ਗਿਆਨੀ ਸੋਹਣ ਸਿੰਘ ਜੀ ਸੀਤਲ ਪੰਜਾਬੀ ਸਾਹਿਤ ਜਗਤ ਵਿਚ ਵਿਲੱਖਣ, ਹਸਤਾਖ਼ਰ ਹਨ। ਉਹ ਇਕ ਸਾਧਾਰਨ ਜਿਹੇ ਪਰਵਾਰ ਵਿਚ ਜਨਮੇ। ਉਨ੍ਹਾਂ ਆਪਣੇ ਮਾਤਾ-ਪਿਤਾ ਦੀ ਪ੍ਰੇਰਨਾ ਸਦਕਾ ਪੜ੍ਹਾਈ ਵਿਚ ਮਨ ਇਕਾਗਰ ਕੀਤਾ। ਇਸੇ ਦੌਰਾਨ ਉਨ੍ਹਾਂ ਨੂੰ ਪੜ੍ਹਨ ਦੀ ਚੇਟਕ ਲੱਗ ਗਈ। ਬਚਪਨ ਵਿਚ ਜਦ ਉਨ੍ਹਾਂ ਬਹੁਤ ਸਾਰੇ ਕਿੱਸੇ ਪੜ੍ਹੇ ਤਾਂ ਉਨ੍ਹਾਂ ਦੇ ਮਨ ਵਿਚ ਤੁਕਬੰਦੀ ਹੋਣ ਲੱਗੀ। ਬਾਲ ਸੋਹਣ ਸਿੰਘ ਸੀਤਲ ਮਨ ਹੀ ਮਨ ਕੋਈ ਰਚਨਾ ਰਚਣ ਲਈ ਉਤਸ਼ਾਹਿਤ ਰਹਿੰਦਾ। ਸਾਹਿਤ ਦੇ ਸਾਰੇ ਰੂਪਾਂ ਵਿੱਚੋਂ ਸਭ ਤੋਂ ਪਹਿਲਾਂ ਉਨ੍ਹਾਂ ਕਵਿਤਾ ’ਤੇ ਹੱਥ ਅਜ਼ਮਾਇਆ। ਗਿਆਨੀ ਸੋਹਣ ਸਿੰਘ ਸੀਤਲ ਨੇ ਪੰਜਾਬੀ ਸਾਹਿਤ ਨੂੰ 18 ਵਾਰ ਸੰਗ੍ਰਹਿ, ਤਿੰਨ ਕਾਵਿ- ਸੰਗ੍ਰਹਿ, ਦੋ ਗੀਤ-ਸੰਗ੍ਰਹਿ, ਗਿਆਰਾਂ ਇਤਿਹਾਸਕ ਕਿਤਾਬਾਂ, ਇੱਕੀ ਨਾਵਲ ਅਤੇ ਚਾਰ ਕਥਾ-ਸੰਗ੍ਰਹਿ ਦਿੱਤੇ। ਇਨ੍ਹਾਂ ਸਾਹਿਤਕ ਰਚਨਾਵਾਂ ਦਾ ਵੇਰਵਾ ਇਸ ਪ੍ਰਕਾਰ ਹੈ:
1. ਕਵਿਤਾ : ਵਹਿੰਦੇ ਹੰਝੂ, ਸੱਜਰੇ ਹੰਝੂ, ਦਿਲ ਦਰਿਆ
2. ਗੀਤ : ਕੇਸਰੀ ਦੁਪੱਟਾ, ਜਦ ਮੈਂ ਗੀਤ ਲਿਖਦਾ ਹਾਂ
3. ਢਾਡੀ ਵਾਰਾਂ : ਸੀਤਲ ਕਿਰਣਾਂ, ਸੀਤਲ ਸੁਨੇਹੇ, ਸੀਤਲ ਹੰਝੂ, ਸੀਤਲ ਹੁਲਾਰੇ, ਸੀਤਲ ਤਰੰਗਾਂ, ਸੀਤਲ ਪ੍ਰਸੰਗ, ਸੀਤਲ ਪ੍ਰਕਾਸ਼, ਸੀਤਲ ਤਰਾਨੇ, ਸੀਤਲ ਵਾਰਾਂ, ਸੀਤਲ ਤਾਘਾਂ, ਸੀਤਲ ਵਲਵਲੇ, ਸੀਤਲ ਚੰਗਿਆੜੇ, ਸੀਤਲ ਚਮਕਾਂ, ਸੀਤਲ ਰਮਜ਼ਾਂ, ਸੀਤਲ ਉਮੰਗਾਂ, ਸੀਤਲ ਅੰਗਿਆਰੇ, ਸੀਤਲ ਮੁਨਾਰੇ, ਸੀਤਲ ਸੁਗਾਤਾਂ।
4. ਇਤਿਹਾਸਕ ਕਿਤਾਬਾਂ : ਮਨੁੱਖਤਾ ਦੇ ਗੁਰੂ (ਦਸ ਪਾਤਸ਼ਾਹੀਆਂ), ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ, ਬਾਬਾ ਬੰਦਾ ਸਿੰਘ, ਸਿੱਖ ਰਾਜ ਕਿਵੇਂ ਬਣਿਆ, ਸਿੱਖ ਮਿਸਲਾਂ ਤੇ ਸਰਦਾਰ ਘਰਾਣੇ ਸਿੱਖ ਰਾਜ ਤੇ ਸ਼ੇਰੇ ਪੰਜਾਬ, ਸਿੱਖ ਰਾਜ ਕਿਵੇਂ ਗਿਆ, ਦੁਖੀਏ ਮਾਂ-ਪੁੱਤ, ਪੰਜਾਬ ਦਾ ਉਜਾੜਾ।
5. ਨਾਵਲ : ਈਚੋਗਿਲ ਨਹਿਰ ਤਕ, ਸੁੰਞਾ ਆਹਲਣਾ, ਮੁੱਲ ਦਾ ਮਾਸ, ਪਤਵੰਤੇ ਕਾਤਲ, ਵਿਜੋਗਣ, ਦੀਵੇ ਦੀ ਲੋਅ, ਬਦਲਾ, ਅੰਨ੍ਹੀ ਸੁੰਦਰਤਾ, ਜੰਗ ਜਾਂ ਅਮਨ, ਤੂਤਾਂ ਵਾਲਾ ਖੂਹ, ਜੁੱਗ ਬਦਲ ਗਿਆ, ਕਾਲੇ ਪਰਛਾਵੇਂ, ਪ੍ਰੀਤ ਤੇ ਪੈਸਾ, ਧਰਤੀ ਦੇ ਦੇਵਤੇ, ਪ੍ਰੀਤ ਕਿ ਰੂਪ, ਧਰਤੀ ਦੀ ਬੇਟੀ, ਮਹਾਰਾਣੀ ਜਿੰਦਾਂ, ਮਹਾਰਾਜਾ ਦਲੀਪ ਸਿੰਘ, ਹਿਮਾਲਿਆ ਦੇ ਰਾਖੇ, ਸੁਰਗ ਸਵੇਰਾ, ਸਭੇ ਸਾਝੀਵਾਲ ਸਦਾਇਨਿ,ਜਵਾਲਾਮੁਖੀ।
6. ਕਹਾਣੀ ਸੰਗ੍ਰਹਿ : ਕਦਰਾਂ ਬਦਲ ਗਈਆਂ, ਅੰਤਰਜਾਮੀ।
7. ਨਾਟਕ : ਸੰਤ ਲਾਧੋ ਰੇ।
ਇਸ ਤਰ੍ਹਾਂ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦੀ ਗਿਣਾਤਮਕ ਪੱਖੋਂ ਪੰਜਾਬੀ ਸਾਹਿਤ ਨੂੰ ਅਮੁੱਲ ਦੇਣ ਹੈ। ਸੀਤਲ ਜੀ ਦੀ ਬਹੁਤੀ ਪ੍ਰਸਿੱਧੀ ਨਾਵਲਕਾਰ ਤੇ ਢਾਡੀ ਵਜੋਂ ਹੋਈ ਹੈ। ਪਰ ਉਨ੍ਹਾਂ ਦੀ ਕਲਮ ਨੇ ਸਭ ਤੋਂ ਪਹਿਲਾਂ ਕਵਿਤਾ ਲਿਖੀ। ਉਨ੍ਹਾਂ ਦੀਆਂ ਰਚਨਾਵਾਂ ਨੂੰ ਪਾਠਕ ਬੜੀ ਰੌਚਕਤਾ ਨਾਲ ਪੜ੍ਹਦੇ ਆ ਰਹੇ ਹਨ। ਪਰ ਇਥੇ ਵਿਚਾਰਨਯੋਗ ਗੱਲ ਇਹ ਹੈ ਕਿ ਪਾਠਕਾਂ ਜਾਂ ਆਲੋਚਕਾਂ ਨੇ ਗਿਆਨੀ ਸੋਹਣ ਸਿੰਘ ਸੀਤਲ ਦੀ ਕਾਵਿ-ਰਚਨਾ ’ਤੇ ਕੋਈ ਖੋਜ ਕਾਰਜ ਕਰਨ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ। ਇਥੇ ਅਸੀਂ ਗਿਆਨੀ ਸੋਹਣ ਸਿੰਘ ਸੀਤਲ ਰਚਿਤ ਕਾਵਿ- ਸੰਗ੍ਰਹਿ ‘ਸੱਜਰੇ ਹੰਝੂ’ ਨੂੰ ਆਪਣੇ ਅਧਿਐਨ ਦਾ ਵਿਸ਼ਾ ਬਣਾਇਆ ਹੈ। ਪ੍ਰਿੰ. ਤੇਜਾ ਸਿੰਘ ਦਾ ਕਥਨ ਹੈ ਕਿ ਜਿੱਥੇ ਰਵੀ ਨਹੀਂ ਉਥੇ ਕਵੀ। ਭਾਵ ਜਿੱਥੇ ਸੂਰਜ ਦੀ ਰੌਸ਼ਨੀ ਨਹੀਂ ਪਹੁੰਚ ਸਕਦੀ ਉਥੇ ਕਵੀ ਦੀ ਕਲਪਨਾ ਪਹੁੰਚ ਜਾਂਦੀ ਹੈ। ਕਵੀ ਆਪਣੀ ਕਲਪਨਾ ਦੁਆਰਾ ਜਿਹੜਾ ਬਿੰਬ ਪੇਸ਼ ਕਰਦਾ ਹੈ ਉਸ ਵਿਚ ਜ਼ਿੰਦਗੀ ਦਾ ਸੱਚ ਵੀ ਵਿਦਮਾਨ ਹੁੰਦਾ ਹੈ। ਹਰ ਮਨੁੱਖ ਕਵਿਤਾ ਨਹੀਂ ਲਿਖ ਸਕਦਾ। ਕਵਿਤਾ ਲਿਖਣ ਵਾਲਾ ਮਨੁੱਖ ਜ਼ਿੰਦਗੀ ਦੇ ਸੂਖਮ ਅਨੁਭਵਾਂ ਨੂੰ ਪੇਸ਼ ਕਰਦਾ ਹੈ, ਜਿਸ ਤੋਂ ਪਾਠਕ ਨੂੰ ਸੇਧ ਮਿਲਦੀ ਹੈ। ਇਸ ਸਬੰਧੀ ਸੋਹਣ ਸਿੰਘ ਸੀਤਲ ਆਪ ਲਿਖਦੇ ਹਨ ਕਿ ਉਨ੍ਹਾਂ ਦੀ ਰਚਿਤ ਕਵਿਤਾ ਉਨ੍ਹਾਂ ਦੇ ਜੀਵਨ-ਅਨੁਭਵਾਂ ਦਾ ਹਿੱਸਾ ਹੈ:
“ਮੈਂ ਏਨਾ ਹੀ ਕਹਿ ਦੇਣਾ ਕਾਫ਼ੀ ਸਮਝਦਾ ਹਾਂ, ਉਹ ਕਵਿਤਾਵਾਂ ਮੇਰਾ ਮੁੱਢਲਾ ਅਭਿਆਸ ਹੁੰਦਿਆਂ ਹੋਇਆਂ ਵੀ, ਉਨ੍ਹਾਂ ਵਿਚ ਮੇਰੇ ਵਿਚਾਰ ਤੇ ਜ਼ਿੰਦਗੀ ਦਾ ਤਜ਼ਰਬਾ ਹੈ ਤੇ ਕੁਝ ਕਵਿਤਾਵਾਂ ਮੇਰੇ ਉਸ ਜੀਵਨ ਨਾਲ ਸੰਬੰਧ ਰੱਖਦੀਆਂ ਹਨ।”1
‘ਸੱਜਰੇ ਹੰਝੂ’ ਕਾਵਿ-ਸੰਗ੍ਰਹਿ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਨੇ 1960 ਈ. ਵਿਚ ਲਿਖਿਆ। ਇਸ ਵਿਚ 34 ਕਵਿਤਾਵਾਂ ਤੇ ਚੌਬੰਦ ਅਧੀਨ ਕਾਵਿ-ਟੋਟਕੇ ਹਨ। ਇਹ ਕਾਵਿ-ਸੰਗ੍ਰਹਿ ਉਨ੍ਹਾਂ ਮਾਂ-ਬੋਲੀ ਨੂੰ ਸਮਰਪਿਤ ਕੀਤਾ ਹੈ। ਇਸ ਕਾਵਿ-ਸੰਗ੍ਰਹਿ ਵਿਚ ਕਵੀ ਨੇ ਬਹੁਵੰਨਗੀ ਦੀਆਂ ਰਚਨਾਵਾਂ ਰਚੀਆਂ ਹਨ। ਇਸ ਕਾਵਿ- ਸੰਗ੍ਰਹਿ ਵਿਚ ਇਤਿਹਾਸਕ, ਸਮਾਜ ਤੇ ਮਨੁੱਖੀ ਮਨ ਦੀ ਤਰਜ਼ਮਾਨੀ ਕਰਨ ਵਾਲੀਆਂ ਕਵਿਤਾਵਾਂ ਵਿਦਮਾਨ ਹਨ।
ਗਿਆਨੀ ਸੋਹਣ ਸਿੰਘ ਸੀਤਲ ਧਾਰਮਿਕ ਵਿਚਾਰਾਂ ਦੇ ਧਾਰਨੀ ਸਨ। ਉਨ੍ਹਾਂ ਦੀਆਂ ਕਵਿਤਾਵਾਂ ਵਿਚ ਪਰਮਾਤਮਾ ਨੂੰ ਮਿਲਣ ਦੀ ਤਾਂਘ ਵਿਦਮਾਨ ਹੈ। ਉਨ੍ਹਾਂ ਸਿੱਖ ਗੁਰਦੁਆਰਿਆਂ ਵਿਚ ਮਾਨਵਤਾ ਦੇ ਸਤਿਕਾਰ ਨੂੰ ਪੇਸ਼ ਕਰਦਿਆਂ ਲਿਖਿਆ ਹੈ ਕਿ ਇਹ ਧਾਰਮਿਕ ਸਥਾਨ ਏਕਤਾ ਦਾ ਸੰਕਲਪ ਸਿਰਜਦੇ ਹਨ:
ਖੁੱਲ੍ਹਾ ਦਰ ਹਰਦਮ, ਹਰ ਬਦਲੇ, ਹਰ ਕੋਈ ਆਵੇ ਜਾਵੇ
ਨਾ ਕੋਈ ਪੁੱਛੇ, ਨਾ ਕੋਈ ਦੱਸੇ,ਨਾ ਕੋਈ ਅਟਕਾਵੇ
ਚੰਗੇ-ਮੰਦੇ, ਬੁਰੇ-ਭਲੇ ਦੀ, ਸਭ ਦੀ ਹੋਏ ਸਮਾਈ
‘ਨਾ ਕੋ ਬੈਰੀ ਨਹੀ ਬਿਗਾਨਾ’, ਹਰ ਕੋਈ ਆਦਰ ਪਾਵੇ।2
ਸੀਤਲ ਜੀ ਦਾ ਕਵੀ ਮਨ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਨੂੰ ਤਾਂਘਦਾ ਹੈ। ਉਨ੍ਹਾਂ ਦੀ ਕਵਿਤਾ ਵਿਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਸਾਖੀਆਂ ਦੇ ਆਧਾਰ ’ਤੇ ਗੁਰੂ ਸਾਹਿਬ ਦੀ ਮਹਿਮਾ ਗਾਈ ਹੈ। ਇਸ ਤਰ੍ਹਾਂ ਉਨ੍ਹਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ, ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਸੰਬੰਧੀ ਕਵਿਤਾਵਾਂ ਲਿਖੀਆਂ ਹਨ।
‘ਕੁਰਬਾਨੀ ਦਾ ਜਨਮ’ ਕਵਿਤਾ ਵਿਚ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਨੇ ਸਿੱਖ ਧਰਮ ਵਿਚ ਸ਼ਹੀਦੀ ਦੇ ਅਰੰਭਿਕ ਇਤਿਹਾਸ ਨੂੰ ਉਲੀਕਿਆ ਹੈ। ਉਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀ ਗੱਲ ਕਰਦਿਆਂ ਉਹ ਮਨਸੂਰ ਦੀ ਸ਼ਹੀਦੀ ਦਾ ਉਲੇਖ ਕਰਦੇ ਹਨ:
ਸੜਦੀ ਲੋਹ ਦੀ ਹਿੱਕ ’ਤੇ ਨੂਰ ਰੱਬੀ
ਤੱਕ ਕੇ ਕਥਾ ਕੋਹਤੂਰ ਦੀ ਯਾਦ ਆਈ
ਲੰਬੂ ਸਿਰੇ ਉੱਚੇ ਹੋ ਕੇ ਨਿਕਲੇ ਜਾਂ
ਭੁੱਲੀ ਸੂਲੀ ਮਨਸੂਰ ਦੀ ਯਾਦ ਆਈ।3
‘ਹਿੰਦ ਦੀ ਚਾਦਰ’ ਕਵਿਤਾ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਹੈ। ਉਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੋਂ ਪਾਠਕਾਂ ਨੂੰ ਸੇਧ ਲੈਣ ਲਈ ਪ੍ਰੇਰਨਾ ਦਿੰਦੇ ਹਨ:
ਨਾਵੇਂ ਗੁਰੂ ਦੇ ਸਿੱਖ ਅਖਵਾਉਣ ਵਾਲੇ
ਸਿੱਖਿਆ ਸਿੱਖ ਉਹਦੀ ਖ਼ਬਰਦਾਰ ਹੋ ਜਾ
ਜਿਵੇਂ ਧਰਮ ’ਤੇ ਉਹ ਸ਼ਹੀਦ ਹੋਏ
ਉਵੇਂ ਮਰਨ ਦੇ ਲਈ ਤਿਆਰ ਹੋ ਜਾ
ਨਹੀਂਗਾ ਸਿੱਖ ਦਾ ਧਰਮ ਗ਼ੁਲਾਮ ਰਹਿਣਾ
ਆਪਣਾ ਫ਼ਰਜ਼ ਪਛਾਣ ਹੁਸ਼ਿਆਰ ਹੋ ਜਾ
ਲੱਤ ਮਾਰ ਗ਼ੁਲਾਮੀ ਦੀਆਂ ਚੂਰੀਆਂ ਨੂੰ
ਖੁੱਲ੍ਹੀ ਪੌਣ ਦਾ ਹੁਣ ਤਲਬਗਾਰ ਹੋ ਜਾ।4
ਸੀਤਲ ਜੀ ਨੇ ‘ਦਸਮੇਸ਼ ਗੁਰੂ ਤਾਰਦਾ’ ਕਵਿਤਾ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਿਮਾ ਨੂੰ ਗਾਇਆ ਹੈ। ‘ਮਾਛੀਵਾੜੇ ਦੇ ਜੰਗਲ ਵਿਚ’ ਉਨ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮਾਛੀਵਾੜੇ ਦੇ ਜੰਗਲਾਂ ਵਿਚ ਵਿਸ਼ਰਾਮ ਕਰਨ ਦੀ ਵਿਥਿਆ ਨੂੰ ਕਰੁਣਾ ਤੇ ਬੀਰ ਰਸ ਅਧੀਨ ਬਿਆਨਿਆ ਹੈ। ਉਨ੍ਹਾਂ ਦਾ ਮਕਸਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖ ਧਰਮ ਨੂੰ ਲਾਸਾਨੀ ਦੇਣ ਨੂੰ ਪ੍ਰਗਟ ਕਰਨਾ ਹੈ। ਉਨ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਹਾਦਰੀ ਦੇ ਸਜੀਵ ਬਿੰਬ ਇਵੇਂ ਉਸਾਰੇ ਹਨ ਕਿ ਪਾਠਕ ਕਵਿਤਾ ਪੜ੍ਹ ਕੇ ਉਤਸ਼ਾਹਿਤ ਹੋ ਜਾਂਦੇ ਹਨ। ਜਿਵੇਂ ਕਵਿਤਾ ਦੀਆਂ ਸਤਰਾਂ ਹਨ:
ਸ਼ੇਰਾ ਸੁੱਤਿਆ ਅਜੇ ਵੀ ਤੇਗ਼ ਤੇਰੀ
ਪਈ ਵਿਚ ਮਿਆਨ ਦੇ ਫਰਕਦੀ ਏ
ਜਦੋਂ ਰੋਹ ਵਿਚ ਹਿੱਲੇ ਕਮਾਨ ਤੇਰੀ
ਅਰਸ਼ ਕੰਬਦਾ ਏ, ਦੁਨੀਆਂ ਥਰਕਦੀ ਏ।5
ਇਸ ਤਰ੍ਹਾਂ ਸੀਤਲ ਜੀ ਦਾ ਮਨੋਰਥ ਸਿੱਖ ਧਰਮ ਦੀਆਂ ਅਥਾਹ ਕੁਰਬਾਨੀਆਂ ਨੂੰ ਸਮੂਰਤ ਕਰਨਾ ਹੈ। ਉਨ੍ਹਾਂ ਜਿਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸੂਰਬੀਰ ਵਜੋਂ ਪ੍ਰਗਟਾਇਆ ਉਥੇ ਗੁਰੂ ਜੀ ਦੇ ਦਿਆਲੂ ਸੁਭਾਅ ਨੂੰ ਵੀ ਚਿਤਰਿਆ ਜੋ ਚਾਲੀ ਮੁਕਤਿਆਂ ਨੂੰ ਮੁਆਫ਼ ਕਰ ਦਿੰਦੇ ਹਨ। ਸੀਤਲ ਜੀ ਨੇ ਇਸ ਇਤਿਹਾਸਕ ਘਟਨਾ ਨੂੰ ‘ਟੁੱਟੀ ਗੰਢੀ’ ਕਵਿਤਾ ਵਿਚ ਪੇਸ਼ ਕੀਤਾ ਹੈ। ਗਿਆਨੀ ਸੋਹਣ ਸਿੰਘ ਸੀਤਲ ਦਾ ਕਵੀ ਮਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਨੂੰ ਲੋਚਦਾ ਹੈ। ਉਹ ਮਨ ਹੀ ਮਨ ਕਿਆਸਦਾ ਹੈ ਕਿ ਕਾਸ਼! ਉਹ ਵੀ ਪੰਜਾਂ ਪਿਆਰਿਆਂ ਵਾਂਗ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅੰਮ੍ਰਿਤ ਸੇਵਨ ਕਰਦਾ:
ਜਿਵੇਂ ‘ਪੰਜਾਂ’ ਨੂੰ ਕੇਸਗੜ੍ਹ ਦਰਸ ਹੋਇਆ ’
ਕੇਰਾਂ ਮੈਨੂੰ ਵੀ ਉਵੇਂ ਦੀਦਾਰ ਹੋਵੇ
ਮੇਰਾ ਸੀਸ ਹੋਵੇ ਚਰਨ-ਭੇਟ ਤੇਰੀ
ਧਰਸਾਂ ਚਰਨ ਤੇਰੇ ਏਹੋ ਚਾਹ ਮੇਰੀ
ਜਾਨ ਕੱਢ ਕੇ ਨਵੇਂ ਪਰਾਣ ਪਾਏਂ।6
ਕਵੀ ਸੋਹਣ ਸਿੰਘ ਸੀਤਲ ਨੇ ਅੰਮ੍ਰਿਤ ਦੀ ਮਹਾਨਤਾ ਸੰਬੰਧੀ ‘ਖੰਡੇ ਦੀ ਕਰਾਮਾਤ’ ਕਵਿਤਾ ਲਿਖੀ। ਇਸ ਕਵਿਤਾ ਵਿਚ ਉਨ੍ਹਾਂ ਪੰਜਾਂ ਪਿਆਰਿਆਂ ਦੀ ਸਾਜ਼ਣਾ ਤੇ ਫਿਰ ਸਿੱਖ ਇਤਿਹਾਸ ਵਿਚ ਹਰੀ ਚੰਦ, ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਅਤੇ ਬਾਬਾ ਦੀਪ ਸਿੰਘ ਜੀ ਦੀਆਂ ਸ਼ਹੀਦੀਆਂ ਨੂੰ ਅੰਮ੍ਰਿਤ ਦੀ ਕਰਾਮਾਤ ਮੰਨਿਆ ਹੈ:
ਉਦੋਂ ਅੰਮ੍ਰਿਤ ਦਾ ਅਸਲ ਆਇਆ
ਜਦੋਂ ਤੇਗ਼ ਦੀ ਧਾਰ ਅਸਵਾਰ ਹੋਏ
ਉਦੋਂ ਸਿੱਖ ਕੁਰਬਾਨੀ ਦੀ ਮੌਜ ਵੇਖੀ
ਜਦੋਂ ਤੀਰ ਸਰੀਰ ’ਚੋਂ ਪਾਰ ਹੋਏ
ਲਾਲੀ ਚੜ੍ਹੀ ‘ਅਜੀਤ’ ਦੇ ਮੁੱਖ ਉੱਤੇ
ਜਦੋਂ ਜੰਗ ਵਿਚ ਸਾਹਮਣੇ ਵਾਰ ਹੋਏ
ਮੌਤ ਨਦੀ ਤੋਂ ਪਾਰ ਦਿਲਦਾਰ ਦਿੱਸਿਆ
ਤਾਹੀਏਂ ਤੇਗ਼ ਦੀ ਭੇਟ ‘ਜੁਝਾਰ’ ਹੋਏ
ਤਲੀ ਸੀਸ ਧਰ, ਪਿਆਰੇ ਦੀ ਗਲੀ ਵੜਿਆ
ਮਾਣੀ ਦੀਪ ਸਿੰਘ ਮੌਜ ਪਿਆਰ ਦੀ ਏ
ਪੰਜ ਘੁੱਟ ਖੰਡੇ ਦੇ ਪਾਣੀ ਦਾ ਅਸਰ ਸੱਭੋ
ਬਰਕਤ ਬਾਣੀ, ਦੀ ਮਿਹਰ ਕਰਤਾਰ ਦੀ ਏ।7
ਗਿਆਨੀ ਸੋਹਣ ਸਿੰਘ ਸੀਤਲ ਇਕ ਸਮਰਪਿਤ ਸ਼ਰਧਾਵਾਨ ਸਿੱਖ ਵਾਂਗ ਸਿੱਖ ਇਤਿਹਾਸ ਦੀ ਵਿਥਿਆ ਰਾਹੀਂ ਪਾਠਕਾਂ ਅੰਦਰ ਧਰਮ ਪ੍ਰਤੀ ਸਤਿਕਾਰ ਤੇ ਸਿੱਖ ਸਜਣ ਦੀ ਉਮੰਗ ਪੈਦਾ ਕਰਨ ਲਈ ਇੱਛਾ ਰੱਖਦੇ ਹਨ। ਉਨ੍ਹਾਂ ਦਾ ਮੂਲ ਉਦੇਸ਼ ਪਾਠਕਾਂ ਨੂੰ ਆਪਣੇ ਇਤਿਹਾਸ ਤੋਂ ਜਾਣੂ ਕਰਵਾ ਕੇ ਸਿੱਖ ਧਰਮ ਦੀ ਸਦੀਵਤਾ ਨੂੰ ਬਰਕਰਾਰ ਰੱਖਣਾ ਹੈ। ਉਨ੍ਹਾਂ ਦੀਆਂ ਇਤਿਹਾਸਕ ਕਵਿਤਾਵਾਂ ਦਾ ਮੂਲ ਮਨੋਰਥ ਆਪਣੇ ਧਰਮ ਦਾ ਸਤਿਕਾਰ ਤੇ ਮਾਨਵਤਾ ਦੀ ਹੋਂਦ ਨੂੰ ਬਰਕਰਾਰ ਰੱਖਣਾ ਹੈ।
ਇਤਿਹਾਸਕ ਕਵਿਤਾਵਾਂ ਤੋਂ ਇਲਾਵਾ ਉਨ੍ਹਾਂ ਕੁਝ ਸਮਾਜਿਕ ਸਮੱਸਿਆਵਾਂ ਨੂੰ ਵੀ ਕਵਿਤਾਵਾਂ ਦੇ ਵਿਸ਼ੇ ਬਣਾ ਕੇ ਜ਼ਿੰਦਗੀ ਦੇ ਯਥਾਰਥ ਨੂੰ ਪੇਸ਼ ਕੀਤਾ ਹੈ। ‘ਜੋਗਨ ਦਾ ਗੀਤ’ ਅਤੇ ‘ਵਤਨ ਦੀ ਯਾਦ’ ਕਵਿਤਾਵਾਂ ਵਿਚ ਕਵੀ ਨੇ ਭਾਰਤ ਨੂੰ ਮਹਾਨ ਦੇਸ਼ ਵਜੋਂ ਉਭਾਰਿਆ ਹੈ। ਕਵੀ ਨੇ ਵਿਅੰਗਮਈ ਸੁਰ ਵਿਚ ਕਿਹਾ ਹੈ ਕਿ ਸਾਹਿਤ ਰਚਣ ਵਾਲਾ ਸਾਹਿਤਕਾਰ ਘਰ ਵਿਚ ਗਰੀਬੀ ਹੰਢਾਉਂਦਾ ਹੈ। ਉਹ ਪਾਠਕਾਂ ਨੂੰ ਤਾਂ ਸੇਧ ਦਿੰਦਾ ਹੈ, ਉਨ੍ਹਾਂ ਨੂੰ ਸੁਹਜ ਤੇ ਅਨੰਦ ਦਿੰਦਾ ਹੈ ਪਰ ਉਹ ਆਪ ਤੇ ਉਸ ਦਾ ਪਰਵਾਰ ਦੁਨਿਆਵੀ ਖੁਸ਼ੀਆਂ ਤੋਂ ਵੰਚਿਤ ਰਹਿੰਦਾ ਹੈ:
ਲੋੜਾਂ ਸਤਾਵਣ ਘਰ ਦੀਆਂ
ਮਗਰੋਂ ਨਾ ਲਹਿੰਦੀਆਂ ਮਰਦੀਆਂ
ਘਰ ਵਿਚ ਨਹੀਂ ਕੁਝ ਲੱਭਦਾ
ਹੈ ਇਕੋ ਇਕ ਨਾਂ ਰੱਬ ਦਾ।8
ਇਸ ਤਰ੍ਹਾਂ ‘ਬਾਲ ਵਿਧਵਾ’ ਕਵਿਤਾ ਵਿਚ ਛੋਟੀ ਉਮਰ ਵਿਚ ਵਿਧਵਾ ਹੋਈ ਔਰਤ ਦੇ ਮਾਨਸਿਕ ਸੰਤਾਪ ਨੂੰ ਚਿਤਰਿਆ ਹੈ। ਇਸ ਤੋਂ ਇਲਾਵਾ ਸਮਾਜ ਵਿਚ ਵਿਚਰਦਿਆਂ ਕਵੀ ਨੇ ਹਰ ਵਰਗ ਨੂੰ ਨਜ਼ਦੀਕ ਤੋਂ ਵੇਖਿਆ। ਉਨ੍ਹਾਂ ਦੀਆਂ ਕਵਿਤਾਵਾਂ ਵਿਚ ਜ਼ਿੰਦਗੀ ਦਾ ਸੱਚ ਵਿਦਮਾਨ ਹੈ। ਉਨ੍ਹਾਂ ਦੀ ਕਵਿਤਾ ਪੜ੍ਹ ਕੇ ਇੰਞ ਪ੍ਰਤੀਤ ਹੁੰਦਾ ਹੈ ਜਿਵੇਂ ਇਹ ਤਜ਼ਰਬਾ ਉਨ੍ਹਾਂ ਦੇ ਨਿੱਜੀ ਜੀਵਨ ਦਾ ਹਿੱਸਾ ਹੋਵੇਗਾ।
‘ਬਈ ਵਾਹ’ ਕਵਿਤਾ ਵਿਚ ਕਵੀ ਨੇ ਕਿਸਾਨ ਦੇ ਦੁਖਾਂਤ ਨੂੰ ਪੇਸ਼ ਕੀਤਾ ਹੈ। ਕਿਸਾਨ ਜੋ ਸਭ ਦਾ ਅੰਨਦਾਤਾ ਮੰਨਿਆ ਜਾਂਦਾ ਹੈ ਪਰ ਅਨਪੜ੍ਹਤਾ ਕਾਰਨ ਉਹ ਸ਼ਾਹੂਕਾਰਾਂ ਦੀ ਲੁੱਟ ਦਾ ਦੁਖਾਂਤ ਭੋਗਦਾ ਹੈ। ਕਵੀ ਨੇ ਇਸ ਕਵਿਤਾ ਵਿਚ ਦਰਸਾਇਆ ਹੈ ਉਸ ਸਮੇਂ ਕਿਸਾਨਾਂ ਦੀ ਹਾਲਤ ਬੇਵੱਸੀ ਵਾਲੀ ਸੀ। ਉਹ ਭੋਲੇ ਤੇ ਈਮਾਨ ਦੇ ਪੱਕੇ ਹੋਣ ਕਾਰਨ ਘਰ ਦੀਆਂ ਖੁਸ਼ੀਆਂ ਨੂੰ ਪਰ੍ਹੇ ਕਰਕੇ ਆਪਣੀ ਜਿਣਸ ਤੋਂ ਕਰਜ਼ਾ ਲਾਹੁਣ ਬਾਰੇ ਸੋਚਦੇ ਰਹਿੰਦੇ ਤੇ ਆਰਥਿਕ ਪੱਖੋਂ ਕਦੀ ਵੀ ਖੁਸ਼ਹਾਲ ਨਾ ਹੁੰਦੇ। ਸੀਤਲ ਜੀ ਦੀਆਂ ਕੁਝ ਕਵਿਤਾਵਾਂ ਵਿਚ ਦੰਪਤੀ ਜੀਵਨ ਦੀਆਂ ਨੋਕਾਂ-ਝੋਕਾਂ ਨੂੰ ਪ੍ਰਗਟਾਇਆ ਗਿਆ ਹੈ। ਕਵੀ ਆਪਣੇ ਸਮਕਾਲੀ ਸਮੇਂ ਦੀਆਂ ਸਮਾਜਿਕ ਊਣਤਾਈਆਂ ਨੂੰ ਕਵਿਤਾ ਰਾਹੀਂ ਪ੍ਰਗਟਾ ਕੇ ਸਮਾਧਾਨ ਦੀ ਮੰਗ ਕਰਦਾ ਹੈ ਤੇ ਇਉਂ ਸਾਰਥਕ ਉਦੇਸ਼ ਦੀ ਪੂਰਤੀ ਕਰਦਾ ਹੈ।
ਇਸ ਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ ਵਿਚ ਵਿਸ਼ੇ ਪੱਖੋਂ ਹੀ ਵਿਭਿੰਨਤਾ ਨਹੀਂ ਮਿਲਦੀ ਸਗੋਂ ਇਹ ਰੂਪਕ ਪੱਖੋਂ ਵੀ ਅੱਡਰੀ ਪਛਾਣ ਦੀਆਂ ਲਖਾਇਕ ਹਨ। ਸੀਤਲ ਜੀ ਦੁਆਰਾ ਰਚਿਤ ਕਵਿਤਾਵਾਂ ਵਿਚ ਭਾਵ, ਕਲਪਨਾ, ਰਸ, ਅਲੰਕਾਰ, ਬਿੰਬ, ਪ੍ਰਤੀਕ ਦੀ ਸੁਚੱਜੀ ਵਰਤੋਂ ਉਨ੍ਹਾਂ ਦੇ ਕਲਾਤਮਿਕ ਗੁਣਾਂ ਨੂੰ ਉਭਾਰਦੀ ਹੈ।
ਸੰਖੇਪ ਵਿਚ ਕਿਹਾ ਜਾ ਸਕਦਾ ਹੈ ਕਿ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦੀ ਕਵਿਤਾ ਵਿਸ਼ੇ ਤੇ ਰੂਪ ਦੀਆਂ ਵਿਭਿੰਨਤਾਵਾਂ ਪ੍ਰਗਟ ਕਰਦੀ ਹੈ। ਉਹ ਇਕ ਮਹਾਨ ਢਾਡੀ ਤਾਂ ਹਨ ਹੀ ਇਸ ਦੇ ਨਾਲ-ਨਾਲ ਕਈ ਪੱਖੋਂ ਉਨ੍ਹਾਂ ਦੀ ਕਾਵਿ-ਰਚਨਾ ਵੀ ਉੱਤਮ ਗੁਣਾਂ ਦੀ ਲਖਾਇਕ ਹੈ। ਗਿਆਨੀ ਜੀ ਦੀ ਕਵਿਤਾ ਵਿਚ ਸਿੱਖ ਇਤਿਹਾਸ ਦੀ ਭਰਵੀਂ ਸ਼ਮੂਲੀਅਤ ਹੋਣ ਕਰਕੇ ਇਹ ਮਨੁੱਖ ਨੂੰ ਸਹੀ ਸੇਧ ਦੇਣ ਦਾ ਕਾਰਜ ਕਰਦੀ ਹੈ ਜੋ ਕਿ ਲਾਸਾਨੀ ਕਾਰਜ ਹੈ।
ਲੇਖਕ ਬਾਰੇ
- ਹੋਰ ਲੇਖ ਉਪਲੱਭਧ ਨਹੀਂ ਹਨ