ਅੰਮ੍ਰਿਤਸਰ-ਖੇਮਕਰਨ ਸਟੇਟ ਹਾਈਵੇ-21 ਨੰਬਰ ਸੜਕ ਅੰਮ੍ਰਿਤਸਰ ਤੋਂ ਝਬਾਲ-ਭਿੱਖੀਵਿੰਡ ਵਿਚ ਦੀ ਹੁੰਦੀ ਹੋਈ ਭਾਰਤ-ਪਾਕਿਸਤਾਨ ਸੀਮਾ ਤੇ ਖੇਮਕਰਨ ਜਾਂਦੀ ਹੈ। ਇਸ ਸੜਕ ਤੋਂ 2 ਕਿਲੋਮੀਟਰ ਦੀ ਦੂਰੀ ’ਤੇ ਇਕ ਇਤਿਹਾਸਕ ਪਿੰਡ ਪੂਹਲਾ ਹੈ। ਰੇਲਵੇ ਸਟੇਸ਼ਨ ਪੱਟੀ ਇਥੋਂ 25 ਕਿਲੋਮੀਟਰ ਦੀ ਦੂਰੀ ’ਤੇ ਹੈ। ਇਸ ਪਿੰਡ ਦਾ ਡਾਕਘਰ ਸਿੰਘਪੁਰਾ ਹੈ, ਜਿਸ ਦਾ ਪਿੰਨ ਕੋਡ 143303 ਹੈ। ਭਾਰਤ-ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਇਹ ਪਿੰਡ ਜ਼ਿਲ੍ਹਾ ਲਾਹੌਰ ਦੀ ਤਹਿਸੀਲ ਕਸੂਰ ਵਿਚ ਪੈਂਦਾ ਸੀ ਜੋ ਦੇਸ਼ ਦੀ ਵੰਡ ਤੋਂ ਬਾਅਦ ਜ਼ਿਲ੍ਹਾ ਅੰਮ੍ਰਿਤਸਰ ਵਿਚ ਆ ਗਿਆ। ਅੱਜਕਲ੍ਹ ਇਹ ਪਿੰਡ ਜ਼ਿਲ੍ਹਾ ਤਰਨਤਾਰਨ ਦੀ ਤਹਿਸੀਲ ਪੱਟੀ ਵਿਚ ਪੈਂਦਾ ਹੈ। ਪਾਕਿਸਤਾਨ ਦੀ ਹੋਂਦ ਤੋਂ ਪਹਿਲਾਂ ਇਸ ਪਿੰਡ ਦੇ ਨਜ਼ਦੀਕ ਦੀ ਇਹ ਸੜਕ ਕਸੂਰ ਅਤੇ ਅੰਮ੍ਰਿਤਸਰ ਨੂੰ ਆਪਸ ਵਿਚ ਜੋੜਦੀ ਸੀ। ਲਾਹੌਰ ਤੋਂ ਵੀ ਇਕ ਸੜਕ ਆਉਂਦੀ ਸੀ, ਜੋ ਲਾਹੌਰ ਤੋਂ ਭਿਖੀਵਿੰਡ ਦੇ ਵਿਚ ਦੀ ਹੁੰਦੀ ਹੋਈ ਹਰੀਕੇ ਪੱਤਣ ਪਹੁੰਚਦੀ ਸੀ। ਇਹ ਦੋਵੇਂ ਸੜਕਾਂ ਭਿਖੀਵਿੰਡ ਦੇ ਕੋਲ ਇਕ ਦੂਜੇ ਨਾਲ ਮਿਲ ਕੇ ਚੁਰਸਤਾ ਬਣਾਉਂਦੀਆਂ ਸਨ। ਇਸ ਚੁਰਸਤੇ ਤੋਂ ਡੇਢ ਕਿਲੋਮੀਟਰ ਦੀ ਦੂਰੀ ’ਤੇ ਇਹ ਪਿੰਡ ਪੂਹਲਾ ਵਾਕਿਆ ਹੈ। ਇਸ ਦੇ ਨਾਲ ਹੀ ਸਿੰਘਪੁਰੀਆ ਮਿਸਲ ਦੇ ਮੋਢੀ ਨਵਾਬ ਕਪੂਰ ਸਿੰਘ ਦਾ ਇਤਿਹਾਸਕ ਪਿੰਡ ਸਿੰਘਪੁਰਾ ਸਥਿਤ ਹੈ। ਪੂਹਲਾ ਪਿੰਡ ਸੰਧੂ ਭਾਈਚਾਰੇ ਦੇ ਜੱਟਾਂ ਦਾ ਨਿਵਾਸ ਹੈ। ਸੰਧੂਆਂ ਦਾ ਮੁੱਖ ਟਿਕਾਣਾ ਅੰਮ੍ਰਿਤਸਰ ਤੇ ਲਾਹੌਰ ਜ਼ਿਲ੍ਹੇ ਸਨ, ਜਿਥੋਂ ਉਹ ਸਤਲੁਜ ਦੇ ਉਪਰ ਵੱਲ ਅੰਬਾਲੇ ਦੇ ਪਹਾੜਾਂ ਦੇ ਹੇਠ ਵੱਲ, ਪੱਛਮ ਵਿਚ ਗੁਜਰਾਂਵਾਲਾ ਅਤੇ ਪੂਰਬ ਵਿਚ ਸਿਆਲਕੋਟ ਤਕ ਫੈਲੇ ਹੋਏ ਹਨ। ਸੰਧੂ ਆਪਣਾ ਮੁੱਢ ਸੂਰਜ਼ਵੰਸੀ ਰਾਜਾ ਰਘੂ ਤੋਂ ਹੋਇਆ ਮੰਨਦੇ ਹਨ। ਰਘੂ ਬਾਰੇ ਕਿਹਾ ਜਾਂਦਾ ਹੈ ਕਿ ਕਾਦਰ ਨੇ ਵਿਸਮਾਦ ਵਿਚ ਆ ਕੇ ਇਕ ਅਤਿ ਸੁੰਦਰ ਕੰਨਿਆਂ ਦੀ ਉਤਪਤੀ ਕੀਤੀ। ਜਦੋਂ ਉਸ ਦੀ ਉਮਰ ਵਿਆਹਯੋਗ ਹੋਈ ਤਾਂ ਦੇਵਤਿਆਂ ਅਤੇ ਰਾਜਿਆਂ ਨੇ ਉਸ ਨੂੰ ਪਰਨਾਉਣ ਦੀ ਕੋਸ਼ਿਸ਼ ਕੀਤੀ। ਅੰਤ ਵਿਚ ਇਕ ਰਾਜਾ ਸਫਲ ਹੋ ਗਿਆ ਜੋ ਏਨਾ ਬਹਾਦਰ ਸੀ ਜਿੰਨਾ ਕਿ ਸੂਰਜ। ਉਸ ਨੂੰ ਰਘੂ ਕਿਹਾ ਜਾਂਦਾ ਸੀ। ਇਸ ਘਟਨਾ ਦਾ ਜ਼ਿਕਰ ਕਰਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਚਿਤ੍ਰ ਨਾਟਕ ਵਿਚ ਵਰਨਣ ਕਰਦੇ ਹਨ ਕਿ:
ਸਾਧ ਕਰਮ ਜੋ ਪੁਰਖ ਕਮਾਵੈ॥
ਨਾਮ ਦੇਵਤਾ ਜਗਤ ਕਹਾਵੈ॥
ਕੁਕ੍ਰਿਤ ਕਰਮ ਜੋ ਜਗ ਮੈਂ ਕਰਹਿ॥
ਨਾਮ ਅਸੁਰ ਤਿਸਕੋ ਸਭ ਧਰਹਿ॥
ਤਿਨਤੇ ਹੇਤ ਬਹੁਤ ਨ੍ਰਿਪ ਆਏ॥
ਦਛ ਪ੍ਰਜਾਪਤਿ ਜਿਨ ਉਪ ਜਾਏ॥
ਦਸ ਸਹੰਸ੍ਰ ਤਿਹਿ ਗ੍ਰਿਹ ਭਈ ਕੰਨਿਆਂ॥
ਜਿਹ ਸਮਾਨ ਕਹ ਲਗੈ ਨ ਅੰਨਿਆ॥
ਕਾਲ ਕ੍ਰਿਆ ਐਸੀ ਤਹ ਭਈ॥
ਤੇ ਸਭ ਬਿਆਹ ਨਰੇਸਨ ਦਈ॥
ਰਘੂ ਦੀ ਔਲਾਦ ਰਘੂਵੰਸੀ ਕਹਾਉਂਦੀ ਹੈ। ਇਸ ਰਘੂ ਨੇ ਸਮੁੱਚੇ ਭਾਰਤ ਅਤੇ ਫਾਰਸ ਉੱਤੇ ਰਾਜ ਕੀਤਾ ਸੀ। ਸੰਧੂਆਂ ਦਾ ਵਿਚਾਰ ਹੈ ਕਿ ਉਨ੍ਹਾਂ ਦੇ ਵੱਡੇ-ਵਡੇਰੇ ਮਹਿਮੂਦ ਗਜ਼ਨਵੀ ਨਾਲ ਕੈਦ ਹੋ ਕੇ ਜਾਂ ਕਿਸੇ ਹੋਰ ਤਰ੍ਹਾਂ ਗਜ਼ਨੀ ਵੱਲ ਚਲੇ ਗਏ ਸਨ। ਤੇਰ੍ਹਵੀਂ ਸਦੀ ਵਿਚ ਉਹ ਫੇਰ ਵਾਪਸ ਆ ਗਏ ਜਾਂ ਫਿਰੋਜ ਸ਼ਾਹ ਸਮੇਂ ਅਫਗਾਨਿਸਤਾਨ ਤੋਂ ਭਾਰਤ ਵੱਲ ਆ ਗਏ ਅਤੇ ਮਾਝੇ ਖੇਤਰ ਵਿਚ ਲਾਹੌਰ ਦੇ ਨੇੜੇ ਆਬਾਦ ਹੋ ਗਏ। ਮਾਝੇ ਵਿਚ ਸਰਹਾਲੀ, ਵਲਟੋਹਾ, ਭੜਾਣਾ, ਮਨਾਵਾਂ ਆਦਿ ਮਝੈਲ ਸੰਧੂਆਂ ਦੇ ਪ੍ਰਸਿੱਧ ਪਿੰਡ ਹਨ। ਸਰਹਾਲੀ ਪਿੰਡ ਦੇ ਨਿਵਾਸੀ ਪੂਹਲੇ ਨੇ ਆ ਕੇ ਆਪਣੇ ਨਾਂ ’ਤੇ ਇਹ ਪਿੰਡ ਪੂਹਲਾ ਆਬਾਦ ਕੀਤਾ ਸੀ। ਇਸ ਸੰਬੰਧ ਵਿਚ ਪ੍ਰਸਿੱਧ ਵਿਦਵਾਨ ਲੇਖਕ ਪ੍ਰਿੰ. ਸਵਰਨ ਸਿੰਘ ਚੂਸਲੇਵੜ ਨੇ ਆਪਣੀ ਪੁਸਤਕ ‘ਸ਼ਹੀਦੀ ਸਾਕਾ ਭਾਈ ਤਾਰੂ ਸਿੰਘ ਜੀ’ ਵਿਚ ਵੀ ਜ਼ਿਕਰ ਕੀਤਾ ਹੈ। ਇਸ ਪਿੰਡ ਦੇ ਭਾਈ ਜੋਧ ਸਿੰਘ ਜੀ ਦੇ ਘਰ ਭਾਈ ਤਾਰੂ ਸਿੰਘ ਜੀ ਦਾ ਜਨਮ ਹੋਇਆ। ਭਾਈ ਜੋਧ ਸਿੰਘ ਜੀ ਸੂਬਾ ਸਰਹਿੰਦ ਦੀਆਂ ਫੌਜਾਂ ਨਾਲ ਜੂਝਦੇ ਹੋਏ ਖਿਦਰਾਣੇ ਦੀ ਢਾਬ ’ਤੇ ਸ਼ਹੀਦੀ ਪ੍ਰਾਪਤ ਕਰ ਗਏ ਸਨ। ਭਾਈ ਜੋਧ ਸਿੰਘ ਜੀ ਦੀ ਪਤਨੀ ਆਪਣੇ ਪੁੱਤਰ ਭਾਈ ਤਾਰੂ ਸਿੰਘ ਅਤੇ ਇਕ ਵਿਧਵਾ ਪੁੱਤਰੀ ਬੀਬੀ ਤਾਰੋ ਨਾਲ ਪਿੰਡ ਵਿਚ ਰਹਿੰਦੀ ਸੀ।
ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ 1716 ਈ. ਵਿਚ ਅੰਤਾਂ ਦੇ ਤਸੀਹੇ ਦੇ ਕੇ ਮਹਿਰੋਲੀ (ਦਿੱਲੀ) ਵਿਖੇ ਸ਼ਹੀਦ ਕਰ ਦਿੱਤਾ ਗਿਆ। ਬਾਬਾ ਬੰਦਾ ਸਿੰਘ ਦੀ ਸ਼ਹੀਦੀ ਤੋਂ ਬਾਅਦ ਲਾਹੌਰ ਅਤੇ ਦਿੱਲੀ ਦੇ ਤਖਤ ਵੱਲੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ ਅਤੇ ਸਿੱਖਾਂ ਨੂੰ ਦੇਖਦਿਆਂ ਹੀ ਮਾਰ ਦੇਣ ਦੇ ਐਲਾਨਾਮੇ ਬਾਰ-ਬਾਰ ਕੀਤੇ ਜਾ ਰਹੇ ਸਨ।
1726 ਈ. ਵਿਚ ਅਬਦੁੱਸਮਦ ਖਾਂ ਨੂੰ ਲਾਹੌਰ ਤੋਂ ਬਦਲ ਕੇ ਮੁਲਤਾਨ ਭੇਜ ਦਿੱਤਾ ਗਿਆ ਅਤੇ ਉਸ ਦੀ ਥਾਂ ’ਤੇ ਉਸ ਦੇ ਪੁੱਤਰ ਜ਼ਕਰੀਆ ਖਾਨ ਨੂੰ ਪੰਜਾਬ ਦਾ ਨਵਾਂ ਸੂਬੇਦਾਰ ਨਿਯੁਕਤ ਕਰ ਦਿੱਤਾ ਗਿਆ। ਜ਼ਕਰੀਆ ਖਾਨ ਸਿੱਖਾਂ ਦਾ ਕੱਟੜ ਵਿਰੋਧੀ ਸੀ। ਪੰਜਾਬ ਦਾ ਸੂਬੇਦਾਰ ਬਣਦੇ ਸਾਰ ਹੀ ਉਸ ਨੇ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਦੀ ਠਾਣ ਲਈ। ਇਤਿਹਾਸਕਾਰ ਡਾ. ਹਰੀ ਰਾਮ ਗੁਪਤਾ ਅਨੁਸਾਰ ਜ਼ਕਰੀਆ ਖਾਨ ਨੇ ਇਕ ਐਲਾਨ ਕੀਤਾ ਕਿ ਸਿੱਖ ਦੇ ਕੇਸ ਕੱਟ ਕੇ ਲਿਆਉਣ ਵਾਲੇ ਨੂੰ ਲੇਫ-ਤਲਾਈ ਅਤੇ ਕੰਬਲ, ਸਿੱਖਾਂ ਬਾਬਤ ਖ਼ਬਰ ਦੇਣ ਵਾਲੇ ਨੂੰ ਦਸ ਰੁਪੈ ਅਤੇ ਜੇ ਕੋਈ ਸਿੱਖ ਨੂੰ ਜਿਉਂਦਾ ਫੜ ਕੇ ਜਾ ਮਾਰ ਕੇ ਲਿਆਵੇਗਾ, ਉਸ ਨੂੰ ਪੰਜਾਹ ਰੁਪੈ ਇਨਾਮ ਦਿੱਤਾ ਜਾਵੇਗਾ। ਸਿੱਖਾਂ ਦੇ ਘਰਾਂ ਨੂੰ ਲੁੱਟਣ ਦੀ ਸਰਕਾਰ ਵੱਲੋਂ ਪੂਰੀ ਸਜ਼ਾ ਮੁਆਫੀ ਅਤੇ ਖੁੱਲ੍ਹ ਸੀ। ਸਿੱਖਾਂ ਨੂੰ ਪਨਾਹ ਦੇਣ ਵਾਲੇ ਨੂੰ ਮੌਤ ਦੀ ਸਜ਼ਾ ਸੀ। ਸਿੱਖਾਂ ਨੂੰ ਦਬਾਉਣ ਲਈ ਥਾਂ-ਥਾਂ ’ਤੇ ਫ਼ੌਜ ਤਾਇਨਾਤ ਕੀਤੀ ਗਈ ਸੀ। ਜ਼ਕਰੀਆ ਖਾਨ ਨੇ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਲਈ ਆਪਣੇ ਸਾਰੇ ਇਲਾਕੇ ਵਿਚ ਆਪਣੇ ਭਰੋਸੇਯੋਗ ਮੁਖ਼ਬਰ ਤਿਆਰ ਕਰ ਮੁਖ਼ਬਰਾਂ ਦਾ ਜਾਲ ਵਿਛਾ ਦਿੱਤਾ, ਜਿਨ੍ਹਾਂ ਵਿਚ ਚੌਧਰੀ ਰਾਮਾ ਰੰਧਾਵਾ ਘਣੀਏ ਵਾਲਾ, ਛੀਨੇ ਪਿੰਡ ਵਾਲਾ ਕਰਮਾ, ਕਾਨ੍ਹੇ ਪਿੰਡ ਦਾ ਰਾਇ ਖੁਸ਼ਾਲੀ ਸੰਧੂ, ਐਮੇ ਵਾਲਾ ਨੱਥਾ ਉੱਪਲ, ਨੌਸ਼ਹਿਰਾ ਪੰਨੂਆਂ ਪਿੰਡ ਦਾ ਮਾਨਾ, ਚਸ਼ਮੇ ਦਾ ਰਾਇ ਹਰਚੰਦ, ਨੌਸ਼ਹਿਰਾ ਢਾਲਾ ਪਿੰਡ ਦਾ ਸਾਹਿਬ ਰਾਇ ਸੰਧੂ, ਜੋਧਾ ਨਗਰੀਆ ਦਾ ਧਰਮ ਦਾਸ, ਦਿਲਬਾਗ ਸਰਾਉ, ਖੋਖਰ ਵਾਲਾ ਜੋਧ, ਕਸੂਰ ਦਾ ਭੀਮਾ ਢਿੱਲੋਂ, ਧਨੇਸ਼ਟੇ ਵਾਲਾ ਹੈਬਤ ਮੱਲ, ਭਾਗੂਵਾਲ ਪਿੰਡ ਦਾ ਭਾਗੂ ਕਾਹਲੋਂ, ਭਿੱਖੀ ਵਾਲਾ ਲਾਲੂ ਵਿਰਕ, ਬੁੰਦਾਲੀਆ ਦਾ ਮੋਲਕ ਰਾਇ ਸੰਧੂ, ਠੱਠੇ ਪਿੰਡ ਦਾ ਹਯਾਤ ਖਾਂ, ਮਜੀਠੇ ਦਾ ਚੌਧਰੀ ਮੱਦੋ, ਗੁਜਰਾਂਵਾਲੇ ਦਾ ਚੌਧਰੀ ਦਿਆਲਾ ਵੜਾਇਚ, ਸਰਾਂ ਦਾ ਹਸਨਾ ਸੰਧੂ, ਸੈਦੇਵਾਲ ਵਾਲਾ ਦਿਆਲਾ ਕਾਹਲੋਂ, ਘਰਜਾਖ ਪਿੰਡ ਦਾ ਸਯਾਮ ਸ਼ਾਹ ਖੱਤਰੀ, ਮੱਟੂ ਪਿੰਡ ਦਾ ਗੁਰੀਆ, ਅਕਾਲ ਬੱਘਾ, ਰਾਇ ਥਾਨਾਬਾਦ, ਚੱਠੇ ਪਿੰਡ ਦਾ ਪੀਰ ਮੁਹੰਮਦ, ਨੌਸ਼ਹਿਰੇ ਪਿੰਡ ਦਾ ਮੁਲੇਮੀ ਗਿੱਲ, ਇਸਮਾਇਲ ਖਾਂ ਮੰਡਿਆਲਾ ਸਿਆਲਕੋਟ ਦਾ, ਸੋਧਰੇ ਦਾ ਦਿਆਨਤ ਰਾਇ, ਬਟਾਲੇ ਦਾ ਕਜਲਾ ਰੰਧਾਵਾ, ਜੰਡਿਆਲੇ ਦਾ ਹਰਿਭਗਤ ਨਿਰੰਜਨੀਆ, ਫ਼ਤਹ ਖਾਂ ਘੇਬ ਕੋਟ-ਘੇਬ ਪਿੰਡ ਦਾ, ਔਲੀਆ ਘੇਬ ਪਿੰਡੀ-ਘੇਬ ਪਿੰਡ ਦਾ, ਕਾਦਰ ਬਖਸ਼ ਨਿਢਾਲ, ਐਮਨਾਬਾਦ ਦਾ ਉਘਰ ਸੈਨ ਖੱਤਰੀ, ਭੂਰੇ ਪਿੰਡ ਦਾ ਨਿਬਾਹੂ ਸੰਧੂ, ਸਾਹਿਬ ਖਾਂ ਟਿਵਾਣਾ, ਮਾਹਲਪੁਰੀਆ ਗੁਲਾਬ ਰਾਇ ਖੱਤਰੀ, ਕਾਛੇ ਦਾ ਮਿਲਖਾ ਸੰਧੂ ਆਦਿ ਸਰਗਰਮ ਮੁਖ਼ਬਰ ਸਨ। ਇਨ੍ਹਾਂ ਵਿੱਚੋਂ ਲਾਹੌਰ ਦਰਬਾਰ ਵਿਚ ਸਿੱਖਾਂ ਦੀ ਖ਼ਬਰ ਪਹੁੰਚਾਉਣ ਵਾਲਿਆਂ ਵਿਚ ਸਭ ਤੋਂ ਮੋਹਰੀ ਜੰਡਿਆਲੇ ਵਾਲਾ ਹਰਿਭਗਤ ਨਿਰੰਜਨੀਆ ਅਤੇ ਛੀਨੇ ਵਾਲਾ ਕਰਮਾ ਛੀਨਾ ਸਨ, ਇਨ੍ਹਾਂ ਬਾਰੇ ‘ਪ੍ਰਾਚੀਨ ਪੰਥ ਪ੍ਰਕਾਸ਼’ ਵਿਚ ਸ. ਰਤਨ ਸਿੰਘ (ਭੰਗੂ) ਉਲੇਖ ਕਰਦੇ ਹਨ:
ਜੰਡਿਆਲੇ ਵਾਲੇ ਬਹੁਤ ਫੜਾਵੈਂ।
ਹੁਤੇ ਗੁਰੂ ਇਕ ਸਿੱਖ ਕਹਾਵੈਂ।
ਹਰਭਗਤ ਨਿਰੰਜਨੀਉਂ ਸੋ ਕਹਾਵੈ।
ਸੋ ਆਗੇ ਹੁਇ ਸਿੰਘਨ ਫੜਾਵੈ।
ਕਰਮਾ ਛੀਨਾ ਛੀਨੀਂ ਰਹੈ।
ਬਿਦੋਸੈ ਸਿੰਘਨ ਮਾਰਤ ਵਹੈ। (ਸਫ਼ਾ 234)
ਹਰਿਭਗਤ ਨਿਰੰਜਨੀਆ ਜੰਡਿਆਲੇ ਵਾਲੇ ਭਾਈ ਹੰਦਾਲ ਦੀ ਵੰਸ ਵਿੱਚੋਂ ਸੀ। ਭਾਈ ਹੰਦਾਲ ਸ੍ਰੀ ਗੁਰੂ ਅਮਰਦਾਸ ਜੀ ਦਾ ਅਨਿਨ ਸਿੱਖ ਸੀ, ਜਿਸ ਨੂੰ ਗੁਰੂ ਸਾਹਿਬ ਨੇ ਮੰਜੀ ਬਖਸ਼ ਕੇ ਇਲਾਕੇ ਦਾ ਪ੍ਰਚਾਰਕ ਨਿਯੁਕਤ ਕੀਤਾ ਸੀ। ਇਹ ਹਰ ਸਮੇਂ ‘ਨਿਰੰਜਨ’ ਸ਼ਬਦ ਦਾ ਜਾਪ ਕਰਿਆ ਕਰਦਾ ਸੀ, ਇਸ ਕਰਕੇ ਇਸ ਦੀ ਸੰਪ੍ਰਦਾਇ ਦਾ ਨਾਂ ‘ਨਿਰੰਜਨੀਏ’ ਪੈ ਗਿਆ। ਭਾਈ ਹੰਦਾਲ ਦਾ ਪੁੱਤਰ ਬਿਧੀ ਚੰਦ ਅਤੇ ਉਸ ਦੀ ਔਲਾਦ ਸਿੱਖਾਂ ਵਿਰੁੱਧ ਕੁਕਰਮ ਕਰਨ ਲੱਗ ਪਈ। ਹਰਿਭਗਤ ਨਿਰੰਜਨੀਏ ਨੇ ਸਿੱਖਾਂ ਨੂੰ ਫੜਾ ਕੇ ਅਤੇ ਉਨ੍ਹਾਂ ਦੀ ਸੂਹ ਦੇ ਕੇ ਸਰਕਾਰ ਤੋਂ ਮੋਟੇ ਇਨਾਮ ਪ੍ਰਾਪਤ ਕਰਨੇ ਸ਼ੁਰੂ ਕਰ ਦਿੱਤੇ ਸਨ।
ਸੰਨ 1739 ਈ. ਵਿਚ ਨਾਦਰਸ਼ਾਹ ਅਫਗਾਨਿਸਤਾਨ ਤੋਂ ਚੱਲ ਕੇ ਮਾਰ-ਧਾੜ ਅਤੇ ਲੁੱਟ-ਖੋਹ ਕਰਦਾ ਹੋਇਆ ਪੰਜਾਬ ਵਿੱਚੋਂ ਦੀ ਲੰਘ ਸਿੱਧਾ ਹੀ ਦਿੱਲੀ ਪਹੁੰਚ ਗਿਆ ਕਿਸੇ ਨੇ ਵੀ ਉਸ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ, ਜੇਕਰ ਕੋਈ ਉਸ ਅੱਗੇ ਕੋਈ ਮਾੜਾ-ਮੋਟਾ ਅੜਿਆ ਤਾਂ ਉਹ ਮਾਰਿਆ ਗਿਆ। ਨਾਦਰ ਸ਼ਾਹ ਹਿੰਦੋਸਤਾਨ ਦਾ ਲੁੱਟਿਆ ਧਨ-ਮਾਲ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਬੰਦੀ ਬਣਾਈਆਂ ਇਸਤਰੀਆਂ ਨੂੰ ਲੈ ਕੇ ਜਦੋਂ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾਲ-ਨਾਲ ਦੀ ਲਾਹੌਰ ਵੱਲ ਨੂੰ ਵਾਪਸ ਜਾ ਰਿਹਾ ਸੀ ਤਾਂ ਸਿੰਘ ਜੰਗਲਾਂ ਵਿੱਚੋਂ ਨਿਕਲ ਕੇ ਉਸ ਉੱਪਰ ਬਾਜ ਵਾਂਗ ਝਪਟ ਪਏ ਅਤੇ ਬਹੁਤ ਸਾਰਾ ਧਨ-ਮਾਲ ਅਤੇ ਬੰਦੀ ਬਣਾਈਆਂ ਇਸਤਰੀਆਂ ਨੂੰ ਛੁਡਾ ਕੇ ਉਨ੍ਹਾਂ ਦੇ ਘਰੋ-ਘਰੀਂ ਪਹੁੰਚਾ ਆਏ। ਨਾਦਰ ਸ਼ਾਹ ਇਹ ਸਭ ਕੁਝ ਹੈਰਾਨ ਹੋ ਕੇ ਦੇਖਦਾ ਹੀ ਰਹਿ ਗਿਆ। ਜਦੋਂ ਉਸ ਨੇ ਜ਼ਕਰੀਆ ਖਾਨ ਨੂੰ ਪੁੱਛਿਆ ਕਿ ਇਹ ਕਿਹੜੀ ਮੁਸੀਬਤ ਸੀ ਜੋ ਅਚਾਨਕ ਹੀ ਮੇਰੇ ’ਤੇ ਆ ਪਈ। ਜ਼ਕਰੀਆ ਖਾਨ ਨੇ ਨਾਦਰ ਸ਼ਾਹ ਨੂੰ ਸਿੱਖਾਂ ਬਾਰੇ ਵਿਸਤਾਰ ਨਾਲ ਦੱਸਿਆ। ਜ਼ਕਰੀਆ ਖਾਨ ਦੀਆਂ ਗੱਲਾਂ ਸੁਣ ਕੇ ਨਾਦਰ ਸ਼ਾਹ ਨੇ ਉਸ ਨੂੰ ਸੁਚੇਤ ਕੀਤਾ ਕਿ ਇਨ੍ਹਾਂ ਨੂੰ ਹੁਣੇ ਖ਼ਤਮ ਕਰਦੇ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹ ਤੇਰੇ ਤੋਂ ਰਾਜ-ਭਾਗ ਖੋਹ ਲੈਣਗੇ। ਨਾਦਰਸ਼ਾਹ ਮਨ ਹੀ ਮਨ ਵਿਚ ਵਿਸ਼ ਘੋਲਦਾ ਅਫਗਾਨਿਸਤਾਨ ਨੂੰ ਵਾਪਸ ਚਲਾ ਗਿਆ।
ਨਾਦਰ ਸ਼ਾਹ ਦੇ ਜਾਣ ਤੋਂ ਬਾਅਦ ਜ਼ਕਰੀਆ ਖਾਨ ਨੇ ਸਿੱਖਾਂ ’ਤੇ ਹੋਰ ਸਖ਼ਤੀ ਕਰ ਦਿੱਤੀ। ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਆਲੇ-ਦੁਆਲੇ ਫ਼ੌਜ ਦਾ ਸਖ਼ਤ ਪਹਿਰਾ ਲਾ ਦਿੱਤਾ ਗਿਆ ਸੀ ਤਾਂ ਕਿ ਕੋਈ ਸਿੱਖ ਦਰਸ਼ਨ ਇਸ਼ਨਾਨ ਨਾ ਕਰ ਸਕੇ। ਇਸ ਬਾਰੇ ਵਿਚ ਸ. ਕੇਸਰ ਸਿੰਘ ਛਿੱਬਰ, ‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ’ ਵਿਚ ਜ਼ਿਕਰ ਕਰਦੇ ਹਨ:
ਅੰਮ੍ਰਿਤਸਰ ਨਿੱਤ ਹੋਵੈ ਲੜਾਈ, ਮਾਝੇ ਵਿਚਿ ਫਿਰਨ ਫਉਜਾਂ।
ਘਰਿ ਘਰਿ ਦੇਖਣ ਜਾਈ, ਹਲਕਾਰੇ ਛਿਛਰੇ ਢਕ ਦੇਖਦੇ ਫਿਰਨ।
ਜੋ ਸਿੱਖ ਹਥਿ ਲਗੇ, ਸੋ ਜਿਬ੍ਹਾ ਕਰਨ। (ਸਫਾ 222)
ਇੰਨੇ ਸਖ਼ਤ ਪਹਿਰੇ ਦੇ ਬਾਵਜੂਦ ਵੀ ਸਿੱਖ ਆਪਣੀ ਜਾਨ ਤਲੀ ’ਤੇ ਰੱਖ ਕੇ ਦੁਸ਼ਮਣ ਦੀ ਕਮਜ਼ੋਰ ਬਾਹੀ ਤੋੜ ਕੇ ਅੰਮ੍ਰਿਤ ਸਰੋਵਰ ਵਿਚ ਇਸ਼ਨਾਨ ਕਰ ਜਾਂਦੇ ਸਨ। ਮਾੜੀ ਕੰਬੋ ਵਾਲਾ ਭਾਈ ਸੁੱਖਾ ਸਿੰਘ ਕਈ ਵਾਰ ਵਰ੍ਹਦੀਆਂ ਗੋਲੀਆਂ ਵਿਚ ਦੁਸ਼ਮਣ ਨੂੰ ਵੰਗਾਰ ਕੇ ਇਸ਼ਨਾਨ ਕਰ ਕੇ ਛੂ-ਮੰਤਰ ਹੋ ਜਾਇਆ ਕਰਦਾ ਸੀ। ਇਹ ਉਹ ਸਮਾਂ ਸੀ ਜਦੋਂ ਜ਼ਾਲਮ ਹਾਕਮਾਂ ਨੂੰ ਭੁਲੇਖਾ ਪੈ ਗਿਆ ਸੀ ਕਿ ਉਨ੍ਹਾਂ ਨੇ ਸਾਰੇ ਸਿੱਖ ਖ਼ਤਮ ਕਰ ਦਿੱਤੇ ਹਨ। ਆਮ ਲੋਕਾਂ ਨੂੰ ਜੇਕਰ ਕਿਸੇ ਥਾਂ ’ਤੇ ਇਕ-ਦੋ ਸਿੱਖ ਦਿਖ ਪੈਂਦੇ ਤਾਂ ਉਹ ਸਮਝਦੇ ਕਿ ਇਹ ਤਾਂ ਬਹੁਰੂਪੀਏ ਹਨ, ਸਿੰਘ ਤਾਂ ਖਾਨ ਨੇ ਖ਼ਤਮ ਕਰ ਦਿੱਤੇ ਹਨ। ਇਸੇ ਤਰ੍ਹਾਂ ਆਪਣੀ ਹੋਂਦ ਨੂੰ ਦਰਸਾਉਣ ਲਈ ਦੋ ਸੂਰਬੀਰ ਸਿੰਘਾਂ ਭਾਈ ਗਰਜਾ ਸਿੰਘ ਅਤੇ ਭਾਈ ਬੋਤਾ ਸਿੰਘ ਨੇ ਜਰਨੈਲੀ ਸੜਕ ’ਤੇ ਨੂਰ ਦੀ ਸਰਾਂ ਕੋਲ ਨਾਕਾ ਲਾ ਕੇ ਮਹਿਸੂਲ ਉਗਰਾਹਿਆ ਅਤੇ ਵਿਅੰਗਮਈ ਢੰਗ ਦੀ ਚਿੱਠੀ ਭੇਜ ਕੇ ‘ਭਾਬੀ ਖਾਨੋ’ ਨੂੰ ਆਪਣੀ ਤਾਕਤ ਦਾ ਅਹਿਸਾਸ ਕਰਵਾਇਆ।
ਭਾਈ ਤਾਰੂ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਦੇ ਜਥੇ ਤੋਂ ਅੰਮ੍ਰਿਤ ਛਕ ਕੇ ਪੂਰਨ ਖਾਲਸਾ ਰੂਪ ਧਾਰਨ ਕੀਤਾ ਸੀ। ਭਾਈ ਤਾਰਾ ਸਿੰਘ ਵਾਂ ਅਤੇ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਨੇ ਆਪ ਦੇ ਜੀਵਨ ’ਤੇ ਬਹੁਤ ਗਹਿਰਾ ਅਸਰ ਪਾਇਆ ਸੀ।
ਭਾਈ ਤਾਰੂ ਸਿੰਘ ਖੇਤੀਬਾੜੀ ਕਰਕੇ ਆਪਣੇ ਪਰਵਾਰ ਦਾ ਗੁਜ਼ਾਰਾ ਕਰਦਾ ਸੀ। ਭਾਈ ਤਾਰੂ ਸਿੰਘ ਦੇ ਖੇਤ ਪਿੰਡ ਤੋਂ ਕੋਈ ਡੇਢ ਕਿਲੋਮੀਟਰ ਦੀ ਦੂਰੀ ’ਤੇ ਲਹਿੰਦੇ ਪਹਾੜ ਵਾਲੇ ਪਾਸੇ ਸੀ। ਖੇਤਾਂ ਤੋਂ ਅੱਗੇ ਪਹਾੜ ਵਾਲੇ ਪਾਸੇ ਸੰਘਣੀ ਝਿੜੀ ਸੀ। ਕਿਸੇ ਸਮੇਂ ਇਹ ਜਾਮ੍ਹਣ ਵਾਲੀ ਰੱਖ ਤੇ ਛਾਂਗੇ-ਮਾਂਗੇ ਵਾਲੇ ਜੰਗਲ ਦਾ ਹੀ ਹਿੱਸਾ ਸੀ। ਇਹ ਦੋਵੇਂ ਹੀ ਹੁਣ ਪਾਕਿਸਤਾਨ ਵਿਚ ਚਲੇ ਗਏ ਹਨ। ਉਨ੍ਹਾਂ ਦਿਨਾਂ ਵਿਚ ਮਾਝੇ ਦੇ ਸਿੰਘ ਇਨ੍ਹਾਂ ਜੰਗਲਾਂ ਬੇਲਿਆਂ ਵਿਚ ਹੀ ਵਿਚਰ ਰਹੇ ਸਨ। ਰਾਤ ਨੂੰ ਕੋਈ ਨਾ ਕੋਈ ਸਿੰਘਾਂ ਦਾ ਜੱਥਾ ਇਸ ਝਿੜੀ ਵਿਚ ਆ ਟਿਕਦਾ ਅਤੇ ਦੋ-ਤਿੰਨ ਦਿਨ ਰਹਿ ਕੇ ਅੱਗੇ ਚਲਾ ਜਾਂਦਾ ਸੀ। ਭਾਈ ਤਾਰੂ ਸਿੰਘ ਜੀ ਰਾਤ ਨੂੰ ਲੰਗਰ ਤਿਆਰ ਕਰਕੇ ਬੜੀ ਸ਼ਰਧਾ ਭਾਵਨਾ ਨਾਲ ਛਕਾਉਂਦਾ ਅਤੇ ਇਨ੍ਹਾਂ ਦੀ ਲੋੜ ਅਨੁਸਾਰ ਕੱਪੜਾ-ਲੀੜੇ ਦਾ ਵੀ ਪ੍ਰਬੰਧ ਕਰ ਦਿੰਦਾ ਸੀ। ਸ. ਰਤਨ ਸਿੰਘ ਭੰਗੂ ‘ਪ੍ਰਾਚੀਨ ਪੰਥ ਪ੍ਰਕਾਸ਼’ ਵਿਚ ਲਿਖਦੇ ਹਨ ਕਿ:
ਤਾਰੂ ਸਿੰਘ ਤਹਿੰ ਖੇਤੀ ਕਰੈ, ਸਾਥ ਪਿੰਡ ਵਹਿ ਹਾਲਾ ਭਰੈ।
ਦੇਹ ਹਾਕਮ ਕਛੂ ਥੋੜਾ ਖਾਵੈ, ਬਚੈ ਸਿੰਘਨ ਕੇ ਪਾਸ ਪੁਚਾਵੈ।
ਹੈ ਉਸ ਕੇ ਇਕ ਭੈਣ ਅਰ ਮਾਈ, ਪੀਸ ਕੂਟ ਵੈ ਕਰੈਂ ਕਮਾਈ।
ਆਪ ਖਾਇ ਵਹਿ ਰੂਖੀ ਮਿੱਸੀ, ਮੋਟਾ ਪਹਿਰ ਆਪ ਰਹਿ ਲਿੱਸੀ।
ਜੋਊ ਬਚੇ ਸੋ ਸਿੰਘਨ ਦੇਵੈ, ਉਇ ਬਿਨ ਸਿੰਘਨ ਔਰ ਨ ਸੇਵੈ। (ਸਫਾ 269)
ਪੂਹਲਾ ਪਿੰਡ ਲਾਹੌਰ ਵੱਲ ਨੂੰ ਜਾਣ ਵਾਲੀ ਮੁੱਖ ਸੜਕ ’ਤੇ ਹੋਣ ਕਾਰਨ ਆਉਣ ਜਾਣ ਵਾਲੇ ਯਾਤਰੀਆਂ ਨੂੰ ਰਾਤ ਪੈ ਜਾਣ ’ਤੇ ਇਸੇ ਪਿੰਡ ਵਿਚ ਗੁਜਾਰਨੀ ਪੈਂਦੀ ਸੀ। ਭਾਈ ਤਾਰੂ ਸਿੰਘ ਜੀ ਬਚਪਨ ਤੋਂ ਹੀ ਸਾਧ ਵਿਰਤੀ ਅਤੇ ਸੇਵਾ ਭਾਵਨਾ ਵਾਲੇ ਸਨ। ਉਨ੍ਹਾਂ ਨੇ ਯਾਤਰੀਆਂ ਨੂੰ ਬਿਨਾਂ ਕਿਸੇ ਭੇਦ-ਭਾਵ ਦੇ ਲੰਗਰ ਪਾਣੀ ਦੀ ਸੇਵਾ ਕਰਨੀ ਅਤੇ ਰਾਤ ਕੱਟਣ ਲਈ ਬਿਸਤਰੇ ਮੰਜੇ ਦਾ ਪ੍ਰਬੰਧ ਕਰ ਕੇ ਯਾਤਰੂਆਂ ਦੀ ਸੇਵਾ ਦਾ ਪੁੰਨ ਖੱਟ ਰਹੇ ਸਨ। ਲਾਹੌਰ ਤੋਂ ਆਉਣ-ਜਾਣ ਵਾਲਿਆਂ ਤੋਂ ਉਸ ਨੂੰ ਲਾਹੌਰ ਵਿਚ ਵਾਪਰਨ ਵਾਲੀਆਂ ਘਟਨਾਵਾਂ ਦਾ ਵੀ ਪਤਾ ਲਗਦਾ ਰਹਿੰਦਾ ਸੀ। ਉਨ੍ਹਾਂ ਦਿਨਾਂ ਵਿਚ ਜ਼ਿਆਦਾ ਘਟਨਾਵਾਂ ਸਿੰਘਾਂ ਨਾਲ ਸਬੰਧਤ ਹੋਇਆ ਕਰਦੀਆਂ ਸਨ। ਭਾਈ ਤਾਰੂ ਸਿੰਘ ਜੀ ਜੰਗਲਾਂ ਵਿਚ ਲੁਕ ਕੇ ਦਿਨ ਕਟੀ ਕਰ ਰਹੇ ਸਿੰਘਾਂ ਨੂੰ ਖ਼ਬਰ ਪਹੁੰਚਾ ਦਿੰਦੇ ਸਨ। ਵੇਲੇ ਸਿਰ ਉਨ੍ਹਾਂ ਨੂੰ ਪਤਾ ਲੱਗ ਜਾਣ ਕਾਰਨ ਕਈ ਵਾਰ ਉਨ੍ਹਾਂ ਦਾ ਬਚਾਅ ਹੋ ਜਾਇਆ ਕਰਦਾ ਸੀ। ਸਿੰਘ ਜੋ ਜੰਗਲਾਂ ਵਿਚ ਦਿਨ ਕਟੀ ਕਰ ਰਹੇ ਸਨ, ਉਨ੍ਹਾਂ ਪਾਸ ਖ਼ਬਰਾਂ ਪਹੁੰਚਣ ਦੀ ਇਹ ਠਹਿਰ ਤੋਂ ਇਲਾਵਾ ਹੋਰ ਵੀ ਕਈ ਸਾਧਨ ਸਨ।
ਇਕ ਵਾਰ ਪੱਟੀ ਦੇ ਵੱਡੀ ਉਮਰ ਦੇ ਫੌਜਦਾਰ ਜਾਫਰ ਬੇਗ ਨੇ ਰਹੀਮ ਬਖਸ਼ ਮਾਛੀ ਨੂੰ ਧਮਕਾਇਆ ਕਿ ਉਹ ਆਪਣੀ ਨੌਜਵਾਨ ਸੁੰਦਰ ਪੁੱਤਰੀ ਸਲਮਾ ਦਾ ਨਿਕਾਹ ਉਸ ਨਾਲ ਕਰ ਦੇਵੇ। ਜਦੋਂ ਗਰੀਬ ਬਾਪ ਨੇ ਇਸ ਬਾਰੇ ਆਪਣੀ ਸਿਆਣੀ ਧੀ ਦੀ ਰਜ਼ਾ ਪੁੱਛੀ ਤਾਂ ਉਸ ਨੇ ਸਾਫ ਇਨਕਾਰ ਕਰ ਦਿੱਤਾ। ਫੌਜਦਾਰ ਨੇ ਪਹਿਲਾਂ ਕਈ ਤਰ੍ਹਾਂ ਦੇ ਲਾਲਚ ਦਿੱਤੇ ਅਤੇ ਫੇਰ ਧਮਕੀਆਂ ’ਤੇ ਉਤਰ ਆਇਆ ਪਰ ਜਦ ਉਸ ’ਤੇ ਕੋਈ ਅਸਰ ਨਾ ਹੋਇਆ ਤਾਂ ਆਪਣੇ ਆਦਮੀ ਭੇਜ ਕੇ ਉਸ ਨੂੰ ਚੁਕਵਾ ਲਿਆ। ਜਦੋਂ ਲੜਕੀ ਨੂੰ ਉਸ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਉਸ ਨੇ ਫੇਰ ਨਿਕਾਹ ਲਈ ਸਾਫ ਇਨਕਾਰ ਕਰ ਦਿੱਤਾ। ਫੌਜਦਾਰ ਨੇ ਉਸ ਨੂੰ ਹਵੇਲੀ ਦੇ ਇਕ ਕਮਰੇ ਵਿਚ ਬੰਦ ਕਰਕੇ ਉਪਰੋਂ ਸਖ਼ਤ ਪਹਿਰਾ ਲਗਵਾ ਦਿੱਤਾ। ਰਹੀਮ ਬਖਸ਼ ਨੇ ਲਾਹੌਰ ਜਾ ਕੇ ਸ਼ਾਹੀ ਦਰਬਾਰ ਵਿਚ ਖਾਨ ਬਹਾਦਰ ਪਾਸ ਫਰਿਆਦ ਕੀਤੀ ਕਿ ਉਸ ਦੀ ਪੁੱਤਰੀ ਨੂੰ ਫੌਜਦਾਰ ਤੋਂ ਰਿਹਾਅ ਕਰਵਾਇਆ ਜਾਵੇ। ਜਾਫਰ ਬੇਗ, ਖਾਨ ਬਹਾਦਰ ਦਾ ਰਿਸ਼ਤੇਦਾਰ ਸੀ ਅਤੇ ਨਾਲ ਹੀ ਉਸ ਦਾ ਮਿੱਤਰ ਸੀ ਜੋ ਪੱਟੀ ਦੇ ਨੇੜੇ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਵਿਚ ਨਾਮਣਾ ਖੱਟ ਰਿਹਾ ਸੀ। ਖਾਨ ਬਹਾਦਰ ਨੇ ਰਹੀਮ ਬਖਸ਼ ਦੀ ਫਰਿਆਦ ਵੱਲ ਕੋਈ ਧਿਆਨ ਨਾ ਦਿੱਤਾ। ਕੋਈ ਚਾਰਾ ਨਾ ਚਲਦਾ ਦੇਖ ਕੇ ਰਹੀਮ ਬਖਸ਼ ਵਾਪਸ ਪਿੰਡ ਵੱਲ ਨੂੰ ਚੱਲ ਪਿਆ ਰਸਤੇ ਵਿਚ ਪੂਹਲੇ ਪਿੰਡ ਲਾਗੇ ਉਸ ਨੂੰ ਰਾਤ ਪੈ ਗਈ। ਉਹ ਰਾਤ ਕੱਟਣ ਲਈ ਭਾਈ ਤਾਰੂ ਸਿੰਘ ਦੇ ਘਰ ਰੁਕ ਗਿਆ। ਉਸ ਨੇ ਰਾਤ ਨੂੰ ਸਾਰੀ ਹੱਡ-ਬੀਤੀ ਭਾਈ ਤਾਰੂ ਸਿੰਘ ਜੀ ਨੂੰ ਦੱਸੀ। ਭਾਈ ਤਾਰੂ ਸਿੰਘ ਜੀ ਨੇ ਰਹੀਮ ਬਖਸ਼ ਨੂੰ ਹੌਂਸਲਾ ਦਿੱਤਾ ਅਤੇ ਅਕਾਲ ਪੁਰਖ ’ਤੇ ਭਰੋਸਾ ਰੱਖਣ ਲਈ ਕਿਹਾ। ਉਨ੍ਹਾਂ ਦਿਨਾਂ ਵਿਚ ਝਿੜੀ ਵਿਚ 10ਕੁ ਸਿੰਘਾਂ ਦਾ ਜੱਥਾ ਠਹਿਰਿਆ ਹੋਇਆ ਸੀ, ਜਿਨ੍ਹਾਂ ਲਈ ਲੰਗਰ ਪਾਣੀ ਭਾਈ ਸਾਹਿਬ ਜੀ ਦੇ ਘਰੋਂ ਹੀ ਜਾਂਦਾ ਸੀ। ਭਾਈ ਤਾਰੂ ਸਿੰਘ ਨੇ ਰਹੀਮ ਬਖਸ਼ ਦੀ ਦੁੱਖ ਭਰੀ ਕਹਾਣੀ ਉਨ੍ਹਾਂ ਜੁਝਾਰੂ ਸਿੰਘਾਂ ਨੂੰ ਦੱਸੀ। ਸਿੰਘਾਂ ਨੇ ਵਾਰਤਾ ਸੁਣ ਕੇ ਉਸੇ ਸਮੇਂ ਅਰਦਾਸਾ ਸੋਧ ਕੇ ਪੱਟੀ ਸ਼ਹਿਰ ਵੱਲ ਨੂੰ ਚਾਲੇ ਪਾ ਦਿੱਤੇ ਅਤੇ ਸਲਮਾ ਨੂੰ ਦਿਨ ਚੜ੍ਹਨ ਤੋਂ ਪਹਿਲਾਂ ਹੀ ਪੂਹਲੇ ਪਿੰਡ ਲੈ ਆਏ। ਰਹੀਮ ਬਖਸ਼ ਦੋ ਦਿਨ ਭਾਈ ਤਾਰੂ ਸਿੰਘ ਜੀ ਪਾਸ ਰਹਿ ਕੇ ਆਪਣੀ ਪੁੱਤਰੀ ਨੂੰ ਲੈ ਕੇ ਆਪਣੇ ਰਿਸ਼ਤੇਦਾਰਾਂ ਕੋਲ ਕਸੂਰ ਵੱਲ ਨੂੰ ਚਲਾ ਗਿਆ। ਅੰਮ੍ਰਿਤਸਰ ਦੇ ਕੋਤਵਾਲ ਕਾਜ਼ੀ ਅਬਦੁਲ ਰਹਿਮਾਨ ਦੀ ਮੌਤ ਤੋਂ ਬਾਅਦ ਜ਼ਕਰੀਆ ਖਾਨ ਨੇ ਆਪਣੇ ਖਾਸਮ-ਖਾਸ ਪਿੰਡ ਮੰਡਿਆਲੀ ਦੇ ਰਹਿਣ ਵਾਲੇ ਮੱਸਾ ਖਾਨ ਰੰਘੜ ਨੂੰ ਅੰਮ੍ਰਿਤਸਰ ਦਾ ਕੋਤਵਾਲ ਨਿਯੁਕਤ ਕਰ ਦਿੱਤਾ। ਪਿੰਡ ਮੰਡਿਆਲੀ ਸ੍ਰੀ ਅੰਮ੍ਰਿਤਸਰ ਤੋਂ 8 ਕਿਲੋਮੀਟਰ ਦੱਖਣ ਵੱਲ ਸਥਿਤ ਹੈ। ਇਸ ਲਈ ਵਿਸ਼ੇਸ਼ ਕੰਮ ਇਹ ਸੀ ਕਿ ਕਿਸੇ ਵੀ ਸਿੱਖ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਦਾਖਲ ਨਾ ਹੋਣ ਦਿੱਤਾ ਜਾਵੇ। ਇਸ ਨੇ ਸ੍ਰੀ ਦਰਬਾਰ ਸਾਹਿਬ ਵਿਚ ਹੀ ਆਪਣੇ ਅਮਲੇ ਫੈਲੇ ਨਾਲ ਪੱਕਾ ਡੇਰਾ ਜਮਾ ਲਿਆ। ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਦਾ ਖਿਆਲ ਕਰੇ ਬਿਨਾਂ ਇਸ ਨੇ ਆਪਣਾ ਸਿੰਘਾਸਨ ਜਮਾ ਕੇ ਨਾਮ ਬਾਣੀ ਦੇ ਕੀਰਤਨ ਦੀ ਥਾਂ ’ਤੇ ਨਿੱਤ ਵੇਸਵਾ ਦਾ ਨਾਚ ਕਰਵਾਉਣ ਲੱਗਾ ਅਤੇ ਸ਼ਰਾਬ ਤੰਬਾਕੂ ਦੀ ਸ਼ਰ੍ਹੇਆਮ ਵਰਤੋਂ ਕਰਨ ਲੱਗ ਪਿਆ। ਮੱਸੇ ਰੰਘੜ ਦੀਆਂ ਇਨ੍ਹਾਂ ਕਾਰਵਾਈਆਂ ਨਾਲ ਸਿੱਖਾਂ ਦੇ ਹਿਰਦੇ ਬਲੂੰਧਰੇ ਗਏ। ਜਦੋਂ ਇਸ ਤਰ੍ਹਾਂ ਸ੍ਰੀ ਦਰਬਾਰ ਸਾਹਿਬ ਦੇ ਹੋ ਰਹੇ ਅਪਮਾਨ ਦਾ ਪਤਾ ਸ. ਸ਼ਿਆਮ ਸਿੰਘ ਦੇ ਜੱਥੇ ਨੂੰ ਲੱਗਿਆ ਜੋ ਉਸ ਸਮੇਂ ਰਾਜਸਥਾਨ ਦੇ ਮਾਰੂਥਲ ਵਿਚ ਪਨਾਹ ਲਈ ਬੈਠਾ ਸੀ ਤਾਂ ਉਸ ਨੇ ਸ. ਮਹਿਤਾਬ ਸਿੰਘ ਮੀਰਾਂਕੋਟੀਏ ਅਤੇ ਸ. ਸੁੱਖਾ ਸਿੰਘ ਮਾੜੀ ਕੰਬੋ ਵਾਲੇ ਨੂੰ ਦੁਸ਼ਟਾਂ ਨੂੰ ਸੋਧਣ ਲਈ ਭੇਜਿਆ। ਇਨ੍ਹਾਂ ਦੋਵੇਂ ਸੂਰਬੀਰ ਯੋਧਿਆਂ ਨੇ ਕਿਸਾਨਾਂ ਦਾ ਰੂਪ ਧਾਰ ਕੇ ਮਾਲੀਆ ਤਾਰਨ ਦੇ ਬਹਾਨੇ ਸ੍ਰੀ ਦਰਬਾਰ ਸਾਹਿਬ ਅੰਦਰ ਪ੍ਰਵੇਸ਼ ਕਰਕੇ ਮੱਸੇ ਰੰਘੜ ਦਾ ਸਿਰ ਵੱਡ ਦਿੱਤਾ। ਇਸ ਤਰ੍ਹਾਂ ਸੰਨ 1740 ਈ. ਵਿਚ ਮੱਸੇ ਰੰਘੜ ਦਾ ਕਤਲ ਕਰ ਕੇ ਸਿੰਘਾਂ ਨੇ ਉਸ ਨੂੰ ਉਸ ਦੇ ਕੀਤੇ ਦੀ ਸਜ਼ਾ ਦਿੱਤੀ। ਮੱਸੇ ਰੰਘੜ ਦੇ ਕਤਲ ਪਿੱਛੋਂ ਖਾਨ ਬਹਾਦਰ ਦਾ ਆਪਣੇ ਗੁੱਸੇ ’ਤੇ ਕਾਬੂ ਨਾ ਰਿਹਾ। ਹਕੂਮਤ ਵੱਲੋਂ ਸਿੰਘਾਂ ਉੱਪਰ ਹੱਦ ਦਰਜੇ ਦੀ ਸਖ਼ਤੀ ਸ਼ੁਰੂ ਹੋ ਗਈ। ਮੁਖਬਰਾਂ ਨੂੰ ਲਾਹੌਰ ਸੱਦ ਕੇ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਤਾੜਨਾ ਕੀਤੀ ਗਈ ਜਿਸ ਨਾਲ ਮੁਖਬਰਾਂ ਨੇ ਹਾਕਮਾਂ ਦੀਆਂ ਨਜ਼ਰਾਂ ਵਿਚ ਆਪਣੀ ਸ਼ਾਖ ਬਣਾਉਣ ਲਈ ਸਿੰਘਾਂ ਨੂੰ ਫੜਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾ ਦਿੱਤਾ। ਹਕੂਮਤ ਵੱਲੋਂ 1726 ਈ. ਵਾਲੇ ਹੁਕਮ ਫੇਰ ਤੋਂ ਲਾਗੂ ਕਰ ਦਿੱਤੇ ਗਏ। ਸਿੱਖਾਂ ਨੂੰ ਪਨਾਹ ਦੇਣ ਵਾਲੇ ਲਈ ਮੌਤ ਦੀ ਸਜ਼ਾ ਮੁਕੱਰਰ ਕਰ ਦਿੱਤੀ ਗਈ। ਸੂਬਾ ਲਾਹੌਰ ਦੀਆਂ ਸਖ਼ਤੀਆਂ ਕਾਰਨ ਸਿੱਖ ਘਰ-ਘਾਟ ਛੱਡ ਕੇ ਸ਼ਿਵਾਲਕ ਦੀਆਂ ਪਹਾੜੀਆਂ, ਰਾਜਸਥਾਨ ਦੇ ਮਾਰੂਥਲਾਂ ਅਤੇ ਲੱਖੀ ਜੰਗਲ ਆਦਿ ਦੀਆਂ ਸੁਰੱਖਿਅਤ ਥਾਵਾਂ ’ਤੇ ਚਲੇ ਗਏ। ਇਸ ਸਬੰਧ ਵਿਚ ਡਾ. ਹਰੀ ਰਾਮ ਗੁਪਤਾ ਦਾ ਜ਼ਿਕਰ ਹੈ ਕਿ ਜਿਹੜੇ ਸਿੱਖ ਅਜਿਹਾ ਨਾ ਕਰ ਸਕੇ ਉਹ ਸਰਕਾਰੀ ਅਫਸਰਾਂ ਦੇ ਜ਼ੁਲਮ ਜਾਂ ਇਨਾਮ ਹਾਸਲ ਕਰਨ ਵਾਲੇ ਲਾਲਚੀ ਗੁਆਂਢੀਆਂ ਦਾ ਸ਼ਿਕਾਰ ਹੋ ਗਏ। ਚੈਂਚਲ ਸੰਧੂ ਚੀਚੇ ਵਾਲੇ, ਹੈਬਤ ਮੱਲ ਨੇਸ਼ਟੇ ਵਾਲੇ ਪੂਹਲੇ ਪਿੰਡ ਨਾਲ ਦੇ ਇਲਾਕੇ ਦੀ ਸੂਹ ਰੱਖ ਰਹੇ ਸਨ। ਇਨ੍ਹਾਂ ਨੂੰ ਸੂਹ ਲੱਗ ਗਈ ਸੀ ਕਿ ਭਾਈ ਮਹਿਤਾਬ ਸਿੰਘ ਮੀਰਾਂਕੋਟੀਆ ਕਿਥੇ ਲੁਕਿਆ ਹੈ ਅਤੇ ਉਹ ਭਾਈ ਤਾਰੂ ਸਿੰਘ ਜੀ ਦਾ ਪੁਰਾਣਾ ਮਿੱਤਰ ਹੈ। ਜਦੋਂ ਹਰਿਭਗਤ ਨਿਰੰਜਨੀਏ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਭਾਵੇਂ ਪੂਹਲੇ ਪਿੰਡ ਦੀ ਚੌਧਰਾਇਤ ਉਸ ਦੇ ਅਧਿਕਾਰ ਵਿਚ ਨਹੀਂ ਸੀ ਪਰ ਫੇਰ ਵੀ ਉਸ ਨੇ ਜ਼ਕਰੀਆ ਖਾਨ ਪਾਸ ਜਾ ਮੁਖ਼ਬਰੀ ਕੀਤੀ ਕਿ ਪੂਹਲੇ ਪਿੰਡ ਦਾ ਭਾਈ ਤਾਰੂ ਸਿੰਘ ਜੰਗਲਾਂ ਵਿਚ ਲੁਕੇ ਸਿੱਖਾਂ ਦੀ ਮੱਦਦ ਕਰਦਾ ਹੈ ਅਤੇ ਉਹ ਭਾਈ ਮਹਿਤਾਬ ਸਿੰਘ ਮੀਰਾਂਕੋਟੀਏ ਦਾ ਮਿੱਤਰ ਹੈ। ਗਿਆਨੀ ਗਿਆਨ ਸਿੰਘ ਜੀ ਨੇ ਇਸ ਦਾ ਜ਼ਿਕਰ ‘ਪੰਥ ਪ੍ਰਕਾਸ਼’ ਵਿਚ ਬੜੇ ਵਿਸਥਾਰ ਨਾਲ ਕੀਤਾ ਹੈ:
ਪੂਲੇ ਵਾਰੋ ਤਾਰੂ ਸਿੰਘ ਭਗਤ ਸਦਾਵੈ ਜੋਊ,
ਸਿੰਘਨ ਕੇ ਪਾਸ ਸੋਊ ਖਰਚ ਪੁਚਾਇ ਹੈ।
ਆਪ ਦੂਖ ਭੂਖ ਸੈਹੈਂ, ਸਿੰਘਨ ਕੋ ਸੂਖ ਦੈਹੈਂ,
ਭੂਜੇ ਚਣੇ ਚਾਬੈ ਆਪ, ਰੋਟੀ ਉਨੈਂ ਦਾਇ ਹੈਂ।
ਜਾਨਕੈ ਭਗਤ ਤਾਂਕਾ ਮਾਨਹੈ ਬਚਨ ਲੋਗ,
ਭੋਗਸ਼ਾਹੀ ਚੋਰਨ ਕੋ ਹੋਰਨ ਤੇ ਦਯਾਇ ਹੈ।
ਔਰ ਮੀਰਾਂਕੋਟੀਆ ਮਤਾਬ ਸਿੰਘ ਤਾਂਕੋ ਯਾਰ,
ਰਾਖਤ ਪਯਾਰਵੇ ਸੁਨੈਰੀਏ ਸਦਾਇ ਹੈ।
ਸਿੰਘ ਤਾਂਕੇ ਸਾਥ ਬਹੁ ਧਾੜਾ ਚੋਰੀ ਹੈ ਕਰਾਤ,
ਆਤ ਧਨ ਜੋਊ ਤਾਰੂ ਸਿੰਘ ਕੋ ਦੈ ਜਾਇ ਹੈ।
ਜ਼ਕਰੀਆ ਖਾਨ ਨੇ ਹਰਿਭਗਤ ਨਿਰੰਜਨੀਏ ਦੀ ਗੱਲ ਸੁਣ ਕੇ ਮੋਮਨ ਖਾਨ ਦੀ ਕਮਾਂਡ ਹੇਠ 20 ਸਿਪਾਹੀਆਂ ਨੂੰ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਪੂਹਲੇ ਪਿੰਡ ਭੇਜ ਦਿੱਤਾ ਅਤੇ ਹਰਿਭਗਤ ਨਿਰੰਜਨੀਏ ਦੀ ਜ਼ਿੰਮੇਵਾਰੀ ਭਾਈ ਮਹਿਤਾਬ ਸਿੰਘ ਨੂੰ ਗ੍ਰਿਫਤਾਰ ਕਰਨ ਦੀ ਲਾ ਦਿੱਤੀ।
ਮੋਮਨ ਖਾਨ ਨੇ ਪੂਹਲੇ ਪਿੰਡ ਪਹੁੰਚ ਕੇ ਭਾਈ ਤਾਰੂ ਸਿੰਘ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਭਾਈ ਤਾਰੂ ਸਿੰਘ ਅਤੇ ਉਸ ਦੀ ਭੈਣ ਬੀਬੀ ਤਾਰੋ ਨੂੰ ਗ੍ਰਿਫਤਾਰ ਕਰ ਹੱਥਕੜੀਆਂ ਤੇ ਬੇੜੀਆਂ ਨਾਲ ਬੰਨ੍ਹ ਕੇ ਲਾਹੌਰ ਵੱਲ ਨੂੰ ਚੱਲ ਪਿਆ। ਭਾਈ ਤਾਰੂ ਸਿੰਘ ਜੀ ਗ੍ਰਿਫਤਾਰ ਕਰਕੇ ਲਿਜਾ ਰਹੀ ਫ਼ੌਜ ਨੂੰ ਪਿੰਡ ਭੜਾਣਾ ਵਿਖੇ ਰਾਤ ਪੈ ਗਈ। ਭੜਾਣਾ ਪਿੰਡ ਲਾਹੌਰ ਤੋਂ 32-33 ਕਿਲੋਮੀਟਰ ਦੂਰ ਚੜ੍ਹਦੇ ਦੱਖਣ ਵਾਲੇ ਪਾਸੇ ਵਾਕਿਆ ਹੈ। ਭਾਈ ਆਲੀ ਸਿੰਘ ਅਤੇ ਭਾਈ ਗੁਰਬਖਸ਼ ਸਿੰਘ ਇਸੇ ਪਿੰਡ ਦੇ ਨਿਵਾਸੀ ਸਨ, ਜਿਨ੍ਹਾਂ ਦੀਆਂ ਫਸਲਾਂ ਨੌਸ਼ਹਿਰੇ ਵਾਲੇ ਚੌਧਰੀ ਦੀਆਂ ਘੋੜੀਆਂ ਨੇ ਉਜਾੜ ਦਿੱਤੀਆਂ ਸਨ, ਜਿਸ ਦਾ ਵਿਰੋਧ ਕਰਨ ਤੋਂ ਗੱਲ ਵਧ ਕੇ ਜੰਗ ਤਕ ਪਹੁੰਚੀ ਸੀ ਅਤੇ ਭਾਈ ਤਾਰਾ ਸਿੰਘ ਵਾਂ ਨਾਲ ਲਾਹੌਰ ਦੀ ਫ਼ੌਜ ਦੀ ਲੜਾਈ ਹੋਈ ਅਤੇ ਇਹ ਦੋਵੇਂ ਸਿੰਘ ਵਾਂ ਦੀ ਜੰਗ ਵਿਚ ਸ਼ਹੀਦੀ ਪ੍ਰਾਪਤ ਕਰ ਗਏ ਸਨ। ਇਸੇ ਪਿੰਡ ਭੜਾਣਾ (ਪਢਾਣਾ) ਵਿਖੇ ਸ਼ਾਹੀ ਸੈਨਾ ਵੱਲੋਂ ਰਾਤ ਠਹਿਰਣ ਦੀ ਯੋਜਨਾ ਬਣਾਈ ਗਈ। ਪਿੰਡ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਭਾਈ ਤਾਰੂ ਸਿੰਘ ਜੀ ਅਤੇ ਉਨ੍ਹਾਂ ਦੀ ਭੈਣ ਬੀਬੀ ਤਾਰੋ ਨੂੰ ਲਾਹੌਰ ਦੀ ਫ਼ੌਜ ਗ੍ਰਿਫਤਾਰ ਕਰਕੇ ਲਿਜਾ ਰਹੀ ਹੈ ਤਾਂ ਉਹ ਗੁੱਸੇ ਨਾਲ ਭਰ ਗਏ। ਉਨ੍ਹਾਂ ਨੇ ਬਿਨਾਂ ਕਿਸੇ ਨਤੀਜੇ ਦੀ ਪਰਵਾਹ ਕੀਤਿਆਂ ਸ਼ਾਹੀ ਸੈਨਾ ’ਤੇ ਹਮਲਾ ਕਰਕੇ ਭਾਈ ਸਾਹਿਬ ਅਤੇ ਉਨ੍ਹਾਂ ਦੀ ਭੈਣ ਨੂੰ ਛਡਾਉਣ ਦੀ ਯੋਜਨਾ ਬਣਾਈ। ਸ. ਰਤਨ ਸਿੰਘ ਭੰਗੂ ਨੇ ‘ਪ੍ਰਾਚੀਨ ਪੰਥ ਪ੍ਰਕਾਸ਼’ ਵਿਚ ਇਸ ਦਾ ਜ਼ਿਕਰ ਇਸ ਤਰ੍ਹਾਂ ਕੀਤਾ ਹੈ:
ਹੁਤੀ ਭੜਾਣੇ ਗੁਰਸਿਖੀ ਤਿਨ ਲਖ ਆਯੋ ਰੋਹੁ।
ਤਾਰੂ ਸਿੰਘ ਛੁਡਾਈਏ ਹੋਣੀ ਹੋਇ ਸੁ ਹੋਇ।
ਜਦੋਂ ਭਾਈ ਤਾਰੂ ਸਿੰਘ ਜੀ ਪਾਸ ਪਿੰਡ ਵਾਲੇ ਆਪਣੀ ਇਹ ਯੋਜਨਾ ਦੱਸਣ ਗਏ ਤਾਂ ਭਾਈ ਸਾਹਿਬ ਨੇ ਉਨ੍ਹਾਂ ਨੂੰ ਇਸ ਤਰ੍ਹਾਂ ਕਰਨ ਤੋਂ ਰੋਕ ਦਿੱਤਾ ਅਤੇ ਕਿਹਾ ਇਸ ਤਰ੍ਹਾਂ ਕਰਨ ਨਾਲ ਲੋਕ ਕਹਿਣਗੇ ਕਿ ਇਕ ਗੁਰੂ ਦਾ ਸਿੱਖ ਮੌਤ ਤੋਂ ਡਰਦਾ ਮਾਰਾ ਸਾਰੇ ਪਿੰਡ ਨੂੰ ਮੁਸੀਬਤ ਵਿਚ ਪਾ ਕੇ ਆਪ ਦੌੜ ਗਿਆ ਹੈ।
ਭਾਈ ਤਾਰੂ ਸਿੰਘ ਦੇ ਵਿਚਾਰ ਸੁਣ ਕੇ ਪਿੰਡ ਵਾਲਿਆਂ ਨੇ ਸ਼ਾਹੀ ਸੈਨਾ ਨਾਲ ਲੜਨ ਦਾ ਇਰਾਦਾ ਤਿਆਗ ਦਿੱਤਾ। ਉਨ੍ਹਾਂ ਨੇ ਸ਼ਾਹੀ ਸੈਨਾ ਨੂੰ ਮੋਟੀ ਰਕਮ ਦੇ ਕੇ ਭਾਈ ਤਾਰੂ ਸਿੰਘ ਦੀ ਭੈਣ ਨੂੰ ਛੁਡਵਾ ਲਿਆ। ਇਸ ਬਾਰੇ ‘ਪ੍ਰਾਚੀਨ ਪੰਥ ਪ੍ਰਕਾਸ਼’ ਵਿਚ ਜ਼ਿਕਰ ਹੈ ਕਿ:
ਅਹਿਦੀਅਨ ਕੋ ਕੁਛ ਦੇ ਕੈ ਦਾਮ, ਦਰਸ਼ਨ ਕਰਯੋ ਤਾਰੂ ਸਿੰਘ ਗ੍ਰਾਮ।
ਭੈਣ ਸਾਥ ਥੀ ਸੋ ਫੜੀ ਆਈ, ਸੋ ਦੰਮ ਦੇ ਲੋਕਨ ਛਡਵਾਈ।
ਦੂਸਰੇ ਦਿਨ ਸਿਪਾਹੀ ਭਾਈ ਤਾਰੂ ਸਿੰਘ ਜੀ ਨਾਲ ਲੈ ਕੇ ਲਾਹੌਰ ਵੱਲ ਨੂੰ ਚੱਲ ਪਏ। ਨਖਾਸ ਚੌਂਕ ਲਾਹੌਰ ਵਿਖੇ ਨਾਜ਼ਮ ਲਾਹੌਰ ਜ਼ਕਰੀਆ ਖਾਨ ਦੀ ਕਚਹਿਰੀ ਸੀ ਜਿਸ ਆਲੇ-ਦੁਆਲੇ ਸੁਰੱਖਿਆ ਲਈ ਇਕ ਡੂੰਘੀ ਖਾਈ ਬਣੀ ਹੋਈ ਸੀ। ਡਾ. ਹਰੀ ਰਾਮ ਗੁਪਤਾ ਅਨੁਸਾਰ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਬਹੁਤ ਸਾਰੇ ਸਿੱਖਾਂ ਨੂੰ ਲੱਭ-ਲੱਭ ਕੇ ਮਾਰਿਆ ਗਿਆ, ਬਹੁਤ ਸਾਰੇ ਗੋਲੀ ਦਾ ਨਿਸ਼ਾਨਾ ਬਣਾਏ ਗਏ, ਬਹੁਤ ਸਾਰੇ ਜੰਜ਼ੀਰਾ ਪਾ ਕੇ ਲਾਹੌਰ ਲਿਆਂਦੇ ਗਏ। ਜਿਨ੍ਹਾਂ ਨੂੰ ਇਸੇ ਨਖਾਸ ਚੌਂਕ ਵਿਚ ਸ਼ਹੀਦ ਕੀਤਾ ਜਾਂਦਾ ਸੀ। ਸ. ਰਤਨ ਸਿੰਘ ਭੰਗੂ ਇਸ ਬਾਰੇ ‘ਪ੍ਰਾਚੀਨ ਪੰਥ ਪ੍ਰਕਾਸ਼’ ਵਿਚ ਲਿਖਦੇ ਹਨ ਕਿ:
ਕਈ ਚਰਖ ਕਈ ਫਾਂਸੀ ਮਾਰੇ।
ਕਈ ਤੋਪਨ ਕਈ ਛੁਰੀ ਕਟਾਰੇ।
ਕਈਅਨ ਕੈ ਸਿਰ ਮੁੰਗਲੀਂ ਕੁੱਟੇ।
ਕਈ ਡੋਬੇ ਕਈ ਘਸੀਟ ਸੁ ਸੁੱਟੇ।
ਦੱਬੇ ਟੰਗੇ ਬੰਦੂਖਨ ਦਏ ਮਾਰ।
ਕੌਨ ਗਨੈ ਜੇ ਮਾਰੇ ਹਜ਼ਾਰ।
ਪਾਂਤ ਪਾਂਤ ਕਈ ਪਕੜ ਬਹਾਏ।
ਸਾਥ ਤੇਗ਼ਨ ਕੇ ਸਸਿ ਉਡਵਾਏ।
ਕਿਸੇ ਹੱਥ ਕਿਸੇ ਟੰਗ ਕਟਵਾਇ।
ਅੱਖ ਕੱਢ ਕਿਸੈ ਖਲ ਕਢਵਾਇ।
ਕੇਸ਼ਨ ਵਾਲੋ ਜੌ ਨਰ ਹੋਇ।
ਬਾਲ ਬਿਰਧ ਲਭ ਛਡੈ ਨ ਕੋਈ। (ਪ੍ਰਾਚੀਨ ਪੰਥ ਪ੍ਰਕਾਸ਼, ਸਫ਼ਾ 228)
ਮੋਮਨ ਖਾਨ ਨੇ ਭਾਈ ਤਾਰੂ ਸਿੰਘ ਨੂੰ ਹੱਥਕੜੀਆਂ ਤੇ ਬੇੜੀਆਂ ਪਾ ਕੇ ਇਥੇ ਜ਼ਕਰੀਆ ਖਾਨ ਅੱਗੇ ਪੇਸ਼ ਕੀਤਾ। ਲਾਹੌਰ ਵਿਚ ਭਾਈ ਤਾਰੂ ਸਿੰਘ ਨੂੰ ਕਈ ਦਿਨ ਜੇਲ੍ਹ ਵਿਚ ਰੱਖ ਕੇ ਕਈ ਦਿਨਾਂ ਤਕ ਤਸੀਹੇ ਦਿੱਤੇ ਜਾਂਦੇ ਰਹੇ।
ਭਾਈ ਤਾਰੂ ਸਿੰਘ ’ਤੇ ਬਾਗੀਆਂ ਨੂੰ ਸ਼ਰਨ ਦੇਣ ਅਤੇ ਉਨ੍ਹਾਂ ਲਈ ਜ਼ਰੂਰੀ ਚੀਜ਼ਾਂ ਦਾ ਪ੍ਰਬੰਧ ਕਰ ਕੇ ਦੇਣ ਦੇ ਦੋਸ਼ ਲਾਏ ਗਏ। ਜ਼ਕਰੀਆ ਖਾਨ ਨੇ ਭਾਈ ਤਾਰੂ ਸਿੰਘ ਅੱਗੇ ਦੋ ਸ਼ਰਤਾਂ ਰੱਖੀਆਂ ਇਸਲਾਮ ਕਬੂਲ ਕਰੋ ਜਾਂ ਮੌਤ। ਭਾਈ ਤਾਰੂ ਸਿੰਘ ਜੀ ਨੇ ਜ਼ਕਰੀਆ ਖਾਨ ਨੂੰ ਪੁੱਛਿਆ ਕਿ ਇਸਲਾਮ ਧਾਰਨ ਕਰਨ ਨਾਲ ਮੌਤ ਨਹੀਂ ਆਏਗੀ, ਜੇਕਰ ਮੇਰੇ ਧਰਮ ਬਦਲਣ ਨਾਲ ਵੀ ਮੈਨੂੰ ਮੌਤ ਨੇ ਕਦੇ ਨਾ ਕਦੇ ਆ ਦਬੋਚਣਾ ਹੀ ਹੈ ਤਾਂ ਮੈਂ ਆਪਣੇ ਧਰਮ ਵਿਚ ਪੱਕਾ ਰਹਿ ਕੇ ਹੀ ਕਿਉਂ ਨਾ ਮਰਾਂ। ਭਾਈ ਤਾਰੂ ਸਿੰਘ ਜੀ ਦਾ ਜਵਾਬ ਸੁਣ ਕੇ ਜ਼ਕਰੀਆ ਖਾਨ ਨੇ ਗੁੱਸੇ ਵਿਚ ਆ ਕੇ ਭਾਈ ਤਾਰੂ ਸਿੰਘ ਜੀ ਨੂੰ ਚਰਖੜੀਆਂ ’ਤੇ ਚਾੜ੍ਹਣ ਦਾ ਫਤਵਾ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਓਨਾ ਸਮਾਂ ਚਰਖੜੀਆਂ ਨੂੰ ਘੁਮਾਇਆ ਜਾਵੇ ਜਦੋਂ ਤਕ ਇਹ ਸਿੱਖ ਧਰਮ ਤਿਆਗ ਕੇ ਇਸਲਾਮ ਕਬੂਲ ਨਹੀਂ ਕਰ ਲੈਂਦਾ। ਹਾਕਮ ਭਾਈ ਤਾਰੂ ਸਿੰਘ ਜੀ ਨੂੰ ਹਰ ਹੀਲੇ ਦੀਨ-ਏ-ਮੁਹੰਮਦੀ ਵਿਚ ਲਿਆਉਣਾ ਚਾਹੁੰਦਾ ਸੀ ਤਾਂ ਕਿ ਸਿੱਖਾਂ ਦੀ ਦ੍ਰਿੜ੍ਹਤਾ ਨੂੰ ਕਮਜ਼ੋਰ ਕੀਤਾ ਜਾ ਸਕੇ ਅਤੇ ਇਸ ਦਾ ਪ੍ਰਚਾਰ ਕਰ ਕੇ ਹੋਰ ਸਿੱਖਾਂ ਨੂੰ ਧਰਮ ਤਬਦੀਲ ਕਰਨ ਲਈ ਜ਼ੋਰ ਪਾਇਆ ਜਾ ਸਕੇ। ਡਾ. ਹਰੀ ਰਾਮ ਗੁਪਤਾ ਲਿਖਦੇ ਹਨ ਕਿ ਜ਼ਕਰੀਆ ਖਾਨ ਨੇ ਆਪਣੀ ਗੱਲ ਮਨਵਾਉਣ ਲਈ ਭਾਈ ਤਾਰੂ ਸਿੰਘ ਜੀ ਨੂੰ ਚਰਖੜੀ ’ਤੇ ਚਾੜ੍ਹਨ ਦਾ ਹੁਕਮ ਦਿੱਤਾ ਤਾਂ ਕਿ ਉਸ ਦੀ ਛਾਤੀ ਅਤੇ ਪਸਲੀ ਦੀਆਂ ਹੱਡੀਆਂ ਨੂੰ ਤੋੜ ਦਿੱਤਾ ਜਾਵੇ।
ਜਿਉਂ-ਜਿਉਂ ਭਾਈ ਤਾਰੂ ਸਿੰਘ ਤੇ ਸਖ਼ਤੀਆਂ ਵਧਾਈਆਂ ਗਈਆਂ ਭਾਈ ਸਾਹਿਬ ਚੜ੍ਹਦੀ ਕਲਾ ਵਿਚ ਹੁੰਦੇ ਗਏ। ਭਾਈ ਰਤਨ ਸਿੰਘ ਭੰਗੂ ਅਨੁਸਾਰ:
ਜਿਮ ਜਿਮ ਸਿੰਘ ਕੋ ਤੁਰਕ ਸਤਾਵੈ, ਤਿਮ ਤਿਮ ਮੁਖ ਸਿੰਘ ਲਾਲੀ ਆਵੈ।
ਜਿਮ ਜਿਮ ਸਿੰਘ ਕਛੁ ਪੀਏ ਨਾ ਖਾਇ, ਤਿਮ ਤਿਮ ਸਿੰਘ ਸੰਤੋਖ ਹੈਵ ਆਇ।
ਜੀਵਨ ਤੇ ਸਿੰਘ ਆਸ ਚੁਕਾਈ, ਨਹਿੰ ਉਸ ਚਿੰਤ ਸੁ ਮਰਨੇ ਕਾਈ।
ਸਤ ਸੰਤੋਖ ਧੀਰ ਮਨ ਤਾਂਕੇ, ਗੁਰ ਕਾ ਭਾਣਾ ਸਿਰ ਪਰ ਜਾਂਕੇ। (ਪ੍ਰਾਚੀਨ ਪੰਥ ਪ੍ਰਕਾਸ਼, ਸਫ਼ਾ 287)
ਭਾਈ ਸਾਹਿਬ ਨੇ ਸਿੱਖੀ ਵਿਚ ਅਟੱਲ ਵਿਸ਼ਵਾਸ ਰੱਖਦਿਆਂ ਅਕਾਲ ਪੁਰਖ ਅੱਗੇ ਸਿੱਖੀ ਕੇਸਾਂ-ਸੁਆਸਾਂ ਸੰਗ ਨਿਭ ਜਾਣ ਦੀ ਅਰਦਾਸ ਕੀਤੀ। ਜਦੋਂ ਇਸ ਗੱਲ ਦਾ ਪਤਾ ਜ਼ਕਰੀਆ ਖਾਨ ਨੂੰ ਲੱਗਾ ਤਾਂ ਉਸ ਨੇ ਹੰਕਾਰ ਵਿਚ ਆ ਕੇ ਸਿੱਖੀ ਦੀ ਨਿਸ਼ਾਨੀ ਗੁਰੂ ਦੀ ਮੋਹਰ ਕੇਸਾਂ ਨੂੰ ਕਤਲ ਕਰਨ ਦਾ ਸੁਝਾਓ ਕਾਜ਼ੀ ਨੂੰ ਦਿੱਤਾ। ਦਰਬਾਰ ਵਿਚ ਕਾਜ਼ੀ ਵੱਲੋਂ ਫਤਵਾ ਜਾਰੀ ਕਰਨ ਮਗਰੋਂ ਭਾਈ ਤਾਰੂ ਸਿੰਘ ਦੇ ਕੇਸ ਕਤਲ ਕਰਨ ਲਈ ਨਾਈਆਂ ਨੂੰ ਸੱਦਿਆ ਗਿਆ। ਭਾਈ ਸਾਹਿਬ ਦੇ ਚਿਹਰੇ ਦਾ ਜਲਾਲ ਦੇਖ ਕਿਸੇ ਦੀ ਵੀ ਭਾਈ ਸਾਹਿਬ ਦੇ ਕੇਸਾਂ ਨੂੰ ਹੱਥ ਲਾਉਣ ਦੀ ਹਿੰਮਤ ਨਾ ਪਈ। ਸ. ਰਤਨ ਸਿੰਘ ਭੰਗੂ ਇਸ ਘਟਨਾ ਦਾ ਵਿਸਥਾਰ ਕਰਦੇ ਹੋਏ ‘ਪ੍ਰਾਚੀਨ ਪੰਥ ਪ੍ਰਕਾਸ਼’ ਵਿਚ ਲਿਖਦੇ ਹਨ:
ਤਬ ਨਵਾਬ ਨੇ ਨਊਏ ਲਗਾਏ, ਉਨ ਕੇ ਸੰਦ ਖੁੰਢੇ ਹੋ ਆਏ।
ਜਿਮ ਜਿਮ ਨਊਏ ਫੇਰ ਲਗਾਵੈਂ, ਤਿਮ ਤਿਮ ਉਨ ਹਥ ਭੈੜੇ ਪਾਵੈਂ।
ਜਿਮ ਜਿਮ ਨਊਅਨ ਨਵਾਬ ਡਰਾਵੈ, ਤਿਮ ਤਿਮ ਨਊਅਨ ਹਥ ਕੰਪਾਵੈਂ।
ਕਲਾ ਖਾਲਸੇ ਤਬ ਐਸੀ ਕਈ, ਨਊਅਨ ਦ੍ਰਿਸ਼ਟੀ ਮੰਦ ਤਬ ਭਈ।
ਨਵਾਬ ਕਹਯੋਂ ਇਨ ਜਾਦੂ ਚਲਾਯਾ, ਕੈ ਨਊਅਨ ਕੁਛ ਲੱਬ ਦਿਵਾਯਾ।
ਅਬ ਲਯਾਵੋ ਮੋਚੀ ਦੋ ਚਾਰ, ਖੋਪਰੀ ਸਾਥ ਦਿਹੁ ਬਾਲ ਉਤਾਰ। (ਸਫਾ 290)
ਜ਼ਕਰੀਆ ਖਾਨ ਨੇ ਹੁਕਮ ਕੀਤਾ ਇਸ ਦੇ ਕੇਸ ਇਸ ਤਰ੍ਹਾਂ ਉਤਾਰੇ ਜਾਣ ਕਿ ਮੁੜ ਕੇ ਉੱਗ ਨ ਸਕਣ ਸੋ ਮੋਚੀਆਂ ਨੂੰ ਬੁਲਾ ਕੇ ਭਾਈ ਤਾਰੂ ਸਿੰਘ ਜੀ ਦੇ ਕੇਸ ਸਣੇ ਖੋਪਰੀ ਲਾਹ ਦੇਣ ਦਾ ਹੁਕਮ ਕੀਤਾ ਗਿਆ:
ਤਬ ਨਵਾਬ ਬਹੁ ਕ੍ਰੋਧਿਹਿ ਭਰਾ, ਸੋਊ ਹੁਕਮ ਉਨ ਮੋਚਿਅਨ ਕਰਾ।
ਇਸ ਕੀ ਖੋਪਰੀ ਸਾਥੇ ਬਾਲ, ਕਾਟ ਉਤਾਰੋ ਰੰਬੀ ਨਾਲ। (ਸ. ਰਤਨ ਸਿੰਘ ਭੰਗੂ, ਪੰਨਾ 290)
ਬਹਿਸ਼ੀਆਨਾ ਢੰਗ ਦੇ ਨਾਲ ਜ਼ਾਲਮਾਂ ਨੇ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਰੰਬੀ ਨਾਲ ਉਤਾਰ ਕੇ ਸਿਰ ਤੋਂ ਵੱਖ ਕਰ ਦਿੱਤੀ। ਤਮਾਸ਼ਾ ਦੇਖਣ ਵਾਲੇ ਹੈਰਾਨ ਹੋਏ ਦੇਖ ਰਹੇ ਸਨ ਕਿ ਇਕ ਗੁਰੂ ਦਾ ਸਿੱਖ ਬਿਨਾਂ ਸੀਅ ਤਕ ਕੀਤਿਆਂ ਕਿਵੇਂ ਅੰਤਾਂ ਦੇ ਤਸੀਹੇ ਝੱਲ ਰਿਹਾ ਹੈ:
ਸਿੰਘ ਜੀ ਮੁਖ ਤੇ ਸੀ ਨਾ ਕਰੀ, ਧੰਨ ਧੰਨ ਗੁਰ ਮੁਖ ਕਹਾਣੀ ਸਰੀ।
ਹਕਾਰੋ ਦੇਖ ਲੌਕ ਬਹੁ ਭਰੇ, ਜੋ ਸੋਅ ਸੁਨੈਂ ਸੁ ਹੈ ਹੈ ਕਰੇ।
ਲੋਕ ਸਿਆਣੇ ਐਸੇ ਕਹੈਂ, ਪਾਤਸ਼ਾਹੀ ਇਨ ਕੀ ਨ ਰਹੈ। (ਪ੍ਰਾਚੀਨ ਪੰਥ ਪ੍ਰਕਾਸ਼, ਪੰਨਾ 291)
ਨਖਾਸ ਚੌਂਕ ਵਿਚ ਜਿਥੇ ਇਹ ਸਾਕਾ ਵਰਤਿਆ ਉਹ ਸਥਾਨ ਅੱਜਕਲ੍ਹ ਲਾਹੌਰ ਰੇਲਵੇ ਸਟੇਸ਼ਨ ਦੇ ਬਿਲਕੁਲ ਸਾਹਮਣੇ ਹੈ। ਇਸ ਸਥਾਨ ’ਤੇ ਹੀ ਸ਼ਹੀਦ ਗੰਜ ਸਿੰਘਣੀਆਂ ਬਣਿਆ ਹੋਇਆ ਹੈ। ਇਸ ਸਥਾਨ ਨੂੰ ਲੰਡਾ ਬਜ਼ਾਰ ਵੀ ਕਿਹਾ ਜਾਂਦਾ ਹੈ। ਭਾਈ ਸਾਹਿਬ ਦੀ ਖੋਪਰੀ ਲਾਹੁਣ ਤੋਂ ਬਾਅਦ ਉਨ੍ਹਾਂ ਨੂੰ ਨਾਲ ਲੱਗਦੀ ਖਾਈ ਵਿਚ ਸੁੱਟ ਦਿੱਤਾ ਗਿਆ। ਗਿਆਨੀ ਗਿਆਨ ਸਿੰਘ ਜੀ ਨੇ ਖਾਫ਼ੀ ਖਾਨ ਦਾ ਹਵਾਲਾ ਦੇ ਕੇ ਲਿਖਿਆ ਹੈ ਕਿ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਉਤਾਰ ਦੇਣ ਪਿੱਛੋਂ ਜ਼ਕਰੀਆ ਖਾਨ ਨੇ ਉਨ੍ਹਾਂ ਨੂੰ ਖੱਡ ਵਿਚ ਸੁਟਵਾ ਦਿੱਤਾ ਤਾਂ ਕਿ ਉਨ੍ਹਾਂ ਦਾ ਮਾਸ ਗਿੱਦੜ, ਕੁੱਤੇ ਆਦਿ ਜਾਨਵਰ ਖਾ ਜਾਣ। ਪਰ ਭਾਈ ਤਾਰੂ ਸਿੰਘ ਜੀ ਜ਼ਖ਼ਮੀ ਹਾਲਤ ਵਿਚ ਵੀ ਗੁਰਬਾਣੀ ਪੜ੍ਹਦੇ ਰਹੇ। ਤੀਸਰੇ ਦਿਨ ਜਦੋਂ ਨਵਾਬ ਉੱਥੋਂ ਦੀ ਲੰਘਿਆ ਤਾਂ ਭਾਈ ਸਾਹਿਬ ਦੇ ਮੂੰਹੋਂ ਆ ਰਹੀ ਬਾਣੀ ਦੀ ਅਵਾਜ਼ ਸੁਣ ਕੇ ਬੋਲਿਆ, ‘ਉਇ ਸਿੱਖਾ! ਤੂੰ ਅਜੇ ਵੀ ਜਿਉਂਦਾ ਹੈਂ ਮਰਿਆ ਨਹੀਂ?’ ਭਾਈ ਤਾਰੂ ਸਿੰਘ ਜੀ ਨੇ ਜਵਾਬ ਦਿੱਤਾ, ‘ਜ਼ਕਰੀਆ ਖਾਨ ਮੈਂ ਤੈਨੂੰ ਤੇ ਤੇਰੇ ਪੁੱਤਰ ਨੂੰ ਅੱਗੇ ਲਾ ਕੇ ਹੀ ਮਰਾਂਗਾ।’
ਭਾਈ ਤਾਰੂ ਸਿੰਘ ਜੀ ਦੀ ਖੋਪਰੀ ਲਾਹੇ ਜਾਣ ਤੋਂ ਕੁਝ ਦਿਨ ਬਾਅਦ ਹੀ ਜ਼ਕਰੀਆ ਖਾਨ ਪਿਸ਼ਾਬ ਦੇ ਬੰਨ੍ਹ ਦੇ ਰੋਗ ਨਾਲ ਮਰ ਗਿਆ ਅਤੇ ਉਸ ਦਾ ਪੁੱਤਰ ਸ਼ਿਕਾਰ ਖੇਡਣ ਗਿਆ ਘੋੜੇ ਤੋਂ ਡਿੱਗ ਕੇ ਮਰ ਗਿਆ।
ਭਾਈ ਤਾਰੂ ਸਿੰਘ ਜੀ ਦੀ ਖੋਪਰੀ ਉਤਾਰੇ ਜਾਣ ਤੋਂ ਬਾਅਦ ਵੀ ਉਹ 22 ਦਿਨਾਂ ਤਕ ਜਿੰਦਾ ਰਹੇ ਅਤੇ ਗੁਰੂ ਦੀ ਬਾਣੀ ਦਾ ਨਾਮ ਸਿਮਰਨ ਕਰਦੇ ਰਹੇ। ਗਿਆਨੀ ਗਿਆਨ ਸਿੰਘ ਜੀ ਜ਼ਿਕਰ ਕਰਦੇ ਹਨ ਕਿ ਇਨ੍ਹਾਂ ਦਿਨਾਂ ਵਿਚ ਲਾਹੌਰ ਦਾ ਇਕ ਤਰਖਾਣ ਹਰ ਰੋਜ਼ ਆ ਕੇ ਹਲਦੀ ਆਦਿ ਦਾ ਲੇਪ ਬਣਾ ਕੇ ਭਾਈ ਸਾਹਿਬ ਦੇ ਸਿਰ ’ਤੇ ਬੰਨ੍ਹਦਾ ਰਿਹਾ। ਆਖਿਰ ਭਾਈ ਤਾਰੂ ਸਿੰਘ ਜੀ 25 ਸਾਲ ਦੀ ਉਮਰ ਵਿਚ 1 ਜੁਲਾਈ ਸੰਨ 1745 ਈ. ਨੂੰ ਸ਼ਹੀਦੀ ਪਾ ਗਏ। ਸ. ਰਤਨ ਸਿੰਘ ਭੰਗੂ ਨੇ ਇਸ ਘਟਨਾ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ:
ਠਾਰਾਂ ਸੈ ਊਪਰ ਦੁਇ ਸਾਲ, ਸਾਕਾ ਕੀਯੋ ਤਾਰੂ ਸਿੰਘ ਨਾਲ। (ਪ੍ਰਾਚੀਨ ਪੰਥ ਪ੍ਰਕਾਸ਼, ਪੰਨਾ 291)
ਭਾਈ ਸਾਹਿਬ ਦੇ ਸਰੀਰ ਦਾ ਅੰਤਿਮ ਸਸਕਾਰ ਲਾਹੌਰ ਦੇ ਦਿੱਲੀ ਦਰਵਾਜੇ ਤੋਂ ਬਾਹਰ ਕੀਤਾ ਗਿਆ। ਸਸਕਾਰ ਕਰਨ ਤੋਂ ਪਹਿਲਾਂ ਉਨ੍ਹਾਂ ਦਾ ਅੰਤਿਮ ਇਸ਼ਨਾਨ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ ਪਵਿੱਤਰ ਜਲ ਮੰਗਵਾ ਕੇ ਕੀਤਾ ਗਿਆ। ਉਨ੍ਹਾਂ ਦੀ ਚਿੱਖਾ ਨੂੰ ਅਗਨੀ ਭਾਈ ਸੁਬੇਗ ਸਿੰਘ ਜੰਬਰ ਨੇ ਦਿੱਤੀ। ਜਪੁ ਜੀ ਸਾਹਿਬ ਅਤੇ ਅਨੰਦ ਸਾਹਿਬ ਦਾ ਪਾਠ ਪੜ੍ਹ ਕੇ ਅਰਦਾਸ ਕੀਤੀ ਗਈ ਅਤੇ ਕੜਾਹ ਪ੍ਰਸ਼ਾਦਿ ਦੀ ਦੇਗ ਵਰਤਾਈ ਗਈ। ਇਸ ਸੰਬੰਧ ਵਿਚ ਸ. ਰਤਨ ਸਿੰਘ ਭੰਗੂ ਲਿਖਦੇ ਹਨ ਕਿ:
ਹੁਤੋ ਅੰਮ੍ਰਿਤਸਰ ਜਲ ਜੁ ਮੰਗਾਯੋ, ਆਪ ਸਿੰਘ ਅਸ਼ਨਾਨ ਕਰਾਯੋ।
ਕੜਾਹ ਪ੍ਰਸ਼ਾਦਿ ਕਰਯੋ ਤਬ ਹੀ, ਸ਼ਬਦ ਪੜ੍ਹਾਯੋ ਜਪੁਜੀ ਸਭ ਹੀ।
ਅਨੰਦ ਪੜ੍ਹਾਇ ਕਰ ਅਰਦਾਸ, ਸਿੰਘ ਸਬਹੂੰ ਠਾਂਡੇ ਤਿਸ ਪਾਸ। (ਪ੍ਰਾਚੀਨ ਪੰਥ ਪ੍ਰਕਾਸ਼, ਪੰਨਾ 301)
ਪਿਛਲੇ ਦਿਨੀਂ ਪ੍ਰਸਿੱਧ ਸਿੱਖ ਵਿਦਵਾਨ ਪੰਜਾਬੀ ਯੂਨੀਵਰਿਸਟੀ ਪਟਿਆਲਾ ਦੇ ਉਪ-ਕੁਲਪਤੀ ਸ. ਜਸਪਾਲ ਸਿੰਘ ਜੀ ਨਾਲ ਮੇਰਾ ਮੇਲ ਹੋਇਆ ਤਾਂ ਉਨ੍ਹਾਂ ਨੇ ਦੱਸਿਆ ਕਿ ਪ੍ਰਸਿੱਧ ਬੰਗਾਲੀ ਵਿਦਵਾਨ ਰਬਿੰਦਰ ਨਾਥ ਟੈਗੋਰ ਨੇ ਭਾਈ ਤਾਰੂ ਸਿੰਘ ਜੀ ਬਾਰੇ ਬਹੁਤ ਹੀ ਸ਼ਰਧਾ ਪੂਰਵਕ ਢੰਗ ਨਾਲ ਕਵਿਤਾ ਰੂਪੀ ਸ਼ਰਧਾਂਜਲੀ ਭੇਂਟ ਕੀਤੀ ਹੈ। ਕਵਿਤਾ ਦਾ ਸਿਰਲੇਖ ‘ਪ੍ਰਾਰਥਨਾ ਓਤੀ ਦਾਨ’ ਹੈ ਜਿਸ ਦੇ ਅਰਥ ‘ਮੰਗਣ ਵਾਲੇ ਦੀ ਇੱਛਾ ਤੋਂ ਵੱਧ ਦਿੱਤਾ ਗਿਆ ਦਾਨ’ ਕੀਤੇ ਜਾਂਦੇ ਹਨ। ਕਵਿਤਾ ਵਿਚ ਰਵਿੰਦਰ ਨਾਥ ਟੈਗੋਰ ਬਿਆਨ ਕਰਦੇ ਹਨ:
“ਸ਼ਹੀਦ ਗੰਜ ਦੀ ਧਰਤੀ ਲਹੂ-ਲੁਹਾਨ ਹੋ ਗਈ ਸੀ। ਪਠਾਣਾਂ ਨੇ ਬਹੁਤ ਸਾਰੇ ਸਿੱਖਾਂ ਨੂੰ ਕੈਦ ਕਰ ਲਿਆ ਸੀ ਅਤੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਸੀ।” ਹੁਣ ਨਵਾਬ ਤਾਰੂ ਸਿੰਘ ਵੱਲ ਮੁੜਿਆ ਅਤੇ ਕਹਿਣ ਲੱਗਾ, ‘ਮੈਨੂੰ ਤੇਰੇ ’ਤੇ ਰਹਿਮ ਆ ਰਿਹਾ ਹੈ, ਮੈਂ ਤੇਰੀ ਜਾਨ ਬਖਸ਼ ਦੇਣਾ ਚਾਹੁੰਦਾ ਹਾਂ।’ ‘ਪਰ ਮੇਰਾ ਏਨਾ ਅਪਮਾਨ ਕਿਉਂ?’ ਤਾਰੂ ਸਿੰਘ ਨੇ ਕਿਹਾ।
ਨਵਾਬ ਕਹਿਣ ਲੱਗਾ, ‘ਤੂੰ ਬਹੁਤ ਬਹਾਦਰ ਏਂ, ਮੈਂ ਆਪਣਾ ਗੁੱਸਾ ਤੇਰੇ ’ਤੇ ਨਹੀਂ ਕੱਢਣਾ ਚਾਹੁੰਦਾ, ਬਸ ਮੈਂ ਏਨਾ ਚਾਹੁੰਦਾ ਹਾਂ ਕਿ ਤੂੰ ਆਪਣੇ ਕੇਸ ਮੈਨੂੰ ਦੇ ਦੇ।’
ਤਾਰੂ ਸਿੰਘ ਨੇ ਜਵਾਬ ਦਿੱਤਾ,
‘ਮੈਂ ਤੇਰੀ ਨਰਮਦਿਲੀ ਯਾਦ ਰੱਖਾਂਗਾ, ਮੈਂ ਤੈਨੂੰ ਉਸ ਤੋਂ ਵੱਧ ਦੇਣਾ ਚਾਹੁੰਦਾ ਹਾਂ ਜੋ ਤੂੰ ਮੇਰੇ ਕੋਲੋਂ ਮੰਗਿਆ ਹੈ। (ਮੇਰੇ ਕੇਸਾਂ ਨੂੰ ਹੱਥ ਨਾ ਲਾਈਂ) ਮੇਰਾ ਸਾਬਤ-ਸੂਰਤ ਸਿਰ ਲੈ ਲੈ।
ਲੇਖਕ ਬਾਰੇ
ਸਿਮਰਜੀਤ ਸਿੰਘ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ) ਵੱਲੋਂ ਛਾਪੇ ਜਾਂਦੇ ਮਾਸਿਕ ਪੱਤਰ ਗੁਰਮਤਿ ਪ੍ਰਕਾਸ਼ ਦੇ ਮੁੱਖ ਸੰਪਾਦਕ ਹਨ।
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/June 1, 2007
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/August 1, 2007
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/October 1, 2007
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/November 1, 2007
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/December 1, 2007
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/January 1, 2008
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/February 1, 2008
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/June 1, 2008
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/June 1, 2009