editor@sikharchives.org

ਸੀਤਲ ਜੀ ਦੇ ਢਾਡੀ ਪ੍ਰਸੰਗਾਂ ਵਿਚ ਪੰਜਾਬ-ਪਿਆਰ

ਗਿਆਨੀ ਸੋਹਣ ਸਿੰਘ ਜੀ ਸੀਤਲ ਨੇ ਆਪਣੇ ਬਹੁਪੱਖੀ ਗੁਣਾਂ ਕਰਕੇ ਨਾਮਣਾ ਖੱਟਿਆ ਹੈ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਗਿਆਨੀ ਸੋਹਣ ਸਿੰਘ ਜੀ ਸੀਤਲ ਨੇ ਆਪਣੇ ਬਹੁਪੱਖੀ ਗੁਣਾਂ ਕਰਕੇ ਨਾਮਣਾ ਖੱਟਿਆ ਹੈ। ਸੀਤਲ ਜੀ ਨੇ ਢਾਡੀ ਜਥਾ ਇਸ ਲਈ ਬਣਾਇਆ ਕਿਉਂਕਿ ਉਨ੍ਹਾਂ ਦੀ ਗੁਰਦੁਆਰਾ ਸੁਧਾਰ ਲਹਿਰ ਅਤੇ ਸਿੱਖ ਇਤਿਹਾਸ ਵਿਚ ਰੁਚੀ ਸੀ। ਉਹ ਲਾਸਾਨੀ ਸਿੱਖ ਇਤਿਹਾਸ ਨੂੰ ਇਸ ਦੇ ਸਹੀ ਸੱਚੇ ਰੂਪ ਵਿਚ ਸੰਗਤਾਂ ਤਕ ਪਹੁੰਚਾਉਣਾ ਚਾਹੁੰਦੇ ਸਨ। ਉਨ੍ਹਾਂ ਨੇ ਖੁਦ ਬਹੁਤ ਹੀ ਚੰਗੇ ਢਾਡੀ-ਪ੍ਰਸੰਗ ਲਿਖੇ। 1935-36 ਈ. ਵਿਚ ਲਗਾਤਾਰ ਹਰ ਮੱਸਿਆ ’ਤੇ ਤਰਨਤਾਰਨ ਸਾਹਿਬ ਵਿਖੇ ਸਿੱਖ ਸੰਗਤਾਂ ਉਨ੍ਹਾਂ ਦੇ ਜਥੇ ਨੂੰ ਭਰਪੂਰ ਉਤਸ਼ਾਹ ਤੇ ਚਾਅ ਨਾਲ ਸੁਣਦੀਆਂ ਰਹੀਆਂ। ਸੀਤਲ ਜੀ ਦਾ ਜਥਾ ਸੰਗਤਾਂ ਨੂੰ ਨਿਹਾਲ ਕਰਦਾ ਰਿਹਾ। ਸੀਤਲ ਜੀ ਦੇ ਜਥੇ ਦੀ ਸ਼ੋਭਾ ਤਾਂ ਬਾਬਾ ਕਿਸ਼ਨ ਸਿੰਘ ਕੜਤੋੜ ਵੀ ਕਰਨੋਂ ਨਾ ਰਹਿ ਸਕੇ ਜੋ ਖ਼ੁਦ ਉਸ ਸਮੇਂ ਦੇ ਬੜੇ ਮਕਬੂਲ ਢਾਡੀ ਸਨ। ਇਥੇ ਸੀਤਲ ਜੀ ਦੇ ਲਿਖੇ ਅਨੇਕਾਂ ਬਹੁਪੱਖੀ ਪ੍ਰਸੰਗਾਂ ’ਚੋਂ ਕੇਵਲ ਕੁਝ ਇਕ ਦੋ ਚੋਣਵੇਂ ਅੰਸ਼ ਸੀਤਲ ਜੀ ਦੇ ਪੰਜਾਬ ਪ੍ਰੇਮ ਦੇ ਪ੍ਰਗਟਾਵੇ ਦੇ ਤੌਰ ’ਤੇ ਪੇਸ਼ ਕੀਤੇ ਜਾ ਰਹੇ ਹਨ।

ਅਤਿਅੰਤ ਸੰਖੇਪ ਤੇ ਤਤਸਾਰੀ ਸ਼ੈਲੀ ਵਿਚ ਸੀਤਲ ਜੀ ਪੰਜਾਬ ਦੇ ਅਧਿਆਤਮਕ ਜਾਂ ਰੂਹਾਨੀ ਵਿਰਸੇ ਦੀ ਗੱਲ ਕਰਦਿਆਂ ਸਿੱਖ ਪੰਥ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਖਾਲਸੇ ਦੇ ਸਿਰਜਕ ਦਸਮੇਸ਼ ਪਿਤਾ ਤੇ ਉਨ੍ਹਾਂ ਦੇ ਲਾਲਾਂ ਦੀ ਅਦੁੱਤੀ ਕੁਰਬਾਨੀ ਅੱਗੇ ਸੀਸ ਝੁਕਾਉਂਦਿਆਂ ਖਾਲਸਾ ਰਾਜ ਦੇ ਮੋਢੀ ਮਹਾਰਾਜਾ ਰਣਜੀਤ ਸਿੰਘ ਤੇ ਉਨ੍ਹਾਂ ਦੇ ਜਰਨੈਲ ਸ. ਹਰੀ ਸਿੰਘ ਨਲੂਆ ਦੀ ਇਤਿਹਾਸਕ ਦੇਣ ਦਾ ਉਲੇਖ ਕਰਦਿਆਂ ਲਿਖਦੇ ਹਨ:

ਇਹ ਧਰਤੀ ਦੇਸ਼ ਪੰਜਾਬ ਦੀ, ਇਹ ਯੋਧਿਆਂ ਦਾ ਅਸਥਾਨ
ਏਥੇ ਪੀਰ ਪੈਗ਼ੰਬਰ ਔਲੀਏ, ਕਈ ਹੋਏ ਬਲੀ ਮਹਾਨ।
ਏਥੇ ਸਤਿਗੁਰ ਨਾਨਕ ਪ੍ਰਗਟੇ, ਪਏ ਦਿਉਤੇ ਸੀਸ ਝੁਕਾਨ।
ਗੁਰ ਪੰਜਵੇਂ ਘਾਲਾਂ ਘਾਲੀਆਂ, ਜੋ ਤਪੀਆਂ ਦੇ ਸੁਲਤਾਨ।
ਏਥੇ ਲਾਲ ਗੁਰੂ ਦਸਮੇਸ਼ ਦੇ, ਗਏ ਵਾਰ ਧਰਮ ਤੋਂ ਜਾਨ।
ਗੁਰ ਪੰਥ ਖਾਲਸਾ ਸਾਜ ਕੇ, ਫਿਰ ਮਰੀ ਜਿਵਾਈ ਆਨ।
ਏਥੇ ਨਲੂਏ ਤੇ ਰਣਜੀਤ ਦੀ, ਜਦ ਚਮਕੀ ਸੀ ਕਿਰਪਾਨ।
ਤਾਂ ਖੁੱਸੀ ਹੋਈ ਪੰਜਾਬ ਦੀ, ਵਿਚ ਦੁਨੀਆਂ ਚਮਕੀ ਸ਼ਾਨ।
ਪਰ ਘਾਲ ਬਲੀ ਰਣਜੀਤ ਦੀ, ਨਾ ਸਾਂਭ ਸਕੀ ਸੰਤਾਨ।
ਜਿਉਂ ਗਿਆ ਸੀ ਰਾਜ ਪੰਜਾਬ ਦਾ, ਪੜ੍ਹ ਸੀਤਲ ਦਿਲ ਪਛਤਾਨ

ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ’ਤੇ ਪਿਛਲੇ ਤਿੰਨ ਹਮਲੇ ਸਿੱਖਾਂ ਨੂੰ ਖ਼ਤਮ ਕਰਨ ਲਈ ਕੀਤੇ। ਉਸ ਦੇ ਪੰਜਵੇਂ ਹਮਲੇ ਸਮੇਂ ਸਿੱਖਾਂ ਨੇ ਉਸ ਦੇ ਵਾਪਸ ਮੁੜਨ ਸਮੇਂ ਉਸ ਦਾ ਬੜਾ ਨੁਕਸਾਨ ਕੀਤਾ ਸੀ। ਸਿੱਖਾਂ ਦੀਆਂ ਜਿੱਤਾਂ ਤੋਂ ਵੀ ਉਹ ਬੜਾ ਦੁਖੀ ਸੀ। ਇਸ ਲਈ ਅਬਦਾਲੀ ਨੇ ਸਿੱਖਾਂ ’ਤੇ ਗੁੱਸਾ ਕੱਢਣ ਲਈ 1762 ਈ. ਵਿਚ ਪੰਜਾਬ ’ਤੇ ਛੇਵਾਂ ਹਮਲਾ ਕੀਤਾ।

ਲਾਹੌਰ ’ਤੇ ਕਬਜ਼ਾ ਕਰ ਕੇ ਉਹ ਅੰਮ੍ਰਿਤਸਰ ਵੱਲ ਵਧਿਆ, ਸਿੱਖ ਸਰਹਿੰਦ ਵੱਲ ਹੁੰਦੇ ਹੋਏ, ਮਲੇਰਕੋਟਲੇ ਦੇ ਨੇੜੇ ਕੁੱਪਰੋਹੀੜੇ ਚਲੇ ਗਏ। ਉਸ ਨੇ ਪਤਾ ਨਾ ਲੱਗਣ ਦਿੱਤਾ ਤੇ ਬੇਖ਼ਬਰੇ ਹੀ ਸਿੱਖਾਂ ਨੂੰ ਆ ਘੇਰਿਆ। ਜਥੇਦਾਰਾਂ ਨੇ ਇਸਤਰੀਆਂ ਤੇ ਬੱਚਿਆਂ ਨੂੰ ਘੇਰੇ ਵਿਚ ਲੈ ਕੇ ਖ਼ੂਬ ਡੱਟ ਕੇ ਮੁਕਾਬਲਾ ਕੀਤਾ, ਪਰ ਚੁਫੇਰਿਓਂ ਘਿਰੇ ਹੋਣ ਕਰਕੇ ਸਿੱਖਾਂ ਦਾ ਬਹੁਤ ਨੁਕਸਾਨ ਹੋਇਆ। ਸਿੱਖਾਂ ਦੀ ਲੱਗਭਗ ਅੱਧੀ ਕੌਮ ਹੀ ਖ਼ਤਮ ਹੋ ਗਈ। ਇਸ ਨੂੰ ਸਿੱਖ ਇਤਿਹਾਸ ਵਿਚ ‘ਵੱਡਾ ਘੱਲੂਘਾਰਾ’ ਕਿਹਾ ਜਾਂਦਾ ਹੈ।

ਉਸ ਤੋਂ ਬਾਅਦ ਅਬਦਾਲੀ ਲਾਹੌਰ ਆਇਆ ਤੇ ਸਿੱਖ ਕੌਮ ਨੂੰ ਮਾਰ- ਮੁਕਾਉਣ ਦੇ ਬੁਰੇ ਇਰਾਦੇ ਰੱਖਦਿਆਂ ਉਸ ਨੇ ਅੰਮ੍ਰਿਤਸਰ ’ਤੇ ਹਮਲਾ ਕਰ ਦਿੱਤਾ। ਸਿੱਖਾਂ ਨੇ ਅੱਗੋਂ ਚੰਗੀ ਕੱਟ-ਵੱਢ ਕੀਤੀ ਤੇ ਉਹਦਾ ਨੱਕ ਵਿਚ ਦਮ ਕਰ ਦਿੱਤਾ। ਆਖ਼ਰ ਉਹ ਹਨ੍ਹੇਰੇ ਦੀ ਆੜ ਲੈ ਕੇ ਜਾਨ ਬਚਾ ਕੇ ਲਾਹੌਰ ਚਲਾ ਗਿਆ।

ਸੀਤਲ ਜੀ ਨੇ ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਸਿੱਖ ਯੋਧਿਆਂ ਦੁਆਰਾ ਅਫ਼ਗਾਨ ਹਮਲਾਵਰਾਂ ਨਾਲ ਲੋਹਾ ਲੈਣ ਦਾ ਵਰਣਨ ਕਰਦਿਆਂ ਉਨ੍ਹਾਂ ਨੂੰ ਪੰਜਾਬ ਦੇ ਸੂਰਬੀਰ ਸਪੂਤਾਂ ਵਜੋਂ ਬਿਲਕੁਲ ਸਹੀ ਸੰਦਰਭ ਵਿਚ ਪੇਸ਼ ਕੀਤਾ ਹੈ:

ਸਾਨੂੰ ਕਲਗੀਧਰ ਨੇ ਸਾਜਿਆ, ਵਿਚ ਸਿਦਕ ਕੁਠਾਲੀ।
ਪੰਜ ਤਨ ਨਹੀਂ, ਧਾਤਾਂ ਢਾਲ ਕੇ, ਇਹ ਦੇਹੀ ਢਾਲੀ।
ਫਿਰ ਗੁੜ੍ਹਤੀ ਖੰਡੇਧਾਰ ਦੀ, ਉਸ ਆਪ ਪਿਆਲੀ
ਅਸੀਂ ਮੌਤ ਨਾ ਭੁੱਖੀ ਮੋੜੀਏ, ਬਣ ਆਈ ਸਵਾਲੀ
ਇਉਂ ਕਹਿ ਕੇ ਚੋਟਾਂ ਮਾਰ ਕੇ, ਚੜ੍ਹ ਪਏ ਅਕਾਲੀ।
ਕਿਤੇ ਨਿਕਲ ਪੰਜਾਬੋਂ ਜਾਇ ਨਾ, ਸੁੱਕਾ ਅਬਦਾਲੀ।
ਉਹਨਾਂ ਰੱਖ ਵਿਖਾਈ ‘ਸੀਤਲਾ’, ਗੱਲ ਮਰਦਾਂ ਵਾਲੀ।

ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ ਦੁਨੀਆਂ ਵਿਚ ਅਜੇ ਤਕ ਆਪਣੀ ਆਦਰਸ਼ ਮਿਸਾਲ ਆਪ ਹੈ। ਪਰ ਅਫ਼ਸੋਸ! ਮਹਾਰਾਜੇ ਦੇ ਰਾਜ-ਕਾਲ ਮਗਰੋਂ ਤੇਜ਼ੀ ਨਾਲ ਬਦਲਦੇ ਹਾਲਾਤਾਂ ਅੰਦਰ ਇਸ ਨੂੰ ਚਿਰਕਾਲ ਤਕ ਕਾਇਮ ਰੱਖਣਾ ਮੁਮਕਿਨ ਨਾ ਹੋ ਸਕਿਆ। ਇਹ ਉਹ ਦੁੱਖ ਹੈ ਜਿਸ ਨੂੰ ਨਾ ਕੇਵਲ ਸਿੱਖ ਮਾਨਸਿਕਤਾ ਹੀ ਸ਼ਿੱਦਤ ਨਾਲ ਮਹਿਸੂਸਦੀ ਹੈ ਬਲਕਿ ਹਰੇਕ ਪੰਜਾਬੀ ਲੋਕ-ਮਨ ਵੀ ਇਸ ਦੀ ਕਸਕ ਮਹਿਸੂਸਦਾ ਹੈ। ਸ਼ਾਹ ਮੁਹੰਮਦ ਜਿੱਥੇ ਲਹੂ ਦੇ ਹੰਝੂ ਰੋਂਦਾ ਸੁਣੀਂਦਾ ਹੈ ਉਥੇ ਪੰਥ-ਪਿਆਰ ਤੇ ਪੰਜਾਬ-ਪਿਆਰ ਦੇ ਭਾਵਾਂ ਜਜ਼ਬਿਆਂ ’ਚ ਗੜੂੰਦ ਸੀਤਲ ਹੋਰਾਂ ਨੇ ਵਾਰਤਕ ਅਤੇ ਕਵਿਤਾ ਦੋਨਾਂ ਵਿਚ ਇਸ ਸੰਵੇਦਨਾ ਨੂੰ ਤਿੱਖੀ ਪੀੜਾ ਤੇ ਕਸਕ ਨਾਲ ਬਿਆਨ ਕੀਤਾ। ਵਾਸਤਵ ਵਿਚ ਇਹ ਪੀੜਾ ਸਮੂਹ ਪੰਜਾਬੀਆਂ ਦੀ ਹੈ। ਸੀਤਲ ਜੀ ਲਿਖਦੇ ਹਨ:

ਕਿਹਾ ਸ਼ੇਰਿ-ਪੰਜਾਬ ਨੇ ਅੰਤ ਵੇਲੇ,
ਨੇੜੇ ਹੋਇ ਕੇ ਸੁਣੀਂ ਧਿਆਨ ਸਿੰਘਾ!
ਸੁਖਨ ਅੰਤ ਦੇ ਗਿਆਂ ਦੀ ਯਾਦ ਵਾਂਗੂੰ,
ਯਾਦ ਰੱਖਣੇ ਮੇਰੇ ਫ਼ੁਰਮਾਨ ਸਿੰਘਾ!
ਮੇਰੇ ਖੜਕ ਸਿੰਘ ਨੂੰ ਮੇਰਾ ਰੂਪ ਸਮਝੀਂ
ਇਹਦੇ ਹੁਕਮ ਵਿਚ ਸੀਸ ਝੁਕਾਈ ਰੱਖੀਂ।
ਇਹਨੂੰ ਮਾਲਿਕ ਪੰਜਾਬ ਦਾ ਸਮਝਿਆ ਮੈਂ,
ਵਫਾਦਾਰ ਬਣ ਭਾਰ ਵੰਡਾਈ ਰੱਖੀਂ।
ਛੇ ਸੌ ਸਾਲ ਪਿੱਛੋਂ, ਫਿਰ ਪੰਜਾਬ ਅੰਦਰ,
ਮੈਂ ਲਿਆਂਦਾ ਏ ਰਾਜ ਪੰਜਾਬੀਆਂ ਦਾ।
‘ਸੀਤਲ’ ਕਿਸੇ ਖੁਦਗ਼ਰਜ਼ੀ ਦੇ ਵਿਚ ਪਾ ਕੇ,
ਦੇਵੀਂ ਬੰਨ੍ਹ ਨਾ ਮੁੱਢ ਖਰਾਬੀਆਂ ਦਾ।
ਚਿੱਠੀ ਲਿਖੀ ਮਹਾਰਾਣੀ ਨੇ ਸ਼ਾਮ ਸਿੰਘ ਨੂੰ,
ਬੈਠ ਰਿਹੈਂ, ਕੀ ਚਿੱਤ ਵਿਚ ਧਾਰ ਸਿੰਘਾ?
ਦੋਵੇਂ ਜੰਗ ‘ਮੁਦਕੀ’, ‘ਫੇਰੂ’ ਸ਼ਹਿਰ ਵਾਲੇ,
ਸਿੰਘ ਆਏ ਅੰਗਰੇਜ਼ਾਂ ਤੋਂ ਹਾਰ ਸਿੰਘਾ!
ਦੇਸ਼-ਧਰੋਹੀ ਵਜ਼ੀਰ ਜਰਨੈਲ ਰਲ ਕੇ,
ਵੇਖ ਕੌਮ ਦਾ ਮੁੱਲ ਕੀ ਪਾ ਰਹੇ ਨੇ!
ਚਾਈਂ-ਚਾਈਂ ਗ਼ੁਲਾਮੀ ਦੀਆਂ ਬੇੜੀਆਂ ਪਾ,
ਉਹ ਪੰਜਾਬ ਦੀ ਅਣਖ ਮਿਟਾ ਰਹੇ ਨੇ।
ਅੱਜ ਸਮਾਂ ਹੈ ਈ, ਵਕਤ ਸੰਭਾਲ ਸਿੰਘਾ,
ਰੁੜ੍ਹੀ ਜਾਂਦੀ ਪੰਜਾਬ ਦੀ ਸ਼ਾਨ ਰੱਖ ਲੈ।
ਲਹਿੰਦੀ ਦਿੱਸੇ ਰਣਜੀਤ ਦੀ ਪੱਗ ਮੈਨੂੰ,
ਮੋਏ ਮਿੱਤਰ ਦੀ ਯੋਧਿਆ ਆਨ ਰੱਖ ਲੈ।
ਚਿੱਠੀ ਪੜ੍ਹੀ ਤਾਂ ਦਿਲ ’ਚ ਭੁਚਾਲ ਉੱਠਿਆ,
ਲੈ ਕੇ ਹੱਥ ਵਿਚ ਨੰਗੀ ਤਲਵਾਰ ਉੱਠਿਆ।
ਸੌਂਦੇ ਜਾਂਦੇ ਪੰਜਾਬ ਦੇ ਭਾਗ ਤਾਈਂ,
ਟੁੰਬਣ ਵਾਸਤੇ ਸ਼ੇਰ ਲਲਕਾਰ ਉੱਠਿਆ।
ਜਿਹੜੇ ਕੌਮੀ ਗ਼ਦਾਰਾਂ ਨੇ ਦਾਗ ਲਾਏ,
ਧੋ ਕੇ ਖੂਨ ਦੇ ਨਾਲ ਮਿਟਾਣ ਚੱਲਿਆਂ,
ਪਿੱਛੋਂ ਹੋਊ ਜੋ, ਵੇਖੇਗਾ ਜੱਗ ਸਾਰਾ,
ਮੈਂ ਤਾਂ ਆਪਣੀ ਤੋੜ ਨਿਭਾਉਣ ਚੱਲਿਆਂ।
ਨਾ ਮੈਂ ਹੋਵਾਂਗਾ, ਨਾ ਇਹ ਪੰਜਾਬ ਹੋਸੀ,
ਐਪਰ ਦਿਲਾਂ ਵਿਚ ਦੋਹਾਂ ਦੀ ਯਾਦ ਰਹਿਸੀ।
‘ਸੀਤਲ’ ਸੂਰਜ ਕੁਰਬਾਨੀ ਦਾ ਚਮਕਦਾ ਰਹੂ,
ਜਦੋਂ ਤੀਕ ਇਹ ਦੇਸ਼ ਆਜ਼ਾਦ ਰਹਿਸੀ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

Dan Singh Komal

455-ਜੀ, ਭਾਈ ਰਣਧੀਰ ਸਿੰਘ ਨਗਰ, ਲੁਧਿਆਣਾ

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)