ਬਾਣੀ ਰਚਣ, ਭਗਤ-ਬਾਣੀ ਨੂੰ ਇਕੱਠਾ ਕਰਨ ਅਤੇ ਫਿਰ ਇਸ ਸਾਰੇ ਸੰਗ੍ਰਹਿ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਤਿਆਰ ਕਰਨ ਦੀ ਯੋਜਨਾ ਤਹਿਤ ਅਗਲੇ ਗੁਰੂ ਸਾਹਿਬ ਤਕ ਪੁੱਜਦਾ ਕਰਨ ਦਾ ਵਿਚਾਰ, ਨਿਰਸੰਦੇਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੀ। ਇਸ ਵਿਚਾਰ ਨੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਦੀ ਨੀਂਹ ਰੱਖੀ ਕਿਉਂਕਿ ਧਰਮ-ਗ੍ਰੰਥ ਕਿਸੇ ਵੀ ਧਰਮ ਨੂੰ ਪ੍ਰਚਲਿਤ ਕਰਨ ਅਤੇ ਉਸ ਨੂੰ ਸਿਧਾਂਤਕ ਸੇਧ ਦੇਣ ਵਿਚ ਅਤਿਅੰਤ ਮਹੱਤਵਪੂਰਨ ਸਥਾਨ ਰੱਖਦਾ ਹੈ। ਧਰਮ-ਗ੍ਰੰਥ ਤੋਂ ਬਿਨਾਂ ਧਰਮ ਨਹੀਂ ਚੱਲ ਸਕਦਾ। ਧਰਮ-ਗ੍ਰੰਥ ਵਿਚਲੇ ਵਿਚਾਰ ਹੀ ਇਕ ਧਰਮ ਨੂੰ ਦੂਜੇ ਤੋਂ ਨਿਖੇੜ ਕੇ ਉਸ ਦੀ ਵੱਖਰਤਾ ਕਾਇਮ ਕਰਦੇ ਹਨ। ਕਿਸੇ ਵੀ ਵਿਚਾਰਧਾਰਾ ਦੀ ਸਾਰਥਕਤਾ ਦੀ ਪਰਖ ਇਸ ਗੱਲ ਤੋਂ ਕੀਤੀ ਜਾਂਦੀ ਹੈ ਕਿ ਉਸ ਨੇ ਕਿਸ ਕਿਸਮ ਦਾ ਵਿਅਕਤੀ ਅਤੇ ਸਮਾਜ ਪੈਦਾ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਕਰ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਬਾਕੀ ਗੁਰੂ ਸਾਹਿਬਾਨ ਦੁਆਰਾ ਨਿਰਧਾਰਤ ਬੁਨਿਆਦੀ ਸਿਧਾਂਤ ਅਤੇ ਇਕ ਆਦਰਸ਼ਕ ਸਿੱਖ (ਗੁਰਮੁਖ) ਦੀ ਜੀਵਨ-ਜਾਚ ਦੇ ਗੁਰ ਦੱਸੇ ਹਨ। ਸੰਖੇਪ ਵਿਚ ਕਹਿਣਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਇਕ ਗੁਰਸਿੱਖ ਦੀ ਦੀਨ ਤੇ ਦੁਨੀਆਂ ਦੀ ਹਰ ਪੱਖੋਂ ਅਗਵਾਈ ਕਰਨ ਵਾਲਾ ਹੈ। ਇਕ ਸਿੱਖ ਲਈ ਕਿੰਨੇ ਸਪੱਸ਼ਟ ਨਿਰਦੇਸ਼ ਹਨ:
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ॥
ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ॥
ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ॥
ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ॥
ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ॥
ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ॥ (ਪੰਨਾ 305-06)
ਸਿਧਾਂਤਕ ਅਗਵਾਈ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਦੂਜਾ ਵੱਡਾ ਕਾਰਨ ਗੁਰੂ ਸਾਹਿਬਾਨ ਦੁਆਰਾ ਅਰਥਹੀਣ ਮਿੱਥਾਂ ਦਾ ਖੰਡਨ ਕਰਨ ਦਾ ਸੀ। ਪੁਰੋਹਿਤ-ਸ਼੍ਰੇਣੀ ਨੇ ਧਰਮ-ਕਰਮ ਦੇ ਕੰਮਾਂ ਵਿਚ ਆਪਣੀ ਇਜਾਰੇਦਾਰੀ ਕਾਇਮ ਰੱਖਣ ਲਈ ਬਾਣੀ (ਗ੍ਰੰਥ), ਭਾਸ਼ਾ ਅਤੇ ਲਿਪੀ ਆਦਿ ਬਾਰੇ ਕਈ ਮਿੱਥਾਂ ਪ੍ਰਚਲਿਤ ਕਰ ਰੱਖੀਆਂ ਹਨ। ਇਕ ਮਿੱਥ ਇਹ ਸੀ ਕਿ ਹਿੰਦੂ ਧਰਮ ਦੇ ਧਾਰਮਿਕ ਗ੍ਰੰਥ ਸੰਸਕ੍ਰਿਤ ਵਿਚ ਹੋਣ ਕਰਕੇ ਇਹ ਗ੍ਰੰਥ ਦੇਵ-ਬਾਣੀ ਹੈ, ਸੰਸਕ੍ਰਿਤ ਦੇਵ-ਭਾਸ਼ਾ ਹੈ ਅਤੇ ਦੇਵਨਾਗਰੀ ਦੇਵ-ਲਿਪੀ ਹੈ। ਇਨ੍ਹਾਂ ਤੋਂ ਬਿਨਾਂ ਕਿਸੇ ਵੀ ਰਚਨਾ (ਗ੍ਰੰਥ), ਭਾਸ਼ਾ ਅਤੇ ਲਿਪੀ ਵਿਚ ਲਿਖੀ ਗਈ ਚੀਜ਼ ਪਵਿੱਤਰ ਨਾ ਹੋਣ ਕਰਕੇ ਧਰਮ-ਕਰਮ ਦੇ ਕੰਮਾਂ ਲਈ ਪ੍ਰਵਾਨ ਨਹੀਂ ਹੋ ਸਕਦੀ। ਸੰਸਕ੍ਰਿਤ ਤੋਂ ਵਿਕਸਿਤ ਹੋਈਆਂ ਭਾਸ਼ਾਵਾਂ ਨੂੰ ਇਸ ਵਰਗ ਨੇ ਅਪਭ੍ਰੰਸ਼ਾਂ ਦਾ ਨਾਂ ਦਿੱਤਾ ਜਿਸ ਦਾ ਸ਼ਾਬਦਿਕ ਅਰਥ ਹੈ, ਗਿਰਾਉ, ਡਿੱਗਣਾ ਜਾਂ ਵਿਗੜਿਆ ਹੋਇਆ।1 ਉਪਰੋਕਤ ਸਵਰਨ ਭਾਂਤ ਦੀਆਂ ਮਿੱਥਾਂ ਨੂੰ ਤੋੜ ਕੇ ਲੋਕਾਂ ਦੀ ਭਾਸ਼ਾ ਵਿਚ ਰਚੀਆਂ ਗਈਆਂ ਰਚਨਾਵਾਂ (ਗ੍ਰੰਥ) ਅਤੇ ਲੋਕ-ਲਿਪੀ ਵਿਚ ਲਿਖੀ ਗਈ ਬਾਣੀ ਨੂੰ ਦੈਵੀ ਪ੍ਰਵਾਨਗੀ ਦਿਵਾਉਣੀ ਵੀ ਗੁਰੂ ਸਾਹਿਬਾਨ ਦਾ ਇਕ ਆਸ਼ਾ ਸੀ। ਇਥੇ ਇਹ ਦੁਹਰਾਉਣ ਦੀ ਲੋੜ ਨਹੀਂ ਕਿ ਗੁਰੂ ਸਾਹਿਬਾਨ ਨੇ ਬੇਸ਼ੁਮਾਰ ਉਨ੍ਹਾਂ ਮਿੱਥਾਂ ਦਾ ਖੰਡਨ ਕੀਤਾ ਜੋ ਵਿਸ਼ੇਸ਼ ਕਰਕੇ ਮੱਧਕਾਲੀ ਧਰਮ, ਸਮਾਜ ਅਤੇ ਸਭਿਆਚਾਰ ਲਈ ਹਾਨੀਕਾਰਕ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਇਸੇ ਮਿੱਥ-ਖੰਡਨ ਦਾ ਨਿੱਗਰ ਪ੍ਰਮਾਣ ਹੈ।
ਸੰਸਕ੍ਰਿਤ ਗ੍ਰੰਥਾਂ, ਭਾਸ਼ਾ ਅਤੇ ਦੇਵਨਾਗਰੀ ਲਿਪੀ ਦੇ ਸਮਾਨੰਤਰ ਸੰਕਲਪ ਦੇਣ ਅਤੇ ਇਨ੍ਹਾਂ ਨਾਲ ਜੁੜੇ ਆਦਰ-ਮਾਣ ਅਤੇ ਦਿੱਬਤਾ ਦੀ ਪ੍ਰਵਾਨਗੀ ਦਿਵਾਉਣ ਲਈ ਗੁਰੂ ਸਾਹਿਬਾਨ ਨੇ ਉਚੇਚੇ ਯਤਨ ਕੀਤੇ। ਇਸੇ ਲਈ ਅਸੀਂ ਵੇਖਦੇ ਹਾਂ ਕਿ ਗੁਰੂ ਸਾਹਿਬਾਨ ਨੇ ਸ਼ਬਦ/ਬਾਣੀ/ਗੁਰਬਾਣੀ/ਪੋਥੀ ਵਾਰ-ਵਾਰ ਵਰਤ ਕੇ ਜਿਗਿਆਸੂ ਦੇ ਮਨ ਵਿਚ ਉੱਠਣ ਵਾਲੇ ਸਾਰੇ ਭਰਮਾਂ/ਭ੍ਰਾਂਤੀਆਂ ਦਾ ਨਿਵਾਰਣ ਕੀਤਾ ਹੈ। ਗੁਰਬਾਣੀ ਦੇ ਮਹੱਤਵ ਨੂੰ ਦ੍ਰਿੜ੍ਹ ਕਰਨ-ਕਰਾਉਣ ਦਾ ਅਰੰਭ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪ ਹੀ ਕਰ ਦਿੱਤਾ ਸੀ। ਉਦਾਹਰਣ ਵਜੋਂ ਹੇਠ ਲਿਖੀਆਂ ਤੁਕਾਂ ਵੇਖੋ:
ਸਾਚੀ ਬਾਣੀ ਮੀਠੀ ਅੰਮ੍ਰਿਤ ਧਾਰ॥
ਜਿਨਿ ਪੀਤੀ ਤਿਸੁ ਮੋਖ ਦੁਆਰ॥ (ਪੰਨਾ 1275)
ਸਭਿ ਨਾਦ ਬੇਦ ਗੁਰਬਾਣੀ॥
ਮਨੁ ਰਾਤਾ ਸਾਰਿਗਪਾਣੀ॥ (ਪੰਨਾ 879)
ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ॥
ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ॥ (ਪੰਨਾ 935)
ਸ੍ਰੀ ਗੁਰੂ ਅੰਗਦ ਦੇਵ ਜੀ ਦਾ ਸਲੋਕ ਇਸ ਪਰਥਾਇ ਇਸ ਤਰ੍ਹਾਂ ਹੈ:
ਅੰਮ੍ਰਿਤ ਬਾਣੀ ਤਤੁ ਵਖਾਣੀ ਗਿਆਨ ਧਿਆਨ ਵਿਚਿ ਆਈ॥
ਗੁਰਮੁਖਿ ਆਖੀ ਗੁਰਮੁਖਿ ਜਾਤੀ ਸੁਰਤੀਂ ਕਰਮਿ ਧਿਆਈ॥ (ਪੰਨਾ 1243)
ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰਬਾਣੀ ਦਾ ਮਹਾਤਮ ਸਪੱਸ਼ਟ ਕਰਦਿਆਂ ਫ਼ੁਰਮਾਇਆ ਹੈ:
ਗੁਰਬਾਣੀ ਸੁਣਿ ਮੈਲੁ ਗਵਾਏ॥
ਸਹਜੇ ਹਰਿ ਨਾਮੁ ਮੰਨਿ ਵਸਾਏ॥
ਕੂੜੁ ਕੁਸਤੁ ਤ੍ਰਿਸਨਾ ਅਗਨਿ ਬੁਝਾਏ॥
ਅੰਤਰਿ ਸਾਂਤਿ ਸਹਜਿ ਸੁਖੁ ਪਾਏ॥
ਗੁਰ ਕੈ ਭਾਣੈ ਚਲੈ ਤਾ ਆਪੁ ਜਾਇ॥
ਸਾਚੁ ਮਹਲੁ ਪਾਏ ਹਰਿ ਗੁਣ ਗਾਇ॥
ਨ ਸਬਦੁ ਬੂਝੈ ਨ ਜਾਣੈ ਬਾਣੀ॥
ਮਨਮੁਖਿ ਅੰਧੇ ਦੁਖਿ ਵਿਹਾਣੀ॥ (ਪੰਨਾ 665)
ਸ੍ਰੀ ਗੁਰੂ ਰਾਮਦਾਸ ਜੀ ਅਨੁਸਾਰ ਬਾਣੀ ਵਿਚ ਹਰ ਪ੍ਰਕਾਰ ਦੇ ਅੰਮ੍ਰਿਤ ਪਏ ਹਨ। ਇਕ ਥਾਂ ਹੋਰ ਸ੍ਰੀ ਗੁਰੂ ਰਾਮਦਾਸ ਜੀ ਨੇ ਸਤਿਗੁਰੂ ਦੀ ਬਾਣੀ ਨੂੰ ਹਰਫ਼-ਹਰਫ਼ ਸੱਚ ਮੰਨਣ ਦੀ ਤਾਕੀਦ ਕੀਤੀ ਹੈ ਕਿਉਂਕਿ ਇਹ ਦੈਵੀ-ਬਚਨ ਹਨ:
ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ॥ (ਪੰਨਾ 308)
ਬਾਣੀ/ਗੁਰਬਾਣੀ/ਪੋਥੀ ਦੀ ਮਹਿਮਾ ਵਿਚ ਸਭ ਤੋਂ ਵੱਧ ਬਚਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਹਨ। ਉਨ੍ਹਾਂ ਨੇ ਇਸ ਨੂੰ ‘ਧੁਰ ਕੀ ਬਾਣੀ’ ਅਤੇ ‘ਸਗਲੀ ਚਿੰਤ ਮਿਟਾਉਣ ਵਾਲੀ’ ਕਹਿਣ ਦੇ ਨਾਲ-ਨਾਲ ਇਸ ਨੂੰ ਗਾਉਣ, ਸੁਣਨ, ਮੰਨਣ, ਜਾਣਨ (ਬੁੱਝਣ) ਅਤੇ ਕਮਾਉਣ ਵਾਲਿਆਂ ਦੀ ਗਤੀ ਕਰਨ ਵਾਲੀ ਕਿਹਾ ਹੈ। ਜੇਕਰ ਅੰਕੜਿਆਂ ਦੇ ਹਿਸਾਬ ਨਾਲ ਵੀ ਵੇਖਿਆ ਜਾਵੇ ਤਾਂ ਬਾਣੀ/ਗੁਰਬਾਣੀ ਦੇ ਮਹੱਤਵ ਨੂੰ ਦ੍ਰਿੜ੍ਹ ਕਰਨ ਦਾ ਕੰਮ ਕਾਲ-ਕ੍ਰਮ ਅਨੁਸਾਰ ਪੈਰੋ ਪੈਰ ਨਾ ਕੇਵਲ ਵਧ ਰਿਹਾ ਸੀ, ਸਗੋਂ ਇਹ ਸਿੱਧੇ ਤੌਰ ’ਤੇ ਗੁਰਸਿੱਖਾਂ ਨੂੰ ਸੰਬੋਧਿਤ ਵੀ ਹੋ ਰਿਹਾ ਸੀ। ਗੁਰਬਾਣੀ ਨੂੰ ਹਰ ਪ੍ਰਕਾਰ ਦੇ ਗਿਆਨ ਦਾ ਸੋਮਾ ਮੰਨ ਕੇ ਇਸ ਵਿੱਚੋਂ ਹੀ ਸਭ ਕੁਝ ਤਲਾਸ਼ ਕਰਨ ਦੀ ਨਸੀਹਤ ਬਾਰ-ਬਾਰ ਕੀਤੀ ਜਾ ਰਹੀ ਸੀ। ਗੁਰਬਾਣੀ ਪਿਉ ਦਾਦੇ ਦਾ ਖ਼ਜ਼ਾਨਾ ਸੀ ਜਿਸ ਉੱਪਰ ਹਰ ਅਕੀਦਤਮੰਦ ਦਾ ਬਰਾਬਰ ਦਾ ਅਧਿਕਾਰ ਸੀ।
ਗੁਰੂ ਸਾਹਿਬਾਨ ਦੇ ਲੋਕਮੁੱਖਤਾ ਅਤੇ ਬਾਣੀ ਵਿਚਲੀ ਲੋਕਯੋਗਤਾ ਦੇ ਇਸ ਸੰਕਲਪ ਨੂੰ ਪਿਛਲੇਰੇ ਸਿੱਖ ਲੇਖਕਾਂ ਨੇ ਆਪੋ-ਆਪਣੇ ਅੰਦਾਜ਼ ਵਿਚ, ਹੋਰ ਵੀ ਸਪੱਸ਼ਟ ਕਰਨ ਦਾ ਯਤਨ ਕੀਤਾ ਹੈ। ‘ਸਿੱਖਾਂ ਦੀ ਭਗਤਮਾਲਾ’ ਸਿੱਖ ਧਰਮ, ਸਮਾਜ ਅਤੇ ਸਭਿਆਚਾਰ ਨੂੰ ਸਮਝਣ ਲਈ ਇਕ ਅਤਿਅੰਤ ਮਹੱਤਵਪੂਰਨ ਰਚਨਾ ਹੈ। ਕਹਿਣ ਨੂੰ ਭਾਵੇਂ ਇਹ ਭਾਈ ਗੁਰਦਾਸ ਜੀ ਦੀ ਗਿਆਰ੍ਹਵੀਂ ਵਾਰ ਦਾ ਖੁੱਲ੍ਹਾ ਟੀਕਾ ਮੰਨਿਆ ਜਾਂਦਾ ਹੈ, ਪਰ ਅਸਲ ਵਿਚ ਇਹ ਟੀਕੇ ਨਾਲੋਂ ਵੱਧ ਹੋਰ ਵੀ ਕਈ ਤਰ੍ਹਾਂ ਦੀ ਸੂਚਨਾ ਦਿੰਦੀ ਹੈ। ਇਸ ਰਚਨਾ ਵਿਚ ਇਕ ਸਾਖੀ ਅਜਿਹੀ ਹੈ ਜੋ ਸੰਸਕ੍ਰਿਤ ਵਾਲੀ ਮਿੱਥ ਦਾ ਬੜੇ ਜ਼ੋਰਦਾਰ ਪਰ ਦਲੀਲਮਈ ਢੰਗ ਨਾਲ ਖੰਡਨ ਕਰਦੀ ਹੈ। ਇਹ ਸਾਖੀ ਇਸ ਤਰ੍ਹਾਂ ਚੱਲਦੀ ਹੈ:
“ਸਿੱਖਾਂ ਅਰਦਾਸਿ ਕੀਤੀ, ਸਚੇ ਪਾਤਸ਼ਾਹ ਜੀ! ਕਸ਼ਮੀਰ ਵਿਚ ਜੋ ਪੰਡਿਤ ਹੁੰਦੇ ਹੈਨਿ ਸੋ ਗੁਰੂ ਕੀ ਬਾਣੀ ਸਿੱਖਾਂ ਨੂੰ ਪੜ੍ਹਨ ਨਹੀਂ ਦਿੰਦੇ। ਕਹਿੰਦੇ ਹੈਨਿ ਜੇ ਸੰਹਸਕ੍ਰਿਤ ਦੇਵ ਬਾਣੀ ਹੈ ਤੇ ਭਾਖਾ ਮਨੁੱਖ ਬਾਣੀ ਹੈ ਤੇ ਤੁਸਾਂ ਨਮਿਤ ਕਰਮ ਛਡਿ ਦਿਤੇ ਹੈਨਿ। ਅਸੀਂ ਤੁਹਾਡੇ ਨਾਲ ਵਰਤਣਿ ਨਹੀਂ ਰਖਦੇ। ਤਾਂ ਮਾਧੋ ਸੋਢੀ ਨੂੰ ਆਗਿਆ ਹੋਈ, ਤੇਰੇ ਬਚਨਾਂ ਵਿਚ ਮੈ ਬਲ ਪਾਇਆ ਹੈ, ਤੂ ਜਾਇ ਕੈ ਕਸ਼ਮੀਰ ਵਿਚ ਗੁਰਸਿਖੀ ਦੀ ਰੀਤਿ ਚਲਾਇ। ਤਾਂ ਮਾਧੋ ਅਰਦਾਸਿ ਕੀਤੀ, ਜੀ ਓਹ ਕਰਮਕਾਂਡੀ ਹੈਨਿ। ਉਪਾਸਨਾ ਨੂੰ ਨਹੀਂ ਜਾਣਦੇ। ਬਚਨ ਹੋਇਆ, ਜਾਣਦੇ ਹੈਨਿ ਪਰ ਕਮਾਵਦੇ ਨਹੀਂ, ਤੇਰੇ ਦਰਸਨ ਤੇ ਕਮਾਵਾਂਗੇ। ਜੈਸੇ ਪੰਡਤਾਂ ਨੂੰ ਸੰਸਕ੍ਰਿਤ ਹੈ, ਤੈਸੇ ਗੁਰੂ ਕੇ ਸਿਖਾਂ ਨੂੰ ਸ਼ਬਦ ਗੁਰੂ ਕਾ ਪਿਆਰਾ ਹੈ। ਤਾਂ ਭਾਈ ਮਾਧੋ ਕਸ਼ਮੀਰ ਗਇਆ, ਗੁਰੂ ਕੀ ਕਥਾ ਲਗਾ ਕਰਣੇ। ਤਾਂ ਪੰਡਿਤਾਂ ਕਹਿਆ, ਅਸੀਂ ਭਾਖਾ ਬਾਣੀ ਨਹੀਂ ਮੰਨਦੇ ਤਾਂ ਭਾਈ ਮਾਧੋ ਕਹਿਆ, ਘ੍ਰਿਤ ਭਾਵੇਂ ਧਾਤ ਦੇ ਬਾਸਨ ਮੈ ਹੋਵੈ ਭਾਵੇਂ ਮਾਟੀ ਕੇ ਬਾਸਨ ਮੈ ਹੋਵੇ, ਘ੍ਰਿਤ ਲੇਨੇ ਵਾਲਾ ਬਾਸਨ ਨਹੀਂ ਦੇਖਦਾ। ਤੈਸੇ ਮਹਾਰਾਜ ਦਾ ਨੇਮ ਔ ਆਤਮ-ਗਿਆਨ ਭਾਵੇਂ ਸਹੰਸਕ੍ਰਿਤ ਦੀ ਬਾਣੀ ਵਿਚ ਹੋਵੇ, ਭਾਵੇਂ ਭਾਖਾ ਵਿਚ ਇਹ ਨੇਮ ਸਰਬ ਦਾ ਕਲਿਆਣ ਕਰਦਾ ਹੈ। ਕਿਉਂ ਜੁ ਤੁਸੀਂ ਭੀ ਭਾਖਾ ਵਿਚ ਸਭਨਾਂ ਨੂੰ ਸਮਝਾਂਵਦੇ ਹੋ ਤਾਂ ਉਨ੍ਹਾਂ ਕਹਿਆ, ਅਸੀਂ ਮੋਟੀ ਬੁਧਿ ਵਾਲਿਆਂ ਨੂੰ ਸਮਝਾਂਦੇ ਹਾਂ ਤਾਂ ਭਾਈ ਮਾਧੋ ਕਹਿਆ, ਗੁਰੂ ਜੀ ਭੀ ਕਲਿਜੁਗ ਦੇ ਜੀਆਂ ਵਾਸਤੇ ਭਾਖਾ ਬਾਣੀ ਕੀਤੀ ਹੈ। ਵੇਦਾਂ ਕਰਕੇ ਚਤੁਰਾਈ ਪ੍ਰਾਪਤੀ ਹੁੰਦੀ ਹੈ, ਮਨ ਨੀਵਾਂ ਨਹੀਂ ਹੁੰਦਾ ਤੇ ਸਬਦ ਕਰਕੇ ਮਨ ਨੀਵਾਂ ਹੁੰਦਾ ਹੈ।”2
‘ਸਿੱਖਾਂ ਦੀ ਭਗਤਮਾਲਾ’ 18ਵੀਂ ਸਦੀ ਦੇ ਅਰੰਭ ਦੀ ਰਚਨਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦੇ ਪਿਛੋਕੜ ਵਿਚ ਕੰਮ ਕਰ ਰਿਹਾ ਉਪਰੋਕਤ ਵਿਚਾਰ ਅਠਾਰ੍ਹਵੀਂ ਸਦੀ ਦੇ ਆਖ਼ਰ ਅਤੇ ਉਨ੍ਹੀਵੀਂ ਸਦੀ ਦੇ ਪਹਿਲੇ ਅੱਧ ਵਿਚ ਹੋ ਗੁਜ਼ਰੇ ਕਵੀ ਸੌਂਧਾ ਤਕ ਪੁੱਜਦਾ ਹੈ। ਉਸ ਨੇ ਬਾਣੀ, ਭਾਸ਼ਾ ਅਤੇ ਲਿਪੀ ਬਾਰੇ ਪ੍ਰਚਲਿਤ ਵਿਚਾਰ ਨੂੰ ਆਪਣੇ ਸ਼ਬਦਾਂ ਵਿਚ ਇਸ ਤਰ੍ਹਾਂ ਪੇਸ਼ ਕੀਤਾ ਹੈ:
ਸ੍ਵੈਯਾ :
ਏਹਿ ਕੀਆ ਉਪਕਾਰ ਬਡਾ ਗੁਰ,
ਅਛਰ ਬੇਦਨ ਕੇ ਉਲਟਾਏ।
ਗੁਰਮੁਖੀ ਅਛਰ ਚਾਇ ਕੀਏ।
ਜਾ ਕੇ ਸੀਖਨ ਤੇ ਕੋਈ ਕਸਟੁ ਨ ਪਾਏ।
ਐਸੀ ਹੁਤੀ ਜਗ ਮੈ ਨ ਕਦਾਚਿਤ,
ਮੋਹਿ ਸੇ ਨੀਚ ਕੋ ਕਉਨ ਸਿਖਾਏ।
ਖਸਟ ਹੀ ਮਾਸ ਮੋ ਹੋਇ ਪ੍ਰਾਪਤ,
ਕੈਸੋ ਹੀ ਬੁਧ ਤੇ ਹੀਨ ਕਹਾਏ।
ਦੋਹਰਾ :
ਗੁਰੂ ਨਾਨਕ ਜਗ ਮਹਿ ਇਹੁ ਕੀਨਾ ਉਪਕਾਰ।
ਅਛਰ ਕਾ ਪੁਲ ਬਾਧਿ ਕੈ ਸ੍ਰਿਸਟ ਉਤਾਰੀ ਪਾਰ।3
ਇਥੇ ਇਹ ਵਰਣਨਯੋਗ ਹੈ ਕਿ ਜਿਨ੍ਹਾਂ ਮੱਧਕਾਲੀਨ ਕਵੀਆਂ ਨੇ ਗੁਰ ਉਸਤਤਿ, ਦਸ ਗੁਰ ਉਸਤਤਿ ਅਤੇ ਹੋਰ ਅਭਿਨੰਦਨ ਕਾਵਿ ਲਿਖਿਆ ਹੈ, ਉਨ੍ਹਾਂ ਵਿੱਚੋਂ ਕਈਆਂ ਨੇ ਉਪਰੋਕਤ ਭਾਂਤ ਦੇ ਹੀ ਵਿਚਾਰ ਪ੍ਰਗਟਾਏ ਹਨ। ਇਨ੍ਹਾਂ ਲੇਖਕਾਂ ਦਾ ਵਿਚਾਰ ਹੈ ਕਿ ਵੇਦ ਸੰਸਕ੍ਰਿਤ ਵਿਚ ਹੋਣ ਕਰਕੇ ਅਤੇ ਦੇਵਨਾਗਰੀ ਲਿਪੀ ਵਿਚ ਲਿਖੇ ਹੋਣ ਕਰਕੇ ਆਮ ਲੋਕਾਂ ਦੀ ਸਮਝ ਤੋਂ ਬਾਹਰ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਨ੍ਹਾਂ ਦੇ ਟਾਕਰੇ ’ਤੇ ਬਾਣੀ ਦੇ ਰੂਪ ਨੂੰ ਲੋਕਾਂ ਦੀ ਭਾਸ਼ਾ ਵਿਚ ਵਿਅਕਤ ਕਰ ਕੇ ਗੁਰਮੁਖੀ ਅੱਖਰਾਂ ਵਿਚ ਕਾਨੀਬੱਧ ਕਰ ਕੇ ਜਨ-ਸਾਧਾਰਨ ਦੇ ਕਲਿਆਣ ਦਾ ਮੁੱਢ ਬੱਧਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਦਾ ਤੀਜਾ ਅਹਿਮ ਕਾਰਨ ਸੱਚੀ ਤੇ ਪ੍ਰਮਾਣਿਕ ਬਾਣੀ ਨੂੰ ਕੱਚੀ ਤੇ ਅਪ੍ਰਮਾਣਿਕ ਬਾਣੀ ਨਾਲੋਂ ਨਿਖੇੜ ਕੇ ਹਮੇਸ਼ਾਂ ਲਈ ਸੁਰੱਖਿਅਤ ਕਰਨ ਦਾ ਸੀ। ‘ਸਿੱਖਾਂ ਦੀ ਭਗਤਮਾਲਾ’, ਭਾਈ ਕੇਸਰ ਸਿੰਘ ਛਿੱਬਰ ਰਚਿਤ ‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ’, ਭਾਈ ਸਰੂਪ ਦਾਸ ਭੱਲਾ, ਕਵੀ ਸੋਹਨ, ਭਾਈ ਵੀਰ ਸਿੰਘ (ਬੱਲ) ਅਤੇ ਭਾਈ ਸੰਤੋਖ ਸਿੰਘ ਆਦਿ ਨੇ ਆਪੋ ਆਪਣੇ ਗ੍ਰੰਥਾਂ ਵਿਚ ਮੋਟੇ ਤੌਰ ’ਤੇ ਇਹੀ ਕਾਰਨ ਦੱਸਿਆ ਹੈ। ਭਾਈ ਕੇਸਰ ਸਿੰਘ ਛਿੱਬਰ ਅਨੁਸਾਰ ਪ੍ਰਿਥੀ ਚੰਦ ਦਾ ਪੁੱਤਰ ਮਿਹਰਵਾਨ ਆਪ ਵੀ ਬਾਣੀ ਰਚਨਾ ਕਰਦਾ ਸੀ ਪਰ ਕਵੀ ਛਾਪ ਵਜੋਂ ‘ਨਾਨਕ’ ਪਦ ਹੀ ਵਰਤਦਾ ਸੀ। ਉਨ੍ਹਾਂ ਵੀ ਇਕ ਗ੍ਰੰਥ ਬਣਾ ਧਰਿਆ ਸੀ। ਡੂਮ ਮੀਣਿਆਂ ਦੇ ਗ੍ਰੰਥ ਵਿੱਚੋਂ ਸ਼ਬਦ ਪੜ੍ਹਨ ਲੱਗੇ। ਇਕ ਦਿਨ ਗੁਰੂ-ਦਰਬਾਰ ਵਿਚ ਕਿਸੇ ਸਿੱਖ ਨੇ ਕੀਰਤਨ ਕਰਦੇ ਵਕਤ ਮਿਹਰਬਾਨ ਦਾ ਸ਼ਬਦ ਪੜ੍ਹਿਆ, ਜੋ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵੀ ਸੁਣਿਆ। ਸ਼ਬਦ ਪ੍ਰਮਾਣਿਕ ਬਾਣੀ ਵਿੱਚੋਂ ਨਾ ਹੋਣ ਕਰਕੇ ਪਰ ਪ੍ਰਮਾਣਿਕ ਵਜੋਂ ਚੱਲ ਪੈਣ ਦੇ ਅੰਦੇਸ਼ੇ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਫੌਰੀ ਤੌਰ ’ਤੇ ਪ੍ਰਮਾਣਿਕ ਬਾਣੀ ਦੀ ਸੰਪਾਦਨਾ ਕਰਨ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਆਪਣੀ ਦੇਖ-ਰੇਖ ਹੇਠ ਇਹ ਕੰਮ ਭਾਈ ਗੁਰਦਾਸ ਜੀ ਦੇ ਸਪੁਰਦ ਕਰ ਦਿੱਤਾ:
ਮਿਹਰਵਾਨ ਪੁਤ੍ਰ ਪ੍ਰਿਥੀਏ ਦਾ ਕਬੀਸਰੀ ਕਰੇ।
ਪਾਰਸੀ, ਹਿੰਦਵੀ, ਸਹਸਕ੍ਰਿਤ ਨਾਲੇ ਗੁਰਮੁਖੀ ਪੜੇ।
ਤਿਨ ਭੀ ਬਾਣੀ ਬਹੁਤ ਬਣਾਈ।
ਭੋਗੁ ਗੁਰੂ ਨਾਨਕ ਜੀ ਦਾ ਹੀ ਪਾਈ।
ਡੂਮ ਲਗੇ ਸਬਦ ਮੀਣਿਆਂ ਦੇ ਗਾਵਨਿ।
ਦੂਜਾ ਦਰਬਾਰ ਵਡਾ ਗੁਰਆਈ ਆ ਲਗੇ ਲਾਵਨਿ।
ਮੀਣਿਆਂ ਭੀ ਇਕ ਗ੍ਰੰਥ ਬਣਾਇਆ।
ਚਹੁੰ ਪਾਤਸਾਹੀਆਂ ਦੇ ਸਬਦ ਬਾਣੀ ਵਿਚ ਲਿਖ ਪਾਇਆ।
ਇਥੇ ਕਿਸੇ ਸਿਖ ਸਬਦ ਮਿਹਰਬਾਨ ਦਾ ਕੀਰਤਨ ਵਿਚ ਪੜ੍ਹਿਆ।
ਸੋ ਸਰਵਣੀ ਗੁਰੂ ਅਰਜਨ ਜੀ ਦਾ ਪਰਿਆ।
ਬਚਨ ਕੀਤਾ ਭਾਈ ਗੁਰਦਾਸ ਗੁਰੂ ਕੀ ਬਾਣੀ ਜੁਦਾ ਕਰੀਏ।
ਮੀਣੇ ਪਾਣ ਲਗੇ ਨੀ ਰਲਾ, ਸੋ ਨਿਆਰੀ ਕਰ ਧਰੀਏ।
ਸੋ ਸਾਹਿਬ ਬਾਣੀ ਉਚਾਰੁ ਅਗੈ ਹੀ ਕਰਤ ਸੁ ਭਏ।
ਸੋ ਭਾਈ ਗੁਰਦਾਸ ਸਭ ਇਕਤਰ ਕਰਿ ਲਏ।4
ਭਾਈ ਸਰੂਪ ਦਾਸ ਭੱਲਾ ਰਚਿਤ ‘ਮਹਿਮਾ ਪ੍ਰਕਾਸ਼’ (ਭਾਗ ਦੂਜਾ) ਸਿੱਖ-ਜਗਤ ਦਾ ਇਕ ਹੋਰ ਮਹੱਤਵਪੂਰਨ ਗ੍ਰੰਥ ਹੈ। ਇਸ ਵਿਚ ਜਿੱਥੇ ਪੰਜਵੇਂ ਗੁਰੂ ਸਾਹਿਬ ਦੀਆਂ ਸਾਖੀਆਂ ਹਨ, ਉਥੇ ਪੰਜਾਂ ਸਾਖੀਆਂ (11-15 ਤਕ) ਵਿਚ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਵਿਚਾਰ, ਬਾਣੀ ਇਕੱਤਰ ਕਰਨ ਦੇ ਢੰਗ-ਤਰੀਕਿਆਂ, ‘ਪ੍ਰਾਣ ਸੰਗਲੀ’ ਮੰਗਵਾਉਣ ਤੇ ਅਪਰਵਾਨ ਕਰਨ, ਭਗਤ-ਬਾਣੀ ਸੰਬੰਧੀ ਭਾਈ ਗੁਰਦਾਸ ਜੀ ਦੇ ਸ਼ੰਕਿਆਂ ਦੀ ਨਵਿਰਤੀ, ਭਾਈ ਬੰਨੋ ਜੀ ਦੁਆਰਾ ਬੀੜ ਦੀ ਜਿਲਦਬੰਦੀ ਕਰਾਉਣ ਅਤੇ ਸ਼ਾਹ ਹੁਸੈਨ ਤੇ ਦੂਜੇ ਭਗਤਾਂ ਦਾ ਅੰਮ੍ਰਿਤਸਰ ਵਿਖੇ ਆਉਣ ਦਾ ਬਿਰਤਾਂਤ ਹੈ। ਇਨ੍ਹਾਂ ਪੰਜਾਂ ਸਾਖੀਆਂ ਵਿੱਚੋਂ ਪਹਿਲੀ ‘ਸਾਖੀ ਸ੍ਰੀ ਗ੍ਰੰਥ ਜੀ ਕੇ ਮਿਸਲ ਕੀ’ ਹੈ ਜਿਸ ਵਿਚ ਸੰਪਾਦਨਾ ਦੇ ਦੋ ਮੁੱਖ ਕਾਰਨ ਦੱਸੇ ਗਏ ਹਨ। ਪਹਿਲਾ ਕਾਰਨ ਨਵੇਂ ਉਦੈ ਹੋਏ ਪੰਥ ਨੂੰ ਸਿਧਾਂਤਕ ਆਧਾਰ ਪ੍ਰਦਾਨ ਕਰਨਾ ਸੀ:
ਏਕ ਦਿਵਸ ਪ੍ਰਭ ਪ੍ਰਾਤਹਕਾਲ।
ਦਇਆ ਭਰੇ ਪ੍ਰਭ ਦੀਨ ਦਿਆਲ।
ਯਹ ਮਨ ਉਪਜੀ ਪ੍ਰਗਟਿਓ ਜਗ ਪੰਥ।
ਤਿਹ ਕਾਰਨ ਕੀਜੇ ਅਬ ਗ੍ਰੰਥ।5
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਨਿਰਖ-ਪਰਖ ਕਰ ਕੇ ਭਾਈ ਗੁਰਦਾਸ ਜੀ ਨੂੰ ਸੱਚੀ ਤੇ ਪ੍ਰਮਾਣਿਕ ਬਾਣੀ ਨੂੰ ਪਛਾਣਨ ਦਾ ਕੰਮ ਸੌਂਪ ਰੱਖਿਆ ਸੀ ਜੋ ਉਹ ਬੜੀ ਲਗਨ ਅਤੇ ਮਿਹਨਤ ਨਾਲ ਕਰ ਰਹੇ ਸਨ। ਇਕ ਦਿਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਨੂੰ ਪ੍ਰਸ਼ਨ ਕੀਤਾ ਕਿ ਉਹ ਅਜਿਹੀ ਨਿਰਖ-ਪਰਖ ਕਿਸ ਤਰ੍ਹਾਂ ਕਰ ਸਕੇ ਹਨ ਤਾਂ ਭਾਈ ਗੁਰਦਾਸ ਜੀ ਨੇ ਬਹੁਤ ਢੁੱਕਵੇਂ ਸ਼ਬਦਾਂ ਵਿਚ ਇਸ ਦਾ ਉੱਤਰ ਦਿੱਤਾ। ਉੱਤਰ ਇਹ ਸੀ ਕਿ ਜਿਸ ਤਰ੍ਹਾਂ ਬਹੁਤ ਸਾਰੇ ਮਰਦਾਂ ਵਿੱਚੋਂ ਪਤਨੀ ਆਪਣੇ ਪਤੀ ਦੀ ਆਵਾਜ਼ ਸਹਿਜੇ ਹੀ ਪਛਾਣ ਲੈਂਦੀ ਹੈ, ਤਿਵੇਂ ਹੀ ਮੇਰੇ ਸਾਹਮਣੇ ਜਦੋਂ ਵੀ ਕੋਈ ਅਪ੍ਰਮਾਣਿਕ ਵਾਕ ਆ ਜਾਂਦਾ ਹੈ ਤਾਂ ਉਹ ਫ਼ੌਰੀ ਤੌਰ ’ਤੇ ਉਸ ਇਸਤਰੀ ਦੀ ਤਰ੍ਹਾਂ ਅੰਦਰੋਂ ਫੁੱਟੀ ਚੇਤਨਾ ਨਾਲ ਅਜਿਹੀ ਪਛਾਣ ਕਰ ਲੈਂਦਾ ਹੈ:
ਦੋਹਰਾ : ਕਹਿਓ ਦਿਆਲ ਗੁਰਦਾਸ ਕੋ, ਤੁਮ ਬਾਨੀ ਲਿਖੋ ਪਛਾਨ।
ਜੋ ਯਹ ਨਿਕਾਲ ਬਾਹਰ ਧਰੀ, ਕੈਸੇ ਪਾਇਓ ਗਿਆਨ।
ਚੌਪਈ : ਕਰ ਜੋੜ ਗੁਰਦਾਸ ਕਰੀ ਅਰਦਾਸ।
ਸੋ ਸਤਿਗੁਰੂ ਗਿਆਨ ਐਸੇ ਮੋ ਪਾਸ।
ਬਹੁਤ ਪੁਰਖ ਮਿਲ ਬਾਤ ਬਖਾਨੇ।
ਨਿਜ ਭਰਤਾ ਬੋਲ ਤਿਰੀਆ ਪਹਿਚਾਨੇ।
ਅਵਰ ਕੋ ਵਾਕ ਤਿਸ ਮਨ ਨਹੀ ਆਵੈ।
ਸੁਨ ਭਰਤਾ ਬੋਲ ਹੀਏ ਮੋ ਭਾਵੈ।
ਇਮ ਬੂਝ ਵਿਚਾਰ ਗੁਰ-ਬਚਨ ਪਛਾਨੋ।
ਅਵਰ ਵਾਕ ਮਨ ਮਹਿ ਨਹੀ ਆਨੋ।
ਯਹ ਸੁਨਿ ਬਿਚਾਰ ਗੁਰ ਭਏ ਦਇਆਲ।
ਬਰ ਬਚਨ ਕੀਆ ਗੁਰਦਾਸ ਨਿਹਾਲ।6
ਕਵੀ ਸੋਹਨ ਦੇ ਨਾਂ ਨਾਲ ਪ੍ਰਚਲਿਤ ‘ਗੁਰਬਿਲਾਸ ਪਾਤਸ਼ਾਹੀ 6’ ਦੇ ਅਧਿਆਇ ਚੌਥਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਦਾ ਉਪਰੋਕਤ ਕਾਰਨ ਹੀ ਦ੍ਰਿੜ੍ਹ ਕਰਵਾਇਆ ਗਿਆ ਹੈ। ਪ੍ਰਸੰਗ ਅਨੁਸਾਰ ਸ੍ਰੀ ਗੁਰੂ ਅਰਜਨ ਦੇਵ ਜੀ ਕੋਲ ਇਕ ਸਿੱਖ ਇਹ ਫ਼ਰਿਆਦ ਲੈ ਕੇ ਆਇਆ ਕਿ ਸਿੱਖ ਸੰਗਤ ਵਿਚ ਕੱਚੀ ਬਾਣੀ ਦਾ ਪ੍ਰਚਲਨ ਹੋ ਰਿਹਾ ਹੈ ਜਿਸ ਨੂੰ ਰੋਕਣ ਦੀ ਸਖ਼ਤ ਲੋੜ ਹੈ। ਉਸ ਨੇ ਇਹ ਵੀ ਸੁਝਾਅ ਦਿੱਤਾ ਕਿ ਅਜੇ ਤਾਂ ਸੰਗਤ ਵਿਚ ਕੁਝ ਸਿੱਖ ਐਸੇ ਹਨ ਜਿਨ੍ਹਾਂ ਨੂੰ ਕੱਚੀ ਬਾਣੀ ਦੀ ਪਛਾਣ ਹੈ, ਪਰ ਅੱਗੋਂ ਸਮਾਂ ਅਜਿਹਾ ਆ ਰਿਹਾ ਹੈ ਕਿ ਇਹ ਪਛਾਣ ਔਖੀ ਹੋ ਜਾਵੇਗੀ। ਇਸ ਲਈ ਹਮੇਸ਼ਾਂ ਵਾਸਤੇ ਇਹ ਨਿਖੇੜਾ ਕਰਨ ਦਾ ਸਮਾਂ ਆ ਗਿਆ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਨੂੰ ਨਿਸਚਿਤ ਤਰਤੀਬ ਦੇ ਕੇ ਗ੍ਰੰਥ ਸਾਹਿਬ ਤਿਆਰ ਕਰਨ ਦਾ ਕਾਰਜ-ਭਾਰ ਉਨ੍ਹਾਂ ਨੂੰ ਸੌਂਪ ਕੇ ਇਸ ਪਾਸੇ ਲਾਇਆ:
ਚੌਪਈ :
ਗੁਰ ਅਰਜਨ ਮਨ ਐਸੇ ਧਾਰਯੋ।
ਕਰੋਂ ਜਤਨ ਜਿਹ ਜਗ ਨਿਸਤਾਰਯੋ।
ਬਾਣੀ ਗੁਰੂ ਗੁਰੂ ਹੈ ਬਾਣੀ।
ਬੇਦਨ ਤਤੁ ਮਥਿ ਬੁਧਿ ਮਧਾਣੀ।…
ਤਾ ਤੇ ਸਭ ਬਾਣੀ ਇਕਠਯੈ।
ਪੂਜਨੀਵ ਗੁਰ ਗ੍ਰਿੰਥ ਬਨਯੈ।
ਤਬ ਲੌ ਏਕ ਸਿਖੁ ਤਹ ਆਯੋ।
ਗੁਰ ਅਰਜਨ ਕੋ ਸੀਸੁ ਨਿਵਾਯੋ।
ਹਾਥ ਜੋਰਿ ਪੁਨਿ ਪ੍ਰਸਨ ਉਚਾਰਾ।
ਮੈ ਪ੍ਰਭ ਸਬਦ ਪੜੋਂ ਹਿਤੁ ਧਾਰਾ।
ਭਾਈ ਕੀ ਬਾਣੀ ਹਿਤੁ ਲਾਏ।
ਮੈ ਪੜਿਹੋਂ ਸਿਖ ਐਸ ਅਲਾਏ।
ਦੋਹਰਾ :
ਬਾਣੀ ਕਚੀ ਗੁਰੂ ਬਿਨ ਨਾਹਿ ਪੜੋ ਚਿਤ ਲਾਇ।
ਕ੍ਰਿਪਾ ਧਾਰਿ ਮੁਹਿ ਹੇ ਪ੍ਰਭ ਗੁਰਬਾਣੀ ਸਮਝਾਇ।
ਸ੍ਰੀ ਗੁਰ ਨਿਕਟ ਬੁਲਾਇਯੋ ਤਬ ਭਾਈ ਗੁਰਦਾਸ।
ਸ੍ਰੀ ਮੁਖ ਸੋਂ ਸਭ ਹੀ ਕਹੀ ਤਾਹਿ ਸਿਖ ਅਰਦਾਸ।
ਕਬਿੱਤ :
ਸ੍ਰੀ ਗੁਰ ਕ੍ਰਿਪਾ ਪਾਇ ਸਿਖ ਸੁਧ ਬੁਧਿ ਕਾਇ,
ਸ੍ਰੀ ਗੁਰਬਾਣੀ ਸਿਖ ਅਬ ਤੋ ਪਛਾਣ ਹੈਂ।
ਆਗੇ ਕਲੂ ਬਲੁ ਪਾਵੈ ਸੁਧ ਬੁਧਿ ਨ ਰਹਾਵੈ,
ਨਿਜ ਗੁਰਬਾਣੀ ਸਿਖ ਕੈਸਕ ਸਯਾਨ ਹੈਂ।
ਤਾ ਤੇ ਗੁਰਬਾਣੀ ਸਭ ਕੀਜੀਯੈ ਇਕਤ੍ਰ ਅਬ,
ਸੋਧ ਗੁਰਬਾਣੀ ਤਾਹਿ ਗ੍ਰੰਥ ਕੋ ਰਚਾਨ ਹੈਂ।
ਪੂਜਨੀਵ ਜਗਿ ਹੋਇ ਗੁਰੂ ਸਮ ਗ੍ਰਿੰਥ ਸੋਇ,
ਜੋਊ ਪੂਜ ਕਰੈ ਮੁਕਤਿ ਰੂਪ ਸੁ ਜਹਾਨ ਹੈਂ।7
ਭਾਈ ਵੀਰ ਸਿੰਘ (ਬੱਲ) ਰਚਿਤ ‘ਗੁਰ ਕੀਰਤ ਪ੍ਰਕਾਸ਼’ ਵਿਚ ਵੀ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਸੰਪਾਦਨ ਪ੍ਰਕਿਰਿਆ ਦਾ ਕੁਝ ਬਿਰਤਾਂਤ ਹੈ। ਭਾਈ ਵੀਰ ਸਿੰਘ (ਬੱਲ) ਫ਼ੌਰੀ ਕਾਰਨ ਤਾਂ ਕੱਚੀ ਬਾਣੀ ਦੇ ਰਲੇ ਤੋਂ ਗੁਰਬਾਣੀ ਨੂੰ ਬਚਾਉਣ ਦਾ ਹੀ ਮੰਨਦਾ ਹੈ, ਪਰ ਇਕ-ਦੋ ਗੱਲਾਂ ਹੋਰ ਵੀ ਦੱਸ ਜਾਂਦਾ ਹੈ। ਮਸਲਨ ਜਦ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਪਾਦਨਾ ਦਾ ਸੰਕਲਪ ਕੀਤਾ ਤਾਂ ਉਨ੍ਹਾਂ ਭਾਈ ਗੁਰਦਾਸ ਜੀ ਨੂੰ ਗੋਇੰਦਵਾਲ ਤੋਂ ਬਾਬਾ ਮੋਹਨ ਜੀ ਕੋਲੋਂ ਗੁਰਬਾਣੀ ਦੀਆਂ ਪੋਥੀਆਂ ਲਿਆਉਣ ਦਾ ਆਦੇਸ਼ ਵੀ ਦਿੱਤਾ। ਭਾਈ ਗੁਰਦਾਸ ਜੀ ਨੇ ਨਿਮਰਤਾ-ਸਹਿਤ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕੀਤੀ ਕਿ ਪੋਥੀਆਂ ਉਹ ਖ਼ੁਦ ਹੀ ਲਿਆਉਣ ਕਿਉਂਕਿ ਬਾਬਾ ਮੋਹਨ ਜੀ ਨੇ ਉਸ ਨੂੰ ਉਹ ਨਹੀਂ ਦੇਣੀਆਂ। ਦੂਜੀ ਗੱਲ ਉਹ ਇਹ ਦੱਸਦਾ ਹੈ ਕਿ ਜਿਨ੍ਹਾਂ ਲੋਕਾਂ ਦੀ ਰਚਨਾ ਤੋਂ ਨਿਖੇੜਨ ਲਈ ਸੰਪਾਦਨਾ ਦਾ ਵਿਚਾਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਆਇਆ, ਉਨ੍ਹਾਂ ਲੋਕਾਂ ਨੂੰ ਫਿਰ ਵੀ ਅਕਲ ਨਾ ਆਈ ਤੇ ਉਹ ਆਪਣੀ ਕੱਚੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰਾਉਣ ਦਾ ਹੱਠ ਕਰਨ ਲੱਗੇ ਪਰ ਭਾਈ ਗੁਰਦਾਸ ਜੀ ਦੀ ਪਾਰਖੂ ਅੱਖ ਨੇ ਉਨ੍ਹਾਂ ਦੇ ਮਨਸੂਬੇ ਸਫ਼ਲ ਨਾ ਹੋਣ ਦਿੱਤੇ:
ਸ੍ਰੀ ਗੁਰਬਾਣੀ ਸਰਬ ਲਿਖਾਈ।
ਗੁਰੂ ਗ੍ਰੰਥ ਕੀ ਬੀੜ ਬੰਧਾਈ।
ਸਭ ਭਗਤਾਂ ਕੇ ਸਬਦ ਚਢਾਏ।
ਰਾਗ ਰਾਗ ਕੈ ਅੰਤਹਿ ਲਾਏ।
ਪ੍ਰਿਥੀ ਚੰਦ ਮਹਾਦੇਵ ਸਿਧਾਏ।
ਅਪੁਨੀ ਬਾਣੀ ਚਾੜਨ ਆਏ।
ਸੋ ਬਾਣੀ ਗੁਰਦਾਸ ਹਟਾਈ।
ਗੁਰੂ ਬਿਨਾ ਕਾਚੀ ਠਹਿਰਾਈ।8
ਭਾਈ ਸੰਤੋਖ ਸਿੰਘ ਰਚਿਤ ‘ਗੁਰ ਪ੍ਰਤਾਪ ਸੂਰਜ ਗ੍ਰੰਥ’ ਸਿੱਖ ਗ੍ਰੰਥਾਂ ਵਿਚ ਇਕ ਹੋਰ ਅਤਿਅੰਤ ਮਹੱਤਵਪੂਰਨ ਗ੍ਰੰਥ ਹੈ ਜਿਸ ਦੇ ਇਕ ਪ੍ਰਕਰਣ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਦਾ ਇਤਿਹਾਸ ਹੈ। ਭਾਈ ਸੰਤੋਖ ਸਿੰਘ ਵੀ ਬਹੁਤੇ ਪੂਰਬਲੇ ਇਤਿਹਾਸਕਾਰਾਂ ਵਾਂਗ, ਗੁਰਬਾਣੀ ਨੂੰ ਮੀਣਿਆਂ ਦੀ ਕੱਚੀ ਬਾਣੀ ਨਾਲੋਂ ਨਿਖੇੜਨ ਦਾ ਕਾਰਨ ਹੀ ਸਭ ਤੋਂ ਅਹਿਮ ਮੰਨਦੇ ਹਨ। ਪ੍ਰਿਥੀ ਚੰਦ ਅਤੇ ਉਸ ਦੇ ਵੰਸ਼ਜ ਆਪਣੇ ਕੋਲੋਂ ਹੀ ਸ਼ਬਦ ਰਚਦੇ ਸਨ ਪਰ ਕਵੀ ਛਾਪ ‘ਨਾਨਕ’ ਵਰਤ ਕੇ ਸੰਗਤਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ। ਕੋਈ ਕੱਚੀ ਬਾਣੀ ਦੀ ਪਛਾਣ ਕਰ ਲੈਂਦਾ ਹੈ, ਕੋਈ ਨਹੀਂ। ਇਸ ਤਰ੍ਹਾਂ ਗੁਰਬਾਣੀ ਵਿਚ ਵੱਡਾ ਵਿਗਾੜ ਪੈਣ ਦਾ ਅੰਦੇਸ਼ਾ ਸੀ।
ਭਾਈ ਸੰਤੋਖ ਸਿੰਘ ਤੋਂ ਬਾਅਦ ਆਉਣ ਵਾਲੇ ਇਤਿਹਾਸਕਾਰਾਂ ਨੇ ਥੋੜ੍ਹੇ-ਬਹੁਤੇ ਫ਼ਰਕ ਨਾਲ ਉਪਰੋਕਤ ਗੱਲਾਂ ਹੀ ਦੁਹਰਾਈਆਂ ਹਨ, ਇਸ ਲਈ ਉਨ੍ਹਾਂ ਦੀ ਚਰਚਾ ਬੇਲੋੜੀ ਹੈ। ਉਂਞ ਵੀ ਭਾਈ ਸੰਤੋਖ ਸਿੰਘ ਤੋਂ ਪਿੱਛੋਂ ਇਤਿਹਾਸਕਾਰੀ ਦਾ ਆਧੁਨਿਕ ਯੁੱਗ ਅਰੰਭ ਹੁੰਦਾ ਹੈ ਅਤੇ ਜਿਨ੍ਹਾਂ ਵੀ ਇਤਿਹਾਸਕਾਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦੇ ਪਿਛੋਕੜ ਜਾਂ ਇਸ ਦੀ ਸੰਪਾਦਨ-ਪ੍ਰਕਿਰਿਆ ਬਾਰੇ ਕੋਈ ਗੱਲ ਕੀਤੀ ਹੈ, ਉਨ੍ਹਾਂ ਦਾ ਆਧਾਰ ਉਪਰੋਕਤ ਗ੍ਰੰਥ ਹੀ ਹਨ। ਅਲਬੱਤਾ ਭਾਈ ਗੁਰਦਾਸ ਜੀ ਬਾਰੇ ਪ੍ਰਚਲਿਤ ਧਾਰਨਾਵਾਂ ਤੋਂ ਬਿਨਾਂ ਉਨ੍ਹਾਂ ਦੇ ਇਕ ਅਹਿਮ ਯੋਗਦਾਨ ਬਾਰੇ ਸੰਕੇਤ ਕਰ ਕੇ ਅਸੀਂ ਆਪਣੀ ਗੱਲ ਖ਼ਤਮ ਕਰਨੀ ਚਾਹਾਂਗੇ। ਆਮ ਧਾਰਨਾ ਭਾਈ ਗੁਰਦਾਸ ਜੀ ਦੀ ਸੇਵਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੀ ਲਿਖਾਈ ਤਕ ਹੀ ਸੀਮਿਤ ਕਰਦੀ ਹੈ, ਪਰ ਸਾਡੇ ਖ਼ਿਆਲ ਵਿਚ ਉਨ੍ਹਾਂ ਦੀ ਇਕ ਇਹੋ ਜਿਹੀ ਹੀ ਮਹੱਤਵਪੂਰਨ ਹੋਰ ਸੇਵਾ ਗੁਰਬਾਣੀ ਨੂੰ ਕੱਚੀ ਬਾਣੀ ਨਾਲੋਂ ਨਿਖੇੜਨ ਦੀ ਉਨ੍ਹਾਂ ਦੀ ਤਿੱਖੀ ਸੂਝ ਅਤੇ ਬਾਰੀਕਬੀਨੀ ਹੈ। ਇਹ ਠੀਕ ਹੈ ਕਿ ਇਸ ਪਾਸੇ ਭਾਈ ਗੁਰਦਾਸ ਜੀ ਦੀ ਪਾਰਖੂ ਅੱਖ ਦਾ ਵੀ ਬਰਾਬਰ ਦਾ ਯੋਗਦਾਨ ਹੈ। ਜਦ ਪ੍ਰਿਥੀ ਚੰਦ ਅਤੇ ਉਸ ਦੇ ਚਾਟੜੇ ਸ੍ਰੀ ਗੁਰੂ ਅਰਜਨ ਦੇਵ ਜੀ ਕੋਲ ਇਹ ਸ਼ਿਕਾਇਤ ਲੈ ਕੇ ਪਹੁੰਚੇ ਤਾਂ ਭਾਈ ਵੀਰ ਸਿੰਘ (ਬੱਲ) ਦੇ ਕਹਿਣ ਅਨੁਸਾਰ ਗੁਰੂ ਸਾਹਿਬ ਨੇ ਭਾਈ ਗੁਰਦਾਸ ਜੀ ਨੂੰ ਬੁਲਾ ਭੇਜਿਆ ਕਿ ਉਹ ਅਜਿਹਾ ਕਿਉਂ ਕਰ ਰਹੇ ਹਨ? ਜਦ ਭਾਈ ਗੁਰਦਾਸ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਠੋਸ ਅਤੇ ਤਰਕਪੂਰਨ ਉੱਤਰ ਦਿੱਤਾ ਤਾਂ ਗੁਰੂ ਸਾਹਿਬ ਵੀ ਉਨ੍ਹਾਂ ਦੀ ਪ੍ਰਸੰਸਾ ਕਰਨੋਂ ਨਾ ਰਹਿ ਸਕੇ। ਭਾਈ ਵੀਰ ਸਿੰਘ (ਬੱਲ) ਦੀਆਂ ਸਤਰਾਂ ਹਨ:
ਤਬ ਗੁਰੂ ਅਰਜਨ ਕਹਿਯਾ ਸੁਣਾਇ।
ਜਿਉ ਗੁਰਦਾਸ ਤੋਹਿ ਰਜਾਇ।
ਸੋਢੀ ਭੱਲੇ ਤੇਹਣ ਬੇਦੀ।
ਤੂੰ ਸਭ ਗੁਰਬਾਣੀ ਕਾ ਭੇਦੀ।9
ਲੇਖਕ ਬਾਰੇ
- ਡਾ. ਧਰਮ ਸਿੰਘhttps://sikharchives.org/kosh/author/%e0%a8%a1%e0%a8%be-%e0%a8%a7%e0%a8%b0%e0%a8%ae-%e0%a8%b8%e0%a8%bf%e0%a9%b0%e0%a8%98/November 1, 2007
- ਡਾ. ਧਰਮ ਸਿੰਘhttps://sikharchives.org/kosh/author/%e0%a8%a1%e0%a8%be-%e0%a8%a7%e0%a8%b0%e0%a8%ae-%e0%a8%b8%e0%a8%bf%e0%a9%b0%e0%a8%98/February 1, 2008
- ਡਾ. ਧਰਮ ਸਿੰਘhttps://sikharchives.org/kosh/author/%e0%a8%a1%e0%a8%be-%e0%a8%a7%e0%a8%b0%e0%a8%ae-%e0%a8%b8%e0%a8%bf%e0%a9%b0%e0%a8%98/
- ਡਾ. ਧਰਮ ਸਿੰਘhttps://sikharchives.org/kosh/author/%e0%a8%a1%e0%a8%be-%e0%a8%a7%e0%a8%b0%e0%a8%ae-%e0%a8%b8%e0%a8%bf%e0%a9%b0%e0%a8%98/September 1, 2008
- ਡਾ. ਧਰਮ ਸਿੰਘhttps://sikharchives.org/kosh/author/%e0%a8%a1%e0%a8%be-%e0%a8%a7%e0%a8%b0%e0%a8%ae-%e0%a8%b8%e0%a8%bf%e0%a9%b0%e0%a8%98/August 1, 2009
- ਡਾ. ਧਰਮ ਸਿੰਘhttps://sikharchives.org/kosh/author/%e0%a8%a1%e0%a8%be-%e0%a8%a7%e0%a8%b0%e0%a8%ae-%e0%a8%b8%e0%a8%bf%e0%a9%b0%e0%a8%98/May 1, 2010