‘ਹੋਲਾ-ਮਹੱਲਾ’ ਸਿੱਖ ਧਰਮ ਦੀ ਸੂਰਬੀਰਤਾ, ਨਿਰਭੈਤਾ ਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੋਣ ਕਾਰਨ ਹਰੇਕ ਸਾਲ ਬੜੇ ਜਾਹ-ਓ-ਜਲਾਲ ਨਾਲ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਲੱਖਾਂ ਹੀ ਸੰਗਤਾਂ ਦੁਆਰਾ ਮਨਾਇਆ ਆ ਜਾਂਦਾ ਹੈ । ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਕਾਨ੍ ਸਿੰਘ ਨਾਭਾ ‘ਮਹਾਨ ਕੋਸ਼’ ਵਿੱਚ ‘ਹੋਲਾ ਮਹੱਲਾ’ ਬਾਰੇ ਇੰਝ ਲਿਖਦੇ ਹਨ : ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸੇ ਨੂੰ ਸ਼ਸਤ੍ਰ ਅਤੇ ਯੁੱਧਵਿਦਯਾ ਵਿੱਚ ਨਿਪੁੰਨ ਕਰਨ ਲਈ ਇਹ ਰੀਤਿ ਚਲਾਈ ਸੀ ਕਿ ਦੋ ਦਲ ਬਣਾਕੇ ਪ੍ਰਧਾਨ ਸਿੰਘਾਂ ਦੇ ਹੇਠ ਇਕ ਖਾਸ ਥਾਂ ਤੇ ਕਬਜ਼ਾ ਕਰਨ ਲਈ ਹਮਲਾ ਕਰਨਾ, ਕਲਗੀਧਰ ਆਪ ਇਸ ਮਸਨੂਈ ਜੰਗ ਦਾ ਕਰਤਵ ਦੇਖਦੇ ਅਤੇ ਦੋਹਾਂ ਦਲਾਂ ਨੂੰ ਸ਼ੁਭ ਸਿਖ੍ਯਾ ਦਿੰਦੇ ਸੇ, ਅਰ ਜੋ ਦਲ ਕਾਮਯਾਬ ਹੁੰਦਾ ਉਸ ਨੂੰ ਦੀਵਾਨ ਵਿੱਚ ਸਿਰੋਪਾ ਬਖਸ਼ਦੇ ਸਨ। ‘ਹੋਲਾ-ਮਹੱਲਾ’ ਦੋ ਸ਼ਬਦਾਂ ‘ਹੋਲਾ’ ਤੇ ‘ਮਹੱਲਾ’ ਸ਼ਬਦਾਂ ਦੇ ਜੋੜ ਤੋਂ ਬਣਿਆ ਹੈ। ‘ਹੋਲਾ’ ਸ਼ਬਦ ਦਾ ਅਰਥ ਹਮਲਾ ਹੈ ਅਤੇ ‘ਮਹੱਲਾ’ ਸ਼ਬਦ ਤੋਂ ਭਾਵ ਜਿਸ ਸਥਾਨ ਨੂੰ ਫ਼ਤਿਹ ਕਰਨਾ ਹੈ। ‘ਹੋਲਾ’ ਅਰਬੀ ਭਾਸ਼ਾ ਤੇ ‘ਮਹੱਲਾ’ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ। ਇਸ ਪ੍ਰਕਾਰ ‘ਹੋਲਾ-ਮਹੱਲਾ’ ਦਾ ਸਮੁੱਚਾ ਅਰਥ ਹੈ : “ਕਿਸੇ ਨਿਸ਼ਚਿਤ ਸਥਾਨ ਤੇ ਹਮਲਾ ਕਰ ਕੇ ਫ਼ਤਿਹ ਦਾ ਨਗਾਰਾ ਵਜਾਉਣਾ।”
ਇਹ ਦਿਹਾੜਾ ਹੋਲੀ ਤੋਂ ਅਗਲੇ ਦਿਨ ਮਨਾਇਆ ਜਾਂਦਾ ਹੈ। ਹੋਲੀ ਭਾਰਤ ਦਾ ਇਕ ਪ੍ਰਾਚੀਨ ਤਿਉਹਾਰ ਹੈ ਜੋ ਕੀ ਭਗਤ ਪ੍ਰਹਿਲਾਦ, ਉਸ ਦੇ ਪਿਤਾ ਹਰਨਾਖਸ਼ ਅਤੇ ਉਸ ਦੀ ਭੂਆ ਹੋਲਿਕਾ ਦੇ ਪ੍ਰਸੰਗ ਨਾਲ ਜੁੜਿਆ ਹੋਇਆ ਹੈ। ਹਰਨਾਖਸ਼ ਭਗਤ ਪ੍ਰਹਿਲਾਦ ਜੀ ਨੂੰ ਮਰਵਾਉਣਾ ਚਾਹੁੰਦਾ ਸੀ ਪਰ ਪ੍ਰਭੂ ਨੇ ਨਰ ਸਿੰਘ ਦਾ ਰੂਪ ਧਾਰ ਕੇ ਭਗਤ ਜੀ ਦੀ ਰੱਖਿਆ ਕੀਤੀ। ਭਾਰਤੀ ਪਰੰਪਰਾ ਅਨੁਸਾਰ ਇਸ ਦਿਨ ਤੋਂ ਲੋਕਾਂ ਨੇ ਇੱਕ ਦੂਜੇ ਉੱਤੇ ਰੰਗ ਪਾ ਕੇ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਕਰਨਾ ਸ਼ੁਰੂ ਕੀਤਾ ਪਰ ਸਮੇਂ ਦੇ ਨਾਲ ਨਾਲ ਇਸ ਤਿਉਹਾਰ ਨੂੰ ਮਨਾਉਣ ਲਈ ਆਮ ਲੋਕਾਂ ਵਿੱਚ ਕਈ ਕੁਰੀਤੀਆਂ ਆ ਗਈਆਂ, ਉਹ ਨਸ਼ੇ ਦਾ ਸੇਵਨ ਕਰਕੇ ਇਕ ਦੂਜੇ ਤੇ ਰੰਗ ਅਤੇ ਗੰਦ ਸੁੱਟਦੇ। ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਨੂੰ ਇਨ੍ਹਾਂ ਕੁਰੀਤੀਆਂ ਤੋਂ ਦੂਰ ਰੱਖਣ ਲਈ ਅਤੇ ਖ਼ਾਲਸੇ ਵਿੱਚ ਸੂਰਬੀਰਤਾ ਅਤੇ ਨਿਰਭੈਤਾ ਭਰਨ ਲਈ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸੰਮਤ 1757 (1700 ਈਸਵੀ) ਚੇਤ ਵਦੀ ਇਕ ਨੂੰ ਹੋਲਗੜ੍ਹ ਦੇ ਸਥਾਨ ਤੇ ਹੋਲੇ-ਮਹੱਲੇ ਨੂੰ ਮਨਾਉਣ ਦੀ ਸ਼ੁਰੂਆਤ ਕਰਵਾਈ । ਕਵੀ ਸੁਮੇਰ ਸਿੰਘ ਜੀ ਨੇ ਦਸਮੇਸ਼ ਪਿਤਾ ਜੀ ਦੇ ਆਦੇਸ਼ ਨੂੰ ਇਸ ਤਰ੍ਹਾਂ ਕਲਮਬੰਦ ਕੀਤਾ ਹੈ :
ਔਰਨ ਕੀ ਹੋਲੀ ਮਮ ਹੋਲਾ ॥
ਕਹਿਯੋ ਕ੍ਰਿਪਾਨਿਧ ਬਚਨ ਅਮੋਲਾ॥
ਗੁਰੂ ਸਾਹਿਬ ਦਾ ਇਸ ਤਿਉਹਾਰ ਨੂੰ ਮਨਾਉਣ ਦਾ ਮਕਸਦ ਸੈਕੜੇ ਸਾਲਾਂ ਤੋਂ ਗ਼ੁਲਾਮ ਮਾਨਸਿਕਤਾ ਦੇ ਆਦੀ ਹੋ ਚੁੱਕੇ ਭਾਰਤੀਆਂ ਦੇ ਮਨਾਂ ਵਿੱਚ ਇਨਕਲਾਬੀ ਸੋਚ ਪੈਦਾ ਕਰਨ ਤੋਂ ਸੀ। ਉਸ ਸਮੇਂ ਦੇ ਬਾਦਸ਼ਾਹ ਔਰੰਗਜ਼ੇਬ ਵੱਲੋਂ ਜਾਰੀ ਫੁਰ ਮਾਨ ਅਨੁਸਾਰ ਭਾਰਤੀ ਲੋਕਾਂ ਨੂੰ ਟੱਲ ਖੜਕਾਉਣ, ਸ਼ਸਤਰ ਧਾਰਨ ਕਰਨ, ਘੋੜ-ਸਵਾਰੀ ਕਰਨ ਅਤੇ ਸਿਰ ਉੱਤੇ ਦਸਤਾਰ ਸਜਾਉਣ ਦੀ ਮਨਾਹੀ ਸੀ। ਦਸਮੇਸ਼ ਪਿਤਾ ਜੀ ਨੇ ਆਮ ਲੋਕਾਂ ਨੂੰ ਜਥੇਬੰਦ ਕੀਤਾ ਅਤੇ ਉਨ੍ਹਾਂ ਨੂੰ ਘੋੜ-ਸਵਾਰੀ, ਸ਼ਸਤਰ ਵਿੱਦਿਆ ਦੀ ਸਿੱਖਿਆ ਲੈਣ ਲਈ ਪ੍ਰੇਰਿਆ। ਪ੍ਰਸਿੱਧ ਆਰੀਆ ਸਮਾਜੀ ਲੇਖਕ ਲਾਲਾ ਦੌਲਤ ਰਾਏ ਅਨੁਸਾਰ ਭਾਰਤ ਦੇਸ਼ ਵਿੱਚ ਬਹੁਤ ਸਾਰੇ ਅਵਤਾਰੀ ਪੁਰਸ਼ ਹੋਏ ਹਨ ਪਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਉਨ੍ਹਾਂ ਸਾਰਿਆ ਤੋਂ ਕਿਤੇ ਵਿਸ਼ੇਸ਼ ਪ੍ਰਮੁੱਖ ਹਨ ਕਿਉਂਕਿ ਉਹ ਉਨ੍ਹਾਂ ਲੋਕਾਂ ਵਿੱਚ ਸੂਰਬੀਰਤਾ ਭਰ ਰਹੇ ਸਨ ਜੋ ਸਦੀਆਂ ਤੋਂ ਲਿਤਾੜੇ ਹੋਏ ਸਨ ।
ਸ਼ਸਤਰ ਸਿੱਖੀ ਦਾ ਅਟੁੱਟ ਅੰਗ ਹਨ। ਹੋਲੇ-ਮਹੱਲੇ ਦਾ ਗੁਰੂ ਸਾਹਿਬਾਨ ਵਲੋਂ ਬਖਸ਼ੀ ਸ਼ਸਤਰ ਵਿਦਿਆ ਤੇ ਖਾਲਸੇ ਦੀ ਨਿਰਭੈਅਤਾ, ਚੜਦੀਕਲਾ ਨਾਲ ਅਟੁੱਟ ਸਬੰਧ ਨੂੰ, ਕਵੀ ਨਿਹਾਲ ਸਿੰਘ ਜੀ ਨੇ ਆਪਣੀ ਰਚਨਾ ਵਿੱਚ ਇੰਝ ਕਲਮਬੰਧ ਕੀਤਾ ਹੈ:
ਬਰਛਾ ਢਾਲ ਕਟਾਰਾ ਤੇਗਾ ਕੜਛਾ ਦੇਗਾ ਗੋਲਾ ਹੈ,
ਛਕਾ ਪ੍ਰਸਾਦ ਸਜਾ ਦਸਤਾਰਾ ਅਰੁ ਕਰਦੌਨਾ ਟੋਲਾ ਹੈ,
ਸੁਭਟਸੁਚਾਲਾ ਅਰ ਲਖਬਾਹਾਂ ਕਲਗਾ ਸਿੰਘ ਸੁਚੋਲਾ ਹੈ,
ਅਪਰ ਮੁਛਹਿਰਾ ਦਾੜ੍ਹਾ ਜੈਸੇ , ਤੈਸੇ ਬੋਲਾ ‘ਹੋਲਾ’ ਹੈ।
ਗੁਰੂ ਸਾਹਿਬ ਜੀ ਨੇ ਖ਼ਾਲਸੇ ਨੂੰ ਸ਼ਸਤਰਧਾਰੀ ਹੋਣ ਦਾ ਹੁਕਮ ਕੀਤਾ ਹੋਇਆ ਹੈ ਪਰ ਹੁਣ ਸਵਾਲ ਉੱਠਦਾ ਹੈ ਕਿ ਅਸੀਂ ਆਪਣੀ ਇਸ ਸ਼ਸਤਰ ਵਿੱਦਿਆ ਨੂੰ ਆਪਣੀ ਆਓਣ ਵਾਲੀ ਨਵੀਂ ਪੀੜ੍ਹੀ ਅਤੇ ਅੰਤਰਰਾਸ਼ਟਰੀ ਮੰਚ ਤੱਕ ਕਿਵੇਂ ਲੈ ਕੇ ਜਾ ਜਾਈਏ, ਪਿਛਲੇ ਸਮੇਂ ਦੌਰਾਨ ਗਤਕੇ ਦੀ ਪੇਸ਼ਕਾਰੀ ਕਈ ਟੀਵੀ ਮੁਕਾਬਲਿਆਂ ਵਿੱਚ ਦੇਖਣ ਨੂੰ ਮਿਲੀ ਪਰ ਲੋੜ ਹੈ ਸਾਡੀ ਇਸ ਸ਼ਸਤਰ ਵਿੱਦਿਆ ਨੂੰ ਖੇਡਾਂ ਦਾ ਹਿੱਸਾ ਬਣਾਇਆ ਜਾਵੇ ਜਿਵੇਂ ਕਿ ਤਲਵਾਰਬਾਜ਼ੀ, ਤੀਰ-ਅੰਦਾਜ਼ੀ, ਘੋੜ-ਸਵਾਰੀ, ਨਿਸ਼ਾਨੇਬਾਜ਼ੀ, ਨੇਜ਼ੇਬਾਜ਼ੀ । ਦੁਨੀਆ ਦੀਆਂ ਪ੍ਰਸਿੱਧ ਓਲਪਿੰਕ ਖੇਡਾਂ ਵਿੱਚ ਉਪਰੋਕਤ ਖੇਡਾਂ ਕਿਸੇ ਨਾ ਕਿਸੇ ਰੂਪ ਵਿੱਚ ਖੇਡੀਆਂ ਜਾਂਦੀਆਂ ਹਨ ਜਿਵੇਂ ਕਿ Fencing, Archery, Equestrian, Shooting। Fencing ਖੇਡ 1896 ਈਸਵੀ ਤੋਂ ਹੀ ਓਲਪਿੰਕ ਖੇਡਾਂ ਦਾ ਹਿੱਸਾ ਰਹੀ ਹੈ। ਪੱਛਮੀ ਦੇਸ਼ਾਂ ਜਿਵੇਂ ਇੰਗਲੈਂਡ, ਕੈਨੇਡਾ ਅਤੇ ਅਮਰੀਕਾ ਦੇ ਸਕੂਲਾਂ ਵਿੱਚ ਇਹ ਸਾਰੀਆਂ ਖੇਡਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ। ਸਾਨੂੰ ਆਪਣੀ ਸ਼ਸਤਰ ਵਿੱਦਿਆ ਦੇ ਨਾਲ ਨਾਲ ਇਹ ਸਾਰੀਆਂ ਖੇਡਾਂ ਵਿੱਚ ਆਪਣੇ ਨੌਜਵਾਨਾਂ ਨੂੰ ਖੇਡਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਇਸ ਦੇ ਲਈ ਸਾਨੂੰ ਇੱਕ ਮਾਰਸ਼ਲ ਆਰਟ ਸਕੂਲ ਦੀ ਜ਼ਰੂਰਤ ਪਵੇਗੀ ਜਿਸ ਵਿੱਚ ਇਹ ਸਾਰੀਆਂ ਵਿਰਾਸਤੀ ਖੇਡਾਂ ਦੀ ਸਿਖਲਾਈ ਮਾਹਿਰ ਕੋਚਾਂ ਸਾਹਿਬਾਨ ਦੁਆਰਾ ਨੌਜਵਾਨਾਂ ਨੂੰ ਦਿੱਤੀ ਜਾਵੇ। ਸ਼੍ਰੀ ਅਨੰਦਪੁਰ ਸਾਹਿਬ ਜੋ ਕਿ ਖ਼ਾਲਸੇ ਦਾ ਜਨਮ ਅਸਥਾਨ ਹੈ ਉੱਥੇ ਇੱਕ ਆਧੁਨਿਕ ਮਾਰਸ਼ਲ ਆਰਟ ਸਕੂਲ ਦੀ ਸਥਾਪਨਾ ਕੀਤੀ ਜਾ ਸਕਦੀ ਹੈ। ਇਨ੍ਹਾਂ ਖੇਡਾਂ ਨੂੰ ਉਤਸ਼ਾਹਿਤ ਕਰਨ ਨਾਲ ਅਸੀਂ ਅੰਤਰਰਾਸ਼ਟਰੀ ਪੱਧਰ ਤੇ ਸਿੱਖੀ ਸਰੂਪ ਵਾਲੇ ਖਿਡਾਰੀ ਤਿਆਰ ਕਰ ਸਕਦੇ ਹਨ ਜੋ ਕੌਮ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨਗੇ। ਸਾਡੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਨ੍ਹਾਂ ਖੇਡਾਂ ਨੂੰ ਆਪਣੇ ਸਕੂਲਾਂ ਕਾਲਜਾਂ ਵਿੱਚ ਸ਼ਾਮਿਲ ਕਰਨ ਦੀ ਪਹਿਲ ਕਰਨੀ ਚਾਹੀਦੀ ਹੈ।
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਆਰੰਭ ਕੀਤਾ ਇਹ ਤਿਉਹਾਰ ਅੱਜ ਦੇ ਸਮੇਂ ਤੱਕ ਵੀ ਲਗਾਤਾਰ ਜਾਰੀ ਹੈ। ਪਰ ਸਮੇਂ ਦੇ ਨਾਲ ਨਾਲ ਇਸ ਤਿਉਹਾਰ ਨੂੰ ਮਨਾਉਣ ਜਾ ਰਹੇ ਸਾਡੇ ਨੌਜਵਾਨ ਵਰਗ ਵਿੱਚ ਬਹੁਤ ਨਿਘਾਰ ਆਇਆ ਹੈ। ਅਜੋਕੀ ਪੀੜ੍ਹੀ ਗੁਰੂ ਸਾਹਿਬਾਨ ਵੱਲੋਂ ਬਖ਼ਸ਼ੇ ਬਾਣੀ ਤੇ ਬਾਣੇ ਤੋਂ ਬੇਮੁਖ ਹੋ ਰਹੀ ਹੈ ਅਤੇ ਇਨ੍ਹਾਂ ਦਿਨਾਂ ਵਿੱਚ ਕਈ ਨੌਜਵਾਨ ਵੀਰ ਮੋਟਰ ਸਾਈਕਲਾਂ ਦੇ ਸਾਈਲੈਂਸਰ ਲਾਹ ਕੇ, ਪਟਾਕੇ ਮਾਰ ਕੇ, ਟਰੈਕਟਰਾਂ ਉੱਪਰ ਡੀ.ਜੇ. ਲਗਾ ਕੇ ਆਮ ਸੰਗਤ ਨੂੰ ਪ੍ਰੇਸ਼ਾਨ ਕਰਦੇ ਹਨ। ਨਸ਼ੇ ਕਰਕੇ ਖ਼ਾਲਸੇ ਦੀ ਜਨਮ ਸਥਾਨ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚ ਕੇ ਉਹ ਅਣਜਾਣਪੁਣੇ ਵਿੱਚ ਉਨ੍ਹਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਰੋਲ ਰਹੇ ਹਨ ਜਿਨ੍ਹਾਂ ਨੇ ਸਾਡੇ ਲਈ ਆਪਣਾ ਖ਼ੂਨ ਪਾਣੀ ਵਾਂਗ ਵਹਾ ਦਿੱਤਾ। ਸਾਡੀ ਨੌਜਵਾਨ ਪੀੜੀ ਵਿੱਚ ਆਪਣੇ ਇਸ ਕੌਮੀ ਤਿਉਹਾਰ ਪ੍ਰਤੀ ਸ਼ਰਧਾ ਤਾਂ ਭਰਪੂਰ ਹੈ ਪਰ ਲੋੜ ਹੈ ਉਸ ਸ਼ਰਧਾ ਨੂੰ ਸਹੀ ਸੇਧ ਦੇਣ ਦੀ ਤਾਂ ਜੋ ਉਨ੍ਹਾਂ ਦੇ ਮਨਾਂ ਅੰਦਰ ਵੀ ਖ਼ਾਲਸੇ ਦੀ ਚੜ੍ਹਦੀ ਕਲਾਂ, ਜ਼ਾਲਮ ਨਾਲ ਟੱਕਰ ਲੈਣ ਦੀ ਜੁਝਾਰੂ ਅਤੇ ਇਨਕਲਾਬੀ ਸੋਚ ਭਰੀ ਜਾ ਸਕੇ। ਦਾਲ-ਰੋਟੀ ਦੇ ਲੰਗਰ ਦੇ ਨਾਲ ਨਾਲ ਦਸਤਾਰ ਸਜਾਉਣ ਦੇ ਵੀ ਲੰਗਰ ਲਗਾਉਣੇ ਚਾਹੀਦੇ ਹਨ। ਇਸ ਤਿਉਹਾਰ ਤੇ ਸਾਹਿਤਕ ਸਭਾਵਾਂ ਅਤੇ ਗੁਰਮਤਿ ਸਮਾਗਮਾਂ ਰਾਹੀ ਸਮਾਜ ਵਿੱਚ ਫੈਲੇ ਨਸ਼ੇ, ਭਰੂਣ ਹੱਤਿਆ, ਦਾਜ ਦੀ ਸਮੱਸਿਆ, ਵਾਤਾਵਰਣ ਪ੍ਰਦੂਸ਼ਣ, ਜਾਤ-ਪਾਤ ਵਰਗੀਆਂ ਸਮਾਜਿਕ ਕੁਰੀਤੀਆਂ ਨੂੰ ਠੱਲ੍ਹ ਪਾਉਣ ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ। ਸਿਆਸੀ ਪਾਰਟੀਆਂ ਨੂੰ ਇਸ ਤਿਉਹਾਰ ਤੇ ਇੱਕ ਦੂਜੇ ਉੱਤੇ ਦੂਸ਼ਣਬਾਜ਼ੀ ਕਰਨ ਦੀ ਬਜਾਏ ਧਾਰਮਿਕ ਸਦਭਾਵਨਾ ਦਾ ਸੰਦੇਸ਼ ਦੇਣਾ ਚਾਹੀਦਾ ਹੈ।
ਸਾਡੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੂੰ ਇਸ ਤਿਉਹਾਰ ਤੇ ਅੱਗੇ ਹੋ ਕੇ ਨੌਜਵਾਨਾਂ ਨੂੰ ਆਪਣੇ ਅਮੀਰ ਵਿਰਸੇ ਅਤੇ ਗੌਰਵਮਈ ਇਤਿਹਾਸ ਨਾਲ ਜੋੜਨ ਦੀ ਪਹਿਲਕਦਮੀ ਕਰਨੀ ਚਾਹੀਦੀ ਹੈ ਅਤੇ ਉਹ ਕਰ ਵੀ ਰਹੇ ਹਨ ਪਰ ਲੋੜ ਹੈ ਇਸ ਵਿੱਚ ਹੋਰ ਤੇਜ਼ੀ ਲਿਆਓਣ ਦੀ ਤਾਂ ਜੋ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪੈਣ ਤੋਂ ਬਚਾ ਸਕੀਏ। ਸੰਵਾਦ ਦੀ ਅੱਜ ਦੇ ਸਮੇਂ ਕੌਮ ਵਿੱਚ ਬਹੁਤ ਘਾਟ ਮਹਿਸੂਸ ਹੋ ਰਹੀ ਹੈ। ਖਾਸ ਤੌਰ ਤੇ ਅਜਿਹੇ ਸੈਮੀਨਾਰ ਕਰਵਾਉਣ ਦੀ ਲੋੜ ਹੈ ਜਿੱਥੇ ਨੌਜਵਾਨਾਂ ਨਾਲ ਅਜੋਕੇ ਸਿੱਖ ਪ੍ਰਸੰਗ ਵਿੱਚ ਵੱਖ-ਵੱਖ ਸਰੋਕਾਰਾਂ ਤਹਿਤ ਵਿਚਾਰ-ਚਰਚਾ ਕੀਤੀ ਜਾਏ, ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਜਾਣ, ਵਿਸ਼ਵੀਕਰਨ ਦੇ ਦੌਰ ਵਿੱਚ ਆਪਣੇ ਸਿੱਖ ਫਲਸਫੇ ਦਾ ਧਾਰਨੀ ਬਣ ਕੇ ਕਿੰਝ ਦੁਨੀਆ ਉਪਰ ਆਪਣੇ ਆਦਰਸ਼ ਜੀਵਨ ਨਾਲ ਦਰਪੇਸ਼ ਚੁਣੋਤੀਆ ਦਾ ਸਾਹਮਣਾ ਕੀਤਾ ਜਾ ਸਕਦਾ ਹੈ, ਦੀ ਸਾਂਝ ਪਾਉਣੀ ਚਾਹੀਦੀ ਹੈ। ਮੋਜੂਦਾ ਸਮੇਂ ਕਿਸਾਨੀ ਸੰਘਰਸ਼ ਦੌਰਾਨ ਨੌਜਵਾਨੀ ਵੱਧ-ਚੜ੍ਹ ਕੇ ਆਪਣਾ ਯੋਗਦਾਨ ਪਾ ਰਹੀ ਹੈ ਅਤੇ ਆਪਣੇ ਹੱਕਾਂ ਪ੍ਰਤੀ ਜਾਗੂਰਕ ਹੋ ਕੇ ਬੁਲੰਦ ਅਵਾਜ਼ ਉਠਾ ਰਹੀ ਹੈ, ਲੋੜ ਹੈ ਉਸ ਨੂੰ ਸਹੀ ਅਗਵਾਈ ਦੇਣ ਦੀ। ਜਲੰਧਰ ਦੇ ਇੱਕ ਸਿੱਖ ਨੌਜਵਾਨ ਨੇ ਪੰਜਾਬੀ ਬੋਲਣ ਅਤੇ ਸਮਝਣ ਵਾਲਾ ਪਹਿਲਾ ਪੰਜਾਬੀ ਰੋਬੋਟ ‘ਸਰਬੰਸ ਕੌਰ’ ਤਿਆਰ ਕੀਤਾ ਹੈ ਕਿਉਂ ਨਾ ਅਜਿਹੇ ਨੌਜਵਾਨਾਂ ਨੂੰ ਸਾਡੀਆ ਸੰਸਥਾਵਾਂ ਹੱਲਸ਼ੇਰੀ ਦੇਣ ਤਾਂ ਜੋ ਉਹ ਵਿਸ਼ਵ ਪੱਧਰ ਉਪਰ ਆਪਣਾ ਅਤੇ ਕੌਮ ਦਾ ਨਾਮ ਰੋਸ਼ਨ ਕਰ ਸਕਣ।
ਜੇਕਰ ਕੌਮ ਗੁਰੂ ਸਾਹਿਬ ਵਲੋਂ ਬਖਸ਼ੇ ਨਿਆਰੇਪਨ ਅਤੇ ਚੜ੍ਹਦੀ ਕਲਾ ਵਾਲੇ ਸਿਧਾਂਤ ਉੱਪਰ ਚੱਲੇਗੀ ਤਾਂ ਗੁਰੂ ਸਾਹਿਬ ਵੀ ਆਪਣਾ ਤੇਜ ਪ੍ਰਦਾਨ ਕਰਦੇ ਰਹਿਣਗੇ ਅਤੇ ਜੇਕਰ ਇਹ ਆਪਣੀ ਇਸ ਜੀਵਨ ਜਾਚ ਨੂੰ ਛੱਡ ਬਿਪਰਨ ਦੀ ਰੀਤ ਅਖਤਇਆਰ ਕਰੇਗੀ ਤਾਂ ਗੁਰੂ ਸਾਹਿਬ ਵੀ ਸਾਡੀ ਪ੍ਰੀਤ ਨਹੀ ਕਰਨਗੇ।
ਜਬ ਲਗ ਖ਼ਾਲਸਾ ਰਹੇ ਨਿਆਰਾ॥
ਤਬ ਲਗ ਤੇਜ ਦੀਉ ਮੈਂ ਸਾਰਾ॥
ਜਬ ਇਹ ਗਹੈ ਬਿਪਰਨ ਕੀ ਰੀਤ॥
ਮੈਂ ਨ ਕਰਉਂ ਇਨ ਕੀ ਪ੍ਰਤੀਤ॥
ਸੋ, ਅੰਤ ਵਿੱਚ ਅਸੀਂ ਇਹ ਆਖ ਸਕਦੇ ਹਾਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੋਲੇ ਮਹੱਲੇ ਦੇ ਰੂਪ ਵਿੱਚ ਖ਼ਾਲਸਾ ਪੰਥ ਨੂੰ ਇੱਕ ਨਵੀਂ ਦਿਸ਼ਾ ਅਤੇ ਦਸ਼ਾ ਪ੍ਰਦਾਨ ਕੀਤੀ ਅਤੇ ਹਰ ਸਿੱਖ ਨੂੰ ਇੱਕ ਆਦਰਸ਼ ਇਨਸਾਨ ਵਜੋਂ ਸਮਾਜ ਵਿੱਚ ਵਿਚਰ ਕੇ ਲੋਕ ਭਲਾਈ ਦੇ ਕਾਰਜਾਂ ਵਿੱਚ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਆ। ਆਓ, ਅਸੀਂ ਆਪਣੇ ਇਸ ਕੌਮੀ ਤਿਉਹਾਰ ਤੇ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖ਼ਸ਼ੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਇੱਕ ਸਿਹਤਮੰਦ ਅਤੇ ਨਰੋਏ ਸਮਾਜ ਦੀ ਸਥਾਪਨਾ ਕਰੀਏ।
ਲੇਖਕ ਬਾਰੇ
ਪਿੰਡ ਤੇ ਡਾਕ: ਗਣੇਸ਼ਪੁਰ ਭਾਰਟਾ, ਤਹਿਸੀਲ ਗੜਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ।
- ਜਗਜੀਤ ਸਿੰਘ ਗਣੇਸ਼ਪੁਰhttps://sikharchives.org/kosh/author/%e0%a8%9c%e0%a8%97%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98-%e0%a8%97%e0%a8%a3%e0%a9%87%e0%a8%b6%e0%a8%aa%e0%a9%81%e0%a8%b0/December 1, 2021
- ਜਗਜੀਤ ਸਿੰਘ ਗਣੇਸ਼ਪੁਰhttps://sikharchives.org/kosh/author/%e0%a8%9c%e0%a8%97%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98-%e0%a8%97%e0%a8%a3%e0%a9%87%e0%a8%b6%e0%a8%aa%e0%a9%81%e0%a8%b0/January 1, 2022