editor@sikharchives.org
ਸਰਦਾਰ ਠਾਕੁਰ ਸਿੰਘ ਸੰਧਾਵਾਲੀਆ

ਕੌਮਪ੍ਰਸਤ ਸ਼ਖ਼ਸੀਅਤ ਸਰਦਾਰ ਠਾਕੁਰ ਸਿੰਘ ਸੰਧਾਵਾਲੀਆ

ਮਹਾਰਾਜਾ ਰਣਜੀਤ ਸਿੰਘ ਵੇਲੇ ਇਸ ਪਰਿਵਾਰ ਦੀ ਚੜ੍ਹਤ ਦੇ ਫਲਸਰੂਪ ਹੀ ਅੰਗਰੇਜ਼ਾਂ ਨੇ ਸਰਦਾਰ ਠਾਕੁਰ ਸਿੰਘ ਸੰਧਾਵਾਲੀਆ ਨੂੰ ਅੰਮ੍ਰਿਤਸਰ ਦਾ ਪਰਾ-ਸਹਾਇਕ ਕਮਿਸ਼ਨਰ ਨਿਯੁਕਤ ਕਰ ਦਿੱਤਾ ਸੀ। ਨਾਲ ਹੀ ਉਸ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਪ੍ਰਬੰਧਕ ਕਮੇਟੀ ਦਾ ਮੈਂਬਰ ਵੀ ਨਾਮਜ਼ਦ ਕਰ ਦਿੱਤਾ ਗਿਆ ਸੀ।
ਬੁੱਕਮਾਰਕ ਕਰੋ (1)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਅੰਮ੍ਰਿਤਸਰ ਨੇੜੇ ਰਾਜਾਸਾਂਸੀ ਪਿੰਡ ਦੇ ਸੰਧਾਵਾਲੀਏ ਸਰਦਾਰ 19ਵੀਂ ਸਦੀ ’ਚ ਪੰਜਾਬ ਦੇ ਪ੍ਰਮੁੱਖ ਖ਼ਾਨਦਾਨਾਂ ਵਿੱਚੋਂ ਸਨ। ਉਹ ਨਾ ਸਿਰਫ਼ ਵੱਡੇ ਜਗੀਰਦਾਰ ਸਨ ਸਗੋਂ ਰਾਜਸੀ ਖੇਤਰ ਵਿੱਚ ਉਨ੍ਹਾਂ ਦਾ ਪ੍ਰਭਾਵ ਅਤੇ ਪ੍ਰਤਾਪ ਕਿਸੇ ਤੋਂ ਘੱਟ ਨਹੀਂ ਸੀ। ਮਹਾਰਾਜਾ ਰਣਜੀਤ ਸਿੰਘ ਦੇ ਵੀ ਉਹ ਰਿਸ਼ਤੇਦਾਰਾਂ ਵਿੱਚੋਂ ਸਨ। ਇਸ ਪਰਿਵਾਰ ਵਿੱਚੋਂ ਸਰਦਾਰ ਠਾਕੁਰ ਸਿੰਘ ਸੰਧਾਵਾਲੀਆ (1837-1887) ਕੌਮਪ੍ਰਸਤ ਖ਼ਿਆਲਾਂ ਵਾਲੀ ਇੱਕ ਸ੍ਰੇਸ਼ਠ ਸ਼ਖ਼ਸੀਅਤ ਸੀ। ਉਸ ਦਾ ਪਿਤਾ ਸਰਦਾਰ ਲਹਿਣਾ ਸਿੰਘ, ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਸਮੇਂ ‘ਉੱਜਲ-ਦਿਦਾਰ’ ਅਤੇ ‘ਨਿਰਮਲ ਬੁੱਧ’ ਦੇ ਖ਼ਿਤਾਬਾਂ ਨਾਲ ਸਨਮਾਨਿਤ ਸੀ। ਮਹਾਰਾਜਾ ਰਣਜੀਤ ਸਿੰਘ ਵੇਲੇ ਇਸ ਪਰਿਵਾਰ ਦੀ ਚੜ੍ਹਤ ਦੇ ਫਲਸਰੂਪ ਹੀ ਅੰਗਰੇਜ਼ਾਂ ਨੇ ਸਰਦਾਰ ਠਾਕੁਰ ਸਿੰਘ ਸੰਧਾਵਾਲੀਆ ਨੂੰ ਅੰਮ੍ਰਿਤਸਰ ਦਾ ਪਰਾ-ਸਹਾਇਕ ਕਮਿਸ਼ਨਰ ਨਿਯੁਕਤ ਕਰ ਦਿੱਤਾ ਸੀ। ਨਾਲ ਹੀ ਉਸ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਪ੍ਰਬੰਧਕ ਕਮੇਟੀ ਦਾ ਮੈਂਬਰ ਵੀ ਨਾਮਜ਼ਦ ਕਰ ਦਿੱਤਾ ਗਿਆ ਸੀ। ਸੰਨ 1873 ਵਿੱਚ ਜਦੋਂ ਅੰਮ੍ਰਿਤਸਰ ਦੇ ਮਿਸ਼ਨ ਹਾਈ ਸਕੂਲ ਦੇ ਚਾਰ ਸਿੱਖ ਵਿਦਿਆਰਥੀਆਂ ਨੇ ਈਸਾਈ ਧਰਮ ਗ੍ਰਹਿਣ ਕਰਨ ਦਾ ਐਲਾਨ ਕਰ ਦਿੱਤਾ ਤਾਂ ਸਰਦਾਰ ਠਾਕੁਰ ਸਿੰਘ ਸੰਧਾਵਾਲੀਆ ਨੇ ਉਸ ਸਮੇਂ ਦੇ ਪ੍ਰਮੁੱਖ ਸਿੱਖਾਂ ਨੂੰ ਇਕੱਠੇ ਕਰ ਕੇ, ਜਿਨ੍ਹਾਂ ਵਿੱਚ ਬਾਬਾ ਸਰ ਖੇਮ ਸਿੰਘ ਬੇਦੀ ਅਤੇ ਕਪੂਰਥਲਾ ਦੇ ਕੰਵਰ ਬਿਕਰਮ ਸਿੰਘ ਵੀ ਸਨ, ਸ੍ਰੀ ਗੁਰੂ ਸਿੰਘ ਸਭਾ ਦੀ ਸਥਾਪਨਾ ਕੀਤੀ ਅਤੇ ਇਸ ਸਭਾ ਅਧੀਨ ਸਿੱਖਾਂ ਨੂੰ ਕੁਰਾਹੇ ਪੈਣ ਤੋਂ ਬਚਾਉਣ ਲਈ ਉਪਰਾਲੇ ਕੀਤੇ। ਇਹ ਦੇਖ ਕੇ ਅੰਗਰੇਜ਼ਾਂ ਨੇ ਸੰਨ 1883 ਵਿੱਚ ਸਰਦਾਰ ਠਾਕੁਰ ਸਿੰਘ ਸੰਧਾਵਾਲੀਆ ਦੀ ਅੰਮ੍ਰਿਤਸਰ ਦੇ ਪਰਾ-ਸਹਾਇਕ ਕਮਿਸ਼ਨਰ ਵਜੋਂ ਨਿਯੁਕਤੀ ਨੂੰ ਰੱਦ ਕਰ ਦਿੱਤਾ। ਇਸ ਸਮੇਂ ਹੀ ਮਹਾਰਾਜਾ ਦਲੀਪ ਸਿੰਘ, ਜਿਸ ਨੂੰ ਅੰਗਰੇਜ਼ ਉਸ ਦੀ ਮਾਤ-ਭੂਮੀ ਤੋਂ ਦੂਰ ਇੰਗਲੈਂਡ ਲੈ ਗਏ ਸਨ, ਨੇ ਠਾਕੁਰ ਸਿੰਘ ਸੰਧਾਵਾਲੀਆ ਨੂੰ ਇੰਗਲੈਂਡ ਪਹੁੰਚਣ ਦਾ ਸੱਦਾ ਭੇਜਿਆ। ਇਹ ਸੱਦਾ ਸਵੀਕਾਰ ਕਰਦਿਆਂ ਉਹ ਸੰਨ 1884 ਵਿੱਚ ਮਹਾਰਾਜਾ ਦਲੀਪ ਸਿੰਘ ਕੋਲ ਇੰਗਲੈਂਡ ਪਹੁੰਚ ਗਿਆ। ਉਸ ਦੇ ਨਾਲ ਉਸ ਦੇ ਦੋ ਪੁੱਤਰ ਨਰਿੰਦਰ ਸਿੰਘ ਅਤੇ ਗੁਰਦਿੱਤ ਸਿੰਘ, ਗ੍ਰੰਥੀ ਪ੍ਰਤਾਪ ਸਿੰਘ ਅਤੇ ਤਿੰਨ ਨੌਕਰ ਵੀ ਸਨ। ਗ੍ਰੰਥੀ ਪ੍ਰਤਾਪ ਸਿੰਘ, ਮਹਾਰਾਜਾ ਦਲੀਪ ਸਿੰਘ ਨੂੰ ਰੋਜ਼ਾਨਾ ਗੁਰੂ ਗ੍ਰੰਥ ਸਾਹਿਬ ਵਿੱਚੋਂ ਬਾਣੀ ਪੜ੍ਹ ਕੇ ਸੁਣਾਉਂਦਾ ਅਤੇ ਸਰਦਾਰ ਸੰਧਾਵਾਲੀਆ, ਮਹਾਰਾਜੇ ਨੂੰ ਮੁੜ ਸਿੱਖ ਧਰਮ ਗ੍ਰਹਿਣ ਕਰਨ ਦੀ ਪ੍ਰੇਰਨਾ ਦਿੰਦਾ ਰਹਿੰਦਾ।

ਅਗਸਤ 1885 ਵਿੱਚ ਸਰਦਾਰ ਠਾਕੁਰ ਸਿੰਘ ਸੰਧਾਵਾਲੀਆ ਪੰਜਾਬ ਵਾਪਸ ਆ ਗਿਆ। ਉਸ ਦੇ ਪ੍ਰਭਾਵ ਅਧੀਨ ਮਹਾਰਾਜਾ ਦਲੀਪ ਸਿੰਘ ਨੇ ਵੀ ਆਪਣੀ ਮਾਤ-ਭੂਮੀ ਪੰਜਾਬ ਵਿੱਚ ਮੁੜ ਅਬਾਦ ਹੋਣ ਦਾ ਫ਼ੈਸਲਾ ਕਰ ਲਿਆ ਪਰ ਇੰਗਲੈਂਡ ਤੋਂ ਭਾਰਤ ਆਉਂਦੇ ਸਮੇਂ ਉਸ ਨੂੰ ਅੰਗਰੇਜ਼ਾਂ ਨੇ ਰਾਹ ਵਿੱਚ ਹੀ ਰੋਕ ਲਿਆ ਅਤੇ ਭਾਰਤ ਨਾ ਪਹੁੰਚਣ ਦਿੱਤਾ। ਇਸ ਦੇ ਪ੍ਰਤੀਕਰਮ ਵਜੋਂ ਸਰਦਾਰ ਠਾਕੁਰ ਸਿੰਘ ਸੰਧਾਵਾਲੀਆ ਨੇ ਭਾਰਤ ਦੀਆਂ ਕਈ ਰਿਆਸਤਾਂ ਦੇ ਰਾਜਿਆਂ ਨਾਲ ਗੁਪਤ ਮੁਲਾਕਾਤ ਕੀਤੀ। ਮੰਤਵ ਇਹ ਸੀ ਕਿ ਉਹ ਮਹਾਰਾਜਾ ਦਲੀਪ ਸਿੰਘ ਦੀ ਸਥਿਤੀ ਨੂੰ ਸਮਝ ਕੇ ਉਸ ਦੀ ਹਮਾਇਤ ਕਰਨ। ਭਾਰਤ ਦੀ ਅੰਗਰੇਜ਼ ਸਰਕਾਰ ਸਰਦਾਰ ਠਾਕੁਰ ਸਿੰਘ ਸੰਧਾਵਾਲੀਆ ਦੀਆਂ ਕਾਰਵਾਈਆਂ ਦੇਖ ਕੇ ਉਸ ਵਿਰੁੱਧ ਕੋਈ ਅਮਲ ਕਰਨ ਦੀ ਸੋਚ ਹੀ ਰਹੀ ਸੀ ਕਿ ਸੰਧਾਵਾਲੀਆ ਨੇ ਪਹਿਲਾਂ ਹੀ ਆਪਣੀ ਸੁਰੱਖਿਆ ਲਈ ਪੌਂਡੀਚਰੀ, ਜੋ ਫਰਾਂਸ ਅਧੀਨ ਸੀ, ਜਾ ਸ਼ਰਨ ਲਈ ਅਤੇ ਫਰਾਂਸ ਦੀ ਡਾਕ ਸੇਵਾ ਅਧੀਨ ਮਹਾਰਾਜਾ ਦਲੀਪ ਸਿੰਘ ਨਾਲ ਸੰਪਰਕ ਬਣਾਈ ਰੱਖਿਆ। ਉਸ ਦੇ ਪ੍ਰਭਾਵ ਅਧੀਨ ਹੀ ਮਹਾਰਾਜਾ ਦਲੀਪ ਸਿੰਘ ਨੇ ਅੰਗਰੇਜ਼ਾਂ ਵਿਰੁੱਧ ਬਗ਼ਾਵਤ ਦਾ ਝੰਡਾ ਚੁੱਕ ਲਿਆ। ਉਸ ਨੇ ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਰਹਿ ਕੇ ਇਸ ਬਗ਼ਾਵਤ ਨੂੰ ਰੂਸ ਦੇ ਕੌਮਪ੍ਰਸਤਾਂ ਨਾਲ ਰਲ ਕੇ ਅੱਗੇ ਤੋਰਨ ਦੇ ਉਪਰਾਲੇ ਕੀਤੇ ਤਾਂ ਜੋ ਅੰਗਰੇਜ਼ਾਂ ਨੂੰ ਭਾਰਤ ਵਿੱਚੋਂ ਭਜਾਇਆ ਜਾ ਸਕੇ। ਭਾਵੇਂ ਇਸ ਕਾਰਜ ਵਿੱਚ ਸਫ਼ਲਤਾ ਨਹੀਂ ਮਿਲੀ ਅਤੇ ਸਰਦਾਰ ਠਾਕੁਰ ਸਿੰਘ ਸੰਧਾਵਾਲੀਆ ਦੇ 18 ਅਗਸਤ 1887 ਈਸਵੀ ਵਿੱਚ ਅਕਾਲ ਚਲਾਣਾ ਕਰਨ ਨਾਲ ਇਸ ਮੁਹਿੰਮ ਦੀ ਰੀੜ੍ਹ ਦੀ ਹੱਡੀ ਟੁੱਟ ਗਈ ਸੀ ਪਰ ਇਸ ਗੱਲ ਨਾਲ ਕੌਮਪ੍ਰਸਤੀ ਨੂੰ ਸਾਰੇ ਭਾਰਤ ਵਿੱਚ ਹਮਾਇਤ ਮਿਲੀ ਸੀ। ਸੰਧਾਵਾਲੀਆ ਪਰਿਵਾਰ ਕਲਾ ਦਾ ਸਰਪ੍ਰਸਤ ਵੀ ਸੀ, ਵਿਸ਼ੇਸ਼ ਕਰਕੇ ਕੰਧ-ਚਿੱਤਰ ਦੀ ਕਲਾ ਦਾ। ਰਾਜਾਸਾਂਸੀ ਵਿਖੇ ਉਨ੍ਹਾਂ ਦੀ ਪੁਰਾਣੀ ਹਵੇਲੀ, ਜੋ ਮੌਲਿਕ ਰੂਪ ਵਿੱਚ ਸਾਰੀ ਦੀ ਸਾਰੀ ਕੰਧ-ਚਿੱਤਰਾਂ ਨਾਲ ਸ਼ਿੰਗਾਰੀ ਪਈ ਸੀ, ਹੁਣ ਢਹਿ-ਢੇਰੀ ਹੋ ਗਈ ਹੈ।

ਡਾ ਕੰਵਰਜੀਤ ਸਿੰਘ ਕੰਗ

ਬੁੱਕਮਾਰਕ ਕਰੋ (1)
Please login to bookmarkClose

No account yet? Register

ਲੇਖਕ ਬਾਰੇ

ਬਲਦੀਪ ਸਿੰਘ ਰਾਮੂਵਾਲੀਆ

ਬਲਦੀਪ ਸਿੰਘ ਰਾਮੂੰਵਾਲੀਆ ਨੌਜਵਾਨ ਸਿੱਖ ਲੇਖਕ ਹਨ। ਆਪ ਸਿੱਖ ਇਤਿਹਾਸ ਬਾਰੇ ਸਮੇਂ-ਸਮੇਂ 'ਤੇ ਲੇਖ ਲਿਖਦੇ ਰਹਿੰਦੇ ਹਨ। ਆਪ ਦੀ ਸਿੱਖ ਇਤਿਹਾਸ ਦੇ ਉੱਤੇ ਚੰਗੀ ਪਕੜ ਹੈ। ਆਪ ਵੱਲੋਂ ਅਨੇਕਾਂ ਲੇਖ ਲਿਖੇ ਜਾ ਚੁੱਕੇ ਹਨ ਅਤੇ ਲਗਾਤਾਰ ਆਪ ਵੱਲੋਂ ਸਿੱਖ ਪੰਥ ਦੀ ਆਪਣੀ ਕਲਮ ਰਾਹੀ ਸੇਵਾ ਕੀਤੀ ਜਾ ਰਹੀ ਹੈ।

ਬੁੱਕਮਾਰਕ ਕਰੋ (1)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)