ਭੱਟ ਮਥਰਾ ਜੀ ਉਨ੍ਹਾਂ ਵਿਰਲਿਆਂ ਮੁਬਾਰਕ ਵਿਅਕਤੀਆਂ ਵਿੱਚੋਂ ਹਨ ਜਿਨ੍ਹਾਂ ਨੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ, ਨੂੰ ਨਾ ਕੇਵਲ ਅੱਖੀਂ ਵੇਖਣ ਤੇ ਉਨ੍ਹਾਂ ਦੀਆਂ ਮਿਹਰਾਂ ਮਾਨਣ ਦਾ ਹੀ ਸੁਭਾਗ ਪ੍ਰਾਪਤ ਹੁੰਦਾ ਰਿਹਾ ਹੈ, ਸਗੋਂ ਉਨ੍ਹਾਂ ਦੀ ਅਜ਼ਮਤ ਤੇ ਬਖ਼ਸ਼ਿਸ਼ ਨੂੰ ਜਾਣਨ-ਪਛਾਣਨ ਤੇ ਬਿਆਨਣ ਦਾ ਸ਼ਰਫ਼ ਵੀ ਹਾਸਲ ਹੁੰਦਾ ਰਿਹਾ ਹੈ। ਇਸ ਤੋਂ ਵੀ ਵੱਧ ਤੇ ਵਿਸ਼ੇਸ਼ ਗੱਲ ਇਹ ਹੈ ਕਿ ਉਨ੍ਹਾਂ ਦੇ ਉਸ ਅੱਖੀਂ-ਡਿੱਠੇ ਬਿਆਨ ਨੂੰ ਜੁਗੋ-ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਕੀਤੇ ਜਾਣ ਦਾ ਸੁਭਾਗ ਵੀ ਪ੍ਰਾਪਤ ਹੋ ਗਿਆ ਸੀ। ਉਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1408-09 ਵਿਚ ‘ਸਵਈਏ ਮਹਲੇ ਪੰਜਵੇਂ ਕੇ’ ਵਾਲੇ ਪ੍ਰਕਰਣ ਵਿਚ ਅੰਕਿਤ ਹੈ ਅਤੇ ਕੇਵਲ ਸੱਤ ਕਲਾ-ਪੂਰਤ ਸਵੱਈਆਂ ਰਾਹੀਂ ਇਉਂ ਕਾਨੀਬੰਦ ਹੈ।
1. ਗੁਰੂਦੇਵ ਦੀ ਬੰਸਾਵਲੀ : ਪਹਿਲੇ ਸਵੱਈਏ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਅਧਿਆਤਮਕ ਬੰਸਾਵਲੀ ਦਾ ਜ਼ਿਕਰ ਹੈ ਜੋ ਬੜੇ ਸੰਖੇਪ ਪਰ ਸੁਝਾਊ ਸ਼ਬਦਾਂ ਵਿਚ ਇਉਂ ਵਰਣਿਤ ਹੈ:
ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ॥
ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ॥
ਅੰਗਦਿ ਕਿਰਪਾ ਧਾਰਿ ਅਮਰੁ ਸਤਿਗੁਰੁ ਥਿਰੁ ਕੀਅਉ॥
ਅਮਰਦਾਸਿ ਅਮਰਤੁ ਛਤ੍ਰੁ ਗੁਰ ਰਾਮਹਿ ਦੀਅਉ॥
ਗੁਰ ਰਾਮਦਾਸ ਦਰਸਨੁ ਪਰਸਿ ਕਹਿ ਮਥੁਰਾ ਅੰਮ੍ਰਿਤ ਬਯਣ॥
ਮੂਰਤਿ ਪੰਚ ਪ੍ਰਮਾਣ ਪੁਰਖੁ ਗੁਰੁ ਅਰਜੁਨੁ ਪਿਖਹੁ ਨਯਣ॥ (ਪੰਨਾ 1408)
ਅਰਥਾਤ, ਪ੍ਰਕਾਸ਼ ਦੇ ਸਾਕਾਰ ਸਰੂਪ ਪਰਮਾਤਮਾ ਨੇ ਆਪਣੇ ਆਪ ਨੂੰ ਗੁਰੂ ਨਾਨਕ ਅਖਵਾਇਆ। ਉਨ੍ਹਾਂ ਤੋਂ ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਜੀ ਬਣੇ ਜਿਨ੍ਹਾਂ ਦੀ ਆਤਮਾ ਨੂੰ ਉਨ੍ਹਾਂ ਨੇ ਜੋਤਿ-ਸਰੂਪ ਪਰਮਾਤਮਾ ਨਾਲ ਜੋੜ ਦਿੱਤਾ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਗੱਦੀ ਬਖ਼ਸ਼ ਕੇ, ਸਤਿਗੁਰੂ ਥਾਪ ਦਿੱਤਾ। ਉਪਰੰਤ ਗੁਰੂ ਅਮਰਦਾਸ ਜੀ ਨੇ ਗੁਰਿਆਈ ਦਾ ਨਿਹਚਲ ਛਤਰ ਸ੍ਰੀ ਗੁਰੂ ਰਾਮਦਾਸ ਜੀ ਨੂੰ ਬਖਸ਼ ਦਿੱਤਾ। ਗੁਰੂ ਰਾਮਦਾਸ ਜੀ ਦੇ ਦਰਸ਼ਨ ਪਰਸ ਕੇ, ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਗੁਰੂ ਅਤੇ ਪਰਮਾਣੀਕ ਪੁਰਖ ਵਜੋਂ ਪ੍ਰਗਟ ਹੋਏ, ਜਿਨ੍ਹਾਂ ਦੇ ਪਾਵਨ ਸਰੂਪ ਦੇ ਦਰਸ਼ਨ ਲੋਕੋ! ਖ਼ੁਦ ਆਪਣੀਆਂ ਅੱਖਾਂ ਨਾਲ ਕਰੋ।
2. ਗੁਰਦੇਵ ਜੀ ਦੀ ਸ਼ਖ਼ਸੀਅਤ : ਇਸ ਬਿਆਨ ਦੇ ਦੂਜੇ ਅੰਗ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਾਵਨ ਸ਼ਖ਼ਸੀਅਤ, ਉਨ੍ਹਾਂ ਦੇ ਸ਼ੁਭ ਗੁਣਾਂ ਤੇ ਤੇਜ-ਪਰਤਾਪ ਦਾ ਜ਼ਿਕਰ ਕਰਦਿਆਂ ਦੱਸਿਆ ਹੈ:
ਸਤਿ ਰੂਪੁ ਸਤਿ ਨਾਮੁ ਸਤੁ ਸੰਤੋਖੁ ਧਰਿਓ ਉਰਿ॥…
ਕਲਜੁਗਿ ਜਹਾਜੁ ਅਰਜੁਨੁ ਗੁਰੂ ਸਗਲ ਸ੍ਰਿਸਿ† ਲਗਿ ਬਿਤਰਹੁ॥ (ਪੰਨਾ 1408)
ਅਰਥਾਤ: ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੱਚ ਦੇ ਸਰੂਪ ਪਰਮਾਤਮਾ ਦਾ ਸੱਚਾ ਨਾਮ, ਸੱਚਾਈ ਤੇ ਸੰਤੁਸ਼ਟਤਾ ਦੇ ਸਦਗੁਣ ਆਪਣੇ ਹਿਰਦੇ ਅੰਦਰ ਵਸਾਏ ਹੋਏ ਹਨ। ਉਨ੍ਹਾਂ ਵਿਚ ਪ੍ਰਭੂ ਦੀ ਪਾਵਨ ਜੋਤਿ ਪ੍ਰਤੱਖ ਤੌਰ ’ਤੇ ਜਗਮਗਾ ਰਹੀ ਹੈ। ਉਹ ਪਾਰਸ ਗੁਰੂ ਨੂੰ ਛੋਹ ਕੇ, ਪਰਸਣਯੋਗ ਗੁਰੂ ਨੂੰ ਮਿਲ ਕੇ, ਗੁਰੂ ਤੋਂ ਗੁਰੂ ਅਖਵਾਏ ਹਨ। ਉਹ ਕਲਿਜੁਗ ਵਿਚ ਮਾਨੋ ਜਹਾਜ਼ ਹਨ ਜਿਸ ਦੁਆਰਾ ਸੰਸਾਰ-ਸਾਗਰ ਤੋਂ ਸਫ਼ਲਤਾ ਸਹਿਤ ਪਾਰ ਹੋ ਜਾਓ।
3. ਗੁਰਦੇਵ ਜੀ ਦੀ ਜੀਵਨ-ਜੁਗਤ : ਇਸ ਬਿਆਨ ਦੇ ਤੀਜੇ ਅੰਗ ਵਿਚ ਗੁਰੂ ਜੀ ਦੀ ‘ਗਿਰਹੀ ਮਾਹਿ ਉਦਾਸੁ’ ਵਾਲੀ ਅਵਸਥਾ ਅਤੇ ਨਾਮ-ਲੀਨਤਾ ਦਾ ਵਰਣਨ ਕਰਦਿਆਂ ਦੱਸਿਆ ਹੈ:
ਤਿਹ ਜਨ ਜਾਚਹੁ ਜਗਤ੍ਰ ਪਰ ਜਾਨੀਅਤੁ ਬਾਸੁਰ ਰਯਨਿ ਬਾਸੁ ਜਾ ਕੋ ਹਿਤੁ ਨਾਮ ਸਿਉ॥…
ਮਥੁਰਾ ਕੋ ਪ੍ਰਭੁ ਸ੍ਰਬ ਮਯ ਅਰਜੁਨ ਗੁਰੁ ਭਗਤਿ ਕੈ ਹੇਤਿ ਪਾਇ ਰਹਿਓ ਮਿਲਿ ਰਾਮ ਸਿਉ॥3॥ (ਪੰਨਾ 1408-09)
ਅਰਥਾਤ: ਉਹ ਪ੍ਰਭੂ ਰੰਗ ਵਿਚ ਰੰਗੇ ਹੋਏ, ਕੇਵਲ ਉਸੇ ਦੀ ਪ੍ਰੀਤ ਤੇ ਭਗਤੀ ਵਿਚ ਸਰਸ਼ਾਰ ਹਨ। ਭਾਵੇਂ ਵੇਖਣ ਵਿਚ ਉਹ ਇਕ ਗ੍ਰਿਹਸਤੀ ਜਾਪਦੇ ਹਨ, ਪਰ ਉਹ ਸਭ ਜਗਤੀ ਵਾਸ਼ਨਾਵਾਂ ਤੋਂ ਨਿਰਲੇਪ ਹਨ ਅਤੇ ਪ੍ਰਭੂ ਦੇ ਚਰਨਾਂ ਨਾਲ ਜੁੜੇ ਰਹਿੰਦੇ ਹਨ।
4. ਗੁਰਦੇਵ ਜੀ ਦਾ ਜੀਵਨ ਤੇ ਅਵਿਤਰਨ ਮਨੋਰਥ : ਇਸ ਬਿਆਨ ਦੇ ਚੌਥੇ ਅੰਗ ਵਿਚ ਗੁਰੂ ਅਰਜਨ ਦੇਵ ਜੀ ਦੇ ਜੀਵਨ ਤੇ ਗੁਰੂ-ਪਦ ਧਾਰਨ ਦੇ ਮਨੋਰਥ ਉੱਤੇ ਝਾਤ ਪੁਆਉਂਦਿਆਂ ਦਸਿਆ ਹੈ:
ਅੰਤੁ ਨ ਪਾਵਤ ਦੇਵ ਸਬੈ ਮੁਨਿ ਇੰਦ੍ਰ ਮਹਾ ਸਿਵ ਜੋਗ ਕਰੀ॥ …
ਰਾਮਦਾਸਿ ਗੁਰੂ ਜਗ ਤਾਰਨ ਕਉ ਗੁਰ ਜੋਤਿ ਅਰਜੁਨ ਮਾਹਿ ਧਰੀ॥(ਪੰਨਾ 1409)
ਅਰਥਾਤ: ਸ੍ਰੀ ਗੁਰੂ ਅਰਜਨ ਦੇਵ ਜੀ ਦੀਨਾਂ ਉੱਤੇ ਦਇਆ ਕਰਨ ਵਾਲੇ ਸੁਆਮੀ ਹਨ ਅਤੇ ਹਰੀ ਨਾਮ ਦਾ ਉਪਦੇਸ਼ ਦੇ ਕੇ ਸਮੂਹ ਸੰਗਤ ਨੂੰ ਨਿਹਾਲ ਕਰ ਰਹੇ ਹਨ। ਸ੍ਰੀ ਗੁਰੂ ਰਾਮਦਾਸ ਜੀ ਨੇ ਜਗਤ ਦੇ ਨਿਸਤਾਰੇ ਲਈ ਹੀ ਆਪਣੀ ਗੁਰੂ ਵਾਲੀ ਜੋਤ ਸ੍ਰੀ ਗੁਰੂ ਅਰਜਨ ਦੇਵ ਜੀ ਵਿਚ ਸਮੋ ਦਿੱਤੀ ਹੈ।
5. ਗੁਰਦੇਵ ਜੀ ਦੀ ਅਵਤਾਰੀ ਹਸਤੀ : ਇਸ, ਭਾਵ ਪੰਜਵੇਂ ਅੰਗ ਵਿਚ ਗੁਰੂ ਅਰਜਨ ਦੇਵ ਜੀ ਦੇ ਜਗ ਰੁਸ਼ਨਾਉਣ ਵਾਲੇ ਪਰਮਾਤਮਾ ਦੇ ਅਵਤਾਰੀ ਸਰੂਪ ਦਾ ਜ਼ਿਕਰ ਕਰਦਿਆਂ ਦੱਸਿਆ ਹੈ:
ਜਗ ਅਉਰੁ ਨ ਯਾਹਿ ਮਹਾ ਤਮ ਮੈ ਅਵਤਾਰੁ ਉਜਾਗਰੁ ਆਨਿ ਕੀਅਉ॥…
ਪਰਤਛਿ ਰਿਦੈ ਗੁਰ ਅਰਜੁਨ ਕੈ ਹਰਿ ਪੂਰਨ ਬ੍ਰਹਮਿ ਨਿਵਾਸੁ ਲੀਅਉ॥ (ਪੰਨਾ 1409)
ਅਰਥਾਤ: ਸੰਸਾਰ ਦੇ ਘੁੱਪ ਹਨੇਰੇ ਵਿਚ ਚਾਨਣ ਦੇਣ ਵਾਲੀ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਸਿਵਾ ਕੋਈ ਹੋਰ ਹਸਤੀ ਮੌਜੂਦ ਨਹੀਂ ਸੀ। ਇਸ ਲਈ ਪਰਮਾਤਮਾ ਨੇ ਉਨ੍ਹਾਂ ਨੂੰ ਆਪਣੇ ਅਵਤਾਰ ਦੇ ਤੌਰ ’ਤੇ ਉਜਾਗਰ ਕੀਤਾ ਹੋਇਆ ਹੈ। ਜਿਨ੍ਹਾਂ ਲੋਕਾਂ ਨੇ ਉਨ੍ਹਾਂ ਦਾ ਬਖਸ਼ਿਆ ਹੋਇਆ ਨਾਮ-ਰੂਪ ਅੰਮ੍ਰਿਤ ਛਕਿਆ ਹੈ, ਉਨ੍ਹਾਂ ਦੇ ਬੇਸ਼ੁਮਾਰ ਦੁੱਖ ਦੂਰ ਹੋ ਗਏ ਹਨ। ਵਾਹਿਗੁਰੂ ਨੇ ਉਨ੍ਹਾਂ ਦੇ ਹਿਰਦੇ ਵਿਚ ਪ੍ਰਤੱਖ ਤੌਰ ’ਤੇ ਨਿਵਾਸ ਕੀਤਾ ਹੋਇਆ ਹੈ, ਇਸ ਲਈ ਉਨ੍ਹਾਂ (ਵਾਹਿਗੁਰੂ) ਤੇ ਇਨ੍ਹਾਂ (ਸਤਿਗੁਰੂ) ਵਿਚਾਲੇ ਕੋਈ ਭਿੰਨ-ਭੇਦ ਨਹੀਂ।
6. ਆਵਾਗਵਨ ਨਿਵਾਰੂ ਹਸਤੀ : ਭੱਟ ਮਥਰਾ ਜੀ ਦੇ ਅੱਖੀਂ ਡਿੱਠੇ ਬਿਆਨ ਦੇ ਇਸ ਅੰਗ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਖਸ਼ਿਸ਼ ਦੇ ਕਲਿਆਣਕਾਰੀ ਪੱਖ ਵੱਲ ਧਿਆਨ ਦੁਆਉਂਦਿਆਂ ਫ਼ਰਮਾਇਆ ਹੈ:
ਜਬ ਲਉ ਨਹੀ ਭਾਗ ਲਿਲਾਰ ਉਦੈ ਤਬ ਲਉ ਭ੍ਰਮਤੇ ਫਿਰਤੇ ਬਹੁ ਧਾਯਉ॥ …
ਜਪ੍ਹਉ ਜਿਨ੍ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ॥ (ਪੰਨਾ 1409)
ਅਰਥਾਤ : ਇਹ ਇਕ ਅਸਲੀਅਤ ਹੈ ਕਿ ਪਰਮਾਤਮਾ ਨੇ ਜਗਤ ਦੇ ਨਿਸਤਾਰੇ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਰੂਪ ਵਿਚ ਆਪੇ ਅਵਤਾਰ ਧਾਰਿਆ ਹੈ। ਜਿਨ੍ਹਾਂ ਬੰਦਿਆਂ ਨੇ ਉਨ੍ਹਾਂ ਦਾ ਸਿਮਰਨ ਕੀਤਾ ਹੈ, ਉਹ ਜਨਮ-ਮਰਨ ਦੇ ਗੇੜ ਤੇ ਦੁੱਖ-ਕਲੇਸ਼ ਤੋਂ ਬਰੀ ਹੋ ਗਏ ਹਨ।
7. ਗੁਰਦੇਵ ਜੀ ਦੀ ਪ੍ਰਭੂ-ਅਭੇਦਤਾ : ਭੱਟ ਮਥਰਾ ਜੀ ਨੇ ਇਸ ਬਿਆਨ ਦੇ ਆਖ਼ਰੀ ਅੰਗ ਵਿਚ ਵਾਹਿਗੁਰੂ ਤੇ ਸਤਿਗੁਰੂ ਦੀ ਪਰਸਪਰ ਅਭੇਦਤਾ ਦ੍ਰਿੜ੍ਹ ਕਰਾਉਂਦਿਆਂ, ਅਗਾਧ ਨਿਸਚੇ ਤੇ ਵਿਸ਼ਵਾਸ ਨਾਲ ਆਖਿਆ ਹੈ:
ਕਲਿ ਸਮੁਦ੍ਰ ਭਏ ਰੂਪ ਪ੍ਰਗਟਿ ਹਰਿ ਨਾਮ ਉਧਾਰਨੁ॥…
ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤਖ੍ਹ ਹਰਿ॥ (ਪੰਨਾ 1409)
ਅਰਥਾਤ : ਗੁਰੂ ਅਰਜਨ ਦੇਵ ਜੀ ਮਨੁੱਖ ਜਾਤੀ ਨੂੰ ਕਲਿਜੁਗ ਦੇ ਸਾਗਰ ਤੋਂ ਤਾਰਨ ਤੇ ਪਾਰ ਉਤਾਰਨ ਲਈ ਪਰਮਾਤਮਾ ਦਾ ਨਾਮ-ਰੂਪ ਧਾਰ ਕੇ ਪ੍ਰਗਟ ਹੋਏ ਹਨ। ਉਹ ਪ੍ਰਭੂ ਦੀ ਜੋਤ ਰੂਪ ਹੋ ਕੇ ਵਰਤ ਰਹੇ ਹਨ। ਇਸ ਲਈ ਪ੍ਰਭੂ ਤੇ ਇਨ੍ਹਾਂ ਵਿਚਾਲੇ ਕੋਈ ਭਿੰਨ-ਭੇਦ ਨਹੀਂ। ਇਹ ਤਾਂ, ਭਾਵ ਗੁਰੂ ਅਰਜਨ ਦੇਵ, ਪ੍ਰਗਟ ਤੌਰ ’ਤੇ ਖ਼ੁਦ ਪਰਮਾਤਮਾ ਹੀ ਹਨ।
ਲੇਖਕ ਬਾਰੇ
ਮਰਹੂਮ ਸਰਦਾਰ ਸਰਵਨ ਸਿੰਘ ਅਤੇ ਸਰਦਾਰਨੀ ਤੇਜ ਕੌਰ ਦੇ ਪੁੱਤਰ ਹਰਨਾਮ ਸਿੰਘ ਦਾ ਜਨਮ 1923 ਵਿੱਚ ਪਿੰਡ ਧਮਾਲ ਵਿੱਚ ਹੋਇਆ ਸੀ ਰਾਵਲਪਿੰਡੀ, ਜੋ ਹੁਣ ਪੱਛਮੀ ਪੰਜਬ, ਪਾਕਿਸਤਾਨ ਦਾ ਹਿੱਸਾ ਹੈ। ਉਨ੍ਹਾਂ ਦੀਆਂ ਸਾਰੀਆਂ ਰਚਨਾਵਾਂ ਕਿੱਤੇ ਦੀ ਬਜਾਏ ਵਧੇਰੇ ਧਰਮ, ਲੋਕਧਾਰਾ ਅਤੇ ਧਰਮ ਨਿਰਪੱਖ ਸਾਹਿਤ ਦੇ ਇਤਿਹਾਸ ਬਾਰੇ ਸਮਰਪਣ ਹਨ। ਉਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਪੰਜਾਬ ਯੂਨੀਵਰਸਿਟੀ (1948-58) ਵਿੱਚ ਸੰਪਾਦਕ ਵਜੋਂ ਕੀਤੀ । ਉਹ ਚੰਡੀਗੜ੍ਹ ਵਿਖੇ ਪੰਜਾਬੀ ਅਧਿਐਨ ਵਿਭਾਗ (1959-62) ਦੇ ਪ੍ਰੋਫੈਸਰ ਅਤੇ ਮੁਖੀ ਦੇ ਅਹੁਦੇ 'ਤੇ ਪਹੁੰਚ ਗਏ ਅਤੇ ਫਿਰ ਗੁਰੂ ਨਾਨਕ ਚੇਅਰ ਅਤੇ ਸਿੱਖ ਸਟੱਡੀਜ਼ ਵਿਭਾਗ (1972-84) ਦੇ ਮੁਖੀ ਵਜੋਂ ਪਹੁੰਚ ਗਏ।
- ਹਰਨਾਮ ਸਿੰਘ ਸ਼ਾਨhttps://sikharchives.org/kosh/author/%e0%a8%b9%e0%a8%b0%e0%a8%a8%e0%a8%be%e0%a8%ae-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%a8/June 1, 2007
- ਹਰਨਾਮ ਸਿੰਘ ਸ਼ਾਨhttps://sikharchives.org/kosh/author/%e0%a8%b9%e0%a8%b0%e0%a8%a8%e0%a8%be%e0%a8%ae-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%a8/July 1, 2008
- ਹਰਨਾਮ ਸਿੰਘ ਸ਼ਾਨhttps://sikharchives.org/kosh/author/%e0%a8%b9%e0%a8%b0%e0%a8%a8%e0%a8%be%e0%a8%ae-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%a8/
- ਹਰਨਾਮ ਸਿੰਘ ਸ਼ਾਨhttps://sikharchives.org/kosh/author/%e0%a8%b9%e0%a8%b0%e0%a8%a8%e0%a8%be%e0%a8%ae-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%a8/November 1, 2008
- ਹਰਨਾਮ ਸਿੰਘ ਸ਼ਾਨhttps://sikharchives.org/kosh/author/%e0%a8%b9%e0%a8%b0%e0%a8%a8%e0%a8%be%e0%a8%ae-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%a8/May 1, 2009
- ਹਰਨਾਮ ਸਿੰਘ ਸ਼ਾਨhttps://sikharchives.org/kosh/author/%e0%a8%b9%e0%a8%b0%e0%a8%a8%e0%a8%be%e0%a8%ae-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%a8/April 1, 2010
- ਹਰਨਾਮ ਸਿੰਘ ਸ਼ਾਨhttps://sikharchives.org/kosh/author/%e0%a8%b9%e0%a8%b0%e0%a8%a8%e0%a8%be%e0%a8%ae-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%a8/
- ਹਰਨਾਮ ਸਿੰਘ ਸ਼ਾਨhttps://sikharchives.org/kosh/author/%e0%a8%b9%e0%a8%b0%e0%a8%a8%e0%a8%be%e0%a8%ae-%e0%a8%b8%e0%a8%bf%e0%a9%b0%e0%a8%98-%e0%a8%b6%e0%a8%be%e0%a8%a8/October 1, 2010