ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਬਾਣੀ ਸੰਗੀਤ ਪ੍ਰਧਾਨ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੀ ਇਲਾਹੀ ਬਾਣੀ ਜਿਸ ਦੀ ਬਖਸ਼ਿਸ਼ ਉਨ੍ਹਾਂ ਨੂੰ ਧੁਰੋਂ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਹੋਈ ਸੀ, ਰਾਗਾਂ ਵਿਚ ਹੀ ਗਾਇਨ ਕੀਤੀ ਤੇ ਫਿਰ ਇਸੇ ਪਰੰਪਰਾ ਦਾ ਨਿਰਬਾਹ ਕਰਦੇ ਹੋਏ ਬਾਕੀ ਗੁਰੂ ਸਾਹਿਬਾਨ ਨੇ ਵੀ ਬਾਣੀ ਦੀ ਰਚਨਾ ਰਾਗਾਂ ਵਿਚ ਹੀ ਕੀਤੀ। ਗੁਰਬਾਣੀ ਅਕਾਲ ਪੁਰਖ ਦਾ ਸਿਮਰਨ ਹੈ। ਇਹ ਸਿਮਰਨ ਸੰਗੀਤ ਅਤੇ ਰਾਗ-ਨਾਦ ਨਾਲ ਜੋੜ ਕੇ ਕੀਤਾ ਗਿਆ ਹੈ। ਰਾਗ-ਨਾਦ ਦਾ ਸੰਬੰਧ ਆਤਮਾ ਨਾਲ ਹੁੰਦਾ ਹੈ। ਗੁਰੂ ਸਾਹਿਬਾਨ ਦਾ ਉਦੇਸ਼ ਮਨੁੱਖਤਾ ਦਾ ਆਤਮਿਕ ਵਿਕਾਸ ਸੀ, ਗੁਰਬਾਣੀ ਜੋ ਸ਼ਬਦ ਬ੍ਰਹਮ ਦਾ ਰੂਪ ਹੈ; ਇਸ ਸ਼ਬਦ ਨਾਲ ਸਾਧਾਰਨ ਤੋਂ ਸਾਧਾਰਨ ਮਨੁੱਖ ਦੀ ਵੀ ਸੁਰਤ ਸਰਲਤਾ ਨਾਲ ਜੁੜ ਸਕੇ; ਇਸ ਲਈ ਰਾਗ-ਨਾਦ ਦੀ ਸਿਰਜਨਾ ਕੀਤੀ ਗਈ ਹੈ। ਕਾਵਿਕ ਪੱਖੋਂ ਕਵਿਤਾ ਵਿਚ ਸੰਗੀਤ ਦੀ ਸਿਰਜਨਾ ਲਈ ਛੰਦ, ਅਲੰਕਾਰ, ਸ਼ੈਲੀ ਆਦਿ ਦੇ ਚਮਤਕਾਰ ਸਿਰਜੇ ਜਾਂਦੇ ਹਨ। ਸੰਗੀਤ ਦੀ ਸ੍ਰਿਸ਼ਟੀ ਲਈ ‘ਪਿੰਗਲ-ਸ਼ਾਸਤਰ’ ਦੇ ਅਨੁਸਾਰ ਛੰਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਗੁਰਦੇਵ ਸਾਹਿਬਾਨ ਦੀ ਇਹ ਅਤਿ ਵਿਸਮਾਦੀ ਰਸ ਭਰਪੂਰ ਬਾਣੀ ਜੋ ਮਨੁੱਖੀ ਆਤਮਾ ਨੂੰ ਸਹਜ ਅਨੰਦ, ਦਿੱਬ ਅਨੁਭਵਾਂ ਅਤੇ ਸਦੀਵੀ ਸੁਖਾਂ ਦੇ ਸ੍ਰੋਤ ਤਕ ਅਪੜਾਉਂਦੀ ਹੈ, ਸ਼ੈਲੀ ਛੰਦ ਅਲੰਕਾਰਾਂ ਦੇ ਚਮਤਕਾਰ ਦੀ ਮੁਥਾਜ ਨਹੀਂ ਹੈ। ਇਹ ਤੱਥ ਵੀ ਸਹੀ ਹੈ ਕਿ ਗੁਰਬਾਣੀ ਅੰਦਰ ਅਨੇਕਾਂ ਪ੍ਰਕਾਰ ਦੇ ਛੰਦਾਂ ਦੀ ਵਰਤੋਂ ਹੋਈ ਹੈ ਪਰ ਇਹ ਪਿੰਗਲ-ਸ਼ਾਸਤਰ ਦੇ ਹੂ-ਬ-ਹੂ ਨਿਯਮਾਂ ਵਿਚ ਬੱਝੀ ਹੋਈ ਨਹੀਂ ਹੈ।
ਭਾਈ ਕਾਨ੍ਹ ਸਿੰਘ ਨਾਭਾ ਸ਼੍ਰੋਮਣੀ ਵਿਦਵਾਨ ਦਾ ਸ੍ਰੇਸ਼ਟ ਗ੍ਰੰਥ ‘ਗੁਰੁ ਛੰਦ ਦਿਵਾਕਰ’ ਇਕ ਮਾਤਰ ਐਸੀ ਰਚਨਾ ਹੈ ਜਿਸ ਵਿੱਚੋਂ ਗੁਰਬਾਣੀ ਛੰਦਾਂ ਦਾ ਵਿਸਥਾਰ ਸਹਿਤ ਵਿਵੇਚਨ ਪ੍ਰਾਪਤ ਹੁੰਦਾ ਹੈ, ਸਪੱਸ਼ਟ ਕਰਦੇ ਹਨ ਕਿ ਗੁਰਬਾਣੀ ਛੰਦ-ਵਿਧਾਨ ਦੀ ਸੁਤੰਤਰ ਹੋਂਦ ਹੈ। ਇਸ ਦਾ ਅਨੰਦ ਰਸ ਮਾਣਨ ਲਈ ਕੁਝ ਵਿਸ਼ੇਸ਼ ਨੁਕਤਿਆਂ ਤੋਂ ਹੀ ਇਸ ਦਾ ਪਾਠ ਅਤੇ ਗਾਇਨ ਕੀਤਾ ਜਾਏਗਾ। ਗੁਰਬਾਣੀ ਗਾਇਨ ਅਤੇ ਕੀਰਤਨ ਦੇ ਮੰਤਵ ਨਾਲ ਹੀ ਰਚੀ ਗਈ ਹੈ, ਜਿਸ ਵਿਚ ਰਸ ਹੀ ਸਿਰਮੌਰ ਹੈ, ਛੰਦ-ਵਿਧਾਨ ਆਦਿ ਦੀ ਹਸਤੀ ਗੌਣ ਹੈ। ਮੁੱਖ ਗੱਲ ਇਹ ਹੈ ਕਿ ਵਿਅਕਤੀ ਦੇ ਮਨ ’ਤੇ ਗੁਰਬਾਣੀ ਦਾ ਸੁਖਦਾਈ ਪ੍ਰਭਾਵ ਪਵੇ, ਬਾਕੀ ਭਾਸ਼ਾ-ਬੋਲੀ, ਸ਼ੈਲੀ, ਛੰਦ, ਅਲੰਕਰਣ ਆਦਿ ਕਵਿਤਾ ਦੇ ਬਾਹਰੀ ਆਵਰਣ ਤਾਂ ਉਸ ਇਲਾਹੀ ਰਸ ਦੇ ਅਧੀਨ ਹਨ। ਇਹ ਮੁੱਖ ਨਹੀਂ।
ਵਿਦਵਾਨਾਂ ਨੇ ਛੰਦਾਂ ਦੇ ਕਈ ਪ੍ਰਕਾਰ ਦੱਸੇ ਹਨ। ਗੁਰਬਾਣੀ ਵਿਚ ਪਦ-ਕਾਵਯ ਦਾ ਨਾਮ ਹੀ ਛੰਦ ਦਿੱਤਾ ਗਿਆ ਹੈ। ਉਂਞ ਛੰਦ ਸਿਰਲੇਖ ਹੇਠ ਅਨੇਕ ਜਾਤੀਆਂ ਦੇ ਛੰਦ ਗੁਰਬਾਣੀ ਵਿਚ ਪ੍ਰਾਪਤ ਹੁੰਦੇ ਹਨ, ਪਰ ਸਿਰਲੇਖ ਕੇਵਲ ‘ਛੰਤ’ ਹੀ ਦਿੱਤਾ ਗਿਆ ਹੈ। ਛੰਦ ਦੋ ਪ੍ਰਕਾਰ ਦੇ ਮੰਨੇ ਗਏ ਹਨ- ਮਾਤ੍ਰਿਕ ਅਤੇ ਵਰਣਿਕ। ਮਾਤ੍ਰਿਕ ਛੰਦਾਂ ਵਿਚ ਮਾਤਰਾਂ ਦੀ ਗਿਣਤੀ ਹੁੰਦੀ ਹੈ, ਲਘੁ ਅਤੇ ਗੁਰੁ ਮਾਤਰਾਂ ਦਾ ਵਿਚਾਰ ਹੁੰਦਾ ਹੈ। ਲਘੁ ਦਾ ਚਿੰਨ੍ਹ ‘’ਿ, ਗੁਰੁ ਦਾ ਚਿੰਨ ‘ਸ’ ਹੈ। ਵਰਣਿਕ ਵਿਚ ਅੱਖਰਾਂ ਜਾਂ ਵਰਣਾਂ ਦੀ ਗਿਣਤੀ ਹੁੰਦੀ ਹੈ ਅਤੇ ਗਣਾਂ ਦੀ ਪਾਬੰਦੀ ਹੁੰਦੀ ਹੈ। ਪਦ-ਕਾਵਯ ਦੇ ਪਦੇ ਦੀਆਂ ਤੁਕਾਂ ਨੂੰ ਚਰਣ ਆਖਿਆ ਜਾਂਦਾ ਹੈ। ਇਸ ਹਿਸਾਬ ਨਾਲ ਪਦੇ ਦੇ ਤਿੰਨ ਰੂਪ ਦੱਸੇ ਗਏ ਹਨ- ਸਮ, ਅਰਧ-ਸਮ ਅਤੇ ਵਿਖਮ। ਜਿਸ ਪਦੇ ਦੇ ਚਾਰੇ ਵਰਣ (ਤੁਕਾਂ) ਇਕ ਸਮਾਨ ਹੋਣ ਉਹ ਸਮ, ਜਿਸ ਦਾ ਪਹਿਲਾ ਅਤੇ ਤੀਸਰਾ, ਦੂਸਰਾ ਅਤੇ ਚੌਥਾ ਚਰਣ ਸਮਾਨ ਹੋਵੇ ਉਹ ਅਰਧ-ਸਮ ਅਤੇ ਜਿਸ ਪਦੇ ਦੀਆਂ ਤੁਕਾਂ ਸਮਾਨ ਨਾ ਹੋਣ ਉਹ ਵਿਖਮ ਪਦ ਕਿਹਾ ਜਾਂਦਾ ਹੈ। ਗੁਰਬਾਣੀ ਵਿਚ ਤਿੰਨੋਂ ਪ੍ਰਕਾਰ ਦੇ ਸ਼ਬਦ (ਪਦੇ) ਪ੍ਰਾਪਤ ਹੁੰਦੇ ਹਨ। ਗੁਰਬਾਣੀ ਅੰਦਰ ਪਦਿਆਂ ਦੀਆਂ ਤੁਕਾਂ ਜੁਦਾ-ਜੁਦਾ ਹਨ। ਇਸ ਵਿਚ ਇਕ ਤੁਕ ਦੇ ਵੀ ਪਦੇ ਪ੍ਰਾਪਤ ਹਨ। ਇਸੇ ਵਿਚਾਰ ਅਨੁਸਾਰ ਗੁਰੂ ਸਾਹਿਬ ਨੇ ਸਿਰਲੇਖ ਦਿੱਤੇ ਹਨ ਇਕਪਦੇ, ਦੁਪਦੇ, ਤ੍ਰਿਪਦੇ, ਚਉਪਦੇ, ਪੰਚਪਦੇ, ਛਿਪਦੇ, ਅਸਟਪਦੀਆ ਅਤੇ ਸੋਲਹੇ। ਸਾਧਾਰਨ ਤੌਰ ’ਤੇ ਅਸਟਪਦੀ ਦੇ ਅੱਠ ਖੰਡ ਹੁੰਦੇ ਹਨ ਪਰ ਗੁਰਬਾਣੀ ਵਿਚ ਨੌਂ, ਦਸ ਤੇ ਇਸ ਤੋਂ ਵੀ ਵੱਧ ਮਿਲਦੇ ਹਨ। ਸ੍ਰੀ ਸੁਖਮਨੀ ਸਾਹਿਬ ਦੀਆਂ ਅਸਟਪਦੀਆਂ ਵਿਚ ਦਸ-ਦਸ ਖੰਡ ਵੀ ਹਨ। ਮਾਰੂ ਰਾਗ ਵਿਚ ਸੋਲ੍ਹਾਂ-ਸੋਲ੍ਹਾਂ ਖੰਡਾਂ ਦੇ ਸੋਲਹੇ ਅਤੇ ਵੀਹ-ਵੀਹ, ਬਾਈ-ਬਾਈ ਖੰਡਾਂ ਦੀਆਂ ਅਸਟਪਦੀਆਂ ਵੀ ਪ੍ਰਾਪਤ ਹਨ।
ਗੁਰਬਾਣੀ ਅੰਦਰ ਬੀਰ ਰਸੀ ਲੋਕ-ਗੀਤ ਸ਼ੈਲੀ ਦੀ ਤਰਜ਼ ਦੀਆਂ ਵਾਰਾਂ ਹਨ। ਕੁੱਲ ਵਾਰਾਂ 22 ਹਨ। ਇਹ ਬਾਣੀ ਪਉੜੀ ਅਤੇ ਸਲੋਕ ਛੰਦ ਸਿਰਲੇਖ ਹੇਠ ਹੈ। ਪਉੜੀ ਪਦੇ ਹਨ ਅਤੇ ਸਲੋਕ ਦੋਹਾ ਸੋਰਠਾ ਆਦਿ ਛੰਦ ਸ਼ੈਲੀ ਦੇ ਹਨ। ਵਾਰਾਂ ਵਿਚ ਪਉੜੀ ਦੀ ਸੰਖਿਆ ਵੱਖ-ਵੱਖ ਹੈ। ਇਸ ਦਾ 13 ਤੋਂ ਲੈ ਕੇ 36 ਤਕ ਦਾ ਵਿਸਥਾਰ ਹੈ। ਬਸੰਤ ਰਾਗ ਦੀ ਵਾਰ ਦੀਆਂ ਕੇਵਲ ਤਿੰਨ ਪਉੜੀਆਂ ਹਨ ਅਤੇ ਭਾਈ ਸਤਾ ਜੀ ਅਤੇ ਭਾਈ ਬਲਵੰਡ ਜੀ ਦੀ ਰਾਮਕਲੀ ਰਾਗ ਦੀ ਵਾਰ ਵਿਚ ਅੱਠ ਪਦੇ ਹਨ। ਇਸ ਨਾਲ ਸਲੋਕ ਨਹੀਂ ਹੈ। ਬਾਕੀ ਸਾਰੀਆਂ ਵਾਰਾਂ ਨਾਲ ਪਉੜੀ ਤੋਂ ਪਹਿਲਾਂ ਸਲੋਕ ਦਿੱਤੇ ਗਏ ਹਨ। ਪਉੜੀ ਦੀਆਂ ਤੁਕਾਂ ਦੀ ਵੀ ਸੰਖਿਆ ਵੱਖ-ਵੱਖ ਹੈ ਅਤੇ ਛੰਦ ਸਮ ਵੀ ਹੈ ਅਤੇ ਵਿਖਮ ਵੀ। ਸਲੋਕਾਂ ਦੀ ਸੰਖਿਆ ਵਿਚ ਵੀ ਫ਼ਰਕ ਹੈ, ਕਿਧਰੇ ਦੋ-ਤਿੰਨ ਵੀ ਹਨ। ਗਉੜੀ, ਜੈਤਸਰੀ ਅਤੇ ਬਸੰਤ ਰਾਗ ਦੀਆਂ ਵਾਰਾਂ ਦੀ ਹਰ ਪਉੜੀ ਦੇ ਪੰਜ ਚਰਣ ਹਨ। ਗੂਜਰੀ, ਰਾਮਕਲੀ ਅਤੇ ਮਾਰੂ ਰਾਗ ਦੀਆਂ ਵਾਰਾਂ ਦੀਆਂ ਪਉੜੀਆਂ ਦੇ ਅੱਠ-ਅੱਠ ਚਰਣ ਹਨ। ਕਈ ਪਉੜੀਆਂ ਦੇ ਪੰਜੇ ਚਰਣ ਤੁਕਾਂਤ ਹਨ, ਕਈ ਅੱਠ ਚਰਣਾਂ ਦੇ ਦੋ-ਦੋ ਦੇ ਤੁਕਾਂਤ ਮਿਲਦੇ ਹਨ। ਪਉੜੀ ਨਾਲ ਜੁੜੇ ਸਲੋਕ ਦੋਹਾ ਮਾਤ੍ਰਿਕ ਛੰਦ ਹਨ। ਇਸੇ ਛੰਦ ਦੀ ਵਰਤੋਂ ਗੁਰਬਾਣੀ ਅੰਦਰ ਸਭ ਤੋਂ ਵੱਧ ਹੋਈ ਹੈ। ਇਸ ਤੋਂ ਇਲਾਵਾ ਛੰਦ ਵੀ ਪ੍ਰਾਪਤ ਹਨ।
ਦੋਹਾ- ਦੋਹਾ ਮਾਤ੍ਰਿਕ ਛੰਦ ਹੈ, ਇਸ ਦੇ ਦੋ ਚਰਣ ਹੁੰਦੇ ਹਨ, ਪ੍ਰਤੀ ਚਰਣ 24 ਮਾਤਰਾਂ, ਪਹਿਲੇ ਪਾਦ ਵਿਚ 13 ਮਾਤਰਾਂ ’ਤੇ ਵਿਸਰਾਮ, ਅੰਤਲਾ ਅੱਖਰ ਲਘੁ। ਦੂਜੇ ਪਾਦ ਵਿਚ 11 ਮਾਤਰਾਂ ’ਤੇ ਵਿਸਰਾਮ ਅੰਤ ਗੁਰੁ। ਮਾਤਰਾਂ ਦੇ ਹੇਰ ਫੇਰ ਨਾਲ ਵਿਦਵਾਨਾਂ ਨੇ ਇਸ ਦੇ ਕਈ ਪ੍ਰਕਾਰ ਦੱਸੇ ਹਨ। ਗੁਰਬਾਣੀ ਅੰਦਰ ਵੀ ਇਸ ਦੇ ਕਈ ਪ੍ਰਕਾਰ ਪ੍ਰਾਪਤ ਹੁੰਦੇ ਹਨ। ਦੋਹੇ ਦਾ ਉਦਾਹਰਣ ਹੈ:
ਦੀਨ ਦਰਦ ਦੁਖ ਭੰਜਨਾ ਘਟਿ ਘਟਿ ਨਾਥ ਅਨਾਥ॥
ਸਰਣਿ ਤੁਮਾ੍ਰੀ ਆਇਓ ਨਾਨਕ ਕੇ ਪ੍ਰਭ ਸਾਥ॥ (ਪੰਨਾ 263-64)
ਸੋਰਠਾ- ਇਹ ਮਾਤ੍ਰਿਕ ਛੰਦ ਦੋ ਚਰਣ ਦਾ ਦੋਹੇ ਤੋਂ ਉਲਟ ਹੁੰਦਾ ਹੈ। 11-13 ਦੇ ਯੋਗ ਨਾਲ ਸੋਰਠਾ ਹੋ ਜਾਂਦਾ ਹੈ। ਪਹਿਲਾ ਵਿਸਰਾਮ 11 ਮਾਤਰਾਂ ’ਤੇ, ਦੂਜਾ 13 ’ਤੇ; ਕੁਲ 24 ਮਾਤਰਾਂ। ਪਹਿਲਾ ਵਿਸਰਾਮ ਲਘੁ ਅੱਖਰ ਤੇ ਅੰਤਲਾ ਗੁਰੁ। ਉਦਾਹਰਣ:
ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ॥
ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ॥ (ਪੰਨਾ 5)
ਚੌਪਈ- ਇਹ ਮਾਤ੍ਰਿਕ ਛੰਦ ਤੋਂ ਚਤੁਸ਼ਪਦੀ ਹੈ। ਇਸ ਦਾ ਲੱਛਣ ਹੈ ਕਿ ਇਹ ਚਾਰ ਚਰਣ ਅਤੇ 15 ਮਾਤਰਾਂ ਦਾ ਹੈ। ਪਹਿਲਾ ਵਿਸਰਾਮ 8 ਮਾਤਰਾਂ ’ਤੇ, ਦੂਜਾ 7 ਮਾਤਰਾਂ ’ਤੇ; ਅੰਤ ਗੁਰੁ ਲਘੁ। ਸੁਖਮਨੀ ਸਾਹਿਬ ਅਤੇ ਬਾਵਨ ਅਖਰੀ ਅਤੇ ਹੋਰ ਬਾਣੀਆਂ ਵਿਚ ਵੀ ਇਸ ਦੀ ਵਰਤੋਂ ਹੋਈ ਹੈ। ਇਸ ਦਾ ਦੂਜਾ ਨਾਮ ਜੈਕਰੀ ਛੰਦ ਵੀ ਹੈ। ਉਦਾਹਰਣ:
ਸਗਲ ਸ੍ਰਿਸਟਿ ਕੋ ਰਾਜਾ ਦੁਖੀਆ॥
ਹਰਿ ਕਾ ਨਾਮੁ ਜਪਤ ਹੋਇ ਸੁਖੀਆ॥ (ਪੰਨਾ 264)
ਸਵੈਯਾ- ਇਹ 32 ਮਾਤਰਾਂ ਦਾ ਛੰਦ ਹੈ ਅੰਤ ਦੋ ਗੁਰੁ ਹੁੰਦੇ ਹਨ। ਇਹ ਅਤਿ ਲੋਕਪ੍ਰਿਅ ਛੰਦ ਹੈ। ਇਹ ਮਾਤ੍ਰਿਕ ਅਤੇ ਵਰਣਿਕ ਦੋਨੋਂ ਪ੍ਰਕਾਰ ਦਾ ਹੁੰਦਾ ਹੈ। ਇਸ ਦੇ ਚਾਰੇ ਚਰਣਾਂ ਦੇ ਪਦਾਂਤ ਅਨੁਪ੍ਰਾਂਸ ਮਿਲਦੇ ਹਨ। ਵਰਣਿਕ ਸਵੈਯੇ ਦੇ ਚਾਰੇ ਚਰਣਾਂ ਦੇ ਅੰਤਯਾਨੁਪ੍ਰਾਂਸ ਸਮਾਨ ਹੁੰਦੇ ਹਨ ਜਿਸ ਕਰਕੇ ਸੰਗੀਤ ਦੀ ਸਿਰਜਨਾ ਹੁੰਦੀ ਹੈ। ਗੁਰਬਾਣੀ ਅੰਦਰ ਇਸ ਦੇ ਅਨੇਕ ਰੂਪ ਆਏ ਹਨ। ਇਕ ਉਦਾਹਰਣ:
ਭੁਜ ਬਲ ਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲੇਹੁ ਅੰਗੁਰੀਆ॥
ਸ੍ਰਵਨਿ ਨ ਸੁਰਤਿ ਨੈਨ ਸੁੰਦਰ ਨਹੀ ਆਰਤ ਦੁਆਰਿ ਰਟਤ ਪਿੰਗੁਰੀਆ॥
ਦੀਨਾ ਨਾਥ ਅਨਾਥ ਕਰੁਣਾ ਮੈ ਸਾਜਨ ਮੀਤ ਪਿਤਾ ਮਹਤਰੀਆ॥
ਚਰਨ ਕਵਲ ਹਿਰਦੈ ਗਹਿ ਨਾਨਕ ਭੈ ਸਾਗਰ ਸੰਤ ਪਾਰਿ ਉਤਰੀਆ॥ (ਪੰਨਾ 203)
ਝੂਲਨਾ (ਝੋਲਨਾ)- ਇਹ ਚਾਰ ਚਰਣ ਦਾ ਛੰਦ ਹੈ ਇਸ ਦੇ ਕਈ ਰੂਪ ਹਨ। ਪਹਿਲਾ ਰੂਪ ਹੈ ਹਰੇਕ ਚਰਣ ਵਿਚ ਅੱਠ ਯਗਣ। ਦੂਜਾ ਰੂਪ ਹੈ ਚਾਰ ਚਰਣ। ਪ੍ਰਤੀ ਚਰਣ ਸੱਤ ਸਗਣ ਅਤੇ ਅੰਤ ਯਗਣ। ਤੀਜੇ ਰੂਪ ਵਿਚ ਪ੍ਰਤੀ ਚਰਣ 37 ਮਾਤਰਾਂ; ਦਸ ਦਸ ’ਤੇ ਤਿੰਨ ਵਿਸਰਾਮ। ਅੰਤਲਾ ਵਿਸਰਾਮ 7 ਮਾਤਰਾਂ ’ਤੇ; ਅੰਤ ਯਗਣ (ਸਿਸ ਇਕ ਲਘੁ ਦੋ ਗੁਰੁ); ਉਦਾਹਰਣ:
ਹਲਤਿ ਸੁਖੁ ਪਲਤਿ ਸੁਖੁ ਨਿਤ ਸੁਖੁ ਸਿਮਰਨੋ ਨਾਮੁ ਗੋਬਿੰਦ ਕਾ ਸਦਾ ਲੀਜੈ॥
ਮਿਟਹਿ ਕਮਾਣੇ ਪਾਪ ਚਿਰਾਣੇ ਸਾਧਸੰਗਤਿ ਮਿਲਿ ਮੁਆ ਜੀਜੈ॥ (ਪੰਨਾ 683)
ਚੰਦ ਸਤ ਭੇਦਿਆ ਨਾਦ ਸਤ ਪੂਰਿਆ ਸੂਰ ਸਤ ਖੋੜਸਾ ਦਤੁ ਕੀਆ॥ (ਪੰਨਾ 1106)
ਭਾਈ ਕਾਨ੍ਹ ਸਿੰਘ ਨਾਭਾ ਦੱਸਦੇ ਹਨ ਕਿ ਝੂਲਨੇ ਦਾ ਚੌਥਾ ਰੂਪ ਝੋਲਨਾ ਹੈ ਜਿਸ ਦੇ ਪੰਜ ਪਦਾਂ ਵਿਚ 21,41,46,41 ਅਤੇ 41 ਦੇ ਕ੍ਰਮ ਨਾਲ ਮਾਤਰਾਂ ਹਨ। ਚਰਣ ਚਾਰ ਹੀ ਹੁੰਦੇ ਹਨ ਪਰ ਪਹਿਲਾ ਚਰਣ ਗਾਇਨ ਦੀ ਟੇਕ ਹੈ। ਭੱਟਾਂ ਦੇ ਸਵੱਈਆਂ ਵਿਚ ਇਸ ਦੀ ਭਰਪੂਰ ਵਰਤੋਂ ਹੋਈ ਹੈ:
ਗੁਰੂ ਗੁਰੁ ਗੁਰੂ ਗੁਰੁ ਗੁਰੂ ਜਪੁ ਪ੍ਰਾਨੀਅਹੁ॥
ਸਬਦੁ ਹਰਿ ਹਰਿ ਜਪੈ ਨਾਮੁ ਨਵ ਨਿਧਿ ਅਪੈ
ਰਸਨਿ ਅਹਿਨਿਸਿ ਰਸੈ ਸਤਿ ਕਰਿ ਜਾਨੀਅਹੁ॥ (ਪੰਨਾ 1400)
ਗੀਤਾ- ਚਾਰ ਚਰਣ ਦਾ ਮਾਤ੍ਰਿਕ ਛੰਦ ਹੈ। ਪ੍ਰਤੀ ਚਰਣ 26 ਮਾਤਰਾਂ। ਪਹਿਲਾ ਵਿਸਰਾਮ 14 ’ਤੇ, ਦੂਜਾ 12 ’ਤੇ; ਅੰਤ ਗੁਰੁ ਲਘੁ ਯਥਾ:
ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ॥
ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ॥ (ਪੰਨਾ 14)
ਗੀਤਾ ਦਾ ਦੂਜਾ ਰੂਪ 13,13 ਮਾਤਰਾਂ ’ਤੇ ਵਿਸਰਾਮ, ਅੰਤ ਗੁਰੁ ਲਘੁ ਦਾ ਹੈ। ਉਦਹਾਰਣ :
ਸੇਵੀ ਸਤਿਗੁਰੁ ਆਪਣਾ ਹਰਿ ਸਿਮਰੀ ਦਿਨ ਸਭਿ ਰੈਣ॥
ਆਪੁ ਤਿਆਗਿ ਸਰਣੀ ਪਵਾਂ ਮੁਖਿ ਬੋਲੀ ਮਿਠੜੇ ਵੈਣ॥ (ਪੰਨਾ 136)
ਉਲਾਲਾ- ਇਸ ਦਾ ਨਾਮ ਚੰਦਰਮਣੀ ਵੀ ਹੈ। ਇਹ ਚਾਰ ਚਰਣ ਦਾ ਮਾਤ੍ਰਿਕ ਛੰਦ ਹੈ। ਪ੍ਰਤੀ ਚਰਣ 13 ਮਾਤਰਾਂ ਪਹਿਲਾ ਵਿਸਰਾਮ 8 ’ਤੇ, ਦੂਜਾ 5 ’ਤੇ। ਗੁਰਬਾਣੀ ਅੰਦਰ ਇਸ ਦਾ ਸਿਰਲੇਖ ਸਲੋਕ ਹੀ ਦਿੱਤਾ ਗਿਆ ਹੈ:
ਸਿਦਕੁ ਸਬੂਰੀ ਸਾਦਿਕਾ ਸਬਰੁ ਤੋਸਾ ਮਲਾਇਕਾਂ॥
ਦੀਦਾਰੁ ਪੂਰੇ ਪਾਇਸਾ ਥਾਉ ਨਾਹੀ ਖਾਇਕਾ॥ (ਪੰਨਾ 83)
ਸੁਗੀਤਿਕਾ- ਚਾਰ ਚਰਣ ਦੇ ਇਸ ਛੰਦ ਦੇ ਪ੍ਰਤੀ ਚਰਣ 25 ਮਾਤਰਾਂ ਹਨ। ਪਹਿਲਾ ਵਿਸਰਾਮ 15 ’ਤੇ, ਦੂਜਾ 10 ’ਤੇ, ਅੰਤ ਦੋ ਗੁਰੁ। ਉਦਾਹਰਣ :
ਹਰਿ ਅੰਮ੍ਰਿਤ ਭਿੰਨੇ ਲੋਇਣਾ ਮਨੁ ਪ੍ਰੇਮਿ ਰਤੰਨਾ ਰਾਮ ਰਾਜੇ॥
ਮਨੁ ਰਾਮਿ ਕਸਵਟੀ ਲਾਇਆ ਕੰਚਨੁ ਸੋਵਿੰਨਾ॥ (ਪੰਨਾ 448)
ਤੂ ਕਰਤਾ ਆਪਿ ਅਭੁਲੁ ਹੈ ਭੁਲਣ ਵਿਚਿ ਨਾਹੀ॥
ਤੂ ਕਰਹਿ ਸੁ ਸਚੇ ਭਲਾ ਹੈ ਗੁਰ ਸਬਦਿ ਬੁਝਾਹੀ॥ (ਪੰਨਾ 301)
ਗੁਰਬਾਣੀ ਅੰਦਰ ਛੇ ਚਰਣਾਂ ਦੇ ਪਦਕਾਵਯ ਪ੍ਰਾਪਤ ਹਨ, ਜੋ ਛਪੈ ਛੰਦ ਦੀ ਚਾਲ ਦੇ ਹਨ। ਇਸ ਨੂੰ ਕੁੰਡਲਿਨੀ ਅਤੇ ਖਟਪਦ ਵੀ ਕਿਹਾ ਗਿਆ ਹੈ। ਇਸ ਛੰਦ ਦੇ ਲਘੁ ਗੁਰੁ ਮਾਤਰਾਂ ਭੇਦ ਨਾਲ ਕਵੀਆਂ ਨੇ ਉਲਾਲਾ, ਰੋਲਹੰਸਾ ਆਦਿ ਅਨੇਕ ਨਾਮ ਦਿੱਤੇ ਹਨ। ‘ਗੁਰ ਛੰਦ ਦਿਵਾਕਰ’ ਵਿਚ ਇਨ੍ਹਾਂ ਦਾ ਵਿਸਥਾਰ ਸਹਿਤ ਵਰਣਨ ਹੈ। ਇਕ ਉਦਾਹਰਣ ਛਪੈ ਛੰਦ ਦਾ:
ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ॥
ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ॥(ਪੰਨਾ 783)
ਪੰਜਾਬੀ ਦਾ ਪ੍ਰਸਿੱਧ ਛੰਦ ਸਿਰਖੰਡੀ ਵੀ ਪ੍ਰਾਪਤ ਹੁੰਦਾ ਹੈ। ਇਸ ਵਿਚ ਅੰਨਤਯਾਨੁਪ੍ਰਾਂਸ ਦੀ ਬੰਦਿਸ਼ ਹੈ, ਅੰਤਲੀ ਤੁਕਾਂ ਦੇ ਮੇਲ ਦੀ ਬੰਦਿਸ਼ ਹੈ ਨਾ ਹੀ ਪ੍ਰਤੀ ਚਰਣ ਮਾਤਰਾਂ ਜਾਂ ਅੱਖਰਾਂ ਦੀ ਗਿਣਤੀ ਕੀਤੀ ਜਾਂਦੀ ਹੈ। ਇਹ ਅੰਗਰੇਜ਼ੀ ਦੇ ਬਲੈਂਕ ਵਰਸ (Blank verse) ਅਤੇ ਰਾਜਸਥਾਨ ਦੇ ਨਿਸਾਨੀ (ਜੰਗ ਵਿਚ ਨਗਾਰੇ ਦੀ ਚਾਲ ’ਤੇ ਚੱਲਣ ਵਾਲਾ) ਛੰਦ ਦੀ ਤਰ੍ਹਾਂ ਹੈ। ਉਦਾਹਰਣ :
ਰੂੜੋ ਮਨੁ ਹਰਿ ਰੰਗੋ ਲੋੜੈ॥
ਗਾਲੀ ਹਰਿ ਨੀਹੁ ਨ ਹੋਇ॥ ਰਹਾਉ॥
ਹਉ ਢੂਢੇਦੀ ਦਰਸਨ ਕਾਰਣਿ ਬੀਥੀ ਬੀਥੀ ਪੇਖਾ॥
ਗੁਰ ਮਿਲਿ ਭਰਮੁ ਗਵਾਇਆ ਹੇ॥ (ਪੰਨਾ 715)
ਮੱਧਕਾਲੀਨ ਭਗਤੀ ਸਾਹਿਤ ਦੀ ਗਾਇਨ-ਸ਼ੈਲੀ ਵਿਚ ਪ੍ਰਚੱਲਤ ਵਿਸ਼ਣੂਪਦੇ ਦਾ ਰੂਪ ਵੀ ਗੁਰਬਾਣੀ ਵਿਚ ਪ੍ਰਾਪਤ ਹੁੰਦਾ ਹੈ। ਇਸ ਛੰਦ ਦੇ ਸਾਰੇ ਚਰਣ ਇੱਕੋ ਜਿਹੇ ਨਹੀਂ ਹੁੰਦੇ ਜਿਵੇਂ ਕਿ:
ਜਨ ਕੀ ਪੈਜ ਸਵਾਰੀ ਆਪ॥
ਹਰਿ ਹਰਿ ਨਾਮੁ ਦੀਓ ਗੁਰਿ ਅਵਖਧੁ ਉਤਰਿ ਗਇਓ ਸਭੁ ਤਾਪ॥1॥ ਰਹਾਉ॥
ਹਰਿਗੋਬਿੰਦੁ ਰਖਿਓ ਪਰਮੇਸਰਿ ਅਪੁਨੀ ਕਿਰਪਾ ਧਾਰਿ॥
ਮਿਟੀ ਬਿਆਧਿ ਸਰਬ ਸੁਖ ਹੋਏ ਹਰਿ ਗੁਣ ਸਦਾ ਬੀਚਾਰਿ॥ (ਪੰਨਾ 500)
ਇਨ੍ਹਾਂ ਉਦਾਹਰਣਾਂ ਤੋਂ ਇਲਾਵਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਅਨੇਕ ਪ੍ਰਕਾਰ ਦੇ ਛੰਦ ਪ੍ਰਾਪਤ ਹੁੰਦੇ ਹਨ, ਪਰ ਜਿਸ ਤਰ੍ਹਾਂ ਪਹਿਲਾਂ ਹੀ ਸਪੱਸ਼ਟ ਕੀਤਾ ਹੈ ਕਿ ਗੁਰੂ ਸਾਹਿਬਾਨ, ਦਿੱਬ ਜੋਤੀਆਂ ਦਾ, ਬਾਣੀ ਸਿਰਜਣ ਦਾ ਮੰਤਵ ਕਾਵਿ ਸਾਹਿਤ ਦਾ ਚਮਤਕਾਰ ਪ੍ਰਦਰਸ਼ਨ ਨਹੀਂ ਰਿਹਾ। ਗੁਰੂ ਸਾਹਿਬਾਨ ਸ਼ਬਦ ਰੂਪ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਨਾਲ ਇਕਰੂਪ ਹੋਏ ਹਨ, ਜਿਸ ਦੇ ਮਿੱਠੇ ਫਲ ਵਜੋਂ ਡੂੰਘੀ ਸੁਰਤ ਦੀ ਅਵਸਥਾ ਵਿਚ ਅਕਾਲ ਪੁਰਖ ਜੀ ਤੋਂ ਜੋ ਫੁਰਨੇ ਪ੍ਰਾਪਤ ਹੋਏ ਹਨ,ਪ੍ਰੇਮ ਦੀ ਬਖਸ਼ਿਸ਼ ਹੋਈ ਹੈ, ਉਹੀ ਪ੍ਰੇਮਪੂਰਤ ਮਿੱਠੇ ਰਸਭਿੰਨੇ ਅਨੁਭਵ ਉਨ੍ਹਾਂ ਬਾਣੀ ਦੁਆਰਾ ਪ੍ਰਗਟ ਕਰ ਕੇ ਆਪ ਸੜਦੀ-ਤਪਦੀ-ਜਲਦੀ, ਦੁਖੀ, ਅਸ਼ਾਂਤ ਲੋਕਾਈ ਵਿਚ ਖੁਲ੍ਹਦਿਲੀ ਨਾਲ ਵੰਡੇ ਹਨ। ਸਹਜ ਪ੍ਰੇਮ ਅਵਸਥਾ ਤੋਂ ਉਤਪੰਨ ਬਾਣੀ ਦੇ ਪਦਕਾਵਯ ਤੋਂ ਕਲਾਤਮਕਤਾ ਸੁਤੇਸਿਧ ਨਿਖਰਦੀ ਗਈ ਹੈ, ਜਿਸ ਤੋਂ ਰਸ ਅਨੰਦ ਦੀ ਦਿੱਬ ਧਾਰਾ ਨਿਰੰਤਰ ਪ੍ਰਵਾਹਮਾਨ ਹੋ ਰਹੀ ਹੈ। ਇਕ-ਦੋ ਉਦਾਹਰਣ ਹੋਰ ਵੇਖੀਏ ਕਿ ਕਿਵੇਂ ਇਹ ਮਧੁਰ ਬੋਲ ਸਰੋਤਾ ਜਾਂ ਪਾਠਕ ਨੂੰ ਰਸ ਵਿਚ ਗੜੂੰਦ ਕਰ ਅਦੁੱਤੀ ਵਿਸਮਾਦ ਦੀ ਸਿਰਜਨਾ ਕਰਦੇ ਹਨ:
ਸੋਹਿਅੜੇ ਸੋਹਿਅੜੇ ਮੇਰੇ ਬੰਕ ਦੁਆਰੇ ਰਾਮ॥
ਪਾਹੁਨੜੇ ਪਾਹੁਨੜੇ ਮੇਰੇ ਸੰਤ ਪਿਆਰੇ ਰਾਮ॥ (ਪੰਨਾ 452)
ਚਾਖੜਿਆ-ਚਾਖੜਿਆ, ਪਾਹੁਨੜੇ-ਪਾਹੁਨੜੇ, ਸੋਹਿਅੜੇ-ਸੋਹਿਅੜੇ ਸ਼ਬਦਾਂ ਵਿਚ ਸਹਜ ਮਿਠਾਸ ਅਤੇ ਸੰਗੀਤਾਤਮਕਤਾ ਹੈ:
ਸੁਣਿ ਯਾਰ ਹਮਾਰੇ ਸਜਣ ਇਕ ਕਰਉ ਬੇਨੰਤੀਆ॥
ਤਿਸੁ ਮੋਹਨ ਲਾਲ ਪਿਆਰੇ ਹਉ ਫਿਰਉ ਖੋਜੰਤੀਆ॥
ਤਿਸੁ ਦਸਿ ਪਿਆਰੇ ਸਿਰੁ ਧਰੀ ਉਤਾਰੇ ਇਕ ਭੋਰੀ ਦਰਸਨੁ ਦੀਜੈ॥
ਨੈਨ ਹਮਾਰੇ ਪ੍ਰਿਅ ਰੰਗ ਰੰਗਾਰੇ ਇਕੁ ਤਿਲੁ ਭੀ ਨਾ ਧੀਰੀਜੈ॥
ਪ੍ਰਭ ਸਿਉ ਮਨੁ ਲੀਨਾ ਜਿਉ ਜਲ ਮੀਨਾ ਚਾਤ੍ਰਿਕ ਜਿਵੈ ਤਿਸੰਤੀਆ॥
ਜਨ ਨਾਨਕ ਗੁਰੁ ਪੂਰਾ ਪਾਇਆ ਸਗਲੀ ਤਿਖਾ ਬੁਝੰਤੀਆ॥ (ਪੰਨਾ 703)
ਮਿਥਨ ਮੋਹਰੀਆ॥
ਅਨ ਕਉ ਮੇਰੀਆ॥
ਵਿਚਿ ਘੂਮਨ ਘਿਰੀਆ॥2॥
ਸਗਲ ਬਟਰੀਆ॥
ਬਿਰਖ ਇਕ ਤਰੀਆ॥
ਬਹੁ ਬੰਧਹਿ ਪਰੀਆ॥3॥
ਥਿਰੁ ਸਾਧ ਸਫਰੀਆ॥
ਜਹ ਕੀਰਤਨੁ ਹਰੀਆ॥
ਨਾਨਕ ਸਰਨਰੀਆ॥4॥ (ਪੰਨਾ 537)
ਇਨ੍ਹਾਂ ਸ਼ਬਦਾਂ ਵਿਚ ਬਿਨੰਤੀਆ, ਖੋਜੰਤੀਆ, ਤਿਸੰਗਤੀਆ, ਮੋਹਰੀਆ, ਬਟਰੀਆ, ਸਫਰੀਆ, ਸਰਨਰੀਆ ਆਦਿ ਨਾਲ ਵਾਧੂ ਮਾਤਰਾਂ ਜੋੜ ਕੇ ਰਸ ਦੀ ਸਿਰਜਨਾ ਕੀਤੀ ਗਈ ਹੈ। ਛੰਦਾਂ ਦੇ ਨਿਯਮਾਂ-ਮਾਤਰਾਂ ਦੇ ਬੰਧਨਾਂ ਵਿਚ ਜਕੜੀ ਰਚਨਾ ਇਸ ਪ੍ਰਕਾਰ ਦਾ ਆਨੰਦ ਨਹੀਂ ਦੇ ਸਕਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਕਾਵਿ-ਸ਼ਾਸਤਰ ਇਕ ਨਿਰਾਲਾ, ਅਨੋਖਾ ਅਤੇ ਵਿਲੱਖਣ ਹੈ। ਗੁਰੁ ਸਾਹਿਬਾਨ ਦਾ ਤਾਂ ਛੰਦ-ਵਿਧਾਨ ਦਾ ਮਕਸਦ ਹੀ ਰਿਹਾ ਹੈ:
ਛਾਤੀ ਸੀਤਲ ਮਨੁ ਸੁਖੀ ਛੰਤ ਗੋਬਿਦ ਗੁਨ ਗਾਇ॥
ਐਸੀ ਕਿਰਪਾ ਕਰਹੁ ਪ੍ਰਭ ਨਾਨਕ ਦਾਸ ਦਸਾਇ॥ (ਪੰਨਾ 254)
ਛਾਤੀ ਸੀਤਲ ਮਨਸੁਖੀ ਦੇ ਉਦੇਸ਼ ਨਾਲ ਰਚੇ ਛੰਤ ਗੋਬਿੰਦ ਪ੍ਰਭੂ ਦਾ ਗੁਣ ਗਾਇਨ ਕਰਦੇ, ਮਨੁੱਖਤਾ ਦੇ ਸਦੀਵੀ ਸੁਖਾਂ ਦਾ ਸ੍ਰੋਤ ਹਨ।
ਲੇਖਕ ਬਾਰੇ
# 1801-ਸੀ, ਮਿਸ਼ਨ ਕੰਪਾਊਂਡ, ਨਿਕਟ ਸੇਂਟ ਮੇਰੀਜ਼ ਅਕਾਡਮੀ, ਸਹਾਰਨਪੁਰ
- ਡਾ. ਜਗਜੀਤ ਕੌਰhttps://sikharchives.org/kosh/author/%e0%a8%a1%e0%a8%be-%e0%a8%9c%e0%a8%97%e0%a8%9c%e0%a9%80%e0%a8%a4-%e0%a8%95%e0%a9%8c%e0%a8%b0/August 1, 2007
- ਡਾ. ਜਗਜੀਤ ਕੌਰhttps://sikharchives.org/kosh/author/%e0%a8%a1%e0%a8%be-%e0%a8%9c%e0%a8%97%e0%a8%9c%e0%a9%80%e0%a8%a4-%e0%a8%95%e0%a9%8c%e0%a8%b0/January 1, 2008