editor@sikharchives.org
Sri Guru Granth Sahib Di Sampaadna Ate Gurgadhi

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਅਤੇ ਗੁਰਗੱਦੀ

ਵਿਦਵਾਨਾਂ ਨੇ ‘ਆਦਿ ਗ੍ਰੰਥ ਸਾਹਿਬ’ ਦੇ ਸੰਕਲਨ ਨੂੰ ਸਿੱਖ ਧਰਮ ਦੇ ਇਤਿਹਾਸ ਦੀ ਯੁੱਗ-ਬਦਲਾਊ ਘਟਨਾ ਮੰਨਿਆ ਹੈ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ

ਸ੍ਰੀ ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਮਹਾਨ ਕਾਰਜ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਕੀਤਾ ਗਿਆ ਹੈ। ਵਿਦਵਾਨਾਂ ਨੇ ‘ਆਦਿ ਗ੍ਰੰਥ ਸਾਹਿਬ’ ਦੇ ਸੰਕਲਨ ਨੂੰ ਸਿੱਖ ਧਰਮ ਦੇ ਇਤਿਹਾਸ ਦੀ ਯੁੱਗ-ਬਦਲਾਊ ਘਟਨਾ (landmark) ਮੰਨਿਆ ਹੈ।

ਸੰਪਾਦਨਾ ਦੀ ਲੋੜ

ਕਿਸੇ ਵੀ ਧਰਮ ਨੂੰ ਚਲਾਉਣ ਤੇ ਉਸ ਨੂੰ ਵਿਕਸਿਤ ਕਰਨ ਲਈ ਧਰਮ-ਗ੍ਰੰਥ ਦੀ ਲੋੜ ਹੁੰਦੀ ਹੈ ਕਿਉਂਕਿ ਇਸ ਵਿਚ ਧਰਮ ਦੇ ਪੈਰੋਕਾਰਾਂ ਲਈ ਧਰਮ ਦੇ ਨਿਰਧਾਰਿਤ ਬੁਨਿਆਦੀ ਸਿਧਾਂਤ ਅਤੇ ਆਦਰਸ਼ਕ ਜੀਵਨ-ਜਾਚ ਲਈ ਸੇਧਾਂ ਦਿੱਤੀਆਂ ਹੁੰਦੀਆਂ ਹਨ। ਵਿਦਵਾਨਾਂ ਅਨੁਸਾਰ ਧਾਰਮਿਕ ਗ੍ਰੰਥ ਤੇ ਧਾਰਮਿਕ ਕੇਂਦਰ ਦੋ ਐਸੀਆਂ ਚੀਜ਼ਾਂ ਹਨ ਜਿਨ੍ਹਾਂ ਨਾਲ ਧਰਮ ਨੂੰ ਮੰਨਣ ਵਾਲਿਆਂ ਦੇ ਖ਼ਿਆਲਾਂ ਦੀ ਸਾਂਝ ਹੁੰਦੀ ਹੈ। ਇਤਿਹਾਸ ਗਵਾਹ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ‘ਸ੍ਰੀ ਹਰਿਮੰਦਰ ਸਾਹਿਬ’ ਦੇ ਰੂਪ ਵਿਚ, ਸ੍ਰੀ ਅੰਮ੍ਰਿਤਸਰ ਵਿਖੇ, ਸਿੱਖੀ ਦਾ ਮਹਾਨ ਕੇਂਦਰ ਸਥਾਪਤ ਕੀਤਾ। ਹੁਣ ਕੇਂਦਰ ਦੇ ਨਾਲ ਸਿੱਖ-ਸੰਗਤਾਂ ਦੀ ਰਹਿਨੁਮਾਈ ਲਈ ਇਕ ਵੱਖਰੇ ਧਾਰਮਿਕ ਗ੍ਰੰਥ ਦੀ ਵੀ ਲੋੜ ਸੀ ਕਿਉਂਕਿ ਇਸ ਸਮੇਂ ਸਿੱਖ ਧਰਮ ਦਾ ਵਿਕਾਸ ਬਹੁਤ ਤੇਜ਼ੀ ਨਾਲ ਹੋ ਰਿਹਾ ਸੀ। ਮਿ. ਗਾਰਡਨ ਲਿਖਦਾ ਹੈ: “ਗੁਰੂ ਅਰਜਨ ਦੇਵ ਜੀ ਨੇ ਸੋਚਿਆ ਕਿ ਕੌਮ ਨੂੰ ਸੁਤੰਤਰ ਕਰਨ ਲਈ ਤੇ ਖ਼ਿਆਲਾਂ ਦੀ ਸਾਂਝ ਪੈਦਾ ਕਰਨ ਲਈ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਆਪਣੀ ਬੋਲੀ ਵਿਚ ਪਵਿੱਤਰ ਕਾਨੂੰਨ ਦੀ ਕਿਤਾਬ ਬਖ਼ਸ਼ੀ ਜਾਵੇ।”1 ਮਿ. ਮੈਕਾਲਫ ਵੀ ਇਹੀ ਗੱਲ ਲਿਖਦਾ ਹੈ। ਇਸ ਲਈ ਸਮੇਂ ਦੀ ਲੋੜ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਧਾਰਮਿਕ ਗ੍ਰੰਥ (ਆਦਿ ਗ੍ਰੰਥ ਸਾਹਿਬ) ਦਾ ਸੰਪਾਦਨ ਕਰਨਾ ਜ਼ਰੂਰੀ ਸਮਝਿਆ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਸੰਪਾਦਨ-ਕਾਰਜ ਦੁਆਰਾ ਸਿੱਖ ਸੰਗਠਨ ਨੂੰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ।

ਬਾਣੀ ਇਕੱਤਰ ਕਰਨੀ

ਨਿਰਸੰਦੇਹ ਬਾਣੀ ਰਚਣ, ਆਪਣੀਆਂ ਉਦਾਸੀਆਂ ਸਮੇਂ ਭਗਤ ਸਾਹਿਬਾਨ ਦੀ ਬਾਣੀ ਇਕੱਤਰ ਕਰਨ ਅਤੇ ਫਿਰ ਇਸ ਸਾਰੇ ਕੀਮਤੀ ਸੰਗ੍ਰਹਿ ਨੂੰ (ਇਕ ਪ੍ਰਸਤਾਵਿਤ ਗ੍ਰੰਥ ਤਿਆਰ ਕਰਨ ਦੀ ਯੋਜਨਾ ਅਧੀਨ) ਅਗਲੇ ਗੁਰੂ ਤਕ ਪਹੁੰਚਾਉਣ ਦਾ ਕਾਰਜ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਅਰੰਭ ਹੋ ਗਿਆ ਸੀ। ਭਾਈ ਗੁਰਦਾਸ ਜੀ ਦੇ ਕਥਨ- ‘ਆਸਾ ਹਥਿ ਕਿਤਾਬ ਕਛਿ ਕੂਜਾ ਬਾਂਗ ਮੁਸੱਲਾ ਧਾਰੀ’ ਤੋਂ ਗਵਾਹੀ ਮਿਲਦੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕੋਲ ਬਾਣੀ ਦੀ ਪੋਥੀ ਮੌਜੂਦ ਸੀ ਜਿਸ ਵਿਚ ਉਨ੍ਹਾਂ ਨੇ ਆਪਣੀ ਤੇ ਭਗਤਾਂ ਦੀ ਬਾਣੀ ਲਿਖੀ ਹੋਈ ਸੀ। ‘ਪੁਰਾਤਨ ਜਨਮ ਸਾਖੀ’ ਦੀ (ਜੋਤੀ ਜੋਤਿ ਸਮਾਉਣ ਵਾਲੀ) ਸਾਖੀ ਵਿਚ ਵੀ ਲਿਖਿਆ ਮਿਲਦਾ ਹੈ, ‘ਸੋ ਪੋਥੀ ਜੁਬਾਨਿ ਗੁਰੂ ਅੰਗਦ ਜਗੋ ਮਿਲੀ’ ਅਰਥਾਤ ਗੁਰੂ ਨਾਨਕ ਪਾਤਸ਼ਾਹ ਨੇ, ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਦੀ ਬਖ਼ਸ਼ਿਸ਼ ਕਰਨ ਵੇਲੇ, ਆਪਣੀ ਅਥਵਾ ‘ਜੁਬਾਨਿ’ ਦੀ ਪੋਥੀ ਦਿੱਤੀ।2

ਪ੍ਰੋ. ਸਾਹਿਬ ਸਿੰਘ ਨੇ ਪੁਰਾਣੇ ਸਿੱਖ ਇਤਿਹਾਸਕਾਰਾਂ ਦੀਆਂ ਕਿਰਤਾਂ (‘ਗੁਰ ਪ੍ਰਤਾਪ ਸੂਰਜ’ ਕ੍ਰਿਤ ਕਵੀ ਸੰਤੋਖ ਸਿੰਘ, ‘ਗੁਰਬਿਲਾਸ ਪਾਤਿਸ਼ਾਹੀ ਛੇਵੀਂ’ ਅਤੇ ‘ਤਵਾਰੀਖ਼ ਗੁਰੂ ਖ਼ਾਲਸਾ’ ਕ੍ਰਿਤ ਗਿਆਨੀ ਗਿਆਨ ਸਿੰਘ) ਨੂੰ ਤਿੰਨ ਕਸਵੱਟੀਆਂ (1. ਦਲੀਲ, 2. ਗੁਰੂ ਨਾਨਕ ਦੇਵ ਜੀ ਦੇ ਜੀਵਨ ਵਿੱਚੋਂ ਸਾਖੀਆਂ, 3. ਸਾਹਿਤਕ ਦ੍ਰਿਸ਼ਟੀਕੋਣ ਤੋਂ ਗੁਰਬਾਣੀ ਦਾ ਆਪੋ ਵਿਚ ਟਾਕਰਾ) ’ਤੇ ਪਰਖਣ ਉਪਰੰਤ (ਗੁਰਬਾਣੀ ਵਿੱਚੋਂ ਪ੍ਰਮਾਣ ਦੇ ਕੇ) ਇਵੇਂ ਲਿਖਿਆ ਹੈ: “ਇਸ ਲੰਮੀ ਵਿਚਾਰ ਨੇ ਨਿਰਸੰਦੇਹ ਇਹ ਸਾਬਤ ਕਰ ਵਿਖਾਇਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਾਰੀ ਹੀ ਬਾਣੀ ਗੁਰੂ ਅਮਰਦਾਸ ਜੀ ਪਾਸ ਸੀ। ਇਸੇ ਬਾਣੀ ਤੋਂ ਪ੍ਰੇਰਨਾ ਲੈ ਕੇ ਗੁਰੂ ਅਮਰਦਾਸ ਜੀ ਨੇ ਆਪ ਭੀ ਬਾਣੀ ਲਿਖੀ। ਪਹਿਲੇ ਗੁਰ-ਵਿਅਕਤੀਆਂ ਦੀ ਬਾਣੀ ਸਮੇਤ ਇਹ ਆਪਣੀ ਬਾਣੀ ਭੀ ਉਨ੍ਹਾਂ ਗੁਰੂ ਰਾਮਦਾਸ ਜੀ ਦੇ ਹਵਾਲੇ ਕੀਤੀ ਸੀ, ਕਿਉਂਕਿ ਅਸੀਂ ਇਹ ਭੀ ਵੇਖ ਆਏ ਹਾਂ ਕਿ ਗੁਰੂ ਰਾਮਦਾਸ ਜੀ ਦੀ ਬਾਣੀ ਵਿਚ ਭੀ ਪਹਿਲੇ ਗੁਰ-ਮਹਿਲਾਂ ਦੀ ਬਾਣੀ ਦੀ ਕਾਫੀ ਡੂੰਘੀ ਸਾਂਝ ਹੈ। ਇਸੇ ਤਰ੍ਹਾਂ ਇਹ ਸਾਰੀ ਬਾਣੀ ਗੁਰੂ ਅਰਜਨ ਸਾਹਿਬ ਤਕ ਅੱਪੜ ਗਈ।”3 “ਗੁਰੂ ਨਾਨਕ ਮੱਤ ਕਿਉਂਕਿ ਆਪਣੇ ਤੋਂ ਬਾਅਦ ਗੁਰਗੱਦੀ ਸੰਭਾਲਣ ਵਾਲੇ ਵਿਚ ਆਪਣੀ ਹੀ ਜੋਤ ਜਗਾਉਣ ਦੀ ਚਰਚਾ ਕਰਦਾ ਹੈ, ਇਸ ਲਈ ਇਹ ਬਾਣੀ ਤਰਤੀਬਵਾਰ ਆਪਣੀ-ਆਪਣੀ ਬਾਣੀ ਸਮੇਤ ਇਕ ਗੁਰੂ ਆਪਣੇ ਤੋਂ ਪਿਛਲੇ ਦੂਜੇ ਗੁਰੂ ਨੂੰ ਦਿੰਦੇ ਰਹੇ ਹੋਣਗੇ।”4

ਉਪਰੋਕਤ ਵਿਚਾਰ ਤੋਂ ਸਪਸ਼ਟ ਹੋਇਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ, ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ ਤੇ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੀ-ਆਪਣੀ ਬਾਣੀ-ਰਚਨਾ ਦੇ ਨਾਲ ਹੀ ਪਹਿਲਾਂ ਪ੍ਰਾਪਤ (ਗੁਰੂ ਸਾਹਿਬਾਨ ਤੇ ਭਗਤ ਸਾਹਿਬਾਨ ਦੀ) ਬਾਣੀ ਨੂੰ ਗੁਰਗੱਦੀ ਸਮੇਂ ਉੱਤਰਾਧਿਕਾਰੀ ਗੁਰੂ ਤਕ ਪਹੁੰਚਾ ਦਿੱਤਾ। ਸ੍ਰੀ ਗ੍ਰੰਥ ਸਾਹਿਬ ਜੀ ਦੇ ਸੰਕਲਨ ਤੋਂ ਪਹਿਲਾਂ ਬਾਕੀ ਗੁਰੂ-ਘਰ ਦੇ ਨਜ਼ਦੀਕੀ ਮਹਾਂਪੁਰਸ਼ਾਂ ਦੀ ਰਚਨਾ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਸ ਮੌਜੂਦ ਸੀ।

ਪੂਰਨ ਭਰੋਸੇ ਨਾਲ ਕਿਹਾ ਜਾ ਸਕਦਾ ਹੈ ਕਿ ਮਹਾਨ ਸੰਪਾਦਕ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤਾਂ ‘ਸ੍ਰੀ ਆਦਿ ਗ੍ਰੰਥ ਸਾਹਿਬ’ ਦੀ ਸੰਪਾਦਨਾ ਐਨੀ ਇਮਾਨਦਾਰੀ ਨਾਲ ਕੀਤੀ ਕਿ ਅਸਲੀ (original) ਬਾਣੀਕਾਰਾਂ ਦੀ ਪਛਾਣ ਕਾਇਮ ਰੱਖੀ ਅਰਥਾਤ ਅਸਲੀ ਲੇਖਕ ਨੂੰ ਲੁਕਾਇਆ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਦਿਆਂ ਸਾਨੂੰ ਸਾਰੇ (ਛੇ ਗੁਰੂ ਸਾਹਿਬਾਨ ਨੂੰ ਛੱਡ ਕੇ) ਰਚਣਹਾਰਿਆਂ ਦੀ ਬਾਣੀ ਦੇ ਅਰੰਭ ਵਿਚ ਉਨ੍ਹਾਂ ਦਾ ਨਾਂ ਲਿਖਿਆ ਮਿਲੇਗਾ ਜਿਵੇਂ ‘ਬਾਣੀ ਨਾਮਦੇਵ ਜੀ ਕੀ’, ‘ਸਲੋਕ ਭਗਤ ਕਬੀਰ ਜੀਉ ਕੇ’, ‘ਸਲੋਕ ਸੇਖ ਫਰੀਦ ਕੇ’, ਆਦਿ। ਗੁਰੂ ਸਾਹਿਬਾਨ ਨੇ ਜਿੱਥੇ ਕਾਵਿ-ਰਚਨਾ ਦੇ ਭਾਵ ਨੂੰ ਸਮਝਾਉਣ ਦੀ ਲੋੜ ਸਮਝੀ ਉੱਥੇ ਸ਼ਬਦ ਦੇ ਨਾਲ ਹੀ ਸਪੱਸ਼ਟੀਕਰਨ ਲਈ ਆਪਣੀ ਬਾਣੀ ਦੀ ਤੁਕ ਲਿਖ ਦਿੱਤੀ ਹੈ। ਉਦਾਹਰਣ ਵਜੋਂ:

ਫਰੀਦਾ ਕਾਲੀਂ ਜਿਨੀ ਨ ਰਾਵਿਆ ਧਉਲੀ ਰਾਵੈ ਕੋਇ॥
ਕਰਿ ਸਾਂਈ ਸਿਉ ਪਿਰਹੜੀ ਰੰਗੁ ਨਵੇਲਾ ਹੋਇ॥
ਮਃ 3॥
ਫਰੀਦਾ ਕਾਲੀ ਧਉਲੀ ਸਾਹਿਬੁ ਸਦਾ ਹੈ ਜੇ ਕੋ ਚਿਤਿ ਕਰੇ॥
ਆਪਣਾ ਲਾਇਆ ਪਿਰਮੁ ਨ ਲਗਈ ਜੇ ਲੋਚੈ ਸਭੁ ਕੋਇ॥
ਏਹੁ ਪਿਰਮੁ ਪਿਆਲਾ ਖਸਮ ਕਾ ਜੈ ਭਾਵੈ ਤੈ ਦੇਇ॥ (ਪੰਨਾ 1378)

ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ॥
ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ॥
ਮਹਲਾ 5॥
ਫਰੀਦਾ ਭੂਮਿ ਰੰਗਾਵਲੀ ਮੰਝਿ ਵਿਸੂਲਾ ਬਾਗ॥
ਜੋ ਜਨ ਪੀਰਿ ਨਿਵਾਜਿਆ ਤਿੰਨਾ੍ ਅੰਚ ਨ ਲਾਗ॥ ( ਪੰਨਾ 1382)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (ਆਦਿ ਗ੍ਰੰਥ ਸਾਹਿਬ)  ਦੀ ਸੰਪਾਦਨਾ ਦੀ ਯੋਜਨਾ (editorial scheme)

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਾਣੀ ਦੇ ਬਹੁਤ ਵੱਡੇ (‘ਪੀਊ ਦਾਦੇ’ ਦੇ) ਖ਼ਜ਼ਾਨੇ ਨੂੰ ਸੰਪਾਦਨਾ ਦੀ ਯੋਜਨਾ ਅਧੀਨ, ਇਕ ਵਿਸ਼ੇਸ਼ ਤਰਤੀਬ ਅਨੁਸਾਰ, ਸੰਪਾਦਿਤ ਕੀਤਾ ਹੈ ਜੋ ਸਰਬੋਤਮ ਦਰਜੇ ਦੀ ਮੰਨੀ ਗਈ ਹੈ। ਇਸ ਤਰਤੀਬ ਨੂੰ ਹੇਠ ਲਿਖੇ ਵਰਗਾਂ ਅਨੁਸਾਰ ਵੰਡ ਕੇ ਸਮਝਦੇ ਹਾਂ:

ਗੁਰਬਾਣੀ ਦੀ ਅੰਦਰਲੀ ਤਰਤੀਬ

(ੳ) ਪਹਿਲੇ ਹਿੱਸੇ ਵਿਚ ਨਿਤਨੇਮ ਦੀਆਂ ਬਾਣੀਆਂ ਦਰਜ ਹਨ। ਇਨ੍ਹਾਂ ਬਾਣੀਆਂ ਦੇ ਅਰੰਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਚਾਰਿਆ ਹੋਇਆ ਮੂਲ ਮੰਤ੍ਰ ਹੈ:

ੴ ਸਤਿ ਨਾਮੁ
ਕਰਤਾ ਪੁਰਖੁ
ਨਿਰਭਉ ਨਿਰਵੈਰੁ
ਅਕਾਲ ਮੂਰਤਿ
ਅਜੂਨੀ ਸੈਭੰ
ਗੁਰ ਪ੍ਰਸਾਦਿ॥ (ਪੰਨਾ 1)

ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਸ਼ੇਸ਼ ਬਾਣੀ ‘ਜਪੁ’ ਦਰਜ ਹੈ ਜਿਸ ਦਾ ਅੰਮ੍ਰਿਤ ਵੇਲੇ ਪਾਠ ਕਰਨ ਦੀ ਹਿਦਾਇਤ ਹੈ। ਇਸ ਬਾਣੀ ਵਿਚ 38 ਪਉੜੀਆਂ (‘ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ॥…॥1॥’ ਤੋਂ ‘ਨਾਨਕ ਨਦਰੀ ਨਦਰਿ ਨਿਹਾਲ॥38॥’ ਤਕ) ਅਤੇ ਹੇਠ ਲਿਖੇ 2 ਸਲੋਕ ਕ੍ਰਮਵਾਰ (ਇਕ ਅਰੰਭ ਵਿਚ ਅਤੇ ਇਕ ਅਖ਼ੀਰ ਵਿਚ) ਦਰਜ ਹਨ:

ਆਦਿ ਸਚੁ ਜੁਗਾਦਿ ਸਚੁ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥ (ਪੰਨਾ 1)
ਸਲੋਕੁ॥
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥
ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ॥
ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ॥
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ॥
ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ॥
ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ॥ (ਪੰਨਾ 8)

ਇਸ ਤੋਂ ਅਗਲੀ ਬਾਣੀ ਦੇ ਦੋ ਹਿੱਸੇ ਹਨ-‘ਸੋਦਰੁ’ ਅਤੇ ‘ਸੋ ਪੁਰਖੁ’।‘ਸੋਦਰੁ’ ਵਿਚ ਨੌਂ ਸ਼ਬਦ ਹਨ ਅਤੇ ‘ਸੋ ਪੁਰਖੁ’ ਵਿਚ ਚਾਰ। ਇਹ ਬਾਣੀ ਸ਼ਾਮ ਵੇਲੇ ਪੜ੍ਹਨ ਦਾ ਆਦੇਸ਼ ਹੈ। ਇਸ ਨੂੰ ‘ਰਹਿਰਾਸ’ ਦਾ ਨਾਂ ਵੀ ਦਿੱਤਾ ਜਾਂਦਾ ਹੈ। ਇਸ ਤੋਂ ਅੱਗੇ ‘ਸੋਹਿਲਾ’ ਹੈ ਜਿਸ ਵਿਚ ਪੰਜ ਸ਼ਬਦ ਹਨ। ਰਾਤ ਨੂੰ ਸੌਣ ਸਮੇਂ ਇਸ ਬਾਣੀ ਦਾ ਪਾਠ ਕਰਨ ਦੀ ਮਰਯਾਦਾ ਹੈ।

(ਅ) ਦੂਜੇ ਹਿੱਸੇ ਵਿਚ 31 ਰਾਗਾਂ ਵਿਚ ਬਾਣੀ ਦਰਜ ਹੈ। ਬਾਣੀ ਦਾ ਅਰੰਭ ਸਿਰੀਰਾਗੁ ਨਾਲ ਹੋਇਆ ਹੈ ਤੇ ਆਖ਼ਰੀ ਰਾਗ ਜੈਜਾਵੰਤੀ ਹੈ। ਇਥੇ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਸੰਪਾਦਿਤ ‘ਸ੍ਰੀ ਆਦਿ ਗ੍ਰੰਥ ਸਾਹਿਬ’ ਵਿਚ 30 ਰਾਗ ਹੀ ਸ਼ਾਮਲ ਹਨ ਕਿਉਂਕਿ (ਇਕੱਤੀਵੇਂ) ਜੈਜਾਵੰਤੀ ਰਾਗ ਵਿਚ ਕੇਵਲ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਬਾਣੀ ਰਚੀ ਹੈ ਜੋ ਬਾਅਦ ਵਿਚ (ਨੌਵੇਂ ਪਾਤਸ਼ਾਹ ਦੇ ਰਚਿਤ ਸਲੋਕਾਂ ਦੇ ਨਾਲ) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਰਜ ਕਰਵਾਈ ਸੀ।

ਰਾਗਾਂ ਦੀ ਤਰਤੀਬ ਹੇਠ ਲਿਖੇ ਅਨੁਸਾਰ ਹੈ-

1.  ਸਿਰੀ  2. ਮਾਝ   3.  ਗਉੜੀ  4. ਆਸਾ 5. ਗੂਜਰੀ 6. ਦੇਵਗੰਧਾਰੀ 7. ਬਿਹਾਗੜਾ 8. ਵਡਹੰਸ 9. ਸੋਰਠਿ 10.  ਧਨਾਸਰੀ  11. ਜੈਤਸਰੀ 12. ਟੋਡੀ 13. ਬੈਰਾੜੀ 14. ਤਿਲੰਗ 15. ਸੂਹੀ 16.  ਬਿਲਾਵਲ 17. ਗੌਂਡ 18. ਰਾਮਕਲੀ 19. ਨਟ ਨਰਾਇਨ  20. ਮਾਲੀਗਉੜਾ
21. ਮਾਰੂ 22. ਤੁਖਾਰੀ 23. ਖੇਦਾਰਾ 24. ਭੈਰਉ 25. ਬਸੰਤ 26. ਸਾਰੰਗ  27. ਮਲਾਰ  28. ਕਾਨੜਾ 29. ਕਲਿਆਨ  30. ਪ੍ਰਭਾਤੀ 31. ਜੈਜਾਵੰਤੀ

(ੲ) ਤੀਜੇ ਹਿੱਸੇ ਵਿਚ ਰਾਗਾਂ ਤੋਂ ਬਾਅਦ ਹੋਰ ਬਾਣੀਆਂ ਹੇਠ ਲਿਖੇ ਕ੍ਰਮ ਵਿਚ ਦਰਜ ਹਨ :

1. ਸਲੋਕ ਸਹਸਕ੍ਰਿਤੀ ਮਹਲਾ 1- 4
2. ਸਲੋਕ ਸਹਸਕ੍ਰਿਤੀ ਮਹਲਾ 5- 67
3. ਗਾਥਾ ਮਹਲਾ 5- 24
4. ਫੁਨਹੇ ਮਹਲਾ 5- 23
5. ਚਉਬੋਲੇ ਮਹਲਾ 5- 11
6. ਸਲੋਕ ਭਗਤ ਕਬੀਰ ਜੀਉ ਕੇ – 243
7. ਸਲੋਕ ਸੇਖ ਫਰੀਦ ਕੇ- 130
8. ਸਵਯੇ ਸ੍ਰੀ ਮੁਖਬਾਕ੍ਹ ਮਹਲਾ 5- 9
9. ਸਵਯੇ ਸ੍ਰੀ ਮੁਖਬਾਕ੍ਹ ਮਹਲਾ 5- 11
10. ਸਵਯੇ ਭਟਾਂ ਦੇ- 123
11. ਸਲੋਕ ਵਾਰਾਂ ਤੇ ਵਧੀਕ- 152
12. ਸਲੋਕ ਮਹਲਾ 9- 57
13. ਮੁੰਦਾਵਣੀ ਮਹਲਾ 5- 1
14. ਸਲੋਕ ਮਹਲਾ 5- 1
15. ਰਾਗ ਮਾਲਾ।   

ਸਾਹਿਤਕ ਰੂਪਾਂ ਅਨੁਸਾਰ ਤਰਤੀਬ

ਹਰ ਰਾਗ ਵਿਚ ਬਾਣੀ ਨੂੰ ਸਾਹਿਤਕ ਰੂਪਾਂ ਅਨੁਸਾਰ ਹੇਠ ਲਿਖੀ ਤਰਤੀਬ ਵਿਚ ਰੱਖਿਆ ਗਿਆ ਹੈ:

1. ਪਦੇ- ਦੁਪਦੇ, ਤਿਪਦੇ, ਚਉਪਦੇ, ਪੰਚ ਪਦੇ, ਛੇ ਪਦੇ, ਸਤ ਪਦੇ।
2. ਅਸਟਪਦੀਆਂ ਤੇ ਸੋਲਹੇ।
3. ਸਿਰਲੇਖਾਂ ਵਾਲੀਆਂ ਬਾਣੀਆਂ-ਅਨੰਦ, ਸਦੁ, ਓਅੰਕਾਰ, ਸਿਧ ਗੋਸਟਿ, ਸੁਖਮਨੀ ਆਦਿ।
4. ਛੰਦ ਜਾਂ ਛੰਤ।
5. ਵਾਰ ਜਾਂ ਵਾਰਾਂ (ਕਈਆਂ ਰਾਗਾਂ ਵਿਚ ਵਾਰ ਨਹੀਂ ਹੈ ਤੇ ਕਈਆਂ ਵਿਚ ਦੋ ਵੀ ਹਨ। ਹਰੇਕ ਵਾਰ (ਸਤੇ ਬਲਵੰਡ ਦੀ ਵਾਰ ਅਤੇ ਰਾਗ ਬਸੰਤ ਦੀ ਵਾਰ ਨੂੰ ਛੱਡ ਕੇ) ਦੀਆਂ ਪਉੜੀਆਂ ਦੇ ਨਾਲ-ਨਾਲ ਪਹਿਲੇ ਪੰਜ ਗੁਰੂ ਸਾਹਿਬਾਨ ਦੇ ਸਲੋਕ ਵੀ ਦਰਜ ਹਨ।

ਗੁਰੂ ਸਾਹਿਬਾਨ ਦੀ  ਬਾਣੀ ਦੀ  ਤਰਤੀਬ

ਸ੍ਰੀ ਗੁਰੂ ਗ੍ਰੰਥ ਸਾਹਿਬ (ਆਦਿ ਗ੍ਰੰਥ ਸਾਹਿਬ) ਵਿਚ ਦਰਜ ਗੁਰੂ ਸਾਹਿਬਾਨ ਦੀ ਬਾਣੀ ਲਈ ਹਰ ਸਾਹਿਤਕ-ਰੂਪ ਵਿਚ ਵੀ ਇਕ ਨਿਸਚਿਤ ਤਰਤੀਬ ਹੈ। ਸਭ ਤੋਂ ਪਹਿਲਾਂ ਹਰ ਵੰਨਗੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ, ਫਿਰ ਕ੍ਰਮਵਾਰ ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ। ਪਰ ਵਿਲੱਖਣ ਗੱਲ ਇਹ ਹੈ ਕਿ ਸਾਰੇ ਗੁਰੂ ਸਾਹਿਬਾਨ ਦੀ ਬਾਣੀ ਨਾਨਕ (ਜੋ ਪਰਮਾਤਮ-ਜੋਤਿ ਦਾ ਰੂਪ ਹੈ) ਨਾਂ ਹੇਠ ਦਰਜ ਹੈ। ਇਸ ਗੱਲ ਨੂੰ ਨਿਖੇੜਨ ਲਈ ਕਿ ਕਿਹੜੀ ਬਾਣੀ ਕਿਸ ਗੁਰੂ ਦੀ ਹੈ ‘ਮਹਲਾ’ ਦੀ ਵਰਤੋਂ ਕੀਤੀ ਗਈ ਹੈ ਅਤੇ ਹਰ ਸ਼ਬਦ ਜਾਂ ਬਾਣੀ ਦੇ ਸਿਰਲੇਖ ਵਿਚ ਗੁਰੂ-ਸੰਕੇਤ ਹੇਠ ਲਿਖੇ ਅਨੁਸਾਰ ਦਿੱਤਾ ਹੋਇਆ ਹੈ:

ਮਹਲਾ 1– ਸ੍ਰੀ ਗੁਰੂ ਨਾਨਕ ਦੇਵ ਜੀ। ਮਹਲਾ 2- ਸ੍ਰੀ ਗੁਰੂ ਅੰਗਦ ਦੇਵ ਜੀ। ਮਹਲਾ 3- ਸ੍ਰੀ ਗੁਰੂ ਅਮਰਦਾਸ ਜੀ। ਮਹਲਾ 4- ਸ੍ਰੀ ਗੁਰੂ ਰਾਮਦਾਸ ਜੀ। ਮਹਲਾ 5- ਸ੍ਰੀ ਗੁਰੂ ਅਰਜਨ ਦੇਵ ਜੀ। ਮਹਲਾ 9- ਸ੍ਰੀ ਗੁਰੂ ਤੇਗ ਬਹਾਦਰ ਜੀ।

ਭਗਤ ਸਾਹਿਬਾਨ ਤੇ ਹੋਰ ਬਾਣੀਕਾਰਾਂ ਦੀ ਬਾਣੀ ਦੀ ਤਰਤੀਬ

ਜਿਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਗੁਰੂ ਸਾਹਿਬਾਨ ਦੇ ਕ੍ਰਮ ਅਨੁਸਾਰ ਬਾਣੀ ਦੀ ਤਰਤੀਬ ਹੈ ਉਸੇ ਤਰ੍ਹਾਂ ਹਰ ਰਾਗ ਵਿਚ ਭਗਤ ਬਾਣੀ ਇਸ ਤਰਤੀਬ ਅਨੁਸਾਰ ਹੈ: ਸਭ ਤੋਂ ਪਹਿਲਾਂ ਭਗਤ ਕਬੀਰ ਜੀ ਦੀ ਬਾਣੀ ਹੈ, ਫਿਰ ਭਗਤ ਨਾਮਦੇਵ ਜੀ ਦੀ, ਫਿਰ ਭਗਤ ਰਵਿਦਾਸ ਜੀ ਦੀ ਤੇ ਬਾਅਦ ਵਿਚ ਹੋਰ ਭਗਤਾਂ ਜਿਵੇਂ ਭਗਤ ਪਰਮਾਨੰਦ ਜੀ, ਭਗਤ ਬੇਣੀ ਜੀ, ਭਗਤ ਸੈਣ ਜੀ, ਭਗਤ ਧੰਨਾ ਜੀ ਆਦਿ ਅਤੇ ਅੰਤ ਵਿਚ ਸ਼ੇਖ ਫਰੀਦ ਜੀ ਦੀ ਬਾਣੀ ਦਰਜ ਹੈ। ਭਗਤ ਕਬੀਰ ਜੀ ਦੀਆਂ ਸ਼ਬਦਾਂ ਤੇ ਸਲੋਕਾਂ ਤੋਂ ਇਲਾਵਾ ਤਿੰਨ ਹੋਰ ਬਾਣੀਆਂ (ਬਾਵਨ ਅਖਰੀ, ਪੰਦ੍ਰਹ ਥਿਤੀ ਅਤੇ ਸਤ ਵਾਰ) ਵੀ ਹਨ। ਬਿਹਾਗੜਾ ਰਾਗ ਵਿਚ ਤਿੰਨ ਸਲੋਕ ਭਾਈ ਮਰਦਾਨਾ ਜੀ ਦੇ ਨਾਮ ਹਨ ਤੇ ਰਾਮਕਲੀ ਰਾਗ ਵਿਚ ਬਾਬਾ ਸੁੰਦਰ ਜੀ ਦੀ ਲਿਖੀ ਬਾਣੀ ‘ਸਦੁ’ ਤੇ ਭਾਈ ਸਤਾ ਜੀ ਤੇ ਭਾਈ ਬਲਵੰਡ ਜੀ ਦੀ ਇਕ ਵਾਰ ਦਰਜ ਹੈ। ਇਸੇ ਤਰ੍ਹਾਂ 11 ਭੱਟ ਸਾਹਿਬਾਨ ਦੇ ਸਵੈਯਾਂ ਵਿਚ ਭੱਟ ਕਲ੍ਹ ਜਾਂ ਕਲਸਹਾਰ ਦੇ ਸਵੈਯੇ ਸਭ ਤੋਂ ਪਹਿਲਾਂ ਤੇ ਬਾਅਦ ਵਿਚ ਹੋਰ ਭੱਟ ਸਾਹਿਬਾਨ ਦੇ ਦਰਜ ਹਨ।

ਰਾਗਾਂ ਵਿਚ ਬਾਣੀ ਦੀ ਤਰਤੀਬ

ਸਾਰੀ ਬਾਣੀ ਵਿਚ ਵਿਆਕਰਨ ਦੇ ਪੱਖੋਂ ਲਗਾਂ-ਮਾਤਰਾਂ ਦੀ ਇਕਸਾਰਤਾ ਲਿਆਂਦੀ ਗਈ ਹੈ। ਗੁਰਬਾਣੀ ਦੀ ਰਾਗਾਂ ਅਨੁਸਾਰ ਵੰਡ ਕੀਤੀ ਗਈ ਹੈ। ਰਾਗਾਂ ਵਿਚ ਗੁਰੂ ਸਾਹਿਬਾਨ ਅਤੇ ਸਭ ਭਗਤ ਸਾਹਿਬਾਨ ਦੀ ਬਾਣੀ ਵੱਖਰੇ-ਵੱਖਰੇ ਸਿਰਲੇਖਾਂ ਹੇਠ ਤਰਤੀਬਵਾਰ ਦਰਜ ਕੀਤੀ ਗਈ ਹੈ। ਆਮ ਤੌਰ ’ਤੇ ਰਾਗਾਂ ਵਿਚ ਪਹਿਲਾਂ ਸ਼ਬਦ ਅਤੇ ਫਿਰ ਅਸਟਪਦੀਆਂ, ਛੰਤ, ਵਾਰ ਕ੍ਰਮ ਅਨੁਸਾਰ ਦਰਜ ਹਨ; ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਤੇ ਫਿਰ ਸ੍ਰੀ ਗੁਰੂ ਅਮਰਦਾਸ ਜੀ ਦੇ, ਸ੍ਰੀ ਗੁਰੂ ਰਾਮਦਾਸ ਜੀ ਦੇ ਤੇ ਅਖ਼ੀਰ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਬਦ ਹਨ। ਸ੍ਰੀ ਗੁਰੂ ਅੰਗਦ ਦੇਵ ਜੀ ਦੇ ਕੇਵਲ ਸਲੋਕ ਹਨ ਜੋ ਹੋਰ ਗੁਰੂ ਸਾਹਿਬਾਨ ਦੁਆਰਾ ਉਚਾਰਨ ਕੀਤੀਆਂ ਵਾਰਾਂ ਦੀਆਂ ਪਉੜੀਆਂ ਨਾਲ ਦਰਜ ਹਨ। ਜਿਸ-ਜਿਸ ਰਾਗ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਬਦ ਹਨ ਉੱਥੇ ਉਹ ਕ੍ਰਮ-ਅਨੁਸਾਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਬਦਾਂ ਤੋਂ ਬਾਅਦ ਵਿਚ ਦਰਜ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦੀ ਯੋਜਨਾ ਦੀ ਇਕ ਹੋਰ ਵਿਸ਼ੇਸ਼ਤਾ ਇਹ ਵੀ ਹੈ ਕਿ ਸੰਖਿਅਕ-ਅੰਕਾਂ ਦੀ ਵਰਤੋਂ ਕੀਤੀ ਹੋਈ ਹੈ ਤਾਂ ਕਿ ਗੁਰਬਾਣੀ ਵਿਚ ਹੋਰ ਰਲੇਵੇਂ (ਕੱਚੀ-ਬਾਣੀ) ਦੀ ਸੰਭਾਵਨਾ ਨਾ ਰਹੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨ ਵਾਲੇ ਗੁਰਸਿੱਖ ਜਾਣਦੇ ਹਨ ਕਿ ਵੱਖ-ਵੱਖ ਰਾਗਾਂ ਵਿਚ ਹਰ ਸ਼ਬਦ, ਅਸਟਪਦੀ, ਪਉੜੀ, ਸਲੋਕ, ਸੋਲਹੇ ਆਦਿ  ਦੀ ਗਿਣਤੀ ਲਈ ਸੰਖਿਅਕ-ਅੰਕ ਦਿੱਤੇ ਗਏ ਹਨ ਅਤੇ ਅਖ਼ੀਰ ਵਿਚ ਕੁੱਲ ਜੋੜ ਵੀ ਅੰਕਿਤ ਹੈ। ਉਦਾਹਰਣ ਦੇ ਤੌਰ ’ਤੇ ਸਿਰੀਰਾਗੁ ਵਿਚ ਮਹਲਾ ਪਹਿਲਾ ਦੇ ਚਾਰ ਪਦਿਆਂ ਵਾਲੇ 33 ਸ਼ਬਦ ਹਨ, ਮਹਲਾ ਤੀਜਾ ਦੇ 31 ਤੇ ਮਹਲਾ ਚੌਥਾ ਦੇ 6 ਹਨ। ਇਸ ਲਈ ਉਨ੍ਹਾਂ ਦੇ ਅੰਤ ’ਤੇ ‘॥33॥31॥6॥70॥’ ਲਿਖਿਆ ਹੋਇਆ ਮਿਲਦਾ ਹੈ।

ਸ੍ਰੀ ਆਦਿ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼

ਬਾਣੀ ਸੰਗ੍ਰਹਿ ਕਰਨ ਉਪਰੰਤ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਰਾਮਸਰ ਸਾਹਿਬ ਵਿਖੇ ਬੈਠ ਕੇ (ਆਪਣੀ ਦੇਖ-ਰੇਖ ਵਿਚ) ਭਾਈ ਗੁਰਦਾਸ ਜੀ ਤੋਂ ਬੀੜ ਲਿਖਵਾਈ ਜੋ ਇਤਿਹਾਸਕ ਤੱਥਾਂ ਅਨੁਸਾਰ (ਲੱਗਭਗ ਚਾਰ ਸੌ ਚਾਰ ਸਾਲ ਪਹਿਲਾਂ) 1604 ਈਸਵੀ (ਸੰਮਤ 1661) ਵਿਚ ਸੰਪੂਰਨ ਹੋਈ।5 ਇਸੇ ਸਾਲ ਭਾਦਰੋਂ ਸੁਦੀ ਏਕਮ (ਨਾਨਕਸ਼ਾਹੀ ਕੈਲੰਡਰ ਅਨੁਸਾਰ 17 ਭਾਦੋਂ ਸੰਮਤ 136) ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ (ਆਦਿ ਗ੍ਰੰਥ ਸਾਹਿਬ) ਦਾ ਪਹਿਲਾ ਪ੍ਰਕਾਸ਼6 (ਅੰਮ੍ਰਿਤ ਸਰੋਵਰ ਦੇ ਮੱਧ ਵਿਚ) ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਕੀਤਾ ਗਿਆ। ਪੰਚਮ ਪਾਤਸ਼ਾਹ, ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਮੁਖਾਰਬਿੰਦ ਤੋਂ ਸਤਿਕਾਰਯੋਗ ਬਾਬਾ ਬੁੱਢਾ ਜੀ ਨੂੰ ਸ੍ਰੀ ਆਦਿ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਅਤੇ ਪਵਿੱਤਰ ਹੁਕਮ ਲੈਣ ਦੀ ਆਗਿਆ ਕੀਤੀ। ਸਤਿਗੁਰੂ ਜੀ ਆਪ ਕੋਲ ਸੁਸ਼ੋਭਤ ਸਨ। ਭਾਈ ਸੰਤੋਖ ਸਿੰਘ ਜੀ ਲਿਖਦੇ ਹਨ-

ਮੰਜੀ ਸਹਿਤ ਗ੍ਰੰਥ ਤਹਿ ਥਾਪ।
ਬੈਠੇ ਨਿਕਟ ਗੁਰੂ ਤਬ ਆਪ।
ਵਾਰ ਭੋਗ ਕੋ ਸੁਨੇ ਮਨ ਲਾਈ।
ਸ੍ਰੀ ਅਰਜਨ ਪੁਨ ਗਿਰਾ ਅਲਾਈ।
ਬੁੱਢਾ ਸਾਹਿਬ ਖੋਲਹੁ ਗ੍ਰੰਥ।
ਲੇਹੁ ਅਵਾਜਾ ਸੁਣਹਿ ਸਭ ਪੰਥ।
ਅਦਬ ਸੰਗ ਤਬ ਗ੍ਰੰਥ ਕੋ ਖੋਲਾ।
ਲੇ ਅਵਾਜ ਬੁੱਢਾ ਮੁੱਖ ਬੋਲਾ।
ਸੂਹੀ ਰਾਗ ਛੰਤੇ ਸੁ ਆਯੋ।
ਭਾਈ ਬੁੱਢੇ ਪਾਠ ਸੁਣਾਯੋ।
ਸੁਨ ਸਭ ਹੀ ਤਬ ਸੀਸ ਨਿਵਾਯੋ।
ਮਹਾ ਅਨੰਦ ਸਭਨ ਮਹਿ ਛਾਯੋ।7

ਇਸ ਪਾਵਨ ਮੌਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪ੍ਰਕਾਸ਼ ਕੀਤੀ ਪਵਿੱਤਰ ਬੀੜ ਨੂੰ ‘ਪੋਥੀ ਪਰਮੇਸਰ ਕਾ ਥਾਨੁ’ ਆਖ ਕੇ ਸਨਮਾਨਿਆ ਅਤੇ ਬਾਬਾ ਬੁੱਢਾ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਪਹਿਲਾ ਗ੍ਰੰਥੀ ਥਾਪਿਆ। ਫਿਰ ਆਪ ਜੀ ਨੇ ਅੰਮ੍ਰਿਤ ਵੇਲੇ ਤੇ ਸ਼ਾਮ ਸਮੇਂ ਸੇਵਾ ਦੀ ਰੋਜ਼ਾਨਾ ਮਰਯਾਦਾ ਸੰਬੰਧੀ ਇਉਂ ਹੁਕਮ ਦਿੱਤਾ:

ਵਾਰ ਭੋਗ ਤੇ ਖੋਲ ਪਢੀਜੇ।
ਇਸੀ ਪ੍ਰਕਾਰ ਨਿੱਤ ਕੀਜਹਿ।…
ਪਢਹਿ ਸੋਹਿਲਾ ਕੀਰਤ ਬਹੁਰੋ ਲੈ ਜਾਵਹੁ ਅਸਵਾਰਾ।
ਜਿਸੀ ਕੋਠਰੀ ਰਹਿਨ ਹਮਾਰਾ।8

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ਼ਬਦ-ਗੁਰੂ ਦੇ ਸਤਿਕਾਰ ਵਜੋਂ ਸ੍ਰੀ ਆਦਿ ਗ੍ਰੰਥ ਸਾਹਿਬ ਦਾ ਉੱਚੇ ਸਥਾਨ ’ਤੇ ਪ੍ਰਕਾਸ਼ ਕੀਤਾ ਤੇ ਆਪ ਜੀ ਸੁਖਆਸਣ ਵਾਲੀ ਕੋਠੜੀ ਵਿਚ ਨੀਵੇਂ ਸਥਾਨ ’ਤੇ ਭੁੰਞੇ ਹੀ ਬਿਰਾਜਦੇ ਰਹੇ। ਥਾਂ-ਥਾਂ ਇਹ ਖ਼ਬਰ ਫੈਲ ਗਈ ਕਿ ਸਾਰੀ ਬਾਣੀ ਦੀ ਬੀੜ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤਿਆਰ ਕਰਵਾ ਕੇ ਉਸ ਦਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਚ ਕੀਤਾ ਹੈ ਇਸ ਲਈ ਦੂਰੋਂ-ਦੂਰੋਂ ਸਿੱਖ-ਸੰਗਤਾਂ ਦਰਸ਼ਨਾਂ ਨੂੰ ਆਉਣ ਲੱਗ ਪਈਆਂ।

ਭਾਈ ਕਾਨ੍ਹ ਸਿੰਘ ਨਾਭਾ ਦੀ ਖੋਜ ਦੱਸਦੀ ਹੈ ਕਿ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਤਿੰਨ ਬੀੜਾਂ (ਜਿਲਦਾਂ) ਦੇਖੀਆਂ ਜਾਂਦੀਆਂ ਹਨ। ਪਹਿਲੀ ਬੀੜ ਭਾਈ ਗੁਰਦਾਸ ਜੀ ਦੀ ਲਿਖੀ ਹੈ ਜਿਸ ਵਿਚ 30 ਰਾਗ ਹਨ ਤੇ ਸਾਰੇ ਪੱਤਰੇ 975 ਹਨ, ਸ੍ਰੀ ਗੁਰੂ ਅਰਜਨ ਸਾਹਿਬ ਦੀ ਕਲਮ ਤੋਂ ਜਪੁ ਦੇ ਆਦਿ ਦਾ ਮੂਲ ਮੰਤ੍ਰ ਹੈ ਅਤੇ ਪੰਨਾ 541 ਪੁਰ ਗੁਰੂ ਹਰਿਗੋਬਿੰਦ ਸਾਹਿਬ ਦੇ ਦਸਤਖ਼ਤ ਹਨ। ਦੂਜੀ ਬੀੜ ਭਾਈ ਬੰਨੋ ਜੀ ਦੀ ਹੈ, ਜੋ ਮਾਂਗਟ ਨਿਵਾਸੀ ਸਿੱਖ ਭਾਈ ਬੰਨੋ ਨੇ ਲਾਹੌਰ ਜਾਂਦਿਆਂ ਤੇ ਆਉਂਦਿਆਂ ਉਤਾਰਾ ਕਰ ਕੇ ਲਿਖੀ ਕਹੀ ਜਾਂਦੀ ਹੈ। ਇਸ ਵਿਚ ਕੁਝ ਵਾਧੂ ਸ਼ਬਦ ਦਰਜ ਹਨ ਤੇ ਇਸ ਦੇ 467 ਪੱਤਰੇ ਹਨ, ਇਹ ਬੀੜ ਮਾਂਗਟ ਵਿੱਚ ਭਾਈ ਬੰਨੋ ਜੀ ਦੀ ਔਲਾਦ ਪਾਸ ਹੈ। ਤੀਜੀ ਬੀੜ ਦਮਦਮਾ ਸਾਹਿਬ ਵਾਲੀ ਬੀੜ ਹੈ ਜਿਹੜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਵਿਖੇ ਕੰਠ ਤੋਂ ਬਾਣੀ ਉਚਾਰਨ ਕਰ ਕੇ ਸੰਮਤ 1762-63 ਬਿਕ੍ਰਮੀ ਵਿਚ ਭਾਈ ਮਨੀ ਸਿੰਘ ਜੀ ਤੋਂ ਲਿਖਵਾਈ ਤੇ ਉਸ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵੀ ਦਰਜ ਕਰਵਾਈ। ਇਸ ਵਿਚ ਜੈਜਾਵੰਤੀ ਸਮੇਤ 31 ਰਾਗ ਹਨ।’9 ਪਰ ਬਾਬਾ ਦੀਪ ਸਿੰਘ ਜੀ ਨੇ ਇਸ ਦੇ ਚਾਰ ਉਤਾਰੇ ਕਰ ਲਏ ਸਨ, ਜੋ ਉਸ ਵਕਤ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਮੌਜੂਦ ਸਨ, ਇਸ ਲਈ ਇਹੋ ਬੀੜ ਸਾਹਿਬ ਪ੍ਰਚਲਿਤ ਹੋਈ। ਲਿਪੀ ਤੇ ਟਾਈਪ ਵਿਚ ਵੀ ਦਮਦਮੀ ਬੀੜਾਂ ਦਾ ਉਤਾਰਾ ਪ੍ਰਕਾਸ਼ਿਤ ਕੀਤਾ ਗਿਆ। ਇਸ ਵਕਤ ਛਾਪੇ ਦੀਆਂ ਜੋ ਬੀੜਾਂ ਹਨ, ਉਹ ਦਮਦਮੀ ਬੀੜ ਦਾ ਉਤਾਰਾ ਹੀ ਹਨ।10

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਗੱਦੀ ਜਾਂ ਗੁਰਤਾਗੱਦੀ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ 1708 ਈ. ਨੂੰ (ਇਲਾਹੀ ਬਾਣੀ ਦੇ ਸੰਗ੍ਰਹਿ) ਗ੍ਰੰਥ ਸਾਹਿਬ ਜੀ ਦੇ ਹਜ਼ੂਰ ਮੱਥਾ ਟੇਕਦੇ ਹੋਏ ਇਸ ਨੂੰ ਜੁਗੋ-ਜੁਗ ਅਟੱਲ ਗੁਰਤਾਗੱਦੀ ਬਖਸ਼ ਕੇ ਸਾਖਸ਼ਾਤ-ਸਰੂਪ ਗੁਰੂ ਮੰਨਣ ਦਾ ਹੁਕਮ ਦਿੱਤਾ। ਇਤਿਹਾਸਕਾਰਾਂ ਅਨੁਸਾਰ ਇਸੇ ‘ਗ੍ਰੰਥ ਸਾਹਿਬ ਜੀ’ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ, ਸੰਮਤ 1765 ਬਿਕ੍ਰਮੀ, (ਸੰਨ 1708 ਈ.) ਸੰਮਤ ਨਾਨਕਸ਼ਾਹੀ 6 ਕੱਤਕ 240 ਨੂੰ ਨਾਂਦੇੜ ਵਿਖੇ ਗੁਰੂ ਥਾਪਿਆ ਤੇ ਖਾਲਸੇ ਨੂੰ ਬਚਨ ਕੀਤਾ ਕਿ ਅੱਜ ਤੋਂ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਨੂੰ ਸਾਖਸ਼ਾਤ ਗੁਰੂ ਮੰਨਣਾ। ਇਸ ਤਰ੍ਹਾਂ ਦਸਮੇਸ਼ ਪਿਤਾ ਨੇ ਸਰੀਰਕ ਰੂਪ ਵਿਚ ਗੁਰਗੱਦੀ ਦੀ ਪਰੰਪਰਾ ਨੂੰ ਸਮਾਪਤ ਕਰ ਦਿੱਤਾ ਅਤੇ ਸ਼ਬਦ-ਗੁਰੂ ਦੇ ਸਿਧਾਂਤ ਨੂੰ ਅਮਲੀ ਜਾਮਾ ਪਹਿਨਾ ਦਿੱਤਾ। ਗੁਰਸਿੱਖਾਂ ਨੇ ਗੁਰੂ ਜੀ ਦੇ ਬਚਨਾਂ ਦਾ ਭਾਵ ਹੇਠ ਲਿਖੇ ਸ਼ਬਦਾਂ ਵਿਚ ਪ੍ਰਗਟਾਇਆ ਹੈ:

ਆਗਿਆ ਭਈ ਅਕਾਲ ਕੀ ਤਬੈ ਚਲਾਯੋ ਪੰਥ।
ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨੀਓ ਗ੍ਰੰਥ।
ਗੁਰੂ ਗ੍ਰੰਥ ਜੀ ਮਾਨੀਓ ਪ੍ਰਗਟ ਗੁਰਾਂ ਕੀ ਦੇਹ।
ਜੋ ਪ੍ਰਭ ਕੋ ਮਿਲਬੋ ਚਹੇ ਖੋਜ ਸਬਦ ਮੈਂ ਲੇਹ।11

ਭਾਈ ਨੰਦ ਲਾਲ ਜੀ ਜੋ ਉਸ ਸਮੇਂ ਨਾਂਦੇੜ ਵਿਚ ਹਾਜ਼ਰ ਸਨ, ਗੁਰੂ ਜੀ ਦੀ ਜ਼ਬਾਨੀ ‘ਗ੍ਰੰਥ ਸਾਹਿਬ ਜੀ’ ਦੀ ਗੁਰੂ ਸਥਾਪਨਾ ਦਾ ਨਿਰਣਾ ਇਉਂ ਬਿਆਨ ਕਰਦੇ ਹਨ:

ਜੋ ਸਿੱਖ ਗੁਰੂ ਦਰਸਨ ਕੀ ਚਾਹਿ, ਦਰਸਨ ਕਰੇ ਗ੍ਰੰਥ ਜੀ ਆਹਿ।
ਸ਼ਬਦ ਸੁਣੇ ਗੁਰ ਹਿਤ ਚਿਤ ਲਾਇ,ਗਿਆਨ ਸ਼ਬਦ ਗੁਰ ਸੁਣੇ ਸੁਣਾਇ।
ਜੋ ਮੁਝ ਬਚਨ ਸੁਣਨ ਕੀ ਚਾਇ, ਗ੍ਰੰਥ ਜੀ ਪੜ੍ਹੇ, ਸੁਣੇ ਚਿੱਤ ਲਾਇ।
ਮੇਰਾ ਰੂਪ ਗ੍ਰੰਥ ਜੀ ਜਾਣ, ਇਸ ਮੇਂ ਭੇਦ ਨਹੀਂ ਕਛੁ ਮਾਨ।12

ਸ਼ਬਦ-ਗੁਰੂ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ) ਨੂੰ ਗੁਰਤਾਗੱਦੀ ’ਤੇ ਸਥਾਪਤ ਕਰਨ ਦਾ ਸੰਕੇਤ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਹੀ ਮਿਲ ਗਿਆ ਸੀ ਜਦੋਂ ਸਿੱਧਾਂ ਦੇ ਪ੍ਰਸ਼ਨ ਦੇ ਉੱਤਰ ਵਿਚ ਆਪ ਜੀ ਨੇ ਫੁਰਮਾਇਆ ਸੀ:

ਸਬਦੁ ਗੁਰੂ ਸੁਰਤਿ ਧੁਨਿ ਚੇਲਾ॥ (ਪੰਨਾ 943)

ਇਸ ਤਰ੍ਹਾਂ ਗੁਰੂ-ਜੋਤਿ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਕ ਸ਼ਬਦ-ਰੂਪ ਅੰਦਰ ਮਨੁੱਖੀ ਸਰੀਰਾਂ ਵਿਚ ਰਮਦੀ ਰਹੀ ਸੀ, ਸ਼ਬਦ ਜਾਂ ਬਾਣੀ ਰੂਪ ਵਿਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਮਾ ਗਈ। ਗੁਰਬਾਣੀ ਦੇ ਗੁਰੂ ਰੂਪ ਹੋਣ ਦੀ ਗਵਾਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੇਠ ਲਿਖੀਆਂ ਤੁਕਾਂ ਵਿੱਚੋਂ ਸਪੱਸ਼ਟ ਮਿਲਦੀ ਹੈ:

ਗੁਰਬਾਣੀ ਇਸ ਜਗ ਮਹਿ ਚਾਨਣੁ…॥ (ਪੰਨਾ 67)

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥ (ਪੰਨਾ 982)

ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ॥  (ਪੰਨਾ 515)

ਗੁਰਬਾਣੀ ਵਰਤੀ ਜਗ ਅੰਤਰਿ ਇਸੁ ਬਾਣੀ ਤੇ ਹਰਿ ਨਾਮੁ ਪਾਇਦਾ॥(ਪੰਨਾ 1066)

ਵਾਹੁ ਵਾਹੁ ਪੂਰੇ ਗੁਰ ਕੀ ਬਾਣੀ॥ ਪੂਰੇ ਗੁਰ ਤੇ ਉਪਜੀ ਸਾਚਿ ਸਮਾਣੀ॥ (ਪੰਨਾ 754)

ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ॥ (ਪੰਨਾ 304)

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਪਿੰਡ ਤੇ ਡਾਕ: ਸੂਲਰ, ਜ਼ਿਲ੍ਹਾ ਪਟਿਆਲਾ-147001

1 ਸਾਡਾ ਇਤਿਹਾਸ, ਪੰਨਾ 228.
2 .ਸੱਚਖੰਡ ਪੱਤਰ, ਸਤੰਬਰ 2006, ਪੰਨਾ 10.
3 ਆਦਿ ਬੀੜ ਬਾਰੇ, ਪੰਨੇ 9-81.
4 ਗੁਰਬਾਣੀ ਤੇ ਇਤਿਹਾਸ ਬਾਰੇ ਕੁਝ ਹੋਰ ਲੇਖ (ਪਹਿਲੇ ਤਿੰਨ ਲੇਖ).
5 “All sources agree that Holy Scripture of Sikhism was compiled by the 5th Guru Shri Guru Arjan Dev ji, during the years A.D. 1603- 04 and the first copy was caligraphed by Bhai Gurdas at his dictation. Foreword to the English translation of the Guru Granth Sahib by S. Gopal Singh.
6 “ਪ੍ਰਕਾਸ਼ ਦਾ ਅਰਥ ਹੈ ‘ਪ੍ਰਗਟ ਹੋਣ ਦੀ ਕ੍ਰਿਯਾ’, ‘ਗਯਾਨ’,‘ਚਮਕ’, ‘ਤੇਜ਼’,‘ਜਯੋਤਿ’,ਆਦਿ।” ਮਹਾਨ ਕੋਸ਼, ਪੰਨਾ 796. ਇਹ ਵੀ ਸੱਚ ਹੈ ਕਿ “‘ਪ੍ਰਕਾਸ਼’ ਦਾ ਅਰਥ ਜਨਮ ਨਹੀਂ, ਧਰਮ ਗਿਆਨ ਦਾ ਪ੍ਰਗਟਾ ਹੈ।…ਜਦੋਂ ‘ਬਾਣੀ-ਗੁਰੂ’ ਦੇ ਸਰੂਪ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਘਰ ਜਾਂ ਗੁਰਦਆਰੇ ਵਿਚ ਪ੍ਰਕਾਸ਼ ਕੀਤਾ ਜਾਂਦਾ ਹੈ ਤਾਂ ਉਸ ਦਾ ਭਾਵ ਵੀ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ‘ਗਿਆਨ ਪ੍ਰਕਾਸ਼’ ਸ਼ਾਖਿਆਤ ਕਰ ਦਿੱਤਾ ਗਿਆ ਹੈ ਤੇ ਸ਼ਰਧਾਲੂ ਜਾਂ ਸੰਗਤ ਪਾਠ ਦਰਸ਼ਨ ਤੇ ਦੀਦਾਰੇ ਕਰ ਕੇ, ਆਪਣੇ ਆਤਮ ਬੋਧ ਨੂੰ ਜਗਾ ਕੇ ਪਰਮਗਤੀ ਨੂੰ ਪ੍ਰਾਪਤ ਕਰ ਲਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਾ ਵੱਡਾ ਆਦਰਸ਼ ਪਰਮਗਤੀ ਨੂੰ ਪ੍ਰਾਪਤ ਕਰਨਾ ਹੀ ਹੈ।” ਵੇਖੋ- ਪ੍ਰੋ. ਜੋਗਿੰਦਰ ਸਿੰਘ, “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼”, ਸੱਚਖੰਡ ਪੱਤਰ, ਸਤੰਬਰ, 1988, ਪੰਨਾ 9.
7 .ਕਈ ਹੋਰ ਵਿਦਵਾਨਾਂ ਤੇ ਖੋਜੀ ਸੱਜਣਾਂ ਨੇ ਸੋਰਠਿ ਰਾਗ ਦਾ ਸ਼ਬਦ ‘ਵਿਚਿ ਕਰਤਾ ਪੁਰਖੁ ਖਲੋਆ॥ ਵਾਲੁ ਨ ਵਿੰਗਾ ਹੋਆ॥ (ਪੰਨਾ 623) ਉਚਾਰਨ ਕੀਤਾ ਲਿਖਿਆ ਹੈ।
8 ਗੁਰ ਪ੍ਰਤਾਪ ਸੂਰਜ, ਰਾਸ 3, ਅੰਸੁ 50.
9 ਮਹਾਨ ਕੋਸ਼, ਪੰਨਾ 436.
10 ਸ. ਦਲਬੀਰ ਸਿੰਘ, ਗੁਰਬਾਣੀ ਬੀੜ ਰੂਪ ਵਿਚ ਕਿਵੇਂ ਆਈ? ਗੁਰਮਤਿ ਪ੍ਰਕਾਸ਼.
11 ਗਿਆਨੀ ਗਿਆਨ ਸਿੰਘ, ਪੰਥ ਪ੍ਰਕਾਸ਼, ਪੰਨਾ 353.
12 ਭਾਈ ਕੋਇਰ ਸਿੰਘ, ਗੁਰਬਿਲਾਸ ਪਾਤਸ਼ਾਹੀ ਦਸਵੀਂ, ਪੰਨਾ 284.
ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)