editor@sikharchives.org

ਸਿਕਲੀਗਰ ਭਾਈਚਾਰੇ ਵੱਲੋਂ ਉਸਾਰੀ ਅਧੀਨ ਗੁਰਦੁਆਰਾ ਸ੍ਰੀ ਸੰਗਤ ਸਾਹਿਬ, ਭੁਸਾਵਲ

ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਸਤਰਧਾਰੀ ਹੋ ਕੇ ਜ਼ੁਲਮ ਦੇ ਵਿਰੁੱਧ ਸੰਘਰਸ਼ ਅਰੰਭ ਕੀਤਾ ਤਾਂ ਜੰਗਾਂ-ਯੁੱਧਾਂ ਵਿਚ ਕੰਮ ਆਉਣ ਵਾਲੇ ਹਰ ਪ੍ਰਕਾਰ ਦੇ ਅਸਤਰਾਂ-ਸ਼ਸਤਰਾਂ ਦੀ ਵਰਤੋਂ ਕਰਨ ਦੀ ਖੁਲ੍ਹ ਵੀ ਦਿੱਤੀ। ਸ਼ਸਤਰਾਂ ਨਾਲ ਉਨ੍ਹਾਂ ਦਾ ਪ੍ਰੇਮ ਦਸਮ ਗ੍ਰੰਥ ਦੀਆਂ ਰਚਨਾਵਾਂ ਵਿੱਚੋਂ ਵੀ ਸਪਸ਼ਟ ਦਿਖਾਈ ਦਿੰਦਾ ਹੈ:

ਅਸਿ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ॥
ਸੈਫ ਸਰੋਹੀ ਸੈਹਥੀ ਇਹੈ ਹਮਾਰੈ ਪੀਰ॥ (ਸ਼ਸਤ੍ਰ ਨਾਮ ਮਾਲਾ, 3)

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਜਿਹੜੇ ਸ਼ਸਤਰ ਵਰਤੇ ਜਾਂਦੇ ਸਨ, ਉਨ੍ਹਾਂ ਵਿੱਚੋਂ ਪੰਜ ਸ਼ਸਤਰਾਂ ਦਾ ਵਰਨਨ ਕਰਦੇ ਹੋਏ ਕਵੀ ਸੈਨਾਪਤਿ ਦੱਸਦੇ ਹਨ:

ਮਾਰੇ ਸ਼ਮਸ਼ੇਰਨ ਕੇ ਲੋਥਨਿ ਪੈ ਲੋਥਿ ਡਾਰੀ
ਤੀਰਨ ਕੇ ਮਾਰੇ ਕਹੂ ਧੀਰਜ ਨ ਧਰ ਹੀ।
ਮਾਰੇ ਬੰਦੂਕਨ ਕੈ ਦੀਨੇ ਅਸਵਾਰ ਡਾਰ,
ਨੇਜ਼ਨ ਕੇ ਮਾਰੇ ਨਰ ਧਰਨੀ ਪਰ ਧਰ ਹੀ।
ਮਾਰੇ ਜਮਧਾਰਨ ਕੇ ਜੀਵਨ ਕੋ ਨਾਹਿ ਮੂਲ,
ਬਾਂਧੇ ਹਥਿਆਰ ਪਾਂਚ ਖਾਲਸਾ ਜੀ ਲਰ ਹੀ। (ਸ੍ਰੀ ਗੁਰ ਸੋਭਾ, 325)

ਗੁਰੂ ਸਾਹਿਬ ਲਈ ਸ਼ਸਤਰ ਬਣਾਉਣ ਵਾਸਤੇ ਸਿਕਲੀਗਰ ਭਾਈਚਾਰਾ ਪ੍ਰਸਿੱਧ ਮੰਨਿਆ ਗਿਆ ਹੈ। ਸਿਕਲ ਦਾ ਭਾਵ ਹੈ, ਜੰਗ ਉਤਾਰ ਕੇ ਸ਼ਸਤਰਾਂ ਨੂੰ ਚਮਕਾਉਣਾ ਅਤੇ ਜਿਹੜੇ ਇਹ ਕੰਮ ਕਰਦੇ ਹਨ, ਉਨ੍ਹਾਂ ਨੂੰ ਸਿਕਲੀਗਰ ਕਿਹਾ ਜਾਂਦਾ ਹੈ। ਨਾਂਦੇੜ ਤਕ ਇਹ ਭਾਈਚਾਰਾ ਗੁਰੂ ਸਾਹਿਬ ਦੇ ਨਾਲ ਸੀ ਅਤੇ ਗੁਰੂ ਜੀ ਦੇ ਜੋਤੀ-ਜੋਤਿ ਸਮਾਉਣ ਉਪਰੰਤ ਵੀ ਇਹ ਲੋਕ ਜਿਥੇ ਸ਼ਸਤਰ ਬਣਾਉਣ ਦਾ ਕੰਮ ਕਰਦੇ ਰਹੇ, ਉਥੇ ਨਾਲ ਹੀ ਗੁਰੂ ਸਾਹਿਬ ਦੀ ਛੋਹ ਪ੍ਰਾਪਤ ਸ਼ਸਤਰਾਂ ਨੂੰ ਚਮਕਾ ਕੇ ਸੰਭਾਲਣ ਦਾ ਕਾਰਜ ਵੀ ਕਰਦੇ ਰਹੇ। ਅਜੋਕੇ ਸਮੇਂ ਵਿਚ ਵੀ ਨਾਂਦੇੜ ਵਿਖੇ ਗੁਰੂ ਸਾਹਿਬ ਦੀ ਛੋਹ ਪ੍ਰਾਪਤ ਸ਼ਸਤਰਾਂ ਦੀ ਸੇਵਾ ਇਸੇ ਭਾਈਚਾਰੇ ਨਾਲ ਸੰਬੰਧਤ ਵਿਅਕਤੀ ਹੀ ਕਰ ਰਹੇ ਹਨ। ਦੱਖਣ ਵਿਚ ਸਿਕਲੀਗਰ ਭਾਈਚਾਰਾ ਕਿਸੇ ਇਕ ਸਥਾਨ ’ਤੇ ਕੇਂਦਰਿਤ ਨਹੀਂ ਹੈ, ਬਲਕਿ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਵਿਚ ਉਨ੍ਹਾਂ ਦੇ ਛੋਟੇ-ਛੋਟੇ ਟੋਲੇ ਦੇਖੇ ਜਾ ਸਕਦੇ ਹਨ। ਰੋਜੀ-ਰੋਟੀ ਦੀ ਸਮੱਸਿਆ ਨੇ ਇਨ੍ਹਾਂ ਨੂੰ ਵੱਖ-ਵੱਖ ਥਾਵਾਂ ’ਤੇ ਜਾਣ ਲਈ ਮਜਬੂਰ ਕਰ ਦਿੱਤਾ ਹੈ ਕਿਉਂਕਿ ਇੱਕੋ ਕਿੱਤੇ ਨਾਲ ਸੰਬੰਧਿਤ ਲੋਕ ਇਕ ਸਥਾਨ ’ਤੇ ਇਕੱਠੇ ਨਹੀਂ ਰਹਿ ਸਕਦੇ ਅਤੇ ਉਨ੍ਹਾਂ ਨੂੰ ਆਪਣੀਆਂ ਲੋੜਾਂ ਦੀ ਪੂਰਤੀ ਲਈ ਉਜਰਤ ਕਮਾਉਣ ਵਾਸਤੇ ਭਟਕਣਾ ਪੈ ਰਿਹਾ ਹੈ। ਜਿਥੇ-ਜਿਥੇ ਵੀ ਇਸ ਭਾਈਚਾਰੇ ਨਾਲ ਸੰਬੰਧਿਤ ਲੋਕ ਗਏ ਹਨ, ਉਨ੍ਹਾਂ ਉਥੋਂ ਦੇ ਵਿਸ਼ਵਾਸਾਂ ਨੂੰ ਗ੍ਰਹਿਣ ਕਰਨ ਦੀ ਥਾਂ ਗੁਰੂ ਦੀ ਸਿੱਖਿਆ ਨੂੰ ਆਪਣੇ ਮਨ ਵਿਚ ਵਸਾਉਣ ਦਾ ਪੂਰਨ ਯਤਨ ਕੀਤਾ ਹੈ ਅਤੇ ਜਿਥੇ ਸੰਭਵ ਹੋ ਸਕਿਆ ਉਥੇ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਬਣਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਕੀਤਾ ਹੈ। ਇਹ ਲੋਕ ਕਦੇ ਵੀ ਆਪਣੇ ਆਪ ਨੂੰ ਗੁਰੂ ਤੋਂ ਦੂਰ ਨਹੀਂ ਸਮਝਦੇ ਅਤੇ ਮਰਣੇ-ਪਰਣੇ ਦੇ ਆਪਣੇ ਸਮੂਹ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੁਆਰਾ ਹੀ ਸੰਪੂਰਨ ਕਰਦੇ ਹਨ। ਸਿਕਲੀਗਰ ਭਾਈਚਾਰੇ ਦਾ ਇਕ ਛੋਟਾ ਜਿਹਾ ਸਮੂਹ ਭੁਸਾਵਲ, ਮਹਾਂਰਾਸ਼ਟਰ ਵਿਖੇ ਵੀ ਵਸਿਆ ਹੋਇਆ ਹੈ, ਉਥੇ ਉਨ੍ਹਾਂ ਨੇ ਇਕ ਗੁਰਦੁਆਰਾ ਸੰਗਤ ਸਾਹਿਬ ਦੀ ਸਥਾਪਨਾ ਕੀਤੀ ਹੈ ਜਿਸ ਦੀ ਉਸਾਰੀ ਦਾ ਕਾਰਜ ਚੱਲ ਰਿਹਾ ਹੈ।

ਭੁਸਾਵਲ ਦਿੱਲੀ-ਮੁੰਬਈ ਮੁੱਖ ਰੇਲ ਮਾਰਗ ਨਾਲ ਜੁੜਿਆ ਹੋਇਆ ਮਹਾਂਰਾਸ਼ਟਰ ਪ੍ਰਾਂਤ ਦਾ ਇਕ ਨਗਰ ਹੈ, ਜਿਹੜਾ ਕਿ ਕੇਲੇ ਦੀ ਖੇਤੀ ਲਈ ਪ੍ਰਸਿੱਧ ਹੈ। ਇਸ ਨਗਰ ਦੇ ਪੱਛੜੇ ਜਿਹੇ ਇਲਾਕੇ ਵਿਚ ਸਿਕਲੀਗਰ ਭਾਈਚਾਰੇ ਦਾ ਇਕ ਛੋਟਾ ਜਿਹਾ ਸਮੂਹ ਨਿਵਾਸ ਕਰ ਰਿਹਾ ਹੈ। ਭੁਸਾਵਲ ਵਿਖੇ ਜਦੋਂ ਉਨ੍ਹਾਂ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੂੰ ਮਿਲਣ ਲਈ ਚਲੇ ਗਏ। ਜਦੋਂ ਉਨ੍ਹਾਂ ਕੋਲ ਪੁੱਜੇ ਤਾਂ ਉਹ ਰੋਜ਼ਾਨਾ ਦੇ ਕੰਮਾਂ ਵਿਚ ਲੱਗੇ ਹੋਏ ਸਨ, ਸਾਨੂੰ ਦੇਖਦੇ ਹੀ ਉਹ ਲੋਕ ਭੱਜ ਕੇ ਇਕੱਠੇ ਹੋਏ ਅਤੇ ਅਨਜਾਣ ਹੁੰਦੇ ਹੋਏ ਵੀ ਬੜੀ ਗਰਮਜੋਸ਼ੀ ਨਾਲ ਉਨ੍ਹਾਂ ਸਾਡਾ ਸਵਾਗਤ ਕੀਤਾ। ਅਸੀਂ ਉਨ੍ਹਾਂ ਨੂੰ ਗੁਰਦੁਆਰੇ ਸਾਹਿਬ ਬਾਰੇ ਪੁੱਛਿਆ ਤਾਂ ਉਹ ਸਾਨੂੰ ਨਾਲ ਹੀ ਬਣੇ ਹੋਏ ਇਕ ਕਮਰੇ ਦੇ ਉਪਰ ਲੈ ਗਏ ਜਿਥੇ ਰੋਜ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈ। ਜਗ੍ਹਾ ਦੀ ਕਮੀ ਹੋਣ ਕਰਕੇ ਪ੍ਰਕਾਸ਼ ਅਸਥਾਨ ਅਤੇ ਸੁਖ ਆਸਨ ਅਸਥਾਨ ਇਕ ਛੋਟੇ ਜਿਹੇ ਕਮਰੇ ਵਿਚ ਹੀ ਹੈ।

ਸਿਕਲੀਗਰ ਭਾਈਚਾਰੇ ਵਿੱਚੋਂ 66 ਸਾਲ ਦੇ ਇਕ ਬਜ਼ੁਰਗ ਕੰਚਨ ਸਿੰਘ ਨੇ ਦੱਸਿਆ ਕਿ ਨਾਂਦੇੜ ਉਨ੍ਹਾਂ ਦਾ ਮੂਲ ਸਥਾਨ ਸੀ ਅਤੇ ਉਸ ਦਾ ਜਨਮ ਵੀ ਉਸੇ ਸਥਾਨ ’ਤੇ ਹੀ ਹੋਇਆ ਸੀ। ਉਨ੍ਹਾਂ ਦੱਸਿਆ ਕਿ ਲਗਪਗ 55-60 ਸਾਲ ਪਹਿਲਾਂ ਉਨ੍ਹਾਂ ਦੇ ਪਿਤਾ ਸਰਦਾਰ ਗਿਆਨ ਸਿੰਘ ਜੀ ਇਸ ਸਥਾਨ ’ਤੇ ਆਪਣੇ ਪਰਵਾਰ ਸਮੇਤ ਆਏ ਸਨ। ਨਾਂਦੇੜ ਤੋਂ ਇਥੇ ਆਉਣ ਸਮੇਂ ਉਨ੍ਹਾਂ ਦੇ ਪਿਤਾ ਜੀ ਇਕ ਬਕਸੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੋਥੀਆਂ ਅਤੇ ਗੁਟਕੇ ਆਪਣੇ ਸਿਰ ’ਤੇ ਚੁੱਕ ਕੇ ਇਥੇ ਲਿਆਏ ਸਨ ਅਤੇ ਉਨ੍ਹਾਂ ਅੱਗੇ ਮੱਥਾ ਟੇਕ ਕੇ ਹੀ ਕੋਈ ਕਾਰਜ ਕਰਦੇ ਸਨ। ਭੁਸਾਵਲ ਵਿਖੇ ਇਹ ਇਕ ਖੁਲ੍ਹਾ ਸਥਾਨ ਸੀ ਜਿਥੇ ਜੰਗਲ ਸੀ, ਦੋ ਚਾਰ ਝੌਂਪੜੇ ਦਿਖਾਈ ਦਿੰਦੇ ਸਨ। ਇਥੋਂ ਇਕ ਕੱਚੀ ਸੜਕ ਵੀ ਲੰਘਦੀ ਸੀ ਜਿਹੜੀ ਦੂਜੇ ਨਗਰਾਂ ਨਾਲ ਜਾ ਮਿਲਦੀ ਸੀ, ਇਸ ਕਰਕੇ ਬਜ਼ੁਰਗਾਂ ਨੇ ਇਥੇ ਆ ਡੇਰਾ ਲਾਇਆ ਸੀ। ਉਨ੍ਹਾਂ ਨੇ ਸਭ ਤੋਂ ਪਹਿਲਾਂ ਇਥੇ ਲੱਕੜੀ ਦੀਆਂ ਕੰਧਾਂ ਉੱਤੇ ਟੀਨ ਦੀਆਂ ਚਾਦਰਾਂ ਪਾ ਕੇ ਇਕ ਛੋਟਾ ਜਿਹਾ ਕਮਰਾ ਉਸਾਰਿਆ ਜਿਸ ਵਿਚ ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ। ਸੰਗਤ ਦੀ ਸਹਾਇਤਾ ਨਾਲ ਇਕ ਪੱਕਾ ਕਮਰਾ ਤਿਆਰ ਕੀਤਾ ਗਿਆ ਤਾਂ ਕਿ ਲੋਕ ਆਪੋ-ਆਪਣੇ ਕਾਰ-ਵਿਹਾਰ ਗੁਰੂ ਦੀ ਹਜ਼ੂਰੀ ਵਿਚ ਕਰ ਸਕਣ। ਇਹ ਕਮਰਾ ਛੋਟਾ ਲੱਗਣ ਲੱਗਿਆ ਤਾਂ ਇਸ ਦੇ ਉਪਰ ਹੀ ਇਕ ਹੋਰ ਕਮਰਾ ਤਿਆਰ ਕਰਨਾ ਅਰੰਭ ਕਰ ਦਿੱਤਾ। ਕਮਰੇ ਦਾ ਕੰਮ ਪੂਰਾ ਹੋ ਚੁਕਾ ਹੈ ਪਰ ਬਰਾਂਡੇ ਦਾ ਕੰਮ ਜਾਰੀ ਹੈ। ਜਦੋਂ ਇਥੇ ਕੋਈ ਦਿਨ-ਤਿਉਹਾਰ ਮਨਾਇਆ ਜਾਂਦਾ ਹੈ ਤਾਂ ਹੇਠਲੇ ਕਮਰੇ ਨੂੰ ਲੰਗਰ ਹਾਲ ਵਜੋਂ ਵਰਤ ਲਿਆ ਜਾਂਦਾ ਹੈ, ਬਾਕੀ ਦਿਨ ਬੱਚਿਆਂ ਨੂੰ ਸਿੱਖਿਆ ਦੇਣ ਲਈ ਕਲਾਸਾਂ ਲਗਾਈਆਂ ਜਾਂਦੀਆਂ ਹਨ। ਅੱਜਕਲ੍ਹ ਇਨ੍ਹਾਂ ਦੇ ਬੱਚੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ ਪੜ੍ਹ ਰਹੇ ਹਨ ਅਤੇ ਇਨ੍ਹਾਂ ਵਿੱਚੋਂ ਕੁਝ ਬੱਚੇ ਦਸਵੀਂ ਕਲਾਸ ਤਕ ਪੁੱਜ ਗਏ ਹਨ। ਬੰਗਲੌਰ ਦੀ ਇਕ ਸੰਸਥਾ ਇਨ੍ਹਾਂ ਦੀ ਸਹਾਇਤਾ ਕਰਦੀ ਹੈ। ਉਹ ਬੱਚਿਆਂ ਦੇ ਸਕੂਲ ਦੀ ਅੱਧੀ ਫੀਸ ਦਿੰਦੇ ਹਨ ਅਤੇ ਅੱਧੀ ਫੀਸ ਬੱਚੇ ਦੇ ਮਾਪਿਆਂ ਵੱਲੋਂ ਦਿੱਤੀ ਜਾਂਦੀ ਹੈ। ਬੱਚੇ ਉਹ ਸਾਰੀ ਵਿਦਿਆ ਹਾਸਲ ਕਰਨ ਦਾ ਯਤਨ ਕਰ ਰਹੇ ਹਨ ਜਿਹੜੀ ਉਨ੍ਹਾਂ ਨੂੰ ਕਿਸੇ ਨਾ ਕਿਸੇ ਕੰਮ ਆ ਸਕੇ। ਪੰਜਾਬੀ ਭਾਸ਼ਾ ਸਿੱਖਣ ਵਿਚ ਇਹ ਬੱਚੇ ਕੋਈ ਕਸਰ ਨਹੀਂ ਛੱਡ ਰਹੇ। ਉਥੋਂ ਦੀ ਖੇਤਰੀ ਭਾਸ਼ਾ ਮਰਾਠੀ ਸਿੱਖਣ ਦੇ ਨਾਲ-ਨਾਲ ਇਹ ਬੱਚੇ ਹਿੰਦੀ ਅਤੇ ਅੰਗਰੇਜ਼ੀ ਸਿੱਖਣ ਵਿਚ ਵੀ ਪੂਰਾ ਤਾਣ ਲਾ ਰਹੇ ਹਨ। ਇਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਨੇ ਕਦੇ ਪੰਜਾਬੀ ਨਹੀਂ ਪੜ੍ਹੀ ਅਤੇ ਉਹ ਇਸ ਕਮੀ ਨੂੰ ਆਪਣੇ ਬੱਚਿਆਂ ਰਾਹੀਂ ਪੂਰਾ ਕਰਨ ਦਾ ਯਤਨ ਕਰ ਰਹੇ ਹਨ। ਗੁਰਮੁਖੀ ਨਾ ਪੜ੍ਹ ਸਕਣ ਕਰਕੇ ਇਹ ਲੋਕ ਆਪਣੇ ਆਪ ਨੂੰ ਅਨਪੜ੍ਹ ਕਹਿ ਰਹੇ ਸਨ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਪੰਜਾਬੀ ਸਿੱਖ ਕੇ ਗੁਰਮੁਖੀ ਭਾਸ਼ਾ ਵਿਚ ਗੁਰੂ ਸਾਹਿਬਾਨ ਦੁਆਰਾ ਰਚਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਆਪ ਪੜ੍ਹ ਸਕਣ। ਇਸ ਕਾਰਜ ਵਿਚ ਉਹ ਬਹੁਤ ਹੱਦ ਤਕ ਸਫਲ ਵੀ ਹੋ ਚੁੱਕੇ ਹਨ। 15-20 ਬੱਚਿਆਂ ਨੇ ਜਪੁਜੀ ਸਾਹਿਬ ਅਤੇ ਸੋਦਰੁ ਦਾ ਪਾਠ ਕਰਕੇ ਇਹ ਸਿੱਧ ਕਰ ਦਿੱਤਾ ਕਿ ਗੁਰਮੁਖੀ ਭਾਸ਼ਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਉਹ ਕਿੰਨਾ ਪਿਆਰ ਕਰਦੇ ਹਨ ਅਤੇ ਇਸ ਭਾਸ਼ਾ ਨੂੰ ਕਦੇ ਵੀ ਮਨੋਂ ਨਹੀਂ ਵਿਸਾਰਨਾ ਚਾਹੁੰਦੇ। ਉਨ੍ਹਾਂ ਦੀ ਇਹ ਭਾਵਨਾ ਉਨ੍ਹਾਂ ਲੋਕਾਂ ਲਈ ਇਕ ਸਬਕ ਵੀ ਹੈ ਜਿਹੜੇ ਇਹ ਕਹਿੰਦੇ ਹਨ ਕਿ ਪੰਜਾਬੀ ਭਾਸ਼ਾ ਨਾਲ ਰੁਜ਼ਗਾਰ ਨਹੀਂ ਜੁੜਿਆ ਹੋਇਆ ਇਸ ਕਰਕੇ ਇਸ ਭਾਸ਼ਾ ਨੂੰ ਪੜ੍ਹਨ ਦਾ ਕੋਈ ਫਾਇਦਾ ਨਹੀਂ ਹੈ। ਬੱਚਿਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਦੀ ਭਾਵਨਾ ਪੰਜਾਬੀ ਪੜ੍ਹ ਕੇ ਰੁਜ਼ਗਾਰ ਹਾਸਲ ਕਰਨਾ ਨਹੀਂ ਸੀ ਬਲਕਿ ਇਸ ਭਾਸ਼ਾ ਰਾਹੀਂ ਆਪਣੇ ਵਿਰਸੇ ਨਾਲ ਜੁੜ ਕੇ ਸੁਚੱਜੀ ਜੀਵਨ-ਜਾਚ ਧਾਰਨ ਕਰਨਾ ਸੀ।

ਬੱਚਿਆਂ ਦੇ ਮਾਤਾ-ਪਿਤਾ ਨੇ ਦੱਸਿਆ ਕਿ ਭੁਪਾਲ ਤੋਂ ਸਰਦਾਰ ਕਰਤਾਰ ਸਿੰਘ ਇਥੇ ਆ ਕੇ ਬੱਚਿਆਂ ਨੂੰ ਗੁਰਮੁਖੀ ਪੜ੍ਹਾਉਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਪ੍ਰਦਾਨ ਕਰ ਰਹੇ ਹਨ। ਇਹ ਬੱਚੇ ਜਦੋਂ ਸਕੂਲ ਜਾਂਦੇ ਹਨ ਤਾਂ ਸ਼ਹਿਰ ਦੇ ਸਿੰਘ ਸਭਾ ਗੁਰਦੁਆਰਾ ਸਾਹਿਬ ਤੋਂ ਇਕ ਭਾਈ ਸਾਹਿਬ ਆ ਕੇ ਪ੍ਰਕਾਸ਼ ਕਰ ਜਾਂਦੇ ਹਨ ਅਤੇ ਸ਼ਾਮ ਨੂੰ ਰਹਿਰਾਸ ਉਪਰੰਤ ਸਮਾਪਤੀ ਕੀਤੀ ਜਾਂਦੀ ਹੈ। ਜਦੋਂ ਬੱਚਿਆਂ ਨੂੰ ਛੁੱਟੀ ਹੁੰਦੀ ਹੈ ਜਾਂ ਜਦੋਂ ਬੱਚੇ ਕੁਝ ਵਿਹਲ ਮਹਿਸੂਸ ਕਰਦੇ ਹਨ ਤਾਂ ਗੁਰਦੁਆਰਾ ਸਾਹਿਬ ਦੀਆਂ ਰਸਮਾਂ ਕਰਨ ਵਿਚ ਭਾਈ ਸਾਹਿਬ ਦੀ ਸਹਾਇਤਾ ਕਰਦੇ ਹਨ ਅਤੇ ਉਨ੍ਹਾਂ ਤੋਂ ਉਹ ਸਾਰੀਆਂ ਰਸਮਾਂ ਕਰਨੀਆਂ ਸਿੱਖ ਵੀ ਰਹੇ ਹਨ। ਬੱਚੇ ਗੁਰਬਾਣੀ ਪੜ੍ਹ ਸਕਦੇ ਹਨ ਅਤੇ ਅਰਦਾਸ ਕਰ ਸਕਦੇ ਹਨ। ਗੁਰਬਾਣੀ ਪੜ੍ਹਨ ਵਿਚ ਇਹ ਬੱਚੇ ਇੰਨੇ ਸਿੱਖਿਅਤ ਹੋ ਚੁੱਕੇ ਹਨ ਕਿ ਨੇੜੇ-ਨੇੜੇ ਦੇ ਇਲਾਕਿਆਂ ਵਿਚ ਹੁੰਦੇ ਪ੍ਰੋਗਰਾਮਾਂ ਵਿਚ ਭਾਗ ਲੈਣ ਵੀ ਚਲੇ ਜਾਂਦੇ ਹਨ।

ਇਸ ਇਲਾਕੇ ਵਿਚ ਸਿਕਲੀਗਰ ਭਾਈਚਾਰੇ ਨਾਲ ਸੰਬੰਧਿਤ 20-22 ਘਰ ਹਨ ਅਤੇ ਹਰ ਪਰਵਾਰ ਵਿਚ 6-8 ਮੈਂਬਰ ਹਨ। ਪਰਵਾਰ ਦੇ ਮਰਦ ਕਾਰੋਬਾਰ ਕਰਨ ਲਈ ਦੂਰ-ਨੇੜੇ ਦੇ ਸਥਾਨਾਂ ’ਤੇ ਚਲੇ ਜਾਂਦੇ ਹਨ। ਉਥੇ ਮੌਜੂਦ ਇਕ ਨੌਜਵਾਨ ਨੇ ਦੱਸਿਆ ਕਿ ਉਹ ਛੋਟੇ-ਛੋਟੇ ਗਰੁੱਪਾਂ ਵਿਚ ਕੱਪੜੇ ਦਾ ਕਾਰੋਬਾਰ ਕਰਨ ਚਲੇ ਜਾਂਦੇ ਹਨ। ਉਨ੍ਹਾਂ ਨੇ ਮੋਟਰ ਸਾਈਕਲ ਰੱਖੇ ਹੋਏ ਹਨ ਅਤੇ ਵਪਾਰ ਕਰਨ ਲਈ ਉਹ 100 ਤੋਂ 400 ਕਿਲੋਮੀਟਰ ਤਕ ਵੀ ਚਲੇ ਜਾਂਦੇ ਹਨ। ਦੂਰ ਜਾਣ ਸਮੇਂ ਕਈ ਵਾਰ 15-20 ਦਿਨ ਘਰੋਂ ਬਾਹਰ ਵੀ ਰਹਿੰਦੇ ਹਨ। ਵੱਡੇ-ਛੋਟੇ ਕਸਬਿਆਂ ਵਿਚ ਕੱਪੜੇ ਦੀਆਂ ਦੁਕਾਨਾਂ ਆਮ ਹੋ ਗਈਆਂ ਹਨ, ਇਸ ਕਰਕੇ ਉਨ੍ਹਾਂ ਨੂੰ ਪਿੰਡਾਂ ਅਤੇ ਹੋਰ ਦੂਰ-ਦੁਰਾਡੇ ਇਲਾਕਿਆਂ ਤਕ ਜਾਣਾ ਪੈਂਦਾ ਹੈ। ਜਿਥੇ ਵਪਾਰ ਕਰਨ ਜਾਂਦੇ ਹਨ, ਉਥੇ ਹੀ ਇਕ ਕਮਰਾ ਕਿਰਾਏ ’ਤੇ ਲੈ ਕੇ ਸਾਰਾ ਦਿਨ ਕੱਪੜਾ ਵੇਚਣ ਦਾ ਕਾਰਜ ਕਰਦੇ ਹਨ। ਕੋਈ ਪੱਕਾ ਟਿਕਾਣਾ ਨਾ ਹੋਣ ਕਰਕੇ ਉਨ੍ਹਾਂ ਨੂੰ ਇਹ ਕਾਰੋਬਾਰ ਕਰਨ ਵਿਚ ਵੀ ਭਾਰੀ ਮੁਸ਼ਕਲ ਹੁੰਦੀ ਹੈ ਕਿਉਂਕਿ ਲੋਕ ਉਥੋਂ ਹੀ ਵਸਤਾਂ ਖਰੀਦਣੀਆਂ ਵਧੇਰੇ ਪਸੰਦ ਕਰਦੇ ਹਨ ਜਿਥੇ ਉਨ੍ਹਾਂ ਨੂੰ ਵਿਸ਼ਵਾਸ ਹੋਵੇ ਕਿ ਇਹ ਵਪਾਰੀ ਉਥੋਂ ਕਿਤੇ ਹੋਰ ਨਹੀਂ ਜਾਵੇਗਾ ਪਰ ਫੇਰੀ ਵਾਲਿਆਂ ਦੁਆਰਾ ਇਹ ਵਿਸ਼ਵਾਸ ਦਿਵਾਉਣਾ ਬਹੁਤ ਔਖਾ ਹੁੰਦਾ ਹੈ।

ਸ਼ਸਤਰ ਬਣਾਉਣ ਦੇ ਨਾਲ-ਨਾਲ ਲੋਹੇ ਦੀਆਂ ਕੜਾਹੀਆਂ ਤੇ ਝਾਰਨੀਆਂ ਬਣਾਉਣ ਦਾ ਕਾਰਜ ਵੀ ਇਸ ਭਾਈਚਾਰੇ ਦੇ ਲੋਕ ਕਰਦੇ ਸਨ। ਸ਼ਸਤਰ ਬਣਾਉਣ ਦਾ ਕੰਮ ਹੌਲੀ-ਹੌਲੀ ਮੱਧਮ ਪੈਂਦਾ ਗਿਆ, ਇਸ ਦਾ ਇਕ ਵੱਡਾ ਕਾਰਨ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਜਦੋਂ ਵੀ ਕਿਤੇ ਦੰਗਾ-ਫਸਾਦ ਹੁੰਦਾ ਤਾਂ ਪੁਲਿਸ ਉਨ੍ਹਾਂ ’ਤੇ ਹੀ ਸ਼ੱਕ ਕਰਦੀ ਸੀ। ਇਸੇ ਕਾਰਨ ਹੀ ਨਾਂਦੇੜ ਵਿਖੇ ਵਸਿਆ ਹੋਇਆ ਵੱਡਾ ਭਾਈਚਾਰਾ ਛੋਟੇ-ਛੋਟੇ ਸਮੂਹਾਂ ਵਿਚ ਵੰਡਿਆ ਗਿਆ ਅਤੇ ਜਿਸ ਨੂੰ ਜਿਥੇ ਵੀ ਕੋਈ ਛੋਟਾ-ਮੋਟਾ ਰੋਜ਼ਗਾਰ ਮਿਲਿਆ, ਉਥੇ ਹੀ ਜਾ ਕੇ ਵੱਸ ਗਿਆ। ਸ਼ਸਤਰ ਬਣਾਉਣ ਵਿਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤਾਂ ਭਾਈਚਾਰੇ ਦੇ ਲੋਕ ਹੋਰਨਾਂ ਕੰਮ-ਧੰਦਿਆਂ ਵੱਲ ਰੁਚਿਤ ਹੋਣ ਲੱਗੇ। ਹੁਣ ਉਨ੍ਹਾਂ ਦਾ ਇਹ ਪੁਸ਼ਤੈਨੀ ਧੰਦਾ ਸੌ ਵਿੱਚੋਂ ਦਸ ਫੀਸਦੀ ਹੀ ਰਹਿ ਗਿਆ ਹੈ, ਇਸ ਕਰਕੇ ਹੁਣ ਵੀ ਜਿਹੜੇ ਲੋਕ ਇਸੇ ਧੰਦੇ ਨਾਲ ਜੁੜੇ ਹੋਏ ਹਨ ਉਨ੍ਹਾਂ ਦਾ ਗੁਜ਼ਾਰਾ ਮੁਸ਼ਕਲ ਹੀ ਹੁੰਦਾ ਹੈ। ਭਾਈਚਾਰੇ ਵਿੱਚੋਂ ਕੁਝ ਲੋਕ ਕੱਪੜੇ ਦਾ ਕਾਰੋਬਾਰ ਕਰ ਰਹੇ ਹਨ ਅਤੇ ਕੁਝ ਟਰੱਕਾਂ ਵਾਲਿਆਂ ਨਾਲ ਕੰਮ ਕਰ ਰਹੇ ਹਨ। ਕੱਪੜੇ ਦੇ ਵਪਾਰ ਵਿਚ ਲੋਹੇ ਨਾਲੋਂ ਵਧੇਰੇ ਮੁਨਾਫਾ ਹੈ ਇਸ ਕਰਕੇ ਭਾਈਚਾਰੇ ਦੇ ਜਿਹੜੇ ਲੋਕ ਕੱਪੜੇ ਦਾ ਵਪਾਰ ਕਰਦੇ ਹਨ, ਉਹ ਗੁਰਦੁਆਰੇ ਦੀ ਸੇਵਾ ਵਿਚ 100/- ਰੁਪਏ ਭੇਟ ਕਰਦੇ ਹਨ ਅਤੇ ਜਿਹੜੇ ਲੋਹੇ ਦਾ ਕਾਰੋਬਾਰ ਕਰਦੇ ਹਨ ਉਹ 50/- ਰੁਪਏ ਪ੍ਰਤੀ ਮਹੀਨਾ ਇਸ ਸੇਵਾ ਵਿਚ ਹਿੱਸਾ ਪਾਉਂਦੇ ਹਨ। ਹਰ ਐਤਵਾਰ ਨੂੰ ਘਰਾਂ ਵਿੱਚੋਂ 10-10 ਰੁਪਏ ਇਕੱਤਰ ਕਰਕੇ ਸ਼ੁੱਧ ਦੇਸੀ ਘਿਉ ਦਾ ਕੜ੍ਹਾਹ ਪ੍ਰਸ਼ਾਦ ਤਿਆਰ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਭਾਈਚਾਰੇ ਦੇ ਲੋਕ ਜਿਥੇ ਵੀ ਗਏ ਹਨ, ਉਨ੍ਹਾਂ ਉਥੇ ਗੁਰਦੁਆਰਾ ਸਾਹਿਬ ਵੀ ਜ਼ਰੂਰ ਬਣਾਇਆ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਹੋਰ ਕਿਸੇ ਨੂੰ ਆਪਣਾ ਇਸ਼ਟ ਨਹੀਂ ਮੰਨਿਆ। ਉਥੇ ਵੱਸਦੇ ਬਹੁਤੇ ਸਿੱਖ ਅੰਮ੍ਰਿਤਧਾਰੀ ਹਨ ਅਤੇ ਸਮੇਂ-ਸਮੇਂ ਅੰਮ੍ਰਿਤ ਛਕਾਉਣ ਦਾ ਕਾਰਜ ਵੀ ਕਰਦੇ ਹਨ। ਗੁਜਰਾਤ, ਮਹਾਂਰਾਸ਼ਟਰ, ਮੱਧ ਪ੍ਰਦੇਸ਼ ਆਦਿ ਸਥਾਨਾਂ ਤੇ ਉਨ੍ਹਾਂ ਦੇ ਭਾਈਚਾਰੇ ਦੇ ਲੋਕ ਵਸਦੇ ਹਨ ਅਤੇ ਵਿਆਹ-ਸ਼ਾਦੀ ਜਾਂ ਕਿਸੇ ਹੋਰ ਸਾਂਝੇ ਕਾਰਜ ਲਈ ਉਨ੍ਹਾਂ ਕੋਲ ਆਉਣ-ਜਾਣ ਦਾ ਸਿਲਸਲਾ ਬਣਿਆ ਰਹਿੰਦਾ ਹੈ। ਹੋਲੀ ਦੇ ਸਮੇਂ ਨਾਂਦੇੜ ਵਿਖੇ ਉਨ੍ਹਾਂ ਦੇ ਭਾਈਚਾਰੇ ਦੇ ਲੋਕ ਦੂਰੋਂ-ਦੂਰੋਂ ਆਉਂਦੇ ਹਨ। ਭਾਈਚਾਰੇ ਦੇ ਕੁਝ ਸਿੱਖਾਂ ਨੇ ਕਿਹਾ ਕਿ ਜਦੋਂ ਉਹ ਕਿਸੇ ਗੁਰਦੁਆਰਾ ਸਾਹਿਬ ਵਿਚ ਜੰਗ ਲੱਗੇ ਇਤਿਹਾਸਿਕ ਸ਼ਸਤਰ ਦੇਖਦੇ ਹਨ ਤਾਂ ਉਨ੍ਹਾਂ ਨੂੰ ਬਹੁਤ ਦੁੱਖ ਹੁੰਦਾ ਹੈ ਕਿਉਂਕਿ ਗੁਰੂ ਸਾਹਿਬਾਨ ਦੀ ਛੋਹ ਪ੍ਰਾਪਤ ਅਤੇ ਸੰਭਾਲ ਕੇ ਰੱਖੇ ਹੋਏ ਹੋਰ ਸ਼ਸਤਰ ਚਮਕਦੇ ਨਜ਼ਰ ਆਉਣੇ ਚਾਹੀਦੇ ਹਨ। ਭਾਈਚਾਰੇ ਦੇ ਲੋਕ ਇਹ ਸੇਵਾ ਬਾਖ਼ੂਬੀ ਨਿਭਾ ਸਕਦੇ ਹਨ, ਮੌਕਾ ਮਿਲਣਾ ਚਾਹੀਦਾ ਹੈ।

ਵਾਪਸ ਚੱਲਣ ਸਮੇਂ ਦਿੱਲੀ ਤੋਂ ਨਾਲ ਗਏ ਸਰਦਾਰ ਪ੍ਰੀਤਮ ਸਿੰਘ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਤਾਂ ਜੋਸ਼ ਵਿਚ ਆ ਕੇ ਉਨ੍ਹਾਂ ਨੇ ਉੱਚੀ ਆਵਾਜ਼ ਵਿਚ ਜੈਕਾਰੇ ਛੱਡਣੇ ਅਰੰਭ ਕਰ ਦਿੱਤੇ। ਉਨ੍ਹਾਂ ਦੀ ਇਸ ਜੋਸ਼ੀਲੀ ਤੇ ਉਤਸ਼ਾਹ ਭਰਪੂਰ ਆਵਾਜ਼ ਨੇ ਇਲਾਕੇ ਦੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਚੱਲਦੇ-ਚੱਲਦੇ ਇਕ ਸਿੱਖ ਨੇ ਕਿਹਾ ਕਿ ਇਕ ਪਿਤਾ ਦੇ ਦੋ ਪੁੱਤਰ ਹਨ ਇਕ ਅਮੀਰ ਹੈ ਅਤੇ ਦੂਜਾ ਗਰੀਬ। ਅਮੀਰ ਭਰਾਵਾਂ ਨੂੰ ਆਪਣੇ ਗਰੀਬ ਭਰਾਵਾਂ ਦੀ ਵੀ ਸਾਰ ਲੈਂਦੇ ਰਹਿਣਾ ਚਾਹੀਦਾ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Paramvir Singh

ਮੁਖੀ, ਸਿੱਖ ਵਿਸ਼ਵਕੋਸ਼ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)