editor@sikharchives.org

ਬਾਬਾ – ਸਿੱਖ ਪਰੰਪਰਾ ਦਾ ਸਤਿਕਾਰ-ਸੂਚਕ ਸ਼ਬਦ

ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੁਆਰਾ ਦਿਖਾਈ ਦਲੇਰੀ ਅਤੇ ਸੂਝ-ਬੂਝ ਕਰਕੇ ਇਹਨਾਂ ਨੂੰ ‘ਬਾਬਾ’ ਸ਼ਬਦ ਨਾਲ ਸੰਬੋਧਿਤ ਕੀਤਾ ਜਾਂਦਾ ਹੈ ਕਿਉਂਕਿ ਇਹਨਾਂ ਨੇ ਲੋੜ ਪੈਣ ‘ਤੇ ਆਪਣੀ ਉਮਰ ਤੋਂ ਵਧੇਰੇ ਸੂਝ ਅਤੇ ਸਾਹਸ ਦਾ ਪ੍ਰਗਟਾਵਾ ਕੀਤਾ ਸੀ।
ਬੁੱਕਮਾਰਕ ਕਰੋ (0)
Please login to bookmark Close

Paramvir Singh

ਪੜਨ ਦਾ ਸਮਾਂ: 1 ਮਿੰਟ

ਸ਼ਬਦ ਮਨੁੱਖੀ ਜੀਵਨ ਦਾ ਮਹੱਤਵਪੂਰਨ ਅੰਗ ਹਨ। ਮਨੁੱਖੀ ਜੀਵਨ ਦਾ ਕਾਰ-ਵਿਹਾਰ ਚਲਾਉਣ ਅਤੇ ਮਨੁੱਖੀ ਸੱਭਿਅਤਾ ਦੇ ਵਿਕਾਸ ਵਿਚ ਇਹਨਾਂ ਦੀ ਵਿਸ਼ੇਸ਼ ਭੂਮਿਕਾ ਹੈ। ਮੌਖਿਕ ਅਤੇ ਲਿਖਤੀ ਰੂਪ ਵਿਚ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਜਿਹੜੇ ਮਨੁੱਖ ਬੋਲ ਨਹੀਂ ਸਕਦੇ ਉਹ ਲਿਖ ਕੇ ਆਪਣੀ ਗੱਲ ਦੂਜਿਆਂ ਤੱਕ ਪਹੁੰਚਾਉਂਦੇ ਹਨ। ਜਦੋਂ ਕੋਈ ਸ਼ਬਦ ਲਿਖਿਆ ਜਾਂਦਾ ਹੈ ਤਾਂ ਪੜ੍ਹਨ ਵਾਲੇ ਉਸ ਦੀ ਵਿਆਖਿਆ ਕਰਦੇ ਹਨ।

ਜਿਹੜੇ ਸ਼ਬਦ ਧਰਮ, ਸਮਾਜ ਅਤੇ ਸੱਭਿਆਚਾਰ ਦੇ ਕਿਸੇ ਵਿਸ਼ੇਸ਼ ਪੱਖ ਨਾਲ ਜੁੜ ਕੇ ਵਿਸ਼ੇਸ਼ ਅਰਥ ਅਤੇ ਭਾਵਨਾ ਗ੍ਰਹਿਣ ਕਰ ਜਾਂਦੇ ਹਨ ਜਾਂਦੇ ਹਨ ਤਾਂ ਉਹਨਾਂ ਸ਼ਬਦਾਂ ਨੂੰ ਆਮ ਤੌਰ ‘ਤੇ ਉਸ ਸੰਦਰਭ ਵਿਚੋਂ ਬਾਹਰ ਕੱਢ ਕੇ ਨਹੀਂ ਦੇਖਿਆ ਜਾਂਦਾ ਅਤੇ ਜਦੋਂ ਕਦੇ ਅਜਿਹਾ ਯਤਨ ਹੁੰਦਾ ਹੈ ਤਾਂ ਆਲੋਚਨਾ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਕਿਸੇ ਸ਼ਖ਼ਸੀਅਤ ਦਾ ਵਿਖਿਆਨ ਕਰਨ ਲੱਗਿਆਂ ਉਸ ਨਾਲ ਰੂੜ੍ਹ ਹੋ ਚੁੱਕੇ ਸ਼ਬਦ ਨੂੰ ਹਟਾਇਆ ਜਾਵੇ ਤਾਂ ਵੀ ਭਰਮ-ਭੁਲੇਖੇ ਪੈਦਾ ਹੁੰਦੇ ਹਨ।

ਸਿੱਖ ਧਾਰਮਿਕ ਪਰੰਪਰਾ ਵਿਚ ਕੁੱਝ ਅਜਿਹੇ ਸ਼ਬਦ ਦੇਖਣ ਨੂੰ ਮਿਲਦੇ ਹਨ ਜਿਹੜੇ ਵਿਸ਼ੇਸ਼ ਸਰੂਪ ਅਤੇ ਸੰਦਰਭ ਗ੍ਰਹਿਣ ਕਰ ਗਏ ਹਨ ਜਿਵੇਂ ਬਾਬਾ, ਭਾਈ, ਗਿਆਨੀ, ਸੰਤ, ਢਾਡੀ, ਗ੍ਰੰਥੀ ਸਿੰਘ ਆਦਿ।

ਕੁੱਝ ਅਜਿਹੇ ਸ਼ਬਦ ਵੀ ਸਿੱਖ ਪਰੰਪਰਾ ਅਤੇ ਪ੍ਰਬੰਧ ਨਾਲ ਜੁੜੇ ਰਹੇ ਹਨ ਜਿਹੜੇ ਹੁਣ ਨਕਾਰਾਤਮਿਕ ਦ੍ਰਿਸ਼ਟੀ ਗ੍ਰਹਿਣ ਕਰ ਗਏ ਹਨ ਜਿਵੇਂ ਮਸੰਦ, ਮਹੰਤ, ਸਰਬਰਾਹ ਆਦਿ। ਇਸੇ ਤਰ੍ਹਾਂ ‘ਬੀਬੀ’ ਇਕ ਅਜਿਹਾ ਸ਼ਬਦ ਹੈ ਜਿਹੜਾ ਕਿ ਪੰਜਾਬੀ ਭਾਸ਼ਾ ਵਿਚ ‘ਮਾਂ’ ਲਈ ਲਈ ਵਰਤਿਆ ਜਾਂਦਾ ਹੈ ਅਤੇ ਇਸਦੇ ਨਾਲ ਹੀ ਸਿੱਖ ਇਸਤਰੀਆਂ ਦੇ ਸਤਿਕਾਰ ਵੱਜੋਂ ਵੀ ਇਸ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਸ਼ਬਦ ਮਨੁੱਖ ਦੇ ਕਿਰਦਾਰ ਨਾਲ ਹੀ ਉੱਚੇ ਜਾਂ ਨੀਵੇਂ ਹੋ ਜਾਂਦੇ ਹਨ।

ਸਿੱਖ ਧਰਮ ਵਿਚ ਭਰਾ ਲਈ ਵਰਤਿਆ ਜਾਣ ਵਾਲਾ ਸ਼ਬਦ ‘ਭਾਈ’ ਬਹੁਤ ਹੀ ਸਤਿਕਾਰ-ਸੂਚਕ ਅਰਥ ਗ੍ਰਹਿਣ ਕਰ ਗਿਆ ਹੈ। ਸਿੱਖ ਧਰਮ ਦੇ ਮੁੱਢਲੇ ਦੌਰ ਵਿਚ ਇਸ ਸ਼ਬਦ ਦੀ ਵਰਤੋਂ ਭਾਈ ਮਰਦਾਨਾ ਦੇ ਨਾਂ ਨਾਲ ਦੇਖਣ ਨੂੰ ਮਿਲਦੀ ਅਤੇ ਮੌਜੂਦਾ ਸਮੇਂ ਵਿਚ ਵੀ ਇਸ ਸ਼ਬਦ ਨੂੰ ਇਸੇ ਸੰਦਰਭ ਵਿਚ ਦੇਖਿਆ ਜਾਂਦਾ ਹੈ। ਇਸਦੇ ਨਾਲ ਹੀ ਦੂਜਾ ਸ਼ਬਦ ‘ਬਾਬਾ’ ਹੈ ਜਿਹੜਾ ਕਿਸੇ ਬਜ਼ੁਰਗ ਪ੍ਰਤਿ ਸਤਿਕਾਰ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ।

‘ਬਾਬਾ’ ਸ਼ਬਦ ਫ਼ਾਰਸੀ ਭਾਸ਼ਾ ਵਿਚੋਂ ਸਾਹਮਣੇ ਆਇਆ ਹੈ ਜਿਸ ਦਾ ਭਾਵ ਪਿਤਾ ਜਾਂ ਦਾਦੇ ਤੋਂ ਲਿਆ ਜਾਂਦਾ ਹੈ। ਸੂਫ਼ੀ ਫ਼ਕੀਰਾਂ ਲਈ ਵੀ ਇਸ ਸ਼ਬਦ ਦੀ ਵਰਤੋਂ ਦੇਖਣ ਨੂੰ ਮਿਲਦੀ ਹੈ ਜਿਵੇਂ ਬਾਬਾ ਫ਼ਰੀਦ, ਬਾਬਾ ਬੁੱਲੇ ਸ਼ਾਹ ਆਦਿ। ਪੰਜਾਬੀ ਸੱਭਿਆਚਾਰ ਵਿਚ ਇਹ ਸ਼ਬਦ ਬਜ਼ੁਰਗਾਂ ਲਈ ਵਰਤਿਆ ਜਾਂਦਾ ਹੈ ਪਰ ਸਿੱਖ ਧਰਮ ਵਿਚ ਇਸ ਸ਼ਬਦ ਦੀ ਵਰਤੋਂ ਗੁਰੂ ਨਾਨਕ ਦੇਵ ਜੀ ਅਤੇ ਹੋਰਨਾਂ ਧਾਰਮਿਕ ਹਸਤੀਆਂ ਲਈ ਕੀਤੀ ਮਿਲਦੀ ਹੈ।

ਭਾਈ ਗੁਰਦਾਸ ਜੀ ਗੁਰੂ ਜੀ ਦੇ ਨਾਂ ਨਾਲ ‘ਬਾਬਾ’ ਸ਼ਬਦ ਦੀ ਭਰਪੂਰ ਵਰਤੋਂ ਕਰਦੇ ਹਨ –

ਪਹਿਲਾ ਬਾਬੇ ਪਾਯਾ ਬਖਸੁ ਦਰਿ…,
ਬਾਬਾ ਪੈਧਾ ਸਚਿ ਖੰਡਿ…,
ਬਾਬਾ ਦੇਖੈ ਧਿਆਨੁ ਧਰਿ…,
ਬਾਬਾ ਆਇਆ ਤੀਰਥੈ… ਆਦਿ।

ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਜਨਮ-ਸਾਖੀਆਂ ਵਿਚ ਵੀ ਗੁਰੂ ਨਾਨਕ ਦੇਵ ਜੀ ਲਈ ਇਸ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਇਸੇ ਤਰ੍ਹਾਂ ਗੁਰੂ-ਘਰ ਵਿਚ ਕੁੱਝ ਮੁੱਖੀ ਸਿੱਖਾਂ ਲਈ ਵੀ ਇਸ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਬਾਬਾ ਬੁੱਢਾ ਜੀ, ਬਾਬਾ ਗੁਰਦਿੱਤਾ ਆਦਿ।

ਇਸੇ ਤਰ੍ਹਾਂ ਸਾਹਿਬਜ਼ਾਦਾ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ ਅਤੇ ਰਾਜੇ ਦੇ ਪੁੱਤਰਾਂ ਲਈ ਇਸ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ। ਭਾਈ ਕਾਨ੍ਹ ਸਿੰਘ ਨਾਭਾ ਗੁਰੂ-ਪੁੱਤਰਾਂ ਲਈ ਵੀ ਇਸ ਸ਼ਬਦ ਦੀ ਵਰਤੋਂ ਦੱਸਦੇ ਹਨ ਪਰ ਜਿਹੜੇ ਗੁਰੂ-ਪੁੱਤਰਾਂ ਨੇ ਗੁਰਮਤਿ ਸਿਧਾਂਤ ਦੇ ਉਲਟ ਕੰਮ ਕੀਤਾ ਸੀ, ਉਹਨਾਂ ਨੂੰ ਗੁਰੂ ਸਾਹਿਬਾਨ ਨੇ ਆਪ ਫਿਟਕਾਰ ਦਿੱਤਾ ਸੀ।

ਮੌਜੂਦਾ ਸਮੇਂ ਵਿਚ ਇਸ ਸ਼ਬਦ ਦੀ ਵਰਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸੁਪੁੱਤਰਾਂ ਲਈ ਕੀਤੀ ਜਾਂਦੀ ਹੈ ਜਿਹੜੇ ਸਮੇਂ ਦੀ ਹਕੂਮਤ ਦੇ ਜਬਰ ਅਤੇ ਜ਼ੁਲਮ ਦਾ ਟਾਕਰਾ ਕਰਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ ਸਨ। ਇਹਨਾਂ ਵਿਚੋਂ ਦੋ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜ੍ਹੀ ਵਿਚ ਦੁਸ਼ਮਣ ਦਾ ਮੁਕਾਬਲਾ ਕਰਦੇ ਹੋਏ ਸ਼ਹੀਦ ਹੋਏ ਸਨ ਅਤੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਸਰਹਿੰਦ ਦੇ ਨਵਾਬ ਵਜ਼ੀਰ ਖ਼ਾਨ ਨੇ ਨੀਹਾਂ ਵਿਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਸੀ।

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਪ੍ਰਤਿ ਇਸ ਕਰਕੇ ਵਧੇਰੇ ਸੰਵੇਦਨਾ ਪੈਦਾ ਹੁੰਦੀ ਹੈ ਕਿਉਂਕਿ ਛੋਟੀ ਉਮਰ ਵਿਚ ਹੁੰਦੇ ਹੋਏ ਵੀ ਇਹਨਾਂ ਨੇ ਸਰਹਿੰਦ ਦੇ ਨਵਾਬ ਦੁਆਰਾ ਦਿਖਾਏ ਦੁਨਿਆਵੀ ਲੋਭ-ਲਾਲਚਾਂ ਦੀ ਬਜਾਏ ਧਰਮ ਦੇ ਮਾਰਗ ‘ਤੇ ਚੱਲਦੇ ਹੋਏ ਸ਼ਹੀਦੀ ਪ੍ਰਾਪਤ ਕਰਨ ਨੂੰ ਤਰਜੀਹ ਦਿੱਤੀ ਸੀ। ਨਵਾਬ ਵਜ਼ੀਰ ਖ਼ਾਨ ਦੇ ਹਰ ਸਵਾਲ ਦਾ ਜਵਾਬ ਚੜ੍ਹਦੀਕਲਾ ਵਿਚ ਰਹਿ ਕੇ ਗੁਰਮਤਿ ਸਿਧਾਂਤਾਂ ਅਨੁਸਾਰ ਦਿੱਤਾ ਸੀ। ਛੋਟੀ ਉਮਰ ਵਿਚ ਵੱਡਿਆਂ ਦਾ ਮਾਰਗ ਦਰਸ਼ਨ ਕਰਨ ਵਾਲੇ ਇਹਨਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ “ਨਿੱਕੀਆਂ ਜਿੰਦਾਂ ਵੱਡੇ ਸਾਕੇ” ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ।

ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੁਆਰਾ ਦਿਖਾਈ ਦਲੇਰੀ ਅਤੇ ਸੂਝ-ਬੂਝ ਕਰਕੇ ਇਹਨਾਂ ਨੂੰ ‘ਬਾਬਾ’ ਸ਼ਬਦ ਨਾਲ ਸੰਬੋਧਿਤ ਕੀਤਾ ਜਾਂਦਾ ਹੈ ਕਿਉਂਕਿ ਇਹਨਾਂ ਨੇ ਲੋੜ ਪੈਣ ‘ਤੇ ਆਪਣੀ ਉਮਰ ਤੋਂ ਵਧੇਰੇ ਸੂਝ ਅਤੇ ਸਾਹਸ ਦਾ ਪ੍ਰਗਟਾਵਾ ਕੀਤਾ ਸੀ। ਇਹਨਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੇ ਮਨੁੱਖੀ ਕਦਰਾਂ-ਕੀਮਤਾਂ ਵਿਚ ਵਿਸ਼ਵਾਸ ਰੱਖਣ ਵਾਲਿਆਂ ਨੂੰ ਪ੍ਰਭਾਵਿਤ ਕੀਤਾ ਸੀ ਜਿਸ ਕਰਕੇ ਇਹਨਾਂ ਦੀ ਯਾਦ ਵਿਚ ਚਮਕੌਰ ਸਾਹਿਬ ਅਤੇ ਫ਼ਤਿਹਗੜ੍ਹ ਵਿਖੇ ਧਾਰਮਿਕ ਜੋੜ-ਮੇਲੇ (ਧਾਰਮਿਕ ਸਭਾ) ਲੱਗਦੇ ਹਨ।

ਦਸੰਬਰ ਦੇ ਮਹੀਨੇ ਲਗਪਗ ਪੰਦਰਾਂ ਦਿਨ ਇਹਨਾਂ ਸਾਹਿਬਜ਼ਾਦਿਆਂ ਦੁਆਰਾ ਸਥਾਪਿਤ ਕੀਤੇ ਗਏ ਆਦਰਸ਼ ਅਤੇ ਕੀਰਤੀਮਾਨ ਯਾਦ ਕੀਤੇ ਜਾਂਦੇ ਹਨ। ਚਾਰ ਸਾਹਿਬਜ਼ਾਦੇ ਸਿੱਖ ਧਰਮ ਵਿਚ ਆਦਰਸ਼ ਰੂਪ ਵਿਚ ਸਾਮ੍ਹਣੇ ਆਏ ਹਨ ਜਿਨ੍ਹਾਂ ਦੇ ਕਾਰਜ ਅਤੇ ਸ਼ਹਾਦਤ ਉਹਨਾਂ ਦੀ ਵਿਚਾਰਧਾਰਾ ਨੂੰ ਪ੍ਰਗਟ ਕਰਦੇ ਹਨ। 

ਗੁਰੂ ਪਰੰਪਰਾ ਤੋਂ ਬਾਅਦ ਵੀ ਇਸ ਸ਼ਬਦ ਦੀ ਵਰਤੋਂ ਸਿੱਖ ਸ਼ਖ਼ਸੀਅਤਾਂ ਦੇ ਸਨਮਾਨ ਵਜੋਂ ਕੀਤੀ ਜਾਂਦੀ ਹੈ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ, ਅਕਾਲੀ ਬਾਬਾ ਫੂਲਾ ਸਿੰਘ ਆਦਿ। ਕੁੱਝ ਅਜਿਹੀਆਂ ਰਾਜਨੀਤਿਕ ਸ਼ਖ਼ਸੀਅਤਾਂ ਵੀ ਮੌਜੂਦ ਹਨ ਜਿਨ੍ਹਾਂ ਲਈ ਇਸ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ ਜਿਵੇਂ ਬਾਬਾ ਆਲਾ ਸਿੰਘ, ਬਾਬਾ ਖੜਕ ਸਿੰਘ ਆਦਿ।

ਇਹਨਾਂ ਤੋਂ ਇਲਾਵਾ ਬਾਬਾ ਰਾਮ ਸਿੰਘ ਇਕ ਅਜਿਹੀ ਸ਼ਖ਼ਸੀਅਤ ਹੋਏ ਹਨ ਜਿਨ੍ਹਾਂ ਦੇ ਪੈਰੋਕਾਰ ਉਹਨਾਂ ਨੂੰ ‘ਗੁਰੂ’ ਅਤੇ ਅੰਗਰੇਜ਼ ਰਾਜਨੀਤਿਕ ਆਗੂ ਵਜੋਂ ਦੇਖਦੇ ਰਹੇ ਹਨ। ਸਮੇਂ ਨਾਲ ਸਿੱਖ ਮਾਨਸਿਕਤਾ ਵਿਚ ਇਸ ਸ਼ਬਦ ਦਾ ਪ੍ਰਭਾਵ ਘੱਟ ਨਹੀਂ ਹੋਇਆ ਬਲਕਿ ਹੋਰ ਵਧੇਰੇ ਗੂੜ੍ਹ ਹੁੰਦਾ ਰਿਹਾ ਹੈ। ਭਾਵੇਂ ਕਿ ਅੰਗਰੇਜ਼ੀ ਸਿੱਖਿਆ ਦੇ ਪ੍ਰਭਾਵ ਅਧੀਨ ਪਿਤਾ ਅਤੇ ਦਾਦੇ ਲਈ ਕਈ ਹੋਰ ਸ਼ਬਦ ਵੀ ਵਰਤੇ ਜਾ ਰਹੇ ਹਨ ਪਰ ‘ਬਾਬਾ’ ਸ਼ਬਦ ਦਾ ਬਦਲ ਨਹੀਂ ਬਣ ਸਕੇ।

ਬੁੱਕਮਾਰਕ ਕਰੋ (0)
Please login to bookmark Close

ਲੇਖਕ ਬਾਰੇ

Paramvir Singh

ਮੁਖੀ, ਸਿੱਖ ਵਿਸ਼ਵਕੋਸ਼ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਬੁੱਕਮਾਰਕ ਕਰੋ (0)
Please login to bookmark Close

ਮੇਰੇ ਪਸੰਦੀਦਾ ਲੇਖ

No bookmark found
ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)