੧.
ਸ. ਰਣਧੀਰ ਸਿੰਘ ਸਿੱਖ ਕੌਮ ਦੇ ਉਨ੍ਹਾਂ ਵਿਰਲੇ ਵਿਦਵਾਨਾਂ ‘ਚੋਂ ਇੱਕ ਸਨ, ਜਿਨ੍ਹਾਂ ਦੀਆਂ ਲਿਖਤਾਂ ‘ਚੋਂ ਪੂਰਬੀ ਤੇ ਪੱਛਮੀ ਖੋਜ ਵਿਧੀ ਦਾ ਸੁਮੇਲ ਇਕੋ ਥਾਂਵੇ ਨਿਰੂਪਤ ਹੁੰਦਾ ਹੈ। ਆਪ ਦਾ ਖੋਜ ਖੇਤਰ ਗੁਰੂ ਗ੍ਰੰਥ ਸਾਹਿਬ, ਬਚਿਤ੍ਰ ਨਾਟਕ ਤੇ ਸਿੱਖ ਇਤਹਾਸ ਦੁਆਲੇ ਕੇਂਦਰਿਤ ਰਿਹਾ। ਉਰਦੂ, ਫ਼ਾਰਸੀ, ਅਰਬੀ, ਪੰਜਾਬੀ, ਅੰਗਰੇਜ਼ੀ, ਹਿੰਦੀ ਆਦਿ ਭਾਸ਼ਾਵਾਂ ‘ਚ ਜਿੱਥੇ ਆਪ ਨੂੰ ਮੁਹਾਰਤ ਹਾਸਿਲ ਸੀ, ਉਥੇ ਭਾਰਤੀ ਅਤੇ ਕਤੇਬੀ ਮੱਤਾਂ ਦੇ ਮਿਥਿਆਸ ਤੇ ਇਤਹਾਸ ਤੇ ਵੀ ਬਹੁਤ ਸੋਹਣੀ ਪਕੜ ਰੱਖਦੇ ਸਨ। ਆਪ ਨੇ ਪੰਜਾਬੀ ਪੱਤਰਕਾਰੀ ਦੇ ਖੇਤਰ ਚ ਵੀ ਆਪਣੀ ਥਾਂ ਬਣਾਈ। ਬਹੁ-ਪੱਖੀ ਗਿਆਨ ਦੇ ਮਾਲਕ ਹੋਣ ਕਾਰਨ, ਆਪ ਦੇ ਸਮਕਾਲੀ ਆਪ ਨੂੰ ਗਿਆਨੀ ਜੀ, ਔਰੀਐਂਟਲ ਸਕਾਲਰ, ਆਦਿ ਵਿਸ਼ੇਸ਼ਣਾਂ ਨਾਲ ਸੰਬੋਧਿਤ ਹੁੰਦੇ ਸਨ। ਆਪ ਪੁਰਾਤਨ ਰਹਿਤ ਮਰਿਆਦਾ ਵਾਲੇ, ਸਿੱਖੀ ਆਚਾਰ ਦੀ ਚਲਦੀ ਫਿਰਦੀ ਮੂਰਤ ਸਨ। ਆਪਣੇ ਜੀਵਨ ਕਾਲ ਵਿੱਚ ਸ.ਰਣਧੀਰ ਸਿੰਘ ਹੁਣਾਂ ਨੇ ਤਕਰੀਬਨ ਇਕ ਦਰਜਨ ਕੁ ਕਿਤਾਬਾਂ ਨੂੰ ਮੌਲਿਕ ਰੂਪ ਚ ਲਿਖਿਆ ਜਾਂ ਸੰਪਾਦਿਤ ਕੀਤਾ। ਆਪ ਦੇ ਖੋਜ ਭਰਪੂਰ ਲੇਖ ਸਮਕਾਲੀ ਖੋਜ ਪਤ੍ਰਿਕਾਵਾਂ ਤੇ ਅਖ਼ਬਾਰਾਂ ਦਾ ਸ਼ਿੰਗਾਰ ਬਣਦੇ ਰਹੇ ਸਨ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਸਥਾਪਿਤ “ਸਿੱਖ ਇਤਹਾਸ ਰੀਸਰਚ ਬੋਰਡ” ਦੇ ਪਹਿਲੇ ਇਤਹਾਸਿਕ ਖੋਜੀ (ਹਿਸਟਰੀ ਰੀ.ਸਕਾਲਰ) ਹੋਣ ਦਾ ਮਾਣ ਵੀ ਸ.ਰਣਧੀਰ ਸਿੰਘ ਹੁਣਾਂ ਦੇ ਹਿੱਸੇ ਆਇਆ।
ਮੋਰਿੰਡੇ ਤੋਂ ਸਰਹਿੰਦ ਵੱਲ ਜਾਂਦੇ ਰਾਹ ‘ਤੇ ਮੋਰਿੰਡੇ ਤੋਂ ਕੋਈ ਪੰਜ ਕੁ ਕਿਲੋਮੀਟਰ ਦੀ ਵਿੱਥ ਤੇ ਘੁੱਗ ਵਸਦਾ ਪਿੰਡ “ਡੂਮਛੇੜੀ”(ਜਿਲ੍ਹਾ ਰੂਪ ਨਗਰ) ਹੈ। ਇਸ ਪਿੰਡ ਦੀ ਮੋੜ੍ਹੀ ਅੱਜ ਤੋਂ 235-40 ਸਾਲ ਪਹਿਲ੍ਹਾਂ ਬਠਿੰਡੇ ਵੱਲ ਦੇ ਧਾਲੀਵਾਲ ਗੋਤਰ ਦੇ ਭਾਈ ਡੂੰਮੇ ਨੇ ਆ ਕੇ ਗੱਡੀ ਸੀ। ਉਸਦੇ ਪਰਿਵਾਰ ‘ਚ ਹੀ ਸ. ਬਿਸ਼ਨ ਸਿੰਘ ਧਾਲੀਵਾਲ ਦੇ ਘਰ ਮਾਈ ਜਾਤਣ ਦੀ ਕੁੱਖੋਂ 21 ਜੁਲਾਈ 1898 ਈਸਵੀ ‘ਚ ਇੱਕ ਬੱਚੇ ਦਾ ਜਨਮ ਹੋਇਆ। ਜਿਸਦਾ ਨਾਮ ਸਰਵਣ ਸਿੰਘ ਰੱਖਿਆ ਗਿਆ। ਸਰੀਰ ਦਾ ਹੌਲਾ ਹੋਣ ਕਾਰਨ ਬਹੁਤ ਜਲਦੀ ਬਿਮਾਰ ਹੋ ਜਾਂਦਾ ਸੀ, ਜਦ ਨਿਆਣੇ ਦੀ ਸਿਹਤ ਨੂੰ ਕੋਈ ਫਰਕ ਨਾ ਪਿਆ ਤਾਂ ਦਾਦੀ ਨੇ ਬਣੇ ਹੋਏ ਸਮਾਜਿਕ ਵਹਿਮ ਕੇ, ਇਹੋ ਜਿਹੇ ਬੱਚੇ ਦਾ ਨਾਮ ਬਦਲ ਦਈਏ ਤਾਂ ਉਸਦੀ ਸਿਹਤ ਫੁਰਦੀ ਹੈ, ਆਪਣੇ ਪੋਤੇ ਦਾ ਨਾਮ ਸਰਵਣ ਤੋਂ ਈਸ਼ਰ ਸਿੰਘ ਰੱਖ ਦਿੱਤਾ। ਉਧਰ ਰੱਬ ਦੀ ਕਰਨੀ ਈਸ਼ਰ ਸਿੰਘ ਮਸਾਂ ਦੋ ਕੁ ਸਾਲ ਦਾ ਹੋਇਆ ਸੀ ਕੇ ਮਾਂ ਤੇ ਦਾਦੀ ਅੱਗੜ ਪਿੱਛੜ ਹੀ ਦੁਨੀ ਸੁਹਾਵਾ ਬਾਗ ਛੱਡ ਗਈਆਂ। ਹੁਣ ਮਾਂ-ਮਹਿਟਰ ਨਿਆਣੇ ਦੀ ਸਾਰੀ ਜ਼ਿੰਮੇਵਾਰੀ ਸ. ਬਿਸ਼ਨ ਸਿੰਘ ਹੁਣਾਂ ਉਪਰ ਆ ਪਈ। ਆਪ ਬਹੁਤ ਨੇਕ ਤੇ ਮਿਹਨਤੀ ਬ੍ਰਿਤੀ ਦੇ ਮਾਲਕ ਸਨ। ਕੁਝ ਸਮਾਂ ਵਪਾਰ ‘ਚ ਵੀ ਹੱਥ ਅਜ਼ਮਾ ਕੇ ਦੇਖਿਆ, ਪਰ ਸਫਲਤਾ ਨ ਮਿਲੀ ਤਾਂ ਮੁੜ ਤੋਂ ਖੇਤੀ ਆਰੰਭ ਕਰ ਦਿੱਤੀ।
8-10 ਸਾਲ ਦੀ ਉਮਰ ‘ਚ ਕਾਕਾ ਈਸ਼ਰ ਸਿੰਘ ਨੂੰ ਅੱਖਰ ਗਿਆਨ ਦਿਵਾਉਣ ਲਈ ਪਿੰਡ ਦੇ ਲਾਗੇ ਹੀ ਸੱਖੋ ਮਾਜਰੇ ਬਾਬਾ ਗੁਰਦਿੱਤ ਸਿੰਘ ਜੀ ਖਮਾਣੋਂ ਵਾਲਿਆ ਪਾਸ ਭੇਜਿਆ ਜਾਣ ਲੱਗਾ। ਬਾਬਾ ਜੀ ਸੇਵਾ ਭਾਉ ਵਾਲੇ ਗੁਰਸਿੱਖ ਸਨ। ਜਿੱਥੇ ਆਪ ਆਪਣੀਆਂ ਕੁਟੀਆ ਦੇ ਬਾਹਰ ਬੈਠ ਕੇ ਰਾਹਗੀਰਾਂ ਲਈ ਜਲ ਦੀ ਸੇਵਾ ਕਰਿਆ ਕਰਦੇ ਸਨ, ਉੱਥੇ ਹੀ ਆਸੇ ਪਾਸੇ ਦੇ ਪਿੰਡਾਂ ਦੇ ਬੱਚਿਆਂ ਨੂੰ ਅੱਖਰ ਗਿਆਨ ਤੇ ਗੁਰਬਾਣੀ ਸੰਥਾ ਵੀ ਦਿਆ ਕਰਦੇ ਸਨ। ਈਸ਼ਰ ਸਿੰਘ ਤੇਜ਼ ਤਰਾਰ ਬੁਧੀ ਦਾ ਮਾਲਕ ਹੋਣ ਕਾਰਨ ਪਹਿਲੇ ਦਿਨ ਹੀ ਪੈਂਤੀ ਸਿੱਖ ਗਿਆ, ਅਖਰ ਜੋੜ ਕੇ ਉਚਾਰਣੇ ਜਦ ਆ ਗਏ ਤਾਂ ਪੁਰਾਤਨ ਮਰਿਆਦਾ ਅਨੁਸਾਰ ਧਾਰਮਿਕ ਸਿੱਖਿਆ ਆਰੰਭ ਹੋਈ। ਪੰਜ ਗ੍ਰੰਥੀ, ਦਸ ਗ੍ਰੰਥੀ, ਭਾਈ ਗੁਰਦਾਸ, ਗੁਰੂ ਗ੍ਰੰਥ ਸਾਹਿਬ ਤੇ ਬਚਿਤ੍ਰ ਨਾਟਕ ਆਦਿਕ ਦੀ ਸੰਥਾਂ ਮੁਕੰਮਲ ਕੀਤੀ। ਉਰਦੂ ਦਾ ਕੈਦਾ ਵੀ ਮੁਕਮਲ ਕੀਤਾ। ਪੜ੍ਹਾਈ ਦੀ ਖਿੱਚ ਸਕੂਲ ਵੱਲ ਲੈ ਗਈ, ਅੱਠਵੀ ਜਮਾਤ ਤੱਕ ਨਿਰੰਤਰ ਅਵੱਲ ਆਉਂਦੇ ਰਹੇ। ਇਸਤੋਂ ਅੱਗੇ ਕੁਝ ਘਰੇਲੂ ਕਾਰਨਾਂ ਕਰਕੇ ਪੜ੍ਹ ਨ ਸਕੇ। ਖੇਤੀ ਵਿਚ ਈਸ਼ਰ ਸਿੰਘ ਦੀ ਰੁਚੀ ਨਹੀ ਸੀ,ਸੋ ਆਪ ਕੁਝ ਸਮਾਂ ਖੰਟ ਦੇ ਪ੍ਰਾਇਮਰੀ ਤੇ ਕੁਝ ਸਮਾਂ ਮੋਰਿੰਡੇ ਦੇ ਮਿਡਲ ਸਕੂਲ ਵਿਚ ਪੜ੍ਹਾਉਂਦੇ ਰਹੇ। ਇਸੇ ਸਮੇਂ ਵਿਚ ਹੀ 1915 ‘ਚ ਈਸ਼ਰ ਸਿੰਘ ਜਲੰਧਰ ਜਾ ਕੇ ਫੌਜ ਚ ਭਰਤੀ ਹੋ ਗਏ, ਜਿਥੇ ਆਪ ਦੀ ਰੈਜਮੰਟ 92 ਪੰਜਾਬ ਸੀ। ਪੜ੍ਹਨ ਲਿਖਣ ਦੀ ਰੁਚੀ ਕਾਰਨ ਆਪ ਇਥੇ ਵੀ ਦਫ਼ਤਰੀ ਕਾਰਜ ਪ੍ਰਣਾਲੀ ਦਾ ਹਿੱਸਾ ਬਣ ਗਏ। ਇਥੇ ਹੀ ਆਪ ਨੇ ਖੰਡੇ ਬਾਟੇ ਦੀ ਪਾਹੁਲ ਲਈ। ਥੋੜੇ ਸਮੇਂ ਬਾਅਦ ਡਰਿੱਲ ਇੰਸਟਰਕਟਰ ਬਣ ਗਏ। ਤਰੱਕੀ ਕਰਦੇ 1917 ਚ ਨੈਕ ਦੀ ਪਦਵੀ ਤੇ ਪਹੁੰਚੇ।ਫੌਜ ਚ ਰਹਿ ਕੇ ਮੁਲਕ ਦਾ ਕਾਫੀ ਹਿੱਸਾ ਦੇਖਣ ਦਾ ਮੌਕਾ ਮੇਲ ਬਣਿਆ। ਅੱਗੇ ਤਰੱਕੀ ਦੇ ਆਸਾਰ ਨ ਦਿੱਸਣ ਕਾਰਨ ਸੰਤਬਰ 1920 ‘ਚ ਕੋਇਟੇ ਤੋਂ ਆਪਣਾ ਨਾਮ ਕਟਵਾ ਕੇ ਪਿੰਡ ਆ ਕੇ ਖੇਤੀ ਕਰਨ ਲੱਗੇ। ਇਸ ਵਕਤ ਪੰਜਾਬ ਅੰਦਰ ਗੁਰਦੁਆਰਾ ਸੁਧਾਰ ਲਹਿਰ ਜ਼ੋਰ ਸ਼ੋਰ ਨਾਲ ਚੱਲ ਰਹੀ ਸੀ, ਜਿਸਦਾ ਪ੍ਰਭਾਵ ਸ.ਈਸ਼ਰ ਸਿੰਘ ਦੇ ਜੀਵਨ ਤੇ ਵੀ ਪਿਆ।
ਕੁਝ ਸਮੇਂ ਬਾਅਦ ਕਿਰਤ ਕਾਰ ਲਈ ਕਲਕੱਤੇ ਚੱਲੇ ਗਏ। ਇਥੇ ਆਪ ਨੇ ਹੋਟਲ ਦਾ ਕੰਮ ਵੀ ਸ਼ੁਰੂ ਕੀਤਾ। ਇਥੋਂ ਫਿਰ ਅੰਮ੍ਰਿਤਸਰ ਆ ਗਏ ਤੇ ਇਥੋਂ ਜਨਵਰੀ 1923 ਫਿਰ ਕੋਇਟੇ ਸ. ਨੱਥਾ ਸਿੰਘ ਠੇਕੇਦਾਰ ਕੋਲ ਚੱਲੇ ਗਏ ; ਜਿੱਥੇ ਆਪ ਨੇ ਠੇਕੇਦਾਰੀ ਆਰੰਭ ਕੀਤੀ। ਇਸੇ ਸਮੇਂ ਵਿਚ ਆਪ ਦੇ ਵੱਡੇ ਭਰਜਾਈ ਜੀ ਚਲਾਣਾ ਕਰ ਗਏ। ਜਿਸ ਕਾਰਨ ਮਾਰਚ 1924 ਆਪ ਨੂੰ ਪਿੰਡ ਵਾਪਸ ਆਉਣਾ ਪਿਆ। ਕੁਝ ਸਮਾਂ ਪਿੰਡ ਰਹਿਣ ਪਿੱਛੋਂ ਮੁੜ ਅੰਮ੍ਰਿਤਸਰ ਆ ਗਏ। ਇਥੇ ਆਪ ਦੀ ਸਾਂਝ ਸ. ਮੰਗਲ ਸਿੰਘ ਜੋ “ਅਕਾਲੀ” (ਉਰਦੂ) ਅਤੇ “ਅਕਾਲੀ ਤੇ ਪ੍ਰਦੇਸੀ” (ਪੰਜਾਬੀ) ਅਖ਼ਬਾਰਾਂ ਦੇ ਐਡੀਟਰ ਸਨ ਨਾਲ ਹੋ ਗਈ। ਆਪ ਨੇ ਇਨ੍ਹਾਂ ਅਖ਼ਬਾਰਾਂ ਲਈ ਪੱਤਰਕਾਰੀ ਸ਼ੁਰੂ ਕੀਤੀ। ਜਦ ਕੁਝ ਸਿਆਸੀ ਕਾਰਨਾਂ ਕਰਕੇ ਸ.ਮੰਗਲ ਸਿੰਘ ਹੁਣਾਂ ਦੇ ਵਾਰੰਟ ਨਿਕਲੇ ਤਾਂ ਦੋਨ੍ਹਾਂ ਅਖ਼ਬਾਰਾਂ ਦੀ ਸੰਪਾਦਕ ਦੀ ਜ਼ਿੰਮੇਵਾਰੀ ਸ. ਈਸ਼ਰ ਸਿੰਘ ਦੇ ਮੋਢਿਆ ‘ਤੇ ਆਣ ਪਈ। ਆਪ ਦੁਆਰਾ ਲਿਖੀ ਇਕ ਸੰਪਾਦਕੀ ਕਰਕੇ ਆਪ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਅਕਤੂਬਰ 1924 ‘ਚ ਦੋ ਸਾਲ ਦੀ ਕੈਦ ਸੁਣਾਈ ਗਈ। ਇਸ ਕੈਦ ਵਿਚ ਆਪ ਨੂੰ ਕਰਤਾਰ ਸਿੰਘ ਝੱਬਰ ਹੁਣਾਂ ਦਾ ਸਾਥ ਮਾਨਣ ਦਾ ਵੀ ਸਬੱਬ ਬਣਿਆ। ਅਖ਼ੀਰ 1927 ‘ਚ ਰਾਵਲਪਿੰਡੀ ਤੋਂ ਰਿਹਾਅ ਹੋ ਕੇ ਪਿੰਡ ਆ ਗਏ। ਇਸੇ ਸਮੇਂ ਆਪ ਦਾ ਅੰਨਦ ਕਾਰਜ ਪਿੰਡ ਰਾਨਵਾਂ ਵਾਸੀ, ਸ.ਕਾਹਨ ਸਿੰਘ ਦੀ ਸਪੁੱਤਰੀ ਬੀਬੀ ਮਹਿੰਦਰ ਕੌਰ ਨਾਲ ਹੋਇਆ। ਬੀਬੀ ਜੀ ਨਿਮਰ ਸੁਭਾਅ ਦੀ ਮਿਲਾਪੜੀ ਸਖ਼ਸ਼ੀਅਤ ਸਨ। ਤਿਨ੍ਹਾਂ ਦੇ ਅਥਾਹ ਸਹਿਯੋਗ ਕਾਰਨ ਹੀ ਸ.ਈਸ਼ਰ ਸਿੰਘ ਤੋਂ ਸ. ਰਣਧੀਰ ਸਿੰਘ ਇਤਹਾਸਿਕ ਖੋਜੀ ਦਾ ਸਫਰ ਤਹਿ ਹੋ ਸਕਿਆ। ਆਪ ਦੇ ਘਰ ਪੰਜ ਪੁੱਤਰ ਤੇ ਇੱਕ ਧੀ ਨੇ ਜਨਮ ਲਿਆ।
ਫਰਵਰੀ 1927 ਚ ਆਪ ਮੁੜ ਅੰਮ੍ਰਿਤਸਰ ਆ ਗਏ। ਇਥੇ ਅਕਾਲੀ ਅਖ਼ਬਾਰ ਵਿਚ ਮੁੜ ਸੇਵਾ ਆਰੰਭ ਕੀਤੀ। ਇਥੇ ਹੀ 15 ਫਰਵਰੀ 1927 ਨੂੰ ਸ਼੍ਰੋਮਣੀ ਕਮੇਟੀ ਵਿਚ ਮੁਲਾਜ਼ਮ ਭਰਤੀ ਹੋ ਗਏ। ਇਥੋਂ ਹੀ ਅਸਲ ਵਿਚ ਸ. ਰਣਧੀਰ ਸਿੰਘ ਦਾ ਸਫ਼ਰ ਸ਼ੁਰੂ ਹੁੰਦਾ ਹੈ। ਆਪ ਦੀ ਖੋਜ ਦੀ ਬ੍ਰਿਤੀ ਨੇ ਪਹਿਲਾਂ ਆਪ ਨੂੰ ਗੁਰੂ ਗ੍ਰੰਥ ਸਾਹਿਬ ਤੇ ਬਚਿਤ੍ਰ ਨਾਟਕ ਦੇ ਪੁਰਾਤਨ ਸਰੂਪਾਂ ਦੀ ਖੋਜ ਵੱਲ ਤੋਰਿਆ ਅਤੇ ਆਪ ਨੇ ਜ਼ਰੂਰੀ ਨੁਕਤੇ ਕਲਮ ਦੁਆਰਾ ਕਾਗਜ਼ ਦੀ ਹਿੱਕ ‘ਤੇ ਉਕੇਰਣੇ ਸ਼ੁਰੂ ਕੀਤੇ। 1930 ਦੇ ਲਾਗੇ ਕੁਝ ਸਮਾਂ ਲਾਹੌਰ ਵੀ ਰਹਿੰਦੇ ਰਹੇ। ਇਥੇ ਪੱਤਰਕਾਰੀ ਦੇ ਨਾਲ ਨਾਲ, ਸ਼੍ਰੋਮਣੀ ਕਮੇਟੀ ਦਾ ਕਾਰਜ ਤੇ ਬੰਸਾਵਲੀਨਾਮੇ ਦਾ ਉਤਾਰਾ ਵੀ ਕਰਦੇ ਰਹੇ। ਇਹ ਅਤਿਅੰਤ ਸਬਰ ਤੇ ਸੂਝ-ਬੂਝ ਵਾਲਾ ਕਾਰਜ ਸੀ। 26 ਸੰਤਬਰ 1931 ਨੂੰ ਦਰਬਾਰ ਸਾਹਿਬ ਕਮੇਟੀ ਨੇ ਬਚਿਤ੍ਰ ਨਾਟਕ ਦੇ ਪ੍ਰਯਾਯ (ਸ਼ਬਦਾਰਥ) ਤਿਆਰ ਕਰਨ ਲਈ ਵਿਦਵਾਨਾਂ ਨੂੰ ਅਪੀਲ ਕੀਤੀ। ਸ.ਰਣਧੀਰ ਸਿੰਘ ਹੁਣਾਂ ਨੇ ਅਣਥਕ ਮਿਹਨਤ ਨਾਲ 1935 ਤੱਕ ਇਹ ਕਾਰਜ ਮੁਕੰਮਲ ਕਰ ਲਿਆ। ਪਰ ਇਹ ਛਾਪੇ ਦਾ ਰੂਪ ਨ ਲੈ ਸਕਿਆ। ਨਿਰੰਜਨ ਸਿੰਘ ਤਾਲਿਬ ਜਿਨ੍ਹਾਂ ਨੇ ਕਲਕੱਤੇ ਤੋਂ ਦੇਸ਼ ਦਰਪਣ ਅਖ਼ਬਾਰ ਸ਼ੁਰੂ ਕੀਤਾ ਸੀ, ਉਸ ‘ਚ ਲਿਖੇ ਇਕ ਲੇਖ ਲਈ ਆਪ ਨੂੰ ਛੇ ਮਹੀਨੇ ਦੀ ਕੈਦ ਹੋਈ (ਕੁਝ ਲੋਕਾਂ ਨੇ ਛੇ ਸਾਲ ਲਿਖਿਆ ਜੋ ਬਿਲਕੁਲ ਗ਼ਲਤ ਹੈ)। ਆਪ ਗੁਰਦੁਆਰਾ ਇੰਸਪੈਕਟਰ ਬਣ ਚੁੱਕੇ ਸਨ, ਜਿਸ ਕਾਰਨ ਪੂਰੇ ਮੁਲਕ ‘ਚ ਘੁੰਮਣ ਦਾ ਸਮਾਂ ਆਪ ਨੂੰ ਮਿਲਿਆ। ਪੁਰਾਤਨ ਹੱਥ ਲਿਖਤਾਂ ਨੂੰ ਵਾਚਣ ਲਈ ਕਈ ਵਾਰ ਛੁੱਟੀ ਲੈ ਕੇ ਨਿੱਜੀ ਖਰਚ ‘ਤੇ ਵੀ ਸਫ਼ਰ ਕੀਤਾ ਤੇ ਉਤਾਰੇ ਕਰਵਾਏ। 1937 ਈਸਵੀ ‘ਚ ਆਪ ਨੂੰ ਦਿੱਲੀ ਗੁਰਦੁਆਰਿਆਂ ਦੀ ਕਮੇਟੀ ਦੀ ਚੋਣ ਕਰਵਾਉਣ ਲਈ ਦਿੱਲੀ ਦੀ ਆਰਜੀ ਕਮੇਟੀ ਦੇ ਇੰਚਾਰਜ ਬਣਾ ਕੇ ਭੇਜਿਆ ਗਿਆ। 1942 ਈਸਵੀ ‘ਚ ਜਦ ਭਾਰਤੀ ਮੂਲ ਦੇ ਬਾਸ਼ਿੰਦੇ ਬਰਮਾ ‘ਚੋਂ ਹਿਜ਼ਰਤ ਕਰਕੇ ਬੰਗਾਲ ਵਿਚ ਆ ਰਹੇ ਸਨ ਤਾਂ ਸ਼੍ਰੋਮਣੀ ਕਮੇਟੀ ਨੇ ਵੀ ਉਨ੍ਹਾਂ ਦੀ ਮੁੱਢਲੀ ਸਹਾਇਤਾ ਲਈ ਆਪਣਾ ਜੱਥਾ ਸ. ਰਣਧੀਰ ਸਿੰਘ ਹੁਣਾ ਦੀ ਸਰਪ੍ਰਸਤੀ ਹੇਠ ਭੇਜਿਆ। ਇੰਨੇ ਰੁਝੇਵਿਆਂ ‘ਚੋਂ ਵੀ ਆਪ ਆਪਣੇ ਖੋਜ ਕਾਰਜ ਲਈ ਸਮਾਂ ਕੱਢ ਲੈਂਦੇ ਸਨ।
ਇਨ੍ਹਾਂ ਦਿਨਾਂ ‘ਚ ਹੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ ਤੇ ਮਹਾਰਾਜਾ ਦਲੀਪ ਸਿੰਘ ਦੀ ਧੀ “ਰਾਜਕੁਮਾਰੀ ਬੰਬਾ ਸਦਰਲੈਂਡ” ਦੀ ਪ੍ਰੇਰਨਾ ਸਦਕਾ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ 1945 ‘ਚ ਖਾਲਸਾ ਕਾਲਜ ਦੇ ਵੇਹੜੇ ਵਿਚ “ਸਿੱਖ ਹਿਸਟਰੀ ਸੋਸਾਇਟੀ” ਦੀ ਨੀਂਹ ਰੱਖੀ। ਜਿਸ ਦੇ ਪਹਿਲੇ ਪ੍ਰਧਾਨ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਤੇ ਸਕੱਤਰ ਡਾ.ਗੰਡਾ ਸਿੰਘ (ਇਤਹਾਸਕਾਰ, ਜੋ ਉਸ ਵਕਤ ਖਾਲਸਾ ਕਾਲਜ ਦੇ ਇਤਹਾਸ ਰੀਸਰਚ ਡਿਪਾਰਟਮੈਂਟ ਨੂੰ ਚਲਾ ਰਹੇ ਸਨ) ਚੁਣੇ ਗਏ। ਸ਼੍ਰੋਮਣੀ ਕਮੇਟੀ ਨੇ ਆਪਣੇ ਵੱਲੋਂ ਇਸ ਸੰਸਥਾ ਲਈ ਜਿੱਥੇ ਮਾਇਕ ਸਹਾਇਤਾ ਦੇਣੀ ਸ਼ੁਰੂ ਕੀਤੀ ਉਥੇ ਹੀ ਸ.ਰਣਧੀਰ ਸਿੰਘ ਦੀਆਂ ਸੇਵਾਵਾਂ ਵੀ ਇਸ ਕਮੇਟੀ ਦੇ ਸਪੁਰਦ ਕਰ ਦਿੱਤੀਆਂ ਅਤੇ ਇਥੋਂ ਹੀ ਆਪ ਦਾ ਹਿਸਟਰੀ ਰੀਸਰਚ ਸਕਾਲਰ ਦਾ ਸਫ਼ਰ ਸ਼ੁਰੂ ਹੋਇਆ। ਆਪ ਦਾ ਬਹੁਤਾ ਕੰਮ ਪਹਿਲ੍ਹਾਂ ਸਿੱਖ ਹਿਸਟਰੀ ਸੋਸਾਇਟੀ ਵੱਲੋਂ ਹੀ ਛਪਿਆ ਤੇ ਬਾਅਦ ‘ਚ ਸ਼੍ਰੋਮਣੀ ਕਮੇਟੀ ਵਲੋਂ ਰੀਪ੍ਰਿੰਟ ਹੁੰਦਾ ਰਿਹਾ। ਸੁਸਾਇਟੀ ਦੀ ਪ੍ਰੇਰਨਾ ਉਪਰ, ਗੰਡਾ ਸਿੰਘ ਅਤੇ ਸ.ਰਣਧੀਰ ਸਿੰਘ ਦੀ ਅਣਥਕ ਮਿਹਨਤ ਨੇ “ਸਿੱਖ ਰੈਫਰੈਂਸ ਲਾਇਬ੍ਰੇਰੀ” ਦਾ ਮੁੱਢ ਬੰਨਿਆ। ਇਥੇ ਆਪ ਨੇ ਪਹਿਲੇ ਲਾਇਬ੍ਰੇਰੀਅਨ ਦੇ ਰੂਪ ਚ ਵੀ ਸੇਵਾ ਕੀਤੀ। ਡਾ.ਗੰਡਾ ਸਿੰਘ ਨਾਲ ਮਿਲ ਕੇ ਜਿੱਥੇ ਪੁਰਾਤਨ ਕਿਤਾਬਾਂ ਤੇ ਖਰੜਿਆਂ ਨੂੰ ਸੰਭਾਲਣਾ ਸ਼ੁਰੂ ਕੀਤਾ ਉਥੇ ਹੀ ਖੋਜ ਕਰਤਾਵਾਂ ਦੀ ਸੌਖ ਲਈ ਉਰਦੂ, ਫ਼ਾਰਸੀ, ਪੰਜਾਬੀ, ਹਿੰਦੀ ਕਿਤਾਬਾਂ ਦੀ ਪੁਸਤਕ ਸੂਚੀ ਤਿਆਰ ਕਰਕੇ ਛਪਵਾਈ। ਸੋਸਾਇਟੀ ਦੇ ਤ੍ਰੈ-ਮਾਸਿਕ ਪਰਚੇ “ਇਤਹਾਸਿਕ ਪੱਤਰ” ਵਿਚ ਆਪ ਦੀ ਬਹੁਤੀ ਖੋਜ ਛਪੀ, ਜਿਸ ਨੇ ਬਾਅਦ ‘ਚ ਕਿਤਾਬਾਂ ਜਾਮਾ ਵੀ ਅਪਣਾਇਆ। ਕੁਝ ਸਮੇਂ ਪਿੱਛੋਂ ਆਪ ਨੂੰ ਇਸ ਪਰਚੇ ਦਾ ਸੰਪਾਦਕ ਬਣਾ ਦਿੱਤਾ ਗਿਆ। ਜਿੱਥੇ ਹੁਣ ਆਪ ਸੰਪਾਦਨਾ ਦਾ ਕਾਰਜ ਸੰਭਾਲ ਰਹੇ ਸਨ, ਉਥੇ ਹੀ ਪਾਠਕਾਂ ਵੱਲੋ ਸਿੱਖ ਇਤਹਾਸ, ਫਲਸਫੇ ਤੇ ਗੁਰਬਾਣੀ ਸਬੰਧੀ ਪੁੱਛੇ ਜਾਂਦੇ ਸਵਾਲਾਂ ਦੇ ਜੁਆਬ ਵੀ ਸੁਚੱਜੇ ਢੰਗ ਨਾਲ ਦਿਆ ਕਰਦੇ ਸਨ, ਜੋ ਪਰਚੇ ਵਿਚ ਹੀ ਛੱਪਦੇ ਸਨ। ਜਿੱਥੇ ਆਪ ਨੇ ਲੇਖਣੀ ਦੁਆਰਾ ਆਪਣੀ ਪੰਥਕ ਪਹਿਚਾਣ ਬਣਾਈ ਉਥੇ ਹੀ ਸੋਸਾਇਟੀ ਦੁਆਰਾ ਸ਼ੁਰੂ ਕੀਤੇ ਬੰਦ ਕਮਰਾ ਲੈਕਚਰਾਂ ਚ ਇਕ ਸੁਘੜ ਵਕਤੇ ਦੇ ਰੂਪ ਵਿਚ ਵੀ ਆਪ ਨੇ ਆਪਣੀ ਪਛਾਣ ਬਣਾਈ। ਇਸ ਦੇ ਨਾਲ ਧਰਮ ਪ੍ਰਚਾਰ ਕਮੇਟੀ ਦੁਆਰਾ ਵਿੱਢੀ ਧਰਮ ਪ੍ਰਚਾਰ ਦੀ ਮੁਹਿੰਮ ਵਿਚ ਵੀ ਸ. ਰਣਧੀਰ ਸਿੰਘ ਹੁਣਾਂ ਨੂੰ ਡਾ.ਗੰਡਾ ਸਿੰਘ, ਸਰਮੁਖ ਸਿੰਘ ਅਮੋਲ ਆਦਿ ਨਾਲ ਵਖਯਾਨ ਕਰਨ ਦਾ ਅਵਸਰ ਵੀ ਮਿਲਿਆ।
ਜਦ ਡਾ.ਗੰਡਾ ਸਿੰਘ ਅੰਮ੍ਰਿਤਸਰ ਤੋਂ ਪਟਿਆਲੇ ਚਲੇ ਗਏ ਤਾਂ ਅੰਮ੍ਰਿਤਸਰ ਦੀ ਸਿੱਖ ਹਿਸਟਰੀ ਸੋਸਾਇਟੀ ਦੀ ਸਾਰੀ ਜ਼ਿੰਮੇਵਾਰੀ ਸ.ਰਣਧੀਰ ਸਿੰਘ ਹੁਣਾਂ ਉਪਰ ਆਣ ਪਈ , ਇਸ ਵਕਤ ਆਪ ਸੋਸਾਇਟੀ ਦੇ ਸਕੱਤ੍ਰ ਦੇ ਰੂਪ ਚ ਸੇਵਾ ਨਿਭਾਉਣ ਲੱਗੇ। ਸੋਸਾਇਟੀ ਦੀਆਂ ਜੜ੍ਹਾਂ ਹੋਰ ਪਕੇਰੀਆਂ ਕਰਨ ਲਈ ਸ.ਗੰਡਾ ਸਿੰਘ ਹੁਣਾਂ ਨੇ ਇਸ ਦੀ ਇਕ ਬਰਾਂਚ ਪਟਿਆਲੇ ਵਿਚ ਵੀ ਫਰਵਰੀ 1950 ‘ਚ ਸਥਾਪਿਤ ਕੀਤੀ। ਪਟਿਆਲੇ ਹੋਈ 34 ਵੀਂ ਸਿੱਖ ਐਜੂਕੇਸ਼ਨਲ ਕਾਨਫਰੰਸ ‘ਚ ਸਿੱਖ ਇਤਹਾਸ ਨਾਲ ਸਬੰਧਿਤ ਵਸਤਾਂ ਦੀ ਪ੍ਰਦਰਸ਼ਨੀ ਸਫਲਤਾ ਪੂਰਵਕ ਲਾਉਣ ਵਿਚ ਆਪ ਦਾ ਵੀ ਬਹੁਤ ਅਹਿਮ ਯੋਗਦਾਨ ਸੀ। ਸ਼੍ਰੋਮਣੀ ਕਮੇਟੀ ਵੱਲੋਂ 1955 ‘ਚ ਇਕ ਯੋਜਨਾਂ ਤਿਆਰ ਕੀਤੀ ਗਈ ਕਿ ਗੁਰੂ ਸਾਹਿਬਾਨ ਨਾਲ ਸਬੰਧਿਤ ਸਾਰੇ ਹੁਕਮਨਾਮੇ ਇੱਕਠੇ ਕਰਕੇ, ਖੋਜ ਪੜ੍ਹਤਾਲ ਕਰਕੇ ਛਪਵਾਏ ਜਾਣ। ਜਿਸ ਲਈ ਸ.ਰਣਧੀਰ ਸਿੰਘ ਹੁਣਾਂ ਦੀ ਚੋਣ ਹੋਈ। ਆਪ ਨੇ ਅਣਥਕ ਮਿਹਨਤ ਕਰਦਿਆਂ ਪੂਰੇ ਮੁਲਕ ਦਾ ਭ੍ਰਮਣ ਕਰਕੇ ਹੁਕਮਨਾਮੇ ਇਕੱਠੇ ਕੀਤੇ ਤੇ ਉਨ੍ਹਾਂ ਦੇ ਅਸਲੀ ਜਾਂ ਨਕਲੀ ਹੋਣ ਦੇ ਸਿੱਟੇ ਕੱਢ, ਆਪਣੀ ਰਿਪੋਰਟ ਕਮੇਟੀ ਨੂੰ ਪੇਸ਼ ਕੀਤੀ। ਆਪ ਦੇ ਇਸ ਕਾਰਜ ਦੀ ਬਹੁਤ ਸਲਾਹੁਤ ਹੋਈ ਤੇ ਇਸਨੂੰ ਛਾਪਣ ਲਈ ਵੀ ਮਤਾ ਪਿਆ। ਪਰ ਬਲਾਕਾਂ ਦੀ ਦੇਰੀ ਕਰਕੇ ਪਿੱਛੋਂ ਹੋਰ ਸੁਧਾਈ ਸ. ਸ਼ਮਸ਼ੇਰ ਸਿੰਘ ਅਸ਼ੋਕ ਤੋਂ ਕਰਵਾ ਕੇ ਇਹ ਕਿਤਾਬ ਪਾਠਕਾਂ ਤਕ ਪੁੱਜੀ (ਇਸ ਗੱਲ ਦਾ ਜ਼ਿਕਰ ਬਕਾਇਦਾ ਸ. ਅਸ਼ੋਕ ਨੇ ਸੰਪਾਦਕੀ ‘ਚ ਕੀਤਾ ਹੈ)। ਸ਼੍ਰੋਮਣੀ ਕਮੇਟੀ ਦੇ ਇਜਲਾਸਾਂ ਵਿਚ ਕਾਫੀ ਸਮੇਂ ਤੋਂ ਕਮੇਟੀ ਦਾ ਸਿੱਖ ਇਤਿਹਾਸ ਨਾਲ ਸਬੰਧਤ ਵੱਖਰਾ ਇਤਹਾਸ ਬੋਰਡ ਬਣਾਉਣ ਦੀ ਗੱਲ ਉਠਦੀ ਰਹਿੰਦੀ ਸੀ, ਜਿਸਤੇ 1962-63 ‘ਚ ਸ਼੍ਰੋਮਣੀ ਕਮੇਟੀ ਦੁਆਰਾ ਮਤਾ ਪਾਸ ਕਰਕੇ “ਸਿੱਖ ਇਤਹਾਸ ਰੀਸਰਚ ਬੋਰਡ” ਹੋਂਦ ਵਿੱਚ ਲਿਆਂਦਾ ਗਿਆ। ਜਿਸਦੇ ਪਹਿਲੇ ਇਤਹਾਸਿਕ ਖੋਜਾਰਥੀ (ਹਿਸਟਰੀ ਸਕਾਲਰ) ਦੇ ਪਦ ਤੇ ਬਿਰਾਜਮਾਨ ਹੋਣ ਦਾ ਮਾਣ ਸ.ਰਣਧੀਰ ਸਿੰਘ ਜੀ ਹੁਣਾਂ ਨੂੰ ਪ੍ਰਾਪਤ ਹੋਇਆ। ਇਸੇ ਸਮੇਂ ਦੌਰਾਨ ਕਮੇਟੀ ਕੋਲ ਸੈਂਚੀਆਂ ਦੇ ਪਾਠ ਭੇਦਾਂ ਦਾ ਮਸਲਾ ਵੀ ਆਇਆ, ਜਿਸਦੇ ਹਲ ਲਈ ਸ. ਰਣਧੀਰ ਸਿੰਘ ਜੀ ਹੁਣਾਂ ਸਮੇਤ ਤਿੰਨ ਮੈਂਬਰੀ ਕਮੇਟੀ ਬਣਾਈ ਗਈ। 1964 ‘ਚ ਆਪ ਸ਼੍ਰੋਮਣੀ ਕਮੇਟੀ ਦੀ ਮੁਲਾਜ਼ਮਤ ਤੋਂ ਰਿਟਾਇਰ ਹੋ ਕੇ ਪਿੰਡ ਆ ਗਏ। ਇਥੇ ਵੀ ਆਪ ਦਾ ਖੋਜ ਕਾਰਜ ਨਿਰੰਤਰ ਚੱਲਦਾ ਰਿਹਾ।
ਇਸੇ ਸਮੇਂ ਵਿਚ ਹੀ ਦਿੱਲੀ ਯੂਨੀਵਰਸਿਟੀ ਨੇ ਸ.ਮਨੋਹਰ ਸਿੰਘ ਮਾਰਕੋ ਰਾਹੀਂ ਆਪ ਨੂੰ ਔਰੀਐਂਟਲ ਸਕਾਲਰ ਦੇ ਪਦ ਤੇ ਕਾਰਜ ਕਰਨ ਲਈ ਪਹੁੰਚ ਕੀਤੀ, ਪਰ ਆਪ ਨੇ ਇਨਕਾਰ ਕਰ ਦਿੱਤਾ। ਇਸੇ ਸਮੇਂ ਵਿਚ ਹੀ ਡਾ.ਗੰਡਾ ਸਿੰਘ ਵੀ ਪੰਜਾਬੀ ਯੂਨੀਵਰਸਿਟੀ ਚ ਪਹੁੰਚ ਚੁੱਕੇ ਸਨ। ਉਨ੍ਹਾਂ ਨੇ ਪੰਜਾਬ ਦੇ ਸਮੁੱਚੇ ਇਤਹਾਸ ਨੂੰ ਅੱਠ ਜਿਲਦਾਂ ਚ ਪ੍ਰਕਾਸ਼ਿਤ ਕਰਨ ਦਾ ਸੁਪਨਾ ਸੰਜੋਇਆ। ਇਸ ਸੁਪਨੇ ਨੂੰ ਹਕੀਕਤ ਦਾ ਜਾਮਾ ਪਹਿਨਾਉਣ ਲਈ ਉਨ੍ਹਾਂ ਆਪਣੇ ਪੁਰਾਣੇ ਸਹਿਯੋਗੀਆਂ ਸ. ਰਣਧੀਰ ਸਿੰਘ ਤੇ ਗਿਆਨੀ ਗਰਜਾ ਸਿੰਘ ਹੁਣਾਂ ਨੂੰ ਆਪਣੇ ਕੋਲ ਆਉਣ ਦਾ ਸੱਦਾ ਦਿੱਤਾ। ਇਥੇ ਯੂਨੀਵਰਸਿਟੀ ‘ਚ ਸ.ਰਣਧੀਰ ਸਿੰਘ ਹੁਣਾਂ ਨੂੰ ਔਰੀਐਂਟਲ ਸਕਾਲਰ ਨਿਯੁਕਤ ਕਰ ਲਿਆ ਗਿਆ ਤੇ ਬਚਿਤ੍ਰ ਨਾਟਕ (ਦਸਮ ਗ੍ਰੰਥ) ਦਾ ਸ਼ਬਦਾਰਥ ਤਿਆਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ। ਇਹ ਸੁਘੜ ਵਿਦਵਾਨ 1966-70 ਤਕ ਯੂਨੀਵਰਸਿਟੀ ਵਿਚ ਆਪਣੀ ਸੇਵਾ ਨਿਭਾਉਂਦਾ ਰਿਹਾ। ਇਥੇ ਬਹੁਤੀ ਸਾਂਝ ਆਪ ਦੀ ਪਿਆਰਾ ਸਿੰਘ ਪਦਮ ਹੁਣਾਂ ਨਾਲ ਸੀ। 1970 ਯੂਨੀਵਰਸਿਟੀ ਦੇ ਕਾਰਜ ਤੋਂ ਫ਼ਾਰਗ ਹੋ ਕੇ ਘਰ ਵਾਪਸ ਆ ਗਏ। ਸਿੱਖ ਕੌਮ ਦਾ ਇਹ ਮਹਾਨ ਵਿਦਵਾਨ 7 ਦਸੰਬਰ 1972 ਨੂੰ ਰਾਤ ਦੇ ਸਮੇਂ ਸਦਾ ਲਈ ਅੱਖਾਂ ਮੀਟ ਗਿਆ। ਉਨ੍ਹਾਂ ਦੁਆਰਾ ਕੀਤਾ ਗਿਆ ਖੋਜ ਕਾਰਜ ਆਉਣ ਵਾਲੀ ਪੀੜੀ ਲਈ ਪ੍ਰੇਰਣਾ ਸਰੋਤ ਬਣੇਗਾ ਤੇ ਦੱਸੇਗਾ ਕੇ ਖੋਜਾਰਥੀ ਬਣਨ ਲਈ ਕਿਵੇਂ ਆਪਣੇ ਆਪ ਨੂੰ ਖੋਜ ਦੀ ਭੱਠ ਵਿਚ ਤਪਾਉਣਾ ਪੈਂਦਾ ਹੈ।
(੨)
ਸ. ਰਣਧੀਰ ਸਿੰਘ ਜੀ ਹੁਣਾਂ ਦੁਆਰਾ ਮੌਲਿਕ ਜਾਂ ਸੰਪਾਦਿਤ ਕੀਤੀਆਂ ਗਈਆਂ ਪੁਸਤਕਾਂ ਇਸ ਪ੍ਰਕਾਰ ਨੇ:-
੧. ਦਸਮ ਗ੍ਰੰਥ ਦਾ ਇਤਹਾਸ (ਜੋ ਬਾਅਦ ਚ ਸ਼੍ਰੋਮਣੀ ਕਮੇਟੀ ਨੇ ਤੀਜੀ ਵਾਰ ,”ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਬਦ ਮੂਰਤਿ ਦਾ ਇਤਹਾਸ” ਨਾਮ ਥੱਲੇ ਛਾਪੀ)
੨. ਗੁਰ ਪ੍ਰਣਾਲੀਆਂ (ਸੰਪਾਦਨਾ)
੩. ਸਿੱਖ ਇਤਿਹਾਸ ਦੇ ਪ੍ਰਤੱਖ ਦਰਸ਼ਨ(ਸੰਪਾਦਨਾ)
੪. ਪ੍ਰੇਮ ਸੁਮਾਰਗ ਗ੍ਰੰਥ(ਸੰਪਾਦਨਾ)
੫. ਉਦਾਸੀ ਸਿੱਖਾਂ ਦੀ ਵਿਥਿਆ
੬. ਰੈਫਰੈਂਸ ਲਾਇਬ੍ਰੇਰੀ ਦੇ ਪੁਸਤਕ ਸੂਚੀ ਪੱਤਰ (ਡਾ.ਗੰਡਾ ਸਿੰਘ ਦੇ ਸਹਿਯੋਗ ਨਾਲ)
੭. ਸ਼ਬਦ ਬਿਗਾਸ (ਅਣ-ਛੱਪੀ)
੮.ਪਾਠ ਭੇਦਾਂ ਦੀ ਸੂਚੀ
੯. ਸ਼ਬਦਾਰਥ ਦਸਮ ਗ੍ਰੰਥ (ਤਿੰਨ ਭਾਗ)
੧੦. ਬੰਸਾਵਲੀਨਾਮਾ ਕੇਸਰ ਸਿੰਘ ਛਿੱਬਰ (ਛਪ ਨ ਸਕਿਆ)
੧੧. ਗੁਰੂ ਸਾਹਿਬਾਨ ਦੇ ਹੁਕਮਨਾਮੇ (ਜੋ ਬਾਅਦ ਚ ਅਸ਼ੋਕ ਜੀ ਨੇ ਸੋਧ ਤੇ ਵਾਧਾ ਕਰਕੇ ਸੰਪਾਦਕ ਦੇ ਰੂਪ ਚ ਕਮੇਟੀ ਦੇ ਕਹਿਣ ਤੇ ਛਪਾਏ)
੧੨. ਪਾਕਿਸਤਾਨ ਵਿਚਲੇ ਗੁਰਦੁਆਰੇ
੧੩. ਤਵਾਰੀਖ਼ ਅੰਮ੍ਰਿਤਸਰ ਕੇ ਚੰਦ ਮਾਖਿਜ਼ (ਸੰਪਾਦਿਤ)
ਇਸਤੋਂ ਬਿਨ੍ਹਾਂ ਆਪ ਦੇ ਬਹੁਤ ਸਾਰੇ ਲੇਖ ਜੋ ਅਕਾਲੀ, ਗੁਰਮਤਿ ਪ੍ਰਕਾਸ਼, ਗੁਰਦੁਆਰਾ ਗਜ਼ਟ, ਸੰਤ-ਸਿਪਾਹੀ, ਪੰਜਾਬੀ ਦੁਨੀਆਂ, ਇਤਹਾਸਿਕ ਪਤ੍ਰ ਆਦਿ ਵਿਚ ਸਮੇਂ ਸਮੇਂ ਛੱਪਦੇ ਰਹੇ ਹਨ।
ਪਦਮ ਹੁਣਾਂ ਨੇ ਇਕ ਹੋਰ ਕਿਤਾਬ “ਸਿੱਖ ਇਤਹਾਸਿਕ ਯਾਦਗਾਰਾਂ” ਦਾ ਵੀ ਜ਼ਿਕਰ ਕੀਤਾ ਹੈ, ਜਿਸ ਨੂੰ ਡਾ. ਕਰਨੈਲ ਸਿੰਘ ਕੋਮਲ ਵੀ ਆਪਣੀ ਕਿਤਾਬ ਵਿਚ ( ਜੋ ਉਨ੍ਹਾਂ ਰਣਧੀਰ ਸਿੰਘ ਤੇ ਲਿਖੀ ,ਪਰ ਅਜੇ ਹੋਰ ਦਰਸੁਤਗੀ ਤੇ ਖੋਜ ਦੀ ਮੰਗ ਕਰਦੀ ਹੈ)ਸ਼ਾਮਿਲ ਕਰਦੇ ਹਨ, ਪਰ ਜਦ ਇਸ ਕਿਤਾਬ ਦੀ ਪ੍ਰਸਤਾਵਨਾ ਪੜ੍ਹਦੇ ਹਾਂ ਤਾਂ ਉਹ ਡਾ.ਗੰਡਾ ਸਿੰਘ ਹੁਣਾਂ ਦੀ ਲਿਖੀ ਹੋਈ ਹੈ । ਕਿਤਾਬ ਉਪਰ ਕਿਸੇ ਵੀ ਲਿਖਾਰੀ ਦਾ ਨਾਮ ਨਹੀ ਹੈ। ਪਰ ਭਾਸ਼ਾ ਵਿਭਾਗ ਦੀ ਪੰਜਾਬੀ ਪ੍ਰਕਾਸ਼ਨਾ ਦੀ ਸੂਚੀ ਵਿਚ ਜੋ ਡਾ.ਗੰਡਾ ਸਿੰਘ ਹੁਣਾਂ ਦੀ ਸਰਪ੍ਰਸਤੀ ਥੱਲੇ ਤਿਆਰ ਹੋਈ ਸੀ, ਇਸ ਕਿਤਾਬ ਦੇ ਕਰਤੇ ਦਾ ਨਾਮ ਡਾ. ਗੰਡਾ ਸਿੰਘ ਹੀ ਦਿੱਤਾ ਹੋਇਆ।
ਸ.ਰਣਧੀਰ ਸਿੰਘ ਨੇ ਆਪਣਾ ਕਲਮ ਦਾ ਸਫ਼ਰ ਪੱਤਰਕਾਰੀ ਤੋਂ ਸ਼ੁਰੂ ਕੀਤਾ। ਅਕਾਲੀ, ਅਕਾਲੀ ਤੇ ਪ੍ਰਦੇਸੀ, ਨਿਰਭੈ ਆਦਿ ਅਖ਼ਬਾਰਾਂ ਦੇ ਸੰਪਾਦਕ ਤੇ ਪੱਤਰਕਾਰ ਹੋਣ ਦਾ ਮਾਣ ਵੀ ਹਾਸਲ ਹੋਇਆ। ਪਹਿਲੀ ਜੇਲ ਯਾਤਰਾ ਵੀ ਅਖ਼ਬਾਰੀ ਸੰਪਾਦਕੀ ਕਰਕੇ ਹੀ ਹੋਈ। ਅਕਾਲੀਆਂ ਦੇ ਸੰਗ ਨੇ ਇਨ੍ਹਾਂ ਨੂੰ ਗੁਰੂ ਵਾਲੇ ਪਾਸੇ ਤੋਰ ਲਿਆ। 1931 ਚ ਦਰਬਾਰ ਸਾਹਿਬ ਕਮੇਟੀ ਦੇ ਕਹਿਣ ਤੇ ਦਸਮ ਗ੍ਰੰਥ ਦਾ ਪ੍ਰਯਾਯ (ਸ਼ਬਾਦਰਥ) ਬਣਾਇਆ ,ਪਰ ਛੱਪ ਨ ਸਕਿਆ।
ਸ. ਰਣਧੀਰ ਸਿੰਘ ਹੁਣਾਂ ਦੀਆਂ ਪਹਿਲੀਆਂ ਰਚਨਾਵਾਂ ਚ “ਪਾਕਿਸਤਾਨ ਵਿਚਲੇ ਗੁਰਦੁਆਰਿਆਂ ਦਾ ਇਤਹਾਸ ‘ਤੇ “ਦਸਮ ਗ੍ਰੰਥ ਦਾ ਇਤਹਾਸ” ਨਾਮੀ ਪੁਸਤਕਾਂ ਆਉਂਦੀਆਂ ਹਨ। ਦਸਮ ਗ੍ਰੰਥ ਦਾ ਇਤਹਾਸ ਦਾ ਮੁੱਢ 1935-36 ‘ਚ ਦਸਮ ਗ੍ਰੰਥ ਦੇ ਤਿਆਰ ਕੀਤੇ ਸ਼ਬਾਦਰਥ ਦੀ ਭੂਮਿਕਾ ਤੋਂ ਬੱਝਾ। ਇਸ ਕਿਤਾਬ ਦੀ ਪਹਿਲੀ ਛਾਪ ‘ਤੇ ਆਪ ਦਾ ਨਾਮ “ਰਣਧੀਰ ਸਿੰਘ ਇੰਨਸਪੈਕਟਰ” ਲਿਖਿਆ ਹੋਇਆ ਹੈ ਤੇ ਇਸਦੇ ਕੁਲ ਪੰਨੇ 37 ਸਨ। 18 ਅਪ੍ਰੈਲ 1948 ਨੂੰ ਇਸੇ ਇਤਿਹਾਸਿਕ ਭੂਮਿਕਾ ਨੂੰ ਹੋਰ ਖੋਜ ਸਮਾਗਰੀ ਦੇ ਮਸਾਲੇ ਨਾਲ “ਸਿੱਖ ਹਿਸਟਰੀ ਸੋਸਾਇਟੀ ” ਦੇ ਬੰਦ ਕਮਰਾ ਲੈਕਚਰ ਵਿਚ ਪੇਸ਼ ਕੀਤਾ ਗਿਆ । ਸਰੋਤਿਆਂ ਦੇ ਪਸੰਦ ਕਰਨ ਤੇ ਇਸਨੂੰ ਲਿਖਤੀ ਜਾਮਾਂ ਪਹਿਨਾਇਆ ਗਿਆ। ਮੇਰੇ ਕੋਲ ਇਸਦੀ ਤੀਸਰੀ ਐਡੀਸ਼ਨ ਹੈ ਜੋ ਕਾਫੀ ਵਾਧਿਆਂ ਨਾਲ ਸ਼੍ਰੋਮਣੀ ਕਮੇਟੀ ਨੇ 1962 ਵਿਚ ਛਾਪੀ ਸੀ,ਬਹੁਤ ਮਿਹਨਤ ਕਰਨ ਤੇ ਪਹਿਲੀ ਜਾਂ ਦੂਸਰੀ ਐਡੀਸ਼ਨ ਨਹੀ ਮਿਲ ਸਕੀ। ਇਹ 107ਕੁ ਸਫ਼ੇ ਦੀ ਕਿਤਾਬ ਹੈ।
ਸ. ਰਣਧੀਰ ਸਿੰਘ ਹੁਣਾਂ ਨੇ ਪੁਰਾਤਨ ਗੁਰਪ੍ਰਣਾਲੀਆਂ ਲੱਭ ਕੇ ਸਿੱਖ ਹਿਸਟਰੀ ਸੋਸਾਇਟੀ ਦੇ “ਇਤਿਹਾਸਿਕ ਪਤ੍ਰ” ਚ ਛਾਪਣੀਆਂ ਸ਼ੁਰੂ ਕੀਤੀਆਂ। ਸੰਨ 1951 ਚ “ਗੁਰ ਪ੍ਰਣਾਲੀਆਂ” ਸਿਰਲੇਖ ਹੇਠ 135 ਸਫ਼ੇ ਦੀ ਕਿਤਾਬ ਚ 5 ਗੁਰ ਪ੍ਰਣਾਲੀਆਂ ਸੰਪਾਦਿਤ ਕਰਕੇ ਸੋਸਾਇਟੀ ਵਲੋਂ ਛਾਪੀਆਂ। ਵਿਦਵਾਨ ਸੰਪਾਦਕ ਦੱਸਦਾ ਹੈ ਕਿ “ਗੁਰੁ-ਪ੍ਰਣਾਲੀ ਉਸ ਲੇਖ ਲੜੀ ਨੂੰ ਕਹਿੰਦੇ ਨੇ, ਜਿਸ ਵਿਚ ਗੁਰੂ ਸਾਹਿਬਾਂ ਦੀ ਪੀੜ੍ਹੀ (ਵੰਸ਼) ਦਾ ਲੜੀ ਵਾਰ ਵਰਣਨ ਕੀਤਾ ਗਿਆ ਹੋਵੇ।” 1961 ‘ਚ ਫਿਰ ਸ਼੍ਰੋਮਣੀ ਕਮੇਟੀ ਵੱਲੋਂ ਇਸ ਕਿਤਾਬ ਨੂੰ ਦੁਬਾਰਾ ਤੋਂ ਛਾਪਣ ਲਈ ਆਪ ਨੂੰ ਹੁਕਮ ਮਿਲਿਆ। ਸ.ਰਣਧੀਰ ਸਿੰਘ ਨੇ ਹੋਰ ਮਿਹਨਤ ਕਰਕੇ, ਨਵੀਆਂ ਮਿਲੀਆਂ ਗੁਰ ਪ੍ਰਣਾਲੀਆਂ ਦਾ ਵੀ ਨਾਲ ਵਾਧਾ ਕਰਕੇ 1964 ‘ਚ ਕਮੇਟੀ ਨੂੰ ਮਸੌਦਾ ਪੇਸ਼ ਕਰ ਦਿੱਤਾ। ਜੋ 1977’ਚ “ਗੁਰ ਪ੍ਰਣਾਲੀਆਂ” ਨਾਮ ਥੱਲੇ ਹੀ ਛਾਪਿਆ ਗਿਆ। ਇਸ ਕਿਤਾਬ ਦੇ 295 ਸਫ਼ੇ ਹਨ ਤੇ ੧੪ ਗੁਰ ਪ੍ਰਣਾਲੀਆਂ ਦਰਜ ਕੀਤੀਆਂ ਗਈਆਂ ਹਨ। ਇਸ ਕਿਤਾਬ ਦੇ ਤਿੰਨ ਚਰਨ ਹਨ :-
1. ਸਤਿਗੁਰਾਂ ਦੇ ਸਮੇਂ ਦੀਆਂ ਗੁਰ ਪ੍ਰਣਾਲੀਆਂ :-
ਇਸ ਵਿਚ ਗੁਰੂ ਗ੍ਰੰਥ ਸਾਹਿਬ ਵਿਚਲੇ ਭੱਟ ਸਾਹਿਬਾਨ,ਭੱਟਾਂ ਦੇ ਗੁਰੂ ਕੁਲ ਬਾਰੇ ਬਿਆਨ, ਭਾਈ ਗੁਰਦਾਸ ਆਦਿ ਹੋਰ ਲੇਖਕ ਵੀ ਸ਼ਾਮਲ ਕੀਤੇ ਗਏ ਹਨ,ਨਾਲ ਹੀ ਗੁਰ ਪ੍ਰਣਾਲੀਆਂ ਦੇ ਲੇਖਕਾਂ ਬਾਰੇ ਵੀ ਜਾਣਕਾਰੀ ਦਰਜ ਕੀਤੀ ਗਈ ਹੈ।
2. ਉਨ੍ਹੀਵੀਂ ਸਦੀ ਬਿਕ੍ਰਮੀ ਦੀਆਂ ਗੁਰ ਪ੍ਰਣਾਲੀਆਂ :-
ਇਸ ਚਰਨ ਵਿਚ ਸੰਪਾਦਕ 5 ਗੁਰ ਪ੍ਰਣਾਲੀਆਂ ਲਈਆਂ ਹਨ ।
3. ਵੀਹਵੀਂ ਸਦੀ ਬਿਕ੍ਰਮੀ ਦੀ ਰਚਨਾ-ਗੁਰ ਪ੍ਰਣਾਲੀਆਂ :-
ਇਸ ਚਰਨ ਚ 9 ਗੁਰ ਪ੍ਰਣਾਲੀਆਂ ਸ਼ਾਮਲ ਕੀਤੀਆਂ ਗਈਆਂ ਹਨ ।
ਗੁਰ ਪ੍ਰਣਾਲੀਆਂ ਦੀ ਮਹਤੱਵਤਾ ਤੋਂ ਜਾਣੂੰ ਕਰਵਾਂਦਿਆਂ ਸ.ਰਣਧੀਰ ਸਿੰਘ ਲਿਖਦੇ ਹਨ, ” ਸਤਿਗੁਰਾਂ ਦਾ ਸੱਚਾ ਸੁੱਚਾ ਇਤਿਹਾਸ ਤਿਆਰ ਕਰਨ ਲਈ, ਗੁਰੁ ਪ੍ਰਣਾਲੀਆਂ ਉਤਨੀਆਂ ਹੀ ਜ਼ਰੂਰੀ ਹਨ, ਜਿਤਨੇ ਕਿ ਸਤਿਗੁਰਾਂ ਵਲੋਂ ਸਾਦਿਕ ਸਿੱਖਾਂ ਦੇ ਨਾਮ ਭੇਜੇ ਗਏ,’ ਹੁਕਮਨਾਮੇ’। ਇਸ ਲਈ ਇਹ ਦੋਵੇਂ ਇਤਿਹਾਸਿਕ ਸੋਮੇਂ ਇਤਿਹਾਸ ਲਿਖਣ ਸਮੇਂ ਇਤਿਹਾਸ ਪ੍ਰੇਮੀਆਂ ਦੇ ਧਿਆਨ -ਗੋਚਰੇ ਰਹਿਣੇ ਜ਼ਰੂਰੀ ਹਨ।”
ਭਾਈ ਸਾਹਬ ਦੀ ਅਗਲੇਰੀ ਮੌਲਿਕ ਲਿਖਤ ਹੈ “ਉਦਾਸੀ ਸਿੱਖਾਂ ਦੀ ਵਿਥਿਆ”। ਉਦਾਸੀਆਂ ਦੇ ਉਪਰ ਅੱਜ ਤਕ ਹੋਈ ਖੋਜ ਵਿਚੋਂ ਸਭ ਤੋਂ ਸ੍ਰੇਸ਼ਟ ਖੋਜ ਅਧਾਰਿਤ ਕਿਤਾਬ ਇਸੇ ਨੂੰ ਕਿਹਾ ਜਾ ਸਕਦਾ ਹੈ, ਬਹੁਤ ਸੀਮਤ ਵਸੀਲਿਆਂ ਨਾਲ ਸਿਰਜੀ ਇਕ ਸ਼ਾਹਕਾਰ ਰਚਨਾ। ਇਹ ਕਿਤਾਬ ਪਹਿਲਾਂ ਲੇਖਾਂ ਦੇ ਰੂਪ ‘ਚ ਸਿੱਖ ਹਿਸਟਰੀ ਸੋਸਾਇਟੀ ਦੇ ਖੋਜ ਪੱਤਰ “ਇਤਹਾਸਿਕ ਪੱਤਰ” (1952-53) ਚ ਨਿਰੰਤਰ ਛਪਦੀ ਰਹੀ। ਫਿਰ ਇਸਦਾ ਕਿਤਾਬੀ ਰੂਪ ਬਣਾ ਕੇ 1959 ‘ਚ ਸ਼੍ਰੋਮਣੀ ਕਮੇਟੀ ਵਲੋਂ ਛਾਪਿਆ ਗਿਆ। ਇਸ ਕਿਤਾਬ ਦੇ ਕੁਲ 616 ਸਫ਼ੇ ਹਨ। ਕਿਤਾਬ ਦੇ ਆਰੰਭਕ ਸ਼ਬਦ ਡਾ. ਗੰਡਾ ਸਿੰਘ ਦੁਆਰਾ ਲਿਖੇ ਗਏ। ਜੋ ਕਿਤਾਬ ਦੀ ਮਹੱਤਵਤਾ ਤੋਂ ਜਾਣੂ ਕਰਵਾਉਂਦੇ ਹਨ ਉਹ ਲਿਖਦੇ ਹਨ” ਸਰਦਾਰ ਰਣਧੀਰ ਸਿੰਘ ਦੀ ਲਿਖਤ ਉਦਾਸੀਆਂ ਸੰਬੰਧੀ ਪੁਸਤਕ ਦੇ ਆਰੰਭ ਵਿਚ ਇਹ ਕੁਝ ਸ਼ਬਦ ਲਿਖਦੇ ਹੋਏ, ਮੈਨੂੰ ਇਕ ਖਾਸ ਖੁਸ਼ੀ ਹੋ ਰਹੀ ਹੈ। ਕੇਵਲ ਇਸ ਕਰਕੇ ਨਹੀ ਕਿ ਸਿਖ ਇਤਹਾਸ ਨਾਲ ਪਰੇਮ ਹੋਣ ਕਰਕੇ, ਮੈਨੂੰ ਇਸ ਪੁਸਤਕ ਦੇ ਮਜ਼ਮੂਨ ਨਾਲ ਜ਼ਰਾ ਨੇੜੇ ਦਾ ਲਗਾਓ ਹੈ ਅਤੇ ਕਈ ਵਰ੍ਹਿਆਂ ਤੋਂ ਮੈਨੂੰ ਉਦਾਸੀਆਂ, ਨਿਰਮਲਿਆਂ, ਨਿਹੰਗਾਂ, ਨਿੰਰਕਾਰੀਆਂ, ਨਾਮਧਾਰੀਆਂ ਆਦਿ ਦੇ ਇਤਹਾਸ ਲਿਖੇ ਵੇਖਣ ਦੀ ਇੱਛਾ ਸੀ। ਬਲਕਿ ਇਸ ਕਰਕੇ ਭੀ ਕਿ ਰਣਧੀਰ ਸਿੰਘ ਜੀ ਨੇ ਇਸ ਪੁਸਕਤ ਨੂੰ ਬੜੀ ਸਫਲਤਾ ਨਾਲ ਨਿਬਾਹਿਆ ਹੈ। ਜੋ ਮਿਹਨਤ ਇਨ੍ਹਾਂ ਨੇ ਇਸ ਦੀ ਤਿਆਰੀ, ਮਸਾਲਾ ਜਮ੍ਹਾਂ ਕਰਨ, ਛਾਨਣ-ਪੁਣਨ ਵਿਚ ਅਤੇ ਲਿਖਾਈ ਵਿਚ ਕੀਤੀ ਜਾਪਦੀ ਹੈ, ਉਸਦਾ ਠੀਕ ਅੰਦਾਜ਼ਾ ਕੇਵਲ ਉਹ ਹੀ ਲਾ ਸਕਦੇ ਹਨ, ਜਿਨ੍ਹਾਂ ਨੇ ਕਦੀ ਆਪ ਇਸ ਪਰਕਾਰ ਦੀ ਖੋਜ ਪੜਤਾਲ ਕੀਤੀ ਹੈ।” ਇਸ ਕਿਤਾਬ ਨੂੰ ਦੋ ਚਰਨਾਂ ਵਿੱਚ ਵੰਡਿਆ ਗਿਆ। ਪਹਿਲੇ ਚਰਨ ‘ਚ ਉਦਾਸੀ ਭੇਖ ਕੀ ਸੀ? ਤੋਂ ਆਰੰਭ ਕਰ ਭਾਈ ਲਹਿਣੇ ਦੇ ਗੁਰੂ ਅੰਗਦ ਸਾਹਿਬ ਤਕ ਪ੍ਰਗਟ ਹੋਣ ਦਾ ਜ਼ਿਕਰ ਹੈ। ਦੂਸਰੇ ਚਰਨ ‘ਚ ਫਿਰ ਉਦਾਸੀ ਸੰਪਰਦਾ ਦੀ ਪ੍ਰਾਰੰਭਤਾ, ਬਾਬਾ ਸ਼੍ਰੀ ਚੰਦ ਜੀ, ਚਾਰ ਧੂੰਏ, ਛੇ ਬਖਸ਼ਿਸ਼ਾਂ ਤੇ ਹੋਰ ਬਖਸ਼ਿਸ਼ਾਂ ਦੇ ਨਾਲ ਨਾਲ ਉਦਾਸੀ ਸਿੱਖਾਂ ਦੀ ਨਾਮਾਵਲੀ ਤੇ ਉਨ੍ਹਾਂ ਦੀਆਂ ਧਰਮਸ਼ਾਲਾਵਾਂ ਦਾ ਸੂਚੀ ਪੱਤਰ ਵੀ ਹੈ। ਪ੍ਰੋ. ਪ੍ਰੀਤਮ ਸਿੰਘ ਇਸ ਕਿਤਾਬ ਦਾ ਰਿਵਿਊ ਲਿਖਦੇ ਹੋਏ ਆਖਦੇ ਹਨ “ਉਦਾਸੀ ਸਿੱਖਾਂ ਦੀ ਵਿਥਿਆ” ਨਿਰਮਾਣ ਤੇ ਮੌਲਿਕ ਖੋਜੀ ਭਾਈ ਰਣਧੀਰ ਸਿੰਘ ਜੀ ਦੀ ਨਵੀਂ ਰਚਨਾ ਹੈ। ਇਸ ਵਿਚ ਲੇਖਕ ਨੇ ਉਦਾਸੀ ਮੱਤ ਦੇ ਆਰੰਭ ਤੇ ਵਿਕਾਸ, ਪ੍ਰਸਿੱਧ ਉਦਾਸੀ ਸ਼ਖਸੀਅਤਾਂ ਦੇ ਜੀਵਨ ਤੇ ਵਡੇ ਵਡੇ ਡੇਰਿਆਂ, ਧਰਮਸ਼ਾਲਾਵਾਂ ਉੱਤੇ ਕਾਫੀ ਨਵਾਂ ਚਾਨਣਾ ਪਾਇਆ ਹੈ। ਸਾਰੀਆਂ ਸਿੱਖ ਸਪੰਦਰਾਵਾਂ ਬਾਰੇ ਇਸ ਤਰ੍ਹਾਂ ਦੇ ਖੋਜ ਭਰੇ ਗ੍ਰੰਥਾਂ ਦੀ ਲੋੜ ਸਪੱਸ਼ਟ ਹੈ, ਪਰ ਉਦਾਸੀ ਸੰਪਰਦਾਇ ਬਾਰੇ ਜੋ ਸਿੱਖਾਂ ਦੀ ਸਭ ਤੋਂ ਪੁਰਾਣੀ, ਸਭ ਤੋਂ ਸਰਗਰਮ ਤੇ ਸਭ ਤੋਂ ਵੱਧ ਵਿਵਾਦ ਦਾ ਵਿਸ਼ਾ ਬਣੀ ਹੋਈ ਹੈ, ਇਸ ਖੋਜ ਦੀ ਜਿੰਨੀ ਲੋੜ ਹੈ ; ਲੁਕੀ ਹੋਈ ਨਹੀ। ਉਦਾਸੀਆਂ ਦੀਆਂ ਸਰਗਰਮੀਆਂ ਦਾ ਮੈਦਾਨ ਕਾਬੁਲ ਤੋਂ, ਬਲਕਿ ਰੂਸ ਤੋਂ ਲੈ ਕੇ ਦੱਖਣੀ ਭਾਰਤ ਦੀ ਹੇਠਲੀ ਨੁਕਰ ਤੱਕ ਦੇ ਦੇਸ਼ ਵਿਚ ਰਿਹਾ ਹੈ। ਇਸ ਤਰ੍ਹਾਂ ਹੱਥਲੀ ਪੁਸਤਕ ਕੇਵਲ ਉਦਾਸੀ ਮੱਤ ਦੇ ਉਤਰਾਅ ਚੜ੍ਹਾ ਦਾ ਹੀ ਨਹੀ, ਸਮੁੱਚੇ ਸਿੱਖ ਮੱਤ ਦੇ ਪਰਚਾਰ ਦੀ ਸਾਧਨਾ, ਉਸਦੇ ਸਾਧਕਾਂ ਤੇ ਉਸਦੇ ਖੇਤਰ ਖਿਲਾਰ ਦਾ ਇਤਿਹਾਸ ਭੀ ਹੈ। ਇਸ ਪੁਸਤਕ ਦਾ ਮਸਾਲਾ ਸਿੱਖ ਸਮਾਜ ਦੇ ਸ਼ਾਸਤ੍ਰੀਆਂ ਨੂੰ ਇਕ ਅਹਿਮ ਪ੍ਰਸ਼ਨ ਬਾਰੇ ਨਿਸਚਿਤ ਤੌਰ ਉੱਤੇ ਸੋਚਣ ਦੀ ਪ੍ਰੇਰਨਾ ਦੇ ਸਕਦਾ ਹੈ ; ਕਿ ਗੁਰੂ ਨਾਨਕ ਸਾਹਿਬ ਦੇ ਜਿਉਂਦੇ ਜੀ ਅੰਤਰ ਰਾਸ਼ਟਰੀ ਬਣ ਜਾਣ ਵਾਲੇ ਸਿੱਖ ਮੱਤ ਦੀ ਰੁਚੀ, ਹੌਲੀ ਹੌਲੀ ਸੁੰਗੜਦੀ ਕਿਉਂ ਗਈ?”
ਸ.ਰਣਧੀਰ ਸਿੰਘ ਹੁਣਾਂ ਨੇ ਪਹਿਲੀ ਵਾਰ 1953′ ਚ ਗ੍ਰੰਥ “ਪ੍ਰੇਮ ਸੁਮਾਰਗ (ਅਰਥਾਤ ਖਾਲਸਾਈ ਜੀਵਨ ਜਾਚ)” ਸੰਪਾਦਿਤ ਕਰਕੇ, ਸਿੱਖ ਹਿਸਟਰੀ ਸੋਸਾਇਟੀ ਵੱਲੋਂ ਛਪਵਾਇਆ। 110 ਸਫ਼ੇ ਦੀ ਲੰਮੀ ਭੂਮਿਕਾ ਸਮੇਤ, ਇਸ ਕਿਤਾਬ ਦੇ 254 ਸਫ਼ੇ ਸਨ। ਡਾ.ਗੰਡਾ ਸਿੰਘ ਨੇ ਆਰੰਭਕ ਸ਼ਬਦ ਲਿਖਦਿਆਂ ਕਿਹਾ, “ਇਹ ਪੁਰਾਤਨ ਲਿਖਤ ‘ਪ੍ਰੇਮ-ਸੁਮਾਰਗ ਗ੍ਰੰਥ’ ਜਿਨ੍ਹਾਂ ਹਾਲਾਤ ਵਿੱਚ ਛਾਪਿਆ ਗਿਆ ਹੈ ਅਤੇ ਇਸ ਸੰਬੰਧੀ ਹੋਰ ਵਿਸਥਾਰ ਇਸਦੇ ਸੰਪਾਦਕ ਭਾਈ ਰਣਧੀਰ ਸਿੰਘ ਜੀ ਨੇ ਆਪਣੀ ਲੰਬੀ ਭੂਮਿਕਾ ‘ਪਹਿਲਾਂ ਪੜ੍ਹਨ ਯੋਗ’ ਵਿੱਚ ਦੇ ਦਿੱਤਾ ਹੈ। ਇਹ ਕੋਈ ਜ਼ਰੂਰੀ ਨਹੀ ਕਿ ਹਰ ਇਕ ਵਿਦਵਾਨ ਇਨ੍ਹਾਂ ਦੀ ਖੋਜ ਦੇ ਨਤੀਜਿਆਂ ਨਾਲ ਪੂਰੀ ਤਰ੍ਹਾਂ ਸਹਿਮਤ ਹੋਵੇ; ਪਰ ਜਿਸ ਜਾਨ ਮਾਰੀ, ਮਿਹਨਤ ਤੇ ਲਗਨ ਨਾਲ ਆਪ ਨੇ ਇਸ ਵਿੱਚ ਦਿੱਤੇ ਵੱਖ ਵੱਖ ਵਿਸ਼ਿਆਂ ਤੇ ਨੁਕਤਿਆਂ ਉੱਤੇ ਖੋਜ ਪੜਤਾਲ ਕੀਤੀ ਹੈ; ਓਹ ਸ਼ਲਾਘਾ ਯੋਗ ਤੇ ਰਾਹ-ਵਿਖਾਊ ਹੈ। ਅਤੇ ਜਿਤਨਾ ਮਸਾਲਾ ਆਪ ਨੇ ਥਾਂ-ਥਾਂ ਤੋਂ ਢੂੰਡ ਕੇ ਇਸ ਵਿਚ ਜਮਾਂ ਕਰ ਦਿੱਤਾ ਹੈ, ਉਹ ਆਪਣੇ ਆਪ ਵਿਚ ਇਕ ਬੜੀ ਭਾਰੀ ਸੇਵਾ ਹੈ, ਜੋ ਇਸੇ ਰਾਹ ਦੇ ਹੋਰ ਪੰਧਾਊਆਂ ਨੂੰ ਕਾਫੀ ਕੁਝ ਸਹਾਈ ਹੋਵੇਗੀ। “ਇਹ ਵੀ ਪਹਿਲ੍ਹਾਂ ਇਤਿਹਾਸਿਕ ਪਤ੍ਰ ‘ਚ ਹੀ ਛਾਪਿਆ ਸੀ। ਇਸਦੀ ਭੂਮਿਕਾ ਪੜ੍ਹ ਕੇ ਖਾਸ ਤੌਰ ਪਰ ਜੋ ਅੰਮ੍ਰਿਤ ਸੰਸਕਾਰ ਦੀ ਪੁਰਾਤਨ ਗ੍ਰੰਥਾਂ ‘ਚੋਂ ਮਿਲਦੀ ਵਿਧੀ ਤੇ ਵਿਸਥਾਰ ਪੂਰਵਕ ਚਾਨਣਾ ਪਾਇਆ ਹੈ ਅਤੇ ਇਸ ਗ੍ਰੰਥ ਦੀ ਲੱਭਤ ਤੇ ਛਪਾਈ ਦੀ ਮਿਹਨਤ ਲਈ ਹੋਏ ਯਤਨਾਂ ਵਿਚੋਂ ਲੇਖਕ ਦੀ ਵਿਦਵਤਾ ਤੇ ਦ੍ਰਿੜਤਾ ਦਾ ਪ੍ਰਗਟਾਵਾ ਹੁੰਦਾ ਹੈ। ਇਸਦੇ ਕੁਲ 10 ਧਿਆਉ ਬਣਾਏ ਗਏ, ਜਿਸ ਵਿਚ ਸਿੱਖ ਦੇ ਜੀਵਨ ਦੀ ਨਿਤ ਕਿਰਿਆ, ਜਨਮ /ਅਮ੍ਰਿਤ/ਅਨੰਦ ਕਾਰਜ/ਮਰਨ ਸੰਸਕਾਰ, ਧਾਰਮਿਕ, ਸਮਾਜਿਕ, ਰਾਜਨੀਤਿਕ, ਆਰਥਿਕ ਭਾਵ ਖਾਲਸਾਈ ਜੀਵਨ ਸ਼ੈਲੀ ਨੂੰ ਪ੍ਰਭਾਸ਼ਿਤ ਕੀਤਾ ਗਿਆ ਹੈ। 1965 ‘ਚ ਇਹ ਦੂਜੀ ਵਾਰ ਜਲੰਧਰ ਤੋਂ ਨਿਊ ਬੁਕ ਕੰਪਨੀ ਵਲੋਂ ਛਾਪਿਆ ਗਿਆ। ਇਸ ਵਿਚ ਸਾਧੂ ਸਿੰਘ ਹਮਦਰਦ ਦੇ ਇਸ ਗ੍ਰੰਥ ਦੀ ਖੋਜ ਬਾਰੇ ਤੇ ਸੰਪਾਦਨਾ ਬਾਰੇ ‘ਇਹ ਅਮੁਲੀ ਰੀਸਰਚ’ ਵਿਚਾਰ ਵੀ ਦਰਜ ਕਰ ਦਿੱਤੇ ਗਏ ਹਨ, ਇਸ ਗ੍ਰੰਥ ਦੀ ਪਹਿਲੀ ਛਾਪ ਦੀ ਸਫਲਤਾ ਬਾਰੇ ਰਣਧੀਰ ਸਿੰਘ ਹੁਣਾ ਦੇ ਕੁਝ ਹੋਰ ਲਫਜ਼ ਵੀ ਇਸ ਨਵੀਂ ਛਾਪ ਦਾ ਸ਼ਿੰਗਾਰ ਬਣੇ ਹਨ।
ਸ਼੍ਰੋਮਣੀ ਕਮੇਟੀ ਨੇ 1955 ਵਿਚ ਇਕ ਮੱਤਾ ਪਕਾਇਆ, ਕਿ ਗੁਰੂ ਸਾਹਿਬਾਨ ਦੇ ਜਿਨ੍ਹੇ ਵੀ ਹੁਕਮਨਾਮੇ ਮਿਲਦੇ ਹਨ ਉਨ੍ਹਾਂ ਦੀ ਖੋਜ ਪੜ੍ਹਤਾਲ ਕਰਕੇ, ਜੋ ਅਸਲੀ ਮਹਿਸੂਸ ਹੋਣ ਉਹ ਛਾਪੇ ਜਾਣ। ਇਸ ਕਾਰਜ ਲਈ ਚੋਣ ਸ. ਰਣਧੀਰ ਸਿੰਘ ਜੀ ਦੀ ਹੀ ਕੀਤੀ ਗਈ। ਆਪ ਨੇ ਸਾਰੇ ਮੁਲਕ ‘ਚੋਂ ਮਿਹਨਤ ਨਾਲ ਹੁਕਨਾਮਿਆਂ ਦੀਆਂ ਨਕਲਾਂ ਹਾਸਿਲ ਕੀਤੀਆਂ ਤੇ ਪੁਣਛਾਣ ਕਰਕੇ ਰਿਪੋਰਟ ਕਮੇਟੀ ਨੂੰ ਸੌਂਪ ਦਿੱਤੀ। ਆਪ ਦੇ ਇਸ ਕਾਰਜ ਨੂੰ ਕਾਫੀ ਸਰਾਹਿਆ ਗਿਆ। ਕਿਤਾਬੀ ਰੂਪ ਦੇਣ ਲਈ ਮੱਤਾ ਪਾਇਆ ਗਿਆ। ਪਰ ਬਲਾਕਾਂ ਦੀ ਦੇਰੀ ਹੋਣ ਕਾਰਨ ਇਹ ਇਹ ਕਿਤਾਬ ਬਹੁਤ ਪਿਛੋਂ ਜਾ ਕੇ ਸ਼ਮਸ਼ੇਰ ਸਿੰਘ ਅਸ਼ੋਕ ਹੁਣਾਂ ਦੀ ਸੰਪਾਦਨਾ ਥੱਲੇ ਦੁਬਾਰਾ ਸੁਧਾਈ ਤੇ ਵਾਧੇ ਕਰਵਾਕੇ ਛਾਪੀ ਗਈ।
ਅਗਲੇਰੀ ਲਿਖਤ ਜੋ ਸਾਡੇ ਸਨਮੁਖ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1958 ‘ਚ ਪ੍ਰਕਾਸ਼ਿਤ ਕੀਤੀ ਤੇ ਸ. ਰਣਧੀਰ ਸਿੰਘ ਦੁਆਰਾ ਸੰਪਾਦਿਤ 272 ਸਫੇਂ ਦੀ ਕਿਤਾਬ “ਸਿੱਖ ਇਤਿਹਾਸ ਦੇ ਪ੍ਰਤੱਖ ਦਰਸ਼ਨ, (ਅਰਥਾਤ ਇਤਿਹਾਸਿਕ ਸੋਮੇ, ਭਾਗ ਪਹਿਲਾ)” ਹੈ। ਇਸ ਕਿਤਾਬ ਵਿਚ ਕੁਲ 10 ਲੇਖ ਸ਼ਾਮਿਲ ਕੀਤੇ ਗਏ, ਇਸ ਵਿਚਲੇ ਬਹੁਤੇ ਲੇਖ ਇਤਿਹਾਸਿਕ ਪਤ੍ਰ ‘ਚ ਛਪ ਚੁਕੇ ਹਨ। ਇਸ ਵਿਚ ਛੇ ਲਿਖਤਾਂ ਪੁਰਾਤਨ ਨੇ ਜੋ ਗੰਡਾ ਸਿੰਘ ਤੇ ਸ. ਰਣਧੀਰ ਸਿੰਘ ਹੁਣਾਂ ਵਲੋਂ ਲੱਭੀਆਂ ਗਈਆਂ ਹਨ। ਜਿਨ੍ਹਾਂ ਦਾ ਇਤਿਹਾਸਿਕ ਮਹੱਤਵ ਬਹੁਤ ਹੈ। ਚਾਰ ਲੇਖ ਪੁਰਾਤਨ ਲਿਖਤਾਂ ਦੇ ਆਧਾਰ ਤੇ ਸ. ਰਣਧੀਰ ਸਿੰਘ ਜੀ ਦੀ ਮੌਲਿਕ ਰਚਨਾਂ ਨੇ, ਜਿਨ੍ਹਾਂ ਵਿਚ ਕ੍ਰਮਵਾਰ, ਦਸਵੇਂ ਪਾਤਸ਼ਾਹ ਦੀ ਪ੍ਰਸੰਗਵਾਲੀ, ਬਾਬਾ ਬੰਦਾ ਸਿੰਘ ਦੀ ਘਟਨਾਵਲੀ, ਬਾਬਾ ਜੀ ਤੋਂ ਮਗਰੋਂ ਅਤੇ ਸ਼ੁਧ ਗੁਰੂ ਪ੍ਰਣਾਲੀ। ਇਹ ਕਿਤਾਬ ਸਿੱਖ ਇਤਿਹਾਸ ਦੇ ਖੋਜਾਰਥੀਆਂ ਲਈ ਬਹੁਤ ਵੀ ਵਧੀਆ ਹੈ।
ਆਪ ਦੀ ਗੁਰਬਾਣੀ ਪ੍ਰਤੀ ਖੋਜ ਦੇਖਣ ਲਈ ਕਿਤਾਬ “ਪਾਠ ਭੇਦਾਂ ਦੀ ਸੂਚੀ” ਨਾਮਕ ਪੁਸਤਕ ਦੇਖੀ ਜਾ ਸਕਦੀ ਹੈ। ਸ਼੍ਰੋਮਣੀ ਕਮੇਟੀ ਕੋਲ ਜਦ ਗੁਰੂ ਗ੍ਰੰਥ ਸਾਹਿਬ ਦੀਆਂ ਸੰਥਾ ਸੈਂਚੀਆਂ ਵਿਚਲੇ ਪਾਠ ਭੇਦ ਦਾ ਮਸਲਾ ਉਠਿਆ ਤਾਂ ਉਨ੍ਹਾਂ ਨੇ ਤਿੰਨ ਬੰਦਿਆਂ ਦੀ ਕਮੇਟੀ ਗਠਿਤ ਕੀਤੀ, ਜਿਸ ਵਿਚ ਸ.ਰਣਧੀਰ ਸਿੰਘ, ਗਿਆਨੀ ਕੁੰਦਨ ਸਿੰਘ ਅਤੇ ਭਾਈ ਗਿਆਨ ਸਿੰਘ ਨਿਹੰਗ ਸਨ। ਇਸ ਕਮੇਟੀ ਨੇ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚਲੀਆਂ 60-70 ਪੁਰਾਤਨ ਬੀੜ੍ਹਾਂ ਚੁਣ ਕੇ ,ਉਨ੍ਹਾਂ ਦੇ ਆਧਾਰ ਉੱਤੇ ਉਸ ਵਕਤ ਕੋਈ 2000 ਪਾਠ ਭੇਦਾਂ ਦਾ ਜ਼ਿਕਰ ਕੀਤਾ । ਜਿਸ ਵਿਚੋਂ ਬਹੁਤਾਤ ਸੋਧ ਦਿੱਤੇ ਗਏ ਸਨ। ਇਸ ਦੀ ਪ੍ਰਸਤਾਵਨਾ ਗਿਆਨੀ ਕਿਰਪਾਲ ਸਿੰਘ ਹੁਣਾਂ ਦੁਆਰਾ ਲਿਖੀ ਗਈ ਸੀ।
ਦਸਮ ਗ੍ਰੰਥ ਦੇ ਸ਼ਬਾਦਰਥ ਦਾ ਕੰਮ ਪਹਿਲਾਂ ਦਰਬਾਰ ਸਾਹਿਬ ਦੀ ਕਮੇਟੀ ਦੇ ਕਹਿਣ ਤੇ 1935-36 ‘ਚ ਕਰ ਚੁਕੇ ਸਨ, ਪਰ ਉਹ ਕਿਸੇ ਕਾਰਨ ਪ੍ਰਕਾਸ਼ਿਤ ਨ ਹੋ ਸਕਿਆ। ਜਦ ਪੰਜਾਬੀ ਯੂਨੀਵਰਸਿਟੀ ਨੇ ਔਰੀਐਂਟਲ ਸਕਾਲਰ ਨਿਯੁਕਤ ਕਰ ਲਿਆ ਤਾਂ ਇਥੇ ਹੀ ਫਿਰ ਦੁਬਾਰਾ ਤੋਂ ਇਹ ਕੰਮ ਮੁਕੰਮਲ ਕੀਤਾ, ਪਹਿਲੀ ਜਿਲਦ ਤਾਂ ਆਪ ਦੇ ਜੀਵਨ ਕਾਲ ਵਿਚ ਹੀ ਛਪ ਗਈ ਸੀ ਤੇ ਬਾਕੀ ਦੋ ਸੁਧਾਈ ਪਿਛੋਂ ਬਾਅਦ ਵਿਚ ਛਪੀਆਂ। ਇਸਦੇ ਨਾਲ ਹੀ ਆਪ ਨੇ ਗੁਰੂ ਗ੍ਰੰਥ ਸਾਹਿਬ ਦੀ ਪੁਰਾਤਨ ਬੀੜ੍ਹਾਂ ‘ਤੇ ਵੀ ਕਾਫੀ ਖੋਜ ਭਰਪੂਰ ਕੰਮ ਕੀਤਾ। ਆਪ ਨੇ ਜੋ ਮਸੌਦਾ ਤਿਆਰ ਕੀਤਾ, ਉਸਦਾ ਨਾਮ “ਸ਼ਬਦ ਬਿਗਾਸ” ਰੱਖਿਆ ਸੀ, ਜਿਸਦੀ ਵਰਤੋਂ ਪ੍ਰੋ. ਪਿਆਰ ਸਿੰਘ ਹੁਣਾਂ ਨੇ ਆਪਣੀ ਕਿਤਾਬ “ਆਦਿ ਗ੍ਰੰਥ ਦੀ ਗਾਥਾ” ਵਿਚ ਕੀਤੀ। ਇਹ ਲਿਖਤ ਹੁਣ ਕਿਥੇ ਹੈ, ਇਹ ਦੱਸਣ ਲਈ ਤਾਂ ਪ੍ਰੋ.ਸਾਹਿਬ ਵੀ ਇਸ ਦੁਨੀਆਂ ਚ ਨਹੀ ਰਹੇ। ਆਪ ਦਾ ਬਹੁਤ ਸਾਰਾ ਖੋਜ ਕਾਰਜ ਅਣ-ਛਪਿਆ ਹੀ ਪਿਆ ਸੀ। (ਆਪ ਦਾ ਛਪਿਆ, ਅਨ ਛਪਿਆ, ਸਭ ਕਿਤਾਬਾਂ ਪੰਜਾਬੀ ਯੂਨੀਵਰਸਿਟੀ ਦੇ ਉੱਚ ਦੁਮਾਲੜੇ ਵਿਦਵਾਨ ਲੈ ਗਏ ਸਨ )
ਲੇਖਕ ਬਾਰੇ
ਬਲਦੀਪ ਸਿੰਘ ਰਾਮੂੰਵਾਲੀਆ ਨੌਜਵਾਨ ਸਿੱਖ ਲੇਖਕ ਹਨ। ਆਪ ਸਿੱਖ ਇਤਿਹਾਸ ਬਾਰੇ ਸਮੇਂ-ਸਮੇਂ 'ਤੇ ਲੇਖ ਲਿਖਦੇ ਰਹਿੰਦੇ ਹਨ। ਆਪ ਦੀ ਸਿੱਖ ਇਤਿਹਾਸ ਦੇ ਉੱਤੇ ਚੰਗੀ ਪਕੜ ਹੈ। ਆਪ ਵੱਲੋਂ ਅਨੇਕਾਂ ਲੇਖ ਲਿਖੇ ਜਾ ਚੁੱਕੇ ਹਨ ਅਤੇ ਲਗਾਤਾਰ ਆਪ ਵੱਲੋਂ ਸਿੱਖ ਪੰਥ ਦੀ ਆਪਣੀ ਕਲਮ ਰਾਹੀ ਸੇਵਾ ਕੀਤੀ ਜਾ ਰਹੀ ਹੈ।
- ਬਲਦੀਪ ਸਿੰਘ ਰਾਮੂੰਵਾਲੀਆhttps://sikharchives.org/kosh/author/%e0%a8%ac%e0%a8%b2%e0%a8%a6%e0%a9%80%e0%a8%aa-%e0%a8%b8%e0%a8%bf%e0%a9%b0%e0%a8%98-%e0%a8%b0%e0%a8%be%e0%a8%ae%e0%a9%82%e0%a9%b0%e0%a8%b5%e0%a8%be%e0%a8%b2%e0%a9%80%e0%a8%86/January 1, 2009
- ਬਲਦੀਪ ਸਿੰਘ ਰਾਮੂੰਵਾਲੀਆhttps://sikharchives.org/kosh/author/%e0%a8%ac%e0%a8%b2%e0%a8%a6%e0%a9%80%e0%a8%aa-%e0%a8%b8%e0%a8%bf%e0%a9%b0%e0%a8%98-%e0%a8%b0%e0%a8%be%e0%a8%ae%e0%a9%82%e0%a9%b0%e0%a8%b5%e0%a8%be%e0%a8%b2%e0%a9%80%e0%a8%86/June 1, 2009
- ਬਲਦੀਪ ਸਿੰਘ ਰਾਮੂੰਵਾਲੀਆhttps://sikharchives.org/kosh/author/%e0%a8%ac%e0%a8%b2%e0%a8%a6%e0%a9%80%e0%a8%aa-%e0%a8%b8%e0%a8%bf%e0%a9%b0%e0%a8%98-%e0%a8%b0%e0%a8%be%e0%a8%ae%e0%a9%82%e0%a9%b0%e0%a8%b5%e0%a8%be%e0%a8%b2%e0%a9%80%e0%a8%86/
- ਬਲਦੀਪ ਸਿੰਘ ਰਾਮੂੰਵਾਲੀਆhttps://sikharchives.org/kosh/author/%e0%a8%ac%e0%a8%b2%e0%a8%a6%e0%a9%80%e0%a8%aa-%e0%a8%b8%e0%a8%bf%e0%a9%b0%e0%a8%98-%e0%a8%b0%e0%a8%be%e0%a8%ae%e0%a9%82%e0%a9%b0%e0%a8%b5%e0%a8%be%e0%a8%b2%e0%a9%80%e0%a8%86/December 1, 2021
- ਬਲਦੀਪ ਸਿੰਘ ਰਾਮੂੰਵਾਲੀਆhttps://sikharchives.org/kosh/author/%e0%a8%ac%e0%a8%b2%e0%a8%a6%e0%a9%80%e0%a8%aa-%e0%a8%b8%e0%a8%bf%e0%a9%b0%e0%a8%98-%e0%a8%b0%e0%a8%be%e0%a8%ae%e0%a9%82%e0%a9%b0%e0%a8%b5%e0%a8%be%e0%a8%b2%e0%a9%80%e0%a8%86/January 1, 2022
- ਬਲਦੀਪ ਸਿੰਘ ਰਾਮੂੰਵਾਲੀਆhttps://sikharchives.org/kosh/author/%e0%a8%ac%e0%a8%b2%e0%a8%a6%e0%a9%80%e0%a8%aa-%e0%a8%b8%e0%a8%bf%e0%a9%b0%e0%a8%98-%e0%a8%b0%e0%a8%be%e0%a8%ae%e0%a9%82%e0%a9%b0%e0%a8%b5%e0%a8%be%e0%a8%b2%e0%a9%80%e0%a8%86/January 1, 2022
- ਬਲਦੀਪ ਸਿੰਘ ਰਾਮੂੰਵਾਲੀਆhttps://sikharchives.org/kosh/author/%e0%a8%ac%e0%a8%b2%e0%a8%a6%e0%a9%80%e0%a8%aa-%e0%a8%b8%e0%a8%bf%e0%a9%b0%e0%a8%98-%e0%a8%b0%e0%a8%be%e0%a8%ae%e0%a9%82%e0%a9%b0%e0%a8%b5%e0%a8%be%e0%a8%b2%e0%a9%80%e0%a8%86/January 1, 2022
- ਬਲਦੀਪ ਸਿੰਘ ਰਾਮੂੰਵਾਲੀਆhttps://sikharchives.org/kosh/author/%e0%a8%ac%e0%a8%b2%e0%a8%a6%e0%a9%80%e0%a8%aa-%e0%a8%b8%e0%a8%bf%e0%a9%b0%e0%a8%98-%e0%a8%b0%e0%a8%be%e0%a8%ae%e0%a9%82%e0%a9%b0%e0%a8%b5%e0%a8%be%e0%a8%b2%e0%a9%80%e0%a8%86/April 1, 2022
- ਬਲਦੀਪ ਸਿੰਘ ਰਾਮੂੰਵਾਲੀਆhttps://sikharchives.org/kosh/author/%e0%a8%ac%e0%a8%b2%e0%a8%a6%e0%a9%80%e0%a8%aa-%e0%a8%b8%e0%a8%bf%e0%a9%b0%e0%a8%98-%e0%a8%b0%e0%a8%be%e0%a8%ae%e0%a9%82%e0%a9%b0%e0%a8%b5%e0%a8%be%e0%a8%b2%e0%a9%80%e0%a8%86/April 1, 2022
- ਬਲਦੀਪ ਸਿੰਘ ਰਾਮੂੰਵਾਲੀਆhttps://sikharchives.org/kosh/author/%e0%a8%ac%e0%a8%b2%e0%a8%a6%e0%a9%80%e0%a8%aa-%e0%a8%b8%e0%a8%bf%e0%a9%b0%e0%a8%98-%e0%a8%b0%e0%a8%be%e0%a8%ae%e0%a9%82%e0%a9%b0%e0%a8%b5%e0%a8%be%e0%a8%b2%e0%a9%80%e0%a8%86/