ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰਾਗਾਂ ਦੀ ਅਜਿਹੀ ਤਰਤੀਬ ਰੱਖੀ ਹੈ ਕਿ ਆਤਿਮਕ ਜਗਤ ਦਾ ਢੁੰਡਾਊ ਜੀਵ ਰਾਗਾਂ ਵਿੱਚੋਂ ਦੀ ਲੰਘਦਾ ਤੇ ਵਿਚਰਦਾ ਸਫ਼ਲਤਾ ਦੀ ਪੌੜੀ ਚੜ੍ਹ ਜਾਂਦਾ ਹੈ। ਨਿਰੋਲ ਨਵੀਨ ਰਾਗ ਪ੍ਰਣਾਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੈ। ਇਸ ਪ੍ਰਣਾਲੀ ਦਾ ਕੋਈ ਸੰਬੰਧ ਕਿਸੇ ਸ਼ਾਸਤਰੀ, ਵੈਸ਼ਨਵ, ਭਾਰਤੀ ਜਾਂ ਇਸਲਾਮੀ ਪ੍ਰਥਾ ਨਾਲ ਨਹੀਂ। ਸਿਰਫ਼ ਇਹ ਜਾਣਨ ਤੇ ਸਮਝਣ ਨਾਲ ਹੈ ਕਿ ਪਹਿਲਾ ਰਾਗ ਸਿਰੀ ਰਾਗੁ ਕਿਉਂ ਹੈ ਅਤੇ ਅੰਤਲਾ ਰਾਗ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪ੍ਰਭਾਤੀ ਕਿਉਂ ਰੱਖਿਆ? ਨਿਰੋਲ ਨਵੀਨਤਾ ਦਾ ਪਤਾ ਲੱਗ ਜਾਏਗਾ। ‘ਪ੍ਰਥਮ ਰਾਗ ਭੈਰਉ ਵੈ ਕਰਹੀ’ ਦਾ ਆਦੇਸ਼ ਰਾਗਮਾਲਾ ਵਿਚ ਹੈ ਪਰ ਇਥੇ ਪਹਿਲ ‘ਸਿਰੀ’ ਨੂੰ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਤਲਾ ਰਾਗ ਪ੍ਰਭਾਤੀ ਰੱਖਿਆ ਸੀ।
1. ਰਾਗ ਸਿਰੀ-
ਸਿਰੀ ਰਾਗ ਸ਼ਾਮ ਦਾ ਰਾਗ ਹੈ। ਸਿਰੀ ਦਾ ਰੂਪ ਇਹ ਦੱਸਿਆ ਗਿਆ ਹੈ ਕਿ ਗਹਿਣਿਆਂ ਨਾਲ ਲੱਦੀ ਖ਼ੂਬਸੂਰਤ ਇਸਤਰੀ ‘ਸੁ ਤ੍ਰਯ ਭੂਖਨ ਅੰਗ ਸੁਭ।’ ਫਿਰ ਸਿਰੀ ਬਾਰੇ ਇਹ ਵੀ ਪ੍ਰਚਲਤ ਹੈ ਅਤੇ ਗਰਮੀ ਤੇ ਅਤਿ ਸਰਦੀ ਵਿਚ ਗਾਇਆ ਜਾਂਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਇਹ ਆਵਾਜ਼ ਦੇ ਰਹੇ ਹਨ ਕਿ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਆਏ, ਗੁਣਾਂ ਦੀ ਸ਼ਾਮ ਪੈ ਗਈ ਸੀ। ਲੰਮੀ ਰਾਤ ਅੱਗੋਂ ਦਿੱਸ ਰਹੀ ਸੀ। ਹੱਥ ਨੂੰ ਹੱਥ ਸੁਝਾਈ ਨਹੀਂ ਸੀ ਦਿੰਦਾ। ਨਾ ਕੋਈ ਦੀਵਾ ਤੇ ਨਾ ਹੀ ਕੋਈ ਰਾਹ ਦਾ ਚਾਨਣ ਟੁਰਨ ਲੱਗਿਆਂ, ਕਿਉਂਕਿ ਦੀਵਾ ਨਹੀਂ ਬਾਲਿਆ। ਦੀਵਾ ਨਹੀਂ ਬਲਦਾ ਬਗੈਰ ਤੇਲ ਦੇ ਅਤੇ ਲਾਟ ਨਹੀਂ ਨਿਕਲਦੀ ਬਗੈਰ ਵੱਟੀ ਤੋਂ। ਭਉ ਦੀ ਵੱਟੀ, ਸ਼ਬਦ ਰੂਪੀ ਤੇਲ ਅਤੇ ਸੱਚ ਦੀ ਤੀਲ੍ਹੀ ਬਾਲਿਆਂ ਰਾਹ ਰੋਸ਼ਨ ਹੋ ਜਾਂਦਾ ਹੈ। ਲੰਮੀ ਉਮਰ ਰੂਪੀ ਰਾਤ ਵਿਚ ਜੋ-ਜੋ ਵੀ ਜਗਿਆਸੂ ਨਾਲ ਬੀਤਣੀ ਹੈ, ਉਸ ਨੂੰ ਰਾਗਾਂ ਦੀ ਨਿਰਾਲੀ ਤਰਤੀਬ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਸਾ ਦਿੱਤਾ ਹੈ।
ਸਿਰੀ ਰਾਗ ਵਿਚ ਮੁੜ ਸੁਰਜੀਤੀ ਦਾ ਵੀ ਰਾਗ ਹੈ। ਇਨਕਲਾਬ ਦਾ ਸੂਚਕ ਹੈ। ਮੁਰਦਿਆਂ ਨੂੰ ਜੀਵਾਲਣ ਵਾਲੀ ਸ਼ਕਤੀ, ਕਹਿੰਦੇ ਹਨ, ਇਸ ਰਾਗ ਵਿਚ ਹੈ। ਬਾਣੀ ਪੜ੍ਹਦਿਆਂ ਮੇਰਾ ਯਕੀਨ ਹੁੰਦਾ ਹੈ ਕਿ ਜੇਕਰ ਕਿਸੇ ਸ਼ਬਦ ਦੇ ਭਾਵ ਦਾ ਪਤਾ ਵੀ ਨਾ ਲੱਗੇ ਤਾਂ ਕੇਵਲ ਇਹ ਮਾਲੂਮ ਹੋ ਜਾਣ ’ਤੇ ਕਿ ਕਿਸੇ ਰਾਗ ਦਾ ਸ਼ਬਦ ਹੈ ਤਾਂ ਭਾਵ-ਅਰਥ ਪ੍ਰਗਟ ਹੋ ਜਾਵੇਗਾ ਕਿਉਂਕਿ ਰਾਗ ਦਾ ਅਰਥ ਵੀ ਇਹ ਹੈ, ਜੋ ਮਨ ਨੂੰ ਕਿਸੇ ਭਾਵ ਵਿਚ ਲਿਜਾ ਕੇ ਰੰਗ ਦੇਵੇ। ਹੋਰ, ਹਰ ਰਾਗ ਦਾ ਸੁਭਾਗ, ਰਾਗ ਦੇ ਪਹਿਲੇ ਸ਼ਬਦ ਵਿਚ ਹੈ ਜੋ ਰਾਗ ਦਾ ਸਰੂਪ ਸੰਗੀਤ-ਵੇਤਿਆਂ ਨੇ ਮਿਥਿਆ, ਉਸ ਨੂੰ ਸ਼ਬਦ ਵਿੱਚੋਂ ਦੀ ਢੂੰਡਿਆਂ ਜਾ ਸਕਦਾ ਹੈ। ਜ਼ਰਾ ਗਹੁ ਨਾਲ ਦੇਖਿਆਂ ਇਹ ਰਹੱਸ ਖੁੱਲ੍ਹਣਾ ਅਰੰਭ ਹੋ ਜਾਏਗਾ।
2. ਰਾਗ ਮਾਝ-
ਮਾਝ ਵਿੱਚੋਂ ਲੰਘਦੀ ਆਤਮਾ ਹੂਕ ਕੱਢਦੀ ਹੈ। ਹੇਕ ਲਗਾਉਂਦੀ ਉੱਚੀ ਬੋਲਦੀ ਹੈ। ਵਿਛੋੜੇ ਦੀ ਕਸਕ ਮਹਿਸੂਸ ਕਰਦੀ ਹੈ। ਕਿਰਪਾ ਦੀ ਯਾਦ ਹਿਰਦੇ ਵਿਚ ਕਰਦੀ ਹੈ। ਮਾਝ ਨਿਰੋਲ ਪੰਜਾਬੀ ਰਾਗ ਹੈ। ਮਾਝਾ ਨਿਰੋਲ ਪੰਜਾਬੀ ਲੋਕ-ਕਾਵਿ ਹੈ। ਇਸੇ ਹੀ ਇਲਾਕੇ ਵਿਚ ਮਾਝਾਂ ਉੱਚੀ ਹੇਕ ਕੱਢ ਕੇ ਹੱਥ, ਕੰਨ ’ਤੇ ਧਰ ਕੇ ਗਾਈਆਂ ਜਾਂਦੀਆਂ ਹਨ। ਫਿਰ ਇਹ ਵੀ ਵੇਖਣ ਵਾਲੀ ਗੱਲ ਹੈ ਕਿ ਮਾਝ ਵਿਚ ਭਗਤਾਂ ਦੀ ਬਾਣੀ ਨਹੀਂ ਹੈ। ਬਾਰਹਮਾਹ ਵੀ ਉਸ ਵਿਚ ਹੈ। ਜਿਵੇਂ ਜ਼ਿਮੀਂਦਾਰ ਮੀਂਹ ਦੀ ਉਡੀਕ ਕਰਦਾ ਹੈ, ਤਿਵੇਂ ਜਗਿਆਸੂ ਉਸ ਦੇ ਦੀਦਾਰ ਦੀ:
ਮੀਹ ਪਇਆ ਪਰਮੇਸਰਿ ਪਾਇਆ॥ (ਪੰਨਾ 105)
ਅਤੇ ਉਧਰ-
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥ ( (ਪੰਨਾ 145)
ਇਸੇ ਰਾਗ ਦੀਆਂ ਤੁਕਾਂ ਹਨ। ਰੱਤ-ਪੀਣੇ ਰਾਜਿਆਂ ਦਾ ਜ਼ਿਕਰ ਵੀ ਇਥੇ ਹੈ। ਗੰਨੇ ਪੀੜਦੇ ਦੇਖੇ ਜਾ ਸਕਦੇ ਹਨ, ਫਸਲਾਂ ਕੱਟੀਆਂ ਜਾਂਦੀਆਂ ਦੇ ਦ੍ਰਿਸ਼ ਇਥੇ ਹਨ। ਰਾਜ, ਮਾਲ ਤੇ ਰੂਪ ਵਿਚ ਮਸਤ ਲੋਕੀ ਫਿਰ ਰਹੇ ਹਨ, ਪਰ ਸੰਤੋਖ ਰੂਪੀ, ਗੁਰੂ-ਰੁੱਖ ਅਜਿਹਾ ਹੈ ਜਿਸ ਪਾਸ ਗਿਆਂ ਠੰਡ ਮਿਲਦੀ ਹੈ।
‘ਬਿਲਪ ਕਰੇ ਚਾਤ੍ਰਿਕ ਕੀ ਨਿਆਈ’ (ਪੰਨਾ 96)
ਦਾ ਵਿਰਲਾਪ ਵੀ ਇਥੇ ਹੀ ਹੈ। ਕਿਰਪਾ ਹੋ ਜਾਵੇ ਤਾਂ ਭਾਗ ਵੀ ਇਥੇ ਹੀ ਜਾਗਦੇ ਹਨ।
3. ਰਾਗ ਗਉੜੀ-
ਵਿਲ੍ਹਕਦੀ ਆਤਮਾ ਕਿਰਪਾ ਦੀ ਯਾਚਨਾ ਕਰਦੀ ਹੈ ਤੇ ਇਹ ਕਹਿੰਦੀ, ਕਿ
‘ਭਾਗੁ ਹੋਆ ਗੁਰਿ ਸੰਤੁ ਮਿਲਾਇਆ’ (ਪੰਨਾ 97)
‘ਗਉੜੀ’ ਵਿਚ ਪ੍ਰਵੇਸ਼ ਕਰਦੀ ਹੈ। ਗੰਭੀਰਤਾ ਦਾ ਵਾਤਾਵਰਨ ਬਣਾਏ ਬਗੈਰ ਸੁਖ ਨਹੀਂ ਮਿਲਦਾ। ਗੰਭੀਰ ਹੋਇਆਂ ਸਾਰੇ ਮਸਲੇ ਇਸ ਦੇ ਸਾਹਮਣੇ ਆਉਣਗੇ। ਬ੍ਰਹਮ, ਪ੍ਰਕ੍ਰਿਤੀ, ਜੀਵਨ, ਮੌਤ, ਆਤਮਾ, ਮੁਕਤੀ ਵਰਗੇ ਸਭ ਮਸਲਿਆਂ ਦਾ ਇਸ ਰਾਗ ਦੀ ਬਾਣੀ ਵਿਚ ਪ੍ਰਕਾਸ਼ ਹੈ। ਇਹ ਰਾਗ ਭੈ ਤੇ ਭਉ ਵਿਚਲੇ ਸੰਤੁਲਨ ਦਾ ਗਹਿਰ-ਗੰਭੀਰ ਰਾਗ ਹੈ, ਜਿਸ ਨਾਲ ਉਸ ਸੱਚੇ ਨੇ ਮਨ ਵਿਚ ਵੱਸਣਾ ਹੈ:
ਗਉੜੀ ਰਾਗਿ ਸੁਲਖਣੀ ਜੇ ਖਸਮੈ ਚਿਤਿ ਕਰੇਇ॥ (ਪੰਨਾ 311)
4. ਰਾਗ ਆਸਾ-
ਰਾਗ ਆਸਾ ਦਰਸਾਉਂਦਾ ਹੈ ਕਿ ਆਸਾ ਨਹੀਂ ਛੱਡਣੀ। ਇਹ ਗੰਢਾਂ ਖੋਲ੍ਹਣ ਨਾਲ ਨਹੀਂ ਖੁੱਲ੍ਹਣੀਆਂ, ਕੱਟਣੀਆਂ ਹੀ ਪੈਣਗੀਆਂ। ਇਹ ਗੰਢਾਂ ਪਾਖੰਡ, ਭਰਮ, ਭੇਖ, ਦਿਖਾਵੇ ਤੇ ਬਾਹਰਲੇ ਕਰਮਾਂ ਦੀਆਂ ਹਨ। ਆਸਾ ਕੀ ਵਾਰ ਵਿਚ ਕਮਜ਼ੋਰੀਆਂ ਹੀ ਤਾਂ ਦਰਸਾਈਆਂ ਹਨ। ਉਂਝ ਇਹ ਗੰਢਾਂ ਬਿਖਮ ਹਨ, ਪਰ ‘ਉਦਮੁ ਕਰਤ ਹੋਵੈ ਮਨੁ ਨਿਰਮਲੁ॥’ (ਪੰਨਾ 381) ਸ਼ਬਦ ਚੀਨੇ ਸੁਖ, ਮਿਲੇਗਾ। ਗੁਰਸਿੱਖਾਂ ਮਨ ਸਦਾ ਵਧਾਈਆਂ ਹਨ। ਪਹਿਲਾਂ ਕਿਤਨੀ ਭਟਕਣਾ ਸੀ, ਜਦ ਕਰੂਪ ਕੁਲਖਣੀ ਮਤਿ ਸੀ। ਆਸਾ ਰਾਗ ਵਿਚ ਦਰਸਾਉਂਦੇ ਹੋਏ ਕਿਹਾ ਹੈ:- ‘ਅਬ ਕੀ ਸਰੂਪਿ ਸੁਜਾਨਿ ਸੁਲਖਨੀ’ (ਪੰਨਾ 483) ਕਿਉਂਕਿ ‘ਸਹਜੇ ਉਦਰਿ ਧਰੀ’ ਹੈ। ਆਸਾ ਗਾਇਆ ਹੀ ਠੰਢ ਦੇ ਵੇਲੇ ਜਾਂਦਾ ਹੈ। ਇਸੇ ਲਈ ‘ਆਸਾ ਕੀ ਵਾਰ’ ਦਾ ਭੋਗ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਪਾਇਆ ਜਾਂਦਾ ਹੈ, ਜਾਂ ਸ਼ਾਮ ਨੂੰ ਸੋਦਰ ਦੀ ਪਉੜੀ ਆਸਾ ਵਿਚ ਲਗਾਏ ਜਾਣ ਦਾ ਆਦੇਸ਼ ਹੈ। ਦਿਹਾੜੀ ਦੀ ਦੌੜ-ਭੱਜ ਪਿੱਛੋਂ ਫਿਰ ਟਿਕਾਅ ਦੀ ਲੋੜ ਹੈ ਅਤੇ ਇਹ ਸੋਦਰ ਤੋਂ ਹੀ ਮਿਲਦੀ ਹੈ। ਮਨੁੱਖ ਦੀ ਬਰਾਬਰਤਾ ’ਤੇ ਵੀ ਜ਼ੋਰ ਹੈ। ਘਬਰਾਹਟ ਤੋਂ ਉਤਾਂਹ ਇਸ ਰਾਗ ਨੇ ਉਠਾਉਣਾ ਹੈ। ਇਹ ਵੀ ਗਿਆਨ ਕਰਾਇਆ ਜਾਂਦਾ ਹੈ ਕਿ ਹਰ ਹਰਕਤ ਪਿੱਛੇ ਉਸ ਦੀ ਸ਼ਕਤੀ ਹੈ। ਅਰਦਾਸ ਅਵੱਸ਼ ਸੁਣੀ ਜਾਂਦੀ ਹੈ। ਰਾਗ ਦਾ ਸਾਰਾ ਮਾਹੌਲ ਹੀ ਆਸ਼ਾਵਾਦੀ ਹੈ। ਜੇ ਮਨੁੱਖੀ ਕਮਜ਼ੋਰੀਆਂ ਦਾ ਜ਼ਿਕਰ ਵੀ ਹੈ ਤਾਂ ਨਾਲ ਹੀ ਦਾਰੂ ਦੱਸਿਆ ਹੈ।
5. ਰਾਗ ਗੂਜਰੀ-
ਇਸ ਉੱਦਮ ਕਰਨ ਤੋਂ ਗਿਆਤ ਹੋਵੇਗਾ ਕਿ ‘ਗੂਜਰੀ ਜਾਤ ਗਵਾਰ ਹੈ’। ਜਿਵੇਂ ਗਵਾਲੇ ਗਾਵਾਂ ਚਰਾਉਣ ਲਈ ਬਾਹਰ ਜਾਂਦੇ ਹਨ ਤਾਂ ਗਊ-ਧੂੜ ਉਡਾਉਂਦੀ ਹੈ। ਗੁਬਾਰ ਵਿਚ ਵਿਚਰਦਿਆਂ ਕਈ ਵਾਰ ਰਾਹ ਵੀ ਗਵਾਚ ਜਾਂਦਾ ਹੈ। ਇਹ ਗਵਾਚਣਾ ਹੈ, ਇੰਦਰੀ ਰਸ ਕਰਕੇ ਪੂਜਾ ਵਿਚ ਪੈਣ ਕਰਕੇ, ਸਿਮਰਨ ਦੀ ਸੋਝੀ ਨਾ ਹੋਣ ਕਰਕੇ। ਨਾਮ ਦਾ ਚੰਦਨ ਘਸਾ ਕੇ ਲਗਾਉਣ ਨਾਲ ਇਹ ਬਾਹਰਲਾ ਗਰਦ-ਗੁਬਾਰ ਹਟ ਜਾਏਗਾ। ਪੂਜਾ ਦੇ ਸਹੀ ਭਾਵ ਦਾ ਪਤਾ ਲੱਗ ਜਾਂਦਾ ਹੈ। ਜਿਵੇਂ ਸਵੇਰ ਦੇ ਗਏ ਪਸ਼ੂ ਸ਼ਾਮੀਂ ਘਰ ਮੁੜਦੇ ਹਨ, ਤਿਵੇਂ ਇੰਦਰੀਆਂ ਝੱਖ ਮਾਰ ਸ਼ਬਦ ਸੁਣ, ਸ਼ਾਂਤ ਹੋ ਘਰ ਆ ਟਿਕਣਗੀਆਂ। ਸਭ ਕੁਝ ਸੁਹਣਾ-ਸੁਹਣਾ, ਚੰਗਾ-ਚੰਗਾ ਲੱਗਣ ਲੱਗ ਪੈਂਦਾ ਹੈ।
6. ਰਾਗ ਦੇਵਗੰਧਾਰੀ-
ਤਨ ਮਨ ਅਰਪ ਖੁਸ਼ੀ ਜੋ ਮਿਲਦੀ ਹੈ ਉਹ ਹੀ ਦੇਵਗੰਧਾਰੀ ਹੈ। ਦੇਵਗੰਧਾਰੀ ਦਾ ਪ੍ਰਭਾਵ ਖੁਸ਼ਬੂ ਪੈਦਾ ਕਰਨਾ ਹੈ। ਇਸ ਰਾਗ ਵਿਚ ਵਿਚਰਦੇ ਪਤਾ ਲੱਗੇਗਾ ਕਿ ਖੁਸ਼ੀ ਚਰਨ-ਸ਼ਰਨ ਵਿਚ ਹੈ। ਇਹ ਪਰਮਾਤਮਾ ਦੇ ਚਰਨਾਂ ਵਿਚ ਹੈ। ਗੁਰੂ ਦੇ ਪਾਸ ਬੈਠਿਆਂ ਹੈ। ਝੂਠਾ ਪਿਆਰ ਛੱਡਣ ਵਿਚ ਹੈ। ਉਹ ਭਟਕਣਾ ਜੋ ਗੂਜਰੀ ਵਿਚ ਬਹੁਤ ਤਿੱਖੀ ਸੀ। ਦੇਵਗੰਧਾਰੀ ਵਿਚ ਆ ਕੇ ਥੰਮ੍ਹ ਗਈ ਹੈ। ਸਹਾਰਾ ਜਿਹਾ ਮਿਲਿਆ ਲੱਗਦਾ ਹੈ।
7. ਰਾਗ ਬਿਹਾਗੜਾ-
ਜੀਵ-ਆਤਮਾ ਨੂੰ ਡਰ ਸਮਾਇਆ ਰਹਿੰਦਾ ਹੈ ਕਿ ਹੁਣੇ ਵਿੱਛੜੇ ਕਿ ਵਿੱਛੜੇ। ਸੋ ਬਿਹਾਗੜਾ ਹੈ, ਜੋ ਵਿਯੋਗ ਉਠਾਉਂਦਾ ਹੈ। ਵਿਯੋਗ ਨੂੰ ਗੁਰੂ ਦਾ ਬਣ ਕੇ, ਮਰਦਾਨਾ ਹੋ ਦੂਰ ਕਰਨਾ ਹੈ। ਮਰਦਾਨਾ ਬਣਨਾ ਸ਼ਬਦ ਵਿਚ ਰੱਤਿਆ ਹੋਣਾ ਹੈ।
8. ਰਾਗ ਵਡਹੰਸੁ-
ਇਹ ਹੀ ਵਡ ਹੰਸੁ ਹੈ। ‘ਸਬਦ ਰਤੇ ਵਡਹੰਸੁ ਹੈ।’ ਸ਼ਬਦ ਨਾਲ ਰੱਤਿਆਂ ਲਈ, ਦੇਹ ਘੋੜੀ ’ਤੇ ਕਾਬੂ ਪਾਉਣਾ ਪਹਿਲਾ ਕਰਮ ਹੈ। ਜ਼ਬਾਨ ’ਤੇ ਕਾਬੂ ਰੱਖਣਾ ਹੈ। ਜੇ ਸਰੀਰ ਕਾਬੂ ਵਿਚ ਨਾ ਹੋਵੇ ਤਾਂ ਇੰਞ ਲੱਗਦਾ ਹੈ ਕਿ ਘੁੱਪ ਹਨ੍ਹੇਰਾ ਛਾਇਆ ਹੋਇਆ ਹੈ। ਅੰਤਾਂ ਦੀ ਕਾਹਲ ਤੇ ਘਬਰਾਹਟ ਪੈਦਾ ਹੋ ਜਾਂਦੀ ਹੈ ਅਤੇ ਫਿਰ ਦੁਬਾਰਾ ਭੈ ਤੇ ਭਰਮ ਆ ਚਮੜਦੇ ਹਨ। ਮੌਤ ਵੇਲੇ ਗਾਏ ਜਾਣ ਵਾਲੇ ਲੋਕ ਗੀਤਾਂ ਦਾ ਰੂਪ ‘ਅਲਾਹਣੀਆਂ’ ਇਸੇ ਰਾਗ ਵਿਚ ਹਨ।
9. ਰਾਗ ਸੋਰਠਿ-
ਸੋਰਠਿ ਅਨ੍ਹੇਰੇ ਦਾ ਰਾਗ ਹੈ। ਇਹ ਹੁਕਮ ਹੈ:
ਸੋਰਠਿ ਤਾਮਿ ਸੁਹਾਵਣੀ ਜਾ ਹਰਿ ਨਾਮੁ ਢੰਢੋਲੇ॥ (ਪੰਨਾ 642)
ਰਸਮੀ ਧਰਮ ਤੇ ਕਰਮਕਾਂਡ ਨੂੰ ਛੱਡਣ ਨਾਲ ਹੀ ਸੁਖ ਮਿਲੇਗਾ। ਜੇ ਅਜਿਹਾ ਨਾ ਕੀਤਾ ਤਾਂ ਭਟਕਣ ਬਣੀ ਰਵ੍ਹੇਗੀ।
ਖਾਲਸਾ, ਅੰਧੇਰੇ ਵਿਚ ਪ੍ਰਕਾਸ਼ ਕਰਨ ਲਈ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਜਿਆ ਸੀ। ਪਾਣੀ ਰਿੜਕਣ ਦੀ ਥਾਂ ‘ਹਰਿ ਕਾ ਬਿਲੋਵਨਾ’ ਬਿਲੋਣਾ ਚਾਹੀਦਾ ਹੈ। ਇਕ ਸੋਰਠਿ ਰਸ ਹੈ ਦੂਜਾ ਸਠੋਰ ਹੁੰਦਾ ਹੈ:
ਸੋਰਠਿ ਸਦਾ ਸੁਹਾਵਣੀ ਜੇ ਸਚਾ ਮਨਿ ਹੋਇ॥ (ਪੰਨਾ 642)
ਫਿਰ ਨਾ ਦੰਦੀਂ ਮੈਲ ਹੈ, ਨਾ ਮਨ ਵਿਚ ਕਾਤੀ ਹੈ, ਨਾ ਜੀਭ ਨੂੰ ਉੱਲੀ ਝੂਠ ਦੀ ਲੱਗੀ ਹੈ। ਜੀਭ ਸੁੱਚੀ-ਸੱਚੀ ਹੈ। ਭਗਤ ਰਵਿਦਾਸ ਜੀ ਕਹਿੰਦੇ ਹਨ ਜਦ ਭਰਮ-ਭਉ ਮਿਟ ਗਿਆ, ਸਹਿਜ ਆ ਗਿਆ।
10. ਰਾਗ ਧਨਾਸਰੀ-
ਸੋ ਦਰਸ਼ਨ ਦੀ ਪਿਆਸ ਲਗਾ ਹੁਣ ਆਤਮਾ ਸੋਰਠਿ ਤੋਂ ਧਨਾਸਰੀ ਵਿਚ ਪੁੱਜਦੀ ਹੈ।
ਅਗਲਾ ਰਾਗ ਦੱਸਦਾ ਹੈ ਕਿ ਜਿਤਨਾ ਅਨ੍ਹੇਰਾ ਵੱਧ ਹੋ ਜਾਏ ਤਾਰਿਆਂ ਦੀ ਰੌਸ਼ਨੀ ਉਤਨੀ ਹੀ ਵਧ ਜਾਂਦੀ ਹੈ ਜੋ ਤਾਰਿਆਂ ਦੀ ਸੇਧ ਟੁਰਦੇ ਹਨ ਉਹ ਭਟਕਦੇ ਨਹੀਂ। ਧਨਾਸਰੀ ਗਾਇਆਂ ਰਾਹ ਮਿਲ ਜਾਂਦਾ ਹੈ। ਆਤੁਰ ਹੋ ਕੇ ਪੁਕਾਰਦੇ ਰਹਿਣਾ ਚਾਹੀਦਾ ਹੈ। ਦ੍ਰਿਸ਼ਟੀ ਨਿੱਕੀ ਤੇ ਨੀਵੀਂ ਕਦੇ ਨਹੀਂ ਰੱਖਣੀ। ਸਭ ਭਗਤਾਂ ਦੀਆਂ ਕੀਤੀਆਂ ਆਰਤੀਆਂ ਇਸੇ ਰਾਗ ਵਿਚ ਹਨ।
ਧਨਾਸਰੀ ਧਨਵੰਤੀ ਜਾਣੀਐ ਭਾਈ ਜਾਂ ਸਤਿਗੁਰ ਕੀ ਕਾਰ ਕਮਾਇ॥ (ਪੰਨਾ 1419)
11. ਰਾਗ ਜੈਤਸਰੀ-
ਸਤਿਗੁਰੂ ਦੀ ਦੱਸੀ ਕਾਰ ਕਮਾਉਂਦਿਆਂ, ਨਾਮ-ਧਨ ਇਕੱਠਾ ਕਰ, ਅੰਤ੍ਰੀਵ ਖੁਸ਼ੀ ਲੈਣ ਲਈ ਜੈਤਸਰੀ ਜਾ ਪੁੱਜੀਦਾ ਹੈ।
ਜੈਤਸਰੀ ਦਾ ਪ੍ਰਭਾਵ ਸੁਖ ਤੇ ਖੁਸ਼ੀ ਦੇਣ ਵਾਲਾ ਹੈ। ਗ਼ਮੀ-ਖੁਸ਼ੀ, ਹਰਖ-ਸੋਗ ਵਿਚ ਵੀ ਮਨ ਦੀ ਉਧੇੜ-ਬੁਣ ਲੱਗੀ ਰਹਿੰਦੀ ਹੈ। ਕੁਝ ਸੰਕੋਚ ਜਿਹਾ ਵੀ ਰਹਿੰਦਾ ਹੈ। ਜੈਤਸਰੀ ਸਰਦ ਰੁੱਤ ਵਿਚ ਹੀ ਗਾਈ ਜਾਂਦੀ ਹੈ। ਬੇਨਤੀ ਹੈ:
ਕੋਈ ਜਨੁ ਹਰਿ ਸਿਉ ਦੇਵੈ ਜੋਰਿ॥ (ਪੰਨਾ 701)
12. ਰਾਗ ਟੋਡੀ-
ਰਤਾ ਕੁ ਖੁਸ਼ੀ ਆਉਣ ਉੱਤੇ ਆਮ ਤੌਰ ’ਤੇ ਕੱਚਾ ਮਨੁੱਖ ਭਟਕ ਵੀ ਜਾਂਦਾ ਹੈ। ਕਈ ਦਰਾਂ ’ਤੇ ਜਾਣਾ ਅਰੰਭ ਕਰ ਦਿੰਦਾ ਹੈ, ਇਸ ਖ਼ਿਆਲ ਨਾਲ ਕਿ ਸ਼ਾਇਦ ਸੁਖ, ਖੁਸ਼ੀ ਕਿਸੇ ਵਿਅਕਤੀ ਦੀ ਬਰਕਤ ਨਾਲ ਮਿਲੀ ਹੈ। ਟੋਡੀ ਬਾਰੇ ਪ੍ਰਸਿੱਧ ਹੈ ਕਿ ਇਹ ਗਾ ਕੇ ਗਵੱਯਾ ਦਰਬਾਰ ਵਿਚ ਝੋਲੀ ਅੱਡ ਬਖ਼ਸ਼ੀਸ਼ ਮੰਗਦਾ ਸੀ। ਟੋਡੀ ਦੀ ਬਾਣੀ ਵਿਚ ਇੱਕੋ ਨੂੰ ਸਲਾਹੁਣ ਦਾ ਮਜ਼ਮੂਨ ਲਿਆ ਹੈ ਤਾਂ ਕਿ ਜੀਵ ਦੁਨਿਆਵੀ ਦਰਾਂ ’ਤੇ ਭਟਕਦਾ ਨਾ ਫਿਰੇ। ਜਿਨ੍ਹਾਂ ਨੇ ਵੀ ਮਨੁੱਖਾਂ ਦੇ ਦਰ ਜਾਂ ਲੜ ਪਕੜੇ ਉਹ ਦੁਖੀ, ਪਰ ਜਿਨ੍ਹਾਂ ਪ੍ਰਭੂ ਦਾ ਪੱਲਾ ਪਕੜਿਆ ਉਹ:
ਬੇਪਰਵਾਹ ਸਦਾ ਰੰਗਿ ਹਰਿ ਕੈ, ਜਾ ਕੋ ਪਾਖੁ ਸੁਆਮੀ॥ (ਪੰਨਾ 711)
13. ਰਾਗ ਬੈਰਾੜੀ
ਸੋ, ਜਦ ਝੋਲੀ ਵਿਚ ਜਗਿਆਸੂ ਦੇ ਬਰਕਤ ਪ੍ਰਭੂ-ਦਰੋਂ ਪੈਂਦੀ ਹੈ ਤਾਂ ਮਾਲਾ-ਮਾਲ ਹੋਇਆ ਸਮਝਦਾ ਹੈ। ਬੈਰਾੜੀ ਦਾ ਰੂਪ ਹੈ: ਸਿਰ ਤੋਂ ਲੈ ਕੇ ਪੈਰਾਂ ਤਕ ਗਹਿਣਿਆਂ ਨਾਲ ਲੱਦੀ, ਬੜੀ ਮਿਠਾਸ ਹੈ ਇਸ ਰਾਗ ਵਿਚ।
ਕਾਇਆ ਨਗਰਿ ਬਸਤ ਹਰਿ ਸੁਆਮੀ ਹਰਿ ਨਿਰਭਉ ਨਿਰਵੈਰੁ ਨਿਰੰਕਾਰਾ॥ (ਪੰਨਾ 720)
14. ਰਾਗ ਤਿਲੰਗ-
ਤਿਲੰਗ ਵਿਚ ਆ ਕੇ ਕੁਝ ਤਿੱਖਾ-ਤਿੱਖਾ ਮਹਿਸੂਸ ਕਰੇਗੀ ਜੀਵ-ਆਤਮਾ, ਰਹੱਸਮਈ ਸ਼ਕਤੀ ਸੰਚਾਰਤ ਹੁੰਦੀ ਦਿੱਸੇਗੀ। ਕੁਝ ਜਾਂਦਾ-ਆਂਦਾ, ਕੁਝ ਖੋਇਆ-ਪਾਇਆ ਮਿਲਦਾ-ਗਿਆ ਮਹਿਸੂਸ ਹੋਵੇਗਾ। ਤਿਲੰਗ ਦੀ ਸੁਰ ਹੈ:
ਸਾਨ ਪੈ ਕ੍ਰਿਪਾਨ ਕੇ ਘਸੇ ਤੇ ਸੂਰ, ਸੋ ਤਿਲੰਗੀ।
ਚਿੰਗਾਰੀਆਂ ਨਿਕਲਦੀਆਂ ਹਨ ਜਦ ਸਾਨ ’ਤੇ ਚਾੜ੍ਹ, ਤਲਵਾਰ ਤਿੱਖੀ ਕੀਤੀ ਜਾਂਦੀ ਹੈ। ਆਵਾਜ਼ ਤਿੱਖੀ ਹੈ ਤਿਲੰਗ ਦੀ। ਰਾਗ ਤਿਲੰਗ ਵਿਚ ਕਟਾਵੱਢੀ ਵਾਲਾ ਵਾਤਾਵਰਨ ਬਣਿਆ ਮਿਲੇਗਾ। ਤਿਲੰਗ ਦਾ ਰੂਪ ਹੈ:
ਅੱਖਾਂ ਖੁੱਲ੍ਹੀਆਂ, ਪ੍ਰਸੰਨ ਮੁੱਖ, ਆਵਾਜ਼ ਕੋਕਲ ਵਾਂਗ।
ਜਿਵੇਂ ਹਥਿਆਰ ਤਿੱਖਾ ਕਰਨਾ ਜ਼ਰੂਰੀ ਹੈ। ਤਿਵੇਂ ਹੁਕਮ ਹੈ-
ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ॥(ਪੰਨਾ 727)
ਤਿੱਖੀਆਂ ਸੁਰਾਂ ਦੇਖਣੀਆਂ ਹਨ ਤਾਂ ‘ਪਾਪ ਦੀ ਜੰਞ’ ਚੜ੍ਹੀ ਇਸੇ ਰਾਗ ਵਿਚ ਦੇਖੋ। ਜ਼ੋਰੀ ਮੰਗਦੇ ਦਾਨ ਬਾਬਰ ਨੂੰ ਤੱਕੋ। ਸ਼ੈਤਾਨ ਨੂੰ ਅਗਦ, ਜਬਰਦਸਤੀ ਨਿਕਾਹ ਪੜ੍ਹਦੇ ਦੇਖੋ। ‘ਖੂਨ ਕੇ ਸੋਹਿਲੇ’ ਤੇ ‘ਰਤ ਕਾ ਕੁੰਗੂ’ ਪਾਏ ਹੋਏ ਮਜ਼ਲੂਮ ਤੱਕੋ। ਪਰ ਹੈ ਇਹ ‘ਰਾਇਸਾ, ਪਿਆਰੇ ਕਾ ਰਾਇਸਾ’। ਉਸ ਦੀ ਲੀਲ੍ਹਾ, ਤਮਾਸ਼ਾ, ਖੇਡ, ‘ਬਾਜੀ ਸੰਸਾਰ’ ਦਾ ਜ਼ਿਕਰ ਗੁਰੂ ਰਾਮਦਾਸ ਜੀ ਇਸ ਲਈ ਕਰਦੇ ਹਨ ਅਤੇ ‘ਕਰਤੇ ਕੁਦਰਤੀ ਮੁਸਤਾਕੁ’ ਕੋਈ ਵਿਰਲਾ ਹੀ ਦਿੱਸਦਾ ਹੈ। ਵਾਹਿਗੁਰੂ ਦਾ ਭਿਆਨਕ ਰੂਪ ਦੇਖ ਕਈ ਮਾਯੂਸ ਹੋ ਬੈਠ ਜਾਂਦੇ ਹਨ ਜਾਂ ਮੁਸਤਾਕ ਹੋ ਜਾਂਦੇ ਹਨ।
15. ਰਾਗ ਸੂਹੀ-
ਦੁਨੀਆਂ ਨੂੰ ਅਸਲੀਅਤ ਦਾ ਪਤਾ ਲੱਗਦੇ ਸਾਰ ਮਨੁੱਖ ਵਿਚ ਪ੍ਰਭੂ ਨੂੰ ਮਿਲਣ ਦਾ ਚਾਅ ਉੱਠ ਖਲੋਂਦਾ ਹੈ। ਪਤਾ ਲੱਗਦਾ ਹੈ ਸੂਹੀ ਵਿਚ ਕਿ ‘ਜਿਨ੍ਹਾਂ ਦੇ ਚੋਲੇ ਰਤੜੇ’ ਹਨ ਉਹ ਉਤਸ਼ਾਹ ਵਿਚ ਹਨ। ਸੂਹੀ ਉਤਸ਼ਾਹ ਦਾ-
ਲੋਕਾ ਵੇ ਹਉ ਸੂਹਵੀ ਸੂਹਾ ਵੇਸੁ ਕਰੀ॥ (ਪੰਨਾ 785)
ਸੂਹੀ ਸੂਫੀਆਂ ਦਾ ਵੀ ਪਿਆਰਾ ਰਾਗ ਹੈ। ਸੂਹੀ ਤੇ ਸੁਹਾਗਣ ਦਾ ਇਥੇ ਵਰਣਨ ਹੈ। ਸੁਚਜੀ, ਗੁਣਵੰਤੀ, ਕੁਚਜੀ, ਕੁੜਮਾਈ ਤੇ ਲਾਵਾਂ, ਇਸੇ ਰਾਗ ਵਿਚ ਹਨ। ਜਿਵੇਂ ਸੁਹਾਗ ਦੀਆਂ ਨਿਸ਼ਾਨੀਆਂ ਦੱਸੀਆਂ ਸਨ, ਤਿਵੇਂ ਪ੍ਰਭੂ-ਮਿਲਣ ਦੀਆਂ ਨਿਸ਼ਾਨੀਆਂ ਵੀ ਦੱਸੀਆਂ ਹਨ।
16. ਰਾਗ ਬਿਲਾਵਲੁ-
ਮਿਲਾਪ ਉਪਰੰਤ ਜੀਵਨ ਵਿਚ ਇਕ ਨਿਰਾਲੀ ਜਿਹੀ ਖੁਸ਼ਬੋਈ ਪੈਦਾ ਹੁੰਦੀ ਹੈ। ਇਹ ਹੀ ਬਿਲਾਵਲੁ ਹੈ। ਬਿਲਾਵਲੁ ਬਾਰੇ ਮੁਖ ਵਾਕ ਵੀ ਹੈ:
ਹਰਿ ਉਤਮੁ ਹਰਿ ਪ੍ਰਭੁ ਗਾਵਿਆ ਕਰਿ ਨਾਦੁ ਬਿਲਾਵਲੁ ਰਾਗੁ॥ (ਪੰਨਾ 849)
ਗੁਰੂ ਰਾਮਦਾਸ ਜੀ ਦਾ ਇਹ ਵੀ ਹੁਕਮ ਹੈ:
ਬਿਲਾਵਲੁ ਤਬ ਹੀ ਕੀਜੀਐ ਜਬ ਮੁਖਿ ਹੋਵੈ ਨਾਮੁ॥ (ਪੰਨਾ 849)
17. ਰਾਗ ਗੋਂਡ-
ਇਸ ਤਰ੍ਹਾਂ ਬੋਲਣ ਵਾਲੇ ਦਾ ਹਿਰਦਾ ਸਰਸ਼ਾਰ ਰਵ੍ਹੇਗਾ। ਭਾਵੇਂ ਮੰਜ਼ਲ ਤਾਂ ਨਹੀਂ ਦਿੱਸਦੀ, ਚਾਨਣਾ ਵੀ ਪੂਰਾ ਨਹੀਂ, ਪਰ ਆਤਮਾ ਪੂਰਨ ਉਤਸ਼ਾਹ ਵਿਚ ਰਵ੍ਹੇਗੀ। ਇਹ ਹੈ ਗੋਂਡ।
ਗੋਂਡ ਉਂਞ ਤਾਂ ਅੱਧੀ ਰਾਤ ਗਾਵੀਦਾ ਹੈ ਪਰ ਬਾਰਸ਼ ਹੋਵੇ ਤਾਂ ਹਰ ਵੇਲੇ ਗਾਵਿਆ ਜਾ ਸਕਦਾ ਹੈ।
18. ਰਾਗ ਰਾਮਕਲੀ-
ਬੱਦਲ ਮਿਹਰਾਂ ਦਾ ਵੱਸੇਗਾ ਅਤੇ ਰਹਿਮਤਾਂ ਦੀ ਬਾਰਸ਼ ਹੋਇਆਂ ਬੈਰਾਗ ਵਾਲੀ ਅਵਸਥਾ ਪੈਦਾ ਹੋਵੇਗੀ। ਕਰੁਣਾ ਉੱਠੇਗੀ।
ਰਾਮਕਲੀ ਕਰੁਣਾ ਦਾ ਰਾਗ ਹੈ। ਪਹਿਲਾਂ ਮੂਰਛਨਾ ਕਰਦਾ ਹੈ। ਫਿਰ ਕਰੁਣਾ ਰਸ ਨਾਲ ਭਰਪੂਰ ਕਰ ਦੇਂਦਾ ਹੈ। ਰਾਮਕਲੀ ਜੋਗੀਆਂ ਦਾ ਪਿਆਰਾ ਰਾਗ ਹੈ। ਕਰੁਣਾਮਈ ਹੋਈ ਆਤਮਾ ਨੂੰ ਪ੍ਰਤੀਤੀ ਦੀ ਚਾਸ਼ਨੀ ਚਾੜ੍ਹਨੀ ਹੈ। ਸੋ ਰਾਮਕਲੀ ਰਾਗ ਵਿਚ ਇਹ ਦਰਸਾਉਣਗੇ ਕਿ ਬਾਹਰੋਂ ਝਾਕਣ ਨਾਲੋਂ ਅੰਦਰਲੇ ਦੀ ਝਾਤ ਲਿਵ ਪੈਦਾ ਕਰ ਦੇਵੇਗੀ। ਸੋ ਹੁਕਮ ਹੈ:
ਏਹੁ ਸਰੀਰੁ ਸਰਵਰੁ ਹੈ ਸੰਤਹੁ ਇਸਨਾਨੁ ਕਰੇ ਲਿਵ ਲਾਈ॥13॥ (ਪੰਨਾ 909)
ਉਸ ਨੂੰ ਮਨ ਵਸਾਉਣਾ ਹੀ ਜੋਗ, ਖਿੰਥਾ, ਫਾਹੁੜੀ, ਮੁੰਦਰਾ ਜਾਂ ਜੋਗ ਦੀਆਂ ਨਿਸ਼ਾਨੀਆਂ ਹਨ।
ਗੁਰੂ ਜੀ ਨੇ-
‘ਰਾਮਕਲੀ ਰਾਮੁ ਮਨਿ ਵਸਿਆ ਤਾ ਬਨਿਆ ਸੀਗਾਰੁ॥’ (ਪੰਨਾ 950)
ਲਿਖ ਕੇ ਇਸ ਰਾਗ ਦੀ ਸਾਰੀ ਬਾਣੀ ਦਾ ਮਜ਼ਮੂਨ ਸਪੱਸ਼ਟ ਕਰ ਦਿੱਤਾ ਹੈ। ਸੋ ਬਾਹਰ ਦੇ ਭੇਖ, ਭਾਵੇਂ ਜੋਗੀਆਂ ਦੇ ਹਨ, ਭਾਵੇਂ ਲੋਕਾਂ ਦੇ, ਭਾਵੇਂ ਮਜ਼੍ਹਬਾਂ ਦੇ, ਨਾ ਕਰਨ ਤੋਂ ਸਖ਼ਤੀ ਨਾਲ ਵਰਜਿਆ ਹੈ, ਸਦਾਚਾਰ ਦਾ ਸੀਗਾਰ ਕਰਨ ਲਈ ਪ੍ਰੇਰਿਆ ਹੈ।
19. ਰਾਗ ਨਟ ਨਰਾਇਨ-
ਜਦ ਮਨ ਅੰਦਰ ਝਾਕੀਦਾ ਹੈ ਤਾਂ ਆਪਣੀ ਅੰਦਰਲੀ ਦਸ਼ਾ ਦੇਖ ਕਾਹਲ ਪੈਂਦੀ ਮਹਿਸੂਸ ਹੁੰਦੀ ਹੈ। ਇਹ ਹੀ ਹੈ ਨਟ ਨਰਾਇਨ ਦਾ ਸੂਖਮ। 16 ਭੇਦ ਨਟ ਨਰਾਇਣ ਦੇ ਹਨ। ਕਦੇ ਕਾਹਲ, ਕਦੇ ਠਹਿਰਾਅ:
ਮਨਿ ਪਿਆਸ ਬਹੁਤੁ ਦਰਸਾਵੈ॥ (ਪੰਨਾ 978)
ਇਹ ਪਿਆਸ ਬੁਝਦੀ ਹੈ ਕੇਵਲ ਨਾਮ ਨਾਲ। ਨਾਮ ਨਾਲ ਮਨ ਥਿਰ ਹੋ ਜਾਵੇਗਾ, ਨਟਖਟ ਨਹੀਂ ਰਵ੍ਹੇਗਾ।
20. ਰਾਗ ਮਾਲੀ ਗਉੜਾ-
ਅੱਗ ਲੱਗੇ ਜੋ ਖੂਹ ਖੁਣਨ ਲੱਗਾ ਹੈ, ਉਸ ਨੂੰ ਸਿਵਾਇ ਮਾਯੂਸੀ ਦੇ ਹੱਥ ਕੁਝ ਨਹੀਂ ਆਉਣ ਲੱਗਾ। ਉਸ ਨੂੰ ਲੋਕੀਂ ਮੂਰਖ ਕਹਿਣਗੇ। ਸੋ ਨਾਮ ਦਾ ਖੂਹ ਪ੍ਰਗਟ ਕਰਨ ਤੇ ਚਲਾਉਣ ਲਈ ਸੰਦਾਂ ਤੇ ਔਜ਼ਾਰਾਂ ਦੀ ਲੋੜ ਹੈ। ਕਾਮ, ਕ੍ਰੋਧ, ਲੋਭ, ਮੋਹ, ਨਿੱਤ ਝਗੜਦੇ ਹਨ। ਇਨ੍ਹਾਂ ਨੂੰ ਰਾਸ ਕਰਨ ਲਈ ਅੰਦਰ ਕਿਲ੍ਹਾ ਉਸਾਰਨ ਦੀ ਲੋੜ ਹੈ ਤਾਂ ਕਿ ਇਹ ਮਾਰ ਨਾ ਕਰ ਸਕਣ:
ਦੁਹਸਾਸਨ ਕੀ ਸਭਾ ਦ੍ਰੋਪਤੀ, ਅੰਬਰ ਲੇਤ ਉਬਾਰੀਅਲੇ॥ (ਪੰਨਾ 988)
ਇਵੇਂ ਨਾਮ ਕਿਲ੍ਹੇ ਵਿਚ ਬੈਠੀ ਆਤਮਾ ਨੂੰ ਕੋਈ ਕਾਮਾਦਿਕ ਛੁਹ ਤਕ ਨਹੀਂ ਸਕੇਗਾ। ਅੰਦਰਲੀ ਖੁਸ਼ੀ ਨੂੰ ਹੁਣ ਕੋਈ ਖੋਹ ਨਹੀਂ ਸਕਦਾ। ਮਾਲੀ ਗਉੜਾ ਦਾ ਸੁਭਾਅ ਹੀ ਖੁਸ਼ੀ ਉਪਜਾਉਣੀ ਤੇ ਤਿਆਰ ਕਰਨਾ ਹੈ। ਹਰ ਪ੍ਰਾਪਤ ਵਸਤੂ ਨੂੰ ਵਰਤਣਾ ਹੈ। ਉਸ ਦਾ ਰਾਹ ਪਤਾ ਲੱਗੇਗਾ ਕਿ ਕੰਨਾਂ ਨੂੰ ਹਰਿ ਜਸ, ਨੇਤਰਾਂ ਨੂੰ, ਦਰਸ਼ਨਾਂ ਦੀ ਤਾਂਘ, ਰਸਨਾ ਨੂੰ ਗੁਣ ਗਾਉਣ ਵੱਲ ਲਗਾਉਣਾ ਹੈ।
21. ਰਾਗ ਮਾਰੂ-
ਟਿਕੀ ਆਤਮ ਜੁਰਅਤਿ ਵਾਲੇ ਹੋ ਮਸਤ ਫਿਰੇਗੀ। ਬੇਪਰਵਾਹ ਹੋ ਵਿਚਰੇਗੀ। ਹੁਣ ਮਾਰੂ ਦੀ ਸੁਰ ਉਠੇਗੀ। ਸੁਰ ਹੈ:
ਹਰਿ ਰਥ, ਪੰਖ ਉਡਤ ਸੁਰ ਪਾਈ।
ਜਦ ਰੱਥ ਦੌੜੇ ਧੂੜ ਉੱਡਦੀ ਹੈ ਜਾਂ ਜਦ ਪੰਖੀ ਧਰਤੀ ਛੱਡ ਅਸਮਾਨ ਵੱਲ ਉਡਾਰੀ ਮਾਰਦਾ ਹੈ ਤਾਂ ਧੂੜ ਉਡਾਉਂਦੇ ਫੜਫੜਾਹਟ ਹੁੰਦੀ ਹੈ, ਉਹ ਹੈ ਮਾਰੂ ਦੀ ਸੁਰ। ਮਾਰੂ ਦਾ ਰੂਪ ਹੈ-
ਬਦਨ ਪ੍ਰਸੰਨ ਹਾਥ ਮੈ ਨੇਜਾ, ਮਾਥੇ ਮੁਕਟ ਬਨਾਯੋ।
ਮਾਰੂ ਦੇ ਰੂਪ ਮੁਤਾਬਿਕ ਲੜਾਈ ਦਰਸਾਈ ਹੈ। ਲੜਾਈ ਮਨ ਦੇ ਪੱਖਾਂ ਦੀ ਹੈ:
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥ (ਪੰਨਾ 1105)
22. ਰਾਗ ਤੁਖਾਰੀ-
ਤੁਖਾਰੀ ਪ੍ਰਾਤਹਕਾਲ ਗਾਇਆ ਜਾਂਦਾ ਹੈ। ਭੈਰਉ, ਰਾਮਕਲੀ, ਟੋਡੀ ਮਿਲ ਕੇ ਬਣਦਾ ਹੈ। ਇਸ ਦਾ ਰੂਪ ਖਾਮੋਸ਼ ਚੁੱਪ ਬੈਠਾ ਜੋਗੀ ਹੈ ਅਤੇ ਸੁਭਾਅ ਵਿਚ ਵਿਛੋੜੇ ਦੀ ਕਸਕ ਹੈ। ਸੋ, ਗੁਰੂ ਜੀ ਨੇ ਛੰਤ ਰਚ ਕੇ ਮਿਲਾਪ ਦਾ ਸੁਖ ਪੈਦਾ ਕੀਤਾ ਹੈ। ਇਸ ਰਾਗ ਵਿਚ ਭਗਤਾਂ ਦੀ ਬਾਣੀ ਨਹੀਂ ਹੈ।
ਇਕ ਗੱਲ ਹੋਰ ਬੜੇ ਗਹੁ ਨਾਲ ਤੱਕਣ ਵਾਲੀ ਹੈ ਕਿ ਭਗਤਾਂ ਨੇ ਛੰਤ ਦੀ ਵਰਤੋਂ ਹੀ ਨਹੀਂ ਕੀਤੀ। ਕਾਰਨ ਕਈ ਹੋ ਸਕਦੇ ਹਨ ਪਰ ਇਕ ਇਹ ਲੱਗਦਾ ਹੈ ਕਿ ਪ੍ਰਭੂ- ਮਿਲਾਪ ਦੀ ਤੀਬਰਤਾ ਵਿਚ ਜੋ ਮਿਲਾਪ ਦਾ ਸੁਆਦ ਆਇਆ ਹੈ ਉਸ ਨੂੰ ਭਗਤ ਬਿਆਨਣਾ ਨਹੀਂ ਚਾਹੁੰਦੇ।
23. ਰਾਗ ਕੇਦਾਰਾ :
ਪਾਪ ਢੱਕੇ ਜਾਣ, ਦੌੜ-ਭੱਜ ਮੁੱਕ ਜਾਏ ਤਾਂ ਇੰਞ ਲੱਗਦਾ ਹੈ ਕਿ ਗੜ੍ਹ ਜਿੱਤਿਆ ਗਿਆ ਹੈ। ਝੰਡੇ ਝੂਲਦੇ ਦਿਖਾਈ ਦਿੰਦੇ ਹਨ। ਆਤਮਾ ਹੁਲਾਰੇ ਵਿਚ ਹੋ ਜਾਂਦੀ ਹੈ। ਮੇਘ ਦਾ ਪੁੱਤਰ ਹੀ ਕੇਦਾਰਾ ਕਿਹਾ ਜਾਂਦਾ ਹੈ।
ਹੁਕਮ ਹੈ:
ਕੇਦਾਰਾ ਰਾਗਾ ਵਿਚਿ ਜਾਣੀਐ ਭਾਈ ਸਬਦੇ ਕਰੇ ਪਿਆਰੁ॥ (ਪੰਨਾ 1087)
24. ਰਾਗ ਭੈਰਉ-
ਜੋ ਇਹ ਟੋਆ ਟੱਪ ਗਿਆ, ਹੰਕਾਰ ਵਿਚ ਨਹੀਂ ਗਿਰਿਆ, ਟੇਢੇ-ਟੇਢ ਨਹੀਂ ਟੁਰਿਆ, ਉਸ ਦਾ ਨੂਰ ਨਿਰਾਲਾ। ਉਸ ਦੀ ਦੱਖ-ਰੱਖ ਨਿਵੇਕਲੀ। ਉਸ ਦਾ ਰੁਹਬ ਹੀ ਹੋਰ, ਭੈਰਉ ਦਾ ਰੂਪ ਹੈ:
ਬਸਤ੍ਰ ਸ੍ਵੇਤ ਨੇਤ੍ਰ ਹੂ ਲਾਲਾ।
ਅਤੇ ਸੁਰ ਹੈ:
ਜਿਵੇਂ :
ਕੋਹਲੂ ਫਿਰੈ ਬੈਲ ਬਿਨ ਮਾਨੋ।
ਸੋ ਇਸ ਰਾਗ ਵਿਚ:
ਧੰਨੁ ਸੁ ਵੰਸੁ ਧੰਨੁ ਸੁ ਪਿਤਾ ਧੰਨੁ ਸੁ ਮਾਤਾ ਜਿਨਿ ਜਨ ਜਣੇ॥ (ਪੰਨਾ 1135)
25. ਰਾਗ ਬਸੰਤ-
ਹੁਣ ਦ੍ਰਿੜ੍ਹ ਚਿਤ ਅਤੇ ਮਾਇਆ ਨਾਲੋਂ ਨਾਤਾ ਤੋੜ ਚੁਕੀ ਜੀਵ-ਆਤਮਾ ਖੁਸ਼ੀ ਖੇੜੇ ਵਿਚ ਹੈ। ‘ਸਦਾ ਸਦਾ ਮੁਬਾਰਕਾਂ’ ਹਨ ਕਿਉਂਕਿ ਕਰਮ ਦਾ ਪੈਂਡਾ ਪੱਕਾ ਹੋ ਗਿਆ ਹੈ, ਸ਼ਾਖਾਂ ਹਰੀਆਂ ਹੋ ਗਈਆਂ ਹਨ। ਧਰਮ ਦਾ ਫੁੱਲ ਖਿੜ ਪਿਆ ਤੇ ਗਿਆਨ ਦਾ ਫਲ ਲੱਗ ਗਿਆ ਹੈ।
ਮਨ ਤਨ ਮੌਲ ਪਿਆ ਹੈ। ਹੁਣ ਹਰ ਰੁੱਤੇ ਮਨ ਹਰਿਆ ਰਹਿੰਦਾ ਹੈ ਅਤੇ ਸਦਾ ਬਸੰਤ ਵਾਲਾ ਸੁਭਾਅ ਬਣ ਗਿਆ ਹੈ। ਜੀਵਨ ਸੇਵਾ ਵਿਚ ਲੱਗ ਗਿਆ ਹੈ। ਕਹਿੰਦੇ ਵੀ ਹਨ ਕਿ ਜਿਸ ਬਸੰਤ ਦੀ ਵਾਰ ਗਾ ਲਈ ਉਹ ਸਦਾ ਉਮਾਹ ਵਿਚ ਰਹਿੰਦਾ ਹੈ।
26. ਰਾਗ ਸਾਰਗ-
ਇਸੇ ਲਈ ਅੱਗੇ ਹੁਣ ਸਾਰੰਗ ਹੈ। ਸਾਰੰਗ ਗਾ ਰੂਪ ਹੈ:
ਜਲ ਪਹਾਰ ਤੇ ਗਿਰਤ ਉਠਤ ਸੁਰ ਤਿਹ ਸੁਰ ਸਾਰੰਗ ਜਾਨੈ।
ਸਾਰੰਗ ਵਿਚ ਸਾਰਾ ਮਜ਼ਮੂਨ ਹੀ ਗੁਰ-ਸ਼ਬਦ ਦੀ ਮਹਾਨਤਾ ਹੈ ਅਤੇ ਇਹ ਦੱਸ ਵੀ ਪਾਈ ਹੈ ਕਿ ਇਹ ਸ਼ਬਦ ‘ਸਤਿ ਸੰਗਤ’ ਵਿੱਚੋਂ ਮਿਲਦਾ ਹੈ।
27. ਰਾਗ ਮਲਾਰ-
ਮਲਾਰ ਬਾਰੇ ਗੁਰੂ ਅਮਰਦਾਸ ਜੀ ਦਾ ਬਚਨ ਹੈ:
ਮਲਾਰੁ ਸੀਤਲ ਰਾਗੁ ਹੈ ਹਰਿ ਧਿਆਇਐ ਸਾਂਤਿ ਹੋਇ॥ (ਪੰਨਾ 1283)
ਇਸੇ ਦੇ ਰੂਪ ਬਾਰੇ ਲਿਖਿਆ ਹੈ ਕਿ ਕੀਮਤੀ ਮੋਤੀ ਨੱਕ ਵਿਚ, ਮੂੰਹ ਵਿਚ ਪਾਠ ਤੇ ਚਮਕਦਾ ਚਿਹਰਾ ਅਤੇ ਚੜ੍ਹਦੀ ਜਵਾਨੀ ਜਿਸ ’ਤੇ ਚੰਦਨ ਮਲ-ਮਲ ਖੁਸ਼ਬੂ ਪੈਦਾ ਕੀਤੀ ਹੋਵੇ ਅਤੇ ਰੇਸ਼ਮੀ ਕੱਪੜੇ, ਭਾਵ ਸਾਰੇ ਪਾਸੇ ਉਤਸ਼ਾਹ ਦਾ ਵਾਤਾਵਰਨ। ਸੋ ਰਾਗ ਮਲਾਰ ਵਿਚ ਬਾਣੀ ਦਾ ਮੀਂਹ ਪੈਂਦਾ ਦਿੱਸੇਗਾ ਅਤੇ ਜਿਸ ਪੀ ਲਿਆ ਉਹ ਸ਼ਾਂਤ-ਚਿਤ ਹੋ ਗਿਆ:
ਸਾਚੀ ਬਾਣੀ ਮੀਠੀ ਅੰਮ੍ਰਿਤ ਧਾਰ॥
ਜਿਨਿ ਪੀਤੀ ਤਿਸੁ ਮੋਖ ਦੁਆਰ॥ (ਪੰਨਾ 1275)
28. ਰਾਗ ਕਾਨੜਾ-
ਕਾਨੜਾ ਵਿਚ ਹੁਣ ਰੂਹ ਕੇਵਲ ਸ਼ਬਦ ਹੀ ਸੁਣਦੀ ਹੈ। ਕਾਨੜਾ ਦੀ ਧੁਨੀ ਹੈ:
ਕਾਸੀ ਕੇ ਬਾਸਨ ਕਥ ਬਾਜੈ, ਤਾਂ ਸੁਧ ਸੌਧ ਕਾਨੜਾ ਬਾਜੈ।
ਪੜਛੱਤੀ ’ਤੇ ਪਏ ਹੋਏ ਬਰਤਨ ਜੇ ਅਚਾਨਕ ਫ਼ਰਸ਼ ’ਤੇ ਡਿੱਗ ਪੈਣ ਤਾਂ ਜੋ ਆਵਾਜ਼ਾਂ ਤੇ ਗੂੰਜਾਂ ਪੈਂਦੀਆਂ ਹਨ, ਉਹ ਕਾਨੜਾ ਹੈ। ਬੜੀ ਦੇਰ ਤਕ ਬਰਤਨ ਦੀ ਆਵਾਜ਼ ਗੂੰਜਦੀ ਰਹਿੰਦੀ ਹੈ। ਇਸੇ ਤਰ੍ਹਾਂ ਇਸ ਰਾਗ ਦੇ ਬਹੁਤੇ ਸ਼ਬਦਾਂ ਵਿਚ ਦੇਖਿਆ ਜਾ ਸਕਦਾ ਹੈ। ਇਸ ਲੰਮੀ ਗੂੰਜ ਨੂੰ ਪੈਦਾ ਕਰਨ ਲਈ ਪਹਿਲਾਂ ਤਾਂ ਸ਼ਬਦ ਦੀ ਤੁਕ ਦੇ ਅਖ਼ੀਰਲੇ ਸ਼ਬਦ ਨੂੰ ਹੇਕ ਵਿਚ ਕੀਤਾ ਹੈ। ਜਿਵੇਂ:
ਤੈਨ, ਪਵੈਨ, ਪੈਨ, ਕੈਨ, ਤਾਕ, ਰਸਾਨ, ਬਛਰਾਕ, ਮੁਸਕਾਕ, ਰੰਗੀਤ, ਕਟਤੀਤ, ਪ੍ਰੀਤ, ਜਪੀਸ ਅਤੇ ਕਰਸੀਸ।
ਫਿਰ ਇਸੇ ਧੁਨੀ ਦੇ ਪਸਾਰੇ ਨੂੰ ਕਾਇਮ ਰੱਖਣ ਲਈ ਤੁਕਾਂ ਵੀ ਇਸ ਤਰ੍ਹਾਂ ਦੀਆਂ ਉਚਾਰਨ ਕੀਤੀਆਂ ਹਨ, ਜਿਵੇਂ:
ਕੁਹਕਤ ਕਪਟ ਖਪਟ ਖਲ ਗਰਜਤ, ਮਰਜਤ ਮੀਚੁ ਅਨਿਕ ਬਰੀਆ॥ (ਪੰਨਾ 1303)
29. ਰਾਗ ਕਲਿਆਨ-
ਕਾਨੜਾ ਬਾਅਦ ਕਲਿਆਨ ਦੀ ਵਾਰੀ ਸੁਭਾਵਕ ਹੈ। ਰਾਗਮਾਲਾ ਵਿਚ ਵੀ ਗਉਰਾ ਅਉ ਕਾਨਰਾ ਕਲਯਾਨਾ ਦੀ ਤਰਤੀਬ ਰੱਖੀ ਹੈ। ਕਲਿਆਨ ਖੁਸ਼ੀ ਪੈਦਾ ਕਰਦਾ ਹੈ। ਆਤਮਾ ਵੀ ਅਨੰਦ ਵਿਚ ਆਈ ਹੁਣ ਪ੍ਰਭਾਤ ਦੀ ਲੋਅ ਦੇਖ ਰਹੀ ਹੈ। ਨਾਮ ਉਜਾਗਰ ਹੋ ਆਇਆ ਹੈ।
ਕਲਿਆਨ ਰਾਗ ਵਿਚ ‘ਸੋਭਾ ਮੇਰੇ ਲਾਲਨ ਕੀ’ ਸੁਣ-ਸੁਣ ਸਵਾਦ ਆਉਂਦਾ ਹੈ। ਨਾਲ ਇਹ ਸੋਝੀ ਮਿਲੀ ਕਿ ‘ਅਨੰਦ ਮੂਲ ਰਾਮ ਹੈ’ ਅਤੇ ਉਹ ਗੁਰ-ਸ਼ਬਦ ਰਾਹੀਂ ਹੀ ਗੱਜਦਾ ਹੈ:
ਆਨਦ ਮੂਲੁ ਰਾਮੁ ਸਭੁ ਦੇਖਿਆ ਗੁਰ ਸਬਦੀ ਗੋਵਿਦੁ ਗਜਿਆ॥ (ਪੰਨਾ 1315)
30. ਰਾਗ ਪ੍ਰਭਾਤੀ-
ਹੁਣ ਘਾਲ-ਕਮਾਈ ਤੇ ਬਖਸ਼ਿਸ਼ ਨਾਲ ਪ੍ਰਭਾਤ ਹੋ ਗਈ। ਗੁਰੂ ਨਾਨਕ ਜੀ ਨੇ ਪ੍ਰਭਾਤੀ ਤੇ ਬਿਭਾਸ ਨੂੰ ਮਿਲਾਇਆ ਹੈ। ਬਿਭਾਸ ਬਣਦਾ ਹੈ: ਬਿਲਾਵਲ, ਆਸਾਵਰੀ ਤੇ ਗੂਜਰੀ ਨਾਲ। ਇਹ ਹੁਲਾਸ, ਖੇੜੇ ਤੇ ਪ੍ਰਸੰਨਤਾ ਦੇ ਰਾਗ ਹਨ। ਉਹ ਤਲਖੀ ਜੋ ਅਰੰਭ ਵਿਚ ਸੀ, ਉਹ ਕੋਰਾਪਨ ਜੋ ਸ਼ੁਰੂ ਵਿਚ ਸੀ, ਉਹ ਦੌੜ-ਭੱਜ ਜੋ ਆਦਿ ਵਿਚ ਸੀ, ਉਹ ਕਾਮ ਜੋ ਤੰਗ ਕਰਦਾ ਸੀ, ਉਹ ਕ੍ਰੋਧ ਜੋ ਸਾੜੀ ਰੱਖਦਾ ਸੀ, ਹੁਣ ਸ਼ਾਂਤ ਹੋ ਗਏ ਹਨ:
ਕਾਮ ਕ੍ਰੋਧ ਸਿਉ ਠਾਟੁ ਨ ਬਨਿਆ॥
ਕਿਉਂਕਿ –
ਗੁਰ ਉਪਦੇਸੁ ਮੋਹਿ ਕਾਨੀ ਸੁਨਿਆ॥ (ਪੰਨਾ 1347)
ਮੰਨਿਆ ਹੈ।
ਗਿਆਨ ਦਾ ਤੇਲ ਤੇ ਨਾਮ ਦੀ ਬੱਤੀ ਦੀਵੇ ਵਿਚ ਪਾ ਕੇ ਜਗਦੀਸ਼ ਦੀ ਜੋਤ ਨਾਲ ਜੋ ਅੰਦਰ ਜਗੀ ਹੈ, ਐਸਾ ਦੀਪਕ ਬਲਿਆ ਹੈ ਕਿ ਸਭ ਰਾਹ ਸੁਖਾਲੇ ਹੋ ਗਏ ਹਨ:
ਤਤੁ ਤੇਲੁ ਨਾਮੁ ਕੀਆ ਬਾਤੀ ਦੀਪਕੁ ਦੇਹ ਉਜ੍ਹਾ ਰਾ॥
ਜੋਤਿ ਲਾਇ ਜਗਦੀਸ ਜਗਾਇਆ ਬੂਝੈ ਬੂਝਨਹਾਰਾ॥ (ਪੰਨਾ 1350)
ਭਗਤ ਨਾਮਦੇਵ ਜੀ ਸਭ ਪਾਸੇ ‘ਖੁਸ਼ਬੂ ਖਿਲਾਰੀ’ ਦੇਖਦੇ ਹਨ ਅਤੇ ਭਗਤ ਬੇਣੀ ਜੀ ਉੱਚੀ ਆਵਾਜ਼ ਵਿਚ ਕਹਿੰਦੇ ਹਨ:
ਕਹੁ ਬੇਣੀ ਗੁਰਮਖਿ ਧਿਆਵੈ॥
ਬਿਨੁ ਸਤਿਗੁਰ ਬਾਟ ਨ ਪਾਵੈ॥ (ਪੰਨਾ 1351)
31. ਰਾਗ ਜੈਜਾਵੰਤੀ-
ਜਿਸ ਨੇ ਬਾਣੀ ਰਾਹੀਂ ਇਹ ਦੀਵਾ ਜਗਾ, ਇਹ ਰਾਹ ਪਾ ਲਿਆ ਉਸ ਨੂੰ ਜਿੱਤ ਦੀ ਮਾਲਾ ਗਲੇ ਪਵੇਗੀ। ਇਸੇ ਲਈ ਕਲਗੀ ਵਾਲੇ ਨੇ ਅੰਤ ਵਿਚ ਜੈਜਾਵੰਤੀ ਰੱਖ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਬਦ ਦਰਜ ਕਰ ਦਿੱਤੇ ਤਾਂ ਕਿ ਦੇਹ-ਪਿਆਰ ਸਦਾ ਲਈ ਛੁੱਟ ਜਾਏ:
ਅਸਥਿਰੁ ਜੋ ਮਾਨਿਓ ਦੇਹ ਸੋ ਤਉ ਤੇਰਉ ਹੋਇ ਹੈ ਖੇਹ॥ (ਪੰਨਾ 1353)
ਸੋ ਹੁਕਮ ਕੀਤਾ ਨਾਮ ਲਵੋ, ਨਾਮ ਜਪੋ, ਨਾਮ ਦਾ ਹੀ ਸਹਾਰਾ ਰੱਖੋ। ਜੈਜਾਵੰਤੀ ਨੂੰ ਕਿਸੇ ਵੀ ਸੰਗੀਤ ਗ੍ਰੰਥ ਦਾ ਰਾਗ ਦੀ ਬੰਸ ਵਿਚ ਨਾ ਲਿਖਣਾ ਵੀ ਦਰਸਾਉਂਦਾ ਹੈ ਕਿ ਇਹ ਨਿਵੇਕਲਾ ਰਾਗ ਹੈ ਅਤੇ ਨਿਵੇਕਲੀ ਗੱਲ ਹੀ ਕੀਤੀ ਹੈ ਗੁਰੂ ਪਾਤਸ਼ਾਹ ਨੇ ਜੈਜਾਵੰਤੀ ਨੂੰ ਅੰਤ ਵਿਚ ਦਰਜ ਕਰ ਕੇ।
ਬਸ, ਇਹ ਅਸਾਨੀ ਨਾਲ ਕਿਹਾ ਜਾ ਸਕਦਾ ਹੈ ਕਿ ਗੁਰੂ ਪਾਤਸ਼ਾਹਾਂ ਨੂੰ ਰਾਗ ਨੂੰ ਨਵੀਂ ਨੁਹਾਰ, ਨਵਾਂ ਮੋੜ ਤੇ ਨਵਾਂ ਗਾਇਨ ਰੂਪ ਦੇ ਕੇ ਵੱਡਾ ਪਸਾਰਾ ਪਾ ਕੇ, ਆਤਮਿਕ ਠੰਡ ਪ੍ਰਾਪਤ ਕਰਨ ਦਾ ਹਥਿਆਰ ਬਣਾਇਆ। ਬਾਬਰ ਨੇ ਆਪਣੀ ‘ਤੁਜ਼ਕਿ’ ਵਿਚ ਲਿਖਿਆ ਸੀ ਕਿ ਇਰਾਨ, ਇਰਾਕ, ਮੱਕਾ, ਮਦੀਨਾ, ਬਗਦਾਦ ਅਤੇ ਅਫ਼ਗਾਨਿਸਤਾਨ ਗਾਉਂਦੇ ਲੋਕੀਂ ਸੁਣੇ ਹਨ ਪਰ ਉੱਤਰੀ ਹਿੰਦੁਸਤਾਨ ਦਾ ਰਾਗ ਅਤਿ ਉਚੇਰੀ ਪੱਧਰ ਦਾ ਹੈ। ਬਾਬਰ ਨੇ ਅੱਖੀਂ ਬਾਬੇ ਦੇ ਗਾਇਨ ਦਾ ਚਮਤਕਾਰ ਸੈਦਪੁਰ ਡਿੱਠਾ ਸੀ।
ਰਾਗਾਂ ਦੀ ਚੋਣ ਤੋਂ ਇਹ ਵੀ ਪ੍ਰਤੀਤ ਹੋਇਆ ਕਿ ਗੁਰੂ ਪਾਤਸ਼ਾਹਾਂ ਨੇ ਇਹ ਸੰਭਾਲਾਂ ਵੀ ਰੱਖੀਆਂ ਕਿ ਕੋਈ ਭੜਕੀਲਾ ਤੇ ਸੋਗਮਈ ਰਾਗ ਨਾ ਵਰਤਿਆ ਜਾਵੇ। ਹਿਰਦੇ ਵਿਚ ‘ਸਹਜ ਸ਼ਾਂਤ ਸੁਖ’ ਉਪਜਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਰਚਿਆ ਸੀ ਅਤੇ ਰਾਗ ਵੀ ਅਜਿਹੇ ਹੀ ਲਏ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰਾਗ ਐਸ਼ ਦਾ ਵਿਸ਼ਾ ਨਹੀਂ, ਰਾਗ ਮਿਲਾਪ ਦਾ ਸਾਧਨ ਹੈ। ਇਹ ਹੀ ਕਾਰਨ ਹੈ ਕਿ ਰਾਗਣੀ ਸ਼ਬਦ ਵੀ ਨਹੀਂ ਵਰਤਿਆ ਭਾਵੇਂ ਸੰਗੀਤ-ਅਚਾਰੀਯੇ ਟੋਡੀ ਨੂੰ ਰਾਗਣੀ ਹੀ ਗਿਣਦੇ ਹਨ। ਜਿਸ ਸੁਰ ਨੂੰ ਐਸ਼ ਲਈ ਵਰਤਿਆ ਜਾਂਦਾ ਸੀ, ਉਸ ਨੂੰ ਸੱਚੇ ਗਿਆਨ ਅਨੁਭਵ ਦੇ ਪਾਸਾਰ ਲਈ ਵਰਤਿਆ। ਕੀਰਤਨ ਦੀ ਉਤਪਤੀ ਪਿੱਛੇ ਇਹ ਹੀ ਰਹੱਸ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਤਾਂ ਕਹਿੰਦੇ ਹੀ ਮਰਦਾਨਾ ਜੀ ਨੂੰ ਇਹ ਸਨ: ਛੇੜ ਮਰਦਾਨਿਆ! ਰਬਾਬ, ਕਾਈ ਸਿਫ਼ਤ ਖ਼ੁਦਾ ਦੇ ਦੀਦਾਰ ਦੀ ਕਰੀਏ।
ਇਕ ਗੱਲ ਸਾਨੂੰ ਕਦੇ ਨਹੀਂ ਭੁੱਲਣੀ ਚਾਹੀਦੀ ਕਿ ਬਾਣੀ ਰਾਗਾਂ ਦੀ ਖ਼ਾਤਰ ਨਹੀਂ ਹੈ, ਸ਼ਬਦ ਪਾ ਕੇ ਰਾਗ ਨੂੰ ਗਾਇਆਂ, ਪ੍ਰਭੂ ਦਾ ਦੀਦਾਰ ਹੋ ਜਾਂਦਾ ਹੈ।
ਲੇਖਕ ਬਾਰੇ
ਪ੍ਰਸਿੱਧ ਪੰਜਾਬੀ ਲੇਖਕ, ਇਤਿਹਾਸਕਾਰ ਅਤੇ ਦਾਰਸ਼ਨਿਕ ਪ੍ਰਿੰਸੀਪਲ ਸਤਬੀਰ ਸਿੰਘ (1 ਮਾਰਚ 1932 - 18 ਅਗਸਤ 1994) ਇੱਕ ਉੱਚ ਕੋਟੀ ਦੇ ਸਿੱਖ ਵਿਦਵਾਨ ਚਿੰਤਕ, ਸੁਘੜ ਬੁਲਾਰੇ, ਸੁਚੱਜੇ ਪ੍ਰਬੰਧਕ, ਅਥੱਕ ਸੇਵਕ ਸਨ। ਆਪ ਜੀ ਨੇ ਸਿੱਖ ਪੰਥ ਦੀ ਝੋਲੀ ਵਿੱਚ ਅਨੇਕਾਂ ਖੋਜ-ਭਰਪੂਰ ਕਿਤਾਬਾਂ ਪਾਈਆਂ ਹਨ।
- ਪ੍ਰਿੰਸੀਪਲ ਸਤਿਬੀਰ ਸਿੰਘhttps://sikharchives.org/kosh/author/%e0%a8%aa%e0%a9%8d%e0%a8%b0%e0%a8%bf%e0%a9%b0%e0%a8%b8%e0%a9%80%e0%a8%aa%e0%a8%b2-%e0%a8%b8%e0%a8%a4%e0%a8%bf%e0%a8%ac%e0%a9%80%e0%a8%b0-%e0%a8%b8%e0%a8%bf%e0%a9%b0%e0%a8%98/May 1, 2008