editor@sikharchives.org

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ : ਨਵੀਨ ਤੱਥ

ਗੁਰੂ ਅਰਜਨ ਸਾਹਿਬ ਨੇ ਦੀਨ-ਦੁਖੀ ਦੀ ਸਹਾਇਤਾ ਦੀ ਦ੍ਰਿਸ਼ਟੀ ਤੋਂ ਖੁਸਰੋ ਨੂੰ ਲੰਗਰ ਛਕਾਇਆ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਭਾਈ ਸਾਹਿਬ ਭਾਈ ਵੀਰ ਸਿੰਘ ਨੇ ਸੰਪਾਦਨ ਕਰਦਿਆਂ ‘ਗੁਰ ਪ੍ਰਤਾਪ ਸੂਰਜ ਗ੍ਰੰਥ’ ਵਿਚ ਬੜਾ ਵੱਡਾ ਨੋਟ ਦੇ ਕੇ ਇਹ ਸਿੱਧ ਕੀਤਾ ਹੈ ਕਿ ਜਹਾਂਗੀਰ ਦੇ ਪੁੱਤਰ ਖੁਸਰੋ ਜਿਸ ਨੇ ਆਪਣੇ ਪਿਤਾ ਦੇ ਖਿਲਾਫ ਬਗਾਵਤ ਕੀਤੀ ਸੀ, ਗੁਰੂ ਅਰਜਨ ਸਾਹਿਬ ਨੂੰ ਮਿਲਿਆ ਹੀ ਨਹੀਂ। ਜਹਾਂਗੀਰ ਨੇ ਆਪਣੇ ਤੁਅੱਸਬ ਕਰਕੇ ਗੁਰੂ ਅਰਜਨ ਸਾਹਿਬ ਵਾਸਤੇ ਸ਼ਹੀਦੀ ਦਾ ਹੁਕਮ ਦੇ ਦਿੱਤਾ। ਇਸ ਸਿਧਾਂਤ ਦੇ ਪੱਖ ਵਿਚ ਉਨ੍ਹਾਂ ਨੇ ‘ਤੋਜ਼ਕਿ-ਜਹਾਂਗੀਰੀ’ ਜੋ ਜਹਾਂਗੀਰ ਦੀ ਆਪਣੀ ਲਿਖਤ ਹੈ ਤੋਂ ਟੂਕਾਂ ਦੇ ਕੇ ਸਿੱਧ ਕੀਤਾ ਹੈ ਕਿ ਜਹਾਂਗੀਰ ਮਾਝੇ ਦੇ ਇਲਾਕੇ ਵਿਚ ਭਾਵ ਬਿਆਸ ਤੋਂ ਰਾਵੀ ਤਕ ਤਕਰੀਬਨ ਦੋ ਹਫਤੇ ਰਿਹਾ ਤੇ ਉਸ ਨੂੰ ਖੁਸਰੋ ਦੇ ਗੁਰੂ ਸਾਹਿਬ ਨੂੰ ਮਿਲਣ ਦੀ ਕੋਈ ਖ਼ਬਰ ਨਹੀਂ ਮਿਲੀ। ਜੇ ਗੁਰੂ ਸਾਹਿਬ ਮਿਲਦੇ ਤਾਂ ਜ਼ਰੂਰ ਉਸ ਦੇ ਜਸੂਸ ਜਾਂ ਹੋਰ ਲੋਕ ਇਨਾਮ ਲੈਣ ਦੀ ਖ਼ਾਤਰ ਖ਼ਬਰ ਦਿੰਦੇ। ਇਸੇ ਤਰ੍ਹਾਂ ਦਾ ਸਿਧਾਂਤ ਡਾ. ਗੰਡਾ ਸਿੰਘ ਨੇ ਆਪਣੀ ਪੁਸਤਕ ‘ਮਾਖਜ਼ੇ-ਤਵਾਰੀਖੇ-ਸਿੱਖਾਂ’ ਵਿਚ ਜਹਾਂਗੀਰ ਦੀ ‘ਤੋਜ਼ਕਿ-ਜਹਾਂਗੀਰੀ’ ਦੇ ਸੰਬੰਧ ਵਿਚ ਨੋਟ ਦਿੱਤਾ ਹੈ। ਸੰਨ 1950 ਵਿਚ ਪ੍ਰਿੰਸੀਪਲ ਤੇਜਾ ਸਿੰਘ ਤੇ ਗੰਡਾ ਸਿੰਘ ਨੇ ਰਲ ਕੇ ਅੰਗਰੇਜ਼ੀ ਵਿਚ ‘A Short History of the Sikhs’ ਲਿਖਿਆ। ਉਸ ਵਿਚ ਵੀ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਬਾਰੇ ਇਸੇ ਤਰ੍ਹਾਂ ਦੇ ਖਿਆਲਾਂ ਦਾ ਪ੍ਰਗਟਾਵਾ ਕੀਤਾ।

ਇਤਿਹਾਸ ਇਕ ਵਿਸ਼ਾਲ ਵਿਸ਼ਾ ਹੈ। ਕਿਸੇ ਇਕ ਸ੍ਰੋਤ ਦੇ ਆਧਾਰ ’ਤੇ ਕੋਈ ਸਿੱਟਾ ਕੱਢਿਆਂ ਕਈ ਵਾਰੀ ਗਲਤ ਹੋ ਜਾਂਦਾ ਹੈ। ਸਿੱਖ ਵਿਦਵਾਨਾਂ ਵਿਚ ਫ਼ਾਰਸੀ ਦੇ ਇਲਮ ਦੀ ਘਾਟ ਹੋਣ ਕਰਕੇ ਜਹਾਂਗੀਰ ਦੇ ਸਮੇਂ ਦੇ ਸਮਕਾਲੀ ਤੇ ਅਰਧ-ਸਮਕਾਲੀ, ਫਾਰਸੀ ਇਤਿਹਾਸ ਕਿਸੇ ਖੋਜਣ ਦੀ ਖੇਚਲ ਨਹੀਂ ਕੀਤੀ। ਇਹੀ ਕਾਰਨ ਹੈ ਕਿ ਕਈ ਦਹਾਕਿਆਂ ਤੋਂ ਸਿੱਖਾਂ ਵਿਚ ਇਹੀ ਪ੍ਰਚੱਲਤ ਹੈ ਕਿ ਖੁਸਰੋ ਗੁਰੂ ਸਾਹਿਬ ਨੂੰ ਨਹੀਂ ਮਿਲਿਆ।

ਭਾਈ ਵੀਰ ਸਿੰਘ ਤੇ ਡਾ. ਗੰਡਾ ਸਿੰਘ ਦੀ ਖੋਜ ਦੇ ਦੋ ਸਿੱਟੇ ਨਿਕਲਦੇ ਹਨ:

1. ਖੁਸਰੋ ਲਾਹੌਰ ਜਾਂਦਾ ਹੋਇਆ ਗੁਰੂ ਸਾਹਿਬ ਨੂੰ ਨਹੀਂ ਮਿਲਿਆ।

2. ਜੇ ਮਿਲਿਆ ਹੁੰਦਾ ਤਾਂ ਬਾਦਸ਼ਾਹ ਨੂੰ ਫੌਰਨ ਪਤਾ ਲੱਗ ਜਾਣਾ ਸੀ। ਇਨ੍ਹਾਂ ਸਿੱਟਿਆਂ ਨਾਲ ਮੇਰੀ ਪੂਰੀ ਸਹਿਮਤੀ ਹੈ। ਪਰ ਗੱਲ ਇਥੇ ਮੁੱਕਦੀ ਨਹੀਂ। ਗੱਲ ਇਥੇ ਮੁੱਕ ਜਾਣੀ ਸੀ ਜੇ ਖੁਸਰੋ ਲਾਹੌਰ ਤੋਂ ਹੀ ਚਨਾਬ ਵਾਲੇ ਪਾਸੇ ਭੱਜਦਾ ਤੇ ਫੜਿਆ ਜਾਂਦਾ। ਪਰ ਇਸ ਤਰ੍ਹਾਂ ਨਹੀਂ ਹੋਇਆ। ਸਮਕਾਲੀ ਤਾਰੀਖਾਂ ਜੋ ਫਾਰਸੀ ਵਿਚ ਹਨ ਵਿਸ਼ੇਸ਼ ਕਰਕੇ ‘ਇਕਬਾਲਨਾਮਾ ਜਹਾਂਗੀਰੀ’, ‘ਮੁਆਸੁਰ-ਉਲ-ਉਮਰਾ’ ਅਤੇ ‘ਸ਼ਾਹਜਹਾਂਨਾਮਾ’ ਪੜ੍ਹਿਆਂ ਪਤਾ ਲੱਗਦਾ ਹੈ ਕਿ ਖੁਸਰੋ ਨੇ ਜਦੋਂ ਬਿਆਸ ਦਰਿਆ ਲੰਘਿਆ ਤੇ ਬਹੁਤ ਸਾਰੇ ਲੋਕ ਉਸ ਦੀ ਫੌਜ ਵਿਚ ਸ਼ਾਮਲ ਹੋ ਗਏ। ਉਹਦੀਆਂ ਫੌਜਾਂ ਦੀ ਗਿਣਤੀ ਦਸ ਜਾਂ ਬਾਰਾਂ ਹਜ਼ਾਰ ਹੋ ਗਈ। ਇਸ ਕਰਕੇ ਉਸ ਨੇ ਲਾਹੌਰ ਜਿੱਤਣ ਦਾ ਫੈਸਲਾ ਕਰ ਲਿਆ। ਜਲਦੀ-ਜਲਦੀ ਬਿਆਸ ਤੋਂ ਤਰਨਤਾਰਨ ਦੇ ਰਸਤੇ (ਉਦੋਂ ਇਹੀ ਸੜਕ ਲਾਹੌਰ ਜਾਂਦੀ ਸੀ) ਤੋਂ ਲਾਹੌਰ ਪੁੱਜ ਗਿਆ। ਲਾਹੌਰ ਦਾ ਘੇਰਾ ਨੌਂ ਦਿਨ ਕਰੀ ਰੱਖਿਆ। ਪਰ ਜਹਾਂਗੀਰ ਨੇ ਲਾਹੌਰ ਦੇ ਕਿਲ੍ਹੇ ਦਾ ਚੰਗਾ ਪ੍ਰਬੰਧ ਕਰਾਇਆ ਸੀ, ਜਿੱਤ ਨਾ ਸਕਿਆ। ਫਿਰ ਇਸ ਨੇ ਪਿੱਛੇ ਮੁੜ ਕੇ ਆਪਣੇ ਪਿੱਛੇ ਆ ਰਹੀ ਫੌਜ ਦਾ ਟਾਕਰਾ ਕਰਨ ਦਾ ਫੈਸਲਾ ਕਰ ਲਿਆ। ਖੁਸਰੋ ਦਾ ਖਿਆਲ ਸੀ ਕਿ ਜਿਹੜੀਆਂ ਫੌਜਾਂ ਉਹਦੇ ਪਿੱਛੇ ਆ ਰਹੀਆਂ ਹਨ ਉਹ ਥੋੜ੍ਹੀਆਂ ਹਨ। ਉਨ੍ਹਾਂ ਦੀ ਗਿਣਤੀ ਦਾ ਅੰਦਾਜ਼ਾ ਕੇਵਲ ਚਾਰ ਹਜ਼ਾਰ ਸੀ। ਇਸ ਲਈ ਉਹ ਚਾਹੁੰਦਾ ਸੀ ਕਿ ਮੁਰਤਜਾ ਫਰੀਦਾ ਖ਼ਾਂ ਦੀਆਂ ਫੌਜਾਂ ਜੋ ਉਸ ਦਾ ਪਿੱਛਾ ਕਰ ਰਹੀਆਂ ਹਨ ਉਨ੍ਹਾਂ ਨੂੰ ਬਿਆਸ ਦਰਿਅ ਨਾ ਟੱਪਣ ਦੇਵੇ। ਪਰ ਉਹਦੇ ਆਉਣ ਤੋਂ ਪਹਿਲਾਂ ਮੁਰਤਜ਼ਾ ਫਰੀਦ ਖਾਂ ਦੀਆਂ ਫੌਜਾਂ ਬਿਆਸ ਦਰਿਆ ਟੱਪ ਕੇ ਗੋਇੰਦਵਾਲ ਸਾਹਿਬ ਲੰਘ ਕੇ ਭਰੋਵਾਲ ਪਹੁੰਚ ਗਈਆਂ ਸਨ ਜੋ ਗੋਇੰਦਵਾਲ ਤੋਂ 3-4 ਕਿਲੋਮੀਟਰ ਦੂਰੀ ’ਤੇ ਹੈ। ਸੋ ਖੁਸਰੋ ਤੇ ਮੁਰਤਜ਼ਾ ਫਰੀਦ ਖਾਂ ਦੀ ਲੜਾਈ ਭਰੋਵਾਲ ਦੇ ਸਥਾਨ ’ਤੇ ਹੋਈ।

ਭਰੋਵਾਲ ਦੀ  ਲੜਾਈ  :

ਇਹ ਲੜਾਈ 15 ਅਪ੍ਰੈਲ 1606 ਈ. ਵਿਚ ਖੁਸਰੋ ਦੀਆਂ ਫੌਜਾਂ ਤੇ ਮੁਰਤਜ਼ਾ ਫਰੀਦ ਖਾਂ ਦੀਆਂ ਫੌਜਾਂ ਵਿਚਕਾਰ ਹੋਈ। ਇਸ ਲੜਾਈ ਵਿਚ ‘ਇਕਬਾਲਨਾਮਾ ਜਹਾਂਗੀਰੀ’ ਦਾ ਲੇਖਕ ਮੋਹਤਮਿਦ ਖਾਂ ਜੋ ਜਹਾਂਗੀਰ ਦਾ ਖਾਸ ਨਿਕਟਵਰਤੀ ਸੀ ਮੁਰਤਜ਼ਾ ਖਾਂ ਦੇ ਨਾਲ ਮਿਲ ਕੇ ਖੁਸਰੋ ਦੀਆਂ ਫੌਜਾਂ ਨਾਲ ਲੜ ਰਿਹਾ ਸੀ। ਭਰੋਵਾਲ ਦੀ ਲੜਾਈ ਦਾ ਹਾਲ ਉਸ ਨੇ ਬੜੇ ਵਿਸਥਾਰ ਨਾਲ ‘ਇਕਬਾਲਨਾਮਾ ਜਹਾਂਗੀਰੀ’ ਵਿਚ ਲਿਖਿਆ ਹੈ ਅਤੇ ‘ਪੰਜਾਬ ਅੰਡਰ ਦੀ ਮੁਗ਼ਲਜ਼’ ਕ੍ਰਿਤ ਮੁਹੰਮਦ ਅਕਬਰ (ਲਾਹੌਰ 1948) ਵਿਚ ਉਧਰਤ ਹੈ।

ਲੜਾਈ ਅਰੰਭ ਹੋਣ ਤੋਂ ਪਹਿਲਾਂ ਮੀਂਹ ਪੈਣ ਦਾ ਅਸਰ ਖੁਸਰੋ ਦੀਆਂ ਫੌਜਾਂ ’ਤੇ ਬਹੁਤ ਭੈੜਾ ਪਿਆ। ਕਮਾਨ ਦਾ ਚਿੱਲਾ ਚੜ੍ਹਾਉਣਾ ਔਖਾ ਹੋ ਗਿਆ। ਸਭ ਤੋਂ ਵੱਡਾ ਕਾਰਨ ਖੁਸਰੋ ਦੀ ਹਾਰ ਦਾ ਇਹ ਹੋਇਆ ਕਿ ਮੁਰਤਜ਼ਾ ਫਰੀਦ ਖਾਂ ਦੀ ਫੌਜ ਨੇ ਬੜੇ ਤਰੀਕੇ ਨਾਲ ਇਹ ਅਫਵਾਹ ਉਡਾ ਦਿੱਤੀ ਕਿ ਜਹਾਂਗੀਰ ਬਾਦਸ਼ਾਹ ਇਕ ਬੜੀ ਵੱਡੀ ਫੌਜ ਲੈ ਕੇ ਬਿਆਸ ਦਰਿਆ ਪਾਰ ਕਰ ਚੁੱਕਾ ਹੈ। ਇਹ ਗੱਲ ਢੋਲ, ਢਮੱਕੇ ਤੇ ਵਾਜਿਆਂ ਨਾਲ ਫੌਜਾਂ ਵਿਚ ਫੈਲਾ ਦਿੱਤੀ ਗਈ, ਜਿਸ ਦਾ ਅਸਰ ਇਹ ਹੋਇਆ ਕਿ ਖੁਸਰੋ ਦੀਆਂ ਫੌਜਾਂ ਡਰ ਗਈਆਂ, ਉਨ੍ਹਾਂ ਨੱਸਣਾ ਸ਼ੁਰੂ ਕਰ ਦਿੱਤਾ। ਬਹੁਤ ਸਾਰੇ ਸਿਪਾਹੀ ਮਾਰੇ ਗਏ। ਖੁਸਰੋ ਜਾਨ ਬਚਾ ਕੇ ਮਸਾਂ ਇਸ ਲੜਾਈ ਵਿੱਚੋਂ ਨਿਕਲਿਆ। ਉਹਦਾ ਖਜ਼ਾਨਾ ਕੀਮਤੀ ਜ਼ੇਵਰ ਸਾਰੇ ਮੁਰਤਜ਼ਾ ਫਰੀਦ ਖਾਂ ਦੀਆਂ ਫੌਜਾਂ ਦੇ ਹੱਥ ਆ ਗਏ।

ਦੇਵਨੇਤ ਨਾਲ ਜਹਾਂਗੀਰ ਪੰਦਰਾਂ ਅਪ੍ਰੈਲ ਦੀ ਰਾਤ ਪਈ ਆਪਣੀਆਂ ਫੌਜਾਂ ਲੈ ਕੇ ਮੁਰਤਜ਼ਾ ਫਰੀਦ ਖਾਂ ਦੀਆਂ ਫੌਜਾਂ ਨਾਲ ਆ ਮਿਲਿਆ। ਖੁਸਰੋ ਦਾ ਖ਼ਜ਼ਾਨਾ ਕੀਮਤੀ ਸਾਮਾਨ ਜਹਾਂਗੀਰ ਦੇ ਪੇਸ਼ ਕਰ ਦਿੱਤਾ ਗਿਆ। ਜਿੱਥੇ ਮੁਰਤਜ਼ਾ ਫਰੀਦ ਖਾਂ ਠਹਿਰਿਆ ਹੋਇਆ ਸੀ ਉਥੇ ਨਵਾਂ ਨਗਰ ਫਤਿਹਾਬਾਦ ਦੇ ਨਾਮ ਨਾਲ ਆਬਾਦ ਕੀਤਾ। ਮੁਰਤਜ਼ਾ ਫਰੀਦ ਖਾਂ ਨੂੰ ਮੁਰਤਜ਼ਾ ਖਾਂ ਦਾ ਖਿਤਾਬ ਦਿੱਤਾ, ਜਿਸ ਦਾ ਪਹਿਲਾ ਨਾਮ ਫਰੀਦ ਖਾਂ ਸੀ। ਇਸ ਲੜਾਈ ਦਾ ਹਾਲ ਡਾਕਟਰ ਈਸ਼ਵਰੀ ਪ੍ਰਸਾਦ ਨੇ ਆਪਣੀ ਪੁਸਤਕ ‘A Short History of Muslim Rule in India’ ਵਿਚ ਇਸ ਤਰ੍ਹਾਂ ਲਿਖਿਆ ਹੈ:

A battle was fought at Bharowal in which rebels were severely defeated. About four hundred of them were slain in the battle and those that survived were terribly frightened. Khusereo himself escaped from the field of battle and his box containing jewellery and other precious articles fell in the hands of imperialist. But he was not yet safe.

“ਭਰੋਵਾਲ ਦੇ ਅਸਥਾਨ ’ਤੇ ਲੜਾਈ ਹੋਈ ਜਿਸ ਵਿਚ ਬਾਗੀਆਂ ਦੀ ਹਾਰ ਬੁਰੀ ਤਰ੍ਹਾਂ ਹੋਈ। ਉਨ੍ਹਾਂ ਦੇ ਚਾਰ ਸੌ ਆਦਮੀ ਲੜਾਈ ਵਿਚ ਮਾਰੇ ਗਏ। ਜਿਹੜੇ ਬਚੇ ਬੁਰੀ ਤਰ੍ਹਾਂ ਡਰ ਗਏ (ਤੇ ਨੱਸ ਗਏ) ਖੁਸਰੋ ਆਪ ਮਸਾਂ ਜਾਨ ਬਚਾ ਕੇ ਜੰਗ ਦੇ ਮੈਦਾਨ ਵਿੱਚੋਂ ਨਿਕਲਿਆ ਅਤੇ ਉਸ ਦੇ ਕੀਮਤੀ ਜ਼ੇਵਰ ਤੇ ਖਜ਼ਾਨਾ ਫਰੀਦ ਖਾਂ ਦੀਆਂ ਫੌਜਾਂ ਹੱਥ ਆ ਗਿਆ। ਉਹ ਹਾਲੀ ਵੀ ਸੁਰੱਖਿਅਤ ਨਹੀਂ ਸੀ।”

ਭਰੋਵਾਲ ਤੋਂ ਤਰਨਤਾਰਨ ਕੇਵਲ ਤਕਰੀਬਨ 20 ਕਿਲੋਮੀਟਰ ਹੈ। ਇਹ ਪੁਰਾਣੀ ਸੜਕ ਸਰਾਏ ਅਮਾਨਤ ਖਾਂ ਤੇ ਅਟਾਰੀ ਤੋਂ ਹੁੰਦੀ ਹੋਈ ਲਾਹੌਰ ਜਾਂਦੀ ਸੀ। ਹਾਰ ਖਾਣ ਤੋਂ ਬਾਅਦ ਖੁਸਰੋ ਆਪਣੀ ਖਸਤਾ ਹਾਲਤ ਵਿਚ ਗੁਰੂ ਅਰਜਨ ਸਾਹਿਬ ਜੀ ਦੀ ਸ਼ਰਨ ਆਇਆ। ਕੁਝ ਨਜ਼ਰਾਨਾ ਭੇਟ ਕਰ ਕੇ ਆਪਣੀ ਦੁੱਖ ਭਰੀ ਹਾਲਤ ਦੱਸੀ ਤੇ ਮਦਦ ਦੀ ਜਾਚਨਾ ਕੀਤੀ। ਕਈ ਥਾਵਾਂ ’ਤੇ ਫਾਰਸੀ ਸ੍ਰੋਤ ਤੇ ਗੁਰਮੁਖੀ ਸ੍ਰੋਤ ਮੇਲ ਖਾ ਜਾਂਦੇ ਹਨ। ਮਹਿਮਾ ਪ੍ਰਕਾਸ਼ ਨੇ ਖੁਸਰੋ ਦੀ ਹਾਲਤ ਇਸ ਤਰ੍ਹਾਂ ਬਿਆਨ ਕੀਤੀ ਹੈ:

ਸਤਿਗੁਰ ਤਰਨਤਾਰਨ ਪਰ ਗਏ।
ਕਤੇਕ ਦਿਨ ਤਹਾ ਬੀਤਤ ਭਏ।
ਭਾਗਾ ਆਇਆ ਇਕ ਸ਼ਹਿਜ਼ਾਦਾ।
ਕਛੁ ਬਾਦਸ਼ਾਹ ਸੋ ਬਇਆ ਬਿਬਾਦਾ।
ਉਹਾ ਆਨ ਡੇਰਾ ਤਿਨ ਲੀਨਾ।
ਸਤਿਗੁਰ ਸੋ ਭੇਟਾ ਤਿਨ ਕੀਨਾ,
ਸੋ ਬਡਾ ਤਾ ਪਰ ਭਾਈ ਆਫਤ,
ਦੇਖ ਦਇਆਲ ਗੁਰ ਕਰੀ ਜਿਆਫਤ॥
ਤਾ ਕੋ ਖਾਨ ਪਾਨ ਸਭ ਦੀਆ,
ਨਿਸ ਕਰ ਗੁਜਾਰਨ ਕੂਚ ਤਿਨ ਕੀਆ॥

ਦੋਹਰਾ : ਸਹਜਾਦੇ ਜੀ ਭਾਗ ਕਰ ਗਏ ਗੁਰ ਅਰਜਨ ਪਾਸ।
ਕਛੁ ਮਦਤ ਖਜਾਨੇ ਕੀ ਕਰੀ ਕੀਨੀ ਬਹੁਤ ਸੁਪਾਸ।

ਗੁਰੂ ਸਾਹਿਬ ਨੇ ਸ਼ਹਿਜ਼ਾਦੇ ਨੂੰ ਉਸ ਦੀ ਮੁਸੀਬਤ ਦੇਖ ਕੇ ਲੰਗਰ ਛਕਾਇਆ ਕਿਉਂਕਿ ਗੁਰੂ-ਘਰ ਦਾ ਅਸੂਲ ਹੈ:

ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹੁ ਬਿਰਦੁ ਸੁਆਮੀ ਸੰਦਾ॥  (ਪੰਨਾ 544)

ਗੁਰੂ ਸਾਹਿਬ ਨੇ ਉਸ ਦੀ ਲਾਚਾਰੀ ਦੇਖਦੇ ਹੋਏ ਉਸ ਵੱਲੋਂ ਅਧੀਨਗੀ ਨਾਲ ਬੇਨਤੀ ਕਰਨ ’ਤੇ ‘ਭਨਤਿ ਬਿਨੈ ਅਧਿਕਾਇ ਅਧੀਨ’ ਅਧੀਨ ਉਸ ਨੂੰ ਲੰਗਰ-ਪਾਣੀ ਲਈ ਥੋੜ੍ਹੀ ਜਿਹੀ ਮਾਇਆ ਦਿੱਤੀ।

ਬਾਦਸ਼ਾਹ ਦੇ ਮੁਖਬਰਾਂ ਨੇ ਖੁਸਰੋ ਦੇ ਗੁਰੂ ਅਰਜਨ ਦੇਵ ਜੀ ਨੂੰ ਮਿਲਣ ਦੀ ਤੁਰੰਤ ਖ਼ਬਰ ਕਿਉਂ ਨਾ ਦਿੱਤੀ?

15 ਅਪ੍ਰੈਲ, 1606 ਈ. ਦੀ ਰਾਤ ਜਹਾਂਗੀਰ ਬਾਦਸ਼ਾਹ ਤੇ ਮੁਰਤਜ਼ਾ ਫਰੀਦ ਖਾਂ ਇਕੱਠੇ ਰਹੇ। ਸਾਰੇ ਅਹਿਲਕਾਰਾਂ ਤੇ ਮੁਖਬਰਾਂ ਦਾ ਧਿਆਨ ਬਾਦਸ਼ਾਹ ਵੱਲ ਹੋ ਗਿਆ। ਬਾਦਸ਼ਾਹ ਦੀਆਂ ਫੌਜਾਂ ਆਉਣ ਨਾਲ ਤੇ ਖੁਸਰੋ ਦੀ ਬੁਰੀ ਤਰ੍ਹਾਂ ਹਾਰ ਨਾਲ ਸਭ ਨੂੰ ਯਕੀਨ ਹੋ ਗਿਆ ਕਿ ਹੁਣ ਖੁਸਰੋ ਦਾ ਪਕੜਿਆ ਜਾਣਾ ਨਿਸ਼ਚਿਤ ਹੋ ਗਿਆ ਹੈ। ਇਸ ਲਈ ਉਸ ਰਾਤ ਸਾਰੇ ਖੁਸਰੋ ਵੱਲੋਂ ਬੇਫਿਕਰ ਹੋ ਗਏ। ਇਹ ਉਹੀ ਰਾਤ ਸੀ ਜਦੋਂ ਖੁਸਰੋ ਗੁਰੂ ਅਰਜਨ ਸਾਹਿਬ ਨੂੰ ਮਿਲਿਆ ਜਿਵੇਂ ਕਿ ਮਹਿਮਾ ਪ੍ਰਕਾਸ਼ ਵਿਚ ਲਿਖਿਆ ਹੈ: ‘ਨਿਸ ਕਰ ਗੁਜਰਾਨ ਕੂਚ ਤਿਨ ਕੀਆ।’

ਗੁਰੂ ਅਰਜਨ ਸਾਹਿਬ ਨੇ ਦੀਨ-ਦੁਖੀ ਦੀ ਸਹਾਇਤਾ ਦੀ ਦ੍ਰਿਸ਼ਟੀ ਤੋਂ ਖੁਸਰੋ ਨੂੰ ਲੰਗਰ ਛਕਾਇਆ। ਉਹ ਕਾਹਲੀ ਵਿਚ ਸੀ। ਥੋੜ੍ਹੀ ਦੂਰੀ ’ਤੇ ਉਹਦੇ ਦੁਸ਼ਮਣ ਉਸ ਨੂੰ ਪਕੜਨ ਦੀਆਂ ਵਿਉਂਤਾਂ ਬਣਾ ਰਹੇ ਸਨ।

‘ਤੋਜ਼ਕਿ-ਜਹਾਂਗੀਰੀ’ ਵਿਚ ਗੁਰੂ ਸਾਹਿਬ ਬਾਰੇ ਗਲਤ ਬਿਆਨੀ ਅਤੇ ਬਾਦਸ਼ਾਹ ਦਾ ਧਾਰਮਿਕ ਪੱਖਪਾਤ –

ਜਹਾਂਗੀਰ ਬਾਦਸ਼ਾਹ ਨੇ ਗੁਰੂ ਸਾਹਿਬ ਦੇ ਦੁਸ਼ਮਣਾਂ ਵੱਲੋਂ ਲਾਈਆਂ ਊਜਾਂ ਦੇ ਆਧਾਰ ’ਤੇ ਇਹ ਤਿੰਨ ਗੱਲਾਂ ਲਿਖੀਆਂ ਹਨ:

1. ਗੁਰੂ ਅਰਜਨ ਸਾਹਿਬ ਖੁਸਰੋ ਨੂੰ ਮਿਲਣ ਗਏ। ਜਿਵੇਂ ਕਿ ਉੱਤੇ ਦੱਸਿਆ ਜਾ ਚੁੱਕਾ ਹੈ ਇਹ ਠੀਕ ਨਹੀਂ, ਖੁਸਰੋ ਹਾਰ ਖਾ ਕੇ ਨਿਮਾਣਾ ਬਣ ਕੇ ਗੁਰੂ ਜੀ ਦੀ ਸ਼ਰਨ ਆਪ ਆਇਆ ਸੀ ਨਾ ਕਿ ਗੁਰੂ ਜੀ ਉਸ ਕੋਲ ਗਏ ਸਨ।

2. ਖੁਸਰੋ ਨੂੰ ਨਜ਼ਰਾਨਾ ਪੇਸ਼ ਕੀਤਾ ਤੇ ਖੁਸਰੋ ਦੇ ਮੱਥੇ ਤਿਲਕ ਲਾਇਆ। ਸਿੱਖਾਂ ਵਿਚ ਤਿਲਕ ਲਾਉਣ ਦਾ ਕੋਈ ਰਿਵਾਜ਼ ਨਹੀਂ। ਕੇਵਲ ਗੁਰਿਆਈ ਸਮੇਂ ਗੁਰੂਆਂ ਦੇ ਮੱਥੇ ’ਤੇ ਇਕ ਵਾਰੀ ਤਿਲਕ ਲਾਇਆ ਜਾਂਦਾ ਸੀ।

3. ਖੁਸਰੋ ਨੇ ਅਧੀਨਗੀ ਨਾਲ ਮਿਲ ਕੇ ਗੁਰੂ ਸਾਹਿਬ ਨੂੰ  ਨਜ਼ਰਾਨਾ ਦਿੱਤਾ ਅਤੇ ਗੁਰੂ ਅਰਜਨ ਸਾਹਿਬ ਨੇ ਖੁਸਰੋ ਵਾਸਤੇ ਦੁਆ ਕੀਤੀ (ਜੋ ਕੇਵਲ ਦਬਿਸਤਾਨ ਵਿਚ ਲਿਖਿਆ ਮਿਲਦਾ ਹੈ ਤੇ ਜਿਸ ਦੀ ਕਿਸੇ ਪਾਸਿਓਂ ਪੁਸ਼ਟੀ ਨਹੀਂ ਹੁੰਦੀ)।

ਉਪਰੋਕਤ ਤਿੰਨੋਂ ਗੱਲਾਂ ਠੀਕ ਨਹੀਂ। ਜਹਾਂਗੀਰ ਨੇ ਆਪਣੇ ਤੁਅੱਸਬ ਦੇ ਆਧਾਰ ’ਤੇ ਗੁਰੂ ਜੀ ਦੀ ਸ਼ਹੀਦੀ ਦਾ ਹੁਕਮ ਦਿੱਤਾ ਜਿਵੇਂ ਕਿ ਉਹਦੀ ਲਿਖਤ ‘ਤੋਜ਼ਕਿ- ਜਹਾਂਗੀਰੀ’ ਤੋਂ ਸਿੱਧ ਹੁੰਦਾ ਹੈ:

“ਗੋਇੰਦਵਾਲ ਵਿਚ ਜੋ ਕਿ ਦਰਯਾਇ ਬਿਆਸ ਦੇ ਕੰਢੇ ’ਤੇ ਹੈ ਅਰਜਨ ਨਾਮੀ ਇਕ ਹਿੰਦੂ ਪੀਰ ਅਥਵਾ ਸ਼ੇਖ ਦੇ ਭੇਖ ਵਿਚ ਰਹਿੰਦਾ ਸੀ। ਚੁਨਾਚਿ ਸਿੱਧੇ ਸਾਦੇ ਹਿੰਦੂਆਂ ਵਿਚ ਬਹੁਤ ਸਾਰੇ ਬਲਕਿ ਮੂਰਖ ਤੇ ਬੇਅਕਲ ਮੁਸਲਮਾਨਾਂ ਨੂੰ ਭੀ ਆਪਣੇ ਤੌਰ ਤਰੀਕਿਆਂ ਨਾਲ ਜਾਲ ਵਿਚ ਫਸਾਇਆ ਹੋਇਆ ਸੀ। ਉਸ ਨੂੰ ਗੁਰੂ ਕਹਿੰਦੇ ਸਨ। ਸਭਨਾਂ ਪਾਸਿਆਂ ਤੋਂ ਝੂਠ ਦੇ ਪੁਜਾਰੀਆਂ ਦੇ ਟੋਲਿਆਂ ਦੇ ਟੋਲੇ ਉਸ ਵੱਲ ਆਉਂਦੇ ਸਨ ਤੇ ਉਸ ’ਤੇ ਪੂਰਾ ਭਰੋਸਾ ਪ੍ਰਗਟ ਕਰਦੇ ਸਨ। ਤਿੰਨ-ਚਾਰ ਪੁਸ਼ਤਾਂ ਤੋਂ ਉਨ੍ਹਾਂ ਨੇ ਇਸ ਦੁਕਾਨ ਨੂੰ ਗਰਮ ਕਰ ਰੱਖਿਆ ਸੀ। ਕਿਤਨੇ ਚਿਰ ਤੋਂ ਮੇਰੇ ਦਿਲ ਵਿਚ ਇਹ ਖਿਆਲ ਆਉਂਦਾ ਸੀ ਕਿ ਇਸ ਝੂਠ ਦੀ ਦੁਕਾਨ ਨੂੰ ਬੰਦ ਕਰ ਦਿਆਂ ਯਾ ਉਸ (ਗੁਰੂ ਅਰਜਨ ਸਾਹਿਬ) ਨੂੰ ਦੀਨ ਇਸਲਾਮ ਦੀ ਜਮਾਤ ਵਿਚ ਲੈ ਆਵਾਂ।”

ਗੁਰੂ ਸਾਹਿਬ ਨੇ ਕਿਸੇ ਬਾਗੀ ਦੀ ਮਦਦ ਨਹੀਂ ਕੀਤੀ, ਫਾਰਸੀ ਵਿਚ ਹਾਫਿਜ਼ ਦਾ ਸ਼ੇਅਰ ਹੈ:

ਰਮੂਜ਼ੇ ਸਲਤਨਤ ਖੁਸਰਵਾਂ ਦਾਨੰਦ ਗੋਸ਼ਾ ਨਸ਼ੀਨੀ ਹਾਫਜ਼ਾ ਖਾਮੋਸ਼

ਸਲਤਨਤ ਦੇ ਭੇਦ ਬਾਦਸ਼ਾਹ ਲੋਕ ਜਾਣਦੇ ਹਨ।

ਹਾਫਿਜ਼ਾਂ ਤੂ ਗੋਸ਼ਾ ਨਸ਼ੀਨ ਫਕੀਰ ਸ਼ੋਰ ਨਾ ਕਰ।

ਫਕੀਰ ਲੋਕ ਅਤੇ ਆਤਮਿਕ ਉਚਤਾ ਵਾਲੇ ਲੋਕ ਛੋਟੇ-ਮੋਟੇ ਰਾਜਨੀਤੀ ਦੇ ਝਗੜਿਆਂ ਤੋਂ ਉਚੇਰੇ ਹੁੰਦੇ ਹਨ। ਉਹ ਕੇਵਲ ਦੀਨ-ਦੁਖੀ ਦੀ ਸਹਾਇਤਾ ਕਰਦੇ ਹਨ।

ਜਿਸ ਵੇਲੇ ਖੁਸਰੋ ਗੁਰੂ ਜੀ ਕੋਲ ਆਇਆ ਉਹ ਇਕ ਹਾਰਿਆ ਹੋਇਆ ਦੀਨ-ਦੁਖੀ ਤੇ ਭੁੱਖਾ ਸੀ, ਗੁਰੂ ਜੀ ਨੇ ਨੈਤਿਕ ਤੌਰ ’ਤੇ ਉਸ ਨੂੰ ਲੰਗਰ ਛਕਾਇਆ ਤੇ ਕਾਹਲੀ ਵਿਚ ਹੋਣ ਕਰਕੇ ਉਸ ਨੂੰ ਥੋੜ੍ਹੇ ਜਿਹੇ ਪੈਸੇ ਦੇ ਦਿੱਤੇ ਤਾਂ ਜੋ ਫੌਜ ਨੂੰ ਲੰਗਰ ਛਕਾ ਸਕੇ।

‘ਤੋਜ਼ਕਿ-ਜਹਾਂਗੀਰੀ’ ਵਿਚ ਗੁਰੂ ਅਰਜਨ ਸਾਹਿਬ ਦੇ ਜੁਰਮਾਨੇ ਦਾ ਕੋਈ ਜ਼ਿਕਰ ਨਹੀਂ। ‘ਮਹਿਮਾ ਪ੍ਰਕਾਸ਼’ ਵਿਚ ਲਿਖਿਆ ਹੈ:

ਇਕ ਦੁਸਟ ਖਤ੍ਰੀ ਚੰਦੂ ਸਾਹੀ।
ਤਿਨ ਬਾਦਸ਼ਾਹ ਪੈ ਚੁਗਲੀ ਲਾਈ॥4॥
ਵਹੁ ਜਹਾਂਗੀਰ ਕਾ ਚਾਕਰ ਰਹਾ।
ਬਾਦਸਾਹ ਸੋ ਐਸੇ ਕਹਾ।
ਗੁਰੂ ਅਰਜਨ ਜਗ ਗੁਰੂ ਕਹਾਵੈ,
ਬਹਤੁ ਖਜਾਨਾ ਤਿਨ ਕੇ ਆਵੈ॥5॥
ਚੌਪਈ :
ਦੁਇ ਲਾਖ ਰੁਪਯਾ ਡਾਨਕਰ ਲੀਜੈ।
ਅਵਰ ਕਾ ਕਹਾ ਨਾ ਕੀਜੈ॥7॥

ਜਹਾਂਗੀਰ ਬਾਦਸ਼ਾਹ ਨੇ ਪਹਿਲਾਂ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਨ ਦਾ ਹੁਕਮ ਦਿੱਤਾ। ਫਿਰ ਦੋ ਲੱਖ ਜੁਰਮਾਨਾ ਕਰ ਕੇ ਅਹਿਦੀਏ ਨੂੰ ਭੇਜ ਕੇ ਗੁਰੂ ਅਰਜਨ ਸਾਹਿਬ ਨੂੰ ਲਾਹੌਰ ਸੱਦਿਆ ਤੇ ਕੈਦ ਕਰ ਲਿਆ। ਚੰਦੂ ਨੇ ਦੋ ਲੱਖ ਰੁਪਈਏ ਦੇ ਕੇ ਗੁਰੂ ਸਾਹਿਬ ਨੂੰ ਆਪਣੀ ਕੈਦ ਵਿਚ ਲੈ ਲਿਆ ਅਤੇ ਤਸੀਹੇ ਦੇਣੇ ਅਰੰਭ ਕਰ ਦਿੱਤੇ। ਤਸੀਹੇ ਦੇਣ ਦਾ ਕਥਨ ਵਿਦੇਸ਼ੀ ਪਾਦਰੀਆਂ ਨੇ ਵੀ ਕੀਤਾ ਹੈ ਜੋ ਉਸ ਵੇਲੇ ਲਾਹੌਰ ਵਿਚ ਸਨ। ਚੰਦੂ ਸਾਹੀ ਆਪਣਾ ਬਦਲਾ ਲੈਣਾ ਚਾਹੁੰਦਾ ਸੀ। ਕਈ ਪ੍ਰਕਾਰ ਦੇ ਤਸੀਹੇ ਦਿੱਤੇ ਗਏ। ਤੱਤੀ ਤਵੀ ’ਤੇ ਬਿਠਾਣਾ, ਗਰਮ ਪਾਣੀ ਸੁੱਟਣਾ ਆਦਿ। ਪਰ ਗੁਰੂ ਜੀ ਅਡੋਲ ਰਹੇ ਜਿਵੇਂ ਕਿ ਭਾਈ ਗੁਰਦਾਸ ਜੀ ਨੇ ਲਿਖਿਆ ਹੈ:

ਰਹਿਦੇ ਗੁਰੁ ਦਰੀਆਉ ਵਿਚਿ ਮੀਨ ਕੁਲੀਨ ਹੇਤੁ ਨਿਰਬਾਣੀ॥
ਦਰਸਨੁ ਦੇਖਿ ਪਤੰਗ ਜਿਉ ਜੋਤੀ ਅੰਦਰਿ ਜੋਤਿ ਸਮਾਣੀ।
ਸਬਦ ਸੁਰਤਿ ਲਿਵ ਮਿਰਗ ਜਿਉ ਭੀੜ ਪਈ ਚਿਤਿ ਅਵਰ ਨ ਆਣੀ॥
ਚਰਣ ਕਵਲ ਮਿਲਿ ਭਵਰ ਜਿਉ ਸੁਖ ਸੰਪਟ ਵਿਚਿ ਰੈਣਿ ਵਿਹਾਣੀ॥
ਗੁਰੁ ਉਪਦੇਸੁ ਨ ਵਿਸਰੈ ਬਾਬੀਹੇ ਜਿਉ ਆਖ ਵਖਾਣੀ॥
ਗੁਰਮੁਖਿ ਸੁਖ ਫਲੁ ਪਿਰਮ ਰਸੁ ਸਹਜ ਸਮਾਧਿ ਸਾਧਸੰਗਿ ਜਾਣੀ॥
ਗੁਰ ਅਰਜਨ ਵਿਟਹੁ ਕੁਰਬਾਣੀ॥23॥ (ਵਾਰ 24/ਪਉੜੀ 23)

ਗੁਰੂ ਸਾਹਿਬ ਆਖਰ ਪੰਜ ਦਿਨ ਤਸੀਹੇ ਸਹਾਰਦੇ ਹੋਏ 2 ਹਾੜ ਸੰਮਤ ਨਾਨਕਸ਼ਾਹੀ 138 ਅਨੁਸਾਰ 30 ਮਈ, 1606 ਈ. ਨੂੰ ਸ਼ਹੀਦੀ ਪ੍ਰਾਪਤ ਕਰ ਗਏ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Dr Kirpal Singh
ਸਾਬਕਾ ਮੁਖੀ, ਪੰਜਾਬ ਹਿਸਟੋਰੀਕਲ ਸਟੱਡੀਜ਼ ਡਿਪਾਰਟਮੈਂਟ -ਵਿਖੇ: ਪੰਜਾਬੀ ਯੂਨੀਵਰਸਿਟੀ, ਪਟਿਆਲਾ

ਡਾ ਕਿਰਪਾਲ ਸਿੰਘ ਪ੍ਰਸਿੱਧ ਸਿੱਖ ਇਤਿਹਾਸਕਾਰ ਸਨ। ਆਪ ਅਨੇਕਾਂ ਅਹੁਦਿਆਂ ਤੇ ਤਾਇਨਾਤ ਰਹੇ, ਜਿਨ੍ਹਾਂ ਵਿੱਚ ਪ੍ਰਮੁੱਖ ਸਨ- ਇੰਚਾਰਜ, ਸਿੱਖ ਸਰੋਤ ਇਤਿਹਾਸਕ ਸੰਪਾਦਨਾ ਪ੍ਰੋਜੈਕਟ, ਕਲਗੀਧਰ ਨਿਵਾਸ, ਸੈਕਟਰ 27, ਚੰਡੀਗੜ੍ਹ
ਪ੍ਰੋਫੈਸਰ ਅਤੇ ਮੁਖੀ, ਪੰਜਾਬ ਹਿਸਟੋਰੀਕਲ ਸਟੱਡੀਜ਼ ਡਿਪਾਰਟਮੈਂਟ, ਪੰਜਾਬੀ ਯੂਨੀਵਰਸਿਟੀ, ਪਟਿਆਲਾ (1982 ਤੋਂ 1986) ਫਾਊਂਡਰ, ਓਰਲ ਹਿਸਟਰੀ ਸੈੱਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸੰਪਰਦਾਇ, ਇਤਿਹਾਸ ਅਤੇ ਪੁਰਾਤੱਤਵ ਏਸ਼ੀਆਟਿਕ ਸੋਸਾਇਟੀ, ਕਲਕੱਤਾ (1995 ਤੋਂ 1997)
ਮੈਂਬਰ, ਗਵਰਨਿੰਗ ਕੌਂਸਲ, ਏਸ਼ੀਆਟਿਕ ਸੋਸਾਇਟੀ, ਕਲਕੱਤਾ (1992 ਤੋਂ 1997)
ਆਪ ਦਾ 2019 ਵਿੱਚ 95 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)