editor@sikharchives.org

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਚ ਜਗਤ ਪ੍ਰਤੀ ਦ੍ਰਿਸ਼ਟੀਕੋਣ

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿਚ ਜਗਤ ਪ੍ਰਤੀ ਦ੍ਰਿਸ਼ਟੀਕੋਣ ਬੜੇ ਉੱਘੜਵੇਂ ਅਤੇ ਦਾਰਸ਼ਨਿਕ ਰੂਪ ਵਿਚ ਪੇਸ਼ ਕੀਤਾ ਗਿਆ ਹੈ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿਚ ਜਗਤ ਪ੍ਰਤੀ ਦ੍ਰਿਸ਼ਟੀਕੋਣ ਬੜੇ ਉੱਘੜਵੇਂ ਅਤੇ ਦਾਰਸ਼ਨਿਕ ਰੂਪ ਵਿਚ ਪੇਸ਼ ਕੀਤਾ ਗਿਆ ਹੈ। ਗੁਰੂ ਸਾਹਿਬ ਦੇ ਜਗਤ ਪ੍ਰਤੀ ਹੇਠ ਲਿਖੇ ਪਵਿੱਤਰ ਫ਼ਰਮਾਨ ਪੜ੍ਹਨ ਵਾਲੇ ਦੇ ਮਨ ਵਿਚ ਵੈਰਾਗ ਦੀ ਭਾਵਨਾ ਪੈਦਾ ਕਰਦੇ ਹਨ:

ਇਹ ਜਗਿ ਮੀਤੁ ਨ ਦੇਖਿਓ ਕੋਈ॥
ਸਗਲ ਜਗਤੁ ਅਪਨੈ ਸੁਖਿ ਲਾਗਿਓ ਦੁਖ ਮੈ ਸੰਗਿ ਨ ਹੋਈ॥ (ਪੰਨਾ 633)

ਜਗਤ ਮੈ ਝੂਠੀ ਦੇਖੀ ਪ੍ਰੀਤਿ॥
ਅਪਨੇ ਹੀ ਸੁਖ ਸਿਉ ਸਭ ਲਾਗੇ ਕਿਆ ਦਾਰਾ ਕਿਆ ਮੀਤ॥ (ਪੰਨਾ 536)

ਦਾਰਾ ਮੀਤ ਪੂਤ ਸਨਬੰਧੀ ਸਗਰੇ ਧਨ ਸਿਉ ਲਾਗੇ॥
ਜਬ ਹੀ ਨਿਰਧਨ ਦੇਖਿਓ ਨਰ ਕਉ ਸੰਗੁ ਛਾਡਿ ਸਭ ਭਾਗੇ॥ (ਪੰਨਾ 633)

ਗੁਰੂ ਸਾਹਿਬ ਦੇ ਸਲੋਕਾਂ ਵਿਚ ਵੀ ਜਗਤ ਪ੍ਰਤੀ ਵੈਰਾਗ ਦੀ ਭਾਵਨਾ ਬੜੀ ਪ੍ਰਬਲ ਹੈ। ਆਪ ਜੀ ਨੇ ਆਪਣੀ ਬਾਣੀ ਰਾਹੀਂ ਕੌੜੀ ਅਸਲੀਅਤ ਸਾਡੇ ਸਾਹਮਣੇ ਪੇਸ਼ ਕੀਤੀ ਹੈ। ਇਹ ਇਕ ਸੱਚਾਈ ਹੈ ਕਿ ਜਦੋਂ ਮਨੁੱਖ ਦੇ ਤਨ ਵਿੱਚੋਂ ਪ੍ਰਾਣ ਨਿਕਲ ਜਾਂਦੇ ਹਨ ਤਾਂ ਉਸ ਦੀ ਲਾਸ਼ ਨੂੰ ਬਹੁਤਾ ਸਮਾਂ ਘਰ ਵਿਚ ਨਹੀਂ ਸਾਂਭਿਆ ਜਾ ਸਕਦਾ। ਅਸਲ ਵਿਚ ਮਨੁੱਖ ਦੀ ਹੋਂਦ ਹੀ ਉਸ ਦੇ ਪ੍ਰਾਣਾਂ ਕਰਕੇ ਹੈ। ਪ੍ਰਾਣਾਂ ਕਰਕੇ ਹੀ ਉਹ ਜੀਂਦਾ ਹੈ, ਤੁਰਦਾ-ਫਿਰਦਾ ਹੈ, ਕੰਮ ਕਰਦਾ ਹੈ ਅਤੇ ਸਾਕ-ਸਨਬੰਧੀਆਂ ਦੇ ਕੰਮ ਆਉਂਦਾ ਹੈ। ਪ੍ਰਾਣ ਨਿਕਲ ਜਾਣ ਨਾਲ ਇਹ ਸਭ ਕੁਝ ਖ਼ਤਮ ਹੋ ਜਾਂਦਾ ਹੈ। ਗੁਰੂ ਸਾਹਿਬ ਇਸ ਤੱਥ ਨੂੰ ਇਉਂ ਪ੍ਰਗਟਾਉਂਦੇ ਹਨ:

ਸਭ ਕਿਛੁ ਜੀਵਤ ਕੋ ਬਿਵਹਾਰ॥
ਮਾਤ ਪਿਤਾ ਭਾਈ ਸੁਤ ਬੰਧਪ ਅਰੁ ਫੁਨਿ ਗ੍ਰਿਹ ਕੀ ਨਾਰਿ॥ (ਪੰਨਾ 536)

‘ਜੀਵਤ ਕੋ ਬਿਵਹਾਰ’ ਦਾ ਭਾਵ ਇਹੀ ਹੈ ਕਿ ਮਨੁੱਖ ਦੀ ਅਹਿਮੀਅਤ ਜਾਂ ਕੀਮਤ ਉਸ ਦੇ ਸਾਹਾਂ ਤਕ ਸੀਮਤ ਹੈ। ਲਾਸ਼ ਨਾਲ ਕੋਈ ਕੀ ਵਿਵਹਾਰ ਕਰੇਗਾ? ਲਾਸ਼ ਤਾਂ ਸਮਾਂ ਪਾ ਕੇ ਗਲ-ਸੜ ਜਾਵੇਗੀ, ਬਦਬੂ ਮਾਰਨ ਲੱਗ ਜਾਵੇਗੀ ਅਤੇ ਬਿਮਾਰੀਆਂ ਦਾ ਕਾਰਨ ਬਣੇਗੀ। ਇਸੇ ਕਰਕੇ ਭਾਵੇਂ ਕੋਈ ਇਸ ਨੂੰ ਦਫ਼ਨਾਉਂਦਾ ਹੈ ਅਤੇ ਭਾਵੇਂ ਕੋਈ ਇਸ ਨੂੰ ਸਾੜਦਾ ਹੈ, ਮੰਤਵ ਇੱਕੋ ਹੈ ਕਿ ਲਾਸ਼ ਨੂੰ ਬਹੁਤੀ ਦੇਰ ਨਹੀਂ ਰੱਖਣਾ। ਇਸ ਵਿਚ ਕੁਝ ਗ਼ਲਤ ਵੀ ਨਹੀਂ ਹੈ। ਇਹ ਇਕ ਕੌੜਾ ਸੱਚ ਹੈ, ਜੋ ਸਾਨੂੰ ਮੰਨਣਾ ਪੈਣਾ ਹੈ।

ਜੇਕਰ ਮਨੁੱਖ ਦੀ ਤੰਦਰੁਸਤੀ ਉਸ ਤੋਂ ਦੂਰ ਹੋ ਜਾਵੇ ਤਾਂ ਉਹ ਜੀਵਨ ਦੇ ਕਾਰ-ਵਿਹਾਰ ਨਹੀਂ ਕਰ ਸਕਦਾ। ਬਿਮਾਰ ਅਤੇ ਬੁੱਢਾ ਵਿਅਕਤੀ ਦੂਜਿਆਂ ’ਤੇ ਨਿਰਭਰ ਹੋ ਜਾਂਦਾ ਹੈ। ਪ੍ਰਾਣ ਬੇਸ਼ੱਕ ਉਸ ਦੇ ਕੋਲ ਹਨ ਪਰ ਉਸ ਦੇ ਕੋਲ ਕੰਮ ਕਰਨ ਲਈ ਸ਼ਕਤੀ ਅਤੇ ਸਿਹਤ ਨਹੀਂ ਹੈ। ਜਿੰਨਾ ਚਿਰ ਆਪਣੇ ਸਰੀਰ ਦੇ ਰੋਜ਼ਾਨਾ ਕੰਮ ਉਹ ਆਪ ਨਿਭਾ ਸਕੇ, ਉਨਾ ਚਿਰ ਤਾਂ ਉਸ ਦੇ ਸਨਬੰਧੀ ਉਸ ਨੂੰ ਕਾਫ਼ੀ ਹੱਦ ਤਕ ਬਰਦਾਸ਼ਤ ਕਰੀ ਜਾਂਦੇ ਹਨ ਪਰ ਜਦੋਂ ਉਹ ਬਿਲਕੁਲ ਮੰਜੇ ਜੋਗਾ ਹੀ ਰਹਿ ਜਾਵੇ ਅਤੇ ਆਪਣੀਆਂ ਸਰੀਰਿਕ ਕਿਰਿਆਵਾਂ ਅਤੇ ਲੋੜਾਂ ਲਈ ਪੂਰੀ ਤਰ੍ਹਾਂ ਮੁਥਾਜ ਹੋ ਜਾਵੇ ਤਾਂ ਸੱਚ ਜਾਣੋ, ਜ਼ਿੰਦਗੀ ਦੇ ਉਹ ਪਲ ਮੌਤ ਤੋਂ ਵੀ ਬਦਤਰ ਹੁੰਦੇ ਹਨ। ਪਹਿਲਾਂ ਜਦੋਂ ਉਹ ਜਵਾਨ ਸੀ ਅਤੇ ਤੰਦਰੁਸਤ ਸੀ ਤਾਂ ਉਹ ਸਾਕ-ਸਨਬੰਧੀਆਂ ਲਈ ਸੁਖ ਦਾ ਕਾਰਨ ਸੀ। ਹੁਣ ਉਹ ਆਪ ਤਾਂ ਦੁਖੀ ਹੈ ਹੀ ਉਨ੍ਹਾਂ ਲਈ ਵੀ ਦੁੱਖ ਦਾ ਕਾਰਨ ਹੈ। ਇਸ ਲਈ ਗੁਰੂ ਸਾਹਿਬ ਜੀ ਮਨੁੱਖ ਨੂੰ ਸਮਝਾਉਂਦੇ ਹਨ ਕਿ ਸੁਖ ਦੇ ਸਮੇਂ ਸਾਰੇ ਸੰਗੀ ਬਣ ਜਾਂਦੇ ਹਨ, ਸੁਖ ’ਚੋਂ ਸਾਰੇ ਹਿੱਸਾ ਵੰਡਾਉਂਦੇ ਹਨ ਅਤੇ ਨਾਲ-ਨਾਲ ਚੱਲਦੇ ਹਨ ਪਰ ਦੁੱਖ ਦੇ ਸਮੇਂ ਇਹ ਅਵਸਥਾ ਇਸ ਤੋਂ ਉਲਟ ਹੋ ਜਾਂਦੀ ਹੈ। ਉਨ੍ਹਾਂ ਸਨਬੰਧੀਆਂ ਨੇ ਆਪਣੇ ਕੰਮ-ਕਾਰ ਵੀ ਕਰਨੇ ਹੁੰਦੇ ਹਨ, ਆਪਣੀ ਜ਼ਿੰਦਗੀ ਦੀਆਂ ਖੁਸ਼ੀਆਂ ਵੀ ਮਾਨਣੀਆਂ ਹੁੰਦੀਆਂ ਹਨ। ਇਸ ਕਰਕੇ ਉਹ ਸਮਝਦੇ ਹਨ ਕਿ ਉਨ੍ਹਾਂ ਪਾਸ ਸਮਾਂ ਨਹੀਂ ਕਿ ਉਹ ਦੁਖੀ ਅਤੇ ਬਿਰਧ ਬੰਦੇ ਕੋਲ ਹੀ ਬੈਠੇ ਰਹਿਣ।

ਮਨੁੱਖ ਬੇਰੁਜ਼ਗਾਰ ਹੋਣ ਕਰਕੇ, ਐਬਾਂ ਕਰਕੇ ਜਾਂ ਪਰਮਾਤਮਾ ਦੇ ਕਿਸੇ ਭਾਣੇ ਕਰਕੇ ਕਿਸੇ ਤਰ੍ਹਾਂ ਵੀ ਨਿਰਧਨ ਹੋ ਜਾਵੇ ਤਾਂ ਉਸ ਦਾ ਸਾਥ ਵੀ ਸਾਕ-ਸਨਬੰਧੀ ਛੱਡ ਜਾਂਦੇ ਹਨ। ਜੇ ਸਾਥ ਨਾ ਵੀ ਛੱਡਣ ਤਾਂ ਉਸ ਨੂੰ ਅਣਗੌਲਿਆਂ ਕਰ ਦਿੰਦੇ ਹਨ। ਮਨੁੱਖ ਕਮਾਈ ਕਰਦਾ ਹੈ, ਉਸ ਦੇ ਪਾਸ ਧਨ ਹੈ ਤਾਂ ਉਹ ਦੂਜਿਆਂ ਦੇ ਕੰਮ ਆ ਸਕਦਾ ਹੈ। ਜੇ ਉਹ ਕਮਾਈ ਨਹੀਂ ਕਰਦਾ ਤਾਂ ਉਹ ਆਪਣੀਆਂ ਲੋੜਾਂ ਲਈ ਵੀ ਦੂਜਿਆਂ ’ਤੇ ਨਿਰਭਰ ਹੋ ਜਾਂਦਾ ਹੈ। ਇਸ ਗੱਲ ਨੂੰ ਦੇਖਦੇ ਹੋਏ ਹੀ ਗੁਰਮਤਿ ਵਿਚ ਕਿਰਤ ਦੀ ਮਹੱਤਤਾ ’ਤੇ ਬਹੁਤ ਜ਼ੋਰ ਦਿੱਤਾ ਗਿਆ ਹੈ। ਕਿਰਤ ਵਿਅਕਤੀ ਨੂੰ ਧਨਵਾਨ ਬੇਸ਼ੱਕ ਨਾ ਬਣਾ ਸਕੇ ਸਵੈ-ਨਿਰਭਰ ਜ਼ਰੂਰ ਬਣਾ ਦਿੰਦੀ ਹੈ। ਇਸ ਤਰ੍ਹਾਂ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਇਹ ਕਹਿੰਦੇ ਹਨ ਕਿ ਨਿਰਧਨ ਵਿਅਕਤੀ ਦਾ ਸੰਗ ਸਭ ਛੱਡ ਜਾਂਦੇ ਹਨ ਤਾਂ ਉਹ ਇਕ ਸੱਚਾਈ ਪੇਸ਼ ਕਰ ਰਹੇ ਹਨ।

ਸਮਾਜ ਵਿਚ ਮਨੁੱਖ ਦੀ ਕੀਮਤ ਉਸ ਦੇ ਪ੍ਰਾਣਾਂ, ਤੰਦਰੁਸਤੀ, ਰੁਜ਼ਗਾਰ ਅਤੇ ਧਨ ਕਰਕੇ ਹੀ ਹੈ। ਪ੍ਰਾਣਾਂ ਤੋਂ ਰਹਿਤ, ਤੰਦਰੁਸਤੀ ਤੋਂ ਰਹਿਤ, ਰੁਜ਼ਗਾਰ ਤੋਂ ਰਹਿਤ ਅਤੇ ਧਨ ਤੋਂ ਰਹਿਤ ਮਨੁੱਖ ਸਮਾਜ ਲਈ ਬੇਅਰਥ ਸਮਝਿਆ ਜਾਂਦਾ ਹੈ। ਇਸ ਕੌੜੇ ਯਥਾਰਥ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਪੇਸ਼ ਕੀਤਾ ਹੈ। ਇਸ ਯਥਾਰਥ ਨੂੰ ਪੇਸ਼ ਕਰਨ ਦਾ ਮੰਤਵ ਇਹ ਹੈ ਕਿ ਮਨੁੱਖ ਪ੍ਰਾਣਾਂ, ਤੰਦਰੁਸਤੀ, ਰੁਜ਼ਗਾਰ ਅਤੇ ਧਨ ਦੇ ਨਸ਼ੇ ਵਿਚ ਜਗਤ ਨਾਲ ਹੀ ਨਾ ਚਿੰਬੜਿਆ ਰਹੇ, ਆਪਣਾ ਕੁਝ ਵਕਤ ਪਰਮਾਤਮਾ ਦੀ ਯਾਦ ਵੱਲ ਵੀ ਲਾਵੇ। ਪਰਮਾਤਮਾ ਸਦੀਵੀ ਸੰਗੀ ਹੈ। ਉਹ ਸਦਾ ਸਹਾਈ ਹੋਣ ਵਾਲਾ ਹੈ। ਉਸ ਨੂੰ ਮਨੁੱਖ ਜੀਵਾਤਮਾ ਕਰਕੇ ਪਿਆਰਾ ਹੈ। ਜੀਵਾਤਮਾ ਪਰਮਾਤਮਾ ਦੀ ਅੰਸ਼ ਹੈ। ਅੰਸ਼ ਨੇ ਆਪਣੇ ਸਮੁੱਚ ਵਿਚ ਮਿਲਣਾ ਹੈ। ਪਰਮਾਤਮਾ ਨੂੰ ਮਨੁੱਖ ਹਰ ਹਾਲ ਵਿਚ ਪਿਆਰਾ ਹੈ। ਪਰਮਾਤਮਾ ਅਤੇ ਮਨੁੱਖ ਦਾ ਪਿਆਰ ਨਿਰਸਵਾਰਥ ਹੈ। ਉਸ ਪਿਆਰ ਵਿਚ ਪ੍ਰਾਣ, ਤੰਦਰੁਸਤੀ, ਰੁਜ਼ਗਾਰ ਅਤੇ ਧਨ ਕੋਈ ਅਰਥ ਨਹੀਂ ਰੱਖਦੇ। ਇਸ ਕਰਕੇ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਹਨ:

ਜਗ ਝੂਠੇ ਕਉ ਸਾਚੁ ਜਾਨਿ ਕੈ ਤਾ ਸਿਉ ਰੁਚ ਉਪਜਾਈ॥
ਦੀਨ ਬੰਧ ਸਿਮਰਿਓ ਨਹੀ ਕਬਹੂ ਹੋਤ ਜੁ ਸੰਗਿ ਸਹਾਈ॥ (ਪੰਨਾ 718)

ਸੰਪਤਿ ਰਥ ਧਨ ਰਾਜ ਸਿਉ ਅਤਿ ਨੇਹੁ ਲਗਾਇਓ॥
ਕਾਲ ਫਾਸ ਜਬ ਗਲਿ ਪਰੀ ਸਭ ਭਇਓ ਪਰਾਇਓ॥ (ਪੰਨਾ 727)

ਜਗਤ ਦੇ ਸੁਖਾਂ ਵਿਚ ਰੁਚੀ ਉਪਜਾਉਣ ਤੋਂ ਭਾਵ ਹੈ ਸੰਸਾਰ ਦੇ ਸੁਖਾਂ ਵਿਚ ਖਚਿਤ ਹੋ ਜਾਣਾ। ਸਾਕਾਂ-ਸਨਬੰਧੀਆਂ ਨੂੰ ਹੀ ਸਭ ਕੁਝ ਸਮਝ ਲੈਣਾ ਅਤੇ ਜਗਤ ਦੇ ਧੰਦਿਆਂ ਵਿਚ ਸਾਰਾ ਸਮਾਂ ਲਾ ਦੇਣਾ ਹੀ ਝੂਠੇ ਜਗ ਨੂੰ ਸੱਚ ਸਮਝਣ ਦੇ ਸਮਾਨ ਹੈ। ਚਾਹੀਦਾ ਤਾਂ ਇਹ ਹੈ ਕਿ ਮਨੁੱਖ ਪਰਵਾਰ ਅਤੇ ਸਮਾਜ ਪ੍ਰਤੀ ਆਪਣੇ ਫ਼ਰਜ਼ ਜ਼ਰੂਰ ਪੂਰੇ ਕਰੇ। ਪਰ ਇਹ ਫਰਜ਼ ਪੂਰੇ ਕਰਦਿਆਂ ਆਪਣੇ ਜੀਵਨ ਦੇ ਅਸਲ ਮਨੋਰਥ ਭਾਵ ਪਰਮਾਤਮਾ ਦੇ ਨਾਮ-ਸਿਮਰਨ ਨੂੰ ਨਾ ਭੁੱਲੇ। ਪਰਮਾਤਮਾ ਨੂੰ ਭੁੱਲ ਕੇ ਹੀ ਮਨੁੱਖ ਗ਼ਲਤ ਅਤੇ ਅਨੈਤਿਕ ਕੰਮ ਕਰਦਾ ਹੈ। ਮੌਤ ਨੂੰ ਭੁੱਲ ਕੇ ਹੀ ਮਨੁੱਖ ਆਪਣੇ ਜੀਵਨ ਵਿਚ ਦੂਜਿਆਂ ਨਾਲ ਠੱਗੀਆਂ ਮਾਰਦਾ ਹੈ। ਗੁਰੂ ਸਾਹਿਬ ਆਪਣੀ ਬਾਣੀ ਰਾਹੀਂ ਮਨੁੱਖ ਨੂੰ ਮੌਤ ਦੀ ਯਾਦ ਬਾਰ-ਬਾਰ ਦਿਵਾਉਂਦੇ ਹਨ। ਮੌਤ ਇਕ ਅਟੱਲ ਸਚਾਈ ਹੈ ਜੋ ਵੀ ਉਪਜਿਆ ਹੈ, ਉਸ ਨੇ ਆਖਰਕਾਰ ਬਿਨਸਣਾ ਹੈ। ਕੇਵਲ ਇੱਕੋ- ਇੱਕ ਪਰਮਾਤਮਾ ਹੀ ਕਾਲ ਤੋਂ ਰਹਿਤ ਹੈ। ਇਸ ਲਈ ਆਤਮਾ ਨੂੰ ਪਰਮਾਤਮਾ ਵਿਚ ਲੀਨ ਕਰਨ ਲਈ ਮਨੁੱਖ ਨੂੰ ਅਕਾਲ ਦੀ ਯਾਦ ਵਿਚ ਲੀਨ ਹੋ ਜਾਣਾ ਚਾਹੀਦਾ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਮੌਤ ਦੀ ਅਟੱਲ ਸਚਾਈ ਨੂੰ ਬਿਆਨ ਕਰਦੇ ਹੋਏ ਫ਼ਰਮਾਉਂਦੇ ਹਨ:

ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ॥
ਨਾਨਕ ਹਰਿ ਗੁਨ ਗਾਇ ਲੇ ਛਾਡਿ ਸਗਲ ਜੰਜਾਲ॥ (ਪੰਨਾ 1429)

ਜਦੋਂ ਗੁਰੂ ਸਾਹਿਬ ਦੁਨਿਆਵੀ ਪਦਾਰਥਾਂ ਨਾਲ ‘ਅਤਿ ਨੇਹੁ’ ਦੀ ਗੱਲ ਕਰਦੇ ਹਨ ਅਤੇ ਜਦੋਂ ਆਪ ਜੀ ਦੁਨਿਆਵੀ ਕਾਰ-ਵਿਹਾਰ ਨੂੰ ‘ਜੰਜਾਲ’ ਦਾ ਨਾਂ ਦਿੰਦੇ ਹਨ ਤਾਂ ਇਸ ਦਾ ਭਾਵ ਇਹ ਨਹੀਂ ਕਿ ਮਨੁੱਖ ਨੇ ਆਪਣੇ ਦੁਨਿਆਵੀ ਫ਼ਰਜ਼ ਪੂਰੇ ਨਹੀਂ ਕਰਨੇ। ਇਸ ਦਾ ਭਾਵ ਕਿਸੇ ਸੰਨਿਆਸ ਧਾਰਨ ਦੀ ਸਿੱਖਿਆ ਦੇਣਾ ਨਹੀਂ ਹੈ। ਇਸ ਦਾ ਭਾਵ ਤਾਂ ਇਹ ਹੈ ਕਿ ਨੇਹ ਲਗਾਉ ਪਰ ਅਤਿ ਦਾ ਨੇਹ ਨਹੀਂ, ਫ਼ਰਜ਼ ਨਿਭਾਉ ਪਰ ਫ਼ਰਜ਼ ਨਿਭਾਉਂਦਿਆਂ ਜੰਜਾਲ ਵਿਚ ਨਾ ਫਸੋ। ਇਹ ਨਿਰਲੇਪਤਾ ਦੀ ਅਵਸਥਾ ਹੈ। ਸੰਸਾਰ ਵਿਚ ਰਹਿਣਾ ਹੈ ਪਰ ਸੰਸਾਰ ਵਿਚ ਖਚਿਤ ਨਹੀਂ ਹੋਣਾ। ਜਗਤ ਦਾ ਤਿਆਗ ਨਹੀਂ ਕਰਨਾ, ਜਗਤ ਦੇ ਦੁਰ-ਪ੍ਰਭਾਵ ਦਾ ਤਿਆਗ ਕਰਨਾ ਹੈ। ਰਾਗ ਗਉੜੀ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਇਹ ਸ਼ਬਦ ਇਸ ਨਿਰਲੇਪਤਾ ਦੇ ਕਠਿਨ ਖੇਲ ਦੀ ਵਿਆਖਿਆ ਕਰਦਾ ਹੈ:

ਸਾਧੋ ਮਨ ਕਾ ਮਾਨੁ ਤਿਆਗਉ॥
ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ ਤਾ ਤੇ ਅਹਿਨਿਸਿ ਭਾਗਉ॥1॥ ਰਹਾਉ॥
ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ॥
ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ॥1॥
ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦੁ ਨਿਰਬਾਨਾ॥
ਜਨ ਨਾਨਕ ਇਹੁ ਖੇਲੁ ਕਠਨੁ ਹੈ ਕਿਨਹੂੰ ਗੁਰਮੁਖਿ ਜਾਨਾ॥ (ਪੰਨਾ 219)

ਜਗਤ ਵਿਚ ਰਹਿੰਦਿਆਂ ਮਨੁੱਖ ਨੇ ਤਿਆਗਣਾ ਕੀ ਹੈ? ਗੁਰੂ ਸਾਹਿਬ ਸਪੱਸ਼ਟ ਕਹਿ ਰਹੇ ਹਨ ਕਿ ਮਨ ਦੇ ਮਾਨ ਨੂੰ ਤਿਆਗਣਾ ਹੈ। ਹਉਮੈ ਹੀ ਜੀਵਾਤਮਾ ਅਤੇ ਪਰਮਾਤਮਾ ਦੇ ਮਿਲਾਪ ਦੇ ਰਾਹ ਵਿਚ ਵੱਡੀ ਰੁਕਾਵਟ ਹੈ। ਹਉਮੈ ਹੀ ਮਨੁੱਖ ਨੂੰ ਮਾਇਆ ਵਿਚ ਖਚਿਤ ਕਰਦੀ ਹੈ। ਜੇ ਇਸ ਦਾ ਤਿਆਗ ਹੋ ਜਾਵੇ ਤਾਂ ਫਿਰ ਸਾਰੇ ਔਗੁਣਾਂ ਦਾ ਤਿਆਗ ਹੋ ਜਾਂਦਾ ਹੈ। ਕਾਮ, ਕ੍ਰੋਧ ਅਤੇ ਕੁਸੰਗਤ ਦਾ ਤਿਆਗ ਕਰਨ ਦਾ ਉਪਦੇਸ਼ ਗੁਰੂ ਸਾਹਿਬ ਨੇ ਦਿੱਤਾ ਹੈ। ਇਸ ਤੋਂ ਅੱਗੇ ਜੋ ਉਪਦੇਸ਼ ਦਿੱਤਾ ਹੈ ਉਹ ਏਨਾ ਕਠਿਨ ਹੈ ਕਿ ਕੋਈ ਗੁਰਮੁਖ ਹੀ ਇਸ ’ਤੇ ਅਮਲ ਕਰ ਸਕਦਾ ਹੈ। ਸੁਖ- ਦੁੱਖ, ਮਾਨ-ਅਪਮਾਨ, ਹਰਖ਼-ਸੋਗ ਅਤੇ ਉਸਤਤਿ-ਨਿੰਦਾ ਨੂੰ ਇਕ ਸਮਾਨ ਸਮਝਣਾ ਕੋਈ ਛੋਟੀ ਜਿਹੀ ਗੱਲ ਨਹੀਂ ਹੈ। ਇਨ੍ਹਾਂ ਤੋਂ ਉੱਪਰ ਉੱਠ ਜਾਣਾ ਕੋਈ ਅਸਾਨ ਕੰਮ ਨਹੀਂ ਹੈ। ਪਰ ਜੇਕਰ ਮਨੁੱਖ ਨੇ ਆਪਣੇ ਜੀਵਨ ਦਾ ਅਸਲ ਮਨੋਰਥ ਪ੍ਰਾਪਤ ਕਰਨਾ ਹੈ ਤਾਂ ਇਸ ਕਠਿਨ ਮਾਰਗ ਵੱਲ ਉਸ ਨੂੰ ਤੁਰਨਾ ਹੀ ਪੈਣਾ ਹੈ। ਸਾਧੂ, ਸੰਨਿਆਸੀ, ਬ੍ਰਹਮਚਾਰੀ, ਜੋਗੀ ਆਦਿ ਬਣ ਜਾਣ ਨਾਲ ਇਹ ਤਿਆਗ ਪੂਰਾ ਨਹੀਂ ਹੁੰਦਾ। ਇਸੇ ਕਰਕੇ ਗੁਰੂ ਸਾਹਿਬ ਨੇ ਉਪਰੋਕਤ ਸ਼ਬਦ ਦਾ ਸੰਬੋਧਨ ਵੀ ‘ਸਾਧੋ’ ਕਰ ਕੇ ਹੀ ਕੀਤਾ ਹੈ। ਮਨੁੱਖ ਸਾਧ ਬਣ ਕੇ, ਸੰਨਿਆਸੀ ਬਣ ਕੇ, ਬ੍ਰਹਮਚਾਰੀ ਬਣ ਕੇ ਸਮਝਦਾ ਹੈ ਕਿ ਉਸ ਨੇ ਜਗਤ ਦਾ ਤਿਆਗ ਕਰ ਦਿੱਤਾ ਹੈ। ਪਰ ਜੇ ਉਸ ਦੀ ਅਵਸਥਾ ਇਸ ਸ਼ਬਦ ਵਿਚ ਦਰਸਾਈ ਅਵਸਥਾ ਨਹੀਂ ਹੈ ਤਾਂ ਫਿਰ ਮਨ ਦੇ ਪੱਖੋਂ ਉਹ ਅਜੇ ਵੀ ਸੰਸਾਰੀ ਹੈ। ਜੇ ਕਿਸੇ ਸੰਸਾਰੀ ਮਨੁੱਖ ਨੇ ਗੁਰਮੁਖ ਬਣ ਕੇ ਸੰਸਾਰ ਦੇ ਫ਼ਰਜ਼ ਨਿਭਾਉਂਦਿਆਂ ਇਹ ਅਵਸਥਾ ਪ੍ਰਾਪਤ ਕਰ ਲਈ ਹੈ ਤਾਂ ਉਹ ਹੀ ਇਸ ਤਿਆਗ ਦੇ ਕਠਿਨ ਮਾਰਗ ਦਾ ਸੱਚਾ ਪਾਂਧੀ ਹੈ।

ਪਰਮਾਤਮਾ ਦੀ ਖੋਜ ਕਰਨ ਲਈ ਜੰਗਲਾਂ-ਪਹਾੜਾਂ ਵਿਚ ਜਾਣ ਦੀ ਲੋੜ ਨਹੀਂ। ਪਰਮਾਤਮਾ ਦੀ ਪ੍ਰਾਪਤੀ ਜਗਤ ਵਿਚ ਰਹਿੰਦਿਆਂ ਹੀ ਸੰਭਵ ਹੈ। ਪਵਿੱਤਰ ਫ਼ਰਮਾਨ ਹਨ:

ਘਟ ਹੀ ਮਾਹਿ ਨਿਰੰਜਨੁ ਤੇਰੈ ਤੈ ਖੋਜਤ ਉਦਿਆਨਾ॥ (ਪੰਨਾ 632)

ਕਾਹੇ ਰੇ ਬਨ ਖੋਜਨ ਜਾਈ॥
ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ॥1॥ ਰਹਾਉ॥
ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ॥
ਤੈਸੇ ਹੀ ਹਰਿ ਬਸੇ ਨਿਰੰਤਰਿ ਘਟ ਹੀ ਖੋਜਹੁ ਭਾਈ॥ (ਪੰਨਾ 684)

ਗੁਰੂ ਜੀ ਸਮਝਾਉਂਦੇ ਹਨ ਕਿ ਪਰਮਾਤਮਾ ਤਾਂ ਮਨੁੱਖ ਦੇ ਅੰਦਰ ਵੱਸਦਾ ਹੈ ਅਤੇ ਉਹ ਉਸ ਨੂੰ ਜੰਗਲਾਂ ਵਿਚ ਲੱਭਦਾ ਫਿਰਦਾ ਹੈ। ਜਿਵੇਂ ਫੁੱਲ ਦੇ ਵਿਚ ਸੁਗੰਧੀ ਵੱਸਦੀ ਹੈ ਅਤੇ ਜਿਵੇਂ ਸ਼ੀਸ਼ੇ ਦੇ ਵਿਚ ਅਕਸ ਦਾ ਵਾਸ ਹੁੰਦਾ ਹੈ ਉਵੇਂ ਹੀ ਪਰਮਾਤਮਾ ਮਨੁੱਖ ਦੇ ਅੰਦਰ ਹੀ ਨਿਰੰਤਰ ਵੱਸਦਾ ਹੈ। ਮਨੁੱਖ ਨੇ ਉਸ ਨੂੰ ਆਪਣੇ ਅੰਦਰੋਂ ਹੀ ਲੱਭਣਾ ਹੈ। ਜ਼ਾਹਰ ਹੀ ਹੈ ਕਿ ਜਗਤ ਦਾ ਤਿਆਗ ਕਰਨ ਦੀ ਕੋਈ ਲੋੜ ਨਹੀਂ ਹੈ। ਜਗਤ ਦਾ ਤਿਆਗ ਜੀਂਦੇ-ਜੀਅ ਕਿਸੇ ਮਨੁੱਖ ਲਈ ਸੰਭਵ ਵੀ ਨਹੀਂ ਹੈ। ਜੰਗਲਾਂ, ਪਹਾੜਾਂ ਵਿਚ ਜਾ ਕੇ ਵੀ ਮਨੁੱਖ ਦੇ ਸਰੀਰ ਦੀਆਂ ਲੋੜਾਂ ਉਸ ਦੇ ਨਾਲ ਰਹਿੰਦੀਆਂ ਹਨ। ਕਿਸੇ ਨਾ ਕਿਸੇ ਰੂਪ ਵਿਚ ਉਸ ਨੂੰ ਇਨ੍ਹਾਂ ਲੋੜਾਂ ਦੀ ਪੂਰਤੀ ਕਰਨੀ ਹੀ ਪੈਂਦੀ ਹੈ। ਫਿਰ ਕਿਉਂ ਨਾ ਸੰਸਾਰ ਵਿਚ ਗ੍ਰਿਹਸਤੀ ਬਣ ਕੇ ਹੀ ਰਿਹਾ ਜਾਵੇ? ਬ੍ਰਹਮਚਰਯ ਨੂੰ ਉੱਚਾ-ਸੁੱਚਾ ਕਿਵੇਂ ਮੰਨਿਆ ਜਾ ਸਕਦਾ ਹੈ ਜਦੋਂ ਕਿ ਇਸ ਨੂੰ ਧਾਰਨ ਕਰਨ ਵਾਲਾ ਬ੍ਰਹਮਚਾਰੀ ਖ਼ੁਦ ਗ੍ਰਿਹਸਤ ਦੀ ਉਪਜ ਹੈ? ਜੇਕਰ ਬ੍ਰਹਮਚਾਰੀ ਦਾ ਜਨਮ ਅਪਵਿੱਤਰ ਨਹੀਂ ਹੈ ਤਾਂ ਬ੍ਰਹਮਚਾਰਯ ਗ੍ਰਹਿਸਤ ਨਾਲੋਂ ਪਵਿੱਤਰ ਕਿਵੇਂ ਹੋ ਗਿਆ?

ਇਨ੍ਹਾਂ ਸਾਰੀਆਂ ਦਲੀਲਾਂ ਦੇ ਮੱਦੇਨਜ਼ਰ ਇਹੀ ਸਿੱਟਾ ਨਿਕਲਦਾ ਹੈ ਕਿ ਪਰਮਾਤਮਾ ਨੂੰ ਗ੍ਰਿਹਸਤ ਵਿਚ ਰਹਿੰਦਿਆਂ ਆਪਣੇ ਅੰਦਰੋਂ ਹੀ ਖੋਜਿਆ ਜਾਵੇ। ਇਸ ਦਾ ਤਰੀਕਾ ਸ੍ਰੀ ਗੁਰੂ ਤੇਗ ਬਹਾਦਰ ਜੀ ਸਾਡੇ ’ਤੇ ਕਿਰਪਾ ਕਰ ਕੇ ਇਉਂ ਦੱਸਦੇ ਹਨ:

ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ॥
ਕਾਮੁ ਕ੍ਰੋਧੁ ਜਿਹ ਪਰਸੈ ਨਾਹਨਿ ਤਿਹ ਘਟਿ ਬ੍ਰਹਮੁ ਨਿਵਾਸਾ॥ (ਪੰਨਾ 633)

ਆਸ਼ਾਵਾਂ ਦਾ ਤਿਆਗ ਕਰ ਕੇ ਜਗਤ ਵਿਚ ਵੈਰਾਗੀ ਹੋ ਕੇ ਰਹਿਣਾ ਅਤੇ ਕਾਮ-ਕ੍ਰੋਧ ਵਰਗੇ ਔਗੁਣਾਂ ਨੂੰ ਆਪਣੇ ’ਤੇ ਹਾਵੀ ਨਾ ਹੋਣ ਦੇਣਾ ਹੀ ਅਸਲ ਤਿਆਗ ਦਾ ਮਾਰਗ ਹੈ। ਇਸ ਮਾਰਗ ’ਤੇ ਚੱਲਦਿਆਂ ਪਰਮਾਤਮਾ ਦੀ ਯਾਦ ਨੂੰ ਹਮੇਸ਼ਾਂ ਆਪਣੇ ਨਾਲ ਰੱਖਣਾ ਹੀ ਜੀਵਨ ਦਾ ਅਸਲ ਮਨੋਰਥ ਹੈ। ‘ਗ੍ਰਿਹਸਤ ਵਿਚ ਸੰਨਿਆਸ’ ਦਾ ਜੀਵਨ ਹੀ ਗੁਰਮਤਿ ਦੇ ਅਨੁਕੂਲ ਜੀਵਨ ਦਾ ਇਕ ਸਹੀ ਰੂਪ ਹੈ। ਇਹ ਸੱਚ ਹੈ ਕਿ ਗ੍ਰਿਹਸਤੀ ਅਤੇ ਸੰਨਿਆਸੀ ਇੱਕੋ ਸਮੇਂ ਬਣੇ ਰਹਿਣਾ ਮਨੁੱਖ ਲਈ ਇਕ ਬਹੁਤ ਵੱਡੀ ਪ੍ਰੀਖਿਆ ਹੈ। ਇਸ ਪ੍ਰੀਖਿਆ ਵਿੱਚੋਂ ਉਹ ਕੇਵਲ ਅਤੇ ਕੇਵਲ ਗੁਰੂ ਦੀ ਕਿਰਪਾ ਨਾਲ ਹੀ ਪਾਸ ਹੋ ਸਕਦਾ ਹੈ।

ਇਹ ਜੱਗ ਝੂਠਾ ਕਿਉਂ ਹੈ? ਸ਼ੰਕਰਾਚਾਰੀਆ ਜੀ ਨੇ ਇਸ ਜਗਤ ਨੂੰ ‘ਮਾਇਆ ਦਾ ਭਰਮ’ ਕਿਹਾ ਹੈ। ਉਹ ਇਸ ਜਗਤ ਨੂੰ ਇਉਂ ਬਿਆਨ ਕਰਦੇ ਹਨ ਕਿ ਮਨੁੱਖ ਰੱਸੀ ਨੂੰ ਸੱਪ ਸਮਝ ਰਿਹਾ ਹੈ ਜਦੋਂ ਕਿ ਸੱਪ ਅਸਲ ਵਿਚ ਹੈ ਹੀ ਨਹੀਂ। ਗੁਰਬਾਣੀ ਜਗਤ ਨੂੰ ਕੇਵਲ ਭਰਮ ਮੰਨਣ ਦੀ ਥਾਂ ਇਸ ਨੂੰ ‘ਸਤਿ’ ਕਰਕੇ ਮੰਨਦੀ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪਵਿੱਤਰ ਫ਼ਰਮਾਨ ਹੈ:

ਆਪਿ ਸਤਿ ਕੀਆ ਸਭੁ ਸਤਿ॥
ਤਿਸੁ ਪ੍ਰਭ ਤੇ ਸਗਲੀ ਉਤਪਤਿ॥ (ਪੰਨਾ 294)

ਇਸ ਸੰਸਾਰ ਨੂੰ ਗੁਰਬਾਣੀ ਵਿਚ ਖੇਡ ਵੀ ਆਖਿਆ ਗਿਆ ਹੈ। ਜਿੱਥੇ ਇਸ ਜਗਤ ਨੂੰ ‘ਸਤਿ’ ਆਖਿਆ ਗਿਆ ਹੈ ਉਥੇ ਇਸ ਨੂੰ ‘ਕੂੜ’, ‘ਧੂਏ ਕਾ ਪਹਾਰ’, ‘ਮ੍ਰਿਗਤ੍ਰਿਸਨਾ’, ‘ਸੁਪਨਾ’, ‘ਬੁਦਬੁਦਾ’ ਆਦਿ ਵੀ ਆਖਿਆ ਗਿਆ ਹੈ। ਗੁਰਮਤਿ ਅਨੁਸਾਰ ਇਹ ਜਗਤ ‘ਸਤਿ’ ਹੈ ਪਰੰਤੂ ਨਾ ਇਹ ਅਨਾਦੀ ਹੈ ਅਤੇ ਨਾ ਹੀ ਇਹ ਸਦੀਵੀ। ਇਸ ਦੀ ਅਸਥਿਰਤਾ ਕਰਕੇ ਅਤੇ ਇਸ ਦੇ ਤਬਦੀਲੀ-ਅਧੀਨ ਹੋਣ ਕਰਕੇ ਇਸ ਨੂੰ ਕੂੜ, ਧੂਏ ਕਾ ਪਹਾੜ, ਮ੍ਰਿਗਤ੍ਰਿਸਨਾ, ਸੁਪਨਾ, ਬੁਦਬੁਦਾ ਆਦਿ ਆਖਿਆ ਗਿਆ ਹੈ। ਪਰ ਇਹ ‘ਸਤਿ’ ਪਰਮਾਤਮਾ ਦਾ ਪੈਦਾ ਕੀਤਾ ਹੋਣ ਕਰਕੇ ਇਹ ‘ਸਤਿ’ ਵੀ ਹੈ ਭਾਵੇਂ ਇਹ ਅਸਥਿਰ ਸਤਿ ਹੀ ਹੈ। ਇਹ ਅਸਥਿਰ ਸਤਿ ਇਸ ਲਈ ਵੀ ਹੈ ਕਿ ਇਹ ਇਕ ਅਧਾਰਿਤ ਸਚਾਈ (Dependent truth) ਹੈ। ਸਿਰਫ਼ ਪਰਮਾਤਮਾ ਹੀ ਨਿਰੰਕੁਸ਼ ਸਚਾਈ (Absolute truth) ਹੈ ਕਿਉਂਕਿ ਉਹ ਆਦਿ-ਅੰਤ ਅਤੇ ਤਬਦੀਲੀ ਤੋਂ ਰਹਿਤ ਹੈ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਚ ਜਗਤ ਪ੍ਰਤੀ ਪਵਿੱਤਰ ਫ਼ਰਮਾਨ ਹਨ:

ਇਹੁ ਜਗੁ ਧੂਏ ਕਾ ਪਹਾਰ॥
ਤੈ ਸਾਚਾ ਮਾਨਿਆ ਕਿਹ ਬਿਚਾਰਿ॥ (ਪੰਨਾ 1186-87)

ਸਮ ਸੁਪਨੈ ਕੈ ਇਹੁ ਜਗੁ ਜਾਨੁ॥
ਬਿਨਸੈ ਛਿਨ ਮੈ ਸਾਚੀ ਮਾਨੁ॥ (ਪੰਨਾ 1187)

ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਈ॥ (ਪੰਨਾ 219)

ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ॥
ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ॥ (ਪੰਨਾ 1428)

ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ॥
ਜਗ ਰਚਨਾ ਤੈਸੇ ਰਚੀ ਕਹੁ ਨਾਨਕ ਸੁਨਿ ਮੀਤ॥  (ਪੰਨਾ 1427)

ਮ੍ਰਿਗ ਤ੍ਰਿਸਨਾ ਜਿਉ ਜਗ ਰਚਨਾ ਯਹ ਦੇਖਹੁ ਰਿਦੈ ਬਿਚਾਰਿ॥ (ਪੰਨਾ 536)

ਧੂੰਏਂ ਦਾ ਪਹਾੜ ਬਣਦਾ ਹੈ ਪਰ ਉਸੇ ਪਲ ਖ਼ਤਮ ਹੋ ਜਾਂਦਾ ਹੈ। ਸੁਪਨਾ ਜਾਗ ਖੁੱਲ੍ਹਣ ’ਤੇ ਹੀ ਅਲੋਪ ਹੋ ਜਾਂਦਾ ਹੈ। ਬੱਦਲਾਂ ਦਾ ਪਰਛਾਵਾਂ ਬੜਾ ਥੋੜ੍ਹ-ਚਿਰਾ ਹੁੰਦਾ ਹੈ। ਰੇਤ ਦੀ ਕੰਧ ਬਣਾ ਲਈਏ ਤਾਂ ਨਾਲ ਦੀ ਨਾਲ ਢਹਿ ਜਾਂਦੀ ਹੈ। ਪਾਣੀ ਦਾ ਬੁਲਬੁਲਾ ਮਿਟ ਕੇ ਫਿਰ ਪਾਣੀ ਬਣ ਜਾਂਦਾ ਹੈ। ਮ੍ਰਿਗਤ੍ਰਿਸ਼ਨਾ ਦੇ ਭੁਲੇਖੇ ਵਿਚ ਹਿਰਨ ਜਾਂ ਮਨੁੱਖ ਦੂਰੋਂ ਚਮਕਦੀ ਸੁਨਹਿਰੀ ਰੇਤ ਨੂੰ ਪਾਣੀ ਸਮਝ ਕੇ ਜਾਂਦੇ ਹਨ ਪਰ ਅਸਲ ਵਿਚ ਧੁੱਪ ਦੀਆਂ ਕਿਰਨਾਂ ਰੇਤ ’ਤੇ ਹੀ ਪੈ ਰਹੀਆਂ ਹੁੰਦੀਆਂ ਹਨ। ਇਨ੍ਹਾਂ ਸਾਰੀਆਂ ਉਦਾਹਰਣਾਂ ਤੋਂ ਗੁਰੂ ਸਾਹਿਬ ਭਾਵ ਇਸ ਜਗਤ ਦੀ ਅਸਥਿਰਤਾ ਨੂੰ ਪ੍ਰਗਟ ਕਰਨਾ ਹੈ। ਮਨੁੱਖ ਇਸ ਜਗਤ ਨੂੰ ਸਦੀਵੀ ਜਾਂ ਸਥਿਰ ਸਮਝ ਕੇ ਹੀ ਨਾ ਤੁਰਿਆ ਫਿਰੇ ਸਗੋਂ ਇਸ ਦੀ ਅਸਥਿਰਤਾ ਨੂੰ ਮੰਨ ਕੇ ਪਰਮਾਤਮਾ ਦੀ ਯਾਦ ਵਿਚ ਜੁੜ ਜਾਵੇ। ਮਨੁੱਖ ਆਪ ਕਾਲ ਦੇ ਵੱਸ ਹੈ। ਮੌਤ ਉਸ ਦੇ ਲਈ ਅਟੱਲ ਹੈ। ਇਹ ਜਗਤ ਵੀ ਕਾਲ ਦੇ ਵੱਸ ਹੈ। ਇਹ ਉਪਜਦਾ, ਬਿਨਸਦਾ ਰਹਿੰਦਾ ਹੈ। ਵੱਡੇ-ਵੱਡੇ ਭੂਚਾਲ, ਹੜ੍ਹ, ਤੂਫ਼ਾਨ ਅਤੇ ਮੌਸਮਾਂ ਦੇ ਪ੍ਰਭਾਵ ਧਰਤੀ ਦੇ ਪਹਾੜਾਂ, ਸਮੁੰਦਰਾਂ, ਟਾਪੂਆਂ ਵਿਚ ਤਬਦੀਲੀਆਂ ਲਿਆਉਂਦੇ ਰਹਿੰਦੇ ਹਨ। ਜੀਵਾਂ ਦੀਆਂ ਨਸਲਾਂ ਵਿਚ ਵਾਧੇ-ਘਾਟੇ ਹੁੰਦੇ ਰਹਿੰਦੇ ਹਨ। ਇਨ੍ਹਾਂ ਸਚਾਈਆਂ ਨੂੰ ਮੰਨ ਕੇ ਚੱਲਣਾ ਅਤੇ ਸਦੀਵੀ ਪਰਮਾਤਮਾ ਦੀ ਯਾਦ ਵਿਚ ਜੀਵਨ ਬਿਤਾਉਣਾ ਹੀ ਮਨੁੱਖ ਦੇ ਜੀਵਨ ਦਾ ਬੁਨਿਆਦੀ ਕਰਤਵ ਹੈ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਚ ਮੌਤ ਅਤੇ ਜਗਤ ਦੀ ਅਸਥਿਰਤਾ ਦੇ ਬਾਰ-ਬਾਰ ਬਿਆਨ ਕਰਨ ਦਾ ਮੰਤਵ ਮਨੁੱਖ ਨੂੰ ਪਰਮਾਤਮਾ ਦੀ ਭਗਤੀ ਵਿਚ ਜੋੜਨਾ ਹੈ, ਜਗਤ ਤੋਂ ਉਪਰਾਮ ਕਰ ਕੇ ਕੋਰਾ ਤਿਆਗੀ ਬਣਾਉਣਾ ਨਹੀਂ ਹੈ। ਗੁਰੂ ਜੀ ਖ਼ੁਦ ਗ੍ਰਿਹਸਤੀ ਸਨ ਅਤੇ ਅਗੰਮੀ ਸ਼ਖ਼ਸੀਅਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਸਨ। ਆਪ ਨਿਰਭੈਤਾ, ਆਜ਼ਾਦੀ, ਬਰਾਬਰੀ ਅਤੇ ਨਿਆਂ ਦੇ ਅਲੰਬਰਦਾਰ ਸਨ। ਆਪ ਜੀ ਨੇ ਇਨ੍ਹਾਂ ਆਦਰਸ਼ਾਂ ਦੀ ਰਾਖੀ ਲਈ ਆਪਣੇ ਜੀਵਨ ਤਕ ਨੂੰ ਕੁਰਬਾਨ ਕਰ ਦਿੱਤਾ। ਮਨੁੱਖੀ ਜੀਵਨ ਦੀ ਅਨਮੋਲਤਾ ਨੂੰ ਵੀ ਆਪ ਜੀ ਦੀ ਬਾਣੀ ਵਿਚ ਦਰਸਾਇਆ ਗਿਆ ਹੈ। ਮਨੁੱਖੀ ਸਰੀਰ ਨੂੰ ਆਪ ਜੀ ਨੇ ਦੁਰਲੱਭ ਦੱਸਿਆ ਹੈ। ਮਨੁੱਖੀ ਜੀਵਨ ਦਾ ਕਾਜ ਪਰਮਾਤਮਾ ਦੇ ਨਾਮ-ਸਿਮਰਨ ਨੂੰ ਦੱਸਿਆ ਹੈ। ਮਾਨਸ ਜਨਮ ਨੂੰ ਆਪ ਜੀ ਨੇ ‘ਅਮੋਲਕ’ ਆਖਿਆ ਹੈ। ਇਸ ਲਈ ਸਾਨੂੰ ਕਦੇ ਵੀ ਨਿਰਾਸ਼ਾਵਾਦੀ ਨਹੀਂ ਬਣਨਾ ਚਾਹੀਦਾ। ਆਪਣੇ ਜੀਵਨ ਨੂੰ ਮਾਇਆ ਵਿਚ ਖਚਿਤ ਹੋ ਕੇ ਅਜਾਈਂ ਵੀ ਨਹੀਂ ਗੁਆਉਣਾ ਚਾਹੀਦਾ। ਆਪ ਜੀ ਦੇ ਪਵਿੱਤਰ ਫ਼ਰਮਾਨ ਹਨ:

ਸਾਧੋ ਗੋਬਿੰਦ ਕੇ ਗੁਨ ਗਾਵਉ॥
ਮਾਨਸ ਜਨਮੁ ਅਮੋਲਕੁ ਪਾਇਓ ਬਿਰਥਾ ਕਾਹਿ ਗਵਾਵਉ॥ (ਪੰਨਾ 219)

ਜਉ ਸੁਖ ਕਉ ਚਾਹੈ ਸਦਾ ਸਰਨਿ ਰਾਮ ਕੀ ਲੇਹ॥
ਕਹੁ ਨਾਨਕ ਸੁਨਿ ਰੇ ਮਨਾ ਦੁਰਲਭ ਮਾਨੁਖ ਦੇਹ॥ (ਪੰਨਾ 1427)

ਜਗਤ ਦੀ ਰਚਨਾ ਪਰਮਾਤਮਾ ਨੇ ਕੀਤੀ ਹੈ। ਜਗਤ ਦੀ ਮਾਇਆ ਉਸ ਪਰਮਾਤਮਾ ਦੀ ਮਾਇਆ ਹੈ। ਇਸ ਤਰ੍ਹਾਂ ਗੁਰੂ ਸਾਹਿਬ ‘ਆਪ ਸਤਿ ਕੀਆ ਸਭ ਸਤਿ’ ਦੇ ਫ਼ਰਮਾਨ ਦੀ ਪਰੰਪਰਾ ਵਿਚ ਹੀ ਜਗਤ ਦੀ ਰਚਨਾ ਦੀ ਇਉਂ ਵਿਆਖਿਆ ਕਰਦੇ ਹਨ:

ਸਾਧੋ ਰਚਨਾ ਰਾਮ ਬਨਾਈ॥
ਇਕਿ ਬਿਨਸੈ ਇਕ ਅਸਥਿਰੁ ਮਾਨੈ ਅਚਰਜੁ ਲਖਿਓ ਨ ਜਾਈ॥ (ਪੰਨਾ 219)

ਅਪਨੀ ਮਾਇਆ ਆਪਿ ਪਸਾਰੀ ਆਪਹਿ ਦੇਖਨਹਾਰਾ॥
ਨਾਨਾ ਰੂਪੁ ਧਰੇ ਬਹੁ ਰੰਗੀ ਸਭ ਤੇ ਰਹੈ ਨਿਆਰਾ॥ (ਪੰਨਾ 537)

ਜਗਤ ਅਤੇ ਜੀਵਨ ਦੋਵੇਂ ਹੀ ਪਰਮਾਤਮਾ ਦੀ ਦੇਣ ਹਨ। ਉਸ ਦੀ ਇਸ ਅਲੌਕਿਕ ਦੇਣ ਨੂੰ ਉਸ ਦੇ ਨਾਮ ਵਿਚ ਹੀ ਲਾਇਆ ਜਾਵੇ ਤਾਂ ਮਨੁੱਖ ਜੀਵਨ-ਮੁਕਤ ਹੋ ਸਕਦਾ ਹੈ, ਪਰਮਾਤਮਾ ਨਾਲ ਉਸ ਦਾ ਮਿਲਾਪ ਹੋ ਸਕਦਾ ਹੈ। ਭਾਵੇਂ ਗੁਰੂ ਸਾਹਿਬ ਬਾਲ, ਜੁਆਨੀ ਅਤੇ ਬਿਰਧ ਤਿੰਨਾਂ ਅਵਸਥਾਵਾਂ ਵਿਚ ਪ੍ਰਭੂ ਦੀ ਭਗਤੀ ਦਾ ਸੰਦੇਸ਼ ਦਿੰਦੇ ਹਨ ਪਰ ਫਿਰ ਵੀ ਮਨੁੱਖ ਨੂੰ ਸਮਝਾਉਂਦੇ ਹਨ ਕਿ ਜੇ ਪਹਿਲਾਂ ਭਗਤੀ ਨਹੀਂ ਕਰ ਸਕਿਆ ਤਾਂ ਹੁਣ ਹੀ ਕਰ ਲੈ। ਆਪ ਜੀ ਫ਼ਰਮਾਉਂਦੇ ਹਨ ਕਿ ਅਜੇ ਕੁਝ ਵੀ ਨਹੀਂ ਵਿਗੜਿਆ। ਬਸ ਪਰਮਾਤਮਾ ਦੇ ਗੁਣ ਗਾਉੇਣੇ ਸ਼ੁਰੂ ਕਰ ਦੇ। ਆਪ ਜੀ ਦਾ ਫ਼ਰਮਾਨ ਹੈ:

ਅਜਹੂ ਕਛੁ ਬਿਗਰਿਓ ਨਹੀ ਜੋ ਪ੍ਰਭ ਗੁਨ ਗਾਵੈ॥
ਕਹੁ ਨਾਨਕ ਤਿਹ ਭਜਨ ਤੇ ਨਿਰਭੈ ਪਦੁ ਪਾਵੈ॥ (ਪੰਨਾ 726)

ਆਪ ਜੀ ਬੜੇ ਪਿਆਰ ਨਾਲ ਸਮਝਾਉਂਦੇ ਹਨ:

ਹਰਿ ਜਸੁ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ॥
ਅਉਸਰੁ ਬੀਤਿਓ ਜਾਤੁ ਹੈ ਕਹਿਓ ਮਾਨ ਲੈ ਮੇਰੋ॥ (ਪੰਨਾ 727)

ਗਨਿਕਾ, ਅਜਾਮਲ ਅਤੇ ਗਜ ਦੀਆਂ ਉਦਾਹਰਣਾਂ ਦੇ ਕੇ ਸਾਨੂੰ ਸਮਝਾਇਆ ਹੈ ਕਿ ਜਦੋਂ ਵੀ ਸੱਚੇ ਦਿਲੋਂ ਅਸੀਂ ਪਰਮਾਤਮਾ ਨੂੰ ਯਾਦ ਕਰ ਲਵਾਂਗੇ, ਤਰ ਜਾਵਾਂਗੇ। ਇਸ ਤੋਂ ਵੱਧ ਆਸ਼ਾਵਾਦੀ ਹੋਰ ਕੀ ਗੱਲ ਹੋ ਸਕਦੀ ਹੈ ਕਿ ਪਾਪੀ ਤੋਂ ਪਾਪੀ ਵਿਅਕਤੀ ਵੀ ਕਿਸੇ ਪਲ ਵੀ ਜੇਕਰ ਪਰਮਾਤਮਾ ਨੂੰ ਸੱਚੇ ਦਿਲੋਂ ਯਾਦ ਕਰ ਲਵੇ ਤਾਂ ਦੀ ਬਾਣੀ ਸਾਨੂੰ ਜਗਤ ਦੀ ਮਾਇਆ, ਲੋੜ ਅਤੇ ਸੁਖ ਨਾਲ ਜੁੜੀ ਪ੍ਰੀਤ ਦੀ ਅਸਥਿਰਤਾ ਬਾਰੇ ਸਮਝਾਉਂਦੀ ਹੈ। ਇਸ ਝੂਠੀ ਪ੍ਰੀਤ ਪਿੱਛੇ ਲੱਗ ਕੇ ਸਾਨੂੰ ਪਰਮਾਤਮਾ ਦੀ ਸੱਚੀ ਪ੍ਰੀਤ ਨੂੰ ਨਹੀਂ ਭੁੱਲਣਾ ਚਾਹੀਦਾ। ਗੁਰੂ ਸਾਹਿਬ ਨੇ ਸਾਨੂੰ ਜਗਤ ਵਿਚਲੇ ਵਿਹਾਰ ਤੋਂ ਇਲਾਵਾ ਜਗਤ ਦੀ ਅਸਲੀਅਤ ਬਾਰੇ ਉਸ ਦਾ ਪਾਰ-ਉਤਾਰਾ ਹੋ ਸਕਦਾ ਹੈ? ਪਰਮਾਤਮਾ ਦਾ ਨਾਮ ਸਦਾ ਸੁਖਦਾਈ ਹੈ ਅਤੇ ਉਸ ਦੇ ਨਾਮ ਵਿਚ ਸੁਖ ਹੀ ਸੁਖ ਹੈ।

ਸ੍ਰੀ ਗੁਰੂ ਤੇਗ ਬਹਾਦਰ ਜੀ ਵੀ ਸਮਝਾਇਆ ਹੈ ਕਿ ਇਹ ਸਦੀਵੀ ਨਹੀਂ ਹੈ। ਇਸ ਦੇ ਸੱਚ ਨੂੰ ਅੰਤਿਮ ਸੱਚ ਮੰਨ ਲੈਣ ਨਾਲ ਅਸੀਂ ਪਦਾਰਥਵਾਦ ਦੇ ਖੂਹ ਵਿਚ ਜਾ ਡਿੱਗਦੇ ਹਾਂ ਅਤੇ ਸਾਨੂੰ ਪਰਮਾਤਮਾ ਦੀ ਯਾਦ ਆਉਂਦੀ ਹੀ ਨਹੀਂ। ਆਪ ਜੀ ਨੇ ਇਸ ਪੱਖੋਂ ਵੀ ਸਾਨੂੰ ਸੁਚੇਤ ਕੀਤਾ ਹੈ ਕਿ ਜਗਤ ਦਾ ਤਿਆਗ ਜੰਗਲਾਂ-ਪਹਾੜਾਂ ਵਿਚ ਜਾ ਕੇ ਨਹੀਂ ਹੁੰਦਾ ਅਤੇ ਪਰਮਾਤਮਾ ਕਿਤੇ ਬਾਹਰ ਜੰਗਲਾਂ-ਪਹਾੜਾਂ ਵਿਚ ਨਹੀਂ ਹੈ। ਗੁਰੂ ਸਾਹਿਬ ਨੇ ਤਿਆਗ ਦਾ ਅਸਲ ਮਾਰਗ ‘ਗ੍ਰਿਹਸਤ ਵਿਚ ਉਦਾਸ’ ਦੱਸਿਆ ਹੈ। ਜਗਤ ਵਿਚ ਗ੍ਰਿਹਸਤ ਵਿਚ ਰਹਿੰਦਿਆਂ ਹੀ ਹੰਕਾਰ, ਕਾਮ, ਕ੍ਰੋਧ, ਲੋਭ, ਮੋਹ ਆਦਿ ’ਤੇ ਕਾਬੂ ਪਾ ਕੇ ਰੱਖਣਾ ਹੈ ਅਤੇ ਲਾਲਸਾਵਾਂ ਨੂੰ ਆਪਣੇ ਉੱਪਰ ਹਾਵੀ ਨਹੀਂ ਹੋਣ ਦੇਣਾ। ਜੀਵਨ ਦੇ ਕਾਰ-ਵਿਹਾਰ ਨੇਕ-ਨੀਤੀ ਨਾਲ ਫ਼ਰਜ਼ ਨਿਭਾਉਂਦਿਆਂ ਕਰਨੇ ਹਨ ਨਾ ਕਿ ਮਾਇਆ ਦੇ ਅੰਬਾਰ ਇਕੱਠੇ ਕਰਨ ਲਈ। ਜ਼ਿੰਦਗੀ ਵਿਚ ਕਿਰਤ ਕਰਨਾ, ਵੰਡ ਛਕਣਾ ਅਤੇ ਨਾਮ ਜਪਣਾ ਤਿੰਨੇ ਕਿਰਿਆਵਾਂ ਨੂੰ ਬਰਾਬਰ ਲੈ ਕੇ ਚੱਲਣਾ ਹੈ। ਇਨ੍ਹਾਂ ਕਿਰਿਆਵਾਂ ਦਾ ਜ਼ਿੰਦਗੀ ਵਿਚ ਸੁਮੇਲ ਹੀ ਗੁਰੂ ਸਾਹਿਬ ਜੀ ਦੀ ਬਾਣੀ ਦਾ ਮੂਲ ਮੰਤਵ ਹੈ। ਵਾਹਿਗੁਰੂ ਸਾਡੇ ’ਤੇ ਮਿਹਰ ਕਰਨ ਕਿ ਅਸੀਂ ਮਾਇਆ ਦੇ ਜੰਜਾਲ ਵਿਚ ਅਤਿ ਨੇਹ ਪਾ ਕੇ ਖਚਿਤ ਨਾ ਹੋਈਏ ਅਤੇ ਪਰਮਾਤਮਾ ਦੀ ਯਾਦ ਸਦਾ ਸਾਡੇ ਦਿਲਾਂ ਵਿਚ ਬਣੀ ਰਹੇ। ਗੁਰੂ ਸਾਹਿਬ ਜੀ ਦੀ ਬਾਣੀ ਦਾ ਪ੍ਰਭਾਵ ਸਾਡੇ ਜੀਵਨ ਵਿਚ ਅਮਲੀ ਰੂਪ ਰਾਹੀਂ ਪ੍ਰਗਟ ਹੋ ਸਕੇ, ਇਹੀ ਅਰਦਾਸ ਅਕਾਲ ਪੁਰਖ ਅੱਗੇ ਸਾਨੂੰ ਕਰਨੀ ਚਾਹੀਦੀ ਹੈ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

Sukhdev Singh Shant
ਸੇਵਾ ਮੁਕਤ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ -ਵਿਖੇ: ਸਹਿਕਾਰਤਾ ਵਿਭਾਗ, ਪੰਜਾਬ ਸਰਕਾਰ

36-ਬੀ, ਰਤਨ ਨਗਰ, ਪਟਿਆਲਾ

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)