ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਪਰਮਾਤਮਾ ਦੀ ਏਕਤਾ ਅਤੇ ਸਰਬ-ਵਿਆਪਕਤਾ ਦੇ ਗੁਰਮਤਿ-ਸਿਧਾਂਤ ਨੂੰ ਸੰਸਾਰ ’ਤੇ ਲਾਗੂ ਕੀਤਿਆਂ ਸੰਸਾਰ ਦੇ ਸੰਬੰਧ ਵਿਚ ਕੁਝ ਆਦਰਸ਼ ਆਪਣੇ-ਆਪ ਕਾਇਮ ਹੁੰਦੇ ਹਨ:
1. ਕਿਉਂਕਿ ਪਰਮਾਤਮਾ ਸਭ ਦਾ ਪਿਤਾ ਹੈ ਅਤੇ ਸਾਰੇ ਉਸ ਦੇ ਪੁੱਤਰ ਹਨ, ਇਸ ਲਈ ਸਾਰੇ ਇੱਕੋ ਪਿਤਾ ਦੇ ਪੁੱਤਰ ਹੋਣ ਕਰਕੇ ਸਮਾਨ ਹਨ। ਇਸ ਤਰ੍ਹਾਂ ਸਮਾਨਤਾ ਦਾ ਆਦਰਸ਼ ਗੁਰਮਤਿ ਦਾ ਮੁੱਖ ਆਦਰਸ਼ ਹੈ। ਗੁਰਬਾਣੀ ਦਾ ਫ਼ਰਮਾਨ ਹੈ:
ਏਕੁ ਪਿਤਾ ਏਕਸ ਕੇ ਹਮ ਬਾਰਿਕ (ਪੰਨਾ 611)
2. ਕਿਉਂਕਿ ਪਰਮਾਤਮਾ ਨਿਰਭਉ ਅਤੇ ਨਿਰਵੈਰ ਹੈ, ਉਹ ਕਿਸੇ ਬੰਧਨ ਵਿਚ ਨਹੀਂ, ਇਸ ਲਈ ਉਸ ਵਿਚ ਯਕੀਨ ਰੱਖਣ ਵਾਲਾ ਸੰਸਾਰ ਵੀ ਨਿਰਭਉ ਤੇ ਨਿਰਵੈਰ ਹੋਣਾ ਸੁਭਾਵਿਕ ਹੈ। ਇਸ ਤਰੀਕੇ ਨਾਲ ਗੁਰਬਾਣੀ ਦਾ ਦੂਜਾ ਆਦਰਸ਼ ‘ਆਜ਼ਾਦੀ’ ਬਣਦਾ ਹੈ। ਇਹ ਕਿਹਾ ਜਾ ਸਕਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ‘ਜੀਓ ਅਤੇ ਜੀਣ ਦਿਓ’ ਦੇ ਵਿਚਾਰ ਦੀ ਹਾਮੀ ਭਰਦੀ ਹੈ। ਸਾਰੀ ਦੁਨੀਆਂ ਦੇ ਲੋਕ ਇਸ ‘ਆਜ਼ਾਦੀ’ ਦੇ ਸਿਧਾਂਤ ’ਤੇ ਚੱਲ ਕੇ ਅਮਨ-ਅਮਾਨ ਨਾਲ ਰਹਿ ਸਕਦੇ ਹਨ। ‘ਨਾ ਕਿਸੇ ਤੋਂ ਡਰਨਾ ਅਤੇ ਨਾ ਕਿਸੇ ਨੂੰ ਡਰਾਉਣਾ’ ਗੁਰਮਤਿ ਦਾ ਇਕ ਅਜਿਹਾ ਸਿਧਾਂਤ ਹੈ ਜਿਸ ’ਤੇ ਚੱਲ ਕੇ ਕੁੱਲ ਦੁਨੀਆਂ ਆਜ਼ਾਦੀ ਨਾਲ ਖੁਸ਼ਹਾਲੀ ਦਾ ਜੀਵਨ ਜੀਅ ਸਕਦੀ ਹੈ। ਧਾਰਮਿਕ ਆਜ਼ਾਦੀ ਦੇ ਰਹਿਬਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਪਵਿੱਤਰ ਫ਼ਰਮਾਨ ਸੰਸਾਰ-ਅਮਨ ਲਈ ਇਕ ਅਤਿ ਸੁਨਹਿਰੀ ਦਿਸ਼ਾ ਪ੍ਰਦਾਨ ਕਰਦਾ ਹੈ:
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥ (ਪੰਨਾ 1427)
3. ਕਿਉਂਕਿ ਪਰਮਾਤਮਾ ਨਿਆਂਕਾਰੀ ਹੈ ਇਸ ਲਈ ਗੁਰਬਾਣੀ ਅਨੁਸਾਰ ਸੰਸਾਰ ਦਾ ਪ੍ਰਬੰਧ ਨਿਆਂਕਾਰੀ ਹੋਣਾ ਜ਼ਰੂਰੀ ਹੈ। ਸਮਾਨਤਾ ਅਤੇ ਆਜ਼ਾਦੀ ਉਸੇ ਸੰਸਾਰ ਵਿਚ ਕਾਇਮ ਰਹਿ ਸਕਦੇ ਹਨ ਜਿਸ ਵਿਚ ਨਿਆਂ ਮੌਜੂਦ ਹੈ। ਨਿਆਂ ਦਾ ਆਧਾਰ ਸੱਚ ਹੈ ਅਤੇ ਸੱਚ ਨਿਰਪੱਖਤਾ ਦੀ ਮੰਗ ਕਰਦਾ ਹੈ। ਅਕਾਲ ਪੁਰਖ ਪੂਰਾ ਨਿਆਂ ਕਰਦਾ ਹੈ ਕਿਉਂਕਿ ਉਹ ਸੱਚਾ ਹੈ। ਗੁਰਬਾਣੀ ਦੇ ਪਵਿੱਤਰ ਫ਼ਰਮਾਨ ਹਨ:
ਪੂਰਾ ਨਿਆਉ ਕਰੇ ਕਰਤਾਰੁ॥ (ਪੰਨਾ 199)
ਸਚਾ ਸਾਹਿਬੁ ਸਚੁ ਨਿਆਉ ਪਾਪੀ ਨਰੁ ਹਾਰਦਾ॥ (ਪੰਨਾ 90)
ਡਾਕਟਰ ਸ਼ੇਰ ਸਿੰਘ ਹੋਰਾਂ ਨੇ ਆਪਣੀ ਪੁਸਤਕ ‘Social & Political Philosophy of Guru Gobind Singh’ ਦੇ ਪੰਨਾ 11 ’ਤੇ ਖਾਲਸਾ-ਪ੍ਰਬੰਧ ਦਾ ਸੰਵਿਧਾਨ ਦੱਸਦੇ ਹੋਏ ਇਸ ਦੀਆਂ ਬੁਨਿਆਦੀ ਕੀਮਤਾਂ ਨਿਆਂ (Justice), ਆਜ਼ਾਦੀ (Libert) ਅਤੇ ਬਰਾਬਰੀ (Equalit) ਦੱਸੀਆਂ ਹਨ। ਇਸ ਤਰ੍ਹਾਂ ਆਪ ਨੇ ਗੁਰਬਾਣੀ ਦਾ ਸਮਾਜਿਕ ਅਤੇ ਰਾਜਨੀਤਿਕ ਆਦਰਸ਼ ‘ਅੰਤਰ-ਰਾਸ਼ਟਰੀ ਭਾਈਚਾਰੇ’ ਨੂੰ ਦੱਸਿਆ ਹੈ। ਸੁਕਰਾਤ ਨੇ ਆਪਣੇ-ਆਪ ਨੂੰ ‘ਸੰਸਾਰ ਦਾ ਨਾਗਰਿਕ’ ਆਖਿਆ ਸੀ। ਪ੍ਰੋ. ਪੂਰਨ ਸਿੰਘ ਨੇ ‘ਬ੍ਰਹਿਮੰਡੀ ਨਾਗਰਿਕ’ ਦਾ ਵਿਚਾਰ ਪੇਸ਼ ਕੀਤਾ ਸੀ। ਇਹ ਵਿਚਾਰ ਬ੍ਰਹਿਮੰਡੀ ਦੁਨੀਆਂ ਜਾਂ ਬ੍ਰਹਿਮੰਡੀ ਰਾਜ ਦੀ ਸਥਾਪਨਾ ਦਾ ਆਧਾਰ ਬਣਦਾ ਹੈ। ਸਾਮੀ ਧਰਮਾਂ ਵਿਚ ਇਸ ਨੂੰ ਰੱਬ ਦੀ ਬਾਦਸ਼ਾਹਤ (Kingdom of God) ਅਤੇ ਭਾਰਤੀ ਸੰਸਕ੍ਰਿਤੀ ਵਿਚ ਇਸ ਨੂੰ ਰਾਮ-ਰਾਜ ਜਾਂ ਸੱਚਾਈ ਦਾ ਰਾਜ ਆਖਿਆ ਗਿਆ ਹੈ। ਭਗਤ ਰਵਿਦਾਸ ਜੀ ਅਜਿਹੇ ਸੰਸਾਰ ਜਾਂ ਰਾਜ ਨੂੰ ‘ਬੇਗਮ ਪੁਰਾ’ ਕਹਿੰਦੇ ਹਨ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਇਸ ਨੂੰ ‘ਹਲੇਮੀ ਰਾਜ’ ਆਖਦੇ ਹਨ। ਇਹ ਸੰਸਾਰ ਅਜਿਹਾ ਸੰਸਾਰ ਹੈ ਜਿਸ ਵਿਚ ਪ੍ਰਭੂ-ਆਧਾਰਿਤ ਸਮਾਨਤਾ, ਆਜ਼ਾਦੀ ਅਤੇ ਨਿਆਂ ਦਾ ਬੋਲਬਾਲਾ ਹੋਣਾ ਹੈ। ਇਸ ਸੰਸਾਰ ਵਿਚ ਰੱਬ ਦੀ ਏਕਤਾ (Unity of God) ਕਰਕੇ ਮਾਨਵ-ਏਕਤਾ (Unity of mankind) ਦਾ ਅਮਲੀ ਪ੍ਰਗਟਾਵਾ ਹੋਣਾ ਹੈ। ਅਜਿਹਾ ਸਮਾਜ ਜਾਂ ਸੰਸਾਰ ਸਿਰਜਣਾ ਧਰਮ ਚਲਾਉਣਾ ਹੈ ਅਤੇ ਪ੍ਰਭੂ ਨਾਲ ਸਮੂਹ ਮਾਨਵਤਾ ਨੂੰ ਜੋੜਨਾ ਹੈ। ਭਾਈ ਗੁਰਦਾਸ ਜੀ ਦੇ ਸ਼ਬਦਾਂ ਵਿਚ ਗੁਰਮਤਿ ਦੀ ਵੱਡੀ ਦੇਣ ਇਹੋ ਹੈ:
ਚਾਰੇ ਪੈਰ ਧਰਮ ਦੇ ਚਾਰਿ ਵਰਨਿ ਇਕੁ ਵਰਨੁ ਕਰਾਰਿਆ।
ਰਾਣਾ ਰੰਕੁ ਬਰਾਬਰੀ ਪੈਰੀਂ ਪਾਵਣਾ ਜਗਿ ਵਰਤਾਇਆ। (ਵਾਰ 1:23)
ਸਮਾਨਤਾ ਦੇ ਪੱਖ ਤੋਂ ਗੁਰਬਾਣੀ ਕਿਸੇ ਤਰ੍ਹਾਂ ਦੇ ਭਿੰਨ-ਭੇਦ ਨੂੰ ਪ੍ਰਵਾਨ ਨਹੀਂ ਕਰਦੀ। ਜਨਮ ਤੋਂ ਸਾਰੇ ਮਨੁੱਖ ਬਰਾਬਰ ਹਨ ਕਿਉਂਕਿ ਸਾਰੇ ਹੀ ਇੱਕੋ ਅਕਾਲ ਪੁਰਖ ਦੇ ਪੈਦਾ ਕੀਤੇ ਹੋਏ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਧਰਮ, ਜਾਤ, ਰੰਗ, ਨਸਲ, ਸਥਾਨ, ਭਾਸ਼ਾ, ਲਿੰਗ ਆਦਿ ’ਤੇ ਆਧਾਰਿਤ ਕਿਸੇ ਵੀ ਤਰ੍ਹਾਂ ਦੇ ਭਿੰਨ-ਭੇਦ ਨੂੰ ਨਹੀਂ ਮੰਨਦੀ। ਪਵਿੱਤਰ ਫ਼ਰਮਾਨ ਹਨ:
ਸਭ ਮਹਿ ਜੋਤਿ ਜੋਤਿ ਹੈ ਸੋਇ॥ (ਪੰਨਾ 663)
ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ॥ (ਪੰਨਾ 2)
ਅਲਹੁ ਗੈਬੁ ਸਗਲ ਘਟ ਭੀਤਰਿ ਹਿਰਦੈ ਲੇਹੁ ਬਿਚਾਰੀ॥
ਹਿੰਦੂ ਤੁਰਕ ਦੁਹੂੰ ਮਹਿ ਏਕੈ ਕਹੈ ਕਬੀਰ ਪੁਕਾਰੀ॥ (ਪੰਨਾ 483)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਸੱਚ ਸਦੀਵੀ ਅਤੇ ਸਰਬ-ਵਿਆਪਕ ਸੱਚ ਹੈ। ਇਸ ਕਰਕੇ ਇਹ ਕਦੇ ਪੁਰਾਣਾ ਜਾਂ ਗ਼ੈਰ-ਪ੍ਰਸੰਗਿਕ ਨਹੀਂ ਹੋ ਸਕਦਾ।ਆਧੁਨਿਕ ਸਮੇਂ ਵਿਚ ਆਧੁਨਿਕ ਸਮੱਸਿਆਵਾਂ ਦਾ ਹੱਲ ਗੁਰਬਾਣੀ ਦੇ ਸੱਚ ਵਿਚ ਮੌਜੂਦ ਹੈ। ਅਸ਼ਾਂਤੀ, ਅਸ਼ਲੀਲਤਾ, ਅਸੰਜਮ, ਅਨੈਤਿਕਤਾ ਅਤੇ ਪ੍ਰਦੂਸ਼ਣ ਨਾਲ ਭਰੇ ਸਮਾਜ ਵਿਚ ਸ਼ਾਂਤੀ, ਸ਼ਲੀਲਤਾ, ਸੰਜਮ, ਨੈਤਿਕਤਾ ਅਤੇ ਸ਼ੁੱਧਤਾ ਲਿਆਉਣ ਲਈ ਗੁਰਬਾਣੀ ਸਾਰੇ ਸੰਸਾਰ ਦਾ ਮਾਰਗ-ਦਰਸ਼ਨ ਕਰਨ ਦੇ ਸਮਰੱਥ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਦੇ ਸੱਚ ਨੂੰ ਸਦਾ-ਨਵੀਨ ਅਤੇ ਸਦਾ-ਬਹਾਰ ਦੱਸਿਆ ਹੈ। ਆਪ ਜੀ ਫ਼ਰਮਾਉਂਦੇ ਹਨ:
ਸਚੁ ਪੁਰਾਣਾ ਹੋਵੈ ਨਾਹੀ ਸੀਤਾ ਕਦੇ ਨ ਪਾਟੈ॥ (ਪੰਨਾ 953)
ਸਮਾਨਤਾ ਜਾਂ ਬਰਾਬਰੀ ਦਾ ਸਿਧਾਂਤ ਸੰਸਾਰ ਵਿਚ ਆਰਥਿਕ ਪਾੜੇ ਨੂੰ ਖ਼ਤਮ ਕਰਨ ਵਿਚ ਵੀ ਸਹਾਈ ਹੋ ਸਕਦਾ ਹੈ। ਦੁਨੀਆਂ ਦੇ ਪਦਾਰਥਾਂ ਅਤੇ ਧਨ ’ਤੇ ਕੁਝ ਵਿਅਕਤੀਆਂ ਦੀ ਅਜਾਰੇਦਾਰੀ ਜਾਂ ਕੁਝ ਵਿਅਕਤੀਆਂ ਵੱਲੋਂ ਲੁੱਟ-ਖਸੁੱਟ ਕਰ ਕੇ ਆਪਣੇ ਹੀ ਘਰ ਭਰ ਲੈਣ ਨੂੰ ਗੁਰਬਾਣੀ ਜਾਇਜ਼ ਨਹੀਂ ਮੰਨਦੀ। ਗੁਰਬਾਣੀ ਵਿਚ ਸਾਨੂੰ ਸਮਝਾਇਆ ਗਿਆ ਕਿ ਮਾਇਆ ਦੇ ਅੰਬਾਰ ਪਾਪਾਂ ਤੋਂ ਬਿਨਾਂ ਭਾਵ ਦੋ ਨੰਬਰ ਦੀ ਕਮਾਈ ਤੋਂ ਬਿਨਾਂ ਇਕੱਠੇ ਨਹੀਂ ਕੀਤੇ ਜਾ ਸਕਦੇ। ਦੂਜਾ ਤੱਥ ਇਹ ਵੀ ਹੈ ਕਿ ਇਹ ਇਕੱਠੀ ਕੀਤੀ ਮਾਇਆ ਮੌਤ ਸਮੇਂ ਬੰਦੇ ਦੇ ਨਾਲ ਨਹੀਂ ਜਾਂਦੀ। ਦੁਨੀਆਂ ਭਰ ਦੀ ਜਿੱਤ ਦਾ ਦਾਅਵਾ ਕਰਨ ਵਾਲੇ ਸਿਕੰਦਰ ਵੀ ਇੱਥੋਂ ਖਾਲੀ ਹੱਥ ਜਾਂਦੇ ਹਨ।
ਸਮਾਨਤਾ ਦਾ ਇਕ ਹੋਰ ਜ਼ਰੂਰੀ ਪੱਖ ਇਸਤਰੀ-ਮਰਦ ਦੀ ਸਮਾਨਤਾ ਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਸਾਇਆ ਗਿਆ ਅਧਿਆਤਮਕ ਅਨੁਭਵ ਮਰਦ ਅਤੇ ਇਸਤਰੀ ਦੋਵੇਂ ਹੀ ਪ੍ਰਾਪਤ ਕਰ ਸਕਦੇ ਹਨ। ਗ੍ਰਿਹਸਤ ਮਾਰਗ ਨੂੰ ਮਹੱਤਵ ਦੇਣ ਕਰਕੇ ਇਸਤਰੀ ਦਾ ਰੁਤਬਾ ਅਧਿਆਤਮਕ ਪੱਖੋਂ ਉੱਚਾ ਬਣਦਾ ਹੈ ਕਿਉਂਕਿ ਇਸ ਤਰ੍ਹਾਂ ਮਾਨਤਾ ਮਿਲਣ ਨਾਲ ਧਾਰਮਿਕ ਪੱਖ ਤੋਂ ਇਸਤਰੀ ਘਿਰਣਾ ਦੀ ਸ਼ਿਕਾਰ ਨਹੀਂ ਰਹਿੰਦੀ। ਸਤੀ, ਸੂਤਕ ਅਤੇ ਸੁੱਚਮ ਬਾਰੇ ਗੁਰਬਾਣੀ ਦੇ ਸਪੱਸ਼ਟ ਨਿਰਦੇਸ਼ ਇਸਤਰੀ ਲਈ ਬਰਾਬਰੀ, ਨਿਆਂ ਅਤੇ ਸੁਤੰਤਰਤਾ ਦਾ ਰਾਹ ਖੋਲ੍ਹਦੇ ਹਨ। ਦਾਜ-ਪ੍ਰਥਾ, ਭਰੂਣ-ਹੱਤਿਆ ਅਤੇ ਅਸ਼ਲੀਲਤਾ ਜਿਹੀਆਂ ਬਿਮਾਰੀਆਂ ਦਾ ਇਲਾਜ ਗੁਰਬਾਣੀ ਵਿਚ ਸਾਨੂੰ ਸਪੱਸ਼ਟ ਰੂਪ ਵਿਚ ਮਿਲਦਾ ਹੈ।
ਬਰਾਬਰੀ ਦਾ ਸਿਧਾਂਤ ਸੰਸਾਰ ਵਿਚ ਅਜ਼ਾਦੀ ਅਤੇ ਨਿਆਂ ਵਾਲੇ ਜੀਵਨ ਦਾ ਰਾਹ ਤਿਆਰ ਕਰਦਾ ਹੈ। ਹਰ ਮਨੁੱਖ ਆਪਣੇ-ਆਪ ਨੂੰ ਉਸ ਅਸੀਮ ਅਕਾਲ ਪੁਰਖ ਦੀ ਅੰਸ਼ ਸਮਝ ਕੇ ਜਗਤ ਨੂੰ ਉਸ ਦਾ ਸਾਜਿਆ ਸਮਝ ਕੇ ਬੜੇ ਪ੍ਰੇਮ ਨਾਲ ਜੀਵਨ ਵਿਚ ਵਿਚਰਦਾ ਹੈ। ਜਦੋਂ ਹਰੇਕ ਮਨੁੱਖ ਵਿਚ ਵਿਅਕਤੀ ਨੂੰ ਪਰਮਾਤਮਾ ਦੀ ਜੋਤ ਦਾ ਅਹਿਸਾਸ ਹੋ ਜਾਵੇ ਤਾਂ ਉਹ ਭਾਈ ਘਨੱਈਆ ਜੀ ਵਾਂਗ ਸਾਰਿਆਂ ਵਿੱਚੋਂ ‘ਮਾਨਸ ਕੀ ਜਾਤਿ’ ਨੂੰ ਏਕੋ ਕਰਕੇ ਪਛਾਣਦਾ ਹੈ। ਅਜਿਹੇ ਸੰਸਾਰ ਵਿਚ ਰਹਿੰਦੇ ਵਿਅਕਤੀ ਇਕ-ਦੂਜੇ ਨਾਲ ਧੋਖਾ, ਫਰੇਬ ਜਾਂ ਬੇਈਮਾਨੀ ਨਹੀਂ ਕਰ ਸਕਦੇ। ਅਜਿਹੇ ਸੰਸਾਰ ਵਿਚ ਮਨੁੱਖ ਦਇਆ, ਮਿਠਾਸ, ਹਮਦਰਦੀ, ਸੇਵਾ-ਭਾਵਨਾ ਆਦਿ ਗੁਣਾਂ ਤੋਂ ਖਾਲੀ ਨਹੀਂ ਹੋ ਸਕਦੇ। ਇਸ ਤਰ੍ਹਾਂ ਸੰਸਾਰ ਵਿਚ ਰਾਜਨੀਤਿਕ, ਆਰਥਿਕ, ਸਮਾਜਿਕ, ਧਾਰਮਿਕ ਗੱਲ ਕੀ ਕਿਸੇ ਵੀ ਖੇਤਰ ਵਿਚ ਕਿਸੇ ਕਿਸਮ ਦਾ ਅਨਿਆਂ ਨਹੀਂ ਹੋ ਸਕਦਾ। ਅਜਿਹੇ ਸੰਸਾਰ ਵਿਚ ਹੁਕਮਰਾਨ ਜਾਂ ਰਾਜੇ ਵੀ ਸੱਚੇ-ਸੁੱਚੇ ਹੁੰਦੇ ਹਨ ਜਿਨ੍ਹਾਂ ਬਾਰੇ ਗੁਰਬਾਣੀ ਦਾ ਫ਼ਰਮਾਨ ਹੈ :
ਜਿਨੀ ਸਚੁ ਪਛਾਣਿਆ ਸਚੁ ਰਾਜੇ ਸੇਈ॥
ਏਹਿ ਭੂਪਤਿ ਰਾਜੇ ਨ ਆਖੀਅਹਿ ਦੂਜੈ ਭਾਇ ਦੁਖੁ ਹੋਈ॥ (ਪੰਨਾ 1088)
ਡਾਕਟਰ ਤਾਰਨ ਸਿੰਘ ਜੀ ਨੇ ਆਪਣੇ ਇਕ ਲੇਖ ਵਿਚ ਗੁਰਮਤਿ ਦੇ ਆਧਾਰ ਮੂਲ-ਮੰਤਰ ਦੀ ਵਿਆਖਿਆ ਕਰਦਿਆਂ ਮਾਨਵਤਾ ਅਤੇ ਸੰਸਾਰ ਦੇ ਪ੍ਰਸੰਗ ਵਿਚ ਮੂਲ-ਮੰਤਰ ’ਤੇ ਆਧਾਰਤ ਇਕ ਆਦਰਸ਼ਕ ਸੰਸਾਰ ਦੇ ਮੁੱਖ ਲੱਛਣ ਇਸ ਤਰ੍ਹਾਂ ਦੱਸੇ ਹਨ: ਏਕਤਾ (ਇਕ-ਓਅੰਕਾਰ), ਸੱਚਾਈ (ਸਤਿ ਨਾਮੁ), ਰਚਨਾ (ਕਰਤਾ ਪੁਰਖ), ਸਮਾਨਤਾ (ਨਿਰਭਉ ਨਿਰਵੈਰ), ਸੌਂਦਰਯ (ਅਕਾਲ ਮੂਰਤਿ), ਸੁਤੰਤਰਤਾ (ਅਜੂਨੀ ਸੈਭੰ) ਅਤੇ ਸ਼ਿਸ਼ਟਤਾ (ਗੁਰ ਪ੍ਰਸਾਦਿ)। ਇਉਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਨੁਸਾਰ ਸੰਸਾਰ ਦਾ ਵਧੀਆ ਆਦਰਸ਼ ਏਕਤਾ, ਸੱਚਾਈ, ਰਚਨਾਤਮਕਤਾ, ਸਮਾਨਤਾ, ਸੁੰਦਰਤਾ, ਸੁਤੰਤਰਤਾ ਅਤੇ ਸਭਿਅਤਾ ਦਾ ਪ੍ਰਤੀਕ ਹੈ। ਜੀਵਨ ਵਿਚ ਇਨ੍ਹਾਂ ਕਦਰਾਂ-ਕੀਮਤਾਂ ਅਤੇ ਸਦਗੁਣਾਂ ਦੀ ਕਮਾਈ ਹੀ ਮਨੁੱਖਾਂ ਦੇ ਆਦਰਸ਼ਕ ਸਮਾਜ ਦੀ ਨੀਂਹ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਸੀਮ ਵਿਸ਼ਾਲਤਾ ਭਰੀ ਸੋਚਣੀ ਦੀ ਲਖਾਇਕ ਹੈ। ਗੁਰਬਾਣੀ ਮਨੁੱਖਾਂ ਨੂੰ ਕਿਸੇ ਸੰਪਰਦਾ ਜਾਂ ਧੜੇ ਦੀ ਕੈਦ ਵਿਚ ਬੰਦ ਕਰਨ ਦੇ ਹੱਕ ਵਿਚ ਕਦੇ ਵੀ ਨਹੀਂ ਹੋ ਸਕਦੀ। ਆਪਣੇ ਘਰ, ਆਪਣੇ ਪਹਿਰਾਵੇ, ਆਪਣੀ ਬੋਲੀ, ਆਪਣੇ ਧਰਮ, ਆਪਣੇ ਦੇਸ਼ ਆਦਿ ਨੂੰ ਪਿਆਰ ਕਰਨ ਦਾ ਭਾਵ ਇਹ ਨਹੀਂ ਹੁੰਦਾ ਕਿ ਦੂਜਿਆਂ ਦੇ ਘਰ, ਪਹਿਰਾਵੇ, ਬੋਲੀ, ਧਰਮ, ਦੇਸ਼ ਆਦਿ ਨੂੰ ਨਫ਼ਰਤ ਕੀਤੀ ਜਾਵੇ। ਗੁਰਬਾਣੀ ਦਾ ਗੁਣਾਂ ਨਾਲ ਸਾਂਝ ਪਾਉਣ ਦਾ ਸੰਦੇਸ਼ ਦਿੰਦੀ ਹੈ:
ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ ॥ (ਪੰਨਾ 766)
ਗੁਰਮਤਿ ਦਾ ਅਧਿਆਤਮਕ ਅਨੁਭਵ ਏਕਤਾ ਦਾ ਅਨੁਭਵ ਹੋਣ ਕਰਕੇ ਮਾਨਵਤਾ ਦੀਆਂ ਸਾਂਝਾਂ ਨੂੰ ਅਤੇ ਮਨੁੱਖੀ ਏਕਤਾ ਨੂੰ ਹੋਰ ਮਜ਼ਬੂਤ ਕਰਨ ਦਾ ਇਕ ਪਰਪੱਕ ਮਾਰਗ ਹੈ। ਇਸ ਲਈ ਧਰਮ ਦੇ ਨਾਂ ’ਤੇ ਪਈਆਂ ਹੋਈਆਂ ਵੰਡੀਆਂ ਬੁਨਿਆਦੀ ਤੌਰ ’ਤੇ ਹੀ ਗ਼ਲਤ ਹਨ। ਪ੍ਰੋ. ਪੂਰਨ ਸਿੰਘ ਜੀ ਆਪਣੀ ਪੁਸਤਕ ‘The Spirit Born People’ ਦੇ ਪੰਨਾ 117 ’ਤੇ ਲਿਖਦੇ ਹਨ: ‘Man is one. There is no such things as Hindu or Sikh or Mohammedan or Christian, the eastern or the western. Man is man and man is one.’
ਪ੍ਰੋ. ਪੂਰਨ ਸਿੰਘ ਜੀ ਦੇ ਉਪਰੋਕਤ ਕਥਨ ਦਾ ਭਾਵ ਇਹ ਹੈ ਕਿ ਇਨਸਾਨੀਅਤ ਤੱਤ-ਰੂਪ ਵਿਚ ਇੱਕ ਹੈ। ਆਪ ਇਨ੍ਹਾਂ ਸ਼ਬਦਾਂ ਰਾਹੀਂ ‘ਅਨੇਕਤਾ ਵਿਚ ਏਕਤਾ’ਦਾ ਆਦਰਸ਼ ਪੇਸ਼ ਕਰਦੇ ਹਨ। ਬੇਸ਼ੱਕ ਮਨੁੱਖ ਬਾਹਰੋਂ ਰਹਿਣੀ-ਬਹਿਣੀ ਅਤੇ ਧਾਰਮਿਕ ਰਹੁਰੀਤਾਂ ਦੇ ਪੱਖ ਤੋਂ ਵੱਖ-ਵੱਖ ਨਜ਼ਰ ਆਉਂਦੇ ਹੋਣ ਪਰ ਉਨ੍ਹਾਂ ਵਿਚ ਇਕ ਸਾਂਝ ਮਨੁੱਖ ਹੋਣ ਦੀ ਏਨੀ ਵੱਡੀ ਹੈ ਕਿ ਇਸ ਤਰ੍ਹਾਂ ਸਮਝਣ ਨਾਲ ਸਾਰੇ ਸੰਸਾਰ ਦੇ ਮਨੁੱਖ ਇਕ ਸਮਾਨ ਅਤੇ ਇਕ ਹੀ ਨੂਰ ਤੋਂ ਪੈਦਾ ਹੋਏ ਪ੍ਰਤੀਤ ਹੁੰਦੇ ਹਨ। ਧਰਮ ਤਾਂ ਅਸਲ ਵਿਚ ਹੈ ਹੀ ਦਇਆ ਅਤੇ ਪ੍ਰੇਮ ਦਾ ਨਾਂ। ਧਰਮ ਮਨੁੱਖਾਂ ਨੂੰ ਆਪਸ ਵਿਚ ਅਤੇ ਆਤਮਾ ਤੇ ਪਰਮਾਤਮਾ ਨੂੰ ਆਪਸ ਵਿਚ ਜੋੜਨ ਦਾ ਨਾਂ ਹੈ। ਧਰਮ ਦੇ ਅਰਥ ਹੀ ਪਰਮਾਤਮਾ ਦੇ ਨਾਮ ਨੂੰ ਜਪਣਾ ਅਤੇ ਜੀਵਨ ਵਿਚ ਸ਼ੁੱਧ ਭਾਵ ਚੰਗੇ ਕਰਮ ਕਰਨੇ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਧਰਮ ਦੀ ਪਰਿਭਾਸ਼ਾ ਅਤੇ ਵਿਆਖਿਆ ਦਿੰਦੇ ਹੋਏ ਫ਼ਰਮਾਉਂਦੇ ਹਨ:
ਸਰਬ ਧਰਮ ਮਹਿ ਸ੍ਰੇਸਟ ਧਰਮੁ॥
ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥ (ਪੰਨਾ 266)
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਧਰਮ ਨੂੰ ਦਇਆ ਦਾ ਪੁੱਤਰ ਆਖਿਆ ਹੈ। ਆਪ ਫ਼ਰਮਾਉਂਦੇ ਹਨ:
ਧੌਲੁ ਧਰਮੁ ਦਇਆ ਕਾ ਪੂਤੁ॥ (ਪੰਨਾ 3)
ਇਸ ਲਈ ਸਪੱਸ਼ਟ ਹੈ ਕਿ ਦਇਆ, ਪ੍ਰੇਮ ਅਤੇ ਹਮਦਰਦੀ ਤੋਂ ਖਾਲੀ ਮਨੁੱਖ ਕਦੇ ਵੀ ਧਰਮ ਦਾ ਅਰਥ ਨਹੀਂ ਸਮਝ ਸਕਦਾ। ਨਫ਼ਰਤ ਜਾਂ ਭਿੰਨ-ਭੇਦ ਕਦੇ ਵੀ ਧਾਰਮਿਕ ਵਿਅਕਤੀ ਦੇ ਸੁਭਾਅ ਦਾ ਅੰਗ ਨਹੀਂ ਬਣ ਸਕਦੇ। ਵਿਸ਼ਵ-ਭਾਈਚਾਰੇ ਲਈ ਇਸ ਤੋਂ ਵੱਧ ਉੱਤਮ ਅਤੇ ਲਾਭਕਾਰੀ ਹੋਰ ਕਿਹੜਾ ਸੰਦੇਸ਼ ਹੋ ਸਕਦਾ ਹੈ? ਸ. ਰਣਬੀਰ ਸਿੰਘ ਆਪਣੀ ਪੁਸਤਕ ‘The Sikh Way of Life’ ਦੇ ਪੰਨਾ 14-15 ’ਤੇ ਬਹੁਤ ਸੁੰਦਰ ਲਿਖਦੇ ਹਨ: ‘According to Sikhism, the whole humanity is one family and every man must be honoured not in terms of his birth or his caste or his creed or colour but as a man.’
ਭਾਵ ਸਿੱਖ ਧਰਮ ਦੇ ਅਨੁਸਾਰ ਸਾਰੀ ਮਾਨਵਤਾ ਇਕ ਪਰਵਾਰ ਹੈ ਅਤੇ ਹਰ ਇਕ ਵਿਅਕਤੀ ਮਨੁੱਖ ਵਜੋਂ ਸਤਿਕਾਰਿਆ ਜਾਣਾ ਜ਼ਰੂਰੀ ਹੈ ਨਾ ਕਿ ਉਸ ਦੇ ਜਨਮ ਜਾਂ ਉਸ ਦੀ ਜਾਤ ਜਾਂ ਉਸ ਦੇ ਵਿਸ਼ਵਾਸ ਜਾਂ ਉਸ ਦੇ ਰੰਗ ਕਰਕੇ। ਜਾਤ-ਪਾਤ ਦੀ ਪ੍ਰਥਾ ਨੂੰ ਗੁਰਬਾਣੀ ਮੂਲੋਂ ਹੀ ਰੱਦ ਕਰਦੀ ਹੈ। ਪਵਿੱਤਰ ਫ਼ਰਮਾਨ ਹੈ:
ਜਾਤੀ ਦੈ ਕਿਆ ਹਥਿ ਸਚੁ ਪਰਖੀਐ॥ (ਪੰਨਾ 142)
ਏਕਤਾ ਅਤੇ ਸਾਂਝੀਵਾਲਤਾ ਦੇ ਸਹੀ ਅਰਥਾਂ ਨੂੰ ਸਮਝਣ ਲਈ ‘ਅਨੇਕਤਾ ਵਿਚ ਏਕਤਾ’ (Unity in Diversity) ਨੂੰ ਸਮਝਣ ਦੀ ਲੋੜ ਹੈ। ਇਹੀ ਸਿਧਾਂਤ, ਸਹਿਹੋਂਦ ਅਤੇ ਸਹਿਯੋਗ ਦਾ ਸਿਧਾਂਤ ਹੈ। ਸੰਸਾਰ ਵਿਚ ਪਸਰੀ ਬੋਲੀ, ਪਹਿਰਾਵੇ, ਰੰਗ ਅਤੇ ਸੁਭਾਅ ਆਦਿ ਦੀ ਅਨੇਕਤਾ ਨੂੰ ਗੁਰਬਾਣੀ ਪ੍ਰਵਾਨ ਕਰਦੀ ਹੈ। ਇਹ ਅਨੇਕਤਾ ਪ੍ਰਭੂ ਪ੍ਰਤੀ ਵਿਸਮਾਦ ਵਿਚ ਆਉਣ ਦਾ ਇਕ ਸਾਧਨ ਹੈ। ਅਨੇਕ ਪ੍ਰਕਾਰ ਦੇ ਜੀਵ, ਅਨੇਕ ਪ੍ਰਕਾਰ ਦੇ ਪੌਦੇ ਅਤੇ ਅਨੇਕ ਪ੍ਰਕਾਰ ਦੀਆਂ ਮਨੁੱਖੀ ਸ਼ਕਲਾਂ ਅਤੇ ਸੁਭਾਅ ਨਿਰਸੰਦੇਹ ਇਕ ਅਚੰਭਾ ਜਾਂ ਵਚਿੱਤਰਤਾ ਦੀ ਭਾਵਨਾ ਨੂੰ ਪੈਦਾ ਕਰਦੇ ਹਨ ਅਤੇ ਮਨੁੱਖੀ ਸੂਝ ਇਸ ਅਨੇਕਤਾ ਵਿਚ ਪਸਰੇ ਰਹੱਸ ਨੂੰ ਸਮਝਣ ਤੋਂ ਅਸਮਰੱਥ ਹੋ ਕੇ ‘ਵਾਹ ਵਾਹ’ ਕਰ ਉੱਠਦੀ ਹੈ। ਬਾਹਰੀ ਅਨੇਕਤਾ ਦੇ ਪ੍ਰਭਾਵ ਕਰਕੇ ਅੰਤਰੀਵੀ ਏਕਤਾ ਭੰਗ ਨਹੀਂ ਹੁੰਦੀ ਅਤੇ ਨਾ ਹੀ ਹੋਣੀ ਚਾਹੀਦੀ ਹੈ। ਬਾਹਰੀ ਅਨੇਕਤਾ ਅੰਤਿਮ ਸੱਚ ਨਹੀਂ ਹੈ। ਅੰਤਰੀਵੀ ਏਕਤਾ ਹੀ ਸਦੀਵੀ ਸੱਚ ਹੈ। ਗੁਰਬਾਣੀ ਅਨੁਸਾਰ ਸੰਸਾਰ ਵਿਚ ਦੋ ਪ੍ਰਕਾਰ ਦੇ ਮਨੁੱਖ ਹਨ: ਇਕ ਹਨ ਗੁਰਮੁਖ ਜੋ ਬਹੁਤ ਵਿਰਲੇ ਹਨ ਅਤੇ ਦੂਜੇ ਹਨ ਮਨਮੁਖ। ਖ਼ੂਬਸੂਰਤੀ ਦੀ ਗੱਲ ਇਹ ਹੈ ਕਿ ਇਹ ਵੰਡ ਸਦੀਵੀ ਜਾਂ ਸਥਿਰ ਨਹੀਂ ਹੈ। ਮਨਮੁਖ ਵਿਅਕਤੀ ਗੁਰਮੁਖ ਦੀ ਅਵਸਥਾ ਤਕ ਪਹੁੰਚ ਸਕਦੇ ਹਨ। ਇਹ ਵੰਡ ਕੇਵਲ ਮਾਨਸਿਕ ਅਤੇ ਆਤਮਿਕ ਪੱਧਰ ’ਤੇ ਹੈ ਅਤੇ ਮਨੁੱਖ-ਮਾਤਰ ਨੂੰ ਚੰਗੇ-ਬੁਰੇ ਦਾ ਅਹਿਸਾਸ ਕਰਾਉਣ ਲਈ ਹੀ ਕੀਤੀ ਗਈ ਹੈ। ਇਸ ਵੰਡ ਦਾ ਆਧਾਰ ਭਗਤੀ ਜਾਂ ਗੁਣ ਹਨ। ਇਸ ਤਰ੍ਹਾਂ ਇਹ ਵੰਡ ਬਾਕੀ ਹਰ ਕਿਸਮ ਦੇ ਭਿੰਨ-ਭੇਦ ਨੂੰ ਖ਼ਤਮ ਕਰ ਦਿੰਦੀ ਹੈ। ਮਜ਼ੇ ਦੀ ਗੱਲ ਇਹ ਹੈ ਕਿ ਗੁਰਮੁਖ ਪ੍ਰੇਮ-ਪਿਆਰ ਦਾ ਹੀ ਰੂਪ ਹੁੰਦੇ ਹਨ। ਉਹ ਮਨਮੁਖਾਂ ਨੂੰ ਵੀ ਪਰਾਇਆ ਨਹੀਂ ਸਮਝਦੇ। ਸਹੀ ਅਰਥਾਂ ਵਿਚ ਇਹ ਕੇਵਲ ਅਵਸਥਾਵਾਂ ਦੀ ਵਿਆਖਿਆ ਹੈ ਅਤੇ ਕਿਸੇ ਕਿਸਮ ਦੇ ਭਿੰਨ-ਭੇਦ ਦੀ ਇਸ ਵੰਡ ਵਿਚ ਕੋਈ ਥਾਂ ਨਹੀਂ ਹੈ। ਵਿਸ਼ਵ ਨੂੰ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭਾਈਚਾਰੇ ਦੇ ਸੰਦੇਸ਼ ਦੀ ਬੇਹੱਦ ਲੋੜ ਹੈ। ਵਿਸ਼ਵੀਕਰਨ ਦੇ ਇਸ ਯੁੱਗ ਵਿਚ ਸ਼ਾਂਤੀ, ਸਾਂਝ, ਸੱਚਾਈ, ਸਹਿਹੋਂਦ ਅਤੇ ਸੁਹਿਰਦਤਾ ਦੀ ਸੰਸਾਰ ਨੂੰ ਬੇਹੱਦ ਜ਼ਰੂਰਤ ਹੈ। ਡਾ. ਸੁਰਿੰਦਰ ਸਿੰਘ (ਕੋਹਲੀ) ਨੇ ਆਪਣੇ ਥੀਸਿਸ ‘ਏ ਕ੍ਰਿਟੀਕਲ ਸਟੱਡੀ ਆਫ ਆਦਿ ਗ੍ਰੰਥ’ ਵਿਚ ਲਿਖਿਆ ਹੈ: ‘The religion of Adi Granth is a Universal and Practical Religion… It is synthetic in char- acter. The world needs today its message of peace and love.’
ਭਾਵ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਾਰਗ ਸਰਬ-ਵਿਆਪੀ ਅਤੇ ਵਿਵਹਾਰਕ ਹੈ। ਇਹ ਸੁਭਾਅ ਵਜੋਂ ਸੰਸਲੇਸ਼ਣਾਤਮਕ ਹੈ। ਸੰਸਾਰ ਨੂੰ ਇਸ ਦੇ ਸ਼ਾਂਤੀ ਅਤੇ ਪਿਆਰ ਦੇ ਸੁਨੇਹੇ ਦੀ ਅੱਜ ਦੇ ਯੁੱਗ ਵਿਚ ਲੋੜ ਹੈ।) ਸੱਚਮੁਚ ਹੀ ਸੰਸਾਰ-ਅਮਨ ਵਾਸਤੇ ਅਤੇ ਸਾਰੇ ਸੰਸਾਰ ਦੇ ਕਲਿਆਣ ਵਾਸਤੇ, ਜਗਤ-ਜਲੰਦੇ ਨੂੰ ਠਾਰਨ ਅਤੇ ਤਾਰਨ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਦੇਸ਼ ਨੂੰ ਪ੍ਰਚਾਰਨ ਅਤੇ ਪ੍ਰਸਾਰਨ ਦੀ ਸਖ਼ਤ ਜ਼ਰੂਰਤ ਹੈ।
ਲੇਖਕ ਬਾਰੇ
36-ਬੀ, ਰਤਨ ਨਗਰ, ਪਟਿਆਲਾ
- ਸ. ਸੁਖਦੇਵ ਸਿੰਘ ਸ਼ਾਂਤhttps://sikharchives.org/kosh/author/%e0%a8%b8-%e0%a8%b8%e0%a9%81%e0%a8%96%e0%a8%a6%e0%a9%87%e0%a8%b5-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%82%e0%a8%a4/January 1, 2008
- ਸ. ਸੁਖਦੇਵ ਸਿੰਘ ਸ਼ਾਂਤhttps://sikharchives.org/kosh/author/%e0%a8%b8-%e0%a8%b8%e0%a9%81%e0%a8%96%e0%a8%a6%e0%a9%87%e0%a8%b5-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%82%e0%a8%a4/February 1, 2008
- ਸ. ਸੁਖਦੇਵ ਸਿੰਘ ਸ਼ਾਂਤhttps://sikharchives.org/kosh/author/%e0%a8%b8-%e0%a8%b8%e0%a9%81%e0%a8%96%e0%a8%a6%e0%a9%87%e0%a8%b5-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%82%e0%a8%a4/April 1, 2008
- ਸ. ਸੁਖਦੇਵ ਸਿੰਘ ਸ਼ਾਂਤhttps://sikharchives.org/kosh/author/%e0%a8%b8-%e0%a8%b8%e0%a9%81%e0%a8%96%e0%a8%a6%e0%a9%87%e0%a8%b5-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%82%e0%a8%a4/April 1, 2008
- ਸ. ਸੁਖਦੇਵ ਸਿੰਘ ਸ਼ਾਂਤhttps://sikharchives.org/kosh/author/%e0%a8%b8-%e0%a8%b8%e0%a9%81%e0%a8%96%e0%a8%a6%e0%a9%87%e0%a8%b5-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%82%e0%a8%a4/June 1, 2008
- ਸ. ਸੁਖਦੇਵ ਸਿੰਘ ਸ਼ਾਂਤhttps://sikharchives.org/kosh/author/%e0%a8%b8-%e0%a8%b8%e0%a9%81%e0%a8%96%e0%a8%a6%e0%a9%87%e0%a8%b5-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%82%e0%a8%a4/
- ਸ. ਸੁਖਦੇਵ ਸਿੰਘ ਸ਼ਾਂਤhttps://sikharchives.org/kosh/author/%e0%a8%b8-%e0%a8%b8%e0%a9%81%e0%a8%96%e0%a8%a6%e0%a9%87%e0%a8%b5-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%82%e0%a8%a4/August 1, 2008
- ਸ. ਸੁਖਦੇਵ ਸਿੰਘ ਸ਼ਾਂਤhttps://sikharchives.org/kosh/author/%e0%a8%b8-%e0%a8%b8%e0%a9%81%e0%a8%96%e0%a8%a6%e0%a9%87%e0%a8%b5-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%82%e0%a8%a4/September 1, 2008
- ਸ. ਸੁਖਦੇਵ ਸਿੰਘ ਸ਼ਾਂਤhttps://sikharchives.org/kosh/author/%e0%a8%b8-%e0%a8%b8%e0%a9%81%e0%a8%96%e0%a8%a6%e0%a9%87%e0%a8%b5-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%82%e0%a8%a4/October 1, 2008
- ਸ. ਸੁਖਦੇਵ ਸਿੰਘ ਸ਼ਾਂਤhttps://sikharchives.org/kosh/author/%e0%a8%b8-%e0%a8%b8%e0%a9%81%e0%a8%96%e0%a8%a6%e0%a9%87%e0%a8%b5-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%82%e0%a8%a4/November 1, 2008