editor@sikharchives.org

ਉੱਚੀ-ਸੁੱਚੀ ਸੇਵਾ ਕਮਾਉਣ ਵਾਲੇ ਭਾਈ ਘਨੱਈਆ ਜੀ

ਸਿੱਖ ਸੇਵਕਾਂ ’ਚੋਂ ਭਾਈ ਘਨੱਈਆ ਜੀ ਦਾ ਨਾਂ ਇਵੇਂ ਚਮਕਦਾ ਹੈ ਜਿਵੇਂ ਅਕਾਸ਼ ਦੇ ਤਾਰਿਆਂ ’ਚੋਂ ਚੰਦ੍ਰਮਾ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸਿੱਖ ਗੁਰੂ ਸਾਹਿਬਾਨ ਨੇ ਮਨੁੱਖੀ ਸਮਾਜ ਦੇ ਲੋੜਵੰਦਾਂ ਦੀ ਸੇਵਾ ਕਮਾਉਣ ਦਾ ਜੋ ਰਸਤਾ ਆਪਣੇ ਨਾਮ-ਲੇਵਾ ਸਿੱਖਾਂ ਨੂੰ ਦਰਸਾਇਆ ਉਸ ਨੂੰ ਅਪਣਾ ਕੇ ਅਣਗਿਣਤ ਹੀ ਨਾਮ-ਲੇਵਾ ਸਿੱਖਾਂ ਨੇ ਸੇਵਾ ਕਮਾਈ ਹੈ ਅਤੇ ਵਰਤਮਾਨ ਵਿਚ ਵੀ ਅਨੇਕਾਂ ਸਿੱਖ ਇਸ ਰਸਤੇ ’ਤੇ ਤੁਰੇ ਦੇਖੇ ਜਾ ਸਕਦੇ ਹਨ। ਪਰੰਤੂ ਕੁਝ ਐਸੇ ਖਾਸ ਸਿੱਖ ਸੇਵਕ ਹਨ ਜਿਨ੍ਹਾਂ ਦਾ ਸਾਰਾ ਜੀਵਨ ਹੀ ਸੇਵਾ ਕਮਾਉਂਦਿਆਂ ਸਫਲ ਹੋਇਆ। ਐਸੇ ਸਿੱਖ ਸੇਵਕਾਂ ’ਚੋਂ ਭਾਈ ਘਨੱਈਆ ਜੀ ਦਾ ਨਾਂ ਇਵੇਂ ਚਮਕਦਾ ਹੈ ਜਿਵੇਂ ਅਕਾਸ਼ ਦੇ ਤਾਰਿਆਂ ’ਚੋਂ ਚੰਦ੍ਰਮਾ। ਗੁਰਬਾਣੀ ਦੇ ਪਵਿੱਤਰ ਵਾਕ ‘ਸੇਵਾ ਕਰਤ ਹੋਇ ਨਿਹਕਾਮੀ’ ਦੇ ਮਨੋਭਾਵ ਨੂੰ ਮਨ-ਆਤਮਾ ਵਿਚ ਡੂੰਘੀ ਤਰ੍ਹਾਂ ਵਸਾ ਕੇ ਭਾਈ ਘਨੱਈਆ ਜੀ ਨੇ ਅਜਿਹੀ ਸੇਵਾ ਕਮਾਈ ਕਿ ਆਪ ਨਿਸ਼ਕਾਮ ਸੇਵਾ ਦੇ ਪ੍ਰਤੀਕ ਹੀ ਬਣ ਗਏ। ਪ੍ਰਿੰ. ਸਤਿਬੀਰ ਸਿੰਘ ਹੁਰਾਂ ਬਿਲਕੁਲ ਸਹੀ ਲਿਖਿਆ ਹੈ ਕਿ:

ਭਾਈ ਘਨੱਈਆ ਜੀ ਨਿਰੇ ਸੇਵਾ ਪੰਥੀਆਂ ਦੇ ਹੀ ਮੋਢੀ ਨਹੀਂ ਸਗੋਂ ਸੰਸਾਰ ਭਰ ਦੇ ਰੈੱਡ ਕਰਾਸ ਦੇ ਵੀ ਬਾਨੀ ਕਹੇ ਜਾ ਸਕਦੇ ਹਨ। ਨਾਲ ਹੀ ਆਪ ਜੀ ਦਾ ਸੇਵਾ, ਸਾਹਸ, ਸਿਦਕ, ਸੰਤੋਖ, ਸਬਰ ਤੇ ਸਦਾਚਾਰ ਕਾਰਨ ਵੀ ਨਾਂ ਸਰਵਸ੍ਰੇਸ਼ਟ ਹੈ। (ਪੁਸਤਕ ‘ਦਰਵੇਸ਼ੀ ਗਾਖੜੀ’, ਸਫ਼ਾ 55)

ਸੇਵਾ ਸਿਦਕ ਦੀ ਪੁੰਜ ਇਸ ਵਿਲੱਖਣ ਸ਼ਖ਼ਸੀਅਤ ਨੇ ਸੰਨ 1647 ਈ: ਵਿਚ ਪਿੰਡ ਸੋਧਰਾ ਵਿਚ ਜਨਮ ਲਿਆ।ਇਹ ਪਿੰਡ ਦਰਿਆ ਝਨਾਂ ਦੇ ਕੰਢੇ ’ਤੇ ਆਬਾਦ ਹੈ। ਆਪ ਦੇ ਪਿਤਾ ਇਕ ਬਹੁਤ ਵੱਡੇ ਸੌਦਾਗਰ ਸਨ। ਬਾਲਕ ਘਨੱਈਏ ਦੀ ਬਿਰਤੀ ਮੁੱਢ ਤੋਂ ਹੀ ਸੇਵਾ ਤੇ ਪਰਉਪਕਾਰ ਕਰਨ ਵੱਲ ਸੀ। ਹਮਉਮਰ ਸਾਥੀਆਂ ਅਤੇ ਲੋੜਵੰਦਾਂ ਦੀ ਭਰਪੂਰ ਮਦਦ ਕਰਦੇ। ਮਾਤਾ-ਪਿਤਾ ਨੇ ਆਪਣੀ ਸੰਸਾਰਿਕ ਬਿਰਤੀ ਕਰਕੇ ਇਸ ਨੂੰ ਘਰ ਲੁਟਾਉਣ ਦੇ ਰੂਪ ਵਿਚ ਲਿਆ। ਜਦੋਂ ਆਪ ਦੀ ਇਹ ‘ਚੋਰੀ’ ਮਾਤਾ ਵੱਲੋਂ ਫੜੀ ਜਾਂਦੀ ਤਾਂ ਆਪ ਮਾਤਾ ਨੂੰ ਲੋੜਵੰਦਾਂ ਦੀ ਲੋੜ-ਪੂਰਤੀ ਦਾ ਮਹੱਤਵ ਮਹਿਸੂਸ ਕਰਾਉਣ ਦਾ ਜਤਨ ਕਰਦੇ। ਇਤਿਹਾਸ ਵਿਚ ਇੱਥੋਂ ਤਕ ਲਿਖਿਆ ਮਿਲਦਾ ਹੈ ਕਿ ਅਜਿਹੇ ਮੌਕੇ ਬਾਲਕ ਘਨੱਈਆ ਜੀ ਆਖਦੇ, “ਮਾਂ! ਦੱਸ ਖਾਂ ਭਲਾ ਕਈਆਂ ਦੇ ਘਰੀਂ ਬਾਵਲੇ ਪੁੱਤ ਨਈਂ ਜੰਮ ਪੈਂਦੇ? ਤੂੰ ਵੀ ਮਾਂ, ਸਮਝ ਛੱਡ ਕਿ ਸਾਡੇ ਘਰ ਬਾਵਲਾ ਪੁੱਤ ਜੰਮ ਪਿਐ।”

ਦਰਅਸਲ ਹਰੇਕ ਪਰਉਪਕਾਰੀ ਨੂੰ ਸਭ ਤੋਂ ਪਹਿਲਾਂ ਆਪਣੇ ਘਰੋਂ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ।

ਗੁਰੂ ਜੀ ਦੇ ਪਿਤਾ ਜੀ ਵਾਂਗ ਭਾਈ ਘਨੱਈਆ ਦੇ ਪਿਤਾ ਜੀ ਤੀਬਰ ਚਾਹਵਾਨ ਸਨ ਕਿ ਉਨ੍ਹਾਂ ਦਾ ਪੁੱਤਰ ਵਪਾਰੀ ਬਣੇ। ਆਪ ਦੇ ਪਿਤਾ ਜੀ ਦਾ ਕਾਰੋਬਾਰ ਕਾਫੀ ਵੱਡਾ ਸੀ। ਪਿਤਾ ਜੀ ਮੁਗ਼ਲਾਂ ਦੀ ਫੌਜ ਨੂੰ ਰਸਦ ਤੇ ਹੋਰ ਲੋੜੀਂਦਾ ਸਾਮਾਨ ਮੁਹੱਈਆ ਕਰਾਉਂਦੇ ਸਨ। ਘਨੱਈਆ ਜੀ ਵੈਸੇ ਵੀ ਘਰ ਵਿਚ ਵੱਡੇ ਪੁੱਤਰ ਸਨ। ਦੱਸਿਆ ਜਾਂਦਾ ਹੈ ਕਿ ਆਪ ਆਪਣੇ ਭਰਾਵਾਂ ਤੋਂ ਉਮਰ ’ਚ ਕਾਫੀ ਵੱਡੇ ਸਨ। ਮੁਸ਼ਕਲ ਭਰੇ ਹਾਲਾਤ ਸੇਵਾ ਅਤੇ ਪਰਉਪਕਾਰ ਲਈ ਸਾਜ਼ਗਾਰ ਹੋ ਜਾਣ-ਇਸ ਲਈ ਘਨੱਈਆ ਜੀ ਨੂੰ ਕੁਝ ਵਰ੍ਹੇ ਪਿਤਾ ਜੀ ਦਾ ਵਪਾਰ/ਕਾਰੋਬਾਰ ਸੰਭਾਲਣਾ ਪਿਆ ਪਰ ਜੀਵਨ ਸੰਸਾਰਕ ਕਾਰੋਬਾਰ ਦੇ ਝੰਜਟ ’ਚ ਹੀ ਨਾ ਲੰਘ ਜਾਵੇ ਇਸ ਦਾ ਖ਼ਿਆਲ ਆਪ ਨੂੰ ਕਾਰੋਬਾਰ ਕਰਦਿਆਂ ਸਦਾ ਹੀ ਰਿਹਾ। ਫਿਰ ਜਿਵੇਂ ਹੀ ਛੋਟੇ ਭਰਾ ਕਾਰੋਬਾਰ ਸੰਭਾਲਣ ਜੋਗੇ ਹੋ ਗਏ ਤਾਂ ਆਪ ਨੇ ਮਾਲਕ ਦਾ ਸ਼ੁਕਰ ਮਨਾਇਆ। ਹੁਣ ਆਪ ਨੂੰ ਪ੍ਰਪੱਕਤਾ ਸਹਿਤ ਰੂਹਾਨੀ ਮੰਜ਼ਲਾਂ ਦਾ ਰਾਹੀ ਬਣਨ ਦੀ ਤਾਂਘ ਵਧ ਗਈ।

ਵਪਾਰਕ ਸੰਬੰਧਾਂ ’ਚੋਂ ਹੀ ਭਾਈ ਘਨੱਈਆ ਜੀ ਦਾ ਮੇਲ-ਮਿਲਾਪ ਭਾਈ ਨਨੂਆ ਜੀ ਨਾਲ ਹੋਇਆ। ਭਾਈ ਨਨੂਆ ਮੁਗ਼ਲ ਫੌਜ ਦੇ ਇਕ ਕਰਮਚਾਰੀ ਸਨ। ਪਰੰਤੂ ਇਸ ਦੇ ਨਾਲ-ਨਾਲ ਇਕ ਨਾਮ-ਲੇਵਾ ਸਿੱਖ ਵੀ ਸਨ। ਭਾਈ ਨਨੂਆ ਜੀ ਤੋਂ ਨੌਵੇਂ ਪਾਤਸ਼ਾਹ ਦੀ ਵੈਰਾਗ ਭਰਪੂਰ ਅਲਾਹੀ ਬਾਣੀ ਸੁਣ ਕੇ ਗੁਰੂ ਜੀ ਦੇ ਦਰਸ਼ਨ-ਦੀਦਾਰ ਦੀ ਸਿੱਕ ਪ੍ਰਬਲ ਹੋ ਗਈ। ਜਿੱਥੇ ਚਾਹ ਉੱਥੇ ਰਾਹ। ਭਾਈ ਘਨੱਈਆ ਜੀ ਨੂੰ ਅਨੰਦਪੁਰ ਸਾਹਿਬ ਲਿਜਾ ਕੇ ਗੁਰੂ ਪਾਤਸ਼ਾਹ ਦੇ ਦਰਸ਼ਨ ਕਰਾਉਣ ਵਾਲਾ ਇਕ ਗੁਰਮੁਖ ਸੱਜਣ ਮਿਲ ਗਿਆ। ਅਨੰਦਪੁਰ ਸਾਹਿਬ ਪਹੁੰਚ ਕੇ ਗੁਰੂ-ਘਰ ਵਿਖੇ ਹੀ ਰਹਿ ਪਏ ਕਿਉਂਕਿ ਆਪ ਨੂੰ ਆਪਣੇ ਸੇਵਾ ਤੇ ਪਰਉਪਕਾਰ ਕਮਾਉਣ ਦੇ ਨਿਰਮਲ ਖ਼ਾਬਾਂ ਨੂੰ ਪੂਰਿਆਂ ਕਰਨ ਦਾ ਸਭ ਤੋਂ ਵੱਧ ਅਨੁਕੂਲ ਟਿਕਾਣਾ ਲੱਭ ਗਿਆ ਸੀ।

ਨੌਵੇਂ ਪਾਤਸ਼ਾਹ ਜੀ ਨੇ ਭਾਈ ਘਨੱਈਆ ਜੀ ਨੂੰ, ਸੰਗਤ ਨੂੰ ਜਲ ਛਕਾਉਣ ਦੀ ਸੇਵਾ ਬਖਸ਼ ਦਿੱਤੀ। ਪ੍ਰਿੰ. ਸਤਿਬੀਰ ਸਿੰਘ ਹੁਰਾਂ ਦੁਆਰਾ ‘ਸਿੱਖ ਇਤਿਹਾਸ’ ਦੇ ਵਿਆਪਕ ਅਧਿਐਨ ਉਪਰੰਤ ਲਿਖੇ ਅਨੁਸਾਰ-

ਕਈ ਵਾਰ ਗੁਰੂ ਤੇਗ ਬਹਾਦਰ ਜੀ ਜਲ ਦਾ ਘੜਾ ਬਗ਼ੈਰ ਵਰਤੇ ਹੀ ਡੋਲ੍ਹ ਦਿੰਦੇ-ਨਿਰੋਲ ਇਹ ਤੱਕਣ ਲਈ ਕਿ ਭਾਈ ਜੀ ’ਤੇ ਕੀ ਪ੍ਰਭਾਵ ਪੈਂਦਾ ਹੈ। ਤਿੰਨ ਮਹੀਨੇ ਦੀ ਕਠਨ ਘਾਲਣਾ ਪਿੱਛੋਂ ਇਕ ਦਿਨ ਨੌਵੇਂ ਗੁਰੂ ਪਾਤਸ਼ਾਹ ਨੇ ਇਸ ਤਰ੍ਹਾਂ ਭਾਈ ਜੀ ਵੱਲ ਨਜ਼ਰ ਭਰ ਤੱਕਿਆ ਕਿ ਸਰੀਰ ਮੇਂ ਅਸਰੀਰ ਦਿਖਾਇ ਦੀਆ। ਫਿਰ ਰਹਿਮਤ ਦੇ ਦਰ ਆ ਸਗਲ ਸ੍ਰਿਸ਼ਟ ਦੀ ਚਾਦਰ ਨੇ ਕਿਹਾ: “ਇਹ ਭਰੋਸਗੀ ਦੀ ਦਾਤ ਤੁਹਾਨੂੰ ਮਿਲੀ ਹੈ। ਹੋਰਨਾਂ ਨੂੰ ਵੀ ਵੰਡੋ।” ਭਾਈ ਜੀ ਨੇ ਚਰਨਾਂ ਵਿਚ ਹੀ ਟਿਕ ਸੇਵਾ ਕਰਨ ਦੀ ਇੱਛਾ ਜਦ ਪ੍ਰਗਟ ਕੀਤੀ ਤਾਂ ਗੁਰੂ ਜੀ ਨੇ ਫ਼ਰਮਾਇਆ: “ਗੁਰੂ ਵਸਤ ਬਿਬੇਕ ਹੈ। ਬਿਬੇਕ ਸਹਿਤ ਜੋ ਕਰਮ ਕਰਨੇ ਹੈਨਿ ਇਹ ਹੀ ਚਰਨਾਂ ਪਾਸ ਰਹਿਣਾ ਹੈ। ਕਿਸੇ ਜੀਵ ਦਾ ਹਿਰਦਾ ਪ੍ਰਸੰਨ ਕਰਨਾ, ਕਿਸੇ ਨੂੰ ਗੁਰਮਤਿ ਦੀ ਘਾਸੀ ਪਾਉਣਾ ਇਹ ਹੀ ਗੁਰ ਸੇਵਾ ਹੈ।”

ਸਰਲ ਸ਼ਬਦਾਂ ਵਿਚ ਗੁਰੂ ਪਾਤਸ਼ਾਹ ਦੀ ਗੁਰਮਤਿ ਸਿੱਖਿਆ ਜਾਂ ਉਪਦੇਸ਼ ਸੀ ਕਿ ਸੇਵਾ ਕਮਾਉਣ ਦੀ ਭਾਵਨਾ ਹੋਵੇ ਤਾਂ ਸੇਵਕ ਨੂੰ ਸੇਵਾ ਕਮਾਉਣ ਦੇ ਅਨੁਕੂਲ ਸਥਾਨ ਸਹਿਜੇ ਹੀ ਲੱਭ ਜਾਂਦੇ ਹਨ। ਸੇਵਕਾਂ ਵੱਲੋਂ ਸੇਵਾ ਕਮਾਉਣ ਲਈ ਸਾਰਾ ਸੰਸਾਰ ਫੈਲਿਆ ਪਿਐ। ਗੁਰੂ ਨਾਨਕ ਪਾਤਸ਼ਾਹ ਦੇ ਨਿਰਮਲ ਬਚਨ ‘ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ’ ਦੇ ਅਰਥ-ਭਾਵ ਵੀ ਇਹੀ ਹਨ। ਇਵੇਂ ਭਾਈ ਘਨੱਈਆ ਜੀ ਦਾ ਮਨ ਅਨੰਦਪੁਰ ਸਾਹਿਬ ਤੋਂ ਕਿਤੇ ਹੋਰ ਸਥਾਨ ’ਤੇ ਜਾ ਕੇ ਸੇਵਾ ਕਰਨ ਵਾਸਤੇ ਤਿਆਰ ਹੋ ਗਿਆ। ਭਾਈ ਜੀ ਨੇ ਅਟਕ ਨੇੜੇ ਕਵੇਹ ਨਾਮਕ ਸਥਾਨ ’ਤੇ ਇਕ ਧਰਮਸ਼ਾਲਾ ਉਸਾਰ ਕੇ ਉੱਥੇ ਆਏ-ਗਏ ਦੀ ਸੇਵਾ ਪ੍ਰਤੀ ਖੁਦ ਨੂੰ ਸਮਰਪਿਤ ਕਰ ਦਿੱਤਾ। ਇੱਥੇ ਆਪ ਨੇ ਆਪਣੇ ਅਮਲ ਅਤੇ ਸ਼ਬਦੀ ਪ੍ਰੇਰਨਾ ਦੁਆਰਾ ਹੋਰ ਕਈਆਂ ਨੂੰ ਸੇਵਾ ਦੇ ਜੀਵਨ ਮਿਸ਼ਨ ਨੂੰ ਅਪਣਾਉਣ ਵਾਸਤੇ ਤਿਆਰ ਕੀਤਾ। ਉਂਞ ਆਪ ਇਸ ਦਾ ਖਾਸ ਖਿਆਲ ਰੱਖਦੇ ਕਿ ਸੇਵਾ ਵਾਸਤੇ ਉਨ੍ਹਾਂ ਦੀ ਦੂਸਰਿਆਂ ਨੂੰ ਪ੍ਰੇਰਨਾ ਕਿਤੇ ਉਪਦੇਸ਼ ਨਾ ਬਣ ਜਾਵੇ। ਕਿਉਂ ਜੋ ਪ੍ਰੇਰਨਾ ਦਾ ਸਭ ਤੋਂ ਚੰਗਾ ਨਮੂਨਾ ਸਵੈ-ਅਮਲ ਹੀ ਹੁੰਦਾ ਹੈ। ਉਪਦੇਸ਼ ਦੇਣਾ ਸੌਖਾ ਹੁੰਦਾ ਹੈ ਪਰ ਅਮਲ ਕਰਨਾ ਔਖਾ। ਵਧੀਆ ਜੀਵਨ ਦੀ ਉਦਾਹਰਣ ਦੂਸਰਿਆਂ ਵਾਸਤੇ ਸਭ ਤੋਂ ਵੱਧ ਅਸਰਦਾਰ ਪ੍ਰੇਰਨਾ ਬਣਦੀ ਹੈ। ਜਦੋਂ ਇਸ ਉਲੇਖ ਅਧੀਨ ਸਰਾਂ ਵਿਚ ਸੇਵਾ-ਕਾਰਜ ਭਾਈ ਸਾਹਿਬ ਦੀਆਂ ਆਸਾਂ-ਉਮੀਦਾਂ ਦੇ ਅਨੁਕੂਲ ਹੋ ਗਿਆ ਅਤੇ ਸਿੱਖ ਪੰਥ ਦੀ ਅਗਵਾਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਆ ਗਈ ਤਾਂ ਭਾਈ ਘਨੱਈਆ ਜੀ ਜੰਗਾਂ-ਯੁੱਧਾਂ ਦੇ ਬਣ ਗਏ ਮਾਹੌਲ ਵਿਚ ਸੇਵਾ ਦੇ ਅਨੋਖੇ ਵਿਸਮਾਦੀ ਪੂਰਨੇ ਪਾਉਣ ਵਾਸਤੇ ਮੁੜ ਅਨੰਦਪੁਰ ਸਾਹਿਬ ਆ ਗਏ। ਅਨੰਦਪੁਰ ਸਾਹਿਬ ਆ ਕੇ ਭਾਈ ਘਨੱਈਆ ਜੀ ਨੇ ਜੰਗਾਂ ਵਿਚ ਪਿਆਸੇ ਸਿਪਾਹੀਆਂ ਨੂੰ ਜਲ ਛਕਾਉਣ ਦੀ ਸੇਵਾ ਆਪਣੇ ਜ਼ਿੰਮੇ ਲੈ ਲਈ। ਇਸ ਸੰਬੰਧੀ ਇਤਿਹਾਸਕ ਵਿਵਰਣ ਪ੍ਰਾਪਤ ਹੁੰਦੇ ਹਨ ਕਿ ਆਪ ਨੇ-

ਖੱਬੇ ਪਾਸੇ ਗਾਤਰੇ ਵਿਚ ਚਿੱਟਾ ਝੰਡਾ ਗੱਡ ਉਠਾ ਲਿਆ। ਕੱਪੜੇ ਵੀ ਸਫ਼ੈਦ ਪਹਿਨ ਲਏ ਤੇ ਮਸ਼ਕ ਚੁੱਕ ਪਾਣੀ ਪਿਲਾਣ ਲਈ ਹਰ ਸਿਪਾਹੀ ਪਾਸ ਬਿਨਾਂ ਵਿਤਕਰੇ ਦੇ ਪੁੱਜਦੇ ਤੇ ਪਾਣੀ ਪਿਲਾਂਦੇ। ਉਨ੍ਹਾਂ ਦੀ ਦ੍ਰਿਸ਼ਟੀ ਵਿਚ ਹਿੰਦੂ ਸਿੱਖ ਮੁਸਲਮਾਨ ਦਾ ਅੰਤਰ ਨਹੀਂ ਸੀ ਰਿਹਾ।

ਜਦੋਂ ਇਸ ਸੰਬੰਧੀ ਗੁਰੂ ਜੀ ਪਾਸ ਕੁਝ ਸਿੱਖਾਂ ਖਾਸ ਕਰਕੇ ਸਿੱਖ ਸਿਪਾਹੀਆਂ ਵੱਲੋਂ ਕੀਤੀਆਂ ਸ਼ਿਕਾਇਤਾਂ ਪੁੱਜੀਆਂ ਤਾਂ ਸਤਿਗੁਰੂ ਜੀ ਨੇ, ਜੋ ਭਾਈ ਸਾਹਿਬ ਦੇ ਵਿਸਮਾਦੀ ਸੇਵਾ ਕਾਰਜ ’ਤੇ ਦਿਲੋਂ ਬਾਗੋ-ਬਾਗ ਸਨ, ਆਪਣੇ ਸਿੱਖਾਂ ਨੂੰ ਸੇਵਾ ਦੀ ਇਸ ਨਿਰਮਲ ਉੱਚਤਾ ਦਾ ਅਨੁਭਵ ਕਰਾਉਣ ਹਿਤ ਚੋਜ ਰਚਿਆ। ਭਾਈ ਸਾਹਿਬ ਨੂੰ ਤਲਬ ਕੀਤਾ ਗਿਆ ਅਤੇ ਉਨ੍ਹਾਂ ਵਿਰੁੱਧ ਆਈਆਂ ਸ਼ਿਕਾਇਤਾਂ ਦਾ ਜ਼ਿਕਰ ਕਰਦਿਆਂ ਸਤਿਗੁਰਾਂ ਨੇ ਜਦੋਂ ਆਪ ਨੂੰ ਲੱਗੇ ਦੋਸ਼ਾਂ ਸੰਬੰਧੀ ਸਪਸ਼ਟੀਕਰਨ ਦੇਣ ਹਿਤ ਕਿਹਾ ਤਾਂ ਭਾਈ ਸਾਹਿਬ ਨੇ ਸਤਿਗੁਰਾਂ ਪ੍ਰਤੀ ਸ਼ਰਧਾ ਤੇ ਸਤਿਕਾਰ ਨੂੰ ਪੂਰੀ ਤਰ੍ਹਾਂ ਕਾਇਮ ਰੱਖਦਿਆਂ ਇਸ ਦੋਸ਼ ਤੋਂ ਇਨਕਾਰ ਕੀਤਾ ਅਤੇ ਸਪਸ਼ਟ ਕੀਤਾ ਕਿ ਉਹ ਜੰਗ ਦੇ ਮੈਦਾਨ ਵਿਚ ਵੈਰੀ ਦਲ ਦੇ ਸਿਪਾਹੀਆਂ, ਮੁਗ਼ਲਾਂ ਜਾਂ ਮੁਸਲਮਾਨਾਂ ਨੂੰ ਪਾਣੀ ਨਹੀਂ ਸਨ ਪਿਲਾਉਂਦੇ, ਉਹ ਤਾਂ ਹਰੇਕ ਪਿਆਸੇ ਨੂੰ ਉਸੇ ਅਕਾਲ ਪੁਰਖ ਵਾਹਿਗੁਰੂ ਦੀ ਸਿਰਜਨਾ ਜਾਣ ਕੇ ਜਲ ਛਕਾਉਂਦੇ ਸਨ। ਉਨ੍ਹਾਂ ਨੂੰ ਤਾਂ ਸਭ ਵਿੱਚੋਂ ਗੁਰੂ ਜੀ ਦਾ ਹੀ ਰੂਪ ਨਜ਼ਰ ਆਉਂਦਾ ਸੀ। ਗੁਰੂ ਸਾਹਿਬ ਇਸ ਉੱਤਰ ਤੋਂ ਬਹੁਤ ਹੀ ਖੁਸ਼ ਹੋਏ। ਗੁਰੂ ਜੀ ਨੇ ਸਮੂਹ ਹਾਜ਼ਰ ਸਿੱਖਾਂ ਨੂੰ ਹਦਾਇਤ ਕੀਤੀ ਕਿ ਭਾਈ ਘਨੱਈਆ ਜੀ ਅਕਾਲ ਪੁਰਖ ਨਾਲ ਇਕਮਿਕ ਹੋਏ ਸੱਚੇ ਤੇ ਨਿਸ਼ਕਾਮ ਸੇਵਾ ਕਮਾਉਣ ਵਾਲੇ ਜੀਊੜੇ ਹਨ। ਮਿਹਰਾਂ ਦੇ ਘਰ ਵਿਚ ਆ ਕੇ ਸਤਿਗੁਰਾਂ ਨੇ ਭਾਈ ਜੀ ਨੂੰ ਮਲ੍ਹਮ ਦੀ ਡੱਬੀ ਪ੍ਰਤੀਕ ਦੇ ਰੂਪ ਵਿਚ ਸੌਂਪਦਿਆਂ ਜ਼ਖ਼ਮੀ ਸਿਪਾਹੀਆਂ ਨੂੰ ਜਲ ਛਕਾਉਣ ਦੇ ਨਾਲ-ਨਾਲ ਉਨ੍ਹਾਂ ਦੀ ਮਲ੍ਹਮ-ਪੱਟੀ ਦੀ ਸੇਵਾ ਨਿਭਾਉਣ ਦੀ ਵੀ ਆਗਿਆ ਕਰ ਦਿੱਤੀ। ਧੰਨ ਗੁਰੂ ਤੇ ਧੰਨ ਗੁਰੂ ਦੇ ਸਿੱਖ! ਇਵੇਂ ਸੱਚੀ ਗੱਲ ਤਾਂ ਇਹ ਹੈ ਕਿ ਸੇਵਾ-ਪੰਥੀਆਂ ਦਾ ਜ਼ਖ਼ਮੀਆਂ ਦੀ ਨਿਸ਼ਕਾਮ ਸੇਵਾ ਤਨਦੇਹੀ ਨਾਲ ਕਮਾਉਣ ਦੇ ਮਿਸ਼ਨ ਨੂੰ ਸਮਰਪਿਤ ਇਕ ਜਥਾ ਹੋਂਦ ਵਿਚ ਆ ਗਿਆ। ਇਸ ਨੂੰ ਰੈੱਡ ਕਰਾਸ ਦੀ ਸਥਾਪਨਾ ਦੇ ਰੂਪ ਵਿਚ ਲਿਆ ਜਾ ਸਕਦਾ ਹੈ ਬਲਕਿ ਲਿਆ ਜਾਣਾ ਚਾਹੀਦਾ ਹੈ।

ਭਾਈ ਘਨੱਈਆ ਜੀ ਨੇ ਸੇਵਾ ਅਤੇ ਸਿਮਰਨ ਦਾ ਜੋ ਵਿਹਾਰਕ ਜਾਂ ਅਮਲੀ ਰੂਪ ਪ੍ਰਸਤੁਤ ਕੀਤਾ ਉਹ ਸਿੱਖ ਪੰਥ ਨੇ ਵਿਆਪਕ ਪੱਧਰ ’ਤੇ ਸੁਚੇਤ ਜਾਂ ਅਚੇਤ ਰੂਪ ਵਿਚ ਅਪਣਾਇਆ ਹੋਇਆ ਹੈ। ਸਿਮਰਨ ਹੀ ਹੈ ਜੋ ਮਨੁੱਖੀ ਮਨ ਵਿਚ ਸੇਵਾ ਦੇ ਨਾਲ-ਨਾਲ ਨਿਮਰਤਾ-ਨਿਰਮਾਣਤਾ ਨੂੰ ਕਾਇਮ ਰੱਖਣ ਵਿਚ ਸਹਾਇਕ ਸਿੱਧ ਹੋ ਸਕਦਾ ਹੈ ਨਹੀਂ ਤਾਂ ਸੇਵਾ ਕਰਦਿਆਂ ਜੇਕਰ ਅਹੰਕਾਰ ਪੈਦਾ ਹੋ ਜਾਵੇ ਤਾਂ ਸੇਵਾ ਪ੍ਰਵਾਨ ਨਹੀਂ ਹੋ ਸਕਦੀ। ਭਾਈ ਸਾਹਿਬ ਜੀ ਨੇ ਆਪਣੇ ਜੀਵਨ ਦੌਰਾਨ ਚਲਦੇ ਸੇਵਾ- ਕਾਰਜਾਂ ਵਿਚ ਨਾ ਕੇਵਲ ਖੁਦ ਨਿਮਰਤਾ-ਨਿਰਮਾਣਤਾ ਤੇ ਨਿਰਮਲਤਾ ਨੂੰ ਕਾਇਮ ਰੱਖਿਆ ਸਗੋਂ ਸਮੁੱਚੇ ਸੇਵਾ ਪ੍ਰਬੰਧ ਨੂੰ ਵੀ ਪੂਰਨ ਰੂਪ ’ਚ ਸਰਬਸਾਂਝਾ ਤੇ ਸਮੂਹਿਕ ਨਿਰਮਲ ਸੇਵਾ ਪ੍ਰਬੰਧ ਬਣਾਈ ਰੱਖਣ ਵਾਸਤੇ ਵੀ ਉਚੇਰੀ ਸੱਜਗਤਾ ਅਮਲ ’ਚ ਲਿਆਂਦੀ। ਪ੍ਰਿੰ. ਸਤਿਬੀਰ ਸਿੰਘ ਹੋਰਾਂ ਵੱਲੋਂ ਲਿਖੇ ਅਨੁਸਾਰ ਇਕ ਵਾਰ ਇਕ ਅਮੀਰ ਵਿਅਕਤੀ ਨੇ ਖੂਹ ਪੁਟਾਉਣ ਦਾ ਸਾਰਾ ਖਰਚਾ ਦੇਣ ਦੀ ਪੇਸ਼ਕਸ਼ ਕੀਤੀ। ਪਰ ਆਪ ਨੇ ਇਸ ’ਚੋਂ ਉਸ ਦੇ ਅਹੰਕਾਰ ਭਾਵ ਨੂੰ ਪਛਾਣਦਿਆਂ ਇਹ ਪੇਸ਼ਕਸ਼ ਸਵੀਕਾਰ ਨਾ ਕੀਤੀ ਤੇ ਉਸ ਨੂੰ ਸਪਸ਼ਟ ਵੀ ਕੀਤਾ ਕਿ ਤੇਰੇ ਮਨ ਵਿਚ ਦਾਨੀ ਅਖਵਾਉਣ ਦਾ ਲੋਭ ਝਲਕ ਰਿਹਾ ਹੈ, ਖੂਹ ਸਮੂਹ ਸੰਗਤ ਦੇ ਸਹਿਯੋਗ ਨਾਲ ਹੀ ਪੁਟਵਾਇਆ ਜਾ ਸਕਦਾ ਹੈ।

ਭਾਈ ਘਨੱਈਆ ਜੀ ਦੀ ਅਦੁੱਤੀ ਸੇਵਾ ਤੋਂ ਪ੍ਰੇਰਿਤ ਹੋ ਕੇ ਅੱਜ ਸਿੱਖ ਪੰਥ ਉਨ੍ਹਾਂ ਦੀਆਂ ਪੈੜਾਂ ’ਤੇ ਚੱਲ ਰਿਹਾ ਹੈ। ਭਾਈ ਸਾਹਿਬ ਦੇ ਨਿਰਮਲ ਨਾਮ ’ਤੇ ਕਈ ਨਿਸ਼ਕਾਮ ਸੇਵਾ ਸੁਸਾਇਟੀਆਂ ਆਪਣੇ-ਆਪਣੇ ਖੇਤਰਾਂ ਵਿਚ ਵਧੀਆ ਕਾਰਜ ਨਿਭਾ ਰਹੀਆਂ ਹਨ ਜੋ ਭਾਈ ਘਨੱਈਆ ਜੀ ਦੀ ਮਹਾਨ ਸ਼ਖ਼ਸੀਅਤ ਨੂੰ ਇਕ ਢੁੱਕਵੀਂ ਸ਼ਰਧਾਂਜਲੀ ਮੰਨੀ ਜਾ ਸਕਦੀ ਹੈ। ਸਾਨੂੰ ਵੀ ਭਾਈ ਸਾਹਿਬ ਦੇ ਅਦੁੱਤੀ ਜੀਵਨ ਅਤੇ ਵਿਸਮਾਦੀ ਸ਼ਖ਼ਸੀਅਤ ਤੋਂ ਪ੍ਰੇਰਨਾ ਲੈ ਕੇ ਸੇਵਾ ਦੇ ਵਿਭਿੰਨ ਕਾਰਜਾਂ ਨੂੰ ਖੁਦ ਸ਼ਾਮਲ ਹੋ ਕੇ ਕਰਨ ਲਈ ਜਤਨਸ਼ੀਲ ਹੋਣਾ ਚਾਹੀਦਾ ਹੈ ਜਾਂ ਸੇਵਾ-ਕਾਰਜਾਂ ਵਿਚ ਕਿਸੇ ਵੀ ਤਰ੍ਹਾਂ ਦਾ, ਆਪਣੀ ਸਮਰੱਥਾ ਦੇ ਘੇਰੇ ’ਚ ਆਉਂਦਾ ਹਿੱਸਾ ਪਾਉਣਾ ਚਾਹੀਦਾ ਹੈ।

ਆਪ ਜੀ ਦਾ, ਧਰਮਸਾਲ ਵਿਚ ਹੋ ਰਹੇ ਕੀਰਤਨ ਨੂੰ ਸੁਣਦਿਆਂ ਅਕਾਲ ਚਲਾਣਾ ਹੋਇਆ ਜਦੋਂ ਆਪ ਦੀ ਆਯੂ 71 ਵਰ੍ਹੇ ਦੀ ਸੀ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਸਹਾਇਕ ਸੰਪਾਦਕ ਗੁਰਮਤਿ ਪ੍ਰਕਾਸ਼/ਗੁਰਮਤਿ ਗਿਆਨ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)