ਬਾਬਾ ਬੰਦਾ ਸਿੰਘ ਬਹਾਦਰ, ਠੀਕ ਅਰਥਾਂ ਵਿਚ, ਵੈਰਾਗ ਅਤੇ ਵੀਰਤਾ ਦੇ ਮੁਜੱਸਮੇ ਅਤੇ ਸਿਦਕ ਤੇ ਕੁਰਬਾਨੀ ਦੇ ਸਾਕਾਰ ਸਰੂਪ ਸਨ। ਉਹ ਸੰਯੁਕਤ ਹਿੰਦੁਸਤਾਨ ਦੇ ਅਜਿਹੇ ਸੂਰਬੀਰ ਤੇ ਸ੍ਰੇਸ਼ਟ ਪੁਰਸ਼ਾਂ ਵਿੱਚੋਂ ਇਕ ਅਜਿਹੀ ਸਿਰਕੱਢ ਸ਼ਖ਼ਸੀਅਤ ਸਨ ਜਿਸ ਨੇ ਦੇਸ਼-ਕੌਮ ਦੀ ਅਜ਼ਾਦੀ, ਧਰਮ-ਨਿਆਂ ਦੀ ਕਾਇਮੀ ਅਤੇ ਗਰੀਬ-ਗੁਰਬੇ ਦੀ ਰਾਖੀ ਲਈ ਯਾਦਗਾਰੀ, ਲੀਹਾਂ-ਪਾਊ ਅਤੇ ਸਿਰਲੱਥ ਸੇਵਾ ਕੀਤੀ ਹੈ।
ਦੋ ਸੌ ਸਾਲ ਤੋਂ ਕਾਇਮ ਮਹਾਨ ਸਲਤਨਤ ਨੂੰ ਵੰਗਾਰਨ, ਉਸ ਦੇ ਅਨਿਆਈ ਰਾਜ ਨੂੰ ਲਲਕਾਰਨ, ਉਸ ਦੀ ਜ਼ਾਲਮ ਹਕੂਮਤ ਦੀਆਂ ਜੜ੍ਹਾਂ ਹਿਲਾਉਣ ਅਤੇ ਉਤਰ-ਪੱਛਮੀ ਹਿੰਦ ਦੀਆਂ ਕੰਧਾਂ ਤਕ ਕੰਬਾਉਣ ਲਈ ਜੋ ਘਾਲ ਉਨ੍ਹਾਂ ਨੇ ਘਾਲੀ ਅਤੇ ਜਿਸ ਤਰ੍ਹਾਂ ਦੀ ਫ਼ੌਰੀ ਤੇ ਜੁਗ-ਪਲਟਾਊ ਫਤਹਿ ਉਨ੍ਹਾਂ ਨੂੰ ਨਸੀਬ ਹੋਈ, ਉਹ ਵੀ ਆਪਣੀ ਮਿਸਾਲ ਆਪ ਹੈ।
ਆਪਣੇ ਬਚਨ ਤੇ ਆਦਰਸ਼ ਨੂੰ ਪਾਲਣ ਅਤੇ ਕਰਤੱਵ ਦੇ ਸਿਦਕ ਨੂੰ ਆਖਰੀ ਸੁਆਸਾਂ ਤਕ ਨਿਭਾਉਣ ਲਈ ਜੋ ਤਸੀਹੇ ਉਨ੍ਹਾਂ ਨੇ ਖਿੜੇ-ਮੱਥੇ ਝੱਲੇ ਸਨ, ਦੁਨੀਆਂ ਦੇ ਕਿਸੇ ਵਿਰਲੇ ਹੀ ਧਰਮੀ ਜਿਊੜੇ, ਦੇਸ਼-ਭਗਤ, ਕੌਮੀ ਪਰਵਾਨੇ ਜਾਂ ਸੁਤੰਤਰਤਾ-ਸੰਗਰਾਮੀਆਂ ਨੇ ਅਜਿਹੀ ਦ੍ਰਿੜ੍ਹਤਾ ਤੇ ਸਬਰ-ਸ਼ੁਕਰ ਨਾਲ ਇਉਂ ਬਰਦਾਸ਼ਤ ਕੀਤੇ ਹੋਣਗੇ। ਉਨ੍ਹਾਂ ਦਾ ਸਾਰਾ ਜੀਵਨ, ਉਨ੍ਹਾਂ ਦਾ ਤਨ, ਮਨ ਤੇ ਹਰ ਘਟਨਾ ਉਨ੍ਹਾਂ ਦੇ ਅਚਰਜ ਤੇ ਅਦੁੱਤੀ ਕਾਇਆ-ਕਲਪ ਦੀ ਇਕ ਅਨੂਠੀ ਦਾਸਤਾਨ ਹੈ।
ਉਹ ਪੁਣਛ (ਕਸ਼ਮੀਰ) ਦੇ ਇਕ ਪ੍ਰਸਿੱਧ ਪਿੰਡ ਰਾਜੋਰੀ, ਵਿਚ ਅਕਤੂਬਰ 1670 ਨੂੰ ਪੈਦਾ ਹੋਏ ਸਨ। ਉਨ੍ਹਾਂ ਦੇ ਪਿਤਾ, ਸ੍ਰੀ ਰਾਮਦੇਵ, ਇਕ ਰਾਜਪੂਤ ਕਿਰਸਾਨ ਸਨ। ਇਨ੍ਹਾਂ ਦਾ ਨਾਂ ਲਛਮਣ ਦੇਵ ਰੱਖਿਆ ਗਿਆ ਅਤੇ ਰਾਜਪੂਤੀ ਹੁਨਰ ਅਤੇ ਕੰਮ-ਕਾਰ ਘਰੇ ਹੀ ਸਿਖਾ ਦਿੱਤੇ ਗਏ।
ਲਛਮਣ ਦੇਵ ਨੂੰ ਸ਼ਸਤਰ-ਵਿੱਦਿਆ ਤੇ ਸ਼ਿਕਾਰ ਖੇਡਣ ਦਾ ਸ਼ੌਕ ਬਚਪਨ ਤੋਂ ਹੀ ਸੀ। ਇਕ ਦਿਨ ਇਕ ਗਰਭਵਤੀ ਹਿਰਨੀ, ਮਾਰ ਦਿੱਤੀ। ਉਸ ਨੂੰ ਸਾਫ ਕਰਨ ਲਈ ਜਦ ਉਸ ਦਾ ਪੇਟ ਚੀਰਿਆ ਤਾਂ ਉਸ ਵਿੱਚੋਂ ਉਸ ਦੇ ਦੋ ਬੱਚੇ ਨਿਕਲ ਆਏ, ਜੋ ਆਪ ਦੇ ਵੇਖਦੇ-ਵੇਖਦੇ ਤੜਫ-ਤੜਫ ਕੇ ਮਰ ਗਏ। ਇਸ ਦਰਦਨਾਕ ਦ੍ਰਿਸ਼ ਨੇ ਨੌਜਵਾਨ ਲਛਮਣ ਦੇਵ ਦੇ ਦਿਲ ਨੂੰ ਹਲੂਣ ਦਿੱਤਾ ਅਤੇ ਉਸ ਵਿਚ ਬੈਰਾਗ ਦਾ ਮਾਨੋ ਸੋਮਾ ਫੁਟ ਪਿਆ। ਇੰਨਾ ਤੇ ਅਜਿਹਾ ਕਿ ਆਪ ਸ਼ਸਤਰ, ਸ਼ਿਕਾਰ ਤੇ ਘਰ-ਬਾਰ ਤਿਆਗ ਕੇ ਵੈਰਾਗੀ ਬਣ ਗਏ। ਫਿਰ ਕੁਝ ਚਿਰ ਬਾਅਦ, ਸਾਧੂ ਜਾਨਕੀ ਪ੍ਰਸਾਦ ਜੀ ਦੇ ਚੇਲੇ ਸਜ ਕੇ, ਵੈਸ਼ਨਵ ਮੱਤ ਦੇ ਧਾਰਨੀ ਹੋ ਗਏ। ਉਨ੍ਹਾਂ ਨੇ ਤਾਂ ਆਪ ਦਾ ਉਕਤ ਨਾਂ ਵੀ ਬਦਲ ਕੇ, ਉਸ ਦੀ ਥਾਂ ਮਾਧੋਦਾਸ ਰੱਖ ਦਿੱਤਾ।
ਕੁਝ ਚਿਰ ਬਾਅਦ, ਉਦੋਂ ਦੇ ਸਾਂਝੇ ਪੰਜਾਬ ਵਿਚ ਵਿਚਰਦਿਆਂ ਜਦੋਂ ਆਪ ਵਿਸਾਖੀ ਦੇ ਮੇਲੇ ’ਤੇ ਰਾਮਥੰਮਣ (ਲਾਹੌਰ ਲਾਗੇ) ਪਹੁੰਚੇ ਤਾਂ ਉਥੇ ਆਪ ਦਾ ਮੇਲ-ਜੋਲ ਸਾਧੂ ਰਾਮ ਦਾਸ ਬੈਰਾਗੀ ਨਾਲ ਹੋ ਗਿਆ ਅਤੇ ਆਪ ਨੇ ਫਿਰ ਉਨ੍ਹਾਂ ਨੂੰ ਹੀ ਆਪਣਾ ਗੁਰੂ ਧਾਰ ਲਿਆ, ਪਰ ਮਨ ਫਿਰ ਵੀ ਅਸ਼ਾਂਤ ਰਿਹਾ ਅਤੇ ਆਪ ਦਾ ਥਾਂ-ਠਿਕਾਣਾ ਵੀ ਬਦਲਦਾ ਰਿਹਾ।
ਉਵੇਂ ਹੀ, ਸਾਧੂ-ਬੈਰਾਗੀ ਬਾਣੇ ਵਿਚ ਘੁੰਮਦੇ-ਘੁਮਾਉਂਦੇ ਜਦੋਂ ਆਪ ਨਾਸਕ (ਮਹਾਂਰਾਸ਼ਟਰ) ਪੁੱਜੇ ਤਾਂ ਉਥੇ ਪੰਚਬਟੀ ਵਿਚ ਔਘੜ ਨਾਥ ਯੋਗੀ ਦੀ ਸ਼ਰਨ ਲੈ ਲਈ ਅਤੇ ਉਨ੍ਹਾਂ ਦੀ ਸਿੱਖਿਆ ਸਦਕਾ ਆਪ ਹੱਠ-ਯੋਗ ਤੇ ਤਾਂਤ੍ਰਿਕ ਮਤ ਦੇ ਧਾਰਨੀ ਬਣ ਗਏ।
ਨਾਥ ਜੀ ਦੇ ਚਲਾਣੇ ਪਿੱਛੋਂ, ਉਹ ਉਥੋਂ ਵੀ ਉਚਾਟ ਹੋ ਕੇ ਤੁਰ ਪਏ ਅਤੇ ਉਰਾਰ-ਪਾਰ ਭੌਂਦੇ-ਭ੍ਰਮਦੇ ਸੰਨ 1692 ਵਿਚ ਨਾਂਦੇੜ ਪਹੁੰਚ ਗਏ। ਫਿਰ ਉਥੇ ਹੀ ਦਰਿਆ ਗੋਦਾਵਰੀ ਦੇ ਕੰਢੇ ਆਪਣਾ ਡੇਰਾ ਬਣਾ ਕੇ ਜਪ-ਤਪ ਕਰਨ ਲੱਗ ਪਏ। ਕੁਝ ਹੋਰ ਸਮਾਂ ਪਾ ਕੇ, ਆਪ ਇਕ ਸਿੱਧ ਪੁਰਖ ਬਣ ਗਏ ਅਤੇ ਰਿਧੀਆਂ-ਸਿਧੀਆਂ ਦੇ ਚਮਤਕਾਰ ਦੱਸਣ ਤੇ ਆਏ-ਗਏ ਸਾਧੂ ਤੇ ਅਤਿਥੀ ਨੂੰ ਭਰਮਾਉਣ ਤੇ ਹੇਠਿਆਉਣ ਦੇ ਚੇਟਕ ਵੀ ਵਰਤਣੇ ਸ਼ੁਰੂ ਕਰ ਦਿੱਤੇ। ਆਪ ਨੂੰ ਹੱਠ-ਯੋਗ ਰਾਹੀਂ ਅਜਿਹੀਆਂ ਮਾਨਸਿਕ ਤੇ ਕਰਾਮਾਤੀ ਸ਼ਕਤੀਆਂ ਤਾਂ ਪ੍ਰਾਪਤ ਹੋ ਗਈਆਂ ਸਨ ਪਰ ਮਨ ਅਜੇ ਵੀ ਬੇਚੈਨ ਹੋਣ ਕਰਕੇ, ਆਪ ਆਏ ਦਿਨ ਇਨ੍ਹਾਂ ਦੀ ਗ਼ਲਤ ਵਰਤੋਂ ਕਾਰਨ ਹੋਰ ਭਟਕ ਰਹੇ ਸਨ।
ਸੋ, ਪ੍ਰਭੂ ਨੇ ਆਪ ਦੇ ਕੋਮਲ ਪਰ ਅਸ਼ਾਂਤ ਤੇ ਕੁਰਾਹੇ ਪਏ ਹੋਏ ਮਨ ਨੂੰ ਠੀਕ ਸੇਧ, ਸ਼ਾਂਤੀ ਤੇ ਸ਼ਕਤੀ ਦੇਣ ਲਈ ਅਤੇ ਆਪ ਦੀਆਂ ਅੰਤਰੀਵ ਸ਼ਕਤੀਆਂ ਨੂੰ ਦੇਸ਼, ਕੌਮ ਤੇ ਧਰਮ ਦੀ ਅਤਿ ਲੋੜੀਂਦੀ ਸੇਵਾ ਲਈ ਵਰਤਣ ਵਾਸਤੇ, ਆਪ ਦਾ ਮੇਲ ਉਥੇ ਹੀ, ਸੰਨ 1708 ਈ: ਵਿਚ, ਅਚਨਚੇਤ ਦਸਵੇਂ ਪਾਤਸ਼ਾਹ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਕਰਵਾ ਦਿੱਤਾ।
ਇਸ ਮੇਲ-ਮੁਲਾਕਾਤ ਤੇ ਪਰਸਪਰ ਵਾਰਤਾਲਾਪ ਨੇ ਆਪ ਦੇ ਜੀਵਨ, ਆਦਰਸ਼ ਤੇ ਵਿਚਾਰਧਾਰਾ ਨੂੰ ਮਾਨੋ ਪਲੋ-ਪਲ ਬਦਲ ਦਿੱਤਾ। ਇਤਿਹਾਸ ਇਸ ਤੱਥ ਦਾ ਗਵਾਹ ਹੈ ਕਿ ਕਈ ਧਰਮ-ਪਰਿਵਰਤਨਾਂ ਤੋਂ ਬਾਅਦ ਲਛਮਣ ਦਾਸ ਤੋਂ ਹਠ-ਯੋਗੀ ਮਾਧੋਦਾਸ ਬਣੇ ਤੇ ਉਸ ਪਿੱਛੋਂ ਤਾਂਤ੍ਰਿਕ ਸਾਧੂ ਹੋ ਵਿਚਰੇ ਬੈਰਾਗੀ ਦੇ ਜੀਵਨ ਦਾ ਇਹ ਸਭ ਤੋਂ ਵੱਡਾ ਤੇ ਇਨਕਲਾਬੀ ਪਲਟਾ ਸੀ ਅਤੇ ਇਸ ਨੂੰ ਵਰਤਾਉਣ ਲਈ ਦਸਮੇਸ਼ ਉਨ੍ਹਾਂ ਦੇ ਮੱਠ ਵਿਚ ਆਪੇ ਮਾਨੋ ਅਚਾਨਕ ਪਹੁੰਚ ਗਏ ਸਨ। ਮਾਧੋਦਾਸ ਉਦੋਂ ਕਿਤੇ ਬਾਹਰ ਗਿਆ ਹੋਇਆ ਸੀ। ਸਤਿਗੁਰੂ ਉਸ ਦੀ ਮਾਨਸਕ ਕਾਇਆ-ਕਲਪ ਕਰਨ ਲਈ ਉਸੇ ਦੇ ‘ਕਰਾਮਾਤੀ’ ਪਲੰਘ ਉੱਤੇ ਬਿਰਾਜ ਗਏ ਸਨ। ਮਾਧੋਦਾਸ ਬੜੇ ਗੁੱਸੇ ਨਾਲ ਬੁੜ੍ਹਕਦੇ ਜਦੋਂ ਡੇਰੇ ਵੱਲ ਮੁੜਿਆ ਸੀ ਤਾਂ ਉਸ ਦੀ ਖਾਨਿਉਂ ਗਈ ਸੀ। ਉਸ ਨੇ ਪਲੰਘ ਉਲਟਾਉਣ ਅਤੇ ਗੁਰੂ ਸਾਹਿਬ ਨੂੰ ਹੇਠਿਆਉਣ ਲਈ ਸਭ ਜੰਤਰ-ਮੰਤਰ ਵਰਤੇ ਪਰ ਕੋਈ ਵੀ ਕਾਰਗਰ ਸਾਬਤ ਨਾ ਹੋਇਆ।
ਸੱਯਦ ਅਹਿਮਦ ਸ਼ਾਹ ਅਨੁਸਾਰ, ਉਸ ਨੇ ਆਖ਼ਰ ਹਾਰ ਕੇ ਸਤਿਗੁਰਾਂ ਦੇ ਪਾਸ ਜਾ ਕੇ ਪੁੱਛਿਆ, “ਆਪ ਕੌਣ ਹੋ?” ਗੁਰਦੇਵ ਨੇ ਕਿਹਾ, “ਜਿਨ੍ਹਾਂ ਨੂੰ ਤੂੰ ਜਾਣਦਾ ਏਂ।” ਮਾਧੋ ਦਾਸ ਨੇ ਆਖਿਆ, “ਮੈਂ ਕੀ ਜਾਣਦਾ ਹਾਂ?” ਸਤਿਗੁਰਾਂ ਆਖਿਆ, “ਮੁੜ ਸੋਚ ਲੈ।” ਮਾਧੋਦਾਸ ਬੋਲਿਆ, “ਕੀ ਆਪ ਗੁਰੂ ਗੋਬਿੰਦ ਸਿੰਘ ਹੋ?” ਗੁਰੂ ਜੀ ਨੇ ਆਖਿਆ, “ਹਾਂ”। ਮਾਧੋਦਾਸ ਨੇ ਪੁੱਛਿਆ, “ਆਪ ਇਥੇ ਕਿਸ ਲਈ ਆਏ ਹੋ?” ਸਤਿਗੁਰਾਂ ਦੱਸਿਆ, “ਮੈਂ ਤੈਨੂੰ ਸਿੱਧੇ ਰਾਹ ਪਾਉਣ ਅਤੇ ਆਪਣਾ ਸਿੱਖ ਬਣਾਉਣ ਲਈ ਆਇਆ ਹਾਂ।” ਮਾਧੋਦਾਸ ਕਲਗੀਧਰ ਦੇ ਚਰਨਾਂ ਉੱਤੇ ਡਿੱਗ ਪਏ ਅਤੇ ਆਖਿਆ, “ਮੈਂ ਹਾਜ਼ਰ ਹਾਂ, ਹਜ਼ੂਰ ਦਾ ਬੰਦਾ ਹਾਂ। ਆਪ ਦੇ ਹੁਕਮ ਦੀ ਪਾਲਣਾ ਲਈ ਹਰਦਮ ਤਿਆਰ ਹਾਂ।” ਦਸਮੇਸ਼ ਦੇ ਦਰਸ਼ਨ, ਉਦੇਸ਼ ਤੇ ਉਪਦੇਸ਼ ਦਾ ਅਜਿਹਾ ਤੀਖਣ ਤੇ ਫੌਰੀ ਅਸਰ ਹੋਇਆ ਕਿ ਮਾਧੋਦਾਸ ਸਦਾ ਲਈ ਉਨ੍ਹਾਂ ਦਾ ‘ਬੰਦਾ’ (ਗੁਲਾਮ ਜਾਂ ਦਾਸ) ਹੀ ਬਣ ਗਏ। (ਤਵਾਰੀਖ਼ੇ ਹਿੰਦ, ਮਿਤੀ 1818 ਈ:, ਪੰਨਾ 111)
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਖੰਡੇ-ਬਾਟੇ ਦਾ ਅੰਮ੍ਰਿਤ ਛਕਾ ਕੇ, ਸਿੰਘ ਸਜਾ ਦਿੱਤਾ ਅਤੇ ਬੈਰਾਗੀ ਜੀਵਨ ਦੀ ਸਿਥਲਤਾ ਤੇ ਤਾਂਤ੍ਰਿਕ ਸਾਧਨਾਂ ਦੀ ਜਿਲ੍ਹਣ ਵਿੱਚੋਂ ਕੱਢ ਕੇ, ਸੂਰਬੀਰ ਤੇ ਕਰਮਯੋਗੀ ਬਣਾ ਦਿੱਤਾ। (ਮੈਗਰੇਗਰ, ਹਿਸਟਰੀ ਆਫ਼ ਦੀ ਸਿੱਖਸ, 1846 ਈ:)। ਫਿਰ ਮੁਗ਼ਲ ਰਾਜ ਵੱਲੋਂ ਦੇਸ਼-ਕੌਮ ਉੱਤੇ ਹੋ ਰਹੇ ਅਤਿਆਚਾਰ ਦਾ ਅਹਿਸਾਸ ਕਰਾਇਆ, ਉਸ ਦੇ ਜਬਰ ਤੇ ਜ਼ੁਲਮ ਨੂੰ ਮੇਟਣ ਅਤੇ ਦੇਸ਼ ਦੇ ਨਿਸਤਾਰੇ ਤੇ ਜਨਤਾ ਦੇ ਛੁਟਕਾਰੇ ਲਈ ਅਰੰਭੇ ਹੋਏ ਸੰਘਰਸ਼ ਨੂੰ ਜਾਰੀ ਰੱਖਣ ਲਈ ਪ੍ਰੇਰਿਆ। ਹੁਣ ਪੂਰਨ ਸੰਤ-ਸਿਪਾਹੀ ਬਣ ਚੁੱਕੇ ਬਾਬਾ ਬੰਦਾ ਸਿੰਘ ਜੀ ਬੀਰ-ਰਸ ਨਾਲ ਓਤਪੋਤ ਹੋ ਕੇ, ਸਤਿਗੁਰਾਂ ਦਾ ਹੁਕਮ ਤੇ ਆਪਣਾ ਕਰਤੱਵ ਪਾਲਣ ਲਈ ਤਿਆਰ-ਬਰ-ਤਿਆਰ ਹੋ ਗਏ। ਦਸਮੇਸ਼ ਪਿਤਾ ਜੀ ਨੇ ਧਰਮਵੀਰ ਬਾਬਾ ਬੰਦਾ ਸਿੰਘ ਜੀ ਨੂੰ ਫਿਰ ਬਹਾਦਰ ਦੀ ਪਦਵੀ ਬਖ਼ਸ਼ ਕੇ ਆਪਣੇ ਭੱਥੇ ਵਿੱਚੋਂ ਪੰਜ ਤੀਰ, ਨਿਸ਼ਾਨ ਸਾਹਿਬ ਤੇ ਨਗਾਰੇ ਨਾਲ ਨਿਵਾਜਿਆ, ਪੰਜ ਮੁਖੀ ਤੇ ਸੂਰਬੀਰ ਸਿੰਘ ਨਾਲ ਜੋੜ ਕੇ, ਖਾਲਸੇ ਦਾ ਜਥੇਦਾਰ ਥਾਪਿਆ ਅਤੇ ਜ਼ਾਲਮਾਂ ਨੂੰ ਸੋਧਣ ਤੇ ਦੇਸ਼-ਕੌਮ ਨੂੰ ਉਨ੍ਹਾਂ ਦੇ ਪੰਜੇ ’ਤੋਂ ਛੁਡਾਉਣ ਲਈ ਅਕਤੂਬਰ 1708 ਨੂੰ ਪੰਜਾਬ ਵੱਲ ਤੋਰ ਦਿੱਤਾ। (ਭੱਟ ਵਹੀ ਮੁਲਤਾਨੀ-ਸਿੰਧੀ; ਸ਼ੀਅਰ-ਉਲ-ਮੁਤਾਖ਼ਰੀਨ, 1836, ਪ੍ਰਾਚੀਨ ਪੰਥ ਪ੍ਰਕਾਸ਼, 1841)।
ਬਾਬਾ ਬੰਦਾ ਸਿੰਘ ਮਹਾਰਾਸ਼ਟਰ, ਮੱਧ ਭਾਰਤ ਤੇ ਉੱਤਰ ਪ੍ਰਦੇਸ਼ ਨੂੰ ਉਲਾਂਘਦੇ, ਜਿਉਂ-ਜਿਉਂ ਪੰਜਾਬ ਵੱਲ ਵਧਦੇ ਗਏ, ਸੈਂਕੜੇ ਸਿੰਘ ਤੇ ਸ਼ਰਧਾਲੂ ਉਨ੍ਹਾਂ ਦੇ ਜਥੇ ਵਿਚ ਸ਼ਾਮਲ ਹੁੰਦੇ ਗਏ। ਆਪ ਨੇ ਦਿੱਲੀ ਲਾਗੇ ਪਹੁੰਚ ਕੇ, ਥਾਂਉਂ-ਥਾਂ ਇਸ ਭਾਵ ਦੇ ਰੁੱਕੇ ਤੇ ਸੁਨੇਹੇ ਵੀ ਭੇਜ ਦਿੱਤੇ:
ਲੇਵਨ ਤੁਰਕਾਨ ਤੇ ਨਿਜ ਬੈਰ,
ਪਠਯੋ ਮੁਝ ਕੋ ਗੁਰੁ ਨੈਕਰ ਬੰਦਾ।
ਮੈਂ ਕਰ ਖ੍ਵਾਨ ਵਜੀਦੇ ਕੋ ਮਾਰ,
ਸਰੰਦ ਉਜਾਰ ਕਰੈਂਹੁ ਸੁਛੰਦਾ।
ਪੀਸਹੁ ਫੇਰ ਗਿਰੀਸਨ ਕੋ ਭਲ,
ਬੈਰ ਸਜਾਦਨ ਲੈਂਹੁ ਅਮੰਦਾ।
ਸਿੰਘਨ ਕਾ ਜਿਨ ਪੰਥ ਰਚਿਓ ਗੁਰੂ,
ਤਾਂਹਿ ਨਿਵਾਜਿਓ ਹੈ ਇਹੁ ਬੰਦਾ॥ (ਪੰਥ ਪ੍ਰਕਾਸ਼, ਗਿ. ਗਿਆਨ ਸਿੰਘ)
ਉਨ੍ਹਾਂ ਦੀ ਅਜਿਹੀ ਚੜ੍ਹਤ ਨਾਲ ਚਾਰੇ-ਪਾਸੇ ਹਲਚਲ ਮੱਚ ਗਈ, ਖਾਲਸੇ ਦੀ ਧਾਂਕ ਪੈ ਗਈ, ਹਾਕਮ ਭੈਭੀਤ ਹੋਣ ਲੱਗ ਪਏ ਅਤੇ ਸੈਂਕੜੇ ਹੋਰ ਸਿਦਕੀ ਤੇ ਸੂਰਬੀਰ ਲੋਕ ਉਸ ਧਰਮ-ਯੁੱਧ ਵਿਚ ਸ਼ਾਮਲ ਹੋਣ ਲਈ ਆਪ ਨਾਲ ਰਲਦੇ ਤੇ ਮੱਲਾਂ ਮਾਰਦੇ ਗਏ। ਉਹ ਜਿਉਂ-ਜਿਉਂ ਅੱਗੇ ਵਧਦੇ ਗਏ, ਮੁਗ਼ਲ ਰਾਜ ਦੇ ਵੱਡੇ-ਵੱਡੇ ਗੜ੍ਹ ਇਕ-ਇਕ ਕਰ ਕੇ ਟੁੱਟਦੇ ਗਏ ਅਤੇ ਕੁਝ ਮਹੀਨਿਆਂ ਵਿਚ ਹੀ ਸਤਲੁਜੋਂ-ਪਾਰਲੇ ਇਲਾਕੇ ਵਿੱਚੋਂ ਮੁਗ਼ਲ ਸ਼ਕਤੀ ਦਾ ਸਫ਼ਾਇਆ ਹੋ ਗਿਆ। 12 ਮਈ 1710 ਨੂੰ ਚੱਪੜਚਿੜੀ ਦੇ ਯੁੱਧ ਵਿਚ ਸਰਹਿੰਦ ਦੇ ਜ਼ਾਲਮ ਤੇ ਜਾਬਰ ਸੂਬੇਦਾਰ, ਵਜ਼ੀਰ ਖਾਨ ਦੀ ਹੋਈ ਮੌਤ ਉਪਰੰਤ, ਸਰਹਿੰਦ ਦੀ ਫ਼ਤਹਿ ਨਾਲ, ਦਰਿਆ ਜਮਨਾ ਤੋਂ ਲੈ ਕੇ ਸਤਲੁਜ ਤਕ, ਭਾਵ ਕਰਨਾਲ ਤੋਂ ਲੁਧਿਆਣਾ ਤਕ, ਦਾ ਸਾਰਾ ਮੁਗ਼ਲਈ ਸੂਬਾ ਬਾਬਾ ਬੰਦਾ ਸਿੰਘ ਜੀ ਦੇ ਅਧੀਨ ਹੋ ਗਿਆ। ਕੁਝ ਚਿਰ ਬਾਅਦ, ਸਹਾਰਨਪੁਰ ਦੀ ਕਮਿਸ਼ਨਰੀ, ਦੁਆਬੇ, ਮਾਝੇ, ਰਿਆੜਕੀ ਤੇ ਪਹਾੜ ਦਾ ਬਹੁਤ ਸਾਰਾ ਇਲਾਕਾ ਵੀ ਉਨ੍ਹਾਂ ਦੇ ਕਬਜ਼ੇ ਜਾਂ ਦਾਬੇ ਹੇਠ ਆ ਗਿਆ। ਬਾਬਾ ਬੰਦਾ ਸਿੰਘ ਨੇ ਉਥੇ ਖਾਲਸਾ ਰਾਜ ਦੀ ਨੀਂਹ ਧਰ ਕੇ, ਮੁਖ਼ਲਸਗੜ੍ਹ ਦਾ ਨਾਂ ਲੋਹਗੜ੍ਹ ਰੱਖ ਕੇ, ਇਸ ਨੂੰ ਇਸ ਸੁਤੰਤਰ ਰਾਜ ਦੀ ਰਾਜਧਾਨੀ ਥਾਪ ਕੇ ਅਤੇ ਗੁਰੂ ਨਾਨਕ ਸਾਹਿਬ-ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ’ਤੇ ਇਸ ਦਾ ਪ੍ਰਬੰਧ ਆਪਣੇ ਹੱਥ ਲੈ ਕੇ, ਸ਼ਾਹੀ ਅਧਿਕਾਰ ਅਖ਼ਤਿਆਰ ਕਰ ਲਏ। ਆਪ ਨੇ ਸਿੱਖ ਸਤਿਗੁਰਾਂ ਦੇ ਨਾਂ ’ਤੇ ਹੀ ਸਰਕਾਰੀ ਮੁਹਰ ਬਣਵਾਈ ਅਤੇ ਸਿੱਕਾ ਜਾਰੀ ਕਰ ਦਿੱਤਾ:
ਦੇਗੋ ਤੇਗ਼ੋ ਫ਼ਤਿਹ ਨੁਸਰਤਿ ਬੇ-ਦਿਰੰਗ
ਯਾਫ਼ਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ
ਵਿਲੀਅਮ ਇਰਵਿਨ ਤੇ ਡਾ. ਗੰਡਾ ਸਿੰਘ ਅਨੁਸਾਰ, ਰਾਜ-ਪ੍ਰਬੰਧ ਵੀ ਉਨ੍ਹਾਂ ਦੀ ਹੀ ਸਿੱਖਿਆ ਅਨੁਸਾਰ ਨਿਆਂ, ਸਮਤਾ ਤੇ ਸਾਂਝੀਵਾਲਤਾ ਦੇ ਆਧਾਰ ’ਤੇ ਬੀੜਿਆ, ਸਦੀਆਂ ਤੋਂ ਪ੍ਰਚੱਲਤ ਜ਼ਿਮੀਂਦਾਰੀ ਸਿਸਟਮ ਤੋੜ ਕੇ ਖੇਤਾਂ ਦੇ ਹਲ- ਵਾਹਕ ਹੀ ਖੇਤਾਂ ਦੇ ਮਾਲਕ ਬਣਾ ਦਿੱਤੇ; ਦਲਿਤ ਤੇ ਪੱਛੜੇ ਹੋਏ ਲੋਕਾਂ ਨੂੰ ਕੇਵਲ ਸੁਖ ਦਾ ਸਾਹ ਹੀ ਨਾ ਦੁਆਇਆ, ਸਗੋਂ ਰਾਜ-ਭਾਗ ਦਾ ਹਿੱਸੇਦਾਰ ਵੀ ਬਣਾ ਦਿੱਤਾ। (ਲੇਟਰ ਮੁਗ਼ਲਜ਼, ਸੰਨ 1922, ਬੰਦਾ ਸਿੰਘ ਬਹਾਦਰ, 1935)
ਬਾਬਾ ਬੰਦਾ ਸਿੰਘ ਜੀ ਦੀ ਇਸ ਇਨਕਲਾਬੀ ਮੁਹਿੰਮ ਲਈ ਹਾਲਾਤ ਫਿਰ ਇਥੋਂ ਤਕ ਸਾਜ਼ਗਾਰ ਹੋ ਗਏ ਕਿ ਤਜ਼ਕਰਾ-ਨਵੀਸ ਇਰਾਦਤ ਖ਼ਾਨ ਅਨੁਸਾਰ, ਉਨ੍ਹਾਂ ਦੀ ਰੋਕ-ਟੋਕ ਕਰਨ ਲਈ ਕਿਸੇ ਵੀ ਮੁਗ਼ਲ ਅਮੀਰ, ਵਜ਼ੀਰ ਜਾਂ ਫੌਜੀ ਜਰਨੈਲ ਆਦਿ ਦੀ ਦਿੱਲੀਉਂ ਆਉਣ ਤੇ ਨਾ ਉਨ੍ਹਾਂ ਨੂੰ ਕੋਈ ਡੱਕਾ ਲਾਉਣ ਦੀ ਜੁਰੱਅਤ ਹੀ ਪੈ ਸਕੀ। (ਤਜ਼ਕਰਾ, 1716 ਈ:)
ਬਾਬਾ ਬੰਦਾ ਸਿੰਘ ਬਹਾਦਰ ਦੀਆਂ ਅਜਿਹੀਆਂ ਜਿੱਤਾਂ ਤੇ ਪ੍ਰਾਪਤੀਆਂ ਦੀ ਖ਼ਬਰ ਮੁਗ਼ਲ ਸਮਰਾਟ, ਬਹਾਦਰ ਸ਼ਾਹ ਨੂੰ ਦੱਖਣ ਵਿਚ ਜੂਝਦਿਆਂ ਮਿਲੀ। ਉਹ ਤਿਲਮਿਲਾ ਉੱਠਿਆ ਅਤੇ ਉਸ ਨੇ ਦੱਖਣ ਦੀ ਮੁਹਿੰਮ ਵਿੱਚੇ ਛੱਡ ਕੇ, ਉਨ੍ਹਾਂ ਦੀ ਫੌਰੀ ਸਰਕੋਬੀ ਲਈ ਬੜੀ ਭਾਰੀ ਫੌਜ ਸਮੇਤ ਪੰਜਾਬ ਵੱਲ ਚੜ੍ਹਾਈ ਸ਼ੁਰੂ ਕਰ ਦਿੱਤੀ। “ਜੇ ਉਹ ਇਉਂ ਨਾ ਕਰਦਾ ਤਾਂ”, ਸਰ ਜਾਅਨ ਮੈਲਕਮ ਅਨੁਸਾਰ, “ਇਨ੍ਹਾਂ ਸਿੱਖ ਹਮਲਾਵਰਾਂ ਨੇ ਸਾਰਾ ਹਿੰਦੁਸਤਾਨ ਫ਼ਤਹਿ ਕਰ ਲੈਣਾ ਸੀ।” (ਏ ਸਕੈਚ ਆਫ਼ ਦੀ ਸਿੱਖਸ, 1812 ਈ:, ਸਫਾ 99)। ਦਸ ਦਸੰਬਰ 1710 ਨੂੰ ਤਾਂ ਉਸ ਨੇ ਇਹ ਸ਼ਾਹੀ ਫ਼ਰਮਾਨ ਵੀ ਜਾਰੀ ਕਰ ਦਿੱਤਾ ਕਿ “ਗੁਰੂ ਨਾਨਕ ਦੇ ਉਪਾਸ਼ਕ ਜਿਥੇ-ਕਿਤੇ ਵੀ ਨਜ਼ਰ ਆਉਣ, ਮਾਰ-ਮੁਕਾ ਦਿੱਤੇ ਜਾਣ।” (ਅਖ਼ਬਾਰਾਤੇ ਦਰਬਾਰੇ ਮੁਅੱਲਾ, 1710 ਈ:)।
ਬਹਾਦਰ ਸ਼ਾਹ ਬਾਦਸ਼ਾਹ ਵਾਹੋਦਾਹੀ ਬਾਬਾ ਬੰਦਾ ਸਿੰਘ ਜੀ ਦੀ ਰਾਜਧਾਨੀ, ਲੋਹਗੜ੍ਹ ਪਹੁੰਚਿਆ ਅਤੇ ਉਸ ਦੇ 60 ਹਜ਼ਾਰ ਫੌਜੀਆਂ ਨੇ ਕਿਲ੍ਹੇ ਨੂੰ ਘੇਰ ਲਿਆ। ਬਾਬਾ ਬੰਦਾ ਸਿੰਘ ਕਈ ਦਿਨਾਂ ਦੀ ਭਿਆਨਕ ਲੜਾਈ ਲੜਦਿਆਂ, 10 ਦਸੰਬਰ 1710 ਦੀ ਰਾਤ ਨੂੰ ਅਛੋਪਲੇ ਹੀ ਆਪਣੇ ਜਾਂਬਾਜ਼ ਸਾਥੀਆਂ ਸਮੇਤ ਕਿਲ੍ਹੇ ਵਿੱਚੋਂ ਨਿਕਲ ਕੇ ਪਹਾੜਾਂ ਵੱਲ ਚੜ੍ਹ ਗਏ। (ਬਹਾਦਰਸ਼ਾਹਨਾਮਾ ਅਤੇ ਤਵਾਰੀਖ਼ੇ-ਮੁਹੰਮਦਸ਼ਾਹੀ)। ਸੋ, ਬਹਾਦਰ ਸ਼ਾਹ ਨਾ ਤਾਂ ਬਾਬਾ ਬੰਦਾ ਸਿੰਘ ਜੀ ਨੂੰ ਫੜ ਤੇ ਮਾਰ ਜਾਂ ਮਰਵਾ ਸਕਿਆ ਅਤੇ ਨਾ ਹੀ ਉਹ ਆਪ ਦੇ ਸਾਥੀਆਂ ਤੇ ਸਹਿਧਰਮੀਆਂ ਨੂੰ ਵੀ ਮਾਰ ਜਾਂ ਮੁਕਵਾ ਸਕਿਆ। ਸਗੋਂ, ਉਹ ਆਪ ਹੀ ਅਗਲੇਰੇ ਵਰ੍ਹੇ, ਸੰਨ 1712 ਵਿਚ, ਲਾਹੌਰ ਵਿਖੇ ਹੀ ਮਰ ਗਿਆ।
ਬਹਾਦਰ ਸ਼ਾਹ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ, ਬਾਬਾ ਜੀ ਪਹਾੜੋਂ ਉਤਰ ਆਏ ਅਤੇ ਸਢੌਰੇ ਤੇ ਲੋਹਗੜ੍ਹ ਉੱਤੇ ਮੁੜ ਕਾਬਜ਼ ਹੋ ਗਏ। ਉਨ੍ਹਾਂ ਨੇ ਕੁਝ ਪਹਾੜੀ ਰਿਆਸਤਾਂ ਅਤੇ ਜੰਮੂ, ਬਟਾਲੇ ਤੇ ਕਲਾਨੌਰ ਆਦਿ ਨੂੰ ਵੀ ਆਪਣੇ ਅਧੀਨ ਕਰ ਲਿਆ।
ਫ਼ਰੁੱਖਸੀਅਰ ਨੇ ਸ਼ਾਹੀ ਵਾਗਡੋਰ ਸੰਭਾਲਦਿਆਂ ਹੀ, ਬਾਬਾ ਬੰਦਾ ਸਿੰਘ ਜੀ ਦੀ ਇਸ ਕ੍ਰਾਂਤੀਕਾਰੀ ਲਹਿਰ ਨੂੰ ਕੁਚਲਣ ਅਤੇ ਸਿੱਖਾਂ ਨੂੰ ਮਾਰ-ਮਿਟਾਉਣ ਲਈ ਲੱਕ ਬੰਨ੍ਹ ਲਿਆ। ਬਾਬਾ ਜੀ ਨੇ ਆਪਣੀ ਮੁੱਠੀ ਭਰ ਸੈਨਾ ਨੂੰ ਉਥੇ ਸੁਰੱਖਿਅਤ ਨਾ ਸਮਝ ਕੇ, ਆਪਣੀ ਮੁਹਾਰ ਗੁਰਦਾਸਪੁਰ ਵੱਲ ਮੋੜ ਲਈ। ਫ਼ਰੁੱਖਸੀਅਰ ਦੀ ਤੀਹ ਹਜ਼ਾਰੀ ਫੌਜ ਨੇ ਸੰਨ 1715 ਈ: ਵਿਚ ਆਪ ਨੂੰ ਤੇ ਆਪ ਦੇ ਸਾਥੀਆਂ ਨੂੰ ਗੁਰਦਾਸ ਨੰਗਲ ਦੀ ਇਕ ਹਵੇਲੀ ਵਿਚ ਘੇਰ ਲਿਆ। ਹਰ ਪੱਖੋਂ ਤੇ ਹਰ ਪਾਸਿਉਂ ਨਾਕਾਬੰਦੀ ਕਰ ਦਿੱਤੀ ਅਤੇ ਬਾਬਾ ਜੀ ਤੇ ਉਨ੍ਹਾਂ ਦੇ ਸਾਥੀ ਅੱਠ ਮਹੀਨੇ ਉਸੇ ਵਿਚ ਘੇਰੀ ਰੱਖੇ। ਅਜਿਹੀ ਹਾਲਤ ਵਿਚ ਵੀ ਉਨ੍ਹਾਂ ਮਰਜੀਵੜਿਆਂ ਨੇ ਅਜਿਹੇ ਸਿਦਕ ਅਤੇ ਨਿਰਭੈਤਾ ਤੇ ਸੂਰਬੀਰਤਾ ਦਾ ਸਬੂਤ ਦਿੱਤਾ ਕਿ ਜਿਸ ਦੀ ਮਿਸਾਲ ਲੱਭਣੀ ਮੁਸ਼ਕਲ ਹੈ। ਸਮਕਾਲੀ ਜਾਂ ਨਿਕਟ-ਸਮਕਾਲੀ ਮੁਸਲਮਾਨ ਇਤਿਹਾਸਕਾਰਾਂ, ਖਾਫ਼ੀ ਖਾਨ ਅਤੇ ਕਾਮਵਾਰ ਖਾਨ ਅਨੁਸਾਰ …ਆਟਾ-ਦਾਣਾ ਮੁੱਕ ਜਾਣ ’ਤੇ, ਉਹ ਘਾਹ-ਫੂਸ ਅਤੇ ਰੁੱਖਾਂ ਦੇ ਪੱਤਰ ਤੇ ਸੱਕ ਖਾ ਕੇ ਗੁਜ਼ਾਰਾ ਕਰਦੇ ਰਹੇ; ਪਰ ਉਨ੍ਹਾਂ ਵਿੱਚੋਂ ਕਿਸੇ ਇਕ ਨੇ ਵੀ ਨਾ ਈਨ ਮੰਨੀ ਸੀ, ਨਾ ਹੀ ਕਬਜ਼ਾ ਛੱਡਿਆ ਸੀ ਅਤੇ ਨਾ ਹੀ ਕਿਸੇ ਇਕ ਦਾ ਵੀ ਈਮਾਨ ਡੋਲਿਆ ਜਾਂ ਕਦਮ ਥਿੜਕਿਆ ਸੀ। ਮਹੀਨਿਆਂ-ਬੱਧੀ ਭੁੱਖੇ, ਬੀਮਾਰੀ ਤੇ ਬੇਬਸੀ ਆਦਿ ਕਾਰਨ, ਉਨ੍ਹਾਂ ਵਿੱਚੋਂ ਅੱਠ ਹਜ਼ਾਰ ਸਿੰਘ ਤਾਂ ਉਸ ਘੇਰੇ ਦੇ ਅੰਦਰ ਹੀ ਗੁਜ਼ਰ ਗਏ ਸਨ ਅਤੇ ਬਹੁਤ ਸਾਰੇ ਹੋਰ ਸੁੱਕ ਕੇ ਮਾਨੋ ਪਿੰਜਰ ਬਣ ਗਏ ਸਨ। ਆਖ਼ਰ ਸ਼ਾਹੀ ਸੈਨਾ ਦੀਆਂ ਧਾੜਾਂ ਇਕ ਘੋਰ ਵਿਸਾਹਘਾਤ ਨਾਲ 7 ਦਸੰਬਰ 1715 ਨੂੰ ਬੂਹੇ ਭੰਨ ਕੇ ਅੰਦਰ ਆ ਵੜੀਆਂ ਸਨ। ਉਨ੍ਹਾਂ ਨੇ ਅੱਧਮੋਏ ਸਿੰਘਾਂ ਨੂੰ ਉਥੇ ਹੀ ਮਾਰ ਮੁਕਾ ਦਿੱਤਾ ਸੀ; ਬਾਬਾ ਜੀ ਤੇ ਉਨ੍ਹਾਂ ਦੇ ਜੀਊਂਦੇ ਸਾਥੀਆਂ ਨੂੰ ਪਕੜ-ਜਕੜ ਕੇ ਅਤੇ ਸ਼ਹੀਦ ਹੋ ਚੁੱਕੇ ਸਿੰਘਾਂ ਦੇ ਸਿਰ ਬਰਛਿਆਂ ਉੱਤੇ ਟੰਗ ਕੇ, ਉਹ ਇਕ ਜਲੂਸ ਦੀ ਸ਼ਕਲ ਵਿਚ, ਲਾਹੌਰ ਰਾਹੀਂ, ਦਿੱਲੀ ਵੱਲ ਲੈ ਤੁਰੇ ਸਨ। (ਮੁਨਤਖ਼ਬ-ਉਲ-ਲਬਾਬ, 1134 ਹਿਜਰੀ ਅਤੇ ਤਜ਼ਕਰਾ ਸਲਾਤੀਨੁਲ ਚੁਗ਼ਤੀਆ, 1724 ਈ.)
ਦਿੱਲੀ ਵਿਚ ਕਈ ਤਰ੍ਹਾਂ ਦੇ ਜਲੂਸ ਉਸ ਤੋਂ ਪਹਿਲਾਂ ਵੀ ਨਿਕਲਦੇ ਰਹੇ ਸਨ, ਉਸ ਤੋਂ ਬਾਅਦ ਵੀ ਨਿਕਲਦੇ ਰਹੇ ਸਨ ਅਤੇ ਹੁਣ ਵੀ ਨਿਕਲ ਰਹੇ ਹਨ। ਪਰ ਜੋ ਜਲੂਸ ਸੰਨ 1716 ਈ: ਦੇ ਮਹੀਨਾ ਮਾਰਚ ਵਿਚ ਬਾਬਾ ਬੰਦਾ ਸਿੰਘ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਨਿਕਲਿਆ ਜਾਂ ਕੱਢਿਆ ਗਿਆ, ਉਹ ਭਿਆਨਕ ਅਤੇ ਦਰਦਨਾਕ ਸੀ। ਉਸ ਵਿਚ ਬਾਬਾ ਜੀ ਤੇ ਉਨ੍ਹਾਂ ਦੇ ਸਾਥੀ ਸਿੰਘਾਂ ਦਾ ਸਿਦਕ ਡੁਲ੍ਹਾਉਣ, ਲੋਕਾਂ ਨੂੰ ਭੈਭੀਤ ਕਰਨ ਅਤੇ ਸ਼ਾਹੀ ਰੁਅਬ ਤੇ ਮੁਗ਼ਲ ਦਬਦਬੇ ਦਾ ਵਿਖਾਲਾ ਕਰਨ ਲਈ ਹਰ ਨਿਰਦਈ, ਬੇਸ਼ਰਮ ਤੇ ਅਣਮਨੁੱਖੀ ਤੌਰ-ਤਰੀਕਾ ਵਰਤਿਆ ਗਿਆ ਸੀ। ਪਰ ਇਹ ਸਾਰੇ ਮਰਜੀਵੜੇ ਤੋੜ ਤਕ ਚੜ੍ਹਦੀ ਕਲਾ ਵਿਚ ਵਿਚਰਦੇ ਹੋਏ ਆਪਣਾ ਸਿਦਕ ਕੇਸਾਂ-ਸੁਆਸਾਂ ਤਕ ਨਿਭਾਉਂਦੇ ਜਾ ਰਹੇ ਸਨ।
ਉਨ੍ਹਾਂ ਦੇ ਮਹਾਨ ਨਾਇਕ ਤੇ ਬਲਵਾਨ ਜਰਨੈਲ, ਬਾਬਾ ਬੰਦਾ ਸਿੰਘ ਜੀ ਨੂੰ… ਬੇੜੀਆਂ, ਸੰਗਲਾਂ ਤੇ ਹੱਥਕੜੀਆਂ ਨਾਲ ਜਕੜ ਕੇ ਅਤੇ ਲੋਹੇ ਦੇ ਪਿੰਜਰੇ ਵਿਚ ਪੱਕੀ ਤਰ੍ਹਾਂ ਨੂੜ ਕੇ, ਹਾਥੀ ਉੱਤੇ ਬਿਠਾਇਆ ਗਿਆ ਸੀ। ਉਨ੍ਹਾਂ ਦੇ ਅੱਗੇ ਦੋ ਹਜ਼ਾਰ ਮੁਗ਼ਲ ਸਿਪਾਹੀ, ਦੋ ਹਜ਼ਾਰ ਸ਼ਹੀਦ ਸਿੰਘਾਂ ਦੇ ਸਿਰ ਨੇਜ਼ਿਆਂ ਤੇ ਬਰਛਿਆਂ ਉੱਤੇ ਟੰਗ ਕੇ ਮਾਰਚ ਕਰ ਰਹੇ ਸਨ। ਉਨ੍ਹਾਂ ਦੇ ਪਿੱਛੇ 740 ਸਿੱਖ ਕੈਦੀ ਬੇਪਲਾਣੇ ਊਠਾਂ ਉੱਤੇ ਦੋ-ਦੋ ਦੀਆਂ ਪਿੱਠਾਂ ਜੋੜ ਕੇ ਨੂੜੇ ਹੋਏ; ਬੜੀ ਬੇਦਰਦੀ ਤੇ ਬੇਹਯਾਈ ਨਾਲ ਲਿਜਾਏ ਜਾ ਰਹੇ ਸਨ। ਸੜਕਾਂ, ਗਲੀਆਂ ਤੇ ਬਜ਼ਾਰਾਂ ਦੇ ਦੋਹੀਂ ਪਾਸੀਂ ਖੜ੍ਹੇ ਅਤੇ ਮਕਾਨਾਂ ਦੀਆਂ ਛੱਤਾਂ ਉੱਤੇ ਚੜ੍ਹੇ ਹੋਏ ਹਜ਼ਾਰਾਂ ਲੋਕ ਇਹ ਦਰਦਨਾਕ ਤੇ ਭਿਆਨਕ ਦ੍ਰਿਸ਼ ਵੇਖ ਕੇ ਖਿੱਲੀਆਂ ਉਡਾ ਰਹੇ ਸਨ। ਉਨ੍ਹਾਂ ਵਿਚ ਉਹ ਸਮਕਾਲੀ ਲੇਖਕ, ਮੁਹੰਮਦ ਹਰੀਸੀ ਵੀ ਸ਼ਾਮਲ ਸੀ ਜਿਸ ਨੇ ਮਗਰੋਂ ਆਪਣੀ ਪੁਸਤਕ, ‘ਇਬਰਤਨਾਮਾ’ ਵਿਚ ਲਿਖਿਆ ਸੀ: “ਦਿੱਲੀ ਵਿਚ ਸ਼ਾਇਦ ਹੀ ਕੋਈ ਆਦਮੀ ਅਜਿਹਾ ਹੋਵੇ ਜਿਸ ਨੇ ਇਹ ਨਜ਼ਾਰਾ ਆਪਣੀ ਅੱਖੀਂ ਨਾ ਵੇਖਿਆ ਹੋਵੇ। ਦਿੱਲੀ ਦੀਆਂ ਗਲੀਆਂ-ਬਜ਼ਾਰਾਂ ਵਿਚ ਇੰਨੀ ਭਾਰੀ ਭੀੜ ਸ਼ਾਇਦ ਹੀ ਕਦੇ ਵੇਖੀ ਗਈ ਹੋਵੇ। ਇਹ ਤਮਾਸ਼ਾ ਵੇਖ ਕੇ ਮੁਸਲਮਾਨ ਖੁਸ਼ੀ ਵਿਚ ਫੁੱਲੇ ਨਹੀਂ ਸਮਾ ਰਹੇ ਸਨ, ਪਰ ਅਜਿਹੀ ਭੀੜ, ਜ਼ੁਲਮ ਤੇ ਦੁਰਦਸ਼ਾ ਦੇ ਸ਼ਿਕਾਰ ਬਦਨਸੀਬ ਸਿੱਖ ਬੜੇ ਖੁਸ਼ ਅਤੇ ਸੰਤੁਸ਼ਟ ਨਜ਼ਰ ਆ ਰਹੇ ਸਨ। ਉਨ੍ਹਾਂ ਦੇ ਚਿਹਰਿਆਂ ਉੱਤੇ ਨਿਰਾਸ਼ਤਾ ਜਾਂ ਨਿਰਾਦਰੀ ਦੇ ਅਹਿਸਾਸ ਦਾ ਕੋਈ ਨਾਂ-ਨਿਸ਼ਾਨ ਵੀ ਨਹੀਂ ਸੀ। ਉਨ੍ਹਾਂ ਵਿੱਚੋਂ ਬਹੁਤੇ ਤਾਂ ਚਾਈਂ-ਚਾਈਂ ਆਪਣੇ ਗੁਰਾਂ ਦੇ ਸ਼ਬਦ ਗਾਈ ਜਾ ਰਹੇ ਸਨ।” (ਇਬਰਤਨਾਮਾ, ਮਿਤੀ 1720 ਈ:)।
ਇਹ ਭਿਆਨਕ ਜਲੂਸ ਜਦੋਂ ਲਾਲ ਕਿਲ੍ਹੇ ਪਾਸ ਪਹੁੰਚਿਆ ਸੀ ਤਾਂ ਬਾਬਾ ਬੰਦਾ ਸਿੰਘ ਤੇ ਉਨ੍ਹਾਂ ਦੇ ਸਿਰਕੱਢ ਸਾਥੀਆਂ ਨੂੰ ਉਸ ਤੋਂ ਅੱਡ ਕਰ ਕੇ ਨਿਖੇੜ ਲਿਆ ਗਿਆ ਸੀ ਅਤੇ ਬਾਕੀ ਬਚੇ ਸਿੰਘਾਂ ਨੂੰ ਦਿੱਲੀ ਦੇ ਕੋਤਵਾਲ ਦੇ ਹਵਾਲੇ ਕਰ ਦਿੱਤਾ ਗਿਆ ਸੀ। ਫਿਰ ਅਗਲੇ ਸੱਤ ਦਿਨਾਂ ਦੌਰਾਨ, ਉਨ੍ਹਾਂ ਸਾਰਿਆਂ ਨੂੰ ਰੋਜ਼ਾਨਾ ਸੌ-ਸੌ ਦੀ ਪਾਲ ਬਣਾ ਕੇ, ਕੋਤਵਾਲੀ ਲਾਗੇ ਸ਼ਹੀਦ ਕਰ ਦਿੱਤਾ ਗਿਆ ਸੀ। ਦਿੱਲੀ ਵਿਚ ਉਦੋਂ ਮੌਜੂਦ ਦੋ ਅੰਗਰੇਜ਼ ਸਫ਼ੀਰਾਂ, ਜਾਅਨ ਸਰਮਨ ਤੇ ਐਡਵਰਡ ਸਟੀਫਨਸਨ ਅਨੁਸਾਰ, “ਉਸ ਕਤਲਗਾਹ ਵਿਚ ਕੋਈ ਇਕ ਵੀ ਸਿੱਖ ਡਰ ਜਾਂ ਲਾਲਚ ਕਾਰਨ ਆਪਣੇ ਧਰਮ ਤੋਂ ਨਹੀਂ ਡੋਲਿਆ ਜਾਂ ਪਰਤਿਆ ਸੀ। ਸਗੋਂ ਹਰ ਕੋਈ ਉਸ ਦਰਦਨਾਕ ਅੰਤ ਨੂੰ ਖਿੜੇ-ਮੱਥੇ ਕਬੂਲ ਕਰ ਕੇ, ‘ਵਾਹਿਗੁਰੂ-ਵਾਹਿਗੁਰੂ’ ਜਪਦਾ ਸ਼ਹੀਦ ਹੋ ਗਿਆ ਸੀ।” (ਮੈਸੇਕਰ ਆਫ਼ ਦੀ ਸਿੱਖਸ ਐਟ ਦਿੱਲੀ ਇਨ 1716)
ਬਾਬਾ ਬੰਦਾ ਸਿੰਘ ਜੀ ਦੀ ਵਾਰੀ 9 ਜੂਨ 1716 ਨੂੰ ਆਈ ਸੀ। ਉਸ ਤੋਂ ਪਹਿਲਾਂ, ਲੋਕਾਂ ਨੂੰ ਹੋਰ ਭੈਭੀਤ ਕਰਨ ਅਤੇ ਸ਼ਾਹੀ ਰੁਅਬਦਾਬ ਦਾ ਹੋਰ ਵਿਖਾਲਾ ਕਰਨ ਲਈ; ਅਤੇ ਉਨ੍ਹਾਂ ਤੋਂ ਈਨ ਮੰਨਵਾਉਣ ਤੇ ਉਨ੍ਹਾਂ ਦਾ ਧਰਮ-ਈਮਾਨ ਬਦਲਾਉਣ ਲਈ ਹੋਰ ਹੱਥਕੰਡੇ ਵਰਤਣ ਜਾਂ ਲੋਭ ਤੇ ਡਰਾਵੇ ਦੇਣ ਲਈ, ਬਾਬਾ ਜੀ ਤੇ ਉਨ੍ਹਾਂ ਦੇ ਸਿਦਕੀ ਤੇ ਸੂਰਬੀਰ ਸਾਥੀਆਂ ਨੂੰ ਦਿੱਲੀ ਦੇ ਬਜ਼ਾਰਾਂ ਵਿਚ ਫਿਰ ਘੁੰਮਾਇਆ ਗਿਆ। ਪਰ ਗੁਰੂ ਦੀ ਲਟ-ਲਟ ਬਲਦੀ ਸ਼ਮਾ ਦੇ ਉਨ੍ਹਾਂ ਪਰਵਾਨਿਆਂ ਵਿੱਚੋਂ ਕਿਸੇ ਇਕ ਨੇ ਵੀ ਉਨ੍ਹਾਂ ਦੀ ਕੋਈ ਈਨ ਨਹੀਂ ਮੰਨੀ ਸੀ ਅਤੇ ਸਾਰੇ ਦੇ ਸਾਰੇ ਆਪਣੇ ਨਿਸ਼ਚੇ ਉੱਤੇ ਚਟਾਨ ਵਾਂਗ ਦ੍ਰਿੜ੍ਹ ਰਹੇ ਸਨ। ਇਸ ਲਈ ਉਨ੍ਹਾਂ ਨੂੰ ਮਹਿਰੌਲੀ ਵਿਖੇ, ਕੁਤਬ ਮੀਨਾਰ ਲਾਗੇ, ਪਹੁੰਚਾ ਕੇ ਉਨ੍ਹਾਂ ਦੇ ਵੀ ਬੇਦਰਦ ਕਤਲਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਸੀ।
‘ਤਾਰੀਖ਼ੇ ਮੁਜ਼ੱਫਰੀ’ ਅਨੁਸਾਰ, ਬਾਬਾ ਬੰਦਾ ਸਿੰਘ ਜੀ ਨੂੰ ਉਕਤ ਸਿੰਘਾਂ ਵਾਂਗ ਇਸਲਾਮ ਕਬੂਲਣ ਜਾਂ ਭਿਆਨਕ ਮੌਤੇ ਮਰਨ ਦਾ ਚੋਣ-ਅਧਿਕਾਰ ਫਿਰ ਦਿੱਤਾ ਗਿਆ ਸੀ। ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚੋਣ ਉਸ ‘ਬੰਦੇ’ (ਬਾਬਾ ਬੰਦਾ ਸਿੰਘ ਬਹਾਦਰ) ਤੇ ਨਿਧੜਕ ਕੌਮੀ ਨਾਇਕ ਨੇ ਆਪਣਾ ਧਰਮ ਤਿਆਗਣ ਦੀ ਥਾਂ ਅਸਹਿ ਤੇ ਅਕਹਿ ਕਸ਼ਟਾਂ ਸਹਿਤ ਮੌਤ ਨੂੰ ਤਰਜੀਹ ਦਿੱਤੀ ਸੀ। ਆਪ ਦੇ ਚਾਰ-ਸਾਲਾ ਪੁੱਤਰ, ਅਜੈ ਸਿੰਘ ਨੂੰ ਆਪ ਦੀ ਗੋਦ ਵਿਚ ਰੱਖ ਕੇ ਆਪਣੇ ਹੱਥੀਂ ਮਾਰ ਦੇਣ ਲਈ ਆਖਿਆ ਗਿਆ ਸੀ। ਬਾਬਾ ਜੀ ਦੇ ਇਨਕਾਰ ਕਰਨ ’ਤੇ ਜੱਲਾਦ ਨੇ ਆਪ ਦੀਆਂ ਅੱਖਾਂ ਸਾਹਵੇਂ ਉਸ ਨੂੰ ਛੁਰੀ ਨਾਲ ਕੋਹਿਆ ਅਤੇ ਉਸ ਦੇ ਟੋਟੇ-ਟੋਟੇ ਕਰ ਕੇ, ਉਸ ਦੇ ਤੜਫ ਰਹੇ ਦਿਲ ਨੂੰ ਆਪ ਦੇ ਮੂੰਹ ਵਿਚ ਘਸੋੜ ਦਿੱਤਾ ਸੀ। ਈਨ ਮੰਨਣ ਤੇ ਧਰਮ-ਈਮਾਨ ਬਦਲਣ ਦੀ ਸ਼ਰਤ ਮੁੜ ਦੁਹਰਾਈ ਗਈ ਸੀ। ਬਾਬਾ ਬੰਦਾ ਸਿੰਘ ਜੀ ਫਿਰ ਵੀ ਰੱਬ ਦੇ ਭਾਣੇ ਉੱਤੇ ਸ਼ਾਕਰ ਤੇ ਅਡੋਲ ਰਹੇ, ਆਪਣੇ ਸਿੱਖੀ ਸਿਦਕ ਦੀ ਕਾਇਮੀ ਲਈ ਆਖ਼ਰੀ ਦਮ ਤਕ ਦ੍ਰਿੜ੍ਹ ਰਹੇ ਸਨ।
ਉਨ੍ਹਾਂ ਨੂੰ ਫਿਰ, ਮਿਸਾਲੀ ਤੌਰ ’ਤੇ, ਮਾਰ-ਮੁਕਾਉਣ ਲਈ, ਆਖ਼ਰਾਂ ਦੇ ਹੋਰ ਤਸੀਹੇ ਦਿੰਦਿਆਂ ਪਹਿਲਾਂ ਉਨ੍ਹਾਂ ਦੀਆਂ ਅੱਖਾਂ ਕੱਢੀਆਂ ਗਈਆਂ, ਫਿਰ ਹੱਥ-ਪੈਰ ਵੱਢੇ ਗਏ ਸਨ। ਉਪਰੰਤ ਭਖਦੇ ਜੰਬੂਰਾਂ ਨਾਲ ਉਨ੍ਹਾਂ ਦਾ ਮਾਸ ਨੋਚ-ਨੋਚ ਕੇ ਤੇ ਵਾਰੋ- ਵਾਰ ਹੋਰ ਅੰਗ ਵੱਢ-ਟੁੱਕ ਕੇ, ਸਿਰ ਕਟ ਦਿੱਤਾ ਗਿਆ ਸੀ। ਇਸ ਸਭ ਕੁਝ ਦੇ ਬਾਵਜੂਦ, ਬਾਬਾ ਬੰਦਾ ਸਿੰਘ ਅੰਤਮ ਸੁਆਸਾਂ ਤਕ ਸ਼ਾਂਤ, ਪ੍ਰਸੰਨ ਤੇ ਦ੍ਰਿੜ੍ਹ ਰਹੇ ਸਨ (ਤਾਰੀਖ਼ੇ ਮੁਜ਼ੱਫਰੀ) ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਇਨ੍ਹਾਂ ਪਾਵਨ ਬਚਨਾਂ ਉੱਤੇ ਮਾਨੋ ਆਖ਼ਰਾਂ ਦੀ ਸਿਦਕਦਿਲੀ ਨਾਲ ਪਹਿਰਾ ਦਿੰਦਿਆਂ:
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥ (ਪੰਨਾ 1105)
ਸੀਸੁ ਦੀਯਾ ਪਰੁ ਸੀ ਨਾ ਉਚਰੀ।
ਸੀਸੁ ਦੀਆ, ਪਰੁ ਸਿਰਰੁ ਨ ਦੀਆ। (ਬਚਿੱਤਰ ਨਾਟਕ, ਪਾ: 10)
ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਇਸ ਅਨੂਠੀ ਘਾਲ ਤੇ ਕੁਰਬਾਨੀ ਨੇ ਛੇਤੀ ਹੀ ਆਪਣਾ ਰੰਗ ਵਿਖਾਇਆ। ਆਪ ਦੀ ਇਨਕਲਾਬੀ ਮੁਹਿੰਮ ਤੇ ਅਦੁੱਤੀ ਫ਼ਤਹਿ ਨੇ ਸਾਰੇ ਦੇਸ਼ ਤੇ ਕੌਮ ਨੂੰ ਹਲੂਣ ਕੇ ਜਗਾ ਦਿੱਤਾ ਅਤੇ ਆਪ ਦੇ ਸਹਿਧਰਮੀਆਂ ਨੇ ਆਪਣੇ ਦਸਵੇਂ ਪਾਤਸ਼ਾਹ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਏ ਹੋਏ ਪੂਰਨਿਆਂ ਉੱਤੇ ਚਲਦਿਆਂ ਤੇ ਪੰਜਾਹ ਵਰ੍ਹੇ ਹੋਰ ਅਟੁੱਟ ਘਾਲਾਂ ਘਾਲਦਿਆਂ, ਦੇਸ਼, ਕੌਮ ਤੇ ਧਰਮ ਨੂੰ ਅਜ਼ਾਦ ਕਰਵਾ ਕੇ ਅਤੇ ਆਪਣਾ ਸੁਤੰਤਰ ਤੇ ਸਰਬ-ਸਮਰੱਥ ਰਾਜ ਕਾਇਮ ਕਰ ਕੇ ਹੀ ਸਾਹ ਲਿਆ। ਉਨ੍ਹਾਂ ਨੇ ਤਾਂ ਕੇਵਲ ਦਿੱਲੀ ਵਿਚ ਕਾਇਮ ਹਿੰਦੁਸਤਾਨ ਦੇ ਲਾਲ ਕਿਲ੍ਹੇ, ਉੱਤੇ ਹੀ ਨਹੀਂ; ਸਗੋਂ ਇਸੇ ਦੀ ਉੱਤਰ-ਪੱਛਮੀ ਸਰਹੱਦ ਦੇ ਦੱਰਾ ਖ਼ੈਬਰ ਉੱਤੇ ਵੀ ਖ਼ਾਲਸਈ ਪਰਚਮ ਝੁਲਾ ਕੇ ਇਹ ਸਾਬਤ ਕਰ ਦਿੱਤਾ ਕਿ ਜਿਵੇਂ ਪੱਥਰ ਉੱਤੇ ਘਿਸਾਈ ਤੇ ਰਗੜਾਈ ਦੇ ਤਸੀਹੇ ਸਹਿਣ ਤੋਂ ਬਾਅਦ ਹੀ ਮਹਿੰਦੀ ਦਾ ਸੁੰਦਰ ਤੇ ਸੁਭਾਗਾ ਰੰਗ ਉਘਾੜਦਾ ਤੇ ਉਜਾਗਰ ਹੁੰਦਾ ਹੈ, ਤਿਵੇਂ ਹੀ ਕੌਮਾਂ ਦਾ ਵਰਤਮਾਨ ਤੇ ਭਵਿੱਖ ਵੀ ਅਜਿਹੇ ਤਸੀਹੇ ਸਹਿੰਦਿਆਂ ਤੇ ਆਹੂਤੀਆਂ ਪਾਉਂਦਿਆਂ ਹੀ ਉੱਜਲਦਾ ਤੇ ਲਿਸ਼ਕਦਾ ਰਹਿੰਦਾ ਹੈ:
ਰੰਗ ਲਾਤੀ ਹੈ ਹਿਨਾ ਪੱਥਰ ਪੈ ਘਿਸ ਜਾਨੇ ਕੇ ਬਾਦ।
ਸੁਰਖ਼ਰੂ ਹੋਤਾ ਹੈ ਇਨਸਾਂ ਠੋਕਰੇਂ ਖਾਨੇ ਕੇ ਬਾਅਦ।
ਲੇਖਕ ਬਾਰੇ
ਮਰਹੂਮ ਸਰਦਾਰ ਸਰਵਨ ਸਿੰਘ ਅਤੇ ਸਰਦਾਰਨੀ ਤੇਜ ਕੌਰ ਦੇ ਪੁੱਤਰ ਹਰਨਾਮ ਸਿੰਘ ਦਾ ਜਨਮ 1923 ਵਿੱਚ ਪਿੰਡ ਧਮਾਲ ਵਿੱਚ ਹੋਇਆ ਸੀ ਰਾਵਲਪਿੰਡੀ, ਜੋ ਹੁਣ ਪੱਛਮੀ ਪੰਜਬ, ਪਾਕਿਸਤਾਨ ਦਾ ਹਿੱਸਾ ਹੈ। ਉਨ੍ਹਾਂ ਦੀਆਂ ਸਾਰੀਆਂ ਰਚਨਾਵਾਂ ਕਿੱਤੇ ਦੀ ਬਜਾਏ ਵਧੇਰੇ ਧਰਮ, ਲੋਕਧਾਰਾ ਅਤੇ ਧਰਮ ਨਿਰਪੱਖ ਸਾਹਿਤ ਦੇ ਇਤਿਹਾਸ ਬਾਰੇ ਸਮਰਪਣ ਹਨ। ਉਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਪੰਜਾਬ ਯੂਨੀਵਰਸਿਟੀ (1948-58) ਵਿੱਚ ਸੰਪਾਦਕ ਵਜੋਂ ਕੀਤੀ । ਉਹ ਚੰਡੀਗੜ੍ਹ ਵਿਖੇ ਪੰਜਾਬੀ ਅਧਿਐਨ ਵਿਭਾਗ (1959-62) ਦੇ ਪ੍ਰੋਫੈਸਰ ਅਤੇ ਮੁਖੀ ਦੇ ਅਹੁਦੇ 'ਤੇ ਪਹੁੰਚ ਗਏ ਅਤੇ ਫਿਰ ਗੁਰੂ ਨਾਨਕ ਚੇਅਰ ਅਤੇ ਸਿੱਖ ਸਟੱਡੀਜ਼ ਵਿਭਾਗ (1972-84) ਦੇ ਮੁਖੀ ਵਜੋਂ ਪਹੁੰਚ ਗਏ।
- ਹਰਨਾਮ ਸਿੰਘ ਸ਼ਾਨhttps://sikharchives.org/kosh/author/%e0%a8%b9%e0%a8%b0%e0%a8%a8%e0%a8%be%e0%a8%ae-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%a8/June 1, 2007
- ਹਰਨਾਮ ਸਿੰਘ ਸ਼ਾਨhttps://sikharchives.org/kosh/author/%e0%a8%b9%e0%a8%b0%e0%a8%a8%e0%a8%be%e0%a8%ae-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%a8/
- ਹਰਨਾਮ ਸਿੰਘ ਸ਼ਾਨhttps://sikharchives.org/kosh/author/%e0%a8%b9%e0%a8%b0%e0%a8%a8%e0%a8%be%e0%a8%ae-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%a8/July 1, 2008
- ਹਰਨਾਮ ਸਿੰਘ ਸ਼ਾਨhttps://sikharchives.org/kosh/author/%e0%a8%b9%e0%a8%b0%e0%a8%a8%e0%a8%be%e0%a8%ae-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%a8/
- ਹਰਨਾਮ ਸਿੰਘ ਸ਼ਾਨhttps://sikharchives.org/kosh/author/%e0%a8%b9%e0%a8%b0%e0%a8%a8%e0%a8%be%e0%a8%ae-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%a8/November 1, 2008
- ਹਰਨਾਮ ਸਿੰਘ ਸ਼ਾਨhttps://sikharchives.org/kosh/author/%e0%a8%b9%e0%a8%b0%e0%a8%a8%e0%a8%be%e0%a8%ae-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%a8/May 1, 2009
- ਹਰਨਾਮ ਸਿੰਘ ਸ਼ਾਨhttps://sikharchives.org/kosh/author/%e0%a8%b9%e0%a8%b0%e0%a8%a8%e0%a8%be%e0%a8%ae-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%a8/April 1, 2010
- ਹਰਨਾਮ ਸਿੰਘ ਸ਼ਾਨhttps://sikharchives.org/kosh/author/%e0%a8%b9%e0%a8%b0%e0%a8%a8%e0%a8%be%e0%a8%ae-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%a8/October 1, 2010