ਕੁਦਰਤ ਵਿਚ ਬਦਲਾਉ ਮਨੁੱਖੀ ਮਨ ਦੀਆਂ ਭਾਵਨਾਵਾਂ ਵਿਚ ਵੀ ਤਬਦੀਲੀ ਕਰ ਦਿੰਦਾ ਹੈ। ਇਸ ਕਰ ਕੇ ਸਾਲ ਦੇ ਹਰ ਇਕ ਮਹੀਨੇ ਦਾ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ ਜਿਵੇਂ ਜੇਠ-ਹਾੜ ਦੇ ਮੌਸਮ ਦੌਰਾਨ ਗਰਮੀ ਦਾ ਪ੍ਰਭਾਵ ਜ਼ਿਆਦਾ ਹੁੰਦਾ ਹੈ; ਸਉਣ-ਭਾਦੋਂ ਦੇ ਮਹੀਨੇ ਵਰਖਾ ਰੁੱਤ ਦੇ ਮੰਨੇ ਜਾਂਦੇ ਹਨ ਜਦੋਂ ਗਰਮੀ ਦੇ ਪ੍ਰਭਾਵ ਤੋਂ ਮੁਕਤ ਹੋਣ ਲਈ ਮਨੁੱਖ ਮੀਂਹ ਦਾ ਅਨੰਦ ਮਾਣਨ ਲਈ ਯਤਨਸ਼ੀਲ ਹੁੰਦਾ ਹੈ; ਅੱਸੂ-ਕੱਤਕ-ਮੱਘਰ ਆਦਿ ਮਹੀਨਿਆਂ ਦੌਰਾਨ ਵੀ ਮਨੁੱਖ ਦੇ ਮਨ ਵਿਚ ਸੀਤਲਤਾ ਪ੍ਰਤੀ ਤਾਂਘ ਬਣੀ ਰਹਿੰਦੀ ਹੈ; ਪੋਹ-ਮਾਘ ਆਦਿ ਦੇ ਮਹੀਨੇ ਵਿਚ ਸਰਦ ਰੁੱਤ ਆਪਣਾ ਅਜਿਹਾ ਰੰਗ ਦਿਖਾਉਂਦੀ ਹੈ ਕਿ ਸ੍ਰਿਸ਼ਟੀ ਦੇ ਸਮੂਹ ਜੀਵ ਇਸ ਤੋਂ ਬੱਚਣ ਲਈ ਗਰਮ ਵਸਤਾਂ ਦੇ ਸੇਵਨ ‘ਤੇ ਜ਼ੋਰ ਦਿੰਦੇ ਹਨ। ਇਹਨਾਂ ਮਹੀਨਿਆਂ ਦੌਰਾਨ ਵੀ ਮਨੁੱਖ ਨੂੰ ਜੀਵਨ ਦਾ ਖ਼ਤਰਾ ਬਣਿਆ ਰਹਿੰਦਾ ਹੈ; ਚੇਤ-ਵੈਸਾਖ ਦੇ ਮਹੀਨਿਆਂ ਦੌਰਾਨ ਮਨੁੱਖ ਕੁਦਰਤ ਦੇ ਖੇੜਿਆਂ ਦਾ ਅਨੰਦ ਮਾਣਨ ਵਿਚ ਖ਼ੁਸ਼ੀ ਮਹਿਸੂਸ ਕਰਦਾ ਹੈ। ਕੁਦਰਤ ਦੇ ਰੰਗਾਂ ਵਿਚ ਇਹ ਅਜਿਹਾ ਸਮਾਂ ਹੁੰਦਾ ਹੈ ਜਿਹੜਾ ਹਰ ਇਕ ਪ੍ਰਾਣੀ ਲਈ ਸੁਖਦਾਈ ਹੁੰਦਾ ਹੈ।
ਪੰਜਾਬੀ ਜ਼ੁਬਾਨ ਵਿਚ ਇਸ ਨੂੰ ਆਮ ਤੌਰ ‘ਤੇ ਬੈਸਾਖ ਕਿਹਾ ਜਾਂਦਾ ਹੈ। ਇਹ ਇਕ ਅਜਿਹਾ ਮਹੀਨਾ ਹੁੰਦਾ ਹੈ ਜਦੋਂ ਮਨੁੱਖ ਨੂੰ ਕੁਦਰਤ ਦੇ ਨੇੜੇ ਰਹਿਣ ਦਾ ਸਭ ਤੋਂ ਵਧੇਰੇ ਸਮਾਂ ਪ੍ਰਾਪਤ ਹੁੰਦਾ ਹੈ। ਪਿੰਡਾਂ ਵਿਚ ਕੋਈ ਵੀ ਘਰ ਅਜਿਹਾ ਨਹੀਂ ਹੁੰਦਾ ਜਿਹੜਾ ਕੁਝ ਨਾ ਕੁਝ ਸਮਾਂ ਬਾਹਰ ਖੇਤਾਂ ਵਿਚ ਨਾ ਗੁਜ਼ਾਰਦਾ ਹੋਵੇ। ਇਹਨਾਂ ਦਿਨਾਂ ਵਿਚ ਨਾ ਤਾਂ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਅਤੇ ਨਾ ਹੀ ਕੰਮ ਕਰਨ ਵਿਚ ਕੋਈ ਰੁਕਾਵਟ ਆਉਂਦੀ ਹੈ। ਆਪਣੀ ਪੱਕੀ ਹੋਈ ਫ਼ਸਲ ਦੇਖ ਕੇ ਕਿਸਾਨ ਦੇ ਮਨ ਵਿਚ ਕੰਮ ਕਰਨ ਦਾ ਚਾਅ ਪੈਦਾ ਹੋ ਜਾਂਦਾ ਹੈ। ਮੌਸਮ ਉਸ ਦੇ ਕੰਮ ਵਿਚ ਸਹਾਈ ਹੁੰਦਾ ਹੈ। ਇਹੀ ਅਜਿਹਾ ਮੌਸਮ ਹੁੰਦਾ ਹੈ ਜਦੋਂ ਰੁੱਖਾਂ ‘ਤੇ ਨਵੀਆਂ ਕਰੁੰਬਲਾਂ ਫੁਟਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਉਹਨਾਂ ਦੀ ਪਛਾਣ ਕਰਨੀ ਸੌਖੀ ਹੋ ਜਾਂਦੀ ਹੈ। ਪੱਤੇ ਝੜਨ ਉਪਰੰਤ ਜਿਹੜੇ ਰੁੱਖ ਆਪਣੀ ਪਛਾਣ ਗਵਾ ਲੈਂਦੇ ਹਨ, ਬੈਸਾਖ ਦੇ ਮਹੀਨੇ ਉਹ ਆਪਣਾ ਅਸਲ ਸਰੂਪ ਗ੍ਰਹਿਣ ਕਰ ਲੈਂਦੇ ਹਨ –
ਵੈਸਾਖ ਭਲਾ ਸਾਖਾ ਵੇਸ ਕਰੇ॥
ਬੈਸਾਖੀ ਪੰਜਾਬ ਦਾ ਮੌਸਮੀ ਤਿਉਹਾਰ ਹੈ ਅਤੇ ਪੰਜਾਬ ਵਿਚ ਇਸ ਨੂੰ ਬਹੁਤ ਹੀ ਪ੍ਰਮੁਖਤਾ ਨਾਲ ਮਨਾਇਆ ਜਾਂਦਾ ਹੈ। ਮਨੁੱਖੀ ਅਤੇ ਕੁਦਰਤੀ ਖੇੜਿਆਂ ਦਾ ਇਹ ਤਿਉਹਾਰ ਮਨ ਵਿਚ ਖ਼ੁਸ਼ੀਆਂ ਪੈਦਾ ਕਰਦਾ ਹੈ। ਮੌਸਮੀ ਤਿਉਹਾਰ ਹੋਣ ਕਰ ਕੇ ਇਹ ਲੋਕ ਮਾਨਸਿਕਤਾ ਨਾਲ ਜੁੜਿਆ ਹੋਇਆ ਹੈ। ਜਿਵੇਂ ਪੁਰਾਣੇ ਰੁੱਖਾਂ ‘ਤੇ ਪ੍ਰਗਟ ਹੋਈਆਂ ਨਵੀਆਂ ਕਰੂੰਬਲਾਂ ਮਨ ਨੂੰ ਖੇੜਾ ਅਤੇ ਖ਼ੁਸ਼ੀ ਪ੍ਰਦਾਨ ਕਰਦੀਆਂ ਹਨ ਉਸੇ ਤਰਾਂ ਕੁਦਰਤ ਵਿਚ ਆਇਆ ਬਦਲਾਉ ਮਨੁੱਖੀ ਚੇਤਨਾ ਨੂੰ ਪ੍ਰਭਾਵਿਤ ਕਰਦਾ ਹੈ। ਰੁੱਖਾਂ ਅਤੇ ਮਨੁੱਖਾਂ ਦੀ ਪਛਾਣ ਕਰਾਉਣ ਵਾਲਾ ਇਹ ਤਿਉਹਾਰ ਪੁਰਾਣੇ ਅਤੇ ਮੰਦ ਵਿਚਾਰਾਂ ਨੂੰ ਤਿਲਾਂਜਲੀ ਦੇ ਕੇ ਮਨ ਵਿਚ ਨਵੇਂ ਜੋਸ਼, ਨਵੀਆਂ ਰੀਝਾਂ, ਨਵੇਂ ਖਿਆਲਾਂ, ਨਵੇਂ ਸੰਕਲਪਾਂ ਅਤੇ ਨਵੇਂ ਵਿਚਾਰਾਂ ਦੇ ਸੰਚਾਰ ਦਾ ਪ੍ਰਤੀਕ ਹੈ। ਇਸ ਦਾ ਪ੍ਰਗਟਾਵਾ ਧਨੀ ਰਾਮ ਚਾਤ੍ਰਿਕ ਦੀ ਇਸ ਕਵਿਤਾ ਰਾਹੀਂ ਦੇਖਿਆ ਜਾ ਸਕਦਾ ਹੈ:
ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ।
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ।
ਮੀਹਾਂ ਦੀ ਉਡੀਕ ਤੇ ਸਿਆੜ ਕੱਢ ਕੇ।
ਮਾਲ ਧੰਦਾ ਸਾਂਭਣੇ ਨੂੰ ਚੂੜਾ ਛੱਡ ਕੇ।
ਪੱਗ ਝੱਗਾ ਚਾਦਰਾ ਨਵਾਂ ਸਵਾਇ ਕੇ।
ਸੰਮਾਂ ਵਾਲੀ ਡਾਂਗ ਉਤੇ ਤੇਲ ਲਾਇ ਕੇ।
ਕੱਛੇ ਮਾਰ ਵੰਝਲੀ ਅਨੰਦ ਛਾ ਗਿਆ।
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।
ਸਿੱਖ ਧਰਮ ਵਿਚ ਇਸ ਤਿਉਹਾਰ ਦਾ ਵਿਸ਼ੇਸ਼ ਮਹੱਤਵ ਹੈ। ਭਾਵੇਂ ਕਿ ਕੁੱਝ ਜਨਮ ਸਾਖੀਆਂ ਵਿਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਬੈਸਾਖ ਦੇ ਮਹੀਨੇ ਵਿਚ ਦੱਸਿਆ ਗਿਆ ਹੈ ਪਰ ਇਸ ਦਾ ਵਧੇਰੇ ਮਹੱਤਵ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖ਼ਾਲਸਾ ਪੰਥ ਦੀ ਸਿਰਜਨਾ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਸਮਾਜ ਵਿਚ ਜਿਹੜੇ ਨਵੇਂ ਵਿਚਾਰਾਂ ਦੀ ਲੜੀ ਅਰੰਭ ਕੀਤੀ ਸੀ ਉਸੇ ਵਿਚਾਰਧਾਰਾ ਨੂੰ ਗੁਰੂ ਨਾਨਕ ਦੇਵ ਜੀ ਨੇ ਸਰੂਪ ਰਾਹੀਂ ਪ੍ਰਗਟ ਕਰਨ ਦਾ ਸਫ਼ਲ ਯਤਨ ਕੀਤਾ ਸੀ। ਗੁਰੂ ਸਾਹਿਬਾਨ ਨੇ ਜਿਹੜੇ ਨਵੇਂ ਵਿਚਾਰਾਂ ਦਾ ਸਿੱਖਾਂ ਦੇ ਮਨ ਵਿਚ ਸੰਚਾਰ ਕੀਤਾ ਸੀ ਉਹਨਾਂ ਵਿਚੋਂ ਸਮੁੱਚੀ ਮਾਨਵਤਾ ਦੀ ਸੰਵੇਦਨਾ ਪ੍ਰਗਟ ਹੁੰਦੀ ਹੈ। ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਪੁਰਾਣੀਆਂ ਰੀਤਾਂ ਅਤੇ ਰਸਮਾਂ ਦਾ ਤਿਆਗ ਕਰ ਕੇ ਮਨ ਵਿਚ ਨਵੇਂ ਵਿਚਾਰਾਂ ਦਾ ਸੰਚਾਰ ਕਰਨ ‘ਤੇ ਜ਼ੋਰ ਦਿੱਤਾ ਸੀ।
ਬੈਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਖੇ ਖ਼ਾਲਸੇ ਦੀ ਸਿਰਜਨਾ ਕੀਤੀ ਸੀ। ਉਸ ਸਮੇਂ ਇਹ ਪਵਿੱਤਰ ਦਿਹਾੜਾ 30 ਮਾਰਚ 1699 ਨੂੰ ਆਇਆ ਸੀ ਅਤੇ ਸਮੇਂ ਦੇ ਗੇੜ ਨਾਲ ਹੁਣ ਇਹ ਦਿਨ 13 ਜਾਂ 14 ਅਪ੍ਰੈਲ ਨੂੰ ਆਉਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦਿਨ ਦੇਸ਼-ਵਿਦੇਸ਼ ਤੋਂ ਸਿੱਖਾਂ ਨੂੰ ਅਨੰਦਪੁਰ ਸਾਹਿਬ ਵਿਖੇ ਪਹੁੰਚਣ ਦਾ ਆਦੇਸ਼ ਕੀਤਾ ਸੀ। ਕਿਹਾ ਜਾਂਦਾ ਹੈ ਕਿ 80,000 ਸਿੱਖ ਅਨੰਦਪੁਰ ਸਾਹਿਬ ਪੁੱਜੇ ਸਨ। ਗੁਰੂ ਸਾਹਿਬ ਧਰਮ ਨੂੰ ਜੀਵਨ ਦਾ ਉਦੇਸ਼ ਮੰਨਦੇ ਸਨ ਅਤੇ ਉਹਨਾਂ ਦਾ ਵਿਸ਼ਵਾਸ ਸੀ ਕਿ ਧਰਮ ਦੀ ਸਥਾਪਨਾ ਸੱਚਾਈ ਅਤੇ ਸਦਾਚਾਰ ਦੀ ਭਾਵਨਾ ਪੈਦਾ ਕਰਨ ਦਾ ਕਾਰਜ ਕਰਦੀ ਹੈ। ਉਹ ਆਪਣਾ ਜੀਵਨ ਉਦੇਸ਼ ਵੀ ਧਰਤੀ ‘ਤੇ ਧਰਮ ਦੀ ਸਥਾਪਨਾ ਕਰਨਾ ਮੰਨਦੇ ਹੋਏ ਕਹਿੰਦੇ ਹਨ:
ਹਮ ਏਹ ਕਾਜ ਜਗਤ ਮੋ ਆਏ।
ਧਰਮ ਹੇਤ ਗੁਰਦੇਵ ਪਠਾਏ।
ਜਹਾ ਤਹਾ ਤੁਮ ਧਰਮ ਬਿਥਾਰੋ।
ਦੁਸਟ ਦੋਖੀਅਨ ਪਕਰਿ ਪਛਾਰੋ।
ਯਾਹੀ ਕਾਜ ਧਰਾ ਹਮ ਜਨਮੰ।
ਸਮਝਿ ਲੇਹੁ ਸਾਧੂ ਸਭ ਮਨਮੰ।
ਧਰਮ ਚਲਾਵਨ ਸੰਤ ਉਬਾਰਨ।
ਦੁਸਟ ਸਭਨ ਕੋ ਮੂਲ ਉਪਾਰਨ।
ਗੁਰੂ ਸਾਹਿਬ ਦੇ ਜੀਵਨ ਦਾ ਉਦੇਸ਼ ਸਮਾਜ ਵਿਚ ਧਾਰਮਿਕ ਕਦਰਾਂ-ਕੀਮਤਾਂ ਦੀ ਸਥਾਪਨਾ ਕਰਨਾ ਸੀ ਅਤੇ ਉਹ ਸਿੱਖਾਂ ਵਿਚ ਧਰਮ ਦੀ ਭਾਵਨਾ ਪੈਦਾ ਕਰਨਾ ਚਾਹੁੰਦੇ ਸਨ। ਉਹ ਜਾਣਦੇ ਸਨ ਕਿ ਧਾਰਮਿਕ ਕਦਰਾਂ-ਕੀਮਤਾਂ ਨਾਲ ਜੁੜਿਆ ਹੋਇਆ ਮਨੁੱਖ ਹੀ ਸਮਾਜ ਵਿਚ ਸਹੀ ਆਦਰਸ਼ ਕਾਇਮ ਕਰ ਸਕਦਾ ਹੈ। ਇਸ ਲਈ ਗੁਰੂ ਸਾਹਿਬ ਸਿੱਖਾਂ ਨੂੰ ਧਰਮ ਦੇ ਮਾਰਗ ‘ਤੇ ਤੋਰਨਾ ਚਾਹੁੰਦੇ ਸਨ। ਅਨੰਦਪੁਰ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਇਕੱਤਰ ਹੋਈ ਸੰਗਤ ਸਾਹਮਣੇ ਆਪਣੀ ਕ੍ਰਿਪਾਨ ਖਿੱਚ ਕੇ ਉਹਨਾਂ ਨੇ ਉੱਚੀ ਅਵਾਜ਼ ਵਿਚ ਕਿਹਾ ਕਿ ਇਕ ਸਿਰ ਚਾਹੀਦਾ ਹੈ। ਕੋਈ ਅਜਿਹਾ ਵਿਅਕਤੀ ਹੈ ਜਿਹੜਾ ਧਰਮ ਲਈ ਆਪਣਾ ਸਿਰ ਦੇਣ ਲਈ ਤਿਆਰ ਹੋਵੇ। ਗੁਰੂ ਸਾਹਿਬ ਦੇ ਇਸ ਆਦੇਸ਼ ‘ਤੇ ਸਭ ਲੋਕ ਹੈਰਾਨ ਸਨ, ਕਮਜ਼ੋਰ ਦਿਲ ਵਾਲੇ ਉਥੋਂ ਖਿਸਕਣੇ ਸ਼ੁਰੂ ਹੋ ਗਏ ਸਨ। ਗੁਰੂ ਜੀ ਨੇ ਆਪਣੀ ਗੱਲ ਨੂੰ ਫਿਰ ਦੁਹਰਾਇਆ ਤਾਂ ਇਕ ਸਿੱਖ ਭਾਈ ਦਇਆ ਰਾਮ ਗੁਰੂ ਜੀ ਕੋਲ ਆਇਆ ਅਤੇ ਉਸ ਨੇ ਆਪਣਾ ਸੀਸ ਗੁਰੂ ਜੀ ਨੂੰ ਭੇਟ ਕੀਤਾ। ਗੁਰੂ ਜੀ ਉਸ ਨੂੰ ਇਕ ਤੰਬੂ ਵਿਚ ਲੈ ਗਏ ਅਤੇ ਲਹੂ ਨਾਲ ਲਿਬੜੀ ਹੋਈ ਕ੍ਰਿਪਾਨ ਲੈ ਕੇ ਬਾਹਰ ਆਏ। ਬਾਹਰ ਆ ਕੇ ਉਹਨਾਂ ਨੇ ਇਕ ਹੋਰ ਸਿਰ ਦੀ ਮੰਗ ਕੀਤੀ ਤਾਂ ਭਾਈ ਧਰਮ ਦਾਸ ਸਾਹਮਣੇ ਆਇਆ, ਗੁਰੂ ਜੀ ਉਸ ਨੂੰ ਵੀ ਤੰਬੂ ਵਿਚ ਲੈ ਗਏ ਅਤੇ ਬਾਹਰ ਆ ਕੇ ਇਕ ਹੋਰ ਸਿਰ ਦੀ ਮੰਗ ਕੀਤੀ। ਇਸ ਤਰ੍ਹਾਂ ਗੁਰੂ ਸਾਹਿਬ ਨੇ ਪੰਜ ਵਾਰੀ ਕੀਤਾ। ਪੰਜ ਸਿੱਖ ਗੁਰੂ ਜੀ ਕੋਲ ਸੀਸ ਭੇਟ ਕਰਨ ਲਈ ਹਾਜ਼ਰ ਹੋਏ ਸਨ। ਅਖ਼ੀਰ ਗੁਰੂ ਜੀ ਉਹਨਾਂ ਨੂੰ ਤੰਬੂ ਵਿਚੋਂ ਬਾਹਰ ਲੈ ਕੇ ਆਏ ਤਾਂ ਉਹਨਾਂ ਨੂੰ ਦੇਖ ਕੇ ਸਮੁੱਚੀ ਸੰਗਤ ਹੈਰਾਨ ਹੋ ਗਈ ਸੀ। ਪੰਜੇ ਸਿੱਖਾਂ ਨੇ ਨਵਾਂ ਪਹਿਰਾਵਾ ਧਾਰਨ ਕੀਤਾ ਹੋਇਆ ਸੀ ਜਿਹੜਾ ਕਿ ਉਹਨਾਂ ਦੇ ਜੀਵਨ ਵਿਚ ਨਵੇਂ ਵਿਚਾਰ ਅਤੇ ਵਿਹਾਰ ਦਾ ਪ੍ਰਤੀਕ ਸੀ। ਜਦੋਂ ਇਨ੍ਹਾਂ ਪੰਜ ਸਿੱਖਾਂ ਰਾਹੀਂ ਗੁਰੂ ਜੀ ਨੇ ਖ਼ਾਲਸਾ ਪੰਥ ਦੀ ਨੀਂਹ ਰੱਖੀ ਤਾਂ ਇਹਨਾਂ ਦੇ ਨਾਂ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ ਅਤੇ ਭਾਈ ਸਾਹਿਬ ਸਿੰਘ ਹੋ ਗਏ ਸਨ।
ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਸਿੱਖਾਂ ਨੂੰ ਸਭ ਤੋਂ ਪਹਿਲਾਂ ਅੰਮ੍ਰਿਤ ਛਕਾਇਆ ਸੀ। ਪਾਣੀ ਅਤੇ ਬਾਣੀ ਦੇ ਸੁਮੇਲ ਨਾਲ ਅੰਮ੍ਰਿਤ ਤਿਆਰ ਕੀਤਾ ਗਿਆ ਸੀ। ਸਮੂਹ ਇਕੱਤਰ ਹੋਈ ਸੰਗਤ ਨੂੰ ਬਗ਼ੈਰ ਕਿਸੇ ਭੇਦਭਾਵ ਤੋਂ ਅੰਮ੍ਰਿਤ ਦੀ ਦਾਤ ਦੀ ਬਖ਼ਸ਼ਿਸ਼ ਕੀਤੀ ਗਈ ਸੀ। ਜਿਹੜੇ ਵਿਅਕਤੀ ਖ਼ਾਲਸਾ ਪੰਥ ਵਿਚ ਸ਼ਾਮਲ ਹੋਏ ਸਨ, ਉਹ ਵੱਖੋ-ਵੱਖਰੀਆਂ ਜਾਤਾਂ ਨਾਲ ਸੰਬੰਧਿਤ ਸਨ, ਉਹ ਸਾਰੇ ਵੱਖੋ-ਵੱਖਰੇ ਭੂਗੋਲਿਕ ਖਿੱਤਿਆਂ ਨਾਲ ਸੰਬੰਧ ਰੱਖਦੇ ਸਨ, ਉਹਨਾ ਦਾ ਪਰਿਵਾਰਿਕ ਪਿਛੋਕੜ ਵੱਖੋ-ਵੱਖਰਾ ਸੀ, ਉਹਨਾਂ ਦੇ ਰੀਤੀ ਰਿਵਾਜ ਆਪਸ ਵਿਚ ਨਹੀਂ ਸਨ ਮਿਲਦੇ, ਉਹਨਾਂ ਦਾ ਪਹਿਰਾਵਾ ਇਕੋ ਜਿਹਾ ਨਹੀਂ ਸੀ।
ਗੁਰੂ ਗੋਬਿੰਦ ਸਿੰਘ ਜੀ ਨੇ ਆਪ ਵੀ ਉਹਨਾਂ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕਿਆ ਸੀ। ਦੁਨੀਆ ਦੇ ਧਾਰਮਿਕ ਇਤਿਹਾਸ ਵਿਚ ਅਜਿਹੀ ਮਿਸਾਲ ਕਿਤੇ ਵੀ ਨਹੀਂ ਮਿਲਦੀ ਜਿਥੇ ਗੁਰੂ ਨੇ ਆਪਣੇ ਤਿਆਰ ਕੀਤੇ ਪੰਥ ਤੋਂ ਧਾਰਮਿਕ ਦੀਖਿਆ ਗ੍ਰਹਿਣ ਕੀਤੀ ਹੋਵੇ। ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਤੋਂ ਅੰਮ੍ਰਿਤ ਛੱਕ ਕੇ ਗੁਰੂ ਅਤੇ ਪੰਥ ਦੇ ਭੇਦ ਨੂੰ ਖ਼ਤਮ ਕਰ ਦਿੱਤਾ ਸੀ। ਹੁਣ ਸਮੁੱਚਾ ਖ਼ਾਲਸਾ ਪੰਥ ਇਕੋ ਪਲੇਟਫ਼ਾਰਮ ‘ਤੇ ਆ ਖੜਾ ਹੋਇਆ ਸੀ ਅਤੇ ਗੁਰੂ ਜੀ ਉਹਨਾਂ ਨੂੰ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਅਗਵਾਈ ਪ੍ਰਦਾਨ ਕਰਨ ਲੱਗੇ ਸਨ।
ਖ਼ਾਲਸਾ ਪੰਥ ਦੀ ਸਿਰਜਨਾ ਕਰ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਦੇ ਤਿਉਹਾਰ ਨੂੰ ਨਵਾਂ ਰੂਪ ਪ੍ਰਦਾਨ ਕੀਤਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖ਼ਾਲਸਾ ਪੰਥ ਦੀ ਸਿਰਜਨਾ ਕੀਤੀ ਸੀ ਤਾਂ ਉਹਨਾਂ ਨੇ ਪੁਰਾਤਨ ਸਮੇਂ ਤੋਂ ਚੱਲੀਆਂ ਆ ਰਹੀਆਂ ਰੀਤਾਂ ਰਸਮਾਂ ਨੂੰ ਰੱਦ ਕਰ ਕੇ ਸੰਗਤ ਨੂੰ ਨਵੀਂ ਰੌਸ਼ਨੀ ਪ੍ਰਦਾਨ ਕੀਤੀ ਸੀ। ਹੁਣ ਇਹ ਤਿਉਹਾਰ ਕੇਵਲ ਮੌਸਮ ਨਾਲ ਹੀ ਸੰਬੰਧਿਤ ਨਹੀਂ ਸੀ ਰਿਹਾ। ਇਹ ਤਿਉਹਾਰ ਨਵੇਂ ਰੁੱਖਾਂ ਦੇ ਨਾਲ-ਨਾਲ ਨਵੇਂ ਮਨੁੱਖਾਂ ਦੀ ਸਿਰਜਨਾ ਦਾ ਪ੍ਰਤੀਕ ਵੀ ਬਣ ਗਿਆ ਸੀ। ਇਹ ਤਿਉਹਾਰ ਪੁਰਾਣਾ ਵਿਚਾਰ ਅਤੇ ਵਿਹਾਰ ਬਦਲ ਕੇ ਨਵਾਂ ਜੀਵਨ ਅਰੰਭ ਕਰਨ ਦੀ ਪ੍ਰੇਰਨਾ ਪ੍ਰਦਾਨ ਕਰਦਾ ਹੈ ਜਿਸ ਵਿਚੋਂ ਅਣਖ ਅਤੇ ਸਵੈਮਾਨ ਦੀ ਭਾਵਨਾ ਪੈਦਾ ਹੁੰਦੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਵਿਚ ਜਿਹੜੀ ਸਦਾਚਾਰੀ ਅਤੇ ਪਰਉਪਕਾਰੀ ਭਾਵਨਾ ਪੈਦਾ ਕੀਤੀ ਹੈ, ਉਸ ਦਾ ਪ੍ਰਗਟਾਵਾ ਭਾਈ ਨੰਦ ਲਾਲ ਜੀ ਇਸ ਤਰ੍ਹਾਂ ਕਰਦੇ ਹਨ:
ਖਾਲਸਾ ਸੋਇ ਨਿਰਧਨ ਕੋ ਪਾਲੈ, ਖਾਲਸਾ ਸੋਇ ਦੁਸ਼ਟ ਕੋ ਗਾਲੈ।
ਖਾਲਸਾ ਸੋਇ ਨਾਮ ਜਪ ਕਰੈ, ਖਾਲਸਾ ਸੋਇ ਮਲੇਛ ਪਰ ਚੜੈ੍ਹ।
ਖਾਲਸਾ ਸੋਇ ਨਾਮ ਸਿਉ ਜੋੜੈ, ਖਾਲਸਾ ਸੋਇ ਬੰਧਨ ਕੋ ਤੋੜੈ।
ਖਾਲਸਾ ਸੋਇ ਜੋ ਚੜੇ੍ਹ ਤੁਰੰਗ, ਖਾਲਸਾ ਸੋਇ ਜੋ ਕਰੇ ਨਿਤ ਜੰਗ।
ਖਾਲਸਾ ਸੋਇ ਸ਼ਸਤਰ ਕੋ ਧਾਰੇ, ਖਾਲਸਾ ਸੋਇ ਦੁਸ਼ਟ ਕੋ ਮਾਰੈ।
1699 ਦੀ ਵਿਸਾਖ਼ੀ ਖ਼ਾਲਸਾ ਪੰਥ ਵਿਚ ਵਿਸ਼ੇਸ਼ ਮਹੱਤਵ ਗ੍ਰਹਿਣ ਕਰ ਚੁੱਕੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖ਼ੀ ਮੌਕੇ ਖ਼ਾਲਸਾ ਪੰਥ ਦੀ ਸਿਰਜਨਾ ਕਰ ਕੇ ਇਸ ਤਿਉਹਾਰ ਨੂੰ ਨਵੇਂ ਅਰਥ ਪ੍ਰਦਾਨ ਕੀਤੇ ਸਨ। ਗੁਰੂ ਸਾਹਿਬ ਦੁਆਰਾ ਪੈਦਾ ਕੀਤੀ ਭਾਵਨਾ ਅਤੇ ਪ੍ਰੇਰਨਾ ਅਧੀਨ ਖ਼ਾਲਸਾ ਪੰਥ ਨੇ ਇਸ ਦੇਸ ਦੀ ਬਾਹਰੀ ਹਮਲਿਆਂ ਤੋਂ ਰੱਖਿਆ ਕੀਤੀ ਹੈ ਅਤੇ ਇਸ ਦੇਸ ਨੂੰ ਗ਼ੁਲਾਮ ਹੋਣ ਤੋਂ ਬਚਾਇਆ ਹੈ। ਗੁਰੂ ਸਾਹਿਬ ਦੀ ਵਿਸਾਖ਼ੀ ਸਮਾਜ ਨੂੰ ਨਸ਼ਿਆਂ, ਵਿਭਚਾਰ ਅਤੇ ਭ੍ਰਿਸ਼ਟਾਚਾਰ ਤੋਂ ਮੁਕਤ ਕਰ ਕੇ ਪ੍ਰੇਮ, ਭਾਈਚਾਰੇ ਅਤੇ ਮਨੁੱਖੀ ਅਧਿਕਾਰਾਂ ਪ੍ਰਤਿ ਚੇਤਨਾ ਪ੍ਰਗਟ ਕਰਦੀ ਹੈ। ਇਹ ਸਿੱਖਾਂ ਦੀ ਚੜ੍ਹਦੀਕਲਾ ਦਾ ਪ੍ਰਤੀਕ ਹੈ। ਸਮੂਹ ਸਿੱਖ ਅਤੇ ਗ਼ੈਰ ਸਿੱਖ ਇਸ ਤਿਉਹਾਰ ਨੂੰ ਪੂਰਨ ਜੋਸ਼, ਉਤਸ਼ਾਹ ਅਤੇ ਸ਼ਰਧਾ ਸਹਿਤ ਮਨਾਉਂਦੇ ਹਨ।
ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਦਮਦਮਾ ਸਾਹਿਬ ਅਤੇ ਸ੍ਰੀ ਪੰਜਾ ਸਾਹਿਬ ਵਿਖੇ ਇਸ ਤਿਉਹਾਰ ਨੂੰ ਮਨਾਉਣ ਲਈ ਸੰਗਤਾਂ ਦੂਰੋਂ-ਦੂਰੋਂ ਚੱਲ ਕੇ ਆਉਂਦੀਆਂ ਹਨ। ਸ੍ਰੀ ਪੰਜਾ ਸਾਹਿਬ ਪਾਕਿਸਤਾਨ ਵਿਖੇ ਸਥਿਤ ਹੈ ਅਤੇ ਭਾਰਤ ਤੋਂ ਸੰਗਤਾਂ ਦੇ ਉਥੇ ਜਾਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਂਦੇ ਹਨ। ਅਮਰੀਕਾ ਵਿਖੇ ਰਹਿਣ ਵਾਲੇ ਸਿੱਖ ਭਾਈਚਾਰੇ ਲਈ ਇਸ ਤਿਉਹਾਰ ਦਾ ਮਹੱਤਵ ਹੋਰ ਵਧੇਰੇ ਵੱਧ ਗਿਆ ਜਦੋਂ ਪਿਛਲੇ ਸਾਲ ਅਮਰੀਕਾ ਦੀ ਸਰਕਾਰ ਨੇ ਇਸ ਨੂੰ ਸਿੱਖਾਂ ਦੇ ਤਿਉਹਾਰ ਵੱਜੋਂ ਮਾਨਤਾ ਦੇ ਕੇ ਇਸ ਦੀ ਅੰਤਰ-ਰਾਸ਼ਟਰੀ ਪਛਾਣ ਕਾਇਮ ਕਰ ਦਿੱਤੀ ਹੈ। ਸਮੁੱਚੇ ਉਤਰੀ ਭਾਰਤ ਦੇ ਨਾਲ-ਨਾਲ ਹੁਣ ਇਹ ਤਿਉਹਾਰ ਵਿਦੇਸ਼ਾਂ ਵਿਚ ਵੀ ਬਹਤੁ ਹੀ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਨੂੰ ਨਵੇਂ ਜੀਵਨ, ਨਵੇਂ ਵਿਕਾਸ ਅਤੇ ਨਵੀਂ ਖ਼ੁਸ਼ਹਾਲੀ ਦੇ ਰੂਪ ਵਿਚ ਮਨਾਇਆ ਜਾਣਾ ਚਾਹੀਦਾ ਹੈ।
ਲੇਖਕ ਬਾਰੇ
ਮੁਖੀ, ਸਿੱਖ ਵਿਸ਼ਵਕੋਸ਼ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ਡਾ. ਪਰਮਵੀਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%aa%e0%a8%b0%e0%a8%ae%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98/February 1, 2008
- ਡਾ. ਪਰਮਵੀਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%aa%e0%a8%b0%e0%a8%ae%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98/
- ਡਾ. ਪਰਮਵੀਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%aa%e0%a8%b0%e0%a8%ae%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98/May 1, 2008
- ਡਾ. ਪਰਮਵੀਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%aa%e0%a8%b0%e0%a8%ae%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98/October 1, 2008
- ਡਾ. ਪਰਮਵੀਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%aa%e0%a8%b0%e0%a8%ae%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98/October 1, 2008
- ਡਾ. ਪਰਮਵੀਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%aa%e0%a8%b0%e0%a8%ae%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98/May 1, 2010
- ਡਾ. ਪਰਮਵੀਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%aa%e0%a8%b0%e0%a8%ae%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98/
- ਡਾ. ਪਰਮਵੀਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%aa%e0%a8%b0%e0%a8%ae%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98/August 1, 2010
- ਡਾ. ਪਰਮਵੀਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%aa%e0%a8%b0%e0%a8%ae%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98/September 1, 2010
- ਡਾ. ਪਰਮਵੀਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%aa%e0%a8%b0%e0%a8%ae%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98/October 1, 2010