editor@sikharchives.org

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਅਤੇ ਉਹਨਾਂ ਦੇ ਅਧਿਕਾਰ

ਸਿੱਖਾਂ ਦੀ ਸੰਸਾਰਕ ਸ਼ਕਤੀ ਦੇ ਇਸ ਕੇਂਦਰ ਨੂੰ ਸੁਚਾਰੂ ਰੂਪ ਵਿਚ ਚਲਾਉਣ ਲਈ ਇਸ ਦੇ ਸੇਵਾਦਾਰ ਨਿਯੁਕਤ ਹੁੰਦੇ ਰਹੇ ਹਨ ਜਿਨ੍ਹਾਂ ਨੂੰ ਮੌਜੂਦਾ ਸਮੇਂ ਵਿਚ ਜਥੇਦਾਰ ਕਿਹਾ ਜਾਂਦਾ ਹੈ।
ਬੁੱਕਮਾਰਕ ਕਰੋ (1)
Please login to bookmark Close
ਪੜਨ ਦਾ ਸਮਾਂ: 1 ਮਿੰਟ

ਬਾਦਸ਼ਾਹ ਜਹਾਂਗੀਰ ਵੱਲੋਂ 30 ਮਈ 1606 ਨੂੰ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਉਪਰੰਤ 15 ਜੂਨ 1606 ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਕਰ ਦਿੱਤੀ ਸੀ। ਇਸ ਦਾ ਭਾਵ ਇਹ ਲਿਆ ਜਾ ਰਿਹਾ ਸੀ ਕਿ ਹੁਣ ਗੁਰੂ ਸਾਹਿਬ ਦਿੱਲੀ ਦੇ ਬਾਦਸ਼ਾਹ ਜਹਾਂਗੀਰ ਨਾਲ ਹਥਿਆਰਬੰਦ ਸੰਘਰਸ਼ ਕਰਨ ਦੇ ਰੌਂਅ ਵਿਚ ਆ ਗਏ ਹਨ। ਇਸ ਸਮੇਂ ਗੁਰੂ ਹਰਿਗੋਬਿੰਦ ਸਾਹਿਬ ਦੀ ਉਮਰ ਕੇਵਲ ਗਿਆਰਾਂ ਸਾਲ ਦੀ ਸੀ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਸਭ ਤੋਂ ਵੱਡਾ ਕਾਰਣ ਉਹਨਾਂ ਦੁਆਰਾ ਸਿੱਖੀ ਦਾ ਪ੍ਰਚਾਰ, ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ, ਸ੍ਰੀ ਆਦਿ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਅਤੇ ਸਿੱਖਾਂ ਨੂੰ ਸੰਗਠਿਤ ਰੂਪ ਪ੍ਰਦਾਨ ਕਰਨ ਵਜੋਂ ਦੇਖਿਆ ਜਾ ਸਕਦਾ ਹੈ।

ਭਾਵੇਂ ਕਿ ਤਰਨਤਾਰਨ ਸਾਹਿਬ ਦੀ ਸਥਾਪਨਾ ਸਮੇਂ ਤਿਆਰ ਕੀਤੀਆਂ ਜਾਣ ਵਾਲੀਆਂ ਇੱਟਾਂ ਨੂਰਦੀਨ ਨੇ ਜਬਰੀ ਚੁੱਕ ਲਈਆਂ ਸਨ ਅਤੇ ਸੁਲਹੀ ਖ਼ਾਨ ਨੇ ਗੁਰੂ-ਘਰ ’ਤੇ ਹਮਲਾ ਕਰਨ ਦਾ ਯਤਨ ਕੀਤਾ ਸੀ ਪਰ ਗੁਰੂ ਜੀ ਪਰਮਾਤਮਾ ਦੀ ਰਜ਼ਾ ਵਿਚ ਰਹਿ ਕੇ ਨਿਰੰਤਰ ਸਿੱਖੀ ਪ੍ਰਚਾਰ ਵਿਚ ਲੱਗੇ ਰਹੇ ਜਿਸ ਦੇ ਸਿੱਟੇ ਵੱਜੋਂ ਦੂਰ-ਦੁਰਾਡੇ ਦੇ ਇਲਾਕਿਆਂ ਵਿਚ ਸਿੱਖੀ ਫੈਲ ਰਹੀ ਸੀ। ਸਮਕਾਲੀ ਇਤਿਹਾਸਕਾਰ ਮੁਹਸਿਨ ਫ਼ਾਨੀ ਲਿਖਦਾ ਹੈ ਕਿ ‘ਮੁਲਕ ਦਾ ਕੋਈ ਵੀ ਨਗਰ ਅਜਿਹਾ ਨਹੀਂ ਬਚਿਆ ਜਿਥ ਥੋੜ੍ਹੇ-ਬਹੁਤੇ ਸਿੱਖ ਨਾ ਹੋਣ’। ਬਾਦਸ਼ਾਹ ਜਹਾਂਗੀਰ ਵੀ ਆਪਣੀ ਸਵੈ-ਜੀਵਨੀ ਵਿਚ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਦਾ ਕਾਰਨ ਉਹਨਾਂ ਦ ਸਮੇਂ ਸਿੱਖੀ ਵਿਚ ਹੋਏ ਬੇਮਿਸਾਲ ਵਾਧੇ ਨੂੰ ਮੰਨਦਾ ਹੈ।

ਗੁਰੂ ਅਰਜਨ ਦੇਵ ਜੀ ਨੇ ਆਪਣੀ ਸ਼ਹਾਦਤ ਤੋਂ ਪਹਿਲਾਂ ਇਹ ਅਨੁਭਵ ਕਰ ਲਿਆ ਸੀ ਕਿ ਆਉਣ ਵਾਲਾ ਸਮਾਂ ਸੁਖਾਵਾਂ ਨਹੀਂ ਹੋਵੇਗਾ ਅਤੇ ਪੇਸ਼ ਆਉਣ ਵਾਲੀਆਂ ਸਥਿਤੀਆਂ ਦਾ ਡਟ ਕੇ ਮੁਕਾਬਲਾ ਕਰਨ ਲਈ ਸ਼ਸਤਰ ਧਾਰਨ ਕਰਨੇ ਜ਼ਰੂਰੀ ਹੋਣਗੇ। ਸਿੱਖਾਂ ਦੀ ਭਗਤਮਾਲਾ ਅਨੁਸਾਰ ਗੁਰੂ ਅਰਜਨ ਦੇਵ ਜੀ ਆਪਣੇ ਸਿੱਖਾਂ ਨੂੰ ਬਚਨ ਕਰਦੇ ਹਨ, ‘ਅਸਾ ਸਸਤ੍ਰ ਪਕੜਨੇ ਹੈਨ ਸੋ ਗੁਰੂ ਹਰਿਗੋਬਿੰਦ ਦਾ ਰੂਪ ਧਾਰ ਕਰ ਪਕੜਨੇ ਹੈਨ। ਸਮਾ ਕਲਜੁਗ ਦਾ ਵਰਤਨਾ ਹੈ। ਸਸਤ੍ਰਾ ਦੀ ਵਿਿਦਆ ਕਰ ਮੀਰ ਦੀ ਮੀਰੀ ਖਿਚ ਲੈਣੀ ਹੈ। ਤੇ ਸਬਦ ਦੀ ਪ੍ਰੀਤ ਸਮਝ ਕਰ ਪੀਰੀ ਲੈ ਲੈਣੀ।’

ਗੁਰੂ ਹਰਿਗੋਬਿੰਦ ਸਾਹਿਬ ਨੇ ਗੁਰਿਆਈ ਧਾਰਨ ਕੀਤੀ ਤਾਂ ਸਮੇੇਂ ਦੇ ਹਾਲਾਤ ਅਨੁਸਾਰ ਉਹਨਾਂ ਨੇ ਦੋ ਕ੍ਰਿਪਾਨਾਂ ਧਾਰਨ ਕਰਦੇ ਹੋਏ ਇਹ ਐਲਾਨ ਕਰ ਦਿੱਤਾ ਸੀ :

ਜੋ ਚੜ੍ਹਿ ਆਵੈ ਤਿਸ ਨਾਲ ਜੁੱਧ ਕਰਨਾ।
ਲੜਨਾ ਮਾਰਨਾ ਜਰਾ ਨਾ ਡਰਨਾ।

ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕਰਕੇ ਇਸ ਨੂੰ ਸਿੱਖਾਂ ਦੀਆਂ ਜੁਝਾਰੂ, ਸਮਾਜਿਕ ਅਤੇ ਰਾਜਨੀਤਿਕ ਗਤੀਵਿਧੀਆਂ ਦਾ ਕੇਂਦਰ ਬਣਾਉਣਾ ਅਰੰਭ ਕਰ ਦਿੱਤਾ ਸੀ। ਗੁਰੂ ਜੀ ਨੇ ਸਿੱਖ ਸੰਗਤ ਨੂੰ ਸ਼ਸਤਰ ਅਤੇ ਘੋੜੇ ਭੇਟ ਕਰਨ ਦਾ ਆਦੇਸ਼ ਕਰਨ ਦੇ ਨਾਲ-ਨਾਲ ਸ਼ਿਕਾਰ ਖੇਡਣਾ ਅਰੰਭ ਕੀਤਾ ਤਾਂ ਲੋਕਾਂ ਦੇ ਮਨ ਵਿਚ ਇਹ ਸ਼ੰਕੇ ਪੈਦਾ ਹੋਣ ਲੱਗੇ ਕਿ ਛੇਵੇਂ ਗੁਰੂ ਜੀ ਨੇ ਪਹਿਲੇ ਪੰਜ ਗੁਰੂ ਸਾਹਿਬਾਨ ਤੋਂ ਵੱਖਰਾ ਕਾਰਜ ਕਰਨਾ ਅਰੰਭ ਕਰ ਦਿੱਤਾ ਹੈ। ਭਾਈ ਗੁਰਦਾਸ ਜੀ ਲੋਕਾਂ ਦੇ ਮਨ ਵਿਚ ਪੈਦਾ ਹੋਈ ਇਸ ਉਲਝਣ ਨੂੰ ਦੂਰ ਕਰਦੇ ਹੋਏ ਕਹਿੰਦੇ ਹਨ :


ਸਚੁ ਨ ਲੁਕੈ ਲੁਕਾਇਆ ਚਰਣ ਕਵਲ ਸਿਖ ਭਵਰ ਲੁਭਾਇਆ।


ਇਸ ਦਾ ਭਾਵ ਹੈ ਕਿ ਸੱਚ ਲੁਕਾਇਆਂ ਲੁਕ ਨਹੀਂ ਸਕਦਾ, ਇਸ ਨੇ ਪ੍ਰਗਟ ਹੋ ਜਾਣਾ ਹੈ। ਸਿੱਖ ਇਹ ਜਾਣਦੇ ਹਨ ਕਿ ਗੁਰੂ ਜੀ ਆਪਣਾ ਭਾਵ ਨਹੀਂ ਜਣਾਉਂਦੇ ਅਤੇ ਅਜਰ ਨੂੰ ਜਰ ਜਾਂਦੇ ਹਨ। ਗੁਰੂ ਸਾਹਿਬ ਦਾ ਇਹ ਨਵਾਂ ਰੂਪ ਸੰਗਤ ਨੂੰ ਸੰਗਠਿਤ ਕਰਨ ਵਾਲਾ ਅਤੇ ਸਿੱਖਾਂ ਦੀ ਸੁਤੰਤਰ ਹੋਂਦ ਕਾਇਮ ਕਰਨ ਵਾਲਾ ਸੀ। ਗੁਰੂ ਅਰਜਨ ਦੇਵ ਜੀ ਨੇ ਜਿਸ ਤਰ੍ਹਾਂ ਕਸ਼ਟ ਸਹਿਣ ਕਰਕੇ ਸਿੱਖੀ ਨੂੰ ਬਚਾਇਆ ਸੀ ਉਸੇ ਤਰ੍ਹਾਂ ਸਿੱਖਾਂ ਨੂੰ ਸ਼ਸਤਰਧਾਰੀ ਬਣਾ ਕੇ ਸੰਗਤ ਨੂੰ ਸਦੀਵੀ ਤੌਰ ’ਤੇ ਬਚਾਉਣ ਦਾ ਯਤਨ ਗੁਰੂ ਹਰਿਗੋਬਿੰਦ ਸਾਹਿਬ ਨੇ ਕੀਤਾ ਸੀ। ਸੰਗਤ ਅਧਿਆਤਮਿਕ ਫਲ ਗ੍ਰਹਿਣ ਕਰਨ ਦੀ ਇੱਛਾ ਰੱਖਦੀ ਹੈ ਜਿਸ ਨੂੰ ਪ੍ਰਾਪਤ ਕਰਨ ਲਈ ਸੂਰਬੀਰਤਾ ਦਾ ਗੁਣ ਹੋਣਾ ਬਹੁਤ ਜ਼ਰੂਰੀ ਹੈ। ਗੁਰੂ ਹਰਿਗੋਬਿੰਦ ਸਾਹਿਬ ਨੇ ਸਿੱਖਾਂ ਨੂੰ ਸ਼ਸਤਰ ਧਾਰਨ ਕਰਵਾ ਕੇ ਉਹਨਾਂ ਦੀਆਂ ਅਧਿਆਤਮਿਕ ਪ੍ਰਾਪਤੀਆਂ ਨੂੰ ਸੁਰੱਖਿਅਤ ਬਣਾਉਣ ਦਾ ਕਾਰਜ ਕੀਤਾ ਸੀ।

ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਪੰਥ ਦੀ ਤਰਜਮਾਨੀ ਕਰਦਾ ਹੈ। ਇਸ ਦ੍ਰਿਸ਼ਟੀ ਤੋਂ ਇਸ ਨੂੰ ਕੇਵਲ ਗੁਰਦੁਆਰਾ ਹੀ ਨਹੀਂ ਕਿਹਾ ਜਾ ਸਕਦਾ ਬਲਕਿ ਇਹ ਸਿੱਖਾਂ ਦੇ ਮਨ ਵਿਚ ਪੈਦਾ ਹੋਏ ਸੂਰਬੀਰਤਾ ਦੇ ਗੁਣਾਂ ਨੂੰ ਪ੍ਰਗਟ ਕਰਨ ਦੇ ਕੇਂਦਰ ਵਜੋਂ ਸਾਹਮਣੇ ਆਉਂਦਾ ਹੈ। ਸ੍ਰੀ ਹਰਿਮੰਦਰ ਸਾਹਿਬ ਪ੍ਰਮੁੱਖ ਧਾਰਮਿਕ ਅਸਥਾਨ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਅਤੇ ਇਸ ਦੇ ਚਾਰ ਦਰਵਾਜੇ ਚਾਰੇ ਦਿਸ਼ਾਵਾਂ ਵਿਚੋਂ ਆਉਣ ਵਾਲੀ ਸੰਗਤ ਲਈ ਖੁੱਲੇ ਹਨ। ਸ੍ਰੀ ਹਰਿਮੰਦਰ ਸਾਹਿਬ ਸਿੱਖਾਂ ਦਾ ਕੇਂਦਰੀ ਅਸਥਾਨ ਹੈ ਅਤੇ ਬਾਕੀ ਗੁਰਦੁਆਰਾ ਸਾਹਿਬਾਨ ਦੀਆਂ ਇਮਾਰਤਾਂ ਵੀ ਇਸੇ ਰੂਪ ਅਤੇ ਦ੍ਰਿਸ਼ਟੀ ਤੋਂ ਤਿਆਰ ਕੀਤੀਆਂ ਜਾਂਦੀਆਂ ਹਨ ਤਾਂ ਕਿ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਨੂੰ ਦ੍ਰਿਸ਼ਟਮਾਨ ਰੂਪ ਵਿਚ ਦੁਨੀਆ ਤੱਕ ਪਹੁੰਚਾਇਆ ਜਾ ਸਕੇ।

ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ-ਗ੍ਰੰਥ ਅਤੇ ਗੁਰੂ-ਪੰਥ ਨੂੰ ਸਾਂਝੇ ਤੌਰ ’ਤੇ ਗੁਰਿਆਈ ਪ੍ਰਦਾਨ ਕਰਦੇ ਹੋਏ ਕਿਹਾ ਸੀ ਕਿ ਗੁਰੂ ਦੀ ਜੋਤ ਗ੍ਰੰਥ ਸਾਹਿਬ ਵਿਚ ਅਤੇ ਸਰੀਰ ਪੰਥ ਵਿਚ ਮੌਜੂਦਾ ਰਹੇਗਾ। ਇਸ ਦ੍ਰਿਸ਼ਟੀ ਤੋਂ ਜਦੋਂ ਗ੍ਰੰਥ ਸਾਹਿਬ ਦੀ ਅਗਵਾਈ ਵਿਚ ਪੰਥ ਕੋਈ ਦੁਨਿਆਵੀ ਫੈਸਲੇ ਕਰਦਾ ਹੈ ਤਾਂ ਸਫਲਤਾ ਹੱਥ ਲੱਗਦੀ ਹੈ, ਸ਼ੋਭਾ ਮਿਲਦੀ ਹੈ, ਮਾਣ-ਸਤਿਕਾਰ ਵਿਚ ਵਾਧਾ ਹੁੰਦਾ ਹੈ; ਜਿਸ ’ਤੇ ਸਮੁੱਚੀ ਦੁਨੀਆ ਵਿਚ ਬੈਠੇ ਸਿੱਖ ਮਾਣ ਕਰਦੇ ਹਨ। ਅਠਾਰ੍ਹਵੀਂ ਸਦੀ ਵਿਚ ਸਿੱਖਾਂ ਦੇ ਸਮੂਹ ਧਾਰਮਿਕ ਅਤੇ ਰਾਜਨੀਤਿਕ ਫੈਸਲੇ ਸ੍ਰੀ ਅਕਾਲ ਸਾਹਿਬ ’ਤੇ ਹੁੰਦੇ ਸਨ। ਜਿਹੜੇ ਹਮਲਾਵਰਾਂ ਨੂੰ ਰੋਕਣ ਦੀ ਕਿਸੇ ਵਿਚ ਹਿੰਮਤ ਪੈਦਾ ਨਹੀਂ ਹੋਈ ਸੀ, ਇਸੇ ਤਖ਼ਤ ਸਾਹਿਬ ’ਤੇ ਇਕੱਤ੍ਰਤਾਵਾਂ ਕਰਨ ਵਾਲਿਆਂ ਨੇ ਉਹਨਾਂ ਲਈ ਵੀ ਭਾਰਤ ਦੇ ਦਰਵਾਜੇ ਬੰਦ ਕਰ ਦਿੱਤੇ ਸਨ।

ਸਿੱਖਾਂ ਦੀ ਸੰਸਾਰਕ ਸ਼ਕਤੀ ਦੇ ਇਸ ਕੇਂਦਰ ਨੂੰ ਸੁਚਾਰੂ ਰੂਪ ਵਿਚ ਚਲਾਉਣ ਲਈ ਇਸ ਦੇ ਸੇਵਾਦਾਰ ਨਿਯੁਕਤ ਹੁੰਦੇ ਰਹੇ ਹਨ ਜਿਨ੍ਹਾਂ ਨੂੰ ਮੌਜੂਦਾ ਸਮੇਂ ਵਿਚ ਜਥੇਦਾਰ ਕਿਹਾ ਜਾਂਦਾ ਹੈ। ਭਾਈ ਗੁਰਦਾਸ ਜੀ ਨੂੰ ਸਭ ਤੋਂ ਪਹਿਲਾਂ ਗੁਰੂ ਹਰਿਗੋਬਿੰਦ ਸਾਹਿਬ ਨੇ ਨਿਯੁਕਤ ਕੀਤਾ ਸੀ। ਇਹਨਾਂ ਤੋਂ ਬਾਅਦ ਭਾਈ ਮਨੀ ਸਿੰਘ, ਜਥੇਦਾਰ ਦਰਬਾਰਾ ਸਿੰਘ, ਨਵਾਬ ਕਪੂਰ ਸਿੰਘ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਅਕਾਲੀ ਫੂਲਾ ਸਿੰਘ ਨੇ ਆਪਣੀਆਂ ਪੰਥਕ ਗਤੀਵਿਧੀਆਂ ਰਾਹੀਂ ਬਹੁਤ ਹੀ ਮਾਣਮੱਤੇ ਕਾਰਜ ਕੀਤੇ ਹਨ। ਅੰਗਰੇੇਜ਼ ਸਰਕਾਰ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1925 ਦੇ ਐਕਟ ਅਧੀਨ ਸ੍ਰੀ ਅਕਾਲ ਸਾਹਿਬ ਦੇ ਜਥੇਦਾਰਾਂ ਦੀ ਨਿਯੁਕਤੀ ਕੀਤੀ ਜਾਂਦੀ ਹੈ। ਐਕਟ ਅਧੀਨ ਜਥੇਦਾਰ ਊਧਮ ਸਿੰਘ ਨਾਗੋਕੇ, ਜਥੇਦਾਰ ਅੱਛਰ ਸਿੰਘ, ਗਿਆਨੀ ਗੁਰਮੁਖ ਸਿੰਘ ਮੁਸਾਫਿਰ, ਜਥੇਦਾਰ ਮੋਹਨ ਸਿੰਘ ਨਾਗੋਕੇ, ਗਿਆਨੀ ਪ੍ਰਤਾਪ ਸਿੰਘ, ਜਥੇਦਾਰ ਮੋਹਣ ਸਿੰਘ ਤੁੜ, ਜਥੇਦਾਰ ਸਾਧੂ ਸਿੰਘ ਭੋਰਾ, ਜਥੇਦਾਰ ਗੁਰਦਿਆਲ ਸਿੰਘ ਅਜਨੋਹਾ, ਗਿਆਨੀ ਕਿਰਪਾਲ ਸਿੰਘ, ਪ੍ਰੋ. ਦਰਸ਼ਨ ਸਿੰਘ, ਭਾਈ ਰਣਜੀਤ ਸਿੰਘ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਗਿਆਨੀ ਗੁਰਬਚਨ ਸਿੰਘ ਗਿਆਨੀ ਹਰਪ੍ਰੀਤ ਸਿੰਘ ਆਦਿ ਸ਼ਖ਼ਸੀਅਤਾਂ ਇਸ ਅਸਥਾਨ ਦੀ ਸੇਵਾ-ਸੰਭਾਲ ਕਰਦੀਆਂ ਰਹੀਆਂ ਹਨ। ਮੌਜੂਦਾ ਸਮੇਂ ਵਿਚ ਗਿਆਨੀ ਰਘਬੀਰ ਸਿੰਘ ਇਹ ਸੇਵਾ ਕਰ ਰਹੇ ਹਨ।

ਕਿਸੇ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਆਪ ਹੀ ਫੈਸਲੇ ਕਰਦੇ ਸਨ ਪਰ ਹੌਲੀ-ਹੌਲੀ ਇਹ ਸ਼ਕਤੀ ਪੰਜ ਸਿੰਘ ਸਾਹਿਬਾਨ ਕੋਲ ਚਲੀ ਗਈ। ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹੋਣ ਵਾਲੇ ਫੈਸਲਿਆਂ ’ਤੇ ਵਿਚਾਰ ਲਈ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਬੁਲਾਇਆ ਜਾਣ ਲੱਗਿਆ। ਜਿਸ ਵੀ ਤਖ਼ਤ ਸਾਹਿਬ ਦਾ ਜਥੇਦਾਰ ਆਪ ਹਾਜ਼ਰ ਨਹੀਂ ਹੋ ਸਕਦਾ, ਉਹ ਆਪਣਾ ਨੁਮਾਇੰਦਾ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹੋਣ ਵਾਲੀ ਇਕੱਤ੍ਰਤਾ ਲਈ ਭੇਜ ਦਿੰਦਾ ਹੈ ਜਾਂ ਕਿਸੇ ਨੂੰ ਨਾਮਜਦ ਕਰ ਸਕਦਾ ਹੈ। ਇਸ ਕਰਕੇ ਇਹਨਾਂ ਇਕਤ੍ਰਤਾਵਾਂ ਵਿਚ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਗ੍ਰੰਥੀ ਸਾਹਿਬਾਨ ਸ਼ਾਮਲ ਕੀਤੇ ਜਾਂਦੇ ਹਨ।

ਸਿੱਖ ਪੰਥ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਦਾ ਵਿਸ਼ੇਸ਼ ਸਤਿਕਾਰ ਹੈ। ਭਾਵੇਂ ਕਿ 1925 ਦੇ ਵਿਚ ਪਾਸ ਹੋਏ ਐਕਟ ਵਿਚ ਇਸ ਪਦਵੀ ਦਾ ਕੋਈ ਜ਼ਿਕਰ ਨਹੀਂ ਮਿਲਦਾ ਪਰ 1999 ਵਿਚ ਹੋਈ ਸੋਧ ਅਨੁਸਾਰ ਗੁਰਦੁਆਰਾ ਐਕਟ ਵਿਚ ‘ਜਥੇਦਾਰ’ ਸ਼ਬਦ ਨੂੰ ਮਾਨਤਾ ਦਿੱਤੀ ਗਈ ਹੈ। ਭਾਵੇਂ ਕਿ ਸਮੂਹ ਜਥੇਦਾਰ ਸਾਹਿਬਾਨ ਦਾ ਰੁਤਬਾ ਬਰਾਬਰ ਮੰਨਿਆ ਜਾਂਦਾ ਹੈ ਪਰ ਫਿਰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਬਾਕੀ ਤਖ਼ਤਾਂ ਦੇ ਜਥੇਦਾਰਾਂ ਵਿਚੋਂ ਵਿਸ਼ੇਸ਼ ਸਥਾਨ ਪ੍ਰਾਪਤ ਹੈ। ਜਿਸ ਕਰਕੇ ਪੰਜ ਸਿੰਘ ਸਾਹਿਬਾਨ ਦੀ ਵਿਚਾਰ ਚਰਚਾ ਉਪਰੰਤ ਸਿੱਖ ਸੰਗਤ ਲਈ ਕੀਤਾ ਜਾਣ ਵਾਲਾ ਐਲਾਨ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੀਤਾ ਜਾਂਦਾ ਹੈ।

ਪੰਥ ਇਹ ਸਮਝਦਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਣ ਵਾਲਾ ਐਲਾਨ ਜਾਂ ਹੁਕਮਨਾਮਾ ਗੁਰੂ ਦੀ ਭਾਉ-ਭਾਵਨੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੌਸ਼ਨੀ ਵਿਚ ਹੋਣਾ ਚਾਹੀਦਾ ਹੈ। ਇਸ ਲਈ ਜਥੇਦਾਰ ਸਾਹਿਬਾਨ ਦੀ ਵੀ ਇਹ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹਨਾਂ ਵੱਲੋਂ ਪੇਸ਼ ਕੀਤਾ ਜਾਣ ਵਾਲਾ ਹੁਕਮਨਾਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਅਤੇ ਗੁਰੂ ਸਾਹਿਬਾਨ ਅਤੇ ਗੁਰੂ ਪੰਥ ਦੁਆਰਾ ਸਥਾਪਿਤ ਕੀਤੀਆਂ ਗਈਆਂ ਮਰਯਾਦਾਵਾਂ ਦੇ ਅਨੁਸਾਰੀ ਹੋਵੇ। ਪਿਛੋਕੜ ਵਿਚ ਜਦੋਂ ਕਿਸੇ ਜਥੇਦਾਰ ਸਾਹਿਬ ਦਾ ਹੁਕਮਨਾਮਾ ਗੁਰਮਤਿ ਵਿਚਾਰਧਾਰਾ, ਪੰਥਕ ਪਰੰਪਰਾਵਾਂ ਅਤੇ ਮਰਯਾਦਾ ਦੀ ਰੌਸ਼ਨੀ ਵਿਚ ਸਾਹਮਣੇ ਨਹੀਂ ਆਇਆ ਤਾਂ ਉਸ ਨੂੰ ਪੰਥ ਦੇ ਵਿਰੋਧ ਕਾਰਨ ਵਾਪਸ ਲੈਣਾ ਪਿਆ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਦਾ ਫੈਸਲਾ ਸਮੁੱਚੇ ਸਿੱਖ ਪੰਥ ’ਤੇ ਲਾਗੂ ਹੁੰਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਧਾਰਮਿਕ ਮਰਯਾਦਾ ਦੀ ਕਿਸੇ ਉਲਝਣ ਵਿਚ ਫਸ ਜਾਂਦੀ ਹੈ ਤਾਂ ਉਹ ਅੰਤਿਮ ਨਿਰਣੇ ਦਾ ਅਧਿਕਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਸੌਂਪ ਦਿੰਦੀ ਹੈ। ਸੰਸਾਰ ਭਰ ਵਿਚ ਵੱਸਦੇ ਸਿੱਖ ਵੀ ਪੰਥਕ ਮਸਲਿਆਂ ਸੰਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਪਹੁੰਚ ਕਰਦੇ ਹਨ। ਗੁਰਮਤਿ ਵਿਚਾਰਧਾਰਾ ਨੂੰ ਸਮਾਜਿਕ ਪੱਧਰ ’ਤੇ ਲਾਗੂ ਕਰਾਉਣ ਦੇ ਆਦੇਸ਼ ਵੀ ਜਥੇਦਾਰ ਸਾਹਿਬਾਨ ਰਾਹੀਂ ਕੀਤੇ ਜਾਂਦੇ ਹਨ ਜਿਵੇਂ 13 ਜੂਨ 1936 ਦੇ ਇਕ ਹੁਕਮਨਾਮੇ ਵਿਚ ਆਦੇਸ਼ ਕੀਤਾ ਗਿਆ ਹੈ :


“ਸਰਬੱਤ ਖਾਲਸਾ ਅਤੇ ਗੁਰਦੁਆਰਿਆਂ ਦੇ ਸੇਵਾਦਾਰਾਂ ਪ੍ਰਤੀ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਜੋ ਅੰਮ੍ਰਿਤਧਾਰੀ ਪ੍ਰਾਣੀ ਮਾਤ੍ਰ ਨਾਲ ਸੰਗਤ ਪੰਗਤ ਵਿਚ ਇਕੋ ਜਿਹਾ ਵਿਹਾਰ ਕਰਨਾ, ਪਿਛਲੀ ਜਾਤ ਪਾਤ ਨਹੀਂ ਪੁੱਛਣੀ, ਭਰਮ ਨਹੀਂ ਕਰਨਾ, ਇਹੋ ਹੀ ਗੁਰੂ ਜੀ ਦੀ ਆਗਿਆ ਹੈ। ਜੋ ਸਿਰ ਨਿਵਾਏਗਾ ਗੁਰੂ ਜੀ ਉਸ ਦੀ ਬਹੁੜੀ ਕਰਨਗੇ।”


ਨਨਕਾਣਾ ਸਾਹਿਬ ਦੇ ਮਹੰਤ ਨਰੈਣ ਦਾਸ, ਨਕਲੀ ਨਿਰੰਕਾਰੀਆਂ, 1984 ਦੌਰਾਨ ਵਾਪਰੀਆਂ ਘਟਨਾਵਾਂ ਦੇ ਦੋਸ਼ੀਆਂ, ਰਾਜਨੀਤਿਕ ਆਗੂਆਂ ਸੰਬੰਧੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਇਤਿਹਾਸ ਦੇ ਪੰਨਿਆਂ ’ਤੇ ਦਰਜ ਹਨ। ਜਥੇਦਾਰ ਸਾਹਿਬ ਨੂੰ ਪੂਰਨ ਅਧਿਕਾਰ ਹੁੰਦਾ ਹੈ ਕਿ ਕਿਸੇ ਵੀ ਮਸਲੇ ਸੰਬੰਧੀ ਫੈਸਲਾ ਕਰਨ ਤੋਂ ਪਹਿਲਾਂ ਉਹ ਕਿਸੇ ਕਮੇਟੀ ਦਾ ਸੁਝਾਉ ਲੈ ਸਕਦੇ ਹਨ, ਵਿਦਵਾਨਾਂ ਦੀ ਮੀਟਿੰਗ ਸੱਦ ਸਕਦੇ ਹਨ, ਦੂਜੇ ਸਿੰਘ ਸਾਹਿਬਾਨ ਨਾਲ ਮਸ਼ਵਰਾ ਕਰ ਸਕਦੇ ਹਨ ਅਤੇ ਮਸਲੇ ਦੀ ਗਹਿਰਾਈ ਅਤੇ ਗੰਭੀਰਤਾ ਨੂੰ ਦੇਖਦੇ ਹੋਏ ਅਖ਼ੀਰ ਸਰਬੱਤ ਖ਼ਾਲਸਾ ਵੀ ਬੁਲਾ ਸਕਦੇ ਹਨ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਗੁਰਮਤਿ ਮਰਯਾਦਾ ਨੂੰ ਲਾਗੂ ਕਰਾਉਣ, ਪੰਥ ਵਿਚ ਏਕਤਾ ਲਈ ਯਤਨ ਕਰਨ ਅਤੇ ਸ਼ਰਨ ਆਏ ਨੂੰ ਗਲ ਨਾਲ ਲਾੳਣ ਦੇ ਉਦੇਸ਼ ਅਨੁਸਾਰ ਯਤਨਸ਼ੀਲ ਰਹਿੰਦੇ ਹਨ।

ਬੁੱਕਮਾਰਕ ਕਰੋ (1)
Please login to bookmark Close

ਲੇਖਕ ਬਾਰੇ

Paramvir Singh

ਮੁਖੀ, ਸਿੱਖ ਵਿਸ਼ਵਕੋਸ਼ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਬੁੱਕਮਾਰਕ ਕਰੋ (1)
Please login to bookmark Close

ਮੇਰੇ ਪਸੰਦੀਦਾ ਲੇਖ

No bookmark found
ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)