editor@sikharchives.org
Sri Guru Arjan Dev Ji

ਅਦੁੱਤੀ ਕੌਮੀ ਉਸਰੱਈਏ – ਸ੍ਰੀ ਗੁਰੂ ਅਰਜਨ ਦੇਵ ਜੀ

ਸ੍ਰੀ ਗੁਰੂ ਅਰਜਨ ਦੇਵ ਜੀ ਨੇ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦੇ ਰੂਪ ਵਿਚ ਪਹਿਲੀ ਵਾਰ ਲੋਕਾਂ ਲਈ ਇਕ ਅਜਿਹਾ ਧਰਮ-ਗ੍ਰੰਥ ਤਿਆਰ ਕਰ ਦਿੱਤਾ ਜੋ ਲੋਕਾਂ ਦੀ ਆਪਣੀ ਤੇ ਨਿੱਤ-ਵਰਤੋਂ ਦੀ ਬੋਲੀ ਵਿਚ ਲਿਖਿਆ ਸੀ
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇਸ਼, ਕੌਮ, ਸਾਹਿਤ ਤੇ ਸਮਾਜ ਦੇ ਇਕ ਅਦੁੱਤੀ ਤੇ ਮਹਾਨ ਉਸਰੱਈਏ ਹਨ। ਇਨ੍ਹਾਂ ਕਾਰਜਾਂ ਦੀ ਉੱਨਤੀ ਤੇ ਉਸਾਰੀ ਲਈ ਉਨ੍ਹਾਂ ਨੇ ਚੋਖਾ ਤੇ ਚਿਰ-ਰਹਿਣਾ ਹਿੱਸਾ ਪਾਇਆ ਹੈ। ਇਸ ਲਈ, ਇਸ ਸਬੰਧ ਵਿਚ, ਉਨ੍ਹਾਂ ਦੀ ਦਿੱਤੀ ਦੇਣ ਵੀ ਚੋਖੀ ਤੇ ਚਿਰ-ਰਹਿਣੀ ਹੈ; ਆਪਣੇ ਆਪ ਵਿਚ ਅਦੁੱਤੀ ਤੇ ਬਹੁਪੱਖੀ ਹੈ।

ਗੁਰੂ ਸਾਹਿਬ ਕਿਉਂਕਿ ਆਮ ਲੋਕਾਂ ਦੇ ਰਾਹ-ਦਸੇਰੇ ਸਨ, ਇਸ ਲਈ ਅਵਾਮ ਦੀ ਭਲਾਈ ਤੇ ਉੱਨਤੀ ਹੀ ਉਨ੍ਹਾਂ ਦੇ ਜੀਵਨ ਦਾ ਮਨੋਰਥ ਸੀ। ਉਨ੍ਹਾਂ ਨੇ ਲੋਕਾਂ ਨੂੰ ਨਿਰਾ ਗਿਆਨ-ਧਿਆਨ ਹੀ ਨਹੀਂ ਦੱਸਿਆ, ਕੇਵਲ ਆਚਾਰ-ਸਦਾਚਾਰ ਦੇ ਉਪਦੇਸ਼ ਹੀ ਨਹੀਂ ਦਿੱਤੇ, ਸਗੋਂ ਉਨ੍ਹਾਂ ਦੇ ਅੰਗ-ਸੰਗ ਰਹਿ ਕੇ ਉਨ੍ਹਾਂ ਨਾਲ ਦੁੱਖ-ਸੁਖ ਦੀ ਸਾਂਝ ਵੀ ਪਾਈ, ਉਨ੍ਹਾਂ ਦੀਆਂ ਲੋੜਾਂ ਤੇ ਖ਼ਾਹਿਸ਼ਾਂ ਦਿਲੋਂ ਮਹਿਸੂਸੀਆਂ ਤੇ ਉਨ੍ਹਾਂ ਨੂੰ ਪੂਰਿਆਂ ਕਰਨ ਲਈ ਆਪਣਾ ਭਰਵਾਂ ਤ੍ਰਾਣ ਲਾਇਆ। ਫਿਰ ਜਦੋਂ ਉਨ੍ਹਾਂ ਦੇ ਹੱਕਾਂ-ਅਧਿਕਾਰਾਂ ਦੀ ਰੱਖਿਆ ਲਈ, ਉਨ੍ਹਾਂ ਦੇ ਖਿਆਲਾਂ ਦੀ ਆਜ਼ਾਦੀ ਲਈ, ਉਨ੍ਹਾਂ ਦੇ ਧਰਮ-ਕਰਮ ਦੀ ਬਰਕਰਾਰੀ ਲਈ ਸ਼ਹੀਦੀ ਦੀ ਵੀ ਲੋੜ ਪਈ ਤਾਂ ਉਨ੍ਹਾਂ ਨੇ ਆਪਣਾ ਆਪ ਤਕ ਵੀ ਨਿਛਾਵਰ ਕਰ ਦਿੱਤਾ।

ਮਿਸਾਲ ਵਜੋਂ, ਲੋਕਾਂ ਨੂੰ ਆਪਣੀ ਆਤਮਕ ਉੱਨਤੀ ਤੇ ਅਧਿਆਤਮਕ ਤ੍ਰਿਪਤੀ ਲਈ ਇਕ ਧਰਮ-ਗ੍ਰੰਥ ਦੀ ਲੋੜ ਸੀ। ਧਰਮ-ਗ੍ਰੰਥ ਤਾਂ ਪਹਿਲਾਂ ਵੀ ਕਈ ਸਨ- ਵੇਦ ਗ੍ਰੰਥ ਮੌਜੂਦ ਸਨ, ਕੁਰਾਨ ਮਜੀਦ ਸੁਲੱਭ ਸਨ, ਅੰਜੀਲ ਵੀ ਪ੍ਰਾਪਤ ਸੀ; ਪਰ ਸਭ ਫਿਰਕਿਆਂ ਤੇ ਤਬਕਿਆਂ ਦੇ ਲੋਕ ਉਨ੍ਹਾਂ ਨੂੰ ਉਵੇਂ ਅਪਣਾ ਨਹੀਂ ਸਨ ਸਕਦੇ। ਨਾਲੇ ਉਹ ਰੱਬ ਵੱਲੋਂ ਭੇਜੇ ਗਏ ਖ਼ਾਸ-ਖ਼ਾਸ ਬੰਦਿਆਂ ਉੱਤੇ ਨਾਜ਼ਲ ਹੋਈਆਂ ਮੰਨੀਆਂ ਜਾਣ ਕਰਕੇ ਲੋਕਾਂ ਦੀ ਨਿੱਤ-ਵਰਤੋਂ ਦੀ ਬੋਲੀ ਵਿਚ ਵੀ ਨਹੀਂ ਸਨ। ਇਸ ਤੋਂ ਛੁੱਟ, ਵੱਖ-ਵੱਖ ਮਤਾਂ ਲਈ ਮਿਥੀਆਂ ਹੋਈਆਂ ਹੋਣ ਕਰਕੇ, ਉਨ੍ਹਾਂ ਵਿਚ ਆਮ ਲੋਕਾਂ ਵਿੱਚੋਂ ਉਠੇ ਤੇ ਪ੍ਰਵਾਨ ਚੜ੍ਹੇ ਭਗਤਾਂ-ਫ਼ਕੀਰਾਂ ਦੇ ਮਨੋਹਰ ਬਚਨਾਂ ਲਈ ਵੀ ਕੋਈ ਥਾਂ ਨਹੀਂ ਸੀ। ਨਾਲੇ ਸਭ ਜਾਤਾਂ, ਕਿੱਤਿਆਂ ਤੇ ਪੱਧਰਾਂ ਦੇ ਸਾਰੇ ਲੋਕਾਂ ਨੂੰ ਉਨ੍ਹਾਂ ਦਾ ਪਾਠ ਕਰਨ, ਸੁਣਨ ਜਾਂ ਲਿਖਣ-ਪੜ੍ਹਨ ਦੀ ਆਗਿਆ ਵੀ ਤਾਂ ਨਹੀਂ ਸੀ।

ਸ੍ਰੀ ਗੁਰੂ ਅਰਜਨ ਦੇਵ ਜੀ ਨੇ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦੇ ਰੂਪ ਵਿਚ ਪਹਿਲੀ ਵਾਰ ਲੋਕਾਂ ਲਈ ਇਕ ਅਜਿਹਾ ਧਰਮ-ਗ੍ਰੰਥ ਤਿਆਰ ਕਰ ਦਿੱਤਾ ਜੋ ਲੋਕਾਂ ਦੀ ਆਪਣੀ ਤੇ ਨਿੱਤ-ਵਰਤੋਂ ਦੀ ਬੋਲੀ ਵਿਚ ਲਿਖਿਆ ਸੀ; ਜਿਸ ਵਿਚ ਕੇਵਲ ਹਿੰਦੂ, ਮੁਸਲਮਾਨ ਜਾਂ ਕਿਸੇ ਹੋਰ ਇੱਕੋ ਧਰਮ ਦਾ ਨਹੀਂ ਸਗੋਂ ਸਰਬ-ਸਾਂਝੇ ਧਰਮ ਦਾ ਉਪਦੇਸ਼ ਦਿੱਤਾ ਗਿਆ ਸੀ; ਜਿਸ ਦੀ ਪਾਵਨ ਬਾਣੀ ਕਿਸੇ ਖ਼ਾਸ ਸਮੇਂ ਅਕਾਸ਼ੋਂ ਨਾਜ਼ਲ ਨਹੀਂ ਸੀ ਹੋਈ, ਸਗੋਂ ਜਿਸ ਵਿਚ ਉਸ ਲੋਕ-ਪੈਗ਼ੰਬਰ ਨੇ ਆਪਣੀ ਤੇ ਆਪਣੇ ਤੋਂ ਪਹਿਲਾਂ ਹੋਏ ਚਾਰ ਸਿੱਖ ਸਤਿਗੁਰਾਂ ਦੀ ਅਮਰ ਬਾਣੀ ਤੋਂ ਛੁੱਟ, ਸਮੁੱਚੇ ਦੇਸ਼ ਦੇ ਕਈ ਹਿੰਦੂ, ਮੁਸਲਮਾਨ ਭਗਤਾਂ, ਫ਼ਕੀਰਾਂ ਤੇ ਭੱਟਾਂ ਦੀ ਅਮਰ ਬਾਣੀ ਨੂੰ ਵੀ ਬਰਾਬਰ ਥਾਂ ਦੇ ਦਿੱਤੀ ਸੀ। ਗੁਰੂ ਸਾਹਿਬ ਨੇ ਆਪਣੀ ਉਮਤ ਲਈ ਆਪੇ ਤਿਆਰ ਕੀਤੇ ਇਸ ਅਦੁੱਤੀ ਧਰਮ-ਗ੍ਰੰਥ ਵਿਚ ਭਗਤ ਵੀ ਉਹ ਸ਼ਾਮਲ ਕੀਤੇ ਸਨ ਜੋ ਭਿੰਨ-ਭਿੰਨ ਸਮਿਆਂ, ਮੱਤਾਂ, ਪ੍ਰਾਂਤਾਂ ਤੇ ਕਿੱਤਿਆਂ ਆਦਿ ਨਾਲ ਸੰਬੰਧਿਤ ਸਨ- ਜਿਵੇਂ ਪੂਰਬੀ ਹਿੰਦੋਸਤਾਨ ਵਿਚ ਬਾਰ੍ਹਵੀਂ ਸਦੀ ਦੇ ਭਗਤ ਜੈਦੇਵ ਜੀ, ਪੱਛਮੀ ਹਿੰਦੁਸਤਾਨ ਵਿਚ ਤੇਰ੍ਹਵੀਂ ਸਦੀ ਦੇ ਸ਼ੇਖ ਫ਼ਰੀਦ ਜੀ, ਦੱਖਣੀ ਹਿੰਦੋਸਤਾਨ ਵਿਚ ਚੌਦਵੀਂ ਸਦੀ ਦੇ ਭਗਤ ਨਾਮਦੇਵ ਜੀ ਤੇ ਉੱਤਰੀ ਹਿੰਦੋਸਤਾਨ ਵਿਚ ਪੰਦਰ੍ਹਵੀਂ ਸਦੀ ਦੇ ਭਗਤ ਕਬੀਰ ਜੀ ਸਨ। ਇਉਂ ਹੀ ਸੇਖ਼ ਫ਼ਰੀਦ ਜੀ ਨਮਾਜ਼ੀ, ਭਗਤ ਧੰਨਾ ਜੀ ਅਤੇ ਭਗਤ ਰਾਮਾਨੰਦ ਜੀ ਵੈਸ਼ਨਵ ਸਨ; ਭਗਤ ਬੇਣੀ ਜੀ ਬਿਹਾਰ ਦੇ, ਭਗਤ ਰਵਿਦਾਸ ਜੀ ਉੱਤਰ ਪ੍ਰਦੇਸ਼ ਦੇ ਅਤੇ ਭਗਤ ਤਿਰਲੋਚਨ ਜੀ ਗੁਜਰਾਤ ਦੇ ਵਸਨੀਕ ਸਨ। ਭਗਤ ਨਾਮਦੇਵ ਜੀ ਅਖੌਤੀ ਛੀਂਬੇ, ਭਗਤ ਸਧਨਾ ਜੀ ਅਖੌਤੀ ਕਸਾਈ ਤੇ ਭਗਤ ਸੈਣ ਜੀ ਅਖੌਤੀ ਨਾਈ ਸਨ।

ਗੁਰੂ ਸਾਹਿਬ ਦੇ ਪ੍ਰਵੇਸ਼ ਤੋਂ ਪਹਿਲਾਂ, ਹਿੰਦੋਸਤਾਨ ਵਿਚ ਵੱਡੀ ਮਾਨਤਾ ਵਾਲੇ ਭਗਤ ਹੋ ਗੁਜ਼ਰੇ ਸਨ। ਸਗੋਂ ਉਦੋਂ ਵੀ ਕਈ ਮੌਜੂਦ ਸਨ ਪਰ ਗੁਰੂ ਸਾਹਿਬਾਨ ਨੇ ਇਸ ਲਾਸਾਨੀ ਧਰਮ-ਗ੍ਰੰਥ ਵਿਚ ਉਨ੍ਹਾਂ ਦੀ ਰਚਨਾ ਸ਼ਾਮਲ ਨਹੀਂ ਕੀਤੀ; ਸ਼ਾਮਲ ਕੇਵਲ ਉਨ੍ਹਾਂ ਦੀ ਕੀਤੀ ਜੋ ਹੱਥੀਂ ਕੰਮ ਕਰਨ ਵਾਲੇ ਅਤੇ ਦਿਲੋਂ ਪ੍ਰਭੂ ਨੂੰ ਯਾਦ ਕਰਨ ਵਾਲੇ ਕਿਰਤੀ ਲੋਕ ਸਨ ਅਤੇ ਨੀਵੀਂ ਤੋਂ ਨੀਵੀਂ ਪੱਧਰ ਤੋਂ ਉੱਠ ਕੇ, ਪ੍ਰੇਮਾ-ਭਗਤੀ, ਨੇਕਨੀਤੀ ਤੇ ਨੇਕਚਲਨੀ ਸਦਕਾ ਆਤਮਕ ਉਚਾਈਆਂ ਉੱਤੇ ਪਹੁੰਚ ਗਏ ਸਨ। ਇਉਂ ਸੰਸਾਰ ਦੇ ਧਾਰਮਕ ਇਤਿਹਾਸ ਵਿਚ ਪਹਿਲੀ ਵਾਰ ਗੁਰੂ ਨਾਨਕ ਸਾਹਿਬ ਦੇ ਇਸ ਇਨਕਲਾਬੀ ਐਲਾਨ:

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥ (ਪੰਨਾ 15)

ਨੂੰ ਅਮਲੀ ਤੌਰ ’ਤੇ ਅਪਣਾ ਕੇ, ਜਾਤ-ਪਾਤ, ਛੂਤ-ਛਾਤ ਤੇ ਊਚ-ਨੀਚ ਦਾ ਭਿੰਨ- ਭੇਦ ਮਿਟਾ ਕੇ, ਅਨਮਤੀਆਂ ਅਤੇ ਨੀਚ ਤੇ ਪਰਸਪਰ ਵਿਰੋਧੀ ਜਾਤੀਆਂ ਦੀ ਪਾਵਨ ਬਾਣੀ ਨੂੰ ਵੀ ਉੱਚ-ਸ਼੍ਰੇਣੀਆਂ ਦੀ ਅਮਰ ਬਾਣੀ ਨਾਲ ਬਰਾਬਰ ਦਾ ਧਰਮ-ਗ੍ਰੰਥਕ ਦਰਜਾ ਦੇ ਦਿੱਤਾ ਗਿਆ। ਇਉਂ ਇਹ ਅਦੁੱਤੀ ਸ਼ਬਦ-ਸੰਗ੍ਰਹਿ ਸਮੁੱਚੇ ਭਾਰਤ ਦੀ ਭਗਤੀ ਤੇ ਗਿਆਨ-ਧਾਰਾ ਦਾ ਸੰਗਮ ਬਣ ਕੇ, ਇਕ ਅਜਿਹੇ ਸਰਬ-ਸਾਂਝੇ ਧਰਮ-ਗ੍ਰੰਥ ਦਾ ਰੂਪ ਧਾਰ ਗਿਆ, ਜਿਸ ਨੂੰ ਹਰ ਕੋਈ ਆਪਣਾ ਆਖ ਸਕਦਾ ਸੀ ਅਤੇ ਜਿਸ ਨੂੰ ਪੜ੍ਹਨ-ਸੁਣਨ ਦਾ ਪੂਰਨ ਅਧਿਕਾਰ ਹਰ ਕਿਸੇ ਨੂੰ ਪ੍ਰਾਪਤ ਸੀ। ਇਉਂ ਇਹ ਇਕ ਅਜਿਹਾ ਮਹਾਨ ਗ੍ਰੰਥ ਤਿਆਰ ਹੋ ਗਿਆ ਜਿਸ ਉੱਤੇ ਹਰ ਹਿੰਦੋਸਤਾਨੀ ਹਮੇਸ਼ਾਂ ਹੱਕੀ ਤੌਰ ’ਤੇ ਮਾਣ ਕਰ ਸਕਦਾ ਹੈ। ਇਹ ਤਾਂ ਈਸ਼ਵਰੀ ਗਿਆਨ, ਭਗਤੀ ਅਤੇ ਅਮਲੀ ਜੀਵਨ ਸਬੰਧੀ ਸਿੱਖਿਆਵਾਂ ਦਾ ਇਕ ਅਜਿਹਾ ਭੰਡਾਰ ਵੀ ਬਣ ਗਿਆ, ਅਲੌਕਿਕ ਭੋਜਨ ਦਾ ਇਕ ਅਜਿਹਾ ਅਨੂਠਾ ਥਾਲ ਵੀ ਪਰੋਸ ਦਿੱਤਾ ਗਿਆ ਕਿ ਜਿਸ ਬਿਨਾਂ, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਇਸ ਪਾਵਨ ਕਥਨ:

ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ॥
ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ॥
ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ॥
ਏਹ ਵਸਤੁ ਤਜੀ ਨਹ ਜਾਈ ਨਿਤ ਨਿਤ ਰਖੁ ਉਰਿ ਧਾਰੋ॥ (ਪੰਨਾ 1429)

ਅਨੁਸਾਰ, ਮਨੁੱਖ ਦਾ ਗੁਜ਼ਾਰਾ ਹੀ ਨਹੀਂ ਹੋ ਸਕਦਾ। ਪਰ ਇਸ ਅਦੁੱਤੀ ਤੇ ਇਨਕਲਾਬੀ ਕਿਰਤ ਲਈ ਸੁਪ੍ਰਸਿੱਧ ਅੰਗਰੇਜ਼ੀ ਕਵੀ, ਮਿਲਟਨ, ਵਾਂਗ ਇਹ ਨਹੀਂ ਕਿਹਾ ਕਿ The world will never let it die (ਅਰਥਾਤ ਦੁਨੀਆਂ ਮੇਰੀ ਇਸ ਰਚਨਾ-ਭਾਵ ‘ਪੈਰੇਡਾਈਜ਼ ਲਾਸਟ’ ਨੂੰ ਕਦੇ ਨਹੀਂ ਮਰਨ-ਮਿਟਣ ਦੇਵੇਗੀ), ਸਗੋਂ ਇਸ ਨੂੰ ਇਕ ਰੱਬੀ ਦਾਤ ਸਮਝ ਕੇ ਇਸ ਦੇ ਆਖਰੀ ਸ਼ਬਦ ਵਿਚ ਇਹ ਲਿਖ ਕੇ:

ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ॥
ਮੈ ਨਿਰਗੁਣਿਆਰੇ ਕੋ ਗੁਣੁ ਨਾਹੀ ਆਪੇ ਤਰਸੁ ਪਇਓਈ॥ (ਪੰਨਾ 1429)

ਅਕਾਲ ਪੁਰਖ ਦਾ ਧੰਨਵਾਦ ਕੀਤਾ। ਲੋਕਾਂ ਦੀ ਰੂਹਾਨੀ ਸ਼ਾਂਤੀ ਲਈ, ਉਨ੍ਹਾਂ ਨੂੰ ਨੇਕੀ, ਸ਼ਾਂਤੀ ਤੇ ਸੱਚਾਈ ਦਾ ਸੰਦੇਸ਼ ਦੇਣ ਲਈ, ਇਨ੍ਹਾਂ ਨਾਲੋਂ ਵਧੇਰੇ ਸਰਬ-ਸਾਂਝਾ ਲੋਕ-ਗ੍ਰੰਥ ਹੋਰ ਕਿਹੜਾ ਹੋ ਸਕਦਾ ਸੀ? ਭਿੰਨ-ਭਿੰਨ ਜਾਤਾਂ, ਵਰਣਾਂ, ਵਰਗਾਂ, ਫਿਰਕਿਆਂ ਤੇ ਤਬਕਿਆਂ ਵਿਚ, ਵੱਖ-ਵੱਖ ਪ੍ਰਾਂਤਾਂ, ਵਿਚਾਰਾਂ ਤੇ ਭਾਸ਼ਾਵਾਂ ਵਿਚ ਵੰਡੇ ਹੋਏ ਹਿੰਦੋਸਤਾਨੀਆਂ ਲਈ ਇਨ੍ਹਾਂ ਨਾਲੋਂ ਬਿਹਤਰ ਗ੍ਰੰਥ ਵੀ ਹੋਰ ਕਿਹੜਾ ਹੋ ਸਕਦਾ ਸੀ? ਵਰਤਮਾਨ ਸਥਿਤੀ ਨੂੰ ਵੀ ਸਰਵੇਖਦਿਆਂ ਤੇ ਮੁੱਖ ਰੱਖਦਿਆਂ, ਭਟਕਦੀ ਲੋਕਾਈ ਨੂੰ, ਬਿਹਬਲ ਭਾਰਤੀ ਜਨਤਾ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਖ਼ਸ਼ੀ ਹੋਈ ਇਹ ਅਮਰ ਤੇ ਅਦੁੱਤੀ ਦਾਤ ਕਿੰਨੀ ਵਿਲੱਖਣ ਤੇ ਯਾਦਗਾਰੀ ਜਾਪਣ ਲੱਗ ਪੈਂਦੀ ਹੈ!

ਇਉਂ ਹੀ, ਲੋਕਾਂ ਨੂੰ ਇਕ ਅਜਿਹੇ ਸਰਬ-ਸਾਂਝੇ ਧਰਮ-ਸਥਾਨ ਦੀ ਲੋੜ ਸੀ ਜਿਸ ਵਿਚ ਹਰ ਕੋਈ, ਹਰ ਸਮੇਂ ਜਾ ਸਕੇ; ਜਿਸ ਵਿਚ ਜਿਸ ਪਾਸਿਓਂ ਵੀ ਕੋਈ ਜਾਣਾ ਚਾਹੇ ਜਾ ਸਕੇ; ਆਪਣੀ ਆਤਮਾ ਨੂੰ ਪਰਮਾਤਮਾ ਨਾਲ ਇਕਸੁਰ ਕਰ ਸਕੇ ਤੇ ਅਰਜ਼ਾਂ-ਬੇਨਤੀਆਂ ਰਾਹੀਂ ਆਪਣੀਆਂ ਆਸਾਂ-ਉਮੰਗਾਂ ਪ੍ਰਗਟ ਕਰ ਸਕੇ। ਅਜਿਹੇ ਘੋਰ ਸਮੇਂ ਤੇ ਐਸੀ ਅਜੀਬ ਸਥਿਤੀ ਵਿਚ, ਜਦੋਂ ਸ਼ੂਦਰਾਂ, ਕਾਫ਼ਰਾਂ ਤੇ ਮਲੇਛਾਂ ਲਈ ਮੰਦਰ, ਮਸੀਤਾਂ ਬੰਦ ਸਨ ਅਤੇ ਜਦੋਂ ਰੱਬ ਦੀ ਹੋਂਦ ਖ਼ਾਸ-ਖ਼ਾਸ ਦਿਸ਼ਾਵਾਂ ਵਿਚ ਹੀ ਸੀਮਤ ਮੰਨੀ ਜਾ ਰਹੀ ਸੀ ਉਦੋਂ ਇਸ ਲੋਕ-ਪੈਗ਼ੰਬਰ ਨੇ ਇਹ ਇਨਕਲਾਬੀ ਤੇ ਕਲਿਆਣਕਾਰੀ ਨਾਅਰਾ ਲਾਇਆ:

ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ॥
ਗੁਰਮੁਖਿ ਨਾਮੁ ਜਪੈ ਉਧਰੈ ਸੋ ਕਲਿ ਮਹਿ ਘਟਿ ਘਟਿ ਨਾਨਕ ਮਾਝਾ॥ (ਪੰਨਾ 747-48)

ਫਿਰ ਇਸ ਨੂੰ ਆਪੇ ਹੀ ਅਮਲੀ ਰੂਪ ਦੇਣ ਲਈ, ਸ੍ਰੀ ਅੰਮ੍ਰਿਤਸਰ ਵਿਚ ਸ੍ਰੀ ਹਰਿਮੰਦਰ ਸਾਹਿਬ ‘ਸ੍ਰੀ ਦਰਬਾਰ ਸਾਹਿਬ’ ਦੀ ਸਥਾਪਨਾ ਕਰ ਕੇ, ਇਸ ਦੇ ਚਾਰੇ ਪਾਸੇ ਚਾਰ ਦਰਵਾਜ਼ੇ ਲਾ ਕੇ ਅਤੇ ਇਨ੍ਹਾਂ ਨੂੰ ਹਰ ਪ੍ਰਾਣੀ-ਮਾਤਰ ਲਈ ਖੁੱਲ੍ਹੇ ਛੱਡ ਕੇ ਸਾਬਤ ਕਰ ਦਿੱਤਾ ਕਿ ਰੱਬ ਦਾ ਘਰ ਚਹੁੰ ਵਰਨਾਂ ਲਈ ਖੁੱਲ੍ਹਾ ਹੈ; ਚਹੁੰਆਂ ਪਾਸਿਆਂ ਤੋਂ ਖੁੱਲ੍ਹਾ ਹੈ; ਹਰ ਕਿਸੇ ਲਈ ਹਰ ਸਮੇਂ ਖੁੱਲ੍ਹਾ ਹੈ। ਇਸ ਕਰਕੇ ਇਸ ਬੇਮਿਸਾਲ ਤੇ ਸਰਬ-ਸਾਂਝੇ ਧਰਮ-ਸਥਾਨ ਦੀ ਪਹਿਲੀ ਇੱਟ ਇਕ ਉੱਘੇ ਮੁਸਲਮਾਨ ਫ਼ਕੀਰ ਸਾਈਂ ਮੀਆਂ ਮੀਰ ਜੀ ਤੋਂ ਰਖਵਾਈ ਅਤੇ ਇਉਂ ਇਕ ਈਸ਼ਵਰਤਾ ਤੇ ਭਰਾਤਰੀਅਤਾ ਦੇ ਆਪੇ ਦੱਸੇ ਇਸ ਸਿਧਾਂਤ ਦੇ ਐਲਾਨ ਨੂੰ ਅਮਲੀ ਤੌਰ ’ਤੇ ਸੱਚ ਕਰ ਵਿਖਾਇਆ:

ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ॥ (ਪੰਨਾ 611)

ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥(ਪੰਨਾ 1299)

ਲੋਕਾਂ ਦੀ ਧਾਰਮਿਕ ਤੇ ਅਧਿਆਤਮਕ ਭੁੱਖ ਇਉਂ ਦੂਰ ਕਰਨ ਅਤੇ ਉਨ੍ਹਾਂ ਨੂੰ ਅਜਿਹਾ ਸਮਾਨ ਸਮਾਜਿਕ ਦਰਜਾ ਦੇਣ ਵਾਲੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਨ੍ਹਾਂ ਦੀਆਂ ਸਰੀਰਕ ਤੇ ਆਰਥਕ ਲੋੜਾਂ ਦਾ ਵੀ ਪੂਰਾ ਖਿਆਲ ਰੱਖਿਆ। ਰੋਗੀਆਂ ਦੇ ਰੋਗ ਨਿਵਾਰਨ ਅਤੇ ਕੋਹੜੀਆਂ ਦੇ ਕੋਹੜ ਦੂਰ ਕਰਨ ਲਈ ਤਰਨ ਤਾਰਨ ਵਿਚ ਆਪਣੀ ਕਿਸਮ ਦਾ ਪਹਿਲਾ ਪਿੰਗਲਵਾੜਾ ਸਥਾਪਿਆ ਤੇ ਹਸਪਤਾਲ ਚਲਾਇਆ।

ਉਨ੍ਹਾਂ ਨੇ ਸ੍ਰੀ ਅੰਮ੍ਰਿਤਸਰ ਨੂੰ ਆਪਣੇ ਹੱਥੀਂ ਵਸਾਇਆ। 52 ਕਿਸਮ ਦੇ ਵੱਖ- ਵੱਖ ਕਿੱਤਿਆਂ ਵਾਲੇ ਲੋਕਾਂ ਨੂੰ ਆਪਣੇ ਕੋਲੋਂ ਮਾਇਕ ਸਹਾਇਤਾ ਦੇ ਕੇ ਆਬਾਦ ਕੀਤਾ ਅਤੇ ਆਰਥਕ ਤੌਰ ’ਤੇ ਇਸ ਨੂੰ ਇੰਨਾ ਉੱਨਤ ਕਰ ਦਿੱਤਾ ਕਿ ਸਮਾਂ ਪਾ ਕੇ ਇਹ ਅਣਵੰਡੇ ਉੱਤਰੀ ਹਿੰਦੋਸਤਾਨ ਦਾ ਸਭ ਤੋਂ ਵੱਡਾ ਵਪਾਰਕ ਕੇਂਦਰ ਬਣ ਗਿਆ। ਇਥੋਂ ਦਾ ‘ਗੁਰੂ ਬਾਜ਼ਾਰ’ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਲੋਕਾਂ ਦੀ ਆਰਥਕ ਉੱਨਤੀ ਲਈ ਅਰੰਭੇ ਪ੍ਰੋਗਰਾਮ ਦੀ ਯਾਦਗਾਰ ਵਜੋਂ ਅਜੇ ਤੀਕ ਕਾਇਮ ਹੈ।

ਤਰਨ ਤਾਰਨ ਤੇ ਕਰਤਾਰਪੁਰ ਜਿਹੇ ਦਸਤਕਾਰਕ ਸ਼ਹਿਰ ਵੀ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਹੀ ਵਸਾਏ ਤੇ ਵਿਕਸਾਏ ਹੋਏ ਹਨ।

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਵਾਂਗ ਭਾਵੇਂ ਆਪਣੇ ਹੱਥੀਂ ਕਿਰਸਾਨੀ ਨਹੀਂ ਕੀਤੀ ਪਰ ਕਿਰਤੀਆਂ ਤੇ ਕਿਰਸਾਨਾਂ ਦੀਆਂ ਲੋੜਾਂ ਨੂੰ ਉਨ੍ਹਾਂ ਕਦੇ ਵੀ ਅੱਖੋਂ ਉਹਲੇ ਨਹੀਂ ਹੋਣ ਦਿੱਤਾ। ਵਧੇਰੇ ਅੰਨ ਉਗਾਉਣ ਲਈ ਉਨ੍ਹਾਂ ਉਚੇਚੇ ਖੂਹ ਖੁਦਵਾਏ ਤੇ ਹਰਟ ਲਗਵਾਏ। ਗੁਰੂ ਕੀ ਵਡਾਲੀ ਕੋਲ ਲਵਾਏ ਅਜਿਹੇ ਛੇ ਹਰਟਾਂ ਦੇ ਨਾਂ ’ਤੇ ਹੀ ‘ਛੇਹਰਟਾ’ ਨਾਂ ਦਾ ਨਗਰ ਵੱਸਿਆ ਸੀ ਜੋ ਹੁਣ ਉੱਤਰੀ ਭਾਰਤ ਦੇ ਸਿਰਕੱਢ ਸਨਅਤੀ ਸ਼ਹਿਰਾਂ ਵਿੱਚੋਂ ਇਕ ਹੈ।

ਸ੍ਰੀ ਗੁਰੂ ਅਰਜਨ ਦੇਵ ਜੀ ਭਾਵੇਂ ਸ਼ਾਂਤੀ ਤੇ ਸਹਿਨਸ਼ੀਲਤਾ ਦੇ ਪੁੰਜ ਸਨ, ਪਰ ਉਹ ਲੋਕਾਂ ਉੱਤੇ ਧੱਕਾ ਹੁੰਦਾ ਵੇਖ ਕੇ ਸਹਾਰ ਨਹੀਂ ਸਕਦੇ ਸਨ। ਇਸੇ ਲਈ ਮੌਕਾ ਬਣਨ ’ਤੇ, ਉਨ੍ਹਾਂ ਨੇ ਜਨਤਾ ਦੇ ਹੱਕਾਂ ਦੀ ਵੀ ਪੂਰੀ-ਪੂਰੀ ਰਾਖੀ ਤੇ ਸੰਭਾਲ ਕੀਤੀ। ਉਨ੍ਹਾਂ ਦੀ ਪਾਵਨ ਗੁਰਿਆਈ ਸਮੇਂ ਜਦੋਂ ਦੇਸ਼ ਵਿਚ ਭਿਆਨਕ ਕਾਲ ਪਿਆ ਅਤੇ ਕਿਰਤੀਆਂ ਤੇ ਕਿਰਸਾਨਾਂ ਦੇ ਭਾਅ ਦੀ ਬਣ ਗਈ, ਤਾਂ ਇਸ ਲੋਕ-ਪੈਗ਼ੰਬਰ ਨੇ ਸਮੇਂ ਦੇ ਸ਼ਹਿਨਸ਼ਾਹ, ਅਕਬਰ ਬਾਦਸ਼ਾਹ ਨੂੰ ਜਨਤਾ ਦੇ ਦੁੱਖਾਂ ਤੋਂ ਜਾਣੂ ਕਰਵਾਇਆ। ਬਾਦਸ਼ਾਹ ਨੇ ਜਦੋਂ ਉਨ੍ਹਾਂ ਦੇ ਲੰਗਰ ਵਰਗੇ ਲੋਕ-ਭਲਾਈ ਦੇ ਕੰਮਾਂ ਤੋਂ ਖੁਸ਼ ਹੋ ਕੇ ਕੋਈ ਸੇਵਾ ਦੱਸਣ ਲਈ ਆਖਿਆ ਤਾਂ ਗੁਰੂ ਮਹਾਰਾਜ ਨੇ ਆਪਣੇ ਲਈ ਨਹੀਂ, ਕੇਵਲ ਆਪਣੇ ਸਿੱਖਾਂ ਲਈ ਹੀ ਨਹੀਂ ਸਗੋਂ ਸਾਰੇ ਦੇਸ਼ ਲਈ ਮਾਮਲੇ ਦੀ ਛੋਟ ਮੰਗੀ ਜੋ ਖੜ੍ਹੇ-ਪੈਰ ਮੰਨ ਲਈ ਗਈ ਸੀ।

ਇਸ ਤਰ੍ਹਾਂ ਰਾਜਾ ਬੀਰਬਲ ਨੇ ਜਦੋਂ ਅੰਮ੍ਰਿਤਸਰ ਦੇ ਵਾਸੀਆਂ ਵਿੱਚੋਂ ਕੇਵਲ ਖੱਤਰੀਆਂ ਉੱਤੇ ਹੀ ਇਕ ਅਕਾਰਨ ਤੇ ਅਯੋਗ ਟੈਕਸ ਲਾਇਆ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਨਾਜਾਇਜ਼ ਵਿਤਕਰੇ ਵਿਰੁੱਧ ਰੋਸ ਪ੍ਰਗਟ ਕੀਤਾ। ਜਦ ਬੀਰਬਲ ਨੇ ਇਹ ਅਨਿਆਂ ਤੇ ਵਿਤਕਰਾ ਨਾ ਹਟਾਇਆ ਤਾਂ ਆਪ ਨੇ ਲੋਕਾਂ ਨੂੰ ਅਜਿਹਾ ਟੈਕਸ ਨਾ ਦੇਣ ਲਈ ਪ੍ਰੇਰਿਆ। ਬੀਰਬਲ ਨੇ ਡਰਾਵੇ ਦਿੱਤੇ ਅਤੇ ਅੰਮ੍ਰਿਤਸਰ ਉੱਤੇ ਫ਼ੌਜ ਚਾੜ੍ਹ ਲਿਆਉਣ ਲਈ ਤਿਆਰ ਹੋ ਗਿਆ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਹ ਸੁਣਦਿਆਂ ਸਾਰ ਐਲਾਨੀਆ ਆਖਿਆ:

ਹੁਣਿ ਹੁਕਮੁ ਹੋਆ ਮਿਹਰਵਾਣ ਦਾ॥
ਪੈ ਕੋਇ ਨ ਕਿਸੈ ਰਞਾਣਦਾ॥
ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ॥ (ਪੰਨਾ 74)

ਕਿ ਹਿੰਦੋਸਤਾਨ ਵਿਚ ਹੁਣ ਅਜਿਹਾ ਰਾਜ ਕਾਇਮ ਹੋਵੇਗਾ ਜਿਸ ਵਿਚ ਇਸ ਦੇ ਸਭ ਵਸਨੀਕ ਸੁੱਖੀ-ਸਾਂਦੀ ਵੱਸਣਗੇ, ਕੋਈ ਵੀ ਕਿਸੇ ਉੱਤੇ ਅਨਿਆਂ ਨਹੀਂ ਕਰ ਸਕੇਗਾ ਅਤੇ ਲੋਕਾਂ ਦੇ ਬੁਨਿਆਦੀ ਹੱਕਾਂ-ਅਧਿਕਾਰਾਂ ਨੂੰ ਲਿਤਾੜ ਨਹੀਂ ਸਕੇਗਾ।

ਫਿਰ ਜਦੋਂ ਲੋਕ-ਅਧਿਕਾਰਾਂ ਉੱਤੇ ਸਮਕਾਲੀ ਸਰਕਾਰ ਵੱਲੋਂ ਬਾਕਾਇਦਾ ਵਾਰ ਹੋਣ ਲੱਗ ਪਏ, ਲੋਕ-ਹਿੱਤਾਂ ਦੀ ਰਾਖੀ ਕਰਨ ਦਾ ਸਮਾਂ ਆ ਗਿਆ, ਜਨਤਾ ਦੇ ਖਿਆਲਾਂ ਦੀ ਆਜ਼ਾਦੀ ਖ਼ਤਰੇ ਵਿਚ ਵੇਖੀ ਗਈ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਲੋਕ-ਵੈਰੀਆਂ ਨੂੰ ਵੰਗਾਰਿਆ, ਉਨ੍ਹਾਂ ਦੀ ਧਾਰਮਿਕ ਤੰਗਦਿਲੀ ਨੂੰ ਹਲੂਣਿਆ, ਅਨਿਆਈਂ ਤੇ ਬਦੇਸ਼ੀ ਸਰਕਾਰ ਨਾਲ ਟੱਕਰ ਲਈ ਅਤੇ ਜਬਰ ਦਾ ਮੁਕਾਬਲਾ ਸਬਰ ਨਾਲ ਕਰ ਕੇ, ਮਨੁੱਖਤਾ ਨੂੰ ਇਕ ਨਵੀਂ ਜੀਵਨ-ਜਾਚ ਸਿਖਾਉਂਦਿਆਂ ਗੁਰੂ ਜੀ ਉਸ ਲੋਕ-ਹਿਤੈਸ਼ੀ ਆਦਰਸ਼ ਦੀ ਪੈਰਵੀ ਤੇ ਪੂਰਤੀ ਲਈ ਸ਼ਹੀਦ ਹੋ ਗਏ। ਆਪਣੀ ਸ਼ਹਾਦਤ ਦੇ ਕੇ, ਜਿੱਥੇ ਉਨ੍ਹਾਂ ਕੌਮੀ ਅਣਖ ਨੂੰ ਬਚਾ ਲਿਆ, ਉਥੇ ਬਦੇਸ਼ੀ ਰਾਜ ਦੀਆਂ ਜੜ੍ਹਾਂ ਵੀ ਹਿਲਾ ਦਿੱਤੀਆਂ।

ਇਹ ਸ਼ਹੀਦੀ ਦੇਸ਼-ਕੌਮ ਦੀ ਉਸਾਰੀ ਤੇ ਉੱਨਤੀ ਲਈ, ਸੱਯਦ ਅਬਦੁਲ ਲਤੀਫ਼ ਦੇ ਸ਼ਬਦਾਂ ਵਿਚ ‘ਇਕ ਮਹਾਨ ਮੋੜ ਦੀ ਸੂਚਕ ਸਿੱਧ ਹੋਈ।’ (ਹਿਸਟਰੀ ਆਫ਼  ਦੀ  ਪੰਜਾਬ)। ਇਸ ਨੇ ਸੁੱਤੀ ਹੋਈ ਜਨਤਾ ਨੂੰ ਹਲੂਣ ਕੇ ਜਗਾ ਦਿੱਤਾ ਅਤੇ ਆਪਣੇ ਹੱਕਾਂ ਦੀ ਰਾਖੀ ਆਪੇ ਕਰਨ ਲਈ ਤਿਆਰ ਕਰ ਦਿੱਤਾ।

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦੇਸ਼-ਵਾਸੀ ਇਸ ਨਤੀਜੇ ’ਤੇ ਪਹੁੰਚ ਗਏ ਕਿ ਨੇਕੀ ਤੇ ਧਰਮ ਦੀ ਰੱਖਿਆ ਲਈ ਤਾਕਤ ਤੇ ਸਿਆਸਤ ਨਾਲ ਲੈਸ ਹੋਣਾ ਜ਼ਰੂਰੀ ਹੈ। ਉਨ੍ਹਾਂ ਦੇ ਆਪਣੇ ਨੌਨਿਹਾਲ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇਸੇ ਲਈ ਪੀਰੀ ਨਾਲ ਮੀਰੀ ਅਤੇ ਭਗਤੀ ਨਾਲ ਸ਼ਕਤੀ ਜੋੜ ਕੇ, ਦੇਸ਼-ਕੌਮ ਦੀ ਵਿਗੜੀ ਬਣਾਉਣ ਅਤੇ ਇਨ੍ਹਾਂ ਦੀ ਗ਼ੁਲਾਮੀ ਦੀਆਂ ਜ਼ੰਜੀਰਾਂ ਤੋੜਨ ਲਈ ਲੋੜੀਂਦਾ ਬਾਨ੍ਹਣੂ ਬੰਨ੍ਹ ਦਿੱਤਾ ਸੀ, ਜਿਸ ਨੂੰ ਨੇਪਰੇ ਚੜ੍ਹਾਉਣ ਲਈ ਉਨ੍ਹਾਂ ਨੇ ਆਪਣਾ ਸਾਰਾ ਖਾਨਦਾਨ, ਆਪਣੇ ਚਾਰ ਪੜਪੋਤਿਆਂ (ਦਸਮੇਸ਼ ਪਿਤਾ ਦੇ ਚਾਰ ਸਾਹਿਬਜ਼ਾਦਿਆਂ) ਦੀ ਬੇਨਜ਼ੀਰ ਕੁਰਬਾਨੀ ਸਹਿਤ, ਨਿਛਾਵਰ ਕਰ ਦਿੱਤਾ ਸੀ। ਇਉਂ ਲਾਹੌਰ ਵਿਖੇ ਹੋਈ ਉਨ੍ਹਾਂ ਦੀ ਸ਼ਹਾਦਤ ਨੇ ਇਸ ਕਾਵਿ-ਕਥਨ:

ਸ਼ਹੀਦ ਕੀ ਜੋ ਮੌਤ ਹੈ, ਵੁਹ ਕੌਮ ਕੀ ਹਯਾਤ ਹੈ।
ਹਯਾਤ ਭੀ ਹਯਾਤ ਹੈ, ਔਰ ਮੌਤ ਭੀ ਹਯਾਤ ਹੈ।

ਨੂੰ ਵੀ ਹਮੇਸ਼ਾਂ ਲਈ ਸੱਚ ਕਰ ਵਿਖਾ ਦਿੱਤਾ ਸੀ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Harnam Singh Shan
ਸਾਬਕਾ ਮੁਖੀ ਸਿੱਖ ਸਟੱਡੀਜ਼ ਵਿਭਾਗ -ਵਿਖੇ: ਪੰਜਾਬ ਯੂਨੀਵਰਸਿਟੀ

ਮਰਹੂਮ ਸਰਦਾਰ ਸਰਵਨ ਸਿੰਘ ਅਤੇ ਸਰਦਾਰਨੀ ਤੇਜ ਕੌਰ ਦੇ ਪੁੱਤਰ ਹਰਨਾਮ ਸਿੰਘ ਦਾ ਜਨਮ 1923 ਵਿੱਚ ਪਿੰਡ ਧਮਾਲ ਵਿੱਚ ਹੋਇਆ ਸੀ ਰਾਵਲਪਿੰਡੀ, ਜੋ ਹੁਣ ਪੱਛਮੀ ਪੰਜਬ, ਪਾਕਿਸਤਾਨ ਦਾ ਹਿੱਸਾ ਹੈ। ਉਨ੍ਹਾਂ ਦੀਆਂ ਸਾਰੀਆਂ ਰਚਨਾਵਾਂ ਕਿੱਤੇ ਦੀ ਬਜਾਏ ਵਧੇਰੇ ਧਰਮ, ਲੋਕਧਾਰਾ ਅਤੇ ਧਰਮ ਨਿਰਪੱਖ ਸਾਹਿਤ ਦੇ ਇਤਿਹਾਸ ਬਾਰੇ ਸਮਰਪਣ ਹਨ। ਉਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਪੰਜਾਬ ਯੂਨੀਵਰਸਿਟੀ (1948-58) ਵਿੱਚ ਸੰਪਾਦਕ ਵਜੋਂ ਕੀਤੀ । ਉਹ ਚੰਡੀਗੜ੍ਹ ਵਿਖੇ ਪੰਜਾਬੀ ਅਧਿਐਨ ਵਿਭਾਗ (1959-62) ਦੇ ਪ੍ਰੋਫੈਸਰ ਅਤੇ ਮੁਖੀ ਦੇ ਅਹੁਦੇ 'ਤੇ ਪਹੁੰਚ ਗਏ ਅਤੇ ਫਿਰ ਗੁਰੂ ਨਾਨਕ ਚੇਅਰ ਅਤੇ ਸਿੱਖ ਸਟੱਡੀਜ਼ ਵਿਭਾਗ (1972-84) ਦੇ ਮੁਖੀ ਵਜੋਂ ਪਹੁੰਚ ਗਏ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)