editor@sikharchives.org
Guru Granth Sahib Ji

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਪਦਵੀ

ਗ੍ਰੰਥ ਸਾਹਿਬ ਉਦੋਂ ਗੁਰੂ ਬਣ ਗਏ, ਜਦੋਂ ਸਿੱਖ ਪੰਥ ਜਾਂ ਸਮਾਜ ਵਿਚ ਜ਼ਿੰਮੇਦਾਰੀ ਦੀ ਚੇਤਨਤਾ ਪੂਰਨ ਰੂਪ ਵਿਚ ਪ੍ਰਫੁੱਲਤ ਹੋਈ, ਭਾਵ ਜਦੋਂ ਸਿੱਖ ਸਮਾਜ ਦੀ ਆਤਮਾ ‘ਸਿੰਘ’ ਪਦਵੀ ਨੂੰ ਪ੍ਰਾਪਤ ਹੋ ਗਈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸੰਸਾਰ ਵਿਚ ਗ੍ਰੰਥ ਤੇ ਅਸੰਖਾਂ ਹੀ ਹਨ, ਧਰਮ-ਗ੍ਰੰਥ ਵੀ ਬਹੁਤ ਸਾਰੇ ਹਨ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਕੇਵਲ ਇੱਕੋ ਹੀ ਹਨ ਅਤੇ ਉਹ ਸਿੱਖਾਂ ਦੇ ਧਰਮ-ਗ੍ਰੰਥ ਹਨ। ਇਸ ਗੱਲ ਦਾ ਵਿਚਾਰਨਾ ਬੜਾ ਕਠਿਨ ਹੈ ਕਿ ਕਦੋਂ ਤੇ ਕਿਵੇਂ ਕੋਈ ਗ੍ਰੰਥ ਗੁਰੂ ਬਣ ਜਾਂਦਾ ਹੈ। ਇਹ ਕਠਿਨਾਈ ਹੋਰ ਵੀ ਵਧ ਜਾਂਦੀ ਹੈ ਜਦੋਂ ਇਹ ਤੱਥ ਸਾਹਮਣੇ ਆਉਂਦਾ ਹੈ ਕਿ 1469 ਤੋਂ 1708 ਤੀਕ ਸਿੱਖ ਧਰਮ ਦਾ ਗੁਰੂ ਸਾਖਿਆਤ ਮਨੁੱਖੀ ਰੂਪ ਵਿਚ ਵੀ ਵਿਦਮਾਨ ਰਿਹਾ ਭਾਵੇਂ ਬਾਣੀ-ਗੁਰੂ ਦਾ ਸਿਧਾਂਤ ਵੀ ਪ੍ਰਗਟ ਹੋ ਗਿਆ ਸੀ।

ਸਿੱਖ ਧਰਮ ਦਾ ਸੰਨ 1469 ਤੋਂ 1708 ਤਕ ਦਾ ਜੋ ਇਤਿਹਾਸ ਹੈ, ਉਸ ਵਿਚ ਕਈ ਮੋੜ ਆਉਂਦੇ ਰਹੇ ਅਤੇ ਭਿੰਨ-ਭਿੰਨ ਇਤਿਹਾਸਕਾਰਾਂ ਨੇ ਉਨ੍ਹਾਂ ਮੋੜਾਂ ਨੂੰ ਜਿਵੇਂ ਨਜਿੱਠਿਆ ਉਸ ਦੇ ਆਧਾਰ ’ਤੇ ਸਮੁੱਚੇ ਸਿੱਖ ਇਤਿਹਾਸ ਨੂੰ ਤਿੰਨ ਵਿਸ਼ੇਸ਼ ਤਰ੍ਹਾਂ ਬਿਆਨ ਕੀਤਾ ਹੈ। ਸ੍ਰੀ ਬੈਨਰਜੀ ਨੇ ਸਿੱਖ ਇਤਿਹਾਸ ਦੀ ਪ੍ਰਗਤੀ ਨੂੰ ਵਿਕਾਸ (Evolution of the Khalsa) ਮੰਨਿਆ ਹੈ। ਸਰ ਗੋਕਲ ਚੰਦ ਨਾਰੰਗ ਨੇ ਇਸ ਪ੍ਰਗਤੀ ਨੂੰ ਪਰਿਵਰਤਨ (Transformation) ਮੰਨਿਆ ਹੈ। ਪ੍ਰਿੰਸੀਪਲ ਤੇਜਾ ਸਿੰਘ ਜੀ ਨੇ ਇਸ ਨੂੰ ਜ਼ਿੰਮੇਦਾਰੀ ਦੀ ਚੇਤਨਤਾ (Growth of Responsibility) ਕਿਹਾ ਹੈ। ਸਿੱਖ ਇਤਿਹਾਸ ਵਿੱਚੋਂ ਭਾਵੇਂ ਇਹ ਤਿੰਨੇ ਸਰੂਪ ਮਿਲਦੇ ਹਨ, ਪਰ ਅਸਲ ਗੱਲ ਜ਼ਿੰਮੇਦਾਰੀ ਦੀ ਚੇਤਨਤਾ ਹੀ ਹੈ, ਤੇ ਕੋਈ ਗ੍ਰੰਥ ਉਦੋਂ ਹੀ ਕਿਸੇ ਪੰਥ ਲਈ ਗੁਰੂ ਬਣਦਾ ਹੈ, ਜਦੋਂ ਪੰਥ ਵਿਚ ਜ਼ਿੰਮੇਦਾਰੀ ਦੀ ਚੇਤਨਤਾ ਪੂਰੇ ਰੂਪ ਵਿਚ ਆ ਜਾਂਦੀ ਹੈ। ਜਿਵੇਂ ਜਦੋਂ ਕਿਸੇ ਸਮਾਜ ਵਿਚ ਜ਼ਿੰਮੇਦਾਰੀ ਪੂਰੀ ਆ ਜਾਂਦੀ ਹੈ, ਤਦ ਕੋਈ ਲਿਖਤੀ ਵਿਧਾਨ (Constitution) ਜਾਂ ਕਾਨੂੰਨ (Law) ਉਸ ਨੂੰ ਅਗਵਾਈ ਦੇਣ ਲਈ ਸਮਰੱਥ ਹੋ ਜਾਂਦਾ ਹੈ। ਜਿੱਥੇ ਜ਼ਿੰਮੇਦਾਰੀ ਦੀ ਚੇਤਨਤਾ ਨਹੀਂ ਹੈ, ਉਥੇ ਵਿਧਾਨ ਤੇ ਕਾਨੂੰਨ ਦੇ ਹੁੰਦਿਆਂ ਵੀ, ਪੁਲੀਸ, ਕਚਹਿਰੀ ਤੇ ਸਾਰਾ ਪ੍ਰਬੰਧ ਸਮਾਜ ਲਈ ਸੁਖਾਵਾਂ ਜੀਵਨ ਉਪਲਬਧ ਨਹੀਂ ਕਰਾ ਸਕਦੇ।

ਗ੍ਰੰਥ ਸਾਹਿਬ ਉਦੋਂ ਗੁਰੂ ਬਣ ਗਏ, ਜਦੋਂ ਸਿੱਖ ਪੰਥ ਜਾਂ ਸਮਾਜ ਵਿਚ ਜ਼ਿੰਮੇਦਾਰੀ ਦੀ ਚੇਤਨਤਾ ਪੂਰਨ ਰੂਪ ਵਿਚ ਪ੍ਰਫੁੱਲਤ ਹੋਈ, ਭਾਵ ਜਦੋਂ ਸਿੱਖ ਸਮਾਜ ਦੀ ਆਤਮਾ ‘ਸਿੰਘ’ ਪਦਵੀ ਨੂੰ ਪ੍ਰਾਪਤ ਹੋ ਗਈ। ‘ਸਿੰਘ’ ਪਦਵੀ ਕਿਸੇ ਉੱਚੀ ਤੋਂ ਉੱਚੀ ਆਤਮਿਕ, ਮਾਨਸਿਕ ਤੇ ਬੌਧਿਕ ਪੱਧਰ ਦੀ ਲਖਾਇਕ ਹੈ। ਇਹ ਇਸ ਸਮਾਜ ਦੀ ਆਤਮਾ ਦੀ ਉਹ ਦਸ਼ਾ ਹੈ ਜਦੋਂ ਸਮੁੱਚੇ ਸਮਾਜ ਵਿਚ ਸੱਚ ਦੀ ਸਥਾਪਨਾ ਲਈ ਜ਼ਿੰਮੇਦਾਰੀ ਦੀ ਚੇਤਨਤਾ ਆ ਗਈ ਹੈ ਜਦੋਂ ਸ੍ਵਤੰਤਰਤਾ ਤੇ ਸਮਾਜਿਕ ਜੀਵਨ ਸਮਾਨ ਹੋ ਗਏ ਹਨ ਤੇ ਜਦੋਂ ਸੱਚ ਤੇ ਸ੍ਵਤੰਤਰਤਾ ਲਈ ਲੋੜੀਂਦੀ ਦ੍ਰਿੜ੍ਹਤਾ ਅਤੇ ਸਾਹਸ ਸਮਾਜਿਕ ਜੀਵਨ ਦਾ ਅੰਗ ਬਣ ਗਏ ਹਨ। ਜਦੋਂ ਕੋਈ ਸਮਾਜ ਸਿੰਘ ਪਦਵੀ ’ਤੇ ਪਹੁੰਚਦਾ ਹੈ ਤਦ ਉਥੇ ਪਾਖੰਡ, ਝੂਠ ਤੇ ਅਨਿਆਂ ਨਹੀਂ ਰਹਿ ਸਕਦੇ। ਜਦੋਂ ਸਿੱਖ ਸਮਾਜ ਦੀ ਆਤਮਾ ‘ਸਿੰਘ’ ਪਦਵੀ ’ਤੇ ਪਹੁੰਚੀ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਤੋਂ ਇਕ ਪ੍ਰਣ ਲੈ ਕੇ ਉਸ ਨੂੰ ਇਕ ਅਧਿਆਤਮਿਕ ਵਿਧਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਦੇ ਦਿੱਤਾ ਅਤੇ ਸ਼ਖ਼ਸੀ ਗੁਰਤਾ ਦਾ ਪ੍ਰਵਾਹ ਸਮਾਪਤ ਕਰ ਦਿੱਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮਾਜ ਦੀ ‘ਸਿੰਘ’ ਆਤਮਾ ਤੋਂ ਜੋ ਪ੍ਰਣ ਲਿਆ, ਉਹ ਸੀ ‘ਵਾਹਿਗੁਰੂ ਜੀ ਕੀ ਫ਼ਤਹ’ ਲਈ ਜ਼ਿੰਮੇਦਾਰੀ ਨੂੰ ਨਿਭਾਉਣਾ। ਜ਼ਿੰਮੇਦਾਰੀ ਇਹ ਹੈ ਕਿ ਮਨੁੱਖੀ ਸਮਾਜ ਵਿਚ ‘ਸਿੰਘ’ ਆਤਮਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਧਿਆਤਮਕ ਵਿਧਾਨ ਦੀ ਅਗਵਾਈ ਵਿਚ ਵਾਹਿਗੁਰੂ ਦਾ ਰਾਜ ਸਥਾਪਤ ਕਰਨਾ ਹੈ। ਜਿੱਥੇ ਵਾਹਿਗੁਰੂ ਦਾ ਰਾਜ ਹੁੰਦਾ ਹੈ, ਉਥੇ ਮਨੁੱਖੀ ਸਮਾਜ ਦੀ ਰਹਿਣੀ-ਬਹਿਣੀ, ਸੁਭਾਅ, ਸਭਿਆਚਾਰ ਦਾ ਪੱਧਰ ਉਹ ਹੁੰਦਾ ਹੈ, ਜੋ ਵਾਹਿਗੁਰੂ ਦਾ ਆਪਣਾ ਪੱਧਰ ਹੈ ਅਤੇ ਜਿਸ ਪੱਧਰ ਦਾ ਉਲੇਖ ੴ ਸਤਿ ਨਾਮੁ, ਕਰਤਾ ਪੁਰਖੁ, ਨਿਰਭਉ, ਨਿਰਵੈਰੁ, ਅਕਾਲ ਮੂਰਤਿ, ਅਜੂਨੀ ਸੈਭੰ, ਗੁਰ ਪ੍ਰਸਾਦਿ ਦੇ ਮਹਾਂਵਾਕਾਂ ਜਾਂ ਸੂਤ੍ਰਾਂ ਵਿਚ ਬੰਨ੍ਹਿਆ ਹੈ। ਜਿੱਥੇ ਵਾਹਿਗੁਰੂ ਦਾ ਰਾਜ ਹੈ, ਉਥੇ ਏਕਤਾ ਹੈ, ਉਸਾਰੂ ਰੁਚੀ ਹੈ, ਕਰਤਾਰੀ ਸੁਭਾਅ ਹੈ, ਨਿਰਭੈਤਾ ਹੈ, ਨਾ ਕੋ ਬੈਰੀ ਨਹੀ ਬਿਗਾਨਾ ਹੈ; ਸੁੰਦਰਤਾ ਹੈ, ਸ੍ਵਾਧੀਨਤਾ ਹੈ, ਗਿਆਨ ਤੇ ਪ੍ਰਕਾਸ਼ ਹੈ। ਜਦੋਂ ਕੋਈ ਸਮਾਜ ਇਸ ਪ੍ਰਕਾਰ ਦੀ ਜ਼ਿੰਮੇਦਾਰੀ ਦੀ ਚੇਤਨਾ ਪ੍ਰਾਪਤ ਕਰ ਲੈਂਦਾ ਹੈ, ਤਦ ਗ੍ਰੰਥ ਵੀ ਗੁਰੂ ਹੋ ਜਾਂਦਾ ਹੈ। ਕੌਮੀ ਵਿਕਾਸ ਆਚਰਣ ਦੀ ਪਕਿਆਈ ਤੇ ਜ਼ਿੰਮੇਦਾਰੀ ਦਾ ਅਹਿਸਾਸ ਹੀ ਅਸਲ ਵਿਚ ਗੁਰੂ ਹੈ। ਇਕ ਗੱਲ ਇਹ ਵੀ ਹੈ ਕਿ ਗ੍ਰੰਥ ਵੀ ਵਿਕਾਸ ਕਰਦੇ ਰਹੇ ਹਨ। ਧਰਮ- ਗ੍ਰੰਥ ਵੀ ਆਪਣੇ ਸਰੂਪ ਵਿਚ, ਆਪਣੀ ਭਾਵਨਾ ਵਿਚ ਅਤੇ ਆਪਣੀ ਆਤਮਾ ਵਿਚ ਵਿਕਾਸਸ਼ੀਲ ਰਹੇ ਹਨ। ਜਿਉਂ-ਜਿਉਂ ਧਰਮ-ਗ੍ਰੰਥਾਂ ਦਾ ਸਰੂਪ ਵਿਕਾਸ ਕਰਦਾ ਰਿਹਾ ਹੈ, ਉਹ ਬਹੁਦੇਵਵਾਦ ਤੋਂ ਏਕਵਾਦ ਵੱਲ ਵਧਦੇ ਗਏ ਹਨ, ਕਥਾ-ਕਹਾਣੀਆਂ ਦੀ ਥਾਂ ਸ਼ੁੱਧ ਅਧਿਆਤਮਕਤਾ ਤੇ ਪ੍ਰੇਮ-ਪਦ ਵਿਕਸਿਤ ਹੁੰਦੇ ਗਏ ਹਨ, ਸਾਕਾਰ ਉਪਾਸ਼ਨਾ ਤੋਂ ਨਿਰਾਕਾਰ ਭਗਤੀ ਵੱਲ ਦ੍ਰਿੜ੍ਹ ਹੁੰਦੇ ਗਏ ਹਨ, ਦਵੰਦ ਤੋਂ ਸਪੱਸ਼ਟਤਾ ਵੱਲ ਪਰਵਿਰਤ ਹੁੰਦੇ ਗਏ ਹਨ, ਇਸ ਤਰ੍ਹਾਂ ਗ੍ਰੰਥ ਪੂਰਨ ਵਿਕਾਸ ਕਰਦਾ-ਕਰਦਾ ਗੁਰੂ ਹੋ ਜਾਂਦਾ ਹੈ।

ਜਦੋਂ ਗ੍ਰੰਥ ਸ਼ੁੱਧ ਰੂਪ ਵਿਚ ਦੇਸ਼ ਦੀ ਸਮੁੱਚੀ ਸਿਆਣਪ ਤੇ ਸਭਿਆਚਾਰਕ ਪ੍ਰਗਤੀ ਦਾ ਦਰਪਣ ਹੋ ਨਿੱਬੜਦਾ ਹੈ ਅਤੇ ਉਸ ਵਿਚ ਦੇਸ਼ ਤੇ ਕਾਲ ਦੀਆਂ ਸੀਮਾਵਾਂ ਤੋਂ ਸੁਤੰਤਰ ਹੋ ਕੇ ਕਿਸੇ ਕੌਮ ਦੀ ਵਿਕਸਿਤ ਤੇ ਉੱਨਤ ਹੋਈ ਆਤਮਾ ਨੂੰ ਪ੍ਰਤੀਨਿਧਤਾ ਦਿੱਤੀ ਜਾਂਦੀ ਹੈ, ਤਾਂ ਗ੍ਰੰਥ ਗੁਰੂ ਬਣ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਇਸੇ ਵਿਧਾਨ ’ਤੇ ਆਧਾਰਿਤ ਹੈ। ਇਹ ਕੇਵਲ ਪੰਜਾਬੀਆਂ ਦਾ ਹੀ ਗ੍ਰੰਥ ਨਹੀਂ ਹੈ, ਨਾ ਕੇਵਲ ਕਿਸੇ ਇਕ ਸਮਾਜ ਦਾ ਹੈ, ਨਾ ਕਿਸੇ ਇਕ ਸੰਪਰਦਾ ਜਾਂ ਕੌਮ ਦਾ ਹੈ। ਇਸ ਵਿਚ ਬਾਰ੍ਹਵੀਂ ਸਦੀ ਤੋਂ ਲੈ ਕੇ ਸਤਾਰ੍ਹਵੀਂ ਸਦੀ ਤੀਕ ਹੋਏ ਭਾਰਤ ਦੇ ਪ੍ਰਤੀਨਿਧ ਮਹਾਂਪੁਰਸ਼ਾਂ ਨੂੰ ਪ੍ਰਤੀਨਿਧਤਾ ਦਿੱਤੀ ਗਈ ਹੈ। ਇਸ ਵਿਚ ਹਿੰਦੂ, ਮੁਸਲਮਾਨ, ਸੂਫ਼ੀ, ਸਿੱਖ, ਮਹਾਂਪੁਰਸ਼ਾਂ, ਗੁਰੂ ਸਾਹਿਬਾਨ, ਭਗਤ ਸਾਹਿਬਾਨ ਦੀ ਬਾਣੀ ਸ਼ਾਮਲ ਹੈ ਅਤੇ ਉਹ ਸਾਰੇ ਬੁਨਿਆਦੀ ਸਿਧਾਂਤਾਂ ’ਤੇ ਇਕਸੁਰ ਹਨ। ਇਹ ‘ਸੌ ਸਿਆਣਿਆਂ ਇੱਕੋ ਮਤ’ ਵਿਚ ਸ਼ਕਤੀ ਹੈ ਕਿ ਉਹ ਉਸ ਮਤ ਨੂੰ ਗੁਰੂ ਬਣਾ ਦੇਵੇ। ਆਤਮਿਕ ਤਜਰਬਿਆਂ ਦਾ ਇਹ ਨਿਚੋੜ ਜਿਸ ਦੀ ਪ੍ਰਤੀਨਿਧਤਾ ਮਹਾਂਪੁਰਸ਼ਾਂ ਦੀ ਸੰਮਤੀ ਕਰਦੀ ਹੈ, ਹੀ ਗੁਰਤਾ ਹੈ।

ਸਿੱਖ ਰਵੱਈਏ ਨੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਪਦਵੀ ਨੂੰ ਸਥਾਪਿਤ ਕੀਤਾ ਹੈ ਅਤੇ ਸੁਰੱਖਿਅਤ ਕੀਤਾ ਹੈ। ਇਸ ਸੰਬੰਧ ਵਿਚ ਸਿੱਖ ਸਮਾਜ ਦੀ ਜਾਚਨਾ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ, ਦਰਸ਼ਨ, ਦੀਦਾਰ ਦਾ ਧਿਆਨ ਮਿਲੇ ਅਤੇ ਵਾਹਿਗੁਰੂ ਭਾਵ ਵਾਹਿਗੁਰੂ ਜੀ ਕੀ ਫ਼ਤਹ ਦੀ ਜ਼ਿੰਮੇਦਾਰੀ ਨਿਭਾਉਣ ਦਾ ਅਵਸਰ ਮਿਲੇ- ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ, ਦਰਸ਼ਨ, ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਇਸ ਲੇਖ ਵਿਚ ਅੱਗੇ ਵਿਚਾਰ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ, ਦਰਸ਼ਨ ਤੇ ਦੀਦਾਰ ਦਾ ਕੀ ਭਾਵ ਹੈ।

ਇਉਂ ਪ੍ਰਤੀਤ ਹੁੰਦਾ ਹੈ ਕਿ ਅਸਲ ਵਿਚ ਹਰ ਗ੍ਰੰਥ ਭਾਵੇਂ ਉਹ ਲੌਕਿਕ ਵਿੱਦਿਆ ਦਾ ਹੈ ਜਾਂ ਪਰਾਲੌਕਿਕ ਵਿੱਦਿਆ ਦਾ ਹੈ, ਨੂੰ ਵਾਚਣ ਦੇ ਤਿੰਨ ਹੀ ਦਰਜੇ ਹਨ। ਪਹਿਲਾਂ ਹਰ ਗ੍ਰੰਥ ਦਾ ਪਾਠ ਹੀ ਕੀਤਾ ਜਾਂਦਾ ਹੈ। ਇਹ ਸਾਧਾਰਨ ਅਧਿਐਨ ਹੈ ਜਾਂ ਪਾਠ ਹੈ। ਪਾਠ ਤੋਂ ਅਧਿਐਨ ਤੀਕ ਅਨੇਕ ਦਰਜੇ ਹਨ, ਹਰ ਕੋਈ ਆਪਣੀ-ਆਪਣੀ ਬਿਰਤੀ ਅਨੁਸਾਰ ਪਾਠ ਤੋਂ ਅਧਿਐਨ ਤਕ ਜਾਂਦਾ ਹੈ। ਪਾਠ ਉਪਰੰਤ ਹਰ ਗ੍ਰੰਥ ਦਾ ਦਰਸ਼ਨ ਕੀਤਾ ਜਾਂਦਾ ਹੈ। ਭਾਵ ਉਸ ਗ੍ਰੰਥ ਵਿਚ ਆਏ ਵਿਸ਼ੇ ਦੇ ਸਮੁੱਚੇ ਸਰੂਪ ਨੂੰ ਦੇਖਿਆ ਜਾਂਦਾ ਹੈ। ਉਸ ਗ੍ਰੰਥ ਵਿਚ ਕਿੰਨੇ ਕਾਂਡ ਹਨ, ਉਨ੍ਹਾਂ ਨੂੰ ਕਿਸ ਤਰ੍ਹਾਂ ਪ੍ਰਬੰਧ ਵਿਚ ਰੱਖਿਆ ਗਿਆ ਹੈ ਅਤੇ ਗ੍ਰੰਥ ਦਾ ਸਮੁੱਚਾ ਬਾਹਰਲਾ ਸਰੂਪ ਕੈਸਾ ਹੈ ਇਹ ਜਾਣਨ ਤੋਂ ਬਾਅਦ ਗ੍ਰੰਥ ਦੇ ਦੀਦਾਰ ਕੀਤੇ ਜਾਂਦੇ ਹਨ ਭਾਵ ਉਸ ਵਿਚ ਬਾਰੀਕੀਆਂ ਕੀ ਹਨ, ਸਾਰੇ ਗ੍ਰੰਥ ਦੀ ਸਮੁੱਚੀ ਸ਼ਖ਼ਸੀਅਤ ਕੀ ਹੈ, ਉਸ ਦਾ ਸਮੁੱਚਾ ਫ਼ਲਸਫ਼ਾ, ਉਸ ਦੀ ਅੰਦਰਲੀ ਆਤਮਾ, ਆਦਿ ਕੀ ਹਨ, ਇਹ ਦੇਖਿਆ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਵਿਚ ਚਾਰ ਗੱਲਾਂ ਸ਼ਾਮਲ ਹਨ, ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ, ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਰਮਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਮਣੇ ਮੱਥਾ ਟੇਕਣਾ।

ਜਦੋਂ ਨਿਤਨੇਮ ਵਿਚ ਜਪੁਜੀ ਸਾਹਿਬ, ਰਹਿਰਾਸ ਸਾਹਿਬ ਤੇ ਸੋਹਿਲਾ ਸਾਹਿਬ ਦਾ ਪਾਠ ਹੁੰਦਾ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਧਿਆਨ ਵਿਚ ਰੱਖ ਕੇ ਹੀ ਨਿਤਨੇਮ ਹੋ ਸਕਦਾ ਹੈ। ਅਨੰਦ ਸਾਹਿਬ ਦਾ ਪਾਠ ਇਸੇ ਤਰ੍ਹਾਂ ਸੈਂਕੜੇ ਵਾਰੀ ਚਿੰਨ੍ਹਾਤਮਕ ਰੂਪ ਵਿਚ ਲਿਖਿਆ ਹੋਇਆ ਹੈ। ਚਿੰਨ੍ਹਾਤਮਕ ਰੂਪ ਵਿਚ ਹੀ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਤੇ ਅਧਿਐਨ ਕਰਨ ਉਪਰੰਤ ਸੰਗਤ ਵਿਚ ਹਾਜ਼ਰ ਹੁੰਦਾ ਹੈ। ਸੰਗਤ ਵਿਚ ਹਾਜ਼ਰ ਹੁੰਦਿਆਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਦਾ ਹੈ। ਅਰਦਾਸ ਇਹ ਹੈ ਕਿ ਜੋ ਸਿੱਖਿਆ ਮੈਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਵਿਚ ਪ੍ਰਾਪਤ ਹੋਈ ਹੈ, ਉਸ ’ਤੇ ਤੁਰਨ ਦੀ ਮੈਨੂੰ ਸਮਰੱਥਾ ਮਿਲੇ। ਅਰਦਾਸ ਉਪਰੰਤ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਰਮਾ ਕਰਦਾ ਹੈ ਜਿਸ ਦਾ ਭਾਵ ਇਹ ਹੈ ਕਿ ਮੈਂ ਇਸ ਸਿੱਖਿਆ ਨੂੰ ਜੀਣ ਲਈ ਤੇ ਸਿੱਖਿਆ ਦੀ ਜ਼ਿੰਮੇਦਾਰੀ ਨਿਭਾਉਣ ਲਈ ਤਨ, ਮਨ, ਧਨ ਕੁਰਬਾਨ ਕਰਨ ਲਈ ਤਿਆਰ ਹਾਂ। ਫਿਰ ਸਿੱਖ ਮੱਥਾ ਟੇਕਦਾ ਹੈ। ਇਸ ਦਾ ਭਾਵ ਇਹ ਹੈ ਕਿ ਮੈਂ ਪ੍ਰਣ ਕਰਦਾ ਹਾਂ ਕਿ ਪ੍ਰਾਪਤ ਹੋਈ ਸਿੱਖਿਆ ਨੂੰ ਜੀਣ ਲਈ ਮੈਂ ਸਭ ਕੁਝ ਨਿਛਾਵਰ ਕਰਾਂਗਾ। ਸੋ ਪਾਠ, ਅਰਦਾਸ, ਪ੍ਰਕਰਮਾ ਤੇ ਮੱਥਾ ਟੇਕਣਾ ਪਾਠ ਦੇ ਅਮਲ ਦੇ ਹੀ ਚਾਰ ਅੰਗ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਦਾ ਭਾਵ ਇਸ ਦੇ ਪ੍ਰਤੱਖ ਦਰਸ਼ਨ ਹਨ, ਇਸ ਦੇ ਬਾਹਰਲੇ ਸਰੂਪ ਦੇ ਦਰਸ਼ਨ ਹਨ। ਇਸ ਦਰਸ਼ਨ ਵਿਚ ਚਾਰ ਗੱਲਾਂ ਸੁਤੇ-ਸਿੱਧ ਪ੍ਰਤੱਖ ਹੁੰਦੀਆਂ ਹਨ। ਪਹਿਲੀ ਗੱਲ ਇਹ ਪ੍ਰਤੱਖ ਹੈ ਕਿ ਇਹ ਭਾਰਤੀ ਅਧਿਆਤਮਕ ਤਜਰਬੇ, ਆਤਮਿਕ ਤੇ ਧਾਰਮਿਕ ਚਿੰਤਨ ਅਤੇ ਭਗਤੀ-ਭਾਵ ਦਾ ਪ੍ਰਤੀਨਿਧ ਗ੍ਰੰਥ ਹੈ। ਜਿਵੇਂ ਪਹਿਲਾਂ ਦੱਸਿਆ ਗਿਆ ਹੈ ਕਿ ਇਸ ਵਿਚ ਜਿਨ੍ਹਾਂ ਦਾ ਯੋਗਦਾਨ ਹੈ ਉਹ ਭਾਰਤ ਦੇ ਵੱਖੋ-ਵੱਖ ਪ੍ਰਾਂਤਾਂ ਵਿਚ ਭਿੰਨ-ਭਿੰਨ ਦੇਸ ਤੇ ਕਾਲ ਵਿਚ ਵਿਚਰੇ। ਅਨੇਕ ਪ੍ਰਕਾਰ ਦੇ ਤਜਰਬਿਆਂ ਵਿੱਚੋਂ ਲੰਘਦੇ ਉਹ ਅੰਤਮ ਸੱਚ ਤੇ ਉਸ ਦੇ ਮਾਰਗ ’ਤੇ ਪਹੁੰਚੇ। ਉਹ ਵੱਖੋ-ਵੱਖ ਸਭਿਆਚਾਰਾਂ ਤੇ ਹਾਲਾਤ ਦੇ ਪ੍ਰਤੀਨਿਧ ਸਨ, ਉਹ ਭਿੰਨ- ਭਿੰਨ ਭਾਰਤੀ ਬੋਲੀਆਂ ਦੇ ਬੋਲਣ ਵਾਲੇ ਸਨ। ਉਨ੍ਹਾਂ ਵਿਚ ਸਾਂਝੀ ਗੱਲ ਮੰਤਵ ਤੇ ਆਦਰਸ਼ ਦੀ ਏਕਤਾ ਸੀ। ਉਹ ਸਾਰੇ ਇੱਕੋ ਤਲਾਸ਼ ਵਿਚ ਸਨ ਅਤੇ ਇੱਕੋ ਲਿਵ ਵਿਚ ਮਗਨ ਸਨ। ਭਗਤ ਜੈਦੇਵ ਜੀ (1170 ਈ.) ਤੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ (1675 ਈ: ਜੋਤੀ-ਜੋਤ) ਤਕ ਦੇ ਭਾਰਤੀ ਮਹਾਂਪੁਰਸ਼ਾਂ ਦੀ ਪ੍ਰਤੀਨਿਧਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੈ, ਅਤੇ ਇਹ ਵਿਤਕਰਾ ਨਹੀਂ ਹੈ ਕਿ ਉਹ ਹਿੰਦੂ ਸਨ, ਮੁਸਲਮਾਨ ਸਨ, ਸੂਫ਼ੀ ਸਨ ਜਾਂ ਸਿੱਖ ਸਨ। ਪਰ 1170 ਈ. ਤੋਂ ਪਹਿਲਾਂ ਦੀ ਵੀ ਜੋ ਕੁਝ ਭਾਰਤੀ ਚਿੰਤਨ ਦੇ ਤਜਰਬੇ ਵਿਚ ਬੁਨਿਆਦੀ ਚੀਜ਼ ਹੈ, ਉਸ ਦਾ ਸਾਰ-ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮੌਜੂਦ ਹੈ। ਭਾਰਤ ਦੇ ਸਾਰੇ ਮੱਤਾਂ ਅਤੇ ਬਾਹਰੋਂ ਆਏ ਇਸਲਾਮ ਵਿਚੋਂ ਜੋ ਕੁਝ ਬੁਨਿਆਦੀ ਹੈ, ਉਸ ਦਾ ਸਾਰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮੌਜੂਦ ਹੈ। ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਦਾ ਇਕ ਪੱਖ ਉਸ ਦਾ ਦੇਸ਼/ ਕਾਲ ਤੋਂ ਪਰ੍ਹੇ ਹੋ ਕੇ ਪ੍ਰਤੀਨਿਧ ਹੋਣਾ ਹੈ।

ਦੂਜਾ ਪੱਖ ਇਸ ਗੁਰੂ ਦੇ ਦਰਸ਼ਨ ਦਾ ਇਹ ਹੈ ਕਿ ਇਸ ਵਿਚ ਜੋ ਕੁਝ ਹੈ ਉਹ ਸਦੀਵ-ਕਾਲ ਲਈ ਸਤਿ ਹੈ। ਬੁਨਿਆਦੀ ਤੌਰ ’ਤੇ ਇਸ ਦਾ ਆਧਾਰ ਇਤਿਹਾਸ ਨਹੀਂ ਹੈ, ਰਾਜਨੀਤੀ ਨਹੀਂ ਹੈ, ਕਥਾ-ਕਹਾਣੀ ਨਹੀਂ ਹੈ, ਮਨੁੱਖੀ ਆਤਮਾ ਦੀ ਜੱਦੋ-ਜਹਿਦ ਹੈ ਜਾਂ ਤਜਰਬਾ ਹੈ। ਮਨੁੱਖੀ ਆਤਮਾ ਦੀ ਇਸ ਤਲਾਸ਼ ਦਾ ਤਜਰਬਾ ਹੈ ਕਿ ਮਨੁੱਖ ਆਪਣੀ ਸੀਮਾ ਤੋਂ ਉਠ ਕੇ ਅਸੀਮ ਹੋ ਸਕਦਾ ਹੈ। ਉਹ ਪਾਬੰਦੀਆਂ ਤੇ ਕੈਦਾਂ ਤੋਂ ਪਰ੍ਹੇ ਜਾ ਸਕਦਾ ਹੈ, ਉਹ ਸਰੀਰ ਦੀ ਵਲਗਣ ਤੋਂ ਨਿਕਲ ਸਕਦਾ ਹੈ, ਸੱਚ-ਖੰਡ ਦਾ ਦਰਸ਼ਕ ਹੋ ਸਕਦਾ ਹੈ। ਇਹੋ ਹੀ ਉਸ ਦੀ ਮੂਲ ਪਦਵੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਦਾ ਤੀਜਾ ਪੱਖ ਇਹ ਹੈ ਕਿ ਉਹ ਸੁਰਤਿ, ਮਤਿ, ਮਨ, ਬੁਧਿ ਦੇ ਘੜਨ ਵਾਲਾ ਹੈ। ਮਨੁੱਖੀ ਸ਼ਖ਼ਸੀਅਤ ਦੇ ਉਭਾਰਨ ਤੇ ਉਸਾਰਨ ਵਾਲਾ ਹੈ। ਉਸ ਦਾ ਕੇਂਦਰ ਮਨੁੱਖੀ ਹੋਣੀ ਹੈ, ਉਸ ਦੀ ਸਿੱਖਿਆ ਮਨੁੱਖੀ ਸ਼ਖ਼ਸੀਅਤ ਵਿੱਚੋਂ ਵਿੰਗ-ਟੇਢ ਕੱਢ ਕੇ ਉਸ ਨੂੰ ਸਾਂਵੀਂ-ਪੱਧਰੀ ਗੋਲਾਈ ਤੇ ਸੁੰਦਰਤਾ ਦੇਣ ਵਾਲੀ ਹੈ। ਮਨੁੱਖੀ ਸ਼ਖ਼ਸੀਅਤ ਨੂੰ ਸਭਿਆਚਾਰਕ ਬਣਾਉਣ ਵਿਚ ਉਸ ਦਾ ਰਾਗ-ਪ੍ਰਬੰਧ ਵੀ ਸਹਾਈ ਹੈ। ਸਾਰੀ ਬਾਣੀ 31 ਰਾਗਾਂ ਵਿਚ ਹੈ। ਰਾਗ ਮਨੁੱਖੀ ਸ਼ਖ਼ਸੀਅਤ ਨੂੰ ਕੋਮਲਤਾ, ਮਿਠਾਸ ਪ੍ਰਦਾਨ ਕਰਦਾ ਹੈ। ਰਾਗ ਆਪਣੇ ਆਪ ਵਿਚ ਹੀ ਪ੍ਰਭੂ ਨੂੰ ਮਿਲਣ ਦਾ ਇਕ ਸਾਧਨ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਵਿੱਚੋਂ ਚੌਥੀ ਗੱਲ ਇਹ ਪ੍ਰਤੱਖ ਹੁੰਦੀ ਹੈ ਕਿ ਕਿਸੇ ਵੀ ਵਿਸ਼ੇ ਵਿਚ ਤੁਲਨਾਤਮਿਕ ਅਧਿਐਨ ਅਵੱਸ਼ਕ ਹੈ। ਸ਼ੇਖ ਫ਼ਰੀਦ ਜੀ, ਭਗਤ ਕਬੀਰ ਜੀ, ਭਗਤ ਨਾਮਦੇਵ ਜੀ ਦਾ ਤਜਰਬਾ ਆਪਣਾ-ਆਪਣਾ ਹੈ। ਤੁਲਨਾਤਮਿਕ ਅਧਿਐਨ ਨਾਲ ਉਨ੍ਹਾਂ ਤਜਰਬਿਆਂ ਵਿੱਚੋਂ ਸਾਂਝੀ ਗੱਲ ਲੱਭ ਜਾਂਦੀ ਹੈ। ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੋਰ ਯੋਗ-ਦਾਨੀਆਂ ਦਾ ਤਜਰਬਾ ਹੈ। ਵਿਸ਼ਾਲ ਮਨ ਨਾਲ ਸਾਰੇ ਤਜਰਬੇ ਵੇਖਣ ਦੀ ਲੋੜ ਹੈ। ਹੋਰ ਵੀ ਅਨੇਕ ਗੱਲਾਂ ਹੋ ਸਕਦੀਆਂ ਹਨ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇਹ ਸਮੁੱਚਾ ਦਰਸ਼ਨ ਤਾਂ ਸਹਿਜੇ ਹੀ ਪ੍ਰਾਪਤ ਹੈ ਕਿ ਇਹ ਅਦੁੱਤੀ ਗ੍ਰੰਥ ਭਾਰਤੀ ਆਤਮਾ ਦਾ ਪ੍ਰਤੀਨਿਧ ਗ੍ਰੰਥ ਹੈ। ਇਸ ਦਾ ਸੰਦੇਸ਼ ਮਨੁੱਖ ਲਈ ਸਦੀਵੀ ਤੌਰ ’ਤੇ ਕਲਿਆਣਕਾਰੀ ਹੈ। ਇਸ ਦਾ ਵਿਸ਼ਾ ਮਨੁੱਖ ਦੀ ਹੋਣੀ ਹੈ। ਇਸ ਦਾ ਅਧਿਐਨ-ਮਾਰਗ ਵਿਸ਼ਾਲ ਮਨ ਨਾਲ ਤੁਲਨਾਤਮਿਕ ਅਧਿਐਨ ਕਰਨਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੀਦਾਰ ਦਾ ਭਾਵ ਇਹ ਹੈ ਕਿ ਉਸ ਦੀ ਜੋ ਅੰਦਰੂਨੀ ਸੁੰਦਰਤਾ ਹੈ, ਉਸ ਦੀ ਵਿਚਾਰਧਾਰਾ ਦੀ ਜੋ ਸੁੰਦਰਤਾ ਹੈ, ਉਸ ਦੀ ਜੋ ਅੰਦਰਲੀ ਸ਼ਖ਼ਸੀਅਤ ਹੈ, ਉਸ ਨੂੰ ਲੱਭਿਆ ਜਾਏ। ਇਹ ਵਿਸ਼ਵਾਸ ਠੀਕ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮੂਲ-ਮੰਤ੍ਰ ਦੀ ਹੀ ਵਿਆਖਿਆ ਹੈ। ਮੂਲ-ਮੰਤ੍ਰ ਵਿਚ ਜੀਵਨ ਦੇ ਸੱਤ ਪੱਖ ਤੇ ਉਨ੍ਹਾਂ ਦੀ ਉਸਾਰੀ ਦੱਸੀ ਹੋਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਨਿਵੇਕਲੀ ਅੰਦਰੂਨੀ ਸ਼ਖ਼ਸੀਅਤ ਦਾ ਆਧਾਰ ਇਹ ਮੂਲ-ਮੰਤ੍ਰ ਵਾਲੇ ਸੱਤ ਪੱਖ ਹੀ ਹਨ। ਇਨ੍ਹਾਂ ਵਿੱਚੋਂ ਇਕ-ਇਕ ਅੰਗ ਹੋਰ ਅਨੇਕ ਥਾਈਂ ਵਿਦਮਾਨ ਹੋ ਸਕਦਾ ਹੈ। ਪਰ ਇਹ ਸੱਤ ਦੇ ਸੱਤ ਅੰਗ ਇਸੇ ਜੁੱਟ ਰੂਪ ਵਿਚ ਅਤੇ ਇਸੇ ਤਰਤੀਬ ਵਿਚ ਕਿਸੇ ਹਰ ਥਾਂ ਵਿਦਮਾਨ ਨਹੀਂ ਹਨ। ਇਹ ਤਰਤੀਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਦਰਲੀ ਸ਼ਖ਼ਸੀਅਤ ਨੂੰ ਵਿਲੱਖਣ ਰੂਪ ਦਿੰਦੀ ਹੈ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਬਲ ਮੂਲ-ਮੰਤ੍ਰ ਜਾਂ ਉਨ੍ਹਾਂ ਦੇ ਅੰਗਾਂ ਨੂੰ ਜਾਣਨ ਦੇ ਉੱਪਰ ਨਹੀਂ ਹੈ, ਸਗੋਂ ਇਸ ਦੀ ਰਹਿਣੀ ਦੇ ਉੱਪਰ ਹੈ। ਇਸ ਰਹਿਣੀ ਦਾ ਬਲ ਸਿਮਰਨ ਵਿੱਚੋਂ ਪ੍ਰਾਪਤ ਹੁੰਦਾ ਹੈ। ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਦਰਲੀ ਸ਼ਖ਼ਸੀਅਤ ਉਹ ਜਾਣ ਸਕਦਾ ਹੈ, ਜਾਂ ਉਸ ਦਾ ਦੀਦਾਰ ਉਹ ਕਰ ਸਕਦਾ ਹੈ, ਜਿਸ ਨੇ ਇਹ ਜੀਵਨ ਜੀਵਿਆ ਹੈ। ‘ਜੈਸਾ ਸੇਵੈ ਤੈਸਾ ਹੋਇ’ ਵਰਗਾ ਹੋ ਕੇ ਹੀ ਉਸ ਦਾ ਦੀਦਾਰ ਕਰ ਸਕਦਾ ਹੈ। ਪਾਠ ਤੇ ਦਰਸ਼ਨ ਬਾਹਰੋਂ ਵੀ ਹੋ ਸਕਦੇ ਹਨ, ਪਰ ਦੀਦਾਰ ਤੇ ਉਸ ਦਾ ਰੂਪ ਹੋ ਕੇ ਹੀ ਹੋ ਸਕਦਾ ਹੈ।

ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦਾ ਹੈ, ਦਰਸ਼ਨ ਕਰਦਾ ਹੈ ਤੇ ਦੀਦਾਰ ਕਰਦਾ ਹੈ ਤੇ ਇਸ ਧਿਆਨ ਵਿਚ ਉਹ ਵਾਹਿਗੁਰੂ ਦੀ ਫ਼ਤਹ ਲਈ ਜ਼ਿੰਮੇਦਾਰੀ ਦੀ ਚੇਤਨਤਾ ਆਪਣੇ ਅੰਦਰ ਕਾਇਮ ਰੱਖਦਾ ਹੈ। ਇਹ ਚੇਤਨਤਾ ਹੀ ਗ੍ਰੰਥ ਨੂੰ ਗੁਰੂ ਬਣਾ ਦਿੰਦੀ ਹੈ। ਜਿੱਥੇ ਇਹ ਚੇਤਨਤਾ ਨਹੀਂ ਹੈ, ਉਥੇ ਗੁਰੂ ਵੀ ਕਹਿਣ ਮਾਤਰ ਨੂੰ ਹੀ ਕਹਿ ਲਿਆ ਜਾਏਗਾ; ਐਪਰ ਜਿਥੇ ਚੇਤਨਤਾ ਹੈ, ਉਥੇ ਉਹ ਵਿਧਾਨਾਂ, ਕਾਨੂੰਨਾਂ ਤੋਂ ਵੱਧ ਸਮਰੱਥ ਗੁਰੂ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)