ਸ੍ਰੀ ਗੁਰੂ ਗ੍ਰੰਥ ਸਾਹਿਬ ਤੱਤ-ਗਿਆਨ, ਬ੍ਰਹਮ-ਗਿਆਨ ਦਾ ਸੋਮਾ ਹੈ। ਇਸ ਲਾਸਾਨੀ ਗ੍ਰੰਥ ਵਿਚ ਬਹੁਤ ਸਰਲ ਅਤੇ ਸਪੱਸ਼ਟ ਭਾਵਾਂ ਨਾਲ ਦਾਰਸ਼ਨਿਕ ਸਚਾਈਆਂ ਨੂੰ ਬਿਆਨ ਕੀਤਾ ਗਿਆ ਹੈ। ਗੁਰੂ ਸਾਹਿਬਾਨ ਨੇ ਅਮਲੀ ਗਿਆਨ ਨੂੰ ਜਨਤਾ ਤਕ ਪਹੁੰਚਾਉਣ ਲਈ ਹਰ ਪੱਧਰ ’ਤੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਗੋਚਰੇ ਰੱਖਿਆ ਹੈ। ਲੋਕਾਂ ਦੀ ਸਮਝ ਵਿਚ ਆਉਣ ਵਾਲੀ ਸਰਲ ਤੇ ਸਪੱਸ਼ਟ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ। ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨ ਦੀ ਬਾਣੀ ਲੋਕ-ਬੋਲਚਾਲ ਦੀ ਭਾਸ਼ਾ ਵਿਚ ਹੈ। ਭਾਰਤੀ ਦਰਸ਼ਨ ਵਿਚ ਇਹ ਚਾਰ ਮੁੱਖ ਥੰਮ੍ਹ ਮੰਨੇ ਜਾਂਦੇ ਹਨ ਧਰਮ, ਅਰਥ, ਕਾਮ, ਮੋਕਸ਼। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਨ੍ਹਾਂ ਚਾਰਾਂ ਬਾਰੇ ਬਹੁਤ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ। ਭਾਰਤੀ ਦਰਸ਼ਨ ਵਿਚ ਪੰਜ ਵਿਕਾਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਬਾਰੇ ਦੱਸਿਆ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਨ੍ਹਾਂ ਪੰਜੇ ਵਿਕਾਰਾਂ ਬਾਰੇ ਗੰਭੀਰ ਸੰਵਾਦ ਸਿਰਜਿਆ ਗਿਆ ਹੈ। ਇਹ ਪੰਜੇ ਵਿਕਾਰ ਮਨੁੱਖ ਤੋਂ ਅਮਾਨਵੀ ਕਾਰਜ ਕਰਾਉਂਦੇ ਹਨ। ਮਨੁੱਖਤਾ ਦੀ ਭਲਾਈ ਲਈ ਮਨੁੱਖ ਨੂੰ ਪਹਿਲਾਂ ਇਨ੍ਹਾਂ ਪੰਜੇ ਵਿਕਾਰਾਂ ਨਾਲ ਟੱਕਰ ਲੈ ਕੇ ਹੀ ਇਨ੍ਹਾਂ ’ਤੇ ਜਿੱਤ ਪ੍ਰਾਪਤ ਕਰਨੀ ਹੁੰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਸ ਬਾਰੇ ਵਿਸਤ੍ਰਿਤ ਚਰਚਾ ਹੋਈ ਹੈ। ਇਨ੍ਹਾਂ ਤੋਂ ਮੁਕਤ ਹੋਣ ਦੇ ਢੰਗ-ਤਰੀਕੇ ਦੱਸੇ ਗਏ ਹਨ।
ਨਿਰਸਵਾਰਥ ਮਨੁੱਖ-ਮਾਤਰ ਦੀ ਭਲਾਈ ਲਈ ਕੀਤੇ ਕਾਰਜਾਂ ਨੂੰ ਮਾਨਵਤਾਵਾਦੀ ਕਰਮ ਕਿਹਾ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਿੱਖੀ ਦੇ ਮੂਲ ਸਿਧਾਂਤ ਨਾਮ ਜਪੋ, ਕਿਰਤ ਕਰੋ, ਵੰਡ ਛਕੋ ਦੀ ਵਿਆਖਿਆ ਕੀਤੀ ਗਈ ਹੈ। ਇਹ ਬਹੁਤ ਹੀ ਸਪੱਸ਼ਟ ਫਲਸਫਾ ਹੈ ਜੋ ਮਾਨਵਤਾ ਦੀ ਬੁਨਿਆਦ ਬਣਦਾ ਹੈ। ਸੱਚੀ-ਸੁੱਚੀ ਕਿਰਤ ਕਰਨਾ, ਉਸ ਪਰਮਾਤਮਾ ਦੀ ਅਰਾਧਨਾ ਕਰਨਾ, ਉਸ ਦਾ ਨਾਮ ਜਪਣਾ ਅਤੇ ਵੰਡ ਕੇ ਛਕਣਾ। ਇਹ ਸਮਾਨਤਾ ਦਾ ਅਨੁਸਾਰੀ ਊਚ-ਨੀਚ ਅਤੇ ਈਰਖਾ-ਦਵੈਖ ਤੋਂ ਰਹਿਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਮਾਜਿਕ ਅਧੋਗਤੀਆਂ ਅਤੇ ਮਾਨਵ-ਵਿਰੋਧੀ ਕੰਮਾਂ ਦੀ ਸਪੱਸ਼ਟ ਤੌਰ ’ਤੇ ਵਿਆਖਿਆ ਕੀਤੀ ਗਈ ਹੈ। ਸਮੇਂ ਦੀਆਂ ਹਕੂਮਤਾਂ ਦੇ ਜ਼ੁਲਮਾਂ ਨੂੰ ਦਰਸਾਉਣ ਦੇ ਨਾਲ-ਨਾਲ ਸਮਾਜ ਵਿਚ ਪਨਪ ਰਹੀਆਂ ਮਾਰੂ ਗਿਰਾਵਟਾਂ ਅਤੇ ਮਨੁੱਖ ਦੇ ਦੋਹਰੇ ਕਿਰਦਾਰਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਹੁਤ ਸਪੱਸ਼ਟ ਢੰਗ ਨਾਲ ਭੰਡਿਆ ਹੈ:
ਗਊ ਬਿਰਾਹਮਣ ਕਉ ਕਰੁ ਲਾਵਹੁ ਗੋਬਰਿ ਤਰਣੁ ਨ ਜਾਈ॥
ਧੋਤੀ ਟਿਕਾ ਤੈ ਜਪਮਾਲੀ ਧਾਨੁ ਮਲੇਛਾਂ ਖਾਈ॥
ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤੁਰਕਾ ਭਾਈ॥
ਛੋਡੀਲੇ ਪਾਖੰਡਾ॥
ਨਾਮਿ ਲਇਐ ਜਾਹਿ ਤਰੰਦਾ॥ (ਪੰਨਾ 471)
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਰਸਦਾਇਕ ਹਾਲਤ ਨੂੰ ਦਰਸਾਉਂਦੇ ਹੋਏ ਝੂਠ, ਫਰੇਬ ਅਤੇ ਹੇਰਾਫੇਰੀਆਂ ਦਾ ਪਰਦਾ ਫਾਸ਼ ਕੀਤਾ ਹੈ। ਉਸ ਸਮੇਂ ਸਮਾਜ ਵਿਚ ਦੰਭ, ਕੂੜ ਅਤੇ ਮਾਨਸਿਕ ਗਿਰਾਵਟ ਦਾ ਬੋਲਬਾਲਾ ਸੀ। ਗੁਰੂ ਜੀ ਨੇ ਬਹੁਤ ਦਲੇਰੀ ਨਾਲ ਸਮਾਜਿਕ ਕੁਰੀਤੀਆਂ ਨੂੰ ਨੰਗਾ ਕੀਤਾ ਹੈ। ਇਹ ਮਾਨਵਤਾ ਦੀ ਭਲਾਈ ਦਾ ਸੰਦੇਸ਼ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਧਾਰਮਿਕ ਗ੍ਰੰਥ ਹੀ ਨਹੀਂ ਹੈ ਸਗੋਂ ਇਹ ਬਹੁ-ਸਭਿਆਚਾਰੀ ਧਾਰਮਿਕ ਗ੍ਰੰਥ ਹੈ। ਇਸ ਵਿਚ ਭਾਰਤੀ ਸਭਿਅਤਾ ਅਤੇ ਦਰਸ਼ਨ ਦੇ ਵਿਭਿੰਨ ਨਮੂਨੇ ਬਹੁਤ ਕਲਾਤਮਿਕ ਦ੍ਰਿਸ਼ਟੀ ਨਾਲ ਸਮੋਏ ਹੋਏ ਹਨ। ਇਸ ਵਿਚ ਪੰਜਾਬੀ, ਬੰਗਾਲੀ, ਮਰਾਠੀ, ਤੇਲਗੂ ਆਦਿ ਸਭਿਆਚਾਰ ਅਗਰਭੂਮਿਤ ਹੁੰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪੂਰਬੀ ਦਰਸ਼ਨ ਦਾ ਪ੍ਰਗਟਾਵਾ ਸਿਖਰਲੇ ਪੱਧਰ ’ਤੇ ਹੁੰਦਾ ਹੈ। ਭਾਰਤੀ ਦਰਸ਼ਨ ਅਤੇ ਸੰਸਕ੍ਰਿਤੀ ਨੂੰ ਬਹੁਤ ਵਿਸ਼ਾਲਤਾ ਅਤੇ ਸਰਲਤਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪ੍ਰਸਤੁਤ ਕੀਤਾ ਗਿਆ ਹੈ। ਆਪਸੀ ਪ੍ਰੇਮ, ਲੋਕ-ਭਲਾਈ ਦਾ ਪ੍ਰਚਾਰ ਅਤੇ ਦੂਸਰੇ ਦੇ ਹੱਕ ਨੂੰ ਮਾਰਨ ਵਾਲਿਆਂ ਨੂੰ ਸਖ਼ਤੀ ਨਾਲ ਨਕਾਰਿਆ ਗਿਆ ਹੈ। ਇਸ ਲਈ ਤਰਕਮਈ ਦ੍ਰਿਸ਼ਟੀ ਅਪਣਾਈ ਗਈ ਹੈ। ਮਾਇਆ ਇਕੱਤਰ ਕਰਨ ਵਿਚ ਗ੍ਰਸਤ ਮਨੁੱਖ ਨੂੰ ਭਲੇ ਕਾਰਜ ਲਈ ਪ੍ਰੇਰਿਆ ਗਿਆ ਹੈ। ਇਸ ਦ੍ਰਿਸ਼ਟੀ ’ਤੇ ਸ੍ਰੀ ਗੁਰੂ ਅਮਰਦਾਸ ਜੀ ਦੁਆਰਾ ਰਚਿਤ ਸੋਰਠਿ ਕੀ ਵਾਰ ਦੀ ਇਸ ਪਉੜੀ ਤੋਂ ਸੋਝੀ ਹੁੰਦੀ ਹੈ:
ਧਨੁ ਸੰਪੈ ਮਾਇਆ ਸੰਚੀਐ ਅੰਤੇ ਦੁਖਦਾਈ॥
ਘਰ ਮੰਦਰ ਮਹਲ ਸਵਾਰੀਅਹਿ ਕਿਛੁ ਸਾਥਿ ਨ ਜਾਈ॥
ਹਰ ਰੰਗੀ ਤੁਰੇ ਨਿਤ ਪਾਲੀਅਹਿ ਕਿਤੈ ਕਾਮਿ ਨ ਆਈ॥
ਜਨ ਲਾਵਹੁ ਚਿਤੁ ਹਰਿ ਨਾਮ ਸਿਉ ਅੰਤਿ ਹੋਇ ਸਖਾਈ॥
ਜਨ ਨਾਨਕ ਨਾਮੁ ਧਿਆਇਆ ਗੁਰਮੁਖਿ ਸੁਖੁ ਪਾਈ॥ (ਪੰਨਾ 648)
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਜਾਤ, ਰੰਗ, ਨਸਲ, ਕੌਮ ਦੇ ਵਿਤਕਰਿਆਂ ਨੂੰ ਖ਼ਤਮ ਕੀਤਾ ਗਿਆ ਹੈ। ਗੁਰੂ ਸਾਹਿਬਾਨ ਦੀ ਬਾਣੀ ਸਹਿਤ ਭਗਤ ਸਾਹਿਬਾਨ ਦੀ ਬਾਣੀ ਅਤੇ ਅਤੇ ਭੱਟ ਸਾਹਿਬਾਨ ਦੀ ਬਾਣੀ ਨੂੰ ਵੀ ਦਰਜ ਕੀਤਾ ਗਿਆ ਹੈ। ਹਿੰਦੁਸਤਾਨ ਦੇ ਵੱਖ-ਵੱਖ ਕੋਨਿਆਂ ਵਿਚ ਹੋਏ ਭਗਤ ਸਾਹਿਬਾਨ ਦੀ ਬਾਣੀ ਦਰਜ ਕੀਤੀ ਗਈ ਹੈ। ਭਗਤ ਧੰਨਾ ਜੀ ਜੱਟ, ਭਗਤ ਨਾਮਦੇਵ ਜੀ ਛੀਂਬਾ, ਭਗਤ ਰਵਿਦਾਸ ਜੀ ਚਮਾਰ, ਭਗਤ ਫਰੀਦ ਜੀ ਮੁਸਲਮਾਨ, ਭਗਤ ਕਬੀਰ ਜੀ ਜੁਲਾਹਾ ਪਰਵਾਰਾਂ ਵਿਚ ਜਨਮੇ-ਪਲੇ ਸਨ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਿਨਾਂ ਕਿਸੇ ਭੇਦ-ਭਾਵ ਦੇ ਉਨ੍ਹਾਂ ਦੀ ਬਾਣੀ ਨੂੰ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤਾ, ਇਸ ਪ੍ਰਕਾਰ ਹਰ ਸਿੱਖ ਉਨ੍ਹਾਂ ਦੀ ਬਾਣੀ ਨੂੰ ਮੱਥਾ ਟੇਕਦਾ ਹੈ। ‘ਬਾਣੀ ਗੁਰੂ ਗੁਰੂ ਹੈ ਬਾਣੀ’ ਦਾ ਸੰਕਲਪ ਬਹੁਤ ਹੀ ਵਿਸ਼ਾਲ ਹੈ। ਡਾ. ਕਰਮ ਸਿੰਘ ਦਾ ਇਹ ਸਿੱਖ ਮੱਤ ਬਾਰੇ ਕਥਨ ਧਿਆਨ ਆਕਰਸ਼ਤ ਕਰਦਾ ਹੈ, “ਇਸ ਮੱਤ ਵਿਚ ਸ਼ਖ਼ਸੀ ਗੁਰੂ ਦਾ ਕੋਈ ਸਥਾਨ ਨਹੀਂ ਮੰਨਿਆ ਗਿਆ। ਇਹ ਆਪਣੇ ਧਾਰਮਿਕ ਗ੍ਰੰਥ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਰੂਪ ਵਿਚ ਮੰਨਦੇ ਹਨ। ਗੁਰਬਾਣੀ ਵਿਚ ਗਿਆਨ ਰੂਪੀ ਪ੍ਰਕਾਸ਼ ਹੈ। ਇਸ ਲਈ ਇਹ ਗੁਰੂ ਰੂਪ ਹੈ। ਇਹ ਉਹ ਗਿਆਨ ਹੈ, ਜਿਸ ਦਾ ਆਧਾਰ ਆਤਮਕ ਅਨੁਭਵ ਹੈ, ਇਹ ਸ਼ੁੱਧੀ ਗਿਆਨ-ਇੰਦਰੀਆਂ ਜਾਂ ਕਰਮ-ਇੰਦਰੀਆਂ ਦਾ ਗਿਆਨ ਨਹੀਂ ਅਤੇ ਨਾ ਹੀ ਇਹ ਤਰਕ, ਚਿੰਤਨ ਜਾਂ ਬੌਧਿਕਤਾ ’ਤੇ ਆਧਾਰਿਤ ਹੈ। ਇਹ ਤਾਂ ਅਧਿਆਤਮਕ ਤੇ ਰਹੱਸਵਾਦੀ ਗਿਆਨ ਹੈ ਜਿਸ ਦੀ ਪ੍ਰਾਪਤੀ ਅਕਾਲ ਪੁਰਖ ਦੀ ਨਦਰ ਸਦਕਾ ਹੁੰਦੀ ਹੈ। ਇਸ ਅਵਸਥਾ ਵਿਚ ਪੁੱਜ ਕੇ ਜੀਵ ਨੂੰ ਪਰਮ ਸੱਤਾ ਦਾ ਗਿਆਨ ਹੋ ਜਾਂਦਾ ਹੈ। ਉਸ ਨੂੰ ਧਰਮ, ਗਿਆਨ, ਸਰਮ ਅਤੇ ਕਰਮ ਦੀ ਸੋਝੀ ਹੋ ਜਾਂਦੀ ਹੈ। ਉਹ ਸਚਖੰਡ ਵਿਚ ਸਚਿਆਰ ਹੋ ਕੇ ਬੈਠ ਜਾਂਦਾ ਹੈ।”
ਇਨ੍ਹਾਂ ਨੇ ਸਚਿਆਰ ਹੋਣ ਲਈ ਸਦਾਚਾਰਕ ਗੁਣਾਂ ਦੀ ਮਹੱਤਤਾ ਸਵੀਕਾਰ ਕੀਤੀ ਹੈ। ਇਨ੍ਹਾਂ ਦਾ ਵਿਸ਼ਵਾਸ ਹੈ ਕਿ ਉਹੀ ਵਿਅਕਤੀ ਉੱਤਮ ਹੈ ਜੋ ਸਦਾਚਾਰਕ ਤੌਰ ’ਤੇ ਉੱਤਮ ਹੈ। ਵਿਅਕਤੀ ਦਾ ਧਰਮ ਭਾਵੇਂ ਕੋਈ ਹੋਵੇ ਉਸ ਲਈ ਸ਼ੁਭ ਗੁਣਾਂ ਦਾ ਧਾਰਨੀ ਹੋਣਾ ਹੀ ਮਸਲੇ ਦਾ ਮੁਤਲਸੀ ਹੋਣਾ ਹੈ। ਇਨ੍ਹਾਂ ਨੇ ਸਤਿ, ਸੰਤੋਖ, ਗਿਆਨ, ਦਇਆ, ਧਰਮ, ਦਾਨ, ਖਿਮਾ, ਗ਼ਰੀਬੀ, ਸੇਵਾ ਆਦਿ ਗੁਣਾਂ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਹੈ।” (ਮੱਧ ਕਾਲੀਨ ਪੰਜਾਬ ਦੀ ਧਰਮ ਚੇਤਨਾ, ਸਫ਼ਾ 166)
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮਨੁੱਖਾ ਜੀਵਨ ਵਿਚ ਹਰ ਪੱਧਰ ’ਤੇ ਸੱਚਾਈ ਅਤੇ ਨੈਤਿਕ ਉੱਚਤਾ ਧਾਰਨ ਕਰਨ ’ਤੇ ਬਹੁਤ ਜ਼ੋਰ ਦਿੱਤਾ ਹੈ। ਇਸ ਲਈ ਭਾਰਤੀ ਇਤਿਹਾਸ, ਮਿਥਿਹਾਸ ਵਿੱਚੋਂ ਹਵਾਲੇ ਅਤੇ ਦ੍ਰਿਸ਼ਟਾਂਤ ਦੇ ਕੇ ਵਿਚਾਰ ਨੂੰ ਸਪੱਸ਼ਟ ਕੀਤਾ ਗਿਆ ਹੈ। ਸਾਰੰਗ ਕੀ ਵਾਰ ਵਿਚ ਦਰਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਉੜੀ ਇਸ ਦੀ ਉਤਕ੍ਰਿਸ਼ਟ ਉਦਾਹਰਣ ਹੈ:
ਸਚੁ ਖਾਣਾ ਸਚੁ ਪੈਨਣਾ ਸਚੁ ਨਾਮੁ ਅਧਾਰੁ॥
ਗੁਰਿ ਪੂਰੈ ਮੇਲਾਇਆ ਪ੍ਰਭੁ ਦੇਵਣਹਾਰੁ॥
ਭਾਗੁ ਪੂਰਾ ਤਿਨ ਜਾਗਿਆ ਜਪਿਆ ਨਿਰੰਕਾਰੁ॥
ਸਾਧੂ ਸੰਗਤਿ ਲਗਿਆ ਤਰਿਆ ਸੰਸਾਰੁ॥
ਨਾਨਕ ਸਿਫਤਿ ਸਲਾਹ ਕਰਿ ਪ੍ਰਭ ਕਾ ਜੈਕਾਰੁ॥ (ਪੰਨਾ 1251)
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਮਾਜਿਕ ਪੱਖਾਂ ਨੂੰ ਬਹੁਤ ਵਿਸਤ੍ਰਿਤ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਗੁਰੂ ਸਾਹਿਬਾਨ ਦੇ ਮਹਾਨ ਦਾਰਸ਼ਨਿਕ ਵਿਚਾਰ ਸਮਾਜ ਨੂੰ ਰਾਹ ਦਰਸਾਉਂਦੇ ਹਨ। ਅਜੋਕੀਆਂ ਪ੍ਰਸਥਿਤੀਆਂ ਵਿਚ ਗੁਰਬਾਣੀ ਦੇ ਸੰਕਲਪ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮਨੁੱਖੀ ਸਮੱਸਿਆਵਾਂ ਦਾ ਸਮਾਧਾਨ ਦੱਸਦੀ ਹੈ। ਸਰਲ, ਸਾਦਾ, ਸੰਜਮੀ, ਪਾਪਹੀਣ, ਸ਼ਾਂਤੀਪੂਰਵਕ, ਸਹਿਜਤਾ ਭਰਪੂਰ ਜੀਵਨ ਜਿਊਣ ਲਈ ਗੁਰਬਾਣੀ ਵਿਚ ਅਨੇਕਾਂ ਪ੍ਰਮਾਣ ਮੌਜੂਦ ਹਨ। ਸਦਾਚਾਰਕ ਅਤੇ ਨੈਤਿਕ ਗੁਣਾਂ ਨੂੰ ਉਭਾਰਨ ਲਈ ਭਗਤ ਕਬੀਰ ਜੀ ਦੇ ਇਹ ਕਥਨ ਰਾਹ ਰੁਸ਼ਨਾਉਂਦੇ ਹਨ:
ਕਬੀਰਾ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠੁ ਤਹ ਪਾਪੁ॥
ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ॥ (ਪੰਨਾ 1372)
ਮਾਨਵਤਾ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੋਰ ਸੰਕਲਪਾਂ ਤੋਂ ਅਤਿਰਿਕਤ ਸਹਿਣਸ਼ੀਲਤਾ, ਨਿਮਰਤਾ, ਸਹਿਜਤਾ, ਸਹਿਹੋਂਦ, ਧਰਮ ਨਿਰਪੱਖਤਾ ਮਾਨਵੀ ਪ੍ਰੇਮ ਉੱਪਰ ਬਹੁਤ ਜ਼ੋਰ ਦਿੱਤਾ ਗਿਆ ਹੈ। ਇਨ੍ਹਾਂ ਮਾਨਵੀ ਸੰਕਲਪਾਂ ਦੇ ਕਾਰਨ ਹੀ ਵਿਸ਼ਵ ਦੇ ਮਹਾਨ ਇਤਿਹਾਸਕਾਰ ਅਤੇ ਲੰਡਨ ਯੂਨੀਵਰਸਿਟੀ ਦੇ ਇਤਿਹਾਸ ਦੇ ਪ੍ਰੋਫੈਸਰ ਮਰਹੂਮ ਆਰਨਲਡ ਟਾਇਨਬੀ ਨੇ ਆਪਣੇ ਨਿਰਣਿਆਂ ਵਿਚ ਲਿਖਿਆ ਹੈ ਕਿ ਸੰਸਾਰ ਦੇ ਆਖਰੀ ਬਾਸ਼ਿੰਦੇ ਸਿੱਖ ਹੋਣਗੇ।
ਇਹ ਕਥਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਸ਼ਾਲਤਾ ਅਤੇ ਸਰਵਉੱਚਤਾ ਦਾ ਸਪੱਸ਼ਟ ਪ੍ਰਮਾਣ ਹੈ। ਅੱਜ ਸਮੁੱਚੀ ਮਨੁੱਖਤਾ ਨੂੰ ਸੇਧ ਦੇਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਦਿਸ਼ਾ ਲੈ ਕੇ ਮਾਨਵਤਾ ਦੀ ਭਲਾਈ ਲਈ ਅਗਲੇਰੇ ਕਦਮ ਪੁੱਟਣ ਦੀ ਲੋੜ ਹੈ ਤਾਂ ਜੋ ਵਿਸ਼ਵ-ਵਿਆਪੀ ਦੁਸ਼ਵਾਰੀਆਂ ਤੋਂ ਬਚਿਆ ਜਾ ਸਕੇ।
ਲੇਖਕ ਬਾਰੇ
ਡਾ.ਭਗਵੰਤ ਸਿੰਘ ਆਪਣੇ ਨਿਰੰਤਰ ਖੋਜ ਕਾਰਜ ਅਤੇ ਸਾਹਿਤ ਰਚਨਾ ਕਾਰਨ ਭਾਸ਼ਾ ਵਿਭਾਗ ਪੰਜਾਬ ਦੇ ਸਾਹਿਤਕ ਚਿਹਰਿਆਂ ਵਿਚੋਂ ਇਕ ਉੱਭਰਵਾਂ ਅਤੇ ਵੱਖਰੀ ਪਹਿਚਾਣ ਵਾਲਾ ਚਿਹਰਾ ਹੈ। ਜਿਸ ਨੇ ਨਾ ਕੇਵਲ ਖੋਜ, ਸੰਪਾਦਨਾ, ਸਾਹਿਤ ਰਚਨਾ, ਆਲੋਚਨਾ ਦੇ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਹੈ ਸਗੋਂ ਇਕ ਖੋਜ ਅਫ਼ਸਰ ਵਜੋਂ ਉਸਨੇ ਆਪਣਾ ਪ੍ਰਭਾਵ ਇਕ ਕੁਸ਼ਲ ਪ੍ਰਸ਼ਾਸਕ, ਸਾਹਿਤ ਸਰਗਰਮੀਆਂ ਦਾ ਸਫਲ ਪ੍ਰਬੰਧਕ, ਸਟੇਜ ਦਾ ਧਨੀ, ਭਾਸ਼ਾ ਵਿਭਾਗ ਵਲੋਂ ਪ੍ਰਕਾਸ਼ਤ ਸਾਹਿਤ ਰਸਾਲਿਆਂ “ਜਨ-ਸਾਹਿਤ” ਅਤੇ ਪੰਜਾਬੀ ਦੁਨੀਆਂ ਦਾ ਪ੍ਰਬੁੱਧ ਸਹਾਇਕ ਸੰਪਾਦਕ ਵਜੋਂ ਵੀ ਪੰਜਾਬੀ ਸਾਹਿਤ ਜਗਤ ਵਿੱਚ ਇਕ ਸੁਲਝੇ ਹੋਏ ਵਿਦਵਾਨ ਵਜੋਂ ਵਡਾਇਆ ਹੈ। ਭਾਸ਼ਾ ਵਿਭਾਗ,ਪੰਜਾਬ ਵਿੱਚ ਆਪਣੀ 23 ਸਾਲ ਦੀ ਸੇਵਾ ਕਰਦਿਆਂ ਉਸਦੀ ਸਰਗਰਮ ਭੂਮਿਕਾ ਕਾਰਨ ਬਹੁਤ ਸਾਰੇ ਯਾਦਗਾਰੀ ਸਮਾਗਮਾਂ ਦਾ ਸਿਲਸਿਲਾ ਜਾਰੀ ਰਿਹਾ ਹੈ। ਪੰਜਾਬੀ, ਹਿੰਦੀ, ਰਾਜਨੀਤੀ ਵਿਗਿਆਨ, ਪਰਸ਼ੀਅਨ, ਬਹੁ ਭਾਸ਼ੀ ਉਚ ਡਿਗਰੀਆਂ ਦੀ ਯੋਗਤਾ ਕਾਰਨ ਉਹ ਭਾਸ਼ਾ ਵਿਭਾਗ ਵਿਚ ਇਕ ਵਿਦਵਾਨ ਅਨੁਵਾਦਕ, ਸੋਧਕਾਰ, ਕੋਸ਼ਕਾਰ ਵਜੋਂ ਹੀ ਨਹੀਂ ਜਾਣਿਆ ਗਿਆ ਸਗੋਂ ਉਸਦੀ ਆਪਣੀ ਮੌਲਿਕ ਰਚਨਾ ਦੀ ਸ਼ਬਦਾਵਲੀ ਦੀ ਅਮੀਰੀ ਦਾ ਸਬੱਬ ਵੀ ਬਣੀ। ਡਾ.ਭਗਵੰਤ ਸਿੰਘ ਨੇ ਆਪਣੀ ਕਲਮ ਤੋਂ ਦਸ ਤੋਂ ਵੱਧ ਪੁਸਤਕਾਂ ਦੀ ਰਚਨਾ ਕੀਤੀ ਜਿਨ੍ਹਾਂ ਵਿਚੋਂ ਪਿਆਰਾ ਸਿੰਘ ਸਹਿਰਾਈ ਦਾ ਕਾਵਿ ਲੋਕ, ਸ਼ਬਦ ਟਕਸਾਲ, ਗਿੱਲ ਮੋਰਾਂਵਲੀ ਦੀ ਨਾਰੀ ਚੇਤਨਾ, ਸ਼ੇਰ ਸਿੰਘ ਕੰਵਲ ਦੀ ਵਿਚਾਰਧਾਰਾ, ਸੁਰਜੀਤ ਸਿੰਘ ਪੰਛੀ ਵਿਵੇਚਨਾਤਮਕ ਅਧਿਐਨ, ਸਾਡੇ ਇਤਿਹਾਸਕ ਸਮਾਰਕ, ਤੂੰ ਸੰਪੂਰਣ ਹੈਂ, ਗਿੱਲ ਮੋਰਾਂਵਾਲੀ ਰਚਨਾ ਅਤੇ ਸਮਾਜਿਕ ਸਾਪੇਖਤਾ, ਮਹਾਰਾਜਾ ਰਣਜੀਤ ਸਿੰਘ, ਗੁਰਦੇਵ ਸਿੰਘ ਮਾਨ, ਸਾਡੇ ਸਮਿਆਂ ਦਾ ਆਦਰਸ਼ ਬਾਪੂ ਕਰਤਾਰ ਸਿੰਘ ਧਾਲੀਵਾਲ ਆਦਿ ਦੀ ਪੰਜਾਬੀ ਸਾਹਿਤ ਵਿੱਚ ਵਿਸ਼ੇਸ਼ ਪਹਿਚਾਣ ਹੈ। ਆਪਨੇ ਤਕਰੀਬਨ ਦੋ ਸੌ ਤੋਂ ਵੱਧ ਖੋਜ ਪੱਤਰ ਲਿਖੇ ਹਨ ਜੋ ਵੱਖੋ ਵੱਖਰੀਆਂ ਕਾਨਫਰੰਸਾਂ ਵਿੱਚ ਪੜ੍ਹੇ ਗਏ ਅਤੇ ਵੱਖ-ਵੱਖ ਖੋਜ ਪੱਤਰਾਂ ਵਿੱਚ ਛਪੇ।ਆਪ ਜੀ ਦੀ ਸੰਪਾਦਨਾ ਹੇਠ ‘ਜਾਗੋ ਇੰਟਰਨੈਸ਼ਨਲ’ ਪੰਜਾਬੀ ਤ੍ਰੈਮਾਸਿਕ ਨਿਰੰਤਰ ਅੱਠ ਸਾਲ ਤੋਂ ਪ੍ਰਕਾਸ਼ਤ ਹੋ ਰਿਹਾ ਹੈ। ਡਾ.ਭਗਵੰਤ ਸਿੰਘ ਆਪਣੀ ਈਮਾਨਦਾਰੀ, ਮਿਲਾਪੜੀ ਅਤੇ ਬੁੱਧੀਮਾਨ ਸ਼ਖ਼ਸੀਅਤ ਸਦਕਾ ਸਾਹਿਤਕ ਖੇਤਰ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਦੇ ਅਹੁਦੇਦਾਰ ਚਲੇ ਆ ਰਹੇ ਹਨ। ਮਾਲਵਾ ਰਿਸਰਚ ਸੈਂਟਰ, ਪਟਿਆਲਾ (ਰਜਿ.) ਦੇ ਜਨਰਲ ਸਕੱਤਰ ਪੰਜਾਬੀ ਸਾਹਿਤ ਸਭਾ ਸੰਗਰੂਰ ਦੇ ਪ੍ਰਧਾਨ, ਨਿਰਮਲਾ ਵਿਦਿਅਕ ਚੈਰੀਟੇਬਲ ਟਰੱਸਟ ਚਮਕੌਰ ਸਾਹਿਬ ਦੇ ਪ੍ਰੈਸ ਸਕੱਤਰ, ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਅੱਜ ਵੀ ਹਨ। ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋ) ਰਜਿ: ਦੇ ਕਾਰਜਕਾਰਨੀ ਮੈਂਬਰ ਅਤੇ ਖੋਜ ਅਤੇ ਆਲੋਚਨਾ ਸਕੂਲ ਕਮੇਟੀ ਦੇ ਮੀਤ ਪ੍ਰਧਾਨ ਹਨ।
- ਡਾ. ਭਗਵੰਤ ਸਿੰਘhttps://sikharchives.org/kosh/author/%e0%a8%a1%e0%a8%be-%e0%a8%ad%e0%a8%97%e0%a8%b5%e0%a9%b0%e0%a8%a4-%e0%a8%b8%e0%a8%bf%e0%a9%b0%e0%a8%98/