editor@sikharchives.org

ਗੁਰੂ ਤੇਗ ਬਹਾਦਰ ਜੀ ਦੀਆਂ ਪ੍ਰਚਾਰ-ਯਾਤਰਾਵਾਂ ਅਤੇ ਸੰਦੇਸ਼

ਗੁਰੂ ਤੇਗ ਬਹਾਦਰ ਜੀ ਨੇ ਆਪਣੀਆਂ ਪ੍ਰਚਾਰ ਯਾਤਰਾਵਾਂ ਦੌਰਾਨ ਸ਼ਾਂਤੀ, ਸਾਂਝ, ਸਦਭਾਵਨਾ, ਸੇਵਾ ਅਤੇ ਸਰਬੱਤ ਦੇ ਭਲੇ ਵਾਲਾ ਜਿਹੜਾ ਸੰਦੇਸ਼ ਦਿੱਤਾ ਸੀ ਉਹ ਅੱਜ ਵੀ ਪੂਰਨ ਤੌਰ ‘ਤੇ ਪ੍ਰਸੰਗਿਕ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਗੁਰੂ ਤੇਗ ਬਹਾਦਰ ਜੀ ਦਾ ਜੀਵਨ, ਬਾਣੀ ਅਤੇ ਸ਼ਹਾਦਤ ਮਨੁੱਖਤਾ ਦਾ ਮਾਰਗ ਦਰਸ਼ਨ ਕਰਦੀਆਂ ਹਨ। ਸ਼ਹਾਦਤ ਗੁਰੂ ਤੇਗ ਬਹਾਦਰ ਜੀ ਦੀ ਵਿਚਾਰਧਾਰਾ ਦੀ ਸਿਖਰ ਹੈ ਜਿਹੜੀ ਕਿ ਪ੍ਰਭੂ-ਮੁਖੀ ਜੀਵਨ ਬਸਰ ਕਰਦੇ ਹੋਏ ਨਾ ਕਿਸੇ ਤੋਂ ਡਰਨ ਅਤੇ ਅਤੇ ਨਾ ਹੀ ਕਿਸੇ ਨੂੰ ਡਰਾਉਣ ਦੀ ਪ੍ਰੇਰਨਾ ਅਤੇ ਭਾਵਨਾ ਪੈਦਾ ਕਰਦੀ ਹੈ। ਗੁਰੂ ਜੀ ਨੇ ਇਸ ਵਿਚਾਰਧਾਰਾ ਪ੍ਰਤਿ ਆਮ ਲੋਕਾਂ ਵਿਚ ਚੇਤਨਾ ਪੈਦਾ ਕਰਨ ਲਈ ਪ੍ਰਚਾਰ ਯਾਤਰਾਵਾਂ ਕੀਤੀਆਂ ਸਨ। ਗੁਰੂ ਨਾਨਕ ਦੇਵ ਜੀ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਦੀਆਂ ਸਭ ਤੋਂ ਵਧੇਰੇ ਪ੍ਰਚਾਰ ਯਾਤਰਾਵਾਂ ਦੇਖਣ ਨੂੰ ਮਿਲਦੀਆਂ ਹਨ ਜਿਹੜੀਆਂ ਕਿ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਬਿਹਾਰ, ਬੰਗਾਲ, ਅਸਾਮ ਅਤੇ ਬੰਗਲਾਦੇਸ਼ ਤੱਕ ਫੈਲੀਆਂ ਹੋਈਆਂ ਹਨ। ਇਹਨਾਂ ਅਸਥਾਨਾਂ ‘ਤੇ ਗੁਰੂ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨ ਮੌਜੂਦ ਹਨ ਜਿਹੜੇ ਕਿ ਉਹਨਾਂ ਦੀ ਦੈਵੀ ਹਸਤੀ ਅਤੇ ਪਰਉਪਕਾਰ ਦੀ ਭਾਵਨਾ ਦਾ ਪ੍ਰਗਟਾਵਾ ਕਰਦੇ ਹਨ। ਗੁਰੂ ਜੀ ਦੀਆਂ ਇਹਨਾਂ ਯਾਤਰਾਵਾਂ ਦਾ ਮਨੋਰਥ ਮਨੁੱਖਤਾ ਨੂੰ ਪ੍ਰਭੂ-ਮੁਖੀ ਅਤੇ ਸਦਾਚਾਰੀ ਜੀਵਨਜਾਚ ਵੱਲ ਪ੍ਰੇਰਿਤ ਕਰਨਾ ਸੀ ਪਰ ਇਸ ਦੇ ਨਾਲ ਹੀ ਗੁਰੂ ਜੀ ਆਮ ਲੋਕਾਂ ਦੇ ਰੋਜ਼ਾਨਾ ਜੀਵਨ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਦਾ ਵੀ ਸਮਾਧਾਨ ਕਰਦੇ ਨਜ਼ਰ ਆਉਂਦੇ ਹਨ ਜਿਵੇਂ ਗੁਰੂ ਜੀ ਦੀਆਂ ਪ੍ਰਚਾਰ ਯਾਤਰਾਵਾਂ ਤੋਂ ਪਤਾ ਲੱਗਦਾ ਹੈ ਕਿ ਗੁਰੂ ਜੀ ਛੱਪੜ ਸਾਫ਼ ਕਰਾਉਣ ਅਤੇ ਖੂਹ ਲਵਾਉਣ ਵਿਚ ਵਿਸ਼ੇਸ਼ ਰੁਚੀ ਲੈਂਦੇ ਸਨ। ਪਾਣੀ ਦੀ ਪੂਰਤੀ ਲਈ ਖੂਹ ਲਵਾਉਣਾ ਇਕ ਵੱਡਾ ਕੰਮ ਸੀ ਜਿਹੜਾ ਕਿ ਕੋਈ ਹਾਰ-ਸਾਰੀ ਨਹੀਂ ਕਰ ਸਕਦਾ ਸੀ। ਆਮ ਲੋਕਾਂ ਲਈ ਪਾਣੀ ਦੀ ਪੂਰਤੀ ਇਹਨਾਂ ਖੂਹਾਂ ਤੋਂ ਹੀ ਹੁੰਦੀ ਸੀ ਇਸ ਲਈ ਜਿਹੜੇ ਪਿੰਡ ਵਿਚ ਜਿਹੜਾ ਵੀ ਵਿਅਕਤੀ ਖੂਹ ਲਵਾਉਣ ਦੀ ਇੱਛਾ ਰੱਖਦਾ ਸੀ, ਗੁਰੂ ਜੀ ਉਸ ਨੂੰ ਉਤਸ਼ਾਹ ਅਤੇ ਪ੍ਰੇਰਨਾ ਬਖ਼ਸ਼ਦੇ ਸਨ।

ਨਵੇਂ ਖੂਹ ਲਵਾਉਣ ਦੇ ਨਾਲ-ਨਾਲ ਪੁਰਾਤਨ ਖੂਹਾਂ ਦੇ ਪਾਣੀ ਨੂੰ ਵਰਤੋਂ ਯੋਗ ਬਣਾਉਣ ਵਿਚ ਗੁਰੂ ਜੀ ਦਾ ਵਿਸ਼ੇਸ਼ ਯੋਗਦਾਨ ਸੀ। ਧਰਤੀ ਹੇਠਲੇ ਪਾਣੀ ਦੀ ਆਪਣੀ ਤਾਸੀਰ ਹੈ ਅਤੇ ਇਸ ਦੇ ਗੰਧਲਾ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਪਰ ਜਿੱਥੇ ਪਾਣੀ ਖਾਰਾ ਸੀ ਉੱਥੇ ਪਾਣੀ ਮਿੱਠਾ ਕਰਨ ਦੀਆਂ ਕਈ ਸਾਖੀਆਂ ਗੁਰੂ ਜੀ ਦੀਆਂ ਯਾਤਰਾਵਾਂ ਦੌਰਾਨ ਦੇਖਣ ਨੂੰ ਮਿਲਦੀਆਂ ਹਨ। ਪਿੰਡਾਂ ਦੇ ਆਮ ਲੋਕਾਂ ਦਾ ਆਤਮਿਕ ਬਲ ਚੁੱਕਣ ਲਈ ਗੁਰੂ ਜੀ ਵਿਸ਼ੇਸ਼ ਜ਼ੋਰ ਦਿੰਦੇ ਸਨ ਜਿਹੜਾ ਕਿ ਉਹਨਾਂ ਨੂੰ ਸਮੇਂ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਵਿਚ ਸਹਾਈ ਹੁੰਦਾ ਸੀ। ਗੁਰੂ ਜੀ ਜਾਣਦੇ ਸਨ ਕਿ ਆਤਮਿਕ ਤੌਰ ‘ਤੇ ਕਮਜ਼ੋਰ ਵਿਅਕਤੀ ਸਮਾਜ ਅਤੇ ਪਰਿਵਾਰ ਦੇ ਵਿਕਾਸ ਲਈ ਕੋਈ ਕਾਰਜ ਨਹੀਂ ਕਰ ਸਕਦਾ ਅਤੇ ਉਹ ਆਪਣੇ ਹਰ ਇਕ ਕਾਰਜ ਲਈ ਦੂਜਿਆਂ ‘ਤੇ ਨਿਰਭਰ ਕਰਦਾ ਹੈ ਜਿਸ ਵਿਚੋਂ ਅਧੀਨਗੀ ਦੀ ਭਾਵਨਾ ਪ੍ਰਗਟ ਹੁੰਦੀ ਹੈ। ਪਿੰਡਾਂ ਦੇ ਆਮ ਲੋਕਾਂ ਵਿਚ ਛੋਟੇ-ਛੋਟੇ ਵਿਸ਼ਵਾਸ ਇਸੇ ਕਰਕੇ ਜਨਮ ਲੈਣ ਲੱਗ ਪੈਂਦੇ ਹਨ ਜਿਨ੍ਹਾਂ ਵਿਚੋਂ ਲੋਕ ਆਤਮ-ਸੰਤੁਸ਼ਟੀ ਲੱਭਦੇ ਹਨ। ਇਹ ਵਿਸ਼ਵਾਸ ਕਰਮਕਾਂਡ ਵੱਲ ਲੈ ਕੇ ਜਾਣ ਦੇ ਨਾਲ-ਨਾਲ ਵਿਰੋਧਤਾ ਪੈਦਾ ਕਰਨ ਦਾ ਕਾਰਜ ਵੀ ਕਰਦੇ ਹਨ। ਗੁਰੂ ਜੀ ਕੇਵਲ ਇਕ ਪਰਮਾਤਮਾ ਵਿਚ ਵਿਸ਼ਵਾਸ ਪੈਦਾ ਕਰਨ ‘ਤੇ ਜ਼ੋਰ ਦਿੰਦੇ ਹਨ ਜਿਹੜਾ ਸਮੁਚੀ ਲੋਕਾਈ ਦਾ ਪਿਤਾ ਅਤੇ ਸਭਨਾਂ ਦੇ ਕਾਰਜ ਸਵਾਰਨ ਦੀ ਸਮਰੱਥਾ ਰੱਖਦਾ ਹੈ।

ਗੁਰੂ ਜੀ ਦੇ ਨਾਂ ‘ਤੇ ਪਿੰਡਾਂ ਵਿਚ ਵਰ-ਸਰਾਪ ਦੀਆਂ ਸਾਖੀਆਂ ਆਮ ਸੁਣਾਈਆਂ ਜਾਂਦੀਆਂ ਹਨ। ਸਰਾਪੇ ਗਏ ਚੌਧਰੀ ਹੰਕਾਰ ਦਾ ਪ੍ਰਤੀਕ ਸਨ ਜਿਨ੍ਹਾਂ ਦੇ ਮਨ ਵਿਚ ਰਾਹਗੀਰਾਂ, ਮੁਸਾਫਰਾਂ ਅਤੇ ਲੋੜਵੰਦਾਂ ਲਈ ਕੋਈ ਥਾਂ ਨਹੀਂ ਸੀ। ਇਹ ਹੰਕਾਰ ਹੀ ਉਹਨਾਂ ਦੇ ਪਤਨ ਦਾ ਕਾਰਨ ਬਣਿਆ। ਇਸ ਦੇ ਉਲਟ ਜਿਹੜੇ ਵਿਅਕਤੀਆਂ ਨੇ ਗੁਰੂ ਜੀ ਪ੍ਰਤਿ ਸੇਵਾ ਅਤੇ ਸ਼ਰਧਾ ਭਾਵਨਾ ਪ੍ਰਗਟ ਕੀਤੀ, ਉਹ ਨਿਮਰਤਾ ਦਾ ਪ੍ਰਤੀਕ ਬਣ ਕੇ ਤਰੱਕੀਆਂ ਕਰ ਗਏ। ਦੂਜਿਆਂ ਪ੍ਰਤਿ ਹਮਦਰਦੀ ਅਤੇ ਪ੍ਰੇਮ ਦੀ ਭਾਵਨਾ ਰੱਖਣ ਨਾਲ ਹੀ ਮਨ ਜਿੱਤਿਆ ਜਾ ਸਕਦਾ ਹੈ ਜਿਹੜਾ ਕਿ ਅਧਿਆਤਮਿਕ ਉਨਤੀ, ਸਮਾਜਿਕ ਵਿਕਾਸ ਅਤੇ ਭਾਈਚਾਰਕ ਸਾਂਝ ਦਾ ਕਾਰਨ ਬਣਦਾ ਹੈ। ਕਿਰਤ ਕਮਾਈ ਵਿਚੋਂ ਵੰਡ ਕੇ ਛਕਣਾ ਅਤੇ ਲੋੜਵੰਦਾਂ ਦੀ ਸਹਾਇਤਾ ਕਰਨੀ ਗੁਰੂ ਸਾਹਿਬ ਦੇ ਜੀਵਨ ਦਾ ਉਦੇਸ਼ ਸੀ। ਪਿੰਡਾਂ ਵਿਚ ਗੁਰੂ ਸਾਹਿਬਾਨ ਨਾਲ ਜੁੜੀਆਂ ਹੋਈਆਂ ਸਾਖੀਆਂ ਉਹਨਾਂ ਦੀ ਇਸ ਸਿੱਖਿਆ ਦੀ ਗਵਾਹੀ ਭਰਦੀਆਂ ਹਨ।

ਗੁਰੂ ਜੀ ਦੀਆਂ ਜੀਵਨ ਯਾਤਰਾਵਾਂ ਵਿਚੋਂ ਮਾਫ ਕਰਨ ਦਾ ਗੁਣ ਬਹੁਤ ਉਭਰ ਕੇ ਸਾਮ੍ਹਣੇ ਆਉਂਦਾ ਹੈ। ਜਦੋਂ ਕਿਸੇ ਪਿੰਡ ਵਿਚ ਗੁਰੂ ਜੀ ਦਾ ਸਤਿਕਾਰ ਨਹੀਂ ਹੁੰਦਾ ਜਾਂ ਹਉਮੈ ਵੱਸ ਕੋਈ ਨਿਰਾਦਰ ਕਰ ਦਿੰਦਾ ਹੈ ਤਾਂ ਉਹ ਕਿਸੇ ਨੂੰ ਕੁਝ ਕਹੇ ਬਗ਼ੈਰ ਅੱਗੇ ਚਲੇ ਜਾਂਦੇ ਹਨ। ਜਦੋਂ ਪਿੰਡ ਵਾਸੀਆਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ ਤਾਂ ਉਹ ਗੁਰੂ ਜੀ ਤੋਂ ਮਾਫੀ ਮੰਗਣ ਲਈ ਉਹਨਾਂ ਦੇ ਪਿਛੇ ਅਗਲੇ ਪਿੰਡ ਚਲੇ ਜਾਂਦੇ ਹਨ। ਪਿੰਡ ਵਾਸੀਆਂ ਨੂੰ ਉਹਨਾਂ ਦੀ ਗਲਤੀ ਦਾ ਅਹਿਸਾਸ ਹੋਇਆ ਦੇਖ ਕੇ ਗੁਰੂ ਜੀ ਉਹਨਾਂ ਨੂੰ ਮਾਫ ਕਰ ਦਿੰਦੇ ਹਨ। ਮਾਫੀ ਮੰਗਣ ਵਾਲੇ ਗੁਰੂ ਜੀ ਲਈ ਦੁੱਧ, ਗੁੜ ਆਦਿ ਭੇਟ ਕਰਨ ਲਈ ਲੈ ਕੇ ਆਉਂਦੇ ਹਨ। ਗੁਰੂ ਜੀ ਸੰਕੇਤ ਮਾਤਰ ਇਹ ਪਦਾਰਥ ਗ੍ਰਹਿਣ ਕਰਕੇ ਉਹਨਾਂ ਨੂੰ ਗਲ ਨਾਲ ਲਾਉਂਦੇ ਹਨ ਅਤੇ ਬਾਕੀ ਪਦਾਰਥ ਸੰਗਤ ਵਿਚ ਵੰਡ ਦਿੰਦੇ ਹਨ। ਗੁਰੂ ਜੀ ਨਾਲ ਜਿਹੜੀ ਸੰਗਤ ਚੱਲ ਰਹੀ ਹੈ, ਉਹ ਪਦਾਰਥ ਇਕੱਤਰ ਨਹੀਂ ਕਰਦੀ ਬਲਕਿ ਜਿਹੜੇ ਪਦਾਰਥ ਆਉਂਦੇ ਹਨ ਉਹਨਾਂ ਨੂੰ ਉਸੇ ਸਮੇਂ ਵਰਤਾ ਦਿੱਤਾ ਜਾਂਦਾ ਹੈ। ਪਦਾਰਥ ਇਕੱਤਰ ਨਾ ਕਰਨ ਅਤੇ ਪਰਮਾਤਮਾ ‘ਤੇ ਭਰੋਸਾ ਰੱਖਣ ਦੀਆਂ ਮਿਸਾਲਾਂ ਨਾਲ ਗੁਰੂ ਜੀ ਦੀਆਂ ਜੀਵਨ ਸਾਖੀਆਂ ਭਰੀਆਂ ਪਈਆਂ ਹਨ।

ਗੁਰੂ ਜੀ ਦੀਆਂ ਪ੍ਰਚਾਰ-ਯਾਤਰਾਵਾਂ ਦੌਰਾਨ ਦੁੱਧ ਦੀ ਸੇਵਾ ਨੂੰ ਹੀ ਪ੍ਰਮੁੱਖ ਤੌਰ ‘ਤੇ ਪੇਸ਼ ਕੀਤਾ ਗਿਆ ਹੈ। ਗੁਰੂ ਸਾਹਿਬਾਨ ਦੀਆਂ ਜੀਵਨ ਸਾਖੀਆਂ ਤੋਂ ਪਤਾ ਲੱਗਦਾ ਹੈ ਕਿ ਉਸ ਸਮੇਂ ਦੁੱਧ ਨੂੰ ਬਹੁਤ ਹੀ ਅਨਮੋਲ ਪਦਾਰਥ ਸਮਝਿਆ ਜਾਂਦਾ ਸੀ। ਦੁੱਧ ਨਾਲ ਮਹਿਮਾਨ ਦੀ ਸੇਵਾ ਕਰਨ ਵਿਚ ਮਾਣ ਮਹਿਸੂਸ ਕੀਤਾ ਜਾਂਦਾ ਸੀ। ਦੁੱਧ ਤੋਂ ਬਣੇ ਹੋਏ ਲੱਸੀ, ਮੱਖਣ, ਖੀਰ ਆਦਿ ਪਦਾਰਥ ਵੀ ਸਰੀਰਕ ਤੰਦਰੁਸਤੀ ਲਈ ਜ਼ਰੂਰੀ ਸਮਝੇ ਜਾਂਦੇ ਸਨ। ਦੁੱਧ ਰਾਹੀਂ ਮਹਿਮਾਨ ਨਿਵਾਜ਼ੀ ਇਕ ਪਾਸੇ ਇਸ ਪਦਾਰਥ ਪ੍ਰਤਿ ਭਾਵਨਾਤਮਿਕ ਸਾਂਝ ਅਤੇ ਸ਼ੁੱਧਤਾ ਦਾ ਪ੍ਰਗਟਾਵਾ ਕਰਦੀ ਹੈ ਅਤੇ ਦੂਜੇ ਪਾਸੇ ਜਾਨਵਰਾਂ ਪ੍ਰਤਿ ਸੰਵੇਦਨਾ ਪੈਦਾ ਕਰਦੀ ਹੈ।

ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਅਸਥਾਨਾਂ ਦੀ ਹੀ ਵਧੇਰੇ ਯਾਤਰਾ ਕੀਤੀ ਜਿੱਥੇ ਪਹਿਲਾਂ ਗੁਰੂ ਨਾਨਕ ਦੇਵ ਜੀ ਗਏ ਸਨ। ਬਹੁਤ ਸਾਰੇ ਅਸਥਾਨਾਂ ‘ਤੇ ਦੋਵੇਂ ਗੁਰੂ ਸਾਹਿਬਾਨ ਦੇ ਗੁਰਧਾਮ ਇਕੱਠੇ ਜਾਂ ਨੇੜੇ-ਨੇੜੇ ਹੀ ਦੇਖਣ ਨੂੰ ਮਿਲਦੇ ਹਨ ਜਿਵੇਂ ਨਿਜ਼ਾਮਾਬਾਦ, ਬਨਾਰਸ, ਅਲਾਹਾਬਾਦ, ਪਟਨਾ ਸਾਹਿਬ, ਕਲਕੱਤਾ, ਢਾਕਾ, ਧੂਬੜੀ ਸਾਹਿਬ ਆਦਿ। ਜਿਹੜੇ ਅਸਥਾਨ ਗੁਰੂ ਨਾਨਕ ਦੇਵ ਜੀ ਦੇ ਸਮੇਂ ਪ੍ਰਗਟ ਹੋ ਗਏ ਸਨ ਉੱਥੇ ਸਿੱਖ ਸੰਗਤ ਕਾਇਮ ਹੋ ਗਈ ਸੀ। ਜਦੋਂ ਗੁਰੂ ਤੇਗ ਬਹਾਦਰ ਜੀ ਉਹਨਾਂ ਅਸਥਾਨਾਂ ‘ਤੇ ਜਾਂਦੇ ਹਨ ਤਾਂ ਇਲਾਕੇ ਦੇ ਪ੍ਰਚਾਰਕ ਜਾਂ ਮਸੰਦ ਗੁਰੂ ਜੀ ਦੀ ਸੇਵਾ ਕਰਨ ਵਿਚ ਵਿਸ਼ੇਸ਼ ਰੁਚੀ ਲੈਂਦੇ ਹਨ ਅਤੇ ਆਲੇ-ਦੁਆਲੇ ਦੀ ਸੰਗਤ ਨੂੰ ਪ੍ਰੇਰ ਕੇ ਉਹਨਾਂ ਅਸਥਾਨਾਂ ‘ਤੇ ਲੈ ਕੇ ਆਉਂਦੇ ਹਨ ਜਿੱਥੇ ਗੁਰੂ ਜੀ ਨੇ ਨਿਵਾਸ ਕੀਤਾ ਹੁੰਦਾ ਸੀ। ਗੁਰੂ ਸਾਹਿਬਾਨ ਦੇ ਸਮੇਂ ਅਬਾਦ ਹੋਏ ਅਸਥਾਨਾਂ ਵਿਚੋਂ ਬਹੁਤੇ 1947 ਦੀ ਭਾਰਤ-ਪਾਕਿ ਵੰਡ ਸਮੇਂ ਵੀਰਾਨ ਹੋ ਗਏ। ਪੂਰਬੀ ਪਾਕਿਸਤਾਨ ਵਿਚ ਰਹਿ ਗਏ ਅਸਥਾਨ ਲਗ-ਪਗ ਵੀਰਾਨ ਹੋ ਗਏ। ਮੌਜੂਦਾ ਬੰਗਲਾਦੇਸ਼ ਵਿਚ ਕੇਵਲ ਪੰਜ ਗੁਰ-ਅਸਥਾਨਾਂ ਦੇ ਦਰਸ਼ਨ ਹੁੰਦੇ ਹਨ। ਇਸੇ ਤਰ੍ਹਾਂ ਭਾਰਤ ਵਿਚ ਮੌਜੂਦ ਕਈ ਗੁਰ-ਅਸਥਾਨ 1984 ਦੇ ਕਾਲੇ ਬੱਦਲਾਂ ਨੇ ਢੱਕ ਲਏ ਹਨ। ਇਸ ਸਾਰਾ ਵਰਤਾਰਾ ਅਠਾਰ੍ਹਵੀਂ ਸਦੀ ਵਿਚ ਬਾਹਰੀ ਹਮਲਾਵਰਾਂ ਦੁਆਰਾ ਅਣ-ਵੰਡੇ ਪੰਜਾਬ ਦੇ ਗੁਰਧਾਮਾਂ ਦੀ ਕੀਤੀ ਬੇਹੁਰਮਤੀ ਨੂੰ ਪੇਸ਼ ਕਰਦਾ ਹੈ। ਬਹੁਤ ਸਾਰੇ ਗੁਰਧਾਮਾਂ ਵਿਚ ਰੌਣਕ ਪਰਤ ਗਈ ਹੈ ਪਰ ਹਾਲੇ ਬਹੁਤ ਕੁੱਝ ਕਰਨਾ ਬਾਕੀ ਹੈ।

ਗੁਰੂ ਤੇਗ ਬਹਾਦਰ ਜੀ ਨੇ ਆਪਣੀਆਂ ਪ੍ਰਚਾਰ ਯਾਤਰਾਵਾਂ ਦੌਰਾਨ ਸ਼ਾਂਤੀ, ਸਾਂਝ, ਸਦਭਾਵਨਾ, ਸੇਵਾ ਅਤੇ ਸਰਬੱਤ ਦੇ ਭਲੇ ਵਾਲਾ ਜਿਹੜਾ ਸੰਦੇਸ਼ ਦਿੱਤਾ ਸੀ ਉਹ ਅੱਜ ਵੀ ਪੂਰਨ ਤੌਰ ‘ਤੇ ਪ੍ਰਸੰਗਿਕ ਹੈ। ‘ਭੈ ਕਾਹੂ ਕਉ ਦੇਤਿ ਨਹਿ ਨਹਿ ਭੈ ਮਾਨਤ ਆਨ’ ਗੁਰੂ ਤੇਗ ਬਹਾਦਰ ਜੀ ਦੀ ਵਿਚਾਰਧਾਰਾ ਦੀ ਸਿਖਰ ਹੈ ਜਿਸ ਤੱਕ ਪਹੁੰਚਣ ਲਈ ਲੰਮਾ ਪੈਂਡਾ ਤੈਅ ਕਰਨਾ ਪੈਂਦਾ ਹੈ। ਇਹ ਕਾਰਜ ਕਠਿਨ ਜ਼ਰੂਰ ਹੈ ਪਰ ਅਸੰਭਵ ਨਹੀਂ। ਗੁਰੂ ਤੇਗ ਬਹਾਦਰ ਜੀ ਦੀਆਂ ਪ੍ਰਚਾਰ ਯਾਤਰਾਵਾਂ ਵਿਚੋਂ ਮਨੁੱਖ ਨੂੰ ਇਸੇ ਦਿਸ਼ਾ ਵੱਲ ਤੁਰਨ ਦਾ ਸੰਦੇਸ਼ ਮਿਲਦਾ ਹੈ। ਸ਼ਹਾਦਤ ਤੋਂ ਪਹਿਲਾਂ ਵੀ ਗੁਰੂ ਜੀ ਮਾਲਵੇ ਦੀ ਪ੍ਰਚਾਰ-ਯਾਤਰਾ ਕਰਕੇ ਆਮ ਲੋਕਾਂ ਨੂੰ ਸਦਾਚਾਰੀ ਜੀਵਨ ਬਸਰ ਕਰਨ ਅਤੇ ਧਰਮ ਵਿਚ ਦ੍ਰਿੜ ਰਹਿਣ ਦਾ ਉਪਦੇਸ਼ ਦਿੰਦੇ ਹਨ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Paramvir Singh

ਮੁਖੀ, ਸਿੱਖ ਵਿਸ਼ਵਕੋਸ਼ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)