ਅਕਾਲ ਪੁਰਖ ਦੀ ਬਣਾਈ ਹੋਈ ਇਸ ਕਾਇਨਾਤ ਵਿਚ ਸ਼ਕਤੀਸ਼ਾਲੀ ਸੂਰਜ, ਚੰਦਰਮਾ, ਤਾਰੇ ਅਤੇ ਜੀਵ-ਜੰਤੂ ਉਸ ਦੇ ਬਣਾਏ ਅਨੁਸ਼ਾਸਨ ਵਿਚ ਜੀਵਨ ਜਿਊਂਦੇ ਹਨ। ਅਰੰਭ ਤੋਂ ਅੱਜ ਤਕ ਸੂਰਜ, ਚੰਦਰਮਾ ਨੇ ਆਪਣੇ ਉਦੈ-ਅਸਤ ਅਤੇ ਸਮੁੰਦਰ ਨੇ ਜਵਾਰਭਾਟੇ ਦਾ ਅਨੁਸ਼ਾਸਨ ਨਹੀਂ ਤੋੜਿਆ। ਸ਼ੇਰਾਂ ਨੇ ਘਾਹ ਖਾਣਾ ਅਤੇ ਮੱਝਾਂ, ਗਾਵਾਂ ਤੇ ਘੋੜੇ ਆਦਿ ਨੇ ਮਾਸ ਖਾਣਾ ਸ਼ੁਰੂ ਨਹੀਂ ਕੀਤਾ। ਕੇਵਲ ਇਨਸਾਨ ਹੀ ਇਕ ਅਜਿਹਾ ਪ੍ਰਾਣੀ ਹੈ ਜੋ ਆਪਣੀ ਸੋਚ ਨਾਲ ਜੀਵਨ ਵਿਚ ਬਦਲਾਉ ਕਰਦਾ ਹੈ। ਉਸ ਦਾ ਸੌਣ-ਜਾਗਣ, ਤੁਰਨ-ਫਿਰਨ ਅਤੇ ਖਾਣ-ਪੀਣ ਉਸ ਦੀ ਆਪ ਦੀ ਬਣਾਈ ਪ੍ਰਥਾ ਅਧੀਨ ਹੁੰਦਾ ਹੈ। ਮਨੁੱਖ ਤੋਂ ਬਿਨਾਂ ਹੋਰ ਕਿਸੇ ਜੀਵ-ਜੰਤੂ ਨੂੰ ਦੁੱਖ-ਸੁਖ ਜ਼ਿਆਦਾ ਪ੍ਰਭਾਵਿਤ ਨਹੀਂ ਕਰਦਾ। ਕੇਵਲ ਇਨਸਾਨ ਹੀ ਅਜਿਹੇ ਸਮੇਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ।
ਧਰਮ ਅਕਾਲ ਪੁਰਖ ਨਾਲ ਵਿਅਕਤੀ ਨੂੰ ਜੋੜਨ ਦਾ ਕੰਮ ਕਰਦਾ ਹੈ ਅਤੇ ਉਸ ਦੀ ਬਣਾਈ ਜੀਵਨ-ਜਾਚ ਵਿਚ ਜ਼ਿੰਦਗੀ ਬਸਰ ਕਰਨ ਲਈ ਪ੍ਰੇਰਿਤ ਵੀ ਕਰਦਾ ਹੈ। ਬਹੁਤ ਲੋਕਾਂ ਨੂੰ ਤਾਂ ਆਪਣੇ ਜੀਵਨ ਦਾ ਮੰਤਵ ਹੀ ਪਤਾ ਨਹੀਂ ਹੁੰਦਾ। ਇਕ ਸਾਧੂ ਕੋਲ ਇਕ ਨੌਜਵਾਨ ਜ਼ਿੰਦਗੀ ਚੰਗੇ ਢੰਗ ਨਾਲ ਜਿਊਣ ਦਾ ਗਿਆਨ ਲੈਣ ਲਈ ਗਿਆ ਤਾਂ ਸਾਧੂ ਦੇ ਇਨ੍ਹਾਂ ਸਵਾਲਾਂ ਨੇ ਉਸ ਨੂੰ ਨਿਰਉੱਤਰ ਕਰ ਦਿੱਤਾ।
ਨੌਜਵਾਨ ਨੂੰ ਸਾਧੂ ਨੇ ਪੁੱਛਿਆ- ‘ਤੁਸੀਂ ਕੀ ਕਰਦੇ ਹੋ?’
-‘ਮੈਂ ਪੜ੍ਹਦਾ ਹਾਂ।’ ਉਸ ਨੇ ਦੱਸਿਆ।
ਸਾਧੂ ਨੇ ਅਗਲਾ ਸਵਾਲ ਕੀਤਾ- ‘ਕਿਉਂ ਪੜ੍ਹਦੇ ਹੋ?’
-‘ਪਾਸ ਹੋਣ ਲਈ।’ ਨੌਜਵਾਨ ਨੇ ਕਿਹਾ।
ਅਗਲਾ ਸਵਾਲ- ‘ਪਾਸ ਹੋ ਕੇ ਕੀ ਕਰੋਗੇ?’
ਉਸ ਨੇ ਕਿਹਾ-‘ਸਰਟੀਫਿਕੇਟ ਲੈ ਕੇ ਨੌਕਰੀ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗਾ।’
ਸਾਧੂ ਨੇ ਕਿਹਾ- ‘ਨੌਕਰੀ ਕਿਉਂ ਚਾਹੀਦੀ ਹੈ?’
ਨੌਜਵਾਨ ਕਹਿੰਦਾ – ‘ਪੈਸੇ ਕਮਾ ਕੇ ਜ਼ਿੰਦਗੀ ਵਿਚ ਖਾਣ ਤੇ ਪਹਿਨਣ ਲਈ ਅਤੇ ਸਾਮਾਨ ਖਰੀਦਣ ਲਈ।’
ਸਾਧੂ ਕਿਹਾ- ‘ਖਾਣਾ ਕਿਉਂ ਚਾਹੁੰਦੇ ਹੋ?
ਨੌਜਵਾਨ ਕਹਿੰਦਾ- ‘ਜਿਊਣ ਲਈ।’
ਸਾਧੂ ਨੇ ਹੁਣ ਅਸਲ ਸਵਾਲ ਕਰਦਿਆਂ ਕਿਹਾ- ‘ਜਿਊਣਾ ਕਿਉਂ ਚਾਹੁੰਦੇ ’ਹੋ?’
ਨੌਜਵਾਨ ਕੋਲ ਇਸ ਦਾ ਕੋਈ ਜਵਾਬ ਨਹੀਂ ਸੀ। ਕੇਵਲ ਖਾਣ-ਪੀਣ ਲਈ ਜਿਊਣਾ ਤੇ ਭੋਗ-ਵਿਲਾਸ ਕੇਵਲ ਪਸ਼ੂ-ਪ੍ਰਵਿਰਤੀ ਹੀ ਹਨ। ਜ਼ਿੰਦਗੀ ਦਾ ਉਦੇਸ਼ ਗਿਆਨ ਹਾਸਲ ਕਰ ਕੇ ਚਰਿੱਤਰ-ਨਿਰਮਾਣ, ਖੁਸ਼ੀ ਭਰਪੂਰ ਤੇ ਲੋਕ ਹਿਤ ਤੋਂ ਪ੍ਰੇਰਿਤ ਉਦੇਸ਼ ਭਰਪੂਰ ਜੀਵਨ ਹੁੰਦਾ ਹੈ।
ਉਸ ਨੂੰ ਇਸ ਗੱਲ ਦਾ ਗਿਆਨ ਨਹੀਂ ਸੀ ਕਿ ਦੌਲਤ ਕਮਾ ਕੇ ਉਹ ਕਿਸ ਤਰ੍ਹਾਂ ਜੀਵਨ ਵਿਚ ਖੁਸ਼ੀ ਲਿਆ ਸਕਦਾ ਹੈ। ਵੱਖ-ਵੱਖ ਧਾਰਮਿਕ ਰਹਿਬਰਾਂ ਨੇ ਆਪਣੇ -ਆਪਣੇ ਪੈਰੋਕਾਰਾਂ ਲਈ ਵੱਖਰੀ ਜੀਵਨ-ਜਾਚ ਨੀਯਤ ਕੀਤੀ। ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਇਸ ਸੰਸਾਰ ਵਿਚ ਆਏ ਤਾਂ ਹਿੰਦੁਸਤਾਨ ਦੇ ਅੰਦਰ ਅਗਿਆਨਤਾ ਦੇ ਹਨੇਰੇ ਕਾਰਨ ਕੌਮ ਬੁਜ਼ਦਿਲ ਹੋ ਚੁੱਕੀ ਸੀ। ਕਰਮਕਾਂਡ ਅਤੇ ਬਾਹਰੀ ਭੇਖ ਰਾਹੀਂ ਧਰਮਾਂ ਦੇ ਪੁਜਾਰੀ ਲੁੱਟ-ਖਸੁੱਟ ਕਰ ਰਹੇ ਸਨ। ਰਾਜੇ ਜ਼ੁਲਮ ਤੇ ਅਨਿਆਂ ਨਾਲ ‘ਉਲਟੀ ਵਾੜ ਖੇਤ ਕੋ ਖਾਈ’ ਦੇ ਰਾਹ ਤੁਰੇ ਹੋਏ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਿਰਭੈਤਾ, ਨਿਰਵੈਰਤਾ, ਸਵੈਮਾਣ, ਕਰਮਕਾਂਡ ਤੇ ਜਾਤ-ਪਾਤ ਰਹਿਤ ਆਪਸੀ ਪ੍ਰੇਮ ਅਤੇ ਇਕ ਅਕਾਲ ਦੀ ਪੂਜਾ ਦੇ ਅਸੂਲਾਂ ਨੇ ਲੋਕਾਈ ਵਿਚ ਇਕ ਨਵਾਂ ਜੋਸ਼ ਪੈਦਾ ਕੀਤਾ ਅਤੇ ਆਪਣੀ ਆਤਮਿਕ ਸ਼ਕਤੀ ਨਾਲ ਗਿਆਨ ਦੀ ਇਕ ਨਵੀਂ ਜੋਤ ਇਸ ਸੰਸਾਰ ਵਿਚ ਪ੍ਰਗਟ ਕੀਤੀ। ਸਿੱਖੀ ਅਸੂਲਾਂ-
ਮੇਰੇ ਮਨ ਹਰਿ ਜਪਿ ਸਦਾ ਧਿਆਇ॥
ਸਦਾ ਅਨੰਦੁ ਹੋਵੈ ਦਿਨੁ ਰਾਤੀ ਜੋ ਇਛੈ ਸੋਈ ਫਲੁ ਪਾਇ॥ (ਪੰਨਾ 363)
ਭਾਣਾ ਮੰਨੇ ਸਦਾ ਸੁਖੁ ਹੋਇ॥
ਨਾਨਕ ਸਚਿ ਸਮਾਵੈ ਸੋਇ॥ (ਪੰਨਾ 364)
ਦੀ ਜੁਗਤ ਸੰਸਾਰ ਨੂੰ ਦਿੱਤੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੰਡਿਤ ਹਰਦਿਆਲ ਨੂੰ ‘ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥ ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ॥’ ਦਾ ਜਨੇਊ ਪਾਉਣ ਲਈ ਪ੍ਰੇਰਿਤ ਕਰਨ ਤੋਂ ਸ਼ੁਰੂ ਹੋ ਕੇ ਹਰ ਫਜ਼ੂਲ ਦੇ ਕਰਮਕਾਂਡ ਦਾ ਵਿਰੋਧ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਹੋਰ ਗੁਰੂ ਸਾਹਿਬਾਨ ਨੇ ਵੀ ਕੇਵਲ ਇੱਕ ਅਕਾਲ ਦੀ ਪੂਜਾ ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’ ਤੇ ਰਿਧੀਆਂ-ਸਿਧੀਆਂ ਤੋਂ ਉੱਤੇ ਸਹਿਜ ਜੀਵਨ ਦੀ ਜਾਚ ਅਤੇ ਸੋਚ ਲੋਕਾਂ ਵਿਚ ਲਿਆਂਦੀ। ਸਿੱਖ ਧਰਮ ਵਿਚ ਭਾਣਾ ਮੰਨਣ ਦੀਆਂ ਅਨੇਕਾਂ ਮਿਸਾਲਾਂ ਮਿਲਦੀਆਂ ਹਨ। ਜਿਵੇਂ ਭਾਈ ਭਿਖਾਰੀ ਜੀ ਅਤੇ ਭਾਈ ਸੰਮਣ ਜੀ ਨੂੰ ਆਪਣੇ ਪੁੱਤਰਾਂ ਦੇ ਇਸ ਸੰਸਾਰ ਵਿੱਚੋਂ ਚਲੇ ਜਾਣ ਬਾਰੇ ਗਿਆਨ ਪਹਿਲਾਂ ਹੀ ਹੋ ਚੁੱਕਾ ਸੀ ਪਰ ਉਨ੍ਹਾਂ ਨੇ ਇਹ ਆਖ ਕੇ ਕਿ ਭਾਈ, ਇਹ ਜੀਣ-ਮਰਨ ਦੀ ਖੇਡ ਤਾਂ ਚੱਲਦੀ ਹੀ ਰਹਿੰਦੀ ਹੈ, ਜੇਕਰ ਪੁੱਤਰਾਂ ਦੀ ਜ਼ਿੰਦਗੀ ਗੁਰੂ ਜੀ ਪਾਸੋਂ ਵਧਵਾ ਵੀ ਲੈਂਦੇ ਤਾਂ ਫਿਰ ਵੀ ਇਨ੍ਹਾਂ ਨੇ ਮਰਨਾ ਹੀ ਸੀ। ਉਸ ਦੀ ਰਜ਼ਾ ਵਿਚ ਰਹਿਣਾ ਹੀ ਅਨੰਦ ਹੈ ਤੇ ਅਕਾਲ ਪੁਰਖ ਦੇ ਭਾਣੇ ਮੰਨਣ ਨੂੰ ਹੀ ਚੰਗਾ ਸਮਝਿਆ।
ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ‘ਚਾਰ ਮੂਏ ਤੋ ਕਿਆ ਹੂਆ, ਜੀਵਤ ਕਈ ਹਜ਼ਾਰ’ ਦੀ ਗੱਲ ਕਰ ਕੇ ਚੜ੍ਹਦੀ ਕਲਾ ਦੀ ਮਿਸਾਲ ਕਾਇਮ ਕੀਤੀ। ਗੁਰੂ ਸਾਹਿਬ ਨੇ ਦਿਨ-ਵਾਰ ਮਨਾਉਣ ਦੀ ਥਾਂ ਪ੍ਰਭੂ ਸਿਮਰਨ
‘ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ॥
ਨਾਨਕ ਮੰਗੇ ਦਰਸ ਦਾਨੁ ਕਿਰਪਾ ਕਰਹੁ ਹਰੇ॥’
ਅਤੇ
‘ਹਰਿ ਕੋ ਨਾਮੁ ਸਦਾ ਸੁਖਦਾਈ॥
ਜਾ ਕਉ ਸਿਮਰਿ ਅਜਾਮਲੁ ਉਧਰਿਓ ਗਨਿਕਾ ਹੂ ਗਤਿ ਪਾਈ॥’
ਵੱਲ ਲੋਕਾਂ ਨੂੰ ਪ੍ਰੇਰਿਤ ਕੀਤਾ। ਸਿੱਖ ਜੀਵਨ ਵਿਚ ਹਰ ਚੀਜ਼ ਨੂੰ ਸਹਿਜ ਨਾਲ ਲੈਣ ਲਈ ਅਨੰਦ ਸਾਹਿਬ
‘ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ॥’
ਦਾ ਜਾਪ ਹਰ ਖੁਸ਼ੀ-ਗ਼ਮੀ ਦੇ ਸਮੇਂ ਕਰਨ ਤੇ ਕੜਾਹ- ਪ੍ਰਸਾਦ ਦੀ ਦੇਗ ਵਰਤਾਉਣ ਦੀ ਰੀਤ ਨਾਲ
‘ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ॥
ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ॥’
ਦੀ ਨਵੀਂ ਜੀਵਨ-ਜੁਗਤ ਸ਼ੁਰੂ ਕੀਤੀ। ਗੁਰੂ ਸਾਹਿਬ ਨੇ ਅਨੰਦ ਕਾਰਜ ਲਈ ਵੀ ਚਾਰ ਲਾਵਾਂ ਗੁਰਬਾਣੀ ਦਾ ਪਾਠ ਤੇ ਕੀਰਤਨ ਰਾਗ ਸੂਹੀ ਵਿਚ
‘ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਉ॥’
ਦਰਜ ਕੀਤਾ ਹੈ ਅਤੇ ਦਾਜ ਲਈ ਸਿਰੀ ਰਾਗ ਵਿਚ
‘ਹਰਿ ਪ੍ਰਭੁ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ॥
ਹਰਿ ਕਪੜੋ ਹਰਿ ਸੋਭਾ ਦੇਵਹੁ ਜਿਤੁ ਸਵਰੈ ਮੇਰਾ ਕਾਜੋ॥
ਹਰਿ ਹਰਿ ਭਗਤੀ ਕਾਜੁ ਸੁਹੇਲਾ ਗੁਰਿ ਸਤਿਗੁਰਿ ਦਾਨੁ ਦਿਵਾਇਆ॥
ਖੰਡਿ ਵਰਭੰਡਿ ਹਰਿ ਸੋਭਾ ਹੋਈ ਇਹੁ ਦਾਨੁ ਨ ਰਲੈ ਰਲਾਇਆ॥
ਹੋਰਿ ਮਨਮੁਖ ਦਾਜੁ ਜਿ ਰਖਿ ਦਿਖਾਲਹਿ ਸੁ ਕੂੜੁ ਅਹੰਕਾਰੁ ਕਚੁ ਪਾਜੋ॥
ਹਰਿ ਪ੍ਰਭ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ॥’
ਦਰਜ ਕੀਤਾ ਹੈ, ਜਿਸ ਨਾਲ ਪਰਵਾਰਿਕ ਜੀਵਨ ਵਿਚ ਖੁਸ਼ੀ ਤੇ ਅਨੰਦ ਦਾ ਵਾਧਾ ਹੁੰਦਾ ਹੈ। ਧਰਮ ਅਸਥਾਨਾਂ ਦੀ ਯਾਤਰਾ ਤੇ ਸਰੋਵਰਾਂ ਦੇ ਇਸ਼ਨਾਨ ਨੂੰ ਵੀ ਅਕਾਲ ਪੁਰਖ ਦੀ ਪ੍ਰਾਪਤੀ ਦਾ ਰਾਹ ਨਹੀਂ ਦੱਸਿਆ।
ਅੱਜ ਦੇ ਸਮਾਜ ਵਿਚ ਬਹੁਤ ਸਾਰੇ ਮਨੁੱਖ ਦੁਬਾਰਾ ਉਨ੍ਹਾਂ ਗੱਲਾਂ ਵੱਲ ਪ੍ਰੇਰਿਤ ਹੁੰਦੇ ਦੇਖੇ ਜਾ ਸਕਦੇ ਹਨ, ਜਿਨ੍ਹਾਂ ਦੀ ਗੁਰੂ ਸਾਹਿਬਾਨ ਨੇ ਮਨਾਹੀ ਕੀਤੀ ਸੀ। ਕਰਮਕਾਂਡ ਪੁਜਾਰੀ ਨੂੰ ਤਾਂ ਅਮੀਰ ਕਰਦੇ ਹਨ ਪਰ ਕਰਾਉਣ ਵਾਲੇ ਨੂੰ ਕੋਈ ਲਾਭ ਨਹੀਂ ਦੇ ਸਕਦੇ ਸਗੋਂ ਉਲਟਾ ਉਸ ਦਾ ਨੁਕਸਾਨ ਹੀ ਕਰਦੇ ਹਨ। ਅਨੰਦ ਭਰਪੂਰ ਸੇਵਾ ਸਿਮਰਨ ਤੇ ਸਵੈਮਾਣ ਵਾਲਾ ਜੀਵਨ ਜਿਊਣ ਲਈ ਨਾ ਤਾਂ ਘਰ-ਬਾਰ ਛੱਡਣ ਦੀ ਲੋੜ ਹੈ ਅਤੇ ਨਾ ਹੀ ਜੰਗਲਾਂ ’ਚ ਜਾਣ ਦੀ, ਨਾ ਅਕਾਲ ਪੁਰਖ ਦੇ ਬਣਾਏ ਹੋਏ ਵਿਧਾਨ ਵਿਚ ਅੜਿੱਕੇ ਪਾਉਣ ਦੀ ਅਤੇ ਨਾ ਹੀ ਨਿਰਾਸ਼ ਅਤੇ ਕਮਜ਼ੋਰ ਵਿਅਕਤੀ ਵਜੋਂ ਜੀਵਨ ਜਿਊਣ ਦੀ। ਇਹ ਤਾਂ ਜੰਗਲ ਦੇ ਰਾਜਾ ਸ਼ੇਰ ਦੀ ਤਰ੍ਹਾਂ ਇਨਸਾਨਾਂ ਵਿਚ ਸਿਰਮੌਰ ਸਿੰਘ ਬਣ ਕੇ ਜਿਊਣ ਦਾ ਰਾਹ ਹੈ। ਅਕਾਲ ਪੁਰਖ ਦੀ ਸ਼ਰਨ ਵਿਚ ਜਾ ਕੇ ਬਾਕੀ ਸਾਰੇ ਭੈਅ ਤੇ ਚਿੰਤਾਵਾਂ ਤੋਂ ਮੁਕਤ ਹੋ ਜਾਈਦਾ ਹੈ ਅਤੇ ‘ਸਾਚੁ ਕਹੋਂ ਸੁਨ ਲੇਹੁ ਸਭੈ, ਜਿਨਿ ਪ੍ਰੇਮ ਕੀਉ ਤਿਨੁ ਹੀ ਪ੍ਰਭੁ ਪਾਇਓ’ ਅਨੁਸਾਰ ਸਾਰੀ ਲੋਕਾਈ ਦਾ ਪਿਆਰ-ਸਤਿਕਾਰ ਹੀ ਹਾਸਲ ਕਰ ਲਈਦਾ ਹੈ। ਜੀਵਨ ਦਾ ਕੋਈ ਐਸਾ ਪਹਿਲੂ ਨਹੀਂ, ਜਿਸ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੀ ਰਹਿਨੁਮਾਈ ਨਾ ਕਰ ਸਕਣ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸੇ ਨੂੰ ਆਪਣਾ ਖਾਸ ਰੂਪ ਬਣਾ ਕੇ ਆਪਣਾ ਰੂਪ ਤੇ ਪੂਰਨ ਸ਼ਕਤੀ ਦੀ ਬਖਸ਼ਿਸ਼ ਕੀਤੀ। ਉਨ੍ਹਾਂ ਇਸ ਪ੍ਰਥਾਏ ਅਕਾਲ ਪੁਰਖ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਗਵਾਹਾਂ ਦੇ ਰੂਪ ਵਿਚ ਵਰਣਨ ਕੀਤਾ ਹੈ। ਇਸ ਦੀ ਉਪਮਾ ਜਾਂ ਮਹਿਮਾ ਵਿਚ ਜਿੱਥੇ-
ਖਾਲਸਾ ਮੇਰੋ ਰੂਪ ਹੈ ਖਾਸ॥
ਖਾਲਸੇ ਮਹਿ ਹਉਂ ਕਰੋਂ ਨਿਵਾਸ॥
ਖਾਲਸਾ ਅਕਾਲ ਪੁਰਖ ਕੀ ਫੌਜ॥
ਪ੍ਰਗਟਯੋ ਖਾਲਸਾ ਪਰਮਾਤਮ ਕੀ ਮੌਜ॥
ਸ਼ਬਦ ਵਰਤੇ ਹਨ, ਉਥੇ ਆਪਣੇ ਪੁੱਤਰਾਂ ਤੇ ਅਕਾਲ ਦੇ ਪੁਜਾਰੀਆਂ ਨੂੰ ਗੁਰੂ ਸਾਹਿਬ ਨੇ ਸੁਚੇਤ ਵੀ ਕੀਤਾ ਹੈ:
ਜਬ ਲਗ ਖਾਲਸਾ ਰਹੇ ਨਿਆਰਾ॥
ਤਬ ਲਗ ਤੇਜ ਦੀਉ ਮੈਂ ਸਾਰਾ॥
ਜਬ ਇਹ ਗਹੈ ਬਿਪਰਨ ਕੀ ਰੀਤ॥
ਮੈਂ ਨ ਕਰੋਂ ਇਨ ਕੀ ਪ੍ਰਤੀਤ॥
ਅਸੀਂ ਅੱਜ ਵੀ ਕਿੰਨੇ ਭੁੱਲੇ ਤੇ ਕੁਰਾਹੇ ਪਏ ਹੋਏ ਹਾਂ ਕਿ ਸਿੱਧੇ ਰਾਹ ਨੂੰ ਛੱਡ ਕੇ ਕਰਮਕਾਂਡ, ਵਹਿਮ-ਭਰਮ, ਮੜ੍ਹੀ ਪੂਜਾ, ਤੰਤਰ-ਮੰਤਰ ਅਤੇ ਜੋਤਸ਼ੀਆਂ ਦੇ ਪਿੱਛੇ ਲੱਗ ਕੇ ਭਟਕ ਰਹੇ ਹਾਂ। ਆਓ, ਇਨ੍ਹਾਂ ਦੇ ਪਿੱਛੇ ਫਿਰਨ ਦੀ ਆਦਤ ਛੱਡ ਕੇ
‘ਸਤਿਗੁਰ ਆਇਓ ਸਰਣਿ ਤੁਹਾਰੀ॥
ਮਿਲੈ ਸੂਖੁ ਨਾਮੁ ਹਰਿ ਸੋਭਾ ਚਿੰਤਾ ਲਾਹਿ ਹਮਾਰੀ॥’
ਦੇ ਹੁਕਮ ਦੀ ਪਾਲਣਾ ਕਰਨ ਵੱਲ ਅੱਗੇ ਵਧੀਏ ਤੇ ਗੁਰੂ-ਘਰ ਦੀਆਂ ਖੁਸ਼ੀਆਂ ਤੇ ਵਡਿਆਈਆਂ ਪ੍ਰਾਪਤ ਕਰੀਏ!
ਲੇਖਕ ਬਾਰੇ
ਸਾਬਕਾ ਸੀਨੀਅਰ ਪੁਲਿਸ ਕਪਤਾਨ, ਅੰਮ੍ਰਿਤਸਰ (ਦਿਹਾਤੀ)
ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸਾਬਕਾ ਆਈਪੀਐੱਸ ਅਧਿਕਾਰੀ ਇਕਬਾਲ ਸਿੰਘ ਲਾਲਪੁਰਾ ਨੇ ਹਿੰਦੂ, ਸਿੱਖ ਤੇ ਮੁਸਲਿਮ ਧਰਮ ਨਾਲ ਸਬੰਧਤ ਧਾਰਮਿਕ ਸਾਹਿਤ ਸੇਵਾਵਾਂ ਦੇ ਨਾਲ ਜੀਵਨ ਦਾ ਵੱਡਾ ਸਫ਼ਰ ਤੈਅ ਕੀਤਾ ਹੈ। ਉਹ ਸਿੱਖ ਫਿਲਾਸਫ਼ੀ ਤੇ ਇਤਿਹਾਸ ਬਾਰੇ ਕਈ ਕਿਤਾਬਾਂ ਲਿਖ ਕੇ ਸਾਹਿਤ ਸੇਵਾਵਾਂ ਵਿਚ ਆਪਣਾ ਯੋਗਦਾਨ ਪਾ ਚੁੱਕੇ ਹਨ। ਲਾਲਪੁਰਾ ਨੂੰ ਸ਼੍ਰੋਮਣੀ ਸਿੱਖ ਸਾਹਿਤਕਾਰ ਪੁਰਸਕਾਰ, ਸਿੱਖ ਸਕਾਲਰ ਪੁਰਸਕਾਰ, ਪ੍ਰੈਜ਼ੀਡੈਂਟਸ ਪੁਲਿਸ ਮੈਡਲ ਆਦਿ ਮਿਲ ਚੁੱਕੇ ਹਨ। ਉਹ ਸਿੱਖ ਇਤਿਹਾਸ ਨਾਲ ਸਬੰਧਿਤ 14 ਦੇ ਕਰੀਬ ਕਿਤਾਬਾਂ ਲਿਖ ਚੁੱਕੇ ਹਨ।
- ਸ. ਇਕਬਾਲ ਸਿੰਘ ਲਾਲਪੁਰਾhttps://sikharchives.org/kosh/author/%e0%a8%b8-%e0%a8%87%e0%a8%95%e0%a8%ac%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%b2%e0%a8%be%e0%a8%b2%e0%a8%aa%e0%a9%81%e0%a8%b0%e0%a8%be/July 1, 2008
- ਸ. ਇਕਬਾਲ ਸਿੰਘ ਲਾਲਪੁਰਾhttps://sikharchives.org/kosh/author/%e0%a8%b8-%e0%a8%87%e0%a8%95%e0%a8%ac%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%b2%e0%a8%be%e0%a8%b2%e0%a8%aa%e0%a9%81%e0%a8%b0%e0%a8%be/October 1, 2008
- ਸ. ਇਕਬਾਲ ਸਿੰਘ ਲਾਲਪੁਰਾhttps://sikharchives.org/kosh/author/%e0%a8%b8-%e0%a8%87%e0%a8%95%e0%a8%ac%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%b2%e0%a8%be%e0%a8%b2%e0%a8%aa%e0%a9%81%e0%a8%b0%e0%a8%be/July 1, 2009