ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਮੁੱਚੀ ਮਾਨਵਤਾ ਦੇ ਚਾਨਣ-ਮੁਨਾਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜਦੋਂ ਕਰਾਇਆ ਤਾਂ ਉਸ ਦਿਨ ਕੋਠਾ ਸਾਹਿਬ ਤੋਂ ਗੁਰੂ ਸਾਹਿਬ ਜੀ ਦੀ ਪਾਵਨ ਬੀੜ ਨੂੰ ਪ੍ਰਕਾਸ਼-ਅਸਥਾਨ ਵੱਲ ਲਿਜਾਇਆ ਜਾ ਰਿਹਾ ਸੀ। ਲੱਗਭਗ ਇਕ ਸੌ ਸਿੱਖ ਨੰਗੇ ਪੈਰੀਂ ‘ਸਤਿ ਨਾਮੁ ਵਾਹਿਗੁਰੂ’ ਦਾ ਜਾਪ ਕਰਦੇ ਹੋਏ ਜਾ ਰਹੇ ਸਨ। ਅੱਗੇ-ਅੱਗੇ ਰਣ-ਸਿੰਘੇ, ਢੋਲਕੀ ਛੈਣੇ ਵਾਲੇ ਸਿੱਖ, ਉਨ੍ਹਾਂ ਤੋਂ ਪਿੱਛੇ ਬਾਬਾ ਬੁੱਢਾ ਜੀ ਦੇ ਸੀਸ ’ਤੇ ਗੁਰੂ ਮਹਾਰਾਜ ਜੀ ਦੀ ਬੀੜ ਸੀ ਅਤੇ ਸ਼ਰਧਾਲੂ ਫੁੱਲਾਂ ਦੀ ਵਰਖਾ ਕਰ ਰਹੇ ਸਨ। ਪੂਰਨ ਪਿਆਰ, ਸਤਿਕਾਰ, ਸ਼ਰਧਾ, ਸਿਦਕ, ਭਰੋਸੇ, ਯਕੀਨ ਤੇ ਪ੍ਰੀਤ ਸਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਵਜੋਂ ਸੁੰਦਰ ਪੀੜ੍ਹੇ ’ਤੇ ਸੁਸ਼ੋਭਿਤ ਕਰ ਕੇ ਪ੍ਰਕਾਸ਼ ਕੀਤਾ ਗਿਆ। ਸੁੰਦਰ ਕੀਮਤੀ ਰੁਮਾਲੇ ਸਜਾਏ ਗਏ। ਸਿੱਖਾਂ ਸਮੇਤ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਵੀ ਗੁਰੂ ਮਹਾਰਾਜ ਸਨਮੁਖ ਇਕ-ਮਨ ਇਕ-ਚਿਤ ਹੋ ਕੇ ਬੈਠ ਗਏ। ਬਾਬਾ ਬੁੱਢਾ ਜੀ ਨੂੰ ਹੁਕਮਨਾਮਾ ਲੈਣ ਲਈ ਕਿਹਾ ਗਿਆ। ਉਸ ਸਮੇਂ ਇਹ ਪਵਿੱਤਰ ਰੱਬੀ ਹੁਕਮਨਾਮਾ ਆਇਆ:
ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ॥
ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ॥
ਅੰਮ੍ਰਿਤ ਜਲੁ ਛਾਇਆ ਪੂਰਨ ਸਾਜੁ ਕਰਾਇਆ ਸਗਲ ਮਨੋਰਥ ਪੂਰੇ॥
ਜੈ ਜੈ ਕਾਰੁ ਭਇਆ ਜਗ ਅੰਤਰਿ ਲਾਥੇ ਸਗਲ ਵਿਸੂਰੇ॥
ਪੂਰਨ ਪੁਰਖ ਅਚੁਤ ਅਬਿਨਾਸੀ ਜਸੁ ਵੇਦ ਪੁਰਾਣੀ ਗਾਇਆ॥
ਅਪਨਾ ਬਿਰਦੁ ਰਖਿਆ ਪਰਮੇਸਰਿ ਨਾਨਕ ਨਾਮੁ ਧਿਆਇਆ॥ (ਪੰਨਾ 783)
ਇਹ ਸ਼ਬਦ ਰਾਗ ਸੂਹੀ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਆਪਣੀ ਰਚਨਾ ਹੈ। ਸ੍ਰੀ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਵਿਖੇ ਅੰਮ੍ਰਿਤ ਸਰੋਵਰ ਬਣਾਇਆ। ਇਸੇ ਕਰਕੇ ਹੀ ਇਸ ਨਗਰ ਦਾ ਨਾਮ ਅੰਮ੍ਰਿਤਸਰ ਪੈ ਗਿਆ। ਸੰਮਤ 1645 ਬਿ: ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਰੋਵਰ ਦੇ ਵਿਚਕਾਰ ਸ੍ਰੀ ਹਰਿਮੰਦਰ ਸਾਹਿਬ ਅਰਥਾਤ ਸ੍ਰੀ ਦਰਬਾਰ ਸਾਹਿਬ ਦੀ ਉਸਾਰੀ ਕਰਵਾਈ। ਸ੍ਰੀ ਦਰਬਾਰ ਸਾਹਿਬ ਅੰਦਰ ਹੀ ਗੁਰੂ ਮਹਾਰਾਜ ਦਾ ਪਹਿਲਾ ਪ੍ਰਕਾਸ਼ ਕੀਤਾ ਗਿਆ ਸੀ। ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਾਰੀ ਮਾਨਵਤਾ ਲਈ ਪ੍ਰੇਮਾ-ਭਗਤੀ ਤੇ ਸੇਵਾ ਸਿਮਰਨ ਦਾ ਸਾਂਝਾ ਅਸਥਾਨ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਸਾਹਿਬਾਨ ਤੇ ਦੂਜੇ ਬਾਣੀਕਾਰਾਂ ਦੇ ਅਨੁਭਵ ਤੇ ਗਿਆਨ-ਪ੍ਰਕਾਸ਼ ਦਾ ਸੰਗਮ ਹੈ। ਇਸ ਅੰਦਰ ਕੋਈ ਜਾਤੀ ਵਿਤਕਰਾ ਨਹੀਂ। ਰੱਬ ਦੇ ਨਾਮ, ਨੇਕੀ, ਪਿਆਰ ਤੇ ਸਦਾਚਾਰ ਦੀ ਸਾਂਝ ਕੀਤੀ।
ਗੁਰੂ ਸਾਹਿਬਾਨ ਨੇ ਸਾਰੇ ਮੱਤਾਂ ਦਾ ਅਧਿਐਨ ਕੀਤਾ। ਇਸ ਲਈ ਹੀ ਉਨ੍ਹਾਂ ਕਈ ਮੱਤਾਂ ਦੇ ਸਿਧਾਂਤਾਂ ਨੂੰ ਬਿਆਨ ਕੀਤਾ ਹੈ। ਨਿਰਣਾਤਮਕ ਆਲੋਚਨਾ ਕੀਤੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਦਸਵੀਂ ਜੋਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 1708 ਈ. ਵਿਚ ਜੋਤੀ ਜੋਤਿ ਸਮਾਉਣ ਸਮੇਂ ‘ਗੁਰੂ ਮਾਨੀਓ ਗ੍ਰੰਥ’ ਦਾ ਹੁਕਮ ਦਿੱਤਾ ਸੀ।
ਤੀਸਰੀ ਜੋਤ ਸ੍ਰੀ ਗੁਰੂ ਅਮਰਦਾਸ ਜੀ ਨੂੰ ਉਸ ਸਮੇਂ ਦੇ ਪੰਡਤਾਂ ਨੇ ਪੁੱਛਿਆ ਕਿ ਵੇਦ, ਸ਼ਾਸਤਰ, ਪੁਰਾਣ, ਅੰਜੀਲ ਤੇ ਕੁਰਾਨ ਆਦਿ ਦੇ ਹੁੰਦਿਆਂ ਸ੍ਰੀ ਗ੍ਰੰਥ ਸਾਹਿਬ ਅਰਥਾਤ ਗੁਰਬਾਣੀ ਬੀੜ ਰੂਪ ਵਿਚ ਤਿਆਰ ਕਰਨ ਦੀ ਲੋੜ ਕਿਉਂ ਹੈ? ਇਸ ਦਾ ਉੱਤਰ ਸ੍ਰੀ ਗੁਰੂ ਅਮਰਦਾਸ ਜੀ ਨੇ ਇਸ ਤਰ੍ਹਾਂ ਦਿੱਤਾ ਹੈ:
ਜੈਸੀ ਧਰਤੀ ਊਪਰਿ ਮੇਘੁਲਾ ਬਰਸਤੁ ਹੈ ਕਿਆ ਧਰਤੀ ਮਧੇ ਪਾਣੀ ਨਾਹੀ॥
ਜੈਸੇ ਧਰਤੀ ਮਧੇ ਪਾਣੀ ਪਰਗਾਸਿਆ ਬਿਨੁ ਪਗਾ ਵਰਸਤ ਫਿਰਾਹੀ॥ (ਪੰਨਾ 162)
ਜਿਵੇਂ ਕਿ ਧਰਤੀ ਉੱਤੇ ਮੇਘ ਵਰਸਦਾ ਹੈ ਤਾਂ ਸਾਰੀ ਬਨਸਪਤੀ ਨੂੰ ਹਰਾ-ਹਰਾ ਕਰ ਦਿੰਦਾ ਹੈ। ਕੀ ਧਰਤੀ ਵਿਚ ਪਾਣੀ ਨਹੀਂ? ਪ੍ਰਿਥਵੀ ਵਿਚ ਜਲ ਹੈ। ਉਸ ਦੇ ਆਲੇ-ਦੁਆਲੇ ਵੀ ਸਮੁੰਦਰ ਦਾ ਪਾਣੀ ਹੈ। ਪਰ ਧਰਤੀ ਦਾ ਜਲ ਕੱਢਣ ਲਈ ਖੂਹ ਪੁੱਟਣ ਤੇ ਫਿਰ ਖੂਹ ਤੋਂ ਪਾਣੀ ਕੱਢਣ ਲਈ ਕਿਸੇ ਬਰਤਨ ਨਾਲ ਕੋਸ਼ਿਸ਼ ਕਰਨੀ ਪੈਂਦੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਸਰਬੱਤ ਦੇ ਭਲੇ ਲਈ ਸਰਬ-ਸਾਂਝਾ ਉਪਦੇਸ਼ ਹੈ। ਇਸ ਅੰਦਰ ਮਨੁੱਖੀ ਏਕਤਾ ਦਾ ਸੁੰਦਰ ਮੰਦਰ ਜਿਸ ਰੰਗ ਨਾਲ ਉਸਰਦਾ ਹੈ ਉਹ ਮਨੁੱਖੀ ਸਭਿਅਤਾ ਦੇ ਇਤਿਹਾਸ ਵਿਚ ਇਕ ਨਵੀਂ ਲੀਹ ਹੈ। ਜਿਥੋਂ ਤਕ ਇਸ ਰੂਹਾਨੀ ਸੰਦੇਸ਼ ਦਾ ਸੰਬੰਧ ਹੈ ਉਹ ਵਿਸ਼ਵਾਰਥ ਹੈ, ਵਿਗਿਆਨਕ ਹੈ। ਇਸ ਲਈ ਇਸ ਨੂੰ ਕੁੱਲ ਸੰਸਾਰ ਦਾ ਕਲਿਆਣਕਾਰੀ ਤੇ ਪੂਜਨੀਕ ਧਰਮ-ਗ੍ਰੰਥ ਆਖਿਆ ਜਾ ਸਕਦਾ ਹੈ। ਇਸ ਲਈ ਬਿਨਾਂ ਕਿਸੇ ਧਰਮ, ਜਾਤ, ਭਾਸ਼ਾ, ਨਸਲ ਤੇ ਮਜ਼੍ਹਬੀ ਜਾਂ ਸਮਾਜਿਕ ਵਿਤਕਰੇ ਜਾਂ ਫਿਰ ਇਲਾਕਾਈ ਭਿੰਨ-ਭੇਦ ਦੇ ਬਿਨਾਂ ਸਾਰੇ ਹਿੰਦੁਸਤਾਨ ਦੀ ਅਧਿਆਤਮਕ ਆਤਮਾ ਗੂੰਜ ਉਠੀ ਹੈ। ਭਗਤੀ ਲਹਿਰ ਵਿਚ ਸਰਗੁਣਵਾਦ ਦੀਆਂ ਦੋ ਧਾਰਾਵਾਂ ਹਨ। ਪਰੰਤੂ ਸਤਿਗੁਰਾਂ ਦੋਹਾਂ ਦਾ ਸੰਗਮ ਰਚਿਆ ਤੇ ਕੁਦਰਤ ਦੇ ਵਿਚ ਵਿਆਪਕ ਪਰਮਾਤਮਾ ਦਾ ਸਰਗੁਣ ਰੂਪ ਤੱਕ ਕੇ ਉਸ ਦੇ ਨਿਰਗੁਣ ਰੂਪ ਦੀ ਵਿਆਖਿਆ ਭਲੀ-ਭਾਂਤ ਕੀਤੀ ਹੈ। ਇਹ ਬ੍ਰਹਮ ਤੇ ਮਾਇਆ ਦਾ, ਕੁਦਰਤ ਤੇ ਕਾਦਰ ਦੀ ਏਕਤਾ ਦਾ ਦਰਸ਼ਨ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਧਿਆਤਮਕ ਸ਼ਾਸਤਰ ਏਕਾਵਾਦੀ ਤੇ ਸਮਾਜ ਸ਼ਾਸਤਰ ਮਾਨਵਵਾਦੀ ਹੈ ਜੋ ਵਿਸ਼ਵ-ਮਨੁੱਖ ਦਾ ਸੁੰਦਰ ਆਧਾਰ ਬਣਨ ਦੀ ਪੂਰਨ ਭਾਂਤ ਸਮਰੱਥਾ ਰੱਖਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਅਧਿਆਤਮਕ ਮਾਰਗ ਨੂੰ ਵਿਗਿਆਨਕ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਆਮ ਤੌਰ ’ਤੇ ਕਰਮ-ਕਾਂਡ, ਵਹਿਮ-ਭਰਮ, ਮਿਥਿਹਾਸਕ ਤੇ ਕਾਲਪਨਿਕ ਕਹਾਣੀਆਂ ਤੋਂ ਕੰਮ ਲਿਆ ਜਾਂਦਾ ਹੈ। ਇਸ ਕਰਕੇ ਨਵੀਂ ਪੀੜ੍ਹੀ ਉਨ੍ਹਾਂ ਤੋਂ ਸੰਤੁਸ਼ਟ ਨਹੀਂ, ਪਰੰਤੂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤਕ ਵਿਵੇਕ ਦੀ ਕਸਵੱਟੀ ’ਤੇ ਪੂਰਾ ਉਤਰਨ ਵਾਲਾ ਹੈ। ਕੋਈ ਗੈਰ-ਅਨੁਭਵੀ ਗੱਲ ਨਹੀਂ ਰਹਿ ਗਈ। ਇਸ ਗੱਲ ਦਾ ਸਪੱਸ਼ਟੀਕਰਨ ਵੀ ਇਸ ਪ੍ਰਕਾਰ ਦਿੱਤਾ ਗਿਆ ਹੈ:
ਸੁਣਿ ਮੁੰਧੇ ਹਰਣਾਖੀਏ ਗੂੜਾ ਵੈਣੁ ਅਪਾਰੁ॥
ਪਹਿਲਾ ਵਸਤੁ ਸਿਞਾਣਿ ਕੈ ਤਾਂ ਕੀਚੈ ਵਾਪਾਰੁ॥ (ਪੰਨਾ 1410)
ਧਰਮ-ਗ੍ਰੰਥ ਕੇਵਲ ਪ੍ਰਲੋਕ ਦੀ ਅਗਵਾਈ ਲਈ ਨਹੀਂ ਬਲਕਿ ਇਸ ਲੋਕ ਨੂੰ ਸੰਵਾਰਨ, ਸੁਧਾਰਨ ਅਤੇ ਸਮਾਜਿਕ ਤੌਰ ’ਤੇ ਜੀਵਨ ਨੂੰ ਉੱਚਾ ਕਰਨ ਲਈ ਵੀ ਓਨਾ ਹੀ ਯਤਨਸ਼ੀਲ ਹੈ ਜਿੰਨਾ ਕਿ ਮੁਕਤੀ ਲਈ। ਕਿਉਂਕਿ ਗੁਰੂ ਸਾਹਿਬ ਬਿਰਕਤੀ ਦੀ ਥਾਂ ਕਰਮਯੋਗੀ ਜੀਵਨ ਦੇ ਹਮਾਇਤੀ ਰਹੇ ਹਨ ਇਸ ਲਈ ਹੀ ਸੰਸਾਰੀ ਪੱਖਾਂ ਨੂੰ ਓਹਲੇ ਨਹੀਂ ਕੀਤਾ। ਸਮਾਜਿਕ ਭਲਾਈ ਤੇ ਵਿਅਕਤੀਗਤ ਸੁਧਾਈ ਲਈ ਜਿਸ ਸਦਾਚਾਰ ਉੱਤੇ ਜ਼ੋਰ ਦਿੱਤਾ ਗਿਆ ਹੈ, ਉਹ ਅਤਿਅੰਤ ਸੰਤੁਸ਼ਟਦਾਇਕ ਹੈ। ਇਨ੍ਹਾਂ ਸਦਾਚਾਰਕ ਨਿਯਮਾਂ ਵਿਚ ਕੋਈ ਪੱਖਪਾਤ ਜਾਂ ਬੰਧਨ ਵਾਲੀ ਗੱਲ ਨਹੀਂ ਬਲਕਿ ਮਨੁੱਖੀ ਜੀਵਨ ਦੇ ਭਲੇ ਲਈ ਅਜਿਹੀਆਂ ਗੱਲਾਂ ਦੇ ਸੰਕੇਤ ਹਨ ਜੋ ਬਿਨਾਂ ਕਿਸੇ ਕੱਟੜਤਾ ਦੇ ਵਿਸ਼ਵ-ਸਦਾਚਾਰ ਦੀ ਬੁਨਿਆਦ ਬਣ ਜਾਂਦੇ ਹਨ:
ਐਸਾ ਕੰਮੁ ਮੂਲੇ ਨ ਕੀਚੈ ਜਿਤੁ ਅੰਤਿ ਪਛੋਤਾਈਐ॥ (ਪੰਨਾ 918)
ਭਾਸ਼ਾ ਦੀ ਰਵਾਨੀ, ਸ਼ੈਲੀ ਦੀ ਸੁਹਿਰਦਤਾ, ਅਲੰਕਾਰ ਦਾ ਕੁਦਰਤੀ ਘਰੇਲੂ ਰੰਗ ਤੇ ਵਿਸ਼ਵ-ਸਾਂਝ ਦਾ ਵਿਸ਼ੇ-ਵਸਤੂ ਸਭ ਕੁਝ ਹੀ ਆਕਰਸ਼ਕ ਸਮੱਗਰੀ ਹੈ। ਸਤਿਗੁਰਾਂ ਨੇ ਇਸ ਗੁਰੂ-ਪਦਵੀ ਨਾਲ ਇਸ ਲਈ ਸੁਸ਼ੋਭਿਤ ਕੀਤਾ ਕਿ ਮਨੁੱਖ ਹਰ ਤਰ੍ਹਾਂ ਦੀ ਗ਼ੁਲਾਮੀ ਤੋਂ ਛੁਟਕਾਰਾ ਪਾ ਸਕੇ।
ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੀਵਨ-ਲੀਲ੍ਹਾ ਸਮਾਪਤ ਕਰਨ ਸਮੇਂ ਫ਼ਰਮਾਇਆ- ਪੂਜਾ ਅਕਾਲ ਕੀ, ਦੀਦਾਰ ਖਾਲਸੇ ਦਾ, ਪਰਚਾ ਸ਼ਬਦ ਦਾ। ਸਿੱਖ ਸੰਗਤਾਂ ਨੂੰ ਅੰਤਿਮ ਉਪਦੇਸ਼ ਕਰ ਕੇ ਆਪ ਨੇ ਆਤਮਿਕ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਦਿੱਤੀ ਤੇ ਆਦੇਸ਼ ਦਿੱਤਾ:
ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ।
ਸਭਿ ਸਿੱਖਨ ਕੋ ਹੁਕਮ ਹੈ ਗੁਰੂ ਮਾਨੀਓ ਗ੍ਰੰਥ॥
ਲੇਖਕ ਬਾਰੇ
889, ਫੇਜ਼ 10, ਮੋਹਾਲੀ-160012
- ਹੋਰ ਲੇਖ ਉਪਲੱਭਧ ਨਹੀਂ ਹਨ