editor@sikharchives.org

ਡੇਰਾ ਬਾਬਾ ਬੰਦਾ ਸਿੰਘ ਬਹਾਦਰ

ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਪਹੁੰਚ ਕੇ ਮੁਗ਼ਲ ਹਕੂਮਤ ਖਿਲਾਫ਼ ਯੁੱਧ ਦਾ ਅਜਿਹਾ ਬਿਗਲ ਵਜਾਇਆ ਕਿ ਸਮੇਂ ਦੀ ਹਕੂਮਤ ਨੂੰ ਹੱਥਾਂ-ਪੈਰਾਂ ਦੀ ਪੈ ਗਈ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਬਾਬਾ ਬੰਦਾ ਸਿੰਘ ਬਹਾਦਰ ਸਿੱਖ ਇਤਿਹਾਸ ਦਾ ਅਜਿਹਾ ਪੰਨਾ ਹੈ, ਜਿਸ ਨੇ ਉਸ ਤੋਂ ਬਾਅਦ ਹੋਣ ਵਾਲੇ ਸਿੱਖ ਸਰਦਾਰਾਂ ਦੇ ਸੰਘਰਸ਼ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਤੋਂ ਪਹਿਲਾਂ ਗੁਰੂ ਸਾਹਿਬਾਨ ਨੇ ਸਮੇਂ ਦੀ ਹਕੂਮਤ ਦੇ ਵਿਰੁੱਧ ਜਿਹੜੇ ਯੁੱਧ ਕੀਤੇ ਸਨ, ਉਨ੍ਹਾਂ ਵਿਚ ਨਾ ਤਾਂ ਗੁਰੂ ਸਾਹਿਬਾਨ ਨੇ ਕਦੇ ਕਿਸੇ ਨੂੰ ਪਹਿਲਾਂ ਯੁੱਧ ਲਈ ਵੰਗਾਰਿਆ ਸੀ ਅਤੇ ਨਾ ਹੀ ਉਨ੍ਹਾਂ ਦੁਆਰਾ ਕੀਤੇ ਯੁੱਧਾਂ ਵਿਚ ਰਾਜ ਦੀ ਸਥਾਪਤੀ ਵੱਲ ਕੋਈ ਸੰਕੇਤ ਮਿਲਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਕ ਨਵਾਂ ਜੀਵਨ ਬਖ਼ਸ਼ਿਆ ਸੀ ਅਤੇ ਨਾਲ ਹੀ ਉਸ ਨੂੰ ਜ਼ੁਲਮ ਦੇ ਖਿਲਾਫ਼ ਜੂਝਣ ਲਈ ਥਾਪੜਾ ਦੇ ਕੇ ਪੰਜਾਬ ਭੇਜਿਆ ਸੀ ਤਾਂ ਕਿ ਆਮ ਲੋਕ ਬਾਦਸ਼ਾਹੀ ਰਾਜ ਵਿਚ ਹੁੰਦੀ ਬਦਕਾਰੀ ਅਤੇ ਬਦਨੀਤੀ ਤੋਂ ਮੁਕਤ ਹੋ ਸਕਣ। ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਪਹੁੰਚ ਕੇ ਮੁਗ਼ਲ ਹਕੂਮਤ ਖਿਲਾਫ਼ ਯੁੱਧ ਦਾ ਅਜਿਹਾ ਬਿਗਲ ਵਜਾਇਆ ਕਿ ਸਮੇਂ ਦੀ ਹਕੂਮਤ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਅੱਯਾਸ਼ੀ ਅਤੇ ਆਰਾਮਪ੍ਰਸਤੀ ਦਾ ਜੀਵਨ ਬਸਰ ਕਰ ਰਹੀ ਹਕੂਮਤ ਨੂੰ ਮੁੜ ਚੈਨ ਨਾਲ ਸੌਣਾ ਨਸੀਬ ਨਹੀਂ ਹੋਇਆ। ਬਾਬਾ ਬੰਦਾ ਸਿੰਘ ਬਹਾਦਰ ਦੁਆਰਾ ਕੀਤੇ ਗਏ ਯੁੱਧਾਂ ਦੀ ਇਕ ਵਿਸ਼ੇਸ਼ਤਾ ਇਹ ਵੀ ਸੀ ਕਿ ਉਸ ਦੀ ਫੌਜ ਵਿਚ ਤਨਖਾਹਦਾਰ ਸਿਪਾਹੀਆਂ ਦੀ ਬਜਾਏ ਗੁਰੂ ਪ੍ਰਤੀ ਸ਼ਰਧਾ ਰੱਖਣ ਵਾਲੇ ਸਿੱਖ ਸਨ, ਜਿਹੜੇ ਪਹਿਲਾਂ ਵੀ ਗੁਰੂ ਸਾਹਿਬਾਨ ਦੇ ਸਮੇਂ ਨਿਸ਼ਾਕਾਮ ਹੋ ਕੇ ਸੇਵਾ ਨਿਭਾ ਰਹੇ ਸਨ। ਇਨ੍ਹਾਂ ਸਿਰੜੀ ਸਿੱਖਾਂ ਦੇ ਆਸਰੇ ਹੀ ਬਾਬਾ ਬੰਦਾ ਸਿੰਘ ਬਹਾਦਰ ਭਾਰਤ ਵਿਚ ਸਥਾਪਤ ਇਕ ਮਜ਼ਬੂਤ ਹਕੂਮਤ ਨਾਲ ਟੱਕਰ ਲੈਣ ਵਿਚ ਨਾ ਕੇਵਲ ਕਾਮਯਾਬ ਹੀ ਹੋਏ ਬਲਕਿ ਉਨ੍ਹਾਂ ਨਾਲ ਕੀਤੇ ਯੁੱਧਾਂ ਵਿਚ ਜਿੱਤਾਂ ਵੀ ਪ੍ਰਾਪਤ ਕਰ ਸਕੇ ਸਨ। ਇਨ੍ਹਾਂ ਯੁੱਧਾਂ ਦੌਰਾਨ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਦਾ ਕੁਝ ਸਮਾਂ ਜੰਮੂ ਦੀਆਂ ਪਹਾੜੀਆਂ ਵਿਚ ਵੀ ਗੁਜ਼ਰਿਆ ਸੀ, ਜਿਥੇ ਅੱਜਕਲ੍ਹ ਡੇਰਾ ਬਾਬਾ ਬੰਦਾ ਸਿੰਘ ਬਹਾਦਰ ਮੌਜੂਦ ਹੈ। ਇਸ ਡੇਰੇ ਵਿਖੇ ਜਾਣ ਦਾ ਸੁਭਾਗ ਪ੍ਰਾਪਤ ਹੋਇਆ, ਧਰਮ ਅਧਿਐਨ ਵਿਭਾਗ ਵਿਖੇ ਕਾਰਜ ਕਰ ਰਹੇ ਡਾ. ਗੁਰਮੀਤ ਸਿੰਘ ਵੀ ਇਸ ਯਾਤਰਾ ਵਿਚ ਸ਼ਾਮਲ ਸਨ। ਬਗੈਰ ਕਿਸੇ ਵਿਸ਼ਲੇਸ਼ਣ ਦੇ ਜੋ ਕੁਝ ਉਥੇ ਦੇਖਿਆ ਜਾਂ ਸੁਣਿਆ, ਪਾਠਕਾਂ ਦੀ ਜਾਣਕਾਰੀ ਲਈ ਪੇਸ਼ ਕੀਤਾ ਜਾ ਰਿਹਾ ਹੈ।

ਡੇਰਾ ਬਾਬਾ ਬੰਦਾ ਸਿੰਘ ਬਹਾਦਰ

ਡੇਰਾ ਬਾਬਾ ਬੰਦਾ ਸਿੰਘ ਬਹਾਦਰ, ਜੰਮੂ ਤੋਂ ਲਗਪਗ 75-80 ਕਿਲੋਮੀਟਰ ਦੀ ਦੂਰੀ ’ਤੇ ਰਿਆਸੀ ਵਿਖੇ ਸੁਸ਼ੋਭਿਤ ਹੈ। ਇਥੇ ਜਾਣ ਲਈ ਕਟੜੇ ਤੋਂ ਸੜਕ ਮੁੜਦੀ ਹੈ। ਕਟੜੇ ਵਿਖੇ ਇਕ ਆਲੀਸ਼ਾਨ ਧਰਮਸ਼ਾਲ ਬਣਾਈ ਹੋਈ ਹੈ, ਜਿਥੇ ਨਿਵਾਸ ਲਈ ਕਮਰਿਆਂ ਦਾ ਪ੍ਰਬੰਧ ਹੈ, ਜਿਨ੍ਹਾਂ ਦੀ ਸਾਂਭ-ਸੰਭਾਲ ਲਈ ਨਿਵਾਸ ਕਰਨ ਵਾਲਿਆਂ ਤੋਂ ਮਾਮੂਲੀ ਜਿਹਾ ਕਿਰਾਇਆ ਲਿਆ ਜਾਂਦਾ ਹੈ ਪਰ ਲੰਗਰ ਦੀ ਸੇਵਾ ਮੁਫ਼ਤ ਕੀਤੀ ਜਾਂਦੀ ਹੈ। ਕਟੜੇ ਤੋਂ ਲਗਪਗ ਅਠਾਰਾਂ ਕਿਲੋਮੀਟਰ ਅੱਗੇ ਜਾ ਕੇ ਸਿੰਬਲ ਚੋਅ ’ਤੇ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਗੇਟ ਬਣਿਆ ਹੋਇਆ ਹੈ, ਜਿਥੋਂ ਲਗਪਗ ਸਾਢੇ ਦਸ ਕਿਲੋਮੀਟਰ ਅੱਗੇ ਜਾ ਕੇ ਡੇਰਾ ਬਾਬਾ ਬੰਦਾ ਸਿੰਘ ਬਹਾਦਰ ਮੌਜੂਦ ਹੈ। ਬਾਬਾ ਬੰਦਾ ਸਿੰਘ ਦੇ ਖ਼ਾਨਦਾਨ ਦੀ ਦਸਵੀਂ ਪੀੜ੍ਹੀ ਵਿੱਚੋਂ ਬਾਬਾ ਜਤਿੰਦਰਪਾਲ ਸਿੰਘ ਡੇਰੇ ਦੇ ਮੁੱਖ-ਪ੍ਰਬੰਧਕ ਹਨ, ਜਿਹੜੇ ਕਿ ਅਜੋਕੇ ਬਾਬਿਆਂ ਵਾਲੇ ਪਹਿਰਾਵੇ ਤੋਂ ਕੋਹਾਂ ਦੂਰ, ਸਿੱਧੇ-ਸਾਧੇ, ਪੜ੍ਹੇ-ਲਿਖੇ, ਮਿੱਠ ਬੋਲੜੇ ਅਤੇ ਨਿੱਘੇ ਸੁਭਾਅ ਦੇ ਮਾਲਕ ਹਨ, ਉਨ੍ਹਾਂ ਨੇ ਸਾਨੂੰ ਇਸ ਸਥਾਨ ਬਾਰੇ ਵੱਧ ਤੋਂ ਵੱਧ ਜਾਣਕਾਰੀ ਪ੍ਰਦਾਨ ਕਰਨ ਦਾ ਯਤਨ ਕੀਤਾ। ਸਾਡੇ ਕਿਸੇ ਵੀ ਪ੍ਰਸ਼ਨ ’ਤੇ ਉਨ੍ਹਾਂ ਨੂੰ ਭੋਰਾ ਵੀ ਗੁੱਸਾ ਨਹੀਂ ਆਇਆ ਅਤੇ ਬਹੁਤ ਹੀ ਸਹਿਜ-ਸੁਭਾਅ ਉਹ ਸਾਡੀ ਜਗਿਆਸਾ ਪੂਰਤੀ ਕਰਦੇ ਰਹੇ।

ਮੁੱਖ-ਪ੍ਰਬੰਧਕ ਨੇ ਇਸ ਸਥਾਨ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਦੋ ਵਿਆਹ ਹੋਏ ਸਨ। ਉਨ੍ਹਾਂ ਦੀ ਇਕ ਧਰਮ-ਪਤਨੀ ਚੰਬੇ ਦੇ ਰਾਜੇ ਦੀ ਭਤੀਜੀ ਸੁਸ਼ੀਲ ਕੌਰ ਸੀ, ਜਿਸ ਤੋਂ ਅਜੈ ਸਿੰਘ ਪੈਦਾ ਹੋਇਆ ਜੋ ਕਿ ਬਾਬਾ ਬੰਦਾ ਸਿੰਘ ਬਹਾਦਰ ਨਾਲ ਦਿੱਲੀ ਸ਼ਹੀਦ ਹੋ ਗਿਆ ਸੀ। ਬਾਬਾ ਬੰਦਾ ਸਿੰਘ ਬਹਾਦਰ 1713-15 ਈਸਵੀ ਤਕ ਮੌਜੂਦਾ ਡੇਰੇ ਵਾਲੇ ਸਥਾਨ ’ਤੇ ਰਹੇ ਸਨ ਅਤੇ ਇਥੇ ਹੀ ਉਨ੍ਹਾਂ ਦੀ ਪਤਨੀ ਵਜ਼ੀਰਬਾਦ ਦੇ ਵਸਨੀਕ ਖੱਤਰੀ ਸ਼ਿਵ ਰਾਮ ਦੀ ਲੜਕੀ ਸਾਹਿਬ ਕੌਰ ਦੀ ਕੁੱਖੋਂ ਰਣਜੀਤ ਸਿੰਘ ਨੇ ਜਨਮ ਲਿਆ ਸੀ। ਅਜੈ ਸਿੰਘ ਦੀ ਸ਼ਹੀਦੀ ਤੋਂ ਬਾਅਦ ਹਕੂਮਤ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਖਾਨਦਾਨ ਖਤਮ ਹੋਣਾ ਮੰਨ ਲਿਆ ਹੋਵੇਗਾ ਇਸ ਕਰਕੇ ਉਨ੍ਹਾਂ ਉਸ ਦੀ ਹੋਰ ਵਧੇਰੇ ਖੋਜ ਕਰਨੀ ਉੱਚਿਤ ਹੀ ਨਹੀਂ ਸਮਝੀ ਹੋਵੇਗੀ। ਸਾਹਿਬ ਕੌਰ ਦਾ ਪਰਵਾਰ ਮੌਜੂਦਾ ਡੇਰੇ ਵਾਲੇ ਸਥਾਨ ’ਤੇ ਹੀ ਵਧਿਆ-ਫੁੱਲਿਆ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੁਆਰਾ ਉਸ ਸਥਾਨ ’ਤੇ ਨਿਵਾਸ ਦੌਰਾਨ ਮੌਜੂਦ ਵਸਤਾਂ ਅਤੇ ਆਲੇ-ਦੁਆਲੇ ਦੇ ਕੁਦਰਤੀ ਨਜ਼ਾਰਿਆਂ ਨੂੰ ਉਨ੍ਹਾਂ ਦੀਆਂ ਯਾਦਗਾਰਾਂ ਵਜੋਂ ਸੰਭਾਲ ਕੇ ਰੱਖਣ ਦੇ ਕਾਰਜ ਵੱਲ ਹੀ ਰੁਚਿਤ ਹੋ ਗਿਆ ਸੀ।


ਬਾਬਾ ਬੰਦਾ ਸਿੰਘ ਬਹਾਦਰ ਨੇ ਚਨਾਬ ਦਰਿਆ (ਪੁਰਾਤਨ ਨਾਂ ਚੰਦਰ ਭਾਗਾ ਨਦੀ) ਦੇ ਕਿਨਾਰੇ ਆ ਡੇਰੇ ਲਾਏ ਸਨ। ਬਾਬਾ ਜੀ ਇਸ ਸਥਾਨ ’ਤੇ ਕਿਉਂ ਆਏ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ, ਉਥੋਂ ਦੇ ਮੁੱਖ-ਪ੍ਰਬੰਧਕ ਨੇ ਦੱਸਿਆ ਕਿ ਇਕ ਤਾਂ ਰਾਜੌਰੀ ਵਿਖੇ ਜਨਮੇ ਬਾਬਾ ਜੀ ਇਸ ਇਲਾਕੇ ਬਾਰੇ ਚੋਖੀ ਜਾਣਕਾਰੀ ਰੱਖਦੇ ਸਨ ਅਤੇ ਦੂਜਾ ਇਹ ਇਲਾਕਾ ਦਰਿਆ ਅਤੇ ਪਹਾੜੀਆਂ ਨਾਲ ਘਿਰਿਆ ਹੋਇਆ ਹੈ। ਇਹ ਦਰਿਆ ਇਥੇ ਦੋਹਰਾ ਮਸਲਾ ਹੱਲ ਕਰਦਾ ਹੈ, ਇਕ ਤਾਂ ਇਹ ਪਾਣੀ ਦੀ ਪੂਰਤੀ ਕਰਦਾ ਹੈ ਅਤੇ ਦੂਜਾ ਇਹ ਦੁਸ਼ਮਣਾਂ ਨੂੰ ਰੋਕਣ ਦਾ ਕਾਰਜ ਵੀ ਕਰਦਾ ਹੈ। ਇਥੋਂ ਬਾਬਾ ਜੀ ਫਿਰ ਪੰਜਾਬ ਵੱਲ ਗਏ ਸਨ ਅਤੇ ਗੁਰਦਾਸ ਨੰਗਲ ਦੇ ਭਿਆਨਕ ਯੁੱਧ ਉਪਰੰਤ ਉਨ੍ਹਾਂ ਦੀ ਸ਼ਹੀਦੀ ਹੋ ਗਈ ਸੀ। ਲਗਪਗ ਦੋ ਸਾਲ ਦਾ ਸਮਾਂ ਇਥੇ ਗੁਜ਼ਾਰਨ ਸਮੇਂ ਉਹ ਜਿਥੇ ਅਕਾਲ ਪੁਰਖ ਦੀ ਬੰਦਗੀ ਵਿਚ ਲੱਗੇ ਰਹਿੰਦੇ ਸਨ, ਉਥੇ ਆਉਣ ਵਾਲੇ ਸਮੇਂ ਬਾਰੇ ਨੀਤੀ ਘੜਨ ਲਈ ਵੀ ਯੋਗ ਸਮਾਂ ਉਨ੍ਹਾਂ ਕੋਲ ਸੀ। ਨਿਸ਼ਾਨ ਸਾਹਿਬ ਖ਼ਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਅਤੇ ਜਿਥੇ ਵੀ ਕੋਈ ਸਿੱਖ ਧਾਰਮਿਕ ਸਥਾਨ ਮੌਜੂਦ ਹੁੰਦਾ ਹੈ, ਉਥੇ ਇਸ ਨੂੰ ਸੁਸ਼ੋਭਿਤ ਕਰਨਾ ਜ਼ਰੂਰੀ ਮੰਨਿਆ ਜਾਂਦਾ ਹੈ। ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਜਿੱਤਦੇ ਹੋਏ ਜਦੋਂ ਉਹ ਇਸ ਸਥਾਨ ’ਤੇ ਆਏ ਤਾਂ ਇਥੇ ਵੀ ਉਨ੍ਹਾਂ ਨੇ 48 ਫੁੱਟ ਉੱਚੇ ਨਿਸ਼ਾਨ ਸਾਹਿਬ ਦੀ ਸਥਾਪਨਾ ਕੀਤੀ ਸੀ। ਬਾਬਾ ਜੀ ਦੁਆਰਾ ਦਿਉਦਾਰ ਦੀ ਲੱਕੜ ਦੇ ਇਕ ਪੋਰੀਆ ਦਰੱਖਤ ਰਾਹੀਂ ਸਥਾਪਤ ਕੀਤਾ ਨਿਸ਼ਾਨ ਸਾਹਿਬ ਅੱਜ ਵੀ ਮੌਜੂਦ ਹੈ। ਗੁਰਦੁਆਰਾ ਸਾਹਿਬ ਦੇ ਅੰਦਰ ਇਕ ਇਤਿਹਾਸਿਕ ਬੇਰੀ ਹੈ, ਜਿਸ ਦੇ ਬੇਰ ਤੋੜਨ ਦੀ ਕਿਸੇ ਨੂੰ ਆਗਿਆ ਨਹੀਂ ਹੈ, ਇਸ ਬੇਰੀ ਤੋਂ ਜਿਹੜੇ ਬੇਰ ਆਪਣੇ ਆਪ ਥੱਲੇ ਡਿੱਗਦੇ ਹਨ, ਉਹ ਪ੍ਰਸ਼ਾਦ ਰੂਪ ਵਿਚ ਸੰਗਤ ਵਿਚ ਵੰਡ ਦਿੱਤੇ ਜਾਂਦੇ ਹਨ। ਸ਼ਰਧਾਲੂ ਇਸ ਬੇਰੀ ਦੇ ਕੋਲ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਦੇ ਹਨ।

ਡੇਰੇ ਵਿਖੇ ਮੌਜੂਦ ਇਤਿਹਾਸਿਕ ਵਸਤਾਂ ਅਤੇ ਯਾਦਗਾਰਾਂ

1. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੁਰਤਾਨ ਬੀੜ।
2. ਲੱਕੜ ਦਾ ਨਿਸ਼ਾਨ ਸਾਹਿਬ ਜਿਸ ਬਾਰੇ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਸ ਦੀ ਸਥਾਪਨਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਆਪਣੇ ਹੱਥਾਂ ਨਾਲ ਕੀਤੀ ਸੀ।
3. ਲਗਭਗ ਤਿੰਨ ਸੌ ਸਾਲ ਪੁਰਾਣੀ ਬੇਰੀ।
4. ਬੋਹੜ ਦੇ ਚਾਰ ਪੁਰਾਤਨ ਦਰੱਖ਼ਤ ਜਿਹੜੇ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਤੋਂ ਮੌਜੂਦ ਮੰਨੇ ਜਾਂਦੇ ਹਨ।
5. ਪੁਰਾਤਨ ਮੰਜੇ।
6. ਬਾਬਾ ਬੰਦਾ ਸਿੰਘ ਬਹਾਦਰ ਦਾ ਚੋਲਾ।
7. ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਸਤਰ- ਤੀਰ, ਤੇਗਾ, ਕ੍ਰਿਚ, ਗੁਰਜ, ਸਿਰੀ ਸਾਹਿਬ।
8. ਬਾਬਾ ਬੰਦਾ ਸਿੰਘ ਬਹਾਦਰ ਦੀਆਂ ਅਸਥੀਆਂ- ਮੁੱਖ-ਪ੍ਰਬੰਧਕ ਨੇ ਦੱਸਿਆ ਕਿ ਜਦੋਂ ਬਾਬਾ ਬੰਦਾ ਸਿੰਘ ਜੀ ਨੂੰ ਦਿੱਲੀ ਵਿਖੇ ਸ਼ਹੀਦ ਕੀਤਾ ਗਿਆ ਤਾਂ ਮਜਨੂੰ ਦੇ ਟਿੱਲੇ ਇਕ ਫ਼ਕੀਰ ਰਹਿੰਦਾ ਸੀ, ਜਿਸ ਨੇ ਬਾਬਾ ਜੀ ਦੇ ਸਰੀਰ ਨੂੰ ਅਗਨ ਭੇਂਟ ਕੀਤਾ ਸੀ ਅਤੇ ਉਹ ਬਾਬਾ ਜੀ ਦੀਆਂ ਅਸਥੀਆਂ ਲੈ ਕੇ ਇਸ ਸਥਾਨ ’ਤੇ ਆਇਆ ਸੀ। ਉਸ ਸਮੇਂ ਤੋਂ ਹੀ ਇਹ ਅਸਥੀਆਂ ਇਥੇ ਸੰਭਾਲ ਕੇ ਰੱਖੀਆਂ ਹੋਈਆਂ ਹਨ ਅਤੇ ਉਨ੍ਹਾਂ ਕਦੇ ਵੀ ਇਨ੍ਹਾਂ ਨੂੰ ਨਹੀਂ ਦੇਖਿਆ, ਉਹ ਕੇਵਲ ਇਨ੍ਹਾਂ ਦੀ ਸੰਭਾਲ ਹੀ ਕਰ ਰਹੇ ਹਨ।

ਡੇਰੇ ਦੇ ਮੁੱਖ-ਪ੍ਰਬੰਧਕ

ਬਾਬਾ ਬੰਦਾ ਸਿੰਘ ਬਹਾਦਰ ਦੇ ਇਸ ਸਥਾਨ (ਰਿਆਸੀ) ਤੋਂ ਪੰਜਾਬ ਵੱਲ ਚਲੇ ਜਾਣ ਤੋਂ ਬਾਅਦ ਉਨ੍ਹਾਂ ਦੀ ਧਰਮ-ਪਤਨੀ ਬੀਬੀ ਸਾਹਿਬ ਕੌਰ ਅਤੇ ਉਨ੍ਹਾਂ ਦਾ ਪੁੱਤਰ ਬਾਬਾ (ਬਾਲਕ) ਰਣਜੀਤ ਸਿੰਘ ਜੀ ਕੁਝ ਸੇਵਕਾਂ ਸਮੇਤ ਇਥੇ ਰਹਿ ਗਏ ਸਨ। ਬਾਬਾ ਰਣਜੀਤ ਸਿੰਘ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੀਆਂ ਯਾਦਗਾਰਾਂ ਦੀ ਸੰਭਾਲ ਕਰਨ ਵਾਲਾ ਪਹਿਲਾ ਮੁੱਖ-ਪ੍ਰਬੰਧਕ ਕਿਹਾ ਜਾਂਦਾ ਹੈ। ਹੁਣ ਤਕ ਇਸ ਡੇਰੇ ਦੀ ਸਾਂਭ-ਸੰਭਾਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਵੰਸ਼ਜ਼ ਹੀ ਕਰਦੇ ਆ ਰਹੇ ਹਨ, ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ:

1. ਬਾਬਾ ਰਣਜੀਤ ਸਿੰਘ – ਇਨ੍ਹਾਂ ਦੀ ਯਾਦਗਾਰ ਅੱਜ ਵੀ ਡੇਰੇ ਵਿਖੇ ਮੌਜੂਦ ਹੈ, ਜਿਥੇ ਪੁਰਾਤਨ ਕੰਧ ਚਿਤਰਕਲਾ ਅਤੇ ਅਜਾਇਬ ਘਰ ਬਣਿਆ ਹੋਇਆ ਹੈ।
2. ਬਾਬਾ ਜੁਝਾਰ ਸਿੰਘ।
3. ਬਾਬਾ ਫ਼ਤਹਿ ਸਿੰਘ – ਇਨ੍ਹਾਂ ਦੇ ਨਾਂ ’ਤੇ ਡੇਰੇ ਵਿਖੇ ਅਜਾਇਬ ਘਰ ਬਣਿਆ ਹੋਇਆ ਹੈ।
4. ਬਾਬਾ ਅਮੀਰ ਸਿੰਘ।
5. ਬਾਬਾ ਦਯਾ ਸਿੰਘ।
6. ਬਾਬਾ ਤੇਜ ਸਿੰਘ – ਇਹ ਉੱਤਮ ਘੋੜ-ਸਵਾਰ ਸਨ ਅਤੇ ਇਕ ਵਾਰ ਰੇਲ ਗੱਡੀ ਨਾਲ ਹੋਈ ਰੇਸ ਵਿਚ ਇਹ ਅੱਗੇ ਲੰਘ ਗਏ ਸਨ।
7. ਬਾਬਾ ਅਤਰ ਸਿੰਘ।
8. ਬਾਬਾ ਸਰਦੂਲ ਸਿੰਘ।
9. ਬਾਬਾ ਜਤਿੰਦਰਪਾਲ ਸਿੰਘ (ਮੌਜੂਦਾ ਮੁੱਖ-ਪ੍ਰਬੰਧਕ)।

ਸਿੱਖੀ ਪ੍ਰਚਾਰ

ਮੌਜੂਦਾ ਮੁੱਖ-ਪ੍ਰਬੰਧਕ ਨੇ ਦੱਸਿਆ ਕਿ ਡੇਰਾ ਬਾਬਾ ਬੰਦਾ ਸਿੰਘ ਬਹਾਦਰ ਸਿੱਖੀ ਪ੍ਰਚਾਰ ਲਈ ਪੂਰੀ ਤਰ੍ਹਾਂ ਨਾਲ ਦ੍ਰਿੜ੍ਹ ਹੈ ਅਤੇ ਡੇਰੇ ਵਿਖੇ ਹੋਣ ਵਾਲੇ ਸਮੂਹ ਕਾਰਜ ਸਿੱਖੀ ਰਵਾਇਤਾਂ ਅਨੁਸਾਰ ਕੀਤੇ ਜਾਂਦੇ ਹਨ। ਬਾਬਾ ਬੰਦਾ ਸਿੰਘ ਬਹਾਦਰ ਦੇ ਚੌਥੇ ਵੰਸ਼ਜ਼ ਬਾਬਾ ਫ਼ਤਹਿ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਸਮਕਾਲੀ ਸਨ। ਉਨ੍ਹਾਂ ਨੇ ਇਲਾਕੇ ਵਿਚ ਸਿੱਖੀ ਪ੍ਰਚਾਰ ਦੀ ਲਹਿਰ ਚਲਾਈ ਸੀ, ਸਿੰਧ, ਬਹਾਵਲਪੁਰ, ਝੰਗ, ਮੁਲਤਾਨ, ਅਜਮੇਰ, ਮੌਜੂਦਾ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿਚ ਉਨ੍ਹਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਸੀ ਅਤੇ ਲੋਕਾਂ ਨੂੰ ਗੁਰੂ-ਘਰ ਨਾਲ ਜੋੜਿਆ ਸੀ। ਅਜੋਕੇ ਸਮੇਂ ਭਾਰੀ ਗਿਣਤੀ ਵਿਚ ਬਾਬਾ ਜੀ ਦੇ ਪੈਰੋਕਾਰ ਭਾਰਤ ਦੇ ਵੱਖ-ਵੱਖ ਕੋਨਿਆਂ ਵਿਚ ਵੱਸਦੇ ਹਨ ਜਿਹੜੇ ਕਿ ਆਪਣੇ ਮਰਨੇ-ਪਰਨੇ ਦੇ ਸਮੂਹ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਕਰਦੇ ਹਨ। ਡੇਰੇ ਦੇ ਪ੍ਰਚਾਰ ਸਦਕਾ ਬਹੁਤ ਸਾਰੇ ਲੋਕ ਸਿੱਖੀ ਵੱਲ ਰੁਚਿਤ ਹੋਏ ਹਨ, ਸਹਿਜਧਾਰੀਆਂ ਦੇ ਰੂਪ ਵਿਚ ਵਿਚਰਨ ਵਾਲੇ ਸ਼ਰਧਾਲੂ ਆਪਣੇ ਪਰਵਾਰ ਵਿਚ ਹੋਣ ਵਾਲੀਆਂ ਵਿਆਹ-ਸ਼ਾਦੀਆਂ ਸਮੇਂ ਇਸ ਗੱਲ ਦਾ ਧਿਆਨ ਰੱਖਦੇ ਹਨ ਕਿ ਉਨ੍ਹਾਂ ਦੇ ਬਣਨ ਵਾਲੇ ਸੰਬੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹੋਣ। ਇਸ ਡੇਰੇ ਵਿਚ ਆਉਣ ਵਾਲੇ ਸਮੂਹ ਸ਼ਰਧਾਲੂਆਂ ਲਈ ਸਿੱਖੀ ਰਵਾਇਤਾਂ ਦਾ ਪਾਲਣ ਕਰਨਾ ਜ਼ਰੂਰੀ ਹੈ। ਮਹਾਰਾਜਾ ਰਣਜੀਤ ਸਿੰਘ ਨੇ ਇਥੇ ਗੁਰਦੁਆਰਾ ਸਾਹਿਬ ਦੀ ਇਮਾਰਤ ਬਣਾਈ ਸੀ ਜਿਸ ਨਾਲ ਇਲਾਕੇ ਵਿਚ ਸਿੱਖੀ ਪ੍ਰਚਾਰ ਨੂੰ ਬਲ ਮਿਲਿਆ ਸੀ।

ਵਿਦਿਅਕ ਅਦਾਰੇ

ਰਿਆਸੀ ਇਲਾਕੇ ਵਿਚ ਛੋਟੇ ਬੱਚਿਆਂ ਨੂੰ ਵਿਦਿਆ ਪ੍ਰਦਾਨ ਕਰਨ ਲਈ ਡੇਰੇ ਵਿਖੇ ਇਕ ਸਕੂਲ ਚਲਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਹਾਂਸੀ ਅਤੇ ਰੋਹਤਕ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਚਲਾਏ ਜਾ ਰਹੇ ਹਨ, ਜਿਨ੍ਹਾਂ ਰਾਹੀਂ ਦਸਵੀਂ ਪੱਧਰ ਦੀ ਵਿਦਿਆ ਪ੍ਰਦਾਨ ਕੀਤੀ ਜਾ ਰਹੀ ਹੈ।

ਪਰੰਪਰਾ

ਹਨੇਰਾ ਛੇਤੀ ਹੋ ਜਾਣ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖ-ਆਸਨ ਸ਼ਾਮ ਚਾਰ ਕੁ ਵਜੇ ਹੀ ਕਰ ਦਿੱਤਾ ਜਾਂਦਾ ਹੈ ਅਤੇ ਸਵੇਰੇ ਚਾਰ ਵਜੇ ਇਸ ਦਾ ਪ੍ਰਕਾਸ਼ ਕੀਤੇ ਜਾਣ ਦੀ ਪਰੰਪਰਾ ਹੈ। ਨਗਾਰੇ ’ਤੇ ਚੋਟ ਨਾਲ ਸੁਖ-ਆਸਨ ਕੀਤੇ ਜਾਣ ਦੀ ਪਰੰਪਰਾ ਹੈ ਜੋ ਕਿ ਅੱਜ ਤੱਕ ਮੌਜੂਦ ਹੈ। ਚਨਾਬ ਦਰਿਆ ਦੇ ਜਲ ਨਾਲ ਲੰਗਰ ਤਿਆਰ ਹੁੰਦਾ ਹੈ, ਆਟਾ ਵੀ ਏਸੇ ਪਾਣੀ ਨਾਲ ਹੀ ਗੁੰਨਿਆ ਜਾਂਦਾ ਹੈ ਅਤੇ ਇਸ ਆਟੇ ਤੋਂ ਤਿਆਰ ਕੀਤੇ ਪਹਿਲੇ ਪੰਜ ਪਰੌਂਠੇ ਪੰਜ ਪਿਆਰਿਆਂ ਦੇ ਨਾਂ ’ਤੇ ਰੱਖੇ ਜਾਂਦੇ ਹਨ।

ਜੰਮੂ ਦੇ ਮਾਲ ਵਿਭਾਗ ਵਿਚ ਇਸ ਸਥਾਨ ਦਾ ਨਾਂ ‘ਡੇਰਾ ਬਾਬਾ ਬੰਦਾ ਬਹਾਦਰ’ ਹੈ। ਇਥੇ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦੀ ਸੇਵਾ ਹਰੀ ਸਿੰਘ ਨੇ ਬਾਵਾ ਅਤਰ ਸਿੰਘ ਦੀ ਮਾਰਫਤ ਸੰਮਤ 1975 ਨੂੰ ਕਰਵਾਈ ਸੀ, ਡਿਉੜੀ ’ਤੇ ਉਨ੍ਹਾਂ ਦਾ ਨਾਂ ਉੱਕਰਿਆ ਹੋਇਆ ਹੈ। ਅਜੋਕੇ ਸਮੇਂ ਵਿਚ ਬਾਬਾ ਜਤਿੰਦਰਪਾਲ ਸਿੰਘ ਡੇਰੇ ਦੇ ਵਿਕਾਸ ਕਾਰਜਾਂ ਵਿਚ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਲੱਗੇ ਹੋਏ ਹਨ। ਪੰਜਾਬ ਤੋਂ ਇਥੇ ਆਉਣ ਵਾਲੀ ਸੰਗਤ ਬਹੁਤ ਘੱਟ ਹੈ, ਜਿਸ ਦਾ ਕਾਰਨ ਪੰਜਾਬ ਦੇ ਬਹੁਤੇ ਲੋਕਾਂ ਨੂੰ ਇਸ ਸਥਾਨ ਦੀ ਬਹੁਤ ਘੱਟ ਜਾਣਕਾਰੀ ਦੱਸਿਆ ਗਿਆ ਹੈ। ਡੇਰੇ ਤੋਂ ਹੇਠਾਂ ਚਨਾਬ ਦਰਿਆ ਤਕ ਜਾਣ ਲਈ ਚੌਰਾਸੀ ਪੌੜੀਆਂ ਬਣੀਆਂ ਹੋਈਆਂ ਹਨ। ਵਿਸਾਖੀ ਦਾ ਸਮਾਗਮ ਪ੍ਰਮੁੱਖ ਤੌਰ ’ਤੇ ਇਥੇ ਮਨਾਇਆ ਜਾਂਦਾ ਹੈ, ਜਿਸ ਵਿਚ ਦੇਸ਼-ਵਿਦੇਸ਼ ਦੀਆਂ ਸੰਗਤਾਂ ਹਾਜ਼ਰੀ ਭਰਦੀਆਂ ਹਨ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

Paramvir Singh

ਮੁਖੀ, ਸਿੱਖ ਵਿਸ਼ਵਕੋਸ਼ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)