editor@sikharchives.org

ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਾਜੇ ਖਾਲਸੇ ਪੰਥ ਵਿਚ ਬਾਬਾ ਬੰਦਾ ਸਿੰਘ ਬਹਾਦਰ ਇਕ ਅਜਿਹਾ ਅਨਮੋਲ ਹੀਰਾ ਹੈ ਜਿਸ ਨੇ ਸਿੱਖ ਪੰਥ ਲਈ ਆਪਣੀ ਸ਼ਹਾਦਤ ਦੇ ਦਿੱਤੀ, ਪਰ ਜ਼ਾਲਮ ਹਕੂਮਤ ਦੀ ਈਨ ਨਾ ਮੰਨੀ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਾਜੇ ਖਾਲਸੇ ਪੰਥ ਵਿਚ ਬਾਬਾ ਬੰਦਾ ਸਿੰਘ ਬਹਾਦਰ ਇਕ ਅਜਿਹਾ ਅਨਮੋਲ ਹੀਰਾ ਹੈ ਜਿਸ ਨੇ ਸਿੱਖ ਪੰਥ ਲਈ ਆਪਣੀ ਸ਼ਹਾਦਤ ਦੇ ਦਿੱਤੀ, ਪਰ ਜ਼ਾਲਮ ਹਕੂਮਤ ਦੀ ਈਨ ਨਾ ਮੰਨੀ। ਖਾਲਸਾ ਜਥੇਬੰਦੀ ਵਿਚ ਸ਼ਾਮਲ ਹੋ ਕੇ ਇਸ ਜਰਨੈਲ ਨੇ ਕਹਿੰਦੇ-ਕਹਾਉਂਦੇ ਮੁਗ਼ਲ ਜਾਬਰਾਂ ਦੇ ਮੂੰਹ ਮੋੜ ਦਿੱਤੇ ਅਤੇ ਆਪਣੇ ਅੰਤਿਮ ਸਮੇਂ ਤਕ ਉਨ੍ਹਾਂ ਕਦਰਾਂ-ਕੀਮਤਾਂ ਦੀ ਬਹਾਲੀ ਲਈ ਜੱਦੋ-ਜਹਿਦ ਕਰਦਾ ਰਿਹਾ ਜਿਨ੍ਹਾਂ ਦੀ ਰਾਖੀ ਵਾਸਤੇ ਗੁਰੂ ਜੀ ਨੇ ਉਸ ਨੂੰ ਥਾਪੜਾ ਦਿੱਤਾ ਸੀ। ਦੱਖਣ ਤੋਂ ਚੱਲ ਕੇ ਪੰਜਾਬ ਵਿਚ ਆਏ ਇਸ ਜਰਨੈਲ ਨੂੰ ਸਿੱਖ ਇਤਿਹਾਸ ਵਿਚ ਇਕ ਯੋਧੇ ਦੇ ਤੌਰ ’ਤੇ ਜਾਣਿਆ ਜਾਂਦਾ ਹੈ ਜਿਸ ਦੇ ਆਉਣ ’ਤੇ ਇਸ ਧਰਤੀ ਦੇ ਆਮ ਲੋਕਾਂ ਨੂੰ ਸੁਖ ਅਤੇ ਸ਼ਾਂਤੀ ਦਾ ਜੀਵਨ ਜੀਉਣਾ ਨਸੀਬ ਹੋਇਆ ਸੀ।

ਗੁਰੂ ਸਾਹਿਬ ਤੋਂ ‘ਖੰਡੇ ਦੀ ਪਾਹੁਲ’ ਪ੍ਰਾਪਤ ਕਰਨ ਤੋਂ ਬਾਅਦ ਉਹ ਖਾਲਸਾ ਜਥੇਬੰਦੀ ਦਾ ਅੰਗ ਬਣ ਗਿਆ। ਇਸ ਘਟਨਾ ’ਤੇ ਟਿੱਪਣੀ ਕਰਦੇ ਹੋਏ ਭਾਈ ਸ੍ਵਰੂਪ ਸਿੰਘ ਹੋਰਾਂ ਨੇ ਲਿਖਿਆ ਹੈ ਕਿ “ਸਤਿਗੁਰਾਂ ਅਪਨੇ ਦਸਤ ਮੁਬਾਰਕ ਸੇ ਕੰਘਾ, ਕਰਦ, ਕੜਾ ਤੇ ਕੱਛਾ ਪਹਿਨਾਏ। ਸਿਰ ਤੇ ਛੋਟੀ ਦਸਤਾਰ-ਕੇਸਕੀ ਸਜਾ ਬੈਰਾਗੀ ਸੇ ਸਿੰਘ ਰੂਪ ਮੈਂ ਲੈ ਆਂਦਾ। ਮਾਧੋਦਾਸ ਢਾਲਾ, ਸ੍ਰੀ ਸਾਹਿਬ ਗਾਤਰੇ ਸਜਾ ਨੇਜਾ ਪਕਰ ਗੁਰੂ ਜੀ ਸੇ ਨਮਸਕਾਰ ਕਰ ਕੇ ਸਾਮ੍ਹੇਂ ਖਲਾ ਹੋਇ ਗਿਆ। ਸਤਿਗੁਰਾਂ ਇਸੇ ਭਾਈ ਦਯਾ ਸਿੰਘ ਆਦਿ ਸਿੱਖਾਂ ਕੋ ਗੈਲ ਲੈ ਅਪਨੇ ਪਾਵਨ ਹਾਥੋਂ ਸੇ ਖੰਡੇ ਕੀ ਪਾਹੁਲ ਦੇ ਕੇ ਬੈਰਾਗੀ ਸੇ ਸਿੰਘ ਸਜਾ ਦਿੱਤਾ। ਸ੍ਰੀ ਮੁਖ ਥੀਂ ਮਾਧੋਦਾਸ ਸੇ ਬੰਦਾ ਸਿੰਘ ਨਾਮ ਰਾਖਾ, ਸਿੰਘਾਂ ਸਤਿ ਸ੍ਰੀ ਅਕਾਲ ਕੇ ਜੈਕਾਰਿਆਂ ਸੇ ਅਸਮਾਨ ਗੁੰਜਾ ਦਿੱਤਾ।” 1 ਇਥੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਪੰਥਕ ਜੀਵਨ ਅਰੰਭ ਹੁੰਦਾ ਹੈ ਜਿਸ ਨਾਲ ਦੁਨੀਆਂ ਦੇ ਇਤਿਹਾਸ ਵਿਚ ਪ੍ਰਮੁੱਖ ਸਿੱਖ ਦੇ ਤੌਰ ’ਤੇ ਉਜਾਗਰ ਹੋ ਕੇ ਸਾਹਮਣੇ ਆਇਆ। ਗੁਰੂ ਜੀ ਨੇ ਉਸ ਨੂੰ ਸੰਤ ਦੇ ਨਾਲ-ਨਾਲ ਸਿਪਾਹੀ ਬਣਨ ਦੀ ਪ੍ਰੇਰਨਾ ਦੇ ਕੇ ਉਸ ਅੰਦਰ ਬੀਰ ਰਸੀ ਰੁਚੀਆਂ ਅਤੇ ਪ੍ਰਵ੍ਰਿਤੀਆਂ ਨੂੰ ਉਜਾਗਰ ਕਰਦੇ ਹੋਏ ਉਸ ਨੂੰ ਤੀਰ ਕਮਾਨ ਫੜਾਇਆ ਅਤੇ ਹਮੇਸ਼ਾਂ ਨੈਤਿਕ, ਸਮਾਜਿਕ, ਰਾਜਨੀਤਿਕ ਕਦਰਾਂ-ਕੀਮਤਾਂ ਲਈ ਜੂਝਣ ਦਾ ਆਸ਼ੀਰਵਾਦ ਦਿੱਤਾ। ਗਿਆਨੀ ਸੋਹਣ ਸਿੰਘ ਸੀਤਲ ਦੱਸਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਧੋਦਾਸ ਨੂੰ ਬੈਰਾਗੀ ਤੋਂ ਖਾਲਸਾ ਬਣਾਉਂਦੇ ਹੋਏ ਅਨੇਕਾਂ ਵਰਦਾਨਾਂ ਨਾਲ ਉਸ ਨੂੰ ਸਰਸ਼ਾਰ ਕਰ ਦਿੱਤਾ। ਗਿਆਨੀ ਸੋਹਣ ਸਿੰਘ ਸੀਤਲ ਦੇ ਸ਼ਬਦਾਂ ਵਿਚ, “ਟੁੱਟੀ ਹੋਈ ਕਮਾਨ ਦੀ ਥਾਂ ਤੈਨੂੰ ਨਾ ਟੁੱਟਣ ਵਾਲੀ ਕਮਾਨ ਦੇਂਦੇ ਹਾਂ। ਟੁੱਟੀਆਂ ਹੋਈਆਂ ਕਾਨੀਆਂ ਦੀ ਥਾਂ ਜ਼ਾਲਮਾਂ ਦਾ ਜ਼ੁਲਮ ਤੋੜਨ ਵਾਲੇ ਤੀਰ ਬਖਸ਼ਦੇ ਹਾਂ। ਪਹਿਲਾਂ ਤੂੰ ਨਿਰਬਲ ਜੀਵਾਂ ਦਾ ਸ਼ਿਕਾਰ ਕਰਦਾ ਸੈਂ, ਹੁਣ ਅਤਿਆਚਾਰੀ ਜ਼ਾਲਮਾਂ ਦਾ ਸ਼ਿਕਾਰ ਕਰ। ਅੱਜ ਤੋਂ ਤੈਨੂੰ ਗਰੀਬਾਂ ਦਾ ਸਹਾਈ ‘ਖਾਲਸਾ’ ਬਣਾਉਂਦੇ ਹਾਂ।” 2 ਖਾਲਸਾ ਸਜਾਉਣ ਉਪਰੰਤ ਗੁਰੂ ਜੀ ਨੇ ਪੰਜ ਪ੍ਰਮੁੱਖ ਸਿੰਘ ਦੇ ਕੇ ਉਸ ਨੂੰ ਪੰਜਾਬ ਵੱਲ ਤੋਰਿਆ ਤਾਂ ਜੋ ਜ਼ੁਲਮ ਦੀ ਹਕੂਮਤ ਨੂੰ ਠੱਲ੍ਹ ਪਾਈ ਜਾ ਸਕੇ। ਇਸ ਦਾ ਵਿਸਤਾਰ ਵਰਣਨ ਕਰਦੇ ਹੋਏ ਡਾ. ਗੰਡਾ ਸਿੰਘ ਦੱਸਦੇ ਹਨ ਕਿ “ਪੰਜਾਬ ਨੂੰ ਤੋਰਨ ਤੋਂ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਨੂੰ ਆਪਣੇ ਪਾਸ ਬੁਲਾ ਕੇ ‘ਬਹਾਦਰੀ’ ਦਾ ਥਾਪੜਾ ਦਿੱਤਾ, ਪੰਜ ਤੀਰ ਆਪਣੇ ਭੱਥੇ ਵਿਚੋਂ ਬਖਸ਼ੇ ਅਤੇ ਉਸ ਦੀ ਸਹਾਇਤਾ ਲਈ ਭਾਈ ਬਿਨੋਦ ਸਿੰਘ, ਭਾਈ ਕਾਹਨ ਸਿੰਘ, ਭਾਈ ਬਾਜ ਸਿੰਘ, ਭਾਈ ਦਇਆ ਸਿੰਘ ਅਤੇ ਭਾਈ ਰਣ ਸਿੰਘ ਪੰਜ ਪਿਆਰੇ ਥਾਪੇ ਅਤੇ ਵੀਹ ਕੁ ਹੋਰ ਸੂਰਬੀਰ ਸਿੰਘ ਨਾਲ ਦਿੱਤੇ। ਇਕ ਨਿਸ਼ਾਨ ਸਾਹਿਬ ਅਤੇ ਨਗਾਰਾ ਭੀ ਬਖਸ਼ਿਆ ਜੋ ਉਸ ਦੀ ਸੰਸਾਰਕ ਸੱਤਾ ਦੀਆਂ ਬਾਹਰਮੁਖੀ ਨਿਸ਼ਾਨੀਆਂ ਸਨ।” 3

ਗੁਰੂ ਜੀ ਦੀਆਂ ਨਿਸ਼ਾਨੀਆਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਵੱਲ ਵਧਿਆ ਅਤੇ ਆਮ ਲੋਕਾਂ ਵਿਚ ਇਕ ਦ੍ਰਿੜ੍ਹ ਅਤੇ ਵਿਸ਼ਵਾਸੀ ਸਿੱਖ ਵਜੋਂ ਉਸ ਸਮੇਂ ਉਜਾਗਰ ਹੋਇਆ ਜਦੋਂ ਉਸ ਨੇ ਗੁਰਮਤਿ ਸਿਧਾਂਤਾਂ ਅਨੁਸਾਰ ਜਨ-ਕਲਿਆਣ ਅਤੇ ਦੱਬੇ-ਕੁਚਲੇ ਲੋਕਾਂ ਦੀ ਰਾਖੀ ਦਾ ਕਾਰਜ ਅਰੰਭਿਆ। ਮੁੱਢਲੇ ਤੌਰ ’ਤੇ ਪੰਜਾਬ ਪਹੁੰਚਣ ਸਮੇਂ ਉਸ ਨੇ ਜੋ ਪ੍ਰਾਪਤੀਆਂ ਕੀਤੀਆਂ ਉਨ੍ਹਾਂ ਦਾ ਜ਼ਿਕਰ ਕਰਦੇ ਹੋਏ ਭਾਈ ਰਤਨ ਸਿੰਘ (ਭੰਗੂ) ਦੱਸਦੇ ਹਨ:

ਜੇਕਰ ਕੋਈ ਦੁਖੀਆ ਆਵੈ ਕਰ ਅਰਦਾਸ ਤਿਸ ਦੂਖ ਮਿਟਾਵੈ।
ਵਾਹਿਗੁਰੂ ਕਾ ਜਾਪ ਜਪਾਵੈ ਜੋ ਮਾਂਗੈ ਤਿਸ ਸੋਊ ਦਿਵਾਵੈ॥
ਐਸੀ ਜਗ ਮੈਂ ਪਰ ਗਈ ਧਾਂਕ ਆਇ ਮਿਲੈਂ ਰਾਣਾ ਔ ਰਾਂਕ।
ਦੂਰਹਿ ਤੇ ਜੋ ਨਿੰਦਤ ਆਵੈ ਹੁਇ ਨੇੜੈ ਵਹੁ ਚਰਨੀ ਪਾਵੈ॥
ਜਹਿ ਬੰਦਾ ਆਇ ਡੇਰਾ ਕਰੇ ਕਾਢ ਮੋਹਰ ਸੋ ਤਹਿਂ ਬਹੁ ਧਰੈ।
ਦੀਵੈ ਪਾਵੈ ਤੇਲੀ ਤੇਲ ਇਕ ਮੋਹਰ ਤਿਹ ਦੇਵੈ ਮੇਲ॥
ਠੂਠੀ ਭਾਂਡਾ ਲਯਾਵੈ ਘੁਮਯਾਰ ਦੇਵੈ ਮੋਹਰ ਕਢ ਖੀਸਯੋਂ ਡਾਰ।
ਲਕੜੀ ਚੂਹੜੋ ਲਯਾਵੈ ਜੋਈ ਮੋਹਰ ਖੀਸਯੋਂ ਦੇਵੈ ਓਈ॥ 4

ਇਸ ਤਰ੍ਹਾਂ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਲੋਕਾਂ ਦੀ ਹਮਦਰਦੀ ਅਤੇ ਸਹਿਯੋਗ ਪ੍ਰਾਪਤ ਕਰ ਰਿਹਾ ਸੀ। ਗੁਰੂ ਜੀ ਦੇ ਆਦੇਸ਼ਾਂ ਦਾ ਪਾਲਣ ਕਰਨ ਲਈ ਜਿਉਂ-ਜਿਉਂ ਪੰਜਾਬ ਵੱਲ ਵਧ ਰਿਹਾ ਸੀ, ਉਸ ਦੇ ਟੋਲੇ ਵਿਚ ਹੋਰ ਸਿੱਖ ਜਥੇ ਸ਼ਾਮਲ ਹੁੰਦੇ ਜਾ ਰਹੇ ਸਨ। ਬਹੁਤ ਸਾਰੇ ਉਹ ਲੋਕ ਵੀ ਬਾਬਾ ਬੰਦਾ ਸਿੰਘ ਬਹਾਦਰ ਨਾਲ ਆ ਗਏ ਜੋ ਜਾਂ ਤਾਂ ਸਮੇਂ ਦੀ ਹਕੂਮਤ ਦੇ ਸਤਾਏ ਹੋਏ ਸਨ ਜਾਂ ਲੁੱਟਮਾਰ ਦੀ ਨੀਅਤ ਰੱਖਦੇ ਸਨ। ਲੁੱਟਮਾਰ ਦੀ ਨੀਅਤ ਰੱਖਣ ਵਾਲੇ ਬਹੁਤਾ ਸਮਾਂ ਬਾਬਾ ਜੀ ਦੇ ਨਾਲ ਨਾ ਰਹਿ ਸਕੇ। ਬਾਬਾ ਜੀ ਨੇ ਤਾਂ ਪਿੰਡਾਂ ਵਿਚੋਂ ਚੋਰਾਂ ਡਾਕੂਆਂ ਦੀਆਂ ਟੋਲੀਆਂ ਦੇ ਹਮਲਿਆਂ ਨੂੰ ਰੋਕ ਕੇ ਉਨ੍ਹਾਂ ਨੂੰ ਯਥਾ ਜੋਗ ਸਜ਼ਾਵਾਂ ਵੀ ਦਿੱਤੀਆਂ। ਭਾਈ ਰਤਨ ਸਿੰਘ (ਭੰਗੂ) ਦੱਸਦੇ ਹਨ:

ਤੌ ਲੌ ਧਾੜ ਪਿੰਡ ਆਇ ਵੜੀ, ਬੰਦੈ ਵਲ ਸਭ ਦੇਖੈ ਖੜੀ।
ਉਠ ਬੰਦੇ ਕਹੀ ਮਾਰੋ ਧਾੜ, ਮਾਰਨ ਆਏ ਤਿਨੈ ਲਯੋ ਮਾਰ।
ਯੌ ਸੁਨਿ ਸਿੰਘਨ ਹੱਲਾ ਕੀਯੋ, ਪਕੜ ਸ੍ਰਦਾਰ ਧਾੜ ਕੋ ਲੀਯੋ॥
ਔ ਜੋ ਉਸੈ ਛੁਡਾਵਨ ਆਵੈ, ਸੋਊ ਉੂਹਾਂ ਆਪ ਫਸ ਜਾਵੈ।
ਓਇ ਮਾਰੈਂ ਸੇਲੇ ਤਲਵਾਰ, ਢੀਮਨ ਸੰਗ ਸਿੰਘ ਲੇਵੈਂ ਮਾਰ॥ 5

ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਨਾਲ ਲੋਕਾਂ ਦੇ ਮਨਾਂ ਵਿਚ ਉਤਸ਼ਾਹ ਪੈਦਾ ਹੋ ਰਿਹਾ ਸੀ ਅਤੇ ਉਹ ਮੁਗਲਾਂ ਦੇ ਡਰ-ਭੈਅ ਤੋਂ ਮੁਕਤ ਹੋ ਕੇ ਉਸ ਦਾ ਸਾਥ ਦੇਣ ਲੱਗੇ ਸਨ। ਉਸ ਨੇ ਵੀ ਆਮ ਲੋਕਾਂ ਦੀ ਰੱਖਿਆ ਕਰਕੇ ਉਨ੍ਹਾਂ ਅੰਦਰ ਇਹ ਆਤਮ-ਵਿਸ਼ਵਾਸ ਉਜਾਗਰ ਕਰ ਦਿੱਤਾ ਕਿ ਮੁਗਲ ਅਜਿੱਤ ਨਹੀਂ ਹਨ। ਕਈ ਜ਼ਾਲਮ ਹਾਕਮਾਂ ਨੂੰ ਕਰਾਰੀ ਹਾਰ ਦੇ ਕੇ ਬਾਬਾ ਜੀ ਨੇ ਮਾਸੂਮ ਜਨਤਾ ਨੂੰ ਉਨ੍ਹਾਂ ਦੇ ਖੂਨੀ ਪੰਜੇ ਵਿੱਚੋਂ ਆਜ਼ਾਦ ਕਰਵਾਇਆ ਸੀ। ਸ੍ਰੀ ਗੋਕਲ ਚੰਦ ਨਾਰੰਗ ਅਨੁਸਾਰ ਉਸ ਦੀ ਸ਼ਖਸੀਅਤ ਗ਼ੈਰ-ਮੁਸਲਿਮ ਲੋਕਾਂ ਵਿਚ ਇਸ ਤਰ੍ਹਾਂ ਪ੍ਰਚਾਰੀ ਜਾ ਰਹੀ ਸੀ ਕਿ ਜਿਵੇਂ

“ਹਿੰਦੂ ਉਸ ਨੂੰ ਮੁਸਲਮਾਨਾਂ ਨੂੰ ਉਨ੍ਹਾਂ ਦੇ ਗੁਨਾਹਾਂ ਦੀ ਸਜ਼ਾ ਦੇਣ ਵਾਸਤੇ ਪਰਮਾਤਮਾ ਵੱਲੋਂ ਭੇਜਿਆ ਅਵਤਾਰ ਸਮਝਣ ਲੱਗ ਗਏ। ਦੁਖੀ ਹਿੰਦੂ ਉਸ ਕੋਲ ਸਹਾਇਤਾ ਲਈ ਗਏ ਜਿਹੜੀ ਇੱਛਾ ਪੂਰਵਕ ਅਤੇ ਸਫਲਤਾ ਨਾਲ ਦਿੱਤੀ ਗਈ। ਇਸ ਤੱਥ ਨੇ ਸਿੱਖ ਸੱਤਾ ਦੇ ਵਾਧੇ ਵਿਚ ਭਾਰੀ ਹਿੱਸਾ ਪਾਇਆ। ਭਰਾਵਾਂ ਦੇ ਕਾਤਲਾਂ ’ਤੇ ਕੋਈ ਰਹਿਮ ਨਾ ਕੀਤਾ ਗਿਆ ਅਤੇ ਇਹ ਸਾਰੀ ਹਿੰਦੂ ਜਾਤੀ ਦੀ ਹਮਦਰਦੀ ਜਿੱਤਣ ਲਈ ਕਾਫੀ ਸੀ।” 6

ਬਾਬਾ ਬੰਦਾ ਸਿੰਘ ਬਹਾਦਰ ਦੁਆਰਾ ਜ਼ਾਲਮਾਂ ਨੂੰ ਸੋਧਣ ਦੇ ਕੀਤੇ ਕਾਰਨਾਮੇ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਆਮ ਲੋਕਾਂ ਵਿਚ ਸਤਿਕਾਰਦੇ ਹਨ ਕਿਉਂਕਿ ਉਨ੍ਹਾਂ ਨੇ ਸਮੇਂ ਦੀ ਮਜ਼ਬੂਤ ਮੁਗ਼ਲ ਹਕੂਮਤ ਨਾਲ ਟੱਕਰ ਲੈ ਕੇ ਜ਼ੁਲਮ ਦਾ ਸ਼ਿਕਾਰ ਹੋ ਰਹੀ ਗ਼ੈਰ-ਮੁਸਲਿਮ ਜਨਤਾ ਨੂੰ ਭਾਰੀ ਰਾਹਤ ਦਿਵਾਈ ਸੀ। ਉਨ੍ਹਾਂ ਨੇ ਸਮਾਜ ਸੁਧਾਰ ਦੇ ਕੰਮ ਅਰੰਭੇ ਅਤੇ ਉਨ੍ਹਾਂ ਨੂੰ ਗੁਰਮਤਿ ਦੀ ਵਿਚਾਰਧਾਰਾ ਦੇ ਅਨੁਕੂਲ ਲਾਗੂ ਕਰਵਾਇਆ। ਸਮਾਜ ਸੁਧਾਰ ਦੇ ਕਾਰਜ ਕਰਦੇ ਸਮੇਂ ਉਨ੍ਹਾਂ ਦੁਆਰਾ ਕੀਤੇ ਗਏ ਕੁਝ ਪ੍ਰਮੁੱਖ ਯੁੱਧਾਂ ਦਾ ਇਥੇ ਸੰਖੇਪ ਵਰਣਨ ਕੀਤਾ ਜਾ ਰਿਹਾ ਹੈ।

ਸਮਾਣੇ ਦੀ ਜਿੱਤ

ਬਾਬਾ ਬੰਦਾ ਸਿੰਘ ਬਹਾਦਰ ਦਾ ਪ੍ਰਮੁੱਖ ਨਿਸ਼ਾਨਾ ਸਰਹਿੰਦ ਸੀ ਜਿਥੇ ਦੇ ਹਾਕਮ ਵਜ਼ੀਰ ਖ਼ਾਂ ਨੇ ਸਭ ਤੋਂ ਵਧੇਰੇ ਜ਼ੁਲਮ ਕਮਾਇਆ ਸੀ। ਸਰਹਿੰਦ ਲਾਹੌਰ ਅਤੇ ਦਿੱਲੀ ਦੇ ਵਿਚਕਾਰ ਮੁਗਲਾਂ ਦੀ ਸ਼ਕਤੀ ਦਾ ਇਕ ਵੱਡਾ ਕੇਂਦਰ ਸੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਉਸ ’ਤੇ ਹੱਥ ਪਾਉਣ ਤੋਂ ਪਹਿਲਾਂ ਇਕ ਤਾਂ ਉਸ ਦੀ ਆਲੇ-ਦੁਆਲੇ ਫੈਲੀ ਸ਼ਕਤੀ ਨੂੰ ਖਤਮ ਕਰਨਾ ਚਾਹੁੰਦਾ ਸੀ ਅਤੇ ਦੂਜਾ, ਉਦੋਂ ਤਕ ਮਾਝੇ ਅਤੇ ਦੁਆਬੇ ਤੋਂ ਸੱਦਾ ਭੇਜ ਕੇ ਬੁਲਾਏ ਸਿੱਖ ਜਥਿਆਂ ਦੇ ਆ ਰਲਣ ਲਈ ਸਮਾਂ ਮਿਲ ਜਾਣਾ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਕੁਝ ਛੋਟੇ-ਛੋਟੇ ਇਲਾਕੇ ਜਿੱਤਣ ਤੋਂ ਬਾਅਦ ਸਮਾਣਾ ’ਤੇ ਹਮਲਾ ਕਰ ਦਿੱਤਾ। ਸਮਾਣੇ ’ਤੇ ਹਮਲਾ ਕਰਨ ਦਾ ਕਾਰਨ ਦੱਸਦੇ ਹੋਏ ਡਾ. ਗੰਡਾ ਸਿੰਘ ਕਹਿੰਦੇ ਹਨ ਕਿ, “ਗੁਰੂ ਤੇਗ਼ ਬਹਾਦਰ ਨੂੰ ਦਿੱਲੀ ਵਿਚ ਸ਼ਹੀਦ ਕਰਨ ਵਾਲਾ ਸੱਯਦ ਜਲਾਲੁਦੀਨ ਸਮਾਣੇ ਦਾ ਰਹਿਣ ਵਾਲਾ ਸੀ ਅਤੇ ਸਰਹੰਦ ਵਿਚ ਸਾਹਿਬਜ਼ਾਦਿਆਂ ਨੂੰ ਜ਼ਿਬਹ ਕਰਨ ਅਰਥਾਤ ਕੋਹ-ਕੋਹ ਕੇ ਮਾਰਨ ਵਾਲੇ ਜੱਲਾਦ ਸ਼ਾਸ਼ਲ ਬੇਗ ਅਤੇ ਬਾਸ਼ਲ ਬੇਗ ਭੀ ਸਮਾਣੀਏ ਹੀ ਸਨ। ਇਸਲਾਮ ਕਬੂਲਣ ਤੋਂ ਨਾਂਹ ਕਰਨ ਵਾਲਿਆਂ ਦਾ ਕਤਲ ਚੂੰਕਿ ਇਸਲਾਮ ਦੀ ਇਕ ਧਾਰਮਕ ਖ਼ਿਦਮਤ ਸਮਝੀ ਜਾਂਦੀ ਹੈ, ਇਸ ਲਈ ਇਸ ਸੇਵਾ ਦੇ ਮਾਨ ਦੇ ਹੱਕਦਾਰ ਸੱਯਦਾਂ ਨੂੰ ਹੀ ਸਮਝਿਆ ਜਾਂਦਾ ਸੀ। ਇਸੇ ਕਰਕੇ ਹੀ ਧਾਰਮਕ ਜੱਲਾਦ ਸੱਯਦ ਹੁੰਦੇ ਸਨ। ਸਮਾਣਾ ਇਸ ਇਲਾਕੇ ਦਾ ਬੜਾ ਧਨਾਢ ਸ਼ਹਿਰ ਸੀ ਅਤੇ ਖਿਆਲ ਕੀਤਾ ਜਾਂਦਾ ਸੀ ਕਿ ਇਥੋਂ ਦੀ ਲੁੱਟ ਨਾਲ ਇਕ ਤਾਂ ਸਾਰੇ ਇਲਾਕੇ ਵਿਚ ਦਹਿਲ ਪੈ ਜਾਏਗਾ ਅਤੇ ਦੂਸਰਾ ਇਥੋਂ ਇਤਨਾ ਧਨ ਮਿਲ ਜਾਏਗਾ ਜਿਸ ਨਾਲ ਅਗਲੀਆਂ ਮੁਹਿਮਾਂ ਦੇ ਖ਼ਰਚ ਵਿਚ ਸੌਖ ਹੋ ਜਾਏਗੀ।” 7 ਸਮਾਣਾ ਧਨਾਢਾਂ ਦਾ ਸ਼ਹਿਰ ਮੰਨਿਆ ਜਾਂਦਾ ਸੀ। ਇਥੇ ਉਹ ਅਮੀਰ ਅਤੇ ਅਫਸਰ ਰਹਿੰਦੇ ਸਨ, ਜਿਨ੍ਹਾਂ ਨੂੰ ਬਾਦਸ਼ਾਹੀ ਦਰਬਾਰ ਤੋਂ ਵਿਸ਼ੇਸ਼ ਪਦਵੀਆਂ ਅਤੇ ਜਗੀਰਾਂ ਪ੍ਰਾਪਤ ਸਨ। ਸ਼ਹਿਰ ਦੀ ਸੁਰੱਖਿਆ ਅਤੇ ਤਕੜਾਈ ਦੇ ਮੱਦੇਨਜ਼ਰ ਇਨ੍ਹਾਂ ਨੂੰ ਬਿਲਕੁਲ ਵੀ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਕੋਈ ਇਨ੍ਹਾਂ ’ਤੇ ਹਮਲਾ ਕਰ ਸਕਦਾ ਹੈ। ਹੰਕਾਰ ਨੇ ਇਨ੍ਹਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਕਤੀ ਅਤੇ ਜੋਸ਼ ਦਾ ਅਨੁਮਾਨ ਲਗਾਉਣ ਤੋਂ ਰੋਕ ਲਿਆ। ਸਿੱਖਾਂ ਦੀ ਸ਼ਕਤੀ ਨੂੰ ਤੁੱਛ ਜਾਣ ਕੇ ਇਹ ਅਵੇਸਲੇ ਹੋਏ ਰਹੇ। ਇਨ੍ਹਾਂ ਨੂੰ ਉਸ ਸਮੇਂ ਪਤਾ ਲੱਗਿਆ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਲਸ਼ਕਰ ਬਿਜਲੀ ਦੀ ਤੇਜੀ ਵਾਂਗ ਇਨ੍ਹਾਂ ’ਤੇ ਆ ਧਮਕਿਆ। ਬਾਬਾ ਬੰਦਾ ਸਿੰਘ ਬਹਾਦਰ ਦਾ ਹੱਲਾ ਇੰਨਾ ਜਬਰਦਸਤ ਸੀ ਕਿ ਸ਼ਹਿਰ ਵਾਸੀਆਂ ਨੂੰ ਸੰਭਲਣ ਦਾ ਮੌਕਾ ਹੀ ਨਾ ਮਿਲਿਆ; ਜਿਸ ਨੂੰ ਜਿੱਧਰ ਰਾਹ ਲੱਭਿਆ, ਆਪਣੀ ਜਾਨ ਬਚਾਉਣ ਲਈ ਭੱਜ ਉਠਿਆ। ਬਾਬਾ ਬੰਦਾ ਸਿੰਘ ਬਹਾਦਰ ਦਾ ਸਮਾਣੇ ਤੋਂ ਅਗਲਾ ਪ੍ਰਮੁੱਖ ਨਿਸ਼ਾਨਾ ਸਰਹਿੰਦ ਸੀ ਜਿਸ ਵਿਚ ਹਿੱਸਾ ਲੈਣ ਲਈ ਹਰ ਸਿੱਖ ਉਤਾਵਲਾ ਸੀ। ਬਾਬਾ ਬੰਦਾ ਸਿੰਘ ਬਹਾਦਰ ਨੂੰ ਆਪਣੀ ਤਾਕਤ ਦਾ ਅੰਦਾਜ਼ਾ ਸੀ ਅਤੇ ਉਹ ਮਝੈਲਾਂ ਅਤੇ ਦੁਆਬੀਆਂ ਦੇ ਨਾਲ ਆ ਰਲਣ ਦਾ ਇੰਤਜ਼ਾਰ ਕਰ ਰਹੇ ਸਨ, ਜਿਨ੍ਹਾਂ ਨੂੰ ਮਲੇਰਕੋਟਲੇ ਦੀਆਂ ਫੌਜਾਂ ਨੇ ਸਤਲੁਜ ਪਾਰ ਰੋਕਿਆ ਹੋਇਆ ਸੀ। ਉਨ੍ਹਾਂ ਦੇ ਨਾਲ ਆ ਰਲਣ ਤਕ ਬਾਬਾ ਬੰਦਾ ਸਿੰਘ ਬਹਾਦਰ ਨੇ ਹੋਰਨਾਂ ਇਲਾਕਿਆਂ ਨੂੰ ਜਿੱਤਣ ਵੱਲ ਧਿਆਨ ਕੇਂਦਰਿਤ ਕੀਤਾ ਅਤੇ ਸਢੌਰਾ ਉਨ੍ਹਾਂ ਵਿੱਚੋਂ ਇਕ ਸੀ।

ਸਢੌਰੇ ਦੀ ਜਿੱਤ

ਜ਼ਾਲਮਾਂ ਨੂੰ ਸੋਧਣ ਦੇ ਨਾਲ-ਨਾਲ ਬਾਬਾ ਬੰਦਾ ਸਿੰਘ ਬਹਾਦਰ ਦੁਆਰਾ ਸਮਾਜ ਸੁਧਾਰ ਦੀ ਅਰੰਭ ਕੀਤੀ ਨੀਤੀ ਨਾਲ ਆਮ ਲੋਕਾਂ ਵਿਚ ਬਾਬਾ ਬੰਦਾ ਸਿੰਘ ਬਹਾਦਰ ਪ੍ਰਤੀ ਵਿਸ਼ਵਾਸ ਦੀ ਭਾਵਨਾ ਪ੍ਰਫੁਲਿਤ ਹੋਈ ਸੀ। ਹਰ ਆਮ ਖਾਸ ਦੇ ਮਨ ਵਿਚ ਇਹ ਭਾਵਨਾ ਕਾਇਮ ਹੋਣ ਲੱਗੀ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿਚ ਉਨ੍ਹਾਂ ਦਾ ਇਲਾਕਾ ਸੁਰੱਖਿਅਤ ਰਹਿ ਸਕਦਾ ਹੈ। ਲੋਕਾਂ ਵਿਚ ਕਾਇਮ ਹੋਈ ਇਸ ਭਾਵਨਾ ਨਾਲ ਬਾਬਾ ਜੀ ਦਾ ਮਨੋਬਲ ਹੋਰ ਵੀ ਵਧਿਆ ਅਤੇ ਉਸ ਦਾ ਆਮ ਲੋਕਾਂ ਨਾਲ ਪਿਆਰ ਭਰਪੂਰ ਰਾਬਤਾ ਕਾਇਮ ਹੋਣਾ ਸ਼ੁਰੂ ਹੋ ਗਿਆ। ਬਾਬਾ ਬੰਦਾ ਸਿੰਘ ਬਹਾਦਰ ਦੀ ਜ਼ੁਲਮ ਵਿਰੋਧੀ ਨੀਤੀ ਨੇ ਬਹੁਤ ਸਾਰੇ ਦੱਬੇ-ਕੁਚਲੇ ਅਤੇ ਗ਼ਮਗੀਨ ਹਾਲਤ ਵਿਚ ਜ਼ਿੰਦਗੀ ਬਸਰ ਕਰ ਰਹੇ ਪੀਰ ਬੁੱਧੂ ਸ਼ਾਹ ਦੇ ਚੇਲਿਆਂ ਦੇ ਜੀਵਨ ਵਿਚ ਆਸ ਦੀ ਇਕ ਕਿਰਨ ਜਗਾਈ। ਪੀਰ ਬੁੱਧੂ ਸ਼ਾਹ ਦੇ ਕਾਤਲ ਉਸਮਾਨ ਖਾਨ ਬਾਰੇ ਜਦੋਂ ਬਾਬਾ ਜੀ ਨੂੰ ਪਤਾ ਲੱਗਾ ਤਾਂ ਉਸ ਦਾ ਖੂਨ ਖੌਲ ਉਠਿਆ। ਉਥੇ ਦੇ ਹਿੰਦੂਆਂ ਦੁਆਰਾ ਵੀ ਉਸਮਾਨ ਖਾਨ ਅਤੇ ਉਸ ਦੇ ਸਾਥੀਆਂ ਖਿਲਾਫ਼ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਿਕਾਇਤ ਮਿਲੀ ਕਿ, “ਉਸਮਾਨ ਖਾਨ ਦੇ ਹੁਕਮ ਨਾਲ ਹਿੰਦੂਆਂ ਦੇ ਘਰਾਂ ਵਿਚ ਗਊਆਂ ਕਤਲ ਕੀਤੀਆਂ ਜਾਂਦੀਆਂ ਤੇ ਰੱਤ ਦੇ ਛੱਟੇ ਹਿੰਦੂਆਂ ਦੇ ਚੌਂਕਿਆਂ ਵਿਚ ਤੇ ਕਈ ਵਾਰ ਮੂੰਹਾਂ ਉਤੇ ਮਾਰੇ ਜਾਂਦੇ। ਉਨ੍ਹਾਂ ਤੋਂ ਦੂਣਾ ਚੰਦਾ ਲਿਆ ਜਾਂਦਾ, ਧਾਰਮਿਕ ਰਸਮਾਂ ਨਹੀਂ ਕਰਨ ਦਿੱਤੀਆਂ ਜਾਂਦੀਆਂ ਤੇ ਮੁਰਦੇ ਜਲਾਉਣ ਦੀ ਥਾਂ ਹੁਕਮਨ ਦਬਾਏ ਜਾਂਦੇ ਹਨ। ਏਥੇ ਹੀ ਬੱਸ ਨਹੀਂ, ਹਿੰਦੂ ਇਸਤਰੀਆਂ ਦੀ ਬਦੋ-ਬਦੀ ਬੇਇਜ਼ਤੀ ਕੀਤੀ ਜਾਂਦੀ। ਇਨ੍ਹਾਂ ਪਾਪਾਂ ਦੇ ਕਾਰਨ ਸਿੰਘਾਂ ਨੂੰ ਸਢੌਰੇ ਉਤੇ ਤੇਗ ਉਠਾਉਣੀ ਪਈ।” 8 ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਸਢੌਰੇ ’ਤੇ ਹਮਲਾ ਕੀਤਾ ਤਾਂ ਹਾਕਮਾਂ ਦੇ ਸਤਾਏ ਹੋਏ ਉਥੇ ਦੇ ਵਸਨੀਕ ਵੀ ਇਸ ਵਿਚ ਸ਼ਾਮਲ ਹੋ ਗਏ ਸਨ। ਹਾਕਮ-ਪ੍ਰਸਤਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਸਖ਼ਤ ਸਜ਼ਾਵਾਂ ਦਿੱਤੀਆਂ ਸਨ ਜਿਸ ਨਾਲ ਆਮ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਸੀ ਅਤੇ ਉਨ੍ਹਾਂ ਦੇ ਮਨ ਵਿਚ ਬਾਬਾ ਬੰਦਾ ਸਿੰਘ ਬਹਾਦਰ ਦਾ ਬਹੁਤ ਸਤਿਕਾਰ ਵਧ ਗਿਆ ਸੀ।

ਸਰਹਿੰਦ ਦੀ ਜਿੱਤ

ਸਰਹਿੰਦ ਦਿੱਲੀ ਅਤੇ ਲਾਹੌਰ ਵਿਚਕਾਰ ਹਕੂਮਤ ਦਾ ਇਕ ਵੱਡਾ ਕੇਂਦਰ ਸੀ ਜਿਥੋਂ ਦੇ ਨਵਾਬ ਵਜ਼ੀਰ ਖ਼ਾਨ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ। ਕਿਸੇ ਵੀ ਹਕੂਮਤ ਵੱਲੋਂ ਕੀਤੀ ਗਈ ਇਹ ਜ਼ੁਲਮ ਦੀ ਸਿਖਰ ਸੀ ਜਿਸ ਨੇ ਪੰਜ ਅਤੇ ਸੱਤ ਸਾਲ ਦੇ ਛੋਟੇ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ। ਸ਼ਾਹੀ ਦਰਬਾਰ ਵਿਚ ਮਲੇਰਕੋਟਲੇ ਦੇ ਨਵਾਬ ਨੇ ਇਸ ਅਣਮਨੁੱਖੀ ਕਾਰੇ ਦਾ ਵਿਰੋਧ ਕੀਤਾ। ਸਿੱਖਾਂ ਵਿਚ ਤਾਂ ਜ਼ੁਲਮ ਦੀ ਇਸ ਸਿਖਰ ਨੇ ਭਾਰੀ ਰੋਹ ਦੀ ਭਾਵਨਾ ਕਾਇਮ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਦੀ ਪੰਜਾਬ ਵਿਚ ਆਮਦ ਨੇ ਸਿੱਖਾਂ ਵਿਚ ਇਕ ਕੇਂਦਰੀ ਲੀਡਰਸ਼ਿਪ ਪੈਦਾ ਕੀਤੀ। ਸਿੱਖਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਦੀ ਦਿਸ਼ਾ ਵੱਲ ਇਹ ਇਕ ਵੱਡਾ ਸੰਕੇਤ ਸੀ। ਪੰਜਾਬ ਦੇ ਸਿੱਖਾਂ ਵੱਲ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਜੀ ਦਾ ਸੁਨੇਹਾ ਘੱਲਿਆ ਤਾਂ ਬਹੁਤ ਸਾਰੇ ਸਿੱਖ ਉਸ ਦੀ ਕਮਾਨ ਹੇਠ ਇਕੱਠੇ ਹੋਣ ਲਈ ਆ ਤੁਰੇ। ਉਨ੍ਹਾਂ ਨੂੰ ਰਸਤੇ ਵਿਚ ਰੋਕਣ ਦੇ ਪ੍ਰਬੰਧ ਕੀਤੇ ਗਏ ਤਾਂ ਉਹ ਭੇਸ ਬਦਲ-ਬਦਲ ਕੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਰਲਣ ਲੱਗੇ। ਬਾਬਾ ਬੰਦਾ ਸਿੰਘ ਬਹਾਦਰ ਵੀ ਸਿੱਖਾਂ ਦੇ ਪਹੁੰਚਣ ਤੋਂ ਪਹਿਲਾਂ ਛੋਟੇ-ਛੋਟੇ ਮੁਗ਼ਲ ਸਰਦਾਰਾਂ ਅਤੇ ਜਰਵਾਣਿਆਂ ਨੂੰ ਸੋਧ ਕੇ ਆਪਣੀ ਸ਼ਕਤੀ ਨੂੰ ਇਕਮੁੱਠ ਕਰਨ ਵਿਚ ਲੱਗਾ ਰਿਹਾ। ਇਸ ਸਮੇਂ ਦੌਰਾਨ ਬਾਬਾ ਜੀ ਨੇ ਬਹੁਤ ਸਾਰੇ ਛੋਟੇ-ਛੋਟੇ ਨਗਰਾਂ ਅਤੇ ਕਸਬਿਆਂ ’ਤੇ ਕਬਜ਼ਾ ਕਰਕੇ ਆਪਣੀ ਸੈਨਿਕ ਸ਼ਕਤੀ ਨੂੰ ਸੰਗਠਿਤ ਕਰ ਲਿਆ ਅਤੇ ਆਮ ਲੋਕਾਂ ਵਿਚ ਵਿਸ਼ਵਾਸ ਦੀ ਭਾਵਨਾ ਕਾਇਮ ਕੀਤੀ। ਇਨ੍ਹਾਂ ਜਿੱਤਾਂ ਨਾਲ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਸਾਥੀਆਂ ਦਾ ਮਨੋਬਲ ਬਹੁਤ ਉੱਚਾ ਹੋਇਆ, ਉਨ੍ਹਾਂ ਨੇ ਮੁਗ਼ਲਾਂ ਦੀ ਭੈਅ-ਭੀਤ ਕਰਨ ਵਾਲੀ ਨੀਤੀ ਦੇ ਉਲਟ ਲੋਕਾਂ ਦਾ ਵਿਸ਼ਵਾਸ ਹਾਸਲ ਕਰਨ ਵਾਲੀ ਨੀਤੀ ਅਪਣਾਈ। ਭਾਵੇਂ ਕਿ ਬਾਬਾ ਜੀ ਇਨ੍ਹਾਂ ਛੋਟੀਆਂ-ਛੋਟੀਆਂ ਕਾਰਵਾਈਆਂ ਵਿਚ ਹੀ ਆਪਣੇ ਆਪ ਨੂੰ ਉਲਝਾਉਣਾ ਨਹੀਂ ਸਨ ਚਾਹੁੰਦੇ ਪਰ ਇਨ੍ਹਾਂ ਜਿੱਤਾਂ ਦੇ ਚਲਦੇ ਬਾਬਾ ਬੰਦਾ ਸਿੰਘ ਬਹਾਦਰ ਦੀ ਤਾਕਤ ਬਹੁਤ ਵਧ ਗਈ, ਜਿਸ ਉਤੇ ਟਿੱਪਣੀ ਕਰਦੇ ਸ੍ਰੀ ਗੋਕਲ ਚੰਦ ਨਾਰੰਗ ਨੇ ਲਿਖਿਆ ਹੈ ਕਿ, “ਭਾਵੇਂ ਇਹ ਜਿੱਤਾਂ ਛੋਟੀਆਂ ਸਨ ਪਰ ਇਨ੍ਹਾਂ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੇ ਅਨੁਯਾਈਆਂ ਦੇ ਹੌਂਸਲੇ ਵਧ ਗਏ ਅਤੇ ਸਰਹਿੰਦ ਪਹੁੰਚਦੇ-ਪਹੁੰਚਦੇ ਹਜ਼ਾਰਾਂ ਹੋਰ ਉਸ ਦੇ ਝੰਡੇ ਥੱਲੇ ਜਮ੍ਹਾਂ ਹੋ ਗਏ।” 9 ਬਾਬਾ ਬੰਦਾ ਸਿੰਘ ਬਹਾਦਰ ਨੂੰ ਮਜ਼ਬੂਤ ਹੁੰਦਾ ਵੇਖ ਹਾਕਮਾਂ ਨੇ ਇਹ ਪੂਰੀ ਕੋਸ਼ਿਸ਼ ਕੀਤੀ ਕਿ ਸਿੱਖ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਹੇਠ ਇਕੱਠੇ ਨਾ ਹੋ ਸਕਣ, ਪਰ ਸਿੱਖਾਂ ਵਿਚ ਗੁਰੂ ਜੀ ਦੇ ਹੁਕਮਨਾਮੇ ਦੀ ਪਾਲਣਾ ਕਰਨ ਦਾ ਇੰਨਾ ਉਤਸ਼ਾਹ ਸੀ ਕਿ ਕੋਈ ਵੀ ਜਰਨੈਲ ਉਨ੍ਹਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨਾਲ ਰਲਣ ਤੋਂ ਨਾ ਰੋਕ ਸਕਿਆ। ਮਾਝੇ ਦੇ ਸਿੱਖਾਂ ਦਾ ਇਕ ਵੱਡਾ ਜਥਾ ਵੀ ਮਲੇਰਕੋਟਲੇ ਦੇ ਨਵਾਬ ਸ਼ੇਰ ਖਾਨ ਨੂੰ ਰੋਪੜ ਕੋਲ ਹਰਾ ਕੇ ਬਾਬਾ ਜੀ ਨਾਲ ਆ ਰਲਿਆ। ਸ੍ਰੀ ਗੋਕਲ ਚੰਦ ਨਾਰੰਗ ਨੇ ਸਿੱਖਾਂ ਵਿਚ ਪੈਦਾ ਹੋਏ ਉਤਸ਼ਾਹ ਬਾਰੇ ਟਿੱਪਣੀ ਕਰਦਿਆਂ ਲਿਖਿਆ ਹੈ ਕਿ

“ਸਰਹਿੰਦ ਦੀ ਲੜਾਈ ਵਿਚ ਭਾਗ ਲੈਣਾ ਧਾਰਮਿਕ ਕਰਤੱਵ ਸਮਝਿਆ ਜਾਣ ਲੱਗ ਪਿਆ ਸੀ ਅਤੇ ਸ਼ਹੀਦੀ ਦੀ ਇੱਛਾ ਮਾਝੇ ਅਤੇ ਮਾਲਵੇ ਵਿਚੋਂ ਹਜ਼ਾਰਾਂ ਵਿਅਕਤੀਆਂ ਨੂੰ ਹਮਲੇ ਵਿਚ ਸ਼ਾਮਲ ਹੋਣ ਲਈ ਖਿੱਚ ਲਿਆਈ ਸੀ।” 10

ਵਜ਼ੀਰ ਖਾਨ ਭਾਵੇਂ ਹਕੂਮਤ ਦੇ ਇਕ ਵੱਡੇ ਜਰਨੈਲ ਦੇ ਤੌਰ ’ਤੇ ਜਾਣਿਆ ਜਾਂਦਾ ਸੀ ਪਰ ਜਦੋਂ ਉਸ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿਚ ਸਿੱਖਾਂ ਦੇ ਉਤਸ਼ਾਹ ਬਾਰੇ ਪਤਾ ਲੱਗਿਆ ਤਾਂ ਅੰਦਰੋਂ ਡਰਨ ਲੱਗਾ। ਵਜ਼ੀਰ ਖਾਨ ਦੇ ਡਰ ਦਾ ਜ਼ਿਕਰ ਕਰਦੇ ਹੋਏ ਭਾਈ ਰਤਨ ਸਿੰਘ (ਭੰਗੂ) ਨੇ ਲਿਖਿਆ ਹੈ:

ਤਬਹਿ ਬਜੀਰੈ ਚਿੰਤਾ ਪਈ ਹਮ ਕੋ ਬੰਦਾ ਛਾਡਤ ਨਹੀਂ॥
ਇਸ ਕੈ ਪਾਸ ਅਹੈਂ ਦੋਊ ਬੀਰ ਔਰ ਪੰਚ ਗੁਰ ਦੀਨੇ ਤੀਰ।
ਪ੍ਰਿਥਮੈ ਬੰਦਾ ਕਾਲਾ ਨਾਗ ਤੀਰ ਭਏ ਤਿਸ ਫੰਘੇ ਲਾਗ॥ 11

ਪਰ ਬਾਹਰੀ ਦਿਖਾਵੇ ਦੇ ਤੌਰ ’ਤੇ ਉਸ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਧਮਕੀ ਭਰੇ ਲਹਿਜ਼ੇ ਵਿਚ ਚਿੱਠੀ ਭੇਜੀ ਜਿਸ ਦਾ ਜ਼ਿਕਰ ਕਰਦੇ ਹੋਏ ਗਿਆਨੀ ਗਿਆਨ ਸਿੰਘ ਨੇ ਲਿਖਿਆ ਹੈ ਕਿ ਵਜ਼ੀਰ ਖਾਨ ਨੇ ਕਿਹਾ, “ਮੈਂ ਉਹੋ ਵਜ਼ੀਰ ਖਾਨ (ਵਜ਼ੀਰ ਖਾਨ) ਹਾਂ ਜਿਸ ਨੇ ਤੁਹਾਡੇ ਗੁਰੂ ਨੂੰ ਦੇਸ ਤੋਂ ਕੱਢਿਆ ਹੈ ਹੁਣ ਮੈਂ ਤੈਨੂੰ ਦੀਨ ਦੁਨੀਆਂ ਦੋਹਾਂ ਤੋਂ ਕੱਢਾਂਗਾ, ਅਜੇ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਤੈਨੂੰ ਬੈਰਾਗੀ ਫਕੀਰ ਮੰਗਤਾ ਜਾਣ ਕੇ ਛੱਡਦਾ ਹਾਂ, ਫਕੀਰਾਂ ਦਾ ਕੰਮ ਨਹੀਂ ਬਾਦਸ਼ਾਹਾਂ ਨਾਲ ਆਢੇ ਲਾਉਣੇ।” ਬਾਬਾ ਬੰਦਾ ਸਿੰਘ ਬਹਾਦਰ ਨੇ ਜੁਆਬ ਦਿੱਤਾ, “ਜਿਸ ਕੰਮ ਨੂੰ ਆਇਆ ਹਾਂ ਉਹ ਕਰੇ ਬਿਨਾਂ ਨਹੀਂ ਹਟਦਾ ਅਤੇ ਨਾ ਕਿਸੇ ਦਾ ਮਾਰਿਆ ਮਰਾਂਗਾ, ਹੋਵੇਗਾ ਭੀ ਉਹੋ ਜੋ ਮੇਰੇ ਗੁਰੂ ਦਾ ਭਾਣਾ ਹੈ, ਮੈਂ ਤੈਨੂੰ ਨਹੀਂ ਮਾਰਣਾ ਤੇਰੇ ਪਾਪ ਤੈਨੂੰ ਮਾਰਨਗੇ। ਸਾਨੂੰ ਹੁਕਮ ਹੈ ਜੋ ਲੋਗ ਜ਼ਾਲਮ, ਜਬਰ-ਜ਼ੁਲਮ ਕਰਨ ਵਾਲੇ ਹਨ, ਉਨ੍ਹਾਂ ਨੂੰ ਉਨ੍ਹਾਂ ਦੇ ਕਰਮਾਂ ਦਾ ਫਲ ਦਿਓ।” 12 ਬਾਬਾ ਬੰਦਾ ਸਿੰਘ ਬਹਾਦਰ ਦੇ ਵਾਕਾਂ ਤੋਂ ਸਪਸ਼ਟ ਹੈ ਕਿ ਉਹ ਬੈਰਾਗੀ ਜੀਵਨ ਪੂਰੀ ਤਰ੍ਹਾਂ ਤਿਆਗ ਕੇ ਮਾਨਸਿਕ ਅਤੇ ਸਰੀਰਕ ਤੌਰ ’ਤੇ ਗੁਰੂ ਦਾ ਸਿੱਖ ਅਖਵਾਉਣਾ ਪਸੰਦ ਕਰਦਾ ਸੀ ਅਤੇ ਗੁਰੂ ਜੀ ਦੇ ਦੱਸੇ ਹੋਏ ਮਾਰਗ ’ਤੇ ਚੱਲਣਾ ਆਪਣਾ ਪਹਿਲਾ ਕਰਤੱਵ ਸਮਝਦਾ ਸੀ। ਅਖੀਰ ਉਹ ਦਿਨ ਆ ਗਿਆ ਜਿਸ ਦਾ ਸਿੱਖ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਵਜ਼ੀਰ ਖ਼ਾਂ ਦੁਆਰਾ ਮੁਕਾਬਲੇ ਲਈ ਖੜ੍ਹੀ ਕੀਤੀ ਇਕ ਮਜ਼ਬੂਤ ਫੌਜ ਦਾ ਟਾਕਰਾ ਸਿੱਖਾਂ ਨੇ ਆਪਣੇ ਧਾਰਮਿਕ ਜੋਸ਼ ਅਤੇ ਉਤਸ਼ਾਹ ਨਾਲ ਕੀਤਾ। ਹਾਕਮਾਂ ਦੇ ਵੱਡੇ-ਵੱਡੇ ਹਥਿਆਰ ਸਿੱਖਾਂ ਦੇ ਜੋਸ਼ ਦਾ ਸਾਹਮਣਾ ਨਾ ਕਰ ਸਕੇ ਅਤੇ 12 ਮਈ 1710 ਈ: ਨੂੰ ਹੋਈ ਇਸ ਲੜਾਈ ਵਿਚ ਸਿੱਖਾਂ ਦੀ ਜਿੱਤ ਹੋਈ। ਸਰਹਿੰਦ ’ਤੇ ਪੂਰੀ ਤਰ੍ਹਾਂ ਨਾਲ ਕਬਜ਼ਾ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਭਾਈ ਬਾਜ ਸਿੰਘ ਨੂੰ ਇਥੋਂ ਦਾ ਸੂਬੇਦਾਰ ਅਤੇ ਭਾਈ ਆਲੀ ਸਿੰਘ ਸਲੌਦੀ ਵਾਲੇ ਨੂੰ ਨਾਇਬ ਸੂਬੇਦਾਰ ਥਾਪ ਦਿੱਤਾ। ਸਰਹਿੰਦ ਦੀ ਜਿੱਤ ਨੇ ਸਿੱਖਾਂ ਦਾ ਪੂਰੇ ਇਲਾਕੇ ਵਿਚ ਇਨ੍ਹਾਂ ਦਬਦਬਾ ਕਾਇਮ ਕਰ ਦਿੱਤਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਬਾਕੀ ਫਤਹਿ ਕਰਨ ਵਿਚ ਕੋਈ ਮੁਸ਼ਕਲ ਨਹੀਂ ਆਈ। ਭਾਈ ਸੰਤੋਖ ਸਿੰਘ ਚੂੜਾਮਣਿ ਹੋਰਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਪੂਰੇ ਇਲਾਕੇ ਵਿਚ ਕਾਇਮ ਹੋਏ ਦਬਦਬੇ ਦਾ ਜ਼ਿਕਰ ਕਰਦਿਆਂ ਹੋਇਆਂ ਲਿਖਿਆ ਹੈ:

ਇਮ ਬੰਦੇ ਦੇਸ਼ਨ ਜੈ ਪਾਈ।
ਸਭਿ ਪਰ ਅਪਨਿ ਅਮਲ ਠਹਿਰਾਈ॥ 13

ਸਿੱਖ ਇਨਕਲਾਬ ਵਿਚ ਸ. ਜਗਜੀਤ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿਚ ਸਿੱਖਾਂ ਦੀ ਚੜ੍ਹਦੀ ਕਲਾ ਉੱਤੇ ਟਿੱਪਣੀ ਕਰਦਿਆਂ ਹੋਇਆਂ ਲਿਖਿਆ ਹੈ ਕਿ “ਖਾਲਸੇ ਨੇ ਵੱਡੀਆਂ-ਵੱਡੀਆਂ ਕੁਰਬਾਨੀਆਂ ਕੀਤੀਆਂ। ਸ੍ਰੀ ਗੁਰੂ ਗੋਬਿੰਦ ਸਿੰਘ ਨੇ ਜਿਹੜੀ ਜੋਤ ਜਗਾਈ ਸੀ, ਉਹ ਪ੍ਰਚੰਡ ਹੋ ਉਠੀ।”14 ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਨੇ ਆਮ ਲੋਕਾਂ ਨੂੰ ਸੰਕੇਤ ਦੇ ਦਿੱਤਾ ਕਿ ਜ਼ੁਲਮ ਦਾ ਟਾਕਰਾ ਜਨ-ਚੇਤਨਾ ਰਾਹੀਂ ਇਕਜੁਟ ਹੋ ਕੇ ਕੀਤਾ ਜਾ ਸਕਦਾ ਹੈ, ਲੋੜ ਹੈ ਤਾਂ ਕੇਵਲ ਮਜ਼ਬੂਤ ਇੱਛਾ ਸ਼ਕਤੀ ਅਤੇ ਦ੍ਰਿੜ੍ਹ ਇਰਾਦੇ ਦੀ। ਵੱਡੇ ਤੋਂ ਵੱਡੇ ਹਥਿਆਰ ਵੀ ਜਨ- ਸਮੂਹ ਦੀ ਤਾਕਤ ਦਾ ਟਾਕਰਾ ਨਹੀਂ ਕਰ ਸਕਦੇ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

Paramvir Singh

ਮੁਖੀ, ਸਿੱਖ ਵਿਸ਼ਵਕੋਸ਼ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ

1 ਭਾਈ ਸ੍ਵਰੂਪ ਸਿੰਘ (ਕੌਸ਼ਿਸ਼), ਗੁਰੂ ਕੀਆਂ ਸਾਖੀਆਂ, ਸੰਪਾ. ਪ੍ਰੋ. ਪਿਆਰਾ ਸਿੰਘ ਪਦਮ, ਸਫ਼ਾ 199
2 ਗਿਆਨੀ ਸੋਹਣ ਸਿੰਘ ਸੀਤਲ, ਬੰਦਾ ਸਿੰਘ ਸ਼ਹੀਦ, ਸਫ਼ਾ 12
3 ਡਾ. ਗੰਡਾ ਸਿੰਘ, ਬੰਦਾ ਸਿੰਘ ਬਹਾਦਰ, ਸਫ਼ਾ 13
4 ਭਾਈ ਰਤਨ ਸਿੰਘ ਭੰਗੂ, ਸ੍ਰੀ ਗੁਰ ਪੰਥ ਪ੍ਰਕਾਸ਼, ਸੰਪਾ. ਡਾ. ਜੀਤ ਸਿੰਘ ਸੀਤਲ, ਸਫ਼ਾ 130
5 ਭਾਈ ਰਤਨ ਸਿੰਘ ਭੰਗੂ, ਸ੍ਰੀ ਗੁਰ ਪੰਥ ਪ੍ਰਕਾਸ਼, ਸੰਪਾ. ਡਾ. ਜੀਤ ਸਿੰਘ ਸੀਤਲ, ਸਫ਼ਾ 131
6 ਸ੍ਰੀ ਗੋਕਲ ਚੰਦ ਨਾਰੰਗ, ਸਿੱਖ ਮਤ ਦਾ ਪਰਿਵਰਤਨ, ਫੁਟ ਨੋਟ, ਸਫ਼ਾ 112
7 ਡਾ. ਗੰਡਾ ਸਿੰਘ, ਬੰਦਾ ਸਿੰਘ ਬਹਾਦਰ, ਸਫ਼ਾ 18
8 ਗਿਆਨੀ ਸੋਹਣ ਸਿੰਘ ਸੀਤਲ, ਬੰਦਾ ਸਿੰਘ ਸ਼ਹੀਦ, ਸਫ਼ਾ 31
9 ਗੋਕਲ ਚੰਦ ਨਾਰੰਗ, ਸਿੱਖ ਮਤ ਦਾ ਪਰਿਵਰਤਨ, ਸਫ਼ਾ 111
10 ਗੋਕਲ ਚੰਦ ਨਾਰੰਗ, ਸਿੱਖ ਮਤ ਦਾ ਪਰਿਵਰਤਨ, ਸਫ਼ਾ 111
11 ਭਾਈ ਰਤਨ ਸਿੰਘ ਭੰਗੂ, ਸ੍ਰੀ ਗੁਰ ਪੰਥ ਪ੍ਰਕਾਸ਼, ਸੰਪਾ. ਜੀਤ ਸਿੰਘ ਸੀਤਲ, ਸਫ਼ਾ 140
12 ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ, ਭਾਗ ਦੂਜਾ, ਸਫ਼ਾ 20
13 ਭਾਈ ਸੰਤੋਖ ਸਿੰਘ, ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਐਨ 2, ਅੰਸੂ 11, ਸਫ਼ਾ 6275
14 ਸ. ਜਗਜੀਤ ਸਿੰਘ, ਸਿੱਖ ਇਨਕਲਾਬ, ਸਫ਼ਾ 209.
ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)