editor@sikharchives.org

ਭੱਟ ਸਾਹਿਬਾਨ ਦੀ ਬਾਣੀ – ਸਵਈਏ

ਭੱਟ ਸਹਿਬਾਨ ਗੁਰਬਾਣੀ ਦੇ ਕੀਰਤਨੀਏ ਸਨ ਅਤੇ ਗੁਰਬਾਣੀ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਸਨ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਭਾਈ ਕਾਨ੍ਹ ਸਿੰਘ ਨਾਭਾ ਜੀ ਨੇ ‘ਮਹਾਨ ਕੋਸ਼’ ਵਿਚ ਸੰਸਕ੍ਰਿਤ ਮੂਲ ਦੇ ਸ਼ਬਦ ‘ਭੱਟ’ ਦੇ ਅਰਥ ‘ਉਸਤਤਿ ਪੜ੍ਹਨ ਵਾਲਾ ਕਵਿ’, ‘ਰਾਜ ਦਰਬਾਰ ਵਿਚ ਰਾਜਾ ਅਤੇ ਯੋਧਿਆਂ ਦਾ ਯਸ਼ ਕਹਿਣ ਵਾਲਾ’ ਅਤੇ ‘ਵੇਦ ਗਯਾਤਾ ਪੰਡਿਤ’ ਕੀਤੇ ਹਨ। ‘ਮਹਾਨ ਕੋਸ਼’ ਵਿਚ ‘ਭੱਟਾਚਾਰਯ’ ਸ਼ਬਦ ਦੇ ਅਰਥ ‘ਵੇਦ ਤਤ੍ਵ ਜਾਣਨ ਵਾਲਾ ਮਹਾਨ ਪੰਡਿਤ’ ਲਿਖੇ ਗਏ ਹਨ ਅਤੇ ਕੁਮਾਰਿਲ ਭੱਟ ਦਾ ਜ਼ਿਕਰ ‘ਮੀਮਾਂਸਾ ਸ਼ਾਸਤ੍ਰ ਦਾ ਆਚਾਰਯ’ ਵਜੋਂ ਦਰਜ ਹੈ। ਇਨ੍ਹਾਂ ਸਾਰੇ ਅਰਥਾਂ ਤੋਂ ‘ਭੱਟ’ ਸ਼ਬਦ ਦੀ ਮਹਾਨਤਾ, ਵਿਦਵਤਾ ਅਤੇ ਗਾਇਨ-ਕਲਾ ਦੀ ਸਮਰੱਥਾ ਦਾ ਪ੍ਰਗਟਾਵਾ ਹੁੰਦਾ ਹੈ। ‘ਗੁਰਪ੍ਰਤਾਪ ਸੂਰਜ’ ਦੇ ਕਰਤਾ ਭਾਈ ਸੰਤੋਖ ਸਿੰਘ ਜੀ ਨੇ ਭੱਟ ਸਾਹਿਬਾਨ ਨੂੰ ‘ਵੇਦਾਂ ਦੇ ਅਵਤਾਰ’ ਦਾ ਦਰਜਾ ਦੇ ਕੇ ਵਡਿਆਇਆ ਹੋਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਗਿਆਰਾਂ ਭੱਟ ਸਾਹਿਬਾਨ ਦੇ ਰਚਿਤ 123 ਸਵੱਈਆਂ ਦਾ ਪਾਠ ਕਰਦਿਆਂ ਭਾਈ ਕਾਨ੍ਹ ਸਿੰਘ ਜੀ ਅਤੇ ਭਾਈ ਸੰਤੋਖ ਸਿੰਘ ਜੀ ਵੱਲੋਂ ਦੱਸੇ ਗਏ ਅਰਥ ਚਿੱਟੇ ਦਿਨ ਵਾਂਗ ਸਾਡੀਆਂ ਅੱਖਾਂ ਸਾਹਮਣੇ ਸਾਕਾਰ ਹੋ ਜਾਂਦੇ ਹਨ।

ਭੱਟ ਸਾਹਿਬਾਨ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਹਿੱਸਾ ਹੈ ਅਤੇ ਇਸ ਬਾਣੀ ਅੱਗੇ ਅਸੀਂ ਸਭ ਸਿਰ ਝੁਕਾਉਂਦੇ ਹਾਂ। ਜਦੋਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈ ਜਾਂ ਹੁਕਮ ਲਿਆ ਜਾਂਦਾ ਹੈ ਤਾਂ ਭੱਟ ਸਾਹਿਬਾਨ ਦੀ ਪਵਿੱਤਰ ਬਾਣੀ ਦਾ ਗਾਇਨ ਪਹਿਲਾਂ ਕੀਤਾ ਜਾਂਦਾ ਹੈ। ਇਹ ਪਵਿੱਤਰ ਫ਼ਰਮਾਨ ਗੁਰਬਾਣੀ ਦਾ ਪਾਠ ਕਰਨ ਵਾਲਿਆਂ ਦੀ ਜ਼ਬਾਨ ’ਤੇ ਚੜ੍ਹੇ ਹੋਏ ਹਨ:

ਸੁ ਕਹੁ ਟਲ ਗੁਰੁ ਸੇਵੀਐ ਅਹਿਨਿਸਿ ਸਹਜਿ ਸੁਭਾਇ॥
ਦਰਸਨਿ ਪਰਸਿਐ ਗੁਰੂ ਕੈ ਜਨਮ ਮਰਣ ਦੁਖੁ ਜਾਇ॥ (ਪੰਨਾ 1392)

ਹਮ ਅਵਗੁਣਿ ਭਰੇ ਏਕੁ ਗੁਣੁ ਨਾਹੀ ਅੰਮ੍ਰਿਤੁ ਛਾਡਿ ਬਿਖੈ ਬਿਖੁ ਖਾਈ॥
ਮਾਯਾ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤਿ ਲਗਾਈ॥
ਇਕੁ ਉਤਮ ਪੰਥੁ ਸੁਨਿਓ ਗੁਰ ਸੰਗਤਿ ਤਿਹ ਮਿਲੰਤ ਜਮ ਤ੍ਰਾਸ ਮਿਟਾਈ॥
ਇਕ ਅਰਦਾਸਿ ਭਾਟ ਕੀਰਤਿ ਕੀ ਗੁਰ ਰਾਮਦਾਸ ਰਾਖਹੁ ਸਰਣਾਈ॥ (ਪੰਨਾ 1406)

ਭੱਟ ਭਿਖਾ ਜੀ ਸਮੇਤ ਉਨ੍ਹਾਂ ਦੇ ਭਰਾ, ਭਤੀਜੇ, ਪੁੱਤ ਅਤੇ ਪੋਤਰੇ ਲੱਗਦੇ ਕੁੱਲ ਗਿਆਰਾਂ ਭੱਟ ਸਾਹਿਬਾਨ ਨੇ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਪੰਜਵੀਂ ਪਾਤਸ਼ਾਹੀ ਤਕ ਗੁਰ-ਵਿਅਕਤੀ ਅਤੇ ਗੁਰ-ਜੋਤਿ ਦੋਹਾਂ ਰੂਪਾਂ ਵਿਚ ਗੁਰੂ ਦੀ ਵਡਿਆਈ ਕਰਦਿਆਂ ਸਵੱਈਏ ਉਚਾਰੇ ਹਨ। ਭਾਵੇਂ ਇਸ ਰਚਨਾ ਵਿਚ ਕਬਿੱਤ, ਸੋਰਠਾ, ਝੂਲਣਾ ਆਦਿ ਛੰਦ ਵੀ ਮੌਜੂਦ ਹਨ ਪਰ ਬਹੁਗਿਣਤੀ ਵਿਚ ਸਵੱਈਏ ਹੋਣ ਕਰਕੇ ਗੁਰੂ ਸਾਹਿਬ ਨੇ ਸੰਪਾਦਨ ਕਰਦਿਆਂ ਇਸ ਬਾਣੀ ਨੂੰ ‘ਸਵਈਏ’ ਦਾ ਸਿਰਲੇਖ ਹੀ ਦਿੱਤਾ ਹੈ।

ਸਵਯਾ ਜਾਂ ਸਵਾਈਆ ਹਿੰਦੀ ਦਾ ਇਕ ਪ੍ਰਸਿੱਧ ਛੰਦ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ‘ਮਹਾਨ ਕੋਸ਼’ ਵਿਚ ਇਸ ਛੰਦ ਦੇ 34 ਰੂਪ ਕਾਵਿ-ਉਦਾਹਰਣਾਂ ਦੇ ਕੇ ਦਰਜ ਕੀਤੇ ਹੋਏ ਹਨ। ਪ੍ਰੋ. ਪਿਆਰਾ ਸਿੰਘ ਪਦਮ ਦੀ ਮੁੱਖ ਸੰਪਾਦਨਾ ਹੇਠ ਸੰਪਾਦਿਤ ‘ਗੁਰੂ ਗ੍ਰੰਥ ਸੰਕੇਤ ਕੋਸ਼’ ਵਿਚ ਵੀ ਸਵੱਈਏ ਰੂਪੀ ਛੰਦ ਦੇ ਦੋ ਰੂਪ ਦੱਸੇ ਗਏ ਹਨ ਇਕ ਮਾਤ੍ਰਿਕ ਅਤੇ ਦੂਜਾ ਵਰਣਕ। ਦਸ਼ਮੇਸ਼ ਪਿਤਾ ਜੀ ਦੇ ਪਾਵਨ ਅਤੇ ਖ਼ੂਬਸੂਰਤ ਸਵਯੇ ਪੜ੍ਹ ਕੇ ਜਗਿਆਸੂ ਅਤੇ ਸ਼ਰਧਾਲੂ ਵਜਦ ਵਿਚ ਆ ਜਾਂਦੇ ਹਨ। ਭੱਟ ਸਾਹਿਬਾਨ ਦੇ ਸਵੱਈਆਂ ਤੋਂ ਪਹਿਲਾਂ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਰਚਿਤ 20 ਸਵੱਈਏ ਦਰਜ ਹਨ, ਇਨ੍ਹਾਂ ਨੂੰ ‘ਸਵਯੇ ਸ੍ਰੀ ਮੁਖ੍ਹਬਾਕ ਮਹਲਾ 5’ ਦਾ ਸਿਰਲੇਖ ਦਿੱਤਾ ਗਿਆ ਹੈ। ਇਸ ਤਰ੍ਹਾਂ ਇਸ ਕਾਵਿ-ਰੂਪ ਨੂੰ ‘ਸਵਯੇ’ ਅਤੇ ‘ਸਵਈਏ’ ਦੋਹਾਂ ਤਰੀਕਿਆਂ ਨਾਲ ਲਿਖਿਆ ਗਿਆ ਹੈ।

ਭੱਟ ਸਾਹਿਬਾਨ ਦੀ ਬਾਣੀ ਨੂੰ ਵਿਚਾਰਨ ਸਮੇਂ ਇਸ ਦੇ ਮਿਥਿਹਾਸਕ, ਇਤਿਹਾਸਕ, ਸਿਧਾਂਤਕ ਅਤੇ ਸਾਹਿਤਕ ਪੱਖਾਂ ਨੂੰ ਸਾਹਮਣੇ ਰੱਖ ਕੇ ਵਿਚਾਰ ਕੀਤੀ ਜਾ ਸਕਦੀ ਹੈ।

ਮਿਥਿਹਾਸਕ ਪੱਖ

ਗੁਰੂ ਸਾਹਿਬਾਨ, ਭਗਤ ਸਾਹਿਬਾਨ ਅਤੇ ਭਾਈ ਗੁਰਦਾਸ ਜੀ ਦੀ ਰਚਨਾ ਦੀ ਤਰ੍ਹਾਂ ਭੱਟ ਸਾਹਿਬਾਨ ਦੀ ਬਾਣੀ ਵਿਚ ਵੀ ਮਿਥਿਹਾਸਕ ਹਵਾਲੇ ਸੰਕੇਤਕ ਰੂਪ ਵਿਚ ਥਾਂ-ਥਾਂ ਦਿੱਤੇ ਗਏ ਹਨ। ਬ੍ਰਹਮਾ, ਮਹਾਦੇਉ (ਸ਼ਿਵ ਜੀ), ਇੰਦ੍ਰਾਦ, ਦੇਵ ਤੇਤੀਸ (ਤੇਤੀ ਕਰੋੜ ਦੇਵਤੇ), ਭਗਤ ਪ੍ਰਹਿਲਾਦਿਕ, ਜਨਕਾਦਿ, ਸਨਕਾਦਿ, ਕਪਿਲਾਦਿ, ਧ੍ਰੂ ਭਗਤ, ਧੋਮ ਰਿਸ਼ੀ, ਗੌਤਮ ਰਿਸ਼ੀ, ਪਰਸ ਰਾਮ, ਭੀਸ਼ਮ ਪਿਤਾਮਾ, ਉਗਰਸੈਣ, ਊਧੋ, ਅਕ੍ਰੂਰ, ਬਿਦਰ, ਸੁਦਾਮਾ, ਸੁਖਦੇਉ (ਵਿਆਸ ਰਿਸ਼ੀ ਦਾ ਪੁੱਤਰ), ਪਰੀਖਤ (ਅਭਿਮੰਨਯੂ ਦਾ ਪੁੱਤਰ, ਅਰਜੁਨ ਦਾ ਪੋਤਰਾ), ਦਰੋਪਤੀ, ਗਨਿਕਾ, ਅੰਬਰੀਕ, ਬਲਿ ਰਾਜਾ, ਵਾਮਨ ਅਵਤਾਰ, ਰਾਜਾ ਭਰਥਰੀ, ਰਘੁ ਸ੍ਰੀ ਰਾਮ ਚੰਦ ਜੀ, ਸ੍ਰੀ ਕ੍ਰਿਸ਼ਨ ਜੀ, ਸ਼ੇਸ਼ਨਾਗ, ਰਾਜਾ ਜਨਕ ਆਦਿ ਕਿੰਨੇ ਹੀ ਨਾਂ ਹਨ ਜੋ ਭੱਟ ਸਾਹਿਬਾਨ ਦੀ ਬਾਣੀ ਵਿਚ ਦਰਜ ਹਨ। ਇਹ ਸਪੱਸ਼ਟ ਹੀ ਹੈ ਕਿ ਰਮਾਇਣ ਅਤੇ ਮਹਾਭਾਰਤ ਦੋਹਾਂ ਨਾਲ ਸੰਬੰਧਿਤ ਪਾਤਰਾਂ ਅਤੇ ਕਥਾਵਾਂ ਨੂੰ ਇਸ ਬਾਣੀ ਵਿਚ ਸੰਕੇਤਕ ਤੌਰ ’ਤੇ ਵਰਤਿਆ ਗਿਆ ਹੈ। ਇਹ ਹਵਾਲੇ ਆਮ ਤੌਰ ’ਤੇ ਦੋ ਰੂਪਾਂ ਵਿਚ ਆਏ ਹਨ। ਪਹਿਲਾ ਰੂਪ ਇਹ ਹੈ ਕਿ ਸਾਰੇ ਦੇਵੀ-ਦੇਵਤੇ, ਸਿਧ-ਸਾਧਿਕ, ਨਾਥ, ਰਿਸ਼ੀ-ਮੁਨੀ ਅਤੇ ਭਗਤ ਗੁਰੂ ਨਾਨਕ ਜੀ ਦੀ ਅਕਾਲ ਪੁਰਖ ਦੀ ਜੋਤਿ ਦੇ ਰੂਪ ਵਿਚ ਮਹਿਮਾ ਕਰਦੇ ਆ ਰਹੇ ਹਨ। ਦੂਜੇ ਪਾਸੇ ਵਿਚ ਇਨ੍ਹਾਂ ਹਵਾਲਿਆਂ ਰਾਹੀਂ ਨੇਕੀ ਅਤੇ ਬਦੀ ਦੀ ਹੁੰਦੀ ਆਈ ਟੱਕਰ ਨੂੰ ਵੀ ਦਰਸਾਇਆ ਗਿਆ ਹੈ ਅਤੇ ਜਿੱਤ ਨੇਕੀ, ਸਚਾਈ ਅਤੇ ਭਗਤੀ ਦੀ ਹੁੰਦੀ ਦਿਖਾਈ ਹੈ।

ਚਹੁੰ ਜੁੱਗਾਂ ਦਾ ਵਰਣਨ ਕਰਦੇ ਹੋਏ ਭੱਟ ਕਲਸਹਾਰ ਜੀ ਸ੍ਰੀ ਗੁਰੂ ਨਾਨਕ ਸਾਹਿਬ ਦੀ ਸਦੀਵੀ ਜੋਤਿ ਦੀ ਸਿਫ਼ਤ-ਸਲਾਹ ਇਉਂ ਕਰਦੇ ਹਨ:

ਸਤਜੁਗਿ ਤੈ ਮਾਣਿਓ ਛਲਿਓ ਬਲਿ ਬਾਵਨ ਭਾਇਓ॥
ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ॥
ਦੁਆਪੁਰਿ ਕ੍ਰਿਸਨ ਮੁਰਾਰਿ ਕੰਸੁ ਕਿਰਤਾਰਥੁ ਕੀਓ॥
ਉਗ੍ਰਸੈਣ ਕਉ ਰਾਜੁ ਅਭੈ ਭਗਤਹ ਜਨ ਦੀਓ॥
ਕਲਿਜੁਗਿ ਪ੍ਰਮਾਣੁ ਨਾਨਕ ਗੁਰੁ ਅੰਗਦੁ ਅਮਰੁ ਕਹਾਇਓ॥
ਸ੍ਰੀ ਗੁਰੂ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ॥ (ਪੰਨਾ 1390)

ਉਪਰੋਕਤ ਸਵੱਈਏ ਦੀ ਅੰਤਲੀ ਤੁਕ ਸਾਰੇ ਸਵਈਏ ਦਾ ਅਸਲ ਭਾਵ ਪ੍ਰਗਟ ਕਰਦੀ ਹੈ। ਅਕਾਲ ਪੁਰਖ (ਆਦਿ ਪੁਰਖ) ਦੀ ਇਹ ਇੱਛਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਰਾਜ ਅਬਿਚਲ ਅਤੇ ਅਟੱਲ ਹੈ। ਇਸੇ ਕਰਕੇ ਗੁਰੂ ਨਾਨਕ ਸਾਹਿਬ ਕੇਵਲ ਕਲਿਜੁਗ ਵਿਚ ਹੀ ਨਹੀਂ ਬਲਕਿ ਸਤਿਜੁਗ, ਤ੍ਰੇਤੇ ਅਤੇ ਦੁਆਪਰ ਯੁਗਾਂ ਵਿਚ ਵੀ ਮੌਜੂਦ ਸਨ। ਕਲਸਹਾਰ ਜੀ ਜਦੋਂ ਗੁਰੂ ਸਾਹਿਬ ਨੂੰ ਵਾਮਨ ਅਵਤਾਰ, ਸ੍ਰੀ ਰਾਮ ਅਤੇ ਸ੍ਰੀ ਕ੍ਰਿਸ਼ਨ ਦੇ ਰੂਪ ਵਿਚ ਦੇਖਦੇ ਹਨ ਤਾਂ ਇਸ ਦਾ ਭਾਵ ਇਹੀ ਹੈ ਕਿ ਗੁਰੂ ਨਾਨਕ ਦੀ ਜੋਤਿ ਸਦੀਵੀ ਹੈ। ਕਿੰਨੀ ਡੂੰਘੀ ਸੋਚ ਹੈ ਕਿ ਕਲਸਹਾਰ ਜੀ ਦੀ ਕਿ ਆਪ ਜੀ ਨੇ ਸ਼੍ਰੀ ਕ੍ਰਿਸ਼ਨ ਜੀ ਦੇ ਹੱਥੋਂ ਕੰਸ ਦਾ ਮਰਨਾ ਨਹੀਂ ਲਿਖਿਆ, ਕਿਰਤਾਰਥ ਹੋਣਾ ਲਿਖਿਆ ਹੈ। ਇਸ ਤਰ੍ਹਾਂ ਭਗਵਾਨ ਨੇ ਪਾਪੀ ਦਾ ਵੀ ਕਲਿਆਣ ਕੀਤਾ ਹੈ ਅਤੇ ਆਪਣੇ ਭਗਤ ਨੂੰ ਰਾਜਗੱਦੀ ’ਤੇ ਬਿਠਾਇਆ ਹੈ। ਜ਼ਾਹਰ ਹੈ ਕਿ ਇਸ ਸਵੱਈਏ ਰਾਹੀਂ ਭੱਟ ਕਲਸਹਾਰ ਜੀ ਪਰਮਾਤਮਾ ਦੀ ਸਦੀਵਤਾ, ਨੇਕੀ ਅਤੇ ਸਚਾਈ ਦੀ ਜੈ-ਜੈ ਕਾਰ ਕਰ ਰਹੇ ਹਨ, ਇਹੀ ਗੁਰੂ ਨਾਨਕ ਪਾਤਸ਼ਾਹ ਦੀ ਸੱਚੀ ਸਿਫ਼ਤ-ਸਲਾਹ ਹੈ।

ਮਿਥਿਹਾਸਕ ਹਵਾਲਿਆਂ ਨਾਲ ਭੱਟ ਨਲ੍ਹ ਜੀ ਪਰਮਾਤਮਾ ਦੁਆਰਾ ਆਪਣੇ ਭਗਤਾਂ ਦੀ ਲਾਜ ਰੱਖਣ ਦੀ ਗੱਲ ਕਰਦੇ ਹੋਏ ਗੁਰੂ ਰਾਮਦਾਸ ਜੀ ਨੂੰ ਆਪਣੀ ਲਾਜ ਰੱਖਣ ਲਈ ਜੋਦੜੀ ਕਰਦੇ ਹਨ:

ਅਬ ਰਾਖਹੁ ਦਾਸ ਭਾਟ ਕੀ ਲਾਜ॥
ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਰਨਾਖਸ ਫਾਰੇ ਕਰ ਆਜ॥
ਫੁਨਿ ਦ੍ਰੋਪਤੀ ਲਾਜ ਰਖੀ ਹਰਿ ਪ੍ਰਭ ਜੀ ਛੀਨਤ ਬਸਤ੍ਰ ਦੀਨ ਬਹੁ ਸਾਜ॥
ਸੋਦਾਮਾ ਅਪਦਾ ਤੇ ਰਾਖਿਆ ਗਨਿਕਾ ਪੜ੍ਹਤ ਪੂਰੇ ਤਿਹ ਕਾਜ॥
ਸ੍ਰੀ ਸਤਿਗੁਰ ਸੁਪ੍ਰਸੰਨ ਕਲਜੁਗ ਹੋਇ ਰਾਖਹੁ ਦਾਸ ਭਾਟ ਕੀ ਲਾਜ॥ (ਪੰਨਾ 1400)

ਪ੍ਰਹਿਲਾਦ ਭਗਤ ਦੀ ਹਰਨਾਖ਼ਸ਼ ਤੋਂ ਰੱਖਿਆ ਕੀਤੀ, ਦ੍ਰੋਪਤੀ ਦੇ ਚੀਰ-ਹਰਨ ਸਮੇਂ ਉਸ ਦੀ ਲਾਜ ਰੱਖੀ, ਸੁਦਾਮੇ ਨੂੰ ਬਿਪਤਾ ਤੋਂ ਬਚਾਇਆ ਅਤੇ ਗਨਿਕਾ ਵੱਲੋਂ ਰਾਮ-ਨਾਮ ਪੜ੍ਹੇ ਜਾਣ ਕਰਕੇ ਉਸ ਦੀ ਮੁਕਤੀ ਹੋਈ। ਭੱਟ ਨਲ੍ਹ ਜੀ ਪਰਮਾਤਮਾ ਵੱਲੋਂ ਉਪਰੋਕਤ ਭਗਤਾਂ ਦੀ ਲਾਜ ਰੱਖਣ ਦੀ ਉਦਾਹਰਣ ਦਿੰਦੇ ਹੋਏ ਬੇਨਤੀ ਕਰਦੇ ਹਨ ਕਿ ਜਿਵੇਂ ਗੁਰੂ-ਜੋਤਿ ਦੇ ਰੂਪ ਵਿਚ ਗੁਰੂ ਸਾਹਿਬ ਨੇ ਪਹਿਲਾਂ ਹੋਏ ਭਗਤਾਂ ਦੀ ਲਾਜ ਰੱਖੀ ਸੀ ਉਵੇਂ ਹੀ ਹੁਣ ਕਲਿਜੁਗ ਵਿਚ ਉਹ ਦਾਸ ਨਲ੍ਹ ਦੀ ਲਾਜ ਰੱਖਣ।

ਇੱਥੇ ਇਹ ਗੱਲ ਧਿਆਨ ਵਿਚ ਰੱਖਣੀ ਬਹੁਤ ਜ਼ਰੂਰੀ ਹੈ ਕਿ ਭੱਟ ਸਹਿਬਾਨ ਗੁਰਬਾਣੀ ਦੇ ਕੀਰਤਨੀਏ ਸਨ ਅਤੇ ਗੁਰਬਾਣੀ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਸਨ। ਆਪ ਸਾਰਿਆਂ ਨੇ ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨ ਦੀ ਬਾਣੀ ਦੀਆਂ ਰਮਜ਼ਾਂ ਨੂੰ ਜਾਣਿਆ ਅਤੇ ਸਮਝਿਆ ਹੋਇਆ ਸੀ। ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨ ਵੱਲੋਂ ਧ੍ਰੂ ਭਗਤ ਅਤੇ ਪ੍ਰਹਿਲਾਦ ਭਗਤ ਦੀ ਮਹਿਮਾ ਉਨ੍ਹਾਂ ਦੇ ਸਾਹਮਣੇ ਸੀ। ਦੇਵੀ ਦੇਵਤਿਆਂ, ਰਿਸ਼ੀਆਂ-ਮੁਨੀਆਂ, ਸਿੱਧਾਂ-ਯੋਗੀਆਂ ਆਦਿ ਵੱਲੋਂ ਪਰਮਾਤਮਾ ਦਾ ਗੁਣ ਗਾਇਨ ਕਰਨ ਦਾ ਜ਼ਿਕਰ ਵੀ ਉਨ੍ਹਾਂ ਨੇ ਪੜ੍ਹਿਆ ਅਤੇ ਗਾਇਆ ਹੋਇਆ ਸੀ। ਇਸੇ ਲਈ ਭੱਟ ਸਾਹਿਬਾਨ ਉਸੇ ਪ੍ਰੰਪਰਾ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਸਤਿਗੁਰਾਂ ਦੀ ਵਡਿਆਈ ਵਿਚ ਸਵੱਈਆਂ ਦੀ ਰਚਨਾ ਕਰ ਰਹੇ ਸਨ। ਮਿਥਿਹਾਸਕ ਕਥਾਵਾਂ ਅਤੇ ਸੰਕੇਤਾਂ ਦੇ ਬਾਹਰੀ ਵਰਣਨ ਨਾਲੋਂ ਉਨ੍ਹਾਂ ਕਥਾਵਾਂ ਅਤੇ ਸੰਕੇਤਾਂ ਦੀ ਅੰਤਰੀਵੀ ਰਮਜ਼ ਨੂੰ ਸਮਝਣਾ ਵਧੇਰੇ ਜ਼ਰੂਰੀ ਹੁੰਦਾ ਹੈ। ਪ੍ਰਤੀਕਾਂ, ਅਲੰਕਾਰਾਂ ਅਤੇ ਦ੍ਰਿਸ਼ਟਾਂਤਾਂ ਦੇ ਗਹਿਣਿਆਂ ਨਾਲ ਅੰਦਰਲੇ ਤੱਤ ਨੂੰ ਚੰਗੀ ਤਰ੍ਹਾਂ ਸਮਝਾਉਣ ਵਿਚ ਕਵੀਆਂ ਨੂੰ ਆਸਾਨੀ ਹੁੰਦੀ ਹੈ। ਭੱਟ ਸਾਹਿਬਾਨ ਨੇ ਆਪਣੇ-ਆਪ ਨੂੰ ਕਵਿ ਅਤੇ ਕਵਿਅਣ ਕਹਿਣ ਦਾ ਫ਼ਖ਼ਰ ਵੀ ਹਾਸਲ ਕੀਤਾ ਹੋਇਆ ਹੈ। ਭੱਟ ਸਾਹਿਬਾਨ ਨਿਰਸੰਦੇਹ ਗੁਰੂ ਸਾਹਿਬਾਨ ਦੀ ਸਿਫ਼ਤ-ਸਲਾਹ ਕਰਨ ਲਈ ਮਿਥਿਹਾਸ ਦਾ ਸਹਾਰਾ ਲੈ ਰਹੇ ਹਨ। ਕਿਉਂਕਿ ਕਾਵਿਕ-ਅਮੀਰੀ ਦੇ ਪੱਖੋਂ, ਵਿਰਸੇ ਅਤੇ ਪਰੰਪਰਾ ਦੀ ਕਦਰ ਦੇ ਪੱਖੋਂ ਅਤੇ ਕਵਿਤਾ ਨੂੰ ਸ਼ਿੰਗਾਰਨ ਦੇ ਪੱਖੋਂ ਇਹ ਉੱਦਮ ਅਤਿ-ਸਰਾਹੁਣ ਯੋਗ ਹੈ। ਪ੍ਰਤੀਕਾਂ ਦੇ ਰੂਪ ਵਿਚ ਭੱਟ ਸਾਹਿਬਾਨ ਗੁਰਮਤਿ ਦੇ ਅਨਮੋਲ ਸਿਧਾਂਤਾਂ ਨੂੰ ਵੀ ਦ੍ਰਿੜ੍ਹ ਕਰਵਾਈ ਜਾ ਰਹੇ ਹਨ। ਇਸ ਤਰ੍ਹਾਂ ਮਿਥਿਹਾਸਕ ਸੰਕੇਤ ਆਪ ਦੀ ਬਾਣੀ ਨੂੰ ਸਿਧਾਂਤਕ ਅਤੇ ਸਾਹਿਤਕ ਪੱਖੋਂ ਉਚਤਮ ਦਰਜੇ ਦੀ ਰਚਨਾ ਬਣਾ ਦਿੰਦੇ ਹਨ ਅਤੇ ਇਸ ਬਾਣੀ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸੁਸ਼ੋਭਿਤ ਕਰ ਦੇਣਾ ਇਕ ਅਜਿਹਾ ਸਨਮਾਨ ਹੈ ਜਿਸ ਦੀ ਪ੍ਰਸ਼ੰਸਾ ਸ਼ਬਦਾਂ ਵਿਚ ਕੀਤੀ ਹੀ ਨਹੀਂ ਜਾ ਸਕਦੀ।

ਇਤਿਹਾਸਕ ਪੱਖ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਜਿਨ੍ਹਾਂ ਭਗਤ ਸਾਹਿਬਾਨ ਦੀ ਬਾਣੀ ਦਰਜ ਹੈ ਉਹ ਇਤਿਹਾਸ ਦਾ ਹਿੱਸਾ ਹਨ। ਮਿਥਿਹਾਸ ਦੀ ਮਹੱਤਤਾ ਇਹ ਹੈ ਕਿ ਉਹ ਇਤਿਹਾਸ ਦਾ ਵਿਰਸਾ ਹੈ ਅਤੇ ਉਸ ਦੀ ਪਰੰਪਰਾ ਹੈ। ਇਤਿਹਾਸ ਵਿਚ ਅਸੀਂ ਤੱਥਾਂ ਦੇ ਵਧੇਰੇ ਨੇੜੇ ਹੁੰਦੇ ਹਾਂ। ਉਂਞ ਵੀ ਸਮੇਂ ਦੇ ਵਿਕਾਸ ਨੇ ਛਾਪੇਖਾਨੇ ਨੂੰ ਜਨਮ ਦਿੱਤਾ ਅਤੇ ਇਤਿਹਾਸ ਛਪੀ ਹੋਈ ਜਾਂ ਲਿਖੀ ਹੋਈ ਸਮੱਗਰੀ ਦੇ ਰੂਪ ਵਿਚ ਸਾਂਭਿਆ ਜਾਣ ਲੱਗਾ। ਹੁਣ ਤਾਂ ਆਧੁਨਿਕ ਤਕਨਾਲੋਜੀ ਨੇ ਤੱਥਾਂ ਨੂੰ ਸਾਂਭਣ ਦਾ ਕੰਮ ਹੋਰ ਵੀ ਸੌਖਾ ਬਣਾ ਦਿੱਤਾ ਹੈ। ਭਗਤ ਸਾਹਿਬਾਨ ਅਤੇ ਗੁਰੂ ਸਾਹਿਬਾਨ ਦਾ ਸਾਡੇ ’ਤੇ ਇਹ ਉਪਕਾਰ ਹੈ ਕਿ ਆਪ ਨੇ ਲਿਖਤੀ ਰੂਪ ਵਿਚ ਅਤੇ ਸੰਪਾਦਿਤ ਰੂਪ ਵਿਚ ਗੁਰਬਾਣੀ ਨੂੰ ਸਦੀਵੀ ਤੌਰ ’ਤੇ ਸੰਭਾਲ ਦਿੱਤਾ ਹੈ। ਭੱਟ ਸਾਹਿਬਾਨ ਨੇ ਇਸ ਲਿਖਤੀ ਵਿਰਾਸਤ ਨੂੰ ਕੀਰਤਨ ਰਾਹੀਂ ਗਾਵਿਆ ਅਤੇ ਸੁਣਿਆ ਹੈ। ਇਸ ਕਰਕੇ ਸਵੱਈਆਂ ਦੀ ਰਚਨਾ ਕਰਦੇ ਸਮੇਂ ਆਪ ਨੇ ਭਗਤ ਸਾਹਿਬਾਨ ਅਤੇ ਗੁਰੂ ਸਾਹਿਬਾਨ ਬਾਰੇ ਸੰਕੇਤ ਰੂਪ ਵਿਚ ਇਤਿਹਾਸਕ ਤੱਥ ਵੀ ਸਾਡੇ ਸਾਹਮਣੇ ਲਿਆਂਦੇ ਹਨ।

ਭੱਟ ਕਲਸਹਾਰ ਜੀ ਭਗਤ ਸਾਹਿਬਾਨ ਦਾ ਜ਼ਿਕਰ ਕਰਦੇ ਹੋਏ ਫ਼ਰਮਾਉਂਦੇ ਹਨ:

ਗੁਣ ਗਾਵੈ ਰਵਿਦਾਸੁ ਭਗਤੁ ਜੈਦੇਵ ਤ੍ਰਿਲੋਚਨ॥
ਨਾਮਾ ਭਗਤੁ ਕਬੀਰੁ ਸਦਾ ਗਾਵਹਿ ਸਮ ਲੋਚਨ॥
ਭਗਤੁ ਬੇਣਿ ਗੁਣ ਰਵੈ ਸਹਜਿ ਆਤਮ ਰੰਗੁ ਮਾਣੈ॥
ਜੋਗ ਧਿਆਨਿ ਗੁਰ ਗਿਆਨਿ ਬਿਨਾ ਪ੍ਰਭ ਅਵਰੁ ਨ ਜਾਣੈ॥ (ਪੰਨਾ 1390)

ਭੱਟ ਜਾਲਪ ਜੀ ਭਗਤ ਸਾਹਿਬਾਨ ਦਾ ਜ਼ਿਕਰ ਇਉਂ ਕਰਦੇ ਹਨ:

ਜਿ ਮਤਿ ਗਹੀ ਜੈਦੇਵਿ ਜਿ ਮਤਿ ਨਾਮੈ ਸੰਮਾਣੀ॥
ਜਿ ਮਤਿ ਤ੍ਰਿਲੋਚਨ ਚਿਤਿ ਭਗਤ ਕੰਬੀਰਹਿ ਜਾਣੀ॥ (ਪੰਨਾ 1394)

ਭੱਟ ਬਲ੍‍ ਜੀ ਆਪਣੇ ਸਵੱਈਏ ਵਿਚ ਭਗਤ ਸਾਹਿਬਾਨ ਦੀ ਲੜੀ ਮਿਥਿਹਾਸ ਵਿਚ ਹੋਏ ਭਗਤ ਸਾਹਿਬਾਨ ਦੀ ਲੜੀ ਨਾਲ ਜੋੜ ਕੇ ਇਸ ਤਰ੍ਹਾਂ ਫ਼ਰਮਾਉਂਦੇ ਹਨ:

ਨਾਰਦੁ ਧ੍ਰੂ ਪ੍ਰਹਲਾਦੁ ਸੁਦਾਮਾ ਪੁਬ ਭਗਤ ਹਰਿ ਕੇ ਜੁ ਗਣੰ॥
ਅੰਬਰੀਕੁ ਜਯਦੇਵ ਤ੍ਰਿਲੋਚਨੁ ਨਾਮਾ ਅਵਰੁ ਕਬੀਰੁ ਭਣੰ॥
ਤਿਨ ਕੌ ਅਵਤਾਰੁ ਭਯਉ ਕਲਿ ਭਿੰਤਰਿ ਜਸੁ ਜਗਤ੍ਰ ਪਰਿ ਛਾਇਯਉ॥
ਸ੍ਰੀ ਗੁਰ ਰਾਮਦਾਸ ਜਯੋ ਜਯ ਜਗ ਮਹਿ ਤੈ ਹਰਿ ਪਰਮ ਪਦੁ ਪਾਇਯਉ॥ (ਪੰਨਾ 1405)

ਭੱਟ ਕੀਰਤ ਜੀ ਦਾ ਫ਼ਰਮਾਨ ਹੈ:

ਧ੍ਰੂ ਪ੍ਰਹਲਾਦ ਕਬੀਰ ਤਿਲੋਚਨ ਨਾਮੁ ਲੈਤ ਉਪਜ੍ਹੋ ਜੁ ਪ੍ਰਗਾਸੁ॥ (ਪੰਨਾ 1409)

ਉਪਰੋਕਤ ਸੰਕੇਤਕ ਹਵਾਲੇ ਭਗਤ ਰਵਿਦਾਸ ਜੀ, ਭਗਤ ਜੈਦੇਵ ਜੀ, ਭਗਤ ਤ੍ਰਿਲੋਚਨ ਜੀ, ਭਗਤ ਕਬੀਰ ਜੀ, ਭਗਤ ਬੇਣੀ ਜੀ ਅਤੇ ਭਗਤ ਨਾਮਦੇਵ ਜੀ ਸਬੰਧੀ ਦਿੱਤੇ ਗਏ ਹਨ। ਭੱਟ ਸਾਹਿਬਾਨ ਪਹਿਲੀ ਗੱਲ ਤਾਂ ਇਹ ਦੱਸ ਰਹੇ ਹਨ ਕਿ ਭਗਤ ਸਾਹਿਬਾਨ ਨਾਰਦ, ਧ੍ਰੂ ਭਗਤ, ਭਗਤ ਪ੍ਰਹਿਲਾਦ, ਸੁਦਾਮਾ, ਅੰਬਰੀਕ ਆਦਿ ਪਰਮਾਤਮਾ ਦੇ ਭਗਤਾਂ ਦੀ ਲੜੀ ਦਾ ਹੀ ਹਿੱਸਾ ਹਨ। ਇਸ ਤਰ੍ਹਾਂ ਉਹ ਇਹ ਵੀ ਦੱਸ ਰਹੇ ਹਨ ਕਿ ਪਰਮਾਤਮਾ ਦੀ ਸਿਫ਼ਤ-ਸਲਾਹ ਕਰਨ ਵਾਲੇ ਭਗਤ ਹਰ ਇਕ ਜੁੱਗ ਵਿਚ ਹੋਏ ਹਨ। ਤੀਜੀ ਗੱਲ ਉਹ ਇਹ ਦੱਸ ਰਹੇ ਹਨ ਕਿ ਹਰੀ ਦੇ ਗੁਣ ਗਾਉਣ ਵਾਲੇ ਭਗਤ ਜਗਤ ਵਿਚ ਸਤਿਕਾਰ ਅਤੇ ਜੱਸ ਹਾਸਲ ਕਰਦੇ ਹਨ। ਹਰੀ ਦੀ ਮਤਿ ’ਤੇ ਚੱਲਦਿਆਂ ਉਹ ਲੋਭ, ਕ੍ਰੋਧ, ਤ੍ਰਿਸਨਾ, ਹੰਕਾਰ ਆਦਿ ਤੋਂ ਨਿਰਲੇਪ ਹੋ ਜਾਂਦੇ ਹਨ ਅਤੇ ਉਹ ਹਰੀ-ਜੱਸ ਦੀ ਜੁਗਤ ਨੂੰ ਜਾਣ ਲੈਂਦੇ ਹਨ। ਇਸ ਤਰ੍ਹਾਂ ਭੱਟ ਸਾਹਿਬਾਨ ਭਗਤ ਸਾਹਿਬਾਨ ਦੇ ਜੀਵਨ ਦੀਆਂ ਘਟਨਾਵਾਂ ਨੂੰ ਬਿਆਨ ਕਰਨ ਦੀ ਥਾਂ ਉਨ੍ਹਾਂ ਦੀ ਅਧਿਆਤਮਕ ਅਵਸਥਾ ਅਤੇ ਉਨ੍ਹਾਂ ਦੇ ਗੁਣਾਂ ਦਾ ਵਰਣਨ ਕਰਨਾ ਵਧੇਰੇ ਮਹੱਤਤਾ ਵਾਲਾ ਸਮਝਦੇ ਹਨ। ਇਤਿਹਾਸ ਕੇਵਲ ਘਟਨਾਵਾਂ ਦੇ ਸੰਗ੍ਰਹਿ ਨੂੰ ਹੀ ਨਹੀਂ ਕਿਹਾ ਜਾ ਸਕਦਾ। ਇਤਿਹਾਸ ਸੰਬੰਧਿਤ ਸਮਿਆਂ ਦੀਆਂ ਮਹਾਨ ਸ਼ਖ਼ਸੀਅਤਾਂ ਦੇ ਗੁਣਾਂ ਅਤੇ ਨੈਤਿਕ ਕਦਰਾਂ-ਕੀਮਤਾਂ ਦੇ ਬਿਆਨ ਨੂੰ ਵੀ ਕਿਹਾ ਜਾਂਦਾ ਹੈ। ਸਮਾਜਿਕ ਅਤੇ ਧਾਰਮਿਕ ਅਵਸਥਾਵਾਂ ਦਾ ਜ਼ਿਕਰ ਵੀ ਇਤਿਹਾਸ ਦਾ ਅੰਗ ਹੁੰਦਾ ਹੈ। ਕਾਵਿ-ਰੂਪ ਵਿਚ ਅਤੇ ਖਾਸ ਕਰਕੇ ਅਧਿਆਤਮਕ-ਕਾਵਿ ਵਿਚ ਇਤਿਹਾਸ ਦਾ ਵਰਣਨ ਹਮੇਸ਼ਾ ਸੰਕੇਤਕ ਰੂਪ ਵਿਚ ਹੀ ਹੁੰਦਾ ਹੈ ਪਰ ਇਹ ਸੰਕੇਤ ਅਕਸਰ ਇਤਿਹਾਸਕਾਰਾਂ ਲਈ ਇਤਿਹਾਸ ਲਿਖਣ ਸਮੇਂ ਬੜੇ ਮੁੱਲਵਾਨ ਹੁੰਦੇ ਹਨ।

ਗੁਰੂ ਸਾਹਿਬਾਨ ਜੋਤਿ-ਰੂਪ ਵਿਚ ਭੱਟ ਸਾਹਿਬਾਨ ਦੇ ਸਾਹਮਣੇ ਹਨ। ਇਸ ਲਈ ਉਹ ਇਸ ਜੋਤਿ-ਰੂਪ ਦੀ ਵਡਿਆਈ ਵੱਲ ਹੀ ਵਧੇਰੇ ਕੇਂਦਰਿਤ ਹਨ ਭਾਵੇਂ ਕਿਤੇ-ਕਿਤੇ ਸੰਕੇਤ ਰੂਪ ਵਿਚ ਉਹ ਗੁਰੂ ਸਾਹਿਬਾਨ ਦੇ ਦੁਨਿਆਵੀ ਜੀਵਨ ਬਾਰੇ ਵੀ ਕੁਝ ਜ਼ਿਕਰ ਕਰ ਜਾਂਦੇ ਹਨ। ਗੁਰੂ ਨਾਨਕ ਸਾਹਿਬ ਦੀ ਜੋਤਿ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਅਤੇ ਫਿਰ ਗੁਰੂ ਅਰਜਨ ਸਾਹਿਬ ਵਿਚ ਪਰਿਵਰਤਿਤ ਹੋਣ ਬਾਰੇ ਭੱਟ ਗਯੰਦ ਜੀ ਇਸ ਤਰ੍ਹਾਂ ਫ਼ਰਮਾਉਂਦੇ ਹਨ:

ਗੁਰੁ ਨਾਨਕੁ ਨਿਕਟਿ ਬਸੈ ਬਨਵਾਰੀ॥
ਤਿਨਿ ਲਹਣਾ ਥਾਪਿ ਜੋਤਿ ਜਗਿ ਧਾਰੀ॥
ਲਹਣੈ ਪੰਥੁ ਧਰਮ ਕਾ ਕੀਆ॥
ਅਮਰਦਾਸ ਭਲੇ ਕਉ ਦੀਆ॥
ਤਿਨਿ ਸ੍ਰੀ ਰਾਮਦਾਸੁ ਸੋਢੀ ਥਿਰੁ ਥਪ੍ਹਉ॥
ਹਰਿ ਕਾ ਨਾਮੁ ਅਖੈ ਨਿਧਿ ਅਪ੍ਹਉ॥ (ਪੰਨਾ 1401)

ਇਸ ਸਵੱਈਏ ਵਿਚ ਗੁਰਗੱਦੀ ਦੇ ਗੁਰਮਤਿ-ਸਿਧਾਂਤ ਦੀ ਗੱਲ ਵੀ ਕੀਤੀ ਗਈ ਹੈ ਅਤੇ ਇਸ ਦੇ ਇਹਿਤਾਸਕ ਪਹਿਲੂ ਵੱਲ ਵੀ ਸੰਕੇਤ ਦਿੱਤੇ ਗਏ ਹਨ। ਇੱਥੇ ਗੁਰੂ ਅੰਗਦ ਸਾਹਿਬ ਜੀ ਦਾ ਪਹਿਲਾ ਨਾਂ ‘ਲਹਣਾ’ ਹੀ ਵਰਤਿਆ ਗਿਆ ਹੈ। ਲਹਿਣਾ ਜੀ ਨੂੰ ਗੁਰੂ ਥਾਪਣ ਵੱਲ ਸੰਕੇਤ ਹੈ ਅਤੇ ਫਿਰ ਲਹਿਣਾ ਜੀ ਵੱਲੋਂ ਧਰਮ ਦਾ ਪੰਥ ਸਥਾਪਿਤ ਕਰਨ ਵੱਲ ਇਸ਼ਾਰਾ ਹੈ। ਧਰਮ ਦਾ ਪੰਥ ਇਹ ਹੈ ਕਿ ਗੁਰਗੱਦੀ ਦੇਣ ਲਈ ਯੋਗਤਾ ਦਾ ਸਿਧਾਂਤ ਹੈ। ਯੋਗਤਾ ਗੁਣਾਂ, ਸੇਵਾ ਅਤੇ ਨਿਮਰਤਾ ਦੀ ਹੈ। ਇਹ ਯੋਗਤਾ ਗੁਰੂ ਅਮਰਦਾਸ ਜੀ ਪੂਰੀ ਕਰਦੇ ਹਨ ਇਸ ਲਈ ਗੁਰੂ ਅੰਗਦ ਸਾਹਿਬ (ਲਹਿਣਾ ਜੀ) ਨੇ ਗੁਰਗੱਦੀ ਉਨ੍ਹਾਂ ਨੂੰ ਬਖ਼ਸ਼ੀ ਹੈ। ਗੁਰੂ ਅਮਰਦਾਸ ਜੀ ਨੇ ਅੱਗੇ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਲਈ ਚੁਣਿਆ ਹੈ। ਕਸਵੱਟੀ ਹਰੀ ਦੇ ਨਾਮ ਦੀ, ਸੇਵਾ ਦੀ ਅਤੇ ਨਿਮਰਤਾ ਦੀ ਹੈ। ਇਥੇ ‘ਭਲੇ’ ਅਤੇ ‘ਸੋਢੀ’  ਸ਼ਬਦ  ਇਤਿਹਾਸਕ ਮਹੱਤਤਾ ਵਾਲੇ ਸੰਕੇਤ ਹਨ ਜਿਨ੍ਹਾਂ ਦੀ ਮਹੱਤਤਾ ਗੁਰੂ ਸਾਹਿਬ ਦੇ ਦੁਨਿਆਵੀ ਜੀਵਨ ਬਾਰੇ ਜਾਣਨ ਲਈ ਕਹੀ ਜਾ ਸਕਦੀ ਹੈ।

ਸ੍ਰੀ ਗੁਰੂ ਅੰਗਦ ਸਾਹਿਬ ਜੀ ਬਾਰੇ ਪਵਿੱਤਰ ਫ਼ਰਮਾਨ ਹੈ:

ਗੁਰੁ ਜਗਤ ਫਿਰਣਸੀਹ ਅੰਗਰਉ ਰਾਜੁ ਜੋਗੁ ਲਹਣਾ ਕਰੈ॥ (ਪੰਨਾ 1391-92)

ਭੱਟ ਕਲਸਹਾਰ ਜੀ ਦੱਸਦੇ ਹਨ ਕਿ ਜਗਤ-ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ (ਭਾਈ ਲਹਿਣਾ ਜੀ) ਭਾਈ ਫੇਰੂ ਜੀ ਦੇ ਸਪੁੱਤਰ ਹਨ ਅਤੇ ਰਾਜ-ਜੋਗ ਕਰ ਰਹੇ ਹਨ। ਇਹ ਰਚਨਾ ਦੀ ਖ਼ੂਬੀ ਅਤੇ ਖ਼ੂਬਸੂਰਤੀ ਹੈ ਕਿ ਇਕ ਤੁਕ ਦੇ ਵਿਚ ਹੀ ਗੁਰੂ ਅੰਗਦ ਦੇਵ ਜੀ ਦੇ ਪਿਤਾ ਬਾਰੇ, ਉਨ੍ਹਾਂ ਦੇ ਪਹਿਲੇ ਨਾਂ ਲਹਿਣਾ ਜੀ ਬਾਰੇ, ਜਗਤ ਦਾ ਗੁਰੂ ਹੋਣ ਬਾਰੇ ਅਤੇ ਰਾਜ ਜੋਗ ਕਰਨ ਬਾਰੇ ਕਈ ਅਹਿਮ ਗੱਲਾਂ ਇਕੱਠੀਆਂ ਹੀ ਬਿਆਨ ਕਰ ਕੇ ਗਾਗਰ ਵਿਚ ਸਾਗਰ ਬੰਦ ਕਰ ਦਿੱਤਾ ਹੈ।

ਕਲਸਹਾਰ ਜੀ ਗੁਰੂ ਅਮਰਦਾਸ ਜੀ ਬਾਰੇ ਫ਼ਰਮਾਉਂਦੇ ਹਨ:

ਭਲਉ ਪ੍ਰਸਿਧੁ ਤੇਜੋ ਤਨੌ ਕਲ੍ਹ ਜੋੜਿ ਕਰ ਧ੍ਹਾਇਅਓ॥ (ਪੰਨਾ 1393)

ਭੱਟ ਸਾਹਿਬ ਦੱਸ ਰਹੇ ਹਨ ਕਿ ਭੱਲਿਆਂ ਦੀ ਕੁਲ ਵਿਚ ਪ੍ਰਸਿੱਧ ਤੇਜ ਭਾਨ ਜੀ ਦੇ ਸਪੁੱਤਰ ਗੁਰੂ ਅਮਰਦਾਸ ਜੀ ਹਨ ਅਤੇ ਭੱਟ ਕਲਸਹਾਰ ਜੀ ਹੱਥ ਜੋੜ ਕੇ ਉਨ੍ਹਾਂ ਦੀ ਸਿਫ਼ਤ-ਸਲਾਹ ਕਰਦੇ ਹਨ।

ਇਸੇ ਤਰ੍ਹਾਂ ਸ੍ਰੀ ਗੁਰੂ ਰਾਮਦਾਸ ਜੀ ਦੇ ਪਿਤਾ ਜੀ ਬਾਰੇ ਜ਼ਿਕਰ ਕਰਦੇ ਹੋਏ ਕਲਸਹਾਰ ਜੀ ਲਿਖਦੇ ਹਨ:

ਕਵਿ ਕਲ੍ਹ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ॥ (ਪੰਨਾ 1396)

ਭਾਵ ਸ੍ਰੀ ਗੁਰੂ ਰਾਮਦਾਸ ਜੀ ਪਿਤਾ ਭਾਈ ਹਰਦਾਸ ਜੀ ਦੇ ਸਪੁੱਤਰ ਹਨ ਅਤੇ ਉਹ ਖਾਲੀ ਸਰੋਵਰਾਂ ਭਾਵ ਮਨੁੱਖਾਂ ਦੇ ਖਾਲੀ ਪਏ ਹਿਰਦਿਆਂ ਨੂੰ ਨਾਮ ਦੇ ਰਸ ਨਾਲ ਭਰਨ ਵਾਲੇ ਹਨ।

ਭੱਟ ਨਲ੍‍ ਜੀ ਸ੍ਰੀ ਗੁਰੂ ਅਮਰਦਾਸ ਜੀ ਦੁਆਰਾ ਗੋਇੰਦਵਾਲ ਦੀ ਸਥਾਪਨਾ ਦਾ ਇਤਿਹਾਸਕ ਜ਼ਿਕਰ ਕਰਦੇ ਹੋਏ ਫ਼ਰਮਾਉਂਦੇ ਹਨ:

ਗੋਬਿੰਦ ਵਾਲੁ ਗੋਬਿੰਦ ਪੁਰੀ ਸਮ ਜਲ੍ਹਨ ਤੀਰਿ ਬਿਪਾਸ ਬਨਾਯਉ॥ (ਪੰਨਾ 1400)

ਗੋਬਿੰਦਪੁਰੀ ਭਾਵ ਸਵਰਗ ਵਰਗਾ ਗੋਇੰਦਵਾਲ ਗੁਰੂ ਜੀ ਨੇ ਬਿਆਸ ਦਰਿਆ ਦੇ ਕੰਢੇ ’ਤੇ ਵਸਾਉਣ ਦਾ ਪਰਉਪਕਾਰ ਕੀਤਾ ਹੈ।

ਗੁਰੂ ਸਾਹਿਬਾਨ ਦੇ ਸਮੇਂ ਭੇਖੀ ਸੰਤਾਂ ਦੀ ਕੋਈ ਘਾਟ ਨਹੀਂ ਸੀ। ਸੰਨਿਆਸੀ ਤਪੀ ਅਤੇ ਮਿੱਠਾ ਬੋਲਣ ਵਾਲੇ ਪੰਡਿਤ (ਵਿਦਵਾਨ) ਵੀ ਬਹੁਤ ਸਨ। ਪਰ ਭੱਟ ਭਿਖਾ ਜੀ ਦੱਸਦੇ ਹਨ ਕਿ ਇਹ ਸਾਰੇ ਹਰੀ ਦਾ ਨਾਮ ਛੱਡ ਕੇ ਦੂਜੇ ਪਾਸੇ ਭਾਵ ਮਾਇਆ ਵਾਲੇ ਪਾਸੇ ਲੱਗੇ ਹੋਏ ਸਨ। ਆਪ ਫ਼ਰਮਾਉਂਦੇ ਹਨ:

ਰਹਿਓ ਸੰਤ ਹਉ ਟੋਲਿ ਸਾਧ ਬਹੁਤੇਰੇ ਡਿਠੇ॥
ਸੰਨਿਆਸੀ ਤਪਸੀਅਹ ਮੁਖਹੁ ਏ ਪੰਡਿਤ ਮਿਠੇ॥
ਬਰਸੁ ਏਕੁ ਹਉ ਫਿਰਿਓ ਕਿਨੈ ਨਹੁ ਪਰਚਉ ਲਾਯਉ॥
ਕਹਤਿਅਹ ਕਹਤੀ ਸੁਣੀ ਰਹਤ ਕੋ ਖੁਸੀ ਨ ਆਯਉ॥
ਹਰਿ ਨਾਮੁ ਛੋਡਿ ਦੂਜੈ ਲਗੇ ਤਿਨ੍‍ ਕੇ ਗੁਣ ਹਉ ਕਿਆ ਕਹਉ॥
ਗੁਰੁ ਦਯਿ ਮਿਲਾਯਉ ਭਿਖਿਆ ਜਿਵ ਤੂ ਰਖਹਿ ਤਿਵ ਰਹਉ॥ (ਪੰਨਾ 1395-96)

ਗੁਰੂ ਸਾਹਿਬਾਨ ਦੇ ਦਰਬਾਰ ਬਾਰੇ, ਸਤਿਸੰਗਤ ਬਾਰੇ, ਹਰੀ ਜੱਸ ਬਾਰੇ ਅਤੇ ਸੇਵਾ ਬਾਰੇ ਭੱਟ ਸਾਹਿਬਾਨ ਦੀ ਬਾਣੀ ਵਿਚ ਬਾਕਾਇਦਾ ਵਰਣਨ ਹੈ। ਇਸ ਵਰਣਨ ਦੀ ਬੜੀ ਇਤਿਹਾਸਕ ਮਹੱਤਤਾ ਹੈ। ਤਖ਼ਤ, ਛਤ੍ਰ, ਸਿੰਘਾਸਨ ਆਦਿ ਸ਼ਬਦਾਂ ਦੀ ਵਰਤੋਂ ਗੁਰੂ ਦਰਬਾਰ ਲਈ ਕੀਤੀ ਗਈ ਹੈ। ਗੁਰੂ ਸਾਹਿਬਾਨ ਦੇ ਲਈ ਰਾਜ ਜੋਗ ਅਤੇ ਸਹਜ ਜੋਗ ਦੋਹਾਂ ਦੀ ਵਰਤੋਂ ਕੀਤੀ ਗਈ ਹੈ। ਰਾਜ ਜੋਗ ਦਾ ਅਰਥ ਗ੍ਰਿਹਸਤ ਵਿਚ ਉਦਾਸ ਤੋਂ ਹੈ। ਰਾਜ ਜੋਗ ਮੀਰੀ-ਪੀਰੀ ਦਾ ਸੂਚਕ ਹੈ। ਰਾਜ ਜੋਗ ਸੰਤ-ਸਿਪਾਹੀ ਹੋਣ ਦਾ ਪ੍ਰਤੀਕ ਹੈ। ਰਾਜ ਵੀ ਹੈ ਅਤੇ ਜੋਗ ਵੀ ਹੈ। ਜਨਕ ਰਾਜੇ ਦੀ ਮਿਸਾਲ ਰਾਜ ਜੋਗ ਲਈ ਭੱਟ ਸਾਹਿਬਾਨ ਨੇ ਦਿੱਤੀ ਹੈ। ਰਾਜਾ ਵੀ ਹੋਣਾ ਅਤੇ ਤਿਆਗੀ ਵੀ ਹੋਣਾ ਇੱਕੋ ਸਮੇਂ ਇਹ ਦੋ ਗੱਲਾਂ ਇੱਕਠੀਆਂ ਹੋਣਾ ਹੀ ਰਾਜ ਜੋਗ ਹੈ। ਗੁਰੂ-ਦਰਬਾਰ ਅਸਲ ਵਿਚ ਕਿਸੇ ਦੁਨਿਆਵੀ ਰਾਜੇ ਦਾ ਦਰਬਾਰ ਨਹੀਂ, ਇਹ ਤਾਂ ਸਤਿਸੰਗਤ ਹੈ। ਇਸ ਵਿਚ ਪਰਮਾਤਮਾ ਦੀ ਭਗਤੀ, ਸੇਵਾ, ਨਿਮਰਤਾ, ਮਿਠਾਸ ਆਦਿ ਗੁਣਾਂ ਦਾ ਬੋਲਬਾਲਾ ਹੁੰਦਾ ਹੈ।

ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਸਿੱਖਾਂ ਦੀ ਨਿੱਤ ਦੀ ਰਹਿਣੀ ਬਾਰੇ ਵੀ ਭੱਟ ਸਾਹਿਬਾਨ ਦੀ ਬਾਣੀ ਵਿਚ ਫ਼ਰਮਾਇਆ ਗਿਆ ਹੈ:

ਇਕਿ ਪੜਹਿ ਸੁਣਹਿ ਗਾਵਹਿ ਪਰਭਾਤਿਹਿ ਕਰਹਿ ਇਸ੍ਨਾਨੁ॥
ਇਸ੍ਨਾਨੁ ਕਰਹਿ ਪਰਭਾਤਿ ਸੁਧ ਮਨਿ ਗੁਰ ਪੂਜਾ ਬਿਧਿ ਸਹਿਤ ਕਰੰ॥
ਕੰਚਨੁ ਤਨੁ ਹੋਇ ਪਰਸਿ ਪਾਰਸ ਕਉ ਜੋਤਿ ਸਰੂਪੀ ਧ੍ਹਾਨੁ ਧਰੰ॥ (ਪੰਨਾ 1402)

ਗੁਰਬਾਣੀ ਪੜ੍ਹਨਾ, ਗੁਰਬਾਣੀ ਸੁਣਨਾ ਅਤੇ ਗੁਰਬਾਣੀ ਗਾਉਣਾ ਉਹ ਵੀ ਪ੍ਰਭਾਤ ਸਮੇਂ (ਭਾਵ ਅੰਮ੍ਰਿਤ ਵੇਲੇ) ਇਸ਼ਨਾਨ ਕਰ ਕੇ ਸ਼ੁੱਧ ਮਨ ਨਾਲ ਗੁਰੂ-ਸ਼ਬਦ ਦੀ ਪੂਜਾ ਕਰਨਾ ਅਤੇ ਜੋਤਿ ਸਰੂਪ ਪਰਮਾਤਮਾ ਦਾ ਧਿਆਨ ਧਰ ਕੇ ਪਾਰਸ ਰੂਪੀ ਸਤਿਗੁਰੂ ਦੀ ਸੰਗਤ ਕਰ ਕੇ ਆਪਣੇ ਜੀਵਨ ਨੂੰ ਕੀਮਤੀ ਬਣਾ ਲੈਣਾ ਹੀ ਗੁਰਸਿੱਖ ਦੇ ਜੀਵਨ ਦੀ ਨਿੱਤ ਦੀ ਮਰਯਾਦਾ ਹੈ।

ਸਤਿਸੰਗਤ ਵਿਚ ‘ਗੁਰੂ ਗੁਰੂ’ ਜਪਣਾ ਅਤੇ ‘ਵਾਹਿਗੁਰੂ’ ਗੁਰਮੰਤਰ ਦਾ ਜਾਪ ਕਰਨਾ ਭੱਟ ਸਾਹਿਬਾਨ ਦੀ ਬਾਣੀ ਅਨੁਸਾਰ ਇਹ ਉਸ ਵੇਲੇ ਗੁਰੂ ਸਾਹਿਬਾਨ ਵੱਲੋਂ ਚਲਾਈ ਗਈ ਮਰਯਾਦਾ ਸੀ। ਸਤਿਸੰਗਤ ਰਾਹੀਂ ਪੰਜ ਵਿਕਾਰਾਂ ਤੋਂ ਬਚਣਾ ਅਤੇ ਮਨ ਨੂੰ ਸ਼ੁੱਧ ਰੱਖਣਾ ਗੁਰਸਿੱਖਾਂ ਲਈ ਨੈਤਿਕਤਾ ਦਾ ਆਦਰਸ਼ ਸੀ। ਅਜਿਹੇ ਅਨਮੋਲ ਇਤਿਹਾਸਕ ਸੰਕੇਤ ਭੱਟ ਸਾਹਿਬਾਨ ਦੀ ਬਾਣੀ ਨੂੰ ਗੁਰੂ ਸਾਹਿਬਾਨ ਦੇ ਜੀਵਨ, ਉਨ੍ਹਾਂ ਦੀ ਸ਼ਖ਼ਸੀਅਤ ਅਤੇ ਉਸ ਵੇਲੇ ਦੇ ਗੁਰਸਿੱਖਾਂ ਬਾਰੇ ਜਾਣਨ ਲਈ ਇਤਿਹਾਸਕਾਰਾਂ ਲਈ ਇਕ ਮੂਲ ਸੋਮੇ ਦਾ ਕੰਮ ਕਰ ਸਕਦੇ ਹਨ। ਇਤਿਹਾਸਕ ਪੱਖ ਤੋਂ ਭੱਟ ਸਾਹਿਬਾਨ ਦੀ ਬਾਣੀ ਇਕ ਮੂਲ ਇਤਿਹਾਸਕ ਸ੍ਰੋਤ ਵਜੋਂ ਮੰਨੇ ਜਾਣ ਦੇ ਸਮਰੱਥ ਹੈ।

ਸਿਧਾਂਤਕ ਪੱਖ

ਭੱਟ ਸਾਹਿਬਾਨ ਦੇ ਸਵੱਈਏ ਪਾਤਿਸ਼ਾਹੀ-ਵਾਰ ਜਦੋਂ ਅਰੰਭ ਹੁੰਦੇ ਹਨ ਤਾਂ ਅਰੰਭ ਦੀਆਂ ਤੁਕਾਂ ਅਕਾਲ ਪੁਰਖ ਦੇ ਮੰਗਲਾਚਰਨ ਨਾਲ ਸ਼ੁਰੂ ਹੁੰਦੀਆਂ ਹਨ ਜਿਵੇਂ ਸਵੱਈਏ ਮਹਲੇ ਪਹਲੇ ਕੇ 1 ਦੇ ਅਰੰਭ ਦਾ ਫ਼ਰਮਾਨ ਹੈ:

ਇਕ ਮਨਿ ਪੁਰਖੁ ਧਿਆਇ ਬਰਦਾਤਾ॥
ਸੰਤ ਸਹਾਰੁ ਸਦਾ ਬਿਖਿਆਤਾ॥ (ਪੰਨਾ 1389)

ਸਵੱਈਏ ਮਹਲੇ ਦੂਜੇ ਕੇ 2 ਦੇ ਅਰੰਭ ਦਾ ਫ਼ਰਮਾਨ ਦਰਜ ਹੈ:

ਸੋਈ ਪੁਰਖੁ ਧੰਨੁ ਕਰਤਾ ਕਾਰਣ ਕਰਤਾਰੁ ਕਰਣ ਸਮਰਥੋ॥ (ਪੰਨਾ 1391)

ਇਸੇ ਤਰ੍ਹਾਂ ਸਵੱਈਏ ਮਹਲੇ ਤੀਜੇ ਕੇ 3 ਦਾ ਅਰੰਭ ਹੈ:

ਸੋਈ ਪੁਰਖੁ ਸਿਵਰਿ ਸਾਚਾ ਜਾ ਕਾ ਇਕੁ ਨਾਮੁ ਅਛਲੁ ਸੰਸਾਰੇ॥ (ਪੰਨਾ 1392)

ਮਹਲੇ ਚਉਥੇ ਕੇ 4 ਦੀ ਵਡਿਆਈ ਵਿਚ ਲਿਖੇ ਸਵੱਈਏ ਇਉਂ ਸ਼ੁਰੂ ਹੁੰਦੇ ਹਨ:

ਇਕ ਮਨਿ ਪੁਰਖੁ ਨਿਰੰਜਨੁ ਧਿਆਵਉ॥
ਗੁਰ ਪ੍ਰਸਾਦਿ ਹਰਿ ਗੁਣ ਸਦ ਗਾਵਉ॥ (ਪੰਨਾ 1396)

ਅਤੇ ਮਹਲੇ ਪੰਜਵੇਂ ਕੇ ਦੇ ਸਵੱਈਏ ਦਾ ਅਰੰਭ ਇਸ ਤਰ੍ਹਾਂ ਹੈ:

ਸਿਮਰੰ ਸੋਈ ਪੁਰਖੁ ਅਚਲੁ ਅਬਿਨਾਸੀ॥
ਜਿਸੁ ਸਿਮਰਤ ਦੁਰਮਤਿ ਮਲੁ ਨਾਸੀ॥ (ਪੰਨਾ 1406)

ਮੂਲ ਮੰਤਰ ਵਿਚ ਪਰਮਾਤਮਾ ਲਈ ‘ਕਰਤਾ ਪੁਰਖ’ ਸ਼ਬਦ ਦੀ ਵਰਤੋਂ ਹੈ।ਉਹੀ ‘ਪੁਰਖੁ’ ਸ਼ਬਦ ਭੱਟ ਸਾਹਿਬਾਨ ਨੇ ਆਪਣੀ ਬਾਣੀ ਵਿਚ ਵਰਤਿਆ ਹੈ। ‘ਸੋਈ ਪੁਰਖੁ’ ਕਹਿਣ ਦਾ ਡੂੰਘਾ ਮਹੱਤਵ ਹੈ। ‘ਜਪੁ ਜੀ’ ਵਿਚ ਗੁਰੂ ਨਾਨਕ ਸਾਹਿਬ ਦਾ ਫ਼ਰਮਾਨ ਹੈ:

ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ॥ (ਪੰਨਾ 6)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਬਹੁਤ ਥਾਵਾਂ ’ਤੇ ‘ਸੋਈ’ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਇਸ ਦਾ ਭਾਵ ਇਹ ਹੈ ਕਿ ਕੇਵਲ ਅਤੇ ਕੇਵਲ ਇੱਕੋ-ਇੱਕ ਪਰਮ ਹਸਤੀ ਹੈ ਜੋ ਉਹੀ ਹੈ, ਉਸ ਵਰਗੀ ਹਸਤੀ ਹੋਰ ਕੋਈ ਨਹੀਂ। ਜਦੋਂ ‘ਸੋਈ’ ਕਿਹਾ ਜਾ ਰਿਹਾ ਹੈ ਤਾਂ ਭਾਵ ਕੇਵਲ ਅਤੇ ਕੇਵਲ ਉਸੇ ਹਸਤੀ ਤੋਂ ਹੀ ਲਿਆ ਜਾਣਾ ਚਾਹੀਦਾ ਹੈ। ਉਹ ਪਰਮ-ਹਸਤੀ ਕਰਣ-ਕਾਰਣ ਸਮਰੱਥ ਹੈ, ਉਹੀ ਸੱਚੀ ਹਸਤੀ ਹੈ। ਪਰਮਾਤਮਾ ਅਚਲ, ਅਬਿਨਾਸੀ ਅਤੇ ਨਿਰੰਜਨ ਹੈ। ਉਸ ਦੀ ਪ੍ਰਾਪਤੀ ‘ਗੁਰ ਪ੍ਰਸਾਦਿ’ ਰਾਹੀਂ ਹੁੰਦੀ ਹੈ। ਉਸ ਨੂੰ ਧਿਆਉਣ ਅਤੇ ਉਸ ਦਾ ਨਾਮ-ਸਿਮਰਨ ਨਾਲ ਦੁਰਮਤਿ ਦੀ ਮੈਲ ਨੱਸ ਜਾਂਦੀ ਹੈ। ਇਸ ਤਰ੍ਹਾਂ ਭੱਟ ਸਾਹਿਬਾਨ ਪਰਮਾਤਮਾ ਦੇ ਉਹੀ ਗੁਣ ਬਿਆਨ ਕਰ ਰਹੇ ਹਨ ਜਿਨ੍ਹਾਂ ਗੁਣਾਂ ਦਾ ਜ਼ਿਕਰ ਮੂਲ-ਮੰਤਰ, ਗੁਰੂ-ਸਾਹਿਬਾਨ ਅਤੇ ਭਗਤ-ਸਾਹਿਬਾਨ ਦੀ ਬਾਣੀ ਵਿਚ ਕੀਤਾ ਗਿਆ ਹੈ।

ਭੱਟ ਸਾਹਿਬਾਨ ਨੇ ਇਨ੍ਹਾਂ ਸਵੱਈਆਂ ਰਾਹੀਂ ਗੁਰੂ-ਜੋਤਿ ਅਤੇ ਗੁਰੂ-ਵਿਅਕਤੀ ਦੀ ਵਡਿਆਈ ਕੀਤੀ ਹੈ। ਪ੍ਰੋ. ਸਾਹਿਬ ਸਿੰਘ ਜੀ ‘ਸਟੀਕ ਭੱਟਾਂ ਦੇ ਸਵਈਏ’ ਵਿਚ ਲਿਖਦੇ ਹਨ: “ਸਵੱਈਆਂ ਵਿਚ ਕੇਵਲ ‘ਗੁਰੂ’ ਦੀ ਵਡਿਆਈ ਕੀਤੀ ਗਈ ਹੈ। ‘ਗੁਰੂ’ ਦੀ ਉਪਮਾ ਕਰਨ ਲੱਗਿਆਂ ਗੁਰੂ-ਵਿਅਕਤੀ ਦੀ ਉਪਮਾ ਹੋਣੀ ਕੁਦਰਤੀ ਗੱਲ ਸੀ ਜੋ ਇਨ੍ਹਾਂ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਤਕ ਹਰੇਕ ਗੁਰ-ਮਹਲੇ ਦੀ ਸਿਫ਼ਤ ਉਚਾਰੀ ਹੈ।” ਭੱਟ ਸਾਹਿਬਾਨ ਦੀਆਂ ਨਜ਼ਰਾਂ ਵਿਚ ਸਤਿਗੁਰੂ ਅਕਾਲ ਪੁਰਖ ਦਾ ਹੀ ਰੂਪ ਹੈ। ਭੱਟ ਕੀਰਤ ਜੀ ਦਾ ਪਵਿੱਤਰ ਫ਼ਰਮਾਨ ਹੈ:

ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ॥
ਨਿਰੰਕਾਰਿ ਆਕਾਰੁ ਜੋਤਿ ਜਗ ਮੰਡਲਿ ਕਰਿਯਉ॥ (ਪੰਨਾ 1395)

ਭੱਟ ਕੀਰਤ ਜੀ ਸ੍ਰੀ ਗੁਰੂ ਅਮਰਦਾਸ ਜੀ ਦੀ ਵਡਿਆਈ ਕਰਦੇ ਹੋਏ ਕਹਿੰਦੇ ਹਨ ਕਿ ਗੁਰੂ ਜੀ ਆਪ ਹੀ ਪਰਮਾਤਮਾ ਦਾ ਰੂਪ ਹਨ। ਪਰਮਾਤਮਾ ਆਪਣੀ ਕਲਾ (ਜੁਗਤਿ) ਰਾਹੀਂ ਸ੍ਰੀ ਗੁਰੂ ਅਮਰਦਾਸ ਜੀ ਦੇ ਰੂਪ ਵਿਚ ਜਗਤ ਵਿਚ ਆਇਆ ਹੈ। ਨਿਰੰਕਾਰ ਤੋਂ ਆਕਾਰ ਰੂਪ ਧਾਰਨ ਕਰਨਾ ਉਸ ਪਰਮਾਤਮਾ ਦੀ ਸਮਰੱਥਾ ਹੈ। ਗੁਰਬਾਣੀ ਵਿਚ ਪਰਮਾਤਮਾ ਦੇ ਨਿਰਗੁਣ ਅਤੇ ਸਰਗੁਣ ਦੋਹਾਂ ਰੂਪਾਂ ਦਾ ਬਿਆਨ ਕੀਤਾ ਗਿਆ ਹੈ। ਉਹ ਨਿਰਗੁਣ ਤੋਂ ਸਰਗੁਣ ਅਤੇ ਸਰਗੁਣ ਤੋਂ ਨਿਰਗੁਣ ਦੋਹਾਂ ਰੂਪਾਂ ਨੂੰ ਧਾਰਨ ਕਰ ਸਕਦਾ ਹੈ। ਗੁਰਮਤਿ ਅਨੁਸਾਰ ਪਰਮਾਤਮਾ ‘ਅਜੂਨੀ’ ਹੈ। ਇਸ ਲਈ ਉਹ ਜਨਮ ਲੈ ਕੇ ਇਸ ਸੰਸਾਰ ’ਤੇ ਨਹੀਂ ਆਉਂਦਾ। ਅਵਤਾਰਵਾਦ ਦੇ ਸਿਧਾਂਤ ਨੂੰ ਗੁਰਮਤਿ ਨੇ ਪ੍ਰਵਾਨ ਨਹੀਂ ਕੀਤਾ। ਕਿਉਂਕਿ ਸਤਿਗੁਰੂ ਜੋਤਿ ਰੂਪ ਵਿਚ ਪਰਮਾਤਮਾ ਦਾ ਹੀ ਰੂਪ ਹੈ ਇਸ ਲਈ ਉਹ ਵੀ ਜਨਮ-ਮਰਨ ਤੋਂ ਰਹਿਤ ਹੈ। ਜਦੋਂ ਭੱਟ ਸਾਹਿਬਾਨ ਚਹੁੰ ਜੁਗਾਂ ਵਿਚ ਗੁਰੂ ਨਾਨਕ ਸਾਹਿਬ ਦੀ ਹੋਂਦ ਦਾ ਐਲਾਨ ਕਰਦੇ ਹਨ ਤਾਂ ਉਹ ਗੁਰ-ਜੋਤਿ ਦੀ ਸਦੀਵਤਾ ਦਾ ਹੀ ਜ਼ਿਕਰ ਕਰ ਰਹੇ ਹਨ। ਕਲਸਹਾਰ ਜੀ ਪਰਮਾਤਮਾ ਅਤੇ ਸਤਿਗੁਰੂ ਦੀ ਜੋਤਿ ਸਰਬ-ਵਿਆਪਕ ਅਤੇ ਸਦੀਵੀ ਹੋਣ ਦੇ ਗੂੜ੍ਹੇ ਖੇਲ ਦਾ ਬਿਆਨ ਇਸ ਤਰ੍ਹਾਂ ਕਰਦੇ ਹਨ:

ਖੇਲੁ ਗੂੜ੍‍ਉ ਕੀਅਉ ਹਰਿ ਰਾਇ ਸੰਤੋਖਿ ਸਮਾਚਰ੍ਹਿਓ ਬਿਮਲ ਬੁਧਿ ਸਤਿਗੁਰਿ ਸਮਾਣਉ॥
ਆਜੋਨੀ ਸੰਭਵਿਅਉ ਸੁਜਸੁ ਕਲ੍ਹ ਕਵੀਅਣਿ ਬਖਾਣਿਅਉ॥
ਗੁਰਿ ਨਾਨਕਿ ਅੰਗਦੁ ਵਰ੍ਹਉ ਗੁਰਿ ਅੰਗਦਿ ਅਮਰ ਨਿਧਾਨੁ॥
ਗੁਰਿ ਰਾਮਦਾਸ ਅਰਜੁਨੁ ਵਰ੍ਹਉ ਪਾਰਸੁ ਪਰਸੁ ਪ੍ਰਮਾਣੁ॥ (ਪੰਨਾ 1407)

ਉਪਰੋਕਤ ਫ਼ਰਮਾਨ ਵਿਚ ‘ਆਜੋਨੀ’ ਅਤੇ ‘ਸੰਭਵਿਅਉ’ ਸ਼ਬਦ ਮੂਲ-ਮੰਤਰ ਦੇ ‘ਅਜੂਨੀ ਸੈਭੰ’ ਦਾ ਹੀ ਅਰਥ ਰੱਖਦੇ ਹਨ। ਹਰਿ ਰਾਇ ਭਾਵ ਪਰਮਾਤਮਾ ਨੇ ਇਹ ਗੂੜ੍ਹੀ ਭਾਵ ਡੂੰਘੀ ਖੇਡ ਰਚੀ ਹੋਈ ਹੈ ਕਿ ਉਹ ਆਪ ਗੁਰੂ ਅਰਜਨ ਸਾਹਿਬ ਵਿਚ ਸਮਾਇਆ ਹੋਇਆ ਹੈ। ਗੁਰੂ ਸਾਹਿਬ ਉਸ ਅਕਾਲ ਪੁਰਖ ਦਾ ਹੀ ਰੂਪ ਹਨ ਜੋ ਕਿ ਜੂਨਾਂ ਤੋਂ ਰਹਿਤ ਅਤੇ ਆਪਣੇ-ਆਪ ਤੋਂ ਹੈ। ਇਹੀ ਜੋਤ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਸਾਹਿਬ ਤਕ ਪਹੁੰਚੀ ਹੋਈ ਹੈ। ਗੁਰਮਤਿ ਦੇ ਸਿਧਾਂਤ ਅਨੁਸਾਰ ਦਸਾਂ ਪਾਤਸ਼ਾਹੀਆਂ ਦੀ ਇੱਕੋ ਜੋਤਿ ਹੈ ਅਤੇ ਉਹੀ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ਮੌਜੂਦ ਹੈ। ਇਸ ਨੂੰ ਭੱਟ ਸਾਹਿਬਾਨ ਨੇ ਬਾਖ਼ੂਬੀ ਜਾਣ ਅਤੇ ਸਮਝ ਲਿਆ ਹੋਇਆ ਸੀ। ਜਦੋਂ ਸ੍ਰੀ ਗੁਰੂ ਰਾਮਦਾਸ ਜੀ ਜੋਤੀ-ਜੋਤਿ ਸਮਾ ਗਏ ਤਾਂ ਭੱਟ ਹਰਿਬੰਸ ਜੀ ਇਹ ਮੰਨਣ ਲਈ ਤਿਆਰ ਨਹੀਂ ਕਿ ਗੁਰੂ ਰਾਮਦਾਸ ਜੀ ਜੋਤੀ ਜੋਤਿ ਸਮਾ ਗਏ। ਆਪ ਦਾ ਪਵਿੱਤਰ ਫ਼ਰਮਾਨ ਹੈ:

ਮਿਲਿ ਨਾਨਕ ਅੰਗਦ ਅਮਰ ਗੁਰ ਗੁਰੁ ਰਾਮਦਾਸੁ ਹਰਿ ਪਹਿ ਗਯਉ॥
ਹਰਿਬੰਸ ਜਗਤਿ ਜਸੁ ਸੰਚਰ੍ਹਉ ਸੁ ਕਵਣੁ ਕਹੈ ਸ੍ਰੀ ਗੁਰੁ ਮੁਯਉ॥ (ਪੰਨਾ 1409)

ਅੱਗੇ ਚੱਲ ਕੇ ਭੱਟ ਹਰਿਬੰਸ ਜੀ ਲਿਖਦੇ ਹਨ ਕਿ ਸ੍ਰੀ ਗੁਰੂ ਅਮਰਦਾਸ ਜੀ ਛਤ੍ਰ ਸਿੰਘਾਸਨ ਅਤੇ ਪਿਰਥਮੀ ਗੁਰੂ ਅਰਜਨ ਸਾਹਿਬ ਨੂੰ ਸੌਂਪ ਗਏ ਹਨ। ਸਤਿਗੁਰੂ ਪਰਮਾਤਮਾ ਦਾ ਰੂਪ ਹਨ ਅਤੇ ਸਤਿਗੁਰੂ ਜਨਮ-ਮਰਨ ਤੋਂ ਰਹਿਤ ਹਨ; ਇਸ ਬਾਰੇ ਪਹਿਲਾਂ ਹੀ ਗੁਰਬਾਣੀ ਵਿਚ ਪਵਿੱਤਰ ਫ਼ਰਮਾਨ ਦਰਜ ਹਨ:

ਗੁਰ ਗੋਵਿੰਦੁ ਗੋੁਵਿੰਦੁ ਗੁਰੂ ਹੈ ਨਾਨਕ ਭੇਦੁ ਨ ਭਾਈ॥ (ਪੰਨਾ 442)

ਗੁਰਦੇਵ ਸਤਿਗੁਰੁ ਪਾਰਬ੍ਰਹਮੁ ਪਰਮੇਸਰੁ ਗੁਰਦੇਵ ਨਾਨਕ ਹਰਿ ਨਮਸਕਰਾ॥ (ਪੰਨਾ 262)

ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨਾ ਜਾਇ॥
ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ॥ (ਪੰਨਾ 759)

ਸਤਿਗੁਰੂ ਦੀ ਕਿਰਪਾ ਨਾਲ ਹੀ ਸਤਿਸੰਗਤ ਦੀ ਪ੍ਰਾਪਤੀ ਹੁੰਦੀ ਹੈ। ਨਾਮ-ਸਿਮਰਨ ਦੀ ਦਾਤ ਮਿਲਦੀ ਹੈ। ਗੁਰ-ਸੇਵਾ ਅਤੇ ਸੰਗਤ ਦੀ ਸੇਵਾ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਸੇਵਾ ਅਤੇ ਸਤਿਸੰਗਤ ਦੀ ਬਖ਼ਸ਼ਿਸ਼ ਨਾਲ ਹਉਮੈ ਮਿਟ ਜਾਂਦੀ ਹੈ। ਹਉਮੈ ਦੇ ਮਿਟਣ ਨਾਲ ਪੰਜ ਵਿਕਾਰ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਕਾਬੂ ਵਿਚ ਆ ਜਾਂਦੇ ਹਨ। ਇਸ ਤਰੀਕੇ ਨਾਲ ਜੀਵਨ-ਮੁਕਤੀ ਪ੍ਰਾਪਤ ਹੁੰਦੀ ਹੈ। ਸਤਿਗੁਰੂ ਤੋਂ ਬਿਨਾਂ ਮਨੁੱਖ ਦੀ ਕੀ ਹਾਲਤ ਹੁੰਦੀ ਹੈ ਉਸ ਬਾਰੇ ਭੱਟ ਨਲ੍‍ ਜੀ ਫ਼ਰਮਾਉਂਦੇ ਹਨ:

ਗੁਰ ਬਿਨੁ ਘੋਰੁ ਅੰਧਾਰੁ ਗੁਰੂ ਬਿਨੁ ਸਮਝ ਨ ਆਵੈ॥
ਗੁਰ ਬਿਨੁ ਸੁਰਤਿ ਨ ਸਿਧਿ ਗੁਰੂ ਬਿਨੁ ਮੁਕਤਿ ਨ ਪਾਵੈ॥ (ਪੰਨਾ 1399)

ਗੁਰਮਤਿ ‘ਗ੍ਰਿਹਸਤ ਵਿਚ ਉਦਾਸ’ ਦਾ ਮਾਰਗ ਹੈ। ਇਹ  ਮਾਰਗ ਸਹਜ- ਅਵਸਥਾ ਦਾ ਮਾਰਗ ਹੈ। ਇਸ ਨੂੰ ਸਹਜ ਜੋਗ ਵੀ ਆਖਿਆ ਗਿਆ ਹੈ। ਇਹ ਰਾਜ-ਜੋਗ ਵੀ ਹੈ, ਕਿਉਂਕਿ ਇਹ ਕੋਰੇ ਤਿਆਗ ਦਾ ਮਾਰਗ ਨਹੀਂ ਹੈ। ਕਿਰਤ ਕਰ ਕੇ ਮਾਇਆ ਕਮਾਉਣੀ ਹੈ ਪਰ ਮਾਇਆ ਪਿੱਛੇ ਦੌੜਨਾ ਨਹੀਂ। ਮਾਇਆ ਕਮਾਉਂਦਿਆਂ ਗ੍ਰਿਹਸਤ ਹੰਢਾਉਂਦਿਆਂ ਨਾਮ ਦੇ ਰਸ ਵਿਚ ਉਦਾਸ ਵੀ ਕਮਾਉਣਾ ਹੈ ਭਾਵ ਜੋਗ ਵੀ ਕਮਾਉਣਾ ਹੈ। ਭੱਟ ਸਾਹਿਬਾਨ ਨੇ ਆਪਣੀ ਬਾਣੀ ਵਿਚ ‘ਸਹਜ ਜੋਗ’ ਅਤੇ ‘ਰਾਜ ਜੋਗ’ ਦੋਹਾਂ ਦੀ ਗੱਲ ਕੀਤੀ ਹੈ। ਮਨ ਨੂੰ ਪਰਮਾਰਥ ਅਤੇ ਸਤਸੰਗਤ ਦੇ ਰਸਤੇ ’ਤੇ ਲਾਉਣਾ ਹੈ। ਇਹ ਕੰਮ ਗੁਰੂ-ਕਿਰਪਾ ਨਾਲ ਹੀ ਸੰਭਵ ਹੈ। ਪਵਿੱਤਰ ਫ਼ਰਮਾਨ ਹੈ:

ਗੁਰ ਪ੍ਰਸਾਦਿ ਪਾਈਐ ਪਰਮਾਰਥੁ ਸਤਸੰਗਤਿ ਸੇਤੀ ਮਨੁ ਖਚਨਾ॥ (ਪੰਨਾ 1404)

ਇਉਂ ਇਹ ਆਖਿਆ ਜਾ ਸਕਦਾ ਹੈ ਕਿ ਭੱਟ ਸਾਹਿਬਾਨ ਦੀ ਬਾਣੀ ਗੁਰਮਤਿ ਦੇ ਮੂਲ ਸਿਧਾਂਤਾਂ ਦਾ ਹੀ ਪ੍ਰਗਟਾਵਾ ਕਰਦੀ ਹੈ ਅਤੇ ਇਨ੍ਹਾਂ ਸਿਧਾਂਤਾਂ ਨੂੰ ਹੀ ਦ੍ਰਿੜ੍ਹ ਕਰਵਾਉਂਦੀ ਹੈ।

ਸਾਹਿਤਕ ਪੱਖ

ਭੱਟ ਸਾਹਿਬਾਨ ਆਪ ਹੀ ਆਪਣੇ ਆਪ ਨੂੰ ‘ਕਵੀ’ ਆਖਦੇ ਹਨ। ਉਨ੍ਹਾਂ ਨੇ ਬਾਣੀ ਰਚਣ ਲਈ ਪ੍ਰਸਿੱਧ ਛੰਦ ਸਵੱਈਏ ਦੀ ਵਰਤੋਂ ਕੀਤੀ ਹੈ। ਉਹ ਇਸ ਛੰਦ ਦੇ ਰੂਪ ਨੂੰ ਨਿਭਾਉਣ ਵਿਚ ਬਹੁਤ ਹੀ ਨਿਪੁੰਨਤਾ ਦਿਖਾ ਗਏ ਹਨ। ਉਨ੍ਹਾਂ ਦੀ ਜ਼ਬਾਨ ਵਿਚ ਗੁਰਬਾਣੀ ਦੇ ਕੀਰਤਨ ਦਾ ਰਸ ਹੈ। ਇਹੀ ਰਸ ਉਨ੍ਹਾਂ ਦੀ ਬਾਣੀ ਵਿਚ ਮੌਜੂਦ ਹੈ। ਇਹ ਬਾਣੀ ਉਤਮ ਰਸ ਨਾਲ ਓਤਪੋਤ ਹੈ। ਆਮ ਤੌਰ ’ਤੇ ਚਾਰ-ਚਾਰ ਸਵੱਈਆਂ ਦਾ ਅੰਤ ਇੱਕੋ ਤੁਕ ਨੂੰ ਦੁਹਰਾ ਕੇ ਕੀਤਾ ਗਿਆ ਹੈ। ਇਸ ਗੁਣ ਨੇ ਇਨ੍ਹਾਂ ਸਵੱਈਆਂ ਨੂੰ ਮਹਾਨ ਸੰਗੀਤਕਤਾ ਪ੍ਰਦਾਨ ਕੀਤੀ ਹੈ। ‘ਗੁਰ ਰਾਮ ਦਾਸ ਕਲਚਰੈ’ ਸ਼ਬਦ ਛੇ ਸਵੱਈਆਂ ਦੀਆਂ ਅੰਤਲੀਆਂ ਤੁਕਾਂ ਵਿਚ ਆਉਂਦੇ ਹਨ। ਇਸੇ ਤਰ੍ਹਾਂ ਤਿੰਨ ਸਵੱਈਆਂ ਦੀ ਅੰਤਲੀ ਤੁਕ ਹੈ:

ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ॥ (ਪੰਨਾ 1402)

ਇਸ ਤਰ੍ਹਾਂ ਦੀਆਂ ਅਨੰਦਮਈ ਉਦਾਹਰਣਾਂ ਹੋਰ ਵੀ ਹਨ। ਪਾਠ ਕਰਦਿਆਂ ਪਾਠ ਕਰਨ ਵਾਲਾ ਵਜਦ ਵਿਚ ਆ ਜਾਂਦਾ ਹੈ। ਕੁਝ ਥਾਵਾਂ ’ਤੇ ਸਵੱਈਏ ਦੀ ਪਹਿਲੀ ਤੁਕ ਅਤੇ ਅੰਤਲੀ ਤੁਕ ਇੱਕੋ ਹੈ ਜਿਵੇਂ ‘ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨੀਅਹੁ’ ਅਤੇ ‘ਸਮਰਥ ਗੁਰੂ ਸਿਰਿ ਹਥੁ ਧਰਿਆਉ’। ਕੁਝ ਸਵੱਈਆਂ ਵਿਚ ਚਾਰ-ਚਾਰ ਤੁਕਾਂ ਦਾ ਆਰੰਭ ਇੱਕੋ ਸ਼ਬਦਾਂ ਨਾਲ ਹੁੰਦਾ ਹੈ ਜਿਵੇਂ ‘ਜਾਮਿ ਗੁਰੂ ਹੋਇ ਵਲਿ’ ਅਤੇ ‘ਗੁਰੁ ਜਿਨ ਕਉ ਸੁਪ੍ਰਸੰਨੁ’। ਇਹ ਦੁਹਰਾਉ ਕਹੀ ਜਾ ਰਹੀ ਗੱਲ ਨੂੰ ਵਧੇਰੇ ਦ੍ਰਿੜ੍ਹ ਵੀ ਕਰਦਾ ਹੈ ਅਤੇ ਸੰਗੀਤਕ ਰਸ ਵੀ ਪੈਦਾ ਕਰਦਾ ਹੈ।

ਮਿਥਿਹਾਸਕ ਪੱਖ ਬਾਰੇ ਵਿਚਾਰ ਕਰਦਿਆਂ ਬਹੁਤ ਸਾਰੇ ਮਿਥਿਹਾਸਕ ਦ੍ਰਿਸ਼ਟਾਂਤਾਂ ਅਤੇ ਸੰਕੇਤਾਂ ਦਾ ਜ਼ਿਕਰ ਕੀਤਾ ਜਾ ਚੁੱਕਾ ਹੈ। ਦ੍ਰਿਸ਼ਟਾਂਤ, ਸੰਕੇਤ ਅਤੇ ਪ੍ਰਤੀਕ ਭਾਵ ਨੂੰ ਸ਼ਿੰਗਾਰਨ ਵਿਚ ਸਹਾਇਤਾ ਕਰਦੇ ਹਨ। ਇਹ ਕਾਵਿ-ਪ੍ਰਗਟਾਵੇ ਦੇ ਗਹਿਣੇ ਹੁੰਦੇ ਹਨ। ਇਸ ਪੱਖੋਂ ਭੱਟ ਸਾਹਿਬਾਨ ਦੀ ਬਾਣੀ ਬਹੁਤ ਹੀ ਅਮੀਰ ਹੈ।

ਨਾਮ ਨੂੰ ਦਵਾਈ, ਆਧਾਰ, ਸਮਾਧੀ ਦਾ ਸੁਖ, ਨੀਸਾਣ, ਇਸ਼ਨਾਨ, ਰਸ, ਖਾਣ-ਪੀਣ ਅਤੇ ਭੋਜਨ ਨਾਲ ਤਸ਼ਬੀਹ ਦੇ ਕੇ ਨਾਮ ਦੀ ਵਡਿਆਈ ਭੱਟ ਸਾਹਿਬਾਨ ਨੇ ਆਪਣੇ ਸਵੱਈਆਂ ਵਿਚ ਕੀਤੀ ਹੈ। ਇਸੇ ਤਰ੍ਹਾਂ ਗੁਰੂ-ਸੇਵਾ ਰਾਹੀਂ ਚਰਨ, ਹੱਥ, ਜੀਭ, ਸ੍ਰਵਣ, ਦੇਹ ਆਦਿ ਨੂੰ ਸਕਾਰਥਾ ਕਰਨ ਦੀ ਸੁੰਦਰ ਕਾਵਿਕ ਮਿਸਾਲ ਪੇਸ਼ ਕੀਤੀ ਹੈ। ਗੁਰੂ ਦੀ ਤੁਲਨਾ ਜਹਾਜ਼ ਨਾਲ ਕੀਤੀ ਹੋਈ ਹੈ। ਔਗੁਣਾਂ ਦਾ ਮਾਨਵੀਕਰਨ ਕਰ ਕੇ ਕਾਮ ਨੂੰ ਕੇਸਾਂ ਤੋਂ ਫੜ ਕੇ ਪਛਾੜਨ ਦੀ ਅਵਸਥਾ ਦਾ ਪ੍ਰਗਟਾਵਾ ਕੀਤਾ ਗਿਆ ਹੈ ਅਤੇ ਕ੍ਰੋਧ-ਲੋਭ ਨੂੰ ਅਪਮਾਨ ਸਹਿਤ ਝਾੜਿਆ ਗਿਆ ਹੈ:

ਮੋਹੁ ਮਲਿ ਬਿਵਸਿ ਕੀਅਉ ਕਾਮੁ ਗਹਿ ਕੇਸ ਪਛਾੜ੍ਹਉ॥
ਕ੍ਰੋਧੁ ਖੰਡਿ ਪਰਚੰਡਿ ਲੋਭੁ ਅਪਮਾਨ ਸਿਉ ਝਾੜ੍ਹਉ॥ (ਪੰਨਾ 1406)

ਭੱਟ ਭੱਲ੍‍ ਜੀ ਦੇ ਇਕ ਸਵੱਈਏ ਦੀ ਕਾਵਿਕ ਸੁੰਦਰਤਾ ਆਚੰਭਿਤ ਕਰਨ ਵਾਲੀ ਹੈ:

ਘਨਹਰ ਬੂੰਦ ਬਸੁਅ ਰੋਮਾਵਲਿ ਕੁਸਮ ਬਸੰਤ ਗਨੰਤ ਨ ਆਵੈ॥
ਰਵਿ ਸਸਿ ਕਿਰਣਿ ਉਦਰੁ ਸਾਗਰ ਕੋ ਗੰਗ ਤਰੰਗ ਅੰਤੁ ਕੋ ਪਾਵੈ॥ (ਪੰਨਾ 1396)

ਜਿਵੇਂ ਬੱਦਲਾਂ ਦੀਆਂ ਕਣੀਆਂ, ਬਨਸਪਤੀ, ਬਸੰਤ ਰੁੱਤ ਦੇ ਫੁੱਲਾਂ, ਸੂਰਜ ਅਤੇ ਚੰਦਰਮਾ ਦੀਆਂ ਕਿਰਨਾ ਅਤੇ ਗੰਗਾ ਦੀਆਂ ਤਰੰਗਾਂ ਦੀ ਗਿਣਤੀ ਨਹੀਂ ਹੋ ਸਕਦੀ ਉਵੇਂ ਹੀ ਸ੍ਰੀ ਗੁਰੂ ਅਮਰਦਾਸ ਜੀ ਦੇ ਗੁਣਾਂ ਦੀ ਗਿਣਤੀ ਨਹੀਂ ਹੋ ਸਕਦੀ। ਉਨ੍ਹਾਂ ਦੀ ਉਪਮਾ, ਉਨ੍ਹਾਂ ਦੀ ਬਰਾਬਰੀ ਉਨ੍ਹਾਂ ਨਾਲ ਹੀ ਦੱਸ ਕੇ ਹੋ ਸਕਦੀ ਹੈ।

ਸੰਖੇਪ ਵਿਚ ਦੱਸੇ ਉਪਰੋਕਤ ਗੁਣਾਂ ਤੋਂ ਹੀ ਭੱਟ ਸਾਹਿਬਾਨ ਦੀ ਬਾਣੀ ਦੀ ਸਾਹਿਤਕ ਮਹਾਨਤਾ ਸੁਤੇ-ਸਿਧ ਪ੍ਰਗਟ ਹੋ ਜਾਂਦੀ ਹੈ। ਮਿਥਿਹਾਸਕ, ਇਤਿਹਾਸਕ, ਸਿਧਾਂਤਕ ਅਤੇ ਸਾਹਿਤਕ ਪੱਖਾਂ ਤੋਂ ਅਮੀਰ ਅਤੇ ਮਿੱਠੀ ਬਾਣੀ ਦੀ ਰਚਨਾ ਕਰ ਕੇ ਭੱਟ ਸਾਹਿਬਾਨ ਨੇ ਜਿਸ ਪੱਧਰ ’ਤੇ ਗੁਰੂ ਸਾਹਿਬਾਨ ਦੀ ਵਡਿਆਈ ਕੀਤੀ ਹੈ, ਉਸ ਦਾ ਕਥਨ ਸ਼ਬਦਾਂ ਰਾਹੀਂ ਜਿੰਨਾ ਵੀ ਕੀਤਾ ਜਾਵੇ ਥੋੜ੍ਹਾ ਹੈ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

Sukhdev Singh Shant
ਸੇਵਾ ਮੁਕਤ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ -ਵਿਖੇ: ਸਹਿਕਾਰਤਾ ਵਿਭਾਗ, ਪੰਜਾਬ ਸਰਕਾਰ

36-ਬੀ, ਰਤਨ ਨਗਰ, ਪਟਿਆਲਾ

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)