ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੰਸਾਰ ਦੇ ਇਤਿਹਾਸ ਵਿਚ ਉਹ ਮਹਾਨ ਹਸਤੀ ਹੋਏ ਹਨ, ਜਿਨ੍ਹਾਂ ਦੀਆਂ ਦੇਸ਼, ਧਰਮ ਅਤੇ ਕੌਮ ਦੀ ਖ਼ਾਤਰ ਕੀਤੀਆਂ ਮਹਾਨ ਕੁਰਬਾਨੀਆਂ ਸੂਰਜ ਵਤ ਰੌਸ਼ਨ ਹਨ। ਆਪ ਜੀ ਦਾ ਜਨਮ ਸ੍ਰੀ ਗੁਰੂ ਤੇਗ ਬਹਾਦਰ ‘ਹਿੰਦ ਦੀ ਚਾਦਰ’ ਦੇ ਘਰ ਮਾਤਾ ਗੁਜਰੀ ਜੀ ਦੀ ਕੁੱਖੋਂ ਪਟਨਾ ਸ਼ਹਿਰ ਵਿਖੇ 26 ਦਸੰਬਰ 1666 ਈ. ਨੂੰ ਹੋਇਆ।
ਬਾਲਾ ਪ੍ਰੀਤਮ ਦੇ, ਬਾਲਵਰੇਸ ਵਿਚ ਕੀਤੇ ਚਮਤਕਾਰਾਂ ਤੋਂ ਹੀ ਉਨ੍ਹਾਂ ਦੀ ਮਹਾਨਤਾ ਦੀ ਝਲਕ ਪੈਂਦੀ ਸੀ। ਬੱਚਿਆਂ ਦੀਆਂ ਨਕਲੀ ਲੜਾਈਆਂ ਤੋਂ ਪਤਾ ਲੱਗਦਾ ਸੀ ਕਿ ਉਹ ਅਗਾਮੀ ਜੀਵਨ ਵਿਚ ਇਕ ਨਿਧੜਕ ਜਰਨੈਲ ਬਣਨਗੇ। ਪੰਜ ਸਾਲ ਪਟਨੇ ਰਹਿਣ ਪਿੱਛੋਂ ਆਪ ਜੀ ਨੂੰ ਅਨੰਦਪੁਰ ਸਾਹਿਬ ਲਿਆਂਦਾ ਗਿਆ। ਹਿੰਦੀ, ਫ਼ਾਰਸੀ ਅਤੇ ਸੰਸਕ੍ਰਿਤ ਤੋਂ ਛੁਟ ਆਪ ਜੀ ਨੂੰ ਸ਼ਸਤਰ ਵਿੱਦਿਆ ਦੀ ਸਿੱਖਿਆ ਵੀ ਦਿੱਤੀ ਗਈ।
1675 ਈ. ਵਿਚ ਨੌਂ ਵਰ੍ਹਿਆਂ ਦੀ ਅਲਪ-ਆਯੂ ਵਿਚ ਆਪ ਨੇ ਅਤਿਆਚਾਰਾਂ ਦੇ ਸਤਾਏ ਦੁਖੀਆਂ ਦੀ ਪੁਕਾਰ ਸੁਣ ਕੇ ਪਿਤਾ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਦਿੱਲੀ ਵਿਚ ਸ਼ਹੀਦ ਹੋਣ ਲਈ ਤੋਰ ਦਿੱਤਾ। ਤਿਲਕ ਤੇ ਜੰਞੂ ਦੀ ਰੱਖਿਆ ਖ਼ਾਤਰ ਕੀਤਾ ਗੁਰੂ ਸ੍ਰੀ ਤੇਗ਼ ਬਹਾਦਰ ਜੀ ਦੀ ਸ਼ਹਾਦਤ ਕਲਯੁਗ ਅੰਦਰ ਇਕ ਮਹਾਨ ਸਾਕਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਨੇ ‘ਬਚਿੱਤਰ ਨਾਟਕ’ ਵਿਚ ਇਸ ਅਦੁੱਤੀ ਸ਼ਹਾਦਤ ਦਾ ਉਲੇਖ ਇਸ ਤਰ੍ਹਾਂ ਕੀਤਾ ਹੈ:
ਤਿਲਕ ਜੰਞੂ ਰਾਖਾ ਪ੍ਰਭ ਤਾ ਕਾ॥
ਕੀਨੋ ਬਡੋ ਕਲੂ ਮਹਿ ਸਾਕਾ॥
ਸਾਧਨ ਹੇਤ ਇਤੀ ਜਿਨਿ ਕਰੀ॥
ਸੀਸੁ ਦੀਆ ਪਰ ਸੀ ਨ ਉਚਰੀ॥
ਧਰਮ ਹੇਤ ਸਾਕਾ ਜਿਨਿ ਕੀਆ॥
ਸੀਸ ਦੀਆ ਪਰ ਸਿਰਰੁ ਨ ਦੀਆ॥
ਨਾਟਕ ਚੇਟਕ ਕੀਏ ਕੁਕਾਜਾ॥
ਪ੍ਰਭ ਲੋਗਨ ਕਹ ਆਵਤ ਲਾਜਾ॥
ਠੀਕਰਿ ਫੋਰਿ ਦਿਲੀਸ ਸਿਰ ਪ੍ਰਭ ਪੁਰ ਕੀਯਾ ਪਯਾਨ॥
ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਹਨੂੰ ਆਨ॥
ਤੇਗ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਕ॥
ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕ॥ (ਬਚਿਤ੍ਰ ਨਾਟਕ)
ਆਤਮਿਕ ਤੌਰ ’ਤੇ ਮਰ ਚੁੱਕੀ ਕੌਮ ਅੰਦਰ ਜਾਗ੍ਰਿਤੀ ਲਿਆਉਣ ਲਈ ਗੁਰੂ ਜੀ ਨੇ ਬੀਰ-ਰਸੀ ਕਵਿਤਾਵਾਂ ਤੇ ਵਾਰਾਂ ਦਾ ਹੜ੍ਹ ਵਗਾ ਦਿੱਤਾ। ਅਜਿਹੀਆਂ ਕਵਿਤਾਵਾਂ ਤੇ ਚੰਡੀ ਦੀ ਵਾਰ ਵਰਗੀਆਂ ਅਮਰ ਰਚਨਾਵਾਂ ਨੂੰ ਪੜ੍ਹ ਕੇ ਕਾਇਰ ਤੇ ਡਰਪੋਕ ਜਨਤਾ ਵਿਚ ਦੇਸ਼ ਪਿਆਰ ਤੇ ਸੂਰਬੀਰਤਾ ਦੇ ਭਾਂਬੜ ਮੱਚ ਉੱਠੇ। ਅਨੰਦਪੁਰ ਸਾਹਿਬ ਦੀਆਂ ਪਹਾੜੀਆਂ ਰਣਜੀਤ ਨਗਾਰੇ ਦੀਆਂ ਚੋਟਾਂ ਨਾਲ ਗੂੰਜ ਉੱਠੀਆਂ। ਬਾਈਧਾਰ ਦੇ ਪਹਾੜੀ ਰਾਜਿਆਂ ਨੂੰ ਗੁਰੂ ਜੀ ਦੀਆਂ ਸ਼ਸਤਰ ਝੁਨਕਾਰਾਂ ਵਿੱਚੋਂ ਬਗ਼ਾਵਤ ਦੀ ਬੂ ਆ ਰਹੀ ਸੀ। ਉਨ੍ਹਾਂ ਨੇ ਅਤਿਆਚਾਰਾਂ ਤੋਂ ਨਿਜਾਤ ਦਿਵਾਉਣ ਵਾਲੇ ਮੁਕਤੀ-ਦਾਤੇ ਨਾਲ ਹੀ ਲੜਾਈ ਛੇੜ ਲਈ। ਭੰਗਾਣੀ ਦੇ ਅਸਥਾਨ ’ਤੇ ਦਸਮੇਸ਼ ਸੈਨਾ ਨੇ ਪਹਾੜੀਆਂ ਦੇ ਲਸ਼ਕਰ ਨੂੰ ਲੱਕ-ਤੋੜਵੀਂ ਹਾਰ ਦਿੱਤੀ:
ਬਹੁਤ ਦਿਵਸ ਇਹ ਭਾਂਤਿ ਬਿਤਾਏ॥
ਸੰਤ ਉਬਾਰ ਦੁਸਟ ਸਭ ਘਾਏ॥
ਟਾਂਗ ਟਾਂਗ ਕਰਿ ਹਨੇ ਨਿਦਾਨਾ॥
ਕੂਕਰ ਜਿਮਿ ਤਿਨ ਤਜੇ ਪਰਾਨਾ॥ (ਬਚਿਤ੍ਰ ਨਾਟਕ)
ਗੁਰੂ ਜੀ ਮਾਨਵ-ਧਰਮ ਦੇ ਰਾਖੇ ਸਨ। ਉਹ ਨਿਰਵੈਰ ਤਲਵੱਰੀਏ ਸਨ। ਇਸ ਰਾਜ਼ ਨੂੰ ਸਢੌਰੇ ਦਾ ਉੱਘਾ ਮੁਸਲਮਾਨ ਸੱਯਦ ਬੁੱਧੂ ਸ਼ਾਹ ਚੰਗੀ ਤਰ੍ਹਾਂ ਜਾਣਦਾ ਸੀ। ਇਸੇ ਲੜਾਈ ਵਿਚ ਉਸ ਨੇ ਆਪਣੇ ਸਪੁੱਤਰ ਗੁਰੂ ਜੀ ਦੀ ਹਮਾਇਤ ਕਰਦਿਆਂ ਸ਼ਹੀਦ ਕਰਵਾ ਕੇ ਆਖਿਆ:
ਅੱਜ ਸਪੂਤਾ ਹੋ ਗਿਆ ਬੁੱਧੂ ਸ਼ਾਹ ਫਕੀਰ।
ਬੇਟੇ ਚਰਨੀਂ ਲਾ ਲਏ ਕਲਗੀਆਂ ਵਾਲੇ ਪੀਰ।
1699 ਈ. ਨੂੰ ਵਿਸਾਖੀ ਦੇ ਸੁਭਾਗੇ ਪੁਰਬ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿਰਲੱਥ ਅਤੇ ਸਰਫਰੋਸ਼ ਪਰਵਾਨਿਆਂ ਦੀ ਉਸ ਸੂਰਬੀਰ ਤੇ ਸਰਦਾਰ ਖ਼ਾਲਸਾ ਕੌਮ ਨੂੰ ਜਨਮ ਦਿੱਤਾ, ਜਿਸ ਨੇ ਮਜ਼ਲੂਮ ਅਤੇ ਪੀੜਤ ਜਨਤਾ ਲਈ ਜਿੰਦੜੀਆਂ ਵਾਰਨਾ ਆਪਣਾ ਮੁੱਖ ਉਦੇਸ਼ ਮਿਥ ਲਿਆ। ਕੇਸਗੜ੍ਹ ਦੀ ਉੱਚੀ ਪਹਾੜੀ ਤੋਂ ਨੰਗੀ ਕਿਰਪਾਨ ਨਾਲ ਸੀਸ ਭੇਟ ਮੰਗ ਰਿਹਾ ਗੁਰੂ ਮੌਤ ਤੋਂ ਜੀਵਨ ਦੇਣ ਦਾ ਅਨੋਖਾ ਨੁਸਖਾ ਦੱਸ ਰਿਹਾ ਸੀ। ਉਨ੍ਹਾਂ ਨੇ ਐਲਾਨ ਕੀਤਾ:
ਜਿਨ ਕੀ ਜ਼ਾਤ ਔਰ ਕੁਲ ਮਾਹੀਂ,
ਸਰਦਾਰੀ ਨਹਿ ਭਈ ਕਦਾਹੀਂ।
ਉਨਹੀਂ ਕੋ ਸਰਦਾਰ ਬਣਾਵੋਂ,
ਤਬੈ ਗੋਬਿੰਦ ਸਿੰਘ ਨਾਮ ਸਦਾਵੋਂ।
ਸਦੀਆਂ ਤੋਂ ਲਤਾੜੇ ਆ ਰਹੇ ਅਛੂਤਾਂ ਨੂੰ ਅੱਜ ਪਹਿਲੀ ਵਾਰ ਆਪਣੇ ਮਨੁੱਖ ਹੋਣ ਦਾ ਅਹਿਸਾਸ ਹੋਇਆ। ਇੱਕੋ ਬਾਟੇ ਵਿੱਚੋਂ ਸਦੀਵੀ ਜੀਵਨ ਦੇਣ ਵਾਲੇ ਅੰਮ੍ਰਿਤ ਨੂੰ ਛਕ ਕੇ ਰੰਘਰੇਟੇ ਸੱਚਮੁਚ ‘ਗੁਰੂ ਕੇ ਬੇਟੇ’ ਬਣ ਗਏ। ਇਸ ਆਬੇ-ਹਯਾਤ ਨੇ ਚਿੜੀਆਂ ਤੋਂ ਬਾਜ਼ ਤੁੜਵਾਉਣ ਅਤੇ ਗਿੱਦੜਾਂ ਤੋਂ ਸ਼ੇਰ ਮਰਵਾਉਣ ਦੀ ਅਨੋਖੀ ਕਰਾਮਾਤ ਕਰ ਵਿਖਾਈ। ਜਦੋਂ ਪੰਥ ਦਾ ਵਾਲੀ ਕੌਮ ਨਿਰਮਾਤਾ ਹੋ ਕੇ ਆਪਣੇ ਹੀ ਚੇਲਿਆਂ ਅੱਗੇ ਅੰਮ੍ਰਿਤ-ਅਭਿਲਾਖੀ ਹੋਣ ਲਈ ਜੋਦੜੀ ਕਰ ਰਿਹਾ ਸੀ ਤਾਂ ਲੋਕਾਈ ਅਸ਼-ਅਸ਼ ਕਰ ਉੱਠੀ। ‘ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ’ ਦੀ ਧੁਨੀ ਨਾਲ ਧਰਤੀ-ਆਕਾਸ਼ ਗੂੰਜ ਉੱਠੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤਿ ਸਮਾਉਣ ਤੋਂ ਪਿੱਛੋਂ 1780 ਬਿਕ੍ਰਮੀ ਦੇ ਨੇੜੇ-ਤੇੜੇ ਕਵੀ ਭਾਈ ਗੁਰਦਾਸ ਸਿੰਘ ਨੇ ਪਹਿਲੀ ਵਾਰ ਵਿਚ ਸਪੱਸ਼ਟ ਕੀਤਾ ਹੈ ਕਿ ਖਾਲਸਾ ਪੰਥ ਅਕਾਲ ਪੁਰਖ ਦੇ ਹੁਕਮ ਨਾਲ ਪ੍ਰਗਟ ਹੋਇਆ ਹੈ:
ਫਿਰ ਐਸਾ ਹੁਕਮ ਅਕਾਲ ਕਾ ਜਗ ਮੈ ਪ੍ਰਗਟਾਨਾ।
ਤਬ ਸੁੰਨਤ ਕੋਇ ਨ ਕਰ ਸਕੈ ਕਾਂਪਤ ਤੁਰਕਾਨਾ।
ਇਉ ਉੱਮਤ ਸਭ ਮੁਹੰਮਦੀ ਖਪ ਗਈ ਨਿਦਾਨਾ।
ਤਬ ਫਤੇ ਡੰਕ ਜਗ ਮੈ ਘੁਰੇ ਦੁਖ ਦੁੰਦ ਮਿਟਾਨਾ।
ਤੀਸਰ ਪੰਥ ਚਲਾਇਅਨ ਵਡ ਸੂਰ ਗਹੇਲਾ।
ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰੁ ਚੇਲਾ।
ਗੁਰੂ ਜੀ ਦੀਆਂ ਲੜਾਈਆਂ ਜ਼ਰ, ਜ਼ੋਰੂ ਜਾਂ ਜ਼ਮੀਨ ਦੀ ਖ਼ਾਤਰ ਨਹੀਂ ਸਨ। ਸਗੋਂ ਉਹ:
ਹਮ ਇਹ ਕਾਜ ਜਗਤ ਮੋ ਆਏ॥
ਧਰਮ ਹੇਤ ਗੁਰਦੇਵ ਪਠਾਏ॥
ਜਹਾਂ ਤਹਾਂ ਤੁਮ ਧਰਮ ਬਿਥਾਰੋ॥
ਦੁਸਟ ਦੋਖੀਅਨਿ ਪਕਰਿ ਪਛਾਰੋ॥
ਯਾਹੀ ਕਾਜ ਧਰ ਹਮ ਜਨਮੰ॥
ਸਮਝ ਲੇਹੁ ਸਾਧੂ ਸਭ ਮਨਮੰ॥
ਧਰਮ ਚਲਾਵਨ ਸੰਤ ਉਬਾਰਨ॥
ਦੁਸਟ ਸਭਨ ਕੋ ਮੂਲ ਉਪਾਰਨ॥ (ਬਚਿਤ੍ਰ ਨਾਟਕ)
ਆਦਿ ਕਾਰਜਾਂ ਹਿਤ ਯੁੱਧ-ਭੂਮੀ ਵਿਚ ਨਿੱਤਰੇ ਸਨ। ਮਜ਼ਲੂਮ ਦੀ ਰੱਖਿਆ ਖ਼ਾਤਰ ਉਹ ਜ਼ਾਲਮ ਦੇ ਵਿਰੁੱਧ ਡਟ ਜਾਂਦੇ ਸਨ। ਹਿੰਦੂ-ਮੁਸਲਮਾਨ ਦਾ ਉਨ੍ਹਾਂ ਦੀ ਨਜ਼ਰ ਵਿਚ ਕੋਈ ਵਿਤਕਰਾ ਨਹੀਂ ਸੀ। ਉਨ੍ਹਾਂ ਦਾ ਫ਼ਰਮਾਨ ਸਾਫ਼ ਤੇ ਸਪੱਸ਼ਟ ਸੀ:
ਕੋਊ ਭਇਓ ਮੁੰਡੀਆ ਸੰਨਿਆਸੀ ਕੋਊ ਜੋਗੀ ਭਇਓ,
ਕੋਊ ਬ੍ਰਹਮਚਾਰੀ ਕੋਊ ਜਤੀ ਅਨੁਮਾਨਬੋ॥
ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ,
ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ॥
ਕਰਤਾ ਕਰੀਮ ਸੋਈ ਰਾਜਕ ਰਹੀਮ ਓਈ,
ਦੂਸਰੋ ਨ ਭੇਦ ਕੋਈ ਭੂਲ ਭ੍ਰਮ ਮਾਨਬੋ॥
ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ,
ਏਕ ਹੀ ਸਰੂਪ ਸਬੈ ਏਕੈ ਜੋਤ ਜਾਨਬੋ॥ (ਅਕਾਲ ਉਸਤਤ)
ਹਰ ਸਾਫ ਤੇ ਸਵੱਛ ਇਨਸਾਨ ਨੂੰ, ਹਰ ਸੱਚੇ ਤੇ ਸੁੱਚੇ ਹਿੰਦੂ ਮੁਸਲਮਾਨ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਖਿਆਤ ਰਾਮ ਤੇ ਰਹੀਮ ਵਿਖਾਈ ਦਿੰਦੇ ਸਨ। ਸੱਯਦ ਬੇਗ਼ ਵਰਗੇ ਸੈਨਾਪਤੀ ਗੁਰੂ ਜੀ ਦੇ ਨੂਰਾਨੀ ਮਸਤਕ ਦੀ ਤਾਬ ਨਾ ਝੱਲ ਸਕੇ। ਗੁਰੂ ਜੀ ਨੂੰ ਮਾਰਨ ਲਈ ਆਏ ਸੈਦ ਖਾਂ ਦੇ ਕਦਮ ਡਗਮਗਾ ਗਏ, ਉਸ ਦੇ ਹੱਥ ਥਰਥਰਾ ਗਏ ਤੇ ਉਸ ਦਾ ਮੱਥਾ ਇਸ ਮਹਾਨ ਪੈਗ਼ੰਬਰ ਦੇ ਮੁਤਬੱਰਕ ਚਰਨ-ਕੰਵਲਾਂ ਵਿਚ ਸਿਜਦੇ ਲਈ ਝੁਕ ਗਿਆ। ਕਿਰਪਾਨ ਦੀ ਧਾਰ ਦੇ ਵਾਰ ਨਾਲੋਂ ਗੁਰੂ ਜੀ ਦੇ ਪਿਆਰ ਦੀ ਮਾਰ ਕਿੰਨੀ ਪ੍ਰਬਲ ਸੀ! ਸੰਸਾਰ ਦਾ ਇਤਿਹਾਸ ਅਜਿਹੀ ਅਦੁੱਤੀ ਤੇ ਅਨੂਪਮ ਮਿਸਲ ਪੇਸ਼ ਕਰਨੋਂ ਅਸਮਰੱਥ ਰਿਹਾ ਹੈ।
ਭਾਈ ਘਨੱਈਆ ਜੀ ਵਰਗੇ ਮਹਾਨ ਸਮਦਰਸ਼ੀ ਤੇ ਪੂਰਨ ਬ੍ਰਹਮ-ਗਿਆਨੀ ਗੁਰੂ ਜੀ ਦੇ ਉਚ-ਆਦਰਸ਼ ਨੂੰ ਭਲੀ ਪ੍ਰਕਾਰ ਸਮਝ ਚੁਕੇ ਸਨ। ਉਹ ਪੱਖਪਾਤ ਤੇ ਵਿਤਕਰੇ ਨੂੰ ਭੁਲਾ ਕੇ ਅਨੰਦਪੁਰ ਸਾਹਿਬ ਦੀ ਭਿਆਨਕ ਤੇ ਲਹੂ-ਡੋਲ੍ਹਵੀਂ ਘਮਸਾਨ ਦੀ ਲੜਾਈ ਵਿਚ ਦੁਸ਼ਮਣਾਂ ਨੂੰ ਵੀ ਦੋਸਤ ਸਮਝ ਕੇ ਪਾਣੀ ਪਿਲਾ ਰਹੇ ਸਨ। ਭੁੱਲੜਾਂ ਨੇ ਸ਼ਿਕਾਇਤ ਕੀਤੀ। ਨਿਰਵੈਰ ਗੁਰੂ ਦੇ ਸਨਮੁਖ ਖਲੋਤੇ ਭਾਈ ਘਨੱਈਆ ਜੀ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ:
ਸੱਚੇ ਪਾਤਸ਼ਾਹ ਸਾਰੇ ਮੈਦਾਨ ਅੰਦਰ,
ਤੇਰੇ ਬਿਨਾਂ ਦੂਜਾ ਨਜ਼ਰ ਆਇਆ ਹੀ ਨਹੀਂ।
ਜਿੱਥੇ ਚੋਵਾਂ ਪਾਣੀ ਤੇਰਾ ਮੁਖ ਦਿੱਸੇ
ਕਿਸੇ ਗ਼ੈਰ ਦੇ ਮੂੰਹ ਵਿਚ ਪਾਇਆ ਹੀ ਨਹੀਂ।
1704 ਈ. ਨੂੰ ਨੀਲੇ ਦਾ ਸ਼ਾਹ-ਸਵਾਰ ਅਨੰਦਪੁਰੀ ਛੱਡ ਕੇ ਕੁਰਬਾਨੀਆਂ ਦੇਣ ਲਈ ਨਿਕਲ ਤੁਰਿਆ। 22 ਦਸੰਬਰ ਨੂੰ ਆਪਣੀਆਂ ਅੱਖਾਂ ਸਾਹਵੇਂ ਵੱਡੇ ਸਪੁੱਤਰਾਂ (ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ) ਦੀ ਜੋੜੀ ਚਮਕੌਰ ਦੀ ਕਰਬਲਾ ਅੰਦਰ ਹੱਸ-ਹੱਸ ਕੇ ਸ਼ਹੀਦ ਕਰਵਾ ਦਿੱਤੀ। ਇਸ ਤੋਂ ਪੰਜ ਦਿਨ ਪਿੱਛੋਂ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਵਜ਼ੀਰ ਖਾਂ ਸੂਬਾ ਸਰਹਿੰਦ ਦੇ ਹੁਕਮ ਨਾਲ ਨੀਹਾਂ ਵਿਚ ਚਿਣਵਾ ਕੇ ਸ਼ਹੀਦ ਕਰ ਦਿੱਤੇ ਗਏ। ਪੋਹ ਦੀਆਂ ਠੰਡੀਆਂ ਰਾਤਾਂ ਵਿਚ ਗੁਰੂ ਜੀ ਮਾਛੀਵਾੜੇ ਦੇ ਕੰਡਿਆਲੇ ਜੰਗਲਾਂ ਵਿਚ ਵਿਚਰ ਰਹੇ ਸਨ। ਆਪ ਦੇ ਪੈਰਾਂ ਵਿਚ ਛਾਲੇ ਹੀ ਛਾਲੇ ਸਨ ਪਰੰਤੂ ਚੜ੍ਹਦੀ ਕਲਾ ਵਾਲੇ ਚਿਹਰੇ ’ਤੇ ਮਲਾਲ ਦੀ ਥਾਂ ’ਤੇ ਜਲਾਲ ਸੀ। ਆਪ ਦੇ ਬੁੱਲ੍ਹਾਂ ’ਤੇ ਸ਼ੁਕਰਾਨੇ ਦਾ ਮਧੁਰ ਸੰਗੀਤ ਸੀ। ਉਹ ਗਾ ਰਹੇ ਸਨ:
ਮਿਤ੍ਰ ਪਿਆਰੇ ਨੂੰ ਹਾਲੁ ਮੁਰੀਦਾਂ ਦਾ ਕਹਣਾ॥
ਤੁਧ ਬਿਨੁ ਰੋਗੁ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਣਾ॥
ਸੂਲ ਸੁਰਾਹੀ ਖੰਜਰੁ ਪਿਯਾਲਾ ਬਿੰਗ ਕਸਾਈਯਾਂ ਦਾ ਸਹਣਾ॥
ਯਾਰੜੇ ਦਾ ਸਾਨੂੰ ਸੱਥਰੁ ਚੰਗਾ ਭੱਠ ਖੇੜਿਆ ਦਾ ਰਹਣਾ॥ (ਸ਼ਬਦ ਪਾ: 10)
ਇਥੇ ਹੀ ਗ਼ਨੀ ਖਾਂ ਤੇ ਨਬੀ ਖਾਂ ਨੇ ਉੱਚ ਦੇ ਪੀਰ ਲਈ ਆਪਣੀਆਂ ਸੇਵਾਵਾਂ ਭੇਟ ਕੀਤੀਆਂ। ਰਾਇ ਕੱਲਾ ਇਕ ਹੋਰ ਸੱਚਾ ਮੁਸਲਮਾਨ ਸੀ, ਜਿਸ ਨੂੰ ਕਲਗੀਧਰ ਦੀ ਅਜ਼ਮਤ ’ਤੇ ਦ੍ਰਿੜ੍ਹ ਵਿਸ਼ਵਾਸ ਸੀ। ਦੀਨੇ ਪਿੰਡ ਤੋਂ ਸਰਬੰਸਦਾਨੀ ਤੇ ਮਹਾਨ ਸੈਨਾਨੀ ਗੁਰੂ ਨੇ ਦਿੱਲੀ-ਪਤੀ ਬਾਦਸ਼ਾਹ ਔਰੰਗਜ਼ੇਬ ਆਲਮਗੀਰ ਨੂੰ ਇਕ ਇਤਿਹਾਸਕ ਪੱਤ੍ਰਿਕਾ ‘ਜ਼ਫਰਨਾਮਾ’ ਲਿਖੀ। ਉਸ ਵਿਚ ਗੁਰੂ ਜੀ ਨੇ ਅਤਿਆਚਾਰੀ ਬਾਦਸ਼ਾਹ ਨੂੰ ਲਲਕਾਰ ਕੇ ਆਖਿਆ ਸੀ:
ਚਿਹਾ ਸ਼ੁਦ ਕਿ ਚੂੰ ਬਚੁਗਾਂ ਕੁਸ਼ਤਾ ਚਾਰ।
ਕਿ ਬਾਕੀ ਬਿਮਾਦਸਤ ਪੇਚੀਦਾ ਮਾਰ।
ਨਾਜ਼ੇਬਦ ਤੁਰਾ ਨਾਮ ਔਰੰਗਜ਼ੇਬ।
ਕਿ ਔਰੰਗਜ਼ੇਬਾਂ ਨ ਬਾਇਦ ਫਰੇਬ।
ਚਿੱਠੀ ਦੇ ਜੋਸ਼ੀਲੇ ਸ਼ਬਦ ਪੜ੍ਹ ਕੇ ਔਰੰਗਜ਼ੇਬ ਵਰਗਾ ਪੱਥਰ- ਦਿਲ ਵੀ ਪੰਘਰ ਗਿਆ।
1705 ਈ. ਵਿਚ ਸ਼ਾਹੀ ਸੈਨਾਵਾਂ ਨਾਲ ਮੁਕਤਸਰ ਦੇ ਅਸਥਾਨ ’ਤੇ ਗੁਰੂ ਜੀ ਦੀ ਅੰਤਿਮ ਲੜਾਈ ਹੋਈ। ਭਾਈ ਮਹਾਂ ਸਿੰਘ ਦੇ ਸਾਹਮਣੇ ਬੇਦਾਵੇ ਦਾ ਕਾਗਜ਼ ਪਾੜ ਕੇ ਗੁਰੂ ਜੀ ਲੱਖੀ ਜੰਗਲ ਵਿੱਚੋਂ ਦੀ ਹੁੰਦੇ ਹੋਏ ਚੌਧਰੀ ਡੱਲੇ ਦੀ ਤਲਵੰਡੀ ਜਾ ਬਿਰਾਜੇ। ਇਸੇ ਪੁਨੀਤ ਤੇ ਪੁੰਨ ਭੂਮੀ ’ਤੇ ਗੁਰੂ ਜੀ ਨੇ ਭਾਈ ਮਨੀ ਸਿੰਘ ਦੇ ਹੱਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਸਰੂਪ ਤਿਆਰ ਕਰਵਾਇਆ। ਲਿਖਣਸਰ ਦੇ ਸਰੋਵਰ ਵਿਚ ਗੁਰੂ ਜੀ ਕਲਮਾਂ ਘੜ-ਘੜ ਕੇ ਸੁੱਟ ਰਹੇ ਸਨ ਅਤੇ ਉਸ ਧਰਮੱਗ ਧਰਤੀ ਨੂੰ ਆਪਣੀਆਂ ਸ਼ੁਭ ਕਾਮਨਾਵਾਂ ਨਾਲ ਵਰੋਸਾਉਂਦੇ ਹੋਏ ਆਖ ਰਹੇ ਸਨ:
ਇਹ ਹੈ ਪਰਗਟ ਹਮਾਰੀ ਕਾਂਸ਼ੀ,
ਪੜ੍ਹ ਹੈਂ ਈਹਾਂ ਢੋਰ ਮਤਰਾਸੀ।
ਅਖ਼ੀਰ ਸਿਰਲੱਥ ਸੂਰਬੀਰ ਬਾਬਾ ਦੀਪ ਸਿੰਘ ਜੀ ਨੂੰ ਦਮਦਮਾ ਸਾਹਿਬ ਦੀ ਸੇਵਾ-ਸੰਭਾਲ ਸੌਂਪ ਕੇ ਆਪ ਬਹਾਦਰ ਸ਼ਾਹ ਦੇ ਸੱਦੇ ’ਤੇ ਦੱਖਣ ਵੱਲ ਚਲੇ ਗਏ। ਉਥੋਂ ਹੀ ਮਾਧੋ ਦਾਸ ਬੈਰਾਗੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਬਣਾ ਕੇ ਜ਼ਾਲਮਾਂ ਨੂੰ ਸੋਧਣ ਲਈ ਪੰਜਾਬ ਵੱਲ ਤੋਰਿਆ ਅਤੇ ਆਪ ਗੋਦਾਵਰੀ ਨਦੀ ਦੇ ਕਿਨਾਰੇ ਅਬਿਚਲ ਨਗਰ ਸ੍ਰੀ ਹਜ਼ੂਰ ਸਾਹਿਬ ਨਾਂਦੇੜ, ਦੱਖਣ ਵਿਚ 42 ਵਰ੍ਹੇ ਦੀ ਸੰਸਾਰ ਯਾਤਰਾ ਪੂਰੀ ਕਰਕੇ 1708 ਵਿਚ ਆਪਣੀ ਜੋਤਿ ਨੂੰ ਗੁਰੂ ਗ੍ਰੰਥ-ਪੰਥ ਵਿਚ ਲੀਨ ਕਰਕੇ ਪਰਲੋਕ ਗਮਨ ਕਰ ਗਏ।
ਸੱਚਾਈ ਤੇ ਬੀਰਤਾ ਦੇ ਅਵਤਾਰ ਕਲਗੀਆਂ ਵਾਲੇ ਇਕ ਮਹਾਨ ਇਨਕਲਾਬੀ ਯੋਧੇ ਸਨ ਜੋ ਆਪਣੇ ਉੱਚ ਆਦਰਸ਼ ਤੇ ਮਹਾਨ ਲਕਸ਼ ਦੀ ਖ਼ਾਤਰ ਉਮਰ-ਭਰ ਜ਼ੁਲਮ ਦੇ ਵਿਰੁੱਧ ਸੰਘਰਸ਼ ਕਰਦੇ ਰਹੇ। ਆਪ ਜੀ ਦੀ ਗੌਰਵ-ਗਾਥਾ ਸਦਾ ਹਨੇਰੇ ਜੀਵਨਾਂ ਨੂੰ ਰੁਸ਼ਨਾਉਂਦੀ ਰਹੇਗੀ ਅਤੇ ਕਾਇਰ ਤੇ ਕਮਜ਼ੋਰ ਮਨਾਂ ਅੰਦਰ ਸੱਚਾਈ ਤੇ ਬੀਰਤਾ ਦਾ ਸੰਚਾਰ ਕਰਦੀ ਰਹੇਗੀ। ਸੂਫੀ ਸ਼ਾਇਰ ਸੱਯਦ ਬੁੱਲ੍ਹੇ ਸ਼ਾਹ ਨੇ ਆਪ ਦੇ ਆਗਮਨ ਦਾ ਪ੍ਰਭਾਵ ਦੱਸਦਿਆਂ ਕਿਹਾ ਹੈ:
ਨਾ ਕਹੂੰ ਜਬ ਕੀ ਨਾ ਕਹੂੰ ਤਬ ਕੀ ਬਾਤ ਕਹੂੰ ਮੈਂ ਅਬ ਕੀ।
ਅਗਰ ਨ ਹੋਤੇ ਗੁਰੂ ਗੋਬਿੰਦ ਸਿੰਘ ਸੁੰਨਤ ਹੋਤੀ ਸਭ ਕੀ।
ਇਸੇ ਹੀ ਪ੍ਰਸੰਗ ਵਿਚ ‘ਗੁਰਪ੍ਰਤਾਪ ਸੂਰਜ ਗ੍ਰੰਥ’ ਦੇ ਕਰਤਾ ਮਹਾਂਕਵੀ ਸੰਤੋਖ ਸਿੰਘ ਦੀਆਂ ਪੰਕਤੀਆਂ ਵੀ ਉਲੇਖਯੋਗ ਹਨ:
ਛਾਇ ਜਾਤੀ ਏਕਤਾ, ਅਨੇਕਤਾ ਬਿਲਾਇ ਜਾਤੀ,
ਹੋਵਤੀ ਕੁਚੀਲਤਾ, ਕਤੇਬਨ ਕੁਰਾਨ ਕੀ।
ਪਾਪ ਹੀ ਪਰਪੱਕ ਜਾਤੇ, ਧਰਮ ਧਸਕ ਜਾਤੇ,
ਬਰਨ ਗਰਕ ਜਾਤੇ, ਸਾਹਿਤ ਬਿਦਾਨ ਕੀ।
ਦੇਵੀ ਦੇਵ ਦੇਹੁਰੇ, ਸੰਤੋਖ ਸਿੰਘਾ ਦੂਰ ਹੋਤੇ,
ਰੀਤ ਮਿਟ ਜਾਤੀ ਕਥਾ, ਬੇਦਨ ਪੁਰਾਨ ਕੀ।
ਸਤਿਗੁਰੂ ਗੋਬਿੰਦ ਸਿੰਘ, ਪਾਵਨ ਪਰਮ ਸੂਰ,
ਮੂਰਤੀ ਨ ਹੋਤੀ ਜੋ ਪਹਿ, ਕਰੁਣਾ ਨਿਧਾਨ ਕੀ।
ਲੇਖਕ ਬਾਰੇ
ਪ੍ਰੋਫੈਸਰ ਤੇ ਮੁਖੀ ਪੰਜਾਬੀ ਵਿਭਾਗ, ਗੁਰੂ ਕਾਸ਼ੀ ਕਾਲਜ, ਦਮਦਮਾ ਸਾਹਿਬ-151302, ਬਠਿੰਡਾ
- ਪ੍ਰੋ. ਨਵਸੰਗੀਤ ਸਿੰਘhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%a8%e0%a8%b5%e0%a8%b8%e0%a9%b0%e0%a8%97%e0%a9%80%e0%a8%a4-%e0%a8%b8%e0%a8%bf%e0%a9%b0%e0%a8%98/
- ਪ੍ਰੋ. ਨਵਸੰਗੀਤ ਸਿੰਘhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%a8%e0%a8%b5%e0%a8%b8%e0%a9%b0%e0%a8%97%e0%a9%80%e0%a8%a4-%e0%a8%b8%e0%a8%bf%e0%a9%b0%e0%a8%98/April 1, 2008
- ਪ੍ਰੋ. ਨਵਸੰਗੀਤ ਸਿੰਘhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%a8%e0%a8%b5%e0%a8%b8%e0%a9%b0%e0%a8%97%e0%a9%80%e0%a8%a4-%e0%a8%b8%e0%a8%bf%e0%a9%b0%e0%a8%98/October 1, 2009
- ਪ੍ਰੋ. ਨਵਸੰਗੀਤ ਸਿੰਘhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%a8%e0%a8%b5%e0%a8%b8%e0%a9%b0%e0%a8%97%e0%a9%80%e0%a8%a4-%e0%a8%b8%e0%a8%bf%e0%a9%b0%e0%a8%98/June 1, 2010
- ਪ੍ਰੋ. ਨਵਸੰਗੀਤ ਸਿੰਘhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%a8%e0%a8%b5%e0%a8%b8%e0%a9%b0%e0%a8%97%e0%a9%80%e0%a8%a4-%e0%a8%b8%e0%a8%bf%e0%a9%b0%e0%a8%98/June 1, 2010
- ਪ੍ਰੋ. ਨਵਸੰਗੀਤ ਸਿੰਘhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%a8%e0%a8%b5%e0%a8%b8%e0%a9%b0%e0%a8%97%e0%a9%80%e0%a8%a4-%e0%a8%b8%e0%a8%bf%e0%a9%b0%e0%a8%98/December 1, 2010