editor@sikharchives.org

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਦਸੰਬਰ ਮਹੀਨੇ ਰਾਹੀਂ

ਜ਼ਰਾ ਕਿਆਸ ਕਰੀਏ ਕਿ ਕਿਵੇਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਰਮਾਤਮਾ ਦਾ ਸ਼ੁਕਰ ਕੀਤਾ ਸੀ ਕਿ ‘ਤੇਰੀ ਅਮਾਨਤ ਤੈਨੂੰ ਅਦਾ ਹੋਈ ਹੈ।’
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਮੈਂ ਦਸੰਬਰ ਦਾ ਮਹੀਨਾ ਬੋਲ ਰਿਹਾ ਹਾਂ। ਅੰਗਰੇਜ਼ੀ ਮਹੀਨਿਆਂ ਦੀ ਲੜੀ ਵਿਚ ਮੈਂ 12ਵੇਂ ਨੰਬਰ ’ਤੇ ਆਉਂਦਾ ਹਾਂ ਅਤੇ ਸਾਲ ਦਾ ਅਖੀਰਲਾ ਮਹੀਨਾ ਹਾਂ। ਦੇਸੀ ਮਹੀਨਿਆਂ ਵਿਚ ਮੱਘਰ-ਪੋਹ ਦੇ ਦਿਨ ਮੇਰੇ ਵਿਚ ਆਉਂਦੇ ਹਨ। ਮੈਂ ਆਪਣੇ ਦਾਇਰੇ ਵਿਚ ਰਹਿੰਦੇ ਹੋਏ ਉਸ ਸੂਰੇ ਇਨਕਲਾਬੀ ਰੂਹਾਨੀ ਸੂਰਬੀਰ ਯੋਧੇ ਦੀ ਗਾਥਾ ਸੁਣਾਵਾਂਗਾ ਜਿਸ ਨੇ ਭਾਰਤ ਦੇ ਇਤਿਹਾਸ ਨੂੰ ਹੀ ਬਦਲ ਕੇ ਰੱਖ ਦਿੱਤਾ, ਜਿਸ ਨੇ ਗੁਲਾਮੀ ਗਲੋਂ ਲਾਹ ਸੁੱਟਣ ਲਈ ਤੱਕੜੀ ਤੋਲਣ ਵਾਲਿਆਂ, ਚਿੜੀ ਤੋਂ ਡਰ ਜਾਣ ਵਾਲਿਆਂ ਦੇ ਹੱਥ ਵਿਚ ਸ਼ਸਤਰ ਅਤੇ ਹਿਰਦੇ ਵਿਚ ਨਿਰਭੈਤਾ ਭਰ ਦਿੱਤੀ ਬਲਕਿ ਸ਼ਸਤਰਾਂ ਨੂੰ ਕਦੋਂ, ਕਿੱਥੇ ਅਤੇ ਕਿਵੇਂ ਵਰਤਣਾ ਹੈ ਇਹ ਵੀ ਦੱਸ ਦਿੱਤਾ, ਜਿਸ ਸ਼ਖ਼ਸੀਅਤ ਨੇ ਆਦਰਸ਼ਕ ਸਮਾਜ ਦੀ ਰਾਹ ਵਿਚ ਰੁਕਾਵਟਾਂ ਬਣੀਆਂ ਜਾਤ-ਪਾਤ, ਵਰਣ, ਮਜ਼ਹਬਾਂ ਦੀਆਂ ਵੰਡੀਆਂ ਨੂੰ ਖ਼ਤਮ ਕਰਨ ਲਈ ‘ਮਾਨਸ ਕੀ ਜਾਤਿ ਸਬੈ ਏਕੈ ਪਹਚਾਨਬੋ’ ਦਾ ਨਾਅਰਾ ਲਗਾਇਆ।

ਜਿਸ ਨੇ ਕਿਰਤਮ ਦੀ ਪੂਜਾ (ਗੋਰਾਂ, ਮੜ੍ਹੀਆਂ, ਮੱਟਾਂ, ਜੰਡਾਂ, ਅੱਗ, ਪਾਣੀ ਆਦਿਕ) ਦਾ ਤਿਆਗ ਕਰਕੇ ਕੇਵਲ ਜਾਗਤ ਜੋਤ ਦਾ ਉਪਾਸ਼ਕ ਹੋਣ ਦਾ ਸੁਨੇਹਾ ਦਿੱਤਾ ਅਤੇ ਫੋਕਟ ਕਰਮਕਾਂਡਾਂ ਦਾ ਤਿਆਗ ਕਰ ਕੇ ਨਾਮ ਜਪਣ, ਚੰਗਿਆਈ, ਕਰਮ ਕਰਦੇ ਹੋਏ ਪ੍ਰਭੂ ਨਾਲ ਪ੍ਰੇਮ ਪਾ ਕੇ ਮਨੁੱਖਾ ਜਨਮ ਨੂੰ ਸਫਲ ਕਰਨ ਦੀ ਜੁਗਤੀ ਦਿੱਤੀ। ਇਸ ਸ਼ਖ਼ਸੀਅਤ ਨੂੰ ਗੁਣਾਂ ਕਰਕੇ ਬਹੁਤ ਸਾਰੇ ਤਖੱਲਸ ਮਿਲੇ। ਕਿਸੇ ਨੇ ਸ਼ਹੀਦ ਪੁੱਤਰਾਂ ਦਾ ਪਿਤਾ ਆਖਿਆ,ਕਿਸੇ ਨੇ ਸ਼ਹੀਦ ਪਿਤਾ ਦਾ ਪੁੱਤਰ ਆਖਿਆ, ਕਿਸੇ ਨੇ ਖੰਡੇ ਦੀ ਪਾਹੁਲ ਦਾ ਦਾਤਾ ਆਖਿਆ, ਕਿਸੇ ਨੇ ਕਲਗੀਆਂ ਵਾਲਾ ਆਖਿਆ, ਕਿਸੇ ਨੀਲੇ ਦਾ ਸਵਾਰ ਆਖਿਆ, ਕਿਸੇ ਬਾਜਾਂ ਵਾਲਾ ਆਖਿਆ, ਕਿਸੇ ਇਨਕਲਾਬੀ ਯੋਧਾ ਆਖਿਆ, ਕਿਸੇ ਮਾਂ ਗੁਜਰੀ ਦਾ ਪਿਆਰਾ ਆਖਿਆ, ਕਿਸੇ ਪਟਨੇ ਸ਼ਹਿਰ ਦਾ ਚੰਨ ਆਖਿਆ, ਕਿਸੇ ਗੁਰ-ਚੇਲਾ ਆਖਿਆ, ਕਿਸੇ ਪੁਰਖ ਭਗਵੰਤ ਆਖਿਆ। ਕਹਿਣ ਤੋਂ ਮੁਰਾਦ ਬਹੁਤ ਸਾਰੇ ਗੁਣਵਾਚਕ ਨਾਵਾਂ ਨਾਲ ਸਤਿਕਾਰਿਆ। ਪਰ ਉਸ ਸ਼ਖ਼ਸੀਅਤ ਨੇ ਆਪਣੇ ਬਾਰੇ ਇਉਂ ਲਿਖਿਆ

‘ਮੈ ਹੋ ਪਰਮ ਪੁਰਖ ਕੋ ਦਾਸਾ॥
ਦੇਖਨਿ ਆਯੋ ਜਗਤ ਤਮਾਸਾ॥’

ਮੈਂ ਤਾਂ ਉਸ ਪਰਮ ਪੁਰਖ ਦਾ ਦਾਸ ਹਾਂ ਅਤੇ ਜਗਤ ਤਮਾਸੇ ਨੂੰ ਵੇਖਣ ਲਈ ਆਇਆ ਹਾਂ। ਇਸ ਅਗੰਮੀ ਸ਼ਖ਼ਸੀਅਤ ਦਾ ਪ੍ਰਕਾਸ਼ 23 ਪੋਹ 1723 ਬਿਕ੍ਰਮੀ ਨੂੰ ਪਟਨਾ ਸਾਹਿਬ ਬਿਹਾਰ ਵਿਖੇ ਮਾਤਾ ਗੁਜਰੀ ਜੀ ਦੀ ਕੁੱਖੋਂ ਹੋਇਆ। ਪ੍ਰਕਾਸ਼ ਸਮੇਂ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਅਸਾਮ ਪ੍ਰਚਾਰ ਫੇਰੀ ’ਤੇ ਗਏ ਹੋਏ ਸਨ। ਬਚਪਨ ਤੋਂ ਹੀ ਆਪ ਜੀ ਨੂੰ ਅਨਿਕ ਭਾਂਤ ਕੀ ਸਿੱਖਿਆ ਦਿੱਤੀ ਗਈ ਜਿਸ ਵਿਚ ਸ਼ਸਤਰ ਵਿਦਿਆ ਅਤੇ ਘੋੜ ਸਵਾਰੀ ਵੀ ਸ਼ਾਮਲ ਸੀ।

ਫਿਰ ਆਪ ਜੀ ਨੂੰ ਮਦਰ ਦੇਸ (ਪੰਜਾਬ) ਲੈ ਆਂਦਾ ਗਿਆ। ਜਿਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਮਾਖੋਵਾਲ ਇਲਾਕੇ ਵਿਖੇ ਜਗ੍ਹਾ ਲਈ ਹੋਈ ਸੀ, ਬਾਅਦ ਵਿਚ ਜਿਸਦਾ ਨਾਂ ਅਨੰਦਪੁਰ ਸਾਹਿਬ ਰੱਖ ਦਿੱਤਾ ਗਿਆ। ਇਥੇ ਹੀ ਛੋਟੀ ਉਮਰੇ ਤੁਸਾਂ ਨੇ ਮਜ਼ਲੂਮ ਹਿੰਦੂਆਂ ਦਾ ਧਰਮ ਬਚਾਉਣ ਲਈ ਗੁਰੂ ਪਿਤਾ ਜੀ ਨੂੰ ਸ਼ਹਾਦਤ ਲਈ ਤੋਰ ਦਿੱਤਾ। 1723 ਬਿਕ੍ਰਮੀ ਨੂੰ ਨਵੰਬਰ ਮਹੀਨੇ ਪਿਤਾ ਜੀ ਦੀ ਸ਼ਹਾਦਤ ਹੋ ਗਈ ਜਿਸ ਦਾ ਜ਼ਿਕਰ ਆਪ ਜੀ ਨੇ ਕੀਤਾ ਹੈ:

ਤਿਲਕ ਜੰਞੂ ਰਾਖਾ ਪ੍ਰਭ ਤਾ ਕਾ ਕੀਨੋ ਬਡੂ ਕਲੂ ਮਹਿ ਸਾਕਾ॥
ਸਾਧਨ ਹੇਤ ਇਤਿ ਜਿਨਿ ਕਰੀ ਸੀਸ ਦੀਆ ਪਰ ਸੀ ਨ ਉਚਰੀ॥
ਧਰਮ ਹੇਤ ਸਾਕਾ ਜਿਨਿ ਕੀਆ॥
ਸੀਸ ਦੀਆ ਪਰ ਸਿਰਰ ਨਾ ਦੀਆ॥

ਆਪ ਜੀ ਗੁਰਤਾ ਗੱਦੀ ਉੱਪਰ ਬਿਰਾਜਮਾਨ ਹੋਏ ਤਾਂ ਭਗਤੀ ਦੇ ਨਾਲ ਸ਼ਕਤੀ ਦਾ ਸੁਮੇਲ ਪ੍ਰਤੱਖ ਹੋ ਗਿਆ ਸੀ। ਰਣਜੀਤ ਨਗਾਰੇ ’ਤੇ ਚੋਟ ਲੱਗੀ। ਅਨੰਦਪੁਰ ਸਾਹਿਬ ਵਿਖੇ ਜੰਗੀ ਮਸ਼ਕਾਂ ਹੋਣ ਲੱਗੀਆਂ, ਕਿਲ੍ਹਿਆਂ ਦੀ ਉਸਾਰੀ ਹੋ ਗਈ। ਖਾਲਸਾ ਪੰਥ ਸਾਜ ਕੇ ਸਾਰਿਆਂ ਨੂੰ ਹਥਿਆਰ ਘੋੜੇ ਰੱਖਣੇ ਜ਼ਰੂਰੀ ਕਰ ਦਿੱਤੇ। ਪਹਾੜੀ ਰਾਜਿਆਂ ਨਾਲ ਕੁਝ ਝੜਪਾਂ ਹੋਈਆਂ ਜਿਸ ਵਿਚ ਸਿੱਖਾਂ ਨੂੰ ਫਤਹਿ ਪ੍ਰਾਪਤ ਹੋਈ ‘ਭਈ ਜੀਤ ਮੇਰੀ॥ ਕ੍ਰਿਪਾ ਕਾਲ ਕੇਰੀ॥’ ਦੀ ਧੁਨੀ ਉੱਠੀ।

ਫਿਰ ਪਹਾੜੀ ਰਾਜਿਆਂ ਅਤੇ ਮੁਗ਼ਲਾਂ ਨੇ ਮਿਲ ਕੇ ਅਪ੍ਰੈਲ 1704 ਈ. ਨੂੰ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਦਿਨ ਬੀਤਦੇ ਗਏ, ਘੇਰਾ ਸਖ਼ਤ ਹੁੰਦਾ ਗਿਆ। 1704 ਈ. ਵਾਲੇ ਸਾਲ ਹੀ ਮੇਰੀ ਵਾਰੀ ਵੀ ਆ ਗਈ। ਉਹ ਦਿਨ ਆ ਗਏ ਜਿਨ੍ਹਾਂ ਨੇ ਇਤਿਹਾਸ ਵਿਚ ਹਮੇਸ਼ਾ ਲਈ ਆਪਣੀ ਥਾਂ ਬਣਾ ਲੈਣੀ ਸੀ।

ਘੇਰਾ ਪਏ ਨੂੰ ਪੂਰੇ ਅੱਠ ਮਹੀਨੇ ਹੋ ਗਏ ਸਨ। 6 ਪੋਹ 1761 ਬਿਕ੍ਰਮੀ ਦੀ ਰਾਤ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਅਨੰਦਪੁਰੀ ਨੂੰ ਪਰਵਾਰ ਤੇ ਸਿੱਖਾਂ ਸਮੇਤ ਛੱਡ ਦਿੱਤਾ। ਮੁਗਲਾਂ, ਪਹਾੜੀਆਂ ਨੇ ਧੋਖਾ ਕਰਦਿਆਂ ਆਪਣੀਆਂ ਕਸਮਾਂ-ਸਹੁੰਆਂ ਤੋੜ ਕੇ ਹਮਲਾ ਕਰ ਦਿੱਤਾ। ਪਿੱਛੇ ਹਮਲਾਵਰ ਚੜ੍ਹਿਆ ਹੋਇਆ ਹੈ, ਅੱਗੇ ਸਰਸਾ ਨਦੀ ਚੜ੍ਹੀ ਹੋਈ ਸੀ। ਇਨ੍ਹਾਂ ਦੋਹਾਂ ਨੇ ਹੀ ਕਿੰਨੇ ਸੁਹਣੇ-ਸੁਹਣੇ ਸਿੰਘ ਗੁਰੂ ਪਾਸੋਂ ਖੋਹ ਲਏ! ਕਿੰਨਾ ਹੀ ਅਮੋਲਕ ਸਾਹਿਤਕ ਖਜ਼ਾਨਾ ਖੋਹ ਲਿਆ! ਇਥੋਂ ਤਕ ਕਿ ਪਰਵਾਰ ਨੂੰ ਵੀ ਵਿਛੋੜ ਦਿੱਤਾ ਜਿਸਦੇ ਵਿੱਚੋਂ ਬਹੁਤ ਸਾਰੇ ਜੀਅ ਦੁਬਾਰਾ ਮਿਲ ਹੀ ਨਹੀਂ ਸਕੇ।

ਦਸੰਬਰ ਦੀਆਂ ਹੀ ਠੰਡੀਆਂ ਕਕਰੀਲੀਆਂ ਰਾਤਾਂ ਸਨ ਜਦ ਉਸ ਸਾਹਸ ਤੇ ਦ੍ਰਿੜ੍ਹਤਾ ਦੀ ਮੂਰਤ ਦਾ ਪਰਵਾਰ ਤਿੰਨ ਭਾਗਾਂ ਵਿਚ ਵੰਡਿਆ ਗਿਆ ਸੀ। ਮਹਿਲ ਕਿਸੇ ਪਾਸੇ, ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਕਿਸੇ ਪਾਸੇ ਅਤੇ ਆਪ ਵੱਡੇ ਸਾਹਿਬਜ਼ਾਦਿਆਂ, ਕੁਝ ਸਿੰਘਾਂ ਨੂੰ ਨਾਲ ਲੈ ਕੇ ਉਸ ਜਗ੍ਹਾ ਵੱਲ ਚਾਲੇ ਪਾ ਦਿੱਤੇ ਜਿਸ ਨੂੰ ਸਿਜਦਾ ਕਰਦੇ ਹੋਏ ਕਵੀ ਅੱਲਾ ਯਾਰ ਖਾਂ ਨੇ ਇਹ ਸ਼ਬਦ ਕਹੇ ਹਨ:

ਬਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਏ।
ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲੀਏ।
ਚਮਕ ਹੈ ਮਿਹਰ ਕੀ ਚਮਕੌਰ ਤੇਰੇ ਜ਼ਰਰੋਂ ਮੇਂ।
ਯਹੀਂ ਸੇ ਬਨ ਕੇ ਸਿਤਾਰੇ ਗਏ ਸਮਾਂ ਕੇ ਲੀਏ॥

ਮੈਂ ਖ਼ੁਦ ਹੈਰਾਨ ਹੁੰਦਾ ਹਾਂ ਕਿ ਧਰਤੀ ’ਤੇ ਪਤਾ ਨਹੀਂ ਕਿੰਨੇ ਬਾਦਸ਼ਾਹ ਹੋਏ ਹਨ ਜਿਨ੍ਹਾਂ ਨੇ ਲੋਕਾਂ ਦੇ ਪੁੱਤ ਜੰਗਾਂ-ਯੁੱਧਾਂ ਵਿਚ ਖ਼ਤਮ ਕਰਵਾ ਕੇ ਆਪਣੇ ਪੁੱਤਰਾਂ ਨੂੰ ਰਾਜ-ਭਾਗ ਦਿੱਤਾ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਰੂਪ ਵਿਚ ਇੱਕੋ ਬਾਦਸ਼ਾਹ ਦਰਵੇਸ਼ ਦਿੱਸਦਾ ਹੈ ਜਿਸ ਨੇ ਆਪਣੇ ਬੱਚੇ ਰਣਤੱਤੇ ਅੰਦਰ ਸ਼ਹੀਦ ਹੋਣ ਲਈ ਭੇਜ ਦਿੱਤੇ। ਸਹਿਬਜ਼ਾਦਾ ਅਜੀਤ ਸਿੰਘ ਸਾਹਿਬਜ਼ਾਦਾ ਜੁਝਾਰ ਸਿੰਘ ਮੁਗ਼ਲਾਂ ਨਾਲ ਲੋਹਾ ਲੈਂਦੇ ਹੋਏ ਸ਼ਹਾਦਤਾਂ ਦਾ ਜਾਮ ਪੀ ਗਏ। ਜ਼ਰਾ ਕਿਆਸ ਕਰੀਏ ਕਿ ਕਿਵੇਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਰਮਾਤਮਾ ਦਾ ਸ਼ੁਕਰ ਕੀਤਾ ਸੀ ਕਿ ‘ਤੇਰੀ ਅਮਾਨਤ ਤੈਨੂੰ ਅਦਾ ਹੋਈ ਹੈ।’

ਦੁਨੀਆਂ ’ਤੇ ਬੜੇ ਬਾਪ ਐਸੇ ਹਨ ਜੋ ਜਵਾਨੀ ਦੀ ਦਹਿਲੀਜ਼ ’ਤੇ ਪੈਰ ਰੱਖਦੇ ਆਪਣੇ ਬੱਚਿਆਂ ਨੂੰ ਕਹਿੰਦੇ ਹਨ ਕਿ ‘ਪੁੱਤ ਮੈਂ ਤੈਨੂੰ ਡਾਕਟਰ ਬਣਿਆ ਵੇਖਣਾ ਚਾਹੁੰਦਾ ਹਾਂ, ਕੋਈ ਜੱਜ, ਕੋਈ ਵਕੀਲ, ਕੋਈ ਸਫ਼ਲ ਸਨਅਤਕਾਰ, ਕੋਈ ਕਿਸੇ ਹੋਰ ਉੱਚ ਅਹੁਦੇ ’ਤੇ ਅਤੇ ਕੋਈ ਜਵਾਨ ਪੁੱਤਰ ਨੂੰ ਸਿਹਰਾ ਬੰਨ੍ਹੀ ਘੋੜੀ ’ਤੇ ਚੜ੍ਹਿਆ ਵੇਖਣ ਦੀ ਇੱਛਾ ਰੱਖਦਾ ਹੈ। ਪਰ ਦੁਨੀਆਂ ਦਾ ਇਹ ਇਕੱਲਾ ਪਿਤਾ ਹੈ ਜਿਸ ਨੇ ਜਵਾਨੀ ਦੀ ਦਹਿਲੀਜ਼ ’ਤੇ ਪੈਰ ਰੱਖਦੇ ਬੱਚਿਆਂ ਨੂੰ ਧਰਮ ਯੁੱਧ ਲਈ ਪ੍ਰੇਰਦੇ ਹੋਏ ਇਹ ਗੱਲ ਆਖੀ:

ਖ੍ਵਾਹਸ਼ ਹੈ ਤੁਮੇਂ ਤੇਗ ਚਲਾਤੇ ਹੁਏ ਦੇਖੇਂ।
ਹਮ ਆਂਖ ਸੇ ਬਰਛੀ ਤੁਮੇਂ ਖਾਤੇ ਹੁਏ ਦੇਖੇਂ।

ਦੂਜੇ ਪਾਸੇ ਮਾਤਾ ਗੁਜਰੀ ਜੀ ਨਾਲ ਛੋਟੇ ਸਾਹਿਬਜ਼ਾਦੇ ਹਨ ਜਿਨ੍ਹਾਂ ਨੂੰ ਗੰਗੂ ਰਸੋਈਆ ਆਪਣੇ ਪਿੰਡ ਲੈ ਗਿਆ ਅਤੇ ਫਿਰ ਲਾਲਚ ਵੱਸ ਹੋ ਨਮਕ ਹਰਾਮੀ ਕਰਦੇ ਹੋਏ ਮੁਗ਼ਲਾਂ ਕੋਲ ਫੜਵਾ ਦਿੱਤਾ ਜਿਨ੍ਹਾਂ ਨੂੰ ਪਹਿਲਾਂ ਮੋਰਿੰਡੇ ਫਿਰ ਸਰਹਿੰਦ ਵਿਖੇ ਉਸ ਠੰਡੇ ਬੁਰਜ ਵਿਚ ਰੱਖਿਆ ਗਿਆ ਜਿਥੇ ਜੇਠ ਹਾੜ ਸਮੇਂ ਵੀ ਪੋਹ-ਮਾਘ ਵਰਗੀ ਠੰਡ ਹੁੰਦੀ ਸੀ ਅਤੇ ਮੁਗ਼ਲ ਹਾਕਮ ਗਰਮੀ ਕੱਟਣ ਆਉਂਦੇ ਸਨ। ਗਰਮੀ ਜਾਂ ਸਰਦੀ ਬੱਚੇ ਅਤੇ ਬੁੱਢੇ ਉੱਪਰ ਜ਼ਿਆਦਾ ਪ੍ਰਭਾਵ ਪਾਉਂਦੀ ਹੈ। ਮੁਗ਼ਲਾਂ ਵੱਲੋਂ ਤਸ਼ੱਦਦ ਦਾ ਇਕ ਤਰੀਕਾ ਹੀ ਸੀ ਮਾਸੂਮ ਜਿੰਦਾਂ ਅਤੇ ਬਜ਼ੁਰਗੀ ਉਮਰੇ ਪਹੁੰਚੀ ਮਾਤਾ ਗੁਜਰੀ ਜੀ ਨੂੰ ਠੰਢੇ ਬੁਰਜ ਵਿਚ ਰੱਖਣਾ। ਪਰ ਅੱਤ ਦੀ ਠੰਢ ਵੀ ਉਨ੍ਹਾਂ ਨੂੰ ਆਪਣੇ ਅਕੀਦੇ ਤੋਂ ਡੁਲ੍ਹਾ ਨਾ ਸਕੀ। ਸਗੋਂ ਬਜ਼ੁਰਗ ਦਾਦੀ ਨੇ ਪੋਤਿਆਂ ਨੂੰ ਧਰਮ ਪ੍ਰਤੀ ਹੋਰ ਦ੍ਰਿੜ੍ਹਤਾ ਬਖ਼ਸ਼ੀ। ਇਕ ਕਵੀ ਨੇ ਬੜਾ ਸੁਹਣਾ ਲਿਖਿਆ ਹੈ:

ਕਿਵੇਂ ਸ਼ਹਾਦਤ ਪਾਉਣੀ ਪੁੱਤਰੋ, ਦਾਦੀ ਮਾਂ ਸਮਝਾਵਣ ਲੱਗੀ।
ਸਿੱਖ ਕੌਮ ਦੀਆਂ ਨੀਂਹਾਂ ਪੱਕੀਆਂ, ਹੱਥੀਂ ਮਾਂ ਕਰਵਾਵਣ ਲੱਗੀ।
ਬਾਬੇ ਦੀਆਂ ਮਿਸਾਲਾਂ ਦੇ ਕੇ, ਅਣਖੀ ਹੋਰ ਬਣਾਉਂਦੀ ਪੋਤੇ।
ਇਹ ਵੀ ਕੌਮ ਲਈ ਅਰਪਣ ਹੋਵਣ, ਕੌਮ ਦੇ ਲੇਖੇ ਲਾਉਂਦੀ ਪੋਤੇ।
ਦਿਲ ਦੇ ਟੁਕੜੇ ਗਲ਼ ਨੂੰ ਲਾ ਕੇ, ਬਾਤ ਧਰਮ ਦੀ ਪਾਵਨ ਲੱਗੀ।
ਕਿਵੇਂ ਸ਼ਹਾਦਤ ਪਾਉਣੀ ਪੁੱਤਰੋ…

ਮਾਸੂਮ ਜਿੰਦਾਂ ਨੂੰ ਸੂਬੇ ਦੀ ਕਚਹਿਰੀ ਪੇਸ਼ ਕੀਤਾ ਗਿਆ। ਸਿੱਖੀ ਧਰਮ ਤਿਆਗਣ ਲਈ ਕਈ ਲਾਲਚ ਅਤੇ ਡਰਾਵੇ ਦਿੱਤੇ ਗਏ ਪਰ ਉਨ੍ਹਾਂ ਨੇ ਸਭ ਕੁਝ ਠੁਕਰਾ ਕੇ ਕਿਹਾ ਕਿ ਅਸੀਂ ਆਪਣਿਆਂ ਪੁਰਖਿਆਂ ਦੇ ਰਸਤੇ ’ਤੇ ਚੱਲਦੇ ਹੋਏ ਜ਼ੁਲਮ, ਅੱਤਿਆਚਾਰ ਵਿਰੁੱਧ ਸੰਘਰਸ਼ ਕਰਨਾ ਹੈ ਭਾਵੇਂ ਸਾਡੀ ਜਾਨ ਹੀ ਕਿਉਂ ਨਾ ਚਲੀ ਜਾਵੇ। ਸੂਬੇਦਾਰ ਵਜ਼ੀਰ ਖਾਂ ਦੇ ਹੁਕਮ ’ਤੇ ਕਾਜ਼ੀ ਨੇ ਫਤਵਾ ਦੇ ਦਿੱਤਾ। ਇਹ ਨਿੱਕੀਆਂ ਜਿੰਦਾਂ ਪੰਜ ਸਾਲ ਅਤੇ ਸੱਤ ਸਾਲ ਦੀ ਛੋਟੀ ਉਮਰੇ ਵੱਡੇ ਸਾਕੇ ਕਰਕੇ ਇਤਿਹਾਸ ਵਿਚ ‘ਬਾਬੇ’ ਬਣ ਗਈਆਂ।

ਅਖੀਰ ਉੱਤੇ ਜਿਹੜੀ ਗੱਲ ਮੈਂ ਵਿਸ਼ੇਸ਼ ਕਰਕੇ ਕਹਿਣਾ ਚਾਹੁੰਦਾ ਹਾਂ ਦੇਸ਼ ਦੀ ਵੰਡ 1947 ਈ. ਜਾਂ ਨਵੰਬਰ 84 ਸਮੇਂ ਜਿਹੜੇ ਘਰੋਂ ਉਜੜ ਕੇ ਆਏ ਉਨ੍ਹਾਂ ਲਈ ਅੱਜ ਤਕ ਉਹ ਘਟਨਾ ਦੁਖਦਾਈ ਹੈ। ਓਏ ਸੰਸਾਰੀ ਲੋਕੋ! ਘਰ ਵਿੱਚੋਂ ਕੋਈ ਬਜ਼ੁਰਗ ਚੜ੍ਹਾਈ ਕਰ ਜਾਵੇ, ਕਿੰਨੇ ਦਿਨ ਸੋਗ ਪਿਆ ਰਹਿੰਦਾ ਹੈ। ਪਰ ਇਹ ਕਿਹੋ ਜਿਹੀ ਸ਼ਖ਼ਸੀਅਤ ਸੀ, ਇਸ ਨੂੰ ਕਿਵੇਂ ਬਿਆਨ ਕਰਾਂ। ਥੋੜ੍ਹੇ ਜਿਹੇ ਦਿਨਾਂ ਵਿਚ ਮਹਿਲ ਛੱਡ ਦਿੱਤੇ, ਪਰਵਾਰ ਵਿੱਛੜ ਗਿਆ, ਵੱਡੇ ਸਾਹਿਬਜ਼ਾਦੇ ਹੱਥੀਂ ਸ਼ਹੀਦੀ ਲਈ ਧਰਮ ਯੁੱਧ ਵਿਚ ਭੇਜ ਦਿੱਤੇ, ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਦੀ ਖ਼ਬਰ ਮਿਲ ਚੁੱਕੀ ਹੈ। ਪਰ ਫਿਰ ਵੀ ਕਿਸ ਬੇਪਰਵਾਹੀ ਦੇ ਆਲਮ ਵਿਚ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਲਈ ਤੁਰੀ ਜਾ ਰਿਹਾ ਹੈ ਬਾਜਾਂ ਵਾਲਾ ਪ੍ਰੀਤਮ। ਇਨ੍ਹਾਂ ਮੁਸੀਬਤਾਂ ਦਾ ਸਮਾਂ ਡੁਲ੍ਹਾ ਨਹੀਂ ਸਕਿਆ ਬਲਕਿ ਮੈਨੂੰ ਦਸੰਬਰ ਮਹੀਨੇ ਨੂੰ ਵੀ ਸਿੱਖ ਇਤਿਹਾਸ ਵਿਚ ਇਕ ਥਾਂ ਦੁਆ ਦਿੱਤੀ। ਜਦੋਂ ਇਹ ਦਿਨ ਆਉਂਦੇ ਹਨ ਤਾਂ ਸ਼ਰਧਾ ਭਾਵਨਾ ਵਾਲੇ ਲੋਕ ਇਹਨੀਂ ਦਿਨੀਂ ਭੁੰਞੇ ਸੌਂਦੇ ਹਨ, ਆਪਣੇ ਘਰ ਕੋਈ ਖੁਸ਼ੀ ਦਾ ਪ੍ਰੋਗਰਾਮ ਨਹੀਂ ਰੱਖਦੇ। ਮੇਰੇ ਕੋਲ ਕੋਈ ਸ਼ਬਦ ਨਹੀਂ ਕਿ ਮੈਂ ਉਸ ਦੀ ਕੋਈ ਉਪਮਾ ਕਰ ਸਕਾਂ। ਹਾਂ ਇਕ ਸੁਨੇਹਾ ਜ਼ਰੂਰ ਉਸ ਦੇ ਪੈਰੋਕਾਰਾਂ, ਮੰਨਣ ਵਾਲਿਆਂ ਨੂੰ ਦੇਣਾ ਚਾਹਾਂਗਾ ਕਿ ਨਵੇਂ ਸਾਲ ਦੀ ਆਮਦ ਵਿਚ ਹੋਟਲਾਂ, ਪੱਬਾਂ ’ਚ ਜਾਣ ਵਾਲਿਓ! ਕਿਤੇ ਗੁਰ-ਇਤਿਹਾਸ ਵਿਚ ਦਸੰਬਰ ਦੇ ਖੂਨੀ ਇਤਿਹਾਸ ਦਿਹਾੜੇ ਨੂੰ ਵੀ ਜ਼ਰੂਰ ਯਾਦ ਰੱਖਿਆ ਕਰੋ ਅਤੇ ਉਨ੍ਹਾਂ ਮਹਾਨ ਸ਼ਹੀਦਾਂ ਵਾਲੇ ਕਰਮ ਵੀ ਜ਼ਰੂਰ ਕਰੋ। ਜ਼ੁਲਮ, ਅੱਤਿਆਚਾਰ ਵਿਰੁੱਧ ਇਕ ਲਹਿਰ ਖੜ੍ਹੀ ਕਰੋ। ਆਦਰਸ਼ਕ ਸਮਾਜ ਸਿਰਜਨ ਲਈ ਲਾਮਬੰਦ ਹੋਵੋ, ਸਮਾਜਿਕ ਕੁਰੀਤੀਆਂ ਨੂੰ ਉਖਾੜ ਸੁੱਟੋ। ਜੇਕਰ ਇਹ ਨਹੀਂ ਕਰ ਸਕਦੇ ਤਾਂ ਘਟੋ-ਘੱਟ ਝੂਠੇ ਫੈਸ਼ਨਾਂ ਮਗਰ ਲੱਗ ਕੇ ਸਿੱਖੀ ਦੇ ਖਾਲਸ ਸਰੂਪ ਨੂੰ ਨਾ ਵਿਗਾੜੋ। ਉਸ ਸਖ਼ਸ਼ੀਅਤ ਨੇ ਆਪਣੇ ਲਾਲ ਤੁਹਾਡੇ ਸਾਬਤ-ਸੂਰਤ ਚਿਹਰਿਆਂ, ਤੁਹਾਡੀਆਂ ਦਸਤਾਰਾਂ, ਤੁਹਾਡੇ ਕਕਾਰਾਂ ਤੋਂ ਦੇਖਣੇ ਹਨ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Jaideep Singh

ਭਾਈ ਘਨੱਈਆ ਜੀ ਸੇਵਾ ਸਿਮਰਨ ਕੇਂਦਰ, ਫਗਵਾੜਾ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)