ਲਾਊਡ ਸਪੀਕਰ ਰਾਹੀਂ ਖਲਾਅ ਵਿਚ ਤਰ ਕੇ ਆਈਆਂ ਸੁਰ-ਲਹਿਰਾਂ ਨੇ ਚੇਤਨਾ ਦੇ ਦਰ ’ਤੇ ਦਸਤਕ ਦਿੱਤੀ,
“ਬਾਲ ਜੁਆਨੀ ਅਰੁ ਬਿਰਧਿ ਫੁਨਿ ਤੀਨਿ ਅਵਸਥਾ ਜਾਨਿ॥”
ਸ਼ਾਇਦ ਲਾਗਲੀ ਗਲੀ ਵਿਚ ਕਿਸੇ ਗੁਰਸਿੱਖ ਦੇ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਸਮਾਪਤੀ ਹੋ ਰਹੀ ਸੀ। ਪਾਠ ਖੁਸ਼ੀ ਜਾਂ ਸ਼ੋਕ ਨਮਿਤ ਹੋਵੇ, ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣੀ ਪਾਵਨ ਬਾਣੀ ਰਾਹੀਂ ਮਨੁੱਖ ਨੂੰ ਜੀਵਨ ਦੇ ਸਾਰ ਦੀ ਸੋਝੀ ਬਖ਼ਸ਼ਦੇ ਹਨ।
ਬਾਲ, ਜਵਾਨੀ ਤੇ ਬਿਰਧ ਅਵਸਥਾ ਅਰਥਾਤ ਜੀਵਨ ਦੇ ਤਿੰਨ ਪੜਾਅ ਜਿਨ੍ਹਾਂ ਰਾਹੀਂ ਮਨੁੱਖ ਆਪਣੀ ਜੀਵਨ-ਯਾਤਰਾ ਸੰਪੰਨ ਕਰਦਾ ਹੈ। ਜਿਵੇਂ ਸਵੇਰ, ਦੁਪਹਿਰ ਤੇ ਤ੍ਰਿਕਾਲਾਂ ਇਕ ਦੂਸਰੇ ਨਾਲ ਜੁੜੇ ਹੋਏ ਹੋਣ ’ਤੇ ਵੀ, ਇਕ ਦੂਸਰੇ ਤੋਂ ਵਿਲੱਖਣ। ਬਾਲਪਨ ਦੀ ਮਿੱਠਤ ਤੇ ਨਿੱਘ ਭਰੀ ਪੂੰਜੀ ਤੇ ਵਿਕਸੀ ਜਵਾਨੀ ਅਤੇ ਜਵਾਨੀ ਦੇ ਭੋਗ ਵਿੱਚੋਂ ਬਚਿਆ ਫੋਗ, ਬੁਢਾਪਾ। ਜਵਾਨੀ ਤੇ ਬੁਢਾਪੇ ਬਾਰੇ ਇਕ ਲੋਕ-ਉਕਤੀ ਬਹੁਤ ਪ੍ਰਸਿੱਧ ਹੈ:
ਜੋ ਜਾ ਕੇ ਨਾ ਆਏ, ਉਸੇ ਜਵਾਨੀ ਕਹਿਤੇ ਹੈਂ
ਜੋ ਆ ਕੇ ਨਾ ਜਾਏ, ਉਸੇ ਬੁਢਾਪਾ ਕਹਿਤੇ ਹੈਂ।
ਕੱਲ੍ਹ ਜਿਸ ਨੂੰ ਸਲਾਮਾਂ ਮਿਲਦੀਆਂ ਸਨ, ਅੱਜ ਉਹ ਪਛਾਣ ਨੂੰ ਵੀ ਤਰਸਦਾ ਹੈ। ਜਿਵੇਂ ਜ਼ਿੰਦਗੀ ਦੀਵਾਲੀਆ ਹੋ ਗਈ ਹੋਵੇ ਅਤੇ ਦੀਵਾਲੀਏ ਦਾ ਜੀਵਨ, ਜਿਵੇਂ ਕੋਈ ਜਰਜਰ ਬੇੜੀ ਮੰਝਧਾਰ ਵਿਚ ਘੁੰਮਣ-ਘੇਰੀਆਂ ਵਿਚ ਫਸ ਗਈ ਹੋਵੇ। ਥੱਕੇ-ਹਾਰੇ ਮਾਰੂਥਲ ਦੇ ਉਸ ਪਾਂਧੀ ਵਾਂਗ ਜਿਸ ਦੇ ਪੈਰ ਨਿਰੰਤਰ, ਨਿਰਾਸ਼ਤਾ ਦੀ ਰੇਤ ਵਿਚ ਧੱਸਦੇ ਜਾ ਰਹੇ ਹੋਣ; ਅੱਖਾਂ ਰੇਤ ਨਾਲ ਭਰਦੀਆਂ ਜਾ ਰਹੀਆਂ ਹੋਣ ਤੇ ਸਰੀਰ ਲੂ ਦੇ ਥਪੇੜਿਆਂ ਨਾਲ ਨਿਢਾਲ ਹੁੰਦਾ ਜਾ ਰਿਹਾ ਹੋਵੇ। ਗੱਲ ਕੀ ਹਰ ਪਾਸਿਓਂ ਬੇਬਸੀ ਦਾ ਹਨੇਰਾ, ਬਚੀ-ਖੁਚੀ ਚਾਨਣ ਦੀ ਛਿੱਟ ਨੂੰ ਨਿਗਲਣ ਲਈ ਤੱਤਪਰ ਹੋਵੇ। ਜਿਵੇਂ ਜੀਊਂਦੇ-ਜੀਅ ਨੂੰ ਇੱਲਾਂ ਤੇ ਗਿਰਝਾਂ ਦੇ ਨਿਰਾਸ਼ਤਾ ਰੂਪੀ ਝੁੰਡ ਨੋਚਣ ਲਈ ਘੇਰਾ ਘੱਤਦੇ ਜਾ ਰਹੇ ਹੋਣ।
ਅਜਿਹੀ ਜੂਨ ਕੌਣ ਹੰਢਾਉਣਾ ਚਾਹੇਗਾ? ਤਾਂ ਹੀ ਤੇ ਲੱਗਦੀ ਵਾਹ, ਕੋਈ ਬੁਢਾ ਨਹੀਂ ਹੋਣਾ ਚਾਹੁੰਦਾ। ਬੁਢਾ ਹੁੰਦਿਆਂ ਹੋਇਆਂ ਵੀ ਬੁਢਾ ਅਖਵਾਉਣਾ ਨਹੀਂ ਚਾਹੁੰਦਾ।
ਜਿੱਥੋਂ ਤਕ ਹੋ ਸਕੇ ਹਰ ਹੀਲਾ ਵਰਤਦਾ ਹੈ। ਇਥੋਂ ਤਕ ਕਿ ਬੁਢਾਪੇ ਦੇ ਕੁਦਰਤ-ਪ੍ਰਦਤ ਚਿੰਨ੍ਹ ਜਿਵੇਂ ਕੇਸਾਂ ਦਾ ਰੁਪਹਿਲੇ ਹੋਣਾ ਜਾਂ ਝੁਰੜੀਆਂ ਦੀਆਂ ਰੇਖਾਵਾਂ ਨੂੰ ਰੰਗਣ ਤੇ ਕਰੀਮਾਂ ਦੀ ਸਹਾਇਤਾ ਨਾਲ ਆਪਣੇ ਆਪ ਨੂੰ ਭਰਮ ਵਿਚ ਰੱਖਣ ਦਾ ਜਤਨ ਕਰਦਾ ਹੈ ਕਿ ਬੁਢਾਪਾ ਉਸ ਤੋਂ ਕੋਹਾਂ ਦੂਰ ਹੈ। ਪਰ ਮਨ ’ਤੇ ਲੱਗਦੇ ਬੁਢਾਪੇ ਦੇ ਗ੍ਰਹਿਣ ਦਾ ਕੋਈ ਕੀ ਕਰੇ?
ਇਸ ਵਿਚ ਕੋਈ ਅਤਿਕਥਨੀ ਨਹੀਂ ਕਿ ਬੁਢਾਪਾ ਵੀ ਮ੍ਰਿਤ ਸਮੁੰਦਰ ਵਾਂਗ ਹੀ ਹੈ। ਸਮੁੰਦਰ ਤੇ ਉਹ ਵੀ ਮੁਰਦਾ! ਅਜੀਬ ਲੱਗਦਾ ਹੈ ਨਾ! ਕਿ ਕਦੇ ਸਮੁੰਦਰ ਵੀ ਮੁਰਦਾ ਹੋ ਸਕਦਾ ਹੈ। ਹਾਂ, ਇਹ ਇਕ ਹਕੀਕਤ ਹੈ। ਸਮੁੰਦਰ ਤੋਂ ਟੁੱਟ ਕੇ ਸਮੁੰਦਰ ਦਾ ਹੀ ਇਕ ਅੰਗ, ਅਰਥਾਤ ਇਸ ਦਾ ਪਾਣੀ ਅਤਿ ਖਾਰਾ ਹੋ ਜਾਂਦਾ ਹੈ ਤੇ ਖਾਰੇਪਨ ਦੀ ਅਧਿਕਤਾ ਕਾਰਨ ਇੰਨਾ ਭਾਰੀ ਹੋ ਜਾਂਦਾ ਹੈ ਕਿ ਉਸ ਵਿਚ ਕੋਈ ਜੀਵ ਡੁੱਬਦਾ ਨਹੀਂ। ਪਰ ਉਸ ਦਾ ਖਾਰਾਪਨ ਉਸ ਵਿਚ ਡਿੱਗੇ ਜੀਵ ਨੂੰ ਆਪਣੇ ਵਿਚ ਖੋਰ ਕੇ ਜਜ਼ਬ ਕਰ ਲੈਂਦਾ ਹੈ। ਇਸੇ ਲਈ ਇਸ ਨੂੰ ਮ੍ਰਿਤ ਸਮੁੰਦਰ ਕਿਹਾ ਜਾਂਦਾ ਹੈ। ਕੁਝ ਅਜਿਹੀ ਖਸਲਤ ਵੀ, ਜੀਵਨ ਦੇ ਇਸ ਅਵਾਂਛਿਤ ਅੰਗ ਬੁਢਾਪੇ ਦੀ ਹੈ, ਜਿਸ ਦੇ ਹਰ ਸਾਹ ਨਾਲ ਜੀਵਨ ਦੇ ਢਾਹੇ ਦੀ ਮਿੱਟੀ, ਸਮੇਂ ਦੀਆਂ ਛੱਲਾਂ ਨਾਲ ਖੁਰਦੀ ਜਾਂਦੀ ਹੈ।
ਬੁਢਾਪੇ ਦੀ ਹੋਣੀ ਦੇ ਇਤਿਹਾਸ ਨੂੰ, ਜੇ ਸੰਖੇਪ ਵਿਚ ਉਲੀਕਣਾ ਹੋਵੇ ਤਾਂ ਇਸ ਦੀ ਯਾਤਰਾ ਵਾਨਪ੍ਰਸਥ/ਸੰਨਿਆਸ ਆਸ਼ਰਮ ਤੋਂ ਅਰੰਭ ਹੋ ਕੇ ਬਿਰਧ ਆਸ਼ਰਮ ਦੇ ਵਾੜੇ ਵਿਚ ਪਨਾਹ ਲੈਂਦਿਆਂ ਵੇਖਦੇ ਹਾਂ। ਅਰਥਾਤ ਸਾਡੇ ਸਮਾਜੀ ਢਾਂਚੇ ਦੇ ਚਿੰਤਨ ਦੀ ਗਾਥਾ।
ਅੱਜ ਸਮਾਜ ਦੀ ਇਕਾਈ ਅਰਥਾਤ ਪਰਵਾਰ ਆਪਣੀ ਧੁਰੀ ਤੋਂ ਪੂਰੀ ਤਰ੍ਹਾਂ ਖਿਸਕ ਚੁਕਿਆ ਹੈ। ਘਰ ‘ਘਰ’ ਨਾ ਹੋਣ ਕੇ ਸਰ੍ਹਾਂ ਦਾ ਰੂਪ ਧਾਰਨ ਕਰਦੇ ਜਾ ਰਹੇ ਹਨ। ਕਦੇ ‘ਹਮਸਾਏ, ਮਾਂ-ਪਿਉ ਜਾਏ’ ਕਹੇ ਜਾਂਦੇ ਸਨ ਪਰ ਅੱਜ ਖੂਨ ਦੇ ਰਿਸ਼ਤੇ ਵੀ ਖੜ੍ਹੇ ਪਾਣੀ ਵਾਂਗ ਸੜ੍ਹਾਂਦ ਮਾਰਦੇ ਹਨ। ਇਉਂ ਲੱਗਦਾ ਹੈ ਕਿ ਰਿਸ਼ਤਿਆਂ ਦੀ ਹੋਂਦ ਗੰਦੇ ਨਾਲੇ ’ਤੇ ਬਣੇ ਮਕਾਨ ਵਤ ਹੋ ਗਈ ਹੋਵੇ। ਕਦੇ ਕਿਹਾ ਜਾਂਦਾ ਸੀ ਕਿ ਆਪਣੇ ਮਾਰਨਗੇ ਵੀ ਤਾਂ ਛਾਵੇਂ ਸੁੱਟਣਗੇ। ਪਰ ਅੱਜ ਮਨੁੱਖ ਅਧਿਕਤਰ ਆਪਣਿਆਂ ਹੱਥੀਂ ਲੁੱਟਿਆ ਜਾਂਦਾ ਹੈ।
ਤੁਸੀਂ ਹੀ ਦੱਸੋ, ਜਦੋਂ ਮਨੁੱਖ ਵਿੱਚੋਂ ਉਸ ਦਾ ਮਨੁੱਖਤਾ ਰੂਪੀ ਅਸਲਾ ਹੀ ਅਲੋਪ ਹੋ ਗਿਆ ਹੋਵੇ ਤਾਂ ਉਸ ਨੂੰ, ਮਨੁੱਖ ਕਿਸ ਆਧਾਰ ’ਤੇ ਕਿਹਾ ਜਾਏ? ਜੇ ਕਦੇ ਕਿਸੇ ਮਨੁੱਖ ਵਿਚ ਸਦਾਚਾਰ ਦੀ ਝਲਕ ਦਿੱਸ ਪੈਂਦੀ ਹੈ ਤਾਂ ਅਚੰਭਾ ਹੁੰਦਾ ਹੈ। ਅੱਜ ਸਵਾਰਥ-ਪਰਤਾਂ ’ਤੇ ਅਕ੍ਰਿਤਘਣਤਾ ਪ੍ਰਧਾਨ ਹੈ। ਯੁੱਗ-ਧਾਰਾ ਦਾ ਚਲਨ ਵੇਖ ਕੇ ਅੱਜ ਅਧਿਕਤਰ ਮਾਪਿਆਂ ਨੂੰ ਆਪਣੇ ਬੱਚਿਆਂ ’ਤੇ ਹੀ ਭਰੋਸਾ ਨਹੀਂ ਰਿਹਾ। ਮੁਕਤ ਭੋਗੀ ਆਪਣੀ ਵਿਥਿਆ ਸੁਣਾ ਕੇ ਚਿਤਾਵਨੀ ਦੇਣਾ ਨਹੀਂ ਭੁੱਲਦੇ ਕਿ ‘ਵੇਖਿਓ! ਕਿਤੇ ਮੋਹ-ਮਮਤਾ ਵਿਚ ਫਸ ਕੇ ਅਤੇ ਮੋਮੋ-ਠਗਣੀਆਂ ਗੱਲਾਂ ਵਿਚ ਆ ਕੇ ਨਿਹੱਥੇ ਨਾ ਹੋ ਜਾਇਓ! ਫਿਰ ਕਿਸੇ ਵਾਤ ਨਹੀਂ ਪੁੱਛਣੀ!’ ਭਾਵੇਂ ਅੰਦਰੋਂ ਜੀਅ ਤ੍ਰਹਿਕ ਜਾਂਦਾ ਹੈ, ਪਰ ਮਨ ਨਹੀਂ ਮੰਨਦਾ, ‘ਨਹੀਂ-ਨਹੀਂ, ਸਾਡੇ ਬੱਚੇ ਇਹੋ ਜਿਹੇ ਨਹੀਂ ਹਨ। ਭਲਾ ਆਪਣੇ ਹੀ ਜਾਏ, ਇੰਨੇ ਬੇਕਿਰਕ ਕਿਵੇਂ ਹੋ ਸਕਦੇ ਹਨ?’ ਪਰ ਸ਼ੰਕਾ ਦਾ ਬੀਜ ਗੱਡਿਆ ਜਾਂਦਾ ਹੈ।
ਧੰਨ ਨੇ ਉਹ ਗੁਰਮੁਖ ਪਿਆਰੇ, ਜੋ ਸੰਪੂਰਨ ਜੀਵਨ ਨੂੰ ਅਕਾਲ ਪੁਰਖ ਵੱਲੋਂ ਵਰਤਾਈ ਖੇਡ ਵਜੋਂ ਸਿਰ-ਮੱਥੇ ਪ੍ਰਵਾਨ ਕਰਦੇ ਹਨ। ਪਰ ਪੰਜਾਂ ਦੇ ਵੱਸ ਸਾਧਾਰਨ ਜੀਵ, ਜੋ ਹਰ ਲਹਿਰ ’ਤੇ ਡੋਲ ਜਾਂਦਾ ਹੈ, ਬੁਢਾਪੇ ਨੂੰ ਕਿਸੇ ਸਰਾਪ ਤੋਂ ਘੱਟ ਨਹੀਂ ਮੰਨਦਾ।
ਕਦੇ ਬਜ਼ੁਰਗੀ ਨੂੰ ਆਦਰ-ਸਨਮਾਨ ਦੀ ਦ੍ਰਿਸ਼ਟੀ ਨਾਲ ਦੇਖਿਆ ਜਾਂਦਾ ਸੀ। ਉਨ੍ਹਾਂ ਦੇ ਅਨੁਭਵੀ-ਗਿਆਨ ਦੀ ਕਦਰ ਹੁੰਦੀ ਸੀ ਜੋ ਬਾਲ ਤੇ ਜਵਾਨੀ ਦੋਹਾਂ ਲਈ ਸਾਂਝ ਦਾ ਸੂਤਰ ਸੀ। ਅੱਜ ਉਹ ਖੋਟੇ ਸਿੱਕੇ ਬਣਾ ਕੇ ਵਿਸਾਰ ਦਿੱਤੇ ਗਏ ਹਨ। ਹੁਣ ਤੁਸੀਂ ਹੀ ਦੱਸੋ ਖੋਟੇ ਸਿੱਕੇ ਕਿਸ ਕੰਮ?
ਆਲੇ-ਦੁਆਲੇ ਝਾਤ ਮਾਰ ਕੇ ਗਹੁ ਨਾਲ ਵੇਖੀਏ ਤਾਂ ਰਿਸ਼ਤਿਆਂ ਦੀ ਸਾਂਝ ਗਿੱਲੇ ਗੋਹੇ ਵਾਂਗ ਧੁਖ ਕੇ ਵਾਤਾਵਰਨ ਨੂੰ ਦਮਘੋਟੂ ਬਣਾ ਰਹੀ ਹੈ। ਕਦੇ ਸੁੱਖ-ਦੁਖ ਵਿਚ ਮਨੁੱਖ ਘਰ ਵੱਲ ਭੱਜਦਾ ਸੀ ਤੇ ਅੱਜ ਕਿਤੇ ਬਾਹਰ ਸ਼ਰਨ ਲੱਭਦਾ ਹੈ। ਵਿਰਲੇ ਹੀ ਘਰ ਹੋਣਗੇ ਜਿਨ੍ਹਾਂ ਦੇ ਝਰੋਖਿਆਂ ਵਿੱਚੋਂ ਸਨੇਹ ਤੇ ਆਦਰ-ਮਾਣ ਦੀ ਸੁਗੰਧ ਝਰਦੀ ਹੋਵੇਗੀ ਬਾਕੀ ਤਾਂ ਭੂਤਵਾੜੇ ਹੀ ਕਹੇ ਜਾ ਸਕਦੇ ਹਨ ਜਿਨ੍ਹਾਂ ਵਿਚ ਮਨੁੱਖ ਰੂਪੀ ਜੀਵ, ਬੰਦੀ- ਜੀਵਨ ਭੋਗ ਰਹੇ ਹਨ। ਆਪਣੇ ਜੀਵਨ ਤੋਂ ਨਿਰਾਸ਼, ਰਿੱਝਦੇ-ਖਿਝਦੇ, ਇਕ ਦੂਸਰੇ ਨੂੰ ਤਾਅਨੇ-ਮਿਹਣੇ ਮਾਰ ਕੇ ਆਪਣੀ ਭੜਾਸ ਕੱਢਣ ਨੂੰ ਤੱਤਪਰ ਹਨ। ਅਨਚਾਹਿਆ ਬੋਝ ਤਾਂ ਖਿਝ ਹੀ ਉਪਜਾਏਗਾ।
ਆਉ, ਸਮਾਜਕ ਪੱਖ ’ਤੇ ਝਾਤ ਮਾਰੀਏ। ਇਕ ਪਾਸੇ ਵਿਗਿਆਨ ਨੇ ਮਨੁੱਖ ਦੀ ਔਸਤ ਆਯੂ ਵਧਾ ਦਿੱਤੀ ਹੈ। ਪਰ ਸਮਾਜ ਚਿੰਤਨ ਇਸ ਵਧੀ ਆਯੂ ਨੂੰ ਕੋਈ ਸਾਰਥਕ ਮੋੜ ਨਹੀਂ ਦੇ ਸਕੇ। ਰਾਜ ਸਰਕਾਰਾਂ ਤੇ ਨੀਤੀਕਾਰਾਂ ਲਈ ਆਪਣੇ ਹੀ ਬਥੇਰੇ ਗ਼ਮ ਹਨ। ਨਹੀਂ ਤਾਂ ਸਾਰਿਆਂ ਅਰਥਾਤ ਵਰਿਸ਼ਠ ਨਾਗਰਿਕਾਂ ਦੀ ਸਮੱਸਿਆ ਇਉਂ ਅਨਗੌਲੀ ਨਾ ਰਹਿੰਦੀ। ਕੋਈ ਨਾ ਕੋਈ ਦੀਰਘ-ਯੋਜਨਾ ਜ਼ਰੂਰ ਬਣਦੀ ਜਦਕਿ ਅਨੁਮਾਨ ਹੈ, ਅਗਲੇ ਦੋ ਦਹਾਕਿਆਂ ਵਿਚ ਸਾਠਿਆਂ ਦੀ ਗਿਣਤੀ ਅੱਜ ਤੋਂ ਲੱਗਭਗ ਦੁੱਗਣੀ ਹੋ ਜਾਵੇਗੀ ਅਤੇ ਚਾਰ ਦਹਾਕਿਆਂ ਬਾਅਦ ਕੁੱਲ ਅਬਾਦੀ ਦਾ ਲੱਗਭਗ 30% ਹੋ ਜਾਏਗੀ। ਪਰ ਅੱਜ ਜਦ ਬਾਲ ਤੇ ਯੁਵਾ ਸਮੱਸਿਆਵਾਂ ਨਾਲ ਨਿਪਟਣ ’ਤੇ ਪਸੀਨੋ-ਪਸੀਨਾ ਹੋ ਰਹੇ ਹਨ ਤਾਂ ਇਨ੍ਹਾਂ ਸਾਰਿਆਂ ਦੀ ਚਿੰਤਾ ਦੀ ਕਿਸ ਨੂੰ ਵਿਹਲ ਹੈ!
ਪਰ ਭਲੇ ਲੋਕੋ, ਅੱਜ ਦੇ ਸਾਠਿਆਂ ਨੂੰ ਉਨ੍ਹਾਂ ਦੇ ਹਾਲ ’ਤੇ ਛੱਡੋ ਪਰ ਕੱਲ੍ਹ ਤਾਂ ਬੁਢਾਪੇ ਦੇ ਪਰਛਾਵੇਂ ਤੁਹਾਨੂੰ ਵੀ ਘੇਰਨਗੇ। ਆਪਣੇ ਲਈ ਹੀ ਉਪਰਾਲਾ ਕਰੋ। ਪੈਸੇ ਨਾਲ ਬਹੁਤ ਕੁਝ ਖਰੀਦਿਆ ਜਾ ਸਕਦਾ ਹੈ ਪਰ ਆਪਣਾਪਨ ਕਿਸੇ ਮੁੱਲ ਨਹੀਂ ਮਿਲਦਾ। ਸਨੇਹ, ਮਮਤਾ, ਨਿਰਸਵਾਰਥ ਪ੍ਰੇਮ ਕਿਸੇ ਡੀਪਾਰਟਮੈਂਟਲ ਸਟੋਰ ਤੋਂ ਨਹੀਂ ਮਿਲਦੇ। ਵੇਖਿਓ, ਕਿਤੇ ਜੜ੍ਹਾਂ ਮੂਲੋਂ ਹੀ ਨਾ ਸੁੱਕ ਜਾਣ!
ਸਮੇਂ ਦੀ ਲੋੜ ਨੂੰ ਮੁੱਖ ਰੱਖਦਿਆਂ ਪਰਵਾਰ ਨੂੰ ਸੀਮਿਤ ਕਰਨ ਲਈ ‘ਹਮ ਦੋ, ਹਮਾਰੇ ਦੋ’ ਤੋਂ ਵੀ ਅੱਗੇ ਜਾ ਕੇ ‘ਇਕ ਹੀ ਬਸ’ ਦਾ ਨਾਅਰਾ ਦਿੱਤਾ ਗਿਆ। ਪਰ ਗਲੀਆਂ-ਸੜੀਆਂ ਪਰੰਪਰਾਵਾਂ ਨੂੰ ਢੋਂਦਿਆਂ ਪੁੱਤਰ-ਮੋਹ ਦੇ ਚੱਲਦਿਆਂ, ਅਨਹੋਈਆਂ ਧੀਆਂ ਦੀ ਸ਼ਾਮਤ ਆ ਗਈ। ਨਾਰੀ-ਭਰੂਣ ਹੱਤਿਆਵਾਂ ਦਾ ਹੜ੍ਹ ਆ ਗਿਆ। ਫਲਸਰੂਪ ਨਾਰੀ ਤੇ ਪੁਰਸ਼ ਦੇ ਅਨੁਪਾਤ ਵਿਚ ਹੋਰ ਵਿੱਥ ਵਧ ਗਈ ਤੇ ਇਹ ਅਨੁਪਾਤ 1000 (ਇਕ ਹਜ਼ਾਰ) ਪੁਰਸ਼ਾਂ ਪਿੱਛੇ, ਇਸਤਰੀਆਂ ਦੀ ਗਿਣਤੀ 800 (ਅੱਠ ਸੌ) ਤੋਂ ਵੀ ਘਟ ਗਈ। ਪੁਰਸ਼ ਦੀ ਸ਼ਰਮਨਾਕ ਬਜ਼ਾਰੂ ਬਿਰਤੀ ਨੇ ਆਪਣੀ ਕੁਟਲਤਾ ਰਾਹੀਂ ਪ੍ਰਗਤੀਸ਼ੀਲਤਾ ਦੇ ਨਾਂ ’ਤੇ ਨਾਰੀ ਨੂੰ ਫੁਸਲਾ ਕੇ ਆਪਣਾ ਹੱਥ-ਠੋਕਾ ਬਣਾ ਲਿਆ ਹੈ। ਆਉਣ ਵਾਲੇ ਸਮਾਜ ਦੀ ਕਲਪਨਾ ਕਰਨੀ ਕਠਿਨ ਨਹੀਂ। ਅੱਜ ਦਾ ਬਾਲਪਨ ਚੂਹੇ-ਦੌੜ ਵਿਚ ਅੱਧ-ਪੱਕੇ ਫਲ ਵਾਂਗ ਯੁਵਾ ਅਵਸਥਾ ਵਿਚ ਪ੍ਰਵੇਸ਼ ਕਰੇਗਾ। ਆਪਣੀਆਂ ਅਸੀਮਿਤ ਆਪ-ਮੁਹਾਰੀਆਂ ਲਾਲਸਾਵਾਂ ਲਈ ਹਵਾਂਕਦਾ ਅਗਲੀ ਪੀੜ੍ਹੀ ਵਿਚ ਸ਼ਾਮਲ ਹੋ ਜਾਵੇਗਾ।
ਨਾਰੀ ਹੋਰ ਵਧੇਰੇ ਤ੍ਰਿਸਕਾਰ ਦੀ ਭਾਗੀ ਬਣੇਗੀ। ਜਦ ਇਕ ਦੂਸਰੇ ਨੂੰ ਜੋੜਨ ਵਾਲਾ ਤੱਤ ਹੀ ਵਿਲੀਨ ਹੋ ਗਿਆ ਤਾਂ ਕੇਹਾ ਘਰ, ਕੇਹਾ ਪਰਵਾਰ, ਕੇਹਾ ਸਮਾਜ? ਸਮਾਜ ਚਿੰਤਕ ਜਨੋ! ਤੁਸਾਂ ਬੱਚਿਆਂ ਨੂੰ ਤਾਂ ਕੰਟਰੋਲ ਵਿੱਚ ਕਰ ਲਿਆ ਪਰ ਸਾਠਿਆਂ ਦੇ ਹੜ੍ਹ ਤੋਂ ਕਿਵੇਂ ਨਿਪਟੋਗੇ? ਰਿਸ਼ਤਿਆਂ ਵਿਚ ਆਏ ਅਲਗਾਵ ਨੂੰ ਤੁਸੀਂ ਪੀੜ੍ਹੀਆਂ ਦੀ ਵਿੱਥ ਕਹਿ ਕੇ ਸੁਰਖ਼ਰੂ ਹੋ ਗਏ ਤੇ ਭਾਂਡਾ ਬਜ਼ੁਰਗਾਂ ਦੇ ਸਿਰ ’ਤੇ ਭੰਨ ਦਿੱਤਾ ਕਿ ਬਜ਼ੁਰਗ ਇਸ ਤੱਥ ਨੂੰ ਸਮਝਣਾ ਹੀ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਸਮੇਂ ਤੇ ਅੱਜ ਦੇ ਸਮੇਂ ਵਿਚ ਜ਼ਮੀਨ-ਅਸਮਾਨ ਦਾ ਅੰਤਰ ਹੈ। ਅਖੇ! ਜੀਵਨ ਦੀਆਂ ਪ੍ਰਾਥਮਿਕਤਾਵਾਂ ਬਦਲਣ ਨਾਲ ਜੀਵਨ-ਸ਼ੈਲੀ ਵੀ ਬਦਲੇਗੀ ਹੀ। ਉਨ੍ਹਾਂ ਦੇ ਸਮੇਂ ਦੇ ਮਾਪ-ਦੰਡ ਅਤੇ ਮਾਨਤਾਵਾਂ ਦੇ ਸਿੱਕੇ ਅੱਜ ਕਿਸੇ ਕੰਮ ਦੇ ਨਹੀਂ ਰਹੇ। ਕਿਹਾ ਜਾ ਰਿਹਾ ਹੈ ਅੱਜ ਦੀ ਤੇਜ਼-ਰਫਤਾਰ ਜ਼ਿੰਦਗੀ ਇੰਨੀ ਵਿਹਲ ਨਹੀਂ ਦਿੰਦੀ ਕਿ ਰੁਕ ਕੇ ਸਾਹ ਲੈ ਲਿਆ ਜਾਵੇ। ਇਸ ਲਈ ਜੋ ਸਮੇਂ ਨਾਲ ਕਦਮ ਮਿਲਾ ਕੇ ਨਹੀਂ ਚੱਲੇਗਾ, ਨਿਸ਼ਚਿਤ ਰੂਪ ਵਿਚ ਪਿਛੜ ਜਾਏਗਾ।
ਪਰ ਭਲੇ ਲੋਕੋ! ਇਹ ਇੰਨਾ ਸਮੇਂ ਦਾ ਦੋਸ਼ ਨਹੀ। ਸਮਾਂ ਤਾਂ ਸਦਾ ਕਰਵਟ ਬਦਲਦਾ ਰਿਹਾ ਹੈ ਤੇ ਬਦਲਦਾ ਰਹੇਗਾ। ਅਸਲ ’ਚ ਹੱਦੋਂ ਵਧੀਆਂ ਹੋਈਆਂ ਲਾਲਸਾਵਾਂ ਨੇ ਅੱਜ ਦੀ ਪੀੜ੍ਹੀ ਨੂੰ ਹਲਕਾਨ ਕੀਤਾ ਹੋਇਆ ਹੈ। ਕੀ ਹੈ ਇਸ ਅੰਨ੍ਹੀ ਦੌੜ ਦਾ ਟੀਚਾ? ਸੱਚ ਤਾਂ ਇਹ ਹੈ ਕਿ ਅੱਜ ਦੀ ਪੀੜ੍ਹੀ ਆਤਮ-ਕੇਂਦ੍ਰਿਤ ਹੋ ਗਈ ਹੈ। ‘ਮੈਂ, ਮੈਂ ਤੇ ਕੇਵਲ ਮੈਂ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਮਨੁੱਖ ਨੂੰ ਆਪਣੇ ਮਾਪੇ ਜਾਂ ਖੂਨ ਦੇ ਰਿਸ਼ਤੇ ਚੁਣਨ ਦਾ ਅਧਿਕਾਰ ਨਹੀਂ। ਪਰ ਕੀ ਉਨ੍ਹਾਂ ਰਿਸ਼ਤਿਆਂ ਤੋਂ ਮਿਲਿਆ ਸਨੇਹ ਤੇ ਮਮਤਾ ਦਾ ਕੋਈ ਅਰਥ ਨਹੀਂ? ਕੀ ਉਨ੍ਹਾਂ ਦਾ ਇਹ ਅਧਿਕਾਰ ਵੀ ਨਹੀਂ ਬਣਦਾ ਕਿ ਦੋ ਮਿੱਠੇ ਬੋਲਾਂ ਦੀ ਅਪੇਖਿਆ ਕਰਨ?
ਖੈਰ, ਅਨਚਾਹੇ ਰਿਸ਼ਤਿਆਂ ਦੀ ਤਾਂ ਗੱਲ ਛੱਡੀ। ਆਪੂੰ ਕੀਤੀ ਜੀਵਨ-ਸਾਥੀ ਦੀ ਚੋਣ ਵੱਲੋਂ ਵੀ ਛੇਤੀ ਹੀ ਜੀਅ ਭਰ ਜਾਂਦਾ ਹੈ।
ਅੱਜ ਦੀ ਕੁੰਠਿਤ ਸੋਚ ਅਨੁਸਾਰ, ਹਰ ਸ਼ੈਅ ਖਰੀਦੀ ਜਾ ਸਕਦੀ ਹੈ। ਜੋ ‘ਵਰਤੋ ਤੇ ਸੁੱਟ ਦਿਉ’ ਅਤੇ ਲਿਵ-ਇਨ ਦੀ ਸੰਸਕ੍ਰਿਤੀ ਦਾ ਹਾਮੀ ਹੋਵੇ। ਉਹ ਰਿਸ਼ਤਿਆਂ ਦਾ ਨਿੱਘ ਕਿਵੇਂ ਮਹਿਸੂਸੇਗਾ? ਜੋ ਲੋੜ ਪੈਣ ’ਤੇ ਗਧੇ ਨੂੰ ਵੀ ਬਾਪ ਕਹਿਣ ਤੋਂ ਨਹੀਂ ਹਿਚਕਦਾ, ਜਿਸ ਲਈ ਆਪਣਾ ਕੰਮ ਕੱਢਣ ਲਈ ਸਾਮ, ਦਾਮ, ਦੰਡ, ਭੇਦ ਜਾਇਜ਼ ਹਨ ਉਹ ਮੋਹ-ਮਮਤਾ ਦਾ ਮਾਣ ਕਿਵੇਂ ਰੱਖ ਪਾਏਗਾ?
ਅਕਸਰ ਕਿਹਾ ਜਾਂਦਾ ਹੈ ਕਿ ਬੁੱਢੇ ਗੱਲ-ਗੱਲ ’ਤੇ ਟੋਕਦੇ ਹਨ। ਇਹ ਠੀਕ ਹੈ ਕਿ ਵਾਧੂ ਦੀ ਟੋਕਾ-ਟਾਕੀ ਕੁਝ ਸਵਾਰਦੀ ਨਹੀਂ, ਸਗੋਂ ਵਿਗਾੜਦੀ ਹੈ। ਪਰ ਕੰਬਖਤ ਬੁੱਢੇ ਇਸ ਆਪਣੇਪਨ ਦੀ ਭਾਵਨਾ ਦਾ ਕੀ ਕਰਨ? ਜਦੋਂ ਉਹ ਆਪਣੀ ਸੰਤਾਨ ਨੂੰ ਆਪਣੇ ਸਾਹਮਣੇ ਵਿਨਾਸ਼ ਵੱਲ ਵਧਦੇ ਵੇਖਦੇ ਹਨ ਤਾਂ ਸੱਚੀਂ ਉਨ੍ਹਾਂ ਤੋਂ ਬੋਲਣੋਂ ਰਹਿ ਨਹੀਂ ਹੁੰਦਾ?
ਹਰ ਵੇਲੇ ਖਿਝ ਭਰਿਆ ਮਾਹੌਲ, ਹੱਦੋਂ-ਬਾਹਰਾ ਆਪ ਹੁਦਰਾਪਨ, ਅਰਧ-ਨਗਨਤਾ ਨੂੰ ਪ੍ਰਗਤੀਸ਼ੀਲਤਾ ਦਾ ਨਾਂ ਦੇ ਕੇ ਅਪਣਾਉਣ ਦੀ ਹੋੜ। ਗਲੀ-ਮੁਹੱਲੇ ਵਾਲੇ ਗੱਲਾਂ ਕਰਨਗੇ ਤਾਂ ਚੱਲੇਗਾ। ਪਰ ਸਾਡੇ ਸਮੇਂ ਦਾ ਸੱਚ ਹੈ ਕਿ ਬੁੱਢਿਆਂ ਨੂੰ ਇਹ ਅਧਿਕਾਰ ਨਹੀਂ ਕਿ ਕੁਝ ਕਹਿ ਸਕਣ। ਜੇ ਚਮਗਿੱਦੜਾਂ ਦੇ ਘਰ ਵਿਚ ਰਹਿਣਾ ਹੈ ਤਾਂ ਉਲਟੇ ਲਟਕਣਾ ਹੀ ਪਵੇਗਾ। ਕਿਉਂ ਠੀਕ ਹੈ ਨਾ?
ਕਿੰਨਾ ਹਾਸੋਹੀਣਾ ਲੱਗਦਾ ਹੈ, ਜਦੋਂ ਯੁਵਾ ਪੀੜ੍ਹੀ ਟੀਪ ਲਾਉਂਦੀ ਹੈ ਕਿ ਸਾਨੂੰ ਤਾਂ ਮਰਨ ਦੀ ਵੀ ਫੁਰਸਤ ਨਹੀਂ। ਤਾਂ ਫਿਰ ਉਹ ਕਿਹੋ ਜਿਹੀ ਜ਼ਿੰਦਗੀ ਲੋਚਦੇ ਹਨ? ਸੁਹਜ-ਸਵਾਦ ਤੋਂ ਰਹਿਤ ਜ਼ਿੰਦਗੀ ਜਿਸ ਵਿਚ ਆਪਸੀ ਸੰਬੰਧ ਹੈਲੋ, ਹਾਏ, ਬਾਏ ਤਕ ਸਿਮਟ ਕੇ ਰਹਿ ਜਾਣ?
ਮਾਂ ਦੀ ਮਮਤਾ, ਦੋ ਮਿੱਠੇ ਬੋਲਾਂ ਨੂੰ ਤਰਸਦੀ ਹੈ। ਮਮਤਾ ਭਰੀਆਂ ਅੱਖਾਂ ਕੇਵਲ ਪਿੱਠ ਵੇਖਣ ਲਈ ਸੁਤੰਤਰ ਹਨ। ਬੁੱਢੇ ਅਵਰੋਧ ਮਾਤਰ ਬਣ ਕੇ ਰਹਿ ਗਏ ਹਨ। ਇਉਂ ਲੱਗਦਾ ਹੈ, ਮਾਪਿਆਂ ਨੂੰ ਅਣਲਿਖਿਆ ਤਲਾਕ ਦੇ ਦਿੱਤਾ ਗਿਆ ਹੋਵੇ। ਰੋਜ਼-ਰੋਜ਼ ਦੇ ਅਪਮਾਨ ਤੋਂ ਅੱਕ ਕੇ, ਇਕੱਲਿਆਂ ਰਹਿਣ ਦਾ ਹੀਆ ਵੀ ਕਰ ਲੈਣ, ਤਾਂ ਕੀ ਪਤਾ ਕਦੋਂ ਕਿਸ ਹਤਿਆਰੇ ਦਾ ਨਿਸ਼ਾਨਾ ਬਣ ਜਾਣ। ਪੇਸ਼ ਹਨ, ਕੁਝ ਸ਼ਬਦ ਚਿੱਤਰ:
ਬਾਪ, ਕੁਝ ਝਿਜਕਦਿਆਂ ਹੋਇਆਂ ਇਕਲੌਤੇ ਪੁੱਤਰ ਨਾਲ ਸੰਵਾਦ ਰਚਾਉਣ ਦੀ ਕੋਸ਼ਿਸ਼ ਕਰਦਾ ਹੈ, ‘ਕਾਕਾ! ਮੈਂ ਤੇਰੇ ਨਾਲ ਇਕ ਗੱਲ ਕਰਨੀ ਸੀ।’ ਅੱਗੋਂ ਕਾਕਾ ਜੀ ਖਿਝ ਕੇ ਕਹਿੰਦੇ ਹਨ, ‘ਭਾਪਾ ਜੀ, ਤੁਹਾਨੂੰ ਪਤਾ ਹੈ, ਮੈਂ ਕਿੰਨਾ ਬਿਜ਼ੀ ਹਾਂ ਤੇ ਤੁਸੀਂ ਵੇਲੇ-ਕੁਵੇਲੇ ਆਪਣਾ ਰਾਗ ਛੇੜ ਬੈਠਦੇ ਹੋ।’ ‘ਪਰ ਕਾਕਾ ਜੀ, ਤੁਹਾਨੂੰ ਵਿਹਲ ਹੀ ਕਦੋਂ ਹੁੰਦੀ ਹੈ। ਜਦੋਂ ਵੀ ਗੱਲ ਕਰਨ ਦੀ ਕੋਸ਼ਿਸ਼ ਕਰੀਦੀ ਹੈ, ਤੂੰ ਖਿਝ ਕੇ ਪੈ ਜਾਂਦਾ ਏਂ। ਮੈਂ ਤੇ ਤੇਰੀ ਮਾਂ, ਤੇਰੇ ਦੋ ਮਿੱਠੇ ਬੋਲਾਂ ਨੂੰ ਤਰਸ ਗਏ ਹਾਂ।’ ‘ਉਫ਼ ਭਾਪਾ ਜੀ… ਤੁਸੀਂ ਵੀ…।’ ‘ਕਾਕਾ ਖਿਝ ਨਾ, ਮੈਂ ਤਾਂ ਕੇਵਲ ਇਹ ਦੱਸਣਾ ਚਾਹੁੰਦਾ ਹਾਂ ਕਿ ਅੱਜ ਅਸੀਂ ਬਿਰਧ ਆਸ਼ਰਮ ਵਿਚ ਰਹਿਣ ਲਈ ਜਾ ਰਹੇ ਹਾਂ।’ ਕਾਕਾ ਜੀ ਜੋਸ਼ ਵਿਚ ਆ ਜਾਂਦੇ ਹਨ। ‘ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਤਾਰ ਇਥੇ ਆ ਕੇ ਟੁੱਟੇਗੀ। ਸੁਖ ਨਾਲ ਤੁਹਾਨੂੰ ਪੈਨਸ਼ਨ ਮਿਲਦੀ ਹੈ, ਤੁਸੀਂ ਕਿਸੇ ਦੇ ਅਧੀਨ ਤਾਂ ਹੋ ਨਹੀਂ। ਪਰ ਅਜਿਹਾ ਫੈਸਲਾ ਕਰਨ ਲੱਗਿਆਂ ਤੁਹਾਨੂੰ ਮੇਰੀ ਇੱਜ਼ਤ ਦਾ ਜ਼ਰਾ ਵੀ ਖਿਆਲ ਨਹੀਂ ਆਇਆ ਕਿ ਲੋਕੀਂ ਕੀ ਕਹਿਣਗੇ?’ ‘ਹਾਂ ਕਾਕਾ ਜੀ, ਤੇਰੀ ਇੱਜ਼ਤ ਨੂੰ ਮੁੱਖ ਰੱਖ ਕੇ ਹੀ ਅਸੀਂ ਦੂਸਰੇ ਸ਼ਹਿਰ ਦੇ ਬਿਰਧ ਆਸ਼ਰਮ ਵਿਚ ਰਹਿਣ ਦਾ ਫੈਸਲਾ ਕੀਤਾ ਹੈ ਅਤੇ ਜਿੰਨਾ ਕਿ ਆਪਣਾਪਨ (ਰੁੱਖਾਪਨ) ਤੇਰੇ ਘਰ ਵਿੱਚੋਂ ਸਾਨੂੰ ਮਿਲਿਆ ਹੈ, ਆਂਢੀ-ਗੁਆਂਢੀ ਚੰਗੀ ਤਰ੍ਹਾਂ ਜਾਣਦੇ ਹਨ। ਕਾਕਾ ਜੀ! ਆਸ਼ਰਮ ਵਿਚ ਜਾ ਕੇ ਰਹਿਣ ਦਾ ਫੈਸਲਾ ਤਾਂ ਅਸੀਂ ਹਿੱਕ ’ਤੇ ਪੱਥਰ ਰੱਖ ਕੇ ਕੀਤਾ ਹੈ। ਤੇਰੀ ਮਾਂ ਨੇ ਤਾਂ ਆਸ਼ਰਮ ਵਿਚ ਜਾ ਕੇ ਵੀ ਝੂਰਦੇ ਰਹਿਣਾ ਹੈ।’ ਅਤੇ ਬਿਨਾਂ ਕੋਈ ਉੱਤਰ ਦਿੱਤਿਆਂ ਕਾਕਾ ਜੀ ਖਟ-ਖਟ ਕਰਦੇ ਪੌੜੀਆਂ ਉਤਰ ਜਾਂਦੇ ਹਨ। ਮਾਂ ਡੁਸਕਣ ਲੱਗ ਪੈਂਦੀ ਹੈ ਤੇ ਦ੍ਰਿਸ਼ ਫੇਡ-ਆਊਟ ਹੋ ਜਾਂਦਾ ਹੈ।
ਮੋੜ ’ਤੇ ਇਕ ਚਿੱਟ-ਦਾਹੜੀਆ ਬਜ਼ੁਰਗ ਰਿਕਸ਼ਾ ਲਈ ਖੜ੍ਹਾ ਹੈ। ਉਸ ਦੀ ਉਮਰ ਤੇ ਕਮਜ਼ੋਰ ਸਰੀਰ ਨੂੰ ਵੇਖ ਕੇ ਦੁਬਿਧਾ ਵਿਚ ਪੈ ਜਾਂਦਾ ਹਾਂ। ਉਹ ਆਖਦਾ ਜਾਪਦਾ ਹੈ, ‘ਵੀਰ ਜੀ! ਮੇਰੇ ਜਰਜਰ ਸਰੀਰ ਨੂੰ ਵੇਖ ਕੇ ਤਰਸ ਖਾਣ ਨਾਲ, ਮੇਰਾ ਕੀ ਸੌਰੇਗਾ? ਜ਼ਿੰਦਗੀ ਬੜੀ ਕਠੋਰ ਹੈ। ਚਿੰਤਾ ਨਾ ਕਰੋ, ਤੁਹਾਨੂੰ ਸਹੀ-ਸਲਾਮਤ ਪਹੁੰਚਾ ਦਿਆਂਗਾ। ਸਮਝ ਲੈਣਾ, ਪੰਜ-ਦਸ ਮਿੰਟ ਮੇਰੀ ਜੀਵਨ ਦੀ ਗੱਡੀ ਨੂੰ ਧੱਕਾ ਲਾਉਣ ਹਿਤ ਵਾਧੂ ਦਾਨ ਕਰ ਦਿੱਤੇ।’ ਅਤੇ ਮੈਂ ਚੁਪ-ਚੁਪਾਤੇ ਰਿਕਸ਼ੇ ’ਤੇ ਬੈਠ ਜਾਂਦਾ ਹਾਂ।
ਹਵੇਲੀ ਦੀ ਡਿਉੜੀ ਵਿਚ ਬੈਠੇ ਬਾਪੂ ਨੂੰ ਪੁੱਤਰ ਡਾਂਟ ਰਿਹਾ ਹੈ, ‘ਕੀ ਗੱਲ ਬਾਪੂ, ਤੂੰ ਵਿਹਲਾ ਬੈਠਾ ਕੁੱਤਿਆਂ ਨੂੰ ਅੰਦਰ ਆਉਣੋਂ ਨਹੀਂ ਰੋਕ ਸਕਦਾ।’ ‘ਪੁੱਤ! ਮੇਰੀ ਨਜਰ ਬਹੁਤੀ ਕਮਜ਼ੋਰ ਹੋ ਗਈ ਹੈ। ਤਾਹੀਓਂ ਸ਼ੈਤ ਕੋਈ ਕੁੱਤਾ ਮਲਕੜੇ ਜਹੇ ਅੰਦਰ ਲੰਘ ਗਿਆ ਹੋਣਾ।” ਬਾਪੂ ਅਤਿ ਹਲੀਮੀ ਨਾਲ ਉੱਤਰ ਦਿੰਦਾ ਹੈ। ਪਰ ਪੁੱਤਰ ਨੂੰ ਉੱਤਰ ਸੁਣਨ ਦੀ ਵਿਹਲ ਨਹੀਂ ਸੀ।
ਕੁਝ ਫੁਟਕਲ ਦ੍ਰਿਸ਼ ਜੋ ਰੋਜ਼ ਨਜ਼ਰੀਂ ਪੈਂਦੇ ਹਨ। ਕਿਸੇ ਬਾਗ਼ ਦੇ ਕੋਨੇ ਵਿਚ ਕੋਈ ਬਜ਼ੁਰਗ ਆਪਣੇ ਗੋਡਿਆਂ ਵਿਚ ਸਿਰ ਦੇਈ, ਬਾਹਾਂ ਦੀ ਗਲਵਕੜੀ ਪਾਈ ਆਪਣੇ ਬੁਢਾਪੇ ਨੂੰ ਕੋਸਦਾ ਡੁਸਕ ਰਿਹਾ ਸੀ। ਕੋਈ ਬਾਪੂ ਲੜਖੜਾਂਦੀਆਂ ਲੱਤਾਂ ਨਾਲ, ਧਰਤੀ ’ਤੇ ਪੈਰ ਘਸੀਟਦਾ ਆਪਣੇ ਆਪ ਨਾਲ ਗੱਲੀਂ ਰੁੱਝਾ ਹੈ। ਚਾਰ ਵੱਸਦੇ-ਰੱਸਦੇ ਪੁੱਤਰਾਂ ਦੇ ਇਕੱਲ ਭੋਗਦੇ ਬੁੱਢੇ ਮਾਪੇ, ਇਸ ਚਿੰਤਾ ਵਿਚ ਗ਼ਲਤਾਨ ਹਨ ਕਿ ਅੱਜ ਤਾਂ ਰਿੜ੍ਹ-ਖੁੜ੍ਹ ਕੇ ਇਕ-ਦੂਜੇ ਦੀ ਲੋੜ ਪੂਰੀ ਕਰ ਲੈਂਦੇ ਹਾਂ, ਪਰ ਕੱਲ੍ਹ ਜਦੋਂ ਕੋਈ ਇਕੱਲਾ ਰਹਿ ਗਿਆ ਤਾਂ ਕੀ ਹੋਊਗਾ? ਖਾਂਦੇ-ਕਮਾਉਂਦੇ ਪੁੱਤਰਾਂ ਦੀ ਅੱਸੀਆਂ ਤੋਂ ਟੱਪੀ ਵਿਧਵਾ ਮਾਤਾ ਕਿਉਂ ਅੱਡ-ਇਕੱਲਾ ਰਹਿਣਾ ਪਸੰਦ ਕਰਦੀ ਹੈ? ਸਰਕਾਰੀ ਹਸਪਤਾਲ ਦੇ ਧੱਕੇ ਖਾਂਦਾ ਦਮੇ ਦਾ ਮਾਰਿਆ ਬੁੱਢਾ ਢਾਂਚਾ। ਕੋਈ, ਕਿਸੇ ਲੰਗਰ ਦਾ ਆਸਰਾ ਜੋਂਹਦਾ ਨਿਰਾਸਰਾ। ਅਜਿਹੇ ਅਣਗਿਣਤ ਤ੍ਰਿਕਾਲਾਂ ਦੇ ਡੋਲੇ ਪਰਛਾਵੇਂ, ਵਿਚਰਦੇ ਹੋਏ ਆਪਣੇ ਅੰਤ ਦੀ ਭਿਖਿਆ ਮੰਗਦੇ ਹਨ।
ਮੁਆਫ਼ ਕਰਨਾ ਮੰਦਰਾਂ ਜਾਂ ਗੁਰਦੁਆਰਿਆਂ ਵਿਚ ਭਜਨ-ਕੀਰਤਨ ਸੁਣਦੇ, ਅਧਿਕਤਰ ਬਜ਼ੁਰਗਾਂ ਵਿੱਚੋਂ ਬਹੁਤ ਹੀ ਵਿਰਲੇ ਹੋਣਗੇ ਜਿਹੜੇ ਅੰਦਰੋਂ ਸ਼ਾਂਤ ਹੋਣਗੇ। ਅੰਦਰ ਝੱਲਦੇ ਝੱਖੜਾਂ ਤੋਂ ਹਾਰ ਕੇ ਦਇਆ ਦੀ ਭੀਖ ਮੰਗੀ ਜਾਂਦੀ ਹੈ। ਪਰ ਕੋਈ ਵਿਰਲਾ ਹੀ ਉਸ ਦੇ ਭਾਣੇ ਨੂੰ ਮਿੱਠਾ ਕਰ ਮੰਨਣ ਦੀ ਅਰਜ਼ੋਈ ਕਰਦਾ ਹੋਵੇਗਾ।
ਬੁਢਾਪੇ ਦੀ ਵੈਤਰਨੀ ਸਹਿਜ ਰੂਪ ਨਾਲ ਪਾਰ ਕਰ ਸਕਣੀ ਅਕਾਲ ਪੁਰਖ ਦੀ ਕਿਰਪਾ ਤੋਂ ਬਿਨਾਂ ਸੰਭਵ ਹੀ ਨਹੀਂ। ਬੁਢਾਪੇ ਬਾਰੇ ਸਾਹਿਤਕਾਰ ਸ੍ਰੀ ਦੇਵਿੰਦਰ ਸਤਿਆਰਥੀ ਜੀ ਨੇ ਆਪਣੇ ਪਾਤਰ ਦੇ ਮੂੰਹੋਂ ਕੇਹੀ ਸਟੀਕ ਟਿੱਪਣੀ ਕਰਵਾਈ ਹੈ ਕਿ ‘ਬੁਢਾਪਾ ਅਜਿਹਾ ਸਮੁੰਦਰ ਹੈ ਜਿਸ ਵਿਚ ਦੁੱਖ ਦੀਆਂ ਸਭ ਨਦੀਆਂ ਆ ਕੇ ਡਿੱਗਦੀਆਂ ਹਨ।’
ਬਾਬਾ ਫਰੀਦ ਜੀ ਦੀ ਪਾਵਨ ਬਾਣੀ ਦਾ ਇਹ ਸਲੋਕ ਬੁਢਾਪੇ ਦਾ ਮੂੰਹ-ਬੋਲਦਾ ਸ਼ਬਦ-ਚਿੱਤਰ ਹੈ:
ਫਰੀਦਾ ਇਨੀ ਨਿਕੀ ਜੰਘੀਐ ਥਲ ਡੂੰਗਰ ਭਵਿਓਮਿ੍॥
ਅਜੁ ਫਰੀਦੈ ਕੂਜੜਾ ਸੈ ਕੋਹਾਂ ਥੀਓਮਿ॥ (ਪੰਨਾ 1378)
ਬੁਢਾਪਾ ਤਾਂ ਅਵੱਸ਼-ਭਾਵੀ ਹੈ ਜੋ ਜਵਾਨੀ ਦੇ ਮੌਸਮ ਤੋਂ ਬਾਅਦ ਆਏਗਾ ਹੀ। ਚਾਹੇ ਜਵਾਨੀ ਨੂੰ ਕਿੰਨਾ ਵੀ ਬੰਨ੍ਹ ਕੇ ਰੱਖਣ ਦੀ ਵਿਅਰਥ ਕੋਸ਼ਿਸ਼ ਕੀਤੀ ਜਾਏ। ਸਿਆਣਪ ਇਸੇ ਵਿਚ ਹੀ ਹੈ ਕਿ ਆਉਣ ਵਾਲੇ ਕੱਲ੍ਹ ਬਾਰੇ ਵੀ ਪੇਸ਼-ਕਦਮੀ ਕੀਤੀ ਜਾਵੇ। ਜੇ ਅੱਜ ਦਾ ਬੁਢਾਪਾ ਆਪਣੇ ਹੀ ਪਰਛਾਵੇਂ ਵਿਚ ਸਿਮਟਣ ਲਈ ਮਜਬੂਰ ਹੈ ਤਾਂ ਕੱਲ੍ਹ ਦੇ ਬੁਢਾਪੇ ਨੂੰ ਕਿੱਥੇ ਢੋਈ ਮਿਲੇਗੀ? ਅਰਥਾਤ ਅੱਜ ਦੀ ਯੁਵਾ ਪੀੜ੍ਹੀ ਦਾ ਬੁਢਾਪਾ ਕਿਸੇ ਨਿਵੇਕਲੇ ਗ੍ਰਹਿ ਦਾ ਵਾਸੀ ਹੋਵੇਗਾ ਕਿਉਂਕਿ ਧਰਤੀ ਦੀ ਛੋਹ ਤਾਂ ਉਹ ਛੱਡ ਹੀ ਬੈਠਾ ਹੈ।
ਦੇਸ਼ ਦੀ ਰਾਜਨੀਤੀ ਦੇ ਘਾੜਿਓ! ਹੋਰ ਨਹੀਂ ਤਾਂ 20-22% ਸਾਠਿਆਂ ਦੀਆਂ ਵੋਟਾਂ ਲੈਣ ਦੀ ਖ਼ਾਤਰ ਹੀ ਬੁਢਾਪੇ ਦੀਆਂ ਸਮੱਸਿਆਵਾਂ ਨੂੰ ਆਪਣੇ ਏਜੰਡੇ ਵਿਚ ਥਾਂ ਦੇ ਦਿਉ। ਉਨ੍ਹਾਂ ਦਾ ਇਕੱਲਾਪਨ, ਉਨ੍ਹਾਂ ਦੀ ਉਪੇਖਿਆ, ਸਰੀਰਕ ਤੇ ਮਾਨਸਿਕ ਤ੍ਰਾਸਦੀ ਸਮਾਜ/ਸਰਕਾਰ ਦੇ ਮੱਥੇ ’ਤੇ ਕਲੰਕ ਹੈ।
ਬਿਰਧ ਘਰ ਇਸ ਸਮੱਸਿਆ ਦਾ ਕੋਈ ਤਸੱਲੀਬਖ਼ਸ਼ ਹੱਲ ਨਹੀਂ। ਪੱਛਮੀ ਦੇਸ਼ਾਂ ਦੇ ਬਜ਼ੁਰਗਾਂ ਲਈ ਇਕੱਲੇਪਨ ਨੂੰ ਹੰਢਾਉਣਾ ਕੋਈ ਖਾਸ ਸਮੱਸਿਆ ਨਹੀਂ ਕਿਉਂਕਿ ਉਨ੍ਹਾਂ ਦੀ ਜੀਵਨ-ਸ਼ੈਲੀ ਮੁੱਖ ਤੌਰ ’ਤ ਇਕਾਈ ’ਤੇ ਟਿਕੀ ਹੋਈ ਹੈ ਜਦਕਿ ਪੂਰਬੀ ਦੇਸ਼, ਅਰਥਾਤ ਭਾਰਤੀ ਚਿੰਤਨ ਪਰਵਾਰ-ਪ੍ਰਿਯ ਹੈ ਇਥੇ ਅਜਿਹੇ ਪੁੱਤਰ ਬਹੁਤ ਹਨ ਜੋ ਪੱਛਮ ਦੀ ਅੰਨ੍ਹੀ ਨਕਲ ਕਾਰਨ ਆਪਣੇ ਜਨਕ ਤੇ ਜਨਨੀ ਦਾ ਅਪਮਾਨ ਕਰਨੋਂ ਵੀ ਨਹੀਂ ਝਿਜਕਦੇ। ਜਿਨ੍ਹਾਂ ਨੂੰ ਮਾਂ ਨੂੰ ‘ਮਾਂ’ ਕਹਿਣ ਵਿਚ ਸ਼ਰਮ ਮਹਿਸੂਸ ਹੁੰਦੀ ਹੋਵੇ ਉਹ ਧਰਤੀ ਨੂੰ ਮਾਂ ਦੀ ਪਦਵੀ ਕਿਵੇਂ ਦੇਣਗੇ? ਉਹ ਕਿਵੇਂ ਚੁਕਾਉਣਗੇ ਧਰਤੀ ਮਾਂ ਦਾ ਕਰਜ਼?
ਸਾਡੇ ਦੁਆਰਾ ਘਰੇਲੂ ਦਾਇਰੇ ’ਚ ਧਾਰਮਕ ਸਮਾਗਮ ਕਰਵਾਏ ਕਿਸ ਅਰਥ, ਜਦੋਂ ਮਨੁੱਖ ਦੀ ਮਨੁੱਖਤਾ ਹੀ ਗਵਾਚ ਗਈ? ਸਾਡੀਆਂ ਆਲੀਸ਼ਾਨ ਕੋਠੀਆਂ ਦੀ ਚਕਾ-ਚੌਂਧ ਕਿਸ ਕੰਮ, ਜੇ ਸਾਨੂੰ ਜਨਮ ਦੇਣ ਵਾਲੇ ਆਪਣੇ ਅੰਤਮ ਪੜਾਅ ’ਚ ਦਰ-ਦਰ ਰੁਲਦੇ ਫਿਰਨ? ਇਹ ਆਸਤਕ ਧਰਮਾਂ ਲਈ ਸਭ ਤੋਂ ਵੱਡੀ ਵੰਗਾਰ ਹੈ ਕਿ ‘ਮਾਨਸ ਕੀ ਜਾਤ’ ਵਿਚ ਪ੍ਰੇਮ ਦਾ ਸੂਤਰ ਸੁਰਜੀਤ ਹੋਵੇ। ਬੰਦਾ, ਬੰਦੇ ਨਾਲ ਜੁੜ ਸਕੇ ਕਿਉਂਕਿ ਬੰਦੇ ਨਾਲ ਜੁੜਿਆ ਬੰਦਾ ਹੀ ਕਰਤੇ ਨਾਲ ਜੁੜ ਸਕੇਗਾ ਅਤੇ ਪ੍ਰੇਤੀ ਬਿਰਤੀ ਦੀ ਕੈਦ ਵਿੱਚੋਂ ਛੁਟਕਾਰਾ ਪਾ ਸਕੇਗਾ। ਤਾਂ ਹੀ ਜੀਵਨ ਦੀਆਂ ਤਿੰਨ ਅਵਸਥਾਵਾਂ ਆਪਣੇ ਸਹਿਜ ਰੂਪ ਵਿਚ ਵਿਚਰ ਸਕਣਗੀਆਂ।
ਇਹ ਠੀਕ ਹੈ ਕਿ ਜਵਾਨੀ ਕੋਲ ਸਮੇਂ ਦੀ ਘਾਟ ਰਹਿੰਦੀ ਹੈ ਪਰ ਫਿਰ ਵੀ ਦੋ ਪਲ, ਬਜ਼ੁਰਗਾਂ ਦੇ ਨਮਿਤ ਕੱਢਣੇ ਇੰਨੇ ਕਠਿਨ ਨਹੀਂ। ਬਸ, ਭਾਵਨਾ ਹੋਣੀ ਚਾਹੀਦੀ ਹੈ। ਪਰ ਜਦੋਂ ਬਜ਼ੁਰਗਾਂ ਤੋਂ ਉਨ੍ਹਾਂ ਦੇ ਮੂਲ ਦਾ ਵਿਆਜ ਵੀ ਖੁੱਸ ਗਿਆ ਹੈ ਤਾਂ ਉਨ੍ਹਾਂ ਦੀ ਇਸ ਤੋਂ ਵੱਧ ਤਰਸਯੋਗ ਹਾਲਤ ਕੀ ਹੋਵੇਗੀ? ਉਨ੍ਹਾਂ ਦੀ ਇੰਨੀ ਅਵੱਗਿਆ ਨਾ ਕਰੋ ਕਿ ਬੁਢਾਪਾ ਹੋਰ ਭਾਰੂ ਹੋ ਜਾਏ। ਦੋ ਮਿੱਠੇ ਬੋਲ ਹੀ, ਉਨ੍ਹਾਂ ਲਈ ਸੰਜੀਵਨੀ ਦੇ ਸਮਾਨ ਹਨ। ਜੇ ਅੱਜ ਦੀ ਪੀੜ੍ਹੀ ਆਪਣੇ ਬਜ਼ੁਰਗਾਂ ਦਾ ਤ੍ਰਿਸਕਾਰ ਕਰੇਗੀ ਤਾਂ ਯਕੀਨ ਜਾਣੋ, ਕੱਲ੍ਹ ਉਨ੍ਹਾਂ ਦੀ ਝੋਲੀ ਵਿਚ ਵੀ ਤ੍ਰਿਸਕਾਰ ਹੀ ਪਵੇਗਾ। ਸ਼ਾਇਦ ਅੱਜ ਨਾਲੋਂ ਵੀ ਕਿਤੇ ਵੱਧ ਤ੍ਰਿਸਕਾਰ। ਦੂਜੀ ਗੱਲ ਕਿ ਅਸੀਂ ਬਜ਼ੁਰਗ ਵੀ ਇਹ ਗੱਲ ਚੇਤੇ ਰੱਖੀਏ ਕਿ ਸਹੀ ਸਮੇਂ ’ਤੇ ਕਹੀ ਗਈ ਸਹੀ ਗੱਲ ਹੀ ਆਪਣਾ ਪ੍ਰਭਾਵ ਛੱਡਦੀ ਹੈ। ਜਵਾਨੀ ਨੂੰ ਸਿੰਗਾਂ ਤੋਂ ਫੜ ਕੇ ਪਿਛਾਂਹ ਨਹੀਂ ਮੋੜਿਆ ਜਾ ਸਕਦਾ।
ਇਹ ਵੀ ਸੱਚ ਹੈ ਕਿ ਜਿਨ੍ਹਾਂ ਬਜ਼ੁਰਗਾਂ ਨੇ ਸਾਰੀ ਉਮਰ, ਚਿਰੰਤਨ, ਕਦਰਾਂ-ਕੀਮਤਾਂ ਨੂੰ ਪਾਲਿਆ-ਪੋਸਿਆ ਤੇ ਹੰਢਾਇਆ ਹੈ, ਉਹ ਵੀ ਨਿਰ-ਅਰਥਕ ਨਹੀਂ। ਉਨ੍ਹਾਂ ਦੇ ਕਹਿਣ ਦਾ ਢੰਗ ਗਲਤ ਹੋ ਸਕਦਾ ਹੈ ਪਰ ਭਾਵ ਜਾਂ ਭਾਵਨਾ ਨਿਸ਼ਚਿਤ ਰੂਪ ਵਿਚ ਕਲਿਆਣਕਾਰੀ ਹੁੰਦੀ ਹੈ।
ਜਦ ਤਕ ਘਰ ਸਹੀ ਅਰਥਾਂ ਵਿਚ ਘਰ ਨਹੀਂ ਬਣਦੇ, ਅਰਥਾਤ ਉਸ ਵਿਚ ਵੱਸਣ ਵਾਲੇ ਇਕ ਦੂਸਰੇ ਨਾਲ ਨਹੀਂ ਜੁੜਦੇ, ਜੀਵਨ ਵਿਚ ਸਹਿਜਤਾ ਦੀ ਕਲਪਨਾ ਕਰਨੀ ਮੂਰਖਤਾ ਤੋਂ ਘੱਟ ਨਹੀਂ। ਤੋੜਨ ਲਈ ਦੋ ਫਿੱਕੇ ਬੋਲ, ਤਲਵਾਰ ਦੇ ਫੱਟ ਨੂੰ ਵੀ ਮਾਤ ਪਾਉਂਦੇ ਹਨ ਅਤੇ ਦੋ ਮਿੱਠੇ ਬੋਲ ਪਰਾਏ ਨੂੰ ਵੀ ਆਪਣਾ ਬਣਾਉਣ ਦੇ ਸਮਰੱਥ ਹਨ।
ਵਿੱਥ ਦਾ ਸਭ ਤੋਂ ਵੱਡਾ ਕਾਰਨ ਇਹ ਪ੍ਰਤੀਤ ਹੁੰਦਾ ਹੈ ਕਿ ਅਸੀਂ ਜੀਵਨ ਦਾ ਮਨੋਰਥ ਹੀ ਭੁੱਲ ਬੈਠੇ ਹਾਂ।
ਬੁੱਢਿਆਂ ਨੂੰ ਅਕਸਰ ਉਪਦੇਸ਼ ਦਿੱਤਾ ਜਾਂਦਾ ਹੈ ਕਿ ਸਾਰੀ ਉਮਰ ਬਥੇਰਾ ਖਾ-ਹੰਢਾ ਲਿਆ, ਅਖੀਰ ਵੇਲੇ ਤਾਂ ਹੁਣ ਤਾਂ ਰੱਬ-ਰੱਬ ਕਰੋ। ਸੱਜਣੋਂ! ਜਿਨ੍ਹਾਂ ਸਾਰੀ ਉਮਰ, 99ਵੇਂ (ਨੜਿੰਨਵੇਂ) ਦੇ ਫੇਰ ਵਿਚ ਲੰਘਾਈ ਹੋਵੇ, ਮਾਇਆ ਦੇ ਪੰਕ ਵਿਚ ਲੋਟਣੀਆਂ ਲਈਆਂ ਹੋਣ ਉਹ ਇਸ ਪੜਾਅ ਵਿਚ ਕੇਵਲ ਅਤੀਤ ਦੀ ਜੁਗਾਲੀ ਹੀ ਕਰ ਸਕਦੇ ਹਨ ਅਤੇ ਕਿਸਮਤ ਦਾ ਰੋਣਾ ਹੀ ਰੋ ਸਕਦੇ ਹਨ। ਦੁੱਧ ਨੂੰ ਜਾਗ ਲੱਗੀ ਹੁੰਦੀ, ਤਾਂ ਹੀ ਸੋਝ ਦਾ ਲੜ ਹੱਥ ਆਉਂਦਾ! ਹੁਣ ਤਾਂ ਰੈਣ ਕੀ, ਦਿਨ ਵੀ ਛਿਪਣ ਨੂੰ ਹੈ। ਧੰਨ ਨੇ ਉਹ ਗੁਰੂ ਦੇ ਪਿਆਰੇ, ਜੋ ਅੰਤਲੇ ਪਹਿਰ ਹੀ ਚੇਤ ਜਾਂਦੇ ਹਨ ਪਰ ਬਾਬਾ ਫਰੀਦ ਜੀ ਨੇ ਆਪਣੀ ਪਾਵਨ ਬਾਣੀ ਵਿਚ ਇਸ ਤੱਥ ਨੂੰ ਇਨ੍ਹਾਂ ਸ਼ਬਦਾਂ ਵਿਚ ਉਲੀਕਿਆ ਹੈ:
ਫਰੀਦਾ ਕਾਲੀਂ ਜਿਨੀ ਨ ਰਾਵਿਆ ਧਉਲੀ ਰਾਵੈ ਕੋਇ॥
ਕਰਿ ਸਾਂਈ ਸਿਉ ਪਿਰਹੜੀ ਰੰਗੁ ਨਵੇਲਾ ਹੋਇ॥ (ਪੰਨਾ 1378)
ਭਾਵ ਜਵਾਨੀ ਵਿਚ ਪ੍ਰਭੂ ਨਾਮ ਨਾਲ ਨਾ ਜੁੜਨ ਵਾਲਿਆਂ ’ਚੋਂ ਕੋਈ ਬਹੁਤ ਵਿਰਲਾ ਹੀ ਐਸਾ ਹੁੰਦਾ ਹੈ ਜੋ ਬੁਢਾਪੇ ਵੇਲੇ ਇਸ ਨਾਲ ਜੁੜ ਸਕਦਾ ਹੈ। ਇਸ ਲਈ ਹੇ ਮਨੁੱਖ! ਤੇਰੇ ਲਈ ਇਹੀ ਬਿਹਤਰ ਹੈ ਕਿ ਤੂੰ ਜਵਾਨੀ ਦੀ ਅਵਸਥਾ ਸਮੇਂ ਹੀ ਪ੍ਰਭੂ ਨਾਮ ਨਾਲ ਜੁੜ ਸਕੇਂ, ਤੇਰੇ ’ਤੇ ਪ੍ਰਭੂ ਨਾਮ ਦਾ ਰੰਗ ਚੜ੍ਹ ਸਕੇ। ਸਾਹਿਬ ਸ੍ਰੀ ਗੁਰੂ ਅਮਰਦਾਸ ਜੀ, ਉਸ ਸਾਈਂ/ਉਸ ਸਾਹਿਬ ਦੀ ਕਾਲਾਤੀਤ ਬਖ਼ਸ਼ਿਸ਼ ਦੀ ਵਿਆਖਿਆ ਕਰਦਿਆਂ ਫਰਮਾਨ ਕਰਦੇ ਹਨ ਕਿ:
ਆਪਣਾ ਲਾਇਆ ਪਿਰਮੁ ਨ ਲਗਈ ਜੇ ਲੋਚੈ ਸਭੁ ਕੋਇ॥
ਏਹੁ ਪਿਰਮੁ ਪਿਆਲਾ ਖਸਮ ਕਾ ਜੈ ਭਾਵੈ ਤੈ ਦੇਇ॥ (ਪੰਨਾ 1378)
ਆਪਣਾ ਕਰਤੱਬੀਂ ਹੀ ਸਹੀ, ਅੱਜ ਹਰ ਮਨੁੱਖ, ਵਿਸ਼ੇਸ਼ ਰੂਪ ਵਿਚ ਤੀਸਰੇ ਪੜਾਅ ਦਾ ਯਾਤਰੀ ਦੁੱਖਾਂ ਦੇ ਹੰਝੂਆਂ ਦੀ ਪੋਟਲੀ ਚੁੱਕੀ ਫਿਰਦਾ ਹੈ। ਅਸ਼ਕੇ, ਉਸ ਉਂਗਲ ਦੇ, ਜੋ ਕਿਸੇ ਦੁਖੀ ਦੇ ਹੰਝੂ ਪੂੰਝਦੀ ਹੈ, ਉਹ ਕੰਨ ਜੋ ਕਿਸੇ ਦਾ ਦੁੱਖ ਸੁਣਦੇ ਹਨ, ਉਹ ਬੋਲ ਜੋ ਕਿਸੇ ਨੂੰ ਧਰਵਾਸ ਦਿੰਦੇ ਹਨ, ਉਹ ਹੱਥ ਜੋ ਸੇਵਾ ਲਈ ਹਾਜ਼ਰ ਰਹਿੰਦੇ ਹਨ। ਉਹ ਹਿਰਦਾ ਜੋ ਪਰਾਏ ਦੁੱਖ ਨੂੰ ਆਪਣਾ ਦੁੱਖ ਜਾਣ ਕੇ ਦ੍ਰਵਿਤ ਹੁੰਦਾ ਹੈ ਅਤੇ ਸਭ ਤੋਂ ਉੱਪਰ ਉਹ ਚੇਤੰਨ ਮਨ, ਜਿਸ ਵਿਚ ਅਕਾਲ ਪੁਰਖ ਦੀ ਮਿਹਰ ਸਦਕਾ ਅਜਿਹੇ ਭਾਵਾਂ ਨੇ ਜਨਮ ਲਿਆ। ਅਜਿਹੇ ਗੁਰਮੁਖ ਪਿਆਰੇ ਹੀ ਇਸ ਤਹਿਸ-ਨਹਿਸ ਹੋਈ ਫੁਲਵਾੜੀ ਨੂੰ ਸਵਾਰ ਸਕਦੇ ਹਨ। ਅਸੀਂ ਉਸ ਅਕਾਲ ਪੁਰਖ ਅੱਗੇ ਅਰਜ਼ੋਈ ਹੀ ਕਰ ਸਕਦੇ ਹਾਂ ਕਿ:
ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ॥
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ॥ (ਪੰਨਾ 853)
ਆਪਣੀ ਵਿਥਿਆ ਦੱਸਣ ਲਈ, ਮਨੁੱਖ ਦਾ ਹੀਲਾ, ਅਰਦਾਸ ਹੀ ਹੈ। ਇਕ ਅਜਿਹੀ ਅਰਦਾਸ ਮੈਂ ਇਕ ਹਸਪਤਾਲ ਦੇ ਉਡੀਕ-ਘਰ ਵਿਚ ਲੱਗੀ ਹੋਈ ਵੇਖੀ ਸੀ, ਜੋ ਮਨ ਨੂੰ ਮੋਹ ਗਈ ਤੇ ਮੇਰੀ ਡਾਇਰੀ ਦਾ ਹਿੱਸਾ ਬਣ ਗਈ। ਮਨ ਵਿਚ ਆਇਆ ਹੈ ਕਿ ਇਸ ਨੂੰ ਆਪ ਸਭ ਨਾਲ ਵੀ ਸਾਂਝਿਆਂ ਕਰਾਂ ਜੋ ਇਸ ਪ੍ਰਕਾਰ ਹੈ:
GOD! Grant me the Serenity to accept the things, I can-not change the courage to change the things I can and the wisdom to know the difference.
ਹੁਕਮ ਨੂੰ ਬੁੱਝਣ/ਮੰਨਣ, ਰਜ਼ਾ ਵਿਚ ਰਹਿਣ ਅਤੇ ਬਿਬੇਕ ਦਾਨ ਦੀ ਮੰਗ। ਸੱਚ ਕਿਹਾ ਜਾਏ ਤਾਂ ਵਿਵੇਕ-ਬੁੱਧੀ ਦੀ ਘਾਟ ਹੀ ਮਨੁੱਖੀ ਦੁੱਖਾਂ ਦਾ ਮੁੱਖ ਕਾਰਨ ਹੈ। ਅਜੋਕਾ ਮਨੁੱਖ ਆਸਥਾ ਤੇ ਵਿਸ਼ਵਾਸ ਦੇ ਖੰਭ-ਵਿਹੀਨ ਜੀਵ ਵਾਂਗ ਆਪਣੇ ਕਰਤੱਬੀਂ ਛਟਪਟਾ ਰਿਹਾ ਹੈ।
ਲੇਖਕ ਬਾਰੇ
#22, ਪ੍ਰਭੂ ਪਾਰਕ ਸੁਸਾਇਟੀ, ਪੁਰਾਣੀ ਛਾਉਣੀ ਰੋਡ, ਵਡੋਦਰਾ-2 (ਗੁਜਰਾਤ)
- ਹੋਰ ਲੇਖ ਉਪਲੱਭਧ ਨਹੀਂ ਹਨ