editor@sikharchives.org

ਕੀ ਤੈਨੂੰ ਪੀੜ ਨਹੀਂ ਹੋਈ?

ਕਰਤਾਰ ਆਪਣੇ ’ਤੇ ਕੋਈ ਦੋਸ਼ ਜਾਂ ਇਤਰਾਜ਼ ਨਹੀਂ ਲਾਗੂ ਹੋਣ ਦਿੰਦਾ ਤੇ ਉਸ ਨੇ ਮੁਗ਼ਲ ਹਮਲਾਵਰ ਬਾਬਰ ਨੂੰ ਜਮ ਦਾ ਰੂਪ ਦੇ ਕੇ ਹਿੰਦੋਸਤਾਨ ’ਤੇ ਹੱਲਾ ਕਰਵਾ ਦਿੱਤਾ ਹੈ। ਇੰਨੀ ਮਾਰ ਪਈ ਹੈ। ਸਾਰੇ ਹਾਲ ਪਾਹਰਿਆ ਹੋਈ ਹੈ। ਹੇ ਪਰਮਾਤਮਾ! ਕੀ ਤੈਨੂੰ ਪੀੜ ਨਹੀਂ ਹੋਈ?
ਬੁੱਕਮਾਰਕ ਕਰੋ (0)
Please login to bookmarkClose

No account yet? Register

ਗੁਰਮਤਿ ਪ੍ਰਕਾਸ਼

ਪੜਨ ਦਾ ਸਮਾਂ: 1 ਮਿੰਟ

ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ॥
ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ॥1॥
ਕਰਤਾ ਤੂੰ ਸਭਨਾ ਕਾ ਸੋਈ॥
ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ॥1॥ਰਹਾਉ॥
ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ॥
ਰਤਨ ਵਿਗਾੜਿ ਵਿਗੋਏ ਕੁਤੀਂ ਮੁਇਆ ਸਾਰ ਨ ਕਾਈ॥
ਆਪੇ ਜੋੜਿ ਵਿਛੋੜੇ ਆਪੇ ਵੇਖੁ ਤੇਰੀ ਵਡਿਆਈ॥2॥
ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ॥
ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ॥
ਮਰਿ ਮਰਿ ਜੀਵੈ ਤਾ ਕਿਛੁ ਪਾਏ ਨਾਨਕ ਨਾਮੁ ਵਖਾਣੇ॥3॥5॥39॥ (ਪੰਨਾ 360)

ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਸਾ ਰਾਗ ਦੇ ਇਸ ਸ਼ਬਦ ਵਿਚ ਸੰਨ 1521 ’ਚ ਹਮਲਾਵਰ ਬਾਬਰ ਦੇ ਸੈਦਪੁਰ ਜਿਸ ਨੂੰ ਐਮਨਾਬਾਦ ਵੀ ਆਖਿਆ ਜਾਂਦਾ ਹੈ, ਉੱਪਰ ਕੀਤੇ ਹਮਲੇ ਸਮੇਂ ਲੋਕਾਂ ਦੀ ਅੱਖੀਂ-ਡਿੱਠੀ ਤਬਾਹੀ ਦਾ ਵਰਣਨ ਕੀਤਾ ਹੈ। ਇਸ ਸੰਬੰਧ ਵਿਚ ਲੋਕਾਂ ਦੀ ਦੁਰਗਤੀ ਵਰਣਨ ਕਰਦੇ ਹੋਏ ਗੁਰੂ ਪਾਤਸ਼ਾਹ ਜੀ ਹਮਲਾਵਰ ਬਾਬਰ ਅਤੇ ਲੋਕਾਈ ਦੋਨਾਂ ਧਿਰਾਂ ਦੇ ਦੋਸ਼ਾਂ ਦਾ ਸਹੀ ਵਿਸ਼ਲੇਸ਼ਣ ਕਰਦਿਆਂ, ਲੋਕ-ਪਰਲੋਕ ਦੇ ਸੁਖਾਂ ਦੇ ਮੂਲ ਆਧਾਰ, ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਚੇਤੇ ਰੱਖਣ ਦਾ ਮਾਰਗ-ਦਰਸ਼ਨ ਬਖ਼ਸ਼ਿਸ਼ ਕਰਦੇ ਹਨ।

ਗੁਰੂ ਜੀ ਫ਼ੁਰਮਾਨ ਕਰਦੇ ਹਨ ਕਿ ਆਪਣੇ ਮੂਲ ਦੇਸ਼ ਖੁਰਾਸਾਨ (ਈਰਾਨ ਦੇ ਪੂਰਬ ਅਤੇ ਅਫਗਾਨਿਸਤਾਨ ਦੇ ਪੱਛਮ ਵੱਲ ਦਾ ਦੇਸ) ਨੂੰ ਕਿਸੇ ਹੋਰ ਦੇ ਸਪੁਰਦ ਕਰ ਕੇ ਹਮਲਾਵਰ ਬਾਬਰ ਦੁਆਰਾ ਹਿੰਦੋਸਤਾਨ ਨੂੰ ਭਾਵ ਹਿੰਦੋਸਤਾਨ ਦੇ ਲੋਕਾਂ ਨੂੰ ਡਰਾਇਆ, ਧਮਕਾਇਆ ਗਿਆ ਹੈ। ਕਰਤਾਰ ਆਪਣੇ ’ਤੇ ਕੋਈ ਦੋਸ਼ ਜਾਂ ਇਤਰਾਜ਼ ਨਹੀਂ ਲਾਗੂ ਹੋਣ ਦਿੰਦਾ ਤੇ ਉਸ ਨੇ ਮੁਗ਼ਲ ਹਮਲਾਵਰ ਬਾਬਰ ਨੂੰ ਜਮ ਦਾ ਰੂਪ ਦੇ ਕੇ ਹਿੰਦੋਸਤਾਨ ’ਤੇ ਹੱਲਾ ਕਰਵਾ ਦਿੱਤਾ ਹੈ। ਇੰਨੀ ਮਾਰ ਪਈ ਹੈ। ਸਾਰੇ ਹਾਲ ਪਾਹਰਿਆ ਹੋਈ ਹੈ। ਹੇ ਪਰਮਾਤਮਾ! ਕੀ ਤੈਨੂੰ ਪੀੜ ਨਹੀਂ ਹੋਈ?

ਗੁਰੂ ਜੀ ਫ਼ੁਰਮਾਉਂਦੇ ਹਨ ਕਿ ਹੇ ਪ੍ਰਭੂ ਮਾਲਕ! ਆਪ ਤਾਂ ਸਭ ਕੁਝ ਕਰਨ ਕਰਾਉਣ ਵਾਲੇ ਹੋ। ਸਭਨਾਂ ਦੀ ਸਾਰ ਲੈਣ ਵਾਲੇ ਆਪ ਹੀ ਤਾਂ ਹੋ। ਜੇਕਰ ਤਕੜਾ ਤਕੜੇ ਨੂੰ ਮਾਰਦਾ ਹੈ ਤਾਂ ਮਨ ਅੰਦਰ ਕੋਈ ਗ਼ਿਲਾ ਨਹੀਂ ਹੁੰਦਾ। ਪਰੰਤੂ ਜੇਕਰ ਕੋਈ ਤਾਕਤਵਰ ਸ਼ੇਰ ਗਾਵਾਂ ਦੇ ਵੱਗ ਨੂੰ ਆਣ ਪਵੇ ਭਾਵ ਨਿਹੱਥੇ ਲੋਕਾਂ ਨੂੰ ਕੋਈ ਮਾਰਨ ਨੂੰ ਆ ਪਵੇ ਤਾਂ ਉਸ ਬਾਰੇ ਉਸ ਸ਼ੇਰ ਦੇ ਮਾਲਕ ਨੂੰ ਪੁੱਛਿਆ ਜਾਣਾ ਉਚਿਤ ਹੈ। ਕਹਿਣ ਤੋਂ ਭਾਵ ਹੇ ਪਰਮਾਤਮਾ! ਬਾਬਰ ਜਿਹੇ ਹਮਲਾਵਰ ਆਪਣੀ ਤਾਕਤ ਦੀ ਧੌਂਸ ਗ਼ਰੀਬ ਨਿਮਾਣੀ, ਨਿਤਾਣੀ ਪਰਜਾ ਉੱਪਰ ਕਿਉਂ ਜਮਾਉਂਦੇ ਹਨ? ਗ਼ਰੀਬ ਜਨਤਾ ਨੂੰ ਕੋਹਣਾ, ਮਾਰਨਾ ਤੇ ਲੁੱਟਣਾ ਜਾਇਜ਼ ਨਹੀਂ। ਹੇ ਕਰਤਾਰ! ਐਸੀ ਹਾਲਤ ’ਚ ਆਪ ਜੀ ਪਾਸ ਪੁਕਾਰ ਕਰਨ ਤੋਂ ਬਿਨਾਂ ਕੋਈ ਹੋਰ ਰਾਹ ਨਹੀਂ ਦਿੱਸਦਾ।

ਪਰੰਤੂ ਹੇ ਮਾਲਕ! ਹਿੰਦੋਸਤਾਨ ਰੂਪੀ ਰਤਨ ਨੂੰ ਇਸ ਦੇ ਬਣੇ ਸੰਸਾਰਕ ਮਾਲਕਾਂ ਨੇ ਵੀ ਤਾਂ ਯੋਗ ਤਰ੍ਹਾਂ ਸੰਭਾਲਿਆ ਨਹੀਂ। ਇਨ੍ਹਾਂ ਕੁੱਤਿਆਂ, ਇਨ੍ਹਾਂ ਮੋਇਆਂ ਮਰ ਜਾਣਿਆਂ ਨੂੰ ਵੀ ਤਾਂ ਇਹਦੀ ਕੋਈ ਸਾਰ ਨਹੀਂ ਆਈ। ਅਸਲ ’ਚ ਜੋੜਨ-ਵਿਛੋੜਨ ਵਾਲੇ ਵੀ ਤੁਸੀਂ ਹੇ ਮਾਲਕ! ਆਪ ਹੀ ਹੋ। ਕਹਿਣ ਤੋਂ ਭਾਵ ਇਹ ਹਿੰਦੋਸਤਾਨ ’ਤੇ ਰਾਜ ਕਰਨ ਵਾਲੇ ਆਪ ਦੇ ਸੱਚੇ ਨਾਮ ਤੋਂ ਟੁੱਟੇ ਹਨ, ਪ੍ਰਭੂ-ਨਾਮ ਤੋਂ ਦੂਰ ਹੋ ਕੇ ਇਹ ਸਜ਼ਾ ਇਨ੍ਹਾਂ ਨੂੰ ਮਿਲੀ ਹੈ। ਆਪ ਜੀ ਤਾਂ ਹੇ ਮਾਲਕ! ਵਡਿਆਈ ਵਾਲੇ ਹੋ। ਜੇਕਰ ਕੋਈ (ਸ਼ਾਸਕ) ਹਕੂਮਤ, ਧਨ, ਪਦਾਰਥ ਆਦਿ ਦੇ ਨਸ਼ੇ ’ਚ ਮਨ-ਆਈਆਂ ਕਰੇ ਭਾਵ ਪ੍ਰਭੂ ਦੇ ਵੱਲੋਂ ਕਿਸੇ ਦੇਸ਼, ਇਲਾਕੇ ਦਾ ਰਾਜ ਪ੍ਰਬੰਧ ਕਰਨ ਦੀ ਮੂਲ ਜ਼ਿੰਮੇਵਾਰੀ ਨਾ ਨਿਭਾਵੇ, ਆਪਣੇ ਹੀ ਸੁਆਦਾਂ, ਰੰਗ-ਰਲੀਆਂ ਮਾਣਨ ’ਚ ਹੀ ਉਲਝਿਆ ਰਹੇ ਤਾਂ ਉਹ ਮਾਲਕ ਨੂੰ ਚੰਗਾ ਨਹੀਂ ਲੱਗਦਾ। ਉਹ ਮਾਲਕ ਦੀਆਂ ਨਜ਼ਰਾਂ ’ਚ ਜ਼ਮੀਨ ਤੋਂ ਦਾਣੇ ਚੁਗਣ ਵਾਲਾ ਕੀੜਾ ਹੈ। ਕਹਿਣ ਤੋਂ ਭਾਵ ਸ਼ਾਸਕ ਨੂੰ ਕਦਾਚਿਤ ਵੀ ਉਸ ਮਾਲਕ ਨੂੰ ਨਹੀਂ ਭੁੱਲਣਾ ਚਾਹੀਦਾ ਜਿਸ ਨੇ ਉਸ ਨੂੰ ਰਾਜਸੱਤਾ ਬਖ਼ਸ਼ੀ ਹੁੰਦੀ ਹੈ। ਜਦੋਂ ਕਿਸੇ ਦੇਸ਼ ਦਾ ਸ਼ਾਸਕ ਉਸ ਪ੍ਰਭੂ ਨੂੰ ਭੁੱਲਦਾ ਹੈ ਤਾਂ ਹੀ ਉਸ ਨੂੰ ਅਤੇ ਉਸ ਦੀ ਪਰਜਾ ਨੂੰ ਐਸੇ ਦੁੱਖ ਦੇਖਣੇ ਪੈਂਦੇ ਹਨ। ਅਸਲ ਕਸੌਟੀ ਲੋਕ-ਸੇਵਾ ਹੈ। ਜੇ ਕੋਈ ਜੀਂਦੇ- ਜੀਅ ਆਪਣੇ ਮਨ ਨੂੰ ਵਿਕਾਰਾਂ ਪੱਖੋਂ ਮਾਰ ਕੇ ਵਿਚਰਦਾ ਹੈ ਤਾਂ ਉਹ ਮਾਲਕ ਦੀ ਖੁਸ਼ੀ ਪ੍ਰਾਪਤ ਕਰਦਾ ਹੈ, ਉਹ ਪ੍ਰਾਪਤੀ ਕਰਦਾ ਹੈ। ਗੁਰੂ ਜੀ ਫ਼ੁਰਮਾਨ ਕਰਦੇ ਹਨ ਕਿ ਪ੍ਰਭੂ ਮਾਲਕ ਦਾ ਨਾਮ ਮਿਲਣ ’ਤੇ ਹੀ ਐਸੀ ਪ੍ਰਾਪਤੀ ਸੰਭਵ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ

ਅੰਮ੍ਰਿਤਸਰ, ਪੰਜਾਬ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)