editor@sikharchives.org

ਮਾਸਟਰ ਮੋਤਾ ਸਿੰਘ (1888-9 ਜਨਵਰੀ 1960)

ਪੰਜਾਬ ਭੋਂਇ ਦੀ ਤਵਾਰੀਖ਼ ਬਾਗੀਆਂ ਦੀ ਪੈਦਾਇਸ਼ ਨਾਲ ਭਰੀ ਪਈ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਪੰਜਾਬ ਭੋਂਇ ਦੀ ਤਵਾਰੀਖ਼ ਬਾਗੀਆਂ ਦੀ ਪੈਦਾਇਸ਼ ਨਾਲ ਭਰੀ ਪਈ ਹੈ। ਇਹਨਾਂ ਬਾਗੀਆਂ ਵਿਚੋਂ ਇੱਕ ਸਨ ਮਾਸਟਰ ਮੋਤਾ ਸਿੰਘ। ਸਿੱਖ ਇਤਿਹਾਸ ਤੇ ਭਾਰਤ ਮੁਲਕ ਦੀ ਆਜਾਦੀ ਦੀ ਤਵਾਰੀਖ਼ ਪੜ੍ਹਨ ਵਾਲਿਆਂ ਲਈ ਮਾਸਟਰ ਜੀ ਦਾ ਨਾਮ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ। ਇਹਨਾਂ ਨੂੰ ਮਾਸਟਰੀ ਪੇਸ਼ੇ ਤੋਂ ਸ਼ੁਰੂ ਹੋ, ਗੁਰਦੁਆਰਾ ਸੁਧਾਰ ਲਹਿਰ, ਅਕਾਲੀ ਦਲ ਅਤੇ ਬੱਬਰ ਅਕਾਲੀ ਲਹਿਰ ਦੇ ਮੋਢੀਆਂ ਵਿਚੋਂ ਇੱਕ ਹੋਣ ਦਾ ਮਾਣ ਹਾਸਲ ਹੈ। ਆਪ ਨੇ ਲੰਮੀ ਜੇਲ ਕੱਟੀ। ਆਪ ਮੁਲਕ ਦੀ ਆਜਾਦੀ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੇ ਮੈਂਬਰ ਵੀ ਰਹੇ।

ਮਾਸਟਰ ਮੋਤਾ ਸਿੰਘ

ਜਲੰਧਰ ਦੇ ਘੁੱਗ ਵਸਦੇ ਪਿੰਡ ਪਤਾਰਾ ਵਿੱਚ ਸ. ਗੋਪਾਲ ਸਿੰਘ ਦੇ ਘਰ, 1888 ਫਰਵਰੀ ਮਹੀਨੇ ਵਿੱਚ ਪੈਦਾ ਹੋਏ ਨਿਆਣੇ ਦਾ ਨਾਮ , ਗੁਰੂ ਮਰਿਆਦਾ ਅਨੁਸਾਰ ਮੋਤਾ ਸਿੰਘ ਰੱਖਿਆ ਗਿਆ। ਗੁਰਸਿੱਖੀ ਤੇ ਬਾਗੀ ਤਬੀਅਤ ਵਿਰਾਸਤ ਵਿੱਚ ਮਿਲੀ। ਇਹਨਾਂ ਦੇ ਦਾਦੇ ਸਾਹਿਬ ਸਿੰਘ ਨੇ ਸਿੱਖ ਐਂਗਲੋ ਵਾਰ ਵਿੱਚ ਅੰਗਰੇਜ਼ਾਂ ਦੇ ਵਿਰੁਧ ਸਿੱਖ ਸਿਪਾਹੀ ਦੇ ਰੂਪ ਵਿੱਚ ਹਿੱਸਾ ਲਿਆ ਸੀ। ਦਸਵੀਂ ਪਾਸ ਕਰਨ ਮਗਰੋਂ ਜੇ.ਵੀ.ਟੀ ਕਰ ਕੁਝ ਸਮਾਂ ਜਲੰਧਰ ਤੇ ਹੁਸ਼ਿਆਰਪੁਰ ਦੇ ਸਕੂਲਾਂ ਵਿੱਚ ਮਾਸਟਰੀ ਕੀਤੀ। ਫਿਰ ਨਾਲ ਹੀ ਗਿਆਨੀ ਤੇ ਮੁਨਸ਼ੀ ਫ਼ਾਜ਼ਿਲ ਦੇ ਇਮਤਿਹਾਨ ਪਾਸ ਕਰ, ਪਹਿਲਾਂ ਅੰਮ੍ਰਿਤਸਰ, ਫਿਰ ਦਮਦਮਾ ਸਾਹਿਬ ਤੇ ਕੁਝ ਸਮਾਂ ਮਸਤੂਆਣੇ ਵੀ ਪੜਾਇਆ। ਮਾਝੇ ਆਲੇ ਦੀਵਾਨ ਨਾਲ ਜੁੜ ਪੰਜਾਬ ਵਿਚ ਕਈ ਥਾਂਵਾਂ ਤੇ ਮੁੰਡੇ ਕੁੜੀਆਂ ਲਈ ਖਾਲਸਾ ਸਕੂਲ ਵੀ ਸਥਾਪਤ ਕੀਤੇ ਤੇ ਉਹਨਾਂ ਵਿੱਚ ਪੜ੍ਹਾਇਆ ਵੀ। ਇਸ ਸਮੇਂ ਪੰਜਾਬ ਵਿੱਚ ਆਜ਼ਾਦੀ ਲਈ ਗ਼ਦਰ ਲਹਿਰ ਨੇ ਨੌਜਵਾਨਾਂ ਨੂੰ ਟੁੰਬਿਆ। ਮਾਸਟਰ ਜੀ ਦਾ ਰੁਝਾਨ ਵੀ ਇਸ ਪਾਸੇ ਨੂੰ ਹੋਇਆ। 1919 ਅਪ੍ਰੈਲ ਵਿੱਚ ਲਾਹੌਰ ਕੀਤੀ ਤਕਰੀਰ ਬਦਲੇ ਇਹਨਾਂ ਨੂੰ ਮਾਰਸ਼ਲ ਲਾਅ ਥੱਲੇ ਗ੍ਰਿਫ਼ਤਾਰ ਕੀਤਾ ਗਿਆ। ਜੇਲ ਵਿੱਚ ਪੱਗ ਬੰਨਣ ਤੇ ਪਾਬੰਦੀ ਹੋਣ ਕਰਕੇ , ਇਹਨਾਂ ਇਸ ਵਿਰੁੱਧ ਭੁਖ ਹੜਤਾਲ ਵੀ ਕੀਤੀ। ਦਸੰਬਰ ਵਿੱਚ ਰਿਹਾਈ ਹੋਈ।

ਗੁਰਦੁਆਰਾ ਸੁਧਾਰ ਲਹਿਰ ਤੇ ਅਕਾਲੀ ਤਹਿਰੀਕ ਦੇ ਮੋਢੀਆਂ ਵਿਚੋਂ ਇੱਕ ਹੋਣ ਕਰਕੇ, ਤਰਤਾਰਨ ਤੇ ਨਨਕਾਣਾ ਸਾਹਿਬ ਦੇ ਵਾਪਰੇ ਸਾਕੇ ਨੇ ਇਹਨਾਂ ਨੂੰ ਝੰਜੋੜ ਕੇ ਰੱਖ ਦਿੱਤਾ। ਇਹਨਾਂ ਨੇ 1921 ਵਿੱਚ ਹੁਸ਼ਿਆਰਪੁਰ ਹੋਈ ਸਿੱਖ ਐਜੂਕੇਸ਼ਨਲ ਕਾਨਫਰੰਸ ਦੇ ਸਮੇਂ ਹੀ ਭਾਈ ਕਿਸ਼ਨ ਸਿੰਘ ਨਾਲ ਰਲ ਕੇ ਇੱਕ ਦਸਤਾ ਬਣਾਇਆ ,ਤਾਂ ਕਿ ਇਹਨਾਂ ਸਾਕਿਆਂ ਦੇ ਦੋਸ਼ੀਆਂ ਨੂੰ ਸੋਧਿਆ ਜਾ ਸਕੇ।ਇਹਨਾਂ ਦਾ ਇਹ ਉਦਮ ਕਾਮਯਾਬ ਹੋਣ ਤੋਂ ਪਹਿਲਾਂ ਹੀ ਇਹਨਾਂ ਦੇ ਬਹੁਤ ਸੱਜਣ ਫੜੇ ਗਏ। ਇਹ ਰੂ-ਪੋਸ਼ ਹੋ ਗਏ। ਇਸ ਸਮੇਂ ਵਿੱਚ ਇਹਨਾਂ ਨੇ ਬੱਬਰ ਅਕਾਲੀ ਜੱਥੇ ਦੀ ਨੀਂਹ ਰੱਖੀ। ਇਹ ਇਤਨੇ ਦਲੇਰ ਸਨ ਕਿ ਕਈ ਵਾਰ ਪਹਿਲਾਂ ਐਲਾਨ ਕਰ ਦੇਣਾ ਕਿ ਮੈਂ ਫਲਾਣੇ ਦਿਨ, ਫਲਾਣੀ ਸਟੇਜ ਤੇ ਬੋਲਾਂਗਾ, ਗੋਰਾਸ਼ਾਹੀ ਵਿਚ ਦਮ ਹੈ ਤਾਂ ਵੇਖ ਲਵੇ। ਆਪ ਨੇ ਲੈਕਚਰ ਕਰਕੇ ਨਿਕਲ ਜਾਣਾ ਤੇ ਪੁਲਿਸ ਨੇ ਹਥ ਮਲਦੀ ਰਹਿਣਾ। ਆਪ ਦੇ ਸਬੰਧ ਕਾਬੁਲ ਦੇ ਸ਼ਾਹੀ ਘਰਾਣੇ, ਰੂਸੀ ਦੇ ਕਮਿਊਨਿਸਟ ਨੇਤਾਵਾਂ ਤਕ ਸਥਾਪਤ ਹੋ ਚੁਕੇ ਸਨ । ਬ੍ਰਿਟਿਸ਼ ਸਰਕਾਰ ਵੱਲੋਂ ਜਲੰਧਰ ਦੇ ਡੀਸੀ ਮਿਸਟਰ ਸੀ. ਡਬਲਯੂ ਜੈਕਬ ਨੇ ਮਾਸਟਰ ਜੀ ਨੂੰ ਇਸ਼ਤਿਹਾਰੀ ਮੁਜ਼ਰਮ ਐਲਾਨ ਦਿੱਤਾ ਤੇ ਗ੍ਰਿਫ਼ਤਾਰੀ ਲਈ ਦੋ ਮੁਰੱਬੇ ਦਾ ਇਨਾਮ ਰੱਖਿਆ ਗਿਆ।

ਮਿਸਟਰ ਜੈਕਬ ਨੇ ਅਰਜਨ ਸਿੰਘ ਹਰੀਪੁਰ ਦੀ ਮਦਦ ਨਾਲ 15 ਜੂਨ, 1922 ਨੂੰ ਮਾਸਟਰ ਜੀ ਨੂੰ ਬੜੇ ਨਾਟਕੀ ਢੰਗ ਨਾਲ ਉਨ੍ਹਾਂ ਦੇ ਪਿੰਡ ਤੋਂ ਹੀ ਗ੍ਰਿਫ਼ਤਾਰ ਕੀਤਾ ।ਦਫ਼ਾ 124 ਤੇ 153 ਅਧੀਨ , ਪੰਜ ਸਾਲ ਤੇ ਇਕ ਸਾਲ ਦੀ ਸਜਾ ਸੁਣਾਈ ਗਈ।ਪਹਿਲਾਂ ਰਾਵਲਪਿੰਡੀ ਜੇਲ ਭੇਜਿਆ ਗਿਆ। ਫਿਰ ਪੂਨਾ ਜੇਲ ਵਿੱਚ ਰੱਖਿਆ ਗਿਆ।1927 ਵਿੱਚ ਰਿਹਾਈ ਤੋਂ ਕੁਝ ਦਿਨਾਂ ਬਾਅਦ ਹੀ ਫਿਰ ਗ੍ਰਿਫਤਾਰ ਕੀਤਾ ਗਿਆ । ਇਸ ਵਾਰ 5 ਸਾਲ ਕੈਦ ਸੁਣਾਈ ਗਈ। ਇਸ ਕੈਦ ਸਮੇਂ ਕਿਰਪਾਨ ਰੱਖਣ ਦੇ ਮਸਲੇ ਤੇ 105 ਦਿਨ ਦੀ ਭੁਖ ਹੜਤਾਲ ਕੀਤੀ ਤੇ ਗੋਰਾਸ਼ਾਹੀ ਨੂੰ ਝੁਕਾਇਆ। 1931 ਵਿੱਚ ਆਜਾਦ ਹੋਏ ਤਾਂ ਝੰਗ ਹੋ ਰਹੀ ਕਾਨਫਰੰਸ ਵਿੱਚ ਪੁੱਜੇ ।ਉਥੇ ਕੀਤੀ ਰਾਜਸੀ ਤਕਰੀਰ ਕਰਕੇ ਜਲੰਧਰ ਤੋਂ ਫਿਰ ਗ੍ਰਿਫਤਾਰ ਕਰ ਲਏ ਗਏ। ਢਾਈ ਸਾਲ ਕੈਦ ਫਿਰ ਬੋਲ ਗਈ। 1942-45 ਤੱਕ ਗੁਜਰਾਤ ਜੇਲ ਵਿੱਚ ਰਹੇ ।1947 ਵਿਚ ਮੁਲਕ ਆਜਾਦ ਹੋ ਗਿਆ।

1952 ਵਿੱਚ ਕਾਂਗਰਸ ਦੀ ਟਿਕਟ ਤੇ ਚੋਣ ਜਿੱਤ ਕੇ ਪੰਜਾਬ ਵਿਧਾਨ ਸਭਾ ਦੇ ਮੈਂਬਰ ਬਣੇ। ਪਰ ਕਾਂਗਰਸ ਦੀਆਂ ਪੰਜਾਬ ਮਾਰੂ ਨੀਤੀਆਂ ਨੂੰ ਵੇਖ ਕੇ ਉਹਨਾਂ ਨੇ ਇਸ ਨਾਲੋਂ ਆਪਣੇ ਆਪ ਨੂੰ ਅਲੱਗ ਕਰ ਲਿਆ। 1959 ਵਿੱਚ ਪ੍ਰਤਾਪ ਸਿੰਘ ਕੈਰੋਂ ਵਕਤ ਜਦ ਕਿਸਾਨਾਂ ਤੇ ਟੈਕਸ ਲਾਇਆ ਗਿਆ ਤਾਂ ਉਸ ਵਕਤ ਆਪ ਜਲੰਧਰ ਤੋਂ ਕਿਸਾਨ ਸਭਾ ਦੇ ਪ੍ਰਧਾਨ ਦੇ ਰੂਪ ਵਿੱਚ ਇਸ ਮੋਰਚੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਰਹੇ। ਇਹਨਾਂ ਦਿਨਾਂ ਵਿੱਚ ਹੀ ,ਇਹਨਾਂ ਨੂੰ ਅਧਰੰਗ ਦਾ ਦੌਰਾ ਪਿਆ। ਜਲੰਧਰ ਦੇ ਸਿਵਲ ਹਸਪਤਾਲ ਵਿੱਚ 9 ਜਨਵਰੀ 1960 ਨੂੰ ਇਹ ਫ਼ਕੀਰ ਸਦਾ ਲਈ ਅੱਖਾਂ ਮੀਟ ਗਿਆ। ਅਸੀਂ ਉਹਨਾਂ ਦੀ ਘਾਲਣਾ ਨੂੰ ਸਿਜਦਾ ਕਰਦੇ ਹਾਂ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਬਲਦੀਪ ਸਿੰਘ ਰਾਮੂਵਾਲੀਆ

ਬਲਦੀਪ ਸਿੰਘ ਰਾਮੂੰਵਾਲੀਆ ਨੌਜਵਾਨ ਸਿੱਖ ਲੇਖਕ ਹਨ। ਆਪ ਸਿੱਖ ਇਤਿਹਾਸ ਬਾਰੇ ਸਮੇਂ-ਸਮੇਂ 'ਤੇ ਲੇਖ ਲਿਖਦੇ ਰਹਿੰਦੇ ਹਨ। ਆਪ ਦੀ ਸਿੱਖ ਇਤਿਹਾਸ ਦੇ ਉੱਤੇ ਚੰਗੀ ਪਕੜ ਹੈ। ਆਪ ਵੱਲੋਂ ਅਨੇਕਾਂ ਲੇਖ ਲਿਖੇ ਜਾ ਚੁੱਕੇ ਹਨ ਅਤੇ ਲਗਾਤਾਰ ਆਪ ਵੱਲੋਂ ਸਿੱਖ ਪੰਥ ਦੀ ਆਪਣੀ ਕਲਮ ਰਾਹੀ ਸੇਵਾ ਕੀਤੀ ਜਾ ਰਹੀ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)