ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਰਾਹੀਂ ਸੰਨ 1604 ਵਿਚ ਤਿਆਰ ਹੋਏ ਅਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸੰਨ 1708 ਵਿਚ ਗੁਰੂ ਸਥਾਪੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਤੇ ਸੰਦੇਸ਼ ਕਿਸੇ ਇਕ ਸਮੇਂ ਤਕ ਸੀਮਿਤ ਨਹੀਂ; ਕਿਸੇ ਖਾਸ ਸਥਾਨ ਨਾਲ ਸੰਬੰਧਿਤ ਨਹੀਂ; ਅਤੇ ਕਿਸੇ ਵਿਸ਼ੇਸ਼ ਵਿਅਕਤੀ ਲਈ ਵੀ ਨਿਯਤ ਨਹੀਂ। ਇਹ ਕਿਸੇ ਵਿਕੋਲਿਤਰੀ ਘਟਨਾ ਜਾਂ ਸਥਿਤੀ ਲਈ ਉਚੇਚੇ ਨਹੀਂ ਦਿੱਤੇ ਜਾਂ ਲਿਖੇ ਗਏ; ਅਤੇ ਕਿਸੇ ਖ਼ਾਸ ਅਵਸਰ ਜਾਂ ਪ੍ਰਯੋਜਨ ਲਈ ਵੀ ਰਾਖਵੇਂ ਨਹੀਂ ਰੱਖੇ ਹੋਏ। ਇਉਂ ਹੀ ਇਹ ਕਿਸੇ ਇਕ ਧਰਮ ਜਾਂ ਫਿਰਕੇ ਜਾਂ ਉਸ ਦੀ ਕਿਸੇ ਖਾਸ ਸ਼ਾਖਾ, ਸੰਪ੍ਰਦਾਇ ਜਾਂ ਵਿਅਕਤੀ ਨੂੰ ਵੀ ਸੰਬੋਧਿਤ ਨਹੀਂ।
ਇਹ ਤਾਂ, ਠੀਕ ਅਰਥਾਂ ਵਿਚ ਸਰਬ-ਕਾਲੀ, ਸਰਬ-ਦੇਸੀ, ਸਰਬ-ਸਾਂਝੇ ਅਤੇ ਸਰਬ-ਹਿਤੈਸ਼ੀ ਉਪਦੇਸ਼ ਦੇ ਧਾਰਨੀ ਹਨ। ਇਸ ਅਨੂਠੇ ਤੱਥ ਦੀ ਤਸਦੀਕ ਇਨ੍ਹਾਂ ਦੇ ਹੇਠ-ਲਿਖੇ ਬਚਨ ਤੋਂ ਹੀ ਸਾਫ਼ ਲਫਜ਼ਾਂ ਵਿਚ ਇਉਂ ਵਿਦਿਤ ਹੈ:
ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ॥ (ਪੰਨਾ 647)
ਇਉਂ ਇਹ ਕੇਵਲ ਇਨ੍ਹਾਂ ਦੇ ਉਪਾਸ਼ਕਾਂ ਜਾਂ ਨਾਮ-ਲੇਵਿਆਂ ਲਈ ਹੀ ਨਹੀਂ; ਸਿਰਫ਼ ਪੰਜਾਬੀਆਂ ਜਾਂ ਹਿੰਦੁਸਤਾਨੀਆਂ ਵਾਸਤੇ ਹੀ ਨਹੀਂ; ਅਤੇ ਨਿਰੇ ਸੋਲ੍ਹਵੀਂ-ਸਤਾਰ੍ਹਵੀਂ ਸਦੀ ਦੇ ਲੋਕਾਂ ਖ਼ਾਤਰ ਹੀ ਮਖ਼ਸੂਸ ਨਹੀਂ। ਇਹ ਤਾਂ ਸਾਰੇ ਸੰਸਾਰ ਲਈ ਅਤੇ ਸਭ ਲੋਕਾਂ ਤੇ ਸਮਿਆਂ ਲਈ ਸਾਂਝੇ, ਸਮਾਨ ਤੇ ਸਰਬ-ਕਲਿਆਣਕਾਰੀ ਹਨ। ਇਸ ਅਸਲੀਅਤ ਦੀ ਪੁਸ਼ਟੀ ਵੀ ਇਨ੍ਹਾਂ ਵਿਚ ਅੰਕਿਤ ਹੇਠ-ਲਿਖੇ ਬਿਆਨ ਵਿਚ ਇਉਂ ਸੂਚਿਤ ਹੈ:
ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ॥
ਗੁਰਮੁਖਿ ਨਾਮੁ ਜਪੈ ਉਧਰੈ ਸੋ ਕਲਿ ਮਹਿ ਘਟਿ ਘਟਿ ਨਾਨਕ ਮਾਝਾ॥ (ਪੰਨਾ 747-48)
ਇਨ੍ਹਾਂ ਦੇ ਪਾਵਨ ਲੇਖਕ ਤੇ ਸੰਪਾਦਕ ਜੀ ਨੇ ਤਾਂ ਕੇਵਲ ਵਰਤਮਾਨ ਸਮੇਂ ਦੇ ਹੀ ਨਹੀਂ, ਸਭ ਸਮਿਆਂ ਦੇ ਸਭ ਮਨੁੱਖਾਂ ਨੂੰ ਸਾਰੇ ਜਾਤੀ ਤੇ ਨਸਲੀ, ਮਤ-ਮਤਾਂਤਰੀ ਤੇ ਦੇਸ਼-ਦੇਸ਼ਾਂਤਰੀ ਭਿੰਨ-ਭੇਦਾਂ ਨੂੰ ਛਿੱਕੇ ਉੱਤੇ ਟੰਗ ਕੇ, ਹੇਠ ਲਿਖੇ ਬਚਨ ਦੁਆਰਾ, ਇਹ ਗੱਲ ਮਾਨੋਂ ਐਲਾਨੀਆ ਇਉਂ ਆਖੀ ਹੋਈ ਹੈ:
ਗੁਰੁ ਨਾਨਕੁ ਉਪਦੇਸੁ ਕਹਤੁ ਹੈ ਜੋ ਸੁਨੈ ਸੋ ਪਾਰਿ ਪਰਾਨਥ॥ (ਪੰਨਾ 1001)
ਇਸੇ ਲਈ ਵਰਤਮਾਨ ਸਮੇਂ ਦੇ ਪ੍ਰਸਿੱਧ ਭਾਰਤੀ ਰਿਸ਼ੀ, ਸਾਧੂ ਟੀ.ਐਲ.ਵਾਸਵਾਨੀ ਨੇ ਇਨ੍ਹਾਂ ਭਾਵ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਨੂੰ ਕੇਵਲ ਸਿੱਖਾਂ ਜਾਂ ਪੰਜਾਬੀਆਂ ਦੇ ਹੀ ਨਹੀਂ, ਸਗੋਂ World-Scripture ਅਰਥਾਤ ‘ਸਮੂਹ ਜਗਤ ਦੇ ਧਰਮ-ਗ੍ਰੰਥ’ ਆਖਿਆ ਹੈ ਜੋ ਉਨ੍ਹਾਂ ਜਾਚੇ out of the World-Soul it rolled “ਜਗਤ-ਆਤਮਾ ਵਿੱਚੋਂ ਫੁਟ ਨਿਕਲੇ ਹਨ।” (ਇਨ ਦੀ ਸਿੱਖ ਸੈਕੰਚੁਏਰੀ, ਮਦਰਾਸ-1922, ਸਫ਼ੇ 36- 37)। ਤਦੇ ਤਾਂ ਇਸੇ ਸਮੇਂ ਦੇ ਮਹਾਨ ਤੇ ਮਸ਼ਹੂਰ ਇਤਿਹਾਸਕਾਰ, ਸਰ ਅਰਨਲਡ ਟਾਇਨਬੀ ਨੇ ਇਨ੍ਹਾਂ ਨੂੰ a catholic anthology ਇਕ ਸਰਬੱਸਵੀ ਸ਼ਬਦ-ਸੰਗ੍ਰਹਿ ਦਸਦਿਆਂ ਅਤੇ mankind’s common spiritual treasure “ਮਨੁੱਖੀ-ਜਾਤੀ ਦਾ ਸਾਂਝਾ ਰੂਹਾਨੀ ਖ਼ਜ਼ਾਨਾ” ਮੰਨਦਿਆਂ, ਲਿਖਿਆ ਹੈ : It is important that it should be brought within the direct reach of as many people as possible “ਇਹ ਜ਼ਰੂਰੀ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਇਸ ਦੇ ਵੱਧ ਤੋਂ ਵੱਧ ਨੇੜੇ ਪਹੁੰਚਾਇਆ ਤੇ ਵਰੋਸਾਇਆ ਜਾਏ।” (ਯੂਨੈਸਕੋਜ਼ ਸੀਲੈਕਸ਼ਨਜ਼ ਫਰਾਮ ਦੀ ਸੇਕਰਡ ਰਾਈਟਿੰਗਜ਼ ਆਫ਼ ਦੀ ਸਿੱਖਸ, ਲੰਡਨ-1960, ਸਫ਼ਾ 9)।
2
ਸੋ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੰਚਿਤ ਸ਼ਬਦਾਂ-ਸਲੋਕਾਂ ਵਿਚ ਅੰਕਿਤ ਸੰਦੇਸ਼ ਤੇ ਸਿੱਖਿਆਵਾਂ ਵਰਤਮਾਨ ਸਮੇਂ ਲਈ ਉਨੀਆਂ ਹੀ ਪ੍ਰਸੰਗਿਕ (relevent) ਤੇ ਮਹੱਤਵਪੂਰਨ (important) ਹਨ ਜਿੰਨੀਆਂ ਕਿ ਇਹ ਉਸ ਸਮੇਂ ਲਈ ਸਨ, ਜਿਸ ਦੌਰਾਨ ਇਹ ਦਿੱਤੀਆਂ, ਦੱਸੀਆਂ ਤੇ ਲਿਖੀਆਂ ਗਈਆਂ ਸਨ। ਫਿਰ ਖ਼ੂਬੀ ਇਹ ਕਿ ਇਹ ਇਸ ਸਮੇਂ ਦੇ ਵੀ ਹਰ ਮਨੁੱਖ ਅਤੇ ਉਸ ਦੇ ਜੀਵਨ ਦੇ ਕੇਵਲ ਧਾਰਮਕ ਤੇ ਅਧਿਆਤਮਕ ਹੀ ਨਹੀਂ, ਸਗੋਂ ਹਰ ਖੇਤਰ ਤੇ ਹਰ ਸਥਿਤੀ ਨਾਲ ਉਸੇ ਤਰ੍ਹਾਂ ਦਾ ਸੰਬੰਧ ਤੇ ਉਸੇ ਕਿਸਮ ਦਾ ਸਰੋਕਾਰ ਵੀ ਰੱਖਦੀਆਂ ਹਨ।
ਵਰਤਮਾਨ ਸਮੇਂ ਦੀ ਸਥਿਤੀ ਤੇ ਮਾਨਸਿਕਤਾ ਨੂੰ ਮੁੱਖ ਰੱਖਦਿਆਂ, ਇਨ੍ਹਾਂ ਦੀ ਪ੍ਰਸੰਗਿਕਤਾ, ਮਹੱਤਤਾ ਤੇ ਮਹਾਨਤਾ ਸਗੋਂ ਵਧੇਰੇ ਉਘੜ ਕੇ, ਚਾਰੇ ਚੱਕ ਪ੍ਰਕਾਸ਼ਮਾਨ ਹੋ ਰਹੀ ਹੈ।
ਮਿਸਾਲ ਵਜੋਂ, ਇਨ੍ਹਾਂ ਦੀ ਇਕ ਮੁੱਖ ਵਿਸ਼ੇਸ਼ਤਾ ਇਨ੍ਹਾਂ ਵਿਚ ਅੰਕਿਤ ਸੰਦੇਸ਼ ਤੇ ਉਪਦੇਸ਼ ਦੀ ਅਜਿਹੀ ਉਦਾਰਤਾ, ਸਦ-ਭਾਵਨਤਾ, ਸਰਬ-ਸਾਂਝ ਤੇ ਸਮਦ੍ਰਿਸ਼ਟੀ ਹੈ ਜੋ ਉਪਰੋਕਤ ਗੁਰੂ-ਬਚਨਾਂ ਵਿਚ ਵਿਦਿਤ ਹੈ ਅਤੇ ਜੋ ਵਰਤਮਾਨ ਸਮੇਂ ਤੇ ਸੰਸਕਾਰ ਦੀ ਮਾਨੋ ਫ਼ੌਰੀ ਤੇ ਜ਼ਰੂਰੀ ਮੰਗ ਹੈ। ਮਿਸਾਲ ਵਜੋਂ ਪ੍ਰੋ. ਮੋਹਨ ਸਿੰਘ ਨੇ ਆਪਣੇ ਕਾਵਿ-ਸੰਗ੍ਰਹਿ ‘ਕੱਚ-ਸੱਚ’ ਦੀ ਇਕ ਕਵਿਤਾ ਰਾਹੀਂ ਅਜੋਕੀ ਧਰਤੀ ਤੇ ਇਸ ਦੀ ਮਾਨਵੀ ਵੱਸੋਂ ਖੱਖੜੀ ਦੀਆਂ ਡਲੀਆਂ ਵਾਂਗ ਪਾਟੀ ਤੇ ਖੇਰੂੰ-ਖੇਰੂੰ ਹੋਣ ਸਬੰਧੀ ਸੱਚੋ-ਸੱਚ ਹੀ ਲਿਖਿਆ ਹੈ:
ਦੋ ਟੋਟਿਆਂ ਦੇ ਵਿਚ ਭੁਇੰ ਟੁੱਟੀ, ਇਕ ਮਹਿਲਾਂ ਦਾ ਇਕ ਢੋਕਾਂ ਦਾ।
ਦੋ ਧੜਿਆਂ ਵਿਚ ਖ਼ਲਕਤ ਵੰਡੀ, ਇਕ ਲੋਕਾਂ ਦਾ ਇਕ ਜੋਕਾਂ ਦਾ।
ਕੁਝ ਪਾਈਆਂ ਵਿੱਥਾਂ ਵਰਣ ਦੀਆਂ, ਕੁਝ ਵਾਹੀਆਂ ਲੀਕਾਂ ਧਰਮ ਦੀਆਂ…
ਫਿਰ ਵਿੱਥਾਂ ਲਿਪੀ ਜ਼ਬਾਨ ਦੀਆਂ, ਫਿਰ ਪਹਿਰਾਵੇ ਤੇ ਦੇਸ ਦੀਆਂ।….
ਇਸ ਵੇਲੇ ਸਮੂਹ ਮਾਨਵ-ਜਾਤੀ, ਨਿਰਸੰਦੇਹ, ਪਾਟੋਧਾੜ ਤੇ ਆਪਾਧਾਪੀ ਦੇ ਦੌਰ-ਦੌਰੇ; ਭੁੱਖ-ਨੰਗ ਦੇ ਪਸਾਰੇ; ਰੰਗ-ਨਸਲ ਦੇ ਪੁਆੜੇ; ਊਚ-ਨੀਚ ਤੇ ਅਮੀਰ- ਗ਼ਰੀਬ ਦੇ ਵਿਤਕਰਿਆਂ; ਅਤੇ ਅਜਿਹੀਆਂ ਕਈ ਹੋਰ ਸੁਆਰਥੀ ਰੁਚੀਆਂ ਤੇ ਅਨਿਆਈਂ ਕਰਤੂਤਾਂ ਦਾ ਸ਼ਿਕਾਰ ਬਣੀ ਹੋਈ ਹੈ। ਇਸ ਦੇ ਸੁਖ, ਸ਼ਾਂਤੀ, ਭਲੇ ਤੇ ਨਿਸਤਾਰੇ ਆਦਿ ਲਈ ਜੇ ਕਿਤੋਂ ਕੋਈ ਸਾਂਝੀ ਤੇ ਪਰਸੁਆਰਥੀ ਆਵਾਜ਼ ਆ ਰਹੀ ਹੈ ਤਾਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਉਸ ਦੇ ਸਿਰਜਨਹਾਰ ਪ੍ਰਭੂ ਨੂੰ ਕੀਤੀਆਂ ਹੋਈਆਂ ਕੁਝ ਇਹੋ ਜਿਹੀਆਂ ਬੇਨਤੀਆਂ ਹਨ ਜੋ ‘ਸਰਬੱਤ ਦੇ ਭਲੇ’ ਤੇ ‘ਸਭ ਦੀ ਚੜ੍ਹਦੀ-ਕਲਾ’ ਦੀ ਮੰਗ ਇਉਂ ਕਰ ਰਹੀਆਂ ਹਨ:
ਕਿਰਪਾ ਕਰਿ ਕੈ ਸੁਨਹੁ ਪ੍ਰਭ ਸਭ ਜਗ ਮਹਿ ਵਰਸੈ ਮੇਹੁ॥ (ਪੰਨਾ 652)
ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ॥
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ॥ (ਪੰਨਾ 853)
ਸਭੇ ਜੀਅ ਸਮਾਲਿ ਅਪਣੀ ਮਿਹਰ ਕਰੁ॥
ਅੰਨੁ ਪਾਣੀ ਮੁਚੁ ਉਪਾਇ ਦੁਖ ਦਾਲਦੁ ਭੰਨਿ ਤਰੁ॥ (ਪੰਨਾ 1251)
ਇਨ੍ਹਾਂ ਅਰਜ਼ੋਈਆਂ ਰਾਹੀਂ ਸਭ ਥਾਂ ਇਕਸਾਰਵਾਂ ਮੀਂਹ ਵਸਾਉਣ ਲਈ ਕੀਤੀ ਗਈ ਪੁਕਾਰ ਅਤੇ ਸੁਖ-ਸ਼ਾਂਤੀ ਵਰਤਾਉਣ ਲਈ ਕੀਤੀ ਗਈ ਅਰਦਾਸ ਸਾਰੇ ਜਗਤ ਲਈ ਹੈ। ਮਨੁੱਖੀ ਜੀਵਨ ਦੀਆਂ ਦੋ ਬੁਨਿਆਦੀ ਲੋੜਾਂ-ਅੰਨ ਤੇ ਪਾਣੀ, ਦੀ ਭਰਵੀਂ ਪੂਰਤੀ ਲਈ ਕੀਤੀ ਗਈ ਅਰਜ਼ ਅਤੇ ਉਸ ਦੇ ਦੋ ਮੂਲ ਕਲੇਸ਼ਾਂ-ਦੁੱਖ ਤੇ ਗ਼ਰੀਬੀ, ਤੋਂ ਛੁਟਕਾਰੇ ਲਈ ਕੀਤੀ ਗਈ ਬੇਨਤੀ ਵਰਤਮਾਨ ਨਜ਼ਰੀਏ ਵਾਂਗ ਕਿਸੇ ਨਿੱਜੀ ਜਾਂ ਜਾਤੀ-ਪਾਤੀ, ਕੇਵਲ ਆਪਣੇ ਦੇਸ਼-ਧਰਮ ਜਾਂ ਘਰ-ਕਬੀਲੇ ਦੇ ਹਿੱਤਾਂ ਦੀ ਪਾਲਣਾ ਦੀ ਥਾਂ ਸਮੂਹ ਮਨੁੱਖਤਾ ਦੇ ਸਾਂਝੇ ਹਿੱਤਾਂ ਲਈ ਕੀਤੀ ਗਈ ਹੈ।
ਫਿਰ ਕਮਾਲ ਇਹ ਕਿ ਜਿਸ ‘ਸਰਬ-ਦਾਤਾਰ’ ਨੂੰ ਇਹ ਵਿਸ਼ਵਾਰਥੀ ਤੇ ਪਰਸੁਆਰਥੀ ਅਪੀਲਾਂ ਸੰਬੋਧਿਤ ਹਨ, ਉਹ ਕਿਸੇ ਖ਼ਾਸ ਧਰਮ ਵੱਲੋਂ ਉਸ ਲਈ ਮਿਥੇ-ਮੰਨੇ ਹੋਏ ਕਿਸੇ ਵਿਸ਼ੇਸ਼ ਨਾਂ ਦਾ ਧਾਰਨੀ ਅਤੇ ਕਿਸੇ ਇਕ ਦੇਸ਼ ਜਾਂ ਦਿਸ਼ਾ ਦਾ ਵਸਨੀਕ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਲੱਗਭਗ ਉਹ ਸਾਰੇ ਨਾਂ ਤੇ ਉਪ-ਨਾਂ ਵਰਤੇ ਹੋਏ ਹਨ ਜੋ ਹਿੰਦੂ ਤੇ ਮੁਸਲਮਾਨੀ ਮੱਤਾਂ ਦੇ ਅਨੁਯਾਈ ਕਈ ਸਦੀਆਂ ਤੋਂ ਵਰਤ ਰਹੇ ਹਨ, ਜਿਵੇਂ:
ਹਿੰਦੂਆਂ ਵੱਲੋਂ: ਪਰਮੇਸ਼ਰ, ਪ੍ਰਭੂ, ਗੋਸਾਈਂ, ਈਸ਼ਵਰ, ਪਰਮਾਤਮਾ, ਰਾਮ, ਗੋਪਾਲ, ਬੀਠਲਾ, ਪਾਰਬ੍ਰਹਮ ਇਤਿਆਦਿ।
ਮੁਸਲਮਾਨਾਂ ਵੱਲੋਂ :ਅੱਲਾ, ਖ਼ੁਦਾ, ਮੌਲਾ, ਰੱਬ, ਰਹੀਮ, ਕਾਦਰ, ਖ਼ਾਲਕ, ਕਰੀਮ ਇਤਿਆਦਿਕ।
ਇਨ੍ਹਾਂ ਦੇ ਪਾਵਨ ਸੰਕਲਨ-ਕਰਤਾ ਜੀ ਨੇ ਤਾਂ ਉਸ ਦੇ ਨਾਵਾਂ ਬਾਰੇ ਪਏ ਹੋਏ ਭਰਮ-ਜਾਲ ਨੂੰ ਵੀ ਤਾਰ-ਤਾਰ ਕਰਦਿਆਂ, ਇਹ ਵੀ ਐਲਾਨੀਆ ਦਸਿਆ ਹੋਇਆ ਹੈ:
ਕਹੁ ਨਾਨਕ ਗੁਰਿ ਖੋਏ ਭਰਮ॥
ਏਕੋ ਅਲਹੁ ਪਾਰਬ੍ਰਹਮ॥ (ਪੰਨਾ 897)
ਉਨ੍ਹਾਂ ਨੇ ਤਾਂ ਸਭ ਸੰਪਰਦਾਇਕ ਤੇ ਸੰਕੀਰਣ ਹੱਦਾਂ ਉਲੰਘਦਿਆਂ ਅਤੇ ਉਸ ਲਈ ਇਕ ਸਰਬ-ਸਾਂਝਾ ਮਿਸ਼ਰਤ ਨਾਂ, ‘ਅੱਲਾ ਰਾਮ’ ਵੀ ਵਰਤਦਿਆਂ, ਮਾਨੋ ਡੰਕੇ ਦੀ ਚੋਟ ਨਾਲ ਆਖਿਆ ਹੋਇਆ ਹੈ:
ਵਰਤ ਨ ਰਹਉ ਨ ਮਹ ਰਮਦਾਨਾ॥
ਤਿਸੁ ਸੇਵੀ ਜੋ ਰਖੈ ਨਿਦਾਨਾ॥
ਏਕੁ ਗੁਸਾਈ ਅਲਹੁ ਮੇਰਾ॥
ਹਿੰਦੂ ਤੁਰਕ ਦੁਹਾਂ ਨੇਬੇਰਾ॥
ਹਜ ਕਾਬੈ ਜਾਉ ਨ ਤੀਰਥ ਪੂਜਾ॥
ਏਕੋ ਸੇਵੀ ਅਵਰੁ ਨ ਦੂਜਾ॥
ਪੂਜਾ ਕਰਉ ਨ ਨਿਵਾਜ ਗੁਜਾਰਉ॥
ਏਕ ਨਿਰੰਕਾਰ ਲੇ ਰਿਦੈ ਨਮਸਕਾਰਉ॥
ਨਾ ਹਮ ਹਿੰਦੂ ਨ ਮੁਸਲਮਾਨ॥
ਅਲਹ ਰਾਮ ਕੇ ਪਿੰਡੁ ਪਰਾਨ॥ (ਪੰਨਾ 1136)
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਿਆਰੀ ਤੇ ਸਥਾਪਨਾ ਤੋਂ ਦੋ ਕੁ ਵਰ੍ਹੇ ਬਾਅਦ, ਸੰਨ 1606 ਵਿਚ ਸਮੇਂ ਦੇ ਮੁਗ਼ਲ ਬਾਦਸ਼ਾਹ, ਜਹਾਂਗੀਰ (1569-1627 ਈ.) ਦੇ ਹੁਕਮ ਅਧੀਨ, ਸ਼ਹੀਦ ਕਰ ਦਿੱਤੇ ਗਏ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹਿੰਦੂਵੀ ਤੇ ਇਸਲਾਮੀ ਧਰਮਾਂ ਵਿਚਾਲੇ ਹੋ ਰਹੀ ਭਾਰੀ ਖਿੱਚੋਤਾਣ ਅਤੇ ਭਰਵੀਂ ਟੱਕਰ ਦੌਰਾਨ, ਇਹ ਵੀ ਮਾਨੋ ਉੱਚੀ ਹੇਕ ਨਾਲ ਆਖਿਆ ਤੇ ਗਾਵਿਆ ਸੀ:
ਬਿਸਰਿ ਗਈ ਸਭ ਤਾਤਿ ਪਰਾਈ॥…
ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥…
ਸਭ ਮਹਿ ਰਵਿ ਰਹਿਆ ਪ੍ਰਭੁ ਏਕੈ ਪੇਖਿ ਪੇਖਿ ਨਾਨਕ ਬਿਗਸਾਈ॥ (ਪੰਨਾ 1299)
ਨਾ ਕੋ ਮੇਰਾ ਦੁਸਮਨੁ ਰਹਿਆ ਨਾ ਹਮ ਕਿਸ ਕੇ ਬੈਰਾਈ॥…
ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥ (ਪੰਨਾ 671)
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਰਚਨਹਾਰ, ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਿਸ ਹਿੰਦੁਸਤਾਨ ਦੀ ਸੋਲ੍ਹਵੀਂ-ਸਤਾਰ੍ਹਵੀਂ ਸਦੀ ਵਿਚ ਇਹ ਇਨਕਲਾਬੀ ਤੇ ਵਿਸ਼ਵਾਰਥੀ ਨਾਅਰੇ ਲਾਏ ਅਤੇ ਇਹ ਕ੍ਰਾਂਤੀਕਾਰੀ ਬਿਆਨ ਇੰਨੀ ਬੇਬਾਕੀ ਨਾਲ ਦਿੱਤੇ ਤੇ ਕਾਨੀਬੰਦ ਕੀਤੇ ਸਨ, ਉਹ ਅਜੇ ਵੀ ਅਜਿਹੀਆਂ ਫ਼ਿਰਕੂ ਤੇ ਤੁਅੱਸਬੀ ਰੁਚੀਆਂ ਦਾ ਸ਼ਿਕਾਰ ਹੈ ਜਿਨ੍ਹਾਂ ਦਾ ਅਤਿ ਸ਼ਰਮਨਾਕ ਤੇ ਦਰਦਨਾਕ ਵਿਖਾਲਾ ਉਹ ਅਜੋਕੇ ਯੁੱਗ ਅੰਦਰ ਸੰਨ 1984 ਦੇ ਸਿੱਖ-ਵਿਰੋਧੀ ਅਤੇ ਸੰਨ 2002 ਦੇ ਮੁਸਲਮਾਨ- ਵਿਰੋਧੀ ਦੰਗਿਆਂ ਰਾਹੀਂ ਦਿੱਲੀ, ਪੰਜਾਬ ਤੇ ਗੁਜਰਾਤ ਆਦਿ ਵਿਖੇ ਬੜੇ ਭਰਵੇਂ ਰੂਪ ਵਿਚ ਕਰ ਚੁਕਾ ਹੈ।
ਇਸੇ ਲਈ ਭਿੰਨ-ਭਿੰਨ ਬੋਲੀਆਂ, ਇਲਾਕਿਆਂ, ਮੱਤਾਂ, ਸਿਧਾਂਤਾਂ, ਵਿਚਾਰਾਂ ਤੇ ਸਭਿਆਚਾਰਾਂ ਆਦਿ ਨਾਲ ਉਣੇ-ਬੁਣੇ ਹੋਏ ਇਸ ਉਪ-ਮਹਾਂਦੀਪ, ਅਣ-ਵੰਡੇ ਹਿੰਦੁਸਤਾਨ ਵਿਚ ਅਮਨ, ਸ਼ਾਂਤੀ, ਪਿਆਰ, ਭਰੱਪਣ, ਮਿਲਵਰਤਣ ਤੇ ਸਹਿਨਸ਼ੀਲਤਾ ਆਦਿ ਦੀ ਪ੍ਰਾਪਤੀ ਤੇ ਕਾਇਮੀ ਲਈ ਜੋ ਸਰਬ-ਸਾਂਝੀ ਤੇ ਸਮਦ੍ਰਿਸ਼ਟਵੀ ਸਿੱਖਿਆ ਤੇ ਸੰਦੇਸ਼, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਉੱਪਰ ਦੱਸੇ ਅਨੁਸਾਰ ਕਾਨੀਬੰਦ ਹੈ, ਉਹ ਉਦੋਂ ਵੀ, ਅਜੇ ਵੀ ਅਤੇ ਅੱਗੋਂ ਵੀ ਉਵੇਂ ਹੀ ਕੇਵਲ ਮਹੱਤਵਪੂਰਨ ਹੀ ਨਹੀਂ ਸਗੋਂ ਅਤਿ ਲਾਭਦਾਇਕ ਅਤੇ ਕਾਰਗਰ ਵੀ ਹੈ।
3
ਨਿਰਾ ਇੰਨਾ ਤੇ ਇਹ ਕੁਝ ਹੀ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਜਿਹੀ ਅਦੁੱਤੀ ਸਿੱਖਿਆ ਤੇ ਵਿਸ਼ਵਾਰਥੀ ਸੰਦੇਸ਼ ਦੇ ਪਹਿਲੇ ਅਲੰਬਰਦਾਰ, ਸ੍ਰੀ ਗੁਰੂ ਨਾਨਕ ਦੇਵ ਨੇ ਤਾਂ ਸਾਰੀ ਮਨੁੱਖ ਜਾਤੀ ਦਾ ਧਰਮ ਹੀ ਇੱਕੋ ਮੰਨਿਆ ਤੇ ਦੱਸਿਆ ਹੋਇਆ ਹੈ। ਉਨ੍ਹਾਂ ਦੇ ਦ੍ਰਿੜ੍ਹ ਵਿਸ਼ਵਾਸ ਤੇ ਇਸ ਅਕੱਟ ਦਲੀਲ ਅਨੁਸਾਰ ਕਿ ਸਾਰੇ ਮਨੁੱਖਾਂ ਦਾ ਸਿਰਜਨਹਾਰ ਤੇ ਪਾਲਨਹਾਰ ਕਿਉਂਕਿ ਇੱਕੋ ਰੱਬ ਜਾਂ ਪ੍ਰਭੂ ਹੈ, ਇਸ ਲਈ ਉਸ ਦੀ ਸਿਰਜੀ ਤੇ ਨਿਵਾਜੀ ਹੋਈ ਸਾਰੀ ਮਾਨਵਤਾ ਦਾ ਧਰਮ ਵੀ ਇੱਕੋ ਹੈ:
ਏਕੋ ਧਰਮੁ ਦ੍ਰਿੜੈ ਸਚੁ ਕੋਈ॥
ਗੁਰਮਤਿ ਪੂਰਾ ਜੁਗਿ ਜੁਗਿ ਸੋਈ॥ (ਪੰਨਾ 1188)
ਇਸ ਧਰਮ ਬਾਰੇ ਆਪਣਾ ਸੰਕਲਪ ਤੇ ਸਿਧਾਂਤ ਪ੍ਰਗਟ ਕਰਦਿਆਂ ਅਤੇ ਉਸ ਦੇ ਸੱਚੇ-ਸੁੱਚੇ ਅਨੁਯਾਈ ਜਾਂ ਮੁੱਖ ਲੱਛਣ ਭਾਵ ਸਮਦ੍ਰਿਸ਼ਟੀ ਵੀ ਵਿਦਿਤ ਕਰਦਿਆਂ,ਇਹ ਵੀ ਉਨ੍ਹਾਂ ਨੇ ਹੀ ਫ਼ੁਰਮਾਇਆ ਹੋਇਆ ਹੈ:
ਗਲੀ ਜੋਗੁ ਨ ਹੋਈ॥
ਏਕ ਦ੍ਰਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ॥ (ਪੰਨਾ 730)
ਇਸੇ ‘ਸਮਸਰਤਾ’ ਬਾਰੇ ਆਪਣੇ ਵਿਚਾਰ ਤੇ ਵਿਸ਼ਵਾਸ ਬਿਆਨ ਕਰਦਿਆਂ, ਇਨ੍ਹਾਂ ਵਿਚ ਸੰਚਿਤ ‘ਭਗਤ ਬਾਣੀ’ ਦੇ ਮੁੱਖ ਰਚਨਾਕਾਰ, ਭਗਤ ਕਬੀਰ ਜੀ ਨੇ ਵੀ ਇਉਂ ਫ਼ੁਰਮਾਇਆ ਹੋਇਆ ਹੈ:
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥
ਲੋਗਾ ਭਰਮਿ ਨ ਭੂਲਹੁ ਭਾਈ॥
ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ॥ (ਪੰਨਾ 1349-50)
ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਇਸੇ ਸਿਧਾਂਤ ਨੂੰ ਆਪਣੇ ਪਾਵਨ ਸ਼ਬਦਾਂ ਵਿਚ ਇਉਂ ਪੁਸ਼ਟਾਇਆ ਹੋਇਆ ਹੈ:
ਸਭ ਮਹਿ ਜੋਤਿ ਜੋਤਿ ਹੈ ਸੋਇ॥
ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ॥ (ਪੰਨਾ 663)
ਸਭੁ ਕੋ ਊਚਾ ਆਖੀਐ ਨੀਚੁ ਨ ਦੀਸੈ ਕੋਇ॥
ਇਕਨੈ ਭਾਂਡੇ ਸਾਜਿਐ ਇਕੁ ਚਾਨਣੁ ਤਿਹੁ ਲੋਇ॥ (ਪੰਨਾ 62)
ਇਹੋ ਵਿਚਾਰ ਤੇ ਸਿਧਾਂਤ ਮਨੁੱਖਤਾ ਦੇ ਇਸ ਵਿਲੱਖਣ ਧਰਮ-ਗ੍ਰੰਥ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤੀਜੇ ਭਾਗ, ਭਾਵ ‘ਭੋਗ ਦੀ ਬਾਣੀ’ ਵਿਚ ਸੂਫ਼ੀ ਮੁਸਲਮਾਨ ਸੇਖ਼ ਫਰੀਦ ਜੀ ਨੂੰ ਸੰਬੋਧਿਤ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਬਦਾਂ ਵਿਚ ਇਉਂ ਕਾਨੀਬੰਦ ਹੈ:
ਫਰੀਦਾ ਖਾਲਕੁ ਖਲਕ ਮਹਿ ਖਲਕ ਵਸੈ ਰਬ ਮਾਹਿ॥
ਮੰਦਾ ਕਿਸ ਨੋ ਆਖੀਐ ਜਾਂ ਤਿਸੁ ਬਿਨੁ ਕੋਈ ਨਾਹਿ॥ (ਪੰਨਾ 1381)
ਇਨ੍ਹਾਂ ਦੀ ਹੀ ਇਕ ਮੁੱਖ ਤੇ ਮਨੋਹਰ ਬਾਣੀ, ‘ਸੁਖਮਨੀ ਸਾਹਿਬ’ ਵਿਚ ਤਾਂ ਅਜਿਹੇ ਸੱਚੇ, ਸੁੱਚੇ, ਸਾਂਝੇ ਤੇ ਸਮਦ੍ਰਿਸ਼ਟਵੇਂ ਧਰਮ ਦੀ ਪਰਿਭਾਸ਼ਾ ਦੱਸਦਿਆਂ, ਸਰਬ-ਸ੍ਰੇਸ਼ਟ ਧਰਮ ਵਿਚ ਉਸ ਧਰਮ ਨੂੰ ਮੰਨਿਆ ਗਿਆ ਹੈ, ਜੋ ਮੁੱਖ ਤੌਰ ’ਤੇ ਹਰੀ-ਸਿਮਰਨ ਤੋਂ ਇਲਾਵਾ ਸ਼ੁਭ ਆਚਾਰ ਦਾ ਵੀ ਵਿਸ਼ਵਾਸੀ ਤੇ ਅਨੁਯਾਈ ਹੈ:
ਸਰਬ ਧਰਮ ਮਹਿ ਸ੍ਰੇਸਟ ਧਰਮੁ॥
ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥
ਸਗਲ ਕ੍ਰਿਆ ਮਹਿ ਊਤਮ ਕਿਰਿਆ॥
ਸਾਧਸੰਗਿ ਦੁਰਮਤਿ ਮਲੁ ਹਿਰਿਆ॥ (ਪੰਨਾ 266)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਦਾ ਮੂਲ ਧੁਰਾ ਤੇ ਮੁੱਖ ਮਨੋਰਥ ਵੀ ਤਾਂ ਇਹੋ ਦੁਹਰੀ ਅਮਲੀ ਕਿਰਿਆ ਜਾਪਦਾ ਹੈ।
ਪਹਿਲੀ, ਜੀਵ-ਆਤਮਾ ਨੂੰ ਪਰਮਾਤਮਾ ਨਾਲ ਮੇਲਣਾ ਜਿਸ ਦਾ ਸਾਧਨ ਪ੍ਰੇਮਾ-ਭਗਤੀ ਦੱਸਿਆ ਗਿਆ ਹੈ।
ਦੂਜੀ, ਮਨੁੱਖ ਨੂੰ ਮਨੁੱਖ ਨਾਲ ਜੋੜਨਾ ਜਿਸ ਦਾ ਸਾਧਨ ਸਦਾਚਾਰ ਦਰਸਾਇਆ ਗਿਆ ਹੈ।
ਪਰਮ-ਆਤਮਾ (ਪ੍ਰਭੂ) ਨੂੰ ਪਤੀ ਅਤੇ ਜੀਵ-ਆਤਮਾ (ਮਨੁੱਖ) ਨੂੰ ਪਤਨੀ ਦੇ ਸੰਕੇਤਾਂ ਨਾਲ ਉਪਮਾਉਂਦਿਆਂ, ਹਰ ਕਿਸੇ ਨੂੰ ਇਸ ਗੱਲ ਦਾ ਯਕੀਨ ਦੁਆਇਆ ਗਿਆ ਹੈ ਕਿ ਮਰਦ ਹੋਵੇ ਭਾਵੇਂ ਇਸਤਰੀ, ਮੁਕਤੀ ਜਾਂ ਪਰਮਗਤੀ ਗੁਰੂ ਦੀ ਕਿਰਪਾ ਤੇ ਅਗਵਾਈ ਸਦਕਾ, ਸਾਧਾਰਨ ਘਰੋਗੀ ਜੀਵਨ ਜੀਉਂਦਿਆਂ ਅਤੇ ਆਪਣੇ ਫ਼ਰਜ਼ ਤੇ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੀ, ਪ੍ਰਭੂ ਦੀ ਭਗਤੀ ਕਰਨ, ਨਿਮਰ ਸੁਭਾਅ ਧਾਰਨ ਅਤੇ ਰੱਬ ਦੇ ਭੈ-ਭਾਉ ਤੇ ਭਾਣੇ ਵਿਚ ਵਿਚਰਨ ਨਾਲ ਸਹਿਜੇ ਹੀ ਪ੍ਰਾਪਤ ਹੋ ਸਕਦੀ ਹੈ:
ਭਾਉ ਭਗਤਿ ਕਰਿ ਨੀਚੁ ਸਦਾਏ॥
ਤਉ ਨਾਨਕ ਮੋਖੰਤਰੁ ਪਾਏ॥ (ਪੰਨਾ 470)
ਸਤਿਗੁਰ ਕੀ ਐਸੀ ਵਡਿਆਈ॥
ਪੁਤ੍ਰ ਕਲਤ੍ਰ ਵਿਚੇ ਗਤਿ ਪਾਈ॥ (ਪੰਨਾ 661)
ਜੀਵਨ ਮੁਕਤੁ ਮਨਿ ਨਾਮੁ ਵਸਾਏ॥ (ਪੰਨਾ 412)
ਵਰਤਮਾਨ ਸਮੇਂ ਤੇ ਸਥਿਤੀ ਵਿਚ ਵਿਚਰ ਰਹੇ ਬੇਚੈਨ ਤੇ ਬੇਸਹਾਰਾ ਮਨੁੱਖ ਲਈ ਸੁਖ, ਸ਼ਾਂਤੀ ਤੇ ਮੁਕਤੀ ਪ੍ਰਾਪਤ ਕਰਨ ਲਈ ਇਸ ਤੋਂ ਸੌਖੀ ਤੇ ਅਮਲੀ ਸਿੱਖਿਆ ਅਤੇ ਇਸ ਨਾਲੋਂ ਸਰਲ ਤੇ ਸੁਖਾਵਾਂ ਮਾਰਗ ਹੋਰ ਕੀ ਹੋ ਸਕਦਾ ਹੈ?
4
ਸੋ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮੂਹ ਸਿੱਖਿਆ ਕਿਸੇ ਤਿਆਗੀ, ਵਿਰਾਗੀ ਜਾਂ ਇਕਾਂਤਵਾਦੀ ਦੀ ਥਾਂ, ਹਰ ਸਮੇਂ ਤੇ ਸਥਾਨ ਦੇ ਸਾਧਾਰਨ, ਸੰਸਾਰੀ ਤੇ ਗ੍ਰਿਹਸਥੀ ਮਨੁੱਖ ਨੂੰ ਸੰਬੋਧਿਤ ਹੈ ਅਤੇ ਉਸੇ ਦੇ ਨਿਤਾਪ੍ਰਤ ਜੀਵਨ ਦੀਆਂ ਅਸਲੀਅਤਾਂ ਨਾਲ ਸੰਬੰਧਿਤ ਹੈ। ਉਸੇ ਨੂੰ ਮਿਸਾਲ ਵਜੋਂ, ਬੜੇ ਸਾਫ਼, ਉਦਾਰ ਤੇ ਦਲੀਲਪੂਰਨ ਬਚਨਾਂ ਰਾਹੀਂ ਸਮਝਾਇਆ ਗਿਆ ਹੈ ਕਿ:
(ੳ) ਰੱਬ ਤੇ ਮਨੁੱਖ ਨਾਲ ਸੰਬੰਧਿਤ ਸਿੱਖਿਆ ਤੇ ਸੰਦੇਸ਼
1. ਸਭ ਜੀਵਾਂ ਦਾ ਸਿਰਜਨਹਾਰ ਤੇ ਸਰਬ-ਦਾਤਾਰ-ਭਾਵ ਪਰਮਾਤਮਾ, ਗਾਡ, ਈਸ਼ਵਰ ਜਾਂ ਅੱਲਾ-ਕੇਵਲ ਇੱਕ ਹੈ। ਕੇਵਲ ਉਸੇ ਦਾ ਸਿਮਰਨ ਤੇ ਸਿਫ਼ਤ-ਸਲਾਹ ਕਰਨ ਅਤੇ ਸਿਰਫ਼ ਉਸੇ ਦੇ ਹੁਕਮ ਤੇ ਰਜ਼ਾ ਵਿਚ ਰਾਜ਼ੀ ਰਹਿਣ ਨਾਲ ਹੀ ਸੁਖ, ਸ਼ਾਂਤੀ, ਸਫ਼ਲਤਾ ਤੇ ਸੁਰਖ਼ਰੂਈ ਪ੍ਰਾਪਤ ਹੁੰਦੀ ਹੈ। ਇਸ ਦੇ ਉਲਟ, ਅਜਿਹੀਆਂ ਮਿਹਰਾਂ ਦੀ ਪ੍ਰਾਪਤੀ ਲਈ ਪੱਥਰਾਂ ਆਦਿ ਦੇ ਬਣੇ ਹੋਏ ਬੁੱਤਾਂ ਜਾਂ ਮੂਰਤੀਆਂ ਨੂੰ ਪੂਜਣਾ ਇਕ ਨਿਰਾਰਥ ਤੇ ਨਿਹਫਲ ਕਿਰਿਆ ਹੈ:
ਏਕੋ ਜਪਿ ਏਕੋ ਸਾਲਾਹਿ॥
ਏਕੁ ਸਿਮਰਿ ਏਕੋ ਮਨ ਆਹਿ॥ (ਪੰਨਾ 289)
ਹਾਹੈ ਹੋਰੁ ਨ ਕੋਈ ਦਾਤਾ ਜੀਅ ਉਪਾਇ ਜਿਨਿ ਰਿਜਕੁ ਦੀਆ॥ (ਪੰਨਾ 434)
ਤਾ ਕਉ ਬਿਘਨੁ ਨ ਲਾਗਈ ਚਾਲੈ ਹੁਕਮਿ ਰਜਾਈ॥ (ਪੰਨਾ 421)
ਜੋ ਪਾਥਰ ਕਉ ਕਹਤੇ ਦੇਵ॥
ਤਾ ਕੀ ਬਿਰਥਾ ਹੋਵੈ ਸੇਵ॥…
ਠਾਕੁਰੁ ਹਮਰਾ ਸਦ ਬੋਲੰਤਾ॥
ਸਰਬ ਜੀਆ ਕਉ ਪ੍ਰਭੁ ਦਾਨੁ ਦੇਤਾ॥
ਅੰਤਰਿ ਦੇਉ ਨ ਜਾਨੈ ਅੰਧੁ॥
ਭ੍ਰਮ ਕਾ ਮੋਹਿਆ ਪਾਵੈ ਫੰਧੁ॥
ਨ ਪਾਥਰੁ ਬੋਲੈ ਨਾ ਕਿਛੁ ਦੇਇ॥
ਫੋਕਟ ਕਰਮ ਨਿਹਫਲ ਹੈ ਸੇਵ॥…
ਕਹਤ ਕਬੀਰ ਹਉ ਕਹਉ ਪੁਕਾਰਿ॥
ਸਮਝਿ ਦੇਖੁ ਸਾਕਤ ਗਾਵਾਰ॥
ਦੂਜੈ ਭਾਇ ਬਹੁਤੁ ਘਰ ਗਾਲੇ॥
ਰਾਮ ਭਗਤ ਹੈ ਸਦਾ ਸੁਖਾਲੇ॥ (ਪੰਨਾ 1160)
2. ਉਸ ਨੂੰ ਸਿਮਰਨ, ਸਲਾਹੁਣ ਜਾਂ ਪਾਉਣ ਲਈ ਲੋਕਾਂ ਤੋਂ ਅਲੱਗ ਹੋ ਕੇ ਜੰਗਲਾਂ ਪਹਾੜਾਂ ਵਿਚ ਵਿਚਰਨ ਜਾਂ ਸਮਾਧੀਆਂ ਲਾਉਣ ਦੀ ਲੋੜ ਨਹੀਂ ਕਿਉਂਕਿ ਉਹ ਤਾਂ ਮਨੁੱਖ ਦੇ ਆਪਣੇ ਹਿਰਦੇ ਵਿਚ ਵੱਸ ਰਿਹਾ ਹੈ ਅਤੇ ਆਪਣੇ ਅੰਦਰ ਹੀ ਖੋਜਣ ਤੇ ਅਨੁਭਵ ਨਾਲ ਸਹਿਜੇ ਹੀ ਪਾਇਆ ਜਾ ਸਕਦਾ ਹੈ:
ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ॥
ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ॥ (ਪੰਨਾ 1378)
ਕਾਹੇ ਰੇ ਬਨ ਖੋਜਨ ਜਾਈ॥
ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ॥ (ਪੰਨਾ 684)
ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ॥ (ਪੰਨਾ 695)
3. ਮਨੁੱਖ ਨੂੰ ਰੱਬ ਦੇ ਹੁਕਮ, ਰਜ਼ਾ ਤੇ ਮਿਹਰ ਵਿਚ ਦ੍ਰਿੜ੍ਹ ਵਿਸ਼ਵਾਸ ਰੱਖਦਿਆਂ ਅਤੇ ਉਸ ਦੀਆਂ ਬਖ਼ਸ਼ਿਸ਼ਾਂ ਦਾ ਸਦਾ ਸ਼ੁਕਰਗੁਜ਼ਾਰ ਹੁੰਦਿਆਂ, ਅਡੋਲ ਤੇ ਸੰਤੁਸ਼ਟ ਰਹਿਣਾ ਚਾਹੀਦਾ ਹੈ:
ਤੂ ਕਾਹੇ ਡੋਲਹਿ ਪ੍ਰਾਣੀਆ ਤੁਧੁ ਰਾਖੈਗਾ ਸਿਰਜਣਹਾਰੁ॥
ਜਿਨਿ ਪੈਦਾਇਸਿ ਤੂ ਕੀਆ ਸੋਈ ਦੇਇ ਆਧਾਰੁ॥ (ਪੰਨਾ 724)
ਜਿਸ ਦਾ ਦਿਤਾ ਖਾਵਣਾ ਤਿਸੁ ਕਹੀਐ ਸਾਬਾਸਿ॥ (ਪੰਨਾ 474)
(ਅ) ਮਨੁੱਖ ਤੇ ਮਨੁੱਖ ਨਾਲ ਸੰਬੰਧਿਤ ਸਿੱਖਿਆ ਤੇ ਸੰਦੇਸ਼
4. ਜੀਵਨ ਦਾ ਅਸਲ ਰਾਹ ਤੇ ਰੰਗ-ਰਸ ਉਨ੍ਹਾਂ ਨੂੰ ਪ੍ਰਾਪਤ ਹੁੰਦਾ ਹੈ ਜੋ ਆਪਣੀ ਨੇਕ-ਕਮਾਈ ਕਰ ਕੇ ਅਤੇ ਉਸ ਵਿੱਚੋਂ ਆਪਣੀ ਲੋੜ ਤੇ ਵਿਤ ਅਨੁਸਾਰ ਆਪਣਾ ਯੋਗ ਗੁਜ਼ਾਰਾ ਤੋਰ ਕੇ, ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਵੀ ਉੱਦਮ ਕਰਦੇ ਰਹਿੰਦੇ ਹਨ। ਆਪਣੇ ਲਈ, ਆਪਣੀ ਸੰਤਾਨ ਤੇ ਸਨਬੰਧੀਆਂ ਆਦਿ ਲਈ ਹਰ ਕੋਈ ਜ਼ਫ਼ਰ ਜਾਲਦਾ ਹੈ। ਇਹ ਕੁਝ ਕਰਦਿਆਂ ਜੇ ਉਹ ਕਿਸੇ ਗ਼ੈਰ ਜਾਂ ਪਰਾਏ ਦੀ ਯੋਗ ਸਹਾਇਤਾ ਜਾਂ ਉਪਕਾਰ ਨਹੀਂ ਕਰਦਾ ਤਾਂ ਉਸ ਦਾ ਸਰੀਰ ਹੀ ਜਾਣੋ ਨਿਸਫਲ ਹੈ:
ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥ (ਪੰਨਾ 1245)
ਮਿਥਿਆ ਤਨ ਨਹੀ ਪਰਉਪਕਾਰਾ॥ (ਪੰਨਾ 269)
5. ਮਨੁੱਖ ਇਕ ਸਮਾਜਕ ਜੀਵ ਹੈ। ਉੱਦਮੀ ਤੇ ਕਿਰਿਆਸ਼ੀਲ ਹੋ ਕੇ ਜੀਣ; ਸਾਥੀ ਮਨੁੱਖਾਂ ਨੂੰ ਆਪਣੇ ਬਰਾਬਰ ਦਾ ਸਮਝਣ; ਉਨ੍ਹਾਂ ਨਾਲ ਰਲਣ-ਮਿਲਣ ਤੇ ਰਹਿਣ-ਬਹਿਣ ਅਤੇ ਉਨ੍ਹਾਂ ਦੇ ਦੁਖ-ਸੁਖ ਤੇ ਵਿਚਾਰ-ਵਿਹਾਰ ਨਾਲ ਸਾਂਝ ਪਾਏ ਰੱਖਣ ਨਾਲ ਉਹ ਜੀਵਨ ਦੀਆਂ ਖੁਸ਼ੀਆਂ ਤੇ ਕਾਮਯਾਬੀਆਂ ਦਾ ਭਾਗੀ ਬਣਿਆ ਰਹਿੰਦਾ ਹੈ:
ਆਈ ਪੰਥੀ ਸਗਲ ਜਮਾਤੀ…॥ (ਪੰਨਾ 6)
ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ॥ (ਪੰਨਾ 661)
6. ਅਜਿਹੀ ਸਫ਼ਲਤਾ, ਪ੍ਰਸੰਨਤਾ ਤੇ ਸੁਰਖ਼ਰੂਈ ਹਾਸਲ ਕਰਨ ਲਈ ਜ਼ਬਾਨ ਵਿਚ ਮਿਠਾਸ ਤੇ ਸੁਭਾਅ ਵਿਚ ਨਿਮਰਤਾ ਧਾਰਨੀ ਅਤਿ ਜ਼ਰੂਰੀ ਹੈ ਕਿਉਂਕਿ ਇਹ ਦੋਵੇਂ ਗੁਣ ਹੀ ਸਭ ਸਿਫ਼ਤਾਂ ਤੇ ਖ਼ੂਬੀਆਂ ਦਾ ਤੱਤ-ਨਿਚੋੜ ਹਨ ਅਤੇ ਪਿਆਰ ਦੀਆਂ ਤੰਦਾਂ ਪੱਕੀਆਂ ਰੱਖਣ ਦਾ ਸਾਧਨ ਹਨ। ਫਿੱਕਾ ਜਾਂ ਖਹੁਰਾ ਬਚਨ ਤਾਂ ਕਿਸੇ ਨਾਲ ਵੀ ਨਹੀਂ ਬੋਲਣਾ ਚਾਹੀਦਾ ਕਿਉਂਕਿ ਹਰ ਇਕ ਦੇ ਹਿਰਦੇ ਅੰਦਰ ਸੱਚਾ ਮਾਲਕ ਵੱਸ ਰਿਹਾ ਹੈ:
ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥ (ਪੰਨਾ 470)
ਗੰਢੁ ਪਰੀਤੀ ਮਿਠੇ ਬੋਲ॥ (ਪੰਨਾ 143)
ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ॥ (ਪੰਨਾ 1384)
7. ਕਿਸੇ ਮਨੁੱਖ ਦਾ ਦਿਲ ਢਾਹੁਣਾ ਕਦਾਚਿਤ ਚੰਗਾ ਨਹੀਂ ਕਿਉਂਕਿ ਸਭਨਾਂ ਦੇ ਹਿਰਦੇ ਅਮੁੱਲ ਮੋਤੀਆਂ ਸਮਾਨ ਹਨ। ਜੇ ਤੁਹਾਨੂੰ ਪਿਆਰੇ ਨੂੰ ਮਿਲਣ ਦੀ ਤਾਂਘ ਹੈ ਤਾਂ ਕਿਸੇ ਦੇ ਵੀ ਹਿਰਦੇ ਨੂੰ ਠੋਕਰ ਨਾ ਲਾਓ, ਭਾਵ ਕਦੇ ਨਾ ਦੁਖਾਓ:
ਸਭਨਾ ਮਨ ਮਾਣਿਕ ਠਾਹਣੁ ਮੂਲਿ ਮਚਾਂਗਵਾ॥
ਜੇ ਤਉ ਪਿਰੀਆ ਦੀ ਸਿਕ ਹਿਆਉ ਨ ਠਾਹੇ ਕਹੀ ਦਾ॥ (ਪੰਨਾ 1384)
8. ਇਸਤਰੀ ਨੂੰ ਤਾਂ ਕਦੇ ਵੀ ਨਿੰਦਣਾ, ਭੰਡਣਾ ਜਾਂ ਦੁਰਕਾਰਨਾ ਨਹੀਂ ਚਾਹੀਦਾ ਕਿਉਂਕਿ ਹੋਰ ਤਾਂ ਹੋਰ ਸਭ ਨਬੀਆਂ, ਅਵਤਾਰਾਂ, ਮਹਾਂਪੁਰਖਾਂ ਅਤੇ ਰਾਜਿਆਂ-ਮਹਾਰਾਜਿਆਂ ਨੂੰ ਵੀ ਜਨਮ ਉਹੀਓ ਦੇਂਦੀ, ਪਾਲਦੀ-ਪੋਸਦੀ ਅਤੇ ਪ੍ਰਵਾਨ ਚੜ੍ਹਾਉਂਦੀ ਹੈ। ਸਮੂਹ ਮਨੁੱਖ ਜਾਤੀ ਦਾ ਸਿਲਸਿਲਾ ਵੀ ਤਾਂ ਉਸੇ ਰਾਹੀਂ ਚਾਲੂ ਹੈ ਅਤੇ ਸਾਡੇ ਸਮਾਜਿਕ ਸੰਬੰਧ ਵੀ ਉਸੇ ਦੁਆਰਾ ਕਾਇਮ ਰਹਿੰਦੇ ਹਨ:
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ (ਪੰਨਾ 473)
9. ਹੱਕਮਾਰੀ ਤੇ ਰਿਸ਼ਵਤਖ਼ੋਰੀ ਮੁਸਲਮਾਨ ਲਈ ਸੂਰ ਦਾ ਮਾਸ ਖਾਣ ਅਤੇ ਹਿੰਦੂ ਲਈ ਗਊ ਦਾ ਮਾਸ ਖਾਣ ਦੇ ਬਰਾਬਰ ਹੈ। ਗੁਰੂ ਜਾਂ ਪੀਰ ਆਪਣੇ ਉਸ ਚੇਲੇ ਜਾਂ ਪੈਰੋਕਾਰ ਦੀ ਸ਼ਫ਼ਾਅਤ ਕਰੇਗਾ ਜਾਂ ਹਾਮੀ ਭਰੇਗਾ ਜੋ ਪਰਾਏ ਹੱਕ ਤੇ ਅਣਕਮਾਏ ਧਨ ਰੂਪੀ ਮੁਰਦਾਰ ਨਹੀਂ ਖਾਏਗਾ:
ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥
ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ॥ (ਪੰਨਾ 141)
(ੲ) ਮਨੁੱਖ ਦੇ ਆਪਣੇ ਆਪੇ ਨਾਲ ਸੰਬੰਧਿਤ ਸਿੱਖਿਆ ਤੇ ਸੰਦੇਸ਼
10. ਇਹ ਸਦਾ ਚੇਤੇ ਰੱਖੋ ਕਿ ਸੱਚ ਸਭ ਗੁਣਾਂ ਤੋਂ ਉੱਚਾ ਹੈ ਪਰ ਆਪਣਾ ਸੱਚਾ-ਸੁੱਚਾ ਆਚਾਰ ਤੇ ਵਿਹਾਰ ਉਸ ਤੋਂ ਵੀ ਉੱਚਾ ਹੈ:
ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥ (ਪੰਨਾ 62)
11. ਹਉਮੈ ਤੇ ਹੰਕਾਰੀ ਮਨੁੱਖ ਆਤਮਾ ਨੂੰ ਪਰਮ-ਆਤਮਾ ਤੋਂ ਨਿਖੇੜੇ ਰੱਖਦੇ ਹਨ, ਉਸ ਨੂੰ ਆਪਣੇ ਭਾਈਚਾਰੇ ਵਿਚ ਵੀ ਖ਼ਵਾਰ ਕਰਦੇ ਰਹਿੰਦੇ ਹਨ ਅਤੇ ਉਸ ਦੇ ਮਾਨਵੀ ਗੌਰਵ ਲਈ ਵੀ ਬੜੇ ਹਾਨੀਕਾਰਕ ਸਾਬਤ ਹੁੰਦੇ ਹਨ:
ਨਾਨਕ ਤੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤ॥ (ਪੰਨਾ 1411)
ਹਉ ਵਿਚਿ ਜਾਤੀ ਜਿਨਸੀ ਖੋਵੈ॥ (ਪੰਨਾ 466)
ਕਬੀਰ ਗਰਬੁ ਨ ਕੀਜੀਐ ਰੰਕੁ ਨ ਹਸੀਐ ਕੋਇ॥
ਅਜਹੁ ਸੁ ਨਾਉ ਸਮੁੰਦ੍ਰ ਮਹਿ ਕਿਆ ਜਾਨਉ ਕਿਆ ਹੋਇ॥ (ਪੰਨਾ 1366)
12. ਸ੍ਰੀ ਗੁਰੂ ਨਾਨਕ ਦੇਵ ਜੀ ਅਨੁਸਾਰ, ਵਿਸ਼ੇ-ਭੋਗ ਅਤੇ ਗੁੱਸਾ ਮਨੁੱਖੀ ਸਰੀਰ ਨੂੰ ਇਸ ਤਰ੍ਹਾਂ ਗਾਲ ਦੇਂਦੇ ਹਨ ਜਿਸ ਤਰ੍ਹਾਂ ਸੋਨੇ ਨੂੰ ਸੁਹਾਗਾ ਪਿਘਲਾ ਦਿੰਦਾ ਹੈ। ਗੁੱਸੇ ਦੀ ਅੱਗ ਤਾਂ ਉਸ ਲਈ ਮਾਰੂ ਸਿੱਧ ਹੁੰਦੀ ਹੈ:
ਕਾਮੁ ਕ੍ਰੋਧੁ ਕਾਇਆ ਕਉ ਗਾਲੈ॥
ਜਿਉ ਕੰਚਨ ਸੋਹਾਗਾ ਢਾਲੈ॥ (ਪੰਨਾ 932)
ਪਰ ਨਿੰਦਾ ਪਰ ਮਲੁ ਮੁਖ ਸੁਧੀ ਅਗਨਿ ਕ੍ਰੋਧੁ ਚੰਡਾਲੁ॥ (ਪੰਨਾ 15)
13. ਭਗਤ ਕਬੀਰ ਜੀ ਅਨੁਸਾਰ, ਜਿੱਥੇ ਸੂਝ ਤੇ ਸੋਝੀ ਹੈ ਉਥੇ ਨੇਕੀ ਦਾ ਦੌਰ-ਦੌਰਾ ਹੈ ਅਤੇ ਜਿੱਥੇ ਕੂੜ ਹੈ ਉਥੇ ਪਾਪ ਦਾ ਪਸਾਰਾ ਹੈ। ਜਿੱਥੇ ਲਾਲਚ ਹੈ ਉਥੇ ਮੌਤ ਹੈ ਤੇ ਜਿੱਥੇ ਖਿਮਾ ਹੈ ਉਥੇ ਪ੍ਰਭੂ ਆਪ ਵਿਦਮਾਨ ਹੈ:
ਕਬੀਰਾ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠੁ ਤਹ ਪਾਪੁ॥
ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ॥ (ਪੰਨਾ 1372)
14. ਸ਼ੇਖ ਫਰੀਦ ਜੀ ਅਨੁਸਾਰ ਨਿਮਰਤਾ, ਖਿਮਾ ਤੇ ਮਿੱਠੇ ਬੋਲ ਹੀ ਆਪਣੇ ਪਤੀ, ਮਾਲਕ ਜਾਂ ਪ੍ਰਭੂ ਨੂੰ ਰੀਝਾਉਣ ਲਈ ਸ਼ਰੋਮਣੀ ਅਤੇ ਕਾਰਗਰ ਮੰਤਰ ਹਨ:
ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ॥
ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ॥ (ਪੰਨਾ 1384)
15. ਰਾਇ ਬਲਵੰਡ ਤੇ ਸਤੈ ਡੂਮ ਅਨੁਸਾਰ, ਲੋਭ ਤੇ ਘੁਮੰਡ ਮਨੁੱਖਾਂ ਦਾ ਨਾਸ ਇਸ ਤਰ੍ਹਾਂ ਕਰ ਦਿੰਦੇ ਹਨ ਜਿਸ ਤਰ੍ਹਾਂ ਹਰਾ ਜਾਲਾ ਪਾਣੀ ਨੂੰ ਖ਼ਰਾਬ ਕਰ ਦਿੰਦਾ ਹੈ:
ਜਪੁ ਤਪੁ ਸੰਜਮੁ ਨਾਲਿ ਤੁਧੁ ਹੋਰੁ ਮੁਚੁ ਗਰੂਰੁ॥
ਲਬੁ ਵਿਣਾਹੇ ਮਾਣਸਾ ਜਿਉ ਪਾਣੀ ਬੂਰੁ॥ (ਪੰਨਾ 967)
16. ਤੁਹਾਡੀ ਖ਼ੁਰਾਕ ਤੇ ਪੁਸ਼ਾਕ ਅਜਿਹੀ ਹੋਣੀ ਚਾਹੀਦੀ ਹੈ ਕਿ ਜਿਸ ਨੂੰ ਖਾਣ-ਪੀਣ ਤੇ ਪਹਿਨਣ-ਪਚਰਨ ਨਾਲ ਤੁਹਾਡੇ ਸਰੀਰ ਨੂੰ ਕੋਈ ਪੀੜਾ ਨਾ ਸਹਿਣੀ ਪੈ ਜਾਏ ਅਤੇ ਤੁਹਾਡਾ ਮਨ ਵਿਸ਼ੇ-ਵਿਕਾਰਾਂ ਦਾ ਸ਼ਿਕਾਰ ਨਾ ਹੋ ਜਾਏ:
ਬਾਬਾ ਹੋਰੁ ਖਾਣਾ ਖੁਸੀ ਖੁਆਰੁ॥
ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥…
ਬਾਬਾ ਹੋਰੁ ਪੈਨਣੁ ਖੁਸੀ ਖੁਆਰੁ॥
ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥ (ਪੰਨਾ 16)
17. ਰੱਬ ਦੀ ਦਰਗਾਹ ਵਿਚ ਆਪੋ-ਆਪਣੇ ਕਰਮਾਂ ਦੇ ਆਧਾਰ ’ਤੇ ਹੀ ਲੇਖਾ ਹੁੰਦਾ ਹੈ ਅਤੇ ਨਿਬੇੜਾ ਜਾਂ ਨਿਸਤਾਰਾ ਵੀ ਉਨ੍ਹਾਂ ਦੇ ਚੰਗੇ ਜਾਂ ਮੰਦੇ ਹੋਣ ਉੱਤੇ ਹੀ ਆਧਾਰਿਤ ਹੁੰਦਾ ਹੈ। ਉਥੇ ਕਿਸੇ ਨਬੀ-ਅਵਤਾਰ ਜਾਂ ਗੁਰੂ-ਪੀਰ ਦੀ ਸਿਫ਼ਾਰਸ਼ ਜਾਂ ਸ਼ਫ਼ਾਅਤ ਨਹੀਂ ਚੱਲਦੀ। ਇਸ ਲਈ ਮੰਦੇ ਕਰਮਾਂ ਤੋਂ ਚੰਗੇ ਫਲਾਂ ਦੀ ਆਸ ਰੱਖਣ ਦਾ ਤਾਂ ਸੁਆਲ ਹੀ ਪੈਦਾ ਨਹੀਂ ਹੁੰਦਾ:
ਸਭਨਾ ਕਾ ਦਰਿ ਲੇਖਾ ਹੋਇ॥
ਕਰਣੀ ਬਾਝਹੁ ਤਰੈ ਨ ਕੋਇ॥ (ਪੰਨਾ 952)
ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ॥ (ਪੰਨਾ 470)
ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ॥ (ਪੰਨਾ 134)
ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ॥
ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟੁ॥ (ਪੰਨਾ 1379)
5
ਸੋ, ਜਿਵੇਂ ਕਿ ਉੱਪਰ-ਵਰਣਿਤ ਕੁਝ ਪੱਖਾਂ ਅਤੇ ਉਨ੍ਹਾਂ ਨੂੰ ਦ੍ਰਿਸ਼ਟਾਉਣ ਲਈ ਦਿੱਤੀਆਂ ਕੁਝ ਉਦਾਹਰਣਾਂ ਤੋਂ ਵਿਦਿਤ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅੰਕਿਤ ਇਨ੍ਹਾਂ ਅਤੇ ਅਜਿਹੀਆਂ ਹੋਰ ਸਿੱਖਿਆਵਾਂ ਦਾ ਮੁੱਖ ਮੰਤਵ ਕੇਵਲ ਅਜੋਕੇ ਹੀ ਨਹੀਂ; ਸਗੋਂ ਹਰ ਸਮੇਂ ਤੇ ਸਥਾਨ ਦੇ ਮਨੁੱਖ ਦੀ ਵੱਧ ਤੋਂ ਵੱਧ ਭਲਾਈ ਅਤੇ ਹਰ ਪੱਖੋਂ ਵਿਕਸਾਈ ਤੇ ਅਗਵਾਈ ਕਰਨਾ ਹੈ। ਉਸ ਮਹਾਨ ਮਨੋਰਥ ਦੀ ਪ੍ਰਾਪਤੀ ਤੇ ਪੈਰਵੀ ਲਈ ਉਸ ਵਿਚ ਹਰੀ-ਰਸ ਤੇ ਭਗਤੀ-ਭਾਵ ਸਿੰਜਰਨਾ ਹੈ; ਉਸ ਨੂੰ ਆਤਮਕ ਗੁਣਾਂ ਤੇ ਸਦਾਚਾਰਕ ਵਸਫ਼ਾਂ ਨਾਲ ਸ਼ਿੰਗਾਰਨਾ ਹੈ ਅਤੇ ਉਸ ਨੂੰ ਮਾਨਵੀ ਹਿੱਤਾਂ ਤੇ ਸਮਾਜਕ ਫ਼ਰਜ਼ਾਂ ਦੀ ਸੋਝੀ ਕਰਵਾ ਕੇ, ਉਨ੍ਹਾਂ ਦੀ ਅਦਾਇਗੀ ਲਈ ਤਿਆਰ-ਬਰ-ਤਿਆਰ ਕਰਨਾ ਹੈ ਤਾਂ ਜੋ ਉਹ ਇੱਕੋ ਪ੍ਰਭੂ ਦੇ ਸਿਮਰਨ, ਸੱਚੇ ਗੁਰੂ ਲਈ ਸਮਰਪਨ ਅਤੇ ਮਨੁੱਖਤਾ ਲਈ ਪਿਆਰ ਤੇ ਸੇਵਾ ਵਿਚ ਜੁੜੇ ਹੋਇਆਂ; ਸਾਥੀ-ਮਨੁੱਖਾਂ ਵਿਚ ਸਮਾਨਤਾ, ਸਹਿਨਸ਼ੀਲਤਾ, ਸਦਾਚਾਰਤਾ ਤੇ ਸਮਦ੍ਰਿਸ਼ਟਤਾ ਸਹਿਤ ਵਿਚਰਦਿਆਂ ਕਾਰਜਸ਼ੀਲ, ਪਰਉਪਕਾਰੀ ਤੇ ਆਦਰਸ਼ਕ ਬੰਦਾ ਬਣ ਸਕੇ।
ਇਸ ਪਾਵਨ ਤੇ ਲਾਸਾਨੀ ਧਰਮ-ਗ੍ਰੰਥ ਨੇ ਪਿਛਲੀਆਂ ਪੰਜ ਕੁ ਸਦੀਆਂ ਦੌਰਾਨ, ਇਹੋ ਜਿਹੀਆਂ ਆਤਮਕ, ਅਧਿਆਤਮਕ, ਸਦਭਾਵਕ ਤੇ ਸਦਾਚਾਰਕ ਕਦਰਾਂ ਨੂੰ ਪਰਸਾਰਦਿਆਂ ਪਿਆਰ, ਭਰੱਪਣ, ਅਮਨ ਤੇ ਸ਼ਾਂਤੀ ਲਈ ਅਜਿਹੀ ਸਰਬ-ਸਾਂਝੀ ਸਿੱਖਿਆ ਤੇ ਸੰਦੇਸ਼ ਪਰਚਾਰਦਿਆਂ, ਮਾਨਵ ਜਾਤੀ ਦੇ ਸੁਖ, ਸੁਧਾਰ, ਉੱਨਤੀ ਤੇ ਵਿਕਾਸ ਵਿਚ ਚੋਖਾ ਨਿੱਗਰ ਤੇ ਉਸਾਰੂ ਹਿੱਸਾ ਪਾਇਆ ਹੈ। ਲੱਖਾਂ-ਕਰੋੜਾਂ ਆਤਮਾਵਾਂ ਨੂੰ ਅਜਿਹਾ ਰਸ, ਆਨੰਦ ਤੇ ਅਗਵਾਈ ਬਖ਼ਸ਼ੀ ਹੈ ਜਿਸ ਦਾ ਬਿਆਨ ਲਫ਼ਜ਼ਾਂ ਦਾ ਮੁਥਾਜ ਹੈ।
ਤਦੇ ਤਾਂ ਜਗਤ-ਪ੍ਰਸਿੱਧ ਲੇਖਕ ਤੇ ਨੋਬਲ ਇਨਾਮ ਜੇਤੂ ਮਿਸਿਜ਼ ਪਰਲ ਬਕ ਨੇ ਆਪਣੇ ਨਿੱਜੀ ਅਧਿਐਨ ਤੇ ਅਨੁਭਵ ਦੇ ਆਧਾਰ ’ਤੇ ਅੱਜ ਤੋਂ ਸੰਤਾਲੀ ਕੁ ਵਰ੍ਹੇ ਪਹਿਲਾਂ, ਸੰਨ 1961 ਵਿਚ ਬੜੀ ਉਦਾਰਤਾ ਨਾਲ ਦੱਸਿਆ ਤੇ ਲਿਖਿਆ ਸੀ: I have studied the scriptures of other great religions, but I do not find elsewhere the same power of appeal to the heart and mind as I feel here…. They speak to person of any religion or of none. They speak for the human heart and the searching mind. “ਮੈਂ ਹੋਰ ਧਰਮਾਂ ਦੀਆਂ ਧਰਮ-ਪੁਸਤਕਾਂ ਵੀ ਪੜ੍ਹੀਆਂ ਤੇ ਘੋਖੀਆਂ ਹਨ। ਪਰ ਦਿਲ ਤੇ ਮਨ ਨੂੰ ਅਪੀਲਣ ਦੀ ਜੋ ਸ਼ਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦਿਆਂ ਮਹਿਸੂਸ ਹੋਈ ਹੈ, ਉਹ ਮੈਨੂੰ ਹੋਰ ਕਿਸੇ ਵੀ ਧਰਮ ਦੀ ਧਰਮ-ਪੁਸਤਕ ਦੇ ਪਾਠ-ਵਿਚਾਰ ਤੋਂ ਪ੍ਰਾਪਤ ਨਹੀਂ ਹੋਈ। ਇਨ੍ਹਾਂ ਦੀ ਸਿੱਖਿਆ ਤੇ ਸੰਦੇਸ਼ ਹਰ ਧਰਮ ਦੇ ਅਨੁਯਾਈਆਂ ਨੂੰ ਉਨ੍ਹਾਂ ਦੇ ਭਲੇ ਲਈ ਸੰਬੋਧਿਤ ਹਨ। ਇਹ ਮਨੁੱਖੀ ਹਿਰਦੇ ਅਤੇ ਖੋਜੀ ਮਨ ਦੀ ਤਰਜਮਾਨੀ ਕਰਦੇ ਹਨ।” (ਡਾ. ਗੋਪਾਲ ਸਿੰਘ ਵੱਲੋਂ ਇਨ੍ਹਾਂ ਦੇ ਅੰਗਰੇਜ਼ੀ ਅਨੁਵਾਦ ਨੂੰ ਪੜ੍ਹਦਿਆਂ-ਵਿਚਾਰਦਿਆਂ)
ਸੋ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਤੇ ਸੰਦੇਸ਼, ਵਰਤਮਾਨ ਸਮੇਂ ਤੇ ਸਥਿਤੀ ਲਈ ਪਹਿਲਾਂ ਨਾਲੋਂ ਵੀ ਨਿਰਸੰਦੇਹ ਵਧੇਰੇ ਪ੍ਰਸੰਗਿਕ ਤੇ ਮਹੱਤਵਪੂਰਨ ਹਨ। ਹੁਣ ਜਦੋਂ ਧਾਰਮਕ, ਸਦਾਚਾਰਕ ਤੇ ਸਦਭਾਵਕ ਕੀਮਤਾਂ ਦਿਨੋ-ਦਿਨ ਖੁਰ ਰਹੀਆਂ ਹਨ, ਮਨੁੱਖੀ ਹਿਰਦਾ ਦਿਨੋ-ਦਿਨ ਵਧੇਰੇ ਅਸ਼ਾਂਤ ਤੇ ਚਿੰਤਾਤੁਰ ਹੋ ਰਿਹਾ ਹੈ, ਉਸ ਦੇ ਸੁਖ, ਸ਼ਾਂਤੀ ਤੇ ਭਲਾਈ ਲਈ ਇਹ ਪਹਿਲਾਂ ਨਾਲੋਂ ਵੀ ਵਧੇਰੇ ਲੋੜੀਂਦੇ ਤੇ ਲਾਭਦਾਇਕ ਜਾਪ ਰਹੇ ਹਨ। ਇਸੇ ਲਈ ਅਮਰੀਕਾ ਦੀ ਯੇਲ ਯੂਨੀਵਰਸਿਟੀ ਵਿਚ ਧਰਮਾਂ ਦੇ ਤੁਲਨਾਤਮਕ ਅਧਿਐਨ ਲਈ ਚੋਖਾ ਚਿਰ ਨਿਯਤ ਰਹੇ ਪ੍ਰਸਿੱਧ ਪ੍ਰੋਫੈਸਰ, ਡਾ. ਜੇ.ਸੀ. ਆਰਚਰ ਨੇ ਉਕਤ ਵਿਦਵਾਨ ਤੋਂ ਵੀ ਪੰਦਰ੍ਹਾਂ ਵਰ੍ਹੇ ਪਹਿਲਾਂ ਸੰਨ 1946 ਵਿਚ ਇਹ ਗੱਲ ਇਸ ਖੋਜ-ਪੱਤਰ ਬਾਰੇ ਰਚੀ ਆਪਣੀ ਕਿਤਾਬ ਵਿਚ ਬੜੇ ਵਿਸ਼ਵਾਸ ਨਾਲ ਦੱਸੀ ਤੇ ਲਿਖੀ ਸੀ: The religion of the Guru Granth is a universal and practical religion…. The world needs today its message of peace and love. “ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਧਰਮ ਇਕ ਵਿਸ਼ਵਾਰਥੀ ਅਤੇ ਕਿਰਿਆਤਮਕ ਧਰਮ ਹੈ।… ਸਮੂਹ ਸੰਸਾਰ ਨੂੰ ਇਸ ਦੀ ਸ਼ਾਂਤੀ ਤੇ ਪ੍ਰੀਤ ਦੀ ਧਾਰਨੀ ਸਿੱਖਿਆ ਤੇ ਸੰਦੇਸ਼ ਦੀ ਹੁਣ ਬੜੀ ਲੋੜ ਹੈ।” (ਦੀ ਸਿੱਖਸ ਇਨ ਰੀਲੇਸ਼ਨ ਟੂ ਹਿੰਦੂਜ਼, ਮੁਸਲਿਮਜ਼, ਕਰਿਸਚੀਅਨਜ਼ ਐਂਡ ਅਹਿਮਦੀਆਜ਼: ਏ ਸਟੱਡੀ ਇਨ ਕੰਪੈਰੇਟਿਵ ਰਿਲੀਜ਼ਨ, ਪ੍ਰਿੰਸਟਨ-1946, ਸਫਾ 105)
ਲੇਖਕ ਬਾਰੇ
ਮਰਹੂਮ ਸਰਦਾਰ ਸਰਵਨ ਸਿੰਘ ਅਤੇ ਸਰਦਾਰਨੀ ਤੇਜ ਕੌਰ ਦੇ ਪੁੱਤਰ ਹਰਨਾਮ ਸਿੰਘ ਦਾ ਜਨਮ 1923 ਵਿੱਚ ਪਿੰਡ ਧਮਾਲ ਵਿੱਚ ਹੋਇਆ ਸੀ ਰਾਵਲਪਿੰਡੀ, ਜੋ ਹੁਣ ਪੱਛਮੀ ਪੰਜਬ, ਪਾਕਿਸਤਾਨ ਦਾ ਹਿੱਸਾ ਹੈ। ਉਨ੍ਹਾਂ ਦੀਆਂ ਸਾਰੀਆਂ ਰਚਨਾਵਾਂ ਕਿੱਤੇ ਦੀ ਬਜਾਏ ਵਧੇਰੇ ਧਰਮ, ਲੋਕਧਾਰਾ ਅਤੇ ਧਰਮ ਨਿਰਪੱਖ ਸਾਹਿਤ ਦੇ ਇਤਿਹਾਸ ਬਾਰੇ ਸਮਰਪਣ ਹਨ। ਉਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਪੰਜਾਬ ਯੂਨੀਵਰਸਿਟੀ (1948-58) ਵਿੱਚ ਸੰਪਾਦਕ ਵਜੋਂ ਕੀਤੀ । ਉਹ ਚੰਡੀਗੜ੍ਹ ਵਿਖੇ ਪੰਜਾਬੀ ਅਧਿਐਨ ਵਿਭਾਗ (1959-62) ਦੇ ਪ੍ਰੋਫੈਸਰ ਅਤੇ ਮੁਖੀ ਦੇ ਅਹੁਦੇ 'ਤੇ ਪਹੁੰਚ ਗਏ ਅਤੇ ਫਿਰ ਗੁਰੂ ਨਾਨਕ ਚੇਅਰ ਅਤੇ ਸਿੱਖ ਸਟੱਡੀਜ਼ ਵਿਭਾਗ (1972-84) ਦੇ ਮੁਖੀ ਵਜੋਂ ਪਹੁੰਚ ਗਏ।
- ਹਰਨਾਮ ਸਿੰਘ ਸ਼ਾਨhttps://sikharchives.org/kosh/author/%e0%a8%b9%e0%a8%b0%e0%a8%a8%e0%a8%be%e0%a8%ae-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%a8/June 1, 2007
- ਹਰਨਾਮ ਸਿੰਘ ਸ਼ਾਨhttps://sikharchives.org/kosh/author/%e0%a8%b9%e0%a8%b0%e0%a8%a8%e0%a8%be%e0%a8%ae-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%a8/
- ਹਰਨਾਮ ਸਿੰਘ ਸ਼ਾਨhttps://sikharchives.org/kosh/author/%e0%a8%b9%e0%a8%b0%e0%a8%a8%e0%a8%be%e0%a8%ae-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%a8/July 1, 2008
- ਹਰਨਾਮ ਸਿੰਘ ਸ਼ਾਨhttps://sikharchives.org/kosh/author/%e0%a8%b9%e0%a8%b0%e0%a8%a8%e0%a8%be%e0%a8%ae-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%a8/November 1, 2008
- ਹਰਨਾਮ ਸਿੰਘ ਸ਼ਾਨhttps://sikharchives.org/kosh/author/%e0%a8%b9%e0%a8%b0%e0%a8%a8%e0%a8%be%e0%a8%ae-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%a8/May 1, 2009
- ਹਰਨਾਮ ਸਿੰਘ ਸ਼ਾਨhttps://sikharchives.org/kosh/author/%e0%a8%b9%e0%a8%b0%e0%a8%a8%e0%a8%be%e0%a8%ae-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%a8/April 1, 2010
- ਹਰਨਾਮ ਸਿੰਘ ਸ਼ਾਨhttps://sikharchives.org/kosh/author/%e0%a8%b9%e0%a8%b0%e0%a8%a8%e0%a8%be%e0%a8%ae-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%a8/
- ਹਰਨਾਮ ਸਿੰਘ ਸ਼ਾਨhttps://sikharchives.org/kosh/author/%e0%a8%b9%e0%a8%b0%e0%a8%a8%e0%a8%be%e0%a8%ae-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%a8/October 1, 2010