editor@sikharchives.org
Anjli : Lok-Kaav-Roopakar Da Roopantran Anjli Birkhei Heth Sabh Jant Ekathe....Nikat Adheyan

ਅੰਜੁਲੀ : ਲੋਕ-ਕਾਵਿ-ਰੂਪਾਕਾਰ ਦਾ ਰੂਪਾਂਤਰਣ ਅੰਜਲੀ ਬਿਰਖੈ ਹੇਠਿ ਸਭਿ ਜੰਤ ਇਕਠੇ…ਨਿਕਟ ਅਧਿਐਨ

ਬਿਰਖ, ਚਿਹਨਕ, ਪਨਾਹ, ਅਵਧੀ, ਅਰਪਿਤ, ਪੁਰੋਹਿਤ, ਅਸਤ, ਉਦੋਤ, ਅਲਪਕਾਲੀ, ਪ੍ਰਗੀਤਕ, ਕਰੂਰ, ਖਿੰਜ,
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਸਿਰਜਨਾ ਦੇ ਆਪਣੇ ਸਿਰਜਨਹਾਰ ਨਾਲ ਬਹੁਪਰਤੀ ਰਹੱਸਮਈ ਤੇ ਦਾਰਸ਼ਨਿਕ ਪਸਾਰਾਂ ਵਾਲੇ ਰਿਸ਼ਤੇ ਨੂੰ ਸਹਿਜ, ਸੰਤੁਲਿਤ ਤੇ ਜ਼ਿੰਮੇਵਾਰ ਸਮਾਜਕ ਕਰਮ-ਖੇਤਰ ਵਿਚ ਰੱਖ ਕੇ, ਤਤਕਾਲੀਨ ਮਨੁੱਖ ਨੂੰ ਉਸ ਦੀ ਧਾਰਮਿਕ, ਸਭਿਆਚਾਰਕ ਪਰੰਪਰਾ ਨਾਲ ਜੋੜਦੀ ਹੋਈ ਮਨੋਵਿਗਿਆਨਕ ਵਿਧੀ ਨਾਲ ਆਮ ਆਦਮੀ ਦੀ ਭਾਸ਼ਾ ਤੇ ਲਿਪੀ ਵਿਚ ਕਾਵਿ ਤੇ ਸੰਗੀਤ ਦੇ ਜਿਸ ਪ੍ਰਭਾਵਸ਼ਾਲੀ ਸੁਮੇਲ ਦੁਆਰਾ ਪੇਸ਼ ਕਰਦੀ ਹੈ, ਉਸ ਦੇ ਦਰਸ਼ਨ ਇਸ ਗੌਰਵਸ਼ਾਲੀ ਗ੍ਰੰਥ ਦੇ ਕਿਸੇ ਵੀ ਪਾਵਨ ਪੰਨੇ ਉੱਤੇ ਕਿਸੇ ਵੀ ਪਾਵਨ ਪਉੜੀ ਜਾਂ ਪੰਕਤੀ ਵਿੱਚੋਂ ਹੋ ਸਕਦੇ ਹਨ। ਉਦਾਹਰਣ ਵਜੋਂ: ਦੇਵ ਭਾਸ਼ਾ ਸੰਸਕ੍ਰਿਤ ਦੀ ਥਾਂ ਸਾਧਾਰਨ ਪੰਜਾਬੀ ਭਾਸ਼ਾ, ਕੁਲੀਨ ਵਰਗ ਦੀ ਦੇਵਨਾਗਰੀ ਲਿਪੀ ਦੀ ਥਾਂ ਸਾਧਾਰਨ ਗੁਰਮੁਖੀ ਲਿਪੀ, ਕਰਮਕਾਂਡ ਨਾਲ ਫਲ-ਪ੍ਰਾਪਤੀ ਦੇ ਪੁਰੋਹਿਤ ਪੁਜਾਰੀ ਵਰਗ ਦੇ ਭਰਮਜਾਲ ਦੀ ਥਾਂ ਸਵੱਛ ਜੀਵਨ- ਵਿਹਾਰ, ਜੀਵਨ ਨੂੰ ਮੌਤ ਦੇ ਡਰ ਹੇਠ ਨਿਰੰਤਰ ਬੋਝ ਸਮਝ ਕੇ ਜੀਣ ਦੀ ਥਾਂ ਇਸ ਨੂੰ ਮਿਹਰਬਾਨ ਨਿਆਂਸ਼ੀਲ ਸਿਰਜਨਹਾਰ ਦੀ ਖੇਡ ਸਮਝ ਕੇ ਉਸ ਦੀ ਛਤਰ-ਛਾਇਆ ਹੇਠ ਚੰਗੇ ਮਾੜੇ ਹਰ ਸਾਥੀ ਖਿਡਾਰੀ ਨਾਲ ਖੇਡ-ਭਾਵਨਾ ਨਾਲ ਖੇਡ ਕੇ ਪੁੱਗਣ ਜਿਹੇ ਕਿੰਨੇ ਹੀ ਵੇਰਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1019 ਉੱਤੇ ਮਾਰੂ ਰਾਗ ਵਿਚ ਅੰਕਿਤ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਇੱਕੋ ਸ਼ਬਦ ਵਿਚ ਪ੍ਰਾਪਤ ਹਨ ਜੋ ਕਿ ‘ਅੰਜੁਲੀ’ ਕਾਵਿ-ਰੂਪ ਵਿਚ ਅੰਕਿਤ ਹਨ। ਸ਼ਬਦ ਦਾ ਸੰਪੂਰਨ ਪਾਠ ਇਸ ਪ੍ਰਕਾਰ ਹੈ:

ਮਾਰੂ ਮਹਲਾ 5॥

ਬਿਰਖੈ ਹੇਠਿ ਸਭਿ ਜੰਤ ਇਕਠੇ॥
ਇਕਿ ਤਤੇ ਇਕਿ ਬੋਲਨਿ ਮਿਠੇ॥
ਅਸਤੁ ਉਦੋਤੁ ਭਇਆ ਉਠਿ ਚਲੇ ਜਿਉ ਜਿਉ ਅਉਧ ਵਿਹਾਣੀਆ॥1॥
ਪਾਪ ਕਰੇਦੜ ਸਰਪਰ ਮੁਠੇ॥
ਅਜਰਾਈਲਿ ਫੜੇ ਫੜਿ ਕੁਠੇ॥
ਦੋਜਕਿ ਪਾਏ ਸਿਰਜਣਹਾਰੈ ਲੇਖਾ ਮੰਗੈ ਬਾਣੀਆ॥2॥
ਸੰਗਿ ਨ ਕੋਈ ਭਈਆ ਬੇਬਾ॥
ਮਾਲੁ ਜੋਬਨੁ ਧਨੁ ਛੋਡਿ ਵਞੇਸਾ॥
ਕਰਣ ਕਰੀਮ ਨ ਜਾਤੋ ਕਰਤਾ ਤਿਲ ਪੀੜੇ ਜਿਉ ਘਾਣੀਆ॥3॥
ਖੁਸਿ ਖੁਸਿ ਲੈਦਾ ਵਸਤੁ ਪਰਾਈ॥
ਵੇਖੈ ਸੁਣੇ ਤੇਰੈ ਨਾਲਿ ਖੁਦਾਈ॥
ਦੁਨੀਆ ਲਬਿ ਪਇਆ ਖਾਤ ਅੰਦਰਿ ਅਗਲੀ ਗਲ ਨ ਜਾਣੀਆ॥4॥
ਜਮਿ ਜਮਿ ਮਰੈ ਮਰੈ ਫਿਰਿ ਜੰਮੈ॥
ਬਹੁਤੁ ਸਜਾਇ ਪਇਆ ਦੇਸਿ ਲੰਮੈ॥
ਜਿਨਿ ਕੀਤਾ ਤਿਸੈ ਨ ਜਾਣੀ ਅੰਧਾ ਤਾ ਦੁਖੁ ਸਹੈ ਪਰਾਣੀਆ॥5॥
ਖਾਲਕ ਥਾਵਹੁ ਭੁਲਾ ਮੁਠਾ॥
ਦੁਨੀਆ ਖੇਲੁ ਬੁਰਾ ਰੁਠ ਤੁਠਾ॥
ਸਿਦਕੁ ਸਬੂਰੀ ਸੰਤੁ ਨ ਮਿਲਿਓ ਵਤੈ ਆਪਣ ਭਾਣੀਆ॥6॥
ਮਉਲਾ ਖੇਲ ਕਰੇ ਸਭਿ ਆਪੇ॥
ਇਕਿ ਕਢੇ ਇਕਿ ਲਹਰਿ ਵਿਆਪੇ॥
ਜਿਉ ਨਚਾਏ ਤਿਉ ਤਿਉ ਨਚਨਿ ਸਿਰਿ ਸਿਰਿ ਕਿਰਤ ਵਿਹਾਣੀਆ॥7॥
ਮਿਹਰ ਕਰੇ ਤਾ ਖਸਮੁ ਧਿਆਈ॥
ਸੰਤਾ ਸੰਗਤਿ ਨਰਕਿ ਨ ਪਾਈ॥
ਅੰਮ੍ਰਿਤ ਨਾਮ ਦਾਨੁ ਨਾਨਕ ਕਉ ਗੁਣ ਗੀਤਾ ਨਿਤ ਵਖਾਣੀਆ॥8॥ (ਪੰਨਾ 1019)

ਬਾਣੀਕਾਰ ਲਈ ਬਿਰਖ ਸਿਰਜਨਹਾਰ, ਉਸ ਦੀ ਛਾਇਆ, ਉਸ ਦੀ ਸੁਖਦਾਈ ਸੁਰੱਖਿਅਤ ਤੇ ਪ੍ਰਾਕ੍ਰਿਤਕ ਪਨਾਹ, ਉਸ ਦੀ ਕੁਦਰਤ ਦਾ ਵਿਸ਼ਾਲ ਚਿਹਨਕ ਹੈ। ਜੰਤ ਉਸ ਦੀ ਸਮੁੱਚੀ ਸਿਰਜਨਾ ਹੈ। ਕੀਟ ਪਤੰਗ ਤੇ ਚਿੰਦ ਪਰਿੰਦ ਤੋਂ ਲੈ ਕੇ ਮਨੁੱਖ ਤਕ ਹਰ ਜੀਵ ਇਸ ਵਿਚ ਸ਼ਾਮਲ ਹੈ। ਜੰਤ ਆਪਣੇ ਸੁਭਾਅ ਕਾਰਨ ਚੰਗੇ/ਮਾੜੇ, ਨੇਕ/ਬਦ, ਤੱਤੇ/ਠੰਢੇ ਕਿਸੇ ਵੀ ਸੁਭਾਅ ਦੇ ਹੋ ਸਕਦੇ ਹਨ। ਉਹ ਸਾਰੇ ਸਿਰਜਨਹਾਰ ਦੀ ਛਤਰ-ਛਾਇਆ ਵਿਚ ਉਸ ਦੀ ਪਨਾਹ ਹੇਠ ਇਕ ਸੀਮਿਤ ਅਵਧੀ ਦੀ ਖੇਡ ਖੇਡਣ ਲਈ ਇਕੱਠੇ ਹੋਏ ਹਨ। ਅਵਧੀ ਮੁੱਕਣ ਉਪਰੰਤ ਉਹ ਨਿੱਖੜ ਜਾਂਦੇ ਹਨ। ਕੋਈ ਪੁੱਗ ਕੇ ਜਾਂਦਾ ਹੈ, ਕੋਈ ਉਂਞੇ ਹੀ ਹਾਰ ਕੇ ਰੁੱਸ ਜਾਂਦਾ ਹੈ। ਖੇਡ ਵੀ ਨਹੀਂ ਖੇਡਦਾ ਕੋਈ। ਕੋਈ ਸਾਥੀਆਂ ਨਾਲ ਚੰਗਾ ਵਿਹਾਰ ਕਰਦੈ, ਕੋਈ ਬੁਰਾ। ਖੇਡ ਨੂੰ ਮਾਣ ਵੀ ਨਹੀਂ ਸਕਦਾ। ਸਮੁੱਚੇ ਬ੍ਰਹਿਮੰਡੀ ਪਸਾਰੇ ਨੂੰ, ਇਸ ਪ੍ਰਕ੍ਰਿਤੀ ਨੂੰ ਮਾਣ ਨਹੀਂ ਸਕਦਾ। ਇਸ ਨਾਲ ਸਵੱਛ ਸੰਤੁਲਿਤ ਰਿਸ਼ਤਾ ਨਹੀਂ ਬਣਾ ਸਕਦਾ। ਦੁਨੀਆਂ ਨੂੰ ਬੁਰਾ ਖੇਲ ਸਮਝ ਕੇ ਪਾਸੇ ਹੋ ਖਲੋਂਦਾ ਹੈ। ਜਿਸ ਸਿਰਜਨਹਾਰ ਨੇ ਇਹ ਖੇਡ ਸਿਰਜੀ ਹੈ, ਨਾ ਉਸ ਨਾਲ  ਸਹੀ ਰਿਸ਼ਤਾ ਥਾਪਦਾ ਹੈ ਤੇ ਨਾ ਸਾਥੀ ਖਿਡਾਰੀਆਂ ਨਾਲ। ਇਸ ਰਿਸ਼ਤੇ ਦੀ ਬੁਨਿਆਦ ਉਸ ਦੀ ਗ਼ਲਤ ਸਮਝ ਉੱਤੇ ਟਿਕੀ ਹੋਈ ਹੈ ਜੋ ਉਸ ਨੂੰ ਨਿੱਜੀ ਹਿੱਤਾਂ ਦੀ ਪੂਰਤੀ ਹਿਤ ਉਸ ਦਾ ਸ਼ੋਸ਼ਣ ਕਰਨ ਵਾਲੇ ਲੋਕਾਂ ਨੇ ਦਿੱਤੀ ਹੈ ਤੇ ਉਸ ਨੇ ਆਪਣੀ ਅਲਪ ਬੁੱਧੀ ਤੇ ਥੋੜ੍ਹ-ਚਿਰੇ ਸੁਖ ਲਈ ਸਵੀਕਾਰ ਰੱਖੀ ਹੈ। ਇਸ ਜਟਿਲ ਜਾਲ ਵਿੱਚੋਂ ਕੱਢਣ ਲਈ ਗੁਰੂ ਸਾਹਿਬ ਨੇ ਮਨੁੱਖੀ ਮਾਨਸਿਕਤਾ ਨੂੰ ਬਦਲਣ ਵਾਲੀਆਂ ਜੁਗਤਾਂ ਵਰਤੀਆਂ ਹਨ। ਧਾਰਮਿਕ/ਸਭਿਆਚਾਰਕ ਖੇਤਰ ਦੇ ਅਨੁਸ਼ਠਾਨ ਤੇ ਉਸ ਸਮੇਂ ‘ਅੰਜੁਲੀ’ ਨਾਮ ਨਾਲ ਉਚਾਰੇ ਜਾਂਦੇ ਕਾਵਿ-ਰੂਪ ਦਾ ਪ੍ਰਯੋਗ, ਰਾਗ ਤੇ ਕਾਵਿ ਦਾ ਸੁਮੇਲ, ਖੇਡ ਦੇ ਵਿਸਤ੍ਰਿਤ ਰੂਪਕ ਦਾ ਉਪਯੋਗ, ਬਿਰਖ ਦਾ ਪ੍ਰਕ੍ਰਿਤਕ ਬਿੰਬ, ਸਮਾਜਕ ਵਿਹਾਰ ਵਿਚ ਬਾਣੀਏ ਦੀ ਹਿਸਾਬੀ-ਕਿਤਾਬੀ ਬਿਰਤੀ ਦਾ ਉਲੇਖ ਇਨ੍ਹਾਂ ਵਿਚ ਸ਼ਾਮਲ ਹਨ।

ਗੁਰੂ ਸਾਹਿਬ ਨੇ ਇਸ ਸ਼ਬਦ ਨੂੰ ‘ਅੰਜੁਲੀ’ ਨਾਂ ਦੇ ਲੋਕ-ਰੂਪਾਕਾਰ ਨਾਲ ਸੁਚੇਤਰੂਪ ਵਿਚ ਜੋੜਿਆ ਹੈ। ਇਸ ਦਾ ਮੂਲ ਉਦੇਸ਼ ਹੈ ਆਪਣੇ ਪਾਠਕ/ਸ੍ਰੋਤੇ ਨੂੰ ਸਮੂਹਕ ਅਵਚੇਤਨ ਨਾਲ ਜੋੜਨਾ। ਉਹ ਸਮੂਹਕ ਅਵਚੇਤਨ ਜਿਸ ਵਿਚ ਪਸ਼ੂ ਤੋਂ ਲੈ ਕੇ ਵਿਕਸਤ ਸਭਿਅਕ ਮਨੁੱਖ ਤਕ ਦੇ ਤਮਾਮ ਵੇਰਵੇ ਸੁੱਤੇ ਪਏ ਹਨ। ਇਸ ਦੇ ਨਾਲ ਹੀ ਜੁੜੀ ਗੱਲ ਹੈ ਪਰੰਪਰਾ ਦੀ ਧਰਤੀ ਉੱਤੇ ਖਲੋ ਕੇ ਆਪਣਾ ਸੰਦੇਸ਼ ਉਚਾਰਨ ਦੀ ਗੁਰੂ ਸਾਹਿਬ ਦੀ ਜੁਗਤ। ਉਨ੍ਹਾਂ ਨੇ ਭਾਰਤੀ ਧਰਮ/ਸਮਾਜ ਵਿਚ ਪ੍ਰਾਪਤ ਕਰਮਕਾਂਡਾਂ/ਰੂੜ੍ਹੀਆਂ/ਸੰਸਕਾਰਾਂ ਦੀ ਆਮ ਆਦਮੀ ਉੱਤੇ ਪਕੜ ਨੂੰ ਪਛਾਣ ਕੇ ਉਸ ਨਾਲ ਸੰਵਾਦ ਰਚਾਇਆ ਹੈ। ‘ਅੰਜੁਲੀ’ ਕੇਵਲ ਇਕ ਸ਼ਬਦ ਹੀ ਨਹੀਂ, ਇਸ ਨਾਲ ਅਨੁਸ਼ਠਾਨਕ ਕਰਮ-ਕਾਂਡ, ਰੂੜੀਆਂ, ਸੰਸਕਾਰ ਤੇ ਵਿਸ਼ਵਾਸ ਜੁੜੇ ਹੋਏ ਹਨ। ਇਹ ਇਕ ਕਾਵਿ-ਰੂਪਾਕਾਰ ਭੀ ਹੈ। ਇਹ ਲੋਕ ਕਾਵਿ-ਰੂਪਾਕਾਰ ਹੈ ਜੋ ਪੰਜਾਬ, ਰਾਜਸਥਾਨ ਤੇ ਸਿੰਧ ਦੇ ਲੋਕ-ਸਾਹਿਤ ਦਾ ਅੰਗ ਰਿਹਾ ਹੈ। ‘ਅੰਜੁਲੀ’ ਨੂੰ ਵਿਸ਼ਿਸ਼ਟ ਸਾਹਿਤ ਦਾ ਅੰਗ ਸ੍ਰੀ ਗੁਰੂ ਅਰਜਨ ਸਾਹਿਬ ਨੇ ਹੀ ਬਣਾਇਆ। ਸੰਸਕ੍ਰਿਤ ਮੂਲ ਦੇ ਸ਼ਬਦ ‘ਅੰਜੁਲੀ’ ਦੇ ਸਾਧਾਰਨ ਅਰਥ ਸਨ ‘ਹੱਥ ਜੋੜ ਕੇ ਕੀਤੀ ਬੇਨਤੀ’। ਅਰਥ ਵਿਸਤਾਰ ਕਾਰਨ ਪਿਤਰਾਂ/ਦੇਵਤਿਆਂ ਨੂੰ ਅਰਪਿਤ ਪਾਣੀ ਦੀ ਚੁਲੀ ਨੂੰ ਅੰਜੁਲੀ ਕਿਹਾ ਜਾਣ ਲੱਗਾ। ਸਮੇਂ ਦੇ ਬੀਤਣ ਨਾਲ ਇਸ ਦਾ ਸੰਬੰਧ ਜੀਵ ਦੀ ਮੌਤ ਨਾਲ ਜੁੜ ਗਿਆ। ਦਾਹ ਸੰਸਕਾਰ ਉਪਰੰਤ ਪੁਰਾਤਨ ਹਿੰਦੂ ਮਰਯਾਦਾ ਅਨੁਸਾਰ ਪਾਣੀ ਵਿਚ ਤਿਲ ਮਿਲਾ ਕੇ ਮ੍ਰਿਤਕ ਨਮਿਤ ਦੋਹਾਂ ਹੱਥਾਂ ਨਾਲ ਪਾਣੀ ਦੀਆਂ ਅੰਜੁਲੀਆਂ (ਚੁਲੀਆਂ) ਦਿੱਤੀਆਂ ਜਾਂਦੀਆਂ। ਉਪਰੋਕਤ ਦੋਵੇਂ ਅਵਸਰਾਂ ਉੱਤੇ-ਭਾਵ ਪਿਤਰ/ਦੇਵ ਪੂਜਾ ਅਤੇ ਦਾਹ ਸੰਸਕਾਰ ਉਪਰੰਤ ਮ੍ਰਿਤਕ ਨੂੰ ਦਿੱਤੀਆਂ ਅੰਜੁਲੀਆਂ- ਅਵਸਰ ਅਨੁਕੂਲ ਮੰਤਰ ਉਚਾਰੇ ਜਾਂਦੇ। ਇਨ੍ਹਾਂ ਮੰਤਰਾਂ ਦੇ ਸੰਗਠਿਤ ਸਰੂਪ ਵਿੱਚੋਂ ਹੀ ‘ਅੰਜੁਲੀ’ ਨਾਮ ਦੇ ਲੋਕ-ਕਾਵਿ-ਰੂਪਾਕਾਰ ਦਾ ਜਨਮ ਹੋਇਆ।

‘ਅੰਜੁਲੀ’ ਦੇ ਸ਼ਾਬਦਿਕ ਅਰਥ ਅਤੇ ਵਿਵਹਾਰਕ ਸੰਦਰਭਾਂ ਤੋਂ ਸਪੱਸ਼ਟ ਹੈ ਕਿ ਇਸ ਦੀ ਵਰਤੋਂ ਪਿਤਰਾਂ/ਦੇਵਤਿਆਂ ਦੀ ਪ੍ਰਸੰਨਤਾ ਹਾਸਲ ਕਰ ਕੇ ਆਪਣੀ ਖ਼ੈਰ-ਸੁਖ ਮੰਗਣ ਜਾਂ ਫਿਰ ਵਿੱਛੜੇ ਪ੍ਰਾਣੀ ਲਈ ਪਰਲੋਕ ਵਿਚ ਸੁਖ-ਮੰਗਲ ਦੀ ਕਾਮਨਾ ਕਰਨ ਲਈ ਕੀਤੀ ਜਾਂਦੀ ਸੀ। ਆਪਣੇ ਲਈ ਇਥੇ/ਉੱਤੇ ਸੁਖ। ਵਿੱਛੜੇ ਪਿਤਰਾਂ ਲਈ ਲੋਕ/ਪਰਲੋਕ ਵਿਚ ਸੁਖ। ਨਰਕ ਦੇ ਭੈਅ ਤੋਂ ਮੁਕਤੀ ਦਾ ਧਰਵਾਸਾ ਦਿੰਦੀ ਸੀ ਅੰਜੁਲੀ। ਵਿੱਛੜੇ ਜੀਵ ਨੂੰ ‘ਅੰਜੁਲੀ’ ਦੇ ਕੇ ਉਸ ਨੂੰ ਧਰਮ ਰਾਏ ਦੇ ਦਰਬਾਰ ਵਿਚ ਕਰੜੇ ਦੰਡ ਤੋਂ ਬਚਾਉਣਾ ਇਸ ਦਾ ਮੂਲ ਸਰੋਕਾਰ ਸੀ। ਮ੍ਰਿਤੂ ਉਪਰੰਤ ਅਣਡਿੱਠੀ ਦੁਨੀਆਂ ਵਿਚ ਸੁਖ ਤੇ ਰਿਆਇਤਾਂ ਦੀ ਆਕਾਂਖਿਆ ਦੀ ਮਾਨਸਿਕਤਾ ਇਸ ਪਿੱਛੇ ਕਾਰਜਸ਼ੀਲ ਸੀ। ਇਸ ਆਕਾਂਖਿਆ ਵਾਲੀ ਮਾਨਸਿਕਤਾ ਦਾ ਸ਼ੋਸ਼ਣ ਪੁਜਾਰੀ/ ਪੁਰੋਹਿਤ ਵਰਗ ਕਰਦਾ ਸੀ।

ਸ੍ਰੀ ਗੁਰੂ ਅਰਜਨ ਸਾਹਿਬ ਜੀ ਇਸ ਮਾਨਸਿਕਤਾ ਨੂੰ ਮੁੱਢੋਂ-ਸੁੱਢੋਂ ਬਦਲਦੇ ਹਨ। ਉਹ ਕਹਿੰਦੇ ਹਨ ਕਿ ਮਾੜੇ ਕਰਮਾਂ ਦਾ ਲੇਖਾ ਤਾਂ ਦੇਣਾ ਹੀ ਪੈਣਾ ਹੈ। ਪਾਪ-ਕਰਮਾਂ ਦਾ ਦੰਡ ਅਵੱਸ਼ ਮਿਲੇਗਾ। ਪਰਾਇਆ ਹੱਕ ਮਾਰਨ ਤੇ ਅਨਿਆਂ ਕਰਨ ਵਾਲੇ ਨੂੰ ‘ਅੰਜੁਲੀ’ ਵਰਗੇ ਅਨੁਸ਼ਠਾਨ ਬਚਾ ਨਹੀਂ ਸਕਦੇ। ਮੌਤ ਉਪਰੰਤ ਲੇਖਾ ਮੰਗਣ ਵਾਲਾ ਤਾਂ ਬਾਣੀਏ ਵਰਗਾ ਬੇਲਿਹਾਜ਼ ਹੈ ਹਿਸਾਬ-ਕਿਤਾਬ ਵਿਚ। ਉਹ ਭਾਰਤੀ ਪਰੰਪਰਾ ਵਿਚ ਧਰਮਰਾਜ ਦੀ ਥਾਂ ਅਜਰਾਈਲ ਦਾ ਚਿਹਨਕ ਵਰਤ ਕੇ ਸਹਿਜੇ ਹੀ ਇਹ ਸੰਕੇਤ ਕਰਦੇ ਹਨ ਕਿ ਲੇਖਾ ਮੰਗਣ ਵਾਲਾ ਆਪਣਾ ਨਹੀਂ ਪਰਾਇਆ ਹੈ। ਪਰਾਏ ਸਭਿਆਚਾਰ ਦਾ ਚਿਹਨਕ ਇਥੇ ਧਿਆਨ ਦੇਣ ਯੋਗ ਹੈ। ਤਿਲ-ਪਾਣੀ ਦੀ ‘ਅੰਜੁਲੀ’ ਉਸ ਦਾ ਕੀ ਬਚਾਅ ਕਰੇਗੀ ਜੋ ਜਿਉਂਦੇ-ਜੀਅ ਪਰਾਏ ਦਾ ਹੱਕ ਮਾਰਦਾ ਰਿਹਾ ਹੈ, ਲੋਭ-ਲਾਲਚ ਵਿਚ ਸਿਰਜਨਹਾਰ ਕਰਤੇ ਨੂੰ ਭੁੱਲ ਕੇ ਪਾਪ ਕਰਦਾ ਰਿਹਾ ਹੈ। ਉਸ ਦਾ ਅੰਧ ਵਿਹਾਰ ਤਾਂ ਉਸ ਨੂੰ ਅੰਨ੍ਹੇ ਨਰਕ ਵਿਚ ਸੁੱਟੇਗਾ ਹੀ ਸੁੱਟੇਗਾ। ਬਚਾਅ ਤਾਂ ਭਲੇ ਪੁਰਸ਼ਾਂ ਦੀ ਸੰਗਤ ਨਾਲ ਅਕਾਲ ਪੁਰਖ ਨੂੰ ਚੇਤੇ ਰੱਖ ਕੇ ਇਸ ਜੀਵਨ-ਖੇਡ ਨੂੰ ਉਸਾਰੂ ਤੇ ਸਵੱਛ ਤਰੀਕੇ ਨਾਲ ਖੇਡਣ ਵਿਚ ਹੈ। ਨਹੀਂ ਤਾਂ ਇਹ ਆਵਾਗਵਨ ਚੱਲਦਾ ਰਹੇਗਾ। ਇਕ ਸਜ਼ਾ ਵਾਂਙ ਜਨਮ-ਮਰਨ ਦਾ ਲੰਬਾ ਚੱਕਰ ਚੱਲੀ ਜਾਏਗਾ। ਮੁੱਕੇਗਾ ਉਦੋਂ ਹੀ ਜਦੋਂ ਮਨੁੱਖੀ ਮਾਨਸਿਕਤਾ ਨਿਰਮਲ ਹੋ ਕੇ ਅੰਤਿਮ ਸਤਿ ਵਿਚ ਵਿਲੀਨ ਹੋਣ ਦੇ ਯੋਗ ਹੋ ਗਈ।

ਅਜਿਹਾ ਉਦੋਂ ਹੀ ਸੰਭਵ ਹੈ ਜਦੋਂ ਜੀਵਨ ਦੀ ਛਿਣਭੰਗਰਤਾ ਦਾ ਅਹਿਸਾਸ ਹੋਵੇ। ਉਸ ਦਾ ਨਿਰਮਲ ਭੈਅ ਹੋਵੇ। ਇਸ ਨਿਰਮਲ ਭੈਅ ਵਿਚ ਸਿਰਜਨਹਾਰ ਅਕਾਲ ਪੁਰਖ ਅਤੇ ਉਸ ਦੀ ਸਮੁੱਚੀ ਸਿਰਜਨਾ ਪ੍ਰਤੀ ਪ੍ਰੇਮ ਹੋਵੇ। ਨਿੱਜੀ ਹਿੱਤ, ਸਵਾਰਥ ਅਤੇ ਲੋਭ-ਲਾਲਚ ਦੀ ਥਾਂ ਸਰਬੱਤ ਦੇ ਭਲੇ ਦੀ ਇੱਛਾ ਹੋਵੇ। ਪ੍ਰਕ੍ਰਿਤੀ ਦੀ ਸੁਖਦਾਈ ਸੁਰੱਖਿਅਤ ਛਾਇਆਦਾਰ ਪਨਾਹ ਵਿਚ ਸਮੂਹ ਜੀਅ-ਜੰਤ ਹੀ ਆਪੋ-ਆਪਣੇ ਤਰੀਕੇ ਨਾਲ, ਆਪੋ-ਆਪਣੇ ਸੁਭਾਅ ਅਨੁਸਾਰ ਹੱਸ-ਖੇਡ, ਲੜ-ਭਿੜ, ਰੁਸ-ਮੰਨ ਰਹੇ ਹਨ। ਅਲਪ ਕਾਲ ਦੀ ਇਸ ਖੇਡ ਲਈ ਗੁਰੂ ਸਾਹਿਬ ਨੇ ਰਾਤ ਦਾ ਰੂਪਕ ਵਰਤਿਆ ਹੈ। ਰਾਤ ਅਲਪ ਕਾਲ ਦੇ ਸਾਂਝੇ ਰੈਣ-ਬਸੇਰੇ ਦਾ ਰੂਪਕ ਹੈ, ਇਸ ਰੈਣ-ਬਸੇਰੇ ਨੂੰ ਅਸਥਾਈ ਥੋੜ੍ਹਚਿਰਾ ਮੰਨਣ ਦਾ। ਇਸ ਦੌਰਾਨ ਪ੍ਰਾਪਤ ਸਾਥੀਆਂ ਨਾਲ ਪ੍ਰੇਮ-ਪਿਆਰ ਤੇ ਸਹਿਹੋਂਦ ਵਾਲਾ ਜੀਵਨ ਜੀਅ ਕੇ ਇਸ ਰਾਤ ਦੇ ਹਨੇਰੇ ਨੂੰ ਚਾਨਣ ਵਿਚ ਬਦਲਣਾ ਸੰਭਵ ਹੈ। ਨਹੀਂ ਤਾਂ ਰਾਤ ਉਂਞ ਵੀ ਮੁੱਕ ਹੀ ਜਾਣੀ ਹੈ। ਬਿਨਾਂ ਕਿਸੇ ਪ੍ਰਾਪਤੀ ਦੇ।

ਇਸ ‘ਅੰਜੁਲੀ’ ਦੇ ਪਹਿਲੇ ਚਰਨ ਦੀ ਅੰਤਿਮ ਪੰਗਤੀ ਹੈ : ‘ਅਸਤੁ ਉਦੋਤੁ ਭਇਆ ਉਠਿ ਚਲੇ ਜਿਉ ਜਿਉ ਅਉਧ ਵਿਹਾਣੀਆ॥’ ਇਸ ਦੇ ਨਵੀਨਤਮ ਅਰਥ ਸਿੱਖ ਧਰਮ ਅਤੇ ਅੰਗਰੇਜ਼ੀ ਦੇ ਪ੍ਰਸਿੱਧ ਵਿਦਵਾਨ ਪ੍ਰੋ. ਗੁਰਬਚਨ ਸਿੰਘ ਤਾਲਬ ਦੇ ਅੰਗਰੇਜ਼ੀ ਅਨੁਵਾਦ ਦੇ ਜ਼ਰੀਏ ਪਛਾਣਨ ਦਾ ਯਤਨ ਮੈਂ ਕੀਤਾ। ਉਨ੍ਹਾਂ ਸੂਰਜ ਦੇ ਅਸਤ ਹੋਣ ਉੱਤੇ ਬਿਰਖ ਹੇਠੋਂ ਪੰਛੀਆਂ ਦੇ ਉਡਾਰੀ ਮਾਰਨ ਦੀ ਗੱਲ ਕੀਤੀ ਹੈ। ਉਸ ਬਿਰਖ ਹੇਠੋਂ ਜਿੱਥੇ ਵਿਭਿੰਨ ਰੁਚੀਆਂ/ਸੁਭਾਵਾਂ ਦੇ ਜੰਤ ਕੁਝ ਸਮੇਂ ਲਈ ਰਹੇ। ਮੈਨੂੰ ਪ੍ਰਤੀਤ ਹੁੰਦਾ ਹੈ ਕਿ ਗੁਰੂ ਸਾਹਿਬ ਨੇ ਜੀਵਨ ਨੂੰ ਦਿਨ ਦੇ ਰੂਪਕ ਨਾਲ ਨਹੀਂ, ਰੈਣ (ਰਾਤ) ਦੇ ਰੂਪਕ ਰਾਹੀਂ ਪੇਸ਼ ਕੀਤਾ ਹੈ। ‘ਪਹਰੇ’ ਸਿਰਲੇਖ ਹੇਠਲੀ ਬਾਣੀ ਇਸੇ ਦੀ ਪੁਸ਼ਟੀ ਕਰਦੀ ਹੈ। ਇਸ ਵਿਚ ਦਿਨ ਦੇ ਨਹੀਂ, ਰਾਤ ਦੇ ਚਾਰ ਪਹਿਰਾਂ ਦਾ ਜ਼ਿਕਰ ਹੈ। ਪਹਿਲੈ ਪਹਰੈ ਰੈਣਿ ਕੇ  ਵਣਜਾਰਿਆ  ਮਿਤ੍ਰਾ… ਦੂਜੈ ਪਹਰੈ ਰੈਣਿ ਕੇ ਵਣਜਾਰਿਆ ਮਿਤ੍ਰਾ…ਦੇ ਵਾਕਾਂਸ਼ ਇਸ ਦਾ ਪ੍ਰਮਾਣ ਹਨ। ਪ੍ਰੋ. ਸਾਹਿਬ ਸਿੰਘ ਨੇ ਪਹਿਰਿਆਂ ਵਾਲਾ ਤਰਕ ਵਰਤਣ ਤੋਂ ਬਿਨਾਂ ਹੀ ਜੋ ਅਰਥ ਕੀਤੇ ਹਨ, ਉਹ ਮੇਰੀ ਧਾਰਨਾ ਦੀ ਪੁਸ਼ਟੀ ਕਰਦੇ ਹਨ। ਉਨ੍ਹਾਂ ਅਨੁਸਾਰ ਭਾਂਤ-ਸੁਭਾਂਤੇ ਪੰਛੀ ਰਾਤ ਦੀ ਰਾਤ ਬਿਰਖ ਹੇਠ ਇਕੱਠੇ ਹੁੰਦੇ ਹਨ। ਅਸਤ ਹੋਇਆ ਸੂਰਜ ਜਦੋਂ ਮੁੜ ਚੜ੍ਹਦਾ ਹੈ ਤਾਂ ਉਹ ਆਪੋ-ਆਪਣੀ ਅਉਧ ਮੁੱਕਣ ਉੱਤੇ ਉਡਾਰੀ ਮਾਰ ਜਾਂਦੇ ਹਨ। ਉਂਞ ਅਸਤ ਤੇ ਉਦੋਤ ਰਤਾ ਵਡੇਰੇ ਸੰਯੁਕਤ ਚਿਹਨਕ ਹਨ। ਅਸਤ ਰਾਤ ਦਾ ਗੁਜ਼ਰਨਾ ਵੀ ਹੈ ਤੇ ਜੀਵਨ ਦਾ ਗੁਜ਼ਰਨਾ ਵੀ। ਉਦੋਤ ਸੂਰਜ ਦਾ ਉਦੇ ਹੋਣਾ ਵੀ ਹੈ ਤੇ ਨਵੇਂ ਜੀਵਨ ਜਾਂ ਨਵੇਂ ਜਨਮ ਦਾ ਅਰੰਭ ਵੀ। ਅਸਤ ਤੇ ਉਦੋਤ ਇੰਞ ਜੀਵਨ-ਚੱਕਰ ਦੇ ਦੋ ਸਿਰੇ ਹਨ। ਸਾਰੇ ਜੰਤ ਇਸ ਜੀਵਨ-ਚੱਕਰ ਦਾ ਅੰਗ ਹਨ। ਚੰਗੇ ਵੀ, ਮਾੜੇ ਵੀ। ਜੀਵ ਦੀ ਮਾਨਸਿਕਤਾ ਦੇ ਸੰਪੂਰਨ ਵਿਕਾਸ ਤਕ ਅਸਤ ਉਦੋਤ ਦੇ ਰੂਪ ਵਿੱਚੋਂ ਆਵਾਗਵਨ ਦਾ ਇਹ ਚੱਕਰ ਨਿਰੰਤਰ ਜਾਰੀ ਰਹਿੰਦਾ ਹੈ। ਇਸ ਦੌਰਾਨ ਅਨੇਕਾਂ ਚੰਗੇ ਤੇ ਭਲੇ ਬੰਦੇ ਵੀ ਇਸ ਖੇਡ ਵਿਚ ਸ਼ਾਮਲ ਰਹਿੰਦੇ ਹਨ ਤੇ ਅਨੇਕਾਂ ਮਾੜੇ ਵੀ। ਖੇਡ ਹੁੰਦੀ ਹੀ ਦੋ ਧਿਰਾਂ ਨਾਲ ਹੈ। ਇਕ ਧਿਰ ਕਦੇ ਕੋਈ ਖੇਡ ਨਹੀਂ ਖੇਡ ਸਕਦੀ। ਭਾਵੇਂ ਮਾੜੀ ਹੋਵੇ ਅਤੇ ਭਾਵੇਂ ਚੰਗੀ। ਇਸ ਰਹੱਸ ਨੂੰ ਮੌਲਾ ਦੀ ਖੇਡ ਦੇ ਰੂਪ ਵਿਚ ਸਮਝਣ-ਸਮਝਾਉਣ ਪਿੱਛੇ ਇਸ ਨੂੰ ਬੋਝ ਜਾਂ ਸਜ਼ਾ ਸਮਝਣ ਦੀ ਮਾਨਸਿਕਤਾ ਤੋਂ ਤੋੜ ਕੇ ਅਨੰਦ ਤੇ ਖੇਡ ਦੀ ਮਾਨਸਿਕਤਾ ਨਾਲ ਜੋੜਨ ਦਾ ਮਨੋਵਿਗਿਆਨ ਕਾਰਜਸ਼ੀਲ ਹੈ।

ਇਸ ਪਾਵਨ ਬਾਣੀ ਵਿਚ ‘ਜੰਤ’ ਦਾ ਚਿਹਨਕ ਕੇਵਲ ਪੰਛੀ ਲਈ ਨਹੀਂ, ਸਮੂਹ ਜੀਵਾਂ ਦਾ ਸੂਚਕ ਹੈ। ‘ਹੇਠ’ ਚਿਹਨਕ ਵੀ ਕੇਵਲ ਬਿਰਖ ਦੇ ਹੇਠਾਂ ਦੀ ਭੌਤਿਕ ਹੋਂਦ ਤਕ ਸੀਮਿਤ ਨਹੀਂ; ਇਹ ਸਿਰਜਨਾ ਦੇ ਸਮੂਹ ਵਿਸਤਾਰਾਂ ਲਈ ਸਿਰਜਨਹਾਰ ਦੀ ਸੁਖਦਾਈ, ਸੁਰੱਖਿਅਤ, ਕੁਦਰਤੀ ਪਨਾਹ ਦਾ ਚਿਹਨਕ ਹੈ। ਬਿਰਖ ਦੇ ਉੱਤੇ, ਥੱਲੇ, ਵਿਚ, ਸਾਰਾ ਕੁਝ ਹੀ ਇਸ ਦਾ ਹਿੱਸਾ ਹੈ। ‘ਬਿਰਖ’ ਚਿਹਨਕ ਨੂੰ ਵਰਤਣਾ ਪਦਾਰਥਕ ਸੀਮਾਵਾਂ ਤੋਂ ਮੁਕਤ ਹੋ ਕੇ ਵਿਸ਼ਾਲ ਪ੍ਰਕ੍ਰਿਤਕ ਪਸਾਰਾਂ ਨਾਲ ਜੋੜਨ ਦਾ ਸੰਕੇਤਕ ਹੈ। ਦੁਨੀਆਂ ਵਿਚ ਪੂਰਬ ਤੇ ਪੱਛਮ ਦੇ ਖ਼ੂਬਸੂਰਤ ਕਾਵਿ ਵਿਚ ‘ਰੁਖ/ਬਿਰਖ’ ਦਾ ਚਿਹਨਕ ਬਾਰ-ਬਾਰ ਵਰਤਿਆ ਗਿਆ ਹੈ। ਇਹ ਬਿਰਖ ਇਸ ਪਾਵਨ ਬਾਣੀ ਵਿਚ ਬ੍ਰਹਿਮੰਡੀ ਵਿਸਤਾਰਾਂ ਵਾਲਾ ਹੈ ਕਿਉਂਕਿ ਇਹ ਅਸੀਮ/ਅਥਾਹ, ਹਰ ਵਰਣਨ ਤੋਂ ਬਾਹਰ ਸਿਰਜਨਹਾਰ ਦਾ ਚਿਹਨਕ ਹੈ। ਜੰਤਾਂ ਦੇ ਤੱਤੇ/ਮਿੱਠੇ ਹੋਣ ਪਿੱਛੇ ਵੀ ਅਸੀਮ ਵਿਸਤਾਰ ਹਨ। ਜਪੁਜੀ ਸਾਹਿਬ ਦੀਆਂ ‘ਅਸੰਖ’ ਸ਼ਬਦ ਦੇ ਉਪਯੋਗ ਵਾਲੀਆਂ ਪਉੜੀਆਂ ਤੇ ਸੁਖਮਨੀ ਸਾਹਿਬ ਵਿਚ ‘ਕਈ ਕੋਟਿ’ ਦੇ ਚਿਹਨਕ ਇਨ੍ਹਾਂ ਅਸੀਮ ਵਿਸਤਾਰਾਂ ਦੇ ਹੀ ਸੰਕੇਤਕ ਹਨ। ਬਿਰਖ ਹੇਠ ਇਨ੍ਹਾਂ ਜੰਤਾਂ ਦੀ ਹੋਂਦ ਸਿਰਜਨਹਾਰ ਦੇ ਅਨੁਸ਼ਾਸਨ ਵਿਚ ਇਨ੍ਹਾਂ ਦੀ ਅਸਤ/ਉਦੋਤ ਦੇ ਚੱਕਰ ਵਿਚ ਬੱਝੀ ਅਲਪਕਾਲੀ ਹਸਤੀ ਹੈ। ਇਸ ਬਿਰਖ ਹੇਠ ਜੀਵਾਂ ਦਾ ਇਕੱਠੇ ਹੋਣਾ ਸਿਰਜਨਹਾਰ ਲਈ ਖੇਡ ਹੈ। ਜੀਵਾਂ ਨੂੰ ਇਹ ਖੇਡ ਆਪਣੀ ਹੋਂਦ-ਹਸਤੀ ਦੇ ਸੰਪੂਰਨ ਵਿਕਾਸ ਦੇ ਉਦੇਸ਼ ਦੀ ਪੂਰਤੀ ਲਈ ਖੇਡਣੀ ਚਾਹੀਦੀ ਹੈ। ਇਸਰਚਨਾ ਦੇ ਚਿਹਨਕਾਂ ਦੀ ਜੜਤ ਰਾਗ ਤੇ ਕਾਵਿ ਦੇ ਸੁਮੇਲ ਨਾਲ ਮਨੁੱਖੀ ਮਾਨਸਿਕਤਾ ਨੂੰ ਮੂਲੋਂ ਬਦਲਣ ਵੱਲ ਰੁਚਿਤ ਹੈ।

ਇਸ ਸਿਲਸਿਲੇ ਵਿਚ ਇਹ ਤੱਥ ਵੀ ਧਿਆਨ ਦੇਣ ਯੋਗ ਹੈ ਕਿ ਗੁਰੂ ਸਾਹਿਬ ਆਪਣੀ ਗੱਲ ਕਾਵਿ ਤੇ ਰਾਗ ਦੇ ਸੁਮੇਲ ਨਾਲ ਕਹਿੰਦੇ ਹਨ। ਇਸ ਦੌਰਾਨ ਉਹ ਪ੍ਰਗੀਤਕ ਅੰਦਾਜ਼ ਦੀ ਵਰਤੋਂ ਵਧੇਰੇ ਕਰਦੇ ਹਨ ਤਾਂ ਕਿ ਮਨ ਦੀਆਂ ਅੰਤਰੀਵ ਤੇ ਸੂਖਮ ਤਰਬਾਂ ਨੂੰ ਛੋਹਿਆ ਤੇ ਪ੍ਰਭਾਵਿਤ ਕੀਤਾ ਜਾ ਸਕੇ। ਰਾਗ ਤੇ ਕਾਵਿ ਦੇ ਇਸ ਸੁਮੇਲ ਦੀ ਸ਼ੁਰੂਆਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਸਾਡੇ ਲਈ ਕਰ ਦਿੱਤੀ ਸੀ।

ਮਨੁੱਖੀ ਮਾਨਸਿਕਤਾ ਦੇ ਸੂਖ਼ਮ ਪਰਿਵਰਤਨ ਪੱਖੋਂ ਰਾਤ/ਦਿਨ ਦੇ ਚਿਹਨਕਾਂ ਨਾਲ ਰਤਾ ਫਿਰ ਪਰਤੀਏ। ‘ਰਾਤ’ ਹਨੇਰੇ ਦਾ ਨਾਮ ਵੀ ਹੈ ਤੇ ਟਿਕਾਅ ਦਾ ਵੀ। ਆਰਾਮ ਦਾ ਵੀ। ਸੋਚਣ ਚਿੰਤਨ ਦਾ ਅਵਸਰ ਵੀ ਹੈ ਇਹ। ‘ਦਿਨ’ ਦੁਨਿਆਵੀ ਭਟਕਣ ਦਾ ਚਿਹਨਕ ਹੈ। ‘ਕਾਰੋਬਾਰ’ ਦਾ। ਰਾਤ ਦੇ ਹਨੇਰੇ ਨੂੰ ਚਾਨਣ ਵਿਚ ਬਦਲਣਾ ਜੀਵਨ ਦਾ ਉਦੇਸ਼ ਹੈ। ਜੀਵਨ ਹਨੇਰੇ ਤੋਂ ਚਾਨਣ ਵੱਲ ਦੀ ਯਾਤਰਾ ਹੈ। ਮਾਨਸ ਤੋਂ ਦੇਵਤੇ ਬਣਨ ਦਾ ਅਵਸਰ। ਬਹੁਤਾ ਲੰਮਾ ਨਹੀਂ, ਸੀਮਿਤ ਅਉਧ ਵਾਲਾ ਦੁਰਲੱਭ ਅਵਸਰ ਹੈ ਇਹ। ਗੁਰੂ ਹੀ ਹਨੇਰੇ ਤੋਂ ਚਾਨਣ ਵੱਲ ਲਿਜਾਂਦਾ ਹੈ। ‘ਗੁਰੂ’ ਦੇ ਅਰਥ ਹੀ ‘ਹਨੇਰੇ ਵਿਚ ਚਾਨਣ ਕਰਨ ਵਾਲਾ ਸੋਮਾ’ ਹਨ। ਬਿਰਖ ਹੇਠਲੇ ਜੀਅ-ਜੰਤ ਰਾਤ ਦੇ ਅਲਪ ਕਾਲ-ਖੰਡ ਵਿਚ ਉਸ ਸਿਰਜਨਹਾਰ ਅਕਾਲ ਪੁਰਖ ਦੇ ਹੁਕਮ ਨਾਲ ਇਕੱਠੇ ਹੁੰਦੇ ਹਨ। ਉਸ ਦੇ ਹੁਕਮ ਵਿਚ ਹੀ ਹਰ ਕੋਈ ਆਪੋ-ਆਪਣੀ ਅਉਧ ਪੂਰੀ ਕਰ ਕੇ ਜਾਈ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਇਸ ਦੌਰਾਨ ਨਿਆਂਸ਼ੀਲ, ਲੋਭ-ਲਾਲਚ ਤੋਂ ਮੁਕਤ, ਸਬਰ ਸੰਤੋਖ ਵਾਲਾ ਨਿਸ਼ਪਾਪ ਜੀਵਨ ਜਿਊਣ ਦੀ ਲੋੜ ਹੈ।  ਪਰਾਇਆ ਹੱਕ ਮਾਰ ਕੇ ਖੋਹਾਖਿੰਜੀ ਕਰਨ ਵਾਲੇ ਨੂੰ ਕੋਈ ਅਨੁਸ਼ਠਾਨਕ ਅੰਜੁਲੀ, ਕੋਈ ਵੀ ਕਰਮਕਾਂਡ, ਸਜ਼ਾ ਦਾ ਭਾਗੀਦਾਰ ਹੋਣ ਤੋਂ ਨਹੀਂ ਬਚਾ ਸਕਦਾ। ਕੋਈ ਭਈਆ/ਬੇਬਾ/ਸੰਬੰਧੀ, ਕਿਸੇ ਨਮਿਤ ਕਿਸੇ ਪੂਜਾ-ਪਾਠ ਨਾਲ ਇਸ ਸਥਿਤੀ ਨੂੰ ਬਦਲ ਨਹੀਂ ਸਕਦਾ। ਬਾਣੀਆ ਤੇ ਧਰਮਰਾਜ ਜਾਂ ਯਮਰਾਜ ਦੀ ਥਾਂ ਅਜ਼ਰਾਈਲ ਦਾ ਚਿਹਨਕ ਧਿਆਨ ਦੇਣ ਯੋਗ ਹਨ। ਇਹ ‘ਅੰਜੁਲੀ’ ਮੂਲ ਰੂਪ ਵਿਚ ਕਰਮਕਾਂਡ ਤੇ ਅਨੁਸ਼ਠਾਨ ਨਾਲ ਜੁੜੇ ਜਨ ਸਮੂਹ ਦੀ ਮਾਨਸਿਕਤਾ ਨੂੰ ਬਦਲਣਾ ਚਾਹੁੰਦੀ ਹੈ। ਇਸ ਪਰੰਪਰਾ ਵਿਚ ਲੇਖਾ ਮੰਗਣ ਵਾਲਾ ਬਾਣੀਆ ਬੇਲਿਹਾਜ਼ ਹੈ। ਇਸ ਪਰੰਪਰਾ ਲਈ ਅਜ਼ਰਾਈਲ ਦਾ ਚਿਹਨਕ ਓਪਰਾ ਹੈ। ਇਸ ਦੇ ਜ਼ਰੀਏ ਪਰਲੋਕ ਵਿਚ ਓਪਰੇ ਤੇ ਬੇਲਿਹਾਜ਼ ਲੇਖਾ ਮੰਗਣ ਵਾਲੇ ਦਾ ਸਾਹਮਣਾ ਕਰਨ ਦਾ ਕਰੂਰ ਯਥਾਰਥ ਗੁਰੂ ਸਾਹਿਬ ਨੇ ਦ੍ਰਿੜ੍ਹ ਕਰਵਾਇਆ ਹੈ।

ਇਥੇ ਇਹ ਵੀ ਚੇਤੇ ਰੱਖਣਾ ਚਾਹੀਦਾ ਹੈ ਕਿ:

ਪ੍ਰਥਾਇ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਰਬ ਜਹਾਨੇ॥

ਗੁਰੂ ਪਾਤਸ਼ਾਹ ਨੇ ਆਪਣੀ ਗੱਲ ‘ਅੰਜੁਲੀ’ ਕਰਮ-ਕਾਂਡ ਨਾਲ ਜੁੜੇ ਜਨ- ਸਮੂਹ ਦੇ ਪ੍ਰਸੰਗ ਵਿਚ ਛੇੜੀ ਹੈ, ਪਰ ਇਸ ਦਾ ਸੰਦੇਸ਼ ਸਰਬ-ਸਾਂਝਾ ਹੈ। ਇਸ ਸ਼ਬਦ ਦੇ ਚਿਹਨਕਾਂ ਦੇ ਵਿਸਤ੍ਰਿਤ ਤੇ ਬਹੁਮੁਖੀ ਪਸਾਰ ਇਸ ਸ਼ਬਦ ਤੋਂ ਬਾਹਰ ਬਾਕੀ ਬਾਣੀ ਨਾਲ ਸੰਗਲੀ-ਦਰ-ਸੰਗਲੀ ਜੁੜੇ ਮੈਟਾਨਿਮਿਕ ਰਿਸ਼ਤੇ ਵਿੱਚੋਂ ਰੂਪਮਾਨ ਹੁੰਦੇ ਹਨ। ਕਾਵਿ ਦੀ ਮੂਲ ਬਿਰਤੀ ਤੇ ਸੁਭਾਅ ਰੂਪਕ ਜਾਂ ਮੈਟਾਫੋਰਿਕ ਹੋਣ ਦੇ ਬਾਵਜੂਦ ਇਸ ਕਾਵਿ ਦਾ ਮੈਟਾਨਿਮਿਕ ਪਸਾਰ ਇਸ ਨੂੰ ਪ੍ਰਭਾਵਸ਼ਾਲੀ ਬਣਾਉਂਦਾ ਹੈ। ਇਸ ‘ਅੰਜੁਲੀ’ ਦੇ ਚਿਹਨਕ ਆਪਣਾ ਅਰਥ-ਸੰਚਾਰ ਆਪਣੇ ਆਪ ਵਿਚ ਵੀ ਕਰ ਰਹੇ ਹਨ ਪਰੰਤੂ ਇਸ ਤੋਂ ਵਡੇਰੇ ਤੇ ਸੰਪੂਰਨ ਅਰਥਾਂ ਲਈ ਇਹ ਪ੍ਰਸਤੁਤ ਬਾਣੀ ਤੋਂ ਬਾਹਰ ਕਿਸੇ ਹੋਰ ਗੈਰ-ਹਾਜ਼ਰ ਚਿਹਨਕ ਨਾਲ ਜੁੜਦਾ-ਜੋੜਦਾ ਅੱਖਰ, ਸ਼ਬਦ, ਓਅੰਕਾਰ, ਨਿਰੰਕਾਰ, ਸਿਰਜਨਹਾਰ ਦੇ ਰੂ-ਬ-ਰੂ ਕਰ ਦਿੰਦਾ ਹੈ।

ਕਰਮਕਾਂਡੀ ‘ਅੰਜੁਲੀ’ ਦੁਆਰਾ ਪਾਪਾਂ/ਦੁਸ਼ਕਰਮਾਂ ਦੇ ਫਲ ਤੋਂ ਛੁਟਕਾਰੇ ਦੀ ਥਾਂ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੁਆਰਾ ਰਚਿਤ ‘ਅੰਜੁਲੀ’ ਸਦ-ਪੁਰਖਾਂ ਦੀ ਸੰਗਤ ਵਿਚ ਸਿਰਜਨਾ ਤੇ ਸਿਰਜਨਹਾਰ ਦੇ ਪਰਸਪਰ ਸੰਬੰਧਾਂ ਤੇ ਸਿਰਜਨਾ ਦੇ ਵਿਭਿੰਨ ਅੰਗਾਂ ਦੇ ਅੰਤਰ-ਸੰਬੰਧਾਂ ਨੂੰ ਸਹੀ ਰੂਪ ਵਿਚ ਪਛਾਣਦੇ ਹੋਏ ਸਦਗੁਣ ਧਾਰਨ ਕਰ ਕੇ ਸਿਰਜਨਹਾਰ ਦੇ ਗੁਣ ਗਾਇਣ ਦੇ ਰਾਹ ਪਾਉਂਦੀ ਹੈ। ਪਰੰਪਰਾ ਵਿਚ ਪ੍ਰਾਪਤ ‘ਅੰਜੁਲੀ’ ਦਾ ਸਰੋਕਾਰ ਵਿੱਛੜੇ ਜੀਵ/ਪਿਤਰ/ਦੇਵਤਾ ਦੀ ਪ੍ਰਸੰਨਤਾ/ਸੁਖ ਆਰਾਮ ਨਾਲ ਹੈ। ਗੁਰੂ ਸਾਹਿਬ ਦੁਆਰਾ ਰਚਿਤ ‘ਅੰਜੁਲੀ’ ਦਾ ਕੇਂਦਰ-ਬਿੰਦੂ ਸਿਰਜਨਹਾਰ ਦੇ ਹੁਕਮ ਵਿਚ ਚੱਲ ਰਹੀ ਸਿਰਜਨਾ ਹੈ। ਸਿਰਜਨਹਾਰ ਦੀ ਖੇਡ, ਉਸ ਦੇ ਹੁਕਮ, ਮਿਹਰ, ਗੁਣ ਗਾਇਣ, ਸਦਗੁਣਾਂ ਦਾ ਗ੍ਰਹਿਣ, ਦੁਸ਼ਕਰਮਾਂ ਦਾ ਤਿਆਗ, ਸਿਦਕ ਸਬੂਰੀ ਵਾਲਾ ਜੀਵਨ ਇਸ ਦੇ ਸਰੋਕਾਰ ਹਨ। ਤਿਲ ਪਾਣੀ ਦੇ ਦਾਨ ਵਾਲੀ ਅੰਜੁਲੀ ਦੀ ਥਾਂ ਇਹ ਨਾਮ-ਦਾਨ ਦ੍ਰਿੜ੍ਹ ਕਰਵਾਉਂਦੀ ਹੈ।

ਤੱਤੇ ਤੇ ਮਿੱਠੇ ਦੀ ਸਹਿਹੋਂਦ ਹੈ ਸਿਰਜਨਹਾਰ ਦੀ ਇਸ ਸਿਰਜਨਾ ਵਿਚ। ਤੱਤੇ ਪ੍ਰਤੀ ਮਿੱਠੇ ਦੀ ਨਫ਼ਰਤ ਜਾਂ ਮਿੱਠੇ ਦਾ ਆਪਣੀ ਅੱਛਾਈ ਦਾ ਹੰਕਾਰ ਇਸ ਪ੍ਰਬੰਧ ਵਿਚ ਸਵੀਕ੍ਰਿਤ ਨਹੀਂ। ਤੱਤੇ ਦਾ ਆਪਸੀ ਦੁਸ਼ਟਤਾ ਕਾਰਨ ਖੋਹ ਖਿੰਜ, ਜ਼ੋਰ, ਜ਼ੁਲਮ ਜ਼ਬਰਦਸਤੀ ਵੀ ਪ੍ਰਵਾਨ ਨਹੀਂ। ਦੋਵੇਂ ਇਕ ਨਿਸ਼ਚਿਤ ਪ੍ਰਬੰਧ ਵਿਚ ਜੀਵਨ-ਖੇਡ ਨੂੰ ਪੁੱਗਣ ਲਈ ਖੇਡ ਰਹੇ ਹਨ। ਅਕਾਲ ਪੁਰਖ ਦੁਆਰਾ ਰਚਾਈ ਇਸ ਖੇਡ ਦੀਆਂ ਅੰਤਿਮ ਸੀਮਾਵਾਂ ਵੀ ਉਸ ਵੱਲੋਂ ਨਿਸ਼ਚਿਤ ਹਨ, ਪਰੰਤੂ ਇਨ੍ਹਾਂ ਦੇ ਅੰਦਰ ਜੀਵ ਆਪਣੀ ਖੇਡ ਚੰਗੇ/ਮਾੜੇ ਆਪਣੇ ਹੀ ਤਰੀਕੇ ਨਾਲ ਖੇਡਣ ਲਈ ਸੁਤੰਤਰ ਹੈ।

ਵਿਚਾਰ ਅਧੀਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇੱਕੋ ਵੱਡੀ ਸੰਰਚਨਾ ਦਾ ਅੰਗ ਹੈ ਜਿਸ ਨੂੰ ਇਕ ਹਾਈਪਰ ਸਾਈਨ ਜਾਂ ਮਹਾਂਚਿਹਨ ਵਜੋਂ ਪਛਾਣਨਾ ਸੰਭਵ ਹੈ। ਇਸ ਪਾਵਨ ਬਾਣੀ ਦੇ ਹਰ ਚਿਹਨਕ, ਹਰ ਤੱਤ ਦੇ ਅਰਥ ਇਸ ਬਾਣੀ ਦੇ ਅੰਦਰ ਆਪਣੀ ਮੌਲਿਕ ਪਛਾਣ ਰੱਖਦੇ ਹਨ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Kuldeep Singh Dhir
ਸਾਬਕਾ ਪ੍ਰੋਫੈਸਰ ਤੇ ਡੀਨ ਅਕਾਦਮਿਕ ਮਾਮਲੇ -ਵਿਖੇ: ਪੰਜਾਬੀ ਯੂਨੀਵਰਸਿਟੀ, ਪਟਿਆਲਾ

ਕੁਲਦੀਪ ਸਿੰਘ ਧੀਰ (15 ਨਵੰਬਰ 1943 - 16 ਨਵੰਬਰ 2020) ਇੱਕ ਪੰਜਾਬੀ ਵਿਦਵਾਨ ਅਤੇ ਵਾਰਤਕ ਲੇਖਕ ਸੀ। ਡਾ. ਕੁਲਦੀਪ ਸਿੰਘ ਧੀਰ ਨੇ ਸਾਹਿਤ ਜਗਤ, ਸਿੱਖ ਧਰਮ ਅਤੇ ਗਿਆਨ ਵਿਗਿਆਨ ਵਿਚ ਵਡਮੁੱਲਾ ਯੋਗਦਾਨ ਪਾਇਆ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਡੀਨ ਅਕਾਦਮਿਕ ਤੇ ਪੰਜਾਬੀ ਵਿਭਾਗ ਮੁਖੀ ਰਹੇ ਡਾ. ਕੁਲਦੀਪ ਸਿੰਘ ਧੀਰ ਨੇ ਲੇਖਕਾਂ ਦਾ ਰੇਖਾ ਚਿੱਤਰ ਲਿਖਣ ਦੇ ਨਾਲ ਹੋਰ ਕਈ ਕਿਤਾਬਾਂ ਸਾਹਿਤ ਜਗਤ ਦੀ ਝੋਲੀ ਪਾਈਆਂ।
ਕਿਤਾਬਾਂ-
ਸਾਹਿਤ ਅਧਿਐਨ: ਪਾਠਕ ਦੀ ਅਨੁਕ੍ਰਿਆ, ਵੈਲਵਿਸ਼ ਪਬਲਿਸ਼ਰਜ਼,. ਦਿੱਲੀ, 1996.
ਨਵੀਆਂ ਧਰਤੀਆਂ ਨਵੇਂ ਆਕਾਸ਼ (1996)
ਵਿਗਿਆਨ ਦੇ ਅੰਗ ਸੰਗ (2013)[2]
ਸਿੱਖ ਰਾਜ ਦੇ ਵੀਰ ਨਾਇਕ
ਦਰਿਆਵਾਂ ਦੀ ਦੋਸਤੀ
ਵਿਗਿਆਨ ਦੀ ਦੁਨੀਆਂ
ਗੁਰਬਾਣੀ
ਜੋਤ ਅਤੇ ਜੁਗਤ
ਗਿਆਨ ਸਰੋਵਰ
ਕੰਪਿਊਟਰ
ਕਹਾਣੀ ਐਟਮ ਬੰਬ ਦੀ
ਜਹਾਜ਼ ਰਾਕਟ ਅਤੇ ਉਪਗ੍ਰਹਿ
ਤਾਰਿਆ ਵੇ ਤੇਰੀ ਲੋਅ
ਧਰਤ ਅੰਬਰ ਦੀਆਂ ਬਾਤਾਂ[3]
ਬਿੱਗ ਬੈਂਗ ਤੋਂ ਬਿੱਗ ਕਰੰਚ (੨੦੧੨)
ਹਿਗਸ ਬੋਸਨ ਉਰਫ ਗਾਡ ਪਾਰਟੀਕਲ (੨੦੧੩)

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)