editor@sikharchives.org

ਵਿਸਾਖੀ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉੱਮਤ ਨੂੰ ਖੁਦ ਆਪਣੇ ਸਮੇਤ, ‘ਸਿੰਘ’ (ਭਾਵ ‘ਸ਼ੇਰ’) ਦਾ ਖ਼ਿਤਾਬ ਦੇ ਕੇ ‘ਖਾਲਸਾ’ ਸਜਾ ਦਿੱਤਾ
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

1756 ਬਿਕ੍ਰਮੀ ਦੀ ਵਿਸਾਖੀ ਵਾਲੇ ਦਿਨ ਦੁਨੀਆਂ ਦੇ ਇਤਿਹਾਸ ਨੇ ਇਕ ਅਜੀਬ ਤੇ ਅਦੁੱਤੀ ਕੌਤਕ ਵੇਖਿਆ ਅਤੇ ਉਸ ਨੂੰ ਕਾਨੀਬੰਦ ਵੀ ਕੀਤਾ। ਉਸ ਦਿਨ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਕਿਲ੍ਹੇ ਕੇਸਗੜ੍ਹ ਸਾਹਿਬ ਵਿਚ ਇਕ ਭਾਰੀ ਤੇ ਯਾਦਗਾਰੀ ਇਕੱਠ ਕੀਤਾ। ਤੇਤੀ ਵਰ੍ਹੇ ਦੇ ਭਰ-ਜਵਾਨ ਸਤਿਗੁਰੂ ਜੀ ਨੇ ਨੰਗੀ ਕਿਰਪਾਨ ਲਿਸ਼ਕਾਉਂਦਿਆਂ, ਉਪਰੋਥੱਲੀ, ਪੰਜ ਸਿਰਾਂ ਦੀ ਭੇਟ ਮੰਗੀ। ਫਿਰ ਉਨ੍ਹਾਂ ਨੂੰ ਖੰਡੇ ਦਾ ਅੰਮ੍ਰਿਤ ਛਕਾ ਕੇ, ਚੜ੍ਹਦੀ-ਕਲਾ ਦਾ ਜਲੋ ਚੜ੍ਹਾ ਕੇ, ਸਿੰਘ ਸਜਾ ਕੇ ਤੇ ਆਪਣੇ ‘ਪੰਜ ਪਿਆਰੇ’ ਆਖ ਕੇ, ਉਨ੍ਹਾਂ ਦੀ ਕਾਇਆ-ਕਲਪ ਹੀ ਕਰ ਦਿੱਤੀ:

ਪੀਓ ਪਾਹੁਲ ਖੰਡਧਾਰ ਹੁਇ ਜਨਮ ਸੁਹੇਲਾ। (ਵਾਰ 41:1)

ਉਪਰੰਤ ਇਹੋ ‘ਪਾਹੁਲ’ ਉਨ੍ਹਾਂ ਪਾਸੋਂ ਆਪ ਛਕ ਕੇ ਅਤੇ ਆਪ ਵੀ ਉਹੋ ਜਿਹੇ ਸਿੰਘ ਸਜ ਕੇ, ਸੰਸਾਰ ਦੇ ਧਾਰਮਿਕ ਤੇ ਸਮਾਜਿਕ ਇਤਿਹਾਸ ਵਿਚ ਇਕ ਹੋਰ ਕ੍ਰਿਸ਼ਮਾ ਕਰ ਦਿਖਾਇਆ। ਦੁਨੀਆਂ ਇਹ ਵੇਖ ਕੇ ਹੈਰਾਨ ਹੋ ਗਈ ਤੇ ਕਹਿਣ ਲੱਗੀ:

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ। (ਵਾਰ 41:1)

ਇਉਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉੱਮਤ ਨੂੰ ਖੁਦ ਆਪਣੇ ਸਮੇਤ, ‘ਸਿੰਘ’ (ਭਾਵ ‘ਸ਼ੇਰ’) ਦਾ ਖ਼ਿਤਾਬ ਦੇ ਕੇ ‘ਖਾਲਸਾ’ ਸਜਾ ਦਿੱਤਾ:

ਸੰਗਤਿ ਕੀਨੀ ਖਾਲਸਾ ਮਨਮੁਖੀ ਦੁਹੇਲਾ। (ਵਾਰ 41:1)

ਗੁਲਾਮ ਮੁਹੱਈਉਦੀਨ ਦੇ ਕਥਨ ਅਨੁਸਾਰ, ਸਰਕਾਰੀ ਪੱਤਰ-ਪ੍ਰੇਰਕ ਦੀ ਅੱਖੀਂ-ਡਿੱਠੀ ਗਵਾਹੀ ਦੇ ਮੁਤਾਬਕ, ਉਸ ਦਿਨ ਹਜ਼ਾਰਾਂ ਹੋਰ ਲੋਕ, ਉਨ੍ਹਾਂ ਦੀ ਮਿਸਾਲ ਮਗਰ ਚਲਦੇ ਹੋਏ, ਇਹ ‘ਪਾਹੁਲ’ ਛਕ ਕੇ ਤਿਆਰ-ਬਰ-ਤਿਆਰ ਹੋ ਗਏ। (Macauliffe, The Sikh Religion, London-1909, vol. V, pp. 93-97)

ਸਤਿਗੁਰੂ ਜੀ ਨੇ ਉਨ੍ਹਾਂ ਦੀਆਂ ਸੁੱਤੀਆਂ ਸ਼ਕਤੀਆਂ ਨੂੰ ਜਗਾ ਕੇ ਉਨ੍ਹਾਂ ਦੇ ਹਿਰਦਿਆਂ ਵਿਚ ਇਕ ਅਗੰਮੀ ਰੂਹ ਫੂਕ ਦਿੱਤੀ। ਉਨ੍ਹਾਂ ਦੇ ਤਨ-ਮਨ ਨੂੰ ਭਗਤੀ ਤੇ ਸ਼ਕਤੀ ਦੀ ਪੁੱਠ ਚੜ੍ਹਾ ਕੇ, ‘ਦੇਗ-ਤੇਗ ਫਤਹ’ ਦਾ ਨਿਸ਼ਾਨਾ ਬਖਸ਼ ਕੇ, ਇਕ ਨਵੇਂ ਤੇ ਅਨੂਠੇ ‘ਪੰਥ’ ਦੀ ਪੱਕੀ-ਪੀਡੀ ਨੀਂਹ ਰੱਖ ਦਿੱਤੀ:

ਨਿਜ ਪੰਥ ਚਲਾਇਓ ਖਾਲਸਾ ਧਰਿ ਤੇਜ ਕਰਾਰਾ। (ਵਾਰ 41:15)

ਫਿਰ ਇਸ ‘ਪੰਥ’ ਦੇ ‘ਪਾਂਧੀਆਂ’ ਵਿਚ ਧਾਰਮਿਕ ਪਵਿੱਤਰਤਾ, ਸਦਾਚਾਰਕ ਸੁਹਿਰਦਤਾ, ਸਰੀਰਕ ਵਿਲੱਖਣਤਾ, ਸਮਾਜਿਕ ਸੁਤੰਤਰਤਾ ਤੇ ਰਾਜਨੀਤਿਕ ਸਥਿਰਤਾ ਲਿਆਉਣ ਲਈ ਇਕ ਆਦਰਸ਼ਕ ਜ਼ਾਤੀ ਤੇ ਜਮਾਤੀ ਰਹਿਤ-ਮਰਯਾਦਾ (Code of conduct) ਵੀ ਨਿਯਤ ਕਰ ਦਿੱਤੀ।

ਉਨ੍ਹਾਂ ਨੂੰ ਸਭ ਤੋਂ ਨਿਆਰੇ ਦਿੱਸਣ ਤੇ ਇੱਕੋ ਲੜੀ ਵਿਚ ਪਰੁਚੇ ਰਹਿਣ ਲਈ, ਇਕ ਵਿਕੋਲਿੱਤਰੀ ਵਰਦੀ ਵੀ ਬਖਸ਼ਿਸ਼ ਕਰ ਦਿੱਤੀ ਜਿਸ ਬਾਰੇ ਆਖਿਆ ਕਿ ਅੱਗੋਂ ਤੋਂ ‘ਸਿੱਖ’ ਦੀ ਨਿਸ਼ਾਨੀ ਇਹ ਪੰਜ ‘ਕਕਾਰ” ਹੋਣਗੇ:

ਨਿਸ਼ਾਨੇ ਸਿੱਖੀ, ਈਂ ਪੰਜ ਹਰਫ਼ ਕਾਫ਼;ਕਿ ਹਰਗਿਜ਼ ਨਾ ਬਾਸ਼ੰਦੇ, ਈਂ ਪੰਜ ਮੁਆਫ਼।
ਕੜਾ, ਕਾਰਦੋ, ਕੱਛ, ਕੰਘਾ ਬਿਦਾਂਅ, ਬਿਨਾਂ ਕੇਸ ਹੋਰ ਅੰਦ, ਜੁਮਲਾ ਨਿਸ਼ਾਂ।

ਜਿਨ੍ਹਾਂ ਦੀ ‘ਛੋਟ’ ਕਦੇ ਵੀ ਨਹੀਂ ਦਿੱਤੀ ਜਾ ਸਕੇਗੀ: ਕੜਾ, ਕਿਰਪਾਨ, ਕਛਹਿਰਾ, ਕੰਘਾ ਤੇ ਕੇਸ: ਗੁਰੂ ਪਾਤਸ਼ਾਹ ਜੀ ਨੇ ਜਿਥੇ ‘ਕੜੇ’ ਨੂੰ ਪਰਤੱਗਿਆ ਅਤੇ ਕਿਰਪਾਨ ਨੂੰ ਉਪਕਾਰ ਤੇ ਸਵੈ-ਰੱਖਿਆ ਦਾ ਚਿੰਨ੍ਹ ਨਿਯਤ ਕੀਤਾ; ਉਥੇ ‘ਕਛਹਿਰੇ’ ਨੂੰ ਆਚਰਣਕ ਤੇ ‘ਕੰਘੇ’ ਨੂੰ ਸਰੀਰਕ ਸੁੱਚਮ ਦੇ ਸੰਕੇਤ ਹੋਣ ਦਾ ਮਾਣ ਦਿੱਤਾ। ‘ਕੇਸਾਂ’ ਬਾਰੇ ਦਿੱਤੀ ਇਸ ਖਾਸ ਹਦਾਇਤ ਤੋਂ ਜਾਪਦਾ ਹੈ ਕਿ ਸਤਿਗੁਰੂ ਜੀ ਨੇ ਇਸ ਜਮਾਂਦਰੂ ਤੇ ਸਦੀਵੀ ਚਿੰਨ੍ਹ ਨੂੰ ਰੱਬੀ ਰਜ਼ਾ ਲਈ ਰਜ਼ਾਮੰਦੀ, ਕੌਮੀ ਸਪਿਰਿਟ ਦੀ ਕਸਵੱਟੀ ਤੇ ਪੰਥਕ ਜਥੇਬੰਦੀ ਦੀ ਗਾਰੰਟੀ ਮਿਥਿਆ।

ਫਿਰ ਅਜਿਹੀ ਵਿਲੱਖਣ ਵਰਦੀ ਪਹਿਨਣ ਵਾਲੇ ਸੰਤ-ਸਿਪਾਹੀਆਂ ਲਈ ਜੋ ਆਦਰਸ਼ ਨਿਯਤ ਕੀਤਾ, ਉਹ ਵੀ ਇਸ ਗੱਲ ਦਾ ਗਵਾਹ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਬਾਹਰਲੇ ਚਿੰਨ੍ਹ ਧਾਰਨ ਕਰਨ ਵਾਲਿਆਂ ਨੂੰ ਅੰਦਰਲੇ ਦੈਵੀ ਗੁਣ ਵਿਕਸਾਉਣ ਲਈ ਵੀ ਬੜੀ ਭਰਵੀਂ ਤਾਕੀਦ ਕੀਤੀ। ਉਨ੍ਹਾਂ ਭਾਣੇ ਅਸਲ ‘ਖਾਲਸਾ’ ਅਖਵਾਉਣ ਦਾ ਹੱਕਦਾਰ ਹੀ ਉਹ ਹੈ ਜੋ-

ਜਾਗਤ ਜੋਤ ਜਪੇ ਨਿਸ ਬਾਸੁਰ, ਏਕ ਬਿਨਾ ਮਨ ਨੈਕ ਨ ਐਨ।
ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ, ਗੋਰ, ਮੜੀ, ਮਟ ਭੂਲ ਨ ਮਾਨੈ।
ਤੀਰਥ, ਦਾਨ, ਦਯਾ, ਤਪੁ, ਸੰਜਮੁ, ਏਕ ਬਿਨਾ ਨਹਿ ਏਕ ਪਛਾਨੈ।
ਪੂਰਨ ਜੋਤਿ ਜਗੈ ਘਟ ਮੈ ਤਬ, ਖਾਲਸ ਤਾਹਿ ਨਖ਼ਾਲਸ ਜਾਨੈ। (33 ਸਵੱਯੇ ਪਾ: 10)

ਇਸ ਤਰ੍ਹਾਂ, ਉਸ ਨੂੰ ਇਕ ਆਦਰਸ਼ਕ ਜੀਵਨ-ਜਾਚ ਦੱਸਦਿਆਂ ਫ਼ਰਮਾਇਆ ਹੈ: “ਉਹ ਘਰ ਨੂੰ ਜੰਗਲ ਸਮਝ ਕੇ, ਦਿਲੋਂ ਸਾਧੂ ਬਣੇ। ਰੱਬ ਦੀ ਯਾਦ ਵਿਚ ਰਹਿੰਦਿਆਂ, ਸ਼ੁਭ ਗੁਣ ਗ੍ਰਹਿਣ ਕਰਦਿਆਂ ਅਤੇ ਆਪਣੇ ਕਾਰ-ਵਿਹਾਰ ਵਿਚ ਵਿਚਰਦਿਆਂ, ਉਹ ਨੇਕੀ, ਪਿਆਰ ਤੇ ਪਰਉਪਕਾਰ ਦਾ ਜੀਵਨ ਬਤੀਤ ਕਰੇ:”

ਰੇ ਮਨ! ਐਸੋ ਕਰ ਸੰਨਿਆਸਾ।
ਬਨ ਸੇ ਸਦਨ ਸਬੈ ਕਰਿ ਸਮਝਹੁ, ਮਨ ਹੀ ਮਾਹਿ ਉਦਾਸਾ।1।ਰਹਾਉ।
ਜਤ ਕੀ ਜਟਾ, ਜੋਗ ਕੋ ਮਜਨੁ, ਨੇਮ ਕੋ ਨਖਨ ਬਢਾਓ।
ਗਿਆਨ ਗੁਰੂ, ਆਤਮ ਉਪਦੇਸਹੁ, ਨਾਮ ਬਿਭੂਤ ਲਗਾਓ।
ਅਲਪ ਅਹਾਰ ਸੁਲਪ ਸੀ ਨਿੰਦ੍ਰਾ ਦਯਾ, ਛਿਮਾ, ਤਨ ਪ੍ਰੀਤਿ।
ਸੀਲ ਸੰਤੋਖ ਸਦਾ ਨਿਰਬਾਹਿਬੋ, ਹ੍ਵੈਬੋ ਤ੍ਰਿਗੁਣ ਅਤੀਤ।
ਕਾਮ ਕ੍ਰੋਧ ਹੰਕਾਰ ਲੋਭ ਹਠ ਮੋਹ ਨ ਮਨ ਸਿਉ ਲਯਾਵੈ।
ਤਬ ਹੀ ਆਤਮ ਤਤ ਕੋ ਦਰਸੈ ਪਰਮ ਪੁਰਖ ਕਹ ਪਾਵੈ। (ਰਾਮਕਲੀ, ਪਾਤਿਸ਼ਾਹੀ 10)

ਅਜਿਹੀ ਵਰਦੀ, ਆਦਰਸ਼ ਤੇ ਜੀਵਨ-ਜਾਚ ਦੇ ਪੰਧਾਊਆਂ ਲਈ, ਪਰਉਪਕਾਰ ਤੇ ਸਵੈ-ਰੱਖਿਆ ਨੂੰ ਮੁੱਖ ਰੱਖਦਿਆਂ, ਸ਼ਸਤਰਬੱਧ ਤੇ ਤਿਆਰ-ਬਰ-ਤਿਆਰ ਰਹਿਣਾ ਜ਼ਰੂਰੀ ਦੱਸਿਆ। ਸ਼ਸਤਰਾਂ ਦੀ ਲੋੜ ਤੇ ਮਹੱਤਤਾ ਦਾ ਜ਼ਿਕਰ ਕਰਦਿਆਂ ਤਾਂ ਦਸਮੇਸ਼ ਪਿਤਾ ਨੇ ਫਿਰ ਇਥੋਂ ਤਕ ਆਖ ਦਿੱਤਾ:

ਅਸਿ ਕ੍ਰਿਪਾਨ ਖੰਡੋ ਖੜਗ, ਤੁਪਕ ਤਬਰ ਅਰੁ ਤੀਰ।
ਸੈਫ ਸਰੋਹੀ ਸੈਹਥੀ, ਇਹੈ ਹਮਾਰੈ ਪੀਰ। (ਸ਼ਸਤ੍ਰਨਾਮਾ ਮਾਲਾ, ਬੰਦ ਨੰ. 3)

ਫਿਰ ਇਹ ਕੁਝ ਤੇ ਇੰਨਾ ਕੁਝ ਆਖ ਕੇ ਵੀ ਬਸ ਨਹੀਂ ਕੀਤੀ। ਅਜਿਹਾ ਵਿਲੱਖਣ ਰੂਪ ਤੇ ਰਹਿਤ-ਮਰਯਾਦਾ ਦੇਣ ਵਾਲੇ ‘ਮਰਦ ਅਗੰਮੜੇ’ ਨੇ ਆਪਣੀ ਮੁਬਾਰਕ ‘ਜ਼ਾਤ’ ਨੂੰ ਆਪੇ ਪੈਦਾ ਕੀਤੀ ਇਸ ਅਨੋਖੀ ‘ਜਮਾਤ’ ਵਿਚ ‘ਅਭੇਦ’ ਕਰਦਿਆਂ, ਇਹ ਵੀ ਸਪਸ਼ਟ ਕਰ ਦਿੱਤਾ ਕਿ ਜੇ ਕੋਈ ਜਦੋਂ ਵੀ ਇਸ ਉੱਤੇ ਸੱਚੇ ਦਿਲੋਂ ਅਮਲ ਕਰੇਗਾ, ਉਹ ਨਾ ਕੇਵਲ ਮੇਰਾ ਸਿੱਖ ਅਖਵਾਉਣ ਦਾ ਹੀ ਹੱਕਦਾਰ ਹੋਵੇਗਾ, ਸਗੋਂ ਮੈਂ ਉਸ ਨੂੰ ਆਪਣਾ ‘ਠਾਕੁਰ’ ਤੇ ਆਪਣੇ ਆਪ ਨੂੰ ਉਸ ਦਾ ‘ਚੇਲਾ’ ਅਖਵਾਉਣ ਵਿਚ ਵੀ ਮਾਣ ਮਹਿਸੂਸ ਕਰਾਂਗਾ:

ਰਹਿਣੀ ਰਹਹਿ, ਸੋਈ ਸਿਖ ਮੇਰਾ, ਉਹ ਠਾਕੁਰ, ਮੈਂ ਉਸ ਕਾ ਚੇਰਾ।

ਇਉਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1756 ਬਿਕ੍ਰਮੀ ਦੀ ਪਹਿਲੀ ਵੈਸਾਖ ਨੂੰ, ਸ਼ਿਵਾਲਕ ਦੀ ਰਮਣੀਕ ਗੋਦੀ ਵਿਚ, ਅਜਿਹੀ ਰਹਿਣੀ-ਬਹਿਣੀ ਵਾਲੇ ਸੰਤ-ਸਿਪਾਹੀਆਂ ਦੀ ਇਕ ਅਜਿਹੀ ਕੌਮ ਤਿਆਰ ਕਰ ਦਿੱਤੀ ਜੋ ਤਨ ਤੇ ਮਨ ਕਰਕੇ ਇਕਸੁਰ ਸੀ, ਜੋ ਖ਼ਿਆਲੀ ਤੇ ਅਮਲੀ ਤੌਰ ’ਤੇ ਇਕਮੁਠ ਸੀ ਅਤੇ ਜੋ ਆਪਣੇ ਸੰਚਾਲਕ ਨਾਲ ਵੀ ਆਤਮਿਕ ਤੇ ਸਰੀਰਕ ਤੌਰ ’ਤੇ ਇਕਮਿਕ ਸੀ।

ਇਸੇ ਦੀ ਸਹਾਇਤਾ ਨਾਲ ‘ਆਪੇ ਗੁਰ ਚੇਲਾ’ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਿਦੇਸ਼ੀ ਰਾਜ ਦਾ ਜਬਰ ਉਖਾੜਨ ਤੇ ਦੇਸੀ ਸਮਾਜ ਦੀ ਨੀਂਦ ਉਘਾੜਨ ਲਈ ਵਧੇਰੇ ਉਤੇਜਿਤ ਤੇ ਉਤਸ਼ਾਹਿਤ ਹੋ ਕੇ ਲੱਕ ਬੰਨ੍ਹ ਲਿਆ; ਹਿੰਦੁਸਤਾਨ ਦੀ ਸ਼ਖ਼ਸੀ, ਸਮਾਜਿਕ, ਮਾਨਸਿਕ, ਆਰਥਿਕ, ਸਭਿਆਚਾਰਕ ਤੇ ਰਾਜਨੀਤਿਕ ਅਰਥਾਤ ਹਰ ਪ੍ਰਕਾਰ ਦੀ ਗ਼ੁਲਾਮੀ ਨੂੰ ਹਟਾਉਣ ਦਾ ਬੀੜਾ ਚੁੱਕ ਲਿਆ।

ਇਸ ਐਲਾਨ ਤੇ ਉਤੇਜਨਾ ਦਾ ਨਤੀਜਾ ਇਹ ਨਿਕਲਿਆ ਕਿ ਕਈ ਪੀੜ੍ਹੀਆਂ ਤੋਂ ਲਿਤੜੀਂਦੇ ਜਨ-ਸਾਧਾਰਨ ਵਿਚ ਇਕ ਇਨਕਲਾਬੀ ਪਲਟਾ ਆ ਗਿਆ। ਖੰਡੇ ਦੀ ਪਾਹੁਲ ਨੇ ਉਨ੍ਹਾਂ ਵਿਚ ਕੋਈ ਗ਼ੈਬੀ ਤੇ ਅਦੁੱਤੀ ਸ਼ਕਤੀ ਭਰ ਦਿੱਤੀ। “ਬਾਦਸ਼ਾਹ ਦਰਵੇਸ਼” ਦੀ ਸਿੱਖਿਆ ਤੇ ਸੰਦੇਸ਼ ਨੇ ਉਨ੍ਹਾਂ ਦੇ ਸੁਭਾਅ, ਕਰਮ ਤੇ ਆਚਰਨ ਬਦਲ ਕੇ, ਖੱਤਰੀ ਤੇ ਬ੍ਰਾਹਮਣ ਦੀ ਮੁਥਾਜੀ ਹਟਾ ਕੇ; ਜੀਣ-ਮਰਨ ਦੀ ਜਾਚ ਸਿਖਾ ਕੇ, ਉਨ੍ਹਾਂ ਨੂੰ ਅਜਿਹੇ ਸੁਤੰਤਰ (the all-free ਤੇ ਸੰਪੂਰਨ ਮਨੁੱਖ (the whole man) ਬਣਾ ਦਿੱਤਾ ਕਿ ਹੁਣ ਉਹ ਵੀ ‘ਮੌਤ ਨਾਲ ਮਖੌਲਾਂ’ ਕਰਦਿਆਂ ਹੋਇਆਂ ਦਾਨਵ-ਸ਼ਕਤੀਆਂ ਨਾਲ ਲੋਹਾ ਲੈਣ ਲਈ ਉਤਸ਼ਾਹਿਤ ਹੋ ਗਏ। ਪ੍ਰਭੂ ਦੀ ਕਿਰਪਾ ਤੇ ਗੁਰੂ ਦੀ ਮਿਹਰ ਸਦਕਾ, ਉਨ੍ਹਾਂ ਵਿੱਚੋਂ ਇੱਕ-ਇੱਕ ਯੋਧਾ ਸਵਾ-ਸਵਾ ਲੱਖ ਨਾਲ ਟੱਕਰ ਲੈਣ ਦੇ ਸਮਰੱਥ ਹੋ ਗਿਆ। ਉਨ੍ਹਾਂ ਨੇ ਬਾਹਰਲੇ ਤਾਂ ਕੀ ਅੰਦਰਲੇ ਵੈਰੀਆਂ ਨੂੰ ਵੀ ਕਾਬੂ ਵਿਚ ਰੱਖਣ ਲਈ ‘ਕਾਮ’ ਨੂੰ ਗ੍ਰਿਹਸਥ, ‘ਕ੍ਰੋਧ’ ਨੂੰ ਬੀਰਤਾ, ‘ਲੋਭ’ ਨੂੰ ਕਿਰਤ, ‘ਮੋਹ’ ਨੂੰ ਉਪਕਾਰ ਤੇ ‘ਹੰਕਾਰ’ ਨੂੰ ਸਵੈਮਾਨ ਵਿਚ ਢਾਲ ਲਿਆ।

ਇਉਂ ਆਤਮਿਕ ਅਤੇ ਸਰੀਰਕ ਤੌਰ ’ਤੇ ਤਿਆਰ-ਬਰ-ਤਿਆਰ ਹੋ ਕੇ; ਮਾਨਵ-ਪਿਆਰ, ਸਵੈਤਿਆਗ ਤੇ ਪਰਉਪਕਾਰ ਦਾ ਆਦਰਸ਼ ਲੈ ਕੇ, ਉਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਭਵਿੱਖਬਾਣੀ ਨੂੰ ਸਚਿਆਉਣ ਦਾ ਪ੍ਰਣ ਨਿਭਾਉਣ, ਦੇਸ਼ ਦੀ ਲੋਕਾਈ ਉੱਪਰ ਸਦੀਆਂ ਤੋਂ ਲੱਗੀਆਂ ਬੰਦਸ਼ਾਂ ਹਟਾਉਣ; ਜ਼ਾਲਮ ਰਾਜ-ਕਾਜ ਨੂੰ ਮਾਰ-ਮੁਕਾਉਣ ਅਤੇ ਨਵਾਂ ਤੇ ਨਰੋਆ ਸਮਾਜ ਉਪਜਾਉਣ ਲਈ, ਉਸ ਮਰਦ-ਅਗੰਮੜੇ ਦੀ ਕਮਾਨ ਹੇਠ ਜੁੜ ਗਏ ਜਿਸ ਨੂੰ ਭਾਈ ਨੰਦ ਲਾਲ ਜੀ ਨੇ ‘ਸਰਬ ਕਲਾ ਸਮਰਥ’ ਤੇ ‘ਨਿਓਟਿਆਂ ਦੀ ਓਟ’ ਆਖਿਆ ਹੈ:

ਕਾਦਿਰਿ ਹਰ ਕਾਰ ਗੁਰ ਗੋਬਿੰਦ ਸਿੰਘ,
ਬੇਕਸਾਂ ਰਾ ਯਾਰ ਗੁਰ ਗੋਬਿੰਦ ਸਿੰਘ॥ (ਭਾਈ ਨੰਦ ਲਾਲ ਜੀ)

ਅਤਿਆਚਾਰੀ ਮੁਗਲ ਸਰਕਾਰ ਨੇ ਉਨ੍ਹਾਂ ਦੇ ਇਸ ਪ੍ਰੋਗਰਾਮ ਨੂੰ ਧ੍ਰੋਹ ਤੇ ਬਗ਼ਾਵਤ ਸਮਝਿਆ; ਦੇਸੀ ਰਜਵਾੜਿਆਂ ਨੇ ਇਸ ਵਿਚ ਆਪਣੇ ਵਕਾਰ ਤੇ ਰਾਜ-ਭਾਗ ਦਾ ਅੰਤ ਮਹਿਸੂਸ ਕੀਤਾ ਅਤੇ ਧਰਮ ਤੇ ਸਮਾਜ ਨੂੰ ਆਪਣੀ ਥਾਂ ਪਿੱਸੂ ਪੈ ਗਏ। ਖਿੱਚਾ-ਖਿੱਚੀ ਤੇ ਮੁੱਠ-ਭੇੜ ਤੇਜ਼ ਹੋ ਗਈ। ਭਿਆਨਕ ਲੜਾਈਆਂ ਦਾ ਸਿਲਸਿਲਾ ਸ਼ੁਰੂ ਹੋ ਪਿਆ। ਗੁਰਦੇਵ ਤੇ ਉਨ੍ਹਾਂ ਦੇ ਸਿਰਕੱਢ ਸੰਤ-ਸਿਪਾਹੀਆਂ ਨੇ ਡਟ ਕੇ ਮੁਕਾਬਲੇ ਕੀਤੇ; ਪਿੱਠ ਨਾ ਵਿਖਾਈ: ਈਨ ਨਾ ਮੰਨੀ; ਅਤੇ ਭਰਪੂਰ ਚੜ੍ਹਦੀ-ਕਲਾ ਵਿਚ ਜੂਝਦੇ ਰਹੇ ਤੇ ਆਪਣੀਆਂ ਮੰਜ਼ਲਾਂ, ਹੇਠ-ਲਿਖੇ ਅਨੁਸਾਰ, ਤੈਅ ਕਰਦੇ ਅਤੇ ਫ਼ਤਹ ਦੇ ਦਮਾਮੇ ਵਜਾਉਂਦੇ ਰਹੇ:

ਇਸ ਤਰ੍ਹਾਂ ਸੇ ਤੈਅ ਕੀ ਹਮ ਨੇ ਮੰਜ਼ਲੇਂ,
ਗਿਰ ਪੜ੍ਹੇ, ਗਿਰ ਕਰ ਉਠੇ, ਫਿਰ ਚਲ ਦੀਏ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Harnam Singh Shan
ਸਾਬਕਾ ਮੁਖੀ ਸਿੱਖ ਸਟੱਡੀਜ਼ ਵਿਭਾਗ -ਵਿਖੇ: ਪੰਜਾਬ ਯੂਨੀਵਰਸਿਟੀ

ਮਰਹੂਮ ਸਰਦਾਰ ਸਰਵਨ ਸਿੰਘ ਅਤੇ ਸਰਦਾਰਨੀ ਤੇਜ ਕੌਰ ਦੇ ਪੁੱਤਰ ਹਰਨਾਮ ਸਿੰਘ ਦਾ ਜਨਮ 1923 ਵਿੱਚ ਪਿੰਡ ਧਮਾਲ ਵਿੱਚ ਹੋਇਆ ਸੀ ਰਾਵਲਪਿੰਡੀ, ਜੋ ਹੁਣ ਪੱਛਮੀ ਪੰਜਬ, ਪਾਕਿਸਤਾਨ ਦਾ ਹਿੱਸਾ ਹੈ। ਉਨ੍ਹਾਂ ਦੀਆਂ ਸਾਰੀਆਂ ਰਚਨਾਵਾਂ ਕਿੱਤੇ ਦੀ ਬਜਾਏ ਵਧੇਰੇ ਧਰਮ, ਲੋਕਧਾਰਾ ਅਤੇ ਧਰਮ ਨਿਰਪੱਖ ਸਾਹਿਤ ਦੇ ਇਤਿਹਾਸ ਬਾਰੇ ਸਮਰਪਣ ਹਨ। ਉਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਪੰਜਾਬ ਯੂਨੀਵਰਸਿਟੀ (1948-58) ਵਿੱਚ ਸੰਪਾਦਕ ਵਜੋਂ ਕੀਤੀ । ਉਹ ਚੰਡੀਗੜ੍ਹ ਵਿਖੇ ਪੰਜਾਬੀ ਅਧਿਐਨ ਵਿਭਾਗ (1959-62) ਦੇ ਪ੍ਰੋਫੈਸਰ ਅਤੇ ਮੁਖੀ ਦੇ ਅਹੁਦੇ 'ਤੇ ਪਹੁੰਚ ਗਏ ਅਤੇ ਫਿਰ ਗੁਰੂ ਨਾਨਕ ਚੇਅਰ ਅਤੇ ਸਿੱਖ ਸਟੱਡੀਜ਼ ਵਿਭਾਗ (1972-84) ਦੇ ਮੁਖੀ ਵਜੋਂ ਪਹੁੰਚ ਗਏ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)