ਜੋ ਕੰਢਿਆਂ ਅੰਦਰ ਨਾ ਵੱਗੇ, ਉਹ ਪਾਣੀ ਦੀ ਨੈਂ ਕਾਹਦੀ।
ਉਚਿਤ ਨਹੀਂ ਮੂਲੋਂ ਪ੍ਰਸੰਸਾ, ਰੂਪੋਂ ਸੱਕਣੀ ਕਵਿਤਾ ਦੀ। (ਪ੍ਰਿੰ. ਤਖ਼ਤ ਸਿੰਘ)
ਪੜਚੋਲਕਾਰਾਂ ਵਿੱਚੋਂ ਜਿਹੜੇ ਇਹ ਮੰਨਦੇ ਹਨ ਕਿ ਵਜ਼ਨ ਕਵਿਤਾ ਦਾ ਕੋਈ ਅੰਗ ਨਹੀਂ, ਉਨ੍ਹਾਂ ਦਾ ਮੋਢੀ ਅਰਸਤੂ ਹੈ। ਉਸ ਨੇ ਆਪਣੀ ਰਚਨਾ ‘ਪੋਇਟਿਕਸ’ ਵਿਚ ਸਾਫ਼ ਤਾਂ ਨਹੀਂ, ਪਰ ਗੌਣ ਤੌਰ ’ਤੇ ਲਿਖਿਆ ਹੈ ਕਿ ਕਵਿਤਾ ਵਿਚ ਛੰਦ ਨੂੰ ਕੋਈ ਖਾਸ ਮਹੱਤਤਾ ਦਾਖ਼ਲ ਨਹੀਂ। ਭਾਵੇਂ ਜ਼ਮਾਨੇ ਦੇ ਰਸਮ-ਰਿਵਾਜ ਨੇ ਕਵਿਤਾ ਨੂੰ ਛੰਦ ਨਾਲ ਜੋੜ ਦਿੱਤਾ ਹੈ, ਪਰ ਕੇਵਲ ਛੰਦ ਰਚਣ ਵਾਲੇ ਨੂੰ ਕਵੀ ਨਹੀਂ ਕਿਹਾ ਜਾ ਸਕਦਾ।1 ਕਈ ਮਹਾਨ ਕਵੀਆਂ ਨੇ ਵੀ ਛੰਦ ਨੂੰ ਕਵਿਤਾ ਵਿਚ ਕੋਈ ਖਾਸ ਮਹੱਤਤਾ ਨਹੀਂ ਦਿੱਤੀ, ਚੁਨਾਂਚਿ ਇਕ ਫ਼ਾਰਸੀ ਦਾ ਕਵੀ ਲਿਖਦਾ ਹੈ ਕਿ ਮੈਂ ਪਿੰਗਲ ਤੋਂ ਜਾਣੂ ਨਹੀਂ ਹਾਂ, ਪਰ ਮੇਰੀ ਕਵਿਤਾ ਵਿੱਚੋਂ ਅੰਮ੍ਰਿਤ ਝਰਦਾ ਹੈ:
ਮਨ ਨਦਾਨਮ ਫਾਇਲਾਤੁਨ ਫਾਇਲਾਤ।
ਸ਼ਿਅਰੇ ਮਨ ਬਿਹ ਅਸਤ ਅਜ਼ ਆਬੇਹਯਾਤ।
ਉਰਦੂ ਦਾ ਪ੍ਰਸਿੱਧ ਕਵੀ ਮੁਸਹਫੀ ਵੀ ਇਹੋ ਜਿਹੀ ਹੀ ਰਾਇ ਪ੍ਰਗਟ ਕਰਦਾ ਹੈ:
ਮੁਝ ਕੋ ਤੋ ਅਰੂਜ਼ ਆਤੀ ਹੈ ਨਾ ਕਾਫੀਆ ਚੰਦਾਂ
ਇਕ ਸ਼ਿਅਰ ਸੇ ਗਿਰਵੀਦਾ ਮਿਰੇ ਪੀਰੋ ਜਵਾਂ ਹੈਂ।
ਭਾਵੇਂ ਸਿਆਣਿਆਂ ਦੇ ਕਥਨ ਅਨੁਸਾਰ ਬੇਵਜ਼ਨ ਤੇ ਬੇਬਹਿਰ ਕਵਿਤਾ ਵੀ ਹੋਸਕਦੀ ਹੈ, ਪਰ ਵਜ਼ਨ ਕਵਿਤਾ ਦਾ ਸ਼ਿੰਗਾਰ ਹੈ ਅਤੇ ਸ਼ਿਅਰ ਇਸ ਦੀ ਵਰਤੋਂ ਨਾਲ ਵਧੇਰੇ ਅਸਰਦਾਰ ਹੋ ਜਾਂਦਾ ਹੈ। ਕੰਨਾਂ ਨੂੰ ਇਸ ਦੀ ਧੁਨਕਾਰ ਚੰਗੀ ਲੱਗਦੀ ਹੈ ਅਤੇ ਸੁਣਨ ਵਾਲੇ ਦੇ ਮਨ ਨੂੰ ਵਧੇਰੇ ਖਿੱਚ ਪੈਂਦੀ ਹੈ। ਇਸ ਲਈ ਅੱਜਕਲ੍ਹ ਅਕਸਰ ਪੜਚੋਲੀਏ ਇਸ ਗੱਲ ’ਤੇ ਸਹਿਮਤ ਹਨ ਕਿ ‘ਛੰਦ ਤੇ ਛੰਦ-ਭੇਦ’ ਤੋਂ ਬਗ਼ੈਰ ਕੋਈ ਕਵਿਤਾ ਨਹੀਂ ਹੋ ਸਕਦੀ। ‘ਐਨਸਾਈਕਲੋਪੀਡੀਆ ਬ੍ਰਿਟੈਨਿਕਾ’ ਅਨੁਸਾਰ, “ਕਵਿਤਾ ਮਨੁੱਖੀ ਮਨ ਦਾ ਜਜ਼ਬਾਤੀ ਤੇ ਤਾਲਮਈ ਬੋਲੀ ਵਿਚ ਨਿੱਗਰ ਅਤੇ ਕਲਾਮਈ ਪ੍ਰਗਟਾਉ ਹੈ। ਇਹ ਗੱਲ ਤਾਂ ਪ੍ਰਮਾਣਿਤ ਹੈ ਕਿ ਕੋਈ ਸਾਹਿਤਕ ਨਿਰੂਪਣ, ਜਿਸ ਦਾ ਵਿਸ਼ਾ ਭਾਵੇਂ ਕੋਈ ਵੀ ਹੋਵੇ, ਉਦੋਂ ਤਕ ਕਵਿਤਾ ਨਹੀਂ ਕਿਹਾ ਜਾ ਸਕਦਾ, ਜਦੋਂ ਤਕ ਕਿ ਉਹ ਜਜ਼ਬਾਤੀ ਨਹੀਂ ਤੇ ਜਿਸ ਦੀ ਸ਼ੈਲੀ, ਬਿਆਨ-ਢੰਗ ਨਿੱਗਰ ਅਤੇ ਜਿਸ ਦੀ ਚਾਲ ਤਾਲਮਈ ਤੇ ਬਣਤਰ ਕਲਾਮਈ ਨਾ ਹੋਵੇ।”
ਵਰਡਜ਼ਵਰਥ ਨੇ ਵੀ ਕਿਹਾ ਹੈ, “ਜੇ ਮੀਟਰ ਦਾ ਧਿਆਨ ਨਾ ਰੱਖਿਆ ਜਾਵੇ, ਤਾਂ ਪਦ ਨਾ ਹੋਇਆ, ਗਦ ਹੀ ਹੋਇਆ।” ਛੰਦ-ਰਹਿਤ ਰਚਨਾ ਹੋਰ ਕੁਝ ਵੀ ਹੋਵੇ, ਕਵਿਤਾ ਨਹੀਂ ਅਖਵਾ ਸਕਦੀ।2 ਪ੍ਰੋ. ਸੰਤ ਸਿੰਘ ਸੇਖੋਂ ਨੇ ਵੀ ਛੰਦ ਨੂੰ ਕਵਿਤਾ ਦਾ ਨਿਖੇੜਵਾਂ ਗੁਣ ਮੰਨਿਆ ਹੈ। ਵਾਰਤਕ ਉਹ ਰਚਨਾ ਹੈ, ਜੋ ਕਿ ਛੰਦ ਵਿਚ ਨਹੀਂ ਅਤੇ ਕਵਿਤਾ ਉਹ ਰਚਨਾ ਹੈ, ਜੋ ਛੰਦ ਵਿਚ ਬੱਝੀ ਹੋਈ ਹੋਵੇ।
ਸ੍ਰੀ ਗੁਰੂ ਰਾਮਦਾਸ ਜੀ ਦੀ ਪਾਵਨ ਬਾਣੀ ਵਿਚ ਅਨੇਕਾਂ ਛੰਦਾਂ ਦੀ ਵਰਤੋਂ ਹੋਈ ਹੈ, ਪਰੰਤੂ ਅਸੀਂ ਸਿਰਫ਼ ਕੁਝ ਖਾਸ-ਖਾਸ ਛੰਦਾਂ ਬਾਰੇ ਹੀ ਚਰਚਾ ਕਰਾਂਗੇ, ਜਿਨ੍ਹਾਂ ਦੀ ਵਰਤੋਂ ਆਪ ਦੀ ਪਾਵਨ ਬਾਣੀ ਵਿਚ ਖਾਸ ਨਿਵੇਕਲੇ ਢੰਗ ਨਾਲ ਹੋਈ ਹੈ। ਅਸੀਂ ਵੀ ਇਨ੍ਹਾਂ ਛੰਦਾਂ ਨੂੰ ਅੱਖਰ-ਕ੍ਰਮ ਅਨੁਸਾਰ ਲਵਾਂਗੇ।
ਉਗਾਹਾ :
ਇਸ ਛੰਦ ਦੇ ਦੋ ਚਰਣ ਹੁੰਦੇ ਹਨ, ਇਕ ਚਰਣ ਵਿਚ ਛੱਬੀ ਮਾਤਰਾਂ, ਪਹਿਲਾ ਵਿਸਰਾਮ 15 ’ਤੇ ਅਤੇ ਦੂਜਾ 11 ਉੱਤੇ ਲੱਗਦਾ ਹੈ, ਅੰਤ ਵਿਚ ਗੁਰੁ ਲਘੁ ਆਉਂਦੇ ਹਨ। ਉਦਾਹਰਣ ਵੇਖੋ:
ਮੈ ਮਨਿ ਤਨਿ ਪ੍ਰੇਮੁ ਪਿਰੰਮ ਕਾ ਅਠੇ ਪਹਰ ਲਗੰਨਿ॥
ਜਨ ਨਾਨਕ ਕਿਰਪਾ ਧਾਰਿ ਪ੍ਰਭ ਸਤਿਗੁਰ ਸੁਖਿ ਵਸੰਨਿ॥ (ਪੰਨਾ 301)
ਅਤਿਗੀਤਾ:
ਇਸ ਵਿਚ ਚਾਰ ਚਰਣ ਹੁੰਦੇ ਹਨ, ਪ੍ਰਤੀ ਚਰਣ 32 ਮਾਤਰਾਂ, 15- 17 ’ਤੇ ਵਿਸਰਾਮ ਹੁੰਦਾ ਹੈ ਅਤੇ ਅੰਤ ਗੁਰੁ ਲਘੁ ਹੁੰਦੇ ਹਨ:
ਜਿਨ ਹਰਿ ਹਰਿ ਨਾਮੁ ਨ ਚੇਤਿਓ (ਮੇਰੀ ਜਿੰਦੁੜੀਏ)3 ਤੇ ਮਨਮੁਖ ਮੂੜ ਇਆਣੇ ਰਾਮ॥
ਜੋ ਮੋਹਿ ਮਾਇਆ ਚਿਤੁ ਲਾਇਦੇ (ਮੇਰੀ ਜਿੰਦੁੜੀਏ) ਸੇ ਅੰਤਿ ਗਏ ਪਛੁਤਾਣੇ ਰਾਮ॥
ਹਰਿ ਦਰਗਹ ਢੋਈ ਨਾ ਲਹਨਿ੍ (ਮੇਰੀ ਜਿੰਦੁੜੀਏ) ਜੋ ਮਨਮੁਖ ਪਾਪਿ ਲੁਭਾਣੇ ਰਾਮ॥
ਜਨ ਨਾਨਕ ਗੁਰ ਮਿਲਿ ਉਬਰੇ (ਮੇਰੀ ਜਿੰਦੁੜੀਏ) ਹਰਿ ਜਪਿ ਹਰਿ ਨਾਮਿ ਸਮਾਣੇ ਰਾਮ॥ (ਪੰਨਾ 540)
ਸਵੱਈਆ :
ਸਵੱਈਏ ਦਾ ਇਕ ਰੂਪ ਹੈ- ‘ਮਲਿੰਦ’, ਜਿਸ ਵਿਚ ਪ੍ਰਤੀ ਚਰਣ 32 ਮਾਤਰਾਂ ਹੁੰਦੀਆਂ ਹਨ, 16-16 ਮਾਤਰਾਂ ’ਤੇ ਦੋ ਵਿਸਰਾਮ ਹੁੰਦੇ ਹਨ, ਅੰਤ ਵਿਚ ਯਗਣ ਹੁੰਦਾ ਹੈ। ਉਦਾਹਰਣ ਵੇਖੋ:
ਆਪੈ ਆਪੁ ਖਾਇ ਹਉ ਮੇਟੈ ਅਨਦਿਨੁ ਹਰਿ ਰਸ ਗੀਤ ਗਵਈਆ॥
ਗੁਰਮੁਖਿ ਪਰਚੈ ਕੰਚਨ ਕਾਇਆ ਨਿਰਭਉ ਜੋਤੀ ਜੋਤਿ ਮਿਲਈਆ॥ (ਪੰਨਾ 833)
ਤੇ ਸਾਧੂ ਹਰਿ ਮੇਲਹੁ ਸੁਆਮੀ ਜਿਨ ਜਪਿਆ ਗਤਿ ਹੋਇ ਹਮਾਰੀ॥
ਤਿਨ ਕਾ ਦਰਸੁ ਦੇਖਿ ਮਨੁ ਬਿਗਸੈ ਖਿਨੁ ਖਿਨੁ ਤਿਨ ਕਉ ਹਉ ਬਲਿਹਾਰੀ॥ (ਪੰਨਾ 1135)
ਘਨਕਲਾ ਜਾਂ ਚਿਤ੍ਰਕਲਾ :
ਇਸ ਛੰਦ ਦਾ ਲੱਛਣ ਇਹ ਹੈ ਕਿ ਇਸ ਦੇ ਚਾਰ ਚਰਣ ਹੁੰਦੇ ਹਨ, ਪ੍ਰਤੀ ਚਰਣ 63 ਮਾਤਰਾਂ ਹੁੰਦੀਆਂ ਹਨ, ਤਿੰਨ ਵਿਸਰਾਮ ਸੋਲ੍ਹਾਂ-ਸੋਲ੍ਹਾਂ ਮਾਤਰਾਂ ’ਤੇ ਹੁੰਦੇ ਹਨ, ਚੌਥਾ ਵਿਸਰਾਮ ਪੰਦਰ੍ਹਾਂ ਉੱਤੇ ਅਤੇ ਅੰਤ ਵਿਚ ਗੁਰੁ ਲਘੁ। ਪਹਿਲੇ ਅਤੇ ਦੂਜੇ ਵਿਸਰਾਮ ਦਾ ਅਨੁਪ੍ਰਾਸ ਮਿਲਵਾਂ ਹੁੰਦਾ ਹੈ। ਮਾਰੂ ਸੋਲਹਿਆਂ ਵਿਚ ਇਸੇ ਛੰਦ ਦੀ ਵਰਤੋਂ ਹੋਈ ਹੈ। ਜੈਤਸਰੀ ਰਾਗ ਵਿੱਚੋਂ ਇਸ ਛੰਦ ਦੀ ਉਦਾਹਰਣ ਵੇਖੋ:
ਹਰਿ ਹਰਿ ਸਿਮਰਹੁ ਅਗਮ ਅਪਾਰਾ॥
ਜਿਸੁ ਸਿਮਰਤ ਦੁਖੁ ਮਿਟੈ ਹਮਾਰਾ॥
ਹਰਿ ਹਰਿ ਸਤਿਗੁਰੁ ਪੁਰਖੁ ਮਿਲਾਵਹੁ ਗੁਰਿ ਮਿਲਿਐ ਸੁਖੁ ਹੋਈ ਰਾਮ॥ (ਪੰਨਾ 698)
ਸੁਗੀਤਕਾ (ਛੰਦ) :
ਸੁਗੀਤਕਾ ਛੰਦ ਦਾ ਇਕ ਭੇਦ ਆਸਾ ਰਾਗ ਦੇ ਛੰਤਾਂ ਵਿਚ ਵੇਖਿਆ ਜਾਂਦਾ ਹੈ, ਪ੍ਰਤੀ ਚਰਣ 25 ਮਾਤਰਾਂ, 15-10 ਉੱਤੇ ਵਿਸਰਾਮ ਅਤੇ ਅੰਤ ਵਿਚ ਦੋ ਗੁਰੁ:
ਹਰਿ ਅੰਮ੍ਰਿਤ ਭਿੰਨੇ ਲੋਇਣਾ ਮਨੁ ਪ੍ਰੇਮਿ ਰਤੰਨਾ ਰਾਮ ਰਾਜੇ॥
ਮਨੁ ਰਾਮਿ ਕਸਵਟੀ ਲਾਇਆ ਕੰਚਨੁ ਸੋਵਿੰਨਾ॥ (ਪੰਨਾ 448)
ਪਉੜੀ :
ਇਸ ਛੰਦ ਦੀ ਆਪ ਦੀ ਰਚਨਾ ਵਿਚ ਕਈ ਪ੍ਰਕਾਰ ਨਾਲ ਵਰਤੋਂ ਹੋਈ ਹੈ। ਕੁਝ ਉਦਾਹਰਣਾਂ ਦਿੱਤੀਆਂ ਜਾਂਦੀਆਂ ਹਨ:
(ੳ) ਪੰਜ ਚਰਣ, ਪ੍ਰਤੀ ਚਰਣ 25 ਮਾਤਰਾਂ, 15-10 ਉੱਤੇ ਵਿਸਰਾਮ, ਅੰਤ ਦੋ ਗੁਰੁ। ਇਹ ਪਉੜੀ ‘ਸੁਗੀਤਕਾ’ ਛੰਦ ਦਾ ਰੂਪ ਹੈ:
ਤੂ ਕਰਤਾ ਆਪਿ ਅਭੁਲੁ ਹੈ ਭੁਲਣ ਵਿਚਿ ਨਾਹੀ॥
ਤੂ ਕਰਹਿ ਸੁ ਸਚੇ ਭਲਾ ਹੈ ਗੁਰ ਸਬਦਿ ਬੁਝਾਹੀ॥ (ਪੰਨਾ 301)
(ਅ) ਪੰਜ ਚਰਣ, ਪ੍ਰਤੀ ਚਰਣ 26 ਮਾਤਰਾਂ, 15-11 ਉੱਤੇ ਵਿਸਰਾਮ, ਅੰਤ ਵਿਚ ਰਗਣ। ਉਦਾਹਰਣ ਵੇਖੋ:
ਤੂ ਹਰਿ ਪ੍ਰਭੁ ਆਪਿ ਅਗੰਮੁ ਹੈ ਸਭਿ ਤੁਧੁ ਉਪਾਇਆ॥
ਤੂ ਆਪੇ ਆਪਿ ਵਰਤਦਾ ਸਭੁ ਜਗਤੁ ਸਬਾਇਆ॥ (ਪੰਨਾ 849)
(ੲ) ਪੰਜ ਚਰਣ, ਪ੍ਰਤੀ ਚਰਣ ਪਹਿਲੇ ਤਿੰਨਾਂ ਚਰਣਾਂ ਦੀਆਂ ਇਕੱਤੀ-ਇਕੱਤੀ ਮਾਤਰਾਂ, 15-16 ਉੱਤੇ ਵਿਸਰਾਮ, ਅੰਤਲੇ ਦੋ ਚਰਣਾਂ ਦੀਆਂ ਚਾਲ੍ਹੀ-ਚਾਲ੍ਹੀ ਮਾਤਰਾਂ 22-18 ਉੱਤੇ ਵਿਸਰਾਮ, ਅੰਤ ਸਭ ਦੇ ਮਗਣ:
ਤੂੰ ਆਪੇ ਹੀ ਸਿਧ ਸਾਧਿਕੋ ਤੂ ਆਪੇ ਹੀ ਜੁਗ ਜੋਗੀਆ॥ …
ਸਭਿ ਕਹਹੁ ਮੁਖਹੁ ਹਰਿ ਹਰਿ ਹਰੇ ਹਰਿ ਹਰਿ ਹਰੇ ਹਰਿ ਬੋਲਤ ਸਭਿ ਪਾਪ ਲਹੋਗੀਆ॥ (ਪੰਨਾ 1313)
(ਸ) ਸੱਤ ਚਰਣ, ਛੇ ਚਰਣਾਂ ਦੀਆਂ 32, 32 ਮਾਤਰਾਂ, 16-16 ਉੱਤੇ ਵਿਸਰਾਮ, ਅੰਤਮ ਚਰਣ 16 ਮਾਤਰਾਂ ਉੱਤੇ, ਅੰਤ ਸਭ ਦੇ ਦੋ ਗੁਰੁ। ਜਾਂ ਇਕ ਹੋਰ ਉਦਾਹਰਣ ਵੇਖੋ, ਜੋ ਕਿ ਵਿਖਮ ਦੰਡਕ ‘ਪਉੜੀ ਛੰਦ’ ਦੀ ਉਦਾਹਰਣ ਹੈ: ਪੰਜ ਚਰਣ, ਪਹਿਲੇ ਚਰਣ ਦੀਆਂ 46 ਮਾਤਰਾਂ, ਦੂਜੇ ਦੀਆਂ 30, ਤੀਜੇ ਦੀਆਂ 75, ਚੌਥੇ ਦੀਆਂ 59 ਅਤੇ ਪੰਜਵੇਂ ਦੀਆਂ 46, ਅੰਤ ਸਭ ਦੇ ਦੋ ਗੁਰੁ:
ਜਿਤਨੇ ਪਾਤਿਸਾਹ ਸਾਹ ਰਾਜੇ ਖਾਨ ਉਮਰਾਵ
ਸਿਕਦਾਰ ਹਹਿ ਤਿਤਨੇ ਸਭਿ ਹਰਿ ਕੇ ਕੀਏ॥
ਜੋ ਕਿਛੁ ਹਰਿ ਕਰਾਵੈ ਸੁ ਓਇ ਕਰਹਿ ਸਭਿ ਹਰਿ ਕੇ ਅਰਥੀਏ॥
ਸੋ ਐਸਾ ਹਰਿ ਸਭਨਾ ਕਾ ਪ੍ਰਭੁ ਸਤਿਗੁਰ ਕੈ ਵਲਿ ਹੈ
ਤਿਨਿ ਸਭਿ ਵਰਨ ਚਾਰੇ ਖਾਣੀ ਸਭ ਸ੍ਰਿਸਟਿ ਗੋਲੇ ਕਰਿ
ਸਤਿਗੁਰ ਅਗੈ ਕਾਰ ਕਮਾਵਣ ਕਉ ਦੀਏ॥ (ਪੰਨਾ 851)
ਦੋਹਰਾ, ਸੋਰਠਾ, ਚੌਪਈ ਆਦਿ ਛੰਦਾਂ ਦੀ ਵਰਤੋਂ ਵੀ ਆਪ ਦੀ ਰਚਨਾ ਵਿਚ ਵੇਖੀ ਜਾ ਸਕਦੀ ਹੈ। ਸ੍ਰੀ ਗੁਰੂ ਰਾਮਦਾਸ ਜੀ ਨੇ ਛੰਦਾਂ ਨੂੰ ਆਪਣੀ ਰਚਨਾ ਵਿਚ ਪੂਰਨ ਅਤੇ ਪਰਪੱਕ ਛੰਦ-ਗਿਆਤਾ ਦੀ ਤਰ੍ਹਾਂ ਵਰਤਿਆ ਹੈ ਅਤੇ ਛੰਦਾਂ ਦੀ ਬਹਿਰ ਨੂੰ ਵੀ ਕਮਾਲ ਦੀ ਉਸਤਾਦਗਿਰੀ ਨਾਲ ਨਿਬਾਹਿਆ ਹੈ।
ਲੇਖਕ ਬਾਰੇ
- ਹੋਰ ਲੇਖ ਉਪਲੱਭਧ ਨਹੀਂ ਹਨ