editor@sikharchives.org
Sri Guru Granth Sahib Ji Da Gurtagaddi Biraajna

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰੂਤਾਗੱਦੀ ਬਿਰਾਜਣਾ-ਕੁਝ ਤੱਥ ਕੁਝ ਵਿਚਾਰ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾਗੱਦੀ ਦਾ ਮਿਲਣਾ ਇਕ ਇਤਿਹਾਸਕ ਮਹੱਤਵ ਵਾਲਾ ਵਰਤਾਰਾ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਨਸ ਇਤਿਹਾਸ ਦੇ ਗਹਿਨ ਗਿਆਤਾ ਸਨ। ਆਪ ਜੀ ਆਪਣੇ ਸਮਿਆਂ ਦੇ ਧੁਰੰਤਰ ਜਾਣਕਾਰ ਅਤੇ ਇਸ ਦੇ ਨਾਲ ਹੀ ਦੂਰ ਅੰਦੇਸ਼ ਭਵਿੱਖ ਦਰਸ਼ਟਾ ਵੀ ਸਨ। ਜਿਹੋ ਜਿਹਾ ਮਾਨਸ ਉਸ ਵੇਲੇ ਤਕ ਸਾਰੇ ਸਮਾਜਿਕ ਦਾਇਰਿਆਂ ਵਿਚ ਵਿਚਰ ਰਿਹਾ ਸੀ, ਉਸ ਦੀ ਉਨ੍ਹਾਂ ਵੇਲਿਆਂ ਦੀ ਮਾਨਸਕ, ਸਮਾਜਕ, ਧਾਰਮਿਕ ਤੇ ਆਰਥਕ ਸਥਿਤੀ ਸੰਤੁਸ਼ਟ ਕਰਨ ਵਾਲੀ ਨਾ ਹੋਣ ਕਰਕੇ ਉਹ ਅਨੇਕ ਪ੍ਰਕਾਰ ਦੀਆਂ ਗ਼ੁਲਾਮੀਆਂ ਵਿਚ ਗ੍ਰੱਸਿਆ ਪਿਆ ਸੀ। ਕਿਸੇ ਵੀ ਮਾਨਵਵਾਦੀ ਰਾਹਨੁਮਾਹ ਲਈ ਇਹ ਹਾਲਾਤ ਸਹਿਣ ਕਰਨੇ ਯੋਗ ਹੋ ਹੀ ਨਹੀਂ ਸਕਦੇ। ਇਸੇ ਪ੍ਰਥਾਏ ਗਹਿਰ-ਗੰਭੀਰ ਵਿਚਾਰ ਕਰਦਿਆਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਹਾਲਾਤ ਨੂੰ ਇਨਕਲਾਬਤ ਕਰਨ-ਬਦਲਣ ਲਈ ਕੁਝ ਉਪਰਾਲੇ ਕੀਤੇ ਤਾਂ ਕਿ ਨਵ-ਨਿਰਮਾਣ ਦੀ ਇਕ ਨਿਰਮਲ, ਨਿੱਗਰ ਤੇ ਸੰਘਰਸ਼ੀ ਲਹਿਰ ਚਲਾਈ ਜਾ ਸਕੇ। ਅੰਮ੍ਰਿਤ ਦੀ ਸਿਰਜਣਾ ਤੇ ਖਾਲਸੇ ਦੀ ਸਾਜਨਾ ਇਸੇ ਨਵ-ਨਿਰਮਾਣ ਦੇ ਸਦਭਾਵੀ ਸੰਕਲਪ ਦੇ ਅਧੀਨ ਹੀ ਪ੍ਰਕਾਸ਼ ਪਾਉਂਦੇ ਹਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾਗੱਦੀ ਦੀ ਸੌਂਪਣਾ ਵੀ ਇਸੇ ਸਮਾਜ-ਸੁਆਰੂ, ਮਾਨਸ-ਉਸਾਰੂ ਤੇ ਸ਼ਬਦ-ਪਿਆਰੂ ਲੀਹ ਦੀ ਅਗਲੀ ਉਸਰੱਈਆ ਕਾਰਜ-ਵਿਧੀ ਹੀ ਸਮਝੀ ਜਾਣੀ ਚਾਹੀਦੀ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾਗੱਦੀ ਦਾ ਮਿਲਣਾ ਇਕ ਇਤਿਹਾਸਕ ਮਹੱਤਵ ਵਾਲਾ ਵਰਤਾਰਾ ਹੈ। ਭਾਵੇਂ ਇਹ ਜ਼ਰੂਰ ਵੇਖਣ ਵਿਚ ਆਇਆ ਕਿ ਸਭ ਧਰਮਾਂ ਵਾਲਿਆਂ ਨੇ ਆਪਣੇ-ਆਪਣੇ ਮਹਾਂਪੁਰਖਾਂ, ਪੂਜਨੀਕਾਂ ਦੇ ਬਹੁਮੁੱਲੇ ਬਚਨਾਂ ਨੂੰ ਸੰਗ੍ਰਹਿ ਕਰ ਕੇ ਚੰਗਾ ਮਾਣ-ਸਨਮਾਨ ਪ੍ਰਦਾਨ ਕੀਤਾ ਪਰ ਅਸਲ ਮਾਨਤਾ, ਮਹਾਨਤਾ ਉਥੇ ਉਨ੍ਹਾਂ ਗੁਰੂਆਂ, ਪੀਰਾਂ ਤੇ ਅਵਤਾਰਾਂ ਨੂੰ ਹੀ ਪ੍ਰਾਪਤ ਰਹੀ। ਦੂਸਰੇ ਸ਼ਬਦਾਂ ਵਿਚ ਆਖਿਆ ਜਾ ਸਕਦਾ ਹੈ ਕਿ ਜਿਨ੍ਹਾਂ ਵੀ ਸਿਆਣਿਆਂ ਮਾਨਸਾਂ, ਸੁਘੜ ਸੁਜਾਨ ਪੁਰਖਾਂ ਨੇ ਸਮੇਂ-ਸਮੇਂ ਲੋਕ-ਜਗਤ ਵਿਚ ਸੱਚ ਤੇ ਚੰਗਿਆਈ ਦੇ ਪਾਸਾਰ ਲਈ ਯਤਨ ਕੀਤੇ ਅਤੇ ਲੋਕ-ਜੀਵਨ ਵਿਚ ਗਹਿਰੀਆਂ ਧੱਸੀਆਂ ਵਿਆਧੀਆਂ ਨੂੰ ਸੋਧਣ ਲਈ ਚਾਰਾਜੋਈਆਂ ਕੀਤੀਆਂ ਉਨ੍ਹਾਂ ਨੂੰ ਲੋਕ-ਜਗਤ ਨੇ ਆਪਣੀ ਤੇ ਆਪਣੇ ਸਮਿਆਂ ਦੀ ਬੁੱਧੀ ਅਨੁਸਾਰ ਉੱਚ-ਪਦ ਦੀ ਬਖਸ਼ਣਾ ਕਰ ਦਿੱਤੀ। ਇਤਿਹਾਸ ਦੇ ਅਧਿਐਨ ਦੱਸਦੇ ਹਨ ਕਿ ਇਨ੍ਹਾਂ ਵਿਸ਼ੇਸ਼ ਪੁਰਖਾਂ-ਮਹਾਂਮਾਨਸਾਂ ਦੇ ਵਿਚਾਰ-ਜੋੜਾਂ ਨਾਲ ਹੀ ਕੁਝ ਧਰਮ-ਸ਼ਾਸਤਰ ਹੋਂਦ ਵਿਚ ਆਏ। ਇਸ ਪ੍ਰਕਾਰ ਦੇ ਧਰਮ-ਸ਼ਾਸਤਰਾਂ ਦੀ ਪਹੁੰਚ- ਪਾਸਾਰ ਵਿਚ ਵੀ ਅੰਤਰ ਪਾਇਆ ਗਿਆ ਕਿਉਂਕਿ ਇਨ੍ਹਾਂ ਨੇ ਆਪਣੇ ਖੇਤਰ ਵਿਸ਼ੇਸ਼ ਤੇ ਉਸ ਦੇ ਬਾਸ਼ਿੰਦਿਆਂ ਨੂੰ ਹੀ ਸੰਬੋਧਨ ਹੁੰਦਿਆਂ ਇਨ੍ਹਾਂ ਦਾ ਸੰਗ੍ਰਹਿ-ਸਾਰ ਬਣਾਇਆ। ਇਸੇ ਆਚਰਨ ਕਰਕੇ ਇਨ੍ਹਾਂ ਦਾ ਅਸਰ ਕੁੱਲ ਆਲਮੀ ਮਾਨਵਤਾ ਵਾਲਾ ਸਰਬ ਸਥਾਨੀ ਹੋਣ ਨੂੰ ਪ੍ਰਾਪਤ ਨਾ ਹੋ ਸਕਿਆ ਜਾਂ ਫਿਰ ਸਮਿਆਂ ਦੀ ਸੋਚ ਦੇ ਬਹੁਮੁਖੀ ਵਿਕਾਸ ਕਰਨ ਨਾਲ ਸਰਬ ਪ੍ਰਭਾਵਤ ਕਰਨ ਵਾਲੇ ਵਿਗਿਆਨ ਦੇ ਵਿਕਾਸ ਨਾਲ ਇਨ੍ਹਾਂ ਦਾ ਤਾਲ-ਮੇਲ ਨਾ ਬੈਠ ਸਕਿਆ। ਇਸ ਕਰਕੇ ਇਨ੍ਹਾਂ ਦੇ ਪਾਸਾਰ ਵਿਚ ਕੁਝ ਪ੍ਰਕਾਰੀ ਲਹਿੰਦਾ ਪੱਖ ਜ਼ਰੂਰ ਸਾਹਮਣੇ ਆਇਆ ਅਤੇ ਇਉਂ ਅੱਗੇ ਵਾਧੇ ਵਿਚ ਕੁਝ ਸੀਮਾਵਾਂ ਲੱਗ ਗਈਆਂ। ਪਰ ਸਰਬ-ਸਾਂਝ ਦੇ ਇਲਾਹੀ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰਬਪੱਖੀ ਪ੍ਰਵਚਨ ਸਰਬ ਸਥਾਨਾਂ, ਸਰਬ ਪ੍ਰਾਂਤਾਂ, ਮਹਾਂਦੀਪਾਂ, ਉਪ-ਮਹਾਂਦੀਪਾਂ ਤੇ ਸਰਬ ਜਾਤਾਂ-ਬਿਰਾਦਰੀਆਂ ਦਾ ਹੁੰਦਾ ਹੋਇਆ ਸਰਬ-ਸਾਂਝ ਦੇ ਸਮੁੱਚੇ ਮਾਨਵ-ਕਲਿਆਣੀ, ਉੱਚੇ-ਸੁੱਚੇ ਆਸ਼ੇ ਨੂੰ ਲੈ ਕੇ ਅੱਗੇ ਆਉਣ ਕਰਕੇ ਆਪਣੀ ਵੱਖਰੀ ਪਹੁੰਚ ਹੋਣ ਕਰਕੇ ਵਿਚਾਰ-ਪਾਸਾਰ ਵਿਚ ਹੋਰ ਹੋਰ ਉਦੈ ਹੋਇਆ।

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਵੇਲਿਆਂ ਤੇ ਉਨ੍ਹਾਂ ਤੋਂ ਪੂਰਬਲੇ ਵਰਤਾਰਿਆਂ ਨੂੰ ਗਹਿਨ-ਗੰਭੀਰ ਅਧਿਐਨ ਵਿਚ ਲਿਆ ਕੇ ਸ਼ਬਦ-ਗੁਰਦੇਵ ਦੀ ਸਥਾਪਨਾ ਦੇ ਸੰਕਲਪ ਨੂੰ ਸਾਕਾਰ ਕੀਤਾ ਕਿਉਂਕਿ ਦੇਹਧਾਰੀ ਗੁਰੂ ਆਪਣੀਆਂ ਅਨੇਕ ਸਰੀਰਕ ਤੇ ਮਾਨਸਕ ਸੀਮਾਵਾਂ ਕਰਕੇ ਅਤੇ ਆਪਣੀਆਂ ਸਮਾਜਕ-ਆਰਥਕ ਲਾਲਸਾਵਾਂ ਦੀਆਂ ਹੱਦਾਂ ਕਰਕੇ ਕਿਸੇ ਵੇਲੇ ਵਿਕਾਰ ਵੀ ਪਾ ਸਕਦਾ ਹੋਣ ਕਰਕੇ ਉਸ ਨੂੰ ਇਸ ਪਰਮ-ਪਦ ਤੋਂ ਦੂਰ ਕਰ ਦੇਣ ਦੇ ਵੱਖਰੀ ਕਿਸਮ ਦੇ ਰਾਹ ਨੂੰ ਅਪਣਾਇਆ। ਸੱਚੀ ਗੁਰਿਆਈ ਦਾ ਸਿਲਸਿਲਾ ਤਾਂ ਸਦੀਆਂ ਤਕ ਚੱਲਣ ਵਾਲਾ ਹੋਇਆ ਕਰਦਾ ਹੈ। ਮੰਨ ਲਿਆ ਕਿ ਅੱਜ ਦਾ ਗੱਦੀਨਸ਼ੀਨ ਆਪਣੀਆਂ ਰੂਹਾਨੀ ਸਮਾਜੀ ਸਚਿਆਈਆਂ ਤੇ ਸਿਧਾਂਤ ਵਿਚ ਪਰਪੱਕ ਹੈ ਪਰ ਕੀ ਪਤਾ ਉਸ ਦਾ ਅਗਲਾ ਪਦ-ਧਾਰਕ ਕਿਸ ਪ੍ਰਕਾਰ ਦਾ ਹੋਵੇ! ਇਉਂ ਗੁਰੂ-ਪਦ ਨੂੰ ਸਦੈਵ ਸਾਬਤ-ਸਰੂਪ ਕਾਇਮ ਰੱਖਣ ਵਾਸਤੇ ਦਸਮ ਗੁਰਦੇਵ ਜੀਉ ਨੇ ਇਹ ਵਡੇਰਾ ਫ਼ੈਸਲਾ ਲਿਆ। ਆਪ ਜੀ ਇਸ ਪਰਮ-ਪਦ ਨੂੰ ਸਦਾ-ਸਦਾ ਲਈ ਹਰ ਪ੍ਰਕਾਰ ਦੇ ਵਿਕਾਰਾਂ ਤੋਂ ਸੁੱਚਾ ਤੇ ਪਵਿੱਤਰ ਕਰ ਦੇਣਾ ਚਾਹੁੰਦੇ ਸਨ ਜਿਸ ਕਰਕੇ ਉਨ੍ਹਾਂ ਆਪ ਵੀ ਪਰਿਪੂਰਣ ਸਾਧਕ ਬਿਰਤੀ ਅਨੁਸਾਰ ਇਸ ਨਿਰਾਲੇ ਰਸਤੇ ਦੀ ਤੋਰ ਤੋਰੀ ਕਿਉਂਕਿ ਸਰਬ-ਉੱਚ ਸਥਾਪਤ ਸ਼ਬਦ ਨੇ ਆਪਣੇ ਅਸੂਲ ਲਈ ਸੁੱਚੇ ਸਰੂਰ ਵਿਚ ਸਦਾ-ਸਦਾ ਨਿਰਮਲ ਰਹਿਣਾ ਹੁੰਦਾ ਹੈ, ਕਿਉਂਕਿ ਹੱਕ-ਸੱਚ ਸੰਸਥਾਪਕ ਦੇ ਅਰਥ ਹਮੇਸ਼ਾਂ ਹੱਕ-ਸੱਚ ਹੀ ਰਹਿੰਦੇ ਹਨ। ਜਿਸ ਤਰ੍ਹਾਂ ਪੰਜਾਬੀ ਵਿਰਾਸਤ ਲੋਕਉਕਤੀਮਈ ਹੁੰਦੀ ਹੋਈ ਮੁਹਾਵਰਾ ਰੂਪ ਦੱਸਦੀ ਹੈ ਕਿ ਸੌ ਸਿਆਣਿਆਂ ਦੀ ਮੱਤ ਸਦਾ ਇੱਕੋ ਹੋਇਆ ਕਰਦੀ ਹੈ। ਉਸ ਨੂੰ ਵਾਰ, ਵਰ੍ਹੇ, ਸਦੀਆਂ ਵਿਖਿਆਤ ਤਾਂ ਕਰ ਸਕਦੇ ਹਨ ਪਰ ਬਦਲ ਨਹੀਂ ਸਕਦੇ। ਇਉਂ ਸੱਚੇ, ਸਦੀਵੀ ਸ਼ਬਦ ਵਿਚ ਸਮਾਏ ਵਡੇਰੇ ਅਰਥਾਂ ਨੂੰ ਵੀ ਬਦਲਿਆ ਨਹੀਂ ਜਾ ਸਕਦਾ ਸਗੋਂ ਉਸ ਦੀ ਸੰਗਤ ਕਰ ਕੇ ਉਸ ਤੋਂ ਰੂਹਾਨੀ, ਜਿਸਮਾਨੀ ਤੇ ਜਹਾਨੀ, ਸਾਰੀਆਂ ਮੱਤਾਂ ਲਈਆਂ ਜਾ ਸਕਦੀਆਂ ਹਨ। ਜੋ ਵੀ ਸ਼ਬਦ ਦੀ ਰੂਹ ਹੈ, ਉਹ ਸਦਾ-ਸਦਾ ਵਿਦਮਾਨ ਰਹਿੰਦੀ ਹੈ ਜਦੋਂ ਵੀ ਚਾਹੋ ਉਸ ਤੋਂ ਪ੍ਰੇਰਨਾਵਾਂ ਲੈ ਲਵੋ, ਜਦ ਵੀ ਮਨ ਹੋਵੇ ਉਸ ਤੋਂ ਆਪਣੇ ਜੀਵਨ ਦੇ ਅੰਧੇਰਿਆਂ ਨੂੰ ਰੁਸ਼ਨਾਉਣ ਲਈ ਚਾਨਣ ਪ੍ਰਾਪਤ ਕਰ ਲਵੋ, ਇਹ ਨੂਰ ਤਾਂ ਸਦਾ ਬਰਸਦਾ ਰਹਿੰਦਾ ਹੈ।

ਇਸ ਵਡੇਰੇ ਗੁਰਿਆਈ-ਅਰਪਣ ਪਰਮ-ਪਦ ਨੂੰ ਇਤਿਹਾਸਕ ਪਰਿਪੇਖ ਵਿਚ ਵੀ ਵਿਚਾਰਿਆ ਜਾ ਸਕਦਾ ਹੈ ਜਿਸ ਨਾਲ ਇਸ ਦੇ ਅਰੰਭ ਆਦਿ ਤੋਂ ਉਦੈ ਹੋਏ ਪ੍ਰਕਾਸ਼ ਦੀ ਹੋਰ ਵਿਧੀਵਤ ਜਾਣਕਾਰੀ ਅੰਕਤ ਕਰ ਸਕਦੇ ਹਾਂ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਜਨਾ-ਸੰਪਾਦਨਾ ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਾਵਨ ਅਗਵਾਈ ਵਿਚ ਹੋਂਦ ਵਿਚ ਆਈ ਤੇ ਕਲਮ ਦੁਆਰਾ ਲੇਖਨ ਭਾਈ ਗੁਰਦਾਸ ਜੀ ਦੁਆਰਾ ਸੰਪੰਨ ਹੋਇਆ। ਇਹ ਮਹਾਨ ਕਾਰਜ ਸ੍ਰੀ ਅੰਮ੍ਰਿਤਸਰ ਵਿਖੇ ਸ੍ਰੀ ਰਾਮਸਰ ਸਾਹਿਬ ਦੇ ਸਥਾਨ ’ਤੇ ਪ੍ਰਵਾਨ ਚੜ੍ਹਿਆ। ‘ਮਹਾਨ ਕੋਸ਼’ ਅਨੁਸਾਰ ਇਸ ਦਾ ਪਹਿਲਾ ਪ੍ਰਕਾਸ਼ ਸੰਮਤ 1661 ਵਿਚ ਭਾਦਰੋਂ ਸੁਦੀ 1 ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਇਆ। ਇਸ ਦੇ ਪਹਿਲੇ ਗ੍ਰੰਥੀ ਗੁਰੂ-ਘਰ ਦੇ ਭਜਨੀਕ ਪੂਜਨੀਕ ਬਾਬਾ ਬੁੱਢਾ ਜੀ ਨੂੰ ਥਾਪਿਆ ਗਿਆ।

ਇਸ ਇਤਿਹਾਸਕ ਉਦੈ ਨੂੰ ਗੁਰਿਆਈ ਦੀ ਪਾਵਨ ਪ੍ਰਾਪਤੀ ‘ਮਹਾਨ ਕੋਸ਼’ ਦੇ ਰਚੇਤਾ ਭਾਈ ਕਾਨ੍ਹ ਸਿੰਘ ਜੀ ਨਾਭਾ ਅਨੁਸਾਰ ‘ਗ੍ਰੰਥ ਸਾਹਿਬ’ ਨਾਲ ‘ਗੁਰੂ’ ਸ਼ਬਦ ਸੰਮਤ 1765 ਤੋਂ ਲਾਉਣਾ ਅਰੰਭ ਹੋਇਆ ਜਿਸ ਵੇਲੇ ਅਬਚਲ ਨਗਰ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂਤਾ ਸਿੱਖ ਧਰਮ ਦੇ ਆਧਾਰ ਰੂਪ ਗ੍ਰੰਥ ਨੂੰ ਦਿੱਤੀ।

ਗੁਰਬਾਣੀ ਨੂੰ ਮਾਣ-ਮਹੱਤਤਾ ਦੇਣਾ, ਇਸ ਤੋਂ ਅਗਵਾਈ ਪ੍ਰਾਪਤ ਕਰਨਾ, ਤਪਦਿਆਂ ਹਿਰਦਿਆਂ ਲਈ ਠੰਢਕ ਰੂਪ ਧਰਵਾਸ ਪ੍ਰਾਪਤ ਕਰਨਾ ਗੁਰੂ-ਘਰ ਵਿਚ ਆਦਿ-ਕਾਲ ਤੋਂ ਹੀ ਅਰੰਭ ਹੋ ਗਿਆ ਸੀ। ਜਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਦੇ ਪੜ੍ਹਨ-ਸੁਣਨ ਤੇ ਗਾਇਨ ਦਾ ਮਹਾਤਮ ਪ੍ਰਗਟ ਤੇ ਪ੍ਰਕਾਸ਼ਤ ਕਰਦਿਆਂ ਆਪਣੀ ਬਾਣੀ ਜਪੁ ਜੀ ਸਾਹਿਬ ਵਿਚ ਸਿਖਰੀ ਵਿਚਾਰ ਤੇ ਸੂਤਰ ਰੂਪ ਗਹਿਰ-ਗੰਭੀਰ ਫ਼ਰਮਾਨ ‘ਅਹਿਰਣ ਮਤਿ ਵੇਦ ਹਥਿਆਰ’ ਦਾ ਅੰਕਣ ਸ਼ਬਦੀ ਪ੍ਰਵਾਹਤ ਕਰ ਦਿੱਤਾ ਸੀ।

ਇਹ ਹੀ ਪ੍ਰਵਾਹ ਹੋਰ ਅੱਗੇ ਪ੍ਰਕਾਸ਼ ਪਾਉਂਦਾ ਹੈ ਜਦ ਤੀਸਰੇ ਗੁਰਦੇਵ ਸ੍ਰੀ ਗੁਰੂ ਅਮਰਦਾਸ ਜੀ ਆਪਣੀ ਅਨੰਦ ਦਾਤੀ ਬਾਣੀ ‘ਅਨੰਦ ਸਾਹਿਬ’ ਵਿਚ ਆਪਣੇ ਵਿਸਮਾਦੀ ਅੰਦਾਜ਼ ਵਿਚ ਫ਼ੁਰਮਾਉਂਦੇ ਹਨ:

ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ॥
ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ॥ (ਪੰਨਾ 920)

ਇਸੇ ਪ੍ਰਵਾਹ ਅੱਗੇ ਵਧਦਿਆਂ ਅਸੀਂ ਹੋਰ ਮਹਿਮਾ-ਮੰਡਾਵੀ ਪ੍ਰਾਪਤੀਆਂ ਕਰਦੇ ਹਾਂ ਜਦ ਸਾਡੇ ਕੰਨੀਂ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਉਚਰਤ ਇਹ ਮਿੱਠੜੀ ਬਾਣੀ ਧੁਨੀ ਪੈਂਦੀ ਹੈ:

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥ (ਪੰਨਾ 982)

ਇਸ ਗੁਰਵਾਕ ਦੇ ਅਰਥ-ਵਿਸਥਾਰ ਵਿੱਚੋਂ ਜਾਣਕਾਰੀਆਂ ਦਾ ਪਾਵਨ ਭੰਡਾਰ ਰੋਸ਼ਨ ਹੁੰਦਾ ਵੇਖਿਆ ਜਾ ਸਕਦਾ ਹੈ। ਪਹਿਲੇ ਸਥਾਨ ’ਤੇ ਇਥੇ ਬਾਣੀ ਗੁਰੂ ਦਾ ਦਰਜਾ ਪ੍ਰਾਪਤ ਕਰਦੀ ਹੈ ਜਿਸ ਵਿਚ ਅੰਮ੍ਰਿਤ ਸਮੋਇਆ ਹੋਇਆ ਹੈ। ਅੱਗੇ ਹੋਰ ਫ਼ੁਰਮਾਇਆ ਹੈ ਕਿ ਗੁਰੂ ਦਾ ਸੇਵਕ ਸਿਰਫ਼ ਤੇ ਸਿਰਫ਼ ਉਸੇ ਹੁਕਮ ਨੂੰ ਸਵੀਕਾਰ ਕਰਦਾ ਹੈ ਜਿਸ ਨੂੰ ਪ੍ਰਤੱਖ ਰੂਪ ਗੁਰੂ ਉਪਦੇਸ਼ ਰੂਪ ਦਿੰਦੇ ਹਨ। ਦੂਸਰੇ ਸ਼ਬਦਾਂ ਵਿਚ ਕਹਿਣਾ ਬਣਦਾ ਹੈ ਕਿ ਇਹ ਗੁਰਵਾਕ ਬਾਣੀ ਦੀ ਗੁਰੂਤਾ ਤੇ ਗੁਰੂਤਾ ਤੋਂ ਬਾਣੀ ਦੇ ਪਾਵਨ ਸੰਬੰਧ ਨੂੰ ਹੋਰ ਦ੍ਰਿੜ੍ਹ ਕਰਵਾਉਂਦਾ ਹੈ।

ਪੰਚਮ ਪਾਤਸ਼ਾਹ ਬਾਣੀ ਦੇ ਬੋਹਿਥ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਵਡਿਆਈ ਨੂੰ ਹੋਰ ਵਿਸਥਾਰ ਦਿੰਦਿਆਂ ‘ਪੋਥੀ’ ਜਿਸ ਨੂੰ ਗੁਰ-ਸ਼ਬਦ, ਗੁਰਬਾਣੀ ਰੂਪ ਕਿਰਤਾਂ ਦੇ ਸੰਗ੍ਰਹਿ ਦੇ ਸਰੂਪ ਨੂੰ ਹੋਰ-ਹੋਰ ਮਹਾਨਤਾਵਾਂ ਪ੍ਰਦਾਨ ਕਰਦਿਆਂ ‘ਪੋਥੀ ਪਰਮੇਸਰ ਕਾ ਥਾਨੁ’ ਦਾ ਸਨਮਾਨ ਦੇ ਦਿੱਤਾ। ਉਨ੍ਹਾਂ ਦੇ ਇਸ ਗਿਆਨ ਗੂੰਜੀ ਵਿਚਾਰ ਨਾਲ ‘ਪੋਥੀ’ ਨੂੰ ਹੋਰ ਉੱਚਤਮ ਉੱਚੜੀ ਉਚਾਣ ਪ੍ਰਾਪਤ ਹੋਈ ਅਤੇ ਇਨ੍ਹਾਂ ਵਿਚਾਰਾਂ ਦੀ ਮਾਨਤਾ ਇਉਂ ਅੱਜ ਤਕ ਹੋਰ-ਹੋਰ ਵਿਕਾਸ ਪ੍ਰਾਪਤ ਕਰਦੀ ਆ ਰਹੀ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਦਾ ਵਿਚਾਰ-ਵਰਤਾਰਾ ਸਦੀਆਂ-ਸਦੀਆਂ ਤਕ ਚਲਿਆ ਆ ਰਿਹਾ ਹੈ ਤੇ ਜਿਨ੍ਹਾਂ ਦੀ ਮਹਿਮਾ ਸਮਿਆਂ ਦੇ ਵਹਿਣ ਘਟਾ ਨਹੀਂ ਸਕੇ ਸਗੋਂ ਨਿਸ ਦਿਨ ਵਾਧਾ ਹੀ ਹੁੰਦਾ ਆਇਆ ਹੈ, ਅਪਾਰ-ਉਸਾਰ ਉਸਰਦੇ ਆਏ ਹਨ। ਇਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਚਨਾ-ਸੰਸਾਰ, ਸਰੂਪਾਂ, ਸੈਂਚੀਆਂ ਤੇ ਲਿਖਾਵਟਾਂ ਦੀ ਜਾਣਕਾਰੀ ਵੀ ਪ੍ਰਾਪਤ ਕਰਨ ਦਾ ਚਾਰਾ ਕਰਨਾ ਜ਼ਰੂਰੀ ਬਣਦਾ ਹੈ। ਭਾਈ ਕਾਨ੍ਹ ਸਿੰਘ ਨਾਭਾ ਹੋਰਾਂ ਨੇ ਬੜੇ ਉਸਤਤੀ ਪੂਰਵਕ ਅਧਿਐਨ ਕਰ ਕੇ ‘ਮਹਾਨ ਕੋਸ਼’ ਵਿਚ ਇਸ ਪ੍ਰਥਾਏ ਜਾਣਕਾਰੀ ਪ੍ਰਸਤੁਤ ਕੀਤੀ ਹੈ। ਉਨ੍ਹਾਂ ਦੀ ਸਮਝ ਤੇ ਪੇਸ਼ਕਾਰੀ ਭਾਵੇਂ ਅਤਿਅੰਤ ਆਦਰਵੰਤ ਹੈ ਪਰ ਇਸ ਦਾ ਸੁਭਾਓ ਵਿਸ਼ਲੇਸ਼ਕ ਤੇ ਸਤਿਅਤਾਮੂਲਕ ਹੈ। ਉਨ੍ਹਾਂ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਕਰਕੇ ਅਨੇਕ ਉਤਾਰੇ ਹੋਏ। ਉਹ ਅਧਿਐਨ ਨੂੰ ਸਮਝਣਯੋਗ ਰੱਖਦੇ ਹੋਏ ਇਸ ਦਾ ਵਿਸਥਾਰ ਤਿੰਨ ਵਿਸ਼ੇਸ਼ ਸਰੂਪਾਂ ਦੇ ਹਵਾਲੇ ਨਾਲ ਕਰਦੇ ਹਨ।

ਪਹਿਲੇ ਸਥਾਨ ’ਤੇ ਉਨ੍ਹਾਂ ਨੇ ਭਾਈ ਗੁਰਦਾਸ ਜੀ ਦੁਆਰਾ ਲਿਖਤ ਬੀੜ, ਦੂਸਰੇ ਸਥਾਨ ’ਤੇ ਭਾਈ ਬੰਨੋ ਵਾਲੀ ਬੀੜ ਤੇ ਤੀਸਰੇ ਸਥਾਨ ’ਤੇ ਦਮਦਮੇ ਵਾਲੀ ਬੀੜ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਹਿਨੁਮਾਈ ਵਿਚ ਤਿਆਰ ਕੀਤੀ ਗਈ ਰੱਖੀ ਹੈ।

‘ਮਹਾਨ ਕੋਸ਼’ ਦੇ ਕਰਤਾ ਅਨੁਸਾਰ ਜਿਹੜਾ ਸਰੂਪ ਪੰਚਮ ਗੁਰਦੇਵ ਜੀਓ ਨੇ ਤਿਆਰ ਕਰਵਾਇਆ ਉਸ ਵਿਚ ਵੱਡੇ ਵਡਿਆਰ ਸੰਪਾਦਕੀ ਵਿਵਹਾਰ ਨੂੰ ਨਿਭਾਉਂਦਿਆਂ ‘ਸਿਰੀਰਾਗੁ ਤੋਂ ਲੈ ਕੇ ਪ੍ਰਭਾਤੀ ਤੀਕ 30 ਰਾਗ ਹਨ। ਇਹ ਸਰੂਪ ਹੁਣ ਕਰਤਾਰਪੁਰ ਹੈ।’

ਦੂਸਰਾ ਸਰੂਪ ਭਾਈ ਬੰਨੋ ਵਾਲੀ ਬੀੜ ਵਜੋਂ ਜਾਣਿਆ ਜਾਂਦਾ ਹੈ ਜੋ ਕਿ ਪੰਚਮ ਪਾਤਸ਼ਾਹ ਜੀਓ ਤੋਂ ਮਾਂਗਟ ਨਿਵਾਸੀ ਭਾਈ ਬੰਨੋ ਨੇ ਜਿਲਦ-ਬੰਦੀ ਵਾਸਤੇ ਲਾਹੌਰ ਲੈ ਕੇ ਜਾਣ ਲਈ ਪ੍ਰਾਪਤ ਕੀਤਾ ਦੱਸਿਆ ਜਾਂਦਾ ਹੈ, ਪਰ ਰਸਤੇ ਵਿਚ ਹੀ ਉਸ ਦਾ ਉਤਾਰਾ ਕਰ ਲਿਆ ਗਿਆ ਤੇ ਨਾਲ ਹੀ ਕੁਝ ਵਾਧਾ ਵੀ ਕਰ ਦਿੱਤਾ ਗਿਆ ਮੰਨਿਆ ਜਾਂਦਾ ਹੈ। ‘ਮਹਾਨ ਕੋਸ਼’ ਇਸ ਪ੍ਰਸੰਗ ਵਿਚ ਵੀ ਆਪਣੀ ਗਵਾਹੀ ਬੜੇ ਸਾਫ਼ ਸ਼ਬਦਾਂ ਵਿਚ ਦਿੰਦਾ ਹੈ। ਇਸ ਕੋਸ਼ ਵਿਚ ਇਉਂ ਅੰਕਿਤ ਹੋਇਆ ਪ੍ਰਾਪਤ ਹੈ, “ਇਸ ਵਿਚ ਭੀ ਤੀਸ ਹੀ ਰਾਗ ਹਨ ਅਰ ਸ਼ਬਦ ਸ਼ਲੋਕ ਆਦਿ ਦੀ ਗਿਣਤੀ 5757 ਹੈ। ਇਹ ਬੀੜ ਹੁਣ ਮਾਂਗਟ (ਜ਼ਿਲ੍ਹਾ ਗੁਜਰਾਤ) ਵਿਚ ਭਾਈ ਬੰਨੋ ਦੀ ਔਲਾਦ ਪਾਸ ਹੈ। ਜਿਲਦ ਕਿਤਾਬੀ ਸ਼ਕਲ ਦੀ ਹੈ।”

ਤੀਸਰਾ ਸਰੂਪ ਦਮਦਮੇ ਵਾਲੀ ਬੀੜ ਵਜੋਂ ਪਰਵਾਨਿਆ ਗਿਆ ਜਿਸ ਦੇ ਪ੍ਰਥਾਏ ‘ਮਹਾਨ ਕੋਸ਼’ ਦੇ ਕਰਨਧਾਰ ਭਾਈ ਕਾਨ੍ਹ ਸਿੰਘ ਨਾਭਾ ਜੀ ਨੇ ਇੰਞ ਵਿਚਾਰ ਦਰਜ ਕੀਤੇ ਹਨ:

“ਸ੍ਰੀ ਗੁਰੂ ਗੋਬਿੰਦ ਸਿੰਘ ਸਵਾਮੀ ਨੇ ਦਮਦਮੇ ਦੇ ਮੁਕਾਮ ’ਤੇ ਸੰਮਤ 1762-63 ਵਿਚ ਜੋ ਆਤਮਿਕ ਸ਼ਕਤੀ ਨਾਲ ਕੰਠ ਤੋਂ ਬਾਣੀ ਉਚਾਰਨ ਕਰ ਕੇ ਗੁਰੂ ਗ੍ਰੰਥ ਸਾਹਿਬ ਲਿਖਵਾਇਆ, ਉਸ ਦਾ ਨਾਉਂ ਦਸਵੇਂ ਪਾਤਸ਼ਾਹ ਦਾ ਗ੍ਰੰਥ ਹੋਇਆ ਪਰ ਪ੍ਰਸਿੱਧ ਨਾਉਂ ਦਮਦਮੇ ਵਾਲੀ ਬੀੜ ਹੈ। ਇਸ ਵਿਚ ਜੈਜਾਵੰਤੀ ਸਮੇਤ 31 ਰਾਗ ਹਨ ਅਰ ਸ਼ਬਦ ਸ਼ਲੋਕ ਪਉੜੀ ਆਦਿ ਜਪੁ ਤੋਂ ਲੈ ਕੇ ਮੁੰਦਾਵਣੀ ਤੀਕ ਗਿਣਤੀ 5867 ਹੈ।”

ਕੁਝ ਹੋਰ ਬੀੜਾਂ ਦਾ ਹਵਾਲਾ ਵੀ ਭਾਈ ਸਾਹਿਬ ਜੀ ਨੇ ਦਿੱਤਾ ਹੈ ਤੇ ਇਨ੍ਹਾਂ ਵਿਚ ਕੁਝ ਵੱਖਰਤਾਵਾਂ ਵੀ ਸਾਹਮਣੇ ਲਿਆਂਦੀਆਂ ਹਨ, ਜਿਨ੍ਹਾਂ ਨੂੰ ਬੀੜਾਂ ਦੇ ਲੇਖਕਾਂ ਦੀ ਆਪਸੀ ਮਨੋਨੀਤੀ ਦਾ ਪ੍ਰਮਾਣ ਕਹਿਣਾ ਜ਼ਿਆਦਾ ਉਚਿਤ ਲੱਗਦਾ ਹੈ। ਪਰ ਇਸ ਤੋਂ ਇਹ ਤੱਥ ਸੱਚ ਭਲੀ-ਭਾਂਤ ਉਦੈ ਉਜਾਗਰ ਹੋ ਜਾਂਦਾ ਹੈ ਕਿ ਇਹ ਮਹਾਂ ਮਹਾਨ ਵਿਚਾਰ-ਨਿਧਾਨ ਬਾਣੀ-ਸੰਗ੍ਰਹਿ ਦੀ ਮਹਾਨਤਾ ਪ੍ਰਧਾਨਤਾ ਸੰਗ੍ਰਹਿਤ ਹੁੰਦਿਆਂ ਹੀ ਸਰਬ ਸਥਾਨੀਂ ਪ੍ਰਗਟ ਹੋ ਗਈ ਸੀ ਜਿਸ ਕਰਕੇ ਹਰੇਕ ਜਾਣਕਾਰ ਇਸ ਦੀ ਪ੍ਰਾਪਤੀ ਕਰ ਲੈਣੀ ਲੋਚਦਾ ਸੀ।

ਮਹਾਨਤਾ ਦੇ ਇਸ ਸੰਦਰਭ ਵਿਚ ਅਧਿਐਨ ਦਾ ਅਗਲਾ ਵਿਚਾਰ-ਪੱਖ ਇਥੇ ਇਤਿਹਾਸਕ ਦ੍ਰਿਸ਼ਟੀ ਨੂੰ ਅਪਣਾਉਣਾ ਹੋ ਸਕਦਾ ਹੈ। ਸਾਡੇ ਫ਼ਲਸਫ਼ਾ ਨਿਧਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਡਿਆਈ ਨੂੰ ਜਾਣਦਿਆਂ-ਸਮਝਦਿਆਂ ਖੋਜੀਆਂ ਨੇ ਆਪਣੀਆਂ ਖੋਜ-ਵਿਚਾਰਾਂ ਨੂੰ ਆਪਣੀਆਂ ਪੁਸਤਕਾਂ ਵਿਚ ਬੜਾ ਮਹੱਤਵਸ਼ਾਲੀਨ ਸਥਾਨ ਦਿੱਤਾ ਹੈ।

ਜਦ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਫ਼ਲਸਫ਼ਾ-ਨਿਪੁੰਨ ਫ਼ੈਸਲੇ ਲੈਂਦੇ ਹੋਏ ਦੇਹਧਾਰੀ ਗੁਰੂਤਾ ਨੂੰ ਰੋਕ ਲਗਾ ਕੇ ਸ਼ਬਦ-ਗੁਰੂ ਨੂੰ ਗੁਰੂਤਾ ਪ੍ਰਦਾਨ ਕਰ ਦਿੰਦੇ ਹਨ ਤਾਂ ਕੁੱਲ ਸੰਸਾਰ ਵਿਚ ਗੁਰੂਤਾ ਦੇ ਪਰਿਪੇਖ ਵਿਚ ਇਕ ਅਤਿਅੰਤ ਇਨਕਲਾਬੀ ਘਟਨਾ ਘਟਤ ਹੋ ਜਾਂਦੀ ਹੈ ਜਿਸ ਅਨੁਸਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਰਬ ਸਮਿਆਂ ਦੀ ਗੁਰਿਆਈ ਮਿਲ ਜਾਂਦੀ ਹੈ। ਸਾਹਿਬ-ਏ-ਕਮਾਲ ਦੇ ਇਕ ਪਰਿਪੂਰਨ ਫ਼ੈਸਲੇ ਦਾ ਜ਼ਿਕਰ ਆਪਣੀਆਂ ਲਿਖਤਾਂ ਵਿਚ ਕਿਸ ਬਿਧ ਰੋਕ ਸਕਦੇ ਸਨ, ਖਾਸ ਕਰਕੇ ਉਨ੍ਹਾਂ ਪੰਜਾਬ ਨਾਲ ਸੰਬੰਧਿਤ ਲੇਖਣੀ ਨੂੰ ਇਸ ਪ੍ਰਥਾਏ ਜ਼ਰੂਰ ਕਾਰਜਸ਼ੀਲ ਕੀਤਾ ਜਿਸ ਦੀ ਵਿਚਾਰ-ਚਰਚਾ ਸਾਨੂੰ ਵੀ ਇਥੇ ਕਰਨੀ ਯੋਗ ਲੱਗਦੀ ਹੈ।

ਸਭ ਤੋਂ ਪਹਿਲਾਂ ਅਸੀਂ ਪ੍ਰੋ. ਕਰਤਾਰ ਸਿੰਘ ਜੀ ਦੀ ਕਲਮ ਤੋਂ ਆਏ ਸ਼ਬਦਾਂ ਦਾ ਹਵਾਲਾ ਦੇਣਾ ਚਾਹੁੰਦੇ ਹਾਂ ਜੋ ਉਨ੍ਹਾਂ ਛੇਵੀਂ ਧਰਮ ਪੋਥੀ ਵਿਚ ਦਸਮ ਗੁਰਦੇਵ ਜੀ ਦੇ ਹਵਾਲੇ ਨਾਲ ਲਿਖੇ ਹਨ। ਉਨ੍ਹਾਂ ਅਨੁਸਾਰ,

“ਗੁਰੂ ਜੀ ਨੇ ਪ੍ਰਤੀਤ ਕੀਤਾ ਕਿ ਸਾਡਾ ਸੱਚਖੰਡ ਵਾਪਸੀ ਦਾ ਸਮਾਂ ਆ ਗਿਆ ਹੈ। ਆਪ ਨੇ ਪੰਜ ਪੈਸੇ ਅਤੇ ਨਰੇਲ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਰੱਖ ਕੇ ਮੱਥਾ ਟੇਕਿਆ। ਇਸ ਤਰ੍ਹਾਂ ਆਪ ਨੇ ਗੁਰਿਆਈ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ।”

ਸਿੱਖ ਇਤਿਹਾਸ ਦੇ ਰਸੀਆਂ ਤੇ ਲਿਖਾਰੀਆਂ ਲਈ ਕਈ ਵਿਸ਼ੇ ਬੜੇ ਹੀ ਦਿਲਚਸਪੀ ਵਾਲੇ ਰਹੇ ਹਨ ਜਿਨ੍ਹਾਂ ਵਿੱਚੋਂ ਇਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦਾ ਮਿਲਣਾ ਹੈ। ਸਾਡੇ ਸਮਿਆਂ ਦੇ ਬੜੇ ਚਰਚਿਤ ਇਤਿਹਾਸ, ਲੇਖਕ ਤੇ ਕਲਮਕਾਰ ਸ. ਖੁਸ਼ਵੰਤ ਸਿੰਘ ਇਉਂ ਹੀ ਅਨੁਭਵ ਕਰਦੇ ਹਨ ਜਦੋਂ ਆਪਣੀ ਪ੍ਰਸਿੱਧ ਇਤਿਹਾਸ ਪੁਸਤਕ ‘ਸਿੱਖ ਹਿਸਟਰੀ’ ਵਿਚ ਇਕ ਵੱਡੀ ਵਿਸ਼ੇਸ਼ਤਾ ਨੂੰ ਆਪਣੇ ਧਿਆਨ ਦੇ ਕੇਂਦਰ ਵਿਚ ਲਿਆਉਂਦਿਆਂ ਇਸ ਦਾ ਜ਼ਿਕਰ ਇਸ ਪ੍ਰਕਾਰ ਕਰਦੇ ਹਨ, “ਉਨ੍ਹਾਂ ਸਿੰਘਾਂ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਬਚਨ ਕੀਤਾ ਕਿ ਉਨ੍ਹਾਂ ਦੇ ਨਾਲ ਹੀ ਸ਼ਖਸੀ ਗੁਰੂ ਦੀ ਪ੍ਰਥਾ ਖ਼ਤਮ ਹੁੰਦੀ ਹੈ। ਇਸ ਲਈ ਹੁਣ ਆਦਿ ਗ੍ਰੰਥ ਨੂੰ ਹੀ ਦਸਾਂ ਗੁਰੂਆਂ ਦੀ ਦੇਹ ਦਾ ਪ੍ਰਤੀਕ ਸਮਝਣ ਅਤੇ ਇਹੋ ਹੀ ਤੁਹਾਡੀ ਅਗਵਾਈ ਕਰੇਗਾ।”

ਸਾਡੇ ਕੁਝ-ਕੁ ਇਤਿਹਾਸ-ਕਰਤਾਵਾਂ ਨੇ ਸਿੱਖ ਇਤਿਹਾਸ ਨੂੰ ਲਿਖਣ ਦਾ ਮਾਧਿਅਮ ਵਾਰਤਕ ਦੀ ਥਾਂ ਕਵਿਤਾ ਨੂੰ ਬਣਾਇਆ। ਇਨ੍ਹਾਂ ਕਾਵਿ-ਇਤਿਹਾਸ ਲਿਖਾਰੀਆਂ ਵਿਚ ਗਿਆਨੀ ਗਿਆਨ ਸਿੰਘ ਜੀ ਨੂੰ ਬੜਾ ਉੱਚਾ ਸਥਾਨ ਪ੍ਰਾਪਤ ਹੈ ਜਿਨ੍ਹਾਂ ਦੀ ਲਿਖਤ ਕਵਿਤਾ ਰੂਪ ਹੁੰਦੀ ਹੋਈ ਵੀ ਬਹੁਤ ਸਾਰੀਆਂ ਜਾਣਕਾਰੀਆਂ ਨਾਲ ਭਰਪੂਰ ਮੰਨੀ ਜਾਂਦੀ ਹੈ ਤੇ ਇਸ ਦੇ ਵਾਚਣ ਨਾਲ ਹਮੇਸ਼ਾਂ ਹੀ ਸਿੱਖ, ਸਿੱਖੀ ਤੇ ਇਸ ਦੇ ਚਾਨਣ-ਮੁਨਾਰੇ ਗੁਰਦੇਵ ਸਾਹਿਬਾਨ ਸਬੰਧੀ ਬੜੀਆਂ ਨਵੀਆਂ-ਨਕੋਰ ਜਾਣਕਾਰੀਆਂ ਪ੍ਰਾਪਤ ਹੁੰਦੀਆਂ ਹਨ। ਇਸ ਪ੍ਰਕਾਰ ਦੇ ਸੰਦਰਭ ਗ੍ਰੰਥਾਂ ਵਿਚ ਗਿਆਨੀ ਗਿਆਨ ਸਿੰਘ ਹੋਰਾਂ ਦੁਆਰਾ ਲਿਖਿਆ ‘ਪੰਥ ਪ੍ਰਕਾਸ਼’ ਵਿਸ਼ੇਸ਼ ਸਰੂਪ ਵਿਚਾਰਿਆ-ਪ੍ਰਚਾਰਿਆ ਜਾਂਦਾ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਅਰਪਤ ਕੀਤੀ ਗਈ ਗੁਰਿਆਈ ਦੇ ਪ੍ਰਸੰਗ ਨੂੰ ਗਿਆਨੀ ਜੀ ਇਸ ਤਰ੍ਹਾਂ ਪੇਸ਼ ਕਰਦੇ ਹਨ:

ਅਬ ਹਮ ਸੋ ਗੁਰੁ ਥਾਪਹੈਂ ਜੋ ਸੁਧ ਉਦਾਰੀ।
ਅਜਰ ਅਮਰ ਅਖੰਡ ਰਹਿ ਸਦ ਪਰਉਪਕਾਰੀ।
ਭੇਦ ਪੱਖ ਬਿਨ ਸਰਬ ਕੋ ਬਾਂਛਿਤ ਫਲ ਦੈਹੈ।
ਇਸ ਕਹਿ ਗੁਰੂ ਗ੍ਰੰਥ ਕਾ ਪਰਕਾਸ਼ ਕਰੈਹੈ।
ਪੈਸੇ ਪਾਂਚ ਨਰੇਲ ਲੈ ਤਿਸ ਅਗਰ ਟਿਕਾਯੋ।
ਕਰ ਪ੍ਰਕਰਮਾ ਗੁਰੂ ਜੀ ਨਿਜ ਮਾਥ ਝੁਕਾਯੋ।
ਗੁਰੂ ਗ੍ਰੰਥ ਕੋ ਗੁਰੁ ਥਾਪਿਓ ਕੁਣਕਾ ਬਟਵਾਯੋ।
ਸ੍ਰੀ ਮੁਖ ਤੈ ਸਭ ਸਿਖਨ ਕੋ ਇਮ ਹੁਕਮ ਸੁਨਾਯੋ। (ਪੰਥ ਪ੍ਰਕਾਸ਼, ਪੰਨਾ 253)

ਨਵੀਆਂ ਵਿਚਾਰੀ ਲੀਹਾਂ ਪਾਉਣ ਵਾਲੇ ਦਸਮ ਗੁਰਦੇਵ ਜੀ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦਿੱਤੇ ਜਾਣ ਦੀ ਭਰਪੂਰ ਜਾਣਕਾਰੀ ਦਾ ਇਕ ਹੋਰ ਪ੍ਰਮੁੱਖ ਸ੍ਰੋਤ ਮਿ. ਐਮ.ਏ. ਮੈਕਾਲਿਫ ਵੱਲੋਂ ਦਿੱਤਾ ਗਿਆ। ਇਹ ਹਵਾਲਾ ਪੁਸਤਕ ‘ਸਿੱਖ ਰਿਲੀਜ਼ਨ’ ਵਿਚ ਪ੍ਰਾਪਤ ਹੁੰਦਾ ਹੈ। ਇਸ ਅਨੁਸਾਰ,

“ਦਸਮ ਗੁਰਦੇਵ ਜੀ ਨੇ ਇਸ਼ਨਾਨ ਕੀਤਾ, ਆਪਣੇ ਬਸਤਰ ਬਦਲੇ, ਜਪੁਜੀ ਸਾਹਿਬ ਦਾ ਪਾਠ ਕੀਤਾ ਤੇ ਫਿਰ ਅਰਦਾਸ ਕੀਤੀ… ਕਮਰਕੱਸਾ ਕੀਤਾ, ਆਪਣੇ ਸ਼ਸਤਰ ਧਾਰਨ ਕੀਤੇ ਅਤੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ… ਪੰਜ ਪੈਸੇ ਤੇ ਨਾਰੀਅਲ ਮੱਥਾ ਟੇਕਿਆ ਅਤੇ ਪੂਰਨ ਗੰਭੀਰਤਾ ਸਹਿਤ ਆਪਣੇ ਉੱਤਰਅਧਿਕਾਰੀ ਨੂੰ ਸਿਰ ਝੁਕਾਇਆ। ਪਰਿਕਰਮਾ ਕਰ ਕੇ ‘ਵਾਹਿਗੁਰੂ ਜੀ ਕਾ ਖਾਲਸਾ-ਵਾਹਿਗੁਰੂ ਜੀ ਕੀ ਫ਼ਤਹ’ ਉਚਾਰਿਆ ਤੇ ਕਿਹਾ, ਪਿਆਰੇ ਖ਼ਾਲਸਾ ਜੀ! ਜਿਹੜਾ ਮੈਨੂੰ ਦੇਖਣਾ ਚਾਹੇ ਗੁਰੂ ਗ੍ਰੰਥ ਜੀ ਦੇ ਦਰਸ਼ਨ ਕਰ ਲਵੇ। ਗੁਰੂ ਗ੍ਰੰਥ ਸਾਹਿਬ ਦੇ ਹੁਕਮ ਨੂੰ ਮੰਨਿਆ ਜਾਵੇ। ਇਹ ਪ੍ਰਤੱਖ ਗੁਰੂ ਹੈ। ਜਿਹੜਾ ਮੈਨੂੰ ਮਿਲਣਾ ਚਾਹੇ ਇਸ ਦੀ ਬਾਣੀ ਦੀ ਖੋਜ ਕਰੇ (ਅਰਥਾਤ ਬਾਣੀ ਦਾ ਪਾਠ ਕਰੇ, ਜਾਪ ਕਰੇ)।”

ਇਸੇ ਪ੍ਰਸੰਗ ਅਧੀਨ ਗੁਰੂ-ਘਰ ਦੇ ਸੰਸਾਰ-ਪ੍ਰਸਿੱਧ ਢਾਡੀ ਤੇ ਅਨਿੰਨ ਪ੍ਰਚਾਰਕ ਸੇਵਕ ਗਿਆਨੀ ਸੋਹਨ ਸਿੰਘ ਸੀਤਲ ਜੀ ਦੀ ਪੁਸਤਕ ‘ਮਨੁੱਖਤਾ ਦੇ ਗੁਰੂ : ਗੁਰੂ ਗੋਬਿੰਦ ਸਿੰਘ ਜੀ’ ਵਿਚ ਵਿਚਾਰ-ਗੋਚਰ ਹੁੰਦੇ ਹਨ। ਉਨ੍ਹਾਂ ਦੇ ਸ਼ਬਦਾਂ ਵਿਚ ਦਸਮ ਗੁਰਦੇਵ ਜੀ ਨੇ ਫ਼ਰਮਾਇਆ, “ਖਾਲਸਾ ਜੀ! ਗੁਰਦੇਵ ਨੇ ਸਿੱਖਾਂ ਨੂੰ ਸੰਬੋਧਨ ਕਰ ਕੇ ਕਿਹਾ, ‘ਚਿੰਤਾ ਕਰਨ ਦੀ ਲੋੜ ਨਹੀਂ। ਭਾਣਾ ਮੰਨਣ ਵਿਚ ਹੀ ਭਲਾ ਹੈ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੋ। ਅਸੀਂ ਅੰਤਮ ਰਸਮ ਅਦਾ ਕਰਨੀ ਚਾਹੁੰਦੇ ਹਾਂ।’ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਹਜ਼ੂਰ ਨੇ ਘੁੱਟ ਕੇ ਫੱਟ ਬੰਨ੍ਹ ਲਿਆ। ਮਹਾਰਾਜ ਦੀਵਾਨ ਵਿਚ ਆਏ। ਹਜ਼ੂਰ ਨੇ ਪੰਜ ਪੈਸੇ ਧਰ ਕੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਿਆ ਤੇ ਸਾਰੀ ਸੰਗਤ ਨੂੰ ਸੰਬੋਧਨ ਕਰ ਕੇ ਐਲਾਨ ਕੀਤਾ, ‘ਖਾਲਸਾ ਜੀ! ਅਸੀਂ ਸਹੀ ਅਰਥਾਂ ਵਿਚ ਗੁਰਗੱਦੀ ਦਾ ਫੈਸਲਾ ਉਸ ਦਿਨ ਹੀ ਕਰ ਦਿੱਤਾ ਸੀ ਜਦ ਵੈਸਾਖੀ ਵਾਲੇ ਦਿਨ ਪੰਜ ਪਿਆਰੇ ਚੁਣੇ ਸਨ। ਫਿਰ ਚਮਕੌਰ ਛੱਡਣ ਤੋਂ ਪਹਿਲਾਂ ਵੀ ਗ੍ਰੰਥ ਸਾਹਿਬ ਦੇ ਗੁਰੂ ਹੋਣ ਦਾ ਐਲਾਨ ਕੀਤਾ ਸੀ। ਅੱਜ ਵੀ ਪੂਰੀ ਕਰ ਦਿੱਤੀ ਹੈ। ਸਾਡੇ ਪਿੱਛੋਂ ਦੇਹਧਾਰੀ ਗੁਰੂ ਨਹੀਂ ਹੋਵੇਗਾ। ਦਸਾਂ ਗੁਰੂਆਂ ਦਾ ਸਰੂਪ ‘ਗੁਰੂ ਗ੍ਰੰਥ ਸਾਹਿਬ’ ਹੀ ਪੰਥ ਦਾ ਸਦੀਵੀ ਗੁਰੂ ਹੋਵੇਗਾ। ਸਾਡੇ ਵੱਲੋਂ ਸਰਬੱਤ ਸਾਧ ਸੰਗਤ ਨੂੰ ਫ਼ਤਹ ਪ੍ਰਵਾਨ ਹੋਵੇ:

ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹ॥”

ਗੁਰਦੇਵ ਜੀ ਨੇ ਇਕ ਵਾਰ ਫਿਰ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਿਆ। ਇਹ ਸਾਰਾ ਘਟਨਾਕ੍ਰਮ 6 ਕੱਤਕ ਸੰਮਤ ਨਾਨਕਸ਼ਾਹੀ 240, 1765 ਬਿਕ੍ਰਮੀ (1708 ਈਸਵੀ) ਨੂੰ ਹੋਇਆ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Surinderpal Singh

ਪੱਤਣ ਵਾਲੀ ਸੜਕ, ਪੁਰਾਣਾ ਸ਼ਾਲਾ, ਗੁਰਦਾਸਪੁਰ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)