ਪ੍ਰਾਚੀਨ ਕਾਲ ਤੋਂ ਹੀ ਸੰਗੀਤ ਨੂੰ ਆਤਮਾ ਅਤੇ ਪਰਮਾਤਮਾ ਦੇ ਮਿਲਾਪ ਲਈ ਉੱਤਮ ਸਾਧਨ ਮੰਨਿਆ ਗਿਆ ਹੈ। ਅਨੇਕਾਂ ਮਹਾਂਪੁਰਸ਼ਾਂ ਨੇ ਪਰਮਾਤਮਾ ਦੀ ਸਿਫਤ-ਸਲਾਹ ਵਿਚ ਉਚਾਰਨ ਕੀਤੀ ਆਪਣੀ ਬਾਣੀ ਦਾ ਗਾਇਨ ਅਤੇ ਵਾਦਨ ਦੁਆਰਾ ਸ੍ਰੋਤਿਆਂ ਉੱਪਰ ਡੂੰਘਾ ਅਸਰ ਪਾਇਆ। ਇਸ ਪ੍ਰਕਾਰ ਸੰਗੀਤ ਵਿਚ ਸਾਜ਼ਾਂ ਦਾ ਵੀ ਵਿਸ਼ੇਸ਼ ਸਥਾਨ ਰਿਹਾ ਹੈ।
ਗੁਰੂ ਸਾਹਿਬਾਨ ਦੇ ਸਮੇਂ ਰਬਾਬ, ਸਾਰੰਦਾ, ਤਾਊਸ ਅਤੇ ਮ੍ਰਿਦੰਗ/ਪਖਾਵਜ ਨਾਲ ਕੀਰਤਨ ਹੋਇਆ ਕਰਦਾ ਸੀ। ਗੁਰੂ ਨਾਨਕ ਸਾਹਿਬ ਦਾ ਪਿਆਰਾ ਸਾਜ਼ ਰਬਾਬ ਸੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਾਰੰਦਾ। ਮੌਜੂਦਾ ਸਮੇਂ ਕੀਰਤਨ ਕਰਨ ਲਈ ਹਾਰਮੋਨੀਅਮ ਅਤੇ ਤਬਲਾ ਸਾਜ਼ਾਂ ਦੀ ਮੁੱਖ ਰੂਪ ਵਿਚ ਵਰਤੋਂ ਕੀਤੀ ਜਾਂਦੀ ਹੈ। ਪ੍ਰਭਾਤ-ਫੇਰੀਆਂ ਅਤੇ ਇਸਤਰੀ ਸਤਿਸੰਗ ਵਿਚ ਸਾਧਾਰਨ ਧਾਰਨਾ ਵਾਲੇ ਸ਼ਬਦਾਂ ਨਾਲ ਢੋਲਕ/ਢੋਲਕੀ, ਚਿਮਟਾ, ਕੈਂਸੀਆਂ ਅਤੇ ਖੜਤਾਲਾਂ ਆਦਿ ਸਾਜ਼ ਵਜਾਏ ਜਾਂਦੇ ਹਨ। ਵਾਰ-ਗਾਇਨ ਨਾਲ ਢੱਡ ਅਤੇ ਸਾਰੰਗੀ ਸਾਜ਼ ਵਜਾਉਣ ਦੀ ਪਰੰਪਰਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਈ ਪ੍ਰਕਾਰ ਦੇ ਸਾਜ਼ਾਂ ਦਾ ਵਰਣਨ ਮਿਲਦਾ ਹੈ। ਭਾਵੇਂ ਇਨ੍ਹਾਂ ਸਾਜ਼ਾਂ ਤੋਂ ਆਹਤ ਨਾਦ ਉਤਪੰਨ ਹੁੰਦਾ ਹੈ, ਪਰ ਫਿਰ ਵੀ ਗੁਰਬਾਣੀ ਵਿਚ ਇਨ੍ਹਾਂ ਸਾਜ਼ਾਂ ਨੂੰ ਰੂਹਾਨੀਅਤ ਨਾਲ ਜੋੜ ਕੇ ਅਨਾਹਤ ਨਾਦ ਦੇ ਅਰਥ ਵਿਚ ਵਰਤਿਆ ਗਿਆ ਹੈ। ਗੁਰੂ-ਫ਼ਰਮਾਨ ਹੈ:
ਰਬਾਬੁ ਪਖਾਵਜ ਤਾਲ ਘੁੰਘਰੂ ਅਨਹਦ ਸਬਦੁ ਵਜਾਵੈ॥ (ਪੰਨਾ 381)
ਗੁਰਬਾਣੀ ਵਿਚ ਜ਼ਿਆਦਾਤਰ ਸਾਜ਼ ਲਈ ‘ਵਾਜਾ/ਬਾਜਾ’ ਸ਼ਬਦ ਵਰਤਿਆ ਗਿਆ ਹੈ ਜਿਸ ਦਾ ਅਰਥ ਹੈ, ‘ਉਹ ਯੰਤਰ ਜੋ ਸਵਰ ਅਥਵਾ ਤਾਲ ਉਤਪੰਨ ਕਰੇ।
ਜਿਵੇਂ :
ਬਾਜੇ ਬਜਹਿ ਮ੍ਰਿਦੰਗ ਅਨਾਹਦ ਕੋਕਿਲ ਰੀ ਰਾਮ ਨਾਮੁ ਬੋਲੈ ਮਧੁਰ ਬੈਨ ਅਤਿ ਸੁਹੀਆ॥ (ਪੰਨਾ 1217)
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਰਣਿਤ ਪ੍ਰਮੁੱਖ ਸਾਜ਼ਾਂ ਦੀ ਸੰਖੇਪ ਜਾਣਕਾਰੀ ਇਸ ਪ੍ਰਕਾਰ ਹੈ:
ਰਬਾਬ :
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰਬਾਬ ਸਾਜ਼ ਦਾ ਛੇ ਵਾਰੀ ਜ਼ਿਕਰ ਆਇਆ ਹੈ:
ਕਬ ਕੋ ਭਾਲੈ ਘੁੰਘਰੂ ਤਾਲਾ ਕਬ ਕੋ ਬਜਾਵੈ ਰਬਾਬੁ॥ (ਪੰਨਾ 368)
ਰਬਾਬੁ ਪਖਾਵਜ ਤਾਲ ਘੁੰਘਰੂ ਅਨਹਦ ਸਬਦੁ ਵਜਾਵੈ॥ (ਪੰਨਾ 381)
ਟੂਟੀ ਤੰਤੁ ਨ ਬਜੈ ਰਬਾਬੁ॥ (ਪੰਨਾ 479)
ਕਰ ਕਰਿ ਤਾਲ ਪਖਾਵਜੁ ਨੈਨਹੁ ਮਾਥੈ ਵਜਹਿ ਰਬਾਬਾ॥ (ਪੰਨਾ 884)
ਤੂਟੀ ਤੰਤੁ ਰਬਾਬ ਕੀ ਵਾਜੈ ਨਹੀ ਵਿਜੋਗਿ॥ (ਪੰਨਾ 934)
ਜੀਲ ਬਿਨਾ ਕੈਸੇ ਬਜੈ ਰਬਾਬ॥ (ਪੰਨਾ 1140)
ਰਬਾਬ ਤੰਤ੍ਰੀ ਸਾਜ਼ ਹੈ, ਜਿਸ ਦੇ ਦੋ ਭੇਦ ਹਨ- ਨਿਬੱਧ ਅਤੇ ਅਨਿਬੱਧ। ਨਿਬੱਧ ਰਬਾਬ ਵਿਚ ਸਵਰਾਂ ਦੇ ਚਿੰਨ੍ਹਾਂ ਦੇ ਪਰਦੇ ਤੰਦਾਂ ਨਾਲ ਬੱਝੇ ਹੁੰਦੇ ਹਨ ਅਤੇ ਅਨਿਬੱਧ ਰਬਾਬ ਵਿਚ ਸਵਰਾਂ ਦੇ ਪਰਦੇ ਬੱਝੇ ਨਹੀਂ ਹੁੰਦੇ।
ਰਬਾਬ ਨੂੰ ਵਜਾਉਣ ਦੇ ਲਈ ਆਮ ਤੌਰ ’ਤੇ ਲੱਕੜੀ ਜਾਂ ਹਾਥੀ ਦੰਦ ਦਾ ਤਿਕੋਣਾ ਟੁਕੜਾ ਪ੍ਰਯੋਗ ਕੀਤਾ ਜਾਂਦਾ ਹੈ। ਇਸ ਨੂੰ ‘ਜਵਾ’ ਜਾਂ ‘ਜ਼ਰਬ’ ਕਹਿੰਦੇ ਹਨ। ਇਸ ਨੂੰ ਸੱਜੇ ਹੱਥ ਦੇ ਅੰਗੂਠੇ ਅਤੇ ਪਹਿਲੀ ਤੇ ਦੂਜੀ ਉਂਗਲੀ ਨਾਲ ਪਕੜ ਕੇ ਤਾਰਾਂ ਉੱਤੇ ਟੁਣਕਾਰ ਕੀਤਾ ਜਾਂਦਾ ਅਤੇ ਖੱਬੇ ਹੱਥ ਦੀਆਂ ਉਂਗਲੀਆਂ ਨਾਲ ਤਾਰ ਨੂੰ ਡਾਂਡ ਉੱਤੇ ਦਬਾ ਕੇ ਸੁਰਾਂ ਦੀ ਉਤਪਤੀ ਕੀਤੀ ਜਾਂਦੀ ਹੈ।
ਵੀਣਾ :
ਵੀਣਾ ਸਾਜ਼ ਦਾ ਗੁਰਬਾਣੀ ਵਿਚ ‘ਬੀਣਾ’ ਨਾਂ ਨਾਲ ਵਰਣਨ ਉਪਲਬਧ ਹੈ:
ਗੁਰ ਸਬਦਿ ਮੇਲਾ ਤਾਂ ਸੁਹੇਲਾ ਬਾਜੰਤ ਅਨਹਦ ਬੀਣਾ॥ (ਪੰਨਾ 767)
ਬੀਣਾ ਸਬਦੁ ਵਜਾਵੈ ਜੋਗੀ ਦਰਸਨਿ ਰੂਪਿ ਅਪਾਰਾ॥ (ਪੰਨਾ 351)
ਵੀਣਾ ਸੰਗੀਤ ਦੀਆਂ ਬਾਰੀਕੀਆਂ ਨੂੰ ਪ੍ਰਦਰਸ਼ਿਤ ਕਰਨ ਵਾਲਾ ਪ੍ਰਾਚੀਨ ਸਾਜ਼ ਹੈ। ‘ਵੀਣਾ’ ਸ਼ਬਦ ਦੀ ਉਤਪਤੀ ‘ਵੀਣਾ’ ਤੋਂ ਹੀ ਹੋਈ ਹੈ ਜਿਸ ਦਾ ਅਰਥ ਹੈ, ‘ਸੰਗੀਤਮਈ ਆਵਾਜ਼’। ਸੰਗੀਤ ਵਿਚ ਤਿੰਨ ਪ੍ਰਕਾਰ ਦੀ ਵੀਣਾ ਦਾ ਉਲੇਖ ਮਿਲਦਾ ਹੈ- (ੳ) ਨਾਰਦੀ ਵੀਣਾ, (ਅ) ਸਰਸਵਤੀ ਵੀਣਾ, (ੲ) ਵਨੀਤ ਵੀਣਾ। ਪ੍ਰਾਚੀਨ ਵੀਣਾ ਦੇ ਆਧਾਰ ’ਤੇ ਹੀ ਸਿਤਾਰ ਸਾਜ਼ ਦੀ ਉਤਪਤੀ ਹੋਈ ਮੰਨੀ ਜਾਂਦੀ ਹੈ। ਕੇਂਦਰੀ ਸਿੱਖ ਅਜਾਇਬ ਘਰ ਵਿਚ ਵੀ ਇਕ ‘ਵਚਿੱਤਰ ਵੀਣਾ’ ਨਾਂ ਦਾ ਸਾਜ਼ ਪਿਆ ਹੈ।
ਵੀਣਾ ਸਾਜ਼ ਵਿਚ ਸੱਜੇ ਹੱਥ ਵਿਚ ‘ਮਿਜ਼ਰਾਬ’ ਨਾਲ ਤਾਰ ’ਤੇ ਟੁਣਕਾਰ ਕੀਤਾ ਜਾਂਦਾ ਹੈ ਅਤੇ ਖੱਬੇ ਹੱਥ ਵਿਚ ਪਕੜੇ ਸ਼ੀਸ਼ੇ ਦੇ ਗੋਲੇ ਨਾਲ ਤਾਰ ਦੇ ਉੱਪਰ ਘਸੀਟ ਕੇ ਵਜਾਉਂਦੇ ਹਨ। ਇਸ ਸਾਜ਼ ਦੀ ਧੁਨੀ ਬੜੀ ਗੰਭੀਰ ਅਤੇ ਮਧੁਰ ਹੁੰਦੀ ਹੈ। ਇਸ ’ਤੇ ਮੀਂਡ, ਗਮਕ ਦਾ ਕੰਮ ਬਹੁਤ ਅੱਛਾ ਦਿਖਾਇਆ ਜਾਂਦਾ ਹੈ।
ਕਿੰਗੁਰੀ :
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਿੰਗੁਰੀ ਦਾ ਵਰਣਨ ਕਿੰਗੁਰੀ, ਕਿੰਕਰੀ ਅਤੇ ਕਿੰਕਨੀ ਨਾਵਾਂ ਨਾਲ 14 ਵਾਰ ਉਪਲਬਧ ਹੈ, ਜਿਵੇਂ:
ਰਾਜਾ ਰਾਮ ਅਨਹਦ ਕਿੰਗੁਰੀ ਬਾਜੈ॥ (ਪੰਨਾ 92)
ਦੇਖਿ ਰੂਪੁ ਅਤਿ ਅਨੂਪੁ ਮੋਹ ਮਹਾ ਮਗ ਭਈ ਕਿੰਕਨੀ ਸਬਦ ਝਨਤਕਾਰ ਖੇਲੁ ਪਾਹਿ ਜੀਉ॥ (ਪੰਨਾ 1402)
ਇਹ ਦੋ ਤੂੰਬਿਆਂ ਵਾਲੀ ਤੰਤ੍ਰੀ ਵੀਣਾ ਜਾਂ ਜੋਗੀਆਂ ਦੀ ਇਕਤਾਰੀ ਵੀਣਾ ਹੈ।
ਸ਼ਹਿਨਾਈ :
ਗੁਰਬਾਣੀ ਵਿਚ ਸ਼ਹਿਨਾਈ ਸਾਜ਼ ਦਾ ਜ਼ਿਕਰ ਸਿਰਫ਼ ਇਕ ਵਾਰ ਹੀ ਗੁਰੂ ਨਾਨਕ ਸਾਹਿਬ ਦੁਆਰਾ ਆਸਾ ਰਾਗ ਵਿਚ ਕੀਤਾ ਗਿਆ ਹੈ:
ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ॥ (ਪੰਨਾ 417)
ਇਹ ਖੁਸ਼ੀ ਦੇ ਮੌਕੇ ’ਤੇ ਵਜਾਉਣ ਵਾਲਾ ਸਾਜ਼ ਹੈ। ਇਸ ਨੂੰ ਵਜਾਉਂਦੇ ਸਮੇਂ ਮੂੰਹ ਵਿਚ ਨਿਰੰਤਰ ਸਾਹ ਰਹਿਣਾ ਚਾਹੀਦਾ ਹੈ ਅਤੇ ਸਵਰਾਂ ਦੇ ਲਈ ਸਾਹ ਛੱਡਦੇ ਰਹਿਣਾ ਚਾਹੀਦਾ ਹੈ। ਇਸ ਵਿਚ ਰੀਡਸ (Reeds) ਲੱਗੀ ਹੁੰਦੀ ਹੈ; ਜਦੋਂ ਇਸ ਵਿਚ ਮੂੰਹ ਦੁਆਰਾ ਹਵਾ ਭਰੀ ਜਾਂਦੀ ਹੈ ਤਾਂ ਧੁਨੀ ਦੀ ਉਤਪਤੀ ਹੁੰਦੀ ਹੈ।
ਸਿੰਙੀ :
ਜੋਗੀਆਂ ਦੀ ਤੁਰ੍ਹੀ ਜੋ ਵਲਦਾਰ ਸਿੰਙ ਦੀ ਹੁੰਦੀ ਹੈ। ਇਹ ਸਿੰਙ ਦਾ ਬਣਿਆ ਹੋਇਆ ਸਾਜ਼ ਮੂੰਹ ਵਿਚ ਹਵਾ ਭਰ ਕੇ ਵਜਾਇਆ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਸ ਦਾ 13 ਵਾਰ ਜ਼ਿਕਰ ਆਇਆ ਹੈ, ਜਿਵੇਂ:
ਜਾ ਤੁਧੁ ਭਾਵਹਿ ਤਾ ਕਰਹਿ ਬਿਭੂਤਾ ਸਿੰਙੀ ਨਾਦੁ ਵਜਾਵਹਿ॥ (ਪੰਨਾ 145)
ਜਹ ਭਉ ਨਾਹੀ ਤਹਾ ਆਸਨੁ ਬਾਧਿਓ ਸਿੰਗੀ ਅਨਹਤ ਬਾਨੀ॥ (ਪੰਨਾ 208)
ਵਾਜੇ ਬਾਝਹੁ ਸਿੰਙੀ ਵਾਜੈ ਤਉ ਨਿਰਭਉ ਪਦੁ ਪਾਈਐ॥ (ਪੰਨਾ 730)
ਬੰਸਰੀ :
ਇਸ ਸਾਜ਼ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਾਂਸੁਰੀ, ਮੁਰਲੀ ਜਾਂ ਵੰਸੁ ਆਦਿਕ ਨਾਵਾਂ ਨਾਲ ਵਰਣਨ ਮਿਲਦਾ ਹੈ, ਜਿਵੇਂ :
ਆਪੇ ਸਾਵਲ ਸੁੰਦਰਾ ਪਿਆਰਾ ਆਪੇ ਵੰਸੁ ਵਜਾਹਾ॥ (ਪੰਨਾ 606)
ਬਾਸ ਬਾਸਰੀ ਏਕੈ ਸੁਆਮੀ ਉਦਿਆਨ ਦ੍ਰਿਸਟਾਗਿਓ॥ (ਪੰਨਾ 215)
ਕਰਨਹੁ ਮਧੁ ਬਾਸੁਰੀ ਬਾਜੈ ਜਿਹਵਾ ਧੁਨਿ ਆਗਾਜਾ॥ (ਪੰਨਾ 885)
ਰਿਖੀਕੇਸ ਗੋਵਰਧਨਧਾਰੀ ਮੁਰਲੀ ਮਨੋਹਰ ਹਰਿ ਰੰਗਾ॥ (ਪੰਨਾ 1082)
ਇਹ ਬਾਂਸ ਦੀ ਬਣੀ ਹੁੰਦੀ ਹੈ। ਪੁਰਾਣੇ ਸਮੇਂ ਵਿਚ ਲੋਹੇ, ਕਾਂਸੇ, ਚਾਂਦੀ ਜਾਂ ਸੋਨੇ ਦੀ ਬਾਂਸੁਰੀ ਵੀ ਬਣਾਈ ਜਾਂਦੀ ਸੀ। ਇਸ ਦੀ ਕੋਈ ਨਿਸ਼ਚਿਤ ਲੰਬਾਈ ਨਹੀਂ ਹੁੰਦੀ। ਕਲਾਕਾਰ ਆਪਣੀ ਇੱਛਾ ਅਨੁਸਾਰ ਬਾਂਸੁਰੀ ਦੀ ਲੰਬਾਈ ਰੱਖਦੇ ਹਨ। ਇਸ ਵਿਚ ਸਾਧਾਰਨ ਤੌਰ ’ਤੇ ਛੇ (6) ਛੇਕ ਹੁੰਦੇ ਹਨ। ਇਨ੍ਹਾਂ ਛੇਕਾਂ ਨੂੰ ਜਦੋਂ ਦੋਹਾਂ ਹੱਥਾਂ ਦੀਆਂ ਉਂਗਲੀਆਂ ਨਾਲ ਬੰਦ ਕਰ ਕੇ ਹਵਾ ਭਰੀਏ ਤਾਂ ਮੰਦਰ ਸਪਤਕ ਦੇ ਪੰਚਮ ਦੀ ਧੁਨੀ ਉਤਪੰਨ ਹੁੰਦੀ ਹੈ। ਇਕ-ਇਕ ਉਂਗਲੀ ਉਠਾ ਕੇ ਹਵਾ ਭਰਦੇ ਜਾਈਏ ਤਾਂ ਕ੍ਰਮ ਅਨੁਸਾਰ ਧ਼ਾ, ਨ਼ੀ, ਸਾ, ਰੇ, ਗਾ ਅਤੇ ਮਾ ਧੁਨੀਵਤ ਹੋਣਗੇ। ਕੋਮਲ ਸਵਰ ਲਈ ਛੇਕ ਨੂੰ ਅੱਧਾ ਖੁੱਲ੍ਹਾ ਅਤੇ ਅੱਧਾ ਬੰਦ ਰੱਖਦੇ ਹਨ। ਜਦੋਂ ਤਾਰ ਸਪਤਕ ਦੇ ਸਵਰ ਗਾਉਣੇ ਹੋਣ ਤਾਂ ਦੁੱਗਣੇ ਜ਼ੋਰ ਨਾਲ ਫੂਕ ਮਾਰਨੀ ਪੈਂਦੀ ਹੈ।
ਸੰਖ :
ਇਹ ਦੋਸ਼ਰਹਿਤ ਸੰਖ ਦੀ ਨਾਭੀ ਨੂੰ ਖੋਦ ਕੇ ਬਣਾਇਆ ਜਾਂਦਾ ਹੈ। ਇਸ ਨੂੰ ਹੱਥਾਂ ਨਾਲ ਪਕੜ ਕੇ, ਮੂੰਹ ਦੁਆਰਾ ਪੂਰਨ ਬਲ ਨਾਲ ਫੂਕ ਮਾਰ ਕੇ ਧੁਨੀ ਦੀ ਉਤਪਤੀ ਕਰਦੇ ਹਨ। ਇਸ ਦੇ ਸ਼ਬਦ ਹੂ, ਧੂੰ, ਤੋ, ਡਿਗਦ, ਡੀ ਆਦਿ ਹਨ। ਇਸ ਨੂੰ ਹਿੰਦੂ ਲੋਕ ਮੰਦਰਾਂ ਵਿਚ ਵਜਾਉਂਦੇ ਹਨ। ਪੁਰਾਣੇ ਸਮੇਂ ਜੰਗ ਵਿਚ ਬਿਗਲ (Bugle) ਦੀ ਜਗ੍ਹਾ ਸੰਖ ਵਜਾਇਆ ਜਾਂਦਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੰਖ ਦਾ ਚਾਰ ਵਾਰ ਜ਼ਿਕਰ ਮਿਲਦਾ ਹੈ:
ਢੁਲਕੇ ਚਵਰ ਸੰਖ ਘਨ ਗਾਜੇ॥ (ਪੰਨਾ 974)
ਸੰਖ ਚਕ੍ਰ ਗਦਾ ਹੈ ਧਾਰੀ ਮਹਾ ਸਾਰਥੀ ਸਤਸੰਗਾ॥ (ਪੰਨਾ 1082)
ਸੰਖ ਚਕ੍ਰ ਮਾਲਾ ਤਿਲਕੁ ਬਿਰਾਜਿਤ ਦੇਖਿ ਪ੍ਰਤਾਪੁ ਜਮੁ ਡਰਿਓ॥ (ਪੰਨਾ 1105)
ਸੰਖ ਚਕ੍ਰ ਗਦਾ ਪਦਮ ਆਪਿ ਆਪੁ ਕੀਓ ਛਦਮ ਅਪਰੰਪਰ ਪਾਰਬ੍ਰਹਮ ਲਖੈ ਕਉਨੁ ਤਾਹਿ ਜੀਉ॥ (ਪੰਨਾ 1402)
ਮ੍ਰਿਦੰਗ/ਪਖਾਵਜ :
ਢੋਲ ਦੇ ਆਕਾਰ ਦਾ ਇਕ ਸਾਜ਼ ਜਿਸ ਦਾ ਢਾਂਚਾ ਲੱਕੜੀ ਦਾ ਬਣਾਇਆ ਜਾਂਦਾ ਹੈ। ਇਹ ਮੱਧ ਭਾਗ ਤੋਂ ਮੋਟਾ ਅਤੇ ਦੋਹਾਂ ਸਿਰਿਆਂ ਤੋਂ ਪਤਲਾ ਹੁੰਦਾ ਹੈ। ਇਸ ਦੇ ਖੱਬੇ ਅਤੇ ਸੱਜੇ ਪਾਸੇ ਦੇ ਮੂੰਹ ਚਮੜੇ ਦੇ ਨਾਲ ਮੜ੍ਹੇ ਜਾਂਦੇ ਹਨ ਅਤੇ ਚੰਮ ਦੀਆਂ ਵਧਰੀਆਂ ਨਾਲ ਹੀ ਕੱਸਿਆ ਜਾਂਦਾ ਹੈ। ਇਸ ਦਾ ਸੱਜਾ ਪੁੜਾ ਸਿਆਹੀ ਵਾਲਾ ਅਤੇ ਖੱਬੇ ਪਾਸੇ ਦਾ ਖਾਲ਼ੀ ਹੁੰਦਾ ਹੈ ਜਿਸ ਉੱਪਰ ਆਟਾ ਲਗਾਇਆ ਜਾਂਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮ੍ਰਿਦੰਗ/ਪਖਾਵਜ ਦਾ ਵਰਣਨ ਇਸ ਤਰ੍ਹਾਂ ਮਿਲਦਾ ਹੈ:
ਬਾਜੇ ਬਜਹਿ ਮ੍ਰਿਦੰਗ ਅਨਾਹਦ ਕੋਕਿਲ ਰੀ
ਰਾਮ ਨਾਮੁ ਬੋਲੈ ਮਧੁਰ ਬੈਨ ਅਤਿ ਸੁਹੀਆ॥ (ਪੰਨਾ 1272)
ਕਬੀਰ ਸਭੁ ਜਗੁ ਹਉ ਫਿਰਿਓ ਮਾਂਦਲੁ ਕੰਧ ਚਢਾਇ॥ (ਪੰਨਾ 1370)
ਮੰਦਲੁ ਨ ਬਾਜੈ ਨਟੁ ਪੈ ਸੂਤਾ॥ (ਪੰਨਾ 478)
ਵਾਜਾ ਮਤਿ ਪਖਾਵਜੁ ਭਾਉ॥ (ਪੰਨਾ 350)
ਨਗਾਰਾ:
ਗੁਰਬਾਣੀ ਵਿਚ ਨਗਾਰੇ ਦਾ ਵਰਣਨ ਭੇਰੀ, ਦਮਾਮਾ, ਡੰਕ, ਨੀਸਾਣ ਜਾਂ ਟੰਮਕ ਆਦਿਕ ਨਾਵਾਂ ਦੇ ਨਾਲ ਹੋਇਆ ਹੈ, ਜਿਵੇਂ:
ਅਨਹਤਾ ਸਬਦ ਵਾਜੰਤ ਭੇਰੀ॥ (ਪੰਨਾ 13)
ਨਾਨਕ ਤੇ ਮੁਖ ਉਜਲੇ ਧੁਨਿ ਉਪਜੈ ਸਬਦੁ ਨੀਸਾਣੁ॥ (ਪੰਨਾ 22)
ਵਾਤ ਵਜਨਿ ਟੰਮਕ ਭੇਰੀਆ॥ (ਪੰਨਾ 73)
ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ॥ (ਪੰਨਾ 1105)
ਬਲਿਹਿ ਛਲਨ ਸਬਲ ਮਲਨ ਭਗ੍ਤਿ ਫਲਨ ਕਾਨ੍ ਕੁਅਰ
ਨਿਹਕਲੰਕ ਬਜੀ ਡੰਕ ਚੜ੍ਹੂ ਦਲ ਰਵਿੰਦ ਜੀਉ॥ (ਪੰਨਾ 1403)
ਨਗਾਰਾ ਬਹੁਤ ਵੱਡੇ ਅਕਾਰ ਦਾ ਸਾਜ਼ ਹੈ ਜੋ ਲੋਹੇ ਜਾਂ ਕਿਸੇ ਮਿਸ਼ਰਤ ਧਾਤ ਦਾ ਬਣਾਇਆ ਜਾਂਦਾ ਹੈ। ਇਸ ਨੂੰ ਮੋਟੀ ਖੱਲ ਨਾਲ ਮੜ੍ਹਿਆ ਜਾਂਦਾ ਹੈ ਅਤੇ ਚੰਮ ਦੀਆਂ ਵਧਰੀਆਂ ਨਾਲ ਹੀ ਕੱਸਿਆ ਜਾਂਦਾ ਹੈ। ਇਸ ਨੂੰ ਸੋਟੀ ਜਾਂ ਡੱਗੇ ਨਾਲ ਵਜਾਇਆ ਜਾਂਦਾ ਹੈ। ਨਗਾਰਾ ਜਾਂ ਦਮਾਮਾ ਤਾਲ ਦੇਣ ਵਾਲਾ ਇਕ ਪ੍ਰਮੁੱਖ ਸਾਜ਼ ਹੈ। ਰਾਜਿਆਂ-ਮਹਾਰਾਜਿਆਂ ਦੇ ਆਗਮਨ ਸਮੇਂ, ਯੁੱਧ ਅਰੰਭ ਕਰਨ ਸਮੇਂ ਜਾਂ ਕੋਈ ਮਹੱਤਵਪੂਰਨ ਸੂਚਨਾ ਲੋਕਾਂ ਨੂੰ ਦੇਣ ਸਮੇਂ ਇਹ ਸਾਜ਼ ਅਕਸਰ ਵਜਾਇਆ ਜਾਂਦਾ ਸੀ। ਗੁਰਦੁਆਰਿਆਂ ਵਿਚ ਅਰਦਾਸ ਜਾਂ ਦੀਵਾਨ ਦੀ ਸਮਾਪਤੀ ’ਤੇ ਨਗਾਰਾ ਵਜਾਉਣ ਦੀ ਪਰੰਪਰਾ ਮੌਜੂਦ ਹੈ।
ਢੋਲਕ :
ਦੋਲਕ ਦੁਨੀਆ ਵਾਜਹਿ ਵਾਜ॥ (ਪੰਨਾ 349)
ਢੋਲਕ ਆਮ ਤੌਰ ’ਤੇ ਲੱਕੜੀ ਨੂੰ ਖੋਖਲਾ ਕਰ ਕੇ ਬਣਾਇਆ ਜਾਂਦਾ ਹੈ ਅਤੇ ਦੋਹਾਂ ਪਾਸਿਆਂ ’ਤੇ ਬੱਕਰੇ ਦੀ ਖੱਲ ਮੜ੍ਹੀ ਜਾਂਦੀ ਹੈ। ਖੱਲ ਨੂੰ ਡੋਰੀ ਨਾਲ ਕੱਸਿਆ ਜਾਂਦਾ ਹੈ। ਢੋਲਕ ਦੇ ਖੱਬੇ ਪਾਸੇ ਦੀ ਖੱਲ ਦੇ ਅੰਦਰ ਵਿਸ਼ੇਸ਼ ਪ੍ਰਕਾਰ ਦਾ ਲੇਪ ਕੀਤਾ ਜਾਂਦਾ ਹੈ ਜਿਸ ਨੂੰ ‘ਧਾਮਾ’ ਕਹਿੰਦੇ ਹਨ। ਇਸ ਦੇ ਸੱਜੇ ਪਾਸੇ ਦੇ ਮੂੰਹ ਤੋਂ ਉੱਚਾ ਸਵਰ ਅਤੇ ਖੱਬੇ ਪਾਸੇ ਦੇ ਮੂੰਹ ਤੋਂ ਮੰਦਰ ਸਵਰ ਦੀ ਆਵਾਜ਼ ਨਿਕਲਦੀ ਹੈ।
ਗੁਰਦੁਆਰਿਆਂ ਵਿਚ ਇਸਤਰੀ ਸਤਿਸੰਗ ਅਤੇ ਪ੍ਰਭਾਤ-ਫੇਰੀਆਂ ਵਿਚ ਸਾਧਾਰਨ ਕਿਸਮ ਦੀਆਂ ਧਾਰਨਾਂ ਵਾਲੇ ਸ਼ਬਦ-ਗਾਇਨ ਦੇ ਨਾਲ ਵੀ ਢੋਲਕ/ਢੋਲਕੀ ਦੀ ਵਰਤੋਂ ਕੀਤੀ ਜਾਂਦੀ ਹੈ।
ਘੁੰਘਰੂ :
ਇਹ ਪਿੱਤਲ ਦੀਆਂ ਗੋਲ ਘੰਟੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਅੰਦਰ ਲੋਹੇ ਜਾਂ ਪੱਥਰ ਦੇ ਛੋਟੇ ਗੋਲ ਟੁਕੜੇ ਰੱਖੇ ਜਾਂਦੇ ਹਨ। ਕਈ ਕਲਾਕਾਰ ਅਸ਼ਟਧਾਤੂ ਦੇ ਘੁੰਘਰੂ ਵੀ ਬਣਾਉਂਦੇ ਹਨ। ਘੁੰਘਰੂ ਚਮੜੇ ਜਾਂ ਕਿਸੇ ਸਖ਼ਤ ਕੱਪੜੇ ਦੀ ਪੱਟੀ ’ਤੇ ਟੰਗੇ ਜਾਂਦੇ ਹਨ ਜਾਂ ਫਿਰ ਡੋਰੀ ਵਿਚ ਪਰੋ ਲਏ ਜਾਂਦੇ ਹਨ।
ਘੁੰਘਰੂਆਂ ਦਾ ਪ੍ਰਯੋਗ ਜ਼ਿਆਦਾਤਰ ਨ੍ਰਿਤ ਵਿਚ ਕੀਤਾ ਜਾਂਦਾ ਹੈ। ਘੁੰਘਰੂਆਂ ਦੀ ਝਣਕਾਰ ਨ੍ਰਿਤਕਾਰ ਦੀ ਲੈਆਤਮਕਤਾ ਨੂੰ ਚਾਰ ਚੰਨ ਲਗਾ ਦਿੰਦੀ ਹੈ। ਵਾਰ-ਗਾਇਨ ਵਿਚ ਢਾਡੀ ਲੋਕ ਸਾਰੰਗੀ ਦੇ ਗਜ਼ ਨਾਲ ਘੁੰਘਰੂ ਬੰਨ੍ਹਦੇ ਹਨ ਜਿਸ ਨਾਲ ਵਾਰ ਦੀ ਲੈਅ ਹੋਰ ਜੋਸ਼ੀਲੀ ਹੋ ਜਾਂਦੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਘੁੰਘਰੂ ਦਾ ਅੱਠ ਵਾਰ ਵਰਣਨ ਮਿਲਦਾ ਹੈ। ਕੁਝ ਉਦਾਹਰਣਾਂ ਇਸ ਪ੍ਰਕਾਰ ਹਨ:
ਘੁੰਘਰੂ ਵਾਜੈ ਜੇ ਮਨੁ ਲਾਗੈ॥ (ਪੰਨਾ 356)
ਨਿਰਤਿ ਕਰੇ ਕਰਿ ਮਨੂਆ ਨਾਚੈ ਆਣੇ ਘੂਘਰ ਸਾਜਾ॥ (ਪੰਨਾ 884)
ਕਿਨਹੀ ਘੂਘਰ ਨਿਰਤਿ ਕਰਾਈ॥ (ਪੰਨਾ 913)
ਲੇਖਕ ਬਾਰੇ
ਮਕਾਨ ਨੰ: 137, ਮੁਹੱਲਾ ਪ੍ਰਤਾਪ ਨਗਰ, ਕਾਦੀਆਂ, ਜ਼ਿਲ੍ਹਾ ਗੁਰਦਾਸਪੁਰ-143516
- ਭਾਈ ਅਨੂਪ ਸਿੰਘ ‘ਸਾਰੰਦਾ ਵਾਦਕ’https://sikharchives.org/kosh/author/%e0%a8%ad%e0%a8%be%e0%a8%88-%e0%a8%85%e0%a8%a8%e0%a9%82%e0%a8%aa-%e0%a8%b8%e0%a8%bf%e0%a9%b0%e0%a8%98-%e0%a8%b8%e0%a8%be%e0%a8%b0%e0%a9%b0%e0%a8%a6%e0%a8%be-%e0%a8%b5%e0%a8%be%e0%a8%a6/November 1, 2007