editor@sikharchives.org

ਸਰਬ-ਸਾਂਝੀਵਾਲਤਾ ਦੇ ਸਰੋਕਾਰ ਪ੍ਰਤੀ ਸਮਰਪਣ ਦੀ ਅਨੂਠੀ ਮਿਸਾਲ- ਸ੍ਰੀ ਗੁਰੂ ਗ੍ਰੰਥ ਸਾਹਿਬ

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇਨ੍ਹਾਂ ਰਚਨਾਕਾਰਾਂ ਦਾ ਸਰਬ-ਸਾਂਝੀਵਾਲਤਾ ਦੀ ਲਹਿਰ ਨੂੰ ਚਲਾਉਣ ਤੇ ਆਪਣੇ ਜੀਵਨ-ਕਾਲ ਵਿਚ ਹੀ ਸਿਖਰਾਂ 'ਤੇ ਪਹੁੰਚਾਉਣ ਵਿਚ ਹਿੱਸਾ, ਅਦੁੱਤੀ ਤੇ ਲਾਸਾਨੀ ਹੈ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਚਨਕਾਰਾਂ ਦੇ ਇਸ ਦੇਸ਼ ਰੂਪੀ ਭੂਖੰਡ ‘ਤੇ ਵਿਚਰਨ ਤੋਂ ਪਹਿਲਾਂ ਮਨੁੱਖੀ ਸਾਂਝ, ਮਿਲਵਰਤਨ, ਆਪਸੀ ਪਿਆਰ-ਮੁਹੱਬਤ ਦੇ ਸਭਿਆਚਾਰ (Culture) ਨੂੰ ਇਥੋਂ ਦੇ ਦੇਸ਼ ਅਤੇ ਬਦੇਸ਼ੀ ਮੂਲ ਦੇ ਦੋਹਾਂ ਤਰ੍ਹਾਂ ਦੇ ਸ਼ਾਸਕਾਂ ਵੱਲੋਂ ਲੋਕਾਂ ਪਾਸੋਂ ਲੱਗਭਗ ਖੋਹ ਹੀ ਲਿਆ ਗਿਆ ਸੀ। ਲੋਕ ਪਿਆਰ ਦੀ ਬੋਲੀ ਹੀ ਭੁੱਲ ਚੁੱਕੇ ਸਨ। ਇਸ ਧਰਤੀ ਦੇ ਟੁਕੜੇ ‘ਤੇ ਮਹਾਰਾਜਾ ਰਣਜੀਤ ਸਿੰਘ ਜਿਹੇ ਆਦਰਸ਼ ਰਾਜੇ ਬਹੁਤ ਹੀ ਘੱਟ ਗਿਣਤੀ ‘ਚ ਹੋਏ, ਜਿਹੜੇ ਲੋਕਾਂ ਦਾ ਆਪਸੀ ਪਿਆਰ ਤੇ ਇਤਫਾਕ ਸੱਚੇ ਦਿਲੋਂ ਚਾਹੁੰਦੇ ਸਨ, ਜਿਨ੍ਹਾਂ ਦੇ ਸਮੇਂ ਲੋਕਾਂ ਨੂੰ ਸੁਖ ਦਾ ਕੁਝ ਸਾਹ ਆਇਆ ਤੇ ਲੋਕਾਂ ਨੇ ਉਸ ਸਮੇਂ ਆਪਸੀ ਭਾਈਚਾਰੇ ਨੂੰ ਮਜ਼ਬੂਤ ਕੀਤਾ। ਦਰਅਸਲ ਲੋਕਾਂ ਨੂੰ ਤਾਂ ਸਦਾ ਹੀ ਆਪਸੀ ਪਿਆਰ ਤੇ ਇਤਫਾਕ ਚਾਹੀਦਾ ਹੁੰਦਾ ਹੈ। ਲੋਕ ਤਾਂ ਰਲ਼ਮਿਲ ਕੇ ਰਹਿਣਾ ਚਾਹੁੰਦੇ ਹੁੰਦੇ ਹਨ। ਪਰ ਜੇਕਰ ਤਤਕਾਲੀ ਰਾਜਸੀ ਸਮਾਜੀ ਸਿਸਟਮ ਦੀ ਹੀ ਮੂਲ ਨੀਤੀ ‘ਪਾੜੋ ਤੇ ਰਾਜ ਕਰੋ’ ਦੀ ਹੋਵੇ ਤਾਂ ਲੋਕਾਂ ਕੋਲੋਂ ਸਾਂਝੀਵਾਲਤਾ ਦੀ ਭਾਵਨਾ ਨੂੰ ਦੂਰ-ਦੂਰ ਰੱਖਣ ਦੀ ਸਾਜ਼ਿਸ਼ ਰਚੀ ਜਾਂਦੀ ਹੈ ਤੇ ਆਮ ਲੋਕ ਏਨੇ ਭੋਲੇ ਹੁੰਦੇ ਹੀ ਹਨ। ਆਪਣੇ ‘ਤੇ ਹੁਕਮ ਚਲਾਉਣ ਵਾਲਿਆਂ ਦੀਆਂ ਸਾਜ਼ਿਸ਼ਾਂ ਨੂੰ ਸਮਝਣਾ ਤੇ ਉਨ੍ਹਾਂ ਤੋਂ ਬਚਣਾ, ਉਨ੍ਹਾਂ ਦੇ ਵਸੋਂ ਬਾਹਰਾ ਹੁੰਦਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਚਨਾਕਾਰਾਂ ਨੇ ਜਦੋਂ ਅਜਿਹਾ ਹੀ ਅਣਚਾਹਿਆ ਵਰਤਾਰਾ ਵਰਤਦਾ ਡਿੱਠਾ ਤਾਂ ਉਨ੍ਹਾਂ ਨੇ ਅਕਾਲ ਪੁਰਖ ਦੇ ਸੱਚੇ ਨਾਮ ਦੇ ਡੂੰਘੇ ਅਨੁਭਵ ਦੁਆਰਾ ਲੋਕਾਂ ਨੂੰ ਪਿਆਰ ਤੇ ਸਾਂਝੀਵਾਲਤਾ ਦਾ ਕਦੋਂ ਦਾ ਭੁੱਲ ਚੁੱਕਾ ਸਬਕ ਮੁੜ ਪੜ੍ਹਾਉਣ ਦਾ ਦ੍ਰਿੜ੍ਹ ਇਰਾਦਾ ਕੀਤਾ, ਭਾਵੇਂ ਉਹ ਉੱਤਰ ਪ੍ਰਦੇਸ਼ ਵਿਚ ਵਿਚਰਨ ਵਾਲੇ ਭਗਤ ਕਬੀਰ ਜੀ ਹਨ ਜਾਂ ਪੰਜਾਬ ਦੀ ਧਰਤੀ ‘ਤੇ ਵਿਚਰਨ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇਨ੍ਹਾਂ ਰਚਨਾਕਾਰਾਂ ਦਾ ਸਰਬ-ਸਾਂਝੀਵਾਲਤਾ ਦੀ ਲਹਿਰ ਨੂੰ ਚਲਾਉਣ ਤੇ ਆਪਣੇ ਜੀਵਨ-ਕਾਲ ਵਿਚ ਹੀ ਸਿਖਰਾਂ ‘ਤੇ ਪਹੁੰਚਾਉਣ ਵਿਚ ਹਿੱਸਾ, ਅਦੁੱਤੀ ਤੇ ਲਾਸਾਨੀ ਹੈ। ਇਹ ਹਿੰਦੁਸਤਾਨੀ ਲੋਕਾਂ ਦੀ ਸਦੀਆਂ ਤੋਂ ਚੱਲ ਰਹੀ ਬਦਕਿਸਮਤੀ ਵਾਲੀ ਹੋਣੀ ਨੂੰ ਬਦਲਣ ਦਾ ਸਾਹਸ ਰੱਖਣ ਵਾਲੇ ਮਹਾਨ ਮਰਦ-ਏ-ਕਾਮਲ ਹਨ। ਇਕ ਅਖੌਤੀ ਨੀਵੀਂ ਜਾਤ (ਜੁਲਾਹਾ) ਨਾਲ ਸੰਬੰਧਿਤ ਹੈ ਤੇ ਦੂਸਰਾ ਅਖੌਤੀ ਉੱਚੀ ਕੁਲ (ਬੇਦੀ) ਨਾਲ ਸੰਬੰਧਿਤ। ਦੋਹਾਂ ਨੇ ਪਹਿਲੀ ਵਾਰ ਸਦੀਆਂ ਤੋਂ ਸਮਾਜਿਕ ਤੇ ਸਭਿਆਚਾਰਕ ਲੋਕ-ਜੀਵਨ ਵਿਚ ਪ੍ਰਚੱਲਤ ਤੇ ਪ੍ਰਵਾਨਿਤ ਜਾਤ-ਪਾਤੀ ਪ੍ਰਣਾਲੀ ਦੀ ਅਰਥਹੀਣਤਾ ਨੂੰ ਨਾ ਕੇਵਲ ਖੰਡਨ ਹੀ ਕੀਤਾ, ਸਗੋਂ ਆਪਣੀ ਅਤਿਅੰਤ ਸ਼ਕਤੀਸ਼ਾਲੀ ਵਿਚਾਰਧਾਰਾ ਤੇ ਦਲੀਲ ਦੇ ਹਥਿਆਰ ਨਾਲ ਇਸ ਦਾ ਸਿਰ ਫੇਹ ਦੇਣ ਦੀ ਜੁਰਅੱਤ ਵੀ ਕੀਤੀ। ਭਗਤ ਕਬੀਰ ਜੀ ਬ੍ਰਾਹਮਣ ਦੀ ਜਾਤ-ਪਾਤੀ ਆਧਾਰ ‘ਤੇ ਆਪੇ ਬਣਾਈ ਸਰਬ-ਉੱਚਤਾ ਨੂੰ ਵੰਗਾਰਦੇ ਹੋਏ ਫ਼ਰਮਾਉਂਦੇ ਹਨ:

ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ॥
ਬਾਮਨ ਕਹਿ ਕਹਿ ਜਨਮੁ ਮਤ ਖੋਏ॥
ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ॥
ਤਉ ਆਨ ਬਾਟ ਕਾਹੇ ਨਹੀ ਆਇਆ॥ (ਪੰਨਾ 324)

ਭਗਤ ਜੀ ਦੀ ਉਸ ਸਮੇਂ ਦੇ ਪ੍ਰਸੰਗ ਨੂੰ ਵਿਚਾਰਿਆਂ ਐਸੀ ਦਲੇਰੀ ਭਰੀ ਜੁਰਅੱਤ ਦੀ ਭਰਪੂਰ ਦਾਦ ਦੇਣੀ ਪੈਂਦੀ ਹੈ। ਇਹ ਉਹ ਯੁੱਗ ਹੈ ਜਿਸ ‘ਚ ਬ੍ਰਾਹਮਣ ਦੀ ਸਰਬ-ਉੱਚਤਾ ਨੂੰ ਸਮੁੱਚਾ ਸਮਾਜ ਪੂਰੀ ਤਰ੍ਹਾਂ ਸਿਰ ਝੁਕਾ ਕੇ ਪ੍ਰਵਾਨ ਕਰਦਾ ਹੈ। ਸਮੇਂ ਦੀ ਸਲਤਨਤ ਬ੍ਰਾਹਮਣ ਦੀ ਸਮਾਜ ‘ਚ ਸਰਬ-ਉੱਚਤਾ ਨੂੰ ਇਸ ਕਰਕੇ ਬਰਕਰਾਰ ਰੱਖਣਾ ਚਾਹੁੰਦੀ ਸੀ ਕਿ ਇਹ ਮਨੂੰ ਸਿਮ੍ਰਤੀ ਜਿਹੇ ਗ੍ਰੰਥਾਂ ਦੁਆਰਾ ਲੋਕਾਂ ਨੂੰ ਵੰਡ ਰਹੀ ਸੀ, ਉਨ੍ਹਾਂ ਦੀ ਏਕਤਾ ਤੇ ਆਪਸੀ ਭਾਈਚਾਰੇ ਨੂੰ ਤਾਰ-ਤਾਰ ਕਰ ਰਹੀ ਸੀ। ਭਾਵ ਸਮੇਂ ਦੀ ਸਲਤਨਤ ਦੀਆਂ ਹੀ ਨੀਹਾਂ ਪੱਕੀਆਂ ਕਰਨ ‘ਚ ਹਿੱਸਾ ਪਾ ਰਹੀ ਸੀ। ਇਹ ਗੱਲ ਵੀ ਯਾਦ ਰੱਖਣਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਤੇ ਉਹਦੀ ਫੌਜ ਨੂੰ ਵੀ ‘ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ’ ਫ਼ਰਮਾਇਆ ਹੋਇਆ ਹੈ ਤੇ ਬਾਬਰ ਦੇ ਰਾਜ-ਪ੍ਰਬੰਧ ਦੀ ਸਥਾਪਨਾ ਤੋਂ ਪਹਿਲਾਂ ਦੀ ਲੋਧੀ ਸਲਤਨਤ ਦੇ ਰਾਜਿਆਂ ਤੇ ਉਨ੍ਹਾਂ ਦੇ ਅਹਿਲਕਾਰਾਂ ਸੰਬੰਧੀ ਵੀ ਗੁਰੂ-ਬਾਬੇ ਦੀ ਟਿੱਪਣੀ ਵਿਚਾਰਨ ਦੇ ਕਾਬਲ ਹੈ ਕਿ-

ਰਾਜੇ ਸੀਹ ਮੁਕਦਮ ਕੁਤੇ॥
ਜਾਇ ਜਗਾਇਨਿ੍ ਬੈਠੇ ਸੁਤੇ॥
ਚਾਕਰ ਨਹਦਾ ਪਾਇਨਿ੍ ਘਾਉ॥
ਰਤੁ ਪਿਤੁ ਕੁਤਿਹੋ ਚਟਿ ਜਾਹੁ॥ (ਪੰਨਾ 1288)

ਅੱਜ ਵੀ ਭਾਈਚਾਰਕ ਏਕਤਾ ਅਤੇ ਸਰਬ-ਸਾਂਝੀਵਾਲਤਾ ਨੂੰ ਸਾਡੇ ਸੁਆਰਥੀ ਹਾਕਮਾਂ ਨੇ ਆਪਣੀਆਂ ਸ਼ਾਤਰ ਚਾਲਾਂ ਦੇ ਬੱਦਲਾਂ ਹੇਠ ਢੱਕਿਆ ਹੋਇਆ ਹੈ। ਸਰਬ-ਸਾਂਝੀਵਾਲਤਾ ਦਰਅਸਲ ਪਹਿਲਾਂ ਦੇ ਦੇਸ਼ੀ ਜਾਂ ਬਦੇਸ਼ੀ ਸ਼ਾਸਕਾਂ ਨੂੰ ਵੀ ਚੁੱਭਦੀ ਸੀ ਤੇ ਅਜੋਕੇ ਅਖੌਤੀ ਲੋਕਤੰਤਰੀ ਯੁੱਗ ਦੇ ਸ਼ਾਸਕਾਂ ਨੂੰ ਵੀ ਚੁੱਭਦੀ ਹੀ ਹੈ। ਉੁੱਪਰੋਂ ਭਾਵੇਂ ਉਹ ਕਿੰਨੀਆਂ ਝੂਠੇ ਦਿਖਾਵੇ ਵਾਲੇ ਪਿਆਰ ਭਰੀਆਂ ਮੋਮੋਠੱਗਣੀਆਂ ਕਰਦੇ ਹੋਣ। ਦਰਅਸਲ ਸਰਬ-ਸਾਂਝੀਵਾਲਤਾ ਸਰਬ-ਸਾਧਾਰਨ ਲੋਕਾਂ ਦੀ ਆਪਣੀ ਲੋੜ ਹੈ ਤੇ ਇਸ ਲੋੜ ਦਾ ਉਨ੍ਹਾਂ ਨੇ ਖੁਦ ਹੀ ਅਹਿਸਾਸ ਕਰਨਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਚਨਾਕਾਰਾਂ ਨੇ ਹੀ ਪਹਿਲੀ ਵਾਰ ਲੋਕਾਂ ਨੂੰ ਹਲੂਣਾ ਦੇ ਕੇ ਜਗਾਉਣ ਦੀ ਪਹਿਲ ਕੀਤੀ ਕਿ ਭੋਲੇ ਲੋਕੋ! ਤੁਸੀਂ ਇਕ ਦੂਜੇ ਤੋਂ ਦੂਰੀਆਂ ਕਾਹਨੂੰ ਬਣਾ ਰੱਖੀਆਂ ਹਨ? ਤੁਸੀਂ ਮਜ਼੍ਹਬ, ਵਰਨ, ਨਸਲ, ਜਾਤ-ਪਾਤ, ਦੇਸ਼ਾਂ ਅਤੇ ਪ੍ਰਾਂਤਾਂ ਆਦਿ ਦੀਆਂ ਹੱਦਬੰਦੀਆਂ ‘ਚ ਕਿਉਂ ਬੱਝਦੇ ਹੋ? ਕੀ ਤੁਹਾਨੂੰ ਗਿਆਨ ਨਹੀਂ ਕਿ ਤੁਸੀਂ ਇੱਕੋ ਰੱਬ ਦੀ ਰਚਨਾ ਹੋ? ਸਰਬ-ਸਾਂਝੀਵਾਲਤਾ ਦੇ ਇਸ ਮੁੱਦੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਹਾਨ ਤੇ ਅਨੁਭਵੀ ਰਚਨਾਕਾਰਾਂ ਨੇ ਲੋਕਾਂ ਨੂੰ ਅਪਣਾਉਣ ਹਿਤ ਜਿੱਥੇ ਪਹਿਲਕਦਮੀ ਕੀਤੀ ਉਥੇ ਹੀ ਆਪਣੀ ਪ੍ਰਭੂ-ਬਖਸ਼ੀ ਸਮਰੱਥਾ ਤੇ ਵਾਹ ਲਾਉਣ ‘ਚ ਕੋਈ ਕਸਰ ਵੀ ਬਾਕੀ ਨਹੀਂ ਛੱਡੀ ਜਾਪਦੀ। ਉਦਾਹਰਣ ਵਜੋਂ ਕੁਝ ਕੁ ਰਚਨਾਕਾਰਾਂ ਦੀਆਂ ਕੁਝ ਪ੍ਰਤੀਨਿਧ ਪਾਵਨ-ਤੁਕਾਂ ਇਸ ਪ੍ਰਥਾਏ ਵਿਚਾਰੀਏ!

ਸ਼ਕਰਗੰਜ ਸ਼ੇਖ ਫਰੀਦ ਜੀ ਫ਼ਰਮਾਨ ਕਰਦੇ ਹਨ ਕਿ ਉਹ ਰੱਬ ਸੱਚਾ ਸਾਰਿਆਂ ਦੇ ਹਿਰਦੇ ਵਿਚ ਆਪਣਾ ਅਨੂਪਮ ਵਾਸ ਕਰ ਰਿਹਾ ਹੈ, ਇਸ ਲਈ ਸਾਰੇ ਹਿਰਦੇ ਹੀ ਕੀਮਤੀ ਹਨ ਭਾਵ ਸਾਰੇ ਇਨਸਾਨ ਹੀ ਵਡਮੁੱਲੇ ਹਨ। ਇਸ ਲਈ ਹੇ ਮਨੁੱਖ! ਤੂੰ ਕਿਸੇ ਨੂੰ ਵੀ ਫਿੱਕਾ ਅਥਵਾ ਨਫ਼ਰਤ ਜਾਂ ਘ੍ਰਿਣਾ ਭਰਿਆ ਬੋਲ ਨਾ ਬੋਲ, ਤੂੰ ਕਿਸੇ ਵੀ ਹਿਰਦੇ ਨੂੰ ਠੋਕਰ ਨਾ ਮਾਰ!

ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ॥
ਹਿਆਉ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ॥ (ਪੰਨਾ 1384)

ਭਗਤ ਕਬੀਰ ਜੀ ਦਾ ਪਾਵਨ ਬਚਨ ਹੈ ਕਿ ਸਭ ਲੋਕਾਈ ਉਸ ਇੱਕੋ ਅੱਲ੍ਹਾ ਨੂਰ ਦੀ ਰਚਨਾ ਹੈ। ਆਪ ਨੇ ਉੱਚੇ ਤੇ ਸਪਸ਼ਟ ਸੁਰ ‘ਚ ਐਲਾਨਿਆ :

ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥
ਲੋਗਾ ਭਰਮਿ ਨ ਭੂਲਹੁ ਭਾਈ॥
ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ॥
ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ॥
ਨਾ ਕਛੁ ਪੋਚ ਮਾਟੀ ਕੇ ਭਾਂਡੇ ਨਾ ਕਛੁ ਪੋਚ ਕੁੰਭਾਰੈ॥
ਸਭ ਮਹਿ ਸਚਾ ਏਕੋ ਸੋਈ ਤਿਸ ਕਾ ਕੀਆ ਸਭੁ ਕਛੁ ਹੋਈ॥
ਹੁਕਮੁ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ॥ (ਪੰਨਾ 1349)

ਸ੍ਰੀ ਗੁਰੂ ਨਾਨਕ ਦੇਵ ਜੀ ਸਾਰੇ ਜੀਵਾਂ ਵਿਚ ਉਸ ਅਕਾਲ ਪੁਰਖ ਦੀ ਜੀਵਨ-ਰੌਅ ਨੂੰ ਜੋਤ ਅਤੇ ਚਾਨਣ ਦੇ ਬਿੰਬਾਂ ਦੁਆਰਾ ਖ਼ੂਬਸੂਰਤ ਅੰਦਾਜ਼ ‘ਚ ਮਹਿਸੂਸ ਕਰਵਾਉਂਦੇ ਹੋਏ ਫ਼ਰਮਾਨ ਕਰਦੇ ਹਨ:

ਸਭ ਮਹਿ ਜੋਤਿ ਜੋਤਿ ਹੈ ਸੋਇ॥
ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ॥ (ਪੰਨਾ 663)

ਵੱਖ-ਵੱਖ ਰੰਗਾਂ, ਨਸਲਾਂ, ਜਾਤਾਂ ਤੇ ਜਿਣਸਾਂ ਸੰਬੰਧੀ ਗੁਰੂ ਜੀ ਦੇ ਨਿਰਮਲ ਬਚਨ ਹਨ:

ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ॥
ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ॥ (ਪੰਨਾ 6)

ਗੁਰੂ ਜੀ ਸਪਸ਼ਟ ਰੂਪ ‘ਚ ਜਾਤ-ਪ੍ਰਣਾਲੀ ਨੂੰ ਨਕਾਰਦੇ ਹਨ ਜਿਵੇਂ:

ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ॥ (ਪੰਨਾ 349)

ਸਮਾਜ ਜਿਨ੍ਹਾਂ ਨੂੰ ਨੀਵੇਂ ਕਹਿ ਕੇ ਦੁਰਕਾਰਦਾ ਸੀ, ਗੁਰੂ ਜੀ ਆਪਣੇ ਆਪ ਨੂੰ ਉਨ੍ਹਾਂ ਦਾ ਸਾਥੀ ਐਲਾਨ ਕਰਦੇ ਹਨ:

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥ (ਪੰਨਾ 15)

‘ਮਾਝ ਕੀ ਵਾਰ ‘ਚ ਆਪ ਜੀ ਫ਼ਰਮਾਉਂਦੇ ਹਨ :

ਤੂੰ ਕਰਤਾ ਪੁਰਖੁ ਅਗੰਮੁ ਹੈ ਆਪਿ ਸ੍ਰਿਸਟਿ ਉਪਾਤੀ॥
ਰੰਗ ਪਰੰਗ ਉਪਾਰਜਨਾ ਬਹੁ ਬਹੁ ਬਿਧਿ ਭਾਤੀ॥ (ਪੰਨਾ 138)

ਹਿੰਦੁਸਤਾਨੀ ਲੋਕਾਂ ਦੇ ਮਨਾਂ ਅੰਦਰ ਘਰ ਕਰ ਚੁੱਕੇ ਜਨਮ ਨਾਲ ਜੁੜੀ ਜਾਤ ਦੇ ਸੰਸਕਾਰ ਨੂੰ ਜੜ੍ਹੋਂ ਉਖਾੜਨ ਹਿਤ ਗੁਰੂ ਜੀ ਫ਼ਰਮਾਨ ਕਰਦੇ ਹਨ:

ਜਾਤਿ ਜਨਮੁ ਨਹ ਪੂਛੀਐ ਸਚ ਘਰੁ ਲੇਹੁ ਬਤਾਇ॥
ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ॥ (ਪੰਨਾ 1330)

ਸ੍ਰੀ ਗੁਰੂ ਅਮਰਦਾਸ ਜੀ ਸਾਰੀ ਦੁਨੀਆਂ ਨੂੰ ਬਗੀਚਾ ਤੇ ਪ੍ਰਭੂ ਨੂੰ ਮਾਲੀ ਦੇ ਰੂਪ ‘ਚ ਬਿਆਨਦੇ ਹੋਏ ਸਰਬ-ਸਾਂਝੀਵਾਲਤਾ ਦੀ ਸੁਰ ਬੁਲੰਦ ਕਰਦੇ ਪ੍ਰਤੀਤ ਹੁੰਦੇ ਹਨ, ਜਿਵੇਂ:

ਇਹ ਜਗੁ ਵਾੜੀ ਮੇਰਾ ਪ੍ਰਭੁ ਮਾਲੀ॥
ਸਦਾ ਸਮਾਲੇ ਕੋ ਨਾਹੀ ਖਾਲੀ॥ (ਪੰਨਾ 118)

ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਫ਼ਰਮਾਨ ਕਰਦੇ ਹਨ ਕਿ ਹੇ ਪ੍ਰਭੂ! ਤੇਰਾ ਕੋਈ ਰੂਪ ਨਹੀਂ ਨਾ ਹੀ ਕੋਈ ਰੇਖ ਹੈ, ਤੂੰ ਸਭ ਜਾਤਾਂ ਵਰਨਾਂ ਤੋਂ ਬਾਹਰਾ ਹੈਂ, ਤੂੰ ਤੇ ਜ਼ਾਹਰ ਹੀ ਵਰਤਦਾ ਹੈਂ, ਇਹ ਮਨੁੱਖ ਦਾ ਹੀ ਅਲਪ ਗਿਆਨ ਹੈ ਕਿ ਉਹ ਤੈਨੂੰ ਵਰਤਦਾ ਨਹੀਂ ਦੇਖ ਸਕਦਾ, ਜਿਵੇਂ:

ਤੁਧੁ ਰੂਪੁ ਨ ਰੇਖਿਆ ਜਾਤਿ ਤੂ ਵਰਨਾ ਬਾਹਰਾ॥
ਏ ਮਾਣਸ ਜਾਣਹਿ ਦੂਰਿ ਤੂ ਵਰਤਹਿ ਜਾਹਰਾ॥ (ਪੰਨਾ 1096)

ਆਪ ਜੀ ਅਨੁਸਾਰ ਉਹ ਪ੍ਰਭੂ ਆਪ ਹੀ ਸੂਤ (ਧਾਗਾ) ਹੈ ਤੇ ਆਪ ਹੀ ਕਈ ਤਰ੍ਹਾਂ ਦੀਆਂ ਮਣੀਆਂ ‘ਚ ਆਪਣੀ ਹੋਂਦ ਰੱਖ ਰਿਹਾ ਹੈ, ਆਪਣੀ ਸ਼ਕਤੀ ਨਾਲ ਉਸ ਨੇ ਸਾਰੇ ਜੱਗ ਨੂੰ ਪਰੋ ਕੇ ਰੱਖਿਆ ਹੋਇਆ ਹੈ, ਜਿਵੇਂ :

ਆਪੇ ਸੂਤੁ ਆਪੇ ਬਹੁ ਮਣੀਆ ਕਰਿ ਸਕਤੀ ਜਗਤੁ ਪਰੋਇ॥ (ਪੰਨਾ 604)

ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਆਪਣੇ ਮਨਮੋਹਕ ਤੇ ਰਸੀਲੇ ਅੰਦਾਜ਼ ‘ਚ ਰੁਹਾਨੀਅਤ ਤੇ ਇਨਸਾਨੀਅਤ ਦਾ ਵਿਸਮਾਦੀ ਸੁਮੇਲ ਕਰਦੇ ਹੋਏ ਉਸ ਅਕਾਲ ਪੁਰਖ ਤੇ ਉਸ ਦੀ ਸਮੁੱਚੀ ਰਚਨਾ ਸਮੇਤ ਮਨੁੱਖਤਾ/ਲੋਕਾਈ ਦੀ ਸਾਂਝ ਦੀ ਪਛਾਣ ਕਰਵਾਉਣ ‘ਤੇ ਵਿਸ਼ੇਸ਼ ਜ਼ੋਰ ਦੇਂਦੇ ਸਾਡੇ ਦ੍ਰਿਸ਼ਟੀਗੋਚਰ ਹੁੰਦੇ ਹਨ। ਆਪ ਦੇ ਮਨੋਹਰ ਸ਼ਬਦਾਂ ਵਿਚ ਹਰ ਥਾਂ ਵਰਤਾਰਾ ਹੀ ਉਸ ਪ੍ਰਭੂ ਦਾ ਹੈ। ਸਭ ਅੱਖਾਂ ਉਸ ਪ੍ਰਭੂ ਦੀਆਂ ਹਨ, ਵੇਖਣ ਵਾਲਾ ਹੈ ਹੀ ਉਹੀ, ਜਿਵੇਂ:

ਸਰਬ ਭੂਤ ਆਪਿ ਵਰਤਾਰਾ॥
ਸਰਬ ਨੈਨ ਆਪਿ ਪੇਖਨਹਾਰਾ॥ (ਪੰਨਾ 294)

ਬਨਸਪਤੀ ‘ਚ ਲੱਕੜ ਵਾਂਗ, ਦੁੱਧ ਵਿਚ ਵਿਦਮਾਨ ਘਿਉ ਵਾਂਗ ਊਚ ਕੀ ਤੇ ਨੀਚ ਕੀ ਸਭ ‘ਚ ਉਹ ਪਿਆਰਾ ਆਪ ਹੀ ਵੱਸ ਰਿਹਾ ਹੈ, ਜਿਵੇਂ:

ਸਗਲ ਬਨਸਪਤਿ ਮਹਿ ਬੈਸੰਤਰੁ ਸਗਲ ਦੂਧ ਮਹਿ ਘੀਆ॥
ਊਚ ਨੀਚ ਮਹਿ ਜੋਤਿ ਸਮਾਣੀ ਘਟਿ ਘਟਿ ਮਾਧਉ ਜੀਆ॥ (ਪੰਨਾ 617)

ਚਹੁੰ-ਕੁੰਟਾਂ ‘ਚ ਤੇ ਦਸਾਂ ਦਿਸ਼ਾਵਾਂ ‘ਚ ਉਹੀ ਸਮਾਇਆ ਹੋਇਆ ਹੈ। ਉਸ ਤੋਂ ਵੱਖਰਾ ਕੋਈ ਹੈ ਹੀ ਨਹੀਂ:

ਚਾਰਿ ਕੁੰਟ ਦਹ ਦਿਸੇ ਸਮਾਹਿ॥
ਤਿਸ ਤੇ ਭਿੰਨ ਨਹੀ ਕੋ ਠਾਉ॥ (ਪੰਨਾ 294)

ਉਸ ਮਾਲਕ ਦੀ ਜੋਤ ਦਾ ਪਾਸਾਰਾ ਸਭਨਾਂ ‘ਚ ਹੈ:

ਸਰਬ ਜੋਤਿ ਮਹਿ ਜਾ ਕੀ ਜੋਤਿ॥
ਧਾਰਿ ਰਹਿਓ ਸੁਆਮੀ ਓਤਿ ਪੋਤਿ॥ (ਪੰਨਾ 294)

ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਚਨਾਕਾਰ ਵੀ ਹਨ ਤੇ ਇਸ ਦੇ ਅਨੂਠੇ ਸੰਪਾਦਕ ਵੀ। ਆਪ ਨੇ ਹੀ ਇਸ ਅਦੁੱਤੀ ਗ੍ਰੰਥ ਦੀ ਆਦਰਸ਼ ਸੰਪਾਦਨਾ ਦਾ ਕਾਰਜ ਆਪਣੀ ਸਰਬ-ਸਾਂਝੀ ਗੁਰਮਤਿ ਵਿਚਾਰਧਾਰਾ ਦੀ ਕਸਵੱਟੀ ਨੂੰ ਸਨਮੁਖ ਰੱਖਦਿਆਂ ਸੰਪੂਰਨ ਕੀਤਾ ਤੇ ਇਸ ਨੂੰ ਸਮੁੱਚੀ ਮਾਨਵਤਾ ਦੀ ਰੂਹਾਨੀ ਅਗਵਾਈ ਤੇ ਇਨਸਾਨੀ ਪਿਆਰ ਦੀ ਭਾਵਨਾ ਨੂੰ ਸਦ-ਜੀਵੰਤ ਰੱਖਣ ਹਿਤ ਇਸ ਦਾ ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ‘ਚ ਕਰਵਾਇਆ।

ਗੁਰੂ ਸਾਹਿਬ ਨੇ ਇਸ ਅਦੁੱਤੀ ਗ੍ਰੰਥ ‘ਚ ਗੁਰੂ ਸਾਹਿਬਾਨ ਅਤੇ ਗੁਰਸਿੱਖ ਨਿਕਟਵਰਤੀਆਂ ਦੀ ਬਾਣੀ ਦੇ ਨਾਲ-ਨਾਲ ਸਮੁੱਚੇ ਦੇਸ਼-ਭਰ ‘ਚੋਂ ਜਿੱਥੋਂ ਵੀ ਸਰਬ- ਸਾਂਝੀਵਾਲਤਾ ਅਤੇ ਗੁਰਮਤਿ ਵਿਚਾਰਧਾਰਾ ਨਾਲ ਮੇਲ ਖਾਂਦੀ ਬਾਣੀ ਮਿਲ ਸਕੀ ਉਸ ਨੂੰ ਰਚਨਾਕਾਰ ਦੇ ਮਜ਼੍ਹਬ, ਅਖੌਤੀ ਉੱਚੀ ਜਾਂ ਨੀਵੀਂ ਜਾਤ, ਇਲਾਕੇ, ਅਖੌਤੀ ਚੰਗੇ ਜਾਂ ਮੰਦੇ ਕਿੱਤੇ ਨਾਲ ਸੰਬੰਧ ਨੂੰ ਮੂਲੋਂ ਹੀ ਅਣਡਿੱਠ ਕਰ ਕੇ ਦਰਜ ਕਰਨ ਦੀ ਕਮਾਲ ਦੀ ਜੁਰਅੱਤ ਦਿਖਾਈ। ਉਦਾਹਰਣ ਦੇ ਤੌਰ ‘ਤੇ ਇਸ ਵਿਚ ਸ਼ੇਖ ਫਰੀਦ ਜੀ ਅਤੇ ਭਗਤ ਭੀਖਣ ਜੀ ਜੈਸੇ ਸੂਫ਼ੀ (ਮੁਸਲਮਾਨ) ਫਕੀਰਾਂ ਦੀ ਪਾਵਨ ਬਾਣੀ ਨੂੰ ਪੂਰੇ ਮਾਣ-ਸਨਮਾਨ ਸਹਿਤ ਦਰਜ ਕੀਤਾ ਗਿਆ ਮਿਲਦਾ ਹੈ। ਭਗਤ ਸਾਹਿਬਾਨ ‘ਚੋਂ ਭਗਤ ਕਬੀਰ ਜੀ ਦੀ ਬਾਣੀ ਸਭ ਤੋਂ ਵੱਧ ਹੈ। ਇਸ ਬਾਣੀ ਦਾ ਜਾਤ-ਪਾਤ ਵਿਰੋਧੀ ਤੇ ਵਰਨ-ਵਿਵਸਥਾ ਵਿਰੋਧੀ ਸਰੋਕਾਰ ਵਿਸ਼ੇਸ਼ ਧਿਆਨ ਖਿੱਚਣ ਵਾਲਾ ਹੈ, ਜਿਸ ਦੇ ਕੁਝ ਕੁ ਨਮੂਨੇ ਅਸੀਂ ਪਿੱਛੇ ਵਿਚਾਰ ਆਏ ਹਾਂ। ਪਰ ਇਸ ਪੱਖੋਂ ਇਹ ਸਮੁੱਚੀ ਬਾਣੀ ਹੀ ਡੂੰਘੇ ਤੇ ਵਿਆਪਕ ਅਧਿਐਨ ਦੀ ਮੰਗ ਕਰਦੀ ਹੈ। ਇਉਂ ਹੀ ਭਗਤ ਰਵਿਦਾਸ ਜੀ ਅਤੇ ਭਗਤ ਨਾਮਦੇਵ ਜੀ ਦੀ ਕਾਫ਼ੀ ਵੱਡੇ ਆਕਾਰ ਵਿਚ ਬਾਣੀ ਇਸ ਗ੍ਰੰਥ ‘ਚ ਦਰਜ ਹੋਈ ਮਿਲਦੀ ਹੈ। ਭਗਤ ਸੈਣ ਜੀ ਅਤੇ ਭਗਤ ਧੰਨਾ ਜੀ ਸਮੇਤ ਇਨ੍ਹਾਂ ਭਗਤ ਸਾਹਿਬਾਨ ਦੀ ਸਰਬ-ਸਾਂਝੀਵਾਲਤਾ ਦੇ ਸਰੋਕਾਰ ਨੂੰ ਸਮਰਪਿਤ ਬਾਣੀ ਇਸ ਕਰਕੇ ਖਾਸ ਅਧਿਐਨ ਦੀ ਮੰਗ ਕਰਦੀ ਹੈ ਕਿਉਂਕਿ ਇਹ ਉਹ ਭਗਤ ਸਾਹਿਬਾਨ ਹਨ ਜਿਨ੍ਹਾਂ ਨੇ ਖੁਦ ਜਾਤ-ਪਾਤੀ ਵਿਤਕਰਿਆਂ ਨੂੰ ਵਕਤ ਦੇ ਬਿਪਰਵਾਦੀ ਨਿਜ਼ਾਮ ‘ਚ ਵਿਚਰਦਿਆਂ ਹੰਢਾਇਆ ਹੋਇਆ ਸੀ, ਜਿਨ੍ਹਾਂ ਨੂੰ ਤਤਕਾਲੀ ਰਾਜਿਆਂ ਅਤੇ ਬ੍ਰਾਹਮਣਾਂ ਦੀ ਘ੍ਰਿਣਾ ਅਤੇ ਕ੍ਰੋਧ ਦਾ ਵੀ ਨਿਸ਼ਾਨਾ ਬਣਨਾ ਪਿਆ ਸੀ ਪਰ ਉਨ੍ਹਾਂ ਨੇ ਆਪਣੇ ਸਰਬ- ਸਾਂਝੀਵਾਲਤਾ ਦੇ ਮਿਸ਼ਨ ਨੂੰ ਹਰ ਹਾਲਤ ‘ਚ ਬਰਕਰਾਰ ਤੇ ਚੱਲਦਾ ਰੱਖਿਆ ਸੀ। ਵਿਰੋਧੀ ਹਾਲਤਾਂ ‘ਚ ਕੀਤੇ ਗਏ ਕਾਰਜ ਨੂੰ ਨਿਸਚੇ ਹੀ ਵੱਧ ਮਹੱਤਵਪੂਰਨ ਮੰਨਿਆ ਜਾਣਾ ਚਾਹੀਦਾ ਹੈ। ਪਰ ਦੂਜੇ ਪਾਸੇ ਜਿਹੜੇ ਭਗਤ ਸਾਹਿਬਾਨ ਦਾ ਪਰਿਵਾਰਕ ਪਿਛੋਕੜ ਅਖੌਤੀ ਉੱਚੀ ਕੁਲ ਜਾਤੀ ਜਾਂ ਵਰਨ ਨਾਲ ਜੁੜਦਾ ਹੈ, ਉਨ੍ਹਾਂ ਦੇ ਸਰਬ- ਸਾਂਝੀਵਾਲਤਾ ਦੇ ਸਰੋਕਾਰ ਨੂੰ ਵੀ ਸਿਰ ਝੁਕਾਉਣਾ ਬਣਦਾ ਹੈ। ਉਨ੍ਹਾਂ ਦਾ ਅਲੱਗ ਤਰ੍ਹਾਂ ਦਾ ਮਹੱਤਵ ਹੈ। ਜਾਤ-ਪਾਤੀ ਚੱਕਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਰ ਰਚਨਾਕਾਰ ਨੇ ਆਪਣੇ-ਆਪਣੇ ਢੰਗ ਤੇ ਲਹਿਜ਼ੇ ਵਿਚ ਰੱਦ ਕੀਤਾ ਹੀ ਹੈ।

ਭਗਤ ਨਾਮਦੇਵ ਜੀ ਦੀ ਵਿਅਕਤੀਗਤ ਕਰੁਣ-ਕਥਾ ਸਮੁੱਚੇ ਤਤਕਾਲੀ ਬਿਪਰਵਾਦੀ ਨਿਜ਼ਾਮ ਦੀ ਕਰੂਰਤਾ ਦਾ ਅਹਿਸਾਸ ਕਰਵਾਉਂਦੀ ਜਾਪਦੀ ਹੈ ਜਿਸ ਅਨੁਸਾਰ ਬ੍ਰਾਹਮਣ/ਪੁਜਾਰੀ ਵਰਗ ਉਨ੍ਹਾਂ ਨੂੰ ਮੰਦਰਾਂ ‘ਚ ਦਾਖਲ ਹੋਣੋਂ ਰੋਕਦਾ ਸੀ। ਮੰਦਰ ‘ਚੋਂ ਧੱਕੇ ਮਾਰ ਕੇ ਕੱਢੇ ਜਾਣ ‘ਤੇ ਭਗਤ ਨਾਮਦੇਵ ਜੀ ਆਪਣੇ ਪ੍ਰਭੂ-ਭਗਤੀ ਉੱਪਰ ਹੱਕ ਨੂੰ ਕਾਇਮ ਰੱਖਦੇ ਹੋਏ ਬਚਨ ਕਰਦੇ ਹਨ:

ਮੋ ਕਉ ਤੂੰ ਨ ਬਿਸਾਰਿ ਤੂ ਨ ਬਿਸਾਰਿ॥
ਤੂ ਨ ਬਿਸਾਰੇ ਰਾਮਈਆ॥ (ਪੰਨਾ 1292)

ਪ੍ਰਭੂ-ਪਿਤਾ ਨੂੰ ਮੁਖਾਤਬ ਹੁੰਦਿਆਂ ਜਾਤ-ਅਭਿਮਾਨੀਆਂ ਵੱਲੋਂ ਧੱਕੇ ਪੈਣ ਦੀ ਆਪਣੀ ਕਰੁਣ-ਕਥਾ ਭਗਤ ਨਾਮਦੇਵ ਜੀ ਦੇ ਸ਼ਬਦਾਂ ‘ਚ ਇਉਂ ਹੈ:

ਸੂਦੁ ਸੂਦੁ ਕਰਿ ਮਾਰਿ ਉਠਾਇਓ ਕਹਾ ਕਰਉ ਬਾਪ ਬੀਠੁਲਾ॥ (ਪੰਨਾ 1292)

ਪੰਡਤ ਵਿਰੁੱਧ ਪ੍ਰਭੂ ਅੱਗੇ ਸ਼ਿਕਾਇਤ ਦਾ ਨਮੂਨਾ ਹੈ:

ਏ ਪੰਡੀਆ ਮੋ ਕਉ ਢੇਢ ਕਹਤ ਤੇਰੀ ਪੈਜ ਪਿਛੰਉਡੀ ਹੋਇਲਾ॥ (ਪੰਨਾ 1292)

ਇਹ ਗੱਲ ਵੀ ਉਚੇਚੇ ਤੌਰ ‘ਤੇ ਦੇਖਣ ਵਿਚਾਰਨ ਵਾਲੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਕਿੱਤਿਆਂ ਪੱਖੋਂ ਵੀ ਆਪਣੇ ਰਚਨਕਾਰਾਂ ਦੀ ਅਤਿਅੰਤ ਵਿਸਮਾਦੀ ਭਿੰਨਤਾ ਸਾਡੇ ਦ੍ਰਿਸ਼ਟੀਗੋਚਰ ਕਰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਚਨਕਾਰਾਂ ‘ਚੋਂ ਸਾਨੂੰ ਖੇਤੀਬਾੜੀ ਕਰਨ ਵਾਲੇ, ਖੱਡੀ ‘ਤੇ ਕੱਪੜਾ ਬੁਣਨ ਵਾਲੇ, ਕੱਪੜਾ ਰੰਗਣ ਵਾਲੇ, ਢੋਰ/ ਮਰੇ ਹੋਏ ਪਸ਼ੂ ਢੋਣ ਤੇ ਜੁੱਤੀਆਂ ਗੰਢਣ ਵਾਲੇ, ਨਾਈ ਦਾ ਕਿੱਤਾ ਕਰਦੇ ਰਹੇ ਤੇ ਜਾਨਵਰਾਂ ਦਾ ਮਾਸ ਵੇਚ ਕੇ ਗੁਜ਼ਰਾਨ ਤੋਰਨ ਵਾਲੇ ਉਸ ਸਮੇਂ ਦੇ ਸਮਾਜ ‘ਚ ਅਤਿਅੰਤ ਨੀਚ ਤੇ ਹੇਚ ਭਾਵ ਘ੍ਰਿਣਤ ਸਮਝੇ ਜਾਂਦੇ ਕੰਮ ਕਰਨ ਵਾਲੇ ਰਚਨਾਕਾਰ ਮਿਲਦੇ ਹਨ ਕਿਉਂ ਜੋ ਇਸ ਦੇ ਰਚਨਾਕਾਰ ਸਾਨੂੰ ਇਹ ਦ੍ਰਿੜ੍ਹ ਕਰਾਉਣਾ ਲੋਚਦੇ ਹਨ ਕਿ ਕਿੱਤਾ ਕੋਈ ਵੀ ਅਪਵਿੱਤਰ ਨਹੀਂ ਹੁੰਦਾ, ਅਪਵਿੱਤਰਤਾ ਦਾ ਸੰਬੰਧ ਤਾਂ ਦੂਜਿਆਂ ਦਾ ਲਹੂ ਚੂਸ ਕੇ, ਦੂਜਿਆਂ ਦਾ ਹੱਕ ਮਾਰ ਕੇ, ਦੂਜਿਆਂ ਦੀ ਕਿਰਤ- ਕਮਾਈ ਉੱਪਰ ਨਜ਼ਾਇਜ਼ ਕਬਜ਼ਾ ਕਰਨ ਨਾਲ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਬਚਨ ਇਸ ਪ੍ਰਥਾਏ ਗੌਲਣਯੋਗ ਹੈ:

ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ॥
ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ॥
ਨਾਨਕ ਨਾਉ ਖੁਦਾਇ ਕਾ ਦਿਲਿ ਹਛੈ ਮੁਖਿ ਲੇਹੁ॥
ਅਵਰਿ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇਹੁ॥ (ਪੰਨਾ 140)

ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨ ਦਾ ਇੱਕੋ ਹੀ ਜੀਵਨ-ਉਦੇਸ਼ ਤੇ ਮਿਸ਼ਨ ਹੈ। ਉਨ੍ਹਾਂ ਅੰਦਰ ਪੂਰਨ ਇਕਮਿਕਤਾ, ਇਕਸੁਰਤਾ ਤੇ ਵਿਚਾਰਧਾਰਕ ਏਕਤਾ ਵਿਦਮਾਨ ਹੈ- ਨਾ ਕੇਵਲ ਸਾਂਝੀਵਾਲਤਾ ਦੇ ਹੀ ਮੁੱਦੇ ‘ਤੇ ਸਗੋਂ ਹਰੇਕ ਮੁੱਦੇ ‘ਤੇ। ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਭਗਤ ਸਾਹਿਬਾਨ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਦਰਜ ਕਰਨਾ ਇਸ ਤੱਥ ਦਾ ਲਖਾਇਕ ਹੈ। ਬੇਨਤੀ ਹੈ ਕਿ ਸਾਨੂੰ ਇਸ ਸੰਬੰਧ ‘ਚ ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨ ‘ਚੋਂ ਵਿਚਾਰਧਾਰਕ ਵੱਖਰਤਾਵਾਂ ਲੱਭਣ ਦੀ ਚੇਸ਼ਟਾ ਨਹੀਂ ਕਰਨੀ ਚਾਹੀਦੀ। ਦੂਜੇ ਪਾਸੇ ਭਗਤ ਸਾਹਿਬਾਨ ਦੇ ਨਾਂ ‘ਤੇ ਦੇਸ਼ ‘ਚ ਵੱਸਦੇ ਤੇ ਵਿਚਰਦੇ ਵੱਖ-ਵੱਖ ਸੰਪ੍ਰਦਾਵਾਂ ਨਾਲ ਸੰਬੰਧਤ ਆਮ ਲੋਕਾਂ ਨੂੰ ਵੀ ਸਨਿਮਰ ਸੁਝਾਅ ਹੈ ਕਿ ਉਹ ਵੀ ਸਰਬ-ਸਾਂਝੀਵਾਲਤਾ ਦਾ ਹੀ ਖਿਆਲ ਰੱਖਣ ਤੇ ਅਲੱਗ ਸੰਪ੍ਰਦਾਇਕ ਸੰਸਥਾਵਾਂ ਖੜ੍ਹੀਆਂ ਕਰਨ ਤੋਂ ਗੁਰੇਜ਼ ਕਰਨ ਕਿਉਂ ਜੋ ਅਲੱਗ-ਥਲੱਗ ਹੋਣ ‘ਤੇ ਮਨੁੱਖੀ ਏਕਤਾ ਨੂੰ ਵੱਡੀ ਪਛਾੜ ਲੱਗਦੀ ਹੈ ਤੇ ਸਰਬ-ਸਾਂਝੀਵਾਲਤਾ ਦੀ ਭਾਵਨਾ ਪਿੱਛੇ ਪੈਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸਭ ਨੂੰ ਜੋੜਨ ਵਾਲੀ ਅਨੂਠੀ ਹਸਤੀ ਹਨ। ਜ਼ਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਕ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਭਗਤ ਸਾਹਿਬਾਨ ਸੰਬੰਧੀ ਪਾਵਨ ਬਚਨਾਂ ਨੂੰ ਗੌਰ ਫ਼ਰਮਾਇਆ ਜਾਵੇ:

ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ॥
ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ॥
ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ॥
ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ॥
ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ॥
ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ॥
ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ॥
ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ॥
ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ॥
ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ॥ (ਪੰਨਾ 487)

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰਬ-ਸਾਂਝੀਵਾਲਤਾ ਦੇ ਸਰੋਕਾਰ ਨੇ ਨਿਰਸੰਦੇਹ ਆਪਣਾ ਉਸਾਰੂ ਪ੍ਰਭਾਵ ਹਰ ਯੁੱਗ ‘ਚ ਮਨੁੱਖਤਾ ਉੱਪਰ ਪਾਇਆ ਹੈ, ਇਸ ਨੇ ਆਪਣੀ ਅਗੰਮੀ ਪਿਆਰ ਪ੍ਰੇਰਨਾ ਨਾਲ ਬੇਸ਼ੱਕ ਲੜਦੇ-ਝਗੜਦੇ, ਆਪਸੀ ਵੈਰ-ਵਿਰੋਧ, ਨਫ਼ਰਤ ‘ਚ ਸੜਦੇ ਲੋਕਾਂ ਨੂੰ ਪਿਆਰ ਤੇ ਸਲੂਕ ਨਾਲ ਰਹਿਣ ਦੀ ਜੀਵਨ-ਜਾਚ ਪ੍ਰਦਾਨ ਕੀਤੀ ਹੈ। ਪਰ ਇਸ ਦੁਨੀਆਂ ‘ਚ ਸਦਾ ਹੀ ਕੁਝ ਸੁਆਰਥੀ ਤੇ ਤੰਗਦਿਲ ਕਿਸਮ ਦੇ ਲੋਕ ਵੀ ਆਪਣੀਆਂ ਕੋਝੀਆਂ ਚਾਲਾਂ ਚੱਲਦੇ ਰਹਿੰਦੇ ਹਨ। ਇਹ ਅਣਚਾਹਿਆ ਵਰਤਾਰਾ ਅੱਜ ਵੀ ਸਾਨੂੰ ਆਪਣੇ ਆਲੇ-ਦੁਆਲੇ ਦੇ ਮਨੁੱਖੀ ਸਮਾਜ ‘ਚ ਸਾਰੀ ਦੁਨੀਆਂ ‘ਚ ਹੀ ਵਰਤ ਰਿਹਾ ਨਜ਼ਰ ਆ ਰਿਹਾ ਹੈ। ਸਾਡਾ ਇਹ ਦੇਸ਼ ਆਪਣੇ ਹੀ  ਕੁਝ  ਸੁਆਰਥੀ  ਲੀਡਰਾਂ  ਦੀਆਂ  ਚਾਲਾਂ-ਕੁਚਾਲਾਂ  ਕਰਕੇ  ਮਜ਼੍ਹਬੀ  ਕੁੜੱਤਣ  ਤੇ ਫਿਰਕੂ ਫਸਾਦਾਂ ਦਾ ਸ਼ਿਕਾਰ ਹੋ ਕੇ ਘੋਰ ਸੰਤਾਪ ਝੱਲ ਰਿਹਾ ਹੈ। ਸਾਨੂੰ ਐਸੀਆਂ ਚਾਲਾਂ ਤੋਂ ਸਾਵਧਾਨ ਰਹਿੰਦਿਆਂ ਆਪਸੀ ਪਿਆਰ ਤੇ ਭਾਈਚਾਰੇ ਦਾ ਸਬਕ ਪੜ੍ਹਨ ਦੀ ਬਹੁਤ ਜ਼ਿਆਦਾ ਲੋੜ ਹੈ। ਸਾਡੀਆਂ ਸਾਰੀਆਂ ਮੌਜੂਦਾ ਉਲਝਣਾਂ ਦਾ ਹੱਲ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੁਆਰਾ ਦਰਸਾਇਆ ਸਰਬ-ਸਾਂਝੀਵਾਲਤਾ ਦਾ ਰਾਹ ਹੈ। ਸਾਨੂੰ ਅੱਜ ਵੀ ਸਭ ਤਰ੍ਹਾਂ ਦੇ ਮੌਜੂਦਾ ਮਜ਼੍ਹਬੀ, ਇਲਾਕਾਈ, ਭਾਸ਼ਾਈ, ਰਾਜਨੀਤਕ, ਸਮਾਜਿਕ, ਆਰਥਿਕ ਤੇ ਸਭਿਆਚਾਰਕ ਵਖਰੇਵੇਂ ਤੇ ਝਗੜੇ-ਝੇੜੇ ਮਿਟਾਉਣ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸੱਚੀ ਅਗਵਾਈ ਤੇ ਸੇਧ ਮਿਲ ਸਕਦੀ ਹੈ। ਅਸੀਂ ਇਸੇ ਕਰਕੇ ਸੰਤਾਪ ਝੱਲ ਰਹੇ ਹਾਂ ਕਿਉਂਕਿ ਅਸੀਂ ਇਸ ਅਦੁੱਤੀ ਗ੍ਰੰਥ ਦੇ ਮੂਲ ਉਪਦੇਸ਼ ਨੂੰ ਗ੍ਰਹਿਣ ਹੀ ਨਹੀਂ ਕੀਤਾ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਸਹਾਇਕ ਸੰਪਾਦਕ ਗੁਰਮਤਿ ਪ੍ਰਕਾਸ਼/ਗੁਰਮਤਿ ਗਿਆਨ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)