ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਦੀ ਜੀਵਨ-ਜਾਚ ਦਾ ਕੇਂਦਰੀ ਧੁਰਾ ਹੈ। ਮੱਧਕਾਲੀ ਭਗਤੀ ਪਰੰਪਰਾ ਦੇ ਸਮੇਂ ਉਜਾਗਰ ਹੋਏ ਇਸ ਅਨਮੋਲ ਖ਼ਜ਼ਾਨੇ ਵਿਚ ਗੁਰੂ ਸਾਹਿਬਾਨ ਤੋਂ ਇਲਾਵਾ ਭਗਤਾਂ, ਭੱਟਾਂ ਅਤੇ ਗੁਰੂ-ਘਰ ਦੇ ਨਿਕਟਵਰਤੀ ਸਿੱਖਾਂ ਦੀ ਬਾਣੀ ਦਰਜ ਹੈ ਜੋ ਕਿ ਮਾਨਵਤਾ ਦੇ ਸਰਬ-ਪੱਖੀ ਸਰੋਕਾਰਾਂ ਦਾ ਪ੍ਰਗਟਾਵਾ ਕਰਦੀ ਹੈ। ਵੱਖ-ਵੱਖ ਮਜ਼ਹਬਾਂ, ਭੂਗੋਲਿਕ ਖਿੱਤਿਆਂ ਤੇ ਨਸਲਾਂ ਆਦਿ ਨਾਲ ਸੰਬੰਧਿਤ ਹੋਣ ਦੇ ਬਾਵਜੂਦ ਵੀ ਇਨ੍ਹਾਂ ਦੀ ਮਨੁੱਖੀ ਅਤੇ ਅਧਿਆਤਮਕ ਕਦਰਾਂ-ਕੀਮਤਾਂ ਵਾਲੇ ਵਿਚਾਰਾਂ ਦੀ ਸਾਂਝ ਇਨ੍ਹਾਂ ਨੂੰ ਇਕ ਧਰਾਤਲ ’ਤੇ ਲਿਆਉਣ ਦੇ ਨਾਲ-ਨਾਲ ਇਕ-ਦੂਜੇ ਨਾਲ ਜੋੜਦੀ ਹੈ। ਮਾਨਵਤਾ ਦੀ ਅਗਵਾਈ ਨੂੰ ਸਮਰਪਿਤ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੇ, ਇਨ੍ਹਾਂ ਮਹਾਂਪੁਰਸ਼ਾਂ ਵਿੱਚੋਂ ਇਥੇ ਭਗਤ ਸੂਰਦਾਸ ਜੀ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਭਗਤ ਸੂਰਦਾਸ ਜੀ ਨਾਮ ਦੇ ਦੋ ਭਗਤ ਹੋਏ ਹਨ। ਇਨ੍ਹਾਂ ਵਿੱਚੋਂ ਕਿਹੜੇ ਸੂਰਦਾਸ ਭਗਤ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਵਿਚ ਦਰਜ ਹੈ? ਇਸ ਦਾ ਨਿਰਣਾ ਕਰਨ ਵਾਲੇ ਵਿਦਵਾਨਾਂ ਦਾ ਵਿਚਾਰ ਹੈ ਕਿ ਇਕ ਭਗਤ ਸੂਰਦਾਸ ਉੱਤਰੀ ਭਾਰਤ ਵਿਚ ਹੋਏ ਹਨ। ਇਹ ਆਪਣੇ ਪੰਜ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਅਤੇ ਨੇਤਰਹੀਨ ਸਨ। ਭਗਤੀ ਵੱਲ ਝੁਕਾਅ ਸੀ, ਇਕ ਵਾਰ ਤਲਾਬ ਦੇ ਕੰਢੇ ਬੈਠੇ ਭਗਤੀ ਕਰ ਰਹੇ ਸਨ ਕਿ ਇਕ ਜੱਟ ਨੂੰ ਉਸ ਦੀ ਗੁਆਚੀ ਗਊ ਦਾ ਪਤਾ ਦੱਸਿਆ। ਇਸ ਘਟਨਾ ਨਾਲ ਪ੍ਰਸਿੱਧੀ ਹੋ ਗਈ ਅਤੇ ਸ਼ਰਧਾਲੂਆਂ ਦੀ ਭੀੜ ਲੱਗ ਗਈ। ਇਨ੍ਹਾਂ ਨੇ ਕ੍ਰਿਸ਼ਨ ਭਗਤੀ ਦਾ ਪ੍ਰਗਟਾਵਾ ਕੀਤਾ ਅਤੇ ਇਨ੍ਹਾਂ ਦੀ ਰਚਨਾ ‘ਸੂਰਸਾਗਰ’ ਨਾਮਕ ਗ੍ਰੰਥ ਵਿਚ ਮਿਲਦੀ ਹੈ। ਇਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲੇ ਭਗਤ ਸੂਰਦਾਸ ਨਹੀਂ ਮੰਨਿਆ ਜਾਂਦਾ।1 ਦੂਜੇ ਭਗਤ ਸੂਰਦਾਸ ਜੀ ਦਾ ਨਾਮ ਮਦਨ ਮੋਹਨ ਸੀ, ਜਿਨ੍ਹਾਂ ਦਾ ਜਨਮ ਸੰਮਤ 1586 ਨੂੰ ਬ੍ਰਾਹਮਣ ਪਰਵਾਰ ਵਿਚ ਹੋਇਆ। ਇਹ ਸੰਸਕ੍ਰਿਤ, ਹਿੰਦੀ, ਫ਼ਾਰਸੀ ਦੇ ਪੂਰਨ ਵਿਦਵਾਨ ਸਨ।2 ਇਨ੍ਹਾਂ ਨੇ ਪ੍ਰੇਮ ਨੂੰ ਸਰਵੋਤਮ ਦੈਵੀ ਭਾਵਨਾ ਦਾ ਪ੍ਰਤੀਕ ਮੰਨ ਕੇ ਰਚਨਾ ਕੀਤੀ। ਸੰਗੀਤ, ਕਵਿਤਾ ਅਤੇ ਹੋਰ ਕੋਮਲ ਕਲਾਵਾਂ ਵਿਚ ਮੁਹਾਰਤ ਹਾਸਲ ਕਰਨ ਦੇ ਨਾਲ-ਨਾਲ ਇਨ੍ਹਾਂ ਨੂੰ ਅਧਿਆਤਮਕ ਦੈਵੀ ਗਿਆਨ ਤੋਂ ਪ੍ਰਾਪਤ ਹੋਣ ਵਾਲਾ ਅਨੰਦ ਪ੍ਰਾਪਤ ਸੀ। ਪ੍ਰਭੂ ਦੀ ਪ੍ਰੇਮ-ਭਾਵਨਾ ਵਿਚ ਇਨ੍ਹਾਂ ਦੇ ਮੁਖਾਰਬਿੰਦ ਤੋਂ ਉਚਰਿਤ ਹੋਇਆ ਕਾਵਿ-ਬੰਦ ਛੇਤੀ ਹੀ ਲੋਕਾਂ ਦੇ ਮਨਾਂ ਵਿਚ ਘਰ ਕਰ ਜਾਂਦਾ।3
ਇਸ ਸਮੇਂ ਭਾਰਤ ਵਿਚ ਮੁਗ਼ਲ ਬਾਦਸ਼ਾਹ ਅਕਬਰ ਦਾ ਰਾਜ ਸੀ। ਉਹ ਕਲਾਕਾਰਾਂ, ਸਾਹਿਤਕ ਰੁਚੀਆਂ ਅਤੇ ਅਧਿਆਤਮਕ ਬਿਰਤੀ ਵਾਲਿਆਂ ਨੂੰ ਪਸੰਦ ਕਰਦਾ, ਉਨ੍ਹਾਂ ਨੂੰ ਯੋਗ ਇਨਾਮ ਦੇ ਕੇ ਉਤਸ਼ਾਹਤ ਕਰਦਾ ਅਤੇ ਆਪਣੀ ਸਰਪ੍ਰਸਤੀ ਪ੍ਰਦਾਨ ਕਰਦਾ। ਜਦੋਂ ਬਾਦਸ਼ਾਹ ਨੂੰ ਭਗਤ ਸੂਰਦਾਸ ਜੀ ਦੀਆਂ ਰੁਚੀਆਂ ਦਾ ਪਤਾ ਲੱਗਾ ਤਾਂ ਬਹੁਤ ਖੁਸ਼ ਹੋਇਆ। ਲੱਗਭਗ ਸਮੂਹ ਸਿੱਖ ਵਿਦਵਾਨ ਇਸ ਗੱਲ ਦੀ ਪ੍ਰੋੜ੍ਹਤਾ ਕਰਦੇ ਹਨ ਕਿ ਭਗਤ ਸੂਰਦਾਸ ਜੀ ਦੀਆਂ ਰੁਚੀਆਂ ਨੂੰ ਸਾਹਮਣੇ ਰੱਖ ਕੇ ਬਾਦਸ਼ਾਹ ਨੇ ਉਨ੍ਹਾਂ ਨੂੰ ਅਵਧ ਦੇ ਇਲਾਕੇ ਵਿਚ ‘ਸੰਦੀਲਾ’ ਦਾ ਹਾਕਮ ਨਿਯੁਕਤ ਕਰ ਦਿੱਤਾ। ਇਲਾਕੇ ਦੇ ਲੋਕਾਂ ਪਾਸੋਂ ਜ਼ਮੀਨ ਦਾ ਮਾਮਲਾ ਇਕੱਤਰ ਕਰ ਕੇ ਸਰਕਾਰੀ ਖ਼ਜ਼ਾਨੇ ਵਿਚ ਜਮ੍ਹਾਂ ਕਰਾਉਣਾ ਇਨ੍ਹਾਂ ਦਾ ਮੁੱਖ ਕਾਰਜ ਸੀ। ਧਾਰਮਿਕ ਰੁਚੀ ਦੇ ਮਾਲਕ ਹੋਣ ਕਰਕੇ ਸਾਧੂਆਂ ਦੀ ਸੰਗਤ ਅਤੇ ਉਨ੍ਹਾਂ ਦੀ ਸੇਵਾ ਕਰਨ ਵਿਚ ਇਹ ਆਪਣੀ ਖੁਸ਼ੀ ਸਮਝਦੇ ਸਨ। ਇਸ ਤੋਂ ਇਲਾਵਾ ਇਲਾਕੇ ਦੇ ਗ਼ਰੀਬਾਂ ਅਤੇ ਲੋੜਵੰਦਾਂ ਦੀ ਸਮੇਂ ਸਿਰ ਸਹਾਇਤਾ ਕਰਨ ਵਿਚ ਖੁਸ਼ੀ ਮਹਿਸੂਸ ਕਰਦੇ। ਜਦੋਂ ਖ਼ਜ਼ਾਨੇ ਦੇ ਹਿਸਾਬ ਦੀ ਪੜਤਾਲ ਹੋਣ ਲੱਗੀ ਤਾਂ ਸੂਰਦਾਸ ਜੀ ਉਥੋਂ ਮਥਰਾ ਆ ਗਏ। ਮਥਰਾ ਆ ਕੇ ਆਪ ਜੀ ਨੇ ਸਾਧੂਆਂ ਵਾਲਾ ਬਾਣਾ ਧਾਰਨ ਕਰ ਲਿਆ।4 ਅਧਿਕਾਰੀਆਂ ਦੁਆਰਾ ਸੰਦੂਕ ਖੋਲ੍ਹੇ ਗਏ ਤਾਂ ਸਰਕਾਰੀ ਖ਼ਜ਼ਾਨੇ ਦੀ ਥਾਂ ਠੀਕਰੇ ਹੱਥ ਲੱਗੇ। ਸੰਦੂਕਾਂ ਵਿੱਚੋਂ ਹੱਥ ਲੱਗੀਆਂ ਸਲਿੱਪਾਂ ’ਤੇ ਲਿਖਿਆ ਸੀ ਕਿ ਖ਼ਜ਼ਾਨਾ ਸਾਧੂਆਂ ਅਤੇ ਲੋੜਵੰਦਾਂ ’ਤੇ ਖਰਚ ਦਿੱਤਾ ਗਿਆ ਹੈ। ਬਾਦਸ਼ਾਹ ਅਕਬਰ ਨੂੰ ਪਤਾ ਲੱਗਾ ਤਾਂ ਉਸ ਨੇ ਗੁਨਾਹ ਮਾਫ਼ ਕਰ ਦਿੱਤਾ ਅਤੇ ਭਗਤ ਜੀ ਨੂੰ ਵਾਪਸ ਮੁੜ ਆਉਣ ਲਈ ਕਿਹਾ। ਭਗਤ ਜੀ ਨੇ ਸ਼ਾਹੀ ਨੌਕਰੀ ’ਤੇ ਮੁੜ ਪਰਤਣ ਦੀ ਥਾਂ ਭਗਤੀ ਵਾਲੇ ਜੀਵਨ ਵਿਚ ਹੀ ਰਹਿਣ ਦੀ ਇੱਛਾ ਜਤਾਉਂਦੇ ਹੋਏ ਕਿਹਾ ਕਿ ਉਹ ਹਾਕਮ ਬਣੇ ਰਹਿਣ ਦੀ ਥਾਂ ਸੰਤਾਂ ਦੀਆਂ ਜੁੱਤੀਆਂ ਝਾੜਨੀਆਂ ਵਧੇਰੇ ਪਸੰਦ ਕਰਦੇ ਹਨ। ਬਾਦਸ਼ਾਹ ਦਾ ਪ੍ਰਧਾਨ ਮੰਤਰੀ ਦੀਵਾਨ ਟੋਡਰ ਮੱਲ ਇਸ ਜੁਆਬ ਨੂੰ ਸਹਾਰ ਨਾ ਸਕਿਆ। ਉਸ ਨੇ ਬਾਦਸ਼ਾਹ ਨੂੰ ਉਕਸਾਉਂਦੇ ਹੋਏ ਕਿਹਾ ਕਿ ‘ਜੇਕਰ ਅਜਿਹੇ ਲੋਕ ਇਸੇ ਤਰ੍ਹਾਂ ਹੀ ਮਨਮਰਜੀ ਨਾਲ ਸਰਕਾਰੀ ਖ਼ਜ਼ਾਨੇ ਦੀ ਵਰਤੋਂ ਕਰ ਕੇ ਭੱਜ ਜਾਣ ਤਾਂ ਰਾਜ-ਪ੍ਰਬੰਧ ਖ਼ਤਮ ਹੀ ਸਮਝੋ।’ ਬਾਦਸ਼ਾਹ ਨੇ ਭਗਤ ਸੂਰਦਾਸ ਜੀ ਨੂੰ ਫੜਨ ਦਾ ਆਦੇਸ਼ ਦੇ ਦਿੱਤਾ ਜਿਸ ’ਤੇ ਅਮਲ ਕਰਦੇ ਹੋਏ ਭਗਤ ਸੂਰਦਾਸ ਜੀ ਨੂੰ ਫੜ ਕੇ ਕੈਦਖਾਨੇ ਵਿਚ ਭੇਜ ਦਿੱਤਾ ਗਿਆ। ਜੇਲ੍ਹ ਵਿਚ ਜੇਲ੍ਹਰ ਦੀ ਸਖਤੀ ਦੀ ਤੁਲਨਾ ਭਗਤ ਸੂਰਦਾਸ ਜੀ ਨੇ ਤਿਮਰ ਦਾਸ, ਭਾਵ ਦਸ ਰਾਤਾਂ ਦਾ ਹਨੇਰਾ, ਨਾਲ ਕੀਤੀ ਅਤੇ ਬਾਦਸ਼ਾਹ ਨੂੰ ਲਿਖ ਭੇਜਿਆ ਕਿ ‘ਰਾਤ ਦੇ ਹਨੇਰੇ ਦਾ ਛੁਟਕਾਰਾ ਦੀਵੇ ਦੀ ਰੌਸ਼ਨੀ ਨਾਲ ਹੁੰਦਾ ਹੈ। ਹੇ ਬਾਦਸ਼ਾਹ ਅਕਬਰ! ਸੂਰਜ ਵਾਂਗ ਮੈਨੂੰ ਦਸ ਰਾਤਾਂ ਦੇ ਹਨੇਰੇ (ਤਿਮਰ ਦਾਸ) ਤੋਂ ਮੁਕਤੀ ਦਿਵਾ।’ ਬਾਦਸ਼ਾਹ ਨੇ ਖੁਸ਼ ਹੋ ਕੇ ਸੂਰਦਾਸ ਨੂੰ ਰਿਹਾਅ ਕਰ ਦਿੱਤਾ। ਰਿਹਾਅ ਹੋਣ ਉਪਰੰਤ ਭਗਤ ਜੀ ਨੇ ਰਚਨਾ ਦਾ ਕਾਰਜ ਜਾਰੀ ਰੱਖਿਆ। ਉਨ੍ਹਾਂ ਦੀਆਂ ਰਚਨਾਵਾਂ ਵਿੱਚੋਂ ਕੇਵਲ ਇਕ ਤੁਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਹੈ:
ਛਾਡਿ ਮਨ ਹਰਿ ਬਿਮੁਖਨ ਕੋ ਸੰਗ॥ (ਪੰਨਾ 1253)
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਸਾਹਿਬਾਨ ਦੀ ਬਾਣੀ ਦਰਜ ਕਰਦੇ ਸਮੇਂ ਸੰਬੰਧਿਤ ਗੁਰੂ ਦੀ ਪਛਾਣ ਵਾਸਤੇ ‘ਮਹਲਾ’ ਸ਼ਬਦ ਦਾ ਪ੍ਰਯੋਗ ਕੀਤਾ ਅਤੇ ਭਗਤ ਸਾਹਿਬਾਨ ਦੀ ਬਾਣੀ ਦਰਜ ਕਰਦੇ ਹੋਏ ਉਨ੍ਹਾਂ ਦਾ ਪੂਰਾ ਨਾਮ ਲਿਖ ਦਿੱਤਾ। ਗੁਰੂ ਜੀ ਦੁਆਰਾ ਕੀਤਾ ਗਿਆ ਇਹ ਕਾਰਜ ਭਗਤਾਂ ਦੀ ਅਸਲ ਬਾਣੀ ਨੂੰ ਉਜਾਗਰ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਮਿਲਦੀ ਭਗਤ ਬਾਣੀ ’ਤੇ ਤਾਂ ਸ਼ੰਕੇ ਕੀਤੇ ਮਿਲਦੇ ਹਨ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਭਗਤ ਬਾਣੀ ਦੀ ਪ੍ਰਮਾਣਿਕਤਾ ’ਤੇ ਕੋਈ ਸ਼ੱਕ ਨਹੀਂ ਕਰ ਸਕਦਾ ਕਿਉਂਕਿ ਇਸ ਨੂੰ ਗੁਰੂ ਜੀ ਨੇ ਆਪ ਸੰਕਲਿਤ ਕੀਤਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਗਤਾਂ ਅਤੇ ਭੱਟਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰੇਮ ਅਤੇ ਭਾਈਚਾਰਕ ਸਾਂਝ ਦੇ ਪ੍ਰਤੀਕ ਵਜੋਂ ਉਜਾਗਰ ਕੀਤਾ ਜੋ ਕਿ ਭਵਿੱਖਮੁਖੀ ਸਰੋਕਾਰਾਂ ਦੀ ਤਰਜਮਾਨੀ ਕਰਦਾ ਹੈ। ਭਗਤ ਸੂਰਦਾਸ ਜੀ ਦੀ ਇੱਕੋ ਪੰਕਤੀ ਨੂੰ ਦਰਜ ਕਰਦੇ ਹੋਏ ਇਸ ਗੱਲ ਵੱਲ ਸੰਕੇਤ ਕਰ ਦਿੱਤਾ ਕਿ ਦੂਜਿਆਂ ਦੀ ਪਛਾਣ ਦਾ ਪ੍ਰਗਟਾਵਾ ਕਰਨ ਨਾਲ ਨਾ ਕੇਵਲ ਆਪਣੇ ਆਪ ਨੂੰ ਉੱਚਾ ਚੁੱਕਿਆ ਜਾ ਸਕਦਾ ਹੈ ਬਲਕਿ ਵਡੇਰੇ ਮਨੁੱਖੀ ਹਿੱਤਾਂ ਦੀ ਭਾਵਨਾ ਵੀ ਕਾਇਮ ਕੀਤੀ ਜਾ ਸਕਦੀ ਹੈ। ਭਗਤ ਜੀ ਦੀ ਇੱਕ ਤੁਕ ਤੋਂ ਬਾਅਦ ਉਨ੍ਹਾਂ ਦੇ ਨਾਮ ਹੇਠ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇਕ ਸ਼ਬਦ ਉਚਾਰਨ ਕੀਤਾ ਮਿਲਦਾ ਹੈ:
ਸਾਰੰਗ ਮਹਲਾ 5 ਸੂਰਦਾਸ॥ ੴਸਤਿਗੁਰ ਪ੍ਰਸਾਦਿ॥
ਹਰਿ ਕੇ ਸੰਗ ਬਸੇ ਹਰਿ ਲੋਕ॥
ਤਨੁ ਮਨੁ ਅਰਪਿ ਸਰਬਸੁ ਸਭੁ ਅਰਪਿਓ ਅਨਦ ਸਹਜ ਧੁਨਿ ਝੋਕ॥
ਦਰਸਨੁ ਪੇਖਿ ਭਏ ਨਿਰਬਿਖਈ ਪਾਏ ਹੈ ਸਗਲੇ ਥੋਕ॥
ਆਨ ਬਸਤੁ ਸਿਉ ਕਾਜੁ ਨ ਕਛੁਐ ਸੁੰਦਰ ਬਦਨ ਅਲੋਕ॥
ਸਿਆਮ ਸੁੰਦਰ ਤਜਿ ਆਨ ਜੁ ਚਾਹਤ ਜਿਉ ਕੁਸਟੀ ਤਨਿ ਜੋਕ॥
ਸੂਰਦਾਸ ਮਨੁ ਪ੍ਰਭਿ ਹਥਿ ਲੀਨੋ ਦੀਨੋ ਇਹੁ ਪਰਲੋਕ॥ (ਪੰਨਾ 1253)
ਭਗਤ ਸੂਰਦਾਸ ਜੀ ਦੁਆਰਾ ਰਚਿਤ ਇਹ ਇਕ ਪੰਕਤੀ ਬਹੁਤ ਗਹਿਰ-ਗੰਭੀਰ ਅਰਥ ਪ੍ਰਦਾਨ ਕਰਦੀ ਹੈ। ਇਸ ਵਿੱਚੋਂ ਜਿੱਥੇ ਕਈ ਭਾਵਾਂ ਦਾ ਪ੍ਰਗਟਾਵਾ ਹੁੰਦਾ ਹੈ, ਉਥੇ ਇਹ ਤਤਕਾਲੀ ਸਮਾਜ ਦੀ ਭਗਤੀ ਪਰੰਪਰਾ ਦਾ ਪ੍ਰਗਟਾਵਾ ਵੀ ਕਰਦੀ ਹੈ ਜਿਸ ਵਿਚ ਦੁਨਿਆਵੀ ਵਲਗਣਾਂ ਅਤੇ ਭੇਦਭਾਵ ਤੋਂ ਉੱਪਰ ਉੱਠ ਕੇ ਪ੍ਰਭੂ-ਭਗਤੀ ’ਤੇ ਜ਼ੋਰ ਦਿੱਤਾ ਗਿਆ ਹੈ। ਭਗਤ ਸੂਰਦਾਸ ਜੀ ਦੀ ਬਾਣੀ ਵਿੱਚੋਂ ਜਿਸ ਤਰ੍ਹਾਂ ਦੇ ਸਿਧਾਤਾਂ ਦਾ ਵਰਣਨ ਕੀਤਾ ਗਿਆ ਹੈ, ਉਨ੍ਹਾਂ ਨੂੰ ਤਿੰਨ ਹਿੱਸਿਆਂ ਵਿਚ ਵੰਡ ਕੇ ਵੇਖਿਆ ਜਾ ਸਕਦਾ ਹੈ:
1) ਇੱਕ ਈਸ਼ਵਰ ਵਿਚ ਵਿਸ਼ਵਾਸ
2) ਸਤਿਸੰਗਤ ਦਾ ਮਹੱਤਵ
3) ਚਿਤ-ਬ੍ਰਿਤੀਆਂ ਦੀ ਇਕਾਗਰਤਾ
1) ਇੱਕ ਈਸ਼ਵਰ ਵਿਚ ਵਿਸ਼ਵਾਸ: ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਸਿਖਿਆਵਾਂ ਦਾ ਅਰੰਭ ਪ੍ਰਭੂ ਦੀ ਏਕਤਾ ਨਾਲ ਕੀਤਾ ਜਿਸ ਨੂੰ ਸ੍ਰਿਸ਼ਟੀ ਦਾ ਕਰਤਾ, ਭਰਤਾ ਅਤੇ ਹਰਤਾ ਮੰਨਿਆ ਗਿਆ ਹੈ। ਇਸ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਜਿਸ ਵੀ ਮਹਾਂਪੁਰਸ਼ ਦੀ ਬਾਣੀ ਦਰਜ ਕੀਤੀ, ਉਸ ਵਿਚ ਸੁਰ ਪ੍ਰਭੂਮੁਖੀ ਹੀ ਰਹੀ। ਸਿੱਖ ਧਰਮ ਵਿਚ ਅਵਤਾਰਵਾਦ ਵਿਚ ਵਿਸ਼ਵਾਸ ਨਹੀਂ ਕੀਤਾ ਜਾਂਦਾ ਕਿਉਂਕਿ ਇਸ ਨਾਲ ਜਿੱਥੇ ਬਹੁ-ਈਸ਼ਵਰਵਾਦ ਦੀ ਪਰੰਪਰਾ ਨੂੰ ਬਲ ਮਿਲਦਾ ਹੈ, ਉਥੇ ਸਮਾਜ ਵਿਚ ਵੀ ਵਖਰੇਵੇਂ ਪੈਦਾ ਹੁੰਦੇ ਹਨ। ਇਤਿਹਾਸ ਵਿਚ ਵੈਸ਼ਨਵ ਅਤੇ ਸ਼ੈਵ ਪਰੰਪਰਾਵਾਂ ਵਿਚ ਪੈਦਾ ਹੋਏ ਵਖਰੇਵੇਂ ਸਭ ਦੇ ਸਾਹਮਣੇ ਹਨ। ਇਨ੍ਹਾਂ ਵਖਰੇਵਿਆਂ ਤੋਂ ਸਮਾਜ ਨੂੰ ਮੁਕਤ ਕਰਨ ਲਈ ਅਤੇ ਸਮਾਜ ਵਿਚ ਪ੍ਰੇਮ ਅਤੇ ਭਾਈਚਾਰੇ ਦੀ ਭਾਵਨਾ ਨੂੰ ਵਿਕਸਤ ਕਰਨ ਲਈ ਅਤੇ ਲੋਕਾਈ ਨੂੰ ਇੱਕ ਸੂਤਰ ਵਿਚ ਪਰੋਣ ਲਈ ਇੱਕ-ਈਸ਼ਵਰ ਨਾਲ ਜੁੜਨ ਦੀ ਪ੍ਰੇਰਨਾ ਪੈਦਾ ਕੀਤੀ ਗਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅਕਾਲ ਪੁਰਖ ਤੋਂ ਇਲਾਵਾ ਕਿਸੇ ਹਸਤੀ ਲਈ ਕਿਤੇ ਗਿਣਤੀ ਦਾ ਜ਼ਿਕਰ ਨਹੀਂ ਆਇਆ। ਪ੍ਰਚੱਲਤ ਸਮਾਜ ਦੇ ਇਕ ਵੱਡੇ ਹਿੱਸੇ ਵਿਚ ਚਾਰ ਖਾਣੀਆਂ, ਚਾਰ ਬਾਣੀਆਂ ਆਦਿ ਦਾ ਜ਼ਿਕਰ ਆਇਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਨ੍ਹਾਂ ਨੂੰ ‘ਕੇਤੇ’ ਸ਼ਬਦ ਨਾਲ ਸੰਬੋਧਿਤ ਕਰ ਕੇ ਇਨ੍ਹਾਂ ਦੀ ਅਨੇਕਤਾ ਦਾ ਪ੍ਰਗਟਾਵਾ ਕੀਤਾ ਹੈ, ਕੇਵਲ ਅਕਾਲ ਪੁਰਖ ਲਈ ‘1’ ਸ਼ਬਦ ਦੀ ਵਰਤੋਂ ਕਰਦੇ ਹੋਏ ੴ ਦਾ ਪ੍ਰਗਟਾਵਾ ਕੀਤਾ ਹੈ ਤਾਂ ਕਿ ਸਮਾਜ ਦੈਵੀ ਹਸਤੀ ਸੰਬੰਧੀ ਕਿਸੇ ਵੀ ਦਵੈਤ ਤੋਂ ਮੁਕਤ ਰਹੇ। ਭਗਤ ਜੀ ਨੇ ਅਧਿਆਤਮਕ ਵਿਕਾਸ ਲਈ ਇੱਕ ਧੁਰੇ ਨਾਲ ਜੁੜਨ ਅਤੇ ਉਸੇ ਦਾ ਸਿਮਰਨ ਕਰਨ ਦੀ ਪ੍ਰੇਰਨਾ ਕੀਤੀ ਹੈ ਜਿਸ ਨਾਲ ਆਤਮ-ਸਮਰਪਣ ਅਤੇ ਪ੍ਰਭੂ-ਪ੍ਰੇਮ ਦੀ ਭਾਵਨਾ ਉਜਾਗਰ ਹੁੰਦੀ ਹੈ।
2) ਸਤਿਸੰਗਤ ਦਾ ਮਹੱਤਵ: ਸੰਗਤ ਭਲੇ ਅਤੇ ਬੁਰੇ ਦੋਵਾਂ ਤਰ੍ਹਾਂ ਦੇ ਮਨੁੱਖਾਂ ਦੀ ਹੋ ਸਕਦੀ ਹੈ ਪਰ ਸਤਿਸੰਗਤ ਵਿਚ ਨੇਕ ਪੁਰਖਾਂ ਦਾ ਸੰਗ ਮੰਨਿਆ ਜਾਂਦਾ ਹੈ ਜਿੱਥੇ ਨਿਸ਼ਾਨਾ ਸਕਾਰਾਤਮਕ ਦਿਸ਼ਾ ਵੱਲ ਹੁੰਦਾ ਹੈ। ਸੱਚਾਈ ਅਤੇ ਭਲਾਈ ਦਾ ਮਾਰਗ ਧਾਰਨ ਕਰਨਾ ਹੀ ਇਸ ਦਾ ਪ੍ਰਮੁੱਖ ਉਦੇਸ਼ ਹੁੰਦਾ ਹੈ। ਭਗਤ ਜੀ ਮਨਮੁਖਾਂ ਦੀ ਸੰਗਤ ਦਾ ਤਿਆਗ ਕਰ ਕੇ ਸੰਤਾਂ ਦੀ ਸੰਗਤ ਕਰਨ ਉੱਤੇ ਜ਼ੋਰ ਦੇ ਰਹੇ ਹਨ। ਪਹਿਲੀ ਤੁਕ ਦਾ ਵਿਖਿਆਨ ਦੂਜੇ ਸ਼ਬਦ ਵਿਚ ਕੀਤਾ ਗਿਆ ਹੈ ਜਿਸ ਦੀ ਪਹਿਲੀ ਤੁਕ ਵਿਚ ਹੀ ਸਤਿਸੰਗਤ ਦੇ ਮਹੱਤਵ ਦਾ ਵਰਣਨ ਕਰਦੇ ਹੋਏ ਕਿਹਾ ਗਿਆ ਹੈ ਕਿ ਪ੍ਰਭੂ-ਬੰਦਗੀ ਕਰਨ ਵਾਲੇ ਸਾਧਕ ਆਪਣਾ ਸਭ ਕੁਝ ਤਿਆਗ ਕੇ ਪ੍ਰਭੂ ਨਾਲ ਜੁੜੇ ਹੁੰਦੇ ਹਨ ਜਿਸ ਕਰਕੇ ਉਨ੍ਹਾਂ ਦੀ ਮਨਮੁਖਾਂ ਨਾਲੋਂ ਦੂਰੀ ਬਣੀ ਰਹਿੰਦੀ ਹੈ ਭਾਵ ਕਿ ਉਹ ਉਨ੍ਹਾਂ (ਮਨਮੁਖਾਂ) ਦੇ ਪ੍ਰਭਾਵ ਤੋਂ ਮੁਕਤ ਹੁੰਦੇ ਹਨ। ਮਨਮੁਖ ਵਿਅਕਤੀ ਦੁਨਿਆਵੀ ਪਦਾਰਥਾਂ ਦੀ ਲਾਲਸਾ ਵਿਚ ਫਸੇ ਰਹਿੰਦੇ ਹਨ ਜਿਨ੍ਹਾਂ ਦੀ ਤੁਲਨਾ ਭਗਤ ਜੀ ਉਸ ਜੋਕ ਨਾਲ ਕਰਦੇ ਹਨ ਜੋ ਕੋਹੜੀ ਦੇ ਸਰੀਰ ’ਤੇ ਚਿੰਬੜਦੀ ਹੋਈ, ਉਥੇ ਹੀ ਗੰਦਗੀ ਵਿਚ ਮਰ ਜਾਂਦੀ ਹੈ। ਇਸ ਦੇ ਉਲਟ ਵਿਕਾਰਾਂ ਅਤੇ ਵਾਸ਼ਨਾਵਾਂ ਤੋਂ ਮੁਕਤ ਹੋਏ ਸਾਧਕ ਸ਼ਾਂਤ (ਸੰਤ) ਪੁਰਖ ਮੰਨੇ ਜਾਂਦੇ ਹਨ। ਗੁਰਮੁਖ ਸਰੂਪ ਅਜਿਹੇ ਮਨੁੱਖ ਸਹਿਜ ਅਵਸਥਾ ਦੇ ਧਾਰਨੀ ਹੁੰਦੇ ਹਨ ਜਿਨ੍ਹਾਂ ਨੇ ‘ਮਨੁ ਬੇਚੈ ਸਤਿਗੁਰ ਕੈ ਪਾਸਿ’ ਦੀ ਸਿੱਖਿਆ ਨੂੰ ਧਾਰਨ ਕੀਤਾ ਹੁੰਦਾ ਹੈ। ਅਜਿਹੇ ਮਨੁੱਖਾਂ ਦੀ ਸੰਗਤਿ ਨਾਲ ਮਨ ਵਿਚ ਦੁਨਿਆਵੀ ਵਿਸ਼ੇ-ਵਿਕਾਰਾਂ ਲਈ ਭਟਕਣ ਦੀ ਥਾਂ ਪ੍ਰਭੂਮੁਖੀ ਅਤੇ ਪ੍ਰਭੂ ਨੂੰ ਸਮਰਪਿਤ ਭਾਵਨਾ ਵਿਦਮਾਨ ਹੁੰਦੀ ਹੈ ਜਿਸ ਰਾਹੀਂ ਪ੍ਰਭੂ-ਪ੍ਰੇਮ ਅਤੇ ਪ੍ਰਭੂ-ਪ੍ਰਾਪਤੀ ਸੰਭਵ ਹੁੰਦੀ ਹੈ।
3) ਚਿਤ-ਬ੍ਰਿਤੀਆਂ ਦੀ ਇਕਾਗਰਤਾ: ਮਨ ਮਨੁੱਖੀ ਜੀਵਨ-ਜਾਚ ਦੀ ਦਸ਼ਾ ਅਤੇ ਦਿਸ਼ਾ ਨਿਰਧਾਰਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਮਨ ਦੀ ਸਥਿਰਤਾ ਅਤੇ ਦ੍ਰਿੜ੍ਹਤਾ ਮਨੁੱਖ ਦੇ ਜੀਵਨ-ਉਦੇਸ਼ ਨੂੰ ਪ੍ਰਭਾਵਤ ਕਰਦੀ ਹੈ। ਜੇਕਰ ਮਨ ਵਿਚ ਇਕਾਗਰਤਾ ਹੈ ਤਾਂ ਜੀਵਨ-ਉਦੇਸ਼ ਹਾਸਲ ਕਰਨਾ ਸੌਖਾ ਕਾਰਜ ਹੋ ਜਾਂਦਾ ਹੈ ਪਰ ਜੇਕਰ ਇਸ ਵਿਚ ਭਟਕਣ ਪੈਦਾ ਹੋ ਜਾਵੇ ਤਾਂ ਇਹ ਦੁਨਿਆਵੀ ਵਿਸ਼ਿਆਂ ਵਿਚ ਫਸਿਆ ਰਹਿੰਦਾ ਹੈ ਅਤੇ ਵਿਕਾਰਾਂ ਨੂੰ ਜਨਮ ਦਿੰਦਾ ਹੈ:
ਕਬਹੂ ਜੀਅੜਾ ਊਭਿ ਚੜਤੁ ਹੈ ਕਬਹੂ ਜਾਇ ਪਇਆਲੇ॥
ਲੋਭੀ ਜੀਅੜਾ ਥਿਰੁ ਨ ਰਹਤੁ ਹੈ ਚਾਰੇ ਕੁੰਡਾ ਭਾਲੇ॥ (ਪੰਨਾ 876)
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪੰਜ ਵਿਸ਼ੇ-ਵਿਕਾਰਾਂ ਦਾ ਜ਼ਿਕਰ ਮਿਲਦਾ ਹੈ ਜੋ ਮਨੁੱਖੀ ਮਨ ਨੂੰ ਪ੍ਰਭਾਵਤ ਕਰਦੇ ਹਨ। ਇਹ ਪੰਜ ਵਿਕਾਰ ਪੰਜ ਘੋੜਿਆਂ ਦੀ ਤਰ੍ਹਾਂ ਹਨ ਜੋ ਕਿ ਮਨ ਨੂੰ ਆਪਣੀ ਆਪਣੀ ਦਿਸ਼ਾ ਵੱਲ ਖਿੱਚਦੇ ਹਨ ਅਤੇ ਮਨੁੱਖ ਇਨ੍ਹਾਂ ਵਿਚ ਫਸ ਕੇ ਜੀਵਨ ਵਿਅਰਥ ਗੁਆ ਲੈਂਦਾ ਹੈ। ਅਜਿਹਾ ਨਹੀਂ ਕਿ ਇਨ੍ਹਾਂ ਵਿਕਾਰਾਂ ਨੂੰ ਮਾਰਿਆ ਜਾ ਸਕਦਾ ਹੈ ਬਲਕਿ ਇਨ੍ਹਾਂ ਨੂੰ ਕਾਬੂ ਕਰ ਕੇ ਇਨ੍ਹਾਂ ਦੀ ਸਵਾਰੀ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਸ੍ਰਿਸ਼ਟੀ ਦੀ ਸਿਰਜਨਾ ਪਰਮਾਤਮਾ ਨੇ ਕੀਤੀ ਹੈ ਇਸ ਕਰਕੇ ਇਥੇ ਜੋ ਵੀ ਵਸਤੂ ਜਾਂ ਹਸਤੀ ਵਿਦਮਾਨ ਹੈ ਉਹ ਉਸੇ ਦੀ ਕਿਰਤ ਹੈ। ਇਸ ਤਰ੍ਹਾਂ ਜੋ ਚੀਜ਼ ਬੀਜ ਵਿਚ ਮੌਜੂਦ ਹੈ, ਉਹ ਫਲ ਵਿਚ ਆਪਣੇ ਆਪ ਆ ਜਾਂਦੀ ਹੈ। ਕਿਸੇ ਵੀ ਵਸਤੂ ਜਾਂ ਹਸਤੀ ਦੇ ਬੀਜ ਨੂੰ ਪੂਰਨ ਤੌਰ ’ਤੇ ਖ਼ਤਮ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਕਾਰਜ ਪਰਮਾਤਮਾ ਦੇ ਹੱਥ ਹੈ। ਮਨੁੱਖ ਉਸ ਦੀ ਦਿਸ਼ਾ ਬਦਲ ਸਕਦਾ ਹੈ। ਇਸ ਤਰ੍ਹਾਂ ਵਿਕਾਰਾਂ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ ਬਲਕਿ ਇਨ੍ਹਾਂ ਦੀ ਦਿਸ਼ਾ ਬਦਲੀ ਜਾ ਸਕਦੀ ਹੈ। ਇਹ ਕਾਰਜ ਵੀ ਤਾਂ ਹੀ ਸੰਭਵ ਹੈ ਜੇਕਰ ਮਨ ਨੂੰ ਸਥਿਰ ਕੀਤਾ ਜਾਵੇ। ਮਨ ਦੀ ਸਥਿਰਤਾ ਇਕ ਧੁਰੇ ਨਾਲ ਜੁੜ ਕੇ ਹੀ ਸੰਭਵ ਹੋ ਸਕਦੀ ਹੈ। ਭਗਤ ਸੂਰਦਾਸ ਜੀ ਕਹਿੰਦੇ ਹਨ ਕਿ ਦੁਨਿਆਵੀ ਵਸਤਾਂ ਦੀ ਹੋੜ ਵਿਚ ਲੱਗੇ ਹੋਏ ਮਨੁੱਖ ਦੀ ਸੰਗਤ ਨਾਲ ਮਨ ਵਿਚ ਇਕਾਗਰਤਾ ਸੰਭਵ ਨਹੀਂ ਕਿਉਂਕਿ ਇਸ ਨਾਲ ਤ੍ਰਿਸ਼ਾਨਾਵਾਂ ਦੀ ਅੱਗ ਘਟਣ ਦੀ ਬਜਾਏ ਹੋਰ ਵਧ ਜਾਂਦੀ ਹੈ। ਇਸ ਲਈ ਉਹ ਮਨ ਨੂੰ ਬੇਮੁਖਾਂ ਦੀ ਸੰਗਤ ਦੀ ਥਾਂ ਪ੍ਰਭੂ-ਸੇਵਕਾਂ ਅਤੇ ਸਾਧਕਾਂ ਦੀ ਸੰਗਤ ਕਰਨ ਦੀ ਪ੍ਰੇਰਨਾ ਕਰਦੇ ਹਨ।
ਉਪਰੋਕਤ ਵਿਚਾਰ ਤੋਂ ਸਪੱਸ਼ਟ ਹੈ ਕਿ ਭਗਤ ਸੂਰਦਾਸ ਜੀ ਇੱਕ ਈਸ਼ਵਰ ਦੀ ਬੰਦਗੀ ਕਰਨ ਵਾਲੇ ਪੁਰਖ ਸਨ ਜੋ ਕਿ ਪ੍ਰਭੂ-ਮੁਖੀ ਜੀਵਨ-ਜਾਚ ਧਾਰਨ ਕਰਨ ਦੇ ਨਾਲ-ਨਾਲ ਸਤਿਸੰਗਤ ਦੇ ਦ੍ਰਿੜ੍ਹ ਵਿਸ਼ਵਾਸੀ ਸਨ। ਸੰਤ ਪੁਰਖਾਂ ਦੀ ਸੰਗਤ ਨੂੰ ਉਤਮ ਮੰਨਿਆ ਗਿਆ ਹੈ ਜੋ ਕਿ ‘ਸਾਝ ਕਰੀਜੈ ਗੁਣਹ ਕੇਰੀ’ ਦਾ ਮਾਰਗ-ਦਰਸ਼ਨ ਕਰਦੇ ਹੋਏ ‘ਗੁਣ ਕਉ ਧਾਵੈ ਅਵਗਣ ਧੋਵੈ’ ਦੀ ਭਾਵਨਾ ਉਜਾਗਰ ਕਰਦੀ ਹੈ ਜਿਸ ਨਾਲ ਮਨ ਵਿਚ ਦ੍ਰਿੜ੍ਹਤਾ ਅਤੇ ਇਕਾਗਰਤਾ ਪੈਦਾ ਹੁੰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਭਗਤ ਜੀ ਦੀ ਬਾਣੀ ਆਕਾਰ ਪੱਖੋਂ ਭਾਵੇਂ ਥੋੜ੍ਹੀ ਹੈ ਪਰ ਇਹ ਗਹਿਰ-ਗੰਭੀਰ ਅਰਥਾਂ ਦਾ ਪ੍ਰਗਟਾਵਾ ਕਰਦੀ ਹੈ ਜੋ ਕਿ ਕੁੱਜੇ ਵਿਚ ਸਮੁੰਦਰ ਨੂੰ ਭਰਨ ਦਾ ਪ੍ਰਤੀਕ ਹੈ।
ਲੇਖਕ ਬਾਰੇ
ਮੁਖੀ, ਸਿੱਖ ਵਿਸ਼ਵਕੋਸ਼ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ਡਾ. ਪਰਮਵੀਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%aa%e0%a8%b0%e0%a8%ae%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98/February 1, 2008
- ਡਾ. ਪਰਮਵੀਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%aa%e0%a8%b0%e0%a8%ae%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98/
- ਡਾ. ਪਰਮਵੀਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%aa%e0%a8%b0%e0%a8%ae%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98/October 1, 2008
- ਡਾ. ਪਰਮਵੀਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%aa%e0%a8%b0%e0%a8%ae%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98/October 1, 2008
- ਡਾ. ਪਰਮਵੀਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%aa%e0%a8%b0%e0%a8%ae%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98/May 1, 2010
- ਡਾ. ਪਰਮਵੀਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%aa%e0%a8%b0%e0%a8%ae%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98/
- ਡਾ. ਪਰਮਵੀਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%aa%e0%a8%b0%e0%a8%ae%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98/August 1, 2010
- ਡਾ. ਪਰਮਵੀਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%aa%e0%a8%b0%e0%a8%ae%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98/September 1, 2010
- ਡਾ. ਪਰਮਵੀਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%aa%e0%a8%b0%e0%a8%ae%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98/October 1, 2010
- ਡਾ. ਪਰਮਵੀਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%aa%e0%a8%b0%e0%a8%ae%e0%a8%b5%e0%a9%80%e0%a8%b0-%e0%a8%b8%e0%a8%bf%e0%a9%b0%e0%a8%98/November 1, 2010