭ ਮਨਮੰ॥
ਧਰਮ ਚਲਾਵਨ ਸੰਤ ਉਬਾਰਨ॥
ਦੁਸਟ ਸਭਨ ਕੋ ਮੂਲ ਉਪਾਰਨਿ॥ (ਬਚਿਤ੍ਰ ਨਾਟਕ)
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਪਿੱਛੋਂ 1675 ਈ: ਵਿਚ 9 ਸਾਲ ਦੀ ਉਮਰ ਵਿਚ ਆਪ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦਸਵੀਂ ਜੋਤ ਬਣ ਕੇ ਗੁਰਤਾ-ਗੱਦੀ ‘ਤੇ ਬਿਰਾਜਮਾਨ ਹੋਏ। ਸਿਰਫ਼ 42 ਸਾਲ ਦੀ ਆਯੂ ਤਕ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਰੰਭ ਕੀਤੇ ਸਿੱਖ ਧਰਮ ਦੇ ਕ੍ਰਾਂਤੀਕਾਰੀ ਦਾਰਸ਼ਨਿਕ ਸਿਧਾਂਤਾਂ ਨੂੰ ਤੀਬਰਤਾ ਤੇ ਦੈਵੀ ਕੁਸ਼ਲਤਾ ਨਾਲ ਸਿਖਰ ‘ਤੇ ਪਹੁੰਚਾਇਆ ।
ਗੁਰਮਤਿ ਦੇ ਆਦਰਸ਼ਾਂ ਨੂੰ ਸੰਪੂਰਨ ਰੂਪ ਵਿਚ ਸੰਪੰਨ ਕਰਕੇ ਸਦੀਵ ਕਾਲ ਲਈ ਨਿਰੰਤਰ ਸੰਸਥਾਵਾਂ ਦੇ ਤੌਰ ‘ਤੇ ਸਥਾਪਤ ਕੀਤਾ। ਸਿੱਖ ਧਰਮ ਦੀ ਰਹਿਤ ਮਰਯਾਦਾ ਤੇ ਸਿੱਖੀ ਸਰੂਪ ਨਿਸ਼ਚਿਤ ਕਰਕੇ ਸਿੱਖ ਧਰਮ ਦੀ ਸਮਾਜ ਵਿਚ ਵੱਖਰੀ ਤੇ ਨਿਆਰੀ ਪਹਿਚਾਣ ਕਾਇਮ ਕੀਤੀ। ਉਨ੍ਹਾਂ ਨੇ ਖਾਲਸਾ ਪੰਥ ਨੂੰ ਐਨਾ ਸ਼ਕਤੀਸ਼ਾਲੀ ਬਣਾ ਦਿੱਤਾ ਸੀ ਕਿ ਹੁਣ ਉਸ ਨੂੰ ਕਿਸੇ ਹੋਰ ਮਨੁੱਖ ਗੁਰੂ ਦੀ ਲੋੜ ਨਹੀਂ ਸੀ। ਉਹ ਆਪਣੇ ਆਪ ਵਿਚ ਪੂਰਨ ਸੀ। ਗੁਰੂ ਵੀ ਉਸ ਦੇ ਅੰਦਰ ਸੀ ਤੇ ਸਿੱਖ ਵੀ ਉਸ ਦੇ ਅੰਦਰ ਸੀ। ਖਾਲਸੇ ਨੂੰ ਉਪਦੇਸ਼ ਸੀ:
ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ।
ਗੁਰਬਾਣੀ ਵਿਚ ਗੁਰਮਤਿ ਅਨੁਸਾਰ ਆਦਰਸ਼ ਮਨੁੱਖ ਨੂੰ ਸਚਿਆਰ ਗੁਰਮੁਖ, ਪੰਚ ਤੇ ਬ੍ਰਹਮ ਗਿਆਨੀ ਦੀ ਸੰਗਿਆ ਦਿੱਤੀ ਗਈ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਮਤਿ ਵਿਚਾਰ ਪ੍ਰਣਾਲੀ ਅਨੁਸਾਰ ਉਸੇ ਆਦਰਸ਼ਕ ਮਨੁੱਖ ਨੂੰ ਖਾਲਸੇ ਦਾ ਰੂਪ ਦਿੱਤਾ। ਉਨ੍ਹਾਂ, ਨੇ 1699 ਈ: ਵਿਚ ਖਾਲਸੇ ਦੀ ਸਾਜਨਾ ਕਰਕੇ ਇਕ ਸੁਤੰਤਰ ਤੇ ਸੰਪੂਰਨ ਮਨੁੱਖ ਦਾ ਆਦਰਸ਼ ਸਾਹਮਣੇ ਰੱਖਿਆ। ਖਾਲਸਾ ਸੰਤ- ਸਿਪਾਹੀ ਹੈ ਜੋ ਆਤਮ ਗਿਆਨੀ ਹੋਣ ਦੇ ਨਾਲ ਧਰਮ ਤੇ ਨਿਆਂ ਦੀ ਰਾਖੀ ਲਈ ਜੂਝਦਾ ਵੀ ਹੈ। ਖਾਲਸਾ ਸਿੱਧਾ ਵਾਹਿਗੁਰੂ ਜੀ ਕੇ ਅਧੀਨ ਹੈ ਤੇ ਇਸ ਦੀ ਫਤਹਿ ਵੀ ਵਾਹਿਗੁਰੂ ਜੀ ਕੀ ਮੰਨੀ ਜਾਂਦੀ ਹੈ। ਇਹ ਅਕਾਲ ਪੁਰਖ ਦੀ ਫੌਜ ਹੈ ਤੇ ਇਸ ਦੀ ਸਾਜਨਾ ਵੀ ਅਕਾਲ ਪੁਰਖ ਦੀ ਇੱਛਾ ਅਨੁਸਾਰ ਹੋਈ ਸੀ।
ਖਾਲਸਾ ਅਕਾਲ ਪੁਰਖ ਕੀ ਫੌਜ।
ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ।
ਪੁਰਾਤਨ ਕਾਲ ਤੋਂ ਗੁਰੂ-ਪਰੰਪਰਾ ਮਨੁੱਖੀ ਰੂਪ ਵਿਚ ਹੀ ਚਲਦੀ ਆ ਰਹੀ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਵਾਰ ਇਕ ਮਹਾਨ ਪਰਿਵਰਤਨ ਲਿਆਂਦਾ, ਉਨ੍ਹਾਂ ਨੇ ਮਨੁੱਖ ਦੀ ਥਾਂ ਸ਼ਬਦ ਨੂੰ ਗੁਰੂ ਦਾ ਦਰਜਾ ਦਿੱਤਾ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਸਾਹਿਬ ਦਾ ਸੰਪਾਦਨ ਕੀਤਾ ਤੇ ਇਸ ਦਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰ ਇਮਾਰਤ ਵਿਚ ਕੀਤਾ ਗਿਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਪਾਵਨ ਗ੍ਰੰਥ ਦੀ ਬੀੜ ਦੁਬਾਰਾ ਤਿਆਰ ਕਰਵਾਈ ਤੇ ਇਸ ਨੂੰ ਸੰਪੂਰਨ ਕੀਤਾ। ਨਾਂਦੇੜ ਦੀ ਧਰਤੀ ਉਤੇ ਗੁਰੂ ਜੀ ਨੇ ਅੱਗੇ ਲਈ ਸਿੱਖਾਂ ਦਾ ਗੁਰੂ ਸਦਾ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸ਼ਬਦ ਰੂਪ ਵਿਚ ਥਾਪ ਦਿੱਤਾ। ਇਸਲਾਮ ਨੂੰ ਅਕਸਰ ਅਹਿਲ- ਏ-ਕਿਤਾਬ ਕਿਹਾ ਜਾਂਦਾ ਸੀ ਪਰ ਉਥੇ ਵੀ ਕੁਰਾਨ ਨੂੰ ਪੈਗ਼ੰਬਰ ਦਾ ਦਰਜਾ ਪ੍ਰਾਪਤ ਨਹੀਂ ਜਿਵੇਂ ਸਿੱਖ ਮਤ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਜੋਤਿ ਅਤੇ ਜੁਗਤਿ ਦੋਵੇਂ ਮੌਜੂਦ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਪੰਜ ਰਹਿਤਵਾਨ ਸਿੰਘਾਂ ਨੂੰ ਅੰਮ੍ਰਿਤ ਛਕਾ ਕੇ ਹੋਰ ਸਿੰਘ ਸਜਾਉਣ ਦਾ ਅਧਿਕਾਰ ਗੁਰੂ ਜੀ ਨੇ ਪਹਿਲਾਂ ਹੀ ਦਿੱਤਾ ਹੋਇਆ ਸੀ। ਉਨ੍ਹਾਂ ਨੇ ਆਪ ਵੀ ਅੰਮ੍ਰਿਤ ਛਕਣ ਸਮੇਂ ਪੰਜ ਸਿੰਘਾਂ ਦੇ ਰੂਪ ਵਿਚ ਖਾਲਸੇ ਨੂੰ ਆਪਣਾ ਰੂਪ ਮੰਨ ਲਿਆ ਸੀ। ਇਸ ਤਰ੍ਹਾਂ ਸਤਿਗੁਰੂ ਇਕ ਵਿਅਕਤੀ ਨਾ ਰਹਿ ਕੇ ਸਰਬ-ਵਿਆਪਕ ਤੇ ਅਬਿਨਾਸੀ ਹਸਤੀ ਸ਼ਬਦ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਹੋ ਗਿਆ।
ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨਾ ਜਾਇ॥
ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ॥ (ਪੰਨਾ 759)
ਬਾਤ ਕਰਨਿ ਗੁਰ ਸੋਂ ਚਹੈ ਪੜ੍ਹੈ ਗ੍ਰੰਥ ਮਨ ਲਾਇ। (ਗੁਰ ਬਿਲਾਸ ਪਾ:6)
ਅਕਾਲ ਪੁਰਖ ਕੇ ਬਚਨ ਸਿਉਂ ਪ੍ਰਗਟ ਚਲਾਯੋ ਪੰਥ।
ਸਭ ਸਿਖਨ ਕੋ ਬਚਨ ਹੈ ਗੁਰੂ ਮਾਨੀਅਹੁ ਗ੍ਰੰਥ॥30॥
(ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ ਕਾ)
ਸਮਾਜਿਕ ਬਰਾਬਰੀ ਲਿਆਉਣਾ ਵੀ ਸਿੱਖ ਧਰਮ ਦਾ ਇਕ ਮੁੱਖ ਉਦੇਸ਼ ਹੈ। ਗੁਰੂ ਸਾਹਿਬਾਨ ਵੱਲੋਂ ਸਦਾ ਨੀਵੇਂ ਸਮਝੇ ਜਾਂਦੇ ਲੋਕਾਂ ਨੂੰ ਉੱਚਾ ਚੁੱਕਣ ਤੇ ਮਾਣ ਬਖਸ਼ਣ ਦਾ ਯਤਨ ਕੀਤਾ ਗਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਆਪਣੇ ਆਪ ਨੂੰ ਵੱਡੇ ਲੋਕਾਂ ਦੀ ਥਾਂ ਅਖੌਤੀ ਨੀਚ ਜਾਤੀ ਕਹੇ ਜਾਂਦੇ ਲੋਕਾਂ ਦਾ ਸਾਥੀ ਦੱਸਿਆ ਅਤੇ ਕਿਹਾ ਸੀ:
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥ (ਪੰਨਾ 15)
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਿਨਾਂ ਕਿਸੇ ਭੇਦ-ਭਾਵ ਦੇ ਸਭ ਨੂੰ ਅੰਮ੍ਰਿਤ ਦੇ ਅਧਿਕਾਰੀ ਸਮਝਿਆ ਅਤੇ ਖਾਲਸੇ ਨੂੰ ਜਾਤ-ਪਾਤ ਦੇ ਭਰਮ-ਭੇਦ ਨੂੰ ਨਾ ਮੰਨਣ ਦਾ ਹੁਕਮ ਕੀਤਾ। ਚਮਕੌਰ ਸਾਹਿਬ ਦੀ ਗੜ੍ਹੀ ਵਿੱਚੋਂ ਨਿਕਲਣ ਵੇਲੇ ਗੁਰੂ ਜੀ ਨੇ ਆਪਣੀ ਜਗ੍ਹਾ ਕਲਗੀ ਭਾਈ ਸੰਗਤ ਸਿੰਘ ਨੂੰ ਸਜਾ ਕੇ ਪੰਥ ਦਾ ਜਥੇਦਾਰ ਬਣਾਇਆ ਤੇ ਮਾਣ ਬਖਸ਼ਿਆ। ਪਰਮਾਤਮਾ ਦਾ ਵੀ ਇਹ ਗੁਣ ਹੈ ਕਿ ਉਹ ਨੀਵਿਆਂ ਨੂੰ ਉੱਚੇ ਕਰ ਸਕਦਾ ਹੈ ਜਿਵੇਂ ਕਿ ਭਗਤ ਰਵਿਦਾਸ ਜੀ ਦੀ ਬਾਣੀ ਵਿਚ ਲਿਖਿਆ ਹੈ:
ਨੀਚਹ ਊਚ ਕਰੈ ਮੇਰਾ ਗੋਬਿੰਦੁ ਕਾਹੂ ਤੇ ਨ ਡਰੈ॥ (ਪੰਨਾ 1106)
ਗੁਰਮਤਿ ਵਿਚ ਇਸਤਰੀ ਜਾਤੀ ਦਾ ਅਧਿਕਾਰ ਵੀ ਮਨੁੱਖ ਦੇ ਬਰਾਬਰ ਹੀ ਮੰਨਿਆ ਜਾਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਦੀ ਪ੍ਰਸੰਸਾ ਕਰਦੇ ਹੋਏ ਇਸ ਨੂੰ ਰਾਜਿਆਂ ਦੀ ਮਾਤਾ ਕਿਹਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀਆਂ ਲਿਖਤਾਂ ਵਿਚ ਅਤੇ ਖਾਲਸੇ ਦੀ ਜਥੇਬੰਦੀ ਵਿਚ ਇਸਤਰੀ ਜਾਤੀ ਦਾ ਸਤਿਕਾਰ ਕੀਤਾ ਹੈ। ਮਾਤਾ ਸਾਹਿਬ ਕੌਰ ਨੂੰ ਖਾਲਸੇ ਦੀ ਮਾਤਾ ਹੋਣ ਦਾ ਰੁਤਬਾ ਪ੍ਰਦਾਨ ਕੀਤਾ। ਮੁਕਤਸਰ ਸਾਹਿਬ ਦੀ ਜੰਗ ਤੋਂ ਪਿੱਛੋਂ ਗੁਰੂ ਜੀ ਨੇ ਮਾਤਾ ਭਾਗੋ ਜੀ ਨੂੰ ਸਿੰਘਾਂ ਦੀ ਜਥੇਦਾਰ ਥਾਪਿਆ। ਗੁਰੂ ਜੀ ਦੀ ਪ੍ਰੇਰਨਾ ਨਾਲ ਮਾਤਾ ਭਾਗੋ ਜੀ ਨੇ ਆਤਮ ਗਿਆਨ ਪ੍ਰਾਪਤ ਕਰਕੇ ਦੱਖਣ ਦੇ ਪਿੰਡਾਂ ਵਿਚ ਸਿੱਖੀ ਦਾ ਪ੍ਰਚਾਰ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਿਰੰਕਾਰ ਨੂੰ ਭਗਤੀ ਅਰਾਧਨਾ ਦਾ ਕੇਂਦਰ ਮੰਨਿਆ ਗਿਆ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ ਵਿਚ ਇਸੇ ਵਿਚਾਰਧਾਰਾ ਨੂੰ ਮੁੱਖ ਰੱਖਿਆ ਹੈ। ਉਨ੍ਹਾਂ ਨੇ ਪਰਮੇਸ਼ਰ ਨੂੰ ਰੂਪ-ਰੇਖ ਤੋਂ ਨਿਆਰਾ ਦੱਸਿਆ ਹੈ। ਉਨ੍ਹਾਂ ਨੇ ਖਾਲਸੇ ਨੂੰ ਮੂਰਤੀ, ਮੜ੍ਹੀਆਂ ਆਦਿ ਦੀ ਪੂਜਾ ਛੱਡ ਕੇ ਸਿਰਫ਼ ਅਕਾਲ ਪੁਰਖ ਦੀ ਅਰਾਧਨਾ ਕਰਨ ਦਾ ਉਪਦੇਸ਼ ਕੀਤਾ ਹੈ:
ਜਾਗਤ ਜੋਤ ਜਪੈ ਨਿਸ ਬਾਸੁਰ ਏਕ ਬਿਨਾ ਮਨ ਨੈਕ ਨ ਆਨੈ॥
ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ॥
ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਹ ਏਕ ਪਛਾਨੈ॥
ਪੂਰਨ ਜੋਤ ਜਗੈ ਘਟ ਮੈ ਤਬ ਖਾਲਸ ਤਾਹਿ ਨ ਖਾਲਸ ਜਾਨੈ॥ (ਤੇਤੀ ਸਵਈਏ)
ਰਾਗ ਨ ਰੂਪ ਨ ਰੇਖ ਨ ਰੰਗ ਨ ਸਾਕ ਨ ਸੋਗ ਨ ਸੰਗਿ ਤਿਹਾਰੇ॥
ਆਦਿ ਅਨਾਦਿ ਅਗਾਧ ਅਭੇਖ ਅਦ੍ਵੈਖ ਜਪਿਓ ਤਿਨ ਹੀ ਕੁਲ ਤਾਰੇ॥9॥ (ਤਵ ਪ੍ਰਸਾਦਿ ਸਵਯੇ ਪਾ:10)
ਗੁਰੂ ਜੀ ਇਕ ਧਾਰਮਿਕ ਆਗੂ ਅਤੇ ਵਿਦਵਾਨ ਹੋਣ ਦੇ ਨਾਲ ਮਹਾਨ ਯੋਧੇ ਤੇ ਜਰਨੈਲ ਵੀ ਸਨ। ਗੁਰੂ ਜੀ ਨੇ ਸਿੱਖਾਂ ਵਿਚ ਚੜ੍ਹਦੀ ਕਲਾ ਦਾ ਸੰਚਾਰ ਕੀਤਾ। ਉਨ੍ਹਾਂ ਨੇ ਅਨੰਦਪੁਰ ਸਾਹਿਬ ਵਿਚ ਕਿਲ੍ਹੇ ਬਣਵਾਏ, ਹਾਥੀ, ਘੋੜੇ ਤੇ ਸ਼ਸਤਰ ਇਕੱਤਰ ਕਰਨ ਲੱਗੇ। ਰਣਜੀਤ ਨਗਾਰੇ ‘ਤੇ ਰੋਜ਼ ਡੰਕੇ ਦੀ ਚੋਟ ਲੱਗਣੀ ਸ਼ੁਰੂ ਹੋਈ। ਇਸ ਕਰਕੇ ਆਲੇ-ਦੁਆਲੇ ਦੇ ਪਹਾੜੀ ਰਾਜਿਆਂ ਨੂੰ ਭੈ ਹੋ ਗਿਆ। ਉੁਹ ਗੁਰੂ ਜੀ ਨਾਲ ਈਰਖਾ ਕਰਨ ਲੱਗੇ। ਉਨ੍ਹਾਂ ਨੂੰ ਅਨੇਕ ਲੜਾਈਆਂ ਵਿਚ ਹਾਰ ਹੋਈ ਤਾਂ ਉਨ੍ਹਾਂ ਨੇ ਮੁਗ਼ਲ ਫੌਜਾਂ ਦੀ ਸਹਾਇਤਾ ਮੰਗੀ। ਗੁਰੂ ਜੀ ਨੂੰ ਜੀਵਨ-ਕਾਲ ਵਿਚ ਲੱਗਭਗ ਚੌਦਾਂ ਜੰਗਾਂ ਲੜਨੀਆਂ ਪਈਆਂ। ਪਹਿਲੀ ਜੰਗ ਭੰਗਾਣੀ ਦੀ ਉਨ੍ਹਾਂ ਨੇ ਇੱਕੀ ਸਾਲ ਦੀ ਉਮਰ ਵਿਚ ਲੜੀ। ਚਮਕੌਰ ਸਾਹਿਬ ਦੇ ਅਸਥਾਨ ‘ਤੇ ਉਨ੍ਹਾਂ ਦੀ ਜੰਗ ਦੁਨੀਆਂ ਦੇ ਇਤਿਹਾਸ ਵਿਚ ਲਾਮਿਸਾਲ ਅਤੇ ਲਾਸਾਨੀ ਸੀ। ਉਨ੍ਹਾਂ ਨੇ 40 ਸਿੰਘਾਂ ਨਾਲ ਦਸ ਲੱਖ ਦੁਸ਼ਮਣ ਦੀ ਫੌਜ ਦਾ ਮੁਕਾਬਲਾ ਕੀਤਾ। ਖਿਦਰਾਣੇ ਦੀ ਢਾਬ (ਮੁਕਤਸਰ ਸਾਹਿਬ) ਦੇ ਅਸਥਾਨ ‘ਤੇ ਉਨ੍ਹਾਂ ਨੇ ਗਿਣਤੀ ਦੇ ਸਿੰਘਾਂ ਨਾਲ ਸਰਹੰਦ ਦੀ ਫੌਜ ਦੇ ਦੰਦ ਖੱਟੇ ਕੀਤੇ। ਗੁਰੂ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਚਮਕੌਰ ਸਾਹਿਬ ਦੀ ਜੰਗ ਵਿਚ ਸ਼ਹੀਦ ਹੋ ਗਏ। ਉਨ੍ਹਾਂ ਦੇ ਛੋਟੇ ਦੋ ਸਾਹਿਬਜ਼ਾਦੇ ਸਰਹੰਦ ਦੇ ਸੂਬੇ ਵੱਲੋਂ ਗ੍ਰਿਫਤਾਰ ਕਰਕੇ ਨੀਹਾਂ ਵਿਚ ਚਿਣ ਕੇ ਸ਼ਹੀਦ ਕੀਤੇ ਗਏ। ਇਸ ਸਭ ਕੁਝ ਦੇ ਬਾਵਜੂਦ ਵੀ ਗੁਰੂ ਸਾਹਿਬ ਅਡੋਲ ਅਤੇ ਚੜ੍ਹਦੀ ਕਲਾ ਵਿਚ ਰਹੇ। ਉਨ੍ਹਾਂ ਦਾ ਨਿਸ਼ਾਨਾ ਮੁਗਲਾਂ ਦੇ ਜ਼ੁਲਮ ਦੀਆਂ ਜੜ੍ਹਾਂ ਪੁੱਟਣਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੀਨਾ-ਕਾਂਗੜ ਤੋਂ ਔਰੰਗਜ਼ੇਬ ਨੂੰ ਫਤਹਿ ਦਾ ਪੱਤਰ ਲਿਖਿਆ ਜਿਸ ਨੂੰ ‘ਜ਼ਫ਼ਰਨਾਮਾ’ ਜਾਂ ਫਤਹਿ ਦੀ ਚਿੱਠੀ ਕਿਹਾ ਜਾਂਦਾ ਹੈ। ਇਸ ਵਿਚ ਗੁਰੂ ਜੀ ਨੇ ਔਰੰਗਜ਼ੇਬ ਨੂੰ ਲਿਖਿਆ ਕਿ ਨਾ ਤੂੰ ਧਾਰਮਿਕ ਹੈਂ, ਨਾ ਬਹਾਦਰ ਹੈਂ ਤੇ ਨਾ ਚੰਗਾ ਰਾਜਨੀਤਕ ਹੈਂ। ਤੂੰ ਕੁਰਾਨ ਦੀਆਂ ਸਹੁੰਆਂ ਖਾ ਕੇ ਤੋੜੀਆਂ ਹਨ। ਕੁਰਾਨ ਦੀ ਸਿਖਿਆ ਦੇ ਉਲਟ ਮਾਸੂਮ ਬੱਚਿਆਂ ਨੂੰ ਸ਼ਹੀਦ ਕੀਤਾ ਹੈ। ਤੂੰ ਪਰਜਾ ਨਾਲ ਬੇ-ਇਨਸਾਫ਼ੀ ਕਰਦਾ ਹੈਂ। ਇਸ ਤਰ੍ਹਾਂ ਉਨ੍ਹਾਂ ਨੇ ਔਰੰਗਜ਼ੇਬ ਨੂੰ ਧਰਮ ਅਤੇ ਨੈਤਿਕਤਾ ਦਾ ਉਪਦੇਸ਼ ਕੀਤਾ ਅਤੇ ਨਾਲ ਹੀ ਕਿਹਾ ਕਿ ਕੀ ਹੋਇਆ ਜੇ ਮੇਰੇ ਚਾਰ ਬੱਚੇ ਸ਼ਹੀਦ ਹੋ ਗਏ ਹਨ ਪਰ ਤੇਰੇ ਜ਼ੁਲਮ ਦਾ ਟਾਕਰਾ ਕਰਨ ਲਈ ਅਜੇ ਖਾਲਸਾ ਤਿਆਰ ਹੈ। ਉਨ੍ਹਾਂ ਨੇ ਬਾਦਸ਼ਾਹ ਨੂੰ ਲਿਖਿਆ ਕਿ ਜਦੋਂ ਸਾਰੇ ਹੀਲੇ ਖਤਮ ਹੋ ਜਾਣ ਫੇਰ ਕਿਰਪਾਨ ਉਠਾਉਣਾ ਯੋਗ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਦੁਨੀਆਂ ਦੇ ਭਲੇ ਲਈ, ਹੱਕ ਸੱਚ ਲਈ ਕਿਰਪਾਨ ਉਠਾਈ ਹੈ:
ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ॥
ਹਲਾਲ ਅਸਤੁ ਬੁਰਦਨ ਬ ਸ਼ਮਸ਼ੀਰ ਦਸਤੁ॥ (ਜ਼ਫ਼ਰਨਾਮਾ)
ਸ੍ਰਿਸ਼ਟੀ ਦੇ ਅਰੰਭ ਤੋਂ ਹੀ ਨੇਕੀ ਤੇ ਬਦੀ ਦੀਆਂ ਤਾਕਤਾਂ ਵਿਚ ਟਕਰਾਉ ਹੁੰਦਾ ਰਿਹਾ ਹੈ। ਪਰ ਇਹ ਸਾਰੇ ਜੰਗ-ਯੁੱਧ ਤੇ ਟਾਕਰਾ ਆਦਿ ਜ਼ੋਰੂ, ਜ਼ਮੀਨ ਜਾਂ ਤਖਤ ਲਈ ਹੀ ਹੁੰਦੇ ਰਹੇ ਹਨ। ਪਰੰਤੂ ਸ੍ਰੀ ਗੁਰੂ ਨਾਨਕ ਸਾਹਿਬ ਦੀ ਕ੍ਰਾਂਤੀ/ ਇਨਕਲਾਬ ਧਰਤੀ ਉੱਤੇ ਜਬਰ-ਜ਼ੁਲਮ, ਕੂੜ-ਕਪਟ, ਅਧਰਮ, ਲੁੱਟ-ਖਸੁੱਟ ਖਤਮ ਕਰਕੇ ਮਨੁੱਖੀ ਜ਼ਿੰਦਗੀ ਨੂੰ ਜਿਉਣ ਯੋਗ ਬਣਾਉਣ, ਧਰਮ, ਹੱਕ, ਸੱਚ ਅਤੇ ਇਨਸਾਫ਼ ਦਾ ਬੋਲਬਾਲਾ ਕਰਨ ਹਿਤ ਅਤੇ ‘ਸਭ ਸੁਖਾਲੀ ਵੁਠੀਆ ਹੁਣਿ ਹੋਆ ਹਲੇਮੀ ਰਾਜ ਜੀਉ’ ਦੀ ਸਥਾਪਨਾ ਕਰਨ ਹਿੱਤ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ 1469 ਈ. ਨੂੰ ਹੋਇਆ। ਬਾਬਰ ਦੇ ਸਮਕਾਲੀ ਸੀ। ਉਸ ਨੇ 1526 ਈ. ਵਿਚ ਮੁਗ਼ਲ ਰਾਜ ਦੀ ਸਥਾਪਨਾ ਕੀਤੀ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਪਿੱਛੋਂ 9 ਗੁਰੂ ਸਾਹਿਬਾਨ ਹੋਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ 1675 ਈ: ਵਿਚ ਗੁਰਗੱਦੀ ‘ਤੇ ਬਿਰਾਜਮਾਨ ਹੋਏ। ਇਸ ਸਮੇਂ ਔਰੰਗਜ਼ੇਬ ਦਿੱਲੀ ਦਾ ਬਾਦਸ਼ਾਹ ਸੀ। ਇਹ ਬਾਬਰ ਦੀ ਛੇਵੀਂ ਪੀੜ੍ਹੀ ਸੀ। ਇਸ ਤਰ੍ਹਾਂ ਬਾਬੇ ਕੇ ਤੇ ਬਾਬਰ ਕੇ, ਇਹ ਨੇਕੀ ਤੇ ਬਦੀ ਦੀਆਂ ਦੋਵੇਂ ਤਾਕਤਾਂ ਸਮਕਾਲੀ ਸਨ। ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੇਲੇ ਤੋਂ ਹੀ ਬਾਬੇ ਕਿਆਂ ਅਤੇ ਬਾਬਰ ਕਿਆਂ ਦਾ ਸਾਹਮਣਾ ਹੋ ਗਿਆ ਸੀ, ਗੁਰੂ ਜੀ ਨੇ ਸਖ਼ਤ ਸ਼ਬਦਾਂ ਵਿਚ ਬਾਬਰ ਦੇ ਜ਼ੁਲਮਾਂ ਦੀ ਨਿਖੇਧੀ ਕੀਤੀ ਸੀ। ਉਨ੍ਹਾਂ ਨੇ ਬਾਬਰ ਨੂੰ ਜਮ ਦਾ ਰੂਪ ਦੱਸਿਆ ਸੀ:
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ॥ (ਪੰਨਾ 360)
ਬਾਬਰ ਦੀ ਚੌਥੀ ਪੀੜ੍ਹੀ ਵਿਚ ਜਹਾਂਗੀਰ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ 1606 ਵਿਚ ਸ਼ਹੀਦ ਕਰਵਾ ਦਿੱਤਾ ਸੀ। ਇਸ ਤੋਂ ਪਿੱਛੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਪਹਿਨੀਆਂ ਤੇ ਬਾਬਰ ਕਿਆਂ ਦੇ ਜ਼ੁਲਮ ਦਾ ਟਾਕਰਾ ਕਰਨ ਲਈ ਸਿੱਖਾਂ ਨੂੰ ਸ਼ਸਤਰਬੱਧ ਕਰ ਦਿੱਤਾ ਸੀ। ਸਿੱਖਾਂ ਨੇ ਸ਼ਸਤਰ ਦਾ ਜਵਾਬ ਹੁਣ ਸ਼ਸਤਰ ਨਾਲ ਦੇਣਾ ਸ਼ੁਰੂ ਕਰ ਦਿੱਤਾ ਸੀ।
1675 ਈ. ਵਿਚ ਔਰੰਗਜ਼ੇਬ ਦੇ ਰਾਜ ਸਮੇਂ ਬਾਬੇ ਕਿਆਂ ਅਤੇ ਬਾਬਰ ਕਿਆਂ ਦਾ ਟਕਰਾਉ ਸਿਖਰ ’ਤੇ ਪਹੁੰਚ ਗਿਆ। 1675 ਈ. ਨੂੰ ਇਸ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਬੁਲਾ ਕੇ ਸ਼ਹੀਦ ਕੀਤਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਉਸ ਸਮੇਂ 9 ਸਾਲ ਦੀ ਸੀ। ਉਨ੍ਹਾਂ ਨੇ ਗੱਦੀ ‘ਤੇ ਬੈਠ ਕੇ ਜ਼ੁਲਮ ਦਾ ਨਾਸ਼ ਕਰਨ ਦਾ ਦ੍ਰਿੜ੍ਹ ਸੰਕਲਪ ਧਾਰ ਲਿਆ ਸੀ। ਇਸ ਉਦੇਸ਼ ਦੀ ਪੂਰਤੀ ਲਈ ਉਨ੍ਹਾਂ ਨੂੰ ਪਹਾੜੀ ਰਾਜਿਆਂ ਤੇ ਮੁਗ਼ਲ ਫੌਜਾਂ ਨਾਲ ਅਨੇਕ ਯੁੱਧ ਕਰਨੇ ਪਏ, ਜਿਨ੍ਹਾਂ ਵਿਚ ਸਤਿਗੁਰਾਂ ਦੇ ਸਰਬੰਸ ਅਤੇ ਅਨੇਕਾਂ ਹੀ ਸਿੰਘਾਂ ਨੇ ਸ਼ਹੀਦੀਆਂ ਪਾਈਆਂ।
ਔਰੰਗਜ਼ੇਬ ਬਦੀ ਦਾ ਸਿਖਰ ਸੀ। ਉਸ ਨੇ ਰਾਜ ਗੱਦੀ ਆਪਣੇ ਪਿਤਾ ਤੋਂ ਖੋਹੀ ਸੀ, ਆਪਣੇ ਭਰਾਵਾਂ ਦਾ ਕਤਲ ਕਰਕੇ ਉਹ ਸ਼ਹਿਨਸ਼ਾਹ ਬਣਿਆ ਸੀ। ਔਰੰਗਜ਼ੇਬ ਬੜਾ ਹੀ ਕੱਟੜ ਤੇ ਜ਼ਾਲਮ ਬਾਦਸ਼ਾਹ ਸੀ। ਉਸ ਨੇ ਤਖਤ ਦੀ ਖ਼ਾਤਰ ਆਪਣੇ ਦੋਵੇਂ ਭਰਾ ਦਾਰਾਸ਼ਿਕੋਹ ਤੇ ਮੁਰਾਦ ਕਤਲ ਕਰਵਾ ਦਿੱਤੇ ਸਨ। ਦਾਰਾਸ਼ਿਕੋਹ ਪੰਜਾਬ ਤੇ ਕਾਬਲ ਦਾ ਗਵਰਨਰ ਸੀ। ਮੁਰਾਦ ਬੰਗਾਲ ਦੇ ਗੁਜਰਾਤ ਦਾ ਗਵਰਨਰ ਸੀ। ਔਰੰਗਜ਼ੇਬ ਨੇ ਪਹਿਲਾਂ ਮੁਰਾਦ ਨਾਲ ਮਿਲ ਕੇ ਦਾਰਾਸ਼ਿਕੋਹ ਨੂੰ ਖਤਮ ਕੀਤਾ ਅਤੇ ਬਾਅਦ ਵਿਚ ਉਸ ਨੇ ਮੁਰਾਦ ਨੂੰ ਵੀ ਮਰਵਾ ਦਿੱਤਾ। ਆਪਣੇ ਪਿਤਾ ਸ਼ਾਹਜਹਾਨ ਨੂੰ ਅੰਤਲੇ 8 ਸਾਲ ਕੈਦ ਵਿਚ ਹੀ ਰੱਖਿਆ ਸੀ। ਉਸ ਨੇ ਹੱਕ, ਇਨਸਾਫ਼ ਅਤੇ ਸਰਬੱਤ ਦੇ ਭਲੇ ਲਈ ਉਠ ਰਹੀ ਅਵਾਜ਼ ਨੂੰ ਬੰਦ ਕਰਨ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਵਰਗੀ ਮਹਾਨ ਧਾਰਮਿਕ ਸ਼ਖ਼ਸੀਅਤ ਨੂੰ ਸ਼ਹੀਦ ਕਰਵਾ ਦਿੱਤਾ ਅਤੇ ਸਰਮਦ ਵਰਗੇ ਫਕੀਰ ਕਤਲ ਕਰਵਾਏ ਸਨ। ਹਿੰਦੂਆਂ ਨੂੰ ਮੁਸਲਮਾਨ ਬਣਾਉਣ ਲਈ ਉਸ ਨੇ ਅਨੇਕ ਤਰ੍ਹਾਂ ਦੇ ਜ਼ੁਲਮ ਢਾਹੇ ਸਨ। ਦੂਜੇ ਪਾਸੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇਕੀ, ਸੱਚ, ਤਿਆਗ, ਕੁਰਬਾਨੀ, ਭਗਤੀ ਤੇ ਸ਼ਕਤੀ ਦੇ ਮੁਜੱਸਮੇ ਸਨ। ਉਨ੍ਹਾਂ ਨੇ ਅਕਾਲ ਪੁਰਖ ਦੇ ਹੁਕਮ ਵਿਚ ਅਡੋਲ ਵਿਚਰਦਿਆਂ ਅਸਹਿ ਤੇ ਅਕਹਿ ਦੁੱਖ ਬਰਦਾਸ਼ਤ ਕੀਤੇ। ਦੁਨੀਆਂ ਦੇ ਇਤਿਹਾਸ ਵਿਚ ਉਨ੍ਹਾਂ ਦਾ ਕੋਈ ਸਾਨੀ ਨਹੀਂ ਹੈ। ਉਨ੍ਹਾਂ ਨੇ ਥੋੜ੍ਹੇ ਸਮੇਂ ਵਿਚ ਧਰਮ, ਸਮਾਜ,ਰਾਜਨੀਤੀ, ਸਾਹਿਤ ਅਤੇ ਸਦਾਚਾਰਕ ਖੇਤਰ ਵਿਚ ਮਹਾਨ ਕਾਰਜ ਕਰਕੇ ਸੰਸਾਰ ਨੂੰ ਵਡਮੁੱਲੀ ਸੇਧ ਪ੍ਰਦਾਨ ਕੀਤੀ।
ਮਨੁੱਖ ਇਸ ਧਰਤੀ ਦਾ ਸਭ ਤੋਂ ਸ਼੍ਰੇਸਟ ਪ੍ਰਾਣੀ ਹੈ। ਮਨੁੱਖ ਨੂੰ ਸੁਖ ਦੇਣ ਲਈ ਉਸ ਦੇ ਜੀਵਨ ਨੂੰ ਸਨਮਾਨ ਯੋਗ ਬਣਾਉਣ ਲਈ ਗੁਰੂ ਸਾਹਿਬਾਨ ਨੇ ਮਨੁੱਖਤਾ ਨੂੰ ਗੁਰਬਾਣੀ ਦੀ ਦਾਤ ਬਖਸ਼ੀ ਹੈ। ਗੁਰਮਤਿ ਦਾ ਮੁੱਖ ਉਦੇਸ਼ ਮਨੁੱਖ ਦੇ ਜੀਵਨ ਤੇ ਉਸ ਦੀ ਸੁਰਤ ਨੂੰ ਉੱਚਾ ਕਰਕੇ ਉਸ ਨੂੰ ਪਰਮਾਤਮਾ ਦਾ ਰੂਪ ਬਣਾਉਣਾ ਹੈ, ਉਸ ਨੂੰ ਸੁਤੰਤਰ ਅਤੇ ਸਰਦਾਰ ਦੇ ਰੂਪ ਵਿਚ ਜੀਣ ਦਾ ਹੱਕ ਦੇਣਾ ਹੈ। ਇਸੇ ਉਦੇਸ਼ ਦੀ ਪੂਰਤੀ ਲਈ ਗੁਰੂ ਜੀ ਨੇ ਅਤੇ ਸਿੱਖਾਂ ਨੇ ਮਹਾਨ ਕੁਰਬਾਨੀਆਂ ਦਿੱਤੀਆਂ ਹਨ। ਗੁਰਬਾਣੀ ਦਾ ਮਹਾਂਵਾਕ ਹੈ :
ਅਵਰ ਜੋਨਿ ਤੇਰੀ ਪਨਿਹਾਰੀ॥
ਇਸੁ ਧਰਤੀ ਮਹਿ ਤੇਰੀ ਸਿਕਦਾਰੀ॥ (ਪੰਨਾ 374)
ਅੱਜ ਵੀ ਸਾਡੇ ਮੁਲਕ ਵਿਚ ਨੇਕੀ ਤੇ ਬਦੀ ਦੀ ਲੜਾਈ ਜਾਰੀ ਹੈ। ਬਦੀ ਦੀਆਂ ਤਾਕਤਾਂ ਭਾਰੂ ਹੁੰਦੀਆਂ ਜਾ ਰਹੀਆਂ ਹਨ। ਹਰ ਖੇਤਰ ਵਿਚ ਛਲ, ਕਪਟ, ਧੋਖਾ ਤੇ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ। ਅਜੋਕੇ ਸਮੇਂ ਨੇਕੀ ਦੀਆਂ ਤਾਕਤਾਂ ਬਦੀ ਦੀਆਂ ਤਾਕਤਾਂ ਦੇ ਸਾਹਮਣੇ ਡੋਲ ਰਹੀਆਂ ਹਨ। ਅਰਾਜਕਤਾ ਅਤੇ ਅਨਿਆਏ ਦਾ ਮਾਹੌਲ ਹੈ। ਅੱਜ ਲੋੜ ਹੈ ਕਿ ਨੇਕੀ ਦੀਆਂ ਸ਼ਕਤੀਆਂ ਨੂੰ ਇਕਮੁੱਠ, ਇਕਮਤ ਅਤੇ ਸੁਦ੍ਰਿੜ੍ਹ ਕਰਕੇ ਬਦੀ ਦੀਆਂ ਸ਼ਕਤੀਆਂ ਨੂੰ ਭਾਂਜ ਦਿੱਤੀ ਜਾਵੇ ਤਾਂ ਜੋ ਸਰਬੱਤ ਦੇ ਭਲੇ ਦੀ ਭਾਵਨਾ ਉਜਾਗਰ ਕੀਤੀ ਜਾ ਸਕੇ ਅਤੇ ਮਾਨਵਤਾ ਨੂੰ ਸੁਖੀ ਕੀਤਾ ਜਾ ਸਕੇ।
ਲੇਖਕ ਬਾਰੇ
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/June 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/June 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/August 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/September 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/October 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/December 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/March 1, 2008
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/May 1, 2008
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/June 1, 2008