ਸਿੱਖ ਇਤਿਹਾਸ ਦਾ ਹਰ ਪੰਨਾ ਸ਼ਹੀਦ ਗੁਰੂ ਸਾਹਿਬਾਨ, ਸਿੰਘਾਂ, ਸਿੰਘਣੀਆਂ, ਸਿਦਕੀਆਂ, ਮਰਜੀਵੜਿਆਂ, ਧਰਮ-ਰੱਖਿਅਕਾਂ, ਦੇਸ਼-ਭਗਤਾਂ, ਕੌਮੀ ਅਤੇ ਕੌਮਾਂਤਰੀ ਇਨਕਲਾਬੀ ਲਹਿਰਾਂ ਦੇ ਸਿਰਜਣਹਾਰਿਆਂ, ਮਹਾਨ ਪਰਉਪਕਾਰੀਆਂ, ਸ਼ਹੀਦ ਭੁਝੰਗੀਆਂ ਅਤੇ ਧਰਮੀਆਂ ਦੇ ਪਵਿੱਤਰ ਖੂਨ ਨਾਲ ਲਿਖਿਆ ਹੋਇਆ ਹੈ। ਇਨ੍ਹਾਂ ਸ਼ਹੀਦ ਸਿੰਘਾਂ-ਸਿੰਘਣੀਆਂ ਤੇ ਭੁਝੰਗੀਆਂ ਨੇ ਆਪਣੇ ਧਰਮ, ਅਨਧਰਮ, ਦੇਸ਼ ਅਤੇ ਖਾਸ ਕਰਕੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਅਲੌਕਿਕ, ਅਸਚਰਜ, ਹੈਰਾਨੀਕੁੰਨ ਅਤੇ ਬੇਜੋੜ ਕੁਰਬਾਨੀਆਂ ਕਰ ਕੇ, ਇਤਿਹਾਸ ਦੇ ਵਹਿਣ ਹੀ ਮੋੜ ਦਿੱਤੇ। ਗੁਰੂ ਸਾਹਿਬਾਨ ਨੇ ਇਕ ਮਹਾਨ, ਵਿਲੱਖਣ ਅਤੇ ਨਿਵੇਕਲਾ ਫਲਸਫਾ ਬਖਸ਼ ਕੇ ਅਤੇ ਆਪ ਉਸ ਮਾਰਗ ਦੇ ਪਾਂਧੀ ਬਣ ਕੇ, ਭਾਰਤੀ ਜਨ-ਸਮੂਹ ਦੀ ਸਵੈਮਾਣ ਗੁਆ ਚੁੱਕੀ ਹਿੰਦਵਾਇਣ ਦੇ ਮਨਾਂ ਵਿੱਚੋਂ ਮੌਤ ਦਾ ਭੈਅ ਕੱਢ ਕੇ, ਕੁਰਬਾਨੀ, ਤਿਆਗੀ, ਪਰਉਪਕਾਰੀ, ਗੌਰਵ ਅਤੇ ਗ਼ੈਰਤ ਵਾਲਾ ਅਕਾਲ ਪੁਰਖ ਦੇ ਭਾਣੇ ਵਿਚ ਵਿਚਰਦਿਆਂ ਧਰਮੀ ਜੀਵਨ ਜਿਉਣ ਦਾ ਇਨਕਲਾਬੀ ਰਸਤਾ ਵਿਖਾਇਆ। ਇਹ ਸਿਧਾਂਤ ਸੀ:
ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ॥
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ॥ (ਪੰਨਾ 1102)
ਸਤਿਗੁਰ ਆਗੈ ਸੀਸੁ ਭੇਟ ਦੇਉ ਜੇ ਸਤਿਗੁਰ ਸਾਚੇ ਭਾਵੈ॥
ਆਪੇ ਦਇਆ ਕਰਹੁ ਪ੍ਰਭ ਦਾਤੇ ਨਾਨਕ ਅੰਕਿ ਸਮਾਵੈ॥ (ਪੰਨਾ 1114)
ਦੱਰਾ ਖ਼ੈਬਰ ਅਤੇ ਹੋਰ ਰਸਤਿਆਂ ਰਾਹੀਂ 712 ਈ. ਤੋਂ ਭਾਰਤ ਉੱਤੇ ਸ਼ੁਰੂ ਹੋਏ ਹਮਲਿਆਂ ਨੂੰ ਰੋਕਿਆ ਹੀ ਨਹੀਂ ਸਗੋਂ ਉਨ੍ਹਾਂ ਅਜਿੱਤ ਸਮਝੇ ਜਾਂਦੇ ਪਠਾਣਾਂ ਨੂੰ ਨੱਕੀਂ ਚਣੇ ਚਬਾ ਦਿੱਤੇ। ਹਰ ਰੋਜ਼ ਹਰ ਗੁਰਸਿੱਖ ਅਰਦਾਸ ਸਮੇਂ ਇਨ੍ਹਾਂ ਮਹਾਨ ਸ਼ਹੀਦਾਂ ਨੂੰ ਯਾਦ ਕਰ ਕੇ ਸਿਰ ਝੁਕਾਉਂਦਾ ਹੈ ਅਤੇ ਆਤਮਕ ਬਲ ਪ੍ਰਾਪਤ ਕਰਦਾ ਹੈ। ਇਸ ਲੇਖ ਵਿਚ ਸ਼ਹੀਦ ਭਾਈ ਕਰਮ ਸਿੰਘ ਅਤੇ ਭਾਈ ਪਰਤਾਪ ਸਿੰਘ, ਜਿਨ੍ਹਾਂ ਨੂੰ ‘ਸਾਕਾ ਪੰਜਾ ਸਾਹਿਬ’ ਦੇ ਸ਼ਹੀਦਾਂ ਵਜੋਂ ਯਾਦ ਕੀਤਾ ਜਾਂਦਾ ਹੈ, ਬਾਰੇ ਵਿਚਾਰ ਕਰ ਰਹੇ ਹਾਂ।
ਜਦੋਂ ਵੀ ਕਿਸੇ ਕੌਮ ਨੂੰ ਗੁਲਾਮ ਅਤੇ ਕਮਜ਼ੋਰ ਕਰਨਾ ਹੋਵੇ ਤਾਂ ਉਸ ਦੇ ਧਰਮ ਸਿਧਾਂਤ, ਮਰਯਾਦਾ, ਪਰੰਪਰਾਵਾਂ, ਰਵਾਇਤਾਂ, ਇਤਿਹਾਸ ਅਤੇ ਵਿਰਾਸਤ ਬਾਰੇ ਸ਼ੰਕੇ ਖੜ੍ਹੇ ਕਰ ਕੇ ਭੰਬਲਭੂਸਾ ਪੈਦਾ ਕੀਤਾ ਜਾਂਦਾ ਹੈ ਅਤੇ ਉਸ ਦੇ ਸਰੂਪ ਨੂੰ ਕਰੂਪ ਰੂਪ ਵਿਚ ਪੇਸ਼ ਕੀਤਾ ਜਾਂਦਾ ਹੈ। ਅੰਗਰੇਜ਼ਾਂ ਨੇ ਪੰਜਾਬ ਤੋਂ ਬਗੈਰ ਸਾਰੇ ਹਿੰਦੁਸਤਾਨ ਉੱਤੇ ਪਹਿਲਾਂ ਈਸਟ ਇੰਡੀਆ ਕੰਪਨੀ ਰਾਹੀਂ ਕਬਜ਼ਾ ਕਰ ਲਿਆ ਸੀ ਅਤੇ ਫਿਰ ਸਿੱਧੇ ਤੌਰ ’ਤੇ (British Crown) ਇੰਗਲੈਂਡ ਦੇ ਬਾਦਸ਼ਾਹ ਦੇ ਅਧੀਨ ਕਰ ਲਿਆ ਸੀ। ਅੰਗਰੇਜ਼ਾਂ ਦਾ ਮਨਸੂਬਾ ਜਿੱਥੇ ਭਾਰਤ ਉੱਤੇ ਰਾਜ ਕਰਨਾ ਸੀ ਉਥੇ ਇਸ ਦਾ ਮੁਕੰਮਲ ਈਸਾਈਕਰਨ ਕਰਨਾ ਵੀ ਸੀ। ਇਸੇ ਤਰ੍ਹਾਂ ਦੀ ਪ੍ਰਕ੍ਰਿਆ ਮੁਗ਼ਲਾਂ ਨੇ ਵੀ ਲੰਮਾ ਸਮਾਂ ਦੇਸ਼ ਦਾ ਇਸਲਾਮੀਕਰਨ ਕਰਨ ਲਈ ਜਾਰੀ ਰੱਖੀ ਸੀ। ਇਸ ਲਈ ਅੰਗਰੇਜ਼ਾਂ ਨੇ ਵੀ ਰਾਜ-ਸ਼ਕਤੀ ਉੱਤੇ ਕਾਬਜ਼ ਹੋਣ ਦੇ ਨਾਲ-ਨਾਲ ਇਥੇ ਪਾਦਰੀਆਂ, ਈਸਾਈ ਮਿਸ਼ਨਰੀਆਂ ਰਾਹੀਂ ਧਰਮ-ਤਬਦੀਲੀ ਦਾ ਦੌਰ ਅਰੰਭ ਕੇ ਈਸਾਈਅਤ ਦਾ ਬੋਲਬਾਲਾ ਕਰਨ ਲਈ ਤੇਜ਼ੀ ਨਾਲ ਯਤਨ ਅਰੰਭ ਦਿੱਤੇ ਤਾਂ ਜੋ ਹਿੰਦੁਸਤਾਨ ਨੂੰ ਹਰ ਪੱਖੋਂ ਕਮਜ਼ੋਰ ਕਰ ਕੇ ਪੱਕੇ ਤੌਰ ਉੱਤੇ ਗ਼ੁਲਾਮ ਬਣਾ ਲਿਆ ਜਾਵੇ। ਹਿੰਦੁਸਤਾਨ ਉੱਤੇ ਕਾਬਜ਼ ਹੋਣ ਲਈ ਅੰਗਰੇਜ਼ ਨੂੰ ਕੋਈ ਬਹੁਤਾ ਸੰਘਰਸ਼ ਕਰਨ ਦੀ ਲੋੜ ਨਹੀਂ ਪਈ ਕਿਉਂਕਿ ਇਥੇ ਰਾਜ ਕਰਨ ਵਾਲੇ ਹਿੰਦੂ ਅਤੇ ਮੁਸਲਮਾਨ ਰਾਜੇ ਆਪਣੀ ਐਸ਼ੋ-ਇਸ਼ਰਤ ਵਿਚ ਗ਼ਲਤਾਨ ਸਨ। ਦੇਸ਼ ਦੀ ਰਾਜ-ਸ਼ਕਤੀ ਅਤੇ ਸਮਾਜਿਕ ਵਿਵਸਥਾ ਲੀਰੋ-ਲੀਰ ਸੀ। ਪਰੰਤੂ ਪੰਜਾਬ ਉੱਤੇ ਮਹਾਂਬਲੀ ਮਹਾਰਾਜਾ ਰਣਜੀਤ ਸਿੰਘ ਦਾ ਵਿਸ਼ਾਲ ਅਤੇ ਸ਼ਕਤੀਸ਼ਾਲੀ ਰਾਜ ਸੀ। ਲੇਕਿਨ ਮਹਾਰਾਜਾ ਰਣਜੀਤ ਸਿੰਘ ਦੇ 1839 ਈ. ਵਿਚ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਡੋਗਰਿਆਂ ਦੀਆਂ ਘਿਨਾਉਣੀਆਂ ਸਾਜ਼ਸ਼ਾਂ, ਬੇਈਮਾਨੀ ਅਤੇ ਵਿਸ਼ਵਾਸਘਾਤ ਅਤੇ ਅੰਗਰੇਜ਼ ਦੇ 1809 ਈ. ਦੀ ਸੰਧੀ ਤੋਂ ਮੁਨਕਰ ਹੋ ਜਾਣ ਕਾਰਨ 29 ਮਾਰਚ 1849 ਈ. ਨੂੰ ਪੰਜਾਬ, ਇੰਗਲੈਂਡ ਬਾਦਸ਼ਾਹ ਦੇ ਰਾਜ-ਪ੍ਰਬੰਧ ਵਿਚ ਸ਼ਾਮਲ ਕਰ ਲਿਆ ਗਿਆ। ਪਰੰਤੂ ਪੰਜਾਬ ਉੱਤੇ ਕਾਬਜ਼ ਹੋਣ ਲਈ ਅੰਗਰੇਜ਼ ਨੂੰ ਕਾਫੀ ਜਾਨੀ ਅਤੇ ਮਾਲੀ ਨੁਕਸਾਨ ਉਠਾਉਣਾ ਪਿਆ। ਭਾਵੇਂ ਅੰਗਰੇਜ਼ਾਂ ਅਤੇ ਡੋਗਰਿਆਂ ਦੀ ਬੇਈਮਾਨੀ ਅਤੇ ਗ਼ਦਾਰੀ ਕਾਰਨ ਖਾਲਸਾ ਫੌਜਾਂ ਹਾਰ ਗਈਆਂ ਪਰੰਤੂ ਇਨ੍ਹਾਂ ਜੰਗਾਂ ਵਿਚ ਖਾਲਸਾ ਫੌਜ ਨੇ ਸੂਰਮਗਤੀ ਦੇ ਉਹ ਜ਼ੌਹਰ ਦਿਖਾਏ ਕਿ ਅੰਗਰੇਜ਼ ਪੀੜ੍ਹੀ-ਦਰ-ਪੀੜ੍ਹੀ ਯਾਦ ਰੱਖਦੇ ਆ ਰਹੇ ਹਨ: “ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ, ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ”। ਉਧਰ ਕੁਝ ਦਿਨਾਂ ਵਿਚ ਹੀ ਮਹਾਰਾਣੀ ਜਿੰਦ ਕੌਰ, ਦੀਵਾਨ ਮੂਲ ਰਾਜ ਅਤੇ ਭਾਈ ਮਹਾਰਾਜ ਸਿੰਘ ਨੌਰੰਗਾਬਾਦੀ ਨੇ ਅੰਗਰੇਜ਼ ਵਿਰੁੱਧ ਬਗ਼ਾਵਤ ਦਾ ਯਤਨ ਅਰੰਭ ਦਿੱਤਾ। ਮਹਾਰਾਣੀ ਜਿੰਦ ਕੌਰ ਅਤੇ ਮਹਾਰਾਜਾ ਦਲੀਪ ਸਿੰਘ ਨੂੰ ਦੇਸ਼-ਨਿਕਾਲਾ, ਦੀਵਾਨ ਮੂਲ ਰਾਜ ਅਤੇ ਭਾਈ ਮਹਾਰਾਜ ਸਿੰਘ ਨੌਰੰਗਾਬਾਦੀ ਨੂੰ ਸ਼ਹੀਦ ਕਰ ਦਿੱਤਾ ਗਿਆ ਪਰੰਤੂ ਸਿੰਘਾਂ ਦਾ ਅੰਗਰੇਜ਼ ਵਿਰੁੱਧ ਸੰਘਰਸ਼ ਕਿਸੇ ਨਾ ਕਿਸੇ ਰੂਪ ਵਿਚ ਜਾਰੀ ਰਿਹਾ। ਅੰਗਰੇਜ਼ ਰਾਜਨੀਤਿਕ ਪੱਖੋਂ ਅਤਿ ਦਾ ਬੇਈਮਾਨ ਸੀ। ਉਸ ਨੇ ਪੰਜਾਬ ਨੂੰ ਕਮਜ਼ੋਰ ਕਰ ਕੇ ਪੱਕਾ ਗ਼ੁਲਾਮ ਬਣਾਉਣ ਹਿਤ, ਜੋ ਜੁਝਾਰੂ ਸਿੰਘਤਵ, ਗ਼ੈਰਤ, ਅਣਖ ਅਤੇ ਸੁਤੰਤਰਤਾ ਦੀ ਭਾਵਨਾ ਅਤੇ ਚਿਣਗ ਦੇ ਸੋਮੇ ਗੁਰਦੁਆਰਾ ਸਾਹਿਬਾਨ ਸਨ, ਉੱਤੇ ਆਪਣੇ ਹੱਥਠੋਕੇ ਮਹੰਤਾਂ ਰਾਹੀਂ ਕਬਜ਼ਾ ਕਰ ਲਿਆ। ਇਨ੍ਹਾਂ ਮਹੰਤਾਂ ਨੇ ਗੁਰਦੁਆਰਾ ਸਾਹਿਬਾਨ ਨੂੰ ਧਾਰਮਿਕਤਾ ਅਤੇ ਸੂਰਬੀਰਤਾ ਦੇ ਸੋਮੇ ਹੋਣ ਦੀ ਥਾਂ ਵਿਭਚਾਰ ਅਤੇ ਲੁੱਟ ਦੇ ਅੱਡੇ ਬਣਾ ਲਿਆ। ਅਣਖੀ ਸਿੱਖ ਕੌਮ ਨੂੰ ਇਹ ਕਿਸੇ ਤਰ੍ਹਾਂ ਵੀ ਮਨਜ਼ੂਰ ਨਹੀਂ ਸੀ। ਫਲਸਰੂਪ ਗੁਰਦੁਆਰਾ ਸਾਹਿਬਾਨ ਨੂੰ ਅੰਗਰੇਜ਼ ਦੇ ਅਸਿੱਧੇ ਅਤੇ ਮਹੰਤਾਂ ਦੇ ਸਿੱਧੇ ਕਬਜ਼ੇ ਹੇਠੋਂ ਅਜ਼ਾਦ ਕਰਾਉਣ ਹਿਤ ਗੁਰਦੁਆਰਾ ਸੁਧਾਰ ਲਹਿਰ ਅਰੰਭੀ ਗਈ ਅਤੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਨੂੰ ਅਜ਼ਾਦ ਕਰਾਉਣ ਹਿਤ ਵੱਖ-ਵੱਖ ਮੋਰਚੇ ਲਾਏ ਗਏ। ਸਫਲਤਾ ਨੇ ਸਿੱਖ ਕੌਮ ਦੇ ਚਰਨ ਛੂਹੇ ਪਰੰਤੂ ਢੇਰ ਕੁਰਬਾਨੀਆਂ ਦੀ ਕੀਮਤ ਉਤਰਾਨ ਉੱਤੇ। ਗੁਰਦੁਆਰਾ ਸੁਧਾਰ ਲਹਿਰ ਦਾ ਸਮਾਂ 1920-25 ਈ. ਦਾ ਹੈ। ਇਹ ਪੰਜ ਸਾਲ ਸਿੱਖ ਇਤਿਹਾਸ ਵਿਚ ਵਿਸ਼ੇਸ਼ ਮਹੱਤਵ ਰੱਖਦੇ ਹਨ। ਇਸ ਲਹਿਰ ਵਿਚ ਸਿੱਖ ਕੌਮ ਨੇ ਅਨੇਕਾਂ ਤਸੀਹੇ ਝੱਲ ਕੇ, ਬੇਮਿਸਾਲ ਕੁਰਬਾਨੀਆਂ ਕਰ ਕੇ ਅਤੇ ਅਣਗਿਣਤ ਸ਼ਹੀਦੀਆਂ ਦੇ ਕੇ ਇਹ ਪ੍ਰਗਟ ਕਰ ਦਿੱਤਾ ਕਿ ਸਿੱਖਾਂ ਦੇ ਮਨਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਥਾਨ ਕਿੰਨਾ ਉੱਚਾ ਹੈ ਅਤੇ ਉਹ ਗੁਰਦੁਆਰਾ ਸਾਹਿਬ ਦੀ ਮਾਨ-ਮਰਯਾਦਾ ਸਥਾਪਿਤ ਕਰਨ ਲਈ ਕੀ ਕੁਝ ਕਰ ਸਕਦੇ ਹਨ। ਗੁਰੂ ਦੇ ਪਿਆਰ ਵਿਚ ਰੰਗੇ ਸਿੰਘ ਸੂਰਮੇ ਬੜੇ ਚਾਅ ਨਾਲ ਨਿਰਭੈ ਹੋ ਕੇ ਸਿਰ ਤਲੀ ’ਤੇ ਧਰ ਕੇ ਗ੍ਰਿਫਤਾਰੀ ਦੇਣ ਲਈ ਜਾਂਦੇ ਸਨ ਜਿਵੇਂ ਕਿ ਗੁਰਬਾਣੀ ਦਾ ਫ਼ੁਰਮਾਨ ਹੈ:
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥ (ਪੰਨਾ 1412)
ਸਿੰਘਾਂ ਦੇ ਜਥਿਆਂ ਨੂੰ ਬੇਰਹਿਮੀ ਨਾਲ ਕੁੱਟਿਆ ਜਾਂਦਾ ਸੀ, ਪਰ ਸਿੰਘਾਂ ਦਾ ਜੋਸ਼ ਇੰਨਾ ਠਾਠਾਂ ਮਾਰਦਾ ਸੀ ਕਿ ਉਹ ਡਾਂਗਾਂ ਦੀ ਪਰਵਾਹ ਨਹੀਂ ਕਰਦੇ ਸਨ। ਡਾਂਗਾਂ ਖਾਂਦੇ ਹੋਏ ਵੀ ਉਹ ਅੱਗੇ ਨੂੰ ਹੀ ਵਧਦੇ ਸਨ, ਕੋਈ ਪਿੱਛੇ ਪੈਰ ਨਹੀਂ ਸੀ ਧਰਦਾ। ਸਿੱਖਾਂ ਦਾ ਇਹ ਕਿਰਦਾਰ ਗੁਰਬਾਣੀ ਦੀ ਸ਼ਕਤੀ ਵਿੱਚੋਂ ਪੈਦਾ ਹੋਇਆ ਸੀ। ਗੁਰਬਾਣੀ ਦਾ ਮਹਾਂਵਾਕ ਹੈ:
ਆਗਾਹਾ ਕੂ ਤ੍ਰਾਘਿ ਪਿਛਾ ਫੇਰਿ ਨ ਮੁਹਡੜਾ॥
ਨਾਨਕ ਸਿਝਿ ਇਵੇਹਾ ਵਾਰ ਬਹੁੜਿ ਨ ਹੋਵੀ ਜਨਮੜਾ॥ (ਪੰਨਾ 1096)
ਇਨ੍ਹਾਂ ਪੰਜ ਸਾਲਾਂ ਵਿਚ ਦਸ ਮੋਰਚੇ ਲਾਏ ਗਏ। (1) ਗੁਰਦੁਆਰਾ ਬਾਬੇ ਦੀ ਬੇਰ (ਸਿਆਲਕੋਟ), (2) ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ 12-10-1920 ਈ., (3) ਸ੍ਰੀ ਅਕਾਲ ਤਖ਼ਤ ਸਾਹਿਬ ਦਾ ਕਬਜ਼ਾ 12-10-1920 ਈ., (4) ਸ੍ਰੀ ਦਰਬਾਰ ਸਾਹਿਬ, ਤਰਨਤਾਰਨ (26-1-1921 ਈ.) ਇਸ ਵਿਚ ਸਰਦਾਰ ਹਜ਼ਾਰਾ ਸਿੰਘ ਅਲਾਦੀਨਪੁਰ ਅਤੇ ਭਾਈ ਹਾਕਮ ਸਿੰਘ ਵਸਾਊ ਕੋਟ (ਗੁਰਦਾਸਪੁਰ) ਸ਼ਹੀਦ ਹੋਏ। ਇਹ ਗੁਰਦੁਆਰਾ ਸੁਧਾਰ (ਸੁਤੰਤਰਤਾ) ਲਹਿਰ ਦੇ ਪਹਿਲੇ ਸ਼ਹੀਦ ਸਨ। (5) ਗੁਰਦੁਆਰਾ ਭਾਈ ਜੋਗਾ ਸਿੰਘ ਪਿਸ਼ਾਵਰ ਦਾ ਕਬਜ਼ਾ 5-2-1921 ਈ., (6) ਨਨਕਾਣਾ ਸਾਹਿਬ ਦਾ ਸਾਕਾ 20-21 ਫਰਵਰੀ 1921 ਈ.। ਇਸ ਵਿਚ 96 ਸਿੱਖ ਸ਼ਹੀਦ ਹੋਏ। ਇਨ੍ਹਾਂ ਦੇ ਆਗੂ ਸਰਦਾਰ ਲਛਮਣ ਸਿੰਘ ਅਤੇ ਸਰਦਾਰ ਦਲੀਪ ਸਿੰਘ ਸਨ। (7) ਚਾਬੀਆਂ ਦਾ ਮੋਰਚਾ 19-1-1922 ਈ. (ਅੰਮ੍ਰਿਤਸਰ ਸਾਹਿਬ), (8) ਗੁਰੂ ਕਾ ਬਾਗ, (9) ਗੁਰਦੁਆਰਾ ਮੁਕਤਸਰ ਸਾਹਿਬ ਦਾ ਕਬਜ਼ਾ 18-2-1923 ਈ., (10) ਗੁਰਦੁਆਰਾ ਭਾਈ ਫੇਰੂ 21-12-1922 ਈ. ਨੂੰ ਮਹੰਤ ਬੇਅੰਤ ਦਾਸ ਪਾਸੋਂ ਕਬਜ਼ਾ ਲਿਆ। ਇਹ ਗੁਰਦੁਆਰਾ ਪਿੰਡ ਮੀਏਂ ਕੇ ਮੌੜ ਤਹਿਸੀਲ ਚਾਣੀਆਂ ਜ਼ਿਲ੍ਹਾ ਲਾਹੌਰ ਵਿਖੇ ਹੈ। ਗੁਰਦੁਆਰਾ ਗੁਰੂ ਕਾ ਬਾਗ਼ ਜ਼ਿਲ੍ਹਾ ਅੰਮ੍ਰਿਤਸਰ- ਅੰਮ੍ਰਿਤਸਰ ਸ਼ਹਿਰ ਤੋਂ ਉੱਤਰ ਵੱਲ ਤਕਰੀਬਨ 22 ਕਿਲੋਮੀਟਰ ਦੀ ਵਿੱਥ ਉੱਤੇ ਸਥਿਤ ਹੈ। ਇਥੋਂ ਦਾ ਮਹੰਤ ਸੁੰਦਰ ਦਾਸ ਅਤਿ ਦਾ ਵਿਭਚਾਰੀ, ਅਨੈਤਿਕਤਾ ਦਾ ਸਿਖਰ ਸੀ। ਸਿੰਘਾਂ ਦੇ ਦਬਾਅ ਅਤੇ ਸ਼ਕਤੀ ਅੱਗੇ ਝੁਕਦਿਆਂ ਉਸ ਨੇ ਪਹਿਲਾਂ ਸਿੰਘਾਂ ਨਾਲ ਲਿਖਤੀ ਸਮਝੌਤਾ ਕਰ ਲਿਆ ਕਿ ਉਹ ਅੱਗੋਂ ਕੋਈ ਕੁਕਰਮ ਨਹੀਂ ਕਰੇਗਾ। ਅੰਮ੍ਰਿਤ ਛਕ ਕੇ ਸਿੰਘ ਸਜ ਜਾਵੇਗਾ ਅਤੇ ਸਿੱਖ ਰਹਿਤ ਮਰਯਾਦਾ ਦੀ ਪਾਬੰਦੀ ਵਿਚ ਰਹਿ ਕੇ ਸੇਵਾ ਕਰੇਗਾ।
20 ਫਰਵਰੀ 1921 ਈ. ਨੂੰ ਨਨਕਾਣਾ ਸਾਹਿਬ ਦੇ ਸਾਕੇ ਉਪਰੰਤ ਜਦੋਂ ਉਸ ਨੇ ਵੇਖਿਆ ਕਿ ਅੰਗਰੇਜ਼ ਸਰਕਾਰ ਮਹੰਤਾਂ ਦੀ ਹਮਾਇਤ ਕਰਦੀ ਹੈ ਤਾਂ ਉਹ ਬਦਲ ਗਿਆ ਅਤੇ ਸ਼੍ਰੋਮਣੀ ਕਮੇਟੀ ਤੋਂ ਆਕੀ ਹੋ ਕੇ ਪਹਿਲਾਂ ਵਾਂਗ ਹੀ ਬਦਫੈਲੀਆਂ ਤੇ ਕੁਕਰਮ ਕਰਨ ਲੱਗਾ। 23 ਅਗਸਤ 1921 ਈ. ਨੂੰ ਸ਼੍ਰੋਮਣੀ ਕਮੇਟੀ ਦਾ ਇਕ ਜਥਾ ਸ. ਦਾਨ ਸਿੰਘ ਦੀ ਅਗਵਾਈ ਹੇਠ ਪ੍ਰਬੰਧ ਸੰਭਾਲਣ ਲਈ ਭੇਜਿਆ। ਕਮੇਟੀ ਨੇ ਜਦੋਂ ਪੂਰੀ ਤਰ੍ਹਾਂ ਪ੍ਰਬੰਧ ਸੰਭਾਲ ਲਿਆ ਤਾਂ ਮਹੰਤ ਨੇ ਫਰਵਰੀ 1922 ਈ. ਵਿਚ ਆਪਣਾ ਗੁਜ਼ਾਰਾ ਨਿਯਤ ਕਰਨ ਲਈ ਬੇਨਤੀ ਕੀਤੀ, ਉਸ ਦੀ ਬੇਨਤੀ ਮੰਨ ਕੇ ਕਮੇਟੀ ਨੇ 120 ਰੁਪਏ ਮਹੀਨਾ ਗੁਜ਼ਾਰਾ ਅਤੇ ਇਕ ਮਕਾਨ ਮਹੰਤ ਨੂੰ ਦੇ ਦਿੱਤਾ। ਦੂਜੇ ਪਾਸੇ ਅੰਗਰੇਜ਼ ਸਰਕਾਰ ਨੇ ਅਕਾਲੀ ਤਹਿਰੀਕ ਨੂੰ ਖ਼ਤਮ ਕਰਨ ਲਈ ਹੋਰ ਸਖ਼ਤੀ ਕਰ ਦਿੱਤੀ। ਕਿਰਪਾਨ ਦਾ ਮੋਰਚਾ ਲੱਗਾ। ਕਿਰਪਾਨਾਂ ਦੀ ਫੈਕਟਰੀ ਚਲਾਉਣ ਦੇ ਜ਼ੁਰਮ ਵਿਚ ਬਾਬਾ ਖੜਕ ਸਿੰਘ ਨੂੰ ਇਕ ਸਾਲ ਸਖ਼ਤ ਕੈਦ ਦੀ ਸਜ਼ਾ ਸੁਣਾਈ ਗਈ। ਇਹ ਵੇਖ ਕੇ ਗੁਰਦੁਆਰੇ ਦਾ ਮਹੰਤ ਸੁੰਦਰ ਦਾਸ ਫੇਰ ਬਾਗ਼ੀ ਹੋ ਗਿਆ ਅਤੇ ਗੁਰਦੁਆਰੇ ਦੀ ਜ਼ਮੀਨ ’ਤੇ ਆਪਣਾ ਹੱਕ ਜਤਾਉਣ ਲੱਗਾ।
8 ਅਗਸਤ 1922 ਈ. ਨੂੰ ਪੰਜ ਸਿੰਘ ਗੁਰੂ ਕੇ ਲੰਗਰ ਲਈ ਬਾਲਣ ਲੈਣ ਗਏ ਤਾਂ ਮਹੰਤ ਦੇ ਰਿਪੋਰਟ ਕਰਨ ’ਤੇ ਪੁਲਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਮਿਸਟਰ ਜੈਨਕਿਨ ਦੀ ਅਦਾਲਤ ਵਿਚ ਉਨ੍ਹਾਂ ਨੂੰ ਛੇ-ਛੇ ਮਹੀਨੇ ਦੀ ਕੈਦ ਤੇ 50- 50 ਰੁਪਏ ਜ਼ੁਰਮਾਨਾ ਕੀਤਾ ਗਿਆ। ਇਸ ਤੋਂ ਬਾਅਦ ਵੀ 5-5 ਸਿੰਘ ਰੋਜ਼ ਬਾਲਣ ਲੈਣ ਜਾਂਦੇ ਰਹੇ ਜਿਨ੍ਹਾਂ ਨੂੰ ਪੁਲਸ ਫੜ ਕੇ ਦੂਰ ਛੱਡ ਆਉਂਦੀ। 22 ਅਗਸਤ ਤੋਂ ਧੜਾਧੜ ਗ੍ਰਿਫਤਾਰੀਆਂ ਸ਼ੁਰੂ ਹੋ ਗਈਆਂ। 26 ਅਗਸਤ ਨੂੰ ਬਾਲਣ ਲੈਣ ਗਏ 36 ਸਿੰਘਾਂ ਦੇ ਜਥੇ ਦੀ ਮਾਰ-ਕੁਟਾਈ ਕੀਤੀ ਗਈ। ਇਸੇ ਦਿਨ ਗੁਰੂ ਕੇ ਬਾਗ ਸਬੰਧੀ ਵਿਚਾਰ ਕਰਨ ਹਿਤ ਸ਼੍ਰੋਮਣੀ ਕਮੇਟੀ ਦੀ ਵਿਸ਼ੇਸ਼ ਇਕੱਤਰਤਾ ਹੋਈ। 9 ਲੀਡਰਾਂ ਦੇ ਵਾਰੰਟ ਜਾਰੀ ਕੀਤੇ ਗਏ। ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਲੱਗੇ ਦੀਵਾਨ ਵਿਚ ਇਨ੍ਹਾਂ ਨੇਤਾਵਾਂ ਨੇ ਗ੍ਰਿਫਤਾਰੀ ਦਿੱਤੀ। ਇਨ੍ਹਾਂ ਵਿੱਚੋਂ ਸਰਦਾਰ ਬਹਾਦਰ ਮਹਿਤਾਬ ਸਿੰਘ, ਸ. ਸਰਮੁਖ ਸਿੰਘ ਝਬਾਲ ਤੇ ਮਾਸਟਰ ਤਾਰਾ ਸਿੰਘ ਵੀ ਸ਼ਾਮਲ ਸਨ। ਇਸ ਦੀਵਾਨ ਵਿਚ ਸ਼ਾਂਤਮਈ ਮੋਰਚੇ ਦਾ ਐਲਾਨ ਕੀਤਾ ਗਿਆ। ਸਰਕਾਰ ਵੱਲੋਂ ਸਾਰੇ ਜ਼ਿਲ੍ਹਿਆਂ ਨੂੰ ਹਦਾਇਤ ਕੀਤੀ ਗਈ ਕਿ ਕੋਈ ਜਥਾ ਗੁਰੂ ਕੇ ਬਾਗ ਵੱਲ ਨਾ ਚੱਲੇ। ਗੁਰੂ ਕੇ ਬਾਗ ਦੇ ਸਾਰੇ ਰਾਹ ਸੀਲ ਕਰ ਦਿੱਤੇ ਗਏ। 27-28 ਅਗਸਤ ਤੋਂ ਸਿੰਘਾਂ ਦੇ ਜਥੇ ਰੋਜ਼ ਜਾਣ ਲੱਗੇ। ਸਰਕਾਰ ਵੱਲੋਂ ਲਾਠੀਚਾਰਜ ਕੀਤਾ ਜਾਂਦਾ। ਜ਼ਖਮੀਆਂ ਨੂੰ ਫੜ ਕੇ ਘਸੀਟਿਆ ਜਾਂਦਾ। ਘੋੜਿਆਂ ਦੇ ਸੁੰਮਾਂ ਹੇਠ ਲਿਤਾੜਿਆ ਜਾਂਦਾ। ਸਿੰਘ ਬੇਹੋਸ਼ ਹੋ ਜਾਂਦੇ ਪਰੰਤੂ ਹੋਸ਼ ਆਉਣ ਉੱਤੇ ਅਗਾਂਹ ਨੂੰ ਮਾਰਚ ਕਰਦੇ ਤੇ ਬੀ.ਟੀ. ਦੀ ਪੁਲਿਸ ਫਿਰ ਉਹੀ ਜ਼ਾਲਮਾਨਾ ਤਸ਼ੱਦਦ ਕਰਦੀ। ਪਰੰਤੂ ਸਿੰਘ ‘ਸਤਿਨਾਮੁ ਵਾਹਿਗੁਰੂ’ ਦਾ ਜਾਪ ਕਰਦੇ ਆਖਰੀ ਦਮ ਤੀਕ ਜੂਝਦੇ ਰਹਿੰਦੇ। 16 ਨਵੰਬਰ 1922 ਈ. ਤਕ ਇਹ ਮੋਰਚਾ ਲਗਾਤਾਰ ਚੱਲਦਾ ਰਿਹਾ। ਆਖਰ ਸਰਕਾਰ ਨੇ ਹੰਭ ਕੇ ਵਿਚ ਵਿਚੋਲਾ ਪਾ ਕੇ ਗੁਰਦੁਆਰਾ ਸਾਹਿਬ ਦੀ ਸੇਵਾ ਸਿੰਘਾਂ-ਖਾਲਸਾ ਪੰਥ ਨੂੰ ਦੇ ਦਿੱਤੀ। ਮੋਰਚੇ ਵਿਚ ਅੰਗਰੇਜ਼ ਹਾਰਿਆ ਅਤੇ ਖਾਲਸਾ ਪੰਥ ਦੀ ਜਿੱਤ ਹੋਈ ਤੇ ਸਰਕਾਰ ਨੇ ਪੁਲਿਸ ਵਾਪਸ ਬੁਲਾ ਲਈ।
ਨਾਨਕਸ਼ਾਹੀ ਕੈਲੰਡਰ ਅਨੁਸਾਰ 14 ਕੱਤਕ ਸੰਮਤ ਨਾਨਕਸ਼ਾਹੀ 454 ਈ. ਨੂੰ ਇਸੇ ਮੋਰਚੇ ਦੌਰਾਨ ਹੀ ਪੰਜਾ ਸਾਹਿਬ ਦਾ ਮਹਾਨ ਸਾਕਾ ਵਾਪਰਿਆ। ਗੁਰੂ ਕੇ ਬਾਗ਼ ਦੇ ਫੱਟੜ-ਜ਼ਖ਼ਮੀ ਕੈਦੀਆਂ ਨੂੰ ਗੱਡੀ ਵਿਚ ਅਟਕ ਦੀ ਜੇਲ੍ਹ ਭੇਜਿਆ ਜਾ ਰਿਹਾ ਸੀ। ਪੰਜਾ ਸਾਹਿਬ ਦੀ ਸੰਗਤ ਨੇ ਸਿੰਘਾਂ ਨੂੰ ਜਲ-ਪਾਣੀ ਛਕਾਉਣ ਦਾ ਪ੍ਰਬੰਧ ਕੀਤਾ ਤੇ ਸਟੇਸ਼ਨ ਮਾਸਟਰ ਨੂੰ ਗੱਡੀ ਰੋਕਣ ਲਈ ਬੇਨਤੀ ਕੀਤੀ। ਪਰ ਸਰਕਾਰ ਦੀ ਆਗਿਆ ਅਨੁਸਾਰ ਸਟੇਸ਼ਨ ਮਾਸਟਰ ਨੇ ਗੱਡੀ ਰੋਕਣ ਤੋਂ ਇਨਕਾਰ ਕਰ ਦਿੱਤਾ। ਸਿੰਘਾਂ ਦੇ ਸਾਹਮਣੇ ਖਾਲਸੇ ਦਾ ਸ਼ਹੀਦੀ ਇਤਿਹਾਸ ਅਤੇ ਬੁਲੰਦ ਨਾਹਰਾ “ਸਿਰ ਜਾਏ ਤਾਂ ਜਾਏ, ਮੇਰਾ ਸਿੱਖੀ ਸਿਦਕ ਨਾ ਜਾਏ’ ਸੀ। ਖਾਲਸਾ ਅਡੋਲ ਸੀ। ਉਪਰੰਤ ਰੇਲ ਲਾਈਨ ਉੱਪਰ ਸੀਸ ਟਿਕਾ ਕੇ ਲੇਟ ਗਏ, ਭਾਈ ਕਰਮ ਸਿੰਘ ਅਤੇ ਭਾਈ ਪ੍ਰਤਾਪ ਸਿੰਘ ਦੇ ਉੱਤੋਂ ਦੀ ਗੱਡੀ ਲੰਘ ਗਈ ਤਾਂ ਡਰਾਈਵਰ ਨੂੰ ਨਿਯਮ ਅਨੁਸਾਰ ਗੱਡੀ ਰੋਕਣੀ ਪਈ। ਸੰਗਤ ਨੇ ਸਿੰਘਾਂ ਨੂੰ ਭੋਜਨ ਛਕਾ ਕੇ ਆਪਣਾ ਪ੍ਰਣ ਪੂਰਾ ਕੀਤਾ। ਦੁਨੀਆਂ ਦੇ ਇਤਿਹਾਸ ਵਿਚ ਅਜਿਹੀ ਕੋਈ ਘਟਨਾ ਨਹੀਂ ਮਿਲਦੀ ਜਦੋਂ ਕਿਸੇ ਨੇ ਆਪਣੀਆਂ ਕੀਮਤੀ ਜ਼ਿੰਦਗੀਆਂ ਇਉਂ ਅਰਪਣ ਕਰ ਕੇ ਭੁੱਖੇ-ਭਾਣੇ ਲੋਕਾਂ ਦੀ ਭੁੱਖ ਦੀ ਤ੍ਰਿਪਤੀ ਕਰਵਾਈ ਹੋਵੇ। ਆਪਣੀਆਂ ਮਨੋਕਾਮਨਾਵਾਂ ਅਤੇ ਤ੍ਰਿਸ਼ਨਾਵਾਂ ਦੀ ਪੂਰਤੀ ਅਤੇ ਕਾਰਜ-ਸਿਧੀ ਲਈ ਜਾਨਵਰਾਂ ਦੀ ਬਲੀ ਦੇਣ ਦੀ ਪਰੰਪਰਾ ਅਤੇ ਮੁਗ਼ਲਾਂ ਤੋਂ ਬਾਅਦ ਅੰਗਰੇਜ਼ ਦੀ ਗ਼ੁਲਾਮੀ ਦੇ ਜੂਲੇ ਹੇਠ ਹੀ ਚੱਲਣਾ ਕਬੂਲ ਕਰਨ ਵਾਲੇ ਦੇਸ਼ ਵਿਚ ਅਜਿਹਾ ਸ਼ਹੀਦੀਆਂ ਦਾ ਦੌਰ ਭਾਰਤੀਆਂ ਦੀ ਸਮਝ ਤੋਂ ਬਾਹਰ ਸੀ। ਪ੍ਰੋ. ਕਰਤਾਰ ਸਿੰਘ (ਦੁੱਗਲ) ਨੇ ਆਪਣੀ ਕਹਾਣੀ ‘ਕਰਾਮਾਤ’ ਵਿਚ ਇਸ ਘਟਨਾ ਦਾ ਵਰਣਨ ਕਰਦਿਆਂ ਲਿਖਿਆ ਹੈ ਕਿ ਜਿਵੇਂ ਬਾਬੇ ਨਾਨਕ ਨੇ ਪਰਬਤ ਨੂੰ ਰੋਕ ਦਿੱਤਾ ਸੀ ਇਸੇ ਤਰ੍ਹਾਂ ਸਿੰਘਾਂ ਨੇ ਭੱਜੀ ਆਉਂਦੀ ਗੱਡੀ ਨੂੰ ਸੀਸ ਭੇਂਟ ਕਰ ਕੇ ਥੰਮ੍ਹ ਦਿੱਤਾ।
ਗਿਆਨੀ ਸੋਹਣ ਸਿੰਘ ਸੀਤਲ ਨੇ ਸਿੱਖਾਂ ਦੀ ਸ਼ਲਾਘਾ ਵਿਚ ਲਿਖਿਆ ਹੈ:
ਨਿਰਾ ਕਹਿਣ ਨਹੀਂ ਕਰਨ ਵੀ ਜਾਣਦੇ ਹਾਂ,
ਫੜ੍ਹਾਂ ਫੋਕੀਆਂ ਖਾਲਸੇ ਮਾਰਦੇ ਨਹੀਂ।
ਪੁੱਤਰ ਦਸਮੇਸ਼ ਦੇ ਵੀਰ ਹਾਂ ਦੀਪ ਸਿੰਘ ਦੇ,
ਲੱਥੇ ਸੀਸ ’ਤੇ ਵੀ ਤੇਗੋਂ ਹਾਰਦੇ ਨਹੀਂ।
ਰੁਲ ਰੇਤ ਅੰਦਰ ਟੁਕੜੇ ਹੋ ਭਾਵੇਂ,
ਕਣੀ ਇਕ ਵੀ ਹੀਰੇ ਦੀ ਦਮਕਦੀ ਰਹੂ।
ਜਦ ਤਕ ਸੂਰਜ ਚੰਦ ਦੋਵੇਂ ਕਾਇਮ ‘ਸੀਤਲ’,
ਸ਼ਾਨ ਖਾਲਸੇ ਦੀ ਸਦਾ ਚਮਕਦੀ ਰਹੂ।
ਗੁਰਦੁਆਰਾ ਸਾਹਿਬ ਗੁਰੂ ਕਾ ਬਾਗ਼ ਨੂੰ ਵਿਭਚਾਰੀ ਅਤੇ ਅੰਗਰੇਜ਼ ਦੇ ਪਿੱਠੂ ਮਹੰਤ ਸੁੰਦਰ ਦਾਸ ਦੇ ਕਬਜ਼ੇ ਹੇਠੋਂ ਅਜ਼ਾਦ ਕਰਾਉਣ ਅਤੇ ਗੁਰਦੁਆਰਾ ਸਾਹਿਬ ਦੀ ਪੰਥਕ ਮਰਯਾਦਾ ਬਹਾਲ ਕਰਾਉਣ ਹਿਤ ਰੋਸ ਪ੍ਰਗਟਾਉਂਦੇ ਸ਼ਾਂਤਮਈ ਨਿਹੱਥੇ ਸਿੰਘਾਂ ਉੱਤੇ ਮਹੰਤ ਦੇ ਕਹਿਣ ਉੱਤੇ ਸਰਕਾਰ ਅੰਗਰੇਜ਼ੀ ਦੇ ਅਹਿਲਕਾਰ ਬੀ.ਟੀ. ਦੇ ਹੁਕਮ ਨਾਲ ਕੀਤੇ ਅੰਨ੍ਹੇਵਾਹ ਲਾਠੀਚਾਰਜ ਅਤੇ ਗੋਲੀਬਾਰੀ ਨਾਲ ਲਹੂ-ਲੁਹਾਨ ਹੋਏ ਭੁੱਖੇ-ਭਾਣੇ ਸਿੰਘਾਂ ਨੂੰ ਪਰਸ਼ਾਦਾ ਛਕਾਉਣ ਹਿਤ ਰੇਲ ਨੂੰ ਰੋਕਣ ਲਈ ਭਾਈ ਕਰਮ ਸਿੰਘ ਅਤੇ ਭਾਈ ਪਰਤਾਪ ਸਿੰਘ ਵੱਲੋਂ ਦਿੱਤੀ ਸ਼ਹੀਦੀ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਭੁੱਖੇ-ਤਿਹਾਏ ਸਾਧੂਆਂ ਨੂੰ ਲੰਗਰ ਛਕਾ ਕੇ ਕੀਤਾ ਸੱਚਾ ਸੌਦਾ, ਭਾਈ ਘਨ੍ਹੱਈਆ ਜੀ ਵੱਲੋਂ ਅਨੰਦਪੁਰ ਸਾਹਿਬ ਦੀ ਜੰਗ ਦੌਰਾਨ ਬਿਨਾਂ ਭਿੰਨ-ਭੇਦ-ਭਾਵ ਕੀਤੀ ਜਲ-ਪਾਣੀ ਦੀ ਸੇਵਾ, ਬਾਬਾ ਮੋਤੀ ਰਾਮ ਮਹਿਰਾ ਵੱਲੋਂ ਸਰਹਿੰਦ ਦੇ ਠੰਢੇ ਬੁਰਜ ਵਿਚ ਕੈਦ ਮਾਤਾ ਗੁਜਰੀ ਜੀ, ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਦੀ ਕੀਤੀ ਦੁੱਧ-ਪਾਣੀ ਨਾਲ ਸੇਵਾ ਅਤੇ ਭਾਈ ਤਾਰੂ ਸਿੰਘ ਜੀ ਵੱਲੋਂ ਜੰਗਲਾਂ ਵਿਚ ਵਿਚਰ ਕੇ ਸਿੰਘਾਂ ਦੀ ਪਰਸ਼ਾਦੇ-ਪਾਣੀ ਦੀ ਸੇਵਾ ਹਿਤ ਦਿੱਤੀਆਂ ਸ਼ਹੀਦੀਆਂ ਦੀ ਲੜੀ ਵਿਚ ਇਕ ਹੋਰ ਕੜੀ ਸ਼ਾਮਲ ਹੋ ਗਈ ਅਤੇ ਸ਼ਹੀਦੀ ਦੇ ਕੇ ਸੱਚਮੁੱਚ ਹੀ ਭਾਈ ਕਰਮ ਸਿੰਘ ਅਤੇ ਭਾਈ ਪਰਤਾਪ ਸਿੰਘ ‘ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ’ ਦੇ ਗੁਰਵਾਕ ਅਨੁਸਾਰ ਸਤਿਗੁਰੂ ਦੇ ਸੱਚੇ ਸਪੁੱਤਰ ਹੋ ਨਿੱਬੜੇ। ਖਾਲਸਾ ਪੰਥ ਨੂੰ ਇਸ ਗੱਲ ਉੱਤੇ ਭਰਪੂਰ ਮਾਣ ਅਤੇ ਫ਼ਖ਼ਰ ਹੈ ਕਿ ਗੁਰੂ ਸਾਹਿਬਾਨ, ਸਾਹਿਬਜ਼ਾਦਿਆਂ ਤਥਾ ਗੁਰੂ ਦੇ ਦੂਲੇ ਮਰਜੀਵੜੇ ਸਿੰਘਾਂ, ਸਿੰਘਣੀਆਂ ਅਤੇ ਭੁਝੰਗੀਆਂ ਨੇ ਭਾਰਤ ਦੀ ਅਜ਼ਾਦੀ, ਧਰਮ, ਗੌਰਵ ਅਤੇ ਹੋਂਦ-ਹਸਤੀ ਹਿਤ ਬੇਮਿਸਾਲ ਕੁਰਬਾਨੀਆਂ ਕਰ ਕੇ ਦੁਨੀਆਂ ਦੇ ਇਤਿਹਾਸ ਵਿਚ ਆਪਣੇ ਪਵਿੱਤਰ ਖੂਨ ਨਾਲ ਲਿਖ ਕੇ ਨਿਵੇਕਲੇ, ਅਜੋੜ ਅਤੇ ਸੁਨਹਿਰੇ ਪੰਨੇ ਜੋੜ ਦਿੱਤੇ। ਇਹ ਤ੍ਰਾਸਦੀ ਭਰਪੂਰ ਅਤੇ ਦੁਖਦਾਇਕ ਗੱਲ ਹੈ ਕਿ ਭਾਰਤੀ ਹਾਕਮਾਂ/ਸਰਕਾਰਾਂ ਨੇ ਖਾਲਸਾ ਪੰਥ ਨੂੰ ਕਦੇ ਵੀ ਬਣਦਾ ਮਾਨ-ਸਨਮਾਨ ਨਹੀਂ ਦਿੱਤਾ ਸਗੋਂ ਹਮੇਸ਼ਾਂ ਹੀ ਨਫ਼ਰਤ ਅਤੇ ਸ਼ੱਕੀ ਨਜ਼ਰਾਂ ਨਾਲ ਹੀ ਵੇਖਿਆ ਹੈ ਅਤੇ ਪੈਰ-ਪੈਰ ਉੱਤੇ ਬੇਇਨਸਾਫ਼ੀ, ਵਿਤਕਰਾ, ਜਬਰ ਅਤੇ ਜ਼ੁਲਮ ਅਤੇ ਸਿੱਖ ਧਰਮ ਵਿਚ ਬੇਲੋੜੀ ਦਖ਼ਲ-ਅੰਦਾਜ਼ੀ ਅਤੇ ਧੱਕਾ ਹੀ ਕੀਤਾ ਹੈ। ਪਰੰਤੂ ਖਾਲਸਾ ਪੰਥ ਹਮੇਸ਼ਾਂ ਹੀ ਗੁਰੂ ਸਾਹਿਬਾਨ ਵੱਲੋਂ ਵਿਖਾਏ ਦੇਸ਼-ਭਗਤੀ, ਨੇਕੀ, ਪਰਉਪਕਾਰ, ਕੁਰਬਾਨੀ ਅਤੇ ਤਿਆਗ ਦੇ ਰਸਤੇ ਹੀ ਸਾਬਤ-ਕਦਮੀ, ਦ੍ਰਿੜ੍ਹਤਾ ਅਤੇ ਸਿਦਕਦਿਲੀ ਨਾਲ ਚੱਲਿਆ ਹੈ ਅਤੇ ਇਸ ਨੇ ਆਪਣੀਆਂ ਮਹਾਨ ਪਰੰਪਰਾਵਾਂ ਅਤੇ ਸ਼ਾਨਾਂਮੱਤੀਆਂ ਰਵਾਇਤਾਂ ਨੂੰ ਕਾਇਮ ਹੀ ਨਹੀਂ ਰੱਖਿਆ ਸਗੋਂ ਇਨ੍ਹਾਂ ਨੂੰ ਚਾਰ ਚੰਨ ਲਾਏ ਹਨ।
ਗੁਰਦੁਆਰਾ ਸੁਧਾਰ ਲਹਿਰ ਨੇ ਜਿੱਥੇ ਗੁਰਦੁਆਰਾ ਸਾਹਿਬਾਨ ਨੂੰ ਮਹੰਤਾਂ ਦੇ ਕਬਜ਼ੇ ਵਿੱਚੋਂ ਅਜ਼ਾਦ ਕਰਵਾਇਆ ਉੱਥੇ ਅੰਗਰੇਜ਼ ਸਰਕਾਰ ਨੂੰ ਵਾਰ-ਵਾਰ ਝੁਕਾ ਕੇ ਕਮਜ਼ੋਰ ਕੀਤਾ ਅਤੇ ਭਾਰਤ ਦੀ ਅਜ਼ਾਦੀ ਦੀ ਲਹਿਰ ਨੂੰ ਮਹੱਤਵਪੂਰਨ ਬਲ ਪ੍ਰਦਾਨ ਕੀਤਾ। ਇਹ ਸਰਕਾਰ ਅੰਗਰੇਜ਼ੀ ਦੀ ਹੋਂਦ-ਹਸਤੀ ਨੂੰ ਸਿੱਧੀ ਚੁਣੌਤੀ ਸੀ। ਸਿੰਘ ਸ਼ਹੀਦਾਂ ਨੂੰ ਇਉਂ ਰਾਜ-ਸ਼ਕਤੀ ਨਾਲ ਟੱਕਰ ਲੈਣ ਦਾ ਰਾਹ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸ਼ਹੀਦੀਆਂ ਨੇ ਦਿਖਾਇਆ। ਇਹੋ ਕਾਰਨ ਸੀ ਕਿ ਉਸ ਸਮੇਂ ਸ੍ਰੀ ਮਦਨ ਮੋਹਨ ਮਾਲਵੀਆ ਨੇ ਖੁਦ ਸ਼ਾਂਤਮਈ ਸਿੰਘਾਂ ਦੀਆਂ ਸ਼ਹੀਦੀਆਂ ਹੁੰਦੀਆਂ ਵੇਖ ਕੇ ਐਲਾਨ ਕਰ ਦਿੱਤਾ ਸੀ ਕਿ ਜੇਕਰ ਭਾਰਤ ਨੂੰ ਅਜ਼ਾਦ ਕਰਾਉਣਾ ਹੈ ਤਾਂ ਹਰ ਘਰ ਵਿਚ ਇਕ-ਇਕ ਬੱਚੇ ਨੂੰ ਸਿੰਘ ਸਜਾਇਆ ਜਾਵੇ। ਇਸੇ ਤਰ੍ਹਾਂ ਚਾਬੀਆਂ ਦੇ ਮੋਰਚੇ ਦੀ ਇਤਿਹਾਸਕ ਜਿੱਤ ਉਪਰੰਤ ਮਹਾਤਮਾ ਗਾਂਧੀ ਨੇ ਵੀ ਤਾਰ ਘੱਲ ਕੇ ਸਿੱਖ ਕੌਮ ਨੂੰ ਹਾਰਦਿਕ ਮੁਬਾਰਕਬਾਦ ਦਿੰਦਿਆਂ ਇਸ ਜਿੱਤ ਨੂੰ ਭਾਰਤ ਦੀ ਅਜ਼ਾਦੀ ਦੀ ਲੜਾਈ ਵਿਚ ਪਹਿਲੀ ਜਿੱਤ ਕਰਾਰ ਦਿੱਤਾ ਸੀ। ਭਾਰਤ ਦੀ ਅਜ਼ਾਦੀ ਦੇ ਸਮੁੱਚੇ ਸੰਘਰਸ਼ ਦੌਰਾਨ ਸਿੱਖ ਕੌਮ ਨੇ 80% ਤੋਂ ਵੱਧ ਕੁਰਬਾਨੀਆਂ ਦਿੱਤੀਆਂ ਅਤੇ ਬੇਹਿਸਾਬ ਜ਼ੁਰਮਾਨੇ ਭਰੇ ਅਤੇ ਕੁਰਕੀਆਂ ਕਰਵਾਈਆਂ, ਪਰ ਸੰਘਰਸ਼ ਤੋਂ ਮੂੰਹ ਨਹੀਂ ਮੋੜਿਆ ਸਗੋਂ ਅਗਰਸਰ ਹੋ ਕੇ ਸਾਰਾ ਸੰਘਰਸ਼ ਲੜਿਆ। ਰਾਜਸੱਤਾ ਦੀ ਤਬਦੀਲੀ ਸਮੇਂ ਕਈ ਮਹੀਨੇ ਜਿਸ ਤਰ੍ਹਾਂ ਪੰਜਾਬੀਆਂ ਅਤੇ ਸਿੱਖਾਂ ਦਾ ਕਤਲੇਆਮ, ਲੁੱਟ ਅਤੇ ਬੇਪਤੀ ਹੋਈ; ਉਨ੍ਹਾਂ ਜ਼ਖ਼ਮਾਂ ਨੂੰ ਭਰਨ ਲਈ ਪਤਾ ਨਹੀਂ ਕਿਤਨਾ ਸਮਾਂ ਲੱਗੇਗਾ! ਇਹ ਜ਼ਖ਼ਮ ਲਗਾਤਾਰ ਰਿਸ ਰਹੇ ਹਨ, ਸਗੋਂ 1984 ਈ. ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕਰਨ ਅਤੇ ਤਿੰਨ ਦਿਨ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਸਿੱਖਾਂ ਦੇ ਸਮੂਹਕ ਕਤਲੇਆਮ ਅਤੇ ਲੁੱਟ-ਕੁੱਟ ਅਤੇ ਤਕਰੀਬਨ 15 ਸਾਲ ਇਕ ਡੂੰਘੀ ਸਾਜ਼ਸ਼ ਅਧੀਨ ਸਿੱਖ ਨੌਜਵਾਨਾਂ ਨੂੰ ਅੱਤਵਾਦੀ ਅਤੇ ਵੱਖਵਾਦੀ ਗਰਦਾਨ ਕੇ ਉਨ੍ਹਾਂ ਦੇ ਖੂਨ ਦੀ ਹੋਲੀ ਖੇਡੀ ਗਈ, ਉਸ ਨਾਲ ਇਹ ਜ਼ਖ਼ਮ ਮੁੜ ਹਰੇ ਹੋ ਗਏ ਹਨ। ਇਨ੍ਹਾਂ ਸਿੱਖ ਕੌਮ-ਵਿਰੋਧੀ ਸ਼ਕਤੀਆਂ ਨੇ ਅੰਗਰੇਜ਼ਾਂ ਵਾਲੇ ਪੈਂਤੜੇ ਅਪਣਾਉਣੇ ਸ਼ੁਰੂ ਕੀਤੇ ਹੋਏ ਹਨ ਜਿਸ ਅਧੀਨ ਮਹੰਤਾਂ, ਡੇਰੇਦਾਰਾਂ, ਮੀਡੀਆ ਦੇ ਇਕ ਵਰਗ ਵੱਲੋਂ ਕਈ ਅਖੌਤੀ ਸਿੱਖ ਸੰਪਰਦਾਵਾਂ, ਸੰਸਥਾਵਾਂ, ਕਾਲਜਾਂ, ਯੂਨੀਵਰਸਿਟੀਆਂ ਵਿਚ ਸਿੱਖੀ ਸਰੂਪ ਵਿਚ ਵਿਚਰ ਕੇ ਅਖੌਤੀ ਸਿੱਖ ਬੁੱਧੀਜੀਵੀਆਂ ਰਾਹੀਂ ਸਿੱਖ ਫਸਲਫੇ, ਸਿਧਾਂਤ, ਮਰਯਾਦਾ, ਇਤਿਹਾਸ, ਪਰੰਪਰਾਵਾਂ, ਰਵਾਇਤਾਂ ਅਤੇ ਮਹਾਨ ਵਿਰਾਸਤ ਬਾਰੇ ਢੇਰ ਸਾਰੇ ਸ਼ੰਕੇ ਅਤੇ ਭੰਬਲਭੂਸੇ ਖੜ੍ਹੇ ਕੀਤੇ ਜਾ ਰਹੇ ਹਨ। ਟੈਲੀਵੀਜ਼ਨ ਚੈਨਲਾਂ ਰਾਹੀਂ ਸਿੱਖੀ ਸਰੂਪ ਅਤੇ ਸਿਧਾਂਤ ਨੂੰ ਕਰੂਪ ਅਤੇ ਹਾਸੋਹੀਣੇ ਚਿਤਰ ਕੇ ਮਖੌਲ ਉਡਾਇਆ ਜਾ ਰਿਹਾ ਹੈ। ਉਧਰ ਸਿੱਖ ਕੌਮ ਦਾ ਵੱਡਾ ਹਿੱਸਾ ਪਦਾਰਥਵਾਦ, ਥੋੜ੍ਹਚਿਰੀ ਲੰਗੜੀ ਸ਼ਕਤੀ ਅਤੇ ਬਣਾਉਟੀ ਸੁੰਦਰਤਾ, ਨੰਗੇਜਵਾਦ, ਅਸ਼ਲੀਲਤਾ ਅਤੇ ਨਸ਼ਿਆਂ ਦੀ ਦੌੜ ਵਿਚ ਅੰਨ੍ਹੇਵਾਹ ਲੱਗ ਕੇ ਸਿੱਖੀ ਲਈ ਖੜ੍ਹੇ ਕੀਤੇ ਗਏ ਅਨੇਕਾਂ ਖ਼ਤਰਿਆਂ ਵਿਚ ਚੋਖਾ ਵਾਧਾ ਕਰ ਰਿਹੈ। ਸਿੱਖ ਕੌਮ ਵਿਰੋਧੀ-ਸ਼ਕਤੀਆਂ ਵੱਲੋਂ ਪੰਜਾਬ ਵਿਚ ਨਸ਼ਿਆਂ ਦੇ ਦਰਿਆ ਚਲਾ ਕੇ ਪੰਜਾਬ ਦੀ ਜਨਤਾ ਅਤੇ ਖਾਸ ਕਰਕੇ ਜੁਆਨੀ ਨੂੰ ਨਕਾਰਾ ਅਤੇ ਬਲਹੀਣ ਕੀਤਾ ਜਾ ਰਿਹਾ ਹੈ। ਅਜਿਹਾ ਸਭ ਕੁਝ ਡੂੰਘੀ ਸਾਜ਼ਸ਼ ਅਧੀਨ ਹੀ ਕੀਤਾ ਜਾ ਰਿਹਾ ਹੈ। ਕਿਸੇ ਜੰਗਜੂ ਫੌਜ ਦੇ ਚੁਫੇਰਿਓਂ ਘਿਰੇ ਹੋਣ ਵਾਂਗ ਅੱਜ ਸਿੱਖ ਕੌਮ ਚੁਫੇਰਿਓਂ ਘਿਰ ਚੁੱਕੀ ਹੈ ਅਤੇ ਇਸ ਦੀ ਹੋਂਦ ਅਤੇ ਹਸਤੀ ਨੂੰ ਗੰਭੀਰ ਖ਼ਤਰਾ ਬਣਿਆ ਹੋਇਆ ਹੈ। ਭਾਈ ਕਰਮ ਸਿੰਘ-ਭਾਈ ਪ੍ਰਤਾਪ ਸਿੰਘ ਨੇ ਤਾਂ ਅੰਗਰੇਜ਼ ਦੀ ਰੇਲ-ਗੱਡੀ ਹੇਠ ਆਪਣੇ ਸੀਸ ਭੇਟ ਕਰ ਕੇ ਜਿੱਥੇ ਸਿੱਖੀ ਸਿਦਕ ਨੂੰ ਪਕੇਰਾ ਅਤੇ ਉਚੇਰਾ ਕੀਤਾ, ਉਥੇ ਅੰਗਰੇਜ਼ ਰਾਜ ਦੇ ਕਫਨ ਵਿਚ ਕਿੱਲ ਠੋਕਦਿਆਂ ਭਾਰਤ ਦੀ ਅਜ਼ਾਦੀ ਦੀ ਲਹਿਰ ਨੂੰ ਮਜ਼ਬੂਤੀ ਬਖ਼ਸ਼ ਦਿੱਤੀ। ਪਰੰਤੂ ਕੀ ਅਸੀਂ ਜਾਗਾਂਗੇ? ਅਵੇਸਲਣੇਪਣ ਨੂੰ ਛੱਡਾਂਗੇ? ਆਪਣੇ ਮੂਲ ਪ੍ਰਤੀ ਸਜੱਗ ਹੋਵਾਂਗੇ? ਆਪਣੀ ਨੌਜੁਆਨ ਪੀੜ੍ਹੀ ਨੂੰ ਸਾਂਭਾਂਗੇ? ਆਪਣੇ ਨਿਆਰੇ ਸਰੂਪ, ਸ਼ਕਤੀ, ਹਸਤੀ, ਧਾਰਮਿਕਤਾ, ਸਿਧਾਂਤ ਅਤੇ ਵਿਰਾਸਤ ਨੂੰ ਕਾਇਮ ਰੱਖਣ ਲਈ ਉੱਦਮ ਕਰਾਂਗੇ? ਜਾਂ ਫਿਰ ‘ਚੁਰਾਸੀ’ ਦੀ ਚਕਾਚੌਂਧ ਵਿਚ ਗੁਆਚ ਜਾਵਾਂਗੇ ਜਿਵੇਂ ਮੈਸੋਪੋਟਾਮੀਆਂ ਅਤੇ ਬੇਬੇਲੋਨੀਆਂ ਦੀਆਂ ਸਭਿਆਤਾਵਾਂ ਸਫੇ-ਹਸਤੀ ਜਹਾਨ ਤੋਂ ਸਮਾਪਤ ਹੋ ਗਈਆਂ। ਅਜੇ ਸਮਾਂ ਹੈ। ਸੰਭਾਲਣ ਦੀ ਲੋੜ ਹੈ। ਆਓ! ਮਿਲ-ਬੈਠ ਕੇ, ਵਿਚਾਰ ਕੇ, ਏਕਤਾ ਅਤੇ ਇਕਸਾਰਤਾ ਪੈਦਾ ਕਰ ਕੇ ਹੰਭਲਾ ਮਾਰੀਏ। ਪੰਥਕ ਸਫਾਂ ਵਿਚ ਛੁਪੇ ਹੋਏ ਅੰਦਰਲੇ ਦੁਸ਼ਮਣ ਨੂੰ ਪਛਾਣੀਏ ਅਤੇ ਪਛਾੜੀਏ। ਬਾਹਰਲਾ ਦੁਸ਼ਮਣ ਤਾਂ ਕਦੀ ਵੀ ਸਿੱਖ ਕੌਮ ਦਾ ਕੁਝ ਵਿਗਾੜ ਹੀ ਨਹੀਂ ਸਕਿਆ ਸਗੋਂ ਜਿਉਂ-ਜਿਉਂ ਬਾਹਰਲਿਆਂ ਜਬਰ, ਜ਼ੁਲਮ ਅਤੇ ਜ਼ਾਲਮਤਾ ਦਾ ਦੌਰ ਚਲਾਇਆ ਗਿਆ ਸਿੱਖ ਕੌਮ ਹਮੇਸ਼ਾਂ ਹੀ ਜੇਤੂ ਹੋ ਕੇ ਕੁਠਾਲੀ ਰਾਹੀਂ ਲੰਘੇ ਸੋਨੇ ਵਾਂਗੂ ਸ਼ੁੱਧ ਸਰੂਪ ਅਤੇ ਸ਼ਕਤੀ ਵਿਚ ਸੁਰਖ਼ਰੂ ਹੋ ਕੇ ਨਿਕਲੀ ਹੈ। ਜਰਵਾਣਿਆਂ ਦੇ ਜਬਰ-ਜ਼ੁਲਮ ਵਿਰੁੱਧ ਜੂਝਣ ਵਾਲੇ ਸਿੰਘਾਂ ਨੇ ਤਾਂ ਹੀ ਇਉਂ ਸਿੱਖੀ ਸਿਦਕ, ਦ੍ਰਿੜ੍ਹਤਾ ਅਤੇ ਨਿਰਭੈਤਾ ਨਾਲ ਆਖਣਾ ਸ਼ੁਰੂ ਕੀਤਾ ਸੀ:
ਮਨੂੰ ਅਸਾਡੀ ਦਾਤਰੀ, ਅਸੀਂ ਮਨੂੰ ਦੇ ਸੋਏ॥
ਜਿਉਂ ਜਿਉਂ ਮਨੂੰ ਵੱਢਦਾ, ਅਸੀਂ ਦੂਣ ਸਵਾਏ ਹੋਏ॥
ਜਿਹੜੇ ਸ਼ਹੀਦ ਹੋ ਜਾਂਦੇ, ਉਨ੍ਹਾਂ ਨੂੰ ਵਾਹਿਗੁਰੂ ਦਾ ਭਾਣਾ ਸਮਝ ਕੇ ਅਗਲੀ ਚੁਣੌਤੀ ਨਾਲ ਜੂਝਣ ਅਤੇ ਕੁਰਬਾਨੀ ਦੇਣ ਹਿਤ ਤਿਆਰ ਹੋ ਜਾਂਦੇ। ਇਹ ਸਾਡਾ ਸ਼ਾਨਾਂਮੱਤਾ ਇਤਿਹਾਸ ਹੈ। ਸੱਚਮੁੱਚ ਹੀ ਸ਼ਹੀਦ ਭਾਈ ਕਰਮ ਸਿੰਘ ਅਤੇ ਭਾਈ ਪ੍ਰਤਾਪ ਸਿੰਘ ਨੇ ਆਪਣੀਆਂ ਮਹਾਨ ਸ਼ਹੀਦੀਆਂ ਨਾਲ ਸਿੱਖ ਇਤਿਹਾਸ ਨੂੰ ਚਾਰ ਚੰਨ ਲਾ ਦਿੱਤੇ ਤੇ ਅੰਗਰੇਜ਼ਾਂ ਦੇ ਸ਼ਾਹੀ ਮਹੱਲ ਦੇ ਥੰਮ੍ਹ ਹਿਲਾ ਦਿੱਤੇ। ਉਹ ਖਾਲਸਾ ਪੰਥ ਦੇ ਮਹੱਲ ਨੂੰ ਹੋਰ ਮਜ਼ਬੂਤ ਕਰ ਗਏ। ਸਿੰਘਾਂ ਦੀਆਂ ਅਣਗਿਣਤ ਸ਼ਹੀਦੀਆਂ ਅਤੇ ਕੁਰਬਾਨੀਆਂ ਦਾ ਨਤੀਜਾ ਹੀ ਹੈ ਕਿ ਜਿਨ੍ਹਾਂ ਦੇ ਰਾਜ ਵਿਚ ਸੂਰਜ ਨਹੀਂ ਸੀ ਛੁਪਦਾ, ਉਨ੍ਹਾਂ ਨੂੰ ਸਮੁੰਦਰੋਂ ਪਾਰ ਕਰ ਕੇ, ਭਾਰਤੀਆਂ ਨੂੰ 1192 ਈ. ਵਿਚ ਖੁੱਸੀ ਅਜ਼ਾਦੀ ਮੁੜ 15 ਅਗਸਤ 1947 ਈ. ਨੂੰ ਪ੍ਰਾਪਤ ਹੋ ਗਈ:
“ਸ਼ਹੀਦ ਕੀ ਜੋ ਮੌਤ ਹੈ ਵੋਹ ਕੌਮ ਕੀ ਹਯਾਤ ਹੈ।
ਹਯਾਤ ਤੋ ਹਯਾਤ ਹੈ ਵੋਹ ਮੌਤ ਭੀ ਹਯਾਤ ਹੈ।”
ਲੇਖਕ ਬਾਰੇ
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/June 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/June 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/August 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/September 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/October 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/December 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/January 1, 2008
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/March 1, 2008
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/May 1, 2008