editor@sikharchives.org
Sikh Guru-Sanstha - Guru Nanak Sahib Ton Sri Guru Granth Sahib Takk (Sidhantak Adheyan)

ਸਿੱਖ ਗੁਰੂ-ਸੰਸਥਾ – ਗੁਰੂ ਨਾਨਕ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਤਕ (ਸਿਧਾਂਤਕ ਅਧਿਐਨ)

ਦੈਵੀ ਅਰੰਭ ਵਾਲੇ ਧਰਮ ਨੂੰ ਸਦੀਵੀ ਰੂਪ ਦੇਣ ਲਈ ਇਸ ਦਾ ਸੰਸਥਾਈ ਰੂਪ ਕਾਇਮ ਕਰਨ ਹਿਤ ਗੁਰੂ-ਸੰਸਥਾ ਦਾ ਅਰੰਭ ਗੁਰੂ ਨਾਨਕ ਸਾਹਿਬ ਦੁਆਰਾ (ਗੁਰੂ) ਅੰਗਦ ਸਾਹਿਬ ਜੀ ਨੂੰ ਗੁਰਗੱਦੀ ਦੇਣ ਸਮੇਂ ਹੋਇਆ ਤੇ ਇਹ ਸਿਲਸਿਲਾ ਨਿਰੰਤਰ ਚੱਲ ਪਿਆ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਸਿੱਖ ਧਰਮ ਦੀ ਨੀਂਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੰਦਰ੍ਹਵੀਂ ਸਦੀ ਵਿਚ ਰੱਖੀ ਤੇ ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ ਗੁਰਿਆਈ ਭਾਈ ਲਹਿਣਾ-ਗੁਰੂ ਅੰਗਦ ਦੇਵ ਜੀ ਨੂੰ ਸੌਂਪ ਦਿੱਤੀ, ਇਸ ਤਰ੍ਹਾਂ ਸਿੱਖ ਗੁਰੂ-ਸੰਸਥਾ ਦਾ ਅਰੰਭ ਹੋ ਗਿਆ। ਇਤਿਹਾਸਕ ਤੌਰ ’ਤੇ ਲੱਗਭਗ ਦੋ ਸੌ ਸਾਲ ਗੁਰੂ-ਸੰਸਥਾ ਦੀ ਦਸ ਗੁਰੂ ਸਾਹਿਬਾਨ ਦੇ ਰੂਪ ਵਿਚ, ਨਿਰੰਤਰਤਾ ਉਪਰੰਤ ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਿਆਈ, ਸ਼ਬਦ-ਗੁਰੂ (ਸ੍ਰੀ ਗੁਰੂ ਗ੍ਰੰਥ ਸਾਹਿਬ) ਨੂੰ ਸੌਂਪ ਕੇ ਸਿੱਖ ਗੁਰੂ-ਸੰਸਥਾ ਨੂੰ ਸਥਾਪਤ ਕਰ ਦਿੱਤਾ। ਸਿਧਾਂਤਕ ਤੌਰ ’ਤੇ ਤਵਾਰੀਖ਼ ਦਾ ਦੋ ਸੌ ਸਾਲ ਦੇ ਲੱਗਭਗ ਚੱਲਿਆ, ਗੁਰੂ-ਸੰਸਥਾ ਦਾ ਇਹ ਵਰਤਾਰਾ, ਦੈਵੀ ਹੈ, ਜੋਤਿ-ਜੁਗਤਿ ਦਾ ਰਹੱਸ ਹੈ। ਹੱਥ-ਵਿਚਲੇ ਪਰਚੇ ਵਿਚ ਗੁਰੂ-ਸੰਸਥਾ ਦੇ ਇਸ ਦੈਵੀ-ਵਰਤਾਰੇ ਤਥਾ ਜੋਤਿ-ਜੁਗਤਿ ਦੇ ਰਹੱਸ ਨੂੰ ਇਤਿਹਾਸਕ ਤੇ ਸਿਧਾਂਤਕ (ਧਰਮ ਸ਼ਾਸਤਰੀ) ਦ੍ਰਿਸ਼ਟੀ ਤੋਂ ਦੇਖਣ ਦਾ ਛੋਟਾ ਜਿਹਾ ਜਤਨ, ਤਵਾਰੀਖ਼ੀ ਹਵਾਲਿਆਂ ਦੇ ਪ੍ਰਸੰਗ ਨਾਲ ਕੀਤਾ ਜਾ ਰਿਹਾ ਹੈ। ਇਸ ਸਬੰਧੀ ਕੁਝ ਚੋਣਵੇਂ ਗ੍ਰੰਥਾਂ/ਰਚਨਾਵਾਂ ਨੂੰ ਹੀ ਸਾਹਮਣੇ ਰੱਖਿਆ ਹੈ, ਸਮੁੱਚਿਆਂ ਨੂੰ ਸਾਹਮਣੇ ਰੱਖਣਾ ਨਾ ਤਾਂ ਸੰਭਵ ਹੈ ਤੇ ਨਾ ਹੀ ਲੋੜ।

ਗੁਰੂ-ਸੰਸਥਾ ਦਾ ਵਰਤਾਰਾ, ਪਹਿਲੇ ਕਹੇ ਗਏ ਅਨੁਸਾਰ, ਇਕ ਦੈਵੀ-ਵਰਤਾਰਾ (divine manifestation) ਹੈ। ਇਹ ਨਿਰੋਲ ਇਲਹਾਮੀ (re-vealed) ਹੈ, ਇਸੇ ਸੰਸਥਾ ਦੁਆਰਾ ਹੀ ਸਿੱਖ ਧਰਮ (ਪੰਥ-ਸੰਸਥਾ) ਦਾ ਜਨਮ ਹੁੰਦਾ ਹੈ, ਜਾਂ ਕਹੋ ਕਿ ਪੰਥ-ਸੰਸਥਾ (ਸਿੱਖ ਧਰਮ) ਦਾ ਆਧਾਰ ਗੁਰੂ-ਸੰਸਥਾ ਹੀ ਹੈ। ਇਸ ਦੀ (ਪੰਥ ਤਥਾ ਗੁਰੂ-ਸੰਸਥਾ ਦੀ) ਸ਼ੁਰੂਆਤ, ਗੁਰੂ ਨਾਨਕ ਸਾਹਿਬ ਦੀ ਅੰਤਰ-ਆਤਮਾ ਨਾਲ ਪਰਮ-ਸੱਤਾ ਦੇ ਦੈਵੀ-ਮੇਲ (divine-experiences) ਤੋਂ ਹੁੰਦੀ ਹੈ: –

ਹਉ ਢਾਢੀ ਵੇਕਾਰੁ ਕਾਰੈ ਲਾਇਆ॥
ਰਾਤਿ ਦਿਹੈ ਕੈ ਵਾਰ ਧੁਰਹੁ ਫੁਰਮਾਇਆ॥
ਢਾਢੀ ਸਚੈ ਮਹਲਿ ਖਸਮਿ ਬੁਲਾਇਆ॥
ਸਚੀ ਸਿਫਤਿ ਸਾਲਾਹ ਕਪੜਾ ਪਾਇਆ॥

ਸਚਾ ਅੰਮ੍ਰਿਤ ਨਾਮੁ ਭੋਜਨੁ ਆਇਆ॥…
ਨਾਨਕ ਸਚੁ ਸਾਲਾਹਿ ਪੂਰਾ ਪਾਇਆ॥   (ਪੰਨਾ 150)

ਖਸਮੈ ਕੈ ਦਰਬਾਰਿ ਢਾਢੀ ਵਸਿਆ॥
ਸਚਾ ਖਸਮੁ ਕਲਾਣਿ ਕਮਲੁ ਵਿਗਸਿਆ॥
ਖਸਮਹੁ ਪੂਰਾ ਪਾਇ ਮਨਹੁ ਰਹਸਿਆ॥ (ਪੰਨਾ 148)

ਹਉ ਢਾਢੀ ਹਰਿ ਪ੍ਰਭ ਖਸਮ ਕਾ ਹਰਿ ਕੈ ਦਰਿ ਆਇਆ॥
ਹਰਿ ਅੰਦਰਿ ਸੁਣੀ ਪੂਕਾਰ ਢਾਢੀ ਮੁਖਿ ਲਾਇਆ॥
ਹਰਿ ਪੁਛਿਆ ਢਾਢੀ ਸਦਿ ਕੈ ਕਿਤੁ ਅਰਥਿ ਤੂੰ ਆਇਆ॥
ਨਿਤ ਦੇਵਹੁ ਦਾਨੁ ਦਇਆਲ ਪ੍ਰਭ ਹਰਿ ਨਾਮੁ ਧਿਆਇਆ॥
ਹਰਿ ਦਾਤੈ ਹਰਿ ਨਾਮੁ ਜਪਾਇਆ ਨਾਨਕੁ ਪੈਨਾਇਆ॥ (ਪੰਨਾ 91)

ਹਮ ਢਾਢੀ ਹਰਿ ਪ੍ਰਭ ਖਸਮ ਕੇ ਨਿਤ ਗਾਵਹ ਹਰਿ ਗੁਣ ਛੰਤਾ॥…
ਜਨ ਨਾਨਕ ਨਾਮੁ ਧਿਆਇਆ ਗੁਰਮੁਖਿ ਧਨਵੰਤਾ॥ (ਪੰਨਾ 650)

ਭਾਈ ਸਾਹਿਬ ਭਾਈ ਗੁਰਦਾਸ ਜੀ ਜਿਨ੍ਹਾਂ ਦੀ ਰਚਨਾ (40 ਵਾਰਾਂ ਪੰਜਾਬੀ, 675 ਸਵੱਈਏ ਬ੍ਰਿਜ ਤੇ 6 ਸਲੋਕ ਸੰਸਕ੍ਰਿਤ ਵਿਚ) ਨੂੰ ਗੁਰਬਾਣੀ ਤੋਂ ਬਾਅਦ ਮਾਣ ਮਿਲਿਆ ਹੈ 1 ਤੇ ‘ਗੁਰਬਾਣੀ ਦੀ ਕੁੰਜੀ’ ਕਹਿ ਕੇ ਵਡਿਆਇਆ ਗਿਆ ਹੈ, ਸਿੱਖ-ਪੰਥ ਦੇ ਦੈਵੀ-ਅਰੰਭ ਦੀ ਪੁਸ਼ਟੀ ਕਰਦਿਆਂ ਲਿਖਦੇ ਹਨ:

ਪਹਿਲਾ ਬਾਬੇ ਪਾਯਾ ਬਖਸੁ ਦਰਿ ਪਿਛੋਦੇ ਫਿਰਿ ਘਾਲਿ ਕਮਾਈ।(ਵਾਰ 1:24)

ਪੁਰਾਤਨ ਜਨਮਸਾਖੀ ਅਨੁਸਾਰ ਨਾਮ, ਦਾਨ, ਇਸਨਾਨ ਦੀ ‘ਕਿਰਤਿ’ ਗੁਰੂ ਨਾਨਕ ਸਾਹਿਬ ਨੂੰ ਪਰਮਾਤਮਾ ਦੇ ਦਰੋਂ ਪ੍ਰਾਪਤ ਹੋਈ।2

ਦੈਵੀ ਅਰੰਭ ਵਾਲੇ ਧਰਮ ਨੂੰ ਸਦੀਵੀ ਰੂਪ ਦੇਣ ਲਈ ਇਸ ਦਾ ਸੰਸਥਾਈ ਰੂਪ ਕਾਇਮ ਕਰਨ ਹਿਤ ਗੁਰੂ-ਸੰਸਥਾ ਦਾ ਅਰੰਭ ਗੁਰੂ ਨਾਨਕ ਸਾਹਿਬ ਦੁਆਰਾ (ਗੁਰੂ) ਅੰਗਦ ਸਾਹਿਬ ਜੀ ਨੂੰ ਗੁਰਗੱਦੀ ਦੇਣ ਸਮੇਂ ਹੋਇਆ ਤੇ ਇਹ ਸਿਲਸਿਲਾ ਨਿਰੰਤਰ ਚੱਲ ਪਿਆ। ਸਮਕਾਲੀ ਦੈਵੀ ਪ੍ਰਮਾਣਾਂ ਅਨੁਸਾਰ ਗੁਰੂ ਨਾਨਕ ਸਾਹਿਬ ਨੇ ਆਪਣੇ ਜਿਊਂਦੇ ਜੀਅ (ਸਲਾਮਤਿ ਥੀਵਦੇਂ) ਹੀ ਗੁਰਿਆਈ ਦਾ ‘ਛਤ੍ਰ’ ‘ਲਹਿਣੇ’ ਦੇ ਸਿਰ ’ਤੇ ਰੱਖ ਦਿੱਤਾ ਸੀ:

ਲਹਣੇ ਧਰਿਓਨੁ ਛਤੁ ਸਿਰਿ ਕਰਿ ਸਿਫਤੀ ਅੰਮ੍ਰਿਤੁ ਪੀਵਦੈ॥…
ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ॥ (ਪੰਨਾ 966)

ਭੱਟ ਕਲਸਹਾਰ ਜੀ ਫ਼ੁਰਮਾਉਂਦੇ ਹਨ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤਿ ਤੇ ਜੁਗਤਿ ਨੂੰ ਅਪਣਾਇਆ ਤੇ ਇਹ ਸਿਲਸਿਲਾ ਇਸੇ ਤਰ੍ਹਾਂ ਅੱਗੇ ਚੱਲਦਾ ਗਿਆ:

ਕਲਿਜੁਗਿ ਪ੍ਰਮਾਣੁ ਨਾਨਕ ਗੁਰੁ ਅੰਗਦੁ ਅਮਰੁ ਕਹਾਇਓ॥ (ਪੰਨਾ 1390)

ਭਾਈ ਗੁਰਦਾਸ ਜੀ ਅਨੁਸਾਰ ‘ਗੁਰੂ-ਸੰਸਥਾ’ ਦਾ ਇਹ ਦਿਬ-ਵਰਤਾਰਾ ਸੰਸਾਰੀਆਂ ਲਈ ‘ਉਲਟੀ ਗੰਗਾ ਵਹਾਉਣਾ’ ਸੀ, ਕਿਉਂਕਿ ਸੰਸਾਰ-ਰੀਤ ਤੋਂ ਉਲਟ ਇਕ ‘ਗੁਰੂ’ ਨੇ ਇਕ ‘ਚੇਲੇ’ ਦੇ ਸਿਰ ਗੁਰਿਆਈ ਦਾ ਤਾਜ ਰੱਖ ਦਿੱਤਾ ਸੀ। ‘ਗੁਰੂ’ ਨੇ ਆਪਣੀ ਜੋਤਿ ‘ਚੇਲੇ’ ਨਾਲ ਮਿਲਾ ਦਿੱਤੀ ਤੇ ਜੋਤਿ-ਜੁਗਤਿ ਦਾ ਇਹ ਸਿਲਸਿਲਾ ਨਿਰੰਤਰ ਚੱਲ ਪਿਆ। ਭਾਈ ਸਾਹਿਬ ਅਨੁਸਾਰ ‘ਜੋਤਿ ਦੀ ਨਿਰੰਤਰਤਾ’ਦਾ ਇਹ ‘ਅਸਚਰਜ ਖੇਲ’ ਸੀ:

ਥਾਪਿਆ ਲਹਿਣਾ ਜੀਂਵਦੇ ਗੁਰਿਆਈ ਸਿਰਿ ਛਤ੍ਰੁ ਫਿਰਾਇਆ।
ਜੋਤੀ ਜੋਤਿ ਮਿਲਾਇ ਕੈ ਸਤਿਗੁਰ ਨਾਨਕਿ ਰੂਪੁ ਵਟਾਇਆ।
ਲਖਿ ਨ ਕੋਈ ਸਕਈ ਆਚਰਜੇ ਆਚਰਜੁ ਦਿਖਾਇਆ। (ਵਾਰ 1:45)

ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਨੁਸਾਰ ‘ਗੁਰੂ-ਸੰਸਥਾ’ ਦਾ ਵਿਕਾਸ ਇਸ ਤਰ੍ਹਾਂ ਹੋਇਆ, ਜਿਵੇਂ ਇਕ ਦੀਵੇ ਤੋਂ ਦੂਸਰਾ ਦੀਵਾ ਜਗਦਾ ਹੈ (ਪਰ ਪਹਿਲਾ ਦੀਵਾ ਵੀ ਆਪਣੀ ‘ਰੌਸ਼ਨੀ’ ਕਾਇਮ ਰੱਖਦਾ ਹੈ):

ਨਾਨਕ ਅੰਗਦ ਕੋ ਬਪੁ ਧਰਾ॥
ਧਰਮ ਪ੍ਰਚੁਰਿ ਇਹ ਜਗ ਮੋ ਕਰਾ॥
ਅਮਰਦਾਸ ਪੁਨਿ ਨਾਮੁ ਕਹਾਯੋ॥
ਜਨੁ ਦੀਪਕ ਤੇ ਦੀਪ ਜਗਾਯੋ॥3

ਦਸਮ ਪਿਤਾ ਦੇ ਹਜ਼ੂਰੀ ਕਵੀ ਭਾਈ ਸਾਹਿਬ ਭਾਈ ਨੰਦ ਲਾਲ ਜੀ ਅਨੁਸਾਰ ਗੁਰੂ-ਸੰਸਥਾ ਵਿਚਲੀ ਅਸਲ ਤੇ ਸਾਂਝੀ ਕੜੀ ‘ਨੂਰ’ (ਜੋਤਿ) ਦੀ ਹੈ:

ਦਰ ਅਮਨੀ ਯਕੇ ਵ ਦਰ ਸੂਰਤ ਦੋ ਮਸ਼ਅਲੇ ਜਾਂ ਅਫ਼ਰੋਜ਼॥

ਭਾਵ “ਦਿਲਾਂ ਨੂੰ ਨੂਰੋ ਨੂਰ ਕਰਨ ਵਾਲੀਆਂ ਇਨ੍ਹਾਂ ਨੂਰੀ ਮਸ਼ਾਲਾਂ (ਗੁਰੂ ਨਾਨਕ ਦੇਵ ਜੀ ਤੇ ਗੁਰੂ ਅੰਗਦ ਦੇਵ ਜੀ) ਵਿਚ ਦਰਅਸਲ ਜੋਤਿ ਇਕ ਹੀ ਹੈ, ਬਾਹਰੀ ਸੂਰਤਾਂ ਹੀ ਦੋ ਦਿੱਸਦੀਆਂ ਹਨ।”4

‘ਪੁਰਾਤਨ ਜਨਮ ਸਾਖੀ’ ਲਿਖਦੀ ਹੈ, “ਤਦਹੁੰ ਪੈਸੇ ਪੰਜਿ ਬਾਬੇ ਜੀ ਗੁਰੂ ਅੰਗਦ ਜੀ ਕੈਂ ਰਖਿ ਕੈ ਪੈਰੀ ਪਇਆ।”5 ਗੁਰੂ ਅਰਜਨ ਸਾਹਿਬ ਜੀ ਦਾ ਭਤੀਜਾ ਸੋਢੀ ਮਿਹਰਬਾਨ ਲਿਖਦਾ ਹੈ ਕਿ ਗੁਰੂ-ਸੰਸਥਾ ਵਿਚ ‘ਸਤਿ’ ਦੀ ਇਕਸਾਰ ਰਸਾਈ ਹੈ।6 ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਮੌਖਿਕ-ਮੁਖਾਰਬਿੰਦ ਤੋਂ ਗਿਆਨੀ ਸੂਰਤ ਸਿੰਘ ਜੀ ਦੁਆਰਾ ਅਠਾਰ੍ਹਵੀਂ ਸਦੀ ਦੇ ਲੱਗਭਗ ਅੱਧ ਵਿਚ ਕਲਮਬੰਦ ਹੋਈ ‘ਗਿਆਨ ਰਤਨਾਵਲੀ’ ਨੇ ਗੁਰਿਆਈ ਸੰਸਥਾ ਦੇ ਦੈਵੀ-ਰਹੱਸ ਬਾਰੇ ਸ਼ਾਸਤਰੀ ਚਰਚਾ ਕੀਤੀ ਹੈ:

ਗੁਰੂ ਨਾਨਕ ਜੀ ਦਾ ਜੁ ਮੁਖ ਉਜਲਾ ਰਖਣਾ ਟਿਕਾ ਹੈਸੀ॥ ਸੋਈ ਗੁਰੁ ਅੰਗਦ ਜੀ ਦਾ ਟਿਕਾ ਮੁਖ ਉਜਲਾ ਹੋਆ॥ ਤੇ ਜੋ ਨਾਮ ਦਾ ਛਤ੍ਰ ਗੁਰੂ ਨਾਨਕ ਜੀ ਦਾ ਹੈ ਸੀ ਤੇ ਵੀਚਾਰ ਦਾ ਤਖਤ ਹੈ ਸੀ ਸੋਈ ਗੁਰੂ ਅੰਗਦ ਜੀ ਦਾ ਤਖਤ ਤੇ ਛਤ੍ਰ ਹੋਇਆ॥ ਤੇ ਸਬਦਿ ਦੀ ਮੁਹਰ ਗੁਰੂ ਅੰਗਦ ਜੀ ਚਲਾਈ॥… ਗੁਰੂ ਅੰਗਦ ਜੀ ਸਬਦਿ ਦੀ ਜੋਤ ਜਗਾਈ॥… ਏਹ ਗਿਆਨ ਅਮਰਦਾਸ ਜੀ ਨੂੰ ਪਰਪਕ ਹੋਇਆ… ਤਾ ਉਨਾ ਦੇ ਅਗੇ (ਗੁਰੂ ਅੰਗਦ ਜੀ) ਪੰਜ ਪੈਸੇ ਤੇ ਨਲੀਏਰ ਤੇ ਮਿਸਰੀ ਦੀ ਰੋੜੀ ਰਖਿ ਕੇ ਮਥਾ ਟੇਕਿਆ ਤਾਂ ਗੁਰੂ ਅੰਗਦ ਜੀ ਕਹਿਆ ਅਧਿਕਾਰੀ ਦੀ ਵਸਤ ਗਿਆਨ ਹੈ… ਸਤਿਗੁਰੂ (ਅਮਰਦਾਸ ਤੇ) ਸਤਿਗੁਰ ਜੀ ਰਾਮਦਾਸ (ਵੀ)… ਸਬਦਿ ਦੀ ਜੋਤ ਜਗਾਈ॥… (ਫਿਰ) ਗੁਰੂ ਅਰਜਨ ਜੀ ਨੂੰ ਗੁਰਿਆਈ ਬਖਸੀ॥… ਗੁਰੂ ਅਰਜਨ ਜੀ ਬਚਨ ਕੀਤਾ॥… ਮੈ ਆਪਣੀ ਜੋਤਿ ਤਿਸ (ਗੁਰੂ ਹਰਿਗੋਬਿੰਦ ਜੀ) ਵਿਚ ਧਰੀ ਹੈ॥ ਗਿਆਨ ਦੀ ਭੀ ਸਕਤਿ ਇਸ ਨੂੰ ਦਿਤੀ ਹੈ॥…7

ਦਸਮੇਸ਼-ਦਰਬਾਰ ਦੇ ਉੱਘੇ ਕਵੀ ਅਥਵਾ ਲਿਖਾਰੀ ਭਾਈ ਸੈਨਾ ਸਿੰਘ (ਜਿਨ੍ਹਾਂ ਨੂੰ ਅਕਸਰ ਸੈਨਾਪਤਿ ਕਿਹਾ ਜਾਂਦਾ ਹੈ) ਦੁਆਰਾ 1711 ਈ. ਵਿਚ ਰਚਿਤ ‘ਸ੍ਰੀ ਗੁਰ ਸੋਭਾ’ ਨੇ ਗੁਰੂ-ਸੰਸਥਾ ਨੂੰ ਇਕ ਜੋਤਿ ਵਿਚ ਵੇਖਦਿਆਂ, ਗੁਰੂ-ਮਿਸ਼ਨ ਬਾਰੇ ਵੀ ਵਿਸਤ੍ਰਿਤ ਚਰਚਾ ਕੀਤੀ ਹੈ। ਸੈਨਾਪਤਿ ‘ਗੁਰੂ’ ਦੇ ਸੰਕਲਪ ਨੂੰ ਗੁਰੂ-ਸ਼ਖ਼ਸੀਅਤਾਂ, ਖਾਸ ਕਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੰਦਰਭ ਵਿਚ ਵੇਖਦਾ ਹੈ। ਸੈਨਾਪਤਿ ਅਨੁਸਾਰ ਦਸ ਗੁਰੂ ਸ਼ਖ਼ਸੀਅਤਾਂ ਸਾਧਾਰਨ ਮਨੁੱਖ ਨਹੀਂ ਸਨ, ਸਗੋਂ ਪਰਮ ਪੁਰਖ ਸਨ।8 ‘ਸ੍ਰੀ ਗੁਰ ਸੋਭਾ’ ਗੁਰ-ਜੋਤਿ ਦੀ ਏਕਤਾ ਦੀ ਪੁਸ਼ਟੀ ਕਰਦਾ ਹੋਇਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਸੰਗ ਵਿਚ ਲਿਖਦਾ ਹੈ:

ਤੁਹੀ ਗੁਰੂ ਨਾਨਕ ਹੈ ਤੁਹੀ ਗੁਰੂ ਅੰਗਦ ਹੈ ਤੁਹੀ ਗੁਰੂ ਅਮਰਦਾਸ ਰਾਮਦਾਸ ਤੁਹੀ ਹੈਂ।
ਤੁਹੀ ਗੁਰੂ ਅਰਜਨ ਹੈ ਤੁਹੀ ਗੁਰੂ ਹਰਿਗੋਬਿੰਦ ਤੁਹੀ ਗੁਰੂ ਹਰਿਰਾਇ ਹਰਿਕ੍ਰਿਸ਼ਨ ਤੁਹੀ ਹੈਂ।
ਨਾਵੀਂ ਪਾਤਸ਼ਾਹੀ ਤੈ ਕਲਿ ਹੀ ਮੈ ਕਲਾ ਰਾਖੀ ਤੇਗ ਹੀ ਬਹਾਦਰ ਜਗ ਚਾਦਰ ਸਭ ਤੁਹੀ ਹੈਂ।
ਦਸਵਾਂ ਪਾਤਸ਼ਾਹਿ ਤੁਹੀ ਗੁਰੂ ਗੋਬਿੰਦ ਸਿੰਘ ਜਗਤ ਕੇ ਉਧਾਰਿਬੇ ਕੋ ਆਯੋ ਪ੍ਰਭ ਤੁਹੀ ਹੈਂ॥9

ਦਸਮੇਸ਼-ਦਰਬਾਰ ਦਾ ਹੀ ਇਕ ਹੋਰ ਕਵੀ, ਕੰਕਣ ਲਿਖਦਾ ਹੈ ਕਿ ਬਾਬਾ ਨਾਨਕ ਜੀ ਜੋਤੀ-ਜੋਤਿ ਸਮਾਉਣ ਤੋਂ ਬਾਅਦ ਗੁਰੂ ਅੰਗਦ ਜੀ ਦੇ ‘ਹੀਯ’ (ਹਿਰਦੇ) ਵਿਚ ਵੱਸਣ ਲੱਗ ਪਏ:

ਬਾਬਾ ਮੜੀ ਨ ਗੋਰੁ ਗੁਰੂ ਅੰਗਦੁ ਕੇ ਹੀਯ ਮਾਹਿ।10

1718 ਈ. ਵਿਚ ਭਾਈ ਭਗਤ ਸਿੰਘ ਦੁਆਰਾ ਰਚਿਤ ‘ਗੁਰਬਿਲਾਸ ਪਾਤਸ਼ਾਹੀ 6’ ਨੇ ਸਮੁੱਚੇ ਮੱਧਕਾਲੀ ਸਿੱਖ ਸਾਹਿਤ ਵਾਂਙ ਗੁਰੂ-ਸਰੂਪ ਨੂੰ ਗੁਰੂ-ਸੰਸਥਾ ਦੀ ਦ੍ਰਿਸ਼ਟੀ ਤੋਂ ਹੀ ਚਿਤਰਿਆ ਹੈ। ਇਹ ਰਚਨਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਕੇਂਦਰ ਵਿਚ ਰੱਖ ਕੇ ਆਪਣੇ ਕਥਾਨਕ ਦੀ ਉਸਾਰੀ ਕਰਦੀ ਹੈ।

ਗੁਰੂ-ਸੰਸਥਾ ਦੇ ਦੋ ਬੁਨਿਆਦੀ ਸਿਧਾਂਤ ‘ਗੁਰਿਆਈ-ਪਦ’ ਤੇ ‘ਗੁਰ-ਜੋਤਿ’ ਬਾਰੇ ‘ਗੁਰਬਿਲਾਸ ਪਾਤਸ਼ਾਹੀ 6’ ਨੇ ਭਰਪੂਰ ਮਾਤਰਾ ਵਿਚ ਪ੍ਰਕਾਸ਼ ਪਾਇਆ ਹੈ। ਇਸ ਰਚਨਾ ਅਨੁਸਾਰ ਗੁਰਿਆਈ-ਸੰਸਥਾ ਕੋਈ ਸਾਧਾਰਨ ਗੱਦੀ-ਪਰੰਪਰਾ ਅਥਵਾ ਸੰਪ੍ਰਦਾਇ-ਰੀਤ ਨਹੀਂ, ਸਗੋਂ ਇਹ ਦੈਵੀ-ਰੁਤਬਾ ਹੈ। ਇਹ ਨਾ ਜਰਿਆ ਜਾਣ ਵਾਲਾ ਅਜਰ ਪਦ ਹੈ।11 ਇਸ ਸੰਸਥਾ ਉੱਤੇ ਕਿਸੇ ਦਾ ਵਿਰਾਸਤੀ ਹੱਕ ਨਹੀਂ, ‘ਸੇਵਕ’ ਦਾ ਹੱਕ ਹੈ।12 ਨਾਨਕ-ਪਦ ਦਾ ਅਧਿਕਾਰੀ ਸੇਵਕ ਹੈ ਤੇ ਗੁਰਿਆਈ ਧਾਰਨ ਵਾਲਾ ਹੀ ਨਾਨਕ-ਪਦ ਦਾ ਅਧਿਕਾਰੀ ਹੈ।13 ਗੁਰਿਆਈ ਗੁਰੂ ਨਾਨਕ ਦਾ ਅਚਲ ਤਖ਼ਤ ਹੈ, ਜਿਹੜਾ ਭੇਦ-ਰਹਿਤ ਹੈ।14 ਇਹ ਦੈਵੀ-ਹੁਕਮ ਨਾਲ ਪ੍ਰਾਪਤ ਹੁੰਦਾ ਹੈ, ਦੁਨਿਆਵੀ ਯੋਗਤਾਵਾਂ ਕਰਕੇ ਨਹੀਂ।15 ਭਾਈ ਲਹਿਣਾ ਜੀ (ਸ੍ਰੀ ਗੁਰੂ ਅੰਗਦ ਦੇਵ ਜੀ) ਨੇ ਗੁਰਿਆਈ-ਪਦ ਸੇਵਾ ਕਰਕੇ ਪ੍ਰਾਪਤ ਕੀਤਾ16, ਪਰ ਗੁਰਿਆਈ ਦੇ ਦੈਵੀ-ਸਰੂਪ ਤੋਂ ਅਣਜਾਣ ਧਿਰਾਂ ਇਸ ਨੂੰ ਵਿਰਾਸਤੀ ਹੱਕ ਸਮਝਦੀਆਂ ਹਨ ਤੇ ਵਿਰੋਧ ਕਰਦੀਆਂ ਹਨ।17 ਕਰਤਾ ਅਨੁਸਾਰ ਗੁਰੂ ਸਾਹਿਬਾਨ ਦੀ ਏਕਤਾ ਦੀ ਬੁਨਿਆਦ ਗੁਰੂ-ਜੋਤਿ ਹੈ, ਇਹ ਅੰਦਰ ਦੀ ਖੇਡ ਹੈ। ਭਾਈ ਅਲਮਸਤ ਦੀ ਸਾਖੀ ਵਿਚ ਅਲਮਸਤ ਦੇ ਸ਼ਬਦਾਂ ਰਾਹੀਂ ਕਰਤਾ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਸੰਬੋਧਿਤ ਹੈ:

ਤਬ ਅਲਮਸਤ ਭਾਰ ਸੁਖ ਪਾਵਾ।
ਗੁਰ ਨਾਨਕ ਸਮ ਰੂਪ ਲਖਾਵਾ।
ਕਰਿ ਉਸਤਤਿ ਨਾਨਕ ਨਿਰੰਕਾਰਾ।
ਤੁਮ ਹੀ ਧਰਿ ਛਠਮ ਬਪੁ ਧਾਰਾ।…

ਪੰਚ ਰੂਪ ਗੁਰ ਤੁਮ ਹੀ ਪਾਯੋ।
ਅਬ ਇਹੁ ਸੁੰਦਰ ਰੂਪ ਬਨਾਯੋ।18

‘ਗੁਰਬਿਲਾਸ ਪਾਤਸ਼ਾਹੀ 6’, ਗੁਰੂ ਸਾਹਿਬਾਨ ਦੀ ਇਕਰੂਪਤਾ ਤਥਾ ਇਕ ਜੋਤਿ ਨੂੰ ਆਤਮਿਕ ਪ੍ਰਸੰਗ ਵਿਚ ਹੀ ਚਿਤਰਦਾ ਹੈ:

ਗੁਰ ਨਾਨਕ ਅੰਗਦ ਸੁਖਖਾਨ।
ਅਮਰਦਾਸ ਗੁਰ ਰੂਪ ਮਹਾਨ।
ਤਾਹਿ ਤਖਤ ਗੁਰਿਆਈ ਭਾਰਾ।
ਆਪਨ ਰੂਪ ਗੁਰੂ ਅਰਜਨ ਧਾਰਾ।
ਚਤੁਰਯ ਗੁਰੂ ਜੋ ਦਰਸ਼ਨ ਚਹੇਂ।
ਸੋ ਅਰਜਨ ਦੇਖੇ ਸੁਖੁ ਲਹੇਂ।
ਗੁਰ ਅਰਜਨ ਕੀ ਪੂਜਾ ਕਰੋ।
ਗੁਰ ਨਾਨਕ ਸਮ ਭੇਦ ਨ ਧਰੋ।

ਗੁਰਬਿਲਾਸ-ਪਰੰਪਰਾ ਦੇ ਦੋ ਉੱਘੇ ਗ੍ਰੰਥ ਭਾਈ ਕੁਇਰ ਸਿੰਘ ਰਚਿਤ ‘ਗੁਰਬਿਲਾਸ ਪਾਤਸ਼ਾਹੀ 10’ (1751 ਈ.) ਅਤੇ ਭਾਈ ਸੁੱਖਾ ਸਿੰਘ ਰਚਿਤ ‘ਗੁਰਬਿਲਾਸ ਪਾਤਸ਼ਾਹੀ 10’ (1797 ਈ.) ਨੇ ਗੁਰੂ-ਸੰਸਥਾ ਦੀ ਏਕਤਾ ਤੇ ਨਿਰੰਤਰਤਾ ਨੂੰ ਗੁਰਬਾਣੀ ਦੀ ਰੌਸ਼ਨੀ ਵਿਚ ਹੀ ਦ੍ਰਿਸ਼ਟੀਗੋਚਰ ਕੀਤਾ ਹੈ। ਭਾਈ ਕੁਇਰ ਸਿੰਘ ਲਿਖਦਾ ਹੈ ਕਿ ਦਸਵੇਂ ਪਾਤਸ਼ਾਹ ਨੂੰ ਮਿਲੀ ਗੁਰਿਆਈ ਜਾਂ ਗੁਰੂ-ਪਦ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਨਹੀਂ, ਇਹ ਤਾਂ ਆਦਿ ਗੁਰੂ (ਨਾਨਕ) ਦੀ ਹੈ। ਇਹ (ਗੁਰੂ ਗੋਬਿੰਦ ਸਿੰਘ ਜੀ) ਤਾਂ ਅਸਲ ਵਿਚ ਉਨ੍ਹਾਂ ਦਾ ਹੀ ਰੂਪ ਹਨ। ਕਰਤਾ ਪਹਾੜੀਏ ਭੀਮ ਚੰਦ ਦੀ ਜ਼ਬਾਨੀ ਔਰੰਗਜ਼ੇਬ ਨੂੰ ਕਹਾਉਂਦਾ ਹੈ:

ਨਾਨਕ ਕੀ ਗਦੀ ਬਰ ਜੋਈ।
ਸੁਨੀ ਹੋਤ ਹਜਰਤ ਤੁਮ ਸੋਈ।
ਸੋਢੀ ਰਾਮਦਾਸ ਕੋ ਨਾਤੀ।
ਗੋਬਿੰਦ ਸਿੰਘ ਨਾਮ ਸੁਖ ਕ੍ਰਾਂਤੀ।

ਇਤਿਹਾਸਕ ਪ੍ਰਸੰਗ ਵਿਚ ਗੁਰ-ਜੋਤਿ ਦੀ ਇਕਰੂਪਤਾ ਬਿਆਨ ਕਰਦਾ ਹੋਇਆ ਭਾਈ ਸੁੱਖਾ ਸਿੰਘ ਲਿਖਦਾ ਹੈ:

ਜੋ ਗੁਰ ਪੀਰ ਜਗਤ ਇਹ ਮਾਹੀ।
ਸਰਬ ਆਦਿ ਨਾਨਕ ਗੁਰ ਆਹੀ।
ਨਾਨਕ ਮਧਿ ਖੁਦਾਇ ਸੋ ਜਾਣੁ।
ਰਤੀ ਨ ਅੰਤਰ ਦੁਤੇਂ ਪਛਾਣ।…
ਤਾਤੈ ਅੰਗਦ ਅਮਰ ਸੁ ਭਯੋ।
ਰਾਮਦਾਸ ਅਰਜਨ ਪੁਨ ਠਯੋ।
ਤਾਸ ਜੁ ਪੋਤ੍ਰਾ ਯਾਹਿ ਭਣੀਜੈ।
ਗੋਬਿੰਦ ਸਿੰਘ ਨਾਮ ਜਿਹ ਲੀਜੈ।21

ਭਾਈ ਕੁਇਰ ਸਿੰਘ ਦੀ ਪੈੜ-ਚਾਲ ’ਤੇ ਚੱਲਦਿਆਂ ਭਾਈ ਸੁੱਖਾ ਸਿੰਘ ਨੇ ਹੋਰ ਵੀ ਅਨੇਕਾਂ ਭਾਵਪੂਰਤ ਹਵਾਲੇ ਗੁਰੂ-ਸੰਸਥਾ ਦੇ ਵਿਗਸ, ਜੋਤਿ-ਨਿਰੰਤਰਤਾ ਤੇ ਗੁਰਿਆਈ ਦੇ ਦੈਵੀ-ਪ੍ਰਮਾਣ ਬਾਰੇ ਦਿੱਤੇ ਹਨ।22

ਭਾਈ ਕੇਸਰ ਸਿੰਘ ਛਿੱਬਰ ਕ੍ਰਿਤ ‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ’ (1769 ਈ.) ਗੁਰਿਆਈ ਦੇ ਅਧਿਕਾਰੀ, ਗੁਰ-ਜੋਤਿ ਦੀ ਨਿਰੰਤਰਤਾ ਤੇ ਇਕਸਾਰਤਾ ’ਤੋਂ ਪੂਰੀ ਤਰ੍ਹਾਂ ਵਾਕਿਫ਼ ਹੈ। ਛਿੱਬਰ ਲਿਖਦਾ ਹੈ ਕਿ ਗੁਰਿਆਈ ਦੀ ਅੰਦਰਲੀ ਜੋਤਿ ਨਿਰੰਤਰਤਾ ਦਾ ਰਹੱਸ ਆਮ ਲੋਕਾਂ ਦੀ ਸਮਝ ਵਿਚ ਨਹੀਂ ਆਇਆ, ਪਰ ਸੰਤ ਲੋਕਾਂ ਨੇ ਗੁਰੂ-ਸੰਸਥਾ ਦੇ ਦਸ-ਜਾਮਿਆਂ ਨੂੰ ਵੱਖੋ-ਵੱਖ ਨਹੀਂ ਜਾਣਿਆ, ਸਗੋਂ ਸਭ ਨੂੰ ਬਾਬਾ ਨਾਨਕ ਹੀ ਜਾਣਿਆ ਹੈ:

ਅਨੇਕ ਨਾਮ ਬਾਬੇ ਕੇ ਹੈ ਭਏ।
ਧਰਤੀ ਧਰਤੀ ਮੋ ਇਸੀ ਕਾ ਨਾਮੁ ਲਏ।
ਬੁਧਿ ਹੀਨ ਮਾਨੁਖੁ ਇਸ ਕੋ ਮਾਨਸੁ ਜਾਣੇ।
ਏਹ ਕਰਨ ਕਾਰਨ ਕੀ ਹੈ ਅੰਸੁ ਕੋਈ ਸੰਤੁ ਪਛਾਣੇ।
ਏਹ ਦਸ ਜਾਮੇ ਬਾਬੇ ਹੀ ਹੈ ਧਾਰੇ।
ਯਹਿ ਦਸ ਮਹਿਲ ਨਹੀਂ ਬਾਬੇ ਤੇ ਨਿਆਰੇ।
ਦਸੇ ਸਾਹਿਬ ਇਕੁ ਬਾਬਾ ਕਰਿ ਜਾਨੋ।
ਮਾਨਸੁ ਰੂਪ ਨ ਦਸਾਂ ਕੋ ਮਾਨੋ।….

ਹੈ ਅਨਾਦਿ ਆਦੇ ਤੇ ਪਰੇ।
ਕਲਜੁਗ ਮੈ ਦਸ ਜਾਮੇ ਹੈਨ ਬਾਬੇ ਸਾਹਿਬ ਜੀ ਧਰੇ॥23

‘ਮਹਿਮਾ ਪ੍ਰਕਾਸ਼’ (ਕਵਿਤਾ) (1776 ਈ.) ਦਾ ਕਰਤਾ ਬਾਵਾ ਸਰੂਪ ਦਾਸ ਲਿਖਦਾ ਹੈ ਕਿ ਸਿੱਖ ਗੁਰੂ-ਸੰਸਥਾ ਦੈਵੀ-ਵਰੋਸਾਈ ਹੋਈ ਹੈ ਤੇ ਗੁਰੂ ਨਾਨਕ ਜੀ ਅਵਤਰਣ (ਪ੍ਰਕਾਸ਼) ਮਾਇਆ ਤੋਂ ਰਹਿਤ ਹੈ, ਉਹ ਗੁਰੂ ਸਾਹਿਬ ਲਈ ‘ਨਿਰੰਜਨੀ ਅਵਤਾਰ’ (ਮਾਇਆ ਤੋਂ ਰਹਿਤ, ਨਿਰ-ਅੰਜਨ) ਸ਼ਬਦ/ਸਮਾਸ ਵਰਤਦਾ ਹੈ।24 ਕਰਤਾ ਲਿਖਦਾ ਹੈ ਕਿ ਗੁਰੂ ਨਾਨਕ ਜੀ ਦਾ ‘ਗੁਰੂ’ ਕੋਈ ਵਿਅਕਤੀ ਨਹੀਂ ਸੀ, ਉਹ ਰੱਬ ਤੋਂ ਵਰੋਸਾਏ ਹੋਏ ਸਨ। ਸਿੰਗਲਾਦੀਪ ਵਿਚ ਰਾਜਾ ਸ਼ਿਵਨਾਭ ਦੀਆਂ ਭੇਜੀਆਂ ਪਦਮਣੀਆਂ (ਨੱਚਣ-ਗਾਉਣ ਵਾਲੀਆਂ) ਨਾਲ ਗੱਲਬਾਤ/ਗੋਸ਼ਟਿ ਕਰਦਿਆਂ ਗੁਰੂ ਸਾਹਿਬ ਕਹਿੰਦੇ ਹਨ:

ਹੇ ਪੁਤ੍ਰੀ! ਸਰਬ ਉਪਾਵਾ ਕਾ ਉਪਾਵ ਮੇਰਾ ਸਤਗੁਰੂ ਹੈ ਅਰੁ ਉਸ ਕੀ ਭਗਤ ਮੈਂ ਸਦਾ ਕਰਤਾ ਹਉ। ਤਿਨ ਕੇ ਚਰਨ ਸਿਉ ਲਾਗ ਰਹਿਆ ਹੋ।25

‘ਮਹਿਮਾ ਪ੍ਰਕਾਸ਼’ ਗੁਰੂ-ਸੰਸਥਾ ਦੀ ਅਭੇਦਤਾ ਦਰਸਾਉਂਦਾ ਹੋਇਆ ਦੱਸਦਾ ਹੈ ਕਿ ਜਦ ਗੁਰਿਆਈ ਤੇ ਜੋਤਿ ਇਕ ਸਰੀਰ ਤੋਂ ਦੂਸਰੇ ਸਰੀਰ ਤਕ ਚਲੀ ਜਾਂਦੀ ਹੈ ਤਾਂ ਦੂਸਰਾ ਸਰੀਰ ਗੁਰੂ ਬਣ ਜਾਂਦਾ ਸੀ, ਇਸ ਪ੍ਰਸੰਗ ਵਿਚ ਹੀ ਕਰਤਾ ਗੋਰਖ ਨਾਥ ਦੇ ਮੂੰਹੋਂ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰੂ ਕਹਾਉਂਦਾ ਹੈ।26 ਇਹ ਵਰਤਾਰਾ ਹਰਿ ਸੰਤ ਨੇ ਆਪ ਦਸ ਗੁਰੂ ਸਰੂਪਾਂ ਰਾਹੀਂ ਵਰਤਾਇਆ ਹੈ ਤੇ ਇਸ ਦਾ ਮਿਸ਼ਨ ਜਗਤ ਦਾ ਭਗਤੀ ਰਾਹੀਂ ਉੱਧਾਰ ਕਰਨਾ ਹੈ:

ਹੋ ਹਰਿ ਸੰਤ ਸਤਿਗੁਰ ਪੁਰਖ ਕੀਜੈ ਜਗ ਭਗਤਿ ਪ੍ਰਚਾਰ।
ਦਸ ਸਰੂਪ ਦਸ ਨਾਮ ਧਰ ਕਰ ਹੋ ਜਗਤ ਉਧਾਰ॥27

ਦਸ ਸਰੂਪਾਂ ਵਿਚ ‘ਜੋਤਿ’ ਇਸ ਤਰ੍ਹਾਂ ਪ੍ਰਵਾਹਿਤ ਹੁੰਦੀ ਹੈ ਜਿਵੇਂ ਦੀਵੇ ਤੋਂ ਦੀਵਾ ਬਲਦਾ ਹੈ:

ਗੁਰੂ ਨਾਨਕ ਰੂਪ ਧਰਿਓ ਬਨਵਾਰੀ।
ਜਗ ਭਗਤ ਨੀਵ ਧਰ ਕੀਓ ਪਾਰੀ।
ਗੁਰ ਅੰਗਦ ਰੂਪ ਧਰਿ ਕੀਓ ਹੁਲਾਸਾ।
ਜਿਮ ਦੀਪਕ ਸੌ ਦੀਪ ਪ੍ਰਕਾਸਾ॥28

‘ਮਹਿਮਾ ਪ੍ਰਕਾਸ਼’ ਵਾਰਤਕ (1773 ਈ.) ਵਿਚ ਵੀ ਸਾਨੂੰ ‘ਮਹਿਮਾ ਪ੍ਰਕਾਸ਼’ (ਕਵਿਤਾ) ਦੇ ਕਹੇ ਵਿਚਾਰਾਂ ਦੀ ਪੁਸ਼ਟੀ ਹੁੰਦੀ ਹੈ। ‘ਮਹਿਮਾ ਪ੍ਰਕਾਸ਼’ (ਕਵਿਤਾ) ਲਿਖਦਾ ਹੈ ਕਿ ਗੁਰੂ ਦਸ ਰੂਪ ਪੂਰੇ ਕਰਕੇ, ਲੋਕਾਈ ਖ਼ਾਤਰ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਸੌਂਪ ਦਿੱਤੀ29 ਤੇ (ਵਾਰਤਕ) ਅਨੁਸਾਰ ਗੁਰੂ ਦਾ ਹਰ ਕਾਰਜ ਹੀ ਲੋਕਾਈ ਖਾਤਰ ਸੀ।30 ਗੁਰਿਆਈ ਲਈ ‘ਮਹਿਮਾ ਪ੍ਰਕਾਸ਼’ (ਕਵਿਤਾ/ਵਾਰਤਕ) ਨੇ ‘ਭਗਤ ਸਿੰਘਾਸਨ’ ਤੇ ‘ਦੀਨ-ਦੁਨੀ ਦਾ ਛਤ੍ਰ’ ਸ਼ਬਦ/ਸਮਾਸ ਵਰਤੇ ਹਨ।31 ਸਰਦਾਰ ਰਤਨ ਸਿੰਘ ਭੰਗੂ ਕ੍ਰਿਤ ‘ਸ੍ਰੀ ਗੁਰ ਪੰਥ ਪ੍ਰਕਾਸ਼’ (1841) ਵਿਚ ਸਪੱਸ਼ਟ ਕਰਦਾ ਹੈ ਕਿ ਗੁਰੂ (ਨਾਨਕ) ਸਾਹਿਬ ਇਤਿਹਾਸ ਵਿਚ ਦੈਵੀ-ਉਦੇਸ਼ ਦੀ ਪੂਰਤੀ ਲਈ ਪ੍ਰਗਟੇ ਹਨ ਤੇ ਗੁਰੂ-ਸੰਸਥਾ ਦਾ ਕਾਰਜ ਵੀ ਦੈਵੀ-ਮਨੋਰਥਾਂ ਦੀ ਪੂਰਤੀ ਹੈ। ਸਰਦਾਰ ਰਤਨ ਸਿੰਘ ਨੇ ਗੁਰੂ ਨਾਨਕ ਜੀ ਦੀ ਬਿੰਦੀ-ਸੰਤਾਨ ਨੂੰ ਕੋਈ ਮਾਨਤਾ ਨਹੀਂ ਦਿੱਤੀ। ਉਸ ਅਨੁਸਾਰ ਗੁਰੂ ਦੀ ਬੰਸਾਵਲੀ ਤਾਂ ਬਾਕੀ (ਨੌਂ) ਗੁਰੂ ਸਾਹਿਬਾਨ ਹਨ ਤੇ ਇਸ ਬੰਸਾਵਲੀ ਦੀ ਕੜੀ ਜੋਤਿ-ਜੁਗਤਿ ਦੀ ਏਕਤਾ ਹੈ:

ਜਿਮ ਦੀਪਕ ਤੇ ਦੀਪਕ ਜਾਗੇ।
ਤਿਉਂ ਗੁਰ ਤੇ ਗੁਰ ਹੋਤ ਭਏ ਆਗੇ॥32

ਉਨ੍ਹੀਵੀਂ ਸਦੀ ਦੇ ਦੂਜੇ ਦਹਾਕੇ ਦਾ ਕਵੀ ਵੀਰ ਸਿੰਘ (ਬੱਲ) ਆਪਣੇ ਇਤਿਹਾਸਕ ਗ੍ਰੰਥ ‘ਸਿੰਘ ਸਾਗਰ’ (1827 ਈ.) ਵਿਚ ਦਸਾਂ ਗੁਰੂ ਸਾਹਿਬਾਨ ਵਿਚ ਇੱਕੋ ਜੋਤਿ ਦੇਖਦਾ ਹੋਇਆ ਇਸ (ਜੋਤਿ ਦੀ) ਮਹਾਨ ਰੀਤ ਨੂੰ ਇਸ ਤਰ੍ਹਾਂ ਬਿਆਨ ਕਰਦਾ ਹੈ:

ਗੁਰ ਨਾਨਕ ਕੀ ਗੁਰ ਅੰਗਦ ਕੀ ਅਮਰੇਸ ਗੁਰੂ ਰਾਮਦਾਸ ਕੀ ਬਾਨੀ।
ਗੁਰ ਅਰਜਨ ਕੀ ਹਰਿਗੋਬਿੰਦ ਕੀ ਹਰਿਰਾਇ ਗੁਰੂ ਹਰਿਕ੍ਰਿਸ਼ਨ ਕਹਾਨੀ।
ਗੁਰੂ ਤੇਗ ਬਹਾਦਰ ਕੀਰਤ ਸਿੰਧ ਸੁਧਾਰਸ ਭਦ੍ਰਮਈ ਜਗ ਜਾਨੀ।
ਅਬ ਸੰਤ ਸੁਨੇ ਮਨ ਲਾਇ ਜਥਾ ਗੁਰ ਗੋਬਿੰਦ ਸਿੰਘ ਕੀ ਰੀਤ ਮਹਾਨੀ॥33

ਮਹਾਂਕਵੀ ਭਾਈ ਸੰਤੋਖ ਸਿੰਘ ਦੇ ਗੁਰੂ-ਸੰਸਥਾ ਦੇ ਦੈਵੀ-ਸਰੂਪ ਤੇ ਜੋਤਿ- ਏਕਤਾ ਬਾਰੇ ਗੰਭੀਰ ਵਿਚਾਰ ਉਨ੍ਹਾਂ ਦੇ ਪ੍ਰਸਿੱਧ ‘ਮੰਗਲਾਂ’ ਵਿੱਚੋਂ ਵਿਸਤਾਰ ਸਹਿਤ ਵੇਖੇ ਜਾ ਸਕਦੇ ਹਨ।34

ਉਪਰੋਕਤ ਤੋਂ ਬਿਨਾਂ ਸਿੱਖ-ਸਾਹਿਤ ਦੇ ਹੋਰ ਅਨੇਕਾਂ ਗ੍ਰੰਥਾਂ/ਰਚਨਾਵਾਂ ਵਿੱਚੋਂ ਹਵਾਲੇ ਦਿੱਤੇ ਜਾ ਸਕਦੇ ਹਨ, ਜਿਹੜੇ ਇਸ ਤੱਥ ਨੂੰ ਜ਼ੋਰਦਾਰ ਤਰੀਕੇ ਨਾਲ ਪੁਸ਼ਟ ਕਰਦੇ ਹਨ ਕਿ ਦਸ ਗੁਰੂ ਸਾਹਿਬਾਨ ਵਿਚ ਸਾਂਝੀ ਲੜੀ ਦਾ ਰਹੱਸ ‘ਦੈਵੀ’ ਹੈ ਤੇ ਇਹ ਜੋਤਿ-ਜੁਗਤਿ ਦਾ ਰਹੱਸ ਹੈ। ਇਹੋ ‘ਜੋਤਿ’ ਦਸ ਗੁਰੂ ਸਾਹਿਬਾਨ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਵਿਚ ਆ ਜਾਂਦੀ ਹੈ, ਜਿਸ ਦੀ ਪੁਸ਼ਟੀ ਲਈ ਸੈਂਕੜੇ ਹਵਾਲੇ ਪੇਸ਼ ਕੀਤੇ ਜਾ ਸਕਦੇ ਹਨ,35 ਪਰ ਅਸੀਂ ਵਿਸਤਾਰ ਦੇ ਡਰੋਂ ਇਸ ਪਰਚੇ ਦੀ ਸਮਾਪਤੀ ਬਾਬਾ ਸੁਮੇਰ ਸਿੰਘ ਜੀ ਪਟਨੇ ਵਾਲਿਆਂ ਦੇ ਪ੍ਰਸਿੱਧ ਗ੍ਰੰਥ ‘ਸ੍ਰੀ ਗੁਰ ਪਦ ਪ੍ਰੇਮ ਪ੍ਰਕਾਸ਼’ (1888 ਈ.) ਦੇ ਉਸ ਹਵਾਲੇ ਨਾਲ ਕਰ ਰਹੇ ਹਾਂ, ਜਿਸ ਰਾਹੀਂ ਉਹ ਗੁਰੂ-ਸੰਸਥਾ ਨੂੰ ਦਸ ਗੁਰੂ ਸਾਹਿਬਾਨ, ਗੁਰੂ ਗ੍ਰੰਥ ਸਾਹਿਬ ਤੇ ਖਾਲਸੇ ਦੀ ਇਕਰੂਪਤਾ ਵਿਚ ਵੇਖਦੇ ਹਨ:

ਗੁਰਸਿਖੀ ਗੁਰਮੁਖ ਧਰਮ ਗੁਰਗਾਦੀ ਕੀ ਰੀਤ।
ਗੁਰੂ ਗ੍ਰੰਥ ਗੁਰੁ ਰੂਪਤਾ ਸੋ ਖਾਲਸਾ ਸਪ੍ਰੀਤ॥36

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

Gurmail Singh
ਅਸਿਸਟੈਂਟ ਪ੍ਰਫ਼ੈਸਰ, ਧਰਮ ਅਧਿਐਨ ਵਿਭਾਗ -ਵਿਖੇ: ਪੰਜਾਬੀ ਯੂਨੀਵਰਸਿਟੀ, ਪਟਿਆਲਾ
1 ਸਿੱਖ ਰਹਿਤ ਮਰਯਾਦਾ, ਪੰਨਾ 15.
2 ਪੁਰਾਤਨ ਜਨਮਸਾਖੀ, (ਸੰਪਾ.) ਭਾਈ ਵੀਰ ਸਿੰਘ, ਸਾਹਿਤ ਸਦਨ, ਨਵੀਂ ਦਿੱਲੀ-1996 (ਛੇਵੀਂ ਵਾਰ), ਸਾਖੀ/ਪੰਨਾ-10/40.
3 ਸ਼ਬਦਾਰਥ ਦਸਮ ਗ੍ਰੰਥ ਸਾਹਿਬ (ਪੋਥੀ ਪਹਿਲੀ), (ਸੰਪਾ.) ਭਾਈ ਰਣਧੀਰ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ-1995 (ਤੀਜਾ ਸੰਸਕਰਣ), ਪੰਨਾ 70.
4 ਭਾਈ ਜੋਗਿੰਦਰ ਸਿੰਘ ਤਲਵਾੜਾ, ਗੁਰੂ ਅੰਗਦ ਦੀਅਉ ਨਿਧਾਨੁ, ਸਿੰਘ ਬ੍ਰਦਰਜ਼, ਅੰਮ੍ਰਿਤਸਰ- 2004, ਪੰਨਾ 211.
5 ਪੂਰਵ ਅੰਕਤ, 56/201.
6 ਜਨਮਸਾਖੀ ਗੁਰੂ ਨਾਨਕ ਦੇਵ ਜੀ (ਭਾਗ-1), (ਸੰਪਾ.) ਡਾ. ਕਿਰਪਾਲ ਸਿੰਘ, ਸ. ਸ਼ਮਸ਼ੇਰ ਸਿੰਘ ਅਸ਼ੋਕ, ਸਿੱਖ ਇਤਿਹਾਸ ਖੋਜ ਵਿਭਾਗ, ਖਾਲਸਾ ਕਾਲਜ, ਅੰਮ੍ਰਿਤਸਰ-1962, ਸਾਖੀ/ਪੰਨਾ-87/ 286.
7 ਗਿਆਨ ਰਤਨਾਵਲੀ: ਜਨਮਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਕੀ, (ਸੰਪਾ.) ਡਾ. ਜਸਬੀਰ ਸਿੰਘ ਸਾਬਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ-1993, ਪੰਨੇ 626-30.
8 ਸੈਨਾਪਤਿ, ਸ੍ਰੀ ਗੁਰ ਸੋਭਾ, (ਸੰਪਾ.) ਡਾ. ਗੰਡਾ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ-1990 (ਚੌਥੀ ਵਾਰ), ਅਧਿਆਇ/ਬੰਦ/ਪੰਨਾ-1/12/64.
9 ਸੈਨਾਪਤਿ, ਸ੍ਰੀ ਗੁਰ ਸੋਭਾ, (ਸੰਪਾ.) ਡਾ. ਗੰਡਾ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ-1990 (ਚੌਥੀ ਵਾਰ), ਅਧਿਆਇ/ਬੰਦ/ਪੰਨਾ 2/46/68.
10 ਕੰਕਣ ਕਵੀ, ਸੰਛੇਪ ਦਸ ਗੁਰ ਕਥਾ, (ਸੰਪਾ.) ਡਾ. ਗੁਰਮੁਖ ਸਿੰਘ, ਰਘਬੀਰ ਰਚਨਾ ਪ੍ਰਕਾਸ਼ਨ, ਚੰਡੀਗੜ੍ਹ-1991, ਬੰਦ/ਪੰਨਾ-9/32.
11 ਭਗਤ ਸਿੰਘ, ਭਾਈ, ਗੁਰਬਿਲਾਸ ਪਾਤਸ਼ਾਹੀ 6, (ਸੰਪਾ.) ਗਿ. ਜੋਗਿੰਦਰ ਸਿੰਘ (ਵੇਦਾਂਤੀ), ਡਾ. ਅਮਰਜੀਤ ਸਿੰਘ, ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁ: ਪ੍ਰ: ਕਮੇਟੀ), ਸ੍ਰੀ ਅੰਮ੍ਰਿਤਸਰ-1998, ਅਧਿ./ਬੰਦ/ਪੰਨਾ-5/852/283.
12 ਭਗਤ ਸਿੰਘ, ਭਾਈ, ਗੁਰਬਿਲਾਸ ਪਾਤਸ਼ਾਹੀ 6, (ਸੰਪਾ.) ਗਿ. ਜੋਗਿੰਦਰ ਸਿੰਘ (ਵੇਦਾਂਤੀ), ਡਾ. ਅਮਰਜੀਤ ਸਿੰਘ, ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁ: ਪ੍ਰ: ਕਮੇਟੀ), ਸ੍ਰੀ ਅੰਮ੍ਰਿਤਸਰ-1998, ਅਧਿ./ਬੰਦ/ਪੰਨਾ 8/853/283.
13 ਭਗਤ ਸਿੰਘ, ਭਾਈ, ਗੁਰਬਿਲਾਸ ਪਾਤਸ਼ਾਹੀ 6, (ਸੰਪਾ.) ਗਿ. ਜੋਗਿੰਦਰ ਸਿੰਘ (ਵੇਦਾਂਤੀ), ਡਾ. ਅਮਰਜੀਤ ਸਿੰਘ, ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁ: ਪ੍ਰ: ਕਮੇਟੀ), ਸ੍ਰੀ ਅੰਮ੍ਰਿਤਸਰ-1998, ਅਧਿ./ਬੰਦ/ਪੰਨਾ 8/863/284.
14 ਭਗਤ ਸਿੰਘ, ਭਾਈ, ਗੁਰਬਿਲਾਸ ਪਾਤਸ਼ਾਹੀ 6, (ਸੰਪਾ.) ਗਿ. ਜੋਗਿੰਦਰ ਸਿੰਘ (ਵੇਦਾਂਤੀ), ਡਾ. ਅਮਰਜੀਤ ਸਿੰਘ, ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁ: ਪ੍ਰ: ਕਮੇਟੀ), ਸ੍ਰੀ ਅੰਮ੍ਰਿਤਸਰ-1998, ਅਧਿ./ਬੰਦ/ਪੰਨਾ 15/38/514.
15 ਭਗਤ ਸਿੰਘ, ਭਾਈ, ਗੁਰਬਿਲਾਸ ਪਾਤਸ਼ਾਹੀ 6, (ਸੰਪਾ.) ਗਿ. ਜੋਗਿੰਦਰ ਸਿੰਘ (ਵੇਦਾਂਤੀ), ਡਾ. ਅਮਰਜੀਤ ਸਿੰਘ, ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁ: ਪ੍ਰ: ਕਮੇਟੀ), ਸ੍ਰੀ ਅੰਮ੍ਰਿਤਸਰ-1998, ਅਧਿ./ਬੰਦ/ਪੰਨਾ 15/39/514.
16 ਭਗਤ ਸਿੰਘ, ਭਾਈ, ਗੁਰਬਿਲਾਸ ਪਾਤਸ਼ਾਹੀ 6, (ਸੰਪਾ.) ਗਿ. ਜੋਗਿੰਦਰ ਸਿੰਘ (ਵੇਦਾਂਤੀ), ਡਾ. ਅਮਰਜੀਤ ਸਿੰਘ, ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁ: ਪ੍ਰ: ਕਮੇਟੀ), ਸ੍ਰੀ ਅੰਮ੍ਰਿਤਸਰ-1998, ਅਧਿ./ਬੰਦ/ਪੰਨਾ 16/158-61/541.
17 ਭਗਤ ਸਿੰਘ, ਭਾਈ, ਗੁਰਬਿਲਾਸ ਪਾਤਸ਼ਾਹੀ 6, (ਸੰਪਾ.) ਗਿ. ਜੋਗਿੰਦਰ ਸਿੰਘ (ਵੇਦਾਂਤੀ), ਡਾ. ਅਮਰਜੀਤ ਸਿੰਘ, ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁ: ਪ੍ਰ: ਕਮੇਟੀ), ਸ੍ਰੀ ਅੰਮ੍ਰਿਤਸਰ-1998, ਅਧਿ./ਬੰਦ/ਪੰਨਾ 16/289/551.
18 ਭਗਤ ਸਿੰਘ, ਭਾਈ, ਗੁਰਬਿਲਾਸ ਪਾਤਸ਼ਾਹੀ 6, (ਸੰਪਾ.) ਗਿ. ਜੋਗਿੰਦਰ ਸਿੰਘ (ਵੇਦਾਂਤੀ), ਡਾ. ਅਮਰਜੀਤ ਸਿੰਘ, ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁ: ਪ੍ਰ: ਕਮੇਟੀ), ਸ੍ਰੀ ਅੰਮ੍ਰਿਤਸਰ-1998, ਅਧਿ./ਬੰਦ/ਪੰਨਾ 9/175/321.
21 ਭਾਈ ਸੁੱਖਾ ਸਿੰਘ, ਗੁਰਬਿਲਾਸ ਪਾਤਸ਼ਾਹੀ 10, (ਸੰਪਾ.) ਡਾ. ਗੁਰਸ਼ਰਨ ਕੌਰ (ਜੱਗੀ), ਭਾਸ਼ਾ ਵਿਭਾਗ, ਪਟਿਆਲਾ-1989 (ਦੂਜੀ ਵਾਰ), ਅਧਿ./ਬੰਦ/ਪੰਨਾ, 16/51-4/238-39.
22 ਭਾਈ ਸੁੱਖਾ ਸਿੰਘ, ਗੁਰਬਿਲਾਸ ਪਾਤਸ਼ਾਹੀ 10, (ਸੰਪਾ.) ਡਾ. ਗੁਰਸ਼ਰਨ ਕੌਰ (ਜੱਗੀ), ਭਾਸ਼ਾ ਵਿਭਾਗ, ਪਟਿਆਲਾ-1989 (ਦੂਜੀ ਵਾਰ), ਅਧਿ./ਬੰਦ/ਪੰਨਾ, 30/27/441.
23 ਭਾਈ ਕੇਸਰ ਸਿੰਘ ਛਿੱਬਰ, ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ, (ਸੰਪਾ.) ਡਾ. ਰਾਏ ਜਸਬੀਰ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ-2001, ਚਰਣ/ਬੰਦ/ਪੰਨਾ-1/48-50/6.
24 ਬਾਵਾ ਸਰੂਪ ਦਾਸ (ਭੱਲਾ), ਮਹਿਮਾ ਪ੍ਰਕਾਸ਼ ਕਵਿਤਾ (ਭਾਗ-1), (ਸੰਪਾ.) ਡਾ. ਉੱਤਮ ਸਿੰਘ ਭਾਟੀਆ, ਭਾਸ਼ਾ ਵਿਭਾਗ, ਪਟਿਆਲਾ-1999 (ਦੂਜੀ ਵਾਰ), ਗੁਰੂ/ਸਾਖੀ/ਪੰਨਾ-1/1/65.
25 ਬਾਵਾ ਸਰੂਪ ਦਾਸ (ਭੱਲਾ), ਮਹਿਮਾ ਪ੍ਰਕਾਸ਼ ਕਵਿਤਾ (ਭਾਗ-1), (ਸੰਪਾ.) ਡਾ. ਉੱਤਮ ਸਿੰਘ ਭਾਟੀਆ, ਭਾਸ਼ਾ ਵਿਭਾਗ, ਪਟਿਆਲਾ-1999 (ਦੂਜੀ ਵਾਰ), ਗੁਰੂ/ਸਾਖੀ/ਪੰਨਾ-1/32/197.
26 ਬਾਵਾ ਸਰੂਪ ਦਾਸ (ਭੱਲਾ), ਮਹਿਮਾ ਪ੍ਰਕਾਸ਼ ਕਵਿਤਾ (ਭਾਗ-1), (ਸੰਪਾ.) ਡਾ. ਉੱਤਮ ਸਿੰਘ ਭਾਟੀਆ, ਭਾਸ਼ਾ ਵਿਭਾਗ, ਪਟਿਆਲਾ-1999 (ਦੂਜੀ ਵਾਰ), ਗੁਰੂ/ਸਾਖੀ/ਪੰਨਾ-1/41/304.
27 ਬਾਵਾ ਸਰੂਪ ਦਾਸ (ਭੱਲਾ), ਮਹਿਮਾ ਪ੍ਰਕਾਸ਼ ਕਵਿਤਾ (ਭਾਗ-1), (ਸੰਪਾ.) ਡਾ. ਉੱਤਮ ਸਿੰਘ ਭਾਟੀਆ, ਭਾਸ਼ਾ ਵਿਭਾਗ, ਪਟਿਆਲਾ-1999 (ਦੂਜੀ ਵਾਰ), ਗੁਰੂ/ਸਾਖੀ/ਪੰਨਾ-1/2/70.
28 ਬਾਵਾ ਸਰੂਪ ਦਾਸ (ਭੱਲਾ), ਮਹਿਮਾ ਪ੍ਰਕਾਸ਼ ਕਵਿਤਾ (ਭਾਗ-1), (ਸੰਪਾ.) ਡਾ. ਉੱਤਮ ਸਿੰਘ ਭਾਟੀਆ, ਭਾਸ਼ਾ ਵਿਭਾਗ, ਪਟਿਆਲਾ-1999 (ਦੂਜੀ ਵਾਰ), ਗੁਰੂ/ਸਾਖੀ/(ਭਾਗ-2),ਪੰਨਾ- 2/67/79.
29 ਬਾਵਾ ਸਰੂਪ ਦਾਸ (ਭੱਲਾ), ਮਹਿਮਾ ਪ੍ਰਕਾਸ਼ ਕਵਿਤਾ (ਭਾਗ-1), (ਸੰਪਾ.) ਡਾ. ਉੱਤਮ ਸਿੰਘ ਭਾਟੀਆ, ਭਾਸ਼ਾ ਵਿਭਾਗ, ਪਟਿਆਲਾ-1999 (ਦੂਜੀ ਵਾਰ), ਗੁਰੂ/ਸਾਖੀ/(ਭਾਗ-3) ਪੰਨਾ-10/236/862.
30 ਮਹਿਮਾ ਪ੍ਰਕਾਸ਼ ਵਾਰਤਕ, (ਸੰਪਾ.) ਸ. ਕੁਲਵਿੰਦਰ ਸਿੰਘ (ਬਾਜਵਾ), ਸਿੰਘ ਬ੍ਰਦਰਜ਼, ਅੰਮ੍ਰਿਤਸਰ- 2004, ਸਾਖੀ/ਪੰਨਾ-36/80.
31 ਕਵਿਤਾ, ਭਾਗ-ਤੀਜਾ, 6/144/397; (ਵਾਰਤਕ) 40/84.
32 ਸ.ਰਤਨ ਸਿੰਘ ਭੰਗੂ, ਸ੍ਰੀ ਗੁਰ ਪੰਥ ਪ੍ਰਕਾਸ਼, (ਸੰਪਾ.) ਡਾ. ਬਲਵੰਤ ਸਿੰਘ ਢਿੱਲੋਂ, ਸਿੰਘ ਬ੍ਰਦਰਜ਼, ਅੰਮ੍ਰਿਤਸਰ-2004, ਸਾਖੀ/ਬੰਦ/ਪੰਨਾ 12/8/23.
33 ਸ. ਵੀਰ ਸਿੰਘ (ਬੱਲ), ਸਿੰਘ ਸਾਗਰ, (ਸੰਪਾ.) ਡਾ. ਕ੍ਰਿਸ਼ਨਾ ਕੁਮਾਰੀ ਬਾਂਸਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ-1986, ਤਰੰਗ/ਬੰਦ/ਪੰਨਾ-1/5/15.
34 ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ, ਸ੍ਰੀ ਗੁਰ ਨਾਨਕ ਪ੍ਰਕਾਸ਼ ਪੂਰਬਾਰਧ (ਭਾਗ ਪਹਿਲਾ), (ਸੰਪਾ.) ਡਾ. ਕਿਰਪਾਲ ਸਿੰਘ, ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁ: ਪ੍ਰ: ਕਮੇਟੀ), ਸ੍ਰੀ ਅੰਮ੍ਰਿਤਸਰ- 2006, ਪੰਨੇ 52-66.
35 ਇਸ ਸੰਬੰਧੀ ਵਿਸਤ੍ਰਿਤ ਹਵਾਲੇ ਤੇ ਵਿਵੇਚਨ ਵੇਖੋ: ਧਰ. ਘੳਨਦੳ ਸ਼ਨਿਗਹ, ਘੁਰੁ ਘੋਬਨਿਦ ਸ਼ਨਿਗਹ’ਸ ਧੲੳਟਹ ੳਟ ਂੳਨਦੲਦ: ਅਨ ਓਣੳਮਨਿੳਟੋਿਨ ੋਡ ਸ਼ੁਚਚੲਸਸੋਿਨ ਟਹੲੋਰਇਸ, ਘੁਰੁ ਂੳਨੳਕ ਡੋੁਨਦੳਟੋਿਨ, ਢੳਰਦਿਕੋਟ, 1972; ਸ. ਭਗਤ ਸਿੰਘ ਹੀਰਾ, ਗੁਰੂ ਮਾਨਿਓ ਗ੍ਰੰਥ, ਨੈਸ਼ਨਲ ਬੁਕ ਸ਼ਾਪ, ਦਿੱਲੀ-1992.
36 ਬਾਵਾ ਸੁਮੇਰ ਸਿੰਘ, ਸ੍ਰੀ ਗੁਰ ਪਦ ਪ੍ਰੇਮ ਪ੍ਰਕਾਸ਼ ਗ੍ਰੰਥ, (ਸੰਪਾ.), ਗਿ. ਈਸ਼ਰ ਸਿੰਘ ਨਾਗ, ਨਵੀਂ ਦਿੱਲੀ-1988, ਕਾਂਡ/ਬੰਦ/ਪੰਨਾ-1/40/4.
ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)