editor@sikharchives.org
ਸ਼ਹੀਦ ਭਾਈ ਹਕੀਕਤ ਸਿੰਘ

ਸ਼ਹੀਦ ਭਾਈ ਹਕੀਕਤ ਸਿੰਘ

ਭਾਈ ਹਕੀਕਤ ਸਿੰਘ ਤੇਜ ਬੁੱਧੀ ਦੇ ਮਾਲਕ ਸਨ। ਉਹ ਆਪਣੀ ਵਿਦਵਤਾ ਦਾ ਲੋਹਾ ਆਪਣੇ ਸਹਿਪਾਠੀਆਂ ਅਤੇ ਅਧਿਆਪਕਾਂ ਨੂੰ ਮੰਨਵਾ ਚੁੱਕੇ ਸਨ।
ਬੁੱਕਮਾਰਕ ਕਰੋ (0)
Please login to bookmark Close
ਪੜਨ ਦਾ ਸਮਾਂ: 1 ਮਿੰਟ

ਪਾਕਿਸਤਾਨ ਦੇ ਜ਼ਿਲ੍ਹਾ ਸਿਆਲਕੋਟ ਦੀ ਤਹਿਸੀਲ ਡਸਕਾ ਵਿਚ ਗਲੋਟੀਆਂ ਖੁਰਦ ਨਾਂ ਦਾ ਪਿੰਡ ਅਬਾਦ ਹੈ। ਇਹ ਪਿੰਡ ਗੁੱਜਰਾਂਵਾਲਾ-ਸਿਆਲਕੋਟ ਮੁੱਖ ਸੜਕ ਚਾਰ ਕਿਲੋਮੀਟਰ ਦੀ ਦੂਰੀ ’ਤੇ ਵਾਕਿਆ ਹੈ। ਇਸ ਪਿੰਡ ਵਿਚ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਕਸ਼ਮੀਰ ਤੋਂ ਵਾਪਸ ਆਉਂਦੇ ਹੋਏ ਸੰਨ 1620 ਈ: ਵਿਚ ਇਕ ਬੋਹੜ ਦੇ ਰੁੱਖ ਹੇਠ ਬਿਰਾਜੇ ਸਨ। ਸੰਨ 1659-60 ਈ: ਵਿਚ ਸਤਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਨੇ ਵੀ ਆਪਣੇ ਚਰਨ ਸਪਰਸ਼ ਨਾਲ ਇਸ ਪਿੰਡ ਨੂੰ ਨਿਵਾਜਿਆ ਸੀ। ਇਸ ਪਿੰਡ ਦੇ ਨਿਵਾਸੀ ਭਾਈ ਨੰਦ ਲਾਲ ਨੇ ਗੁਰੂ ਸਾਹਿਬ ਦੀ ਬਹੁਤ ਸੇਵਾ ਕੀਤੀ। ਭਾਈ ਨੰਦ ਲਾਲ ਦੇ ਬਜ਼ੁਰਗ ਪਹਿਲਾਂ ਕਸੂਰ ਵਿਚ ਵੱਸਦੇ ਸਨ। ਇਸ ਘਰ ਨੂੰ ਗੁਰਸਿੱਖੀ ਦੀ ਦਾਤ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਪ੍ਰਾਪਤ ਹੋਈ ਸੀ। ਬਾਅਦ ਵਿਚ ਇਹ ਪਰਵਾਰ ਸਿਆਲਕੋਟ ਦੇ ਪਿੰਡ ਗਲੋਟੀਆਂ ਵਿਚ ਆ ਕੇ ਅਬਾਦ ਹੋ ਗਿਆ ਸੀ। ਇੱਥੇ ਭਾਈ ਨੰਦ ਲਾਲ ਜੀ ਨੇ ਆਪਣੇ ਪਿਤਾ ਸਮੇਤ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਤੋਂ ਚਰਨ ਪਾਹੁਲ ਲੈ ਕੇ ਗੁਰਸਿੱਖੀ ਜੀਵਨ ਧਾਰਨ ਕਰ ਲਿਆ। ਗੁਰੂ ਜੀ ਨੇ ਭਾਈ ਨੰਦ ਲਾਲ ਜੀ ਨੂੰ ਉਪਦੇਸ਼ ਦਿੰਦਿਆਂ ਕਿਹਾ ਸੀ ਕਿ ਕਦੀ ਵੀ ਕੇਸਾਂ ਦੀ ਬੇਅਦਬੀ ਨਹੀਂ ਕਰਨੀ ਤੇ ਤੰਬਾਕੂ ਦਾ ਸੇਵਨ ਬਿਲਕੁਲ ਨਹੀਂ ਕਰਨਾ। ਭਾਈ ਨੰਦ ਲਾਲ ਜੀ ਦੇ ਘਰ ਦੋ ਪੁੱਤਰਾਂ ਭਾਈ ਬਾਘ ਮੱਲ ਤੇ ਭਾਈ ਭਾਗ ਮੱਲ ਤੇ ਇਕ ਪੁੱਤਰੀ ਬੀਬੀ ਭਾਗਵੰਤੀ ਨੇ ਜਨਮ ਲਿਆ। ਇਨ੍ਹਾਂ ਨੇ ਇਲਾਕੇ ਵਿਚ ਸਿੱਖੀ ਦਾ ਪ੍ਰਚਾਰ ਕੀਤਾ। ਇਹ ਦੋਵੇਂ ਭਰਾ ਬਹੁਤ ਵਾਰ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ ਸ੍ਰੀ ਅਨੰਦਪੁਰ ਸਾਹਿਬ ਕਾਰ ਭੇਟਾ ਲੈ ਕੇ ਵੀ ਜਾਂਦੇ ਰਹੇ। ਭਾਈ ਨੰਦ ਲਾਲ ਨੇ ਆਪਣੇ ਦੋਵਾਂ ਪੁੱਤਰਾਂ ਦੀ ਸ਼ਾਦੀ ਮਹਾਨ ਸਿੰਘ ਭਾਈ ਘਨੱਈਆ ਦੇ ਜੀ ਦੇ ਪੁੱਤਰ ਭਾਈ ਲੱਛੀ ਰਾਮ ਸਿੰਘ ਦੀਆਂ ਪੁੱਤਰੀਆਂ ਬੀਬੀ ਕੌਰਾਂ ਤੇ ਬੀਬੀ ਗੌਰਾਂ ਨਾਲ ਕਰ ਦਿੱਤੀ।

ਬੀਬੀ ਭਾਗਵੰਤੀ ਦੀ ਸ਼ਾਦੀ ਪ੍ਰਮੁੱਖ ਸਿੱਖ ਪਰਵਾਰ ਵਿਚ ਭਾਈ ਸ਼ਿਵ ਰਾਮ (ਕਪੂਰ) ਨਾਲ ਵਜ਼ੀਰਾਬਾਦ ਵਿਖੇ ਕਰ ਦਿੱਤੀ। ਇਨ੍ਹਾਂ ਦੇ ਘਰ ਪੁੱਤਰੀ ਸਾਹਿਬ ਕੌਰ ਤੇ ਪੁੱਤਰ ਸਾਹਿਬ ਸਿੰਘ ਦਾ ਜਨਮ ਹੋਇਆ। ਬੀਬੀ ਸਾਹਿਬ ਕੌਰ ਦੀ ਸ਼ਾਦੀ ਬਾਬਾ ਬੰਦਾ ਸਿੰਘ ਬਹਾਦਰ ਨਾਲ ਹੋਈ ਸੀ।

ਭਾਈ ਬਾਘ ਮੱਲ ਸਰਕਾਰੀ ਦਫ਼ਤਰ ਵਿਚ ਨੌਕਰ ਹੋ ਗਏ। ਇਨ੍ਹਾਂ ਦੇ ਘਰ ਬੀਬੀ ਕੌਰਾਂ ਦੀ ਕੁੱਖੋਂ ਇਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਂ ਹਕੀਕਤ ਰੱਖਿਆ ਗਿਆ। ਭਾਈ ਅਗਰਾ ਸਿੰਘ (ਸੇਠੀ) ਵਾਰ ਹਕੀਕਤ ਰਾਇ ਵਿਚ ਲਿਖਦੇ ਹਨ:

ਵਾਰ ਹਕੀਕਤ ਧਰਮੀ ਦੀ ਵਾਸੀ ਸਿਆਲਕੋਟ ਵਿਚ ਆਇਆ।
ਹਕੀਕਤ ਰਾਇ ਦੀ ਸੁਣੋ ਜਿਸ ਇਹ ਧਰਮ ਰਖਾਇ
ਥਿਤ ਦੁਆਦਸੀ ਕਤਕ ਮਾਸੇ ਅੰਮ੍ਰਿਤ ਵੇਲੇ ਛਾਇਆ।
ਕ੍ਰਿਸ਼ਨ ਪਖ ਨੇ ਰਾਤਿ ਅੰਧੇਰੀ ਮਾਤਾ ਕੌਰਾਂ ਜਾਇਆ।
ਅਗਰਾ ਬਾਗ ਮਲ ਘਰ ਜਨਮ ਲੀਆ,
ਪਰ ਸਿਆਲ ਕੋਟ ਵਿਚ ਆਇਆ।

ਉਪਰੋਕਤ ਸੂਚਨਾ ਅਨੁਸਾਰ ਭਾਈ ਹਕੀਕਤ ਸਿੰਘ ਜੀ ਦਾ ਜਨਮ ਕੱਤਕ ਵਦੀ ਦੁਆਦਸ਼ੀ ਸੰਮਤ 1773 ਬਿਕ੍ਰਮੀ ਅਨੁਸਾਰ 22 ਸਤੰਬਰ 1716 ਈ: ਨੂੰ ਸ਼ਨੀਵਾਰ ਦੇ ਦਿਨ ਹੋਇਆ। ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਪਤਨੀ ਬੀਬੀ ਸਾਹਿਬ ਕੌਰ ਭਾਈ ਹਕੀਕਤ ਸਿੰਘ ਜੀ ਦੀ ਭੂਆ ਦੀ ਪੁੱਤਰੀ (ਭੈਣ) ਸੀ।

ਭਾਈ ਹਕੀਕਤ ਸਿੰਘ ਜੀ ਨੂੰ ਵਿੱਦਿਆ ਪ੍ਰਾਪਤੀ ਲਈ ਸਿਆਲਕੋਟ ਦੀ ਇਕ ਮਸੀਤ ਵਿਚ ਭੇਜਿਆ ਜਾਂਦਾ ਸੀ। ਇਹ ਮਸੀਤ ਖੁਸਰਿਆਂ ਦੀ ਗਲੀ ਵਿਚ ਹੈ। ਇਸ ਮਸੀਤ ਦਾ ਮੌਲਵੀ ਅਬਦੁਲ ਹੱਕ ਸੀ। ਭਾਈ ਹਕੀਕਤ ਸਿੰਘ ਦੀ ਉਮਰ ਉਸ ਸਮੇਂ 7 ਸਾਲ ਦੀ ਸੀ। ਭਾਈ ਅਗਰਾ ਸਿੰਘ (ਸੇਠੀ) ਅਨੁਸਾਰ:

ਸੱਤਾਂ ਬਰਸਾਂ ਦਾ ਹੋਇਆ ਧਰਮੀਂ ਮੁਲਾਂ ਦੇ ਪੜ੍ਹਨੇ ਆਇਆ।
ਰੋਕ ਰੁਪਈਆ ਗੁੜ ਦੀ ਰੋੜੀ ਮੁਲਾਂ ਦੀ ਨਜ਼ਰ ਟਿਕਾਇਆ।
ਬਾਗ ਮੱਲ ਸੌਂਪਿਆ ਮੁਲਾਂ ਨੂੰ ਬੇਟਾ ਕਰ ਬੁਲਾਇਆ।
ਕਹੁਜੀ ਦੋਸ ਕਿਸੇ ਨੂੰ ਕਿਆ ਕੋਈ ਦੇਵੇ, ਜਾਂ ਹੋਣੀ ਦਸਤ ਉਠਾਇਆ।

ਬਟਾਲਾ ਵਿਖੇ ਭਾਈ ਕਿਸ਼ਨ ਸਿੰਘ, ਭਾਈ ਡੱਲ ਸਿੰਘ ਤੇ ਭਾਈ ਮੱਲ ਸਿੰਘ ਤਿੰਨ ਭਰਾਵਾਂ ਦਾ ਪਰਵਾਰ ਵੱਸਦਾ ਸੀ। ਇਹ ਤਿੰਨੇ ਭਰਾ ਸ. ਬੁੱਧ ਸਿੰਘ ਬਟਾਲੀਆ ਪਾਸੋਂ ਖੰਡੇ ਦੀ ਪਾਹੁਲ ਪ੍ਰਾਪਤ ਕਰਕੇ ਸਿੰਘ ਸਜੇ ਸਨ। ਇਸ ਘਰਾਣੇ ਵਿਚ ਭਾਈ ਹਕੀਕਤ ਸਿੰਘ ਦੇ ਤਾਏ ਭਾਈ ਭਾਗ ਮੱਲ ਦਾ ਪੁੱਤਰ ਬਟਾਲਾ ਨਿਵਾਸੀ ਭਾਈ ਮੱਲਾ ਸਿੰਘ ਦੀ ਸਪੁੱਤਰੀ ਬੀਬੀ ਨੋਭੀ ਉਰਫ ਅਨੋਖੀ ਨਾਲ ਵਿਆਹਿਆ ਹੋਇਆ ਸੀ। ਬੀਬੀ ਨੋਭੀ ਨੇ ਆਪਣੇ ਚਾਚੇ ਕਿਸ਼ਨ ਸਿੰਘ ਦੀ ਪੁੱਤਰੀ (ਭੈਣ) ਨੰਦੀ ਉਰਫ ਦੁਰਗਾ ਦੇ ਰਿਸ਼ਤੇ ਦੀ ਗੱਲ ਭਾਈ ਹਕੀਕਤ ਸਿੰਘ ਨਾਲ ਕਰਨ ਬਾਰੇ ਦੋਵੇਂ ਪਰਵਾਰਾਂ ਵਿਚ ਤੋਰੀ।

ਭਾਈ ਹਕੀਕਤ ਸਿੰਘ ਜੀ ਦਾ ਵਿਆਹ ਛੋਟੀ ਉਮਰ ਵਿਚ ਹੀ ਭਾਈ ਕ੍ਰਿਸ਼ਨ ਸਿੰਘ (ਉੱਪਲ) ਦੀ ਪੁੱਤਰੀ ਬੀਬੀ ਨੰਦ ਕੌਰ (ਨੰਦੀ) ਨਾਲ ਹੋਇਆ। ਕਈ ਇਤਿਹਾਸਕਾਰਾਂ ਨੇ ਨਾਂ ਦੁਰਗਾ ਵੀ ਲਿਖਿਆ ਹੈ। ਭਾਈ ਅਗਰਾ ਸਿੰਘ (ਸੇਠੀ) ਇਸ ਸਬੰਧੀ ਲਿਖਦੇ ਹਨ:

ਅੱਠਾਂ ਬਰਸਾਂ ਦਾ ਹੋਇਆ ਧਰਮੀ ਕਰਦਾ ਬਹੁ ਚਤੁਰਾਈ।
ਡੱਲ ਸਿੰਘ, ਮੱਲ ਸਿੰਘ, ਕਿਸ਼ਨ ਸਿੰਘ ਤ੍ਰੈ ਭਾਈ।
ਉਪਲ ਜਾਤ ਬਟਾਲੇ ਵਾਸੀ, ਭੇਜੀ ਉਸ ਕੁੜਮਾਈ।
ਤ੍ਰੈ ਲਾਗੀ ਸਮਨ ਲਿਆਏ, ਭੱਟ ਪ੍ਰੋਹਤ ਨਾਈ।
ਸ਼ਾਦੀ ਹੋਈ ਨਾਰੀ ਗਾਵਣ ਆ ਕੇ ਦੇਣ ਵਧਾਈ।

ਆਪ ਜੀ ਦੀ ਸ਼ਾਦੀ ਸਬੰਧੀ ਪੰਥ ਪ੍ਰਸਿੱਧ ਇਤਿਹਾਸਕਾਰ ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿਚ ਲਿਖਦੇ ਹਨ:

ਮਲ ਸਿੰਘ ਦਲ ਸਿੰਘ ਕਿਸ਼ਨ ਸਿੰਘ ਥੇ ਖਤ੍ਰੀ ਤੀਨੋ ਭਾਈ।
ਉੱਪਲ ਗੋਤ ਬਟਾਲੇ ਵਸਦੇ ਸੁਤਾ ਕਿਸ਼ਨ ਸਿੰਘ ਜਾਈ।
ਦੁਰਗਾ ਨਾਮ ਤਾਹਿਕਾ ਰਖਯੋ ਹੋਈ ਜਬੈ ਸਿਆਨੀ।
ਸ਼ਾਦੀ ਰਾਇ ਹਕੀਕਤ ਸੰਗੈਂ ਤਿਸਕੀ ਭਈ ਮਹਾਨੀ।
ਚਾਚੇ ਤਾਏ ਬਾਪ ਤਹਿ ਕੇ ਥੇ ਹਠੀਏ ਸਿੰਘ ਭਾਰੇ।

ਆਪ ਜੀ ਦੇ ਘਰ ਇਕ ਪੁੱਤਰ ਸ. ਬਿਜੈ ਸਿੰਘ ਨੇ ਜਨਮ ਲਿਆ। ਗਿਆਨੀ ਗਿਆਨ ਸਿੰਘ ਰਚਿਤ ਪੰਥ ਪ੍ਰਕਾਸ਼ ਅਨੁਸਾਰ :

ਤਬ ਲੋ ਪੜਿਓ ਫਾਰਸੀ ਅਰਬੀ ਇਕ ਸੁਤ ਪੈਦਾ ਕੀਓ।
ਉਮਰ ਅਠਾਰਾਂ ਬਰਸਾਂ ਦੀ ਵਿਚ ਜੂਨ ਰੰਗੀਲਾ ਥੀਓ।

ਭਾਈ ਹਕੀਕਤ ਸਿੰਘ ਤੇਜ ਬੁੱਧੀ ਦੇ ਮਾਲਕ ਸਨ। ਉਹ ਆਪਣੀ ਵਿਦਵਤਾ ਦਾ ਲੋਹਾ ਆਪਣੇ ਸਹਿਪਾਠੀਆਂ ਅਤੇ ਅਧਿਆਪਕਾਂ ਨੂੰ ਮੰਨਵਾ ਚੁੱਕੇ ਸਨ। ਇਕ ਵਾਰ ਸਿਆਲਕੋਟ ਦੇ ਸ਼ਾਹੀ ਕਾਜ਼ੀ ਮੌਲਵੀ ਅਬਦੁਲ ਹੱਕ ਨੂੰ ਵੀ ਬਹਿਸ ਵਿਚ ਨਿਰਉੱਤਰ ਕਰ ਚੁੱਕੇ ਸਨ। ਪੰਥ ਪ੍ਰਕਾਸ਼ ਦੇ ਕਰਤਾ ਗਿਆਨੀ ਗਿਆਨ ਸਿੰਘ ਲਿਖਦੇ ਹਨ:

ਉਸੀ ਜਮਾਨੇ ਮੈਂ ਭਯੇ ਸਿਆਲਕੋਟ ਕੇ ਮਾਂਹਿ।
ਬੇਟਾ ਖੱਤ੍ਰੀ ਕਾ ਭਲੋ ਰਾਇ ਹਕੀਕਤ ਆਹਿ।
ਪਢਤ ਮੋਲਵੀ ਢਿਗ ਹੁੱਤੋਂ, ਬਹੁਤ ਭਯੋ ਹੁਸ਼ਿਆਰ।
ਇਕ ਦਿਨ ਕਾਜ਼ੀ ਸੋਂ ਭਈ ਬਹਿਸ ਦੀਨ ਕੀ ਡਾਰ।
ਲਾ ਜਵਾਬ ਕਾਜੀ ਕਰਾਯੋ ਜਬ ਲੜਕੇ ਨੇ ਨੀਕ। (ਪੰਥ ਪ੍ਰਕਾਸ਼, ਛਾਪ ਪਹਿਲੀ, ਅਧਿ: 32 ਸਫ਼ਾ 332)

ਇਕ ਵਾਰ ਉਨ੍ਹਾਂ ਨਾਲ ਕੁਝ ਮੁਸਲਮਾਨ ਵਿਦਿਆਰਥੀਆਂ ਨੇ ਅਪਮਾਨਜਨਕ ਸ਼ਬਦਾਂ ਵਿਚ ਗੱਲ ਕੀਤੀ। ਭਾਈ ਹਕੀਕਤ ਸਿੰਘ ਨੇ ਉਨ੍ਹਾਂ ਨੂੰ ਸਮਝਾਇਆ ਕਿ ਕਿਸੇ ਵੀ ਧਰਮ ਪ੍ਰਤੀ ਅਪਮਾਨਜਨਕ ਸ਼ਬਦ ਨਹੀਂ ਕਹਿਣੇ ਚਾਹੀਦੇ। ਜੇਕਰ ਕੋਈ ਮੁਸਲਮਾਨ ਧਰਮ ਪ੍ਰਤੀ ਇਸ ਤਰ੍ਹਾਂ ਦੇ ਸ਼ਬਦਾਂ ਦਾ ਪ੍ਰਯੋਗ ਕਰੇਗਾ ਤਾਂ ਆਪ ਦੇ ਦਿਲ ’ਤੇ ਕੀ ਬੀਤੇਗੀ? ਮੁਸਲਮਾਨ ਵਿਦਿਆਰਥੀਆਂ ਨੇ ਉਨ੍ਹਾਂ ਦੇ ਇਸ ਸੁਝਾਉ ਨੂੰ ਚੁਣੌਤੀ ਵਜੋਂ ਲਿਆ। ਉਨ੍ਹਾਂ ਨੇ ਉਸ ’ਤੇ ਦੋਸ਼ ਲਗਾ ਦਿੱਤਾ ਕਿ ਇਹ ਮੁਸਲਮਾਨ ਧਰਮ ਪ੍ਰਤੀ ਗਲਤ ਬਿਆਨ ਕਰਦਾ ਹੈ। ਝਗੜਾ ਬਹੁਤ ਜਿਆਦਾ ਵਧ ਗਿਆ। ਭਾਈ ਹਕੀਕਤ ਸਿੰਘ ਵੱਲੋਂ ਦਿੱਤੇ ਸੁਝਾਅ ਨੂੰ ਇਸਲਾਮ ਪ੍ਰਤੀ ਅਪਮਾਨ ਮੰਨ ਕੇ ਝੂਠਾ ਦੋਸ਼ੀ ਠਹਿਰਾ ਦਿੱਤਾ ਗਿਆ। ਪਹਿਲਾਂ ਇਹ ਸਾਰਾ ਮਸਲਾ ਉਸਤਾਦ ਸੁਲੇਮਾਨ ਖਾਂ ਨੇ ਕਾਜ਼ੀ ਅਬਦੁੱਲ ਹੱਕ ਪਾਸ ਪਹੁੰਚਦਾ ਕਰ ਦਿੱਤਾ। ਕਾਜ਼ੀ ਵੱਲੋਂ ਕੀਤੀ ਗਈ ਪੁੱਛ-ਪੜਤਾਲ ਵਿਚ ਭਾਈ ਹਕੀਕਤ ਸਿੰਘ ਨੇ ਉਸ ਨੂੰ ਨਿਰਉੱਤਰ ਕਰ ਦਿੱਤਾ। ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿਚ ਇਸ ਬਾਰੇ ਦੱਸਦੇ ਹਨ:

ਹੋਇ ਨਿਰੁੱਤਰ ਸ਼ਰਮਿੰਦੇ ਵਹਿ ਕਾਜੀ ਪਾਸ ਪੁਕਾਰੇ।
ਕਾਜੀ ਪਾਜੀ ਜਾਲਮ ਖਾਂ ਢਿਗ ਹਾਕਮ ਗਯੋ ਸ਼ਕਾਰੇ।
ਚੁਗਲੀ ਉਗਲੀ ਦੁਗਲੀ ਕੇ ਬਹੁ ਸੱਚੀ ਝੂਠੀ ਲਾ ਕੈ।
ਨਾਮ ਅਮੀਰ ਬੇਗ ਥਾ ਹਾਕਮ ਤਿਸ ਸੋ ਮਤਾ ਪਕਾ ਕੈ।
ਸੱਦ ਹਕੀਕਤ ਰਾ ਕੋ ਭਾਖਯੋ ਤੁਮ ਗੁਨਾਹ ਕਿਯ ਭਾਰੀ।
ਹਮਰੈ ਪੈਗੰਬਰ ਕੀ ਬੇਟੀ ਕੋ ਤੈਂ ਦੀਨੀ ਗਾਰੀ।

ਕਾਜ਼ੀ ਨੇ ਉਸ ਸਮੇਂ ਦੇ ਸ਼ਾਸਕ ਸਿਆਲਕੋਟ ਦੇ ਪ੍ਰਬੰਧਕ ਕਾਜ਼ੀ ਅਮੀਰ ਬੇਗ ਦੇ ਪੇਸ਼ ਕਰ ਦਿੱਤਾ। ਕਾਜ਼ੀ ਨੇ ਭਾਈ ਹਕੀਕਤ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ। ਕਾਜ਼ੀ ਦੇ ਫੈਸਲੇ ਤੋਂ ਬਾਅਦ ਸਿਪਾਹੀ ਭਾਈ ਹਕੀਕਤ ਸਿੰਘ ਜੀ ਨੂੰ ਗ੍ਰਿਫ਼ਤਾਰ ਕਰ ਕੇ ਲਾਹੌਰ ਵੱਲ ਨੂੰ ਤੁਰ ਪਏ।

ਲਾਹੌਰ ਜਾਂਦੇ ਸਮੇਂ ਇਹ ਪਹਿਲੀ ਰਾਤ ਡਸਕੇ ਨਗਰ ਵਿਚ ਠਹਿਰੇ। ਡਸਕੇ ਸ਼ਹਿਰ ਦੇ ਮੁਖੀ ਅਹੁਦੇਦਾਰ ਭਾਈ ਹਕੀਕਤ ਸਿੰਘ ਦੇ ਪਿਤਾ ਦੀ ਬਹੁਤ ਇੱਜਤ ਕਰਦੇ ਸਨ। ਡਸਕੇ ਦੇ ਮੁਖੀ ਰੂਪ ਚੰਦ ਨੇ ਕਾਜ਼ੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਪਰ ਉਸ ਨੇ ਅੱਗੇ ਲਾਹੌਰ ਦੇ ਕਾਜ਼ੀ ਫਤਹਿ ਬੇਗ ਦਾ ਡਰ ਪੇਸ਼ ਕੀਤਾ। ਅਗਲੀ ਰਾਤ ਏਮਨਾਬਾਦ ਵਿਖੇ ਬਿਤਾਈ ਗਈ। ਅਗਲੇ ਦਿਨ ਏਮਨਾਬਾਦ ਤੋਂ ਚੱਲ ਕੇ ਇਸ ਕਾਫਲੇ ਨੇ ਰਸਤੇ ਵਿਚ ਸ਼ਾਹ ਦਉਲੇ ਦੇ ਪੁਲ ’ਤੇ ਕੁਝ ਸਮਾ ਅਰਾਮ ਕੀਤਾ। ਸ਼ਾਹ ਦਉਲੇ ਦੇ ਮਕਬਰੇ ਦੇ ਮਜਾਉਰਾਂ ਨੇ ਵੀ ਭਾਈ ਹਕੀਕਤ ਸਿੰਘ ਨੂੰ ਛੁਡਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਅਗਲੀ ਰਾਤ ਇਹ ਕਾਫਲਾ ਫਜ਼ਲਾਬਾਦ ਪਹੁੰਚ ਗਿਆ। ਫਜ਼ਲਾਬਾਦ ਦੇ ਫੌਜੀ ਅਫ਼ਸਰ ਕਸੂਰ ਬੇਗ ਨੇ ਵੀ ਮੌਲਵੀ ਅਬਦੁੱਲ ਹੱਕ ਨੂੰ ਇਸ ਤਰ੍ਹਾਂ ਦਾ ਪਾਪ ਕਰਨ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ। ਚੌਥੀ ਰਾਤ ਕਾਫਲੇ ਨੂੰ ਲਾਹੌਰ ਦੇ ਨਜ਼ਦੀਕ ਸ਼ਾਹਦਰੇ ਵਿਖੇ ਆਈ। ਇੱਥੋਂ ਦੇ ਮੁਖੀ ਧਰ ਦਰਗਾਹੀ ਨੇ ਵੀ ਕਾਜ਼ੀ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਮੰਨਿਆ। ਆਖਰ ਪੰਜਵੇਂ ਦਿਨ ਭਾਈ ਹਕੀਕਤ ਸਿੰਘ ਦਾ ਇਹ ਸਾਰਾ ਮਾਮਲਾ ਲਾਹੌਰ ਦੇ ਹਾਕਮ ਜ਼ਕਰੀਆ ਖਾਂ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਜ਼ਕਰੀਆ ਖਾਂ ਨੇ ਭਾਈ ਹਕੀਕਤ ਸਿੰਘ ਨੂੰ ਇਸਲਾਮ ਧਰਮ ਧਾਰਨ ਜਾਂ ਮੌਤ ਕਬੂਲ ਕਰਨ ਲਈ ਕਿਹਾ। ਪੰਥ ਪ੍ਰਕਾਸ਼ ਦੇ ਕਰਤਾ ਗਿਆਨੀ ਗਿਆਨ ਸਿੰਘ ਅਨੁਸਾਰ:

ਨਹੀਂ ਤੁ ਦੀਨ ਕਬੂਲ ਹਮਾਰਾ ਜੇ ਚਾਹਿਤ ਹੈਂ ਜੀਓ।

ਭਾਈ ਹਕੀਕਤ ਸਿੰਘ ਨੇ ਕਾਜ਼ੀ ਤੋਂ ਜੋ ਪੁੱਛਿਆ ਉਸ ਬਾਰੇ ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿਚ ਲਿਖਦੇ ਹਨ ਕਿ:

ਇਸੀ ਬਾਤ ਪਰ ਬਹਿਸ ਭਯੋ ਫਿਰ ਕਹਯੋ ਹਕੀਕਤ ਰਾਨੇ।
ਕਿਸੀ ਕਿਤਾਬ ਸ਼ਰਾ ਵਿਚ ਨਾਹੀਂ ਜੋ ਤੂ ਸੁਕਸ ਬਖਾਨੇ।

ਦੀਵਾਨ ਸੂਰਤ ਸਿੰਘ, ਸ. ਜਗਤ ਸਿੰਘ ਤੇ ਜੰਬਰ ਪਿੰਡ ਦੇ ਰਹਿਣ ਵਾਲੇ ਕੋਤਵਾਲ ਸ. ਸੁਬੇਗ ਸਿੰਘ ਆਦਿ ਨੇ ਵੀ ਭਾਈ ਹਕੀਕਤ ਸਿੰਘ ਨੂੰ ਛੁਡਾਉਣ ਲਈ ਪੂਰਾ ਤਾਣ ਲਾਇਆ ਪਰ ਸਾਰੇ ਹੀ ਅਸਫਲ ਰਹੇ।

ਭਾਈ ਹਕੀਕਤ ਸਿੰਘ ਨੇ ਆਪਣਾ ਧਰਮ ਛੱਡਣ ਤੋਂ ਇਨਕਾਰ ਕਰਦਿਆਂ ਮੌਤ ਦੀ ਸਜ਼ਾ ਨੂੰ ਕਬੂਲ ਕਰ ਲਿਆ।

ਤਬ ਤਿਸ ਕਾਜ਼ੀ ਦੁਸ਼ਟ ਨੇ ਮਿਲ ਹਾਕਮਾ ਸੋ ਠੀਕ।
ਕਰਨਾ ਚਾਹਿਓ ਤੁਰਕ ਤਹ ਲੜਕੇ ਮਾਨਯੋ ਨਾਂਹਿ।

ਭਾਈ ਹਕੀਕਤ ਸਿੰਘ ਨੂੰ ਡਰਾਉਣ ਧਮਕਾਉਣ ਲਈ ਕਈ ਤਰ੍ਹਾਂ ਦੇ ਤਸੀਹੇ ਤੇ ਲਾਲਚ ਵੀ ਦਿੱਤੇ ਗਏ। ਪਰ ਭਾਈ ਸਾਹਿਬ ਕਿਸੇ ਵੀ ਤਰ੍ਹਾਂ ਆਪਣਾ ਧਰਮ ਤਿਆਗਣ ਲਈ ਟੱਸ ਤੋਂ ਮੱਸ ਨਹੀਂ ਹੋਏ।

ਸਿਰਰ ਤਜਓਨਹ, ਸਿਰ ਦਯੋ ਤਬ ਬਾਲਕ ਨੇ ਚਾਹਿ।

ਅਗਰਾ ਸਿੰਘ (ਸੇਠੀ) ਅਨੁਸਾਰ ਭਾਈ ਹਕੀਕਤ ਸਿੰਘ ਨੇ ਜਵਾਬ ਦਿੱਤਾ:

ਹਕੀਕਤ ਰਾਇ ਮੁਖ ਬਚਨ ਜੋ ਕੀਤਾ, ਫਿਰਸੀ ਹੋਰ ਜਮਾਨਾ।
ਨਾ ਰਹੇ ਕਚਹਿਰੀ ਜ਼ਾਲਮ ਦੀ, ਨਾ ਰਹੇ ਅਮੀਰ ਦਿਵਾਨਾ।
ਕਾਜ਼ੀ ਮੁਲਾਂ ਕੋਈ ਨ ਰਹਿ ਸੀ, ਪੜ੍ਹ ਪੜ੍ਹ ਗਏ ਕੁਰਾਨਾਂ।
ਨਿਮਾਜ਼ ਵੀ ਰੋਜ਼ੇ ਕੋਈ ਨਾ ਰਖਸੀ, ਸਾਬਤ ਜਿਸ ਈਮਾਨਾਂ।
ਸਤਿਰ ਬੀਬੀਆਂ ਸਭ ਛੱਡ ਜਾਸਨ, ਅਗਦ ਭੀ ਨਾਲ ਗੁਲਾਮਾਂ।
ਹਕੀਕਤ ਕਹੇ ਖਾਲਸਾ ਹੋਇਆ,ਫਿਰ ਬੋਲਣ ਫਤਹ ਦਮਾਮਾਂ।

ਲਾਹੌਰ ਦੇ ਹਾਕਮ ਵੱਲੋਂ ਪਹਿਲਾਂ ਭਾਈ ਹਕੀਕਤ ਸਿੰਘ ਨੂੰ ਕੋਰੜੇ ਮਾਰਨ ਦਾ ਹੁਕਮ ਦਿੱਤਾ ਗਿਆ। ਅਗਰਾ ਸਿੰਘ (ਸੇਠੀ) ਅਨੁਸਾਰ:

ਬਧੇ ਨੇ ਹਕੀਕਤ ਰਾਇ ਨੂੰ, ਇਕ ਨਾਲ ਥਮ ਦੇ ਕੜਿਆ।
ਚੋਭਾਂ ਦੇਵਣ ਨਾਲ ਕਰਦ ਦੇ, ਕੋਟੜਿਆਂ ਮੂੰਹ ਧਰਿਆ।
ਤੋਬਾ ਤੋਬਨਾ ਬੋਲੇ ਮੂੰਹ ਥੀਂ, ਨਾ ਸਵਾਲ ਰੱਬ ਕਰਿਆ।
ਕਹੁ ਜੀ ਧੰਨ ਹਕੀਕਤ ਦਾ ਹੀਆ, ਜਿਸ ਦੁਖ ਹਡਾਂ ਵਿਚ ਜਰਿਆ।

ਭਾਈ ਹਕੀਕਤ ਸਿੰਘ ਦੀ ਸ਼ਹਾਦਤ ਦਾ ਇਕ ਕਾਰਨ ਇਨ੍ਹਾਂ ਦੇ ਮਾਮਾ ਭਾਈ ਅਰਜਨ ਸਿੰਘ ਦਾ ਸਿਆਲਕੋਟ ਇਨ੍ਹਾਂ ਪਾਸ ਆਉਣਾ-ਜਾਣਾ ਵੀ ਮੰਨਿਆ ਜਾਂਦਾ ਹੈ। ਕਿਉਂਕਿ ਜ਼ਕਰੀਆ ਖਾਂ ਨੇ ਇਹ ਐਲਾਨ ਕੀਤਾ ਹੋਇਆ ਸੀ ਜਿਸ ਬਾਰੇ ਭਾਈ ਰਤਨ ਸਿੰਘ (ਭੰਗੂ) ਪ੍ਰਾਚੀਨ ਪੰਥ ਪ੍ਰਕਾਸ਼ ਵਿਚ ਜ਼ਿਕਰ ਕਰਦੇ ਹਨ:

ਜੋ ਸਿੰਘਨ ਕੌ ਕੋਊ ਲੁਕਾਵੈ। ਸੋ ਵਹਿ ਆਪਨੀ ਜਾਨ ਗਵਾਵੈ।
ਆਏ ਸਿੰਘ ਬਤਾਵੈ ਨਾਂਹੀ, ਵੈ ਭੀ ਆਪਨੀ ਜਿੰਦ ਗੁਵਾਹੀ।
ਜੋ ਸਿੰਘਨ ਕੋ ਸਾਕ ਕਰੇਵੈ, ਮੁਸਲਮਾਨ ਸੋ ਹੋਵਨ ਲੇਵੈ।
ਜੋ ਸਿੰਘਨ ਕੌ ਦੇਵੈ ‘ਨਾਜ’।
ਮੁਸਲਮਾਨ ਕਰੋਂ ਤਿਸ ਕਾਜ॥4॥

ਦੋਹਰਾ॥

ਐਸੀ ਐਸੀ ਘੂਰ ਕਰ ਦੀਨੈ ਲੋਕ ਡਰਾਇ।
ਕਈਅਨ ਕੋ ਸਿਰੋ ਪਾਉ ਦੈ ਦੀਨੈ ਵਿਚੋਂ ਪੜਾਇ।

ਭਾਈ ਅਰਜਨ ਸਿੰਘ ਪਹਿਲਾਂ ਮੁਹੰਮਦ ਸ਼ਾਹ ਰੰਗੀਲੇ ਦਾ ਫੌਜਦਾਰ ਸੀ। ਜਿਸ ਵੇਲੇ ਸਰਕਾਰ ਵੱਲੋਂ ਸਿੰਘਾਂ ਨੂੰ ਬਾਗੀ ਗਰਦਾਨਿਆ ਗਿਆ ਤਾਂ ਇਹ ਨੌਕਰੀ ਛੱਡ ਕੇ ਸਿੰਘਾਂ ਦੇ ਜਥੇ ਨਾਲ ਰਲ ਗਿਆ ਸੀ। ਇਹ ਬੜਾ ਬਹਾਦਰ ਸੀ। ਇਕ ਵਾਰ ਜਦੋਂ ਮੁਹੰਮਦ ਸ਼ਾਹ ਰੰਗੀਲੇ ਨੇ ਇਸ ਨੂੰ ਕਾਬਲ ਜਾਣ ਦਾ ਹੁਕਮ ਦਿੱਤਾ ਸੀ ਤਾਂ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਧਿਆਨ ਧਰ ਕੇ ਦਰਿਆ ਅਟਕ ਵਿਚ ਠਿਲ ਪਿਆ ਸੀ ਤੇ ਦਰਿਆ ਪਾਰ ਕਰ ਗਿਆ ਸੀ।

ਭਾਈ ਹਕੀਕਤ ਸਿੰਘ ਦੀ ਗ੍ਰਿਫ਼ਤਾਰੀ ਸਮੇਂ ਭਾਈ ਅਰਜਨ ਸਿੰਘ ਆਪਣੀਆਂ ਭੈਣਾਂ ਪਾਸ ਸਿਆਲਕੋਟ ਆਇਆ ਹੋਇਆ ਸੀ। ਕਿਸੇ ਨੇ ਇਸ ਦੀ ਮੁਖ਼ਬਰੀ ਕਰ ਦਿੱਤੀ। ਇਸ ਨੂੰ ਵੀ ਗ੍ਰਿਫ਼ਤਾਰ ਕਰ ਕੇ ਲਾਹੌਰ ਲਿਆਂਦਾ ਗਿਆ ਸੀ।

ਭਾਈ ਹਕੀਕਤ ਸਿੰਘ ਤੇ ਉਨ੍ਹਾਂ ਦੇ ਮਾਮੇ ਭਾਈ ਅਰਜਨ ਸਿੰਘ ਨੂੰ 7 ਰਾਤਾਂ ਨਜ਼ਰਬੰਦ ਰੱਖਿਆ ਗਿਆ। ਅੱਠਵੇਂ ਦਿਨ ਬਸੰਤ ਪੰਚਮੀ ਦੇ ਦਿਨ ਪੇਸ਼ੀ ਹੋਈ। ਸ਼ਾਹੀ ਕਾਜ਼ੀ, ਹੋਰ ਮੁੱਲਾਂ ਤੇ ਮੁਫਤੀਆਂ ਨੂੰ ਨਾਲ ਲੈ ਕੇ ਨਾਜ਼ਮ ਦੀ ਕਚਹਿਰੀ ਵਿਚ ਆ ਗਿਆ ਤੇ ਰੋਲਾ ਪਾਉਣ ਲੱਗ ਪਿਆ। ਅਗਰਾ ਸਿੰਘ (ਸੇਠੀ) ਅਨੁਸਾਰ :

ਅੱਠ ਦਿਹਾੜੇ ਜਬ ਗੁਜਰੇ ਕਾਜੀ ਨੇ ਗਿਲਾ ਕਰਾਇਆ।
ਪੰਜ ਹਜ਼ਾਰ ਤੇ ਪੰਜ ਸੌ ਮੁਲਾਂ ‘ਮੁਫਤੀ’ ਕਾਜੀ ਲਿਆਇਆ।
ਆਇ ਕਚਹਿਰੀ ਸੋਰ ਕੀਤੋਓਨੇ, ਦਬ ਦਬਾਉ ਬਹੁ ਪਾਇਆ।
ਮੁਗਲਾਂ ਦੇਹ ਜਵਾਬ ਤੂੰ ਸ਼ਰ੍ਹਾ ਨ ਮੰਨੇ, ਸਭਨਾਂ ਮਰਨਾ ਪਾਇਆ।
ਖਾਨ ਬਹਾਦਰ ਕੰਬ ਗਿਆ ਫਿਰ ਦਿਲ ਤੇ ਗੁਸਾ ਆਇਆ।
ਅਮੀਰ ਬੇਗ ਨੂੰ ਝਿੜਕ ਦਿੱਤੀ ਅਮੀਰਾਂ ਨੂੰ ਦੀਵਾਨ ਵੇਖ ਡਰਾਇਆ।
ਵਿਚ ਕਚਹਿਰੀ ਖੌਫ ਪਿਆ ਕੋਈ ਨੇੜੇ ਮੂਲ ਨਾ ਆਇਆ।
ਕਹੁ ਜੀ ਸਦੁ ਪਈ ਹਕੀਕਤ ਨੂੰ ਫਿਰ ਮਾਰਨ ਨੂੰ ਮੰਗਵਾਇਆ।

ਭਾਈ ਹਕੀਕਤ ਸਿੰਘ ਤੇ ਭਾਈ ਅਰਜਨ ਸਿੰਘ ਦੋਵੇਂ ਮਾਮਾ ਭਣੇਵਾ ਜ਼ੰਜੀਰਾਂ ਵਿਚ ਜਕੜੇ ਹੋਏ ਨਾਜ਼ਮ ਦੀ ਕਚਹਿਰੀ ਵਿਚ ਖੜ੍ਹੇ ਸਨ। ਦੋਵਾਂ ਨੂੰ ਇਸਲਾਮ ਕਬੂਲ ਕਰਨ ਜਾਂ ਮਰਨ ਲਈ ਤਿਆਰ ਹੋਣ ਲਈ ਕਿਹਾ ਗਿਆ।

ਹਾਰ ਕੇ 18 ਸਾਲ ਦੀ ਉਮਰ ਵਿਚ ਬਸੰਤ ਪੰਚਮੀ ਵਾਲੇ ਦਿਨ ਭਾਈ ਹਕੀਕਤ ਸਿੰਘ ਅਤੇ ਭਾਈ ਅਰਜਨ ਸਿੰਘ ਨੂੰ ਲਾਹੌਰ ਦੇ ਨਖਾਸ ਬਜ਼ਾਰ ਵਿਚ ਸ਼ਰ-ਏ-ਆਮ ਕਤਲ ਕਰ ਕੇ ਸ਼ਹੀਦ ਕਰ ਦਿੱਤਾ ਗਿਆ। ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿਚ ਲਿਖਦੇ ਹਨ:

ਇਮ ਕਹਿ ਤੁਰਿਓ ਸਾਥ ਜਲਾਦਨ ਚੌਕ ਨਿਖਾਸ ਮਝਾਰੇ।
ਨਮਸ਼ਕਾਰ ਸਬਹੀ ਕੋ ਕਰ ਕੈ ਬੈਠੋ ਪੰਥੀ ਮਾਰੇ।
ਤੇਗ ਮਾਰ ਸਿਰਬੇਗ ਉਤਾਰਯੋ ਇਕ ਜਲਾਦ ਨੇ ਤਬਹੀ।
ਹਾ ਹਾ ਕਾਰ ਭਰ ਗਯੋ ਧਰਨਭ ਰੋਈ ਖਲਕਤ ਸਬਹੀ।

ਸ਼ਹਾਦਤ ’ਤੇ ਆਉਣ ਤੋਂ ਪਹਿਲਾਂ ਆਪ ਨੇ ਸੁੰਦਰ ਦਸਤਾਰ ਸਜਾਈ। ਭਾਈ ਅਗਰਾ ਸਿੰਘ (ਸੇਠੀ) ਅਨੁਸਾਰ :

ਚਾਰ ਘੜੀ ਫਿਰ ਸਤਿਗੁਰ ਸਿਮਰਿਆ, ਸਿਰ ਪਰ ਚੀਰਾ ਧਰਿਆ।

ਇਨ੍ਹਾਂ ਦੀ ਦੇਹ ਦਾ ਸਸਕਾਰ ਮੋਜ਼ਾ ਕੋਟ ਖਵਾਜ਼ਾ ਸੱਯਦ (ਖੋਜੇ ਸ਼ਾਹੀ) ਦੇ ਪੂਰਬ ਬਾਗ਼-ਬਾਨਪੁਰਾ ਤੋਂ ਲੱਗਭਗ ਦੋ ਕਿਲੋਮੀਟਰ ਦੀ ਦੂਰੀ ’ਤੇ ਦੀਵਾਨ ਸੂਰਤ ਸਿੰਘ, ਸ. ਜਗਤ ਸਿੰਘ ਤੇ ਸ. ਸੁਬੇਗ ਸਿੰਘ ਵੱਲੋਂ ਕੀਤਾ ਗਿਆ।

ਭਾਈ ਹਕੀਕਤ ਸਿੰਘ ਦੀ ਪਤਨੀ ਬੀਬੀ ਨੰਦ ਕੌਰ ਆਪਣੇ ਪਰਵਾਰ ਸਮੇਤ ਸ਼ਹੀਦੀ ਵਾਲੇ ਦਿਨ ਲਾਹੌਰ ਦੇ ਨਖਾਸ ਚੌਂਕ ਵਿਚ ਸੀ। ਉਸ ਨੇ ਆਪਣੇ ਅੱਖੀਂ ਦੇਖੇ ਸਾਰੇ ਹਾਲਾਤ ਆਪਣੇ ਪਿਤਾ ਭਾਈ ਕ੍ਰਿਪਾਲ ਸਿੰਘ ਨੂੰ ਦੱਸੇ। ਭਾਈ ਕ੍ਰਿਪਾਲ ਸਿੰਘ ਨੇ ਸਾਰੀ ਘਟਨਾ ਦਾ ਵੇਰਵਾ ਖਾਲਸਾ ਦਲ ਦੇ ਮੁਖੀ ਨਵਾਬ ਕਪੂਰ ਸਿੰਘ ਨੂੰ ਕਾਹਨੂੰਵਾਨ ਦੇ ਛੰਭ ਵਿਚ ਜਾ ਸੁਣਾਇਆ।

ਖਾਲਸਾ ਦਲ ਨੇ ਭਾਈ ਹਕੀਕਤ ਸਿੰਘ ਨੂੰ ਸ਼ਹੀਦ ਕਰਵਾਉਣ ਵਾਲੇ ਜ਼ਾਲਮ ਹਾਕਮਾਂ ਦਾ ਨਾਸ਼ ਕਰਨ ਦਾ ਫੈਸਲਾ ਕਰ ਲਿਆ। ਜ਼ਾਲਮ ਹਾਕਮਾਂ ਨੂੰ ਖਤਮ ਕਰਨ ਲਈ ਸਿਆਲਕੋਟ ਸ਼ਹਿਰ ’ਤੇ ਚੜ੍ਹਾਈ ਕਰ ਦਿੱਤੀ। ਸਿਆਲਕੋਟ ਤੋਂ ਨਜ਼ਦੀਕ ਤੀਹ ਕੋਹ ਦੇ ਫਾਸਲੇ ’ਤੇ ਖਾਲਸਾਈ ਫੌਜਾਂ ਨੇ ਡੇਰੇ ਲਾ ਲਾਏ। ਸਾਰੇ ਜੰਗੀ ਜਾਇਜ਼ੇ ਲੈ ਕੇ ਪੈਂਤੜੇ ਤਿਆਰ ਕਰ ਲਏ। ਅਗਲੇ ਦਿਨ ਸਿਆਲਕੋਟ ਪਹੁੰਚ ਕੇ ਐਕ ਨਾਲੇ ਦੇ ਕੰਢੇ ਸਿੰਘਾਂ ਨੇ ਤੇਗਾਂ ਖੜਕਾ ਕੇ ਜ਼ਾਲਮਾਂ ਦੇ ਲਹੂ ਦੀਆਂ ਨਹਿਰਾਂ ਵਗਾ ਦਿੱਤੀਆਂ। ਭਾਈ ਦਲ ਸਿੰਘ ਨੇ ਅਬਦੁੱਲ ਹੱਕ ਤੇ ਹਾਕਮ ਅਮੀਰ ਬੇਗ ਦਾ ਸਿਰ ਆਪਣੀ ਤੇਗ ਨਾਲ ਧੜ ਤੋਂ ਅੱਡ ਕਰ ਦਿੱਤੇ।

ਬਾਅਦ ਵਿਚ ਸਿਆਲਕੋਟ ਅਤੇ ਲਾਹੌਰ ਵਿਖੇ ਇਨ੍ਹਾਂ ਸ਼ਹੀਦਾਂ ਦੀ ਯਾਦਗਾਰ ਕਾਇਮ ਹੋ ਗਈ। ਜਿੱਥੇ ਸੰਗਤ ਜੁੜ ਕੇ ਨਾਮ ਸਿਮਰਨ ਕਰਨ ਲੱਗੀ। ਭਾਈ ਅਗਰਾ ਸਿੰਘ (ਸੇਠੀ) ਅਨੁਸਾਰ :

ਸ਼ਬਦ ਅਨਾਹਦ ਪੜ੍ਹਨ ਰਬਾਬੀ, ਇੰਦਰ ਛਾਣ ਕਰਾਏ।
ਮਦ੍ਰਗ ਕੈਂਸੀਆਂ ਛੈਣੇ ਵੱਜਣ, ਸੰਗਤਾਂ ਸ਼ੰਖ ਵਜਾਏ।

ਲਾਹੌਰ ਦੇ ਇਸ ਇਲਾਕੇ ਨੂੰ ਸ਼ਾਹ ਬਹਿਲੋਲ ਵੀ ਕਿਹਾ ਜਾਂਦਾ ਹੈ। ਯਾਦਗਾਰ ਦੇ ਬਿਲਕੁਲ ਨਜ਼ਦੀਕ ਹੀ ਨਵਾਬ ਜ਼ਕਰੀਆ ਖਾਂ ਦੀ ਮਾਤਾ ਬੇਗਮ ਜਾਨ, ਪਤਨੀ ਬਾਹੂ ਬੇਗਮ, ਪੁੱਤਰ ਯਹੀਆ ਖਾਂ ਅਤੇ ਉਸ ਦਾ ਖੁਦ ਦਾ ਮਕਬਰਾ ਬਣਿਆ ਹੋਇਆ ਹੈ। ਪਹਿਲਾਂ ਇਸ ਯਾਦਗਾਰ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਕਰਦਾ ਸੀ। ਮਹਾਰਾਜਾ ਰਣਜੀਤ ਸਿੰਘ ਨੇ ਇਸ ਯਾਦਗਾਰ ਦੀ ਸੇਵਾ-ਸੰਭਾਲ ਲਈ ਦੋ ਪਿੰਡ ਸਲੈਰ ਤੇ ਲਾਲੇਵਾਲੀ ਮਾਫ਼ੀ ਲਗਵਾਏ ਸਨ। ਜਿਨ੍ਹਾਂ ਤੋਂ 400 ਰੁਪਏ ਸਲਾਨਾ ਰਕਮ ਵਸੂਲ ਹੁੰਦੀ ਸੀ। ਮਹਾਰਾਜਾ ਰਣਜੀਤ ਸਿੰਘ ਨੇ ਇਸ ਦੀ ਸੇਵਾ-ਸੰਭਾਲ ਲਈ ਇਕ ਨਿਹੰਗ ਸਿੰਘ ਭਾਈ ਸ਼ੇਰ ਸਿੰਘ ਨੂੰ ਲਾਇਆ ਸੀ। ਅੱਗੇ ਇਸ ਖਾਨਦਾਨ ਦੇ ਭਾਈ ਸਰੂਪ ਸਿੰਘ, ਭਾਈ ਕਾਹਨ ਸਿੰਘ ਤੇ ਭਾਈ ਨਿਹਾਲ ਸਿੰਘ ਸੇਵਾ-ਸੰਭਾਲ ਕਰਦੇ ਰਹੇ। ਇਹ ਦੋਵੇਂ ਪਿੰਡ ਅੰਗਰੇਜ਼ ਸਰਕਾਰ ਨੇ ਜ਼ਬਤ ਕਰ ਲਏ ਸਨ। ਹੋਰ ਪਿੰਡਾਂ ਤੋਂ 200 ਰੁਪਏ ਸਲਾਨਾ ਜਗੀਰ ਮਿਲਦੀ ਰਹੀ। ਇਸ ਜਗੀਰ ਤੋਂ ਇਲਾਵਾ ਇਸ ਯਾਦਗਾਰ ਦੇ ਨਾਂ 30 ਵਿਘੇ ਜ਼ਮੀਨ ਵੀ ਸੀ ਜਿਸ ਵਿਚ ਖੂਹ ਲੱਗਾ ਹੋਇਆ ਸੀ। 1947 ਈ: ਦੇਸ਼ ਦੀ ਵੰਡ ਤੋਂ ਬਾਅਦ ਇਹ ਸਥਾਨ ਪਾਕਿਸਤਾਨ ਵਿਚ ਚਲਾ ਗਿਆ। ਅੱਜਕਲ੍ਹ ਭਾਈ ਹਕੀਕਤ ਸਿੰਘ ਦੀ ਯਾਦਗਾਰ ਲੱਗਭਗ ਖਤਮ ਹੋ ਚੁੱਕੀ ਹੈ।

ਭਾਈ ਹਕੀਕਤ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਇਨ੍ਹਾਂ ਦੀ ਮਾਤਾ ਚਿਤਾ ਵਿੱਚੋਂ ਸੁਆਹ ਕੱਢ ਕੇ ਆਪਣੇ ਨਾਲ ਸਿਆਲਕੋਟ ਲੈ ਗਈ ਅਤੇ ਆਪਣੇ ਪੁੱਤਰ ਦੀ ਯਾਦ ਵਿਚ ਯਾਦਗਾਰ ਕਾਇਮ ਕੀਤੀ। ਇਸ ਸਥਾਨ ਦੀ ਸੇਵਾ-ਸੰਭਾਲ ਕੰਨ ਪਾਟੇ ਜੋਗੀ ਕਰਦੇ ਹਨ। ਇਨ੍ਹਾਂ ਜੋਗੀਆਂ ਦਾ ਭਾਈ ਹਕੀਕਤ ਸਿੰਘ ਦੇ ਪਰਵਾਰ ਵਿਚ ਕਾਫੀ ਆਉਣਾ-ਜਾਣਾ ਸੀ। ਇੱਥੇ ਪਾਕਿਸਤਾਨ ਬਣਨ ਤੋਂ ਪਹਿਲਾਂ ਲਾਹੌਰ ਅਤੇ ਸਿਆਲਕੋਟ ਦੀਆਂ ਯਾਦਗਾਰਾਂ ’ਤੇ ਬਸੰਤ ਪੰਚਮੀ ਵਾਲੇ ਦਿਨ ਭਾਰੀ ਜੋੜ ਮੇਲਾ ਲੱਗਦਾ ਸੀ।

ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਸਮੇਂ ਬਸੰਤ ਪੰਚਮੀ ਦਾ ਮੇਲਾ ਲਾਹੌਰ ਦੇ ਸ਼ਾਲਾਮਾਰ ਬਾਗ਼ ਦੇ ਨਜ਼ਦੀਕ ਹੁੰਦਾ ਸੀ। ਇਸ ਦਿਨ ਭਾਰੀ ਗਿਣਤੀ ਵਿਚ ਸੰਗਤ ਭਾਈ ਹਕੀਕਤ ਸਿੰਘ ਦੀ ਯਾਦਗਾਰ ’ਤੇ ਸ਼ਰਧਾ ਦੇ ਫੁੱਲ ਭੇਟ ਕਰਨ ਜਾਂਦੀ ਸੀ। ਮਹਾਰਾਜਾ ਰਣਜੀਤ ਸਿੰਘ ਦੇ ਅਹਿਲਕਾਰ ਵੀ ਇਸ ਦਿਨ ਪੀਲੇ ਕੱਪੜੇ ਪਾ ਕੇ ਮੇਲੇ ਵਿਚ ਸ਼ਿਰਕਤ ਕਰਦੇ ਸਨ। ਦਿਲ ਖੋਲ ਕੇ ਦਾਨ ਵੀ ਕੀਤਾ ਜਾਂਦਾ ਸੀ।

ਭਾਈ ਹਕੀਕਤ ਸਿੰਘ ਦੇ ਸ਼ਹੀਦ ਹੋ ਜਾਣ ਪਿੱਛੋਂ ਉਸ ਦੀ ਪਤਨੀ ਬੀਬੀ ਨੰਦ ਕੌਰ ਆਪਣੇ ਪੇਕੇ ਪਿੰਡ ਬਟਾਲੇ ਆ ਗਈ। ਇਸ ਤਰ੍ਹਾਂ ਭਾਈ ਬਿਜੈ ਸਿੰਘ ਆਪਣੇ ਨਾਨਕੇ ਪਿੰਡ ਹੀ ਪਲਿਆ। ਬੀਬੀ ਨੰਦ ਕੌਰ ਨੇ ਆਪਣੀ ਸਾਰੀ ਉਮਰ ਬਟਾਲੇ ਵਿਖੇ ਹੀ ਗੁਜ਼ਾਰੀ। ਇੱਥੋਂ ਦੇ ਲੋਕ ਉਸ ਨੂੰ ਭੂਆ ਨੰਦੀ ਕਹਿ ਕੇ ਬੁਲਾਉਂਦੇ ਸਨ। ਇਸ ਨੇ ਬਟਾਲਾ ਵਿਖੇ ਇਕ ਖੂਹ ਵੀ ਲਵਾਇਆ ਜੋ ਹੁਣ ਤਕ ਭੂਆ ਨੰਦੀ ਦੇ ਖੂਹ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਖੂਹ ਬਜ਼ਾਰ ਕਾਦੀਆਂ ਕੂਚਾ ਉੱਪਲਾਂ ਵਿਚ ਹੈ। ਜਿਸ ਉੱਪਲਾਂ ਦੇ ਮੁਹੱਲੇ ਵਿਚ ਭਾਈ ਬਿਜੈ ਸਿੰਘ ਬਟਾਲੇ ਵਿਖੇ ਰਹਿੰਦਾ ਸੀ, ਉਹ ਮੁਹੱਲਾ ਉਜਾੜ ਦਿੱਤਾ ਗਿਆ। ਉੱਪਲਾਂ ਦਾ ਮੁਹੱਲਾ ਅਜੇ ਵੀ ਬਟਾਲੇ ਵਿਖੇ ਹੈ, ਪਰੰਤੂ ਉੱਪਲ ਉੱਥੋਂ ਚਲੇ ਗਏ ਹਨ। ਅਖਬਾਰ ਫਤਿਹ ਦੇ 18 ਸਤੰਬਰ 1935 ਈ: ਦੇ ਅੰਕ ਅਨੁਸਾਰ ਸ. ਕਿਸ਼ਨ ਸਿੰਘ ਦੀ ਬੰਸ ਵਿੱਚੋਂ ਉਸ ਦਾ ਇੱਕ ਘਰ ਬਟਾਲੇ ਤੋਂ 7 ਮੀਲ ਦੂਰ ਸੁਚਾਨੀਆਂ ਪਿੰਡ ਵਿਚ ਅਬਾਦ ਹੈ। ਬੀਬੀ ਨੰਦ ਕੌਰ ਦੀ ਯਾਦਗਾਰ ਬਟਾਲਾ ਵਿਖੇ ਉੱਪਲ ਖੱਤਰੀਆਂ ਦੇ ਸ਼ਮਸ਼ਾਨ ਘਾਟ ਵਿਚ ਬਣੀ ਹੋਈ ਹੈ। ਜਿਸ ਨੂੰ ਲੋਕ ਭੂਆ ਨੰਦੀ ਦੀ ਯਾਦਗਾਰ ਨਾਲ ਯਾਦ ਕਰਦੇ ਹਨ। ਭਾਈ ਬਿਜੈ ਸਿੰਘ ਦੀ ਸ਼ਾਦੀ ਜਲਾਲਪੁਰ ਜੱਟਾਂ ਜ਼ਿਲ੍ਹਾ ਗੁਜਰਾਤ (ਹੁਣ ਪਾਕਿਸਤਾਨ) ਪਿੰਡ ਦੇ ਨਿਵਾਸੀ ਭਾਈ ਬਖਤਮੱਲ (ਸੂਰੀ) ਦੀ ਪੋਤਰੀ ਅਤੇ ਭਾਈ ਸੂਰਤ ਸਿੰਘ (ਸੂਰੀ) ਦੀ ਪੁੱਤਰੀ ਜੈ ਕੌਰ ਨਾਲ ਹੋਈ। ਭਾਈ ਬਿਜੈ ਸਿੰਘ ਵੀ ਆਪਣੇ ਪਿਤਾ ਵਾਂਗ ਭਰ ਜਵਾਨੀ ਵਿਚ ਦੇਸ਼-ਧਰਮ ਲਈ ਸ਼ਹਾਦਤ ਪ੍ਰਾਪਤ ਕਰ ਗਿਆ ਸੀ।

ਸ੍ਰੋਤ ਪੁਸਤਕਾਂ:

ਸ. ਰਛਪਾਲ ਸਿੰਘ : ਪੰਜਾਬ ਕੋਸ਼

ਭਾਈ ਅਗਰ ਸਿੰਘ ਸੇਠੀ : ਹਕੀਕਤ ਰਾਏ ਦੀ ਵਾਰ

ਗਿਆਨੀ ਕਰਤਾਰ ਸਿੰਘ : ਸਿਦਕ ਖਾਲਸਾ

ਬਿਹਾਰੀ ਲਾਲ : ਹਕੀਕਤ ਚਰਿਤਰ (ਹਿੰਦੀ)

ਸ. ਗੁਰਮੁਖ ਸਿੰਘ : ਗਿਆਨੀ ਗਰਜਾ ਸਿੰਘ ਦੀ ਇਤਿਹਾਸਿਕ ਖੋਜ

ਡਾ. ਗੰਡਾ ਸਿੰਘ : ਪੰਜਾਬ ਦੀਆਂ ਵਾਰਾਂ

ਭਾਈ ਕਾਨ੍ਹ ਸਿੰਘ ਨਾਭਾ : ਮਹਾਨ ਕੋਸ਼

ਡਾ. ਰਤਨ ਸਿੰਘ ਜੱਗੀ : ਸਿੱਖ ਪੰਥ ਵਿਸ਼ਵ ਕੋਸ਼

ਗਿਆਨੀ ਗਿਆਨ ਸਿੰਘ : ਤਵਾਰੀਖ ਗੁਰੂ ਖਾਲਸਾ

ਬੁੱਕਮਾਰਕ ਕਰੋ (0)
Please login to bookmark Close

ਲੇਖਕ ਬਾਰੇ

ਮੁੱਖ ਸੰਪਾਦਕ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਸਿਮਰਜੀਤ ਸਿੰਘ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ) ਵੱਲੋਂ ਛਾਪੇ ਜਾਂਦੇ ਮਾਸਿਕ ਪੱਤਰ ਗੁਰਮਤਿ ਪ੍ਰਕਾਸ਼ ਦੇ ਮੁੱਖ ਸੰਪਾਦਕ ਹਨ।

ਬੁੱਕਮਾਰਕ ਕਰੋ (0)
Please login to bookmark Close

ਮੇਰੇ ਪਸੰਦੀਦਾ ਲੇਖ

No bookmark found
ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)