editor@sikharchives.org

ਗੁਰਦੁਆਰਾ ਨਾਨਕਸ਼ਾਹੀ ਰਮਨਾ ਨੂੰ ਬਚਾਉਣ ਵਾਲਾ ਬਾਬਾ ਸਵਰਨ ਸਿੰਘ

ਗੁਰਦੁਆਰਾ ਨਾਨਕਸ਼ਾਹੀ ਰਮਨਾ ਹੀ ਇਕ ਅਜਿਹਾ ਗੁਰਧਾਮ ਹੈ ਜਿਥੇ ਰਿਹਾਇਸ਼ ਅਤੇ ਲੰਗਰ ਦਾ ਹਰ ਵੇਲੇ ਪ੍ਰਬੰਧ ਮੌਜੂਦ ਰਹਿੰਦਾ ਹੈ ਅਤੇ ਢਾਕਾ ਜਾਣ ਵਾਲੀ ਸੰਗਤ ਇੱਥੇ ਹੀ ਨਿਵਾਸ ਕਰਦੀ ਹੈ।
ਬੁੱਕਮਾਰਕ ਕਰੋ (0)
Please login to bookmark Close

Paramvir Singh

ਪੜਨ ਦਾ ਸਮਾਂ: 1 ਮਿੰਟ

ਭਾਰਤ ਦੇ ਪੂਰਬ ਵਿਚ ਬੰਗਲਾਦੇਸ਼ ਇਕ ਅਜ਼ਾਦ ਮੁਲਕ ਹੈ। ਕਿਸੇ ਸਮੇਂ ਇਹ ਪਾਕਿਸਤਾਨ ਦਾ ਹਿੱਸਾ ਸੀ ਜਿਸ ਨੂੰ ਪੂਰਬੀ ਪਾਕਿਸਤਾਨ ਕਿਹਾ ਜਾਂਦਾ ਸੀ। 1947 ਵਿਚ ਭਾਰਤ-ਪਾਕਿ ਵੰਡ ਦੌਰਾਨ ਇਸ ਇਲਾਕੇ ਵਿਚ ਮੌਜੂਦ ਗ਼ੈਰ-ਮੁਸਲਮਾਨ ਭਾਰਤ ਵਿਚ ਆ ਗਏ ਅਤੇ ਪਿੱਛੇ ਰਹਿ ਗਏ ਅਸਥਾਨਾਂ ਦੇ ਹਾਲਾਤ ਬਿਲਕੁਲ ਬਦਲ ਗਏ। ਸਿੱਖ ਧਰਮ ਅਸਥਾਨਾਂ ਬਾਰੇ ਜਾਣਕਾਰੀ ਪ੍ਰਾਪਤ ਕਰਦਿਆਂ ਇਹ ਤੱਥ ਸਾਹਮਣੇ ਆਏ ਕਿ ਬਹੁਤ ਸਾਰੇ ਗੁਰਧਾਮਾਂ ‘ਤੇ ਕਬਜ਼ਾ ਕਰਕੇ ਇਹਨਾਂ ਦਾ ਰੂਪ ਬਦਲ ਦਿੱਤਾ ਗਿਆ ਹੈ।

ਜਿਹੜੇ ਗੁਰਧਾਮਾਂ ਦੇ ਮੌਜੂਦਾ ਸਮੇਂ ਵਿਚ ਦਰਸ਼ਨ-ਦੀਦਾਰੇ ਕਰਵਾਏ ਜਾਂਦੇ ਹਨ ਇਹਨਾਂ ਦੀ ਸਾਂਭ-ਸੰਭਾਲ ਬੰਗਲਾਦੇਸ਼ ਦੇ ਹੋਂਦ ਵਿਚ ਆਉਣ ਤੋਂ ਬਾਅਦ ਵਿਚ ਕੀਤੀ ਜਾਣ ਲੱਗੀ ਹੈ। ਮੌਜੂਦਾ ਸਮੇਂ ਵਿਚ ਪੰਜ ਗੁਰਧਾਮ ਬੰਗਲਾਦੇਸ਼ ਵਿਚ ਮੌਜੂਦ ਹਨ – ਗੁਰਦੁਆਰਾ ਨਾਨਕਸ਼ਾਹੀ ਰਮਨਾ, ਢਾਕਾ; ਗੁਰਦੁਆਰਾ ਸੰਗਤ ਟੋਲਾ, ਢਾਕਾ; ਗੁਰਦੁਆਰਾ ਸਿੱਖ ਟੈਂਪਲ ਅਸਟੇਟ, ਚਿਟਾਗਾਂਗ; ਗੁਰਦੁਆਰਾ ਸਿੱਖ ਟੈਂਪਲ, ਪੰਜਾਬੀ ਲੇਨ, ਪਹਾੜਤਲੀ, ਚਿਟਾਗਾਂਗ ਅਤੇ ਗੁਰਦੁਆਰਾ ਮੈਮਨਸਿੰਘ। ਇਹਨਾਂ ਵਿਚੋਂ ਢਾਕੇ ਵਿਖੇ ਮੌਜੂਦ ਗੁਰਦੁਆਰਾ ਨਾਨਕਸ਼ਾਹੀ ਰਮਨਾ ਹੀ ਇਕ ਅਜਿਹਾ ਗੁਰਧਾਮ ਹੈ ਜਿਥੇ ਰਿਹਾਇਸ਼ ਅਤੇ ਲੰਗਰ ਦਾ ਹਰ ਵੇਲੇ ਪ੍ਰਬੰਧ ਮੌਜੂਦ ਰਹਿੰਦਾ ਹੈ ਅਤੇ ਢਾਕਾ ਜਾਣ ਵਾਲੀ ਸੰਗਤ ਇੱਥੇ ਹੀ ਨਿਵਾਸ ਕਰਦੀ ਹੈ।

ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਬਾਬਾ ਗੁਰਦਿੱਤਾ ਜੀ ਰਾਹੀਂ ਅੱਗੇ ਵਧੀ ਉਦਾਸੀ ਸੰਪ੍ਰਦਾਇ ਦੇ ਬਾਬਾ ਨੱਥਾ ਨੇ ਇਸ ਅਸਥਾਨ ਦੀ ਸਥਾਪਨਾ ਕੀਤੀ ਸੀ। ਜਦੋਂ ਗੁਰੂ ਤੇਗ਼ ਬਹਾਦਰ ਜੀ ਪੂਰਬ ਦੀ ਯਾਤਰਾ ਸਮੇਂ ਢਾਕਾ ਗਏ ਸਨ ਤਾਂ ਉਸ ਸਮੇਂ ਇਹ ਉੱਥੇ ਮੌਜੂਦ ਸੀ। ਮਹੰਤ ਬਾਸੂਬਾ ਦਾਸ, ਬਾਬਾ ਮੰਗਲ ਦਾਸ, ਬਾਬਾ ਗੋਬਿੰਦ ਦਾਸ, ਮਹੰਤ ਤ੍ਰਿਬੇਣੀ ਦਾਸ ਇਸ ਅਸਥਾਨ ਦੀ ਸੇਵਾ-ਸੰਭਾਲ ਕਰਦੇ ਰਹੇ ਹਨ। ਇਹਨਾਂ ਤੋਂ ਬਾਅਦ ਬਾਬਾ ਸਵਰਨ ਸਿੰਘ ਨੇ ਇਹ ਸੇਵਾ ਸੰਭਾਲ ਲਈ ਸੀ। ਬਾਬਾ ਸਵਰਨ ਸਿੰਘ ਜਿੰਨਾ ਚਿਰ ਜਿਉਂਦੇ ਰਹੇ ਇਸ ਗੁਰਧਾਮ ਦੀ ਸੇਵਾ-ਸੰਭਾਲ ਕਰਦੇ ਰਹੇ। ਮੁਹੰਮਦ ਮਲਕ ਇਹਨਾਂ ਦਾ ਇਕ ਪਰਮ-ਮਿੱਤਰ ਸੀ ਜਿਸ ਨੇ ਜੀਵਨ ਦੇ ਅਖ਼ੀਰ ਤੱਕ ਇਹਨਾਂ ਦਾ ਸਾਥ ਦਿੱਤਾ। ਜਦੋਂ ਗੁਰਦੁਆਰਾ ਸਾਹਿਬ ‘ਤੇ ਕਬਜ਼ਾ ਹੋ ਗਿਆ ਤਾਂ ਬਾਬਾ ਸਵਰਨ ਸਿੰਘ ਆਪਣੇ ਇਸ ਮਿੱਤਰ ਕੋਲ ਹੀ ਰਹਿੰਦੇ ਰਹੇ।

ਵਡੇਰੀ ਉਮਰ ਹੋਣ ਦੇ ਬਾਵਜੂਦ ਵੀ ਗੁਰਦੁਆਰਾ ਸਾਹਿਬ ਪ੍ਰਤੀ ਇਹਨਾਂ ਦੇ ਮਨ ਵਿਚ ਅਥਾਹ ਸ਼ਰਧਾ ਸੀ ਜਿਸ ਕਰਕੇ ਹਰ ਔਖੀ ਘੜੀ ਵਿਚ ਗੁਰੂ ਦਾ ਓਟ-ਆਸਰਾ ਲੈ ਕੇ ਇਸ ਅਸਥਾਨ ਨੂੰ ਬਚਾਉਣ ਵਿਚ ਲੱਗੇ ਰਹੇ। ਰੁਜਗਾਰ ਅਤੇ ਸਿੱਖ ਵੱਸੋਂ ਨਾ ਹੋਣ ਦੇ ਬਾਵਜੂਦ ਵੀ ਇਹ ਗੁਰਦੁਆਰਾ ਸਾਹਿਬ ਦੇ ਖ਼ਿਲਾਫ਼ ਹੋਣ ਵਾਲੀ ਹਰ ਸਾਜਿਸ਼ ਨੂੰ ਨਾਕਾਮ ਕਰਨ ਲਈ ਪੁਰਜ਼ੋਰ ਯਤਨ ਕਰਦੇ ਰਹੇ। 1960-61 ਵਿਚ ਢਾਕਾ ਯੂਨੀਵਰਸਿਟੀ ਦਾ ਘੇਰਾ ਵਧਾਉਣ ਲਈ ਸਰਕਾਰ ਨੇ ਇਸ ਗੁਰਦੁਆਰਾ ਸਾਹਿਬ ਦੀ ਜ਼ਮੀਨ ਗ੍ਰਹਿਣ ਕਰ ਲਈ ਜਿਸ ਦੇ ਵਿਰੁੱਧ ਬਾਬਾ ਸਵਰਨ ਸਿੰਘ ਨੇ ਅਦਾਲਤ ਵਿਚ ਮੁਕੱਦਮਾ ਕਰ ਦਿੱਤਾ ਸੀ। ਮੁਨਸਿਫ਼ ਅਦਾਲਤ ਤੋਂ ਬਾਅਦ ਉਤਲੀ ਅਦਾਲਤ ਵਿਚ ਇਹ ਕੇਸ ਹੋਇਆ ਤਾਂ ਫ਼ੈਸਲਾ ਬਾਬਾ ਸਵਰਨ ਸਿੰਘ ਦੇ ਹੱਕ ਵਿਚ ਹੋ ਗਿਆ। ਸਰਕਾਰ ਨੇ ਇਸ ਦੇ ਵਿਰੁੱਧ ਹਾਈ ਕੋਰਟ ਵਿਚ ਮੁਕੱਦਮਾ ਕਰ ਦਿੱਤਾ। ਲੰਮਾ ਸਮਾਂ ਇਹ ਮੁਕੱਦਮਾ ਚੱਲਦਾ ਰਿਹਾ ਪਰ ਕੋਈ ਫ਼ੈਸਲਾ ਨਾ ਹੋ ਸਕਿਆ।

ਇਹ ਮੁਕੱਦਮਾ ਚੱਲ ਹੀ ਰਿਹਾ ਸੀ ਕਿ ਬੰਗਲਾਦੇਸ਼ ਦੀ ਅਜ਼ਾਦੀ ਲਈ ਭਾਰਤ-ਪਾਕਿ ਯੁੱਧ ਛਿੜ ਗਿਆ। ਇਕ ਦਸੰਬਰ ਨੂੰ ਅਰੰਭ ਹੋਇਆ ਇਹ ਯੁੱਧ 16 ਦਸੰਬਰ ਨੂੰ ਖ਼ਤਮ ਹੋਇਆ। ਦੱਸਿਆ ਜਾਂਦਾ ਹੈ ਕਿ ਇਸ ਤੋਂ ਦੋ ਦਿਨ ਪਹਿਲਾਂ 14 ਦਸੰਬਰ 1971 ਨੂੰ ਪਾਕਿਸਤਾਨੀ ਫ਼ੌਜਾਂ ਨੇ ਬਾਬਾ ਸਵਰਨ ਸਿੰਘ ਅਤੇ ਇਸ ਦੇ ਮਿੱਤਰ ਮੁਹੰਮਦ ਮਲਕ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਸੀ।

ਬੰਗਲਾਦੇਸ਼ ਬਣਨ ਉਪਰੰਤ ਜਨਵਰੀ 1972 ਦੇ ਪਹਿਲੇ ਹਫ਼ਤੇ ਪਟਨਾ ਸਾਹਿਬ ਤੋਂ ਸਿੱਖਾਂ ਦਾ ਇਕ ਵਿਸ਼ੇਸ਼ ਵਫ਼ਦ ਉਥੇ ਮੌਜੂਦ ਗੁਰਧਾਮਾਂ ਦੀ ਜਾਣਕਾਰੀ ਪ੍ਰਾਪਤ ਕਰਨ ਗਿਆ ਤਾਂ ਇਹਨਾਂ ਨੇ ਆਪਣੀ ਰਿਪੋਰਟ ਵਿਚ ਇਸ ਗੁਰਦੁਆਰੇ ਬਾਰੇ ਦੱਸਿਆ ਕਿ ਇਸ ਗੁਰਦੁਆਰੇ ਦਾ ਪੁਜਾਰੀ ਬਾਬਾ ਸਵਰਨ ਸਿੰਘ, ਜਿਸ ਦੀ ਉਮਰ ਕੋਈ 90 ਸਾਲ ਸੀ, 14 ਦਸੰਬਰ 1971 ਨੂੰ ਸ਼ਹੀਦ ਕਰ ਦਿੱਤਾ ਗਿਆ ਅਤੇ ਉਸ ਦੀ ਸਮਾਧ ਗੁਰਦੁਆਰੇ ਦੇ ਨਾਲ ਲੱਗਦੇ ਘਰ ਵਿਚ ਹੀ ਬਣਾਈ ਗਈ ਹੈ।

ਲੈਫਟੀਨੈਂਟ ਜਨਰਲ ਕੇ ਜੇ ਸਿੰਘ ਦੀ ਅਗਵਾਈ ਵਿਚ ਇੰਡੀਅਨ ਆਰਮੀ ਦੀ ਪਹਿਲੀ ਆਰਮਡ ਟੁਕੜੀ ਢਾਕਾ ਪਹੁੰਚੀ ਤਾਂ ਢਾਕਾ ਯੂਨੀਵਰਸਿਟੀ ਗਰਾਊਂਡ ਵਿਖੇ ਪਹੁੰਚਣ ਤੋਂ ਬਾਅਦ ਉਹਨਾਂ ਨੇ ਦੇਖਿਆ ਕਿ ਗੁਰਦੁਆਰਾ ਨਾਨਕਸ਼ਾਹੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰ ਦਿੱਤੀ ਗਈ ਹੈ ਅਤੇ ਗ੍ਰੰਥੀ ਸਿੰਘ ਨੂੰ ਮਾਰ ਕੇ ਗੁਰਦੁਆਰਾ ਸਾਹਿਬ ਨੂੰ ਤਹਿਸ ਨਹਿਸ ਕਰ ਦਿੱਤਾ ਗਿਆ ਹੈ।

ਇਸ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਫ਼ੌਜੀ ਟੁਕੜੀ ਦੇ ਜਵਾਨਾਂ ਨੇ ਸਭ ਤੋਂ ਪਹਿਲਾਂ ਸਰੋਵਰ ਨੂੰ ਸਾਫ਼ ਕੀਤਾ ਅਤੇ ਉਸ ਤੋਂ ਬਾਅਦ ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਆ ਕਰ ਕੇ ਗੁਰਦੁਆਰਾ ਸਾਹਿਬ ਵਿਚ ਪ੍ਰਕਾਸ਼ ਕੀਤਾ। ਇਸੇ ਫ਼ੌਜੀ ਟੁਕੜੀ ਨੇ ਹੀ ਬਾਬਾ ਸਵਰਨ ਸਿੰਘ ਦੀ ਅੰਤਿਮ ਅਰਦਾਸ ਕੀਤੀ। ਬਾਬਾ ਸਵਰਨ ਸਿੰਘ ਦੇ ਯਤਨਾਂ ਸਦਕਾ ਹੀ ਗੁਰਦੁਆਰਾ ਨਾਨਕਸ਼ਾਹੀ ਰਮਨਾ ਦੀ ਹੋਂਦ ਕਾਇਮ ਰਹਿ ਸਕੀ। ਅਜਿਹੇ ਸਿਰੜੀ ਸਿੱਖ ਸਿੱਖੀ ਦਾ ਆਦਰਸ਼ ਅਤੇ ਮਾਰਗ ਦਰਸ਼ਕ ਹਨ।

ਬੁੱਕਮਾਰਕ ਕਰੋ (0)
Please login to bookmark Close

ਲੇਖਕ ਬਾਰੇ

Paramvir Singh

ਮੁਖੀ, ਸਿੱਖ ਵਿਸ਼ਵਕੋਸ਼ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਬੁੱਕਮਾਰਕ ਕਰੋ (0)
Please login to bookmark Close

ਮੇਰੇ ਪਸੰਦੀਦਾ ਲੇਖ

No bookmark found
ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)