editor@sikharchives.org
Sri Guru Gobind Singh Ji

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਦੇੜ ਵਿਚਲੇ ਦਿਨ

ਗੁਰੂ ਜੀ ਦੀ ਯਾਦ ਵਿਚ ਉਸ ਮੁਕਾਮ ’ਤੇ ਤਖ਼ਤ ਸਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਦੀ ਸਥਾਪਨਾ ਤੇ ਉਸਾਰੀ ਹੋਈ
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

20 ਫਰਵਰੀ, 1707 ਨੂੰ 90 ਸਾਲ ਦਾ ਬੁੱਢਾ ਬਾਦਸ਼ਾਹ ਔਰੰਗਜ਼ੇਬ ਇਸ ਜਹਾਨ ਤੋਂ ਕੂਚ ਕਰ ਗਿਆ। ਉਹ ਉਦੋਂ ਅਹਿਮਦ ਨਗਰ (ਦੱਖਣ) ਵਿਚ ਸੀ ਤੇ ਕਾਫ਼ੀ ਅਰਸੇ ਤੋਂ ਬੀਮਾਰ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਜੋ 30 ਅਕਤੂਬਰ, 1706 ਨੂੰ ਤਲਵੰਡੀ ਸਾਬੋ ਤੋਂ ਰਵਾਨਾ ਹੋ ਕੇ ਬਾਦਸ਼ਾਹ ਨਾਲ ਗੱਲਬਾਤ ਕਰਨ ਲਈ ਦੱਖਣ ਵੱਲ ਜਾ ਰਹੇ ਸਨ, ਨੂੰ ਇਸ ਦੀ ਸੂਚਨਾ ਬਘੌਰ (ਰਿਆਸਤ ਉਦੈਪੁਰ) ਪਹੁੰਚਣ ’ਤੇ ਮਿਲੀ। ਆਉਣ ਵਾਲੇ ਹਾਲਾਤ ਦਾ ਜਾਇਜ਼ਾ ਲੈਣ ਲਈ ਗੁਰੂ ਸਾਹਿਬ ਨੇ ਦਿੱਲੀ ਵੱਲ ਚਾਲੇ ਪਾ ਦਿੱਤੇ।

ਔਰੰਗਜ਼ੇਬ ਦੇ ਅੱਖਾਂ ਮੀਟਦੇ ਸਾਰ ਉਸ ਦੇ ਬੇਟਿਆਂ ਵਿਚਕਾਰ ਤਖ਼ਤ ਹਥਿਆਉਣ ਲਈ ਜੱਦੋ-ਜਹਿਦ ਸ਼ੁਰੂ ਹੋ ਗਈ। ਉਸ ਦਾ 64 ਸਾਲਾ ਪਲੇਠਾ ਪੁੱਤਰ ਅਤੇ ਤਖ਼ਤ ਦਾ ਜਾਇਜ਼ ਵਾਰਸ, ਮੁਅੱਜ਼ਮ (ਬਹਾਦਰ ਸ਼ਾਹ) ਉਸ ਸਮੇਂ ਅਫ਼ਗਾਨਿਸਤਾਨ, ਪੰਜਾਬ ਤੇ ਮੁਲਤਾਨ ਦਾ ਗਵਰਨਰ ਸੀ। ਪਿਤਾ ਦੀ ਮੌਤ ਦੀ ਖ਼ਬਰ ਉਸ ਨੂੰ ਦੱਰਾ ਖ਼ੈਬਰ ਲਾਗੇ ਜਮਰੌਦ ਦੇ ਮੁਕਾਮ ’ਤੇ ਮਿਲੀ। ਇਲਾਕੇ ਦਾ ਯੋਗ ਪ੍ਰਬੰਧ ਕਰ ਕੇ ਉਹ ਆਪਣੇ ਲਾਉ-ਲਸ਼ਕਰ ਨਾਲ ਦਿੱਲੀ ਵੱਲ ਰਵਾਨਾ ਹੋ ਗਿਆ। ਉਸ ਦਾ ਛੋਟਾ ਭਰਾ, ਤਾਰਾ ਆਜ਼ਮ (ਉਮਰ 54 ਸਾਲ) ਉਸ ਵੇਲੇ ਦੱਖਣ ਵੱਲ ਹੀ ਸੀ। ਪਿਤਾ ਦੇ ਕਫ਼ਨ-ਦਫ਼ਨ ਤੋਂ ਫ਼ਾਰਗ਼ ਹੋ ਕੇ ਉਸ ਨੇ ਆਪਣੇ ਆਪ ਨੂੰ ਸ਼ਹਿਨਸ਼ਾਹ ਘੋਸ਼ਿਤ ਕਰ ਦਿੱਤਾ ਅਤੇ ਫੌਜ ਇਕੱਠੀ ਕਰ ਕੇ ਉੱਤਰ ਵੱਲ ਚੱਲ ਪਿਆ।

18 ਜੂਨ, 1707 ਨੂੰ ਦੋਵੇਂ ਮੁਖ਼ਾਲਫ਼ ਫੌਜਾਂ ਆਗਰੇ ਨੇੜੇ ਜਾਜੋ ਦੇ ਮੁਕਾਮ ’ਤੇ ਆਹਮੋ-ਸਾਹਮਣੇ ਹੋਈਆਂ ਅਤੇ ਘਮਸਾਣ ਦਾ ਯੁੱਧ ਹੋਇਆ। ਤਾਰਾ ਆਜ਼ਮ ਤੇ ਉਸ ਦਾ ਬੇਟਾ ਬਿਦਰ ਬਖ਼ਤ ਮਾਰੇ ਗਏ ਅਤੇ ਮੈਦਾਨ ਬਹਾਦਰ ਸ਼ਾਹ ਦੇ ਹੱਥ ਰਿਹਾ। ਕੁਝ ਦਿਨਾਂ ਬਾਅਦ ਆਗਰੇ ਹੀ ਉਸ ਦੀ ਤਾਜਪੋਸ਼ੀ ਦੀ ਰਸਮ ਅਦਾ ਹੋਈ। ਬਾਦਸ਼ਾਹ ਨੇ ਕੁਝ ਸਮਾਂ ਇਥੇ ਹੀ ਠਹਿਰੇ ਰਹਿਣ ਦਾ ਫ਼ੈਸਲਾ ਕੀਤਾ।

ਇਸ ਜੰਗ ਤੋਂ ਪਹਿਲਾਂ ਬਹਾਦਰ ਸ਼ਾਹ ਨੇ ਆਪਣੇ ਮੀਰ ਮੁਨਸ਼ੀ ਭਾਈ ਨੰਦ ਲਾਲ (ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਿਕਟਵਰਤੀ ਤੇ ਅਨਿੰਨ ਸ਼ਰਧਾਲੂ ਸਨ) ਦੇ ਕਹਿਣ ’ਤੇ ਗੁਰੂ ਸਾਹਿਬ ਨੂੰ ਮਦਦ ਲਈ ਬੇਨਤੀ ਕਰ ਭੇਜੀ ਸੀ। ਉਹ ਜਾਣਦਾ ਸੀ ਕਿ ਗੁਰੂ ਸਾਹਿਬ ਕੋਲ ਬਹੁਤੀ ਫੌਜ ਨਹੀਂ ਸੀ, ਪਰੰਤੂ ਉਹ ਭਾਈ ਜੀ ਤੋਂ ਉਨ੍ਹਾਂ ਦੀ ਅਧਿਆਤਮਕ ਉੱਚਤਾ ਦਾ ਚਰਚਾ ਸੁਣ ਚੁੱਕਾ ਸੀ ਅਤੇ ਉਨ੍ਹਾਂ ਦੀ ਰੂਹਾਨੀਅਤ ਦੀ ਛਾਂ ਤੇ ਅਸੀਸ ਮਾਣਨ ਦਾ ਚਾਹਵਾਨ ਸੀ। ਗੁਰੂ ਸਾਹਿਬ ਨੇ ਭਾਈ ਧਰਮ ਸਿੰਘ ਦੀ ਕਮਾਨ ਹੇਠ 250 ਕੁ ਸਿੰਘ ਸੂਰਮਿਆਂ ਦਾ ਇਕ ਜਥਾ ਇਸ ਜੰਗ ਵਿਚ ਭੇਜ ਦਿੱਤਾ ਸੀ।

ਤਾਜਪੋਸ਼ੀ ਤੋਂ ਕੁਝ ਦਿਨ ਬਾਅਦ ਬਹਾਦਰ ਸ਼ਾਹ ਨੇ ਗੁਰੂ ਸਾਹਿਬ ਨੂੰ, ਜੋ ਉਸ ਵਕਤ ਦਿੱਲੀ ਸਨ, ਮੁਲਾਕਾਤ ਦਾ ਸੱਦਾ ਭੇਜਿਆ। ਗੁਰੂ ਸਾਹਿਬ ਆਪਣੇ ਕੁਝ ਸਿੰਘਾਂ ਨਾਲ ਆਗਰੇ ਆਏ ਅਤੇ ਸ਼ਹਿਰ ਤੋਂ 4 ਕੁ ਮੀਲ ਬਾਹਰ ਇਕ ਬਾਗ਼ ਵਿਚ ਉਤਾਰਾ ਕੀਤਾ। ਇਕ ਦਿਨ ਵਜ਼ੀਰ-ਏ-ਆਜ਼ਮ ਖ਼ਾਨਿ-ਖ਼ਾਨਾਂ ਮੁੱਨਿਅਮ ਖਾਂ ਨਾਲ ਭੇਟ ਹੋਈ। 23 ਜੁਲਾਈ, 1707 ਈ. ਨੂੰ ਆਪ ਬਹਾਦਰ ਸ਼ਾਹ ਨੂੰ ਮਿਲਣ ਗਏ। ਉਸ ਨੇ ਆਪ ਦਾ ਨਿੱਘਾ ਸੁਆਗਤ ਕੀਤਾ ਅਤੇ ਸ਼ੁਕਰਾਨੇ ਵਜੋਂ ਜੜਾਊ ਖਿੱਲਅਤ ਤੇ ਹੋਰ ਕੀਮਤੀ ਤੋਹਫ਼ੇ ਭੇਟ ਕੀਤੇ। ਇਸ ਮੁਲਾਕਾਤ ਦਾ ਜ਼ਿਕਰ ਦਾਨਿਸ਼ ਖਾਂ ਕ੍ਰਿਤ ‘ਬਹਾਦੁਰ ਸ਼ਾਹ ਨਾਮਾ’, ਸੈਨਾਪਤਿ ਕਰਤਾ ‘ਸ੍ਰੀ ਗੁਰੂ ਸੋਭਾ’ ਅਤੇ ਭਾਈ ਸੰਤੋਖ ਸਿੰਘ ਕ੍ਰਿਤ ‘ਸੂਰਜ ਪ੍ਰਕਾਸ਼’ ਵਿਚ ਮਿਲਦਾ ਹੈ।

ਗੱਲਬਾਤ ਦੌਰਾਨ ਗੁਰੂ ਸਾਹਿਬ ਨੇ ਪੰਜਾਬ ਵਿਚ ਨਵਾਬ ਵਜ਼ੀਰ ਖ਼ਾਂ ਤੇ ਹੋਰ ਸ਼ਾਹੀ ਹਾਕਮਾਂ ਅਤੇ ਪਹਾੜੀ ਰਾਜਿਆਂ ਵੱਲੋਂ ਗੁਰੂ-ਘਰ ਤੇ ਸਿੱਖਾਂ ਨਾਲ ਕੀਤੀਆਂ ਗਈਆਂ ਵਧੀਕੀਆਂ ਦਾ ਮੁੱਦਾ ਵੀ ਉਠਾਇਆ ਅਤੇ ਦੋਸ਼ੀਆਂ ਵਿਰੁੱਧ ਯੋਗ ਕਾਰਵਾਈ ਕਰ ਕੇ ਉਥੇ ਨਿਆਂਪੂਰਨ ਤੇ ਪੁਰ-ਅਮਨ ਹਾਲਾਤ ਬਹਾਲ ਕਰਨ ਉੱਤੇ ਜ਼ੋਰ ਦਿੱਤਾ, ਤਾਂ ਜੁ ਆਪ ਦੀ ਅਨੰਦਪੁਰ ਸਾਹਿਬ ਵਾਪਸੀ ਸੰਭਵ ਹੋ ਸਕੇ। ਬਾਦਸ਼ਾਹ ਦਾ ਮੁੱਢਲਾ ਹੁੰਗਾਰਾ ਆਸ਼ਾਜਨਕ ਜਾਣ ਕੇ ਗੁਰੂ ਸਾਹਿਬ ਨੇ ਗੱਲਬਾਤ ਨੂੰ ਅੱਗੇ ਤੋਰਨ ਦਾ ਫ਼ੈਸਲਾ ਕਰ ਲਿਆ। ਇਥੇ ਰਹਿ ਕੇ ਆਪ ਇਲਾਕੇ ਵਿਚ ਸਿੱਖੀ ਦਾ ਪ੍ਰਚਾਰ ਵੀ ਕਰਦੇ ਰਹੇ। ਕਦੀ-ਕਦੀ ਬਾਦਸ਼ਾਹ ਨਾਲ ਮੇਲ ਵੀ ਹੋ ਜਾਂਦਾ ਸੀ।

ਇਉਂ ਜਾਪਦਾ ਹੈ ਕਿ ਗੱਲਬਾਤ ਵਿਚ ਸੰਤੋਸ਼ਜਨਕ ਪ੍ਰਗਤੀ ਹੋ ਰਹੀ ਸੀ ਅਤੇ ਗੁਰੂ ਸਾਹਿਬ ਨੂੰ ਛੇਤੀ ਹੀ ਅਨੰਦਪੁਰ ਵਾਪਸੀ ਦੀ ਆਸ ਲੱਗ ਪਈ ਸੀ। ਇਸ ਦਾ ਸੰਕੇਤ 1 ਕੱਤਕ, ਸੰਮਤ 1764 ਬਿਕ੍ਰਮੀ (ਅਕਤੂਬਰ, 1707) ਨੂੰ ਧਉਲ ਦੀ ਸੰਗਤ ਦੇ ਨਾਂ ਆਪ ਦੇ ਹੁਕਮਨਾਮੇ ਤੋਂ ਮਿਲਦਾ ਹੈ, ਜਿਸ ਦਾ ਮੁੱਢਲਾ ਭਾਗ ਇਸ ਪ੍ਰਕਾਰ ਹੈ:

“ਸ੍ਰਬਤਿ ਸੰਗਤਿ ਧਉਲ ਕੀ, ਤੁਸੀ ਮੇਰਾ ਖਾਲਸਾ ਹੋ, ਗੁਰੂ ਰਖੈਗਾ। ਗੁਰੂ ਗੁਰੂ ਜਪਣਾ, ਜਨਮ ਸਵਰੈਗਾ। ਸ੍ਰਬ ਸੁਖ ਨਾਲ ਪਾਤਸ਼ਾਹ ਪਾਸ ਆਏ। ਸਿਰੋਪਾਓ ਅਰ ਸਠਿ ਹਜ਼ਾਰ ਕੀ ਧੁਖਧੁਖੀ ਜੜਾਊ ਇਨਾਮੁ ਹੋਈ। ਹੋਰ ਭੀ ਕੰਮੁ ਗੁਰੂ ਕਾ ਸਦਕਾ ਸਭ ਹੋਤੇ ਹੈ। ਅਸੀ ਭੀ ਥੋੜੇ ਹੀ ਦਿਨਾ ਨੋ ਆਵਤੇ ਹਾਂ। ਸ੍ਰਬਤਿ ਸੰਗਤਿ ਖਾਲਸੇ ਕੋ ਮੇਰਾ ਹੁਕਮ ਹੈ, ਆਪਸ ਮੋ ਮੇਲੁ ਕਰਣਾ। ਜਦਿ ਅਸੀ ਕਹਲੂਰ ਆਵਤੇ, ਤਦਿ ਸ੍ਰਬਤਿ ਖਾਲਸੇ ਹਥੀਯਾਰ ਬਨਿ ਕੈ ਹਜ਼ੂਰਿ ਆਵਣਾ। ਜੋ ਆਵੈਗਾ, ਸੋ ਨਿਹਾਲ ਹੋਵੈਗਾ।”

12 ਨਵੰਬਰ, 1707 ਨੂੰ ਬਹਾਦਰ ਸ਼ਾਹ ਨੂੰ ਕੁਝ ਬਗ਼ਾਵਤਾਂ ਦੀ ਸਰਕੋਬੀ ਲਈ ਰਾਜਪੂਤਾਨੇ ਜਾਣਾ ਪਿਆ। ਉਸ ਨੇ ਗੁਰੂ ਸਾਹਿਬ ਨੂੰ ਵੀ ਨਾਲ ਚੱਲਣ ਲਈ ਕਿਹਾ। ਗੁਰੂ ਸਾਹਿਬ ਉਦੋਂ ਤਾਂ ਨਾਲ ਨਹੀਂ ਗਏ, ਪਰੰਤੂ ਮਾਰਚ 1708 ਦੇ ਅੰਤ ਵਿਚ ਆਪਣੇ 200-300 ਸਿੰਘਾਂ ਨਾਲ ਉਸ ਨੂੰ ਅਜਮੇਰ ਜਾ ਮਿਲੇ। ਇਸ ਤੋਂ ਛੇਤੀ ਬਾਅਦ ਬਾਦਸ਼ਾਹ ਨੂੰ ਸੂਚਨਾ ਮਿਲੀ ਕਿ ਦੱਖਣ ਵਿਚ ਉਸ ਦੇ ਛੋਟੇ ਭਰਾ ਕਾਮ ਬਖ਼ਸ਼ ਨੇ ਬਗ਼ਾਵਤ ਕਰ ਦਿੱਤੀ ਸੀ। ਰਾਜਪੂਤਾਨੇ ਦੀ ਮੁਹਿੰਮ ਅਧਵਾਟੇ ਛੱਡ, ਲੋੜੀਂਦੀ ਤਿਆਰੀ ਕਰ ਕੇ ਮਈ 1708 ਦੇ ਪਹਿਲੇ ਹਫ਼ਤੇ ਉਸ ਨੇ ਹੈਦਰਾਬਾਦ ਵੱਲ ਕੂਚ ਕਰ ਦਿੱਤਾ। ਉਸ ਨਾਲ ਕਿਸੇ ਅੰਤਿਮ ਫ਼ੈਸਲੇ ’ਤੇ ਪੁੱਜਣ ਦੀ ਆਸ ਵਿਚ ਗੁਰੂ ਸਾਹਿਬ ਵੀ ਨਾਲ ਚੱਲ ਪਏ। ਦੋਨੋਂ ਕੈਂਪ ਵੱਖਰੇ, ਪਰੰਤੂ ਨਾਲ-ਨਾਲ ਸਫ਼ਰ ਕਰ ਰਹੇ ਸਨ। ਰਾਹ ਵਿਚ ਅੱਗੇ-ਪਿੱਛੇ ਵੀ ਹੋ ਜਾਇਆ ਕਰਦੇ ਸਨ। ਗੁਰੂ ਜੀ ਕਈ ਥਾਵਾਂ ’ਤੇ ਸੰਗਤਾਂ ਦੀ ਬੇਨਤੀ ’ਤੇ ਅਤੇ ਪ੍ਰਚਾਰ ਹਿੱਤ ਜ਼ਿਆਦਾ ਸਮਾਂ ਵੀ ਠਹਿਰ ਜਾਂਦੇ ਸਨ ਪਰੰਤੂ ਪੈਂਡਾ ਮਾਰ ਫਿਰ ਸ਼ਾਹੀ ਕੈਂਪ ਨਾਲ ਆ ਮਿਲਦੇ ਸਨ। ਅਗਸਤ 1708 ਦੇ ਅਖ਼ੀਰ ਵਿਚ ਇਹ ਕਾਫ਼ਲਾ ਨਾਂਦੇੜ ਪਹੁੰਚ ਗਿਆ। ਗੁਰੂ ਸਾਹਿਬ ਨੇ ਆਪਣੇ ਸਿੰਘਾਂ ਨਾਲ ਗੋਦਾਵਰੀ ਦੇ ਸੱਜੇ ਕੰਢੇ ’ਤੇ ਉਤਾਰਾ ਕੀਤਾ। ਬਾਦਸ਼ਾਹ ਹਮਲੇ ਦੀ ਤਿਆਰੀ ਲਈ ਕੁਝ ਮੀਲ ਦੂਰ ਦਰਿਆ ਪਾਰ ਠਹਿਰ ਗਿਆ। ਹੈਦਰਾਬਾਦ ਇਥੋਂ 150 ਮੀਲ ਦੂਰ ਸੀ।

ਭਾਵੇਂ ਬਾਦਸ਼ਾਹ ਗੁਰੂ ਸਾਹਿਬ ਨੂੰ ਭਰੋਸਾ ਦਿਵਾਉਂਦਾ ਸੀ ਕਿ ਫ਼ੌਰੀ ਝਮੇਲਿਆਂ ਤੋਂ ਵਿਹਲਾ ਹੋ ਕੇ ਉਹ ਪੰਜਾਬ ਵੱਲ ਧਿਆਨ ਦੇਵੇਗਾ ਪਰ ਹੁਣ ਤਕ ਆਪ ਨੇ ਮਹਿਸੂਸ ਕਰ ਲਿਆ ਸੀ ਕਿ ਇਸ ਗੱਲਬਾਤ ਦਾ ਕੋਈ ਖ਼ਾਤਰ-ਖ਼ਾਹ ਨਤੀਜਾ ਨਿਕਲਣ ਵਾਲਾ ਨਹੀਂ। ਦਰਅਸਲ ਬਾਦਸ਼ਾਹ ਦੀਆਂ ਵੀ ਕੁਝ ਆਪਣੀਆਂ ਮਜਬੂਰੀਆਂ ਸਨ। ਉਸ ਦਾ ਰਾਜ ਅਜੇ ਪੱਕੇ ਪੈਰੀਂ ਸਥਾਪਤ ਨਹੀਂ ਸੀ ਹੋਇਆ। ਇਧਰ-ਉਧਰ ਬਗ਼ਾਵਤਾਂ ਹੋ ਰਹੀਆਂ ਸਨ। ਮੁਲਕ ਦੀ ਸਿਆਸਤ ਵਿਚ ਉਲੇਮਾਵਾਂ ਦਾ ਬੜਾ ਜ਼ੋਰ ਸੀ ਅਤੇ ਬਾਦਸ਼ਾਹ ਉਨ੍ਹਾਂ ਦੀ ਨਾਰਾਜ਼ਗੀ ਵੀ ਮੁੱਲ ਲੈਣਾ ਉਚਿਤ ਨਹੀਂ ਸਮਝਦਾ ਸੀ। ਸ਼ਹਿਨਸ਼ਾਹ ਅਕਬਰ ਦੇ ਰਾਜ ਦੇ ਅਖ਼ੀਰਲੇ ਸਾਲਾਂ ਦੌਰਾਨ ਕੱਟੜ ਇਸਲਾਮੀ ਸ਼ਰ੍ਹਾ ਨੂੰ ਮੰਨਣ ਵਾਲੇ ਨਕਸ਼ਬੰਦੀ ਸੂਫ਼ੀ ਫਿਰਕੇ ਨੇ ਸਰਹਿੰਦ ਵਿਚ ਆਪਣਾ ਪ੍ਰਚਾਰ-ਕੇਂਦਰ ਕਾਇਮ ਕਰ ਲਿਆ ਸੀ। ਇਸ ਫ਼ਿਰਕੇ ਦੇ ਆਗੂਆਂ ਦਾ ਮੁੱਖ ਨਿਸ਼ਾਨਾ ਰਾਜ- ਦਰਬਾਰੀਆਂ ਤੇ ਵੱਡੇ ਅਫ਼ਸਰਾਂ ਨੂੰ ਆਪਣੇ ਸ਼ਰਧਾਲੂ ਬਣਾ ਕੇ ਰਾਜ-ਸ਼ਕਤੀ ਦੀ ਵਰਤੋਂ ਨਾਲ ਇਸਲਾਮ ਦਾ ਪ੍ਰਚਾਰ ਕਰਨਾ ਹੁੰਦਾ ਸੀ। ਪੰਜਾਬ ਵਿਚ ਸਿੱਖ ਧਰਮ ਦੀ ਲੋਕਪ੍ਰਿਯਤਾ ਉਨ੍ਹਾਂ ਨੂੰ ਆਪਣੇ ਰਾਹ ਦਾ ਵੱਡਾ ਰੋੜਾ ਜਾਪਦੀ ਸੀ। ਉਹ ਹਾਕਮਾਂ ਨੂੰ ਸਿੱਖ-ਵਿਰੋਧੀ ਕਾਰਵਾਈਆਂ ਲਈ ਉਕਸਾਉਂਦੇ ਰਹਿੰਦੇ ਸਨ। ਨਵਾਬ ਵਜ਼ੀਰ ਖਾਂ ਨੂੰ ਇਸ ਫ਼ਿਰਕੇ ਦਾ ਤਕੜਾ ਸਮਰਥਨ ਹਾਸਲ ਸੀ। ਬਾਦਸ਼ਾਹ ਫ਼ਿਲਹਾਲ ਉਸ ਵਿਰੁੱਧ ਕੋਈ ਕਾਰਵਾਈ ਕਰ ਕੇ ਆਪਣੇ ਲਈ ਕੋਈ ਨਵਾਂ ਬਖੇੜਾ ਖੜ੍ਹਾ ਨਹੀਂ ਕਰਨਾ ਚਾਹੁੰਦਾ ਸੀ। ਉਹ ਇਹ ਵੀ ਨਹੀਂ ਚਾਹੁੰਦਾ ਸੀ ਕਿ ਗੁਰੂ ਸਾਹਿਬ ਅਜੇ ਪੰਜਾਬ ਆਉਣ। ਇਸ ਲਈ ਉਸ ਨੇ ਗੁਰੂ ਜੀ ਨੂੰ ਆਪਣੇ ਨਾਲ ਰੱਖਣਾ ਹੀ ਬਿਹਤਰ ਸਮਝਿਆ ਸੀ।

ਹਾਲਾਤ ਨੂੰ ਮੁੱਖ ਰੱਖਦਿਆਂ ਗੁਰੂ ਸਾਹਿਬ ਨੇ ਨਾਂਦੇੜ ਦੇ ਰਮਣੀਕ ਅਸਥਾਨ ’ਤੇ ਰਹਿਣ ਦਾ ਫ਼ੈਸਲਾ ਕਰ ਲਿਆ। ਸਵੇਰੇ-ਸ਼ਾਮ ਦੀਵਾਨ ਸਜਣ ਲੱਗ ਪਏ। ਦੁਪਹਿਰ ਤੋਂ ਬਾਅਦ ਢਾਡੀ ਵਾਰਾਂ ਗਾਉਂਦੇ ਸਨ। ਸਥਾਨਕ ਵੱਸੋਂ ਵੀ ਹਾਜ਼ਰੀ ਭਰਦੀ ਸੀ।

3 ਸਤੰਬਰ, 1708 ਨੂੰ ਗੁਰੂ ਸਾਹਿਬ ਰਿਧੀਆਂ-ਸਿਧੀਆਂ ਤੇ ਜਾਦੂ-ਮੰਤਰਾਂ ਕਾਰਨ ਪ੍ਰਸਿੱਧ ਬੈਰਾਗੀ ਮਾਧੋ ਦਾਸ ਦੇ ਮੱਠ (ਜੋ ਨੇੜੇ ਹੀ ਸੀ) ’ਤੇ ਗਏ ਅਤੇ ਉਪਦੇਸ਼ ਰਾਹੀਂ ਉਸ ਦਾ ਕਾਇਆਂ-ਕਲਪ ਕਰ, ਬੰਦਾ ਸਿੰਘ ਬਹਾਦਰ ਨਾਂ ਨਾਲ ਉਸ ਨੂੰ ਆਪਣਾ ਸਿੰਘ ਸਜਾਇਆ। ਕੁਝ ਦਿਨਾਂ ਬਾਅਦ ਆਪਣੇ ਕੁਝ ਸ਼ਸਤਰ ਦੇ ਕੇ ਕੁਝ ਸਿੰਘਾਂ ਨਾਲ ਪੰਜਾਬ-ਵਾਸੀਆਂ ਨੂੰ ਉਸ ਦੇ ਝੰਡੇ ਹੇਠ ਇਕੱਠੇ ਹੋਣ ਲਈ ਉਸ ਨੂੰ ਹੁਕਮਨਾਮੇ ਵੀ ਬਖਸ਼ ਕੇ ਜਾਬਰ ਹਕੂਮਤ ਨੂੰ ਸੋਧਣ ਲਈ ਰਵਾਨਾ ਕਰ ਦਿੱਤਾ।

ਗੁਰੂ ਸਾਹਿਬ ਅਤੇ ਬਾਦਸ਼ਾਹ ਵਿਚਕਾਰ ਵਧਦੀ ਦੋਸਤੀ ਤੋਂ ਨਵਾਬ ਵਜ਼ੀਰ ਖਾਂ ਬਹੁਤ ਫ਼ਿਕਰਮੰਦ ਸੀ। ਉਸ ਨੇ ਗੁਰੂ ਜੀ ਨੂੰ ਸ਼ਹੀਦ ਕਰਨ ਲਈ ਦੋ ਪਠਾਣ ਉਨ੍ਹਾਂ ਦੇ ਮਗਰ ਲਾਏ ਹੋਏ ਸਨ, ਜੋ ਪੁੱਛਦੇ-ਪੁੱਛਦੇ ਨਾਂਦੇੜ ਆ ਪਹੁੰਚੇ। ਉਹ ਕਈ ਦਿਨ ਸ਼ਾਮ ਦੇ ਦੀਵਾਨ ਵਿਚ ਹਾਜ਼ਰੀ ਭਰਦੇ ਰਹੇ ਅਤੇ ਸਿੰਘਾਂ ਉੱਤੇ ਉਨ੍ਹਾਂ ਨੇ ਆਪਣਾ ਇਤਬਾਰ ਜਮਾ ਲਿਆ ਸੀ। ਇਕ ਦਿਨ ਜਦ ਰਹਿਰਾਸ ਪਿੱਛੋਂ ਗੁਰੂ ਸਾਹਿਬ ਆਪਣੇ ਖੈਮੇ ਵਿਚ ਆਰਾਮ ਫ਼ਰਮਾ ਰਹੇ ਸਨ ਤਾਂ ਉਨ੍ਹਾਂ ਵਿੱਚੋਂ ਇਕ ਪਠਾਣ, ਪਹਿਰੇ ਉਤਲੇ ਸਿੰਘ ਨੂੰ ਅਵੇਸਲਾ ਦੇਖ, ਦੱਬੇ ਪੈਰੀਂ ਅੰਦਰ ਆਇਆ ਅਤੇ ਗੁਰੂ ਜੀ ਦੀ ਖੱਬੀ ਵੱਖੀ ਵਿਚ ਦਿਲ ਤੋਂ ਜ਼ਰਾ ਹੇਠਾਂ ਛੁਰਾ ਖੋਭ ਦਿੱਤਾ। ਇਸ ਤੋਂ ਪਹਿਲੇ ਕਿ ਉਹ ਦੂਜਾ ਵਾਰ ਕਰਦਾ, ਗੁਰੂ ਸਾਹਿਬ ਨੇ ਕਿਰਪਾਨ ਸੂਤ ਕੇ ਉਸ ਨੂੰ ਉਥੇ ਹੀ ਢੇਰ ਕਰ ਦਿੱਤਾ। ਉਸ ਦੇ ਭੱਜੇ ਜਾਂਦੇ ਸਾਥੀ ਨੂੰ ਸਿੰਘਾਂ ਨੇ ਪਾਰ ਬੁਲਾਇਆ।

ਇਕ ਜੱਰਾਹ ਸੱਦਿਆ ਗਿਆ। ਉਸ ਨੇ ਜ਼ਖ਼ਮ ਸਾਫ਼ ਕਰ ਕੇ ਟਾਂਕੇ ਲਾ ਦਿੱਤੇ। ਦਸ ਦਿਨਾਂ ਵਿਚ ਜ਼ਖ਼ਮ ਜ਼ਾਹਰਾ ਰਾਜ਼ੀ ਹੋ ਗਿਆ ਅਤੇ ਗੁਰੂ ਸਾਹਿਬ ਨੇ ਦੀਵਾਨ ਵਿਚ ਸੰਗਤ ਨੂੰ ਦਰਸ਼ਨ ਦਿੱਤੇ। ਅਕਤੂਬਰ 1708 ਦੇ ਪਹਿਲੇ ਹਫ਼ਤੇ ਇਕ ਸਖ਼ਤ ਕਮਾਨ ਨੂੰ ਚਿੱਲਾ ਚੜ੍ਹਾਉਣ ਕਾਰਨ ਜ਼ਖ਼ਮ (ਜੋ ਅੰਦਰੋਂ ਅਜੇ ਅੱਲਾ ਸੀ) ਮੁੜ ਖੁੱਲ੍ਹ ਗਿਆ। ਖ਼ੂਨ ਬਹੁਤਾ ਵਗ ਜਾਣ ਕਾਰਨ 7 ਕੱਤਕ, ਸੰਮਤ ਨਾਨਕਸ਼ਾਹੀ 240 ਅਨੁਸਾਰ 1765 ਬਿਕ੍ਰਮੀ (1708 ਈ.) ਨੂੰ ਸਵੇਰ ਦੀਆਂ ਅਰੰਭਕ ਘੜੀਆਂ ਵਿਚ (ਅੱਧੀ ਰਾਤ ਤੋਂ ਥੋੜ੍ਹਾ ਪਿੱਛੋਂ) ਆਪ ਸੱਚਖੰਡ ਪਿਆਨਾ ਕਰ ਗਏ। ਇਸ ਸੰਬੰਧ ਵਿਚ ਕਵੀ ਸੈਨਾਪਤਿ (ਸ੍ਰੀ ਗੁਰੂ ਸੋਭਾ, 1711 ਈ.) ਲਿਖਦਾ ਹੈ:

ਬਿਸਮੇ ਸਭ ਹੋਇ ਰਹੇ ਮਨ ਮੈ ਕਛ ਕੀ ਕਛੁ ਹੋਇ ਗਈ ਅਬ ਹੀ।
ਮਿਲਿ ਕੈ ਸਬ ਸਿੰਘਨੁ ਤਾਹਿ ਸਮੈ ਇਹ ਭਾਂਤ ਬਿਚਾਰ ਕੀਉ ਤਬ ਹੀ।
ਸਸਕਾਰ ਕਰੋ ਨਿਸ ਹੀ ਕੇ ਸਮੇ ਨਿਕਸੇ ਨਹੀਂ ਭਾਨ ਕਹਿਓ ਸਬ ਹੀ।
ਇਮ ਕਾਰਨ ਕਾਰਜ ਕੋ ਕਰਹੀ ਮਿਲਿ ਜੋਤਿ ਸੋ ਜੋਤਿ ਗਈ ਤਬ ਹੀ॥36॥801॥
ਸੰਮਤ ਸਤ੍ਰਾ ਸੈ ਭਏ, ਪੈਂਸਠ ਬਰਖ ਪ੍ਰਮਾਨ।
ਕਾਤਕ ਸੁਦ ਭਈ ਪੰਚਮੀ, ਨਿਸ ਕਾਰਨ ਕਰਿ ਜਾਨ॥37॥802॥

ਗੁਰੂ ਜੀ ਦੀ ਯਾਦ ਵਿਚ ਉਸ ਮੁਕਾਮ ’ਤੇ ਤਖ਼ਤ ਸਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਦੀ ਸਥਾਪਨਾ ਤੇ ਉਸਾਰੀ ਹੋਈ। ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਸੇਵਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਮੁਕੰਮਲ ਕਰਾਈ ਸੀ। ਨਿਜ਼ਾਮ ਹੈਦਰਾਬਾਦ ਨੇ ਇਸ ਪਵਿੱਤਰ ਅਸਥਾਨ ਦੇ ਨਾਂ ਸੱਤ ਪਿੰਡਾਂ ਦੀ ਜਾਗੀਰ ਲਾਈ। ਸੱਚਖੰਡ ਪਿਆਨਾ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਿੱਖਾਂ ਦਾ ਸਦੀਵੀ ਗੁਰੂ ਥਾਪ ਦਿੱਤਾ ਸੀ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

#1162, ਫੇਜ਼ 9, ਮੋਹਾਲੀ

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)