ਸ੍ਰੀ ਗੁਰੂ ਗੋਬਿੰਦ ਸਿੰਘ ਜੀ ਭਾਰਤੀ ਇਤਿਹਾਸ ਦੀ ਅਦੁੱਤੀ ਸ਼ਖ਼ਸੀਅਤ ਹਨ। ਉਨ੍ਹਾਂ ਦਾ ਪ੍ਰਭਾਵ ਮਨੁੱਖੀ ਨਸਲ ਦੇ ਹਰ ਪਹਿਲੂ ਉੱਤੇ ਹੈ। ਗੁਰੂ ਜੀ ਦੀਆਂ ਲਾਸਾਨੀ ਕੁਰਬਾਨੀਆਂ ਨੇ ਭਾਰਤੀ ਸਭਿਆਚਾਰ ਨੂੰ ਨਵਾਂ ਰਾਹ ਦਿਖਾਇਆ। ਮਹਾਨ ਤੇਜੱਸਵੀ ਵਿਅਕਤਿਤਵ ਨੇ ਸਾਹਿਤ ਅਤੇ ਕਲਾ ਦੇ ਖੇਤਰ ਵਿਚ ਵੀ ਨਵੇਂ ਦਿਸਹੱਦੇ ਪੈਦਾ ਕੀਤੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਇਸੇ ਲਈ ਸੰਤ-ਸਿਪਾਹੀ ਦੀ ਪਦਵੀ ਵੀ ਦਿੱਤੀ ਜਾਂਦੀ ਹੈ। ਜਬਰ ਅਤੇ ਜ਼ੁਲਮ ਦਾ ਮੁਕਾਬਲਾ ਜਿਸ ਸਿਦਕਦਿਲੀ ਨਾਲ ਕੀਤਾ ਜਾ ਸਕਦਾ ਹੈ-ਇਹ ਉਨ੍ਹਾਂ ਦੇ ਜੀਵਨ-ਬਿਰਤਾਂਤ ਤੋਂ ਭਲੀ-ਭਾਂਤ ਸਿੱਖਿਆ ਜਾ ਸਕਦਾ ਹੈ।
ਜਦੋਂ ਸਾਰਾ ਭਾਰਤ ਮੁਗ਼ਲ ਰਾਜ ਦੇ ਜਬਰ ਥੱਲੇ ਪਿਸ ਰਿਹਾ ਸੀ, ਉਸ ਸਮੇਂ ਪੰਜਾਬ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਵੰਗਾਰ ਨੂੰ ਕਬੂਲ ਕੀਤਾ ਅਤੇ ਮਰਜੀਵੜਿਆਂ ਦੀ ਇਕ ਅਜਿਹੀ ਜਮਾਤ ਪੈਦਾ ਕੀਤੀ, ਜਿਨ੍ਹਾਂ ਨੇ ਸਿਰ ਤਲੀ ’ਤੇ ਰੱਖ ਕੇ ਨਵੀਂ ਜ਼ਿੰਦਗੀ ਨੂੰ ਖੁਸ਼-ਆਮਦੀਦ ਆਖਿਆ। ਇਹ ਉਹ ਜਮਾਤ ਸੀ, ਜਿਸ ਨੇ ਖੰਡੇ ਦੀ ਪਾਹੁਲ ਛਕ ਕੇ ਇੱਜ਼ਤ, ਅਣਖ, ਨੇਕੀ ਤੇ ਨਿਆਂ ਨੂੰ ਆਪਣਾ ਜੀਵਨ-ਮੁੱਲ ਬਣਾ ਲਿਆ। ਅਸਲ ਵਿਚ ਇਹ ਧਰਮ-ਯੁੱਧ ਸੀ। ਇਹ ਅਜਿਹਾ ਆਦਰਸ਼ ਸੀ, ਜਿਸ ਦੀ ਅਣਹੋਂਦ ਕਰਕੇ ਪੂਰੀ ਕੌਮ ਪਤਨ ਦੇ ਟੋਏ ਵਿਚ ਡਿੱਗੀ ਪਈ ਸੀ। ਇਹ ਧਰਮ-ਯੁੱਧ ਕਿਸੇ ਵਿਸ਼ੇਸ਼ ਫ਼ਿਰਕੇ, ਧਰਮ ਜਾਂ ਕੌਮ ਲਈ ਨਹੀਂ ਸੀ, ਸਗੋਂ ਮਨੁੱਖੀ ਕਦਰਾਂ-ਕੀਮਤਾਂ ਦੀ ਰਾਖੀ ਲਈ ਸੀ। ਇਸ ਸ਼ਕਤੀ ਦਾ ਪ੍ਰਯੋਗ ਕਿਸੇ ਮਜ਼ਲੂਮ ਵਿਰੁੱਧ ਨਹੀਂ ਸੀ ਹੁੰਦਾ ਬਲਕਿ ਮਜ਼ਲੂਮਾਂ ਵਿਚ ਗਵਾਚੀ ਸ੍ਵੈ-ਭਾਵਨਾ ਨੂੰ ਸ੍ਵੈ-ਅਭਿਮਾਨ ਵਿਚ ਬਦਲਣ ਲਈ ਇਸ ਦਾ ਸਦ-ਉਪਯੋਗ ਕੀਤਾ ਜਾਂਦਾ ਸੀ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਦੀ ਸਿਰਜਨਾ ਕਰ ਕੇ ਭਾਰਤ ਦੇ ਡੁੱਬਦੇ ਸੂਰਜ ਨੂੰ ਮੁੜ ਉਦੈ ਕਰ ਦਿੱਤਾ। ਖਾਲਸਾ ਪੰਥ ਇਕ ਅਜਿਹੀ ਸੰਜੀਵਨੀ ਸ਼ਕਤੀ ਸੀ, ਜਿਸ ਨੇ ਮੁਰਦਾ ਰੂਹਾਂ ਵਿਚ ਆਪਣੀ ਅਣਖ ਨਾਲ ਜੀਉਣ ਦੀ ਤੀਬਰ ਇੱਛਾ ਨੂੰ ਨਾ ਕੇਵਲ ਸੁਰਜੀਤ ਹੀ ਕੀਤਾ ਬਲਕਿ ਢਹਿੰਦੀ ਕਲਾ ਵਾਲੀ ਮਾਨਸਿਕਤਾ ਨੂੰ ਚੜ੍ਹਦੀ ਕਲਾ ਬਖ਼ਸ਼ ਕੇ ਸਮੁੱਚੀ ਮਾਨਵਤਾ ਦੇ ਕਲਿਆਣ ਦਾ ਰਸਤਾ ਮੋਕਲਾ ਕਰ ਦਿੱਤਾ। ਇਤਿਹਾਸ ਵਿਚ ਅਜਿਹੀ ਉਦਾਹਰਣ ਮਿਲਣੀ ਮੁਸ਼ਕਿਲ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਉੱਚ-ਕੋਟੀ ਦੇ ਦਾਰਸ਼ਨਿਕ, ਵਿਚਾਰਕ, ਕਵੀ, ਅਧਿਆਤਮਿਕ ਗੁਰੂ ਅਤੇ ਸਮੇਂ ਦੇ ਸੱਚ ਨੂੰ ਪਛਾਣਨ ਵਾਲੀ ਗਿਆਨਵਾਨ ਪ੍ਰਕਾਸ਼ਮਈ ਸ਼ਖ਼ਸੀਅਤ ਸਨ। ਸ਼ਕਤੀ-ਭਗਤੀ ਦਾ ਸੁਮੇਲ ਉਨ੍ਹਾਂ ਦੇ ਹਰ ਮਹਾਨ ਕਾਰਜ ਵਿਚ ਸਮਾਇਆ ਹੋਇਆ ਸੀ।
ਗੁਰੂ ਜੀ ਨੇ ਖ਼ੁਦ ਵੀ ਪਾਵਨ ਬਾਣੀ ਦੀ ਰਚਨਾ ਕੀਤੀ। ਉਨ੍ਹਾਂ ਦੀ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਵਿਚ ਸੰਕਲਿਤ ਹੈ। ਇਸ ਬਾਣੀ ਰਾਹੀਂ ਉਨ੍ਹਾਂ ਨੇ ਭਾਰਤੀ ਸਭਿਆਚਾਰ, ਇਤਿਹਾਸ ਤੇ ਮਿਥਿਹਾਸ ਅਤੇ ਭਾਰਤੀ ਭਾਸ਼ਾਵਾਂ ਰਾਹੀਂ ਇਕ ਅਜਿਹੀ ਚੇਤਨਤਾ ਦਾ ਪ੍ਰਸਾਰ ਕੀਤਾ ਜੋ ਅੱਗੇ ਚੱਲ ਕੇ ਇਕ ਪਰੰਪਰਾ ਦੇ ਰੂਪ ਵਿਚ ਪ੍ਰਫੁੱਲਿਤ ਹੋਈ। ਵਿਸ਼ਵ ਦੇ ਸਾਹਮਣੇ ਜੰਗ ਅਤੇ ਅਮਨ ਦੇ ਅਜਿਹੇ ਆਦਰਸ਼ ਰੱਖੇ, ਜਿਨ੍ਹਾਂ ਉੱਤੇ ਚੱਲ ਕੇ ਵਿਸ਼ਵ-ਭਾਈਚਾਰਾ ਰੂਹਾਨੀ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਸਥਾਪਿਤ ਕਰ ਸਕਦਾ ਹੈ। ਦਰਸ਼ਨ ਅਤੇ ਚਿੰਤਨ ਦੇ ਖੇਤਰ ਵਿਚ ਅਜਿਹੇ ਪੂਰਨੇ ਪਾਏ, ਜਿਨ੍ਹਾਂ ਦੇ ਅਨੁਗਾਮੀ ਬਣ ਕੇ ਚਿੰਤਨ ਅਤੇ ਦਰਸ਼ਨ ਨੂੰ ਵਿਵਹਾਰਕ ਰੂਪ ਦਿੱਤਾ ਜਾ ਸਕਦਾ ਹੈ। ਇਨ੍ਹਾਂ ਕਦਰਾਂ-ਕੀਮਤਾਂ ਨੂੰ ਅਪਣਾਉਣ ਵਾਲੇ ਪਹਿਲੇ ਕਰਤਾ ਉਹ ਖ਼ੁਦ ਆਪ ਬਣੇ। ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦੀ ਲਈ ਪ੍ਰੇਰਿਆ ਅਤੇ ਬਾਅਦ ਵਿਚ ਜ਼ੁਲਮ ਦਾ ਟਾਕਰਾ ਕਰਨ ਲਈ ਆਪਣਾ ਸਰਬੰਸ ਵਾਰ ਦਿੱਤਾ। ਉਨ੍ਹਾਂ ਦੀਆਂ ਕੁਰਬਾਨੀਆਂ ਵਰਗੀ ਮਿਸਾਲ ਪੂਰੇ ਵਿਸ਼ਵ-ਇਤਿਹਾਸ ਵਿੱਚੋਂ ਲੱਭਣੀ ਅਸੰਭਵ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮੁੱਚੀ ਮਾਨਵਤਾ ਲਈ ਜਮਹੂਰੀਅਤ ਦਾ ਜਿਹੜਾ ਰਸਤਾ ਦੱਸਿਆ, ਉਸ ਦਾ ਪੈਂਡਾ ਔਖਾ ਜ਼ਰੂਰ ਹੈ ਪਰ ਉਸ ਦਾ ਫਲ ਮਿੱਠਾ ਅਤੇ ਸੁਖਾਵਾਂ ਹੈ। ਗੁਰੂ ਜੀ ਦੇ ਉਪਦੇਸ਼ ਧਰਮਾਂ ਦੀਆਂ ਵਿੱਥਾਂ ਨੂੰ, ਰੰਗ-ਨਸਲ ਦੇ ਭੇਦ ਨੂੰ, ਜਾਤ-ਪਾਤ ਦੇ ਵਖਰੇਵੇਂ ਨੂੰ ਖ਼ਤਮ ਕਰਨ ਦਾ ਸੰਦੇਸ਼ ਦਿੰਦੇ ਹਨ। ਗੁਰੂ ਜੀ ਦੇ ਸਮਾਜਿਕ, ਰਾਜਨੀਤਿਕ ਤੇ ਆਰਥਿਕ ਸੰਕਲਪ ਭਾਰਤੀ ਪਰਜਾਤੰਤਰ ਵਿਚ ਨਵੀਂ ਰੂਹ ਫੂਕ ਸਕਦੇ ਹਨ। ਲੋੜ ਹੈ ਸਿਰਫ਼ ਉਨ੍ਹਾਂ ਉੱਤੇ ਇਮਾਨਦਾਰੀ, ਤਿਆਗ, ਸੇਵਾ ਅਤੇ ਭਾਈਚਾਰੇ ਦੀ ਭਾਵਨਾ ਨਾਲ ਕਾਰਜਸ਼ੀਲ ਹੋਣ ਦੀ। ਗੁਰੂ ਜੀ ਦੇ ਇਹ ਅਮਰ ਸੰਦੇਸ਼ ਜੇ ਅੱਜ ਵਿਸ਼ਵ ਦੇ ਕੋਨੇ-ਕੋਨੇ ਵਿਚ ਪਹੁੰਚ ਜਾਣ ਤਾਂ ਸ਼ਾਂਤੀ ਅਤੇ ਅਮਨ ਦੀ ਠੰਡ ਵਰਤ ਸਕਦੀ ਹੈ।
ਲੇਖਕ ਬਾਰੇ
ਹਿੰਦੀ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ
- ਹੋਰ ਲੇਖ ਉਪਲੱਭਧ ਨਹੀਂ ਹਨ