editor@sikharchives.org

ਸੈਣੁ ਭਣੈ ਭਜੁ ਪਰਮਾਨੰਦੇ

ੴ ਦਾ ਅਨਹਦ ਨਾਦ ਉਦੋਂ ਹੀ ਸੁਣਦਾ ਹੈ, ਜਦੋਂ ਸਰੀਰ ਤੇ ਮਨ ਦਖ਼ਲ ਦੇਣਾ ਬੰਦ ਕਰ ਦਿੰਦੇ ਹਨ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਭਗਤ ਸੈਣ ਜੀ ਦਾ ਜਨਮ ਸੰਨ 1390 ਈ. ਨੂੰ ਪਿੰਡ ਸੁਲਤਾਨਪੁਰ (ਰੀਵਾ ਸਟੇਟ, ਹੁਣ ਮੱਧ ਪ੍ਰਦੇਸ਼ ਦਾ ਜ਼ਿਲ੍ਹਾ) ਵਿਚ ਹੋਇਆ। ਭਗਤ ਜੀ ਆਪਣੀ ਸਟੇਟ ਦੇ ਰਾਜੇ ਰਾਮਚੰਦਰ ਦੇ ਖਾਸ ਸੇਵਾਦਾਰ ਸਨ। ਇਹ ਖੁਸ਼ੀ-ਗ਼ਮੀ ਦੇ ਸੁਨੇਹੇ (ਬੁਤਕਾਰੀ) ਇਧਰ-ਉਧਰ ਲਿਜਾਂਦੇ ਸਨ। ਇਸੇ ਲਈ ਗੁਰਬਾਣੀ ਵਿਚ ਆਪ ਨੂੰ ‘ਸੈਨੁ ਨਾਈ ਬੁਤਕਾਰੀਆ’ ਕਰਕੇ ਦਰਸਾਇਆ ਗਿਆ ਹੈ। ਸੈਣ ਭਗਤ ਜੀ, ਸੁਆਮੀ ਰਾਮਾਨੰਦ ਜੀ ਦੇ ਚੇਲੇ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਆਪ ਦਾ ਇਕ ਸ਼ਬਦ ਪੰਨਾ 695 ’ਤੇ ਦਰਜ ਹੈ। ਇਸ ਦੀ ਅਖੀਰਲੀ ਤੁਕ ਹੈ:

ਮਦਨ ਮੂਰਤਿ ਭੈ ਤਾਰਿ ਗੋਬਿੰਦੇ॥
ਸੈਨੁ ਭਣੈ ਭਜੁ ਪਰਮਾਨੰਦੇ॥

ਆਪ ਜੀ ਦੇ ਜੀਵਨ ਨਾਲ ਇਕ ਬੜੀ ਪ੍ਰਸਿੱਧ ਘਟਨਾ ਜੁੜੀ ਹੈ। ਦੱਸਿਆ ਜਾਂਦਾ ਹੈ ਕਿ ਇਕ ਰਾਤ ਸਾਧ-ਸੰਗਤ ਵਿਚ ਕੀਰਤਨ ਸੁਣਦਿਆਂ ਇੰਨੇ ਲੀਨ ਹੋ ਗਏ ਕਿ ਸਾਰੀ ਰਾਤ ਉਥੇ ਹੀ ਬੈਠੇ ਰਹੇ ਅਤੇ ਸਵੇਰੇ ਰਾਜੇ ਦੀ ਸੇਵਾ ਵਿਚ ਸਮੇਂ ਸਿਰ ਨਾ ਪਹੁੰਚ ਸਕੇ। ਇਸ ਘਟਨਾ ਬਾਰੇ ਭਾਈ ਗੁਰਦਾਸ ਜੀ ਲਿਖਦੇ ਹਨ:

ਆਏ ਸੰਤ ਪਰਾਹੁਣੇ ਕੀਰਤਨੁ ਹੋਆ ਰੈਣਿ ਸਬਾਈ।
ਛਡਿ ਨ ਸਕੈ ਸੰਤ ਜਨ ਰਾਜ ਦੁਆਰਿ ਨ ਸੇਵ ਕਮਾਈ।
ਸੈਣ ਰੂਪਿ ਹਰਿ ਜਾਇ ਕੈ ਆਇਆ ਰਾਣੈ ਨੋ ਰੀਝਾਈ। (ਵਾਰ 10/16)

ਪ੍ਰਭੂ-ਪ੍ਰਾਪਤੀ ਦੇ ਤਿੰਨ ਮੁੱਖ ਰਾਹ ਦੱਸੇ ਜਾਂਦੇ ਹਨ-ਗਿਆਨ, ਧਿਆਨ ਅਤੇ ਭਗਤੀ। ਗਿਆਨੀ ਬਣਨ ਲਈ ਵਿਦਵਾਨ ਹੋਣਾ ਜ਼ਰੂਰੀ ਹੈ। ਇਸ ਲਈ ਇਸ ਰਾਹ ਨੂੰ ਪੜ੍ਹੇ-ਲਿਖੇ ਹੀ ਅਪਣਾ ਸਕਦੇ ਹਨ। ਧਿਆਨੀ ਹੋਣ ਲਈ ਮਨ ਦਾ ਬਲਵਾਨ ਹੋਣਾ ਜ਼ਰੂਰੀ ਹੈ ਕਿਉਂਕਿ ਵਿਚਾਰਾਂ ਨੂੰ ਇਕ ਬਿੰਦੂ ’ਤੇ ਇਕਾਗਰ ਕਰਨਾ ਪੈਂਦਾ ਹੈ। ਇਹ ਰਾਹ ਆਮ ਆਦਮੀ ਲਈ ਕਠਨ ਹੈ। ਤੀਸਰਾ ਰਾਹ ਹੈ ਭਗਤੀ ਦਾ ਜਿਸ ਨੂੰ ਕੋਈ ਵੀ ਸ਼ਰਧਾਵਾਨ ਅਪਣਾ ਸਕਦਾ ਹੈ। ਕਲਜੁਗ ਵਿਚ ਇਹੀ ਰਾਹ ਸਰਲ ਤੇ ਲਾਭਵੰਦ ਹੈ। ਗੁਰਬਾਣੀ ਵੀ ਕਹਿੰਦੀ ਹੈ ‘ਕਲਜੁਗ ਮਹਿ ਕੀਰਤਨੁ ਪਰਧਾਨਾ’। ਆਪਣੀ ਰੁਚੀ ਅਨੁਸਾਰ ਕੋਈ ਵੀ ਰਾਹ ਅਪਣਾ ਲਉ। ਮੁੱਖ ਲੋੜ ਆਪਣੀ ਹਉਮੈ ਮਾਰਨ ਦੀ ਹੀ ਹੁੰਦੀ ਹੈ ਕਿਉਂਕਿ:

ਹਉਮੈ ਮਾਰਿ ਕਮਲੁ ਪਰਗਾਸਾ॥
ਅਨਹਦੁ ਵਾਜੈ ਨਿਜ ਘਰਿ ਵਾਸਾ॥ (ਪੰਨਾ 161)

ਭਉ ਬੈਰਾਗਾ ਸਹਜਿ ਸਮਾਤਾ॥
ਹਉਮੈ ਤਿਆਗੀ ਅਨਹਦਿ ਰਾਤਾ॥ (ਪੰਨਾ 1040)

ਹਉਮੈ ਮਾਰਨ ਲਈ ਬੁੱਧੀ ਹਟਾਉਣੀ ਤੇ ਭਾਵਨਾ ਜਗਾਉਣੀ ਪੈਂਦੀ ਹੈ। ਬੁੱਧੀ ਸੰਸਾਰ ਦੀ ਯਾਤਰਾ ਲਈ ਲਾਭਵੰਦ ਹੈ ਪਰ ਪ੍ਰਭੂ ਵੱਲ ਦੀ ਯਾਤਰਾ ਲਈ ਰੁਕਾਵਟ ਹੈ। ਇਸੇ ਲਈ ਗੁਰਬਾਣੀ ਸਪੱਸ਼ਟ ਕਰਦੀ ਹੈ:

ਜੋ ਕਿਛੁ ਕਰੇ ਸੁ ਆਪੇ ਆਪੈ॥
ਬੁਧਿ ਸਿਆਣਪ ਕਿਛੂ ਨ ਜਾਪੈ॥ (ਪੰਨਾ 107)

ਬੁਧਿ ਪਾਠਿ ਨ ਪਾਈਐ ਬਹੁ ਚਤੁਰਾਈਐ ਭਾਇ ਮਿਲੈ ਮਨਿ ਭਾਣੇ॥ (ਪੰਨਾ 436)

ਜਿੰਨੀ ਦੇਰ ਅਸੀਂ ਬੁੱਧੀ ਨੂੰ ਪਕੜੇ ਰਹਾਂਗੇ, ਸਾਡੀ ਹਉਮੈ ਦਾ ਪੱਲੜਾ ਭਾਰੀ ਰਹੇਗਾ। ਸਾਇੰਸ ਦੀ ਭਾਸ਼ਾ ਵਿਚ ਗੱਲ ਕਰੀਏ ਤਾਂ ਜਿਵੇਂ ਜ਼ਮੀਨ ਦੀ ਮਿਕਨਾਤੀਸੀ ਕਸ਼ਿਸ਼ (gravitational pull) ਸਾਡੇ ਸਰੀਰ ਨੂੰ ਉੱਪਰ ਨਹੀਂ ਉੱਠਣ ਦਿੰਦੀ, ਇਦਾਂ ਹੀ ਹਉਮੈ ਦੀ ਖਿੱਚ ਸਾਡੀ ਆਤਮਾ ਨੂੰ ਉੱਪਰ ਨਹੀਂ ਉਠਣ ਦਿੰਦੀ। ਪਰ ਜਦੋਂ ਕੋਈ ਇਸ ਖਿੱਚ ਤੋਂ ਬਾਹਰ ਚਲਾ ਜਾਂਦਾ ਹੈ (ਜਿਵੇਂ ਸਪੇਸ ਜਹਾਜ਼ ਦਾ ਯਾਤਰੀ) ਤਾਂ ਉਹ ਸਰੀਰ ਤੇ ਮਨ ਦੇ ਕੰਟਰੋਲ ਤੋਂ ਬਾਹਰ ਹੋ ਜਾਂਦਾ ਹੈ। ਇਵੇਂ ਹੀ ਜਦੋਂ ਭਗਤ ਬੁੱਧੀ ਦੀ ਸੀਮਾ ਤੋਂ ਬਾਹਰ ਚਲਾ ਜਾਂਦਾ ਹੈ ਤਾਂ ਉਹ ਸਰੀਰ ਤੇ ਮਨ ਦੀ ਪਕੜ ਤੋਂ ਅਜ਼ਾਦ ਹੋ ਜਾਂਦਾ ਹੈ। ਉਹ ਆਤਮਾ ਦੇ ਨੇੜੇ ਹੋ ਜਾਂਦਾ ਹੈ।

ਦੂਸਰੀ ਲੋੜ ਹੈ ਭਾਵਨਾ ਜਗਾਉਣ ਦੀ। ਭਾਵਨਾ ਜਗਾਉਣ ਅਤੇ ਮਨ-ਬੁੱਧੀ ਤੋਂ ਪਾਰ ਜਾਣ ਦਾ ਰਾਹ ਹੈ ਕੀਰਤਨ। ਪ੍ਰਭੂ-ਉਸਤਤਿ ਨੂੰ ਭਾਵ ਭਰੇ ਸ਼ਬਦ ਤੇ ਢੁਕਵੇਂ ਰਾਗ ਵਿਚ ਗਾਣਾ। ਸ਼ਬਦ ਭਾਵਨਾ ਜਗਾਉਂਦਾ ਹੈ ਅਤੇ ਠੀਕ ਰਾਗ ਵਿਚ ਗਾਇਨ ਉਸ ਸ਼ਬਦ ਦੀ ਭਾਵਨਾ ਨੂੰ ਵਧਾਉਂਦਾ ਹੈ। ਬੁੱਧੀ ਅਤੀਤ ਅਨੁਭਵ ਨੂੰ ਪਾਉਣ ਲਈ ਕਈ ਸੂਫੀ ਗੋਲ-ਗੋਲ ਘੁੰਮ ਕੇ ਕੀਰਤਨ ਕਰਦੇ ਹਨ ਅਤੇ ਕਈ ਭਗਤ ਉੱਚੀ-ਉੱਚੀ ਪੂਰੇ ਜ਼ੋਰ ਨਾਲ ਕੀਰਤਨ ਕਰਦੇ ਹਨ (ਕਈ ਨਾਲੋ-ਨਾਲ ਛੈਣੇ ਵੀ ਵਜਾਉਂਦੇ ਹਨ)। ਉਦੇਸ਼ ਇਹੀ ਹੁੰਦਾ ਹੈ ਕਿ ਸਰੀਰ ਤੇ ਮਨ ਨੂੰ ਥਕਾ ਕੇ ਭਾਵਨਾ ਦੇ ਜਗਤ ਵਿਚ ਪ੍ਰਵੇਸ਼ ਪਾ ਸਕੀਏ। ਇਸ ਅ-ਮਨ ਅਵਸਥਾ ਦਾ ਇਕ ਆਪਣਾ ਅਨੰਦ ਹੁੰਦਾ ਹੈ। ਇਸੇ ਲਈ ਬੱਚੇ ਗੋਲ-ਗੋਲ ਫਿਰਨੀ ਵਾਂਗ ਘੁੰਮਦੇ ਹਨ। ਉਦੋਂ ਕੁਝ ਸਮੇਂ ਲਈ ਉਹ ਆਪਣੇ ਸਰੀਰ ਤੇ ਮਨ ਦੀ ਸੁਧ ਭੁੱਲ ਜਾਂਦੇ ਹਨ ਅਤੇ ਆਪਣਾ ਅੰਤਰੀਵ ਅਨੰਦ ਮਾਣਦੇ ਹਨ। ਇਵੇਂ ਹੀ ਕੀਰਤਨ ਸੁਣਦਿਆਂ-ਸੁਣਦਿਆਂ ਇਕ ਅਵਸਥਾ ਆਉਂਦੀ ਹੈ, ਜਦੋਂ ਸਾਡਾ ਕੀਰਤਨ ਬੰਦ ਹੋ ਜਾਂਦਾ ਹੈ ਅਤੇ ਪ੍ਰਭੂ ਦਾ ਕੀਰਤਨ ਸੁਣਨ ਲੱਗਦਾ ਹੈ। ਇਹੀ ਅਨੁਭਵ ਹੈ ਜਿਸ ਨੂੰ ਕੀਰਤਨ ਰਾਹੀਂ ਪਾਉਣਾ ਹੈ। ੴ ਦਾ ਅਨਹਦ ਨਾਦ ਉਦੋਂ ਹੀ ਸੁਣਦਾ ਹੈ, ਜਦੋਂ ਸਰੀਰ ਤੇ ਮਨ ਦਖ਼ਲ ਦੇਣਾ ਬੰਦ ਕਰ ਦਿੰਦੇ ਹਨ। ਬੁੱਧੀ ਦੇ ਤਲ ਤੋਂ ਪਾਰ ਜਾ ਕੇ ਹੀ ਅਸੀਂ ਭਾਵਨਾ ਦੇ ਤਲ ’ਤੇ ਅੱਪੜਦੇ ਹਾਂ, ਜਿਥੇ ਗੁਰ-ਸ਼ਬਦ ਦੀ ਗੁੱਝੀ ਭਾਵਨਾ ਪ੍ਰਗਟ ਹੁੰਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ:

ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥ (ਪੰਨਾ 722)

ਇਸੇ ਵਜਦ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ‘ਮਰਦਾਨਿਆ ਰਬਾਬ ਚੁੱਕ, ਬਾਣੀ ਆਈ ਹੈ’।

ਇਸ ਢੰਗ ਦੇ ਕੀਰਤਨ ਨੂੰ ਸੁਣਨ ਸਮੇਂ ਸ਼ਬਦ ਦੀ ਭਾਵਨਾ ਨੂੰ ਆਪਣੇ ਅੰਦਰ ਫੈਲਣ ਦਿਉ। ਐਨਾ ਫੈਲਾਉ ਕਿ ਹਉਮੈ ਵਿਲੀਨ ਹੋ ਜਾਏ; ਸਾਨੂੰ ਆਪਣਾ ਬਾਹਰਲਾ ਸਰੂਪ ਭੁੱਲਦਾ ਜਾਏ ਅਤੇ ਅੰਦਰਲਾ ਜੋਤ ਸਰੂਪ ਪ੍ਰਗਟ ਹੋਣ ਲੱਗੇ। ਇਸ ਹਉਮੈ ਵਿਲੀਨ ਅਵਸਥਾ ਵਿਚ ਸੈਣ ਨਾਈ ਨਹੀਂ ਬਚਦਾ। ਚੰਨ-ਤਾਰੇ, ਝੀਲ-ਝਰਨੇ, ਪਰਬਤ-ਪਹਾੜ, ਨਦੀ-ਨਾਲੇ, ਦੇਵੀ-ਦੇਵਤੇ, ਜਤੀ-ਸਤੀ, ਸਭਨਾਂ ਵਿਚ ਉਹ ਆਪਣੇ-ਆਪ ਨੂੰ ਰਲਿਆ ਵੇਖਦਾ ਹੈ। ਉਦੋਂ ਹੀ ਗੁਰਬਾਣੀ ਦੀ ਸਚਾਈ ਸਮਝ ਆਉਂਦੀ ਹੈ:

ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ॥
ਗਾਵਹਿ ਚਿਤੁ ਗੁਪਤੁ ਲਿਖਿ ਜਾਣਹਿ ਲਿਖਿ ਲਿਖਿ ਧਰਮੁ ਵੀਚਾਰੇ॥
ਗਾਵਹਿ ਈਸਰੁ ਬਰਮਾ ਦੇਵੀ ਸੋਹਨਿ ਸਦਾ ਸਵਾਰੇ॥
ਗਾਵਹਿ ਇੰਦ ਇਦਾਸਣਿ ਬੈਠੇ ਦੇਵਤਿਆ ਦਰਿ ਨਾਲੇ॥
ਗਾਵਹਿ ਸਿਧ ਸਮਾਧੀ ਅੰਦਰਿ ਗਾਵਨਿ ਸਾਧ ਵਿਚਾਰੇ॥
ਗਾਵਨਿ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ॥ (ਪੰਨਾ 6)

ਸਾਨੂੰ ਚਾਹੀਦਾ ਹੈ ਕਿ ਅਸੀਂ ਇਕਾਗਰਚਿਤ ਹੋ ਕੇ ਕੀਰਤਨ ਸੁਣੀਏ ਤੇ ਉਸ ਪ੍ਰਭੂ ਨੂੰ ਪਹਿਚਾਣੀਏ ਜਿਸ ਦਾ ਸਾਰੀ ਕਾਇਨਾਤ ਕੀਰਤਨ ਕਰ ਰਹੀ ਹੈ। ਇਹ ਅਨੁਭਵ ਤਾਂ ਹੀ ਹੁੰਦਾ ਹੈ ਜਦੋਂ ਕੋਈ ਆਪਣੇ ਆਪ ਨੂੰ ਕੀਰਤਨ ਦੇ ਸਰੋਵਰ ਵਿਚ ਪੂਰੀ ਤਰ੍ਹਾਂ ਡੁਬੋ ਦਿੰਦਾ ਹੈ। ਇਕ ਵਿਦਵਾਨ ਵਿਲੀਅਮ ਜੇਮਜ਼ (William James) ਇਸ ਨੂੰ ‘ਸਾਗਰ ਹੋਣ ਦੇ ਖਿਆਲ ਦਾ ਅਨੁਭਵ’ (occeanic flowing) ਕਹਿੰਦੇ ਹਨ। ਇਸ ਵਿਸ਼ਾਲ ਅਨੁਭਵ ਵਿਚ ਭਗਤ ਜੀ ਨੂੰ ਉਹ ਨਾਦ ਸੁਣਦਾ ਹੈ ਜਿਹੜਾ ਸਾਰੀ ਸੁਧ-ਬੁੱਧ ਭੁਲਾ ਦਿੰਦਾ ਹੈ।

ਅਸੀਂ ਵੀ ਸੈਣ ਜੀ ਵਾਂਗ ਇਕਸੁਰਤਾ ਨਾਲ ਕੀਰਤਨ ਵਿਚ ਜੁੜ ਸਕੀਏ ਅਤੇ ਉਸ ਨਾਦ ਨੂੰ ਮਾਣ ਸਕੀਏ ਜਿਸ ਬਾਰੇ ਅਨੰਦ ਸਾਹਿਬ ਵਿਚ ਅਸੀਂ ਰੋਜ਼ ਪੜ੍ਹਦੇ ਹਾਂ:

ਬਿਨਵੰਤਿ ਨਾਨਕੁ ਗੁਰ ਚਰਣ ਲਾਗੇ ਵਾਜੇ ਅਨਹਦ ਤੂਰੇ॥ (ਪੰਨਾ 922)

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Guru Teg Bahadur Nam Simran Foundation, #303, Ivory Tower, Juhu Road, Mumbai-400049

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)